Pages

Wednesday, December 27, 2023

ਅਰਜਨਟੀਨਾ ਸਿਰ ਮੰਡਰਾਉਂਦਾ ਅਰਾਜਕ ਪੂੰਜੀਵਾਦ ਦਾ ਖ਼ਤਰਾ- ਮਨਦੀਪ

Punjabi Trubune

ਅਰਜਨਟੀਨਾ ਦੀਆਂ 28ਵੀਆਂ ਰਾਸ਼ਟਰਪਤੀ ਚੋਣਾਂ ਵਿੱਚ ‘ਸੁਤੰਤਰਾਵਾਦੀ’ ਪਾਰਟੀ ਦੇ ਉਮੀਦਵਾਰ ਖਾਵੀਅਰ ਮਿਲੇਅ ਵਿਰੋਧੀ ਧਿਰ ਦੇ ਉਮੀਦਵਾਰ ਸਿਰਖੀਓ ਮਾਸਾ ਨੂੰ 44.3% ਦੇ ਮੁਕਾਬਲੇ 55.7% ਵੋਟਾਂ ਦੇ ਫਰਕ ਨਾਲ ਹਰਾ ਕੇ ਰਾਸ਼ਟਰਪਤੀ ਦੇ ਆਹੁਦੇ ਤੇ ਬਿਰਾਜਮਾਨ ਹੋ ਚੁੱਕੇ ਹਨ। ‘ਸਨਕੀ’ ਤੇ ‘ਮੈਡਮੈਨ’ ਵਜ਼ੋਂ ਮਸ਼ਹੂਰ ਖਾਵੀਅਰ ਮਿਲੇਅ ਅਰਾਜਕਤਾਵਾਦੀ ਅਰਥਸ਼ਾਸ਼ਤਰੀ ਹਨ ਅਤੇ ਇਸ ਸਮੇਂ ਆਪਣੇ ਤਿੱਖੇ ਆਰਥਿਕ-ਸਿਆਸੀ ਸੁਧਾਰਾਂ ਦੇ ਐਲਾਨਾਂ ਕਰਕੇ ਆਲਮੀ ਸਿਆਸਤ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਗੁਲਾਬੀ ਵਾਅਦਿਆਂ ਵਾਲੀ ਸਾਬਕਾ ਖੱਬੇਪੱਖੀ ਸਰਕਾਰ ਦੇ ਰਾਜਕਾਲ ਸਮੇਤ ਪਿਛਲੇ ਇਕ ਦਹਾਕੇ ਤੋਂ ਅਰਜਨਟੀਨਾ ਦੇਸ਼-ਪੱਧਰੀ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਵੱਧਦਾ ਵਿੱਤੀ ਘਾਟਾ, ਵੱਧਦਾ ਵਿਦੇਸ਼ੀ ਕਰਜ਼, ਵਿਦੇਸ਼ੀ ਕਰੰਸੀ ਦੀ ਕਾਲਾਬਜ਼ਾਰੀ, ਜ਼ਖੀਰੇਬਾਜੀ, ਵੱਧ ਵਿਆਜ ਦਰਾਂ, ਮੁਦਰਾ ਦੀ ਲਗਾਤਾਰ ਘੱਟਦੀ ਕੀਮਤ ਆਦਿ ਵਰਗੀਆਂ ਅਲਾਮਤਾਂ ਅਰਜਨਟੀਨਾ ਦੀ ਆਰਥਿਕਤਾ ਨੂੰ ਕੈਂਸਰ ਵਾਂਗ ਚਿੰਬੜੀਆਂ ਹੋਈਆਂ ਹਨ। ਅਜਿਹੇ ਸਮੇਂ ਮਿਲੇਅ ਵੱਲੋਂ ਚਿੰਨ੍ਹਾਤਮਕ ਤੌਰ ਤੇ ਹੱਥ ’ਚ ਆਰਾ ਫੜਕੇ ਕੀਤੇ ਗਏ ਤਿੱਖੇ ਤੇ ਅਰਾਜਕ ਆਰਥਿਕ ਸੁਧਾਰਾਂ ਦੇ ਐਲਾਨਾਂ ਨੂੰ ਇੱਕ ਪਾਸੇ ਰਾਹਤ ਅਤੇ ਦੂਸਰੇ ਪਾਸੇ ਵੱਡੇ ਆਰਥਿਕ ਸਦਮੇ ਵਜ਼ੋਂ ਦੇਖਿਆ ਜਾ ਰਿਹਾ ਹੈ।

ਖੁਦ ਨੂੰ ਚਿਲੇ ਦੇ ਤਨਾਸ਼ਾਹ ਅਗੁਸਤੋ ਪਿਨੋਚੇ ਦਾ ਪੈਰੋਕਾਰ ਕਹਿਣ ਵਾਲੇ ਖਾਵੀਅਰ ਮਿਲੇਅ ਦੁਆਰਾ ਐਲਾਨੀ ਅਰਾਜਕ ਸਦਮਾ ਥਰੈਪੀ ਵਿੱਚੋਂ ਚਿਲੇ ਦੇ 1773 ਦੇ ਖੂਨੀ ਤਖਤਾਪਲਟ ਦੌਰਾਨ ਕੀਤੇ ਗਏ ਉਜਾੜਾਪਾਊ ਤਿੱਖੇ ਆਰਥਿਕ ਸੁਧਾਰਾਂ ਦਾ ਪਰਛਾਵਾਂ ਦੇਖਿਆ ਜਾ ਸਕਦਾ ਹੈ। ਮਿਲੇਅ ਆਪਣੀ ਕੱਟੜਪੰਥੀ ਰਾਜਨੀਤਿਕ ਅਤੇ ਆਰਥਿਕ ਵਿਚਾਰ ਮੁਹਿੰਮ ਨਾਲ ਲੰਬੇ ਸਮੇਂ ਦੀ ਆਰਥਿਕ ਖੜੋਤ ਕਾਰਨ ਵਿਆਪਕ ਨਿਰਾਸ਼ਾ ਵਿੱਚ ਡੁੱਬੇ ਲੋਕਾਂ ਨੂੰ ਤਿੱਖੇ ਨਵਉਦਾਰਵਾਦੀ ਸੁਧਾਰਾਂ ਦੇ ਐਲਾਨਾਂ ਨਾਲ ਮੰਤਰਮੁਗਧ ਕਰਕੇ ਕੁਰਸੀ ਸੰਭਾਲਣ ਵਿੱਚ ਸਫਲ ਹੋ ਗਿਆ ਹੈ। ਉਸ ਦੁਆਰਾ ਮਨੁੱਖੀ ਅੰਗਾਂ ਦੀ ਵਿਕਰੀ ਨੂੰ ਕਾਨੂੰਨੀ ਰੂਪ ਦੇਣ, ਸਮਾਜਿਕ ਖਰਚਿਆਂ ਵਿੱਚ ਭਾਰੀ ਕਟੌਤੀ ਕਰਨ, ਅਰਜਨਟੀਨਾ ਦੇ 1976-83 ਦੇ ਤਾਨਾਸ਼ਾਹੀ ਹਕੂਮਤ ਦੇ ਅਪਰਾਧਾਂ ਨੂੰ ਰੱਦ ਕਰਨ, ਅਰਜਨਟੀਨਾ ਦੇ ਦੋ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲਾਂ, ਬਰਾਜ਼ੀਲ ਅਤੇ ਚੀਨ ਨਾਲ ਸਬੰਧਾਂ ਤੇ ਕੱਟ ਲਾਉਣ, ਅਰਜਨਟੀਨਾ ਦੇ ਕੇਂਦਰੀ ਬੈਂਕ ਨੂੰ ਖਤਮ ਕਰਨ ਅਤੇ ਆਰਥਿਕਤਾ ਦਾ ਡਾਲਰੀਕਰਨ ਕਰਨ ਦਾ ਦਾਅਵਾ ਕਰਨ, ਬ੍ਰਿਕਸ ਵਿੱਚੋਂ ਬਾਹਰ ਆਉਣ, ਕੱਟੜਪੰਥੀ ਆਰਥਿਕ ਸੁਧਾਰਾਂ ਦੀ ਲੜੀ ਵਜ਼ੋਂ ਬਿਜਲੀ ਅਤੇ ਟ੍ਰਾਂਸਪੋਰਟ ਸਬਸਿਡੀਆਂ ਘਟਾਉਣ, ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ, ਸਰਕਾਰੀ ਮੰਤਰਾਲਿਆਂ ਦੀ ਗਿਣਤੀ 18 ਤੋਂ ਘਟਾਕੇ ਨੌਂ ਕਰਨ, ਜਨਤਕ ਕੰਮਾਂ ਨੂੰ ਮੁਅੱਤਲ ਕਰਨ, ਸਾਇੰਸ, ਸੱਭਿਆਚਾਰਕ, ਸਿਹਤ ਸੰਭਾਲ ਅਤੇ ਸਿੱਖਿਆ ਪ੍ਰਣਾਲੀਆਂ ਦਾ ਨਿੱਜੀਕਰਨ ਕਰਕੇ ਚਾਰ ਵੱਡੀਆਂ ਨਿੱਜੀ ਕਾਰਪੋਰੇਸ਼ਨਾਂ ਨੂੰ ਸੌਂਪਣ, ਚਾਰ ਨਿੱਜੀ ਜੇਲ੍ਹਾਂ ਬਣਾਉਣ ਦੇ ਨੁਸਖਿਆਂ ਨੂੰ ਅਰਜਨਟੀਨਾ ਦੀ ਬਿਮਾਰ ਆਰਥਿਕਤਾ ਲਈ ਔਸ਼ਧੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।

ਪਿਛਲੇ ਇੱਕ ਦਹਾਕੇ ਤੋਂ ਅਰਜਨਟੀਨਾ ਵੱਡੀਆਂ ਆਰਥਿਕ ਚੁਣੌਤੀਆਂ ਅਤੇ ਰਾਜਨੀਤਿਕ ਅਸਥਿਰਤਾ ਵਿੱਚੋਂ ਗੁਜ਼ਰ ਰਿਹਾ ਹੈ। ਇਸਦੀ ਸਥਾਨਕ ਮੁਦਰਾ ਪੈਸੋ ਦੀ ਵਟਾਂਦਰਾ ਦਰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 800 ਪੈਸੋ ਤੱਕ ਅੱਪੜ ਗਈ ਹੈ ਜੋ ਕਿ ਆਰਥਿਕਤਾ ਦੇ ਮੌਜੂਦਾ ਇਤਿਹਾਸ ਵਿਚ ਵੱਡੀ ਗਿਰਾਵਟ ਹੈ। ਅਰਜਨਟੀਨਾ ਦੀ 40.1 ਪ੍ਰਤੀਸ਼ਤ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਲਈ ਮਜ਼ਬੂਰ ਹੈ ਅਤੇ ਇਸਦੀ ਸਲਾਨਾ ਮਹਿੰਗਾਈ ਦਰ 160.90 (ਨਵੰਬਰ 2023) ਫੀਸਦ ਸਲਾਨਾ ਦੇ ਹਿਸਾਬ ਨਾਲ ਵਿਸ਼ਵ ਦੀ ਸਭ ਤੋਂ ਉੱਚੀ ਮਹਿੰਗਾਈ ਦਰ ਹੈ। ਲੋਕਾਂ ਦੀ ਆਮਦਨ ਤੇ ਜੀਵਨ ਪੱਧਰ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਜਾਵਟੀ ਵਸਤਾਂ, ਖਿਡਾਉਣੇ, ਫਰਨੀਚਰ, ਆਟੋ ਸਨਅਤ ਆਦਿ ਦਾ ਉਤਪਾਦਨ ਹੇਠਾਂ ਡਿੱਗ ਚੁੱਕਾ ਹੈ ਅਤੇ ਇਹ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਮਾਰ ਹੇਠ ਆਏ ਹੋਏ ਹਨ। ਤੇਲ, ਸੋਇਆਬੀਨ, ਮੱਕੀ, ਕਣਕ, ਗਾਂ ਤੇ ਸੂਰ ਦਾ ਮੀਟ, ਆਟਾ, ਦਾਲਾਂ, ਖੰਡ, ਪਾਸਤਾ ਆਦਿ ਜਰੂਰੀ ਵਸਤਾਂ ਦੇ ਰੇਟ ਅਸਮਾਨ ਛੋਹ ਰਹੇ ਹਨ। ਦੇਸ਼ ਅੰਦਰ ਵਿਦੇਸ਼ੀ ਮੁਦਰਾ ਦੀ ਬਲੈਕ ਮਾਰਕਿੰਟਗ ਜੋਰਾਂ ਉੱਤੇ ਹੈ। ਵਿੱਤੀ ਘਾਟਾ 4.3% ਤੱਕ ਦੀ ਨਿਵਾਣ ਛੂਹ ਰਿਹਾ ਹੈ ਅਤੇ ਕੱੁਲ ਘਰੇਲੂ ਪੈਦਾਵਰ 0.8 ਫੀਸਦ ਤੱਕ ਹੇਠਾਂ ਡਿੱਗ ਗਈ ਹੈ। ਇਸਦੀ ਬੇਰੁਜਗਾਰੀ ਦਰ 8.4% ਤੱਕ ਵੱਧ ਗਈ ਹੈ ਅਤੇ ਸਨਅਤੀ ਪੈਦਵਰ ਵਿਕਾਸ ਦਰ -0.3% ਤੱਕ ਘੱਟ ਗਈ ਹੈ। ਆਰਥਿਕ ਮੰਦਹਾਲੀ ਨਾਲ ਨਜਿੱਠਣ ਲਈ ਪਿਛਲੀ ਸਰਕਾਰ ਨੂੰ ਕੇਂਦਰੀ ਬੈਂਕ ਨੂੰ ਆਪਣੇ 255 ਮਿਲੀਅਨ ਡਾਲਰ ਦੇ ਭੰਡਾਰ ਵੇਚਣ ਤੱਕ ਦਾ ਆਦੇਸ਼ ਦੇਣਾ ਪਿਆ ਸੀ। ਅਰਜਨਟੀਨਾ ਸਿਰ ਚੜ੍ਹੇ 276.2 ਅਰਬ ਡਾਲਰ (ਕੁੱਲ ਜੀਡੀਪੀ ਦਾ 45%) ਦੇ ਕੱੁਲ ਬਾਹਰੀ ਕਰਜ਼ ਵਿੱਚੋਂ 46 ਅਰਬ ਡਾਲਰ ਇਕੱਲੇ ਆਈਐਮਐਫ ਦਾ ਕਰਜ਼ ਹੈ, ਜੋ ਅਰਜਨਟੀਨਾ ਲਈ ਵੱਡਾ ਬੋਝ ਬਣਿਆ ਹੋਇਆ ਹੈ। ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ ਦਾ ਵਿਆਜ਼ ਮੋੜਨ ਦੇ ਵੀ ਸਮਰੱਥ ਨਹੀਂ ਹੈ। ਕਰਜ਼ ਤੇ ਉਸਦੇ ਵਿਆਜ਼ ਦੀ ਦੇਣਦਾਰੀ ਅਮਰੀਕੀ ਡਾਲਰ ਵਿਚ ਹੋਣ ਕਰਕੇ ਅਮਰੀਕੀ ਫੈਡਰਲ ਬੈਂਕ ਵੱਲੋਂ ਵਧਾਈਆਂ ਜਾਂਦੀਆਂ ਵਿਆਜ਼ ਦਰਾਂ ਕਾਰਨ, ਅਰਜਨਟੀਨਾ ਸਿਰ ਕਰਜ਼ ਦੀ ਕੀਮਤ ਵੱਧ ਰਹੀ ਹੈ ਅਤੇ ਸਥਾਨਕ ਕਰੰਸੀ ਦੀ ਕੀਮਤ ਘਟਣ ਕਾਰਨ ਇਹ ਬੋਝ ਹੋਰ ਵੱਧ ਰਿਹਾ ਹੈ। ਇਸਤੋਂ ਇਲਾਵਾ ਸਥਾਨਕ ਮੁਦਰਾ ਦੇ ਲਗਾਤਾਰ ਹੇਠਾਂ ਵੱਲ ਜਾਣ, ਆਰਥਿਕ-ਸਿਆਸੀ ਅਸਥਿਰਤਾ ਅਤੇ ਕੇਂਦਰੀ ਬੈਂਕ ਦੀਆਂ ਵਿਆਜ਼ ਦਰਾਂ ਵੱਧ (133 ਫੀਸਦ) ਹੋਣ ਕਾਰਨ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਵੀ ਲਗਾਤਾਰ ਘੱਟਦਾ ਆ ਰਿਹਾ ਹੈ।
ਕੰਗਾਲੀ ਦੇ ਕਗਾਰ ਤੇ ਪੁੱਜੇ ਦੇਸ਼ ਦੀ ਸਿਅਸਤ ਵਿੱਚ ਅਚਾਨਕ ਫਾਸ਼ੀਵਾਦੀ ਰੁਚੀਆਂ ਦੇ ਮਾਲਕ ਇੱਕ ਅਰਾਜਕ ਵਿਅਕਤੀ ਦਾ ਰਾਸ਼ਟਰਪਤੀ ਬਨਣਾ ਕਈ ਖਦਸ਼ੇ ਖੜੇ ਕਰ ਸਕਦਾ ਹੈ। ਬਚਪਨ ਵਿੱਚ ਘਰੇਲੂ ਬਦਸਲੂਕੀ ਦਾ ਸ਼ਿਕਾਰ ਖਾਵੀਅਰ ਮਿਲੇਅ ਸ਼ੁਰੂ ਤੋਂ ਹੀ ਅਰਾਜਕ, ਰੁੱਖੇ ਤੇ ਸਨਕੀ ਸੁਭਾਅ ਕਾਰਨ ‘ਪਾਗਲ’ (ਐਲ ਲੋਕੋ) ਦੇ ਨਾਂ ਨਾਲ ਮਸ਼ਹੂਰ ਸੀ। ਉਸਦੇ ਸਨਕ ਤੇ ਅਰਾਜਕ ਸੁਭਾਅ ਦਾ ਨਿਰਣਾ ਉਸਦੇ ਇੱਕ ਜਨਤਕ ਬਿਆਨ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਉਹ ਕਹਿੰਦਾ ਹੈ ਕਿ ‘ਉਸਦੀਆਂ ਆਰਥਿਕ ਨੀਤੀਆਂ ਬਾਰੇ ਉਸਦਾ ਮਰਿਆ ਹੋਇਆ ਕੁੱਤਾ ‘ਕੋਨਨ’, ਜਿਹੜਾ ਹੁਣ ਕਿਸੇ ਹੋਰ ਜੂਨ ’ਚ ਚਲਾ ਗਿਆ ਹੈ, ਉਸਨੂੰ ਸਲਾਹ ਦਿੰਦਾ ਹੈ” ਇਸ ਸਨਕ ਲਈ ਉਸਨੇ ਪੰਜਾਹ ਹਜ਼ਾਰ ਅਮਰੀਕੀ ਡਾਲਰ ਖਰਚ ਕੇ ਕੋਨਨ ਦੇ 5 ਕਲੋਨ ਤਿਆਰ ਕਰਵਾਏ ਹਨ ਅਤੇ ਇਨ੍ਹਾਂ ਕੁੱਤਿਆਂ ਦੇ ਨਾਮ ਖੱੁਲ੍ਹੀ ਮੰਡੀ ਦੇ ਪੈਰੋਕਾਰ ਪੰਜ ਮਸ਼ਹੂਰ ਅਰਥਸ਼ਾਸ਼ਤਰੀਆਂ ਦੇ ਨਾਮ ਤੇ ਰੱਖੇ ਹਨ। ਪੰਜਾਂ ਵਿੱਚੋਂ ਇੱਕ ਕੁੱਤੇ ਦਾ ਨਾਮ ਉਸਨੇ ਮਿਲਟਨ ਫਰਾਇਡਮੈਨ ਰੱਖਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੰਗਾਲੀ ਦੀ ਕਗਾਰ ਤੇ ਪੁੱਜੇ ਹੋਏ ਦੇਸ਼ ਅਤੇ ਕਾਰਪੋਰੇਟਰਾਂ ਨੇ ਸਿਆਸੀ ਤੌਰ ਤੇ ਗੈਰ ਤਜਰਬੇਕਾਰ, ਸਨਕੀ ਤੇ ਅਰਾਜਕ ਕਿਸਮ ਦੇ ਵਿਅਕਤੀ ਨੂੰ ਕਿਉਂ ਚੁਣਿਆ?
ਕੋਵਿਡ ਕਾਲ ਦੌਰਾਨ ਉਸਨੇ ਸ਼ੋਸ਼ਲ ਮੀਡੀਆ, ਟੀ ਵੀ ਸ਼ੋਆਂ ਤੇ ਜਨਤਕ ਭਾਸ਼ਣਾਂ ਵਿੱਚ ਕੁਲੀਨ ਵਿਰੋਧੀ ਅਤੇ ਸੁਤੰਤਰਤਾ ਪੱਖੀ ਭਾਸ਼ਣ ਦੇ ਕੇ ਆਮ ਲੋਕਾਂ ਅਤੇ ਖਾਸਕਰ ਨੌਜਵਾਨਾਂ ਵਿੱਚ ਆਪਣਾ ਚੋਖਾ ਪ੍ਰਭਾਵ ਸਿਰਜਿਆ ਜਿਸ ਕਾਰਨ ਉਸਦੇ ਵੋਟਰਾਂ ਵਿੱਚ ਬਹੁਗਿਣਤੀ (60%) ਨੌਜਵਾਨਾਂ ਸ਼ਾਮਲ ਸਨ। ਇਤਿਹਾਸਕ ਤੌਰ ਤੇ ਤੱਥ ਦਿਖਾਉਂਦੇ ਹਨ ਕਿ ਅਰਜਨਟੀਨਾ ਸਮੇਤ ਲਾਤੀਨੀ ਅਮਰੀਕਾ ਦੇ ਨੌਜਵਾਨ ਆਮ ਤੌਰ ਤੇ ਖੱਬੇਪੱਖੀ ਸਿਆਸਤ ਤੋਂ ਸਦਾ ਪ੍ਰਭਾਵਿਤ ਰਹੇ ਹਨ ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਲਾਤੀਨੀ ਅਮਰੀਕਾ ਦੇ ਪਾਰਲੀਮਾਨੀ ਖੱਬੇਪੱਖੀ ਆਮ ਲੋਕਾਂ ਵਿੱਚ ਆਪਣਾ ਵਿਸ਼ਵਾਸ਼ ਲਗਾਤਾਰ ਗਵਾ ਰਹੇ ਹਨ। ਮਿਲੇਅ ਨੇ ‘ਮੀਡੀਆ ਮੈਨ’ ਬਣਕੇ ਇਸ ਖੱਬੀ ਉਪਰਾਮਤਾ ਦਾ ਲਾਹਾ ਲਿਆ ਅਤੇ ਸੰਸਾਰ ਭਰ ਵਿੱਚ ਉੱਭਰ ਰਹੇ ਸੱਜ ਪਿਛਾਖੜੀ ਤੇ ਫਾਸ਼ੀਵਾਦੀ ਰੁਝਾਨ ਦੇ ਅਰਾਜਕ ਨੀਤੀਆਂ-ਨਿਰਣਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਇਆ। ਉਸਨੇ ਇਜ਼ਰਾਇਲ ਦਾ ਝੰਡਾ ਲਹਿਰਾਅ ਕੇ, ਬ੍ਰਾਜ਼ੀਲ-ਚੀਨ ਨਾਲ ਵਪਾਰਕ ਸਬੰਧਾਂ ਤੇ ਕੱਟ ਲਾਉਣ, ਬ੍ਰਿਕਸ ਤੋਂ ਬਾਹਰ ਆਉਣ, ਸੱਜ ਪਿਛਾਖੜੀ ਜਾਇਰ ਬੋਲਸੋਨਾਰੋ ਤੇ ਟਰੰਪ ਨਾਲ ਨੇੜਤਾ, ਖੁਦ ਨੂੰ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦਾ ਪੈਰੋਕਾਰ ਅਤੇ ‘ਅਰਾਜਕ ਪੂੰਜੀਪਤੀ’ ਗਰਦਾਨ ਕੇ ਸੰਸਾਰ ਸਾਹਮਣੇ ਭੂਸਿਆਸੀ ਤੌਰ ਤੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਅਰਜਨਟੀਨਾ ਨੂੰ ਅਮਰੀਕੀ ਸਾਮਰਾਜ ਦੀ ਨਵ-ਬਸਤੀ ਬਣਾਉਣ ਲਈ ਨੇਤਨਯਾਹੂ ਜਾਂ ਯੇਲੰਸਕੀ ਤੋਂ ਘੱਟ ਨਹੀਂ। ਦੂਸਰਾ, ਲੋਕ ਸਾਬਕਾ ਖੱਬੇਪੱਖੀ ਸਰਕਾਰ ਤੋਂ ਹਤਾਸ਼ ਸਨ ਜੋ ਆਪਣੇ ਕੀਤੇ ਵਾਅਦਿਆਂ ਉੱਤੇ ਖਰੀ ਨਹੀਂ ਉੱਤਰੀ ਅਤੇ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਰਹੀ ਤੇ ਦੇਸ਼ ਦੀ ਹਾਲਤ ਲਗਾਤਾਰ ਨਿਘਰਦੀ ਗਈ। ਤੀਸਰਾ, ਮਿਲੇਅ ਨੂੰ ਅਰਜਨਟੀਨਾ ਦੇ ਸਾਬਕਾ ਰਾਸ਼ਟਰਪਤੀ ਮੌਰੀਸੀਓ ਮਾਕਰੀ, ਬਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਸੀ। ਇਸਤੋਂ ਇਲਾਵਾ ਆਈਐਮਐਫ, ਬਹੁਰਾਸ਼ਟਰੀ ਕਾਰਪੋਰੇਸ਼ਨਾਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਤੇ ਉਸਦੇ ਮੀਡੀਆਂ ਵੱਲੋਂ ਹਰ ਸੰਭਵ ਮਿਲੇਅ ਨੂੰ ਸਹਿਯੋਗ ਦਿੱਤਾ ਗਿਆ।
ਕਾਰਪੋਰੇਟ ਜਮਾਤ ਦੇ ਚਹੇਤੇ ਮਿਲੇਅ ਪ੍ਰਸ਼ਾਸ਼ਨ ਨੇ ਸੱਤਾ ਸੰਭਾਲਣ ਦੇ ਕੁਝ ਦਿਨਾਂ ਬਾਅਦ ਸਰਕਾਰ ਵਿਰੋਧੀ ਜਮਹੂਰੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦਾ ਗਲਾ ਘੋਟਣਾ ਸ਼ੁਰੂ ਕਰ ਦਿੱਤਾ। ਮਿਲੇਅ ਪ੍ਰਸ਼ਾਸ਼ਨ ਨੇ ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ‘ਗੋਲੀ ਜਾਂ ਜੇਲ੍ਹ’ ਦਾ ਵਿਕਲਪ ਦੇਣ ਦੇ ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ ਦੇ ਕੇ ਵਿਚਾਰ ਪ੍ਰਗਟਾਵੇ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਰੌਂਦਣਾ ਸ਼ੁਰੂ ਕਰ ਦਿੱਤਾ। ਉਸਨੇ ਐਲਾਨ ਕੀਤਾ ਕਿ ਪੂਰੇ ਦੇਸ਼ ਅੰਦਰ ਵੀਡਿਓ ਨਿਗਰਾਨੀ ਤਹਿਤ ਸੰਗਠਨਾਂ ਤੇ ਵਿਅਕਤੀਆਂ ਦੇ ‘ਚਿਹਰੇ ਦੀ ਪਛਾਣ’ ਵਾਲੇ ਕੈਮਰੇ ਲਗਾਏ ਜਾਣਗੇ ਤੇ ਵਿਰੋਧ ਦੀ ਹਰ ਅਵਾਜ਼ ਦੀ ਸ਼ਨਾਖਤ ਕੀਤੀ ਜਾਵੇਗੀ। ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਬਲਾਂ ਅਤੇ ਪੁਲਿਸ ਭੇਜਣ ਦੀ ਲਾਗਤ ਦਾ ਬਿੱਲ ਪ੍ਰਦਰਸ਼ਨਕਾਰੀਆਂ ਨੂੰ ਅਦਾ ਕਰਨਾ ਪਵੇਗਾ।
ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਖੇਤੀਬਾੜੀ ਤੋਂ ਇਲਾਵਾ ਅਰਜਨਟੀਨਾ ਵਿੱਚ ਸੋਨਾ, ਚਾਂਦੀ, ਤਾਂਬਾ, ਜਿੰਕ, ਲੀਥੀਅਮ ਆਦਿ ਅਮੀਰ ਕੁਦਰਤੀ ਸ੍ਰੋਤਾਂ ਦੀ ਭਰਮਾਰ ਹੈ। ਸੰਸਾਰ ਦੇ ਇੱਕ ਤਿਹਾਈ ਲੀਥੀਅਮ ਦਾ ਭੰਡਾਰ ਇਕੱਲੇ ਅਰਜਨਟੀਨਾ ਵਿੱਚ ਹੈ ਅਤੇ ਇਲੈਕਟ੍ਰਿਕ ਵਾਹਨਾ ਅਤੇ ਬੈਟਰੀਆਂ ਦੇ ਨਿਰਮਾਣ ਲਈ ਲੀਥੀਅਮ ਬਹੁਤ ਮਹੱਤਵਪੂਰਨ ਧਾਤ ਹੈ। ਸੰਸਾਰ ਵਿੱਚ ਲੀਥੀਅਮ ਦੇ ਸ੍ਰੋਤ ਸੀਮਤ ਹਨ ਅਤੇ ਭਵਿੱਖ ਇਲੈਕਟ੍ਰਿਕ ਵਾਹਨਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਦੁਨੀਆਂ ਵਿੱਚ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਅਮਰੀਕੀ ਕੰਪਨੀਆਂ ਦੀ ਇਜ਼ਾਰੇਦਾਰੀ ਹੈ। ਇਸ ਲਈ ਇਲੈਕਟ੍ਰਿਕ ਵਾਹਨ ਬਣਾਉਣ ਵਾਲੇ ਅਮਰੀਕਾ ਦੇ ਅਰਬਪਤੀ ਏਲਾਨ ਮਸਕ ਨੇ ਮਿਲੇਅ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਰਜਨਟੀਨਾ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ।’
1990-95 ਵਿੱਚ ਵਿਸ਼ਵ ਵਪਾਰ ਸੰਸਥਾ ਅਤੇ ਆਈਐਮਐਫ ਨੇ ਅਰਜਨਟੀਨਾ ਅੰਦਰ ਮੁਕਤ ਬਜ਼ਾਰ ਖੜਾ ਕਰਕੇ ਤਿੱਖੇ ਆਰਥਿਕ ਸੁਧਾਰ ਕੀਤ ਸਨ। ਭਾਰਤ ਵਾਂਗ ਅਰਜਨਟੀਨਾ ਅੰਦਰ ਵੀ ਵਿਸ਼ਵੀਕਰਨ-ਨਿੱਜੀਕਰਨ ਦਾ ਕਾਲ-ਖੰਡ ਇਕੋ ਹੀ ਸੀ। ਇੱਥੇ ਪਹਿਲੀ ਵਾਰ ਵੱਡੀ ਪੱਧਰ ਉੱਤੇ ਬੰਦਰਗਾਹਾਂ, ਸਰਕਾਰੀ ਕਾਰਖਾਨੇ-ਫੈਕਟਰੀਆਂ, ਖੇਤੀ ਫਾਰਮ ਅਤੇ ਸਰਕਾਰੀ ਟੈਲੀਫੋਨ ਤੱਕ ਨੂੰ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ ਸੀ। ਅਰਜਨਟੀਨਾ ਦੇ ਮੌਜੂਦਾ ਆਰਥਿਕ ਹਾਲਾਤ ਉਹਨਾਂ ਹੀ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੀ ਪੈਦਾਇਸ਼ ਹਨ ਜਿਨ੍ਹਾਂ ਨੀਤੀਆਂ ਨੂੰ ਮਿਲੇਅ ਹੋਰ ਵੱਧ ਅਰਾਜਕ ਤਰੀਕੇ ਨਾਲ ਲਾਗੂ ਕਰਨ ਦੀ ਵਜ਼ਾਹਤ ਕਰ ਰਿਹਾ ਹੈ। ਅਰਜਨਟੀਨਾ ਦਾ ਮੌਜੂਦਾ ਆਰਥਿਕ ਅਤੇ ਸਮਾਜਿਕ ਸੰਕਟ, ਤੇਜ਼ੀ ਨਾਲ ਵੱਧਦੀ ਮਹਿੰਗਾਈ ਅਤੇ ਆਈਐਮਐਫ ਦੇ ਕਰਜ਼ੇ ਦਾ ਭਾਰੀ ਬੋਝ ਰਾਤੋ-ਰਾਤ ਅਲੋਪ ਨਹੀਂ ਹੋਵੇਗਾ, ਜੁਮਲਿਆਂ ਅਤੇ ਅਰਾਜਕ ਨਿਰਣਿਆਂ ਨਾਲ ਤਾਂ ਬਿਲਕੁਲ ਵੀ ਨਹੀਂ। ਖਾਵੀਅਰ ਮਿਲੇਅ ਦੇ ਘਾਤਕ ਤੇ ਅਰਾਜਕ ਫੈਸਲਿਆਂ ਦਾ ਯਥਾਰਥ ਵਿੱਚ ਲਾਗੂ ਹੋਣਾ ਜਾਂ ਫੇਲ੍ਹ ਹੋਣਾ ਅਤੇ ਇਸਦੇ ਅਰਜਨਟੀਨੀ ਲੋਕਾਂ ਤੇ ਕਿਹੋ ਜਿਹੇ ਪ੍ਰਭਾਵ ਪੈਣਗੇ, ਇਹ ਦੇਖਣ ਵਾਲਾ ਹੋਵੇਗਾ।