ਸ਼ਹਾਦਤ ਦਿਵਸ ਤੇ (27 ਫਰਵਰੀ 1931)
‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ ਦਾ ਬਹਾਦਰ ਸੈਨਾਪਤੀ – ਚੰਦਰ ਸ਼ੇਖਰ ਅਜਾਦ
ਬਰਤਾਨਵੀਂ ਸਾਮਰਾਜ ਖਿਲਾਫ ਚੱਲੇ ਮੁਕਤੀ ਸੰਗਰਾਮ ’ਚ ਦੇਸ਼ ਦੇ ਅਨੇਕਾਂ ਦੇਸ਼ਭਗਤਾਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕੀਤੀਆਂ ਸਨ। ਦੇਸ਼ ਦੇ ਮੁਕਤੀ ਸੰਗਰਾਮ ਦੇ ਇਤਿਹਾਸ ਅੰਦਰ ਇਹ ਕੁਰਬਾਨੀਆਂ ਮਹਿਜ ਭਾਵਨਾਵਾਂ, ਦਹਿਸ਼ਤੀ ਜਾਂ ਅਰਾਜਕਤਾਵਾਦੀ ਕਾਰਵਾਈਆਂ, ਇਨਕਲਾਬੀ ਰੁਮਾਂਸ, ਧਾਰਮਿਕ ਪ੍ਰੇਰਨਾਵਾਂ ਤੇ ਆਪਮੁਹਾਰਤਾ ਦਾ ਹੀ ਵੇਗ ਨਹੀਂ ਸਨ ਸਗੋਂ ਵੱਖ-ਵੱਖ ਵਿਚਾਰਧਰਾਵਾਂ ਤੋਂ ਪ੍ਰੇਰਿਤ ਯੋਜਨਾਬੱਧ ਤੇ ਸੁਚੇਤ ਯਤਨਾਂ ਦਾ ਸਿੱਟਾ ਵੀ ਸਨ। ਭਾਰਤ ਦੇ ਮੁਕਤੀ ਸੰਗਰਾਮ ਦੇ ਇਤਿਹਾਸ ’ਚ ਬਰਤਾਨਵੀਂ ਹਕੂਮਤ ਖਿਲਾਫ ਵਿਰੋਧ ਦੀਆਂ ਸੁਧਾਰਵਾਦੀ ਇਨਕਲਾਬੀ ਲਹਿਰਾਂ ਦਾ ਤੇਜ ਪ੍ਰਤੱਖ ਤੌਰ ਤੇ ਵੇਖਣ ਨੂੰ ਮਿਲਦਾ ਹੈ ਪਰੰਤੂ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਮਾਰਕਸੀ ਵਿਚਾਰਧਾਰਾ ਨਾਲ ਲੈੱਸ ਨੌਜਵਾਨਾਂ ਦੀ ਇਕ ਛੋਟੀ ਜਿਹੀ ਟੁਕੜੀ ਭਾਰਤੀ ਮੁਕਤੀ ਸੰਗਰਾਮ ਦੇ ਮੰਚ ਉੱਤੇ ਬੜੀ ਤੇਜੀ ਨਾਲ ਦਾਖਲ ਹੁੰਦੀ ਹੈ ਅਤੇ ਬਿਜਲੀ ਦੀ ਰਫਤਾਰ ਨਾਲ ਭਾਰਤ ਦੇ ਮੁਕਤੀ ਸੰਗਰਾਮ ਦੀ ਅਗਵਾਨੂੰ ਬਣਕੇ ਪੂਰੇ ਦੇਸ਼ ਅੰਦਰ ਆਪਣੇ ਜਲੌਅ ਦਾ ਲੋਹਾ ਮਨਵਾਉਂਦੀ ਹੈ। ਵੱਖ-ਵੱਖ ਵਿਚਾਰਧਰਾਵਾਂ ਦੇ ਪਿਛੋਕੜ ਵਾਲੇ ਸੰਗਰਾਮੀਏ ਇੱਕ ਇਨਕਲਾਬੀ ਦਲ ਸਥਾਪਿਤ ਕਰਦੇ ਹਨ ਅਤੇ ਅਨੇਕਾਂ ਅਰਾਜਕੀ ਅਤੇ ਰੁਮਾਂਚਿਕ ਇਨਕਲਾਬੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਵਿਚੋਂ ਕਈ ਨੌਜਵਾਨ ਕੱਟੜ ਧਾਰਮਿਕ ਪਿਛੋਕੜ ਵਾਲੇ ਸਨ ਤਰੰਤੂ ਉਹਨਾਂ ਨੇ ਇਸ ਧਾਰਮਿਕ ਕੱਟੜਤਾ ਨੂੰ ਮੁਕਤੀ ਸੰਗਰਾਮ ਦੀ ਲੜਾਈ ਦੇ ਟੀਚੇ ’ਚ ਕਦੇ ਰੋੜਾ ਨਹੀਂ ਬਣਨ ਦਿੱਤਾ ਬਲਕਿ ‘ਅਜਾਦੀ, ਬਰਾਬਰੀ ਅਤੇ ਭਾਈਚਾਰੇ’ ਦੇ ਅਸੂਲਾਂ ਉੱਤੇ ਪਹਿਰਾ ਦਿੱਤਾ। ਉਨ੍ਹਾਂ ਵਿਚੋਂ ਅਨੇਕਾਂ ਧਾਰਮਿਕ ਪਿਛੋਕੜ ਵਾਲੇ ਸੰਗਰਾਮੀਆਂ ਨੇ ਧਾਰਮਿਕ ਤੇ ਹੋਰ ਸਮਾਜਿਕ ਸੰਕੀਰਨਤਾਵਾਂ ਤੋਂ ਉੱਪਰ ਉੱੱਠਦਿਆਂ ਕੁਝ ਕੁ ਵਰ੍ਹਿਆਂ ਵਿਚ ਹੀ ਆਪਣੇ-ਆਪ ਨੂੰ ਚੇਤੰਨ ਇਨਕਲਾਬੀ ਕਮਿਊਨਿਸਟ ਕਾਰਕੁੰਨ ਦੇ ਤੌਰ ਤੇ ਪੇਸ਼ ਕੀਤਾ।
ਮੁਕਤੀ ਸੰਗਰਾਮ ਦੇ ਇਨ੍ਹਾਂ ਨੌਜਵਾਨ ਸੰਗਰਾਮੀਆਂ ਦੇ ਜੀਵਨ ਬਿਰਤਾਂਤ ਦਾ ਜਿਕਰ ਇਕ-ਦੂਜੇ ਤੋਂ ਬਿਨਾਂ ਅਧੂਰਾ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜਾਦ, ਭਗਵਤੀ ਚਰਨ, ਦੁਰਗਾ ਵੋਹਰਾ, ਜਤਿਨ ਦਾਸ ਆਦਿ ਸੂਰਵੀਰਾਂ ਦੀ ਇਕ ਨਿੱਕੀ ਜਿਹੀ ਟੋਲੀ ਸੀ, ਜਿਨ੍ਹਾਂ ਦੀ ਜਿੰਦਗੀ ਦਾ ਹਰ ਤਸੱਵਰ ਉਹਨਾਂ ਦੇ ਉਦੇਸ਼ ਵਾਂਗ ਅਟੁੱਟ ਰੂਪ ’ਚ ਇਕ-ਦੂਜੇ ਨਾਲ ਜੁੜਿਆ ਹੋਇਆ ਸੀ। ਇਹ ਨੌਜਵਾਨ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਆਰਮੀ ਦੇ ਨਿਧੜਕ ਅਤੇ ਚੇਤੰਨ ਵਿਚਾਰਵਾਨ ਯੋਧੇ ਸਨ। ਤੇ ਇਹਨਾਂ ਵਿਚੋਂ ਹੀ ਸੀ ਐਚ. ਐਸ. ਆਰ. ਏ. ਦਾ ਬਹਾਦਰ ਸੈਨਾਪਤੀ ਚੰਦਰ ਸ਼ੇਖਰ ਅਜਾਦ।
ਮੱੱਧ ਭਾਰਤ ਦੀ ਅਲੀਰਾਜਪੁਰ ਰਿਆਸਤ ਦੀ ਝਾਬੂਆ ਤਹਿਸੀਲ ਦੇ ਪਿੰਡ ਭਾਵਰਾ ਵਿਚ ਇਕ ਕੱਟੜ ਬ੍ਰਹਮਣ ਪਰਿਵਾਰ ’ਚ ਪੰਡਿਤ ਪਿਤਾ ਸੀਤਾ ਰਾਮ ਤਿਵਾਰੀ ਅਤੇ ਮਾਤਾ ਜਗਰਾਣੀ ਦੇਵੀ ਦੇ ਘਰ 23 ਜੁਲਾਈ 1906 ਨੂੰ ਚੰਦਰ ਸ਼ੇਖਰ ਦਾ ਜਨਮ ਹੋਇਆ। ਉਹ ਬਚਪਨ ਤੋਂ ਹੀ ਪਰਿਵਾਰਕ ਪਿਛੋਕੜ ਤੋਂ ਉਲਟ ਬਾਗੀਆਨਾ ਤਬੀਅਤ ਦੇ ਮਾਲਕ ਸਨ। ਪੜਾਈ ਨਾਲੋਂ ਤੀਰ-ਕਮਾਨ ਵਰਗੀਆਂ ਖੇਡਾਂ ਵਿਚ ਜਿਆਦਾ ਰੁਚੀ ਰੱਖਦੇ ਸਨ। ਪਿਤਾ ਜੀ ਨੇ ਸਕੂਲੋਂ ਹਟਾਕੇ ਤਹਿਸੀਲ ਵਿਚ ਹੀ ਕੰਮ ਉਤੇ ਲਵਾ ਦਿੱਤਾ। ਪਰ ਵਿਚਾਰਾ ਮਨ! ਚੰਦਰ ਸ਼ੇਖਰ ਨੌਕਰੀ ਛੱਡਕੇ ਬੰਬਈ ਚਲੇ ਗਏ ਅਤੇ ਇੱਥੇ ਉਹ ਕਈ ਵਰ੍ਹੇ ਇਕ ਤੋਂ ਬਾਅਦ ਦੂਜੇ ਕੰਮ ਤੇ ਲੱਗਦੇ ਅਤੇ ਹਟਦੇ ਰਹੇ। ਕੁਝ ਸਮਾਂ ਜਹਾਜਾਂ ਦੇ ਰੰਗ-ਰੋਗਨ ਦਾ ਕੰਮ ਵੀ ਕੀਤਾ। ਅਖੀਰ ਬੰਬਈ ਦੀ ਭੱਜਦੌੜ ਵਾਲੀ ਮਸ਼ੀਨੀ ਜਿੰਦਗੀ ਅਤੇ ਬੰਦਰਗਾਹਾਂ ਉੱਤੇ ਫਟੇਹਾਲ ਖੜੇ ਜਹਾਜਾਂ ਨੂੰ ਅਲਵਿਦਾ ਆਖ ਆਪਣੀ ਜਿੰਦਗੀ ਦੇ ਮਲਾਹ ਬਣਨ ਦਾ ਫੈਸਲਾਂ ਕੀਤਾ। ਬੰਬਈ ਛੱਡਕੇ ਉਹ ਬਨਾਰਸ ਸੰਸਕ੍ਰਿਤ ਦੀ ਪੜਾਈ ਕਰਨ ਚਲੇ ਗਏ। ਇੱਥੇ ਹੀ ਉਹਨਾਂ ਨੇ ਸੰਸਕ੍ਰਿਤ ਦੇ ਨਾਲ-ਨਾਲ ਦੇਸ਼ ਭਗਤੀ ਦਾ ਪਾਠ ਪੜਨਾ ਸ਼ੁਰੂ ਕਰ ਦਿੱਤਾ। 1920-21 ਦੇ ਸੱੱਤਿਆਗ੍ਰਹਿ ਵਿਚ ਭਾਗ ਲਿਆ ਅਤੇ ਇਨਾਮ ਵਜੋਂ ਬੈਂਤਾਂ ਦੀ ਸਜਾ ਦਾ ਸਨਮਾਨ ਹਾਸਲ ਕੀਤਾ। ਇਸ ਇਨਾਮ ਨੇ ਉਹਨਾਂ ਨੂੰ ਪਹਿਲੀ ਵਾਰ ਐਨੀ ਨੇੜਿਓਂ ਅੰਗੇਰਜੀ ਹਕੂਮਤ ਦੇ ਜਬਰ ਦਾ ਅਹਿਸਾਸ ਕਰਵਾਇਆ। ਉਹਨਾਂ ਨੇ ਮਹਿਸੂਸ ਕੀਤਾ ਕਿ ਕਿਵੇਂ ਦੇਸ਼ ਦੇ ਮਜਦੂਰ-ਕਿਸਾਨ (ਬੰਬਈ ਦੇ ਮਜਦੂਰਾਂ ਅਤੇ ਭਾਵਰਾ ਦੇ ਮੁਜਾਰੇ ਕਿਸਾਨਾਂ ਦੀ ਨਰਕੀ ਜਿੰਦਗੀ ਉਹ ਪਹਿਲਾਂ ਹੀ ਅੱਖੀਂ ਵੇਖ ਚੁੱਕੇ ਸਨ।) ਬਰਤਾਨਵੀਂ ਜੂਲੇ ਹੇਠ ਨਰਕੀ ਜਿੰਦਗੀ ਬਤੀਤ ਕਰ ਰਹੇ ਹਨ। ਇਸ ਦਿਨ ਤੋਂ ਹੀ ਤਿਵਾਰੀ ਜੀ ‘ਅਜਾਦ’ ਹੋ ਗਏ।
ਅਜਾਦ, ਰਾਮ ਪ੍ਰਸ਼ਾਦ ਬਿਸਮਿਲ ਦੀ ਅਗਵਾਈ ਹੇਠ ਇਨਕਲਾਬੀਆਂ ਸੰਗ ਮਿਲ ਗਏ। ਜਿੱਥੇ ਉਹਨਾਂ ਨੇ ਆਪਣੇ ਕੱਟੜ ਹਿੰਦੂ ਵਿਚਾਰਾਂ ਤੇ ਕਰਮ-ਕਾਂਡ ਵਰਗੇ ਬੁਰੇ ਵਕਾਰਾਂ ਨੂੰ ਛੱਡ ਕੇ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਕਬੂਲਿਆ। ਉਹਨਾਂ ਦੀ ਹੀ ਅਗਵਾਈ ਹੇਠ 9 ਅਗਸਤ 1925 ਨੂੰ ਕਾਕੋਰੀ ਰੇਲ ਕਾਂਡ ਵਿਚ ਅਹਿਮ ਯੋਗਦਾਨ ਪਾਇਆ। ਇਸ ਕਾਂਡ ਬਾਅਦ ਜਦੋਂ ਹਕੂਮਤੀ ਜਬਰ ਤਿੱਖਾ ਹੋਇਆ ਤਾਂ ਉਹ ਫਰਾਰ ਹੋ ਕੇ ਝਾਂਸੀ ਆ ਗਏ ਅਤੇ ਇੱਥੇ ਹਰੀਸ਼ੰਕਰ ਬ੍ਰਹਮਚਾਰੀ ਬਣਕੇ ਰਹਿਣ ਲੱਗੇ। ਇੱਥੇ ਹੀ ਉਹ ਭਗਤ ਸਿੰਘ ਨਾਲ ਮਿਲਕੇ ਇਨਕਲਾਬੀ ਗਤੀਵਿਧੀਆਂ ਕਰਦੇ ਰਹੇ। ਭਗਤ ਸਿੰਘ ਦੀ ਸੰਗਤ ’ਚ ਹੀ ਅਜਾਦ ਨੇ ਸਮਾਜਵਾਦੀ ਵਿਚਾਰਾਂ ਤੇ ਪਕੜ ਹਾਸਲ ਕੀਤੀ ਅਤੇ ਧਾਰਮਿਕ ਕੱਟੜਤਾ ਨੂੰ ਛੱੱਡਦਿਆਂ ਧਰਮ-ਨਿਰਪੱਖਤਾ ਦੇ ਵਿਚਾਰਾਂ ਨੂੰ ਧਾਰਨ ਕੀਤਾ। ਬ੍ਰਹਮਚਾਰੀ ਜੀਵਨ ਗੁਜਾਰਨ ਦੇ ਬਾਵਜੂਦ ਅਜਾਦ ਔਰਤ ਪ੍ਰਤੀ ਆਪਣੇ ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਪਾਰਟੀ ਅੰਦਰ ਔਰਤ ਕਾਡਰ ਦੀ ਹਿੱਸੇਦਾਰੀ ਨੂੰ ਅਹਿਮ ਮੰਨਦੇ ਸਨ। ਉਹ ਪਾਰਟੀ ਵਿਚਲੀਆਂ ਔਰਤ ਕਾਰਕੁੰਨਾਂ ਨੂੰ ਹਥਿਆਰਾਂ ਦੀ ਟਰੇਨਿੰਗ ਦਿੰਦੇ ਰਹੇ ਅਤੇ ਅਜਾਦ ਉਹਨਾਂ ਦੀ ਆਪਣੇ ਪਤੀਆਂ ਦੇ ਬਰਾਬਰ ਹਿੱਸੇਦਾਰੀ ਦੇ ਝੰਡਾਬਰਦਾਰ ਸਨ। ਪਾਰਟੀ ਨੂੰ ਜੱਥੇਬੰਦ ਕਰਨ ਦੇ ਅਹਿਮ ਕਾਰਜ ਤੋਂ ਇਲਾਵਾ ਉਹ ਸਾਂਡਰਸ ਕਤਲ ਕਾਂਡ, ਅਸੈਂਬਲੀ ਵਿਚ ਬੰਬ ਸੁੱਟਣ ਅਤੇ ਵਾਇਸਰਾਏ ਦੀ ਗੱਡੀ ਤੇ ਹਮਲਾ ਕਰਨ ਦੀਆਂ ਕਾਰਵਾਈਆਂ ਵਿਚ ਵੀ ਸ਼ਾਮਲ ਰਹੇ। ਸਾਂਡਰਸ ਕਤਲ ਕਾਂਡ ਸਮੇਂ ਭਗਤ ਸਿੰਘ ਅਤੇ ਰਾਜਗੁਰੂ ਨੂੰ ਹੌਲਦਾਰ ਚੰਨਣ ਸਿੰਘ ਦੀ ਪਕੜ ਤੋਂ ਬਚਾਉਣ ਲਈ ਚੰਦਰ ਸ਼ੇਖਰ ਅਜਾਦ ਨੂੰ ਮਜਬੂਰਨ ਹੌਲਦਾਰ ਚੰਨਣ ਸਿੰਘ ਉਤੇ ਗੋਲੀ ਚਲਾਉਣੀ ਪਈ ਸੀ। ਇਸ ਤੋਂ ਇਲਾਵਾ ਉਹਨਾਂ ਨੇ ਪਾਰਟੀ ਉਸਾਰੀ ਅਤੇ ਅਪਣੇ ਸਾਥੀ ਇਨਕਲਾਬੀਆਂ ਦੀ ਰਿਹਾਈ ਅਤੇ ਸਹਿਯੋਗ ਲਈ ਡਾਕੇ ਮਾਰ ਕੇ ਸਰਕਾਰੀ ਸੰਪੱਤੀ ਨੂੰ ਨਿਸ਼ਾਨਾ ਬਣਾਇਆ।
ਅਜਾਦ ਦਾ ਦਬੰਗੀ ਅਤੇ ਦਹਿਸ਼ਤੀ ਬਿੰਬ ਆਮ ਤੌਰ ਤੇ ਰੁਮਾਂਚਿਕ ਇਨਕਲਾਬੀ ਨੌਜਵਾਨਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ। ਅਜਾਦ ਦਾ ਵਿਅਕਤੀਤਵ ਜਿੱਥੇ ਬੇਹੱਦ ਅਨੁਸ਼ਾਸ਼ਨੀ ਅਤੇ ਇਨਕਲਾਬੀ ਜਾਨੂੰਨ ਨਾਲ ਪਰੰੁਨਿਆਂ ਹੋਇਆ ਸੀ ਉੱਥੇ ਉਹ ਕੋਮਲ ਮਨੁੱਖੀ ਭਾਵਨਾਵਾਂ ਦੀ ਕਦਰ ਕਰਨ ਵਾਲਾ ਸੰਵੇਦਨਸ਼ੀਲ਼ ਇਨਸਾਨ ਵੀ ਸੀ। ਇਸਦਾ ਅੰਦਾਜਾ ਸ਼ਿਵ ਵਰਮਾ ਦੀ ਇਕ ਯਾਦ ਤੋਂ ਲਗਾਇਆ ਜਾ ਸਕਦਾ ਹੈ। ਉਹ ਲਿਖਦੇ ਹਨ ਕਿ ‘ਆਜ਼ਾਦ ਸਾਡੇ ਸੈਨਾਪਤੀ ਹੀ ਨਹੀਂ ਸਨ, ਉਹ ਸਾਡੇ ਪਰਿਵਾਰ ਦੇ ਵੱਡੇ ਭਰਾ ਦੀ ਥਾਂ ਵੀ ਸਨ, ਜਿਸ ਨੂੰ ਹਰ ਸਾਥੀ ਦੀ ਛੋਟੀ ਤੋਂ ਛੋਟੀ ਜਰੂਰਤ ਦਾ ਧਿਆਨ ਰਹਿੰਦਾ ਸੀ। ਮੋਹਨ (ਬੀ.ਕੇ. ਦੱਤ) ਦੀ ਦਵਾਈ ਨਹੀਂ ਆਈ, ਹਰੀਸ਼ (ਜੈਦੇਵ) ਨੂੰ ਕਮੀਜ਼ ਦੀ ਜਰੂਰਤ ਹੈ, ਰਘੂਨਾਥ (ਰਾਜਗੁਰੂ) ਕੋਲ ਜੁੱਤੀ ਨਹੀਂ ਹੈ, ਬੱਚੂ (ਵਿਜੈ) ਦੀ ਸਿਹਤ ਠੀਕ ਨਹੀਂ ਹੈ ਆਦਿ ਉਨਾਂ ਦੀਆਂ ਰੋਜ਼ ਦੀਆਂ ਚਿੰਤਾਵਾਂ ਸਨ।’ ਇਸੇ ਤਰ੍ਹਾਂ ਜਦੋਂ ਭਗਤ ਸਿੰਘ, ਸੁਖਦੇਵ, ਬੁਟਕੇਸ਼ਵਰ ਦੱਤ, ਸ਼ਿਵ ਵਰਮਾ ਅਤੇ ਹੋਰ ਕਈ ਸਾਥੀਆਂ ਬਾਰੇ ਗੱਲ ਚੱਲ ਰਹੀ ਸੀ ਕਿ ਕੌਣ ਕਿਸ ਹਾਲਤ ਵਿੱਚ ਫੜਿਆ ਜਾਵੇਗਾ ਤਾਂ ਭਗਤ ਸਿੰਘ ਨੇ ਕਿਹਾ “ਪੰਡਿਤ ਜੀ ਤੁਹਾਡੇ ਲਈ ਤਾਂ ਦੋ ਰੱਸਿਆਂ ਦੀ ਜਰੂਰਤ ਪਏਗੀ, ਇੱਕ ਗਲ ਲਈ ਤੇ ਦੂਜਾ ਤੁਹਾਡੇ ਭਾਰੀ ਢਿੱਡ ਲਈ।” ਅਜ਼ਾਦ ਤੁਰੰਤ ਹੱਸ ਕੇ ਬੋਲੇ “ਵੇਖ ਫਾਂਸੀ ਚੜਨ ਦਾ ਸ਼ੌਂਕ ਮੈਨੂੰ ਨਹੀਂ ਹੈ। ਉਹ ਤੈਨੂੰ ਮੁਬਾਰਕ ਹੋਵੇ, ਰੱਸਾ-ਰੁੱਸਾ ਤੇਰੇ ਗਲ ਲਈ ਹੈ। ਜਦੋਂ ਤੱਕ ਇਹ ਬਮਤਮ ਬੁਖਾਰ (ਆਜ਼ਾਦ ਦਾ ਪਿਸਤੌਲ) ਮੇਰੇ ਕੋਲ ਹੈ ਕਿਸ ਨੇ ਮਾਂ ਦਾ ਦੁੱਧ ਪੀਤਾ ਹੈ ਕਿ ਮੈਨੂੰ ਜਿਊਂਦਾ ਫੜ ਲੈ ਜਾਵੇ।”
ਭਾਵੇਂ ਸਮਾਜਵਾਦੀ ਤੇ ਹੋਰ ਸਿਆਸੀ ਸਾਹਿਤ ਪੜ੍ਹਨ ਵਿਚ ਅਜਾਦ ਦੀ ਕੁਝ ਸੀਮਤਾਈ ਸੀ ਪਰੰਤੂ ਦੇਸ਼ ਦੀ ਅਜਾਦੀ ਅਤੇ ਸਮਾਜਵਾਦੀ ਇਨਕਲਾਬ ਦੀ ਉਸਾਰੀ ਦੇ ਟੀਚੇ ਲਈ ਅਧਿਐਨ ਦੀ ਮਹੱਤਤਾ ਅਤੇ ਸਿੱਖਣ-ਪੜਨ ਦੀ ਭਾਵਨਾ ਰੱਤੀ ਭਰ ਵੀ ਊਣੀ ਨਹੀਂ ਸੀ। ਉਹ ਸਦਾ ਆਪਣੇ ਸਾਥੀਆਂ ਨੂੰ ਪੜਨ-ਲਿਖਣ ਲਈ ਪ੍ਰੇਰਦੇ ਰਹਿੰਦੇ ਸਨ। ਉਹਨਾਂ ਨੇ ਸ਼ਿਵ ਵਰਮਾ ਕੋਲੋਂ ਕਮਿਊਨਿਸਟ ਮੈਨੀਫੈਸਟੋ ਸੁਣਿਆ। ਦੇਸ਼ ਦੀ ਅਜਾਦੀ ਉਹਨਾਂ ਦਾ ਆਦਰਸ਼ ਸੀ ਤੇ ਉਹ ਹਮੇਸ਼ਾਂ ਪਾਰਟੀ ਵਿਚਲੀਆਂ ਸਿਧਾਂਤਕ ਬਹਿਸਾਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਰਹੇ।
ਉਹਨਾਂ ਦਾ ਅਜਾਦੀ ਪ੍ਰਾਪਤੀ ਦਾ ਆਦਰਸ਼ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਉਸਾਰੀ ਦਾ ਸੁਪਨਾ ਹੀ ਉਹਨਾਂ ਦੀ ਊਰਜਾ ਦਾ ਸਰੋਤ ਸੀ। 27 ਫਰਵਰੀ 1931 ਨੂੰ ਅਲਾਹਾਬਾਦ ਦੇ ਐਲਫਰੈੱਡ ਪਾਰਕ ਵਿਚ ਅੰਗਰੇਜ ਹਕੂਮਤ ਨਾਲ ਲੜਦਿਆਂ ਜੋ ਗੌਰਵਸ਼ਾਲੀ ਸ਼ਹਾਦਤ ਉਹਨਾਂ ਪਾਈ, ਉਸ ਕੁਰਬਾਨੀ ਦੀ ਲਾਟ ਕਦੇ ਵੀ ਮੱਧਮ ਨਹੀਂ ਪਵੇਗੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗਵਰਨਰ ਪੰਜਾਬ ਨੂੰ 20 ਮਾਰਚ 1931 'ਚ ਲਿਖੇ ਖਤ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਆਪਣੇ ਇਨਕਲਾਬੀ ਸੈਨਾਪਤੀ ਨੂੰ ਯਾਦ ਕਰਦਿਆਂ ਲਿਖਿਆ - “ਸਾਮਰਾਜੀ ਤੇ ਸਰਮਾਏਦਾਰ ਲੁੱਟ ਕੁੱਝ ਦਿਨਾਂ ਦੀ ਖੇਡ ਹੈ। ਇਹ ਯੁੱਧ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ। ਇਹ ਤਾਂ ਇਤਿਹਾਸਿਕ ਕਾਰਨਾਂ ਤੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਿਕ ਲੜੀ ਦੀ ਇੱਕ ਕੜੀ ਹੈ, ਜਿਸ ਨੂੰ ਜਤਿਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਜੀ ਦੀ ਅਤਿ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ ਅਤੇ ਸਾਡੇ ਮਹਿਬੂਬ ਜਰਨੈਲ ਆਜ਼ਾਦ ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ।”
ਅਜਾਦ ਕੌਮੀ ਮੁਕਤੀ ਲਹਿਰ ਦਾ ਨਿੱਡਰ ਸੈਨਾਪਤੀ ਸੀ, ਇਸਦੀਆਂ ਬਾਤਾਂ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ। ਉਹ ਬਾਗੀ ਤੇ ਅਜਾਦ ਵਿਚਾਰਾਂ ਵਾਲੇ ਨੌਜਵਾਨਾਂ ਲਈ ਊਰਜਾਂ ਤੇ ਇਨਕਲਾਬੀ ਗਰਮਜੋਸ਼ੀ ਦਾ ਸਰੋਤ ਬਣਿਆ ਰਹੇਗਾ।
ਸਲਾਮ ਤੇਰੀ ਲਾਸਾਨੀ ਸ਼ਹਾਦਤ ਨੂੰ ‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ ਦੇ ਬਹਾਦਰ ਕਮਾਂਡਰ !
- ਮਨਦੀਪ
