ਸੰਸਾਰ ਅਰਥਚਾਰਾ ਦਿਨੋ-ਦਿਨ ਮੰਦੀ ਵੱਲ ਵੱਧ ਰਿਹਾ ਹੈ ਅਤੇ ਸੰਸਾਰ ਅਰਥਚਾਰੇ ਦੇ ਅੰਗ ਵਜੋਂ ਭਾਰਤੀ ਅਰਥਵਿਵਸਥਾ ਵੀ ਸਰਬਪੱਖੀ ਸੰਕਟ ਵਿੱਚ ਘਿਰੀ ਹੋਈ ਹੈ। ਇਸਦੀ ਸਨਅਤ, ਸੇਵਾ ਅਤੇ ਜਰੱਈ ਖੇਤਰ ਸੰਕਟ ਵਿੱਚ ਘਿਰੇ ਹੋਏ ਹਨ। ਭਾਰਤ ਦੀ ਕੁੱਲ ਘਰੇਲੂ ਪੈਦਾਵਰ ਡਿੱਗ ਰਹੀ ਹੈ ਅਤੇ ਮਹਿੰਗਾਈ ਅਸਮਾਨ ਛੋਹ ਰਹੀ ਹੈ। ਦੇਸ਼ ਦਾ ਵਪਾਰ ਘਾਟਾ ਵੱਧ ਰਿਹਾ ਹੈ ਅਤੇ ਵਿਦੇਸ਼ੀ ਮੁਦਰਾ ਦੇ ਭੰਡਾਰ ਘੱਟ ਰਹੇ ਹਨ। ਸਾਮਰਾਜੀ ਬਹੁਕੌਮੀ ਤੇਲ ਕੰਪਨੀਆਂ ਵੱਲੋਂ ਤੇਲ ਪੈਦਾਵਾਰ ਵਿੱਚ ਕੀਤੀ ਕਟੌਤੀ ਅਤੇ ਯੂਕਰੇਨ ਜੰਗ ਦੌਰਾਨ ਰੂਸ ਤੇ ਲੱਗੀਆਂ ਵਪਾਰਕ-ਆਰਥਿਕ ਰੋਕਾਂ ਕਾਰਨ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਆਈ ਤੇਜੀ ਨੇ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਹਾਲਤ ਹੋਰ ਵੱਧ ਪਤਲੀ ਕਰ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਕਾਰਨ ਸੰਸਾਰ ਸਮੇਤ ਭਾਰਤੀ ਆਰਥਿਕਤਾ ਉੱਤੇ ਮਾੜਾ ਅਸਰ ਪਿਆ ਹੈ। ਮੌਜੂਦਾ ਸਮੇਂ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ($1=82.44 ਰੁ.) ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਧਰ ਅਜਿਹੀ ਨਾਜ਼ੁਕ ਹਾਲਤ ਵਿੱਚ ਭਾਰਤੀ ਹਾਕਮ ਰੁਪਏ ਦੀ ਮਾੜੀ ਹਾਲਤ ਸਬੰਧੀ ਤੱਥਹੀਣ ਬਿਆਨ ਦੇ ਰਹੇ ਹਨ।
ਸਾਲ 2018 ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਦਾ ਰੁਪਏ ਦੀ ਗਿਰਾਵਟ ਨੂੰ ਲੈ ਕੇ ਬਿਆਨ ਸੀ ਕਿ ਰੁਪਏ ਦੀ ਕੀਮਤ ਘਟਣ ਨਾਲ ਭਾਰਤੀ ਆਰਥਿਕਤਾ ਤੇ ਕੋਈ ਬੁਰਾ ਅਸਰ ਨਹੀਂ ਪੈਣ ਵਾਲਾ। ਉਹਨਾਂ ਦਾ ਤਰਕ ਸੀ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀ ਰੁਪਏ ਦੀ ਹਾਲਤ ਬੁਰੀ ਨਹੀਂ ਹੈ। ਦੂਸਰਾ ਉਹਨਾਂ ਦਾ ਤਰਕ ਇਹ ਸੀ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਸਸਤਾ ਹੋਣ ਨਾਲ ਭਾਰਤ ਦੀਆਂ ਬਰਾਮਦਾਂ ਸਸਤੀਆਂ ਹੋ ਜਾਣਗੀਆਂ ਜਿਸ ਕਾਰਨ ਭਾਰਤੀ ਜਿਣਸਾਂ ਵਾਸਤੇ ਵਿਦੇਸ਼ੀ ਮੰਡੀ ਉਪਲਬਦ ਹੋਵੇਗੀ ਤੇ ਇਸ ਨਾਲ ਵਿਦੇਸ਼ੀ ਮੁਦਰਾ ਕਮਾਉਣ ਦੇ ਮੌਕੇ ਮਿਲਣਗੇ। ਇਸੇ ਤਰ੍ਹਾਂ ਪਿੱਛੇ ਜਿਹੇ ਭਾਰਤ ਦੀ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤੀ ਰੁਪਏ ਦੀ ਗਿਰਾਵਟ ਨੂੰ ਲੈਕੇ ਬਿਆਨ ਦੇ ਕੇ ਆਏ ਹਨ ਕਿ ‘ਰੁਪਇਆ ਕੰਮਜੋਰ ਨਹੀਂ ਹੋ ਰਿਹਾ ਬਲਕਿ ਅਮਰੀਕੀ ਡਾਲਰ ਮਜਬੂਤ ਹੋ ਰਿਹਾ ਹੈ’। ਇਸੇ ਤਰ੍ਹਾਂ ਹਿੰਦੂ ਵੋਟ ਬੈਂਕ ਨੂੰ ਭਰਮਾਉਣ ਲਈ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਰਕਵਿਹੂਣਾ ਬਿਆਨ ਆਇਆ ਹੈ ਕਿ ਭਾਰਤੀ ਕਰੰਸੀ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ-ਨਾਲ ਸ਼੍ਰੀ ਗਣੇਸ਼ ਤੇ ਮਾਤਾ ਲਕਸ਼ਮੀ ਦੀ ਤਸਵੀਰ ਵੀ ਲੱਗਣੀ ਚਾਹੀਦੀ ਹੈ। ਉਹਨਾਂ ਦਾ ਮੰਨ੍ਹਣਾ ਹੈ ਕਿ ਭਾਰਤੀ ਅਰਥਵਿਵਸਥਾ ’ਚ ਸੁਧਾਰ ਤੇ ਤਰੱਕੀ ਲਈ ਬਾਕੀ ਯਤਨਾਂ ਦੇ ਨਾਲ-ਨਾਲ ਸਾਡੇ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਬਹੁਤ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਤਾ ਲਕਸ਼ਮੀ ਸਮ੍ਰਿਧੀ ਦੀ ਦੇਵੀ ਅਤੇ ਸ਼੍ਰੀ ਗਣੇਸ਼ ਮੁਸੀਬਤਾਂ ਤੇ ਕਾਬੂ ਪਾਉਣ ਵਾਲੇ ਦੇਵਤਾ ਹਨ। ਉਹਨਾਂ ਨੇ ਇੰਡੋਨੇਸ਼ੀਆ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉੱਥੇ 85% ਤੋਂ ਉਪਰ ਮੁਸਲਮਾਨ ਅਬਾਦੀ ਹੈ ਅਤੇ ਕੇਵਲ 2% ਹਿੰਦੂ ਹੋਣ ਦੇ ਬਾਵਜੂਦ ਉੱਥੋਂ ਦੀ ਕਰੰਸੀ ਉੱਤੇ ਸ਼੍ਰੀ ਗਣੇਸ਼ ਦੀ ਤਸਵੀਰ ਲੱਗੀ ਹੋਈ ਹੈ।
ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਉਹਨਾਂ ਦਾ ਇਹ ਬਿਆਨ ਧਾਰਮਿਕ ਫਿਰਕੂ ਭਾਵਨਾ ਨਾਲ ਲਬਰੇਜ਼ ਹੈ। ਇਸ ਤਰ੍ਹਾਂ ਉਹ ਆਰਐਸਐਸ ਅਤੇ ਭਾਜਪਾ ਦੇ ਫਿਰਕੂ ਸਿਆਸੀ ਏਜੰਡੇ ਵਾਂਗ ਭਾਰਤ ਵਿੱਚ ਹਿੰਦੂਆਂ ਨੂੰ ਪ੍ਰਾਥਮਿਕਤਾ ਦੇ ਕੇ ਦੇਸ਼ ਅੰਦਰਲੀਆਂ ਕੌਮੀ ਘੱਟਗਿਣਤੀਆਂ ਵਿਚਕਾਰ ਵਖਰੇਵੇਂ ਦੀ ਲਕੀਰ ਖੜੀ ਕਰ ਰਹੇ ਹਨ। ਦੂਸਰਾ ਕੇਜਰੀਵਾਲ ਦਾ ਇਹ ਬਿਆਨ ਆਗਿਆਨਤਾ, ਗੈਰ-ਜਿੰਮੇਵਾਰਨਾ ਤੇ ਗੈਰ-ਵਿਗਿਆਨਕ ਹੈ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਦੀ ਸਭ ਤੋਂ ਕੰਮਜੋਰ ਮੁਦਰਾ ਵਾਲੇ ਦੇਸ਼ਾਂ ਦੀ ਕਰੰਸੀ ਉੱਤੇ ਉਹਨਾਂ ਦੇ ਸ਼ਹੀਦਾ, ਯੋਧਿਆਂ ਅਤੇ ਧਾਰਮਿਕ ਨੇਤਾਵਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ ਪਰੰਤੂ ਇਸਦੇ ਬਾਵਜੂਦ ਵੀ ਅਮਰੀਕੀ ਸਾਮਰਾਜੀ ਨੀਤੀਆਂ ਕਾਰਨ ਇਹਨਾਂ ਮੁਲਕਾਂ ਦੀ ਮੁਦਰਾ ਦੀ ਡਾਲਰ ਮੁਕਾਬਲੇ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਰਾਨੀ ਰੀਆਲ ਦੀ ਅਮਰੀਕੀ ਡਾਲਰ ਮੁਕਾਬਲੇ ਕਦਰ ($1=41,925 ਰੀਆਲ) ਬੇਹੱਦ ਘੱਟ ਹੈ ਜਦਕਿ ਇਰਾਨੀ ਕਰੰਸੀ ਉੱਤੇ ਮੁਸਲਿਮ ਧਾਰਮਿਕ ਆਗੂ ਆਇਤਉੱਲਾ ਖੁਮੈਨੀ ਦੀ ਤਸਵੀਰ ਲੱਗੀ ਹੋਈ ਹੈ। ਇਸਤੋਂ ਬਿਨ੍ਹਾਂ ਕੇਜਰੀਵਾਲ ਨੇ ਇੰਡੋਨੇਸ਼ੀਆਂ ਦਾ ਜਿਕਰ ਕੀਤਾ ਹੈ ਕਿ ਉੱਥੋਂ ਦੀ ਕਰੰਸੀ ਉੱਤੇ ਗਨੇਸ਼ ਦੀ ਤਸਵੀਰ ਛਪੀ ਹੋਈ ਹੈ। ਜਦਕਿ ਹਕੀਕਤ ਇਹ ਹੈ ਕਿ ਗਨੇਸ਼ ਦੀ ਫੋਟੋ ਲੱਗੀ ਹੋਣ ਦੇ ਬਾਵਜੂਦ ਇੰਡੋਨੇਸ਼ੀਅਨ ਰੁਪਿਆਹ ਦੀ ਅਮਰੀਕੀ ਡਾਲਰ ਮੁਕਾਬਲੇ ਕਦਰ ($1=15556.45 ਇੰਡੋਨੇਸ਼ੀਅਨ ਰੁਪਿਆਹ) ਬਹੁਤ ਘੱਟ ਹੈ। ਸੱਚਾਈ ਇਹ ਵੀ ਹੈ ਕਿ 1998 ਵਿੱਚ ਸਿਰਫ 20,000 ਦੇ ਨੋਟ ਉੱਤੇ ਗਨੇਸ਼ ਦੀ ਫੋਟੋ ਛਾਪੀ ਗਈ ਸੀ ਜਦਕਿ ਮੌਜੂਦਾ ਸਮੇਂ ਇੰਡੋਨੇਸ਼ੀਆ ਦੀ ਕਰੰਸੀ ਉੱਤੇ ਗਨੇਸ਼ ਦੀ ਫੋਟੋ ਨਹੀਂ ਹੈ। ਆਪ ਪਾਰਟੀ ਦੇ ਸੁਪਰੀਮੋ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰੰਸੀ ਉੱਤੇ ਕਿਸੇ ਧਰਮ ਦੇ ਦੇਵੀ-ਦੇਵਤਿਆਂ ਦੀ ਤਸਵੀਰ ਹੋਣ ਨਾਲ ਕਿਸੇ ਦੇਸ਼ ਦੀ ਕਰੰਸੀ ਦੀ ਗਿਰਾਵਟ ਨਹੀਂ ਰੱੁੱਕਦੀ ਤੇ ਨਾ ਹੀ ਦੇਸ਼ ਦੀ ਆਰਥਿਕਤਾ ਵਿੱਚ ਤਰੱਕੀ ਜਾਂ ਸੁਧਾਰ ਆ ਸਕਦਾ ਹੈ। ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕਦਰ-ਘਟਾਈ ਭਾਰਤੀ ਹਾਕਮਾਂ ਵੱਲੋਂ ਦੇਸ਼ ਨੂੰ ਸਾਮਰਾਜੀ ਨੀਤੀਆਂ ਨਾਲ ਅਟੁੱਟ ਤੌਰ ਤੇ ਜੋੜਨ ਕਾਰਨ ਹੋ ਰਹੀ ਹੈ। ਗਲੋਬਲ ਆਰਥਿਕਤਾ ਦਾ ਅੰਗ ਹੋਣ ਕਰਕੇ ਵਿਸ਼ਵ ਦੀਆਂ ਸਾਮਰਾਜੀ ਤਾਕਤਾਂ ਵਿਚਕਾਰ ਚੱਲਦੀ ਵਪਾਰਕ ਜੰਗ, ਵਿਸ਼ਵੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ, ਸੰਸਾਰ ਜੰਗਾਂ, ਵਸਤਾਂ, ਸੇਵਾਵਾਂ ਤੇ ਖੇਤੀਬਾੜੀ ਖੇਤਰ ਵਿੱਚ ਬਹੁਕੌਮੀ ਕਾਰਪੋਰੇਸ਼ਨਾਂ ਦੀ ਇਜਾਰੇਦਾਰੀ ਆਦਿ ਕਾਰਨ ਮੰਦੀ ਦਾ ਬੋਝ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਮਿਹਨਤਕਸ਼ ਜਮਾਤ ਤੇ ਭਾਰਤੀ ਆਰਥਿਕਤਾ ਉੱਤੇ ਪਾਇਆ ਜਾ ਰਿਹਾ ਹੈ।
ਸੱਚਾਈ ਇਹ ਹੈ ਕਿ ਕੇਜਰੀਵਾਲ ਅਤੇ ਉਸਦੀ ਆਪ ਪਾਰਟੀ ਸੰਸਾਰ ਸਾਮਰਾਜੀ ਆਰਥਿਕ ਨੀਤੀਆਂ ਦੀ ਪੈਰੋਕਾਰ ਹੈ ਅਤੇ ਉਸ ਕੋਲ ਭਾਰਤੀ ਆਰਥਿਕਤਾ ਨੂੰ ਉੱਚਾ ਚੁੱਕਣ ਦਾ ਨਾ ਕੋਈ ਪ੍ਰੋਗਰਾਮ ਹੈ ਤੇ ਨਾ ਹੀ ਇਰਾਦਾ। ਆਪ ਪਾਰਟੀ ਭਾਰਤ ਦੀਆਂ ਦੂਜੀਆਂ ਰਵਾਇਤੀ ਪਾਰਟੀਆਂ ਵਾਲੀ ਸਿਆਸਤ ਦੇ ਰਾਹ ਪਈ ਹੋਈ ਹੈ ਅਤੇ ਵੋਟਾਂ ਹਾਸਲ ਕਰਨ ਲਈ ਅਜਿਹੇ ਤਰਕਹੀਣ ਅਤੇ ਧਾਰਮਿਕ ਫਿਰਕੂ ਰੰਗਤ ਵਾਲੀ ਬਿਆਨਬਾਜ਼ੀ ਦਾ ਆਸਰਾ ਲੈ ਰਹੀ ਹੈ। ਧਾਰਾ 370, ਕੌਮੀਅਤਾਂ ਦੇ ਖੁਦਮੁਖਤਿਆਰੀ ਦੇ ਹੱਕ, ਸ਼ਹੀਨ ਬਾਗ ਮੋਰਚੇ, ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਮੁਸਲਮਾਨਾਂ ਖਿਲਾਫ ਹੋਏ ਦੰਗਿਆਂ ਸਮੇਂ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਦਾ ਜੋ ਰੋਲ ਸਾਹਮਣੇ ਆਇਆ ਉਸਨੇ ਦਿਖਾ ਦਿੱਤਾ ਕਿ ਆਪ ਪਾਰਟੀ ਦਾ ਏਜੰਡਾ ਭਾਜਪਾ ਦੀ ਕੇਂਦਰੀਵਾਦੀ ਨੀਤੀ ਨਾਲੋਂ ਵੱਖਰਾ ਨਹੀਂ ਹੈ। ਧਰਮ ਦੇ ਅਧਾਰ ਤੇ ਵੋਟ ਹਾਸਲ ਕਰਨ ਦੀ ਮੌਕਾਪ੍ਰਸਤ ਤੇ ਫਿਰਕੂ ਸਿਆਸਤ ਵਿੱਚ ਆਪ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਂਗ ਪਿੱਛੇ ਨਹੀਂ ਰਹੀ। ਪੰਜਾਬ ਚੋਣਾਂ ਸਮੇਂ ਪੱਗੜੀ ਤੇ ਹੱਥ ਵਿੱਚ ਤਲਵਾਰ ਫੜਕੇ ਪ੍ਰਚਾਰ ਕਰਨਾ ਤੇ ਸ਼ਹੀਦ ਭਗਤ ਸਿੰਘ ਦੀ ਤਰਜ ਤੇ ਬਸੰਤੀ ਪੱਗ ਬੰਨ੍ਹਣਾ (ਜਦਕਿ ਇਤਿਹਾਸਕ ਹਵਾਲਿਆਂ ਤੋਂ ਸਾਬਤ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਕਦੇ ਬਸੰਤੀ ਪੱਗ ਨਹੀਂ ਬੰਨ੍ਹੀ) ਰਾਜਸੀ ਅਧਾਰ ਕਾਇਮ ਕਰਨ ਦੀ ਕਵਾਇਦ ਤੋਂ ਵੱਧਕੇ ਕੁਝ ਨਹੀਂ ਸੀ।
ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਅੰਨਾ ਹਜਾਰੇ ਵੱੱਲੋਂ ਦਿੱਲੀ ਵਿਖੇ ‘ਜਨ ਲੋਕਪਾਲ ਬਿੱਲ’ ਪਾਸ ਕਰਾਉਣ ਲਈ ਵਿੱਢੇ ਸੰਘਰਸ਼ ਵਿੱਚੋਂ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਕੁਝ ਕੁ ਸਾਲਾਂ ਵਿੱਚ ਚਰਚਾ ਵਿੱਚ ਆ ਗਈ ਸੀ। ਆਮ ਆਦਮੀ ਪਾਰਟੀ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਸਿਆਸਤ ਦਾ ਆਦਰਸ਼ ਲੈ ਕੇ ਸਿਆਸਤ ਵਿੱਚ ਕੁੱਦੀ ਸੀ। ਬਿਜਲੀ, ਪਾਣੀ ਤੇ ਮਹਿੰਗਾਈ ਦੇ ਰੋਜਮਰ੍ਹਾ ਦੇ ਮੁੱਦਿਆਂ ਤੋਂ ਇਲਾਵਾ ਇਸਦਾ ਮੁੱਖ ਏਜੰਡਾ ਸਮਾਜਿਕ ਨਿਆਂ, ਸਮਾਜਿਕ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਖਤਮ ਕਰਨਾ ਸੀ, ਜਿਸਨੂੰ ਉਹ ਹੁਣ ਛੱਡ ਚੁੱਕੀ ਹੈ। ਇਸਤੋਂ ਇਲਾਵਾ ਦਿੱਲੀ ਵਿੱਚ ਵਾਲਮਾਰਟ ਸਟੋਰ ਖੋਲ੍ਹਣ ਤੇ ਰੋਕ ਲਗਾਉਣ, ਮੁਕੇਸ਼ ਅੰਬਾਨੀ ਅਤੇ ਤੇਲ ਮੰਤਰੀ ਵੀਰੱਪਾ ਮਿਲੀ ਖਿਲਾਫ ਕੇਸ ਦਰਜ ਕਰਨ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ 49 ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਦੇ ਦਾਅਪੇਚ ਨੇ ਉਸਦੀ ਲੋਕਪ੍ਰਿਅਤਾ ਵਿੱਚ ਵਾਧਾ ਕੀਤਾ ਸੀ। ਆਪ ਪਾਰਟੀ ਦੇ ਹੋਂਦ ’ਚ ਆਉਣ ਸਮੇਂ ਦੇਸ਼-ਦੁਨੀਆਂ ਵਿੱਚ ਇਸਦੇ ਖੂਬ ਚਰਚੇ ਹੋਏ ਸਨ ਅਤੇ ਇਸਨੇ ਪਹਿਲੀ ਵਾਰ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ’ਚ 28 ਸੀਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸਤੋਂ ਬਾਅਦ ਪੰਜਾਬ ਵਿੱਚ ਇਸਦੀ ਲੋਕਪ੍ਰਿਅਤਾ ਵਿੱਚ ਵੱਡਾ ਵਾਧਾ ਹੋਇਆ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ। ਪੰਜਾਬ ਵਿੱਚ ਪੈਰ ਪਸਾਰਨ ਲਈ ਕੇਜਰੀਵਾਲ ਨੇ ਨਸ਼ਾ ਤਸ਼ਕਰੀ ਦੇ ਮਾਮਲੇ ਵਿੱਚ ਬਿਕਰਮਜੀਤ ਮਜੀਠੀਆ ਉੱਤੇ ਨਿਸ਼ਾਨਾ ਸਾਧਣ (ਜਿਸ ਮੁੱਦੇ ਤੇ ਬਾਅਦ ਵਿੱਚ ਮੁਆਫੀ ਮੰਗ ਲਈ ਗਈ ਸੀ) ਤੋਂ ਇਲਾਵਾ ਪੰਜਾਬੀਆਂ ਵਿੱਚ ਸ਼ਹੀਦ ਭਗਤ ਸਿੰਘ ਪ੍ਰਤੀ ਹਰਮਨਪਿਆਰਤਾ ਨੂੰ ਦੇਖਦਿਆਂ ਪੰਜਾਬ ਚੋਣ ਮੁਹਿੰਮ ਦੌਰਾਨ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਲਾਉਣਾ ਤੇ ਬਸੰਤੀ ਪੱਗ ਬੰਨ੍ਹਕੇ ਭਗਤ ਸਿੰਘ ਦੇ ਵਿਾਚਾਰਾਂ ਦੇ ਹਾਮੀ ਹੋਣ ਦੇ ਦਾਅਵੇ ਤੇ ਵਿਖਾਵੇ ਕੀਤੇ ਗਏ ਸਨ।
ਸ਼ਹੀਦ ਭਗਤ ਸਿੰਘ ਕਿਸੇ ਵੀ ਗੈਬੀ ਤੇ ਅਦਿੱਖ ਤਾਕਤ ਤੋਂ ਮੁਨਕਰ ਸਨ ਅਤੇ ਉਹ ਸਭ ਧਰਮਾਂ, ਜਾਤਾਂ-ਪਾਤਾਂ ਤੋਂ ਉਪਰ ਉੱਠਕੇ ਮਿਹਨਤਕਸ਼ ਜਮਾਤ ਦੀ ਮੁਕਤੀ ਦੇ ਹਾਮੀ ਸਨ। ਉਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤੀ ਦਾ ਰਾਹ ਸਾਮਰਾਜੀ ਗੁਲਾਮੀ ਤੋਂ ਨਿਜ਼ਾਤ ਪਾਕੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵਿੱਚ ਦੇਖਦੇ ਸਨ। ਅਰਵਿੰਦ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਇੱਕ ਪਾਸੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ ਅਤੇ ਦੂਜੇ ਪਾਸੇ ਪੂਰੇ ਦੇਸ਼ ਵਿੱਚ ਸਿਆਸੀ ਅਧਾਰ ਕਾਇਮ ਕਰਨ ਲਈ ਹਿੰਦੂਤਵ ਦਾ ਆਸਰਾ ਲੈ ਰਹੀ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਆਸਰਾ ਲੈਣਾ ਆਪ ਪਾਰਟੀ ਦੀ ਮਜਬੂਰੀ ਹੈ, ਜਦਕਿ ਅਸਲ ਅਰਥਾਂ ਵਿੱਚ ਉਹ ਸਾਮਰਾਜੀ ਮੁਲਕਾਂ ਦੀਆਂ ਖੈਰ-ਖੁਆਹ ਭਾਜਪਾ ਤੇ ਕਾਂਗਰਸ ਪਾਰਟੀਆਂ ਵਾਂਗ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਦੀ ਨੁੰਮਾਇਦਾ ਪਾਰਟੀ ਹੀ ਹੈ। ਇਸ ਲਈ ਉਹ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕਦਰ-ਘਟਾਈ ਦੇ ਅਸਲ ਕਾਰਨਾਂ ਤੋਂ ਲੋਕਾਂ ਦਾ ਧਿਆਨ ਵਟਾਉਣ ਲਈ ਅਜਿਹੇ ਭੁਲੇਖਾਪਾਊ, ਊਟ-ਪਟਾਂਗ, ਤੱਥਹੀਣ ਤੇ ਫਿਰਕੂ ਬਿਆਨ ਦੇਣ ਦੇ ਰਾਹ ਪਏ ਹੋਏ ਹਨ।
- ਮਨਦੀਪ, ਵਟ੍ਹਸਐਪ (+5493813389246)