ਗੁਰੀਲਾ ਮੁਕਤੀ ਦਾ ਯੋਧਾ ਹੁੰਦਾ, ਲੋਕਾਂ ਲਈ ਚੁਣਿਆ ਹੋਇਆ ਅਤੇ ਉਹ ਆਜ਼ਾਦੀ ਦੇ ਸੰਘਰਸ਼ ਦਾ ਹਿਰਾਵਲ ਘੁਲਾਟੀਆ। ਗੁਰੀਲਾ ਲੜਾਈ ਜਿਵੇਂ ਕਿ ਆਮ ਖਿਆਲ ਕੀਤਾ ਜਾਂਦਾ ਹੈ, ਛੋਟੇ-ਪੱਧਰ ਦੀ ਜੰਗ ਨਹੀਂ ਹੁੰਦੀ, ਇਹ ਘੱਟ ਗਿਣਤੀ ਫੌਜੀ ਟੁਕੜੀ ਵੱਲੋਂ ਸ਼ਕਤੀਸ਼ਾਲੀ ਫੌਜ਼ ਵਿਰੁੱਧ ਵਿੱਢੀ ਗਈ ਜੰਗ ਨਹੀਂ ਹੁੰਦੀ। ਸਗੋਂ ਗੁਰੀਲਾ ਜੰਗ ਰਾਜਕੀ ਦਮਨ ਵਿਰੁੱਧ ਸਮੁੱਚੇ ਲੋਕਾਂ ਦੀ ਲੜਾਈ ਹੁੰਦੀ ਹੈ। ਗੁਰੀਲਾ ਸੰਘਰਸ਼, ਉਹਨਾਂ ਦਾ ਹਥਿਆਰਬੰਦ ਹਿਰਾਵਲ-ਦਸਤਾ ਹੁੰਦਾ ਹੈ। ਇਹ ਗੁਰੀਲਾ ਫੌਜ਼ ਕਿਸੇ ਇਲਾਕੇ ਜਾਂ ਦੇਸ਼ ਦੇ ਲੋਕਾਂ ਦੀ ਬਣੀ ਫੌਜ਼ ਹੁੰਦੀ ਹੈ। ਜੋ ਵੀ ਤਾਕਤ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ, ਉਸ ਉਤੇ ਇਸ ਦੀ ਸ਼ਕਤੀ ਅਤੇ ਸੰਭਾਵੀ ਜਿੱਤ ਦਾ ਇਹੀ ਕਾਰਨ ਹੁੰਦਾ ਹੈ। ਅਰਥਾਤ ਗੁਰੀਲੇ ਦਾ ਆਧਾਰ ਅਤੇ ਸਿੱਖਿਆ ਲੋਕਾਂ ਅਧਾਰਿਤ ਹੁੰਦਾ ਹੈ।
Welcome to social concerns, a crossroads of geopolitics, literature, philosophy, poetry, economics, social science etc. Here, deep ideas meet current realities. Whether you're drawn to the rhythm of words or the pulse of world affairs, this space offers thoughtful analysis, reflective essays, and creative expressions that explore how human thought, power, and emotion shape our world. Here, curiosity leads the way, and every post invites deeper questions over simple answers.
Pages
Monday, November 9, 2020
ਗੁਰੀਲਾ ਕੀ ਹੁੰਦਾ ਹੈ ? - ਅਰਨੈਸਤੋ ਚੇ ਗੁਵਾਰਾ
ਗੁਰੀਲਾ ਮੁਕਤੀ ਦਾ ਯੋਧਾ ਹੁੰਦਾ, ਲੋਕਾਂ ਲਈ ਚੁਣਿਆ ਹੋਇਆ ਅਤੇ ਉਹ ਆਜ਼ਾਦੀ ਦੇ ਸੰਘਰਸ਼ ਦਾ ਹਿਰਾਵਲ ਘੁਲਾਟੀਆ। ਗੁਰੀਲਾ ਲੜਾਈ ਜਿਵੇਂ ਕਿ ਆਮ ਖਿਆਲ ਕੀਤਾ ਜਾਂਦਾ ਹੈ, ਛੋਟੇ-ਪੱਧਰ ਦੀ ਜੰਗ ਨਹੀਂ ਹੁੰਦੀ, ਇਹ ਘੱਟ ਗਿਣਤੀ ਫੌਜੀ ਟੁਕੜੀ ਵੱਲੋਂ ਸ਼ਕਤੀਸ਼ਾਲੀ ਫੌਜ਼ ਵਿਰੁੱਧ ਵਿੱਢੀ ਗਈ ਜੰਗ ਨਹੀਂ ਹੁੰਦੀ। ਸਗੋਂ ਗੁਰੀਲਾ ਜੰਗ ਰਾਜਕੀ ਦਮਨ ਵਿਰੁੱਧ ਸਮੁੱਚੇ ਲੋਕਾਂ ਦੀ ਲੜਾਈ ਹੁੰਦੀ ਹੈ। ਗੁਰੀਲਾ ਸੰਘਰਸ਼, ਉਹਨਾਂ ਦਾ ਹਥਿਆਰਬੰਦ ਹਿਰਾਵਲ-ਦਸਤਾ ਹੁੰਦਾ ਹੈ। ਇਹ ਗੁਰੀਲਾ ਫੌਜ਼ ਕਿਸੇ ਇਲਾਕੇ ਜਾਂ ਦੇਸ਼ ਦੇ ਲੋਕਾਂ ਦੀ ਬਣੀ ਫੌਜ਼ ਹੁੰਦੀ ਹੈ। ਜੋ ਵੀ ਤਾਕਤ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ, ਉਸ ਉਤੇ ਇਸ ਦੀ ਸ਼ਕਤੀ ਅਤੇ ਸੰਭਾਵੀ ਜਿੱਤ ਦਾ ਇਹੀ ਕਾਰਨ ਹੁੰਦਾ ਹੈ। ਅਰਥਾਤ ਗੁਰੀਲੇ ਦਾ ਆਧਾਰ ਅਤੇ ਸਿੱਖਿਆ ਲੋਕਾਂ ਅਧਾਰਿਤ ਹੁੰਦਾ ਹੈ।
Tuesday, October 27, 2020
ਜਾਦੂਮਈ ਜ਼ਿੰਦਗੀ ਲਈ ਜਾਦੂਮਈ ਮੌਤ - ਏਦੁਆਰਦੋ ਗਾਲਿਆਨੋ - (ਚੇ ਬਾਰੇ ਸ਼ਾਨਦਾਰ ਲੇਖ)
ਗਾਲਿਆਨੋ ਦੇ
ਇਸ ਲੇਖ ਨੂੰ ਪਹਿਲੀ ਵਾਰ 1968 ਦੇ ਮੰਥਲੀ ਰੀਵਿਊ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਕਿ ਇਸਤੋਂ ਪਹਿਲਾਂ 1967 ਵਿੱਚ ਸਪੈਨਿਸ਼ ਵਿੱਚ
ਪ੍ਰਕਾਸ਼ਿਤ ਹੋਇਆ ਸੀ। ਬਾਅਦ ਵਿੱਚ ਗਵਾਹਾਂ ਦੇ ਰਿਕਾਰਡ ਅਤੇ ਰਿਪੋਰਟਾਂ ਤੋਂ ਇਸ ਵਿੱਚ ਕੁੱਝ
ਗੜਬੜੀਆਂ ਦਾ ਖੁਲਾਸਾ ਹੋਇਆ। ਇਹਨਾਂ ਵਿੱਚੋਂ ਇੱਕ ਸੀ ਚੇ ਨੂੰ ਮਾਰਨ ਵਾਲੇ ਦਾ ਨਾਮ ਜਿਹੜਾ ਕਿ
"ਲੈਫਟੀਨੈੱਟ ਪ੍ਰਾ" ਨਹੀਂ ਸੀ,
ਜਿਵੇਂ ਕਿ ਗਾਲਿਆਨੋ ਨੇ ਲਿਖਿਆ ਸੀ, ਬਲਕਿ ਮਾਰੀਓ ਤਰੇਨ ਸੀ, ਜਿਹੜਾ ਕਿ ਬੋਲੀਵੀਆ
ਫੌਜ ਦਾ ਸਿਪਾਹੀ ਸੀ, ਜਿਸਨੂੰ ਅਮਰੀਕੀ ਸਪੈਸ਼ਲ ਫੌਜੀ ਵਿੰਗ ਅਤੇ ਸੀਆਈਏ ਦਾ ਥਾਪੜਾ ਪ੍ਰਾਪਤ ਸੀ।
ਪਰ ਇਸ ਲੇਖ ਦੀ ਸਿਆਸੀ, ਇਤਿਹਾਸਕ ਅਤੇ ਭਾਵਨਾਤਮਕ ਮਹੱਤਤਾ ਹੋਣ ਕਰਕੇ ਇਹ ਲੇਖ ਇਸੇ ਤਰ੍ਹਾਂ ਹੀ
ਛਪਦਾ ਰਿਹਾ।
ਇਸ ਲੇਖ ਦੇ
ਹਵਾਲਿਆਂ, ਰਿਕਾਰਡ ਤੇ ਤੱਥਾਂ ਨੂੰ
ਘੋਖ ਕੇ ਤੇ ਇਸ ਵਿੱਚ ਸੋਧਾਂ ਕਰਕੇ ਛਾਪਣ ਦਾ ਕਾਰਜ ਹਾਲੇ ਬਾਕੀ ਪਿਆ ਹੈ। ਕਈ ਅਖਬਾਰ ਅਤੇ ਰਸਾਲੇ
ਇਸਨੂੰ ਕੁੱਝ ਸੰਖੇਪ ਟਿੱਪਣੀਆਂ ਸਮੇਤ (ਜੋ ਉਹਨਾਂ ਦੇ ਧਿਆਨ ਵਿੱਚ ਹੁੰਦੀਆਂ ਹਨ) ਹੀ ਇਸਨੂੰ ਛਾਪ
ਰਹੇ ਹਨ। ਇੱਥੇ ਵੀ ਇਸ ਟਿੱਪਣੀ ਸਮੇਤ ਹੀ ਗਾਲਿਆਨੋ ਦੀ ਮੂਲ ਲਿਖਤ (ਗਲਤੀਆਂ ਸਮੇਤ) ਦਾ ਪੰਜਾਬੀ
ਤਰਜਮਾ ਦਿੱਤਾ ਜਾ ਰਿਹਾ ਹੈ।)
"ਮੇਰਾ ਵਿਸ਼ਵਾਸ਼ ਹੈ ਕਿ ਜੋ ਲੋਕ ਆਪਣੀ ਅਜ਼ਾਦੀ ਲਈ ਲੜ ਰਹੇ ਹਨ, ਉਹਨਾਂ ਲਈ ਸਿਰਫ
ਹਥਿਆਰਬੰਦ ਸੰਘਰਸ਼ ਹੀ ਇੱਕੋ-ਇੱਕ ਰਾਹ ਹੈ ਅਤੇ ਮੈਂ ਆਪਣੇ ਵਿਸ਼ਵਾਸ਼ 'ਤੇ ਅਡਿੱਗ ਹਾਂ। ਬਹੁਤ
ਸਾਰੇ ਲੋਕ ਮੈਨੂੰ ਰੋਮਾਂਸਵਾਦੀ ਕਹਿਣਗੇ,
ਜੋ ਮੈਂ ਹਾਂ, ਪਰ ਅਲੱਗ ਤਰ੍ਹਾਂ ਹਾਂ,
ਉਹਨਾਂ ਵਿੱਚੋਂ ਇੱਕ ਜੋ ਸੱਚ ਨੂੰ ਪਰਖਣ ਲਈ ਆਪਣਾਂ ਚੰਮ ਵੀ ਦਾਅ 'ਤੇ ਲਾ ਦਿੰਦੇ ਹਨ। ਹੋ
ਸਕਦਾ ਹੈ ਇੱਥੇ ਹੀ ਮੇਰਾ ਅੰਤ ਹੋ ਜਾਵੇ। ਮੈਂ ਇਸ ਬਾਰੇ ਨਹੀਂ ਸੋਚਦਾ, ਪਰ ਇਹ ਵੀ ਸੰਭਾਵਨਾਵਾਂ
ਦੇ ਤਰਕਸੰਗਤ ਘੇਰੇ 'ਚ ਹੈ। ਜੇਕਰ ਅਜਿਹਾ ਹੀ ਹੋਣਾ ਹੈ ਤਾਂ ਮੈਂ ਤੁਹਾਨੂੰ ਆਪਣੀ ਆਖਰੀ ਗਲਵੱਕੜੀ
ਭੇਜ ਰਿਹਾਂ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕੀਤਾ,
ਪਰ ਮੈਂ ਨਹੀ ਜਾਣ ਪਾਇਆ ਕਿ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਜਾਂਦਾ ਹੈ, ਮੈਂ ਆਪਣੀਆਂ ਕਾਰਵਾਈਆਂ
ਵਿੱਚ ਬਹੁਤ ਦ੍ਰਿੜ ਹਾਂ ਅਤੇ ਸੋਚਦਾ ਹਾਂ ਕਿ ਕਈ ਵਾਰ ਤੁਸੀ ਮੈਨੂੰ ਸਮਝਿਆ ਹੀ ਨਹੀਂ। ਹਾਲਾਂਕਿ
ਮੈਨੂੰ ਸਮਝਣਾ ਸੌਖਾ ਨਹੀਂ ਸੀ, ਪਰ ਘੱਟੋ-ਘੱਟ ਅੱਜ ਮੇਰੇ 'ਤੇ ਵਿਸ਼ਵਾਸ਼ ਕਰੋ। ਹੁਣ ਇੱਕ ਇੱਛਾ ਹੈ, ਜਿਸ ਨੂੰ ਮੈਂ ਇੱਕ ਕਲਾਕਾਰ ਵਾਂਗ ਪਾਲਿਆ ਹੈ, ਜੋ ਮੇਰੇ ਕਮਜ਼ੋਰ ਪੈਰਾਂ
ਅਤੇ ਥੱਕੇ ਹੋਏ ਫੇਫੜਿਆਂ ਨੂੰ ਸੰਭਾਲ ਕੇ ਰੱਖੇਗੀ। ਮੈਂ ਇਸਨੂੰ ਪੂਰਾ ਕਰਾਗਾਂ, ਵੀਹਵੀਂ ਸਦੀ ਦੀ ਹੋਣੀ
ਦੇ ਇਸ ਛੋਟੇ ਸਿਪਾਹੀ 'ਤੇ ਵਿਸ਼ਵਾਸ਼ ਕਰੋ।"
ਜਦ ਚੇ
ਗੁਵਾਰਾ ਨੇ ਗਾਇਬ ਹੋਣ ਤੋਂ ਥੋੜਾ ਸਮਾਂ ਪਹਿਲਾਂ ਇਹ ਸਤਰਾਂ ਆਪਣੇ ਮਾਤਾ-ਪਿਤਾ ਨੂੰ ਲਿਖੀਆਂ ਸਨ, ਤੇ ਜਦ ਇਹ ਬੋਏੇਨਸ
ਆਇਰਸ ਪਹੁੰਚੀਆਂ ਤਾਂ ਉਸ ਦੀ ਮਾਂ ਸੀਲੀਆ ਦੀ ਮੌਤ ਹੋ ਚੁੱਕੀ ਸੀ। ਆਪਣੇ ਪੁੱਤਰ ਨਾਲ ਗੱਲਬਾਤ ਕਰਨ
ਤੋਂ ਪਹਿਲਾਂ ਹੀ ਉਹ ਮਰ ਚੁੱਕੀ ਸੀ। ਉਹ "ਆਖਰੀ ਗਲਵੱਕੜੀ" ਹਾਸਲ ਨਾ ਕਰ ਸਕੀ। ਇਹ
ਵਿਦਾਈ ਜਿਸ ਵਿੱਚ ਇੱਕ ਅਜਿਹੀ ਖ਼ਬਰ ਦਾ ਸੰਕੇਤ ਸੀ ਜਿਸ ਨੇ ਸਾਰੀ ਦੁਨੀਆਂ ਹਿਲਾ ਕੇ ਰੱਖ ਦਿੱਤੀ।
ਇੱਕ ਵਾਰ ਆਪਣੇ ਨਜ਼ਦੀਕੀ ਦੋਸਤ ਦੀ ਮੌਤ 'ਤੇ ਉਸ ਨੇ ਲਿਖਿਆ,
"ਸਾਡੇ ਸਖਤ ਇਨਕਲਾਬੀ ਪੇਸ਼ੇ ਵਿੱਚ ਮੌਤ ਇੱਕ ਵਾਰ-ਵਾਰ ਹੋਣ
ਵਾਲੀ ਦੁਰਘਟਨਾ ਹੈ।" ਤੀ੍ਰਕੌਂਤੀਨੈਂਤਲ* ਨੂੰ ਲਿਖੇ ਆਪਣੇ ਪੱਤਰ ਦੇ ਅੰਤ ਵਿੱਚ ਉਸ ਨੇ ਆਉਣ
ਵਾਲੀ ਮੌਤ ਦਾ ਸਵਾਗਤ ਕਰਦੇ ਹੋਏ ਲਿਖਿਆ ਕਿ ਇਹ "ਯੁੱਧ ਅਤੇ ਜਿੱਤ ਦੀਆਂ ਨਵੀਆਂ
ਪੁਕਾਰਾਂ" ਨੂੰ ਜਨਮ ਦੇਵੇਗੀ। ਉਸਨੇ ਹਜ਼ਾਰ ਵਾਰ ਕਿਹਾ ਕਿ ਮੌਤ ਅਟੱਲ ਹੈ, ਪਰ ਫਿਰ ਵੀ ਇਹ ਤੁੱਛ
ਹੋਵੇਗੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ- ਮੌਤ ਨਾਲ ਮਸ਼ਕਰੀਆਂ ਕਰਦੇ ਹੋਏ ਅਤੇ ਹਰ ਵਾਰ
ਮੁੜ ਜੀਵਤ ਹੁੰਦੇ ਹੋਏ ਇੱਕ ਵਾਰ ਉਸ ਨੇ ਕਿਹਾ ਸੀ ਕਿ ਉਸ ਕੋਲ ਸੱਤ ਜੂਨਾਂ ਹਨ। ਆਖਰੀ ਵਾਰ ਉੁਸ
ਨੇ ਜਿਸ ਤਰ੍ਹਾਂ ਦੀ ਸੰਭਾਵਨਾ ਜਤਾਈ ਸੀ,
ਉਸੇ ਤਰ੍ਹਾਂ ਹੀ ਹੋਇਆ। ਉਸਨੇ ਬਿਨਾਂ ਕਿਸੇ ਮਨਜ਼ੂਰੀ ਜਾਂ ਬਹਾਨੇਬਾਜ਼ੀ ਦੇ
ਮੌਤ ਦੇ ਰਸਤੇ 'ਤੇ ਆਪਣੀ ਥਾਂ ਨਿਸ਼ਚਿਤ ਕੀਤੀ। ਉਸਨੇ ਜੂਰੋ** ਦੀ ਘੱਟੇ ਨਾਲ ਭਰੀ, ਬੰਜ਼ਰ ਜਮੀਨ ਨੂੰ ਚੁਣਿਆ, ਉਸਦੇ ਸਿਰ 'ਤੇ ਦੁਸ਼ਮਣ ਦੀ ਫੌਜ
ਮੰਡਰਾ ਰਹੀ ਸੀ, ਉਸਦੇ ਪੈਰਾਂ ਥੱਲੇ ਗੋਲੀ ਲੱਗੀ ਹੋਈ ਸੀ ਅਤੇ ਉਹ ਲਗਾਤਾਰ ਲੜ੍ਹ ਰਿਹਾ ਸੀ, ਉਸਦੇ ਹੱਥਾਂ 'ਚੋਂ ਉਸਦੀ ਐੱਮ-ਆਈ-12 ਬੰਦੂਕ ਡਿੱਗ ਪੈਣ ਦੇ ਬਾਵਜੂਦ,
ਜੋ ਕਿ ਇੱਕ ਸਟੀਕ ਨਿਸ਼ਾਨੇ ਨਾਲ ਬੇਕਾਰ ਹੋ ਚੁੱਕੀ ਸੀ, ਉਹ ਡਟਿਆ ਰਿਹਾ।
ਮੁੱਠੀ-ਭਰ ਗੁਰੀਲਿਆਂ ਦੇ ਅੱਧਮੋਏ ਹੌਂਸਲੇ ਦੇ ਬਾਵਜੂਦ,
ਜੋ ਕਿ ਉਸ ਜ਼ਖਮੀ ਆਦਮੀ ਲਈ ਦੁਪਹਿਰ ਤੋਂ ਸ਼ਾਮ ਤੱਕ ਲੜਦੇ ਰਹੇ, ਉਸ ਨੂੰ ਸਿਪਾਹੀਆਂ
ਦੁਆਰਾ ਜਿੰਦਾ ਗ੍ਰਿਫਤਾਰ ਕਰ ਲਿਆ ਗਿਆ। ਚੇ ਦੇ ਜਿਨ੍ਹਾਂ ਸਾਥੀਆਂ ਨੇ ਇੱਕਜੁੱਟ ਹੋ ਕੇ ਸੰਘਰਸ਼
ਕੀਤਾ ਸੀ, ਉਹਨਾਂ ਦੇ ਮ੍ਰਿਤਕ
ਸਰੀਰਾਂ ਨੂੰ ਉਸਦੇ ਨਾਲ ਹੀ ਲੰਮੇ ਪਾ ਕੇ ਨੁਮਾਇਸ਼ ਲਾਈ ਗਈ। ਉਹਨਾਂ ਦੇ ਸਿਰਾਂ ਨੂੰ ਬੰਦੂਕ ਦੇ
ਬੱਟਾਂ ਨਾਲ ਕੁਚਲਿਆ ਗਿਆ ਸੀ ਅਤੇ ਪੂਰੇ ਸਰੀਰ ਨੂੰ ਬੰਦੂਕਾਂ ਨਾਲ ਵਿੰਨ੍ਹ ਦਿੱਤਾ ਗਿਆ ਸੀ।
ਇੱਕ ਦਿਨ ਅਤੇ
ਇੱਕ ਰਾਤ ਤੱਕ ਚੱਲੀ ਇਸ ਲੜਾਈ ਦੇ ਬਾਅਦ ਹਿਗੂਰਾ ਦੀ ਘਾਟੀ ਵਿੱਚ ਸਥਿਤ ਫੌਜੀ ਛਾਉਣੀ ਵਿੱਚ
ਬੇਚੈਨੀ ਦਾ ਮਹੌਲ ਸੀ। ਲੈਫਟੀਨੈਂਟ ਜਨਰਲ ਪਰਾ (ਪ੍ਰਾ-ਨੇ ਚੇ ਨੂੰ ਨਹੀਂ ਸੀ ਮਾਰਿਆ। ਇੱਥੇ ਇਹ
ਵੇਰਵਾ ਗਲਤ ਹੈ।-ਅਨੁ. ) ਉਸ ਦੱਬੀ ਹੋਈ ਮੁਸਕਾਨ ਅਤੇ ਅਜਿੱਤ, ਦਰਦ ਭਰੀਆਂ ਨਜ਼ਰਾਂ ਅਤੇ ਚੁਣੌਤੀਪੂਰਨ ਖਮੋਸ਼ੀ ਨੂੰ
ਜ਼ਿਆਦਾ ਸਮੇਂ ਤੱਕ ਬਰਦਾਸ਼ਤ ਨਾ ਕਰ ਸਕਿਆ। ਆਪਣੇ 38-ਬੋਰ ਦੇ ਪਿਸਤੌਲ ਨੂੰ
ਚੇ ਦੀ ਛਾਤੀ ਦੇ ਖੱਬੇ ਪਾਸੇ ਤਾਣਿਆ ਅਤੇ ਉਸ ਦੀਆਂ ਧੜਕਣਾਂ ਨੂੰ ਸਦਾ ਲਈ ਬੰਦ ਕਰ ਦਿੱਤਾ!
ਬਾਰੀਐਂਤੋ (Rene Barrientos Ortuno -ਬੋਲੀਵੀਆ ਦਾ ਫੌਜੀ ਅਧਿਕਾਰੀ ਤੇ ਰਾਜਨੇਤਾ ) ਸਰਕਾਰ ਨੇ ਹਾਲੇ ਤੱਕ ਇਹ
ਐਲਾਨ ਨਹੀਂ ਕੀਤਾ ਸੀ ਕਿ ਉਹ ਦੇਸ਼ ਭਗਤ ਲੈਫਟੀਨੈਂਟ ਨੂੰ ਇਨਾਮ ਦੇ ਤੌਰ 'ਤੇ ਐਲਾਨੀ ਗਈ 5,000 ਡਾਲਰ ਦੀ ਰਾਸ਼ੀ ਦਾ ਭੁਗਤਾਨ ਕਰੇਗੀ ਜਾਂ ਨਹੀਂ। ਕੁੱਝ ਘੰਟੇ ਬਾਅਦ ਉਸ ਦੇ
ਸਰੀਰ ਨੂੰ ਜੋ ਕਿ ਹੁਣ ਤੱਕ ਵੀ ਗਰਮ ਸੀ,
ਹੈਲੀਕਪਟਰ ਦੇ ਤਖਤੇ ਨਾਲ ਬੰਨ੍ਹ ਕੇ ਉਸ ਬੇਜ਼ਾਨ ਜ਼ਮੀਨ ਉੱਤੋਂ ਦੀ ਲਿਜਾਇਆ
ਗਿਆ ਜਿਸਨੂੰ ਸੂਰਜ ਦੀ ਤਪਸ਼ ਨੇ ਬੰਜ਼ਰ ਬਣਾ ਦਿੱਤਾ ਸੀ। ਜਿੱਥੇ ਐਮੇਜ਼ੋਨ ਨਦੀ ਘਾਟੀ ਵੱਲ ਪਹਾੜੀ
ਲੜੀਆਂ ਸਨ। ਇੱਕ ਛੋਟੇ ਜਿਹੇ ਪਿੰਡ ਵੀਜ਼ਾ ਗਰਾਂਦੇ ਦੇ "ਸਨਿਔਰਾ ਮਾਲਤਾ" ਹਸਪਤਾਲ
ਵਿੱਚ ਚੇ ਦੀ ਦੇਹ ਨੂੰ ਕੁੱਝ ਅਖਬਾਰ ਵਾਲਿਆਂ ਅਤੇ ਫੋਟੋਗ੍ਰਾਫਰਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ।
ਇਸਤੋਂ ਬਾਅਦ ਇੱਕ ਮੋਟੇ ਅਤੇ ਗੰਜੇ ਆਦਮੀ ਨਾਲ,
ਜੋ ਕਿ ਅੰਗਰੇਜ਼ੀ ਵਿੱਚ ਹੁਕਮ ਦੇ ਰਿਹਾ ਸੀ, ਉਸਨੂੰ ਉੱਥੋਂ ਗਾਇਬ ਕਰ
ਦਿੱਤਾ ਗਿਆ। ਲਾਸ਼ ਵਿੱਚ ਇੱਕ ਲੀਟਰ ਫਾਰਮਲਡੀਹਾਈਡ (formaldehyde -ਇੱਕ ਪ੍ਰਕਾਰ ਦੀ ਗੈਸ) ਭਰ ਦਿੱਤਾ ਗਿਆ। ਬਾਰੀਐਂਤੋ ਨੇ ਕਿਹਾ ਕਿ ਉਸ ਨੂੰ
ਦਫਨਾ ਦਿੱਤਾ ਗਿਆ ਸੀ, ਜਦਕਿ ਓਵਾਂਦੋ ਨੇ ਐਲਾਨ ਕੀਤਾ ਕਿ ਉਸ ਦਾ ਸੰਸਕਾਰ ਕੀਤਾ ਗਿਆ - ਇੱਕ ਅਜਿਹੀ
ਜਗ੍ਹਾ ਜਿੱਥੇ ਅਜਿਹਾ ਕਰਨ ਲਈ ਤਕਨੀਕੀ ਸਾਧਨ ਹੀ ਨਹੀਂ ਹਨ। ਉਸਨੇ ਐਲਾਨ ਕੀਤਾ ਕਿ ਉਹਨਾਂ ਨੇ ਚੇ
ਦੇ ਹੱਥਾਂ ਨੂੰ ਵੱਢ ਦਿੱਤਾ ਸੀ। ਅਖੀਰ ਵਿੱਚ,
ਲੇਪ ਕੀਤੀਆਂ ਦੋ ਉਂਗਲੀਆਂ ਅਤੇ ਗੁਰੀਲਾ ਡਾਇਰੀ (guerrillero’s diary) ਦੀ ਇੱਕ
ਫੋਟੋਕਾਪੀ ਬੋਲਿਵੀਆਈ ਸਰਕਾਰ ਨੂੰ ਸੌਂਪ ਦਿੱਤੀ ਗਈ- ਮ੍ਰਿਤਕ ਸਰੀਰ ਅਤੇ ਮੂਲ ਡਾਇਰੀ ਹੁਣ ਤੱਕ ਵੀ
ਸੀਆਈਏ ਦਾ ਇੱਕ ਰਹੱਸ ਹੈ। (ਪਰ ਇਹ ਲੇਖ ਲਿਖਣ ਦੇ ਸਮੇਂ ਤੱਕ ਹੀ ਰਹੱਸ ਸੀ।-ਅਨੁ.)
ਸਾਡੇ ਸਮੇਂ
ਦੇ ਇਸ ਨਾਇਕ ਦੀ ਜ਼ਿੰਦਗੀ ਅਤੇ ਮੌਤ ਦੇ ਆਲੇ-ਦੁਆਲੇ ਬਹੁਤ ਸਾਰੀਆਂ ਦੰਦ-ਕਥਾਵਾਂ ਪਹਿਲਾਂ ਹੀ
ਬੁਣੀਆਂ ਜਾ ਚੁੱਕੀਆਂ ਹਨ, ਜੋ ਵਿਰੋਧਤਾਈਆਂ ਅਤੇ ਭੇਤਾਂ ਨਾਲ ਭਰੀਆਂ ਪਈਆਂ ਹਨ। ਜਿਹਨਾਂ ਵਿੱਚੋਂ ਕੁੱਝ
ਤਾਂ ਇਹਨਾਂ ਹਰਾਮਜਾਦਿਆਂ ਦੁਆਰਾ ਫੈਲਾਏ ਗਏ ਭੰਡੀ-ਪ੍ਰਚਾਰ ਦਾ ਨਤੀਜਾ ਹਨ, ਜੋ ਮਰੇ ਹੋਏ ਚੇ ਦੀਆਂ
ਯਾਦਾਂ ਉੱਤੇ ਕਾਂਵਾ ਵਾਂਗ ਝਪਟਦੇ ਹਨ, ਭਾਵੇਂ ਕਿ ਚੇ ਨੂੰ ਜਿਊਂਦਾ ਵੇਖਣ ਅਤੇ ਉਹਦੇ ਨਾਲ ਅੱਖ ਮਿਲਾਉਣ ਦੀ ਕਿਸੇ
ਦੀ ਹਿੰਮਤ ਨਹੀ ਸੀ, ਦੂਸਰਾ ਸਾਰੀਆਂ ਕਹਾਣੀਆਂ ਉਹਨਾਂ ਕਲਪਨਾਵਾਂ ਦੇ ਅਧਾਰ 'ਤੇ ਲਿਖੀਆਂ ਗਈਆਂ ਜਿਸ
ਵਿੱਚ ਲਾਤੀਨੀ ਅਮਰੀਕਾ ਦੀ ਆਖਰੀ, ਅਜਿੱਤ ਬਲੀ ਵੇਦੀ 'ਤੇ ਇਸ ਮਹਾਨ ਨਾਇਕ ਦੀ ਅਮਰਤਾ ਦਾ ਗੁਣਗਾਨ ਕੀਤਾ ਗਿਆ ਹੈ।
ਕਿਊਬਾ ਦੇ
ਓਰੀਐਂਤੇ ਤੱਟ ਦੇ ਗ੍ਰਾਨਮਾ 'ਤੇ ਉੱਤਰਨ ਤੋਂ ਬਾਅਦ ਇੱਕ ਨਿਰਣਾਇਕ ਕਤਲੇਆਮ ਨੂੰ ਯਾਦ ਕਰਦੇ ਹੋਏ ਚੇ ਨੇ
ਲਿਖਿਆ, "ਉਸ ਵੇਲੇ ਜਦ
ਮੈਨੂੰ ਲੱਗਿਆ ਕਿ ਸਭ ਕੁੱਝ ਖਤਮ ਹੋ ਚੁੱਕਿਆ ਹੈ,
ਤਦ ਮੈਂ ਮਰਨ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸੋਚਣਾ ਸ਼ੁਰੂ ਕੀਤਾ। ਮੈਨੂੰ
ਜੈੱਕ ਲੰਡਨ ਦੀ ਇੱਕ ਕਹਾਣੀ ਯਾਦ ਆਈ, ਜਿਸ ਵਿੱਚ ਮੁੱਖ ਪਾਤਰ ਰੁੱਖ ਦੇ ਇੱਕ ਤਣੇ ਦਾ ਸਹਾਰਾ ਲੈ ਸ਼ਾਨ ਨਾਲ ਆਪਣੀ
ਜੀਵਨ ਲੀਲ੍ਹਾ ਖਤਮ ਕਰਨ ਦਾ ਫੈਸਲਾ ਕਰਦਾ ਹੈ।" ਮੌਤ ਨਾਲ ਹੋਈ ਉਸ ਪਹਿਲੀ ਮਿਲਣੀ ਨੂੰ
ਗਿਆਰਾਂ ਵਰ੍ਹੇ ਬੀਤ ਚੁੱਕੇ ਹਨ। ਅੱਜ ਮੈਂ ਇੱਕ-ਇੱਕ ਕਰਕੇ ਇਹਨਾਂ ਤਸਵੀਰਾਂ ਨੂੰ ਹਰ ਕੋਣ ਤੋਂ
ਨਿਹਾਰ ਰਿਹਾ ਹਾਂ, ਜਿਸ ਵਿੱਚ ਉਸ ਦਾ ਨਿਚੱਲ ਸਰੀਰ ਕੈਦ ਹੈ, ਮਾਸ ਨੂੰ ਚੀਰਕੇ ਅੰਦਰ
ਆ ਗਏ ਕੱਚ ਦੇ ਟੁੱਕੜਿਆਂ ਨਾਲ ਬਣੇ ਜ਼ਖਮਾਂ ਦੇ ਨਿਸ਼ਾਨ,
ਮਾਣ ਅਤੇ ਰਹਿਮਦਿਲੀ ਨਾਲ ਭਰੀ ਹੋਈ, ਵਿਅੰਗਮਈ ਅਤੇ ਸਨੇਹਭਰੀ ਮੁਸਕਾਨ, ਜੋ ਉਸ 'ਤੇ ਹੋਏ ਜ਼ੁਲਮ ਦਾ ਵੀ
ਮਖੌਲ ਉਡਾ ਰਹੀ ਹੈ। ਮੇਰੀ ਨਜ਼ਰ ਰੀਓ ਪਲਾਤਾ ਦੇ ਇਸ ਮਸੀਹ ਦੇ ਦੱਗਦੇ ਹੋਏ ਚਿਹਰੇ 'ਤੇ, ਗੁਰੀਲੇ ਦੇ ਚਿਹਰੇ 'ਤੇ, ਟਿਕੀ ਹੋਈ ਹੈ ਅਤੇ
ਮੈਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਇਸ ਨੂੰ ਵਧਾਈ ਦੇ ਰਿਹਾ ਹਾਂ।
ਕਿਊਬਾ ਦੇ
ਅਲਜ਼ੀਰੀਆ ਦੇ ਪੀਊ ਨਾਮਕ ਜਗ੍ਹਾ 'ਤੇ ਆਪਣੀ ਅਗਨ ਪ੍ਰੀਖਿਆ ਦੇ ਸਮੇਂ ਚੇ ਨੇ ਜੋ ਫੈਸਲਾ ਲਿਆ, ਨਿਸ਼ਚਿਤ ਰੂਪ ਵਿੱਚ ਉਸ
ਨੇ ਹੀ ਉਸ ਦੀ ਕਿਸਮਤ ਤੈਅ ਕੀਤੀ- "ਮੇਰੇ ਸਾਹਮਣੇ ਦਵਾਈਆਂ ਨਾਲ ਭਰਿਆ ਇੱਕ ਝੋਲਾ ਅਤੇ
ਗੋਲੀਆਂ ਦਾ ਇੱਕ ਡੱਬਾ ਸੀ, ਇਕੱਠੇ ਚੁੱਕਣ ਵਿੱਚ ਦੋਵੇਂ ਬਹੁਤ ਭਾਰੇ ਲੱਗ ਰਹੇ ਸੀ। ਮੈਂ ਝੋਲ਼ੇ ਨੂੰ
ਪਿੱਛੇ ਛੱਡਦੇ ਹੋਏ ਗੋਲੀਆਂ ਦਾ ਡੱਬਾ ਚੁੱਕਿਆ ਤੇ ਆਪਣੇ ਅਤੇ ਗੰਨੇ ਦੇ ਖੇਤ ਵਿਚਲੇ ਫਾਸਲੇ ਨੂੰ
ਪਾਰ ਕੀਤਾ।" ਆਪਣੇ ਮਾਤਾ-ਪਿਤਾ ਨਾਲ਼ ਜਿਸ ਵਿਦਾਇਗੀ ਦੀ ਚਰਚਾ ਪਹਿਲਾਂ ਕੀਤੀ ਗਈ ਉਸ ਵਿੱਚ
ਚੇ ਨੇ ਕਿਹਾ ਸੀ, "ਲਗਭਗ ਦਸ ਸਾਲ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਵਿਦਾਇਗੀ ਖ਼ਤ ਲਿਖਿਆ ਸੀ।
ਜਿੱਥੋਂ ਤੱਕ ਮੈਨੂੰ ਯਾਦ ਹੈ, ਉਸ ਵਿੱਚ ਮੈਂ ਇੱਕ ਬੇਹਤਰ ਸਿਪਾਹੀ ਅਤੇ ਬੇਹਤਰ ਡਾਕਟਰ ਨਾ ਹੋਣ ਲਈ ਖੁਦ
ਨੂੰ ਕੋਸਿਆ ਸੀ। ਡਾਕਟਰੀ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਰਹੀ, ਪਰ ਸਿਪਾਹੀ ਦੇ ਰੂਪ
ਵਿੱਚ ਮੈਂ ਐਨਾ ਬੁਰਾ ਵੀ ਨਹੀਂ।"
ਉਸ ਨੇ
ਇਨਕਲਾਬ ਦੀ ਅਗਲੀ ਕਤਾਰ ਲਈ ਆਪਣੀ ਜਗ੍ਹਾ ਚੁਣੀ ਅਤੇ ਉਸ ਨੇ ਇਸ ਨੂੰ ਸਦਾ ਲਈ ਚੁਣਿਆ, ਬਿਨਾਂ ਕਿਸੇ ਸ਼ੱਕ ਦੀ
ਸੰਭਾਵਨਾ ਦੇ ਅਤੇ ਬਿਨਾਂ ਇਰਾਦਾ ਬਦਲੇ, ਉਸ ਆਦਮੀ ਵਿੱਚ ਇੱਕ ਅਨੋਖੀ ਗੱਲ ਸੀ, ਉਸ ਨੇ ਕੁੱਝ ਮੁੱਠੀ-ਭਰ ਸਾਥੀਆਂ ਨਾਲ ਮਿਲਕੇ ਇੱਕ
ਸਫਲ ਇਨਕਲਾਬ ਕੀਤਾ ਅਤੇ ਉਸ ਨੂੰ ਛੱਡ ਕੇ ਇੱਕ ਨਵੇਂ ਇਨਕਲਾਬ ਵਿੱਚ ਆਪਣੇ ਆਪ ਨੂੰ ਝੋਕ ਦਿੱਤਾ।
ਉਹ ਜਿੱਤ ਹਾਸਲ ਕਰਨ ਲਈ ਨਹੀਂ ਸਗੋਂ ਸੰਘਰਸ਼ ਲਈ ਜੀਵਿਆ,
ਜਿਸ ਦੀ ਹਮੇਸ਼ਾ ਲੋੜ ਹੁੰਦੀ ਹੈ,
ਅਪਮਾਨ ਅਤੇ ਭੁੱਖ ਖਿਲਾਫ ਕਦੇ ਨਾ ਖਤਮ ਹੋਣ ਵਾਲਾ ਸੰਘਰਸ਼। ਉਸ ਨੇ ਕਦੇ ਵੀ
ਉਸ ਮਹਾਨ ਕੰਮ ਦਾ ਦੋ ਘੜੀਆਂ ਠਹਿਰ ਕੇ ਆਨੰਦ ਨਹੀ ਲਿਆ,
ਜਿਸ ਨੂੰ ਉਸ ਨੇ ਸਫਲਤਾ ਦੇ ਮੁਕਾਮ ਤੱਕ ਪਹੁੰਚਾਇਆ ਸੀ। ਚੇ ਨੇ ਕਦੇ ਸਮਾਂ
ਨਹੀ ਗੁਆਇਆ।
ਇਸਦਾ ਕਾਰਨ ਦਮਾ ਨਹੀਂ
ਸੀ, ਜਿਵੇਂ ਕਿ ਬੋਏਨਸ ਅਇਰਸ
ਦੇ ਇੱਕ ਅਖਬਾਰ ਦਾ ਮੰਨਣਾ ਹੈ ਅਤੇ ਨਾ ਹੀ ਇਹ ਸਮਾਜਿਕ ਹੈਸੀਅਤ ਗੁਆ ਚੁੱਕੇ ਇੱਕ ਧਨੀ ਵਿਅਕਤੀ
ਵਿੱਚ ਵੱਕਾਰ ਅਤੇ ਨਫਰਤ ਪਨਪਣ ਦਾ ਨਤੀਜਾ ਸੀ,
ਜਿਵੇਂ ਕਿ ਇੱਕ ਰਸਾਲੇ ਨੇ ਪ੍ਰਚਾਰਿਆ ਸੀ। ਭਾਈਚਾਰੇ ਵਿੱਚ ਚੇ ਦਾ ਵਿਸ਼ਵਾਸ਼ ਉਸ
ਦੀ ਜ਼ਿੰਦਗੀ ਵਿੱਚ ਵੀ ਦੇਖਿਆ ਜਾ ਸਕਦਾ ਹੈ। 'ਏਕਤਾ' ਸ਼ਬਦ ਹੀ ਉਸ ਨੂੰ ਸਮਝਣ ਦੀ ਕੁੰਜੀ ਹੈ, ਹਾਲਾਂਕਿ ਇਹ ਸ਼ਬਦ ਓਗਾਨੀਆ*** ਦੇ ਪੱਤਰਕਾਰਾਂ ਦੇ
ਸ਼ਬਦਕੋਸ਼ ਵਿੱਚ ਦਿਖਾਈ ਨਹੀ ਦਿੰਦਾ।
ਨੌਜਵਾਨ
ਗੁਵਾਰਾ ਦੀਆਂ ਅੱਖਾਂ ਦੇ ਸਾਹਮਣੇ ਕੋਰਦੋਬਾ ਦੇ ਪਹਾੜਾਂ ਤੋਂ ਲੈ ਕੇ ਬੋਏਨਸ ਆਇਰਸ ਤੱਕ ਅਸੀਮਿਤ
ਸੰਭਾਵਨਾਵਾਂ ਫੈਲੀਆਂ ਹੋਈਆਂ ਸਨ। ਉਹ ਹਰ ਦਿਨ ਬਾਰ੍ਹਾਂ ਘੰਟੇ ਕੰਮ ਕਰਦਾ ਸੀ। ਛੇ ਘੰਟੇ ਖੁਦ ਨੂੰ
ਮਜ਼ਬੂਤ ਰੱਖਣ ਲਈ ਅਤੇ ਛੇ ਘੰਟੇ ਅਧਿਐਨ ਲਈ,
ਉਹ ਡਾਕਟਰੀ ਦਾ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਸੀ, ਪਰ ਉਸ ਦੇ ਨਾਲ ਉਹ
ਗਣਿਤ ਦੀਆਂ ਗੁੰਝਲਦਾਰ ਕਿਤਾਬਾਂ ਵੀ ਪੜ੍ਹਦਾ,
ਕਵਿਤਾਵਾਂ ਲਿਖਦਾ ਅਤੇ ਸ਼ੌਕ ਦੇ ਤੌਰ 'ਤੇ ਪੁਰਾਤੱਤਵ ਖੋਜ ਦਾ ਕੰਮ ਵੀ ਕਰਦਾ ਸੀ। ਸਤਾਰਾਂ
ਸਾਲ ਦੀ ਉਮਰ ਵਿੱਚ ਉਸ ਨੇ "ਫਿਲਾਸਫੀਕਲ ਡਿਕਸ਼ਨਰੀ" ਦਾ ਸੰਪਾਦਨ ਸ਼ੁਰੂ ਕੀਤਾ, ਕਿਉਂਕਿ ਉਸ ਨੂੰ ਲੱਗਿਆ
ਕਿ ਦੂਸਰੇ ਵਿਦਿਆਰਥੀਆਂ ਅਤੇ ਖੁਦ ਉਸ ਨੂੰ ਵੀ ਇਸ ਦੀ ਲੋੜ ਸੀ।
1950 ਵਿੱਚ ਚੇ ਦੀ ਇੱਕ
ਤਸਵੀਰ ਇੱਕ ਖ਼ਤ ਨਾਲ ਐਲ ਗਰਾਫੀਕੋ**** (El Gráfico) ਵਿੱਚ ਛਪੀ ਜਿਸਨੂੰ ਉਸ ਨੇ "ਮਾਈਕ੍ਰੋਨ" ਮੋਟਰਸਾਈਕਲ ਦੇ
ਨੁਮਾਇੰਦਿਆਂ ਨੂੰ ਭੇਜਿਆ ਸੀ। ਉਸ 'ਤੇ ਉਸਨੇ ਆਪਣੇ ਨਾਮ "ਅਰਨੈਸਤੋ ਗੁਵਾਰਾ ਦੇ ਲਾ ਸੇਰਨਾ" ਦੇ
ਦਸਤਖ਼ਤ ਕੀਤੇ ਸਨ। ਇਸ ਵਿੱਚ ਚੇ ਨੇ ਲਿਖਿਆ ਸੀ ਕਿ ਉਹ 4,000 ਕਿਲੋਮੀਟਰ
ਦੀ ਯਾਤਰਾ ਕਰ ਚੁੱਕਾ ਸੀ,
ਬਾਰ੍ਹਾਂ ਅਰਜਨਟੀਨੀ ਸੂਬਿਆਂ (Provincia) ਦੇ ਬਰਾਬਰ ਅਤੇ ਇਸ ਛੋਟੇ ਮੋਟਰਸਾਇਕਲ (ਲਾ ਪੋਦਰੇਸਾ) ਨੇ ਉਸ ਦਾ ਬਾਖੂਬੀ
ਸਾਥ ਨਿਭਾਇਆ।
ਚੇ ਦੇ ਮਿੱਤਰ
ਅਤੇ ਟ੍ਰੇਡ ਯੂਨੀਅਨ ਆਗੂ ਅਰਮਾਂਦੋ ਮਾਰਸ ਕਿਹਾ ਕਰਦੇ ਹਨ ਕਿ ਜਦ ਅਰਨੈਸਤੋ ਇੱਕ ਵਿਦਿਆਰਥੀ ਸੀ, ਤਦ ਉਸ ਦੀ ਮਾਂ ਦੀ
ਛਾਤੀ ਦਾ ਅਪ੍ਰੇਸ਼ਨ ਹੋਇਆ ਸੀ, ਉਹਨਾਂ ਨੂੰ ਕੈਂਸਰ ਹੋਣ ਦਾ ਖਤਰਾ ਵੀ ਸੀ। ਅਰਨੈਸਤੋ ਨੇ ਆਪਣੇ ਘਰ ਵਿੱਚ
ਇੱਕ ਛੋਟੀ ਕੰਮ ਚਲਾਊ ਪ੍ਰੋਗਸ਼ਾਲਾ ਬਣਾਈ। ਜਿੱਥੇ ਉਸ ਨੇ ਗੂਨੀਆ ਪਿਗਸ (guinea pigs -ਖਰਗੋਸ਼ ਦੀ ਇੱਕ ਵਿਸ਼ੇਸ਼ ਪ੍ਰਜਾਤੀ) 'ਤੇ ਪ੍ਰਯੋਗ ਕੀਤੇ, ਨਮੂਨੇ ਇਕੱਤਰ ਕੀਤੇ
ਅਤੇ ਤੇਲ ਦਾ ਇਸਤੇਮਾਲ ਕੀਤਾ ਤਾਂ ਕਿ ਉਹ ਆਪਣੀ ਮਾਂ ਦੀ ਜ਼ਿੰਦਗੀ ਬਚਾ ਸਕੇ। ਅਰਮਾਂਦੋ ਮਾਰਸ ਦੇ
ਨਾਲ ਚੇ ਪਰਾਗੁਏ ਜਾਣਾ ਚਾਹੁੰਦਾ ਸੀ ਤਾਂ ਕਿ ਮੌਰਨੀਂਗੋ (ਪਰਾਗੁਏ ਦਾ ਤਾਨਾਸ਼ਾਹ) ਦੇ ਖਿਲਾਫ ਜੰਗ
ਛੇੜ ਸਕੇ। ਬਹੁਤ ਸਾਰੀਆਂ ਰੁਚੀਆਂ ਹੋਣ ਦੇ ਨਾਲ-ਨਾਲ ਉਹ ਪ੍ਰਤਿਭਾਸ਼ਾਲੀ ਵੀ ਸੀ, ਉਸ ਵਿੱਚ ਇੱਕ ਸੁਭਾਵਿਕ
ਖਿੱਚ ਸ਼ਕਤੀ ਸੀ, ਜਿਸ ਨੂੰ ਉਸ ਦੀ ਜ਼ਿਦਗੀ ਦੇ ਆਖਰੀ ਪਲਾਂ ਨੇ ਸਾਬਤ ਕਰ ਦਿੱਤਾ। ਨੌਜਵਾਨ
ਅਰਨੈਸਤੋ ਗੁਵਾਰਾ ਦੀ ਸਖਸ਼ੀਅਤ ਗੂਸੈਲ ਗੱਭਰੂ ਵਾਲੀ ਨਹੀਂ ਸੀ। ਸਗੋਂ ਉਹ ਬਿਨਾਂ ਸਪੱਸ਼ਟ ਸਿਆਸੀ
ਵਿਚਾਰਾਂ ਦੇ ਵੀ ਬਹਾਦਰਾਨਾ ਕਾਰਵਾਈਆਂ ਕਰਨ ਲਈ ਤਿਆਰ ਸੀ। ਉਸ ਵਿੱਚ ਅਸੰਭਵ ਕਾਰਜ ਨੂੰ ਸੰਭਵ ਬਣਾ
ਦੇਣ ਦੀ ਇੱਕ ਪ੍ਰਬਲ ਭਾਵਨਾ ਸੀ। ਦਮੇ ਦੇ ਲਗਾਤਾਰ ਦੌਰੇ- ਜਿਸ ਕਾਰਨ ਉਸ ਦੇ ਪਿਤਾ ਨੂੰ ਉਸ ਦੇ
ਬਿਸਤਰ ਦੇ ਨੇੜੇ ਹੀ ਸੌਣਾ ਪੈਂਦਾ ਸੀ – ਉਸਨੂੰ ਰਘਬੀ ਅਤੇ ਫੁੱਟਬਾਲ ਖੇਡਣ ਤੋਂ ਨਹੀਂ ਰੋਕ ਸਕੇ, ਭਾਵੇਂ ਕਿ ਖੇਡ ਤੋਂ
ਬਾਅਦ ਉਸ ਦੇ ਸਾਥੀਆਂ ਨੂੰ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲਿਜਾਣਾ ਪੈਂਦਾ ਸੀ। ਦਮੇ ਕਾਰਨ
ਉਹ ਚੌਥੀ ਕਲਾਸ ਤੱਕ ਹੀ ਸਕੂਲ ਜਾ ਸਕਿਆ,
ਪਰ ਉਸ ਦੇ ਇਮਤਿਹਾਨ ਦੇਣ ਦਾ ਪ੍ਰਬੰਧ ਕਰ ਦਿੱਤਾ ਗਿਆ ਅਤੇ ਅਖੀਰ ਉਸ ਨੇ
ਹਾਈ ਸਕੂਲ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ। ਦਮੇ ਦੇ ਖਿਲਾਫ ਜੰਗ ਉਸ ਦੀ ਪਹਿਲੀ ਜੰਗ ਸੀ ਜੋ ਉਸ
ਨੇ ਜਿੱਤੀ- ਜਿੱਤੀ ਇਸ ਲਈ ਕਿਉਂਕਿ ਦਮੇ ਕਾਰਨ ਉਸ ਨੇ ਆਪਣਾ ਕੋਈ ਵੀ ਨਿਰਣਾ ਪ੍ਰਭਾਵਿਤ ਨਹੀਂ ਹੋਣ
ਦਿੱਤਾ।
ਇਸ ਮਹਾਨ
ਲਤੀਨੀ ਅਮਰੀਕਾ ਦੇ ਲੜਾਕੇ ਨੂੰ ਅਰਜਨਟੀਨਾ ਦੀ ਫੌਜ ਲਈ ਨਾਕਾਬਿਲ ਐਲਾਨ ਕਰ ਦਿੱਤਾ ਗਿਆ ਸੀ। ਇਸ
ਦੇ ਸਿੱਟੇ ਵਜੋਂ, ਚੇ ਨੇ ਮਾਚੂ-ਪੀਚੂ ਦੀ ਦੰਤ-ਕਥਾ ਤੋਂ ਅਕਰਸ਼ਿਤ ਹੋ ਆਂਦੇ (The Andes -ਲਾਤੀਨੀ ਅਮਰੀਕਾ ਦੀ ਮਸ਼ਹੂਰ ਪਰਬਤੀ ਲੜੀ) ਨੂੰ ਮੋਟਰਸਾਇਕਲ 'ਤੇ ਪਾਰ ਕਰ ਲਿਆ ਅਤੇ
ਪੈਦਲ ਹੀ ਪੇਰੂ ਦੀ ਸਰਹੱਦ ਵਿੱਚ ਪ੍ਰਵੇਸ਼ ਕੀਤਾ। ਇੱਕ ਕੋੜ੍ਹ ਆਸ਼ਰਮ ਦੇ ਮਰੀਜ਼ਾਂ ਨੇ ਉਸਦੇ ਅਤੇ
ਉਸਦੇ ਮਿੱਤਰ ਅਲਬੇਰਤੋ ਗਰਾਨਾਦੋਸ ਲਈ ਇੱਕ ਬੇੜੀ ਬਣਾਈ,
ਜਿਸ 'ਤੇ ਉਹ ਇਕੱਠੇ ਨਦੀ ਦੇ ਰਸਤੇ ਬ੍ਰਾਜ਼ੀਲ ਦੇ ਜੰਗਲ ਤੋਂ ਕੋਲੰਬੀਆ ਪੁੱਜੇ।
ਈਕੀਤੋਸ (iquitos-ਪੇਰੂ ਦਾ ਸ਼ਹਿਰ) ਵਿੱਚ ਉਹਨਾਂ ਨੇ ਫੁੱਟਬਾਲ ਦੇ ਕੋਚ ਦਾ ਕੰਮ ਕੀਤਾ। ਬੋਗਾਤਾ
ਤੋਂ ਕੱਢੇ ਜਾਣ ਬਾਅਦ ਚੇ ਅਖੀਰ ਇੱਕ ਰੇਸ ਵਾਲੇ ਘੋੜੇ ਢੋਣ ਵਾਲੇ ਜ਼ਹਾਜ ਰਾਹੀ ਮਿਆਮੀ ਪਹੁੰਚਿਆ।
ਲਤੀਨੀ
ਅਮਰੀਕਾ ਦੀ ਦੂਸਰੀ ਯਾਤਰਾ ਨੇ ਉਸ ਨੂੰ ਬੋਲੀਵੀਆ - ਲਾ ਪਾਸ ਦੀਆਂ ਸੜਕਾ 'ਤੇ, ਜਿੱਥੇ ਖਾਣ ਮਜ਼ਦੂਰ
ਡਾਇਨਾਮਾਈਟ ਦੀਆਂ ਛੜਾਂ ਨਾਲ ਜੇਤੂ ਪਰੇਡ ਕਰਦੇ ਸਨ - ਅਤੇ ਬਾਅਦ ਵਿੱਚ ਗੁਆਤੇਮਾਲਾ ਪਹੁੰਚਾ
ਦਿੱਤਾ। ਗੁਆਤੇਮਾਲਾ ਉਸਦੀ ਪਹਿਚਾਣ ਦੇ ਕੁੱਝ ਇਨਕਲਾਬੀਆਂ ਨੇ ਕੁੱਝ ਸਮੇਂ ਬਾਅਦ ਮੈਨੂੰ ਦੱਸਿਆ
"ਅਸੀ ਅਰਨੈਸਤੋ ਗੁਵਾਰਾ ਵਿੱਚ ਐੱਲ ਚੇ (el
Che) ਨੂੰ ਨਹੀਂ ਦੇਖ ਸਕੇ"। ਉਸ ਸਮੇਂ ਉਹ ਭੂਮੀ ਸੁਧਾਰ ਦਾ
ਇੱਕ ਮੁਲਾਜ਼ਮ ਸੀ ਜਾਂ ਪੇਰੂ ਦੀ ਏ.ਪੀ.ਆਰ.ਏ. (ਅਮੈਰੀਕਨ ਪਾਪੂਲਰ ਰੈਵੋਲਿਊਸ਼ਨਰੀ ਅਲਾਇੰਸ) ਦੁਆਰਾ
ਬਣਾਏ ਗਏ ਜਲਾਵਤਨਾਂ ਨਾਲ ਭਰੇ ਇੱਕ ਸਸਤੇ ਹੋਟਲ ਵਿੱਚ ਰੁਕਿਆ ਸੀ ਅਤੇ ਇੱਕ ਅਰਜਨਟੀਨੀ ਨਾਗਰਿਕ ਦੀ
ਤਰ੍ਹਾਂ ਰਹਿ ਰਿਹਾ ਸੀ। ਦੂਸਰੇ ਪਾਸੇ ਅਰਨੈਸਤੋ ਗੁਵਾਰਾ ਨੇ ਗੁਆਤੇਮਾਲਾ ਵਿੱਚ ਐਲ ਚੇ ਨੂੰ
ਬੁੱਝਿਆ, ਉਸ ਨੇ ਖੁਦ ਨੂੰ ਸੁਖਦ
ਸੁਪਨੇ ਅਤੇ ਗੁਆਤੇਮਾਲਾ ਦੇ ਅਸਫਲ ਇਨਕਲਾਬ,
ਜਿੱਤਾਂ ਅਤੇ ਚੱਲ ਰਹੇ ਸੁਧਾਰਾਂ ਦੀਆਂ ਗਲਤੀਆਂ ਅਤੇ ਨਾਪੁੰਸਕ ਗੁੱਸੇ ਵਿੱਚ
ਖੁਦ ਨੂੰ ਘਿਰਿਆ ਹੋਇਆ ਮਹਿਸੂਸ ਕੀਤਾ, ਜਿਸਨੂੰ ਉਸਨੇ ਅਰਬੇਂਸ ਤਖਤਾ-ਪਲਟ ਦੇ ਸਮੇਂ ਦੇਖਿਆ ਸੀ। ਉਹ ਯੂਨਾਇਟਡ ਫਰੂਟ
ਦਾ ਸਫੈਦ ਸਮੁੰਦਰੀ ਬੇੜਾ ਸੀ, ਜਿਸਨੇ ਗੁਵਾਰਾ ਨੂੰ ਉਸ ਦੇਸ਼ ਦੀ ਸਰਹੱਦ ਤੱਕ ਪਹੁੰਚਾਇਆ ਜਿੱਥੇ ਉਸਨੇ ਆਪਣੇ
ਫੈਸਲਾਕੁੰਨ ਸਮਾਜਵਾਦੀ ਉਤਸ਼ਾਹ ਨੂੰ ਨਸ਼ਰ ਕੀਤਾ।
ਉਹ ਉੱਤਰੀ
ਸਿਰੇ ਦਾ ਇੱਕ ਉੱਘਾ ਡਾਕਟਰ ਜਾਂ ਖੂਨ ਅਤੇ ਚਮੜੀ ਦੇ ਰੋਗਾਂ ਦਾ ਮੰਨਿਆ-ਪ੍ਰਮੰਨਿਆ, ਇੱਕ ਪੇਸ਼ੇਵਰ ਸਿਆਸਤਦਾਨ
ਜਾਂ ਤਕਨੀਸ਼ੀਅਨ ਬਣ ਸਕਦਾ ਸੀ, ਇੱਕ ਪ੍ਰਤਿਭਾਵਾਨ ਮਜ਼ਾਕੀਆ ਅਤੇ ਨਿਧੜਕ ਵਿਅਕਤੀ ਹੋਣ ਦੇ ਨਾਤੇ ਉਸਨੂੰ ਕੌਫੀ
ਹਾਊਸ ਦਾ ਸੇਵਾਦਾਰ ਜਾਂ ਆਪਣੇ ਮਜ਼ੇ ਲਈ ਹਿੰਮਤੀ ਕੰਮ ਕਰਨ ਵਾਲਾ ਜਾਂਬਾਜ਼ ਬਣ ਸਕਦਾ ਸੀ। ਕੁੱਝ
ਸਾਲਾਂ ਬਾਅਦ ਉਹ ਇੱਕ ਸਫਲ ਇਨਕਲਾਬ ਦਾ ਆਦਰਸ਼ਕ ਆਗੂ ਬਣਿਆ ਰਹਿ ਸਕਦਾ ਸੀ।
ਸੱਜੇਪੱਖੀ
ਅਕਸਰ ਇਨਕਲਾਬੀਆਂ ਦਾ ਮਨੋ-ਵਿਸ਼ਲੇਸ਼ਣ ਕਰਨ ਲਈ ਬੇਚੈਨ ਰਹਿੰਦੇ ਹਨ ਤਾਂ ਕਿ ਉਹ ਬਗਾਵਤ ਨੂੰ
ਕਲੀਨੀਕੀ ਸਾਂਚੇ 'ਚ ਢਾਲ ਕੇ ਇਸ ਨੂੰ ਸਿਰਫ ਨਿਰਾਸ਼ਾ ਤੱਕ ਹੀ ਸੀਮਤ ਕਰ ਸਕਣ, ਜਿਵੇਂ ਕਿ ਗੁੱਸਾ ਅਤੇ
ਪ੍ਰਤੀਬੱਧਤਾ ਸਿਰਫ, ਬੇਲਗਾਮ ਹਮਲੇ ਤੋਂ ਇਲਾਵਾ ਹੋਰ ਕੁੱਝ ਹੈ ਹੀ ਨਹੀਂ। ਅਤੇ ਇਹ ਵਿਗੜੇ ਹੋਏ
ਵਿਅਕਤੀਤਵ ਦੀ ਉਪਜ ਹੈ। ਚੇ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਸੀ ਕਿ ਇਨਕਲਾਬ ਭਾਈਚਾਰੇ ਦਾ ਸਭ
ਤੋਂ ਸ਼ੁੱਧ ਰੂਪ ਹੈ, ਪਰ ਸਭ ਤੋਂ ਮੁਸ਼ਕਲ ਅਤੇ ਸਭ ਤੋਂ ਜਰੂਰੀ। "ਚੰਗੇ ਪਰਿਵਾਰ" ਦਾ
ਭੱਦਰ ਨੌਜਵਾਨ ਜੋ ਬਿਹਤਰ ਜ਼ਿੰਦਗੀ ਦੇ ਦਿਨਾਂ ਦਾ ਅਨੁਭਵ ਕਰ ਚੁੱਕਾ ਸੀ, ਉਸ ਦੇ ਲਈ ਇਹ ਸਿਰਫ
ਮਾਨਸਿਕ ਵਿਕਾਰ ਨੂੰ ਬਾਹਰ ਕੱਢਣ ਦਾ ਸਾਧਨ ਹੀ ਨਹੀਂ,
ਸਗੋਂ ਪਿਆਰ ਅਤੇ ਉਦਾਰਤਾ ਨਾਲ਼ ਭਰਪੂਰ ਇੱਕ ਨਿਸ਼ਕਾਮ ਕੰਮ ਸੀ, ਸਾਡੇ ਦੌਰ ਦੇ ਇਤਿਹਾਸ
ਵਿੱਚ ਬਹੁਤ ਥੋੜੇ ਲੋਕ ਅਜਿਹੇ ਹਨ ਜੋ ਗਿਣੀਆਂ-ਚੁਣੀਆਂ ਉਮੀਦਾਂ ਜਾਂ ਬਿਨਾਂ ਕਿਸੇ ਵਿਅਕਤੀਗਤ ਲਾਭ
ਦੇ ਲਗਾਤਾਰ ਤਿਆਗ ਕਰਨ ਲਈ ਤਿਆਰ ਰਹਿੰਦੇ ਹਨ। ਕੁਰਬਾਨੀ ਕਰਨ, ਖਤਰਿਆਂ ਦਾ ਸਾਹਮਣਾ ਕਰਨ ਵਿੱਚ ਸਭ ਤੋਂ ਅੱਗੇ ਅਤੇ
ਇਨਾਮ ਪਾਉਣ ਅਤੇ ਸੁਰੱਖਿਆ ਵਿੱਚ ਸਭ ਤੋਂ ਪਿੱਛੇ ਰਹਿਣਾ।
ਸਾਡੇ ਸਮੇਂ ਵਿੱਚ ਬਹੁਤ
ਥੋੜੇ ਲੋਕ ਅਜਿਹੇ ਹਨ ਜਿਹਨਾਂ ਦੀ ਚੇਤਨਾ ਵਿੱਚ ਐਨੀ ਡੂੰਘਾਈ ਹੋਵੇ। ਭਾਵੇਂ ਦਮੇ ਦੇ ਲਗਾਤਾਰ
ਪੈਂਦੇ ਦੌਰੇ ਹੋਣ ਜਾਂ ਕਿਊਬਾ ਵਿੱਚ ਸਮਾਜਵਾਦ ਨੂੰ ਸਥਾਪਿਤ ਕਰਨ ਵਿੱਚ ਨਿਭਾਈ ਉਸਦੀ ਮਹੱਤਵਪੂਰਨ
ਭੂਮਿਕਾ ਹੋਵੇ। ਉਹ ਖੁਦ ਮੰਨਦਾ ਹੈ ਕਿ ਸੀਅਰਾ ਮੈਅਸਤਰਾ ਦੇ ਸਮੇਂ ਪਹਾੜਾਂ 'ਤੇ ਚੜ੍ਹਨ ਦੌਰਾਨ ਉਸ
ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ,
"ਮੈਨੂੰ ਗੁਆਖੀਰੋ***** (guajiro) ਕ੍ਰੈਸਪੋ ਦੀਆਂ ਉਹ ਕੋਸ਼ਿਸ਼ਾਂ ਯਾਦ ਨੇ ਜੋ ਉਹਨਾਂ ਨੇ ਮੈਨੂੰ ਤੁਰਦੇ ਰੱਖਣ
ਲਈ ਕੀਤੀਆਂ ਸਨ, ਜਦ ਮੇਰੇ ਕੋਲੋਂ ਅੱਗੇ ਨਹੀ ਤੁਰਿਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਕਿਹਾ ਸੀ
ਕਿ ਮੈਨੂੰ ਉੱਥੇ ਹੀ ਛੱਡ ਕੇ ਚਲੇ ਜਾਣ, ਤਾਂ ਉਹਨਾਂ ਨੇ ਸਾਡੀ ਟੁੱਕੜੀ ਲਈ ਵਰਤੇ ਜਾਂਦੇ ਸ਼ਬਦਾਂ ਵਿੱਚ ਕਿਹਾ, ਤੁਸੀਂ ਅਰਜਨਟੀਨੀ ਗੰਦ
ਜਾਂ ਤਾਂ ਤੁਸੀ ਖੁਦ ਤੁਰੋ ਜਾਂ ਮੇਰੀ ਬੰਦੂਕ ਦਾ ਬੱਟ ਤੁਹਾਨੂੰ ਤੋਰੇਗਾ।" ਦਮੇ ਦੀ ਸਥਾਈ
ਚੁਣੌਤੀ ਦੇ ਬਾਵਜੂਦ, ਚੇ ਜਾਣਦਾ ਸੀ ਕਿ ਕਰਨਲ ਬਾਯੋ ਦਾ ਪਿਆਰਾ ਸ਼ਗਿਰਦ ਕਿਵੇਂ ਬਣਿਆ ਜਾਵੇ, ਜਦਕਿ ਮੈਕਸੀਕੋ ਵਿੱਚ
ਫੀਦਲ ਕਾਸਤਰੋ ਦੀ ਫੌਜ ਖੁਦ ਨੂੰ ਇਨਕਲਾਬ ਲਈ ਤਿਆਰ ਕਰ ਰਹੀ ਸੀ। ਮੈਕਸੀਕੋ ਵਿੱਚ ਉਹਨੀਂ ਦਿਨੀਂ
ਚੇ ਨੂੰ ਚੌਂਕ ਵਿੱਚ ਬੱਚਿਆਂ ਦੀ ਤਸਵੀਰ ਖਿੱਚ ਕੇ ਅਤੇ ਗੁਆਦਾਲੂਪੇ ਦੀ ਦੇਵੀ ਦੀ ਤਸਵੀਰ ਵੇਚ ਕੇ
ਆਪਣਾ ਗੁਜਾਰਾ ਕੀਤਾ, ਸਰਕਾਰ ਦੁਆਰਾ ਕੱਢ ਦਿੱਤੇ ਜਾਣ 'ਤੇ ਉਹ ਹਵਾਈ ਅੱਡੇ ਤੋਂ ਭੱਜ ਨਿੱਕਲਿਆ ਅਤੇ ਆਪਣੇ ਸਾਥੀਆ ਨਾਲ ਦੁਬਾਰਾ
ਸੰਪਰਕ ਕੀਤਾ।
ਮੈਕਸੀਕੋ ਤੋਂ
ਪਹਿਲਾਂ ਉਹ ਸਨਕੀਪਣ ਅਤੇ ਬੇ-ਯਕੀਨੀ ਖਿਲਾਫ ਇੱਕ ਹੋਰ ਯੁੱਧ ਦਾ ਆਗਾਜ਼ ਕਰ ਚੁੱਕਾ ਸੀ, ਜੋ ਰੀਓ ਪਲਾਤਾ ਦੇ
ਹਸਮੁੱਖ ਲੋਕਾਂ ਵਿੱਚ ਸੁਭਾਵਿਕ ਹੀ ਲੱਗ ਰਿਹਾ ਸੀ,
ਖਾਸਕਰ ਉਹਨਾਂ ਵਿੱਚ ਜੋ ਬੋਏਨਸ ਆਇਰਸ ਤੋਂ ਸਨ। ਜਦ ਕੋਸਤਾ ਰੀਕਾ ਦੇ ਇੱਕ
ਕੌਫੀ ਹਾਊਸ ਵਿੱਚ ਉਸਨੇ ਕੁੱਝ ਨੌਜਵਾਨ ਕਿਊਬਾ ਵਾਸੀਆਂ ਨੂੰ ਆਪਸ ਵਿੱਚ ਉੱਚੀ-ਉੱਚੀ ਗੱਲਾਂ ਕਰਦੇ
ਹੋਏ ਸੁਣਿਆ, ਜੋ ਮੋਨਕਾਦਾ ਉੱਤੇ ਹਮਲੇ ਅਤੇ ਬਾਤਿਸਤਾ ਖਿਲਾਫ ਹੋਣ ਵਾਲੇ ਇਨਕਲਾਬ ਬਾਰੇ
ਗੱਲ ਕਰ ਰਹੇ ਸਨ ਤਾਂ ਚੇ ਨੇ ਟਿੱਪਣੀ ਕਰਦੇ ਹੋਏ ਕਿਹਾ;
"ਤੁਸੀ ਕਿਸੇ ਮਨਚਲੇ ਚਰਵਾਹੇ ਦਾ ਕਿੱਸਾ ਕਿਉਂ ਨਹੀ
ਸੁਣਾਉਂਦੇ।" ਕੁੱਝ ਸਮਾਂ ਬਾਅਦ ਮੈਕਸੀਕੋ ਵਿੱਚ ਇਹਨਾਂ ਦੋ ਨੌਜਵਾਨਾਂ ਨੇ ਉਸ ਨੂੰ ਪੀਨੇ (Pines) ਆਈਲੈਂਡ ਦੀ ਜ਼ੇਲ੍ਹ ਤੋਂ ਛੁੱਟੇ ਇੱਕ ਅਸਾਧਾਰਨ ਵਿਅਕਤੀਆਂ ਨਾਲ ਮਿਲਾਇਆ।
ਉਸ ਦਾ ਨਾਮ ਫੀਦਲ ਕਾਸਤਰੋ ਸੀ।
ਹੁਣੇ ਹੀ
ਮੈਨੂੰ ਇੱਕ ਖ਼ਤ ਪੜ੍ਹਨ ਦਾ ਮੌਕਾ ਮਿਲਿਆ ਜੋ ਚੇ ਦੀ ਮਾਂ ਨੇ ਆਪਣੀ ਮੌਤ ਤੋਂ ਪਹਿਲਾਂ ਚੇ ਨੂੰ
ਭੇਜਣ ਦੀ ਕੋਸ਼ਿਸ਼ ਕੀਤੀ ਸੀ। ਇਹ ਖ਼ਤ ਕਦੀ ਵੀ ਚੇ ਤੱਕ ਨਹੀ ਪਹੁੰਚ ਸਕਿਆ, ਕਿਉਕਿ ਉਹ ਕਾਫੀ ਸਮਾਂ
ਪਹਿਲਾਂ ਹੀ ਉਸ ਜਗ੍ਹਾ ਨੂੰ ਛੱਡ ਚੁੱਕਾ ਸੀ। ਸ਼ਾਇਦ ਉਸ ਨੂੰ ਆਪਣੀ ਮੌਤ ਦਾ ਅਹਿਸਾਸ ਹੋ ਚੁੱਕਾ
ਸੀ। ਉਸ ਖ਼ਤ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਜੋ ਵੀ ਸੋਚਦੀ ਹੈ, ਉਸਨੂੰ ਜਿੰਨਾ ਸੰਭਵ ਹੋ
ਸਕੇ ਸੁਭਾਵਿਕ ਅਤੇ ਸਾਫ-ਸਾਫ ਸ਼ਬਦਾਂ ਵਿੱਚ ਲਿਖੇਗੀ ਅਤੇ ਉਸ ਨੇ ਚੇ ਨੂੰ ਵੀ ਇਸ ਪ੍ਰਕਾਰ ਜਵਾਬ
ਦੇਣ ਲਈ ਕਿਹਾ - "ਮੈਨੂੰ ਨਹੀ ਪਤਾ,
ਜਾਂ ਤਾਂ ਅਸੀ ਉਸ ਸਾਫਗੋਈ ਨੂੰ ਭੁੱਲ ਚੁੱਕੇ ਹਾਂ ਜੋ ਸਾਡੇ ਵਿੱਚ ਹਮੇਸ਼ਾ
ਰਹੀ ਜਾਂ ਸਾਡੇ ਵਿੱਚ ਅਜਿਹੀ ਸਾਫਗੋਈ ਸੀ ਹੀ ਨਹੀ,
ਅਸੀ ਹਮੇਸ਼ਾ ਇੱਕ ਦੂਸਰੇ ਨਾਲ ਉਸ ਵਿਅੰਗਮਈ ਸ਼ੈਲੀ ਵਿੱਚ ਗੱਲ ਕਰਦੇ ਹਾਂ
ਜਿਸਨੂੰ ਸਾਡੀ ਪਰਿਵਾਰਕ ਭਾਸ਼ਾ ਸ਼ੈਲੀ ਨੇ ਹੋਰ ਵੀ ਭੈੜਾ ਬਣਾ ਦਿੱਤਾ।" ਨਿਸ਼ਚਿਤ ਹੀ ਚੇ ਨੇ
ਉਸ ਨੂੰ ਆਪਣੇ ਤੱਤਕਾਲੀ ਪੇਸ਼ੇ ਦੀ ਸੂਚਨਾ ਦੇ ਦਿੱਤੀ ਸੀ, ਕਿਉਂਕਿ ਦੂਸਰੇ ਪੈਰ੍ਹੇ ਵਿੱਚ ਸੀਲੀਆ ਲਿਖਦੀ ਹੈ -
"ਹਾਂ, ਤੂੰ ਹਮੇਸ਼ਾ ਇੱਕ ਅਜਨਬੀ ਬਣਿਆ ਰਿਹਾ ਹੈਂ। ਇਹ ਹੀ ਤੇਰਾ ਸਥਾਈ ਪੇਸ਼ਾ ਲੱਗ
ਰਿਹਾ ਹੈ।"
ਚੇ ਦੀ ਮਾਂ
ਦੇ ਇੱਕ ਨਜ਼ਦੀਕੀ ਮਿੱਤਰ ਨੇ ਮੈਨੂੰ ਇਸ ਤਰ੍ਹਾਂ ਦੱਸਿਆ-
ਕੋਰਦੋਬਾ
ਵਿੱਚ ਚੇ ਦੇ ਮਿੱਤਰਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ,
ਉਸ ਕੋਲ ਮਹਿਲਾ ਮਿੱਤਰਾਂ ਦੀ ਭਰਮਾਰ ਹੈ, ਇੱਥੋਂ ਤੱਕ ਕਿ ਚੇ ਦਾ
ਜੀਵਨ ਵੀ ਐਨਾ ਲੰਬਾ ਨਹੀਂ ਰਿਹਾ ਕਿ ਉਹ ਉਹਨਾਂ ਵਿੱਚੋਂ ਹਰ ਇੱਕ ਨੂੰ ਦੋ ਵਾਰ ਚੁੰਮ ਸਕੇ। ਪਰ
ਸੱਚ ਤਾਂ ਇਹ ਹੈ ਕਿ ਉਸ ਵਿੱਚ ਇੱਕ ਵਚਿੱਤਰ ਖਿੱਚ ਸ਼ਕਤੀ ਸੀ। ਕੀ ਕੋਈ ਅਨੁਭਵ ਕਰ ਸਕਦਾ ਹੈ ਕਿ ਇਹ
ਨੌਜਵਾਨ, ਜੋ ਵਿਵਾਲਦੀ ਨੂੰ ਸੁਣਦਾ
ਸੀ, ਹੈਡੈਗਰ ਨੂੰ ਪੜ੍ਹਦਾ ਅਤੇ ਪੂਰੇ
ਮਹਾਂਦੀਪ ਦੀ ਯਾਤਰਾ ਕਰ ਚੁੱਕਾ ਸੀ, ਹਰ ਇੱਕ ਬਦਲ 'ਤੇ ਮੋਹਿਤ ਹੋ ਜਾਂਦਾ ਸੀ ?
ਮੈਨੂੰ ਯਕੀਨ ਹੈ ਕਿ ਉਹ ਤ੍ਰਾਤਸਕੀ ਹੀ ਸੀ ਜਿਸ ਨੇ ਕਿਹਾ ਸੀ ਕਿ ਇੱਕ
ਇਨਕਲਾਬੀ ਦੀ ਸਭ ਤੋ ਵੱਡੀ ਖਾਸੀਅਤ ਇਹ ਹੈ ਕਿ ਉਸ ਕੋਲ ਬਿਹਤਰ ਜਿੰਦਗੀ ਦੀਆਂ ਸੰਭਾਵਨਾਵਾਂ ਹੋਣ, ਫਿਰ ਵੀ ਉਹ ਇਨਕਲਾਬ
ਨੂੰ ਪਹਿਲ ਦੇਵੇ। ਉਸ ਸਮੇਂ ਤੋਂ ਇਕੱਲਾਪਣ ਉਸ ਲਈ ਇੱਕ ਤਰ੍ਹਾਂ ਦਾ ਫਰਜ਼ ਬਣ ਚੁੱਕਾ ਸੀ। ਉਸ ਨੇ
ਕਿਸੇ ਵੀ ਸਬੰਧ ਨੂੰ ਇਨਕਲਾਬ ਲਈ ਆਪਣੇ ਸਬੰਧ ਤੋਂ ਜ਼ਿਆਦਾ ਮਜ਼ਬੂਤ ਨਹੀਂ ਹੋਣ ਦਿੱਤਾ। ਉਹ ਹਮੇਸ਼ਾ
ਪੂਰਨਤਾ ਅਤੇ ਸ਼ੁੱਧਤਾ ਦੀ ਜਰੂਰਤ ਮਹਿਸੂਸ ਕਰਦਾ ਸੀ।
ਅਤੇ ਹਕੀਕਤ
ਵਿੱਚ ਇਹ ਵਿਅਕਤੀ, ਜਿਸ ਲਈ ਪੇਸ਼ੇਵਰ ਅਤੇ ਦੁਨਿਆਵੀ ਸਫਲਤਾਵਾਂ ਦੇ ਦਰਵਾਜ਼ੇ ਸਦਾ ਲਈ ਖੁੱਲੇ ਸਨ, ਪੱਛਮੀ ਇਨਕਲਾਬੀ ਆਗੂਆਂ
ਵਿੱਚ ਮੋਹਰੀ ਬਣ ਗਿਆ। ਕਿਊਬਾ ਵਿੱਚ ਉਹ ਇਨਕਲਾਬ ਦਾ ਜੈਕੋਬਿਨ ਸੀ; ਕਿਊਬਾ ਵਾਸੀ ਮਖੌਲ ਨਾਲ
ਕਹਿੰਦੇ ਸੀ "ਸਾਵਧਾਨ ਚੇ ਆ ਰਿਹਾ ਹੈ,"
ਪੂਰਨਤਾ ਅਤੇ ਸ਼ੁੱਧਤਾ ਦੀ ਇਹ ਤੜਪ ਵਿਅਕਤੀਗਤ ਕੁਰਬਾਨੀ ਦੀਆਂ ਸਾਰੀਆਂ
ਹੱਦਾਂ ਪਾਰ ਕਰ ਚੁੱਕੀ ਸੀ। ਉਹ ਖੁਦ ਪ੍ਰਤੀ ਕਠੋਰ ਸੀ। ਉਸ ਨੇ ਖੁਦ ਨੂੰ ਇਸ ਤਰ੍ਹਾਂ ਢਾਲਿਆ ਸੀ
ਜਿਸ ਤਰ੍ਹਾਂ ਉਹ ਦੂਸਰਿਆਂ ਤੋਂ ਚਾਹੁੰਦਾ ਸੀ ਅਤੇ ਉਸ ਨੇ ਕਿਸੇ ਵੀ ਕਮਜ਼ੋਰੀ ਨੂੰ ਆਪਣੇ ਉੱਪਰ
ਹਾਵੀ ਨਹੀ ਹੋਣ ਦਿੱਤਾ। ਉਸ ਕੋਲ ਫੀਦਲ ਕਾਸਤਰੋ ਜਿਹਾ ਲਚਕੀਲਾਪਨ ਨਹੀ ਸੀ, ਜੋ ਸਿਆਸੀ ਸਮਝੌਤਿਆਂ
ਨਾਲ ਨਿਬੜਨ ਦੀ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਾ ਹੈ,
ਉਸ ਵੇਲੇ ਤੋਂ ਜਦ ਪਹਾੜਾਂ ਅਤੇ ਮੈਦਾਨਾਂ ਨੂੰ ਅਜ਼ਾਦ ਕਰਵਾਉਣ ਲਈ ਉਹਨਾਂ ਨੇ
ਦੋਸਤ ਅਤੇ ਦੁਸ਼ਮਣਾਂ ਦੋਨਾਂ ਨਾਲ ਸਮਝੌਤਾ ਕੀਤਾ। ਚੇ ਇੱਕ ਗੁਰੀਲਾ ਲੜਾਕਾ ਬਣਨ ਸਮੇਂ ਤੋਂ ਹੀ
"ਸਭ ਕੁੱਝ ਜਾਂ ਕੁੱਝ ਨਹੀ" ਦੇ ਨਾਅਰੇ ਵਿੱਚ ਵਿਸ਼ਵਾਸ਼ ਰੱਖਦਾ ਸੀ। ਉਹਨਾਂ ਮੁਸ਼ਕਲ
ਸੰਘਰਸ਼ਾਂ ਨੂੰ ਕੌਣ ਭੁੱਲ ਸਕਦਾ ਹੈ, ਜੋ ਇਸ ਤਪ ਹੋਏੇ ਬੁੱਧੀਜੀਵੀ ਨੇ ਇੱਕ ਸ਼ੰਕੇਵਾਦੀ ਸੋਚ ਦੇ ਖਿਲਾਫ ਜਾਰੀ
ਰੱਖੇ, ਤਾਂ ਕਿ ਉਹ ਇਸ
ਹੈਰਾਨਕੁੰਨ ਵਿਚਾਰਧਾਰਾ 'ਤੇ ਮਜਬੂਤ ਪਕੜ ਬਣਾ ਸਕੇ।
ਲੰਦਨ ਟਾਇਮਜ਼ ਨੇ ਲਿਖਿਆ,"ਸ਼ਾਇਦ ਉਹ
ਐਲ-ਦੋਰੇਦੋ ਤੋਂ ਬਾਅਦ ਹੁਣ ਤੱਕ ਲਾਤੀਨੀ ਅਮਰੀਕਾ ਦਾ ਸਭ ਤੋਂ ਆਕਰਸ਼ਕ ਪੁਰਖਾ ਹੈ।" ਮੈਡਰਿਡ
ਦੇ ਇੱਕ ਫਲੈਂਜ਼ਵਾਦੀ (Falangist -ਸਪੇਨੀ
ਫਾਸ਼ੀਵਾਦੀ ਵਿਚਾਰਧਾਰਾ ਜਿਸਦਾ ਪ੍ਰਭਾਵ ਲਾਤੀਨੀ ਅਮਰੀਕਾ ਉੱਤੇ ਵੀ ਸੀ।) ਅਖਬਾਰ ਉਸ ਦੇ ਅਜਿੱਤ
ਹੌਂਸਲੇ ਲਈ ਉਸ ਦੀ ਤੁਲਨਾ ਕੌਨਕੁਇਸਤਾਦੋਰੇ****** (conquistadores) ਨਾਲ ਕਰਦਾ ਹੈ, ਸਫੈਦ ਅਤੇ ਨੀਲਾ, ਅਰਜਨਟੀਨਾ ਦੀ ਇੱਕ ਸੱਜੇਪੱਖੀ ਰਾਸ਼ਟਰਵਾਦੀ ਜੱਥੇਬੰਦੀ ਨੇ ਪ੍ਰਵਾਨ ਕੀਤਾ ਕਿ
ਉਹ "ਉੱਨੀਵੀਂ ਸਦੀ ਦਾ ਇੱਕ ਨਾਇਕ ਸੀ।" ਫੀਦਲ ਕਾਸਤਰੋ ਨੇ ਕਿਹਾ ਕਿ ਉਹ ਕਦੀ ਵੀ ਚੇ
ਨੂੰ ਬੀਤਿਆ ਹੋਇਆ ਕੱਲ੍ਹ ਮੰਨ ਕੇ ਗੱਲ ਨਹੀ ਕਰ ਸਕਦੇ,
ਇੱਥੋਂ ਤੱਕ ਕਿ ਜਨਰਲ ਓਵਾਂਦੋ ਨੇ ਵੀ ਮੰਨਿਆ ਕਿ ਉਹ "ਪੂਰੀ ਦੁਨੀਆਂ
ਦਾ ਨਾਇਕ" ਸੀ। ਰਾਸ਼ਟਰਪਤੀ ਰੇਨੇ ਬੇਰੀਐਂਤੋ,
ਜਿਸ ਨੂੰ ਚੇ ਨੇ ਆਪਣੀ ਯੁੱਧ ਡਾਇਰੀ ਵਿੱਚ "ਮੂਰਖ" ਐਲਾਨਿਆ ਸੀ, ਉਸ ਨੇ ਕਿਹਾ ਕਿ
"ਇੱਕ ਆਦਰਸ਼ਵਾਦੀ ਮਰ ਚੁੱਕਾ ਹੈ।" ਐਵਿਤਾ ਪੇਰੋਨੇ ਦੇ ਪਾਦਰੀ ਹਰਨਨ ਬੇਨੀਤੇਜ਼ ਨੇ ਇਸ
ਇਨਕਲਾਬੀ ਦੂਤ ਦੀ ਪ੍ਰਸੰਸ਼ਾ ਇਹਨਾਂ ਸ਼ਬਦਾਂ ਵਿੱਚ ਕੀਤੀ,
"ਜਿਵੇਂ ਓਲਡ ਟੈਸਟਾਮੈਂਟ ਦੇ ਯਹੂਦੀ ਪੈਗੰਬਰ ਇਲਿਆਸ ਦੀ
ਅਮਰਤਾ ਵਿੱਚ, ਮੱਧਕਾਲੀ ਸਪੇਨੀ ਸਿਡ ਕੈਂਪਰਾਦੋਰ ਵਿੱਚ ਅਤੇ ਵੇਲਸ ਦੇ ਲੋਕ ਰਾਜਾ ਆਰਥਰ
ਵਿੱਚ ਵਿਸ਼ਵਾਸ ਰੱਖਦੇ ਹਨ, ਸੰਭਵ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੀਸਰੀ ਦੁਨੀਆਂ ਦੇ ਯੋਧੇ ਵੀ ਗੁਰੀਲਾ
ਯੁੱਧ ਵਿੱਚ ਚੇ ਦੀ ਪ੍ਰਕਾਸ਼ਮਾਨ ਮੌਜੂਦਗੀ ਨੂੰ ਮਹਿਸੂਸ ਕਰਨਗੇ।"
ਮੈਨੂੰ ਪਾਲ
ਨਿਜ਼ਾਨ ਦੇ ਉਹ ਸ਼ਬਦ ਯਾਦ ਹਨ "ਇੱਥੇ ਕੋਈ ਵੀ ਅਜਿਹਾ ਵੱਡਾ ਕੰਮ ਨਹੀ ਹੈ ਜੋ ਨਾਲ ਹੀ ਨਾਲ
ਸੰਸਾਰ ਖਿਲਾਫ ਇੱਕ ਆਰੋਪ ਨਾ ਹੋਵੇ"। ਚੇ ਗੁਵਾਰਾ ਦਾ ਜੀਵਨ ਵੀ, ਜਿਸ ਦੀ ਸਟੀਕ ਪੁਸ਼ਟੀ
ਉਸ ਦੀ ਮੌਤ ਦੇ ਨਾਲ ਹੀ ਹੋ ਸਕੀ, ਦੂਸਰੇ ਮਹਾਨ ਕੰਮਾਂ ਦੀ ਤਰ੍ਹਾਂ ਇੱਕ ਆਰੋਪ ਵੀ ਹੈ, ਜਿਸ ਦਾ ਨਿਸ਼ਾਨਾ ਇੱਕ
ਦੁਨੀਆ 'ਤੇ ਸੀ, ਸਾਡੀ ਦੁਨੀਆ 'ਤੇ, ਜਿੱਥੇ ਮੁੱਠੀ-ਭਰ ਲੋਕ
ਇੱਕ ਵੱਡੀ ਅਬਾਦੀ ਨੂੰ ਜਾਨਵਰਾਂ ਦੀ ਤਰ੍ਹਾਂ ਜ਼ਿੰਦਗੀ ਜਿਊਣ ਲਈ ਮਜ਼ਬੂਰ ਕਰ ਦਿੰਦੇ ਹਨ। ਜਿੱਥੇ
ਧਨੀ ਦੇਸ਼ ਆਪਣੇ ਹਿੱਤ ਸਾਧਣ ਲਈ ਛੋਟੇ ਦੇਸ਼ਾਂ ਨੂੰ ਗੁਲਾਮੀ ਅਤੇ ਕੰਗਾਲੀ ਵਿੱਚ ਧੱਕ ਦਿੰਦੇ ਹਨ, ਇਹ ਗਿਲਾ ਮਤਲਬੀਆਂ, ਡਰਪੋਕਾਂ ਅਤੇ
ਪ੍ਰੰਪਰਾਵਾਦੀਆਂ ਖਿਲਾਫ ਵੀ ਹੈ ਜੋ ਇਸ ਢਾਂਚੇ ਨੂੰ ਬਦਲਣ ਦੇ ਰੋਮਾਂਸ ਵਿੱਚ ਖੁਦ ਨੂੰ ਨਹੀ ਝੋਕਦੇ।
(ਜਨਵਰੀ, 1968)
* Tricontinental - Organization of Solidarity
with the People of Asia, Africa and Latin America (OSPAAAL) ਵੱਲੋਂ ਕੱਢਿਆ ਜਾਂਦਾ ਮੈਗਜੀਨ।
** Yuro ਬੋਲੀਵੀਆ ਵਿੱਚ ਲਾ ਹੀਗੂਰਾ ਇਲਾਕੇ ਵਿੱਚ ਇੱਕ
ਜਗ੍ਹਾ ਜਿੱਥੇ ਚੇ ਗੁਵਾਰਾ ਆਪਣੇ ਸਾਥੀਆਂ ਸਮੇਤ ਲੜਦਾ ਹੋਇਆ ਸ਼ਹੀਦ ਹੋਇਆ ਸੀ।
*** Juan Carlos Onganía Carballo ਅਰਜਨਟੀਨਾ ਦਾ ਸਾਬਕਾ ਤਾਨਾਸ਼ਾਹ ਰਾਸ਼ਟਰਪਤੀ (29 ਜੂਨ 1966 - 8 ਜੂਨ 1970)
****ਅਰਜਨਟੀਨਾ ਵਿੱਚ ਛਪਣ ਵਾਲਾ ਇੱਕ ਸਪੋਰਟਸ ਮੈਗਜੀਨ।
*****ਗੁਆਖੀਰੋ (Guajiro) ਉਨੀਵੀਂ ਸਦੀ ਦੇ ਅੰਤ
ਵਿੱਚ ਸਪੇਨੀ-ਅਮਰੀਕੀ ਯੁੱਧ ਦੌਰਾਨ ਵਰਤੀ ਜਾਣ ਵਾਲੀ ਟਰਮ। ਕਿਊਬਾ ਅਤੇ ਪੋਰਤੋ ਰੀਕੋ ਦੇ ਕਿਸਾਨਾਂ
ਨੂੰ ਜਦੋਂ ਸਪੈਨਿਸ਼ ਸਾਮਰਾਜ ਅਤੇ ਉਸਦੇ ਯੁੱਧ ਸੰਗੀਆਂ ਸੰਗ ਲੜਨ ਲਈ ਬੁਲਾਇਆ ਜਾਂਦਾ ਸੀ ਤਾਂ
ਉਹਨਾਂ ਦੀ ਤੁਲਨਾ ਲੋਕ ਨਾਇਕਾਂ ਵਜੋਂ ਕੀਤੀ ਜਾਂਦੀ ਸੀ ਤਦ ਉਹਨਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਸੀ।
******
conquistadores – ਇੱਕ ਟਰਮ ਜੋ 15ਵੀਂ ਤੋਂ 17ਵੀਂ ਸਦੀ ਤੱਕ ਦੇ ਸਪੈਨਿਸ਼ ਅਤੇ ਪੁਰਤਗਾਲੀ
ਸਾਮਰਾਜੀ ਯੋਧਿਆਂ ਅਤੇ ਸਿਪਾਹੀਆਂ ਲਈ ਵਰਤੀ ਜਾਂਦੀ ਸੀ।