Pages

Saturday, October 26, 2024

ਸਾਮਰਾਜੀ ਦੇਸ਼ਾਂ ’ਚ ਰੁਜ਼ਗਾਰ ਦੇ ਘੱਟਦੇ ਮੌਕੇ ਤੇ ਵੱਧਦੀ ਬੇਚੈਨੀ

Nawanzamana 25/10/2024

ਕਰੋਨਾ ਮਹਾਂਮਾਰੀ ਤੋਂ ਬਾਅਦ ਮੱਧ ਪੂਰਬੀ ਖਿੱਤੇ ਦੇ ਜੰਗੀ-ਸਰਹੱਦੀ ਕਲੇਸ਼ ਦਾ ਅਸਰ ਦਿਨ-ਬ-ਦਿਨ ਕੁੱਲ ਆਲਮ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਰੂਸ-ਯੂਕਰੇਨ ਅਤੇ ਇਜ਼ਰਾਇਲ-ਫਲਸਤੀਨ ਵਿਚਕਾਰ ਚੱਲਦੀ ਆ ਰਹੀ ਜੰਗ ਜਿੱਥੇ ਹੋਰ ਲੰਬੀ ਖਿੱਚੀ ਜਾ ਰਹੀ ਹੈ ਉੱਥੇ ਮੱਧ ਪੂਰਬੀ ਖਿੱਤੇ ਦੇ ਇਰਦ-ਗਿਰਦ ਜੰਗੀ ਕਲੇਸ਼ ਦਾ ਘੇਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸੰਸਾਰ ਦੀਆਂ ਮਹਾਂਸ਼ਕਤੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਜੰਗਾਂ ਵਿੱਚ ਉਲਝੇ ਦੇਸ਼ਾਂ ਦੁਆਲੇ ਕਈ ਖੇਤਰੀ ਝਗੜੇ ਹੋਰ ਵੱਧ ਤਿੱਖੇ ਹੋ ਰਹੇ ਹਨ। ਸੰਸਾਰ ਦੇ ਦੋ ਵੱਡੇ ਤੇ ਪੁਰਾਣੇ ਵਿਰੋਧੀ ਧੜੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਇਹਨਾਂ ਦੋ ਜੰਗਾਂ ਦੇ ਇਰਦ-ਗਿਰਦ ਵੰਡਣ ਅਤੇ ਲਾਮਬੰਦ ਕਰਨ ਵਿੱਚ ਮਸ਼ਰੂਫ਼ ਹਨ। ਇੱਕ ਪਾਸੇ ਅਮਰੀਕਾ ਦੀ ਅਗਵਾਈ ਵਾਲੀਆਂ ਪੱਛਮੀ ਤਾਕਤਾਂ ਦਾ ਗੱਠਜੋੜ ਹੈ ਅਤੇ ਦੂਜੇ ਪਾਸੇ ਰੂਸ ਤੇ ਉਸਦੇ ਕੰਮਜ਼ੋਰ ਭਾਈਵਾਲਾਂ ਦਾ ਧੜਾ ਹੈ। ਭਾਵੇਂ ਕਿ ਚੀਨ ਸਿੱਧੀ-ਅਸਿੱਧੀ ਫੌਜ਼ੀ ਕਾਰਵਾਈ ਜਾਂ ਜੰਗ ਦਾ ਹਿੱਸਾ ਨਹੀਂ ਬਣ ਰਿਹਾ ਪਰੰਤੂ ਆਲਮੀ ਵਪਾਰਕ ਜੰਗ ਦੇ ਹਿੱਤਾਂ ਦੀ ਰਾਖੀ ਲਈ ਉਸਦਾ ਅਮਰੀਕਾ ਵਿਰੋਧੀ ਤਾਕਤਾਂ ਨੂੰ ਕੂਟਨੀਤਿਕ ਅਤੇ ਵਿੱਤੀ-ਵਪਾਰਕ ਸਹਿਯੋਗ ਬੇਰੋਕ ਜਾਰੀ ਹੈ। ਸੰਸਾਰ ਦੇ ਦੋਵੇਂ ਧੜੇ ਆਪਣੇ-ਆਪਣੇ ਕੌਮਾਂਤਰੀ ਪਸਾਰਵਾਦੀ ਆਰਥਿਕ-ਸਿਆਸੀ ਹਿੱਤਾਂ ਲਈ ਜੋਰ-ਅਜ਼ਮਾਇਸ਼ ਕਰ ਰਹੇ ਹਨ। ਇਹਨਾਂ ਤਾਕਤਾਂ ਦੀ ਨੂਰਾ-ਕੁਸ਼ਤੀ ਵਿਚਕਾਰ ਸੰਸਾਰ ਦੇ ਆਮ ਲੋਕ ਲਗਾਤਾਰ ਪਿਸਦੇ ਜਾ ਰਹੇ ਹਨ। ਸਾਮਰਾਜੀ ਜੰਗਾਂ-ਝਗੜਿਆਂ ਅਤੇ ਇਹਨਾਂ ਤਾਕਤਾਂ ਦੀਆਂ ਆਰਥਿਕ-ਸਿਆਸੀ ਤੇ ਕੂਟਨੀਤਿਕ ਨੀਤੀਆਂ ਕਰਕੇ ਕੁੱਲ ਸੰਸਾਰ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਰਿਹਾਇਸ਼ੀ ਘਰਾਂ ਦਾ ਸੰਕਟ, ਟੈਕਸ ਬੋਝ, ਨਸਲੀ ਵਿਤਕਰੇਬਾਜ਼ੀ, ਸ਼ਰਨਾਰਥੀ ਤੇ ਪ੍ਰਵਾਸ ਸੰਕਟ ਲਗਾਤਾਰ ਹੋਰ ਵੱਧ ਗਹਿਰਾ ਹੋ ਰਿਹਾ ਹੈ। ਜਿੱਥੇ ਇਸ ਸਾਮਰਾਜੀ ਉਜਾੜੇ ਦਾ ਸਭ ਤੋਂ ਵੱਧ ਸ਼ਿਕਾਰ ਸੰਸਾਰ ਦੇ ਵਿਕਾਸਸ਼ੀਲ ਮੁਲਕਾਂ ਦੇ ਲੋਕ ਹੋ ਰਹੇ ਹਨ, ਉੱਥੇ ਇਸਦੇ ਦੁਰਪ੍ਰਭਾਵ ਦੇ ਚਿੰਨ੍ਹ ਵਿਕਾਸਸ਼ੀਲ ਮੁਲਕਾਂ ਵਿੱਚ ਵੀ ਉੱਘੜ ਰਹੇ ਹਨ।

ਵਿਕਾਸਸ਼ੀਲ ਮੁਲਕਾਂ ਦੀ ਤੁਲਨਾ ’ਚ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਸੰਕਟ ਬਹੁਤੀ ਦਫ਼ਾ ‘ਆਮ ਵਰਤਾਰਾ’ ਨਹੀਂ ਰਹੇ। ਪਰੰਤੂ ਵਿਸ਼ਵੀਕਰਨ ਅਧੀਨ ਸੰਸਾਰ ਦੇ ਲਗਾਤਾਰ ਤੇਜ਼ੀ ਨਾਲ ਹੋ ਰਹੇ ਪੂੰਜੀਵਾਦੀ ਵਿਕਾਸ ਅਤੇ ਇਸਤੋਂ ਪੈਦਾ ਹੋਏ ਵਿਨਾਸ਼ ਕਾਰਨ, ਵਿਸ਼ਵੀ ਤਾਕਤਾਂ ਵੀ ਪੂੰਜੀਵਾਦੀ ਉਜਾੜੇ ਦੇ ਦੁਰਪ੍ਰਭਾਵਾਂ ਦੀ ਚਪੇਟ ਵਿੱਚ ਆ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ, ਗਿਣਤੀ ਦੇ ਘੱਟ-ਵੱਧ ਅੰਤਰ ਨਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਆਦਿ ਮੁਲਕਾਂ ਵਿੱਚ ਬੇਸ਼ੁਮਾਰ ਪ੍ਰਵਾਸ ਦੇ ਬਾਵਜੂਦ ਬੇਰੁਜ਼ਗਾਰੀ ਆਮ ਵਰਤਾਰਾ ਨਹੀਂ ਰਹੀ। ਇਸਦੇ ਉਲਟ ਇਹਨਾਂ ਮੁਲਕਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਵਕਤੀ-ਬੇਵਕਤੀ ਘਾਟ ਰਹੀ ਹੈ। ਵੱਖ-ਵੱਖ ਖੇਤਰਾਂ ਵਿੱਚ ਲੇਬਰ ਦੀ ਇਸੇ ਘਾਟ ਦੀ ਪੂਰਤੀ ਲਈ ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਵਿਕਾਸਸ਼ੀਲ ਮੁਲਕਾਂ ਦੇ ਹੁਨਰਮੰਦ ਕਾਮਿਆਂ ਲਈ ਵੱਖ-ਵੱਖ ਤਰ੍ਹਾਂ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਕੇ ਆਪਣੇ ਮੁਲਕਾਂ ਦੇ ਪੈਦਾਵਾਰੀ ਖੇਤਰਾਂ ਨੂੰ ਹੋਰ ਵੱਧ ਨਿਪੁੰਨ ਤੇ ਵਿਕਸਿਤ ਕੀਤਾ ਹੈ। ਸਾਮਰਾਜੀ ਮੁਲਕਾਂ ਦੇ ਇਹਨਾਂ ਪੈਦਾਵਾਰੀ ਖੇਤਰਾਂ ਦੀਆਂ ਪੈਦਾਵਾਰੀ ਵਸਤੂਆਂ ਦੀਆਂ ਮੰਡੀਆਂ ਵੀ ਮੋੜਵੇਂ ਰੂਪ ਵਿੱਚ ਵਿਕਾਸਸ਼ੀਲ ਮੁਲਕ ਹੀ ਬਣਦੇ ਰਹੇ ਹਨ। ਪਿਛਲੇ ਇੱਕ ਦਹਾਕੇ ਵਿੱਚ ਇਹਨਾਂ ਮੁਲਕਾਂ ਦੇ ਪੈਦਾਵਾਰੀ ਖੇਤਰ ਵਿੱਚ ਆਈ ਤੇਜ਼ੀ ਵਿੱਚ ਜਿੱਥੇ ਸਾਮਰਾਜੀ ਸਰਮਾਏ ਤੇ ਨਵੀਂ ਤਕਨੀਕ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ, ਉੱਥੇ ਸਸਤੀ ਤੇ ਹੁਨਰਮੰਦ ਪ੍ਰਵਾਸੀ ਲੇਬਰ ਦੀ ਵਰਤੋਂ ਨਾਲ ਇਹਨਾਂ ਸਾਮਰਾਜੀ ਮੁਲਕਾਂ ਨੇ ਮੰਡੀ ਦੀਆਂ ਲੋੜਾਂ ਤੋਂ ਵੱਧ ਪੈਦਾਵਾਰ ਕਰਕੇ ਵੱਖ-ਵੱਖ ਜਿਣਸਾਂ ਦੇ ਅੰਬਾਰ ਲਾ ਲਏ। ਇਸ ਵਾਧੂ ਪੈਦਾਵਾਰ ਦੀ ਖਪਤ ਲਈ ਸਾਮਰਾਜੀ ਤਾਕਤਾਂ ਵਿਚਕਾਰ ਵਪਾਰਕ ਜੰਗ ਦੇ ਚੱਲਦਿਆਂ ਸੰਸਾਰ ਭਰ ਵਿੱਚ ਮੰਡੀਆਂ ਦੇ ਪਸਾਰ ਦੀ ਹੋੜ ਲੱਗ ਗਈ। ਜਿਣਸਾਂ ਦੀ ਖਪਤ, ਮੰਡੀ ਦੇ ਪਸਾਰ ਅਤੇ ਸੰਸਾਰ ਚੌਧਰ ਲਈ ਇੱਕ ਤੋਂ ਬਾਅਦ ਇੱਕ ਜੰਗਾਂ ਤੇ ਖੇਤਰੀ-ਸਰਹੱਦੀ ਝਗੜਿਆਂ-ਵਿਵਾਦਾਂ ਦੀ ਲੜੀ ਸ਼ੁਰੂ ਕੀਤੀ ਗਈ। ਸਰਹੱਦੀ ਵਿਵਾਦਾਂ, ਜੰਗਾਂ ਤੇ ਖੇਤਰੀਆਂ ਝਗੜਿਆਂ ਕਾਰਨ ਵਪਾਰਕ ਸਬੰਧਾਂ ਅਤੇ ਆਰਥਿਕ-ਵਪਾਰਕ ਰੋਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੱਛਮੀ ਖੇਮੇ ਦੇ ਦੇਸ਼ਾਂ ਨੇ ਮਿਲਕੇ ਰੂਸ ਉੱਤੇ ਆਰਥਿਕ ਰੋਕਾਂ ਲਗਾ ਦਿੱਤੀਆਂ। ਰੂਸ ਨੇ ਭਾਰਤ-ਚੀਨ ਸਮੇਤ ਅਮਰੀਕਾ ਵਿਰੋਧੀ ਮੱਧ-ਪੂਰਬੀ ਤੇ ਖੱਬੇਪੱਖੀ ਅਤੀਤ ਵਾਲੇ ਕਈ ਲਾਤੀਨੀ ਮੁਲਕਾਂ ਨਾਲ ਵਪਾਰਕ ਸਾਂਝ ਦਾ ਹੱਥ ਵਧਾ ਦਿੱਤਾ। ਰੂਸ ਨਾਲ ਵਪਾਰਕ ਸਾਂਝ ਰੱਖਣ ਵਾਲੇ ਦੇਸ਼ਾਂ ਨੂੰ ਲਗਾਤਾਰ ਅਮਰੀਕੀ ਸਾਮਰਾਜੀ ਵਿਰੋਧ ਤੇ ਕੂਟਨੀਤਿਕ ਘੁਰਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਮਰਾਜੀ ਤਾਕਤਾਂ ਦੀ ਧੜੇਬੰਦੀ ਕਾਰਨ ਵਿਸ਼ਵ ਵਪਾਰਕ ਆਵਾਜਾਈ ਲਈ ਅਹਿਮ ਲਾਲ ਸਾਗਰ, ਕਾਲਾ ਸਾਗਰ ਅਤੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਦੇ ਆਲੇ-ਦੁਆਲੇ ਦਾ ਖੇਤਰ ਵਿਸ਼ਵ ਵਪਾਰ ਨੂੰ ਬੁਰੇ ਰੁਖ ਪ੍ਰਭਾਵਿਤ ਕਰ ਰਿਹਾ ਹੈ। ਇਹਨਾਂ ਜੰਗਾਂ ਤੇ ਝਗੜਿਆਂ ਤੋਂ ਪ੍ਰਭਾਵਿਤ ਵਿਸ਼ਵ ਵਪਾਰ ਕਾਰਨ ਵਸਤਾਂ ਦੀ ਸਪਲਾਈ ਦੀ ਘਾਟ ਅਤੇ ਸਪਲਾਈ ਦੀ ਇਸ ਘਾਟ ਵਿੱਚੋਂ ਪੈਦਾ ਹੋਈ ਮੰਗ ਕਾਰਨ ਕੀਮਤਾਂ ਵਿੱਚ ਹੋਏ ਬੇਸ਼ੁਮਾਰ ਵਾਧੇ ਕਰਕੇ ਕੁੱਲ ਆਲਮ ਮਹਿੰਗਾਈ ਦੀ ਮਾਰ ਹੇਠ ਆ ਗਿਆ ਹੈ। ਇਸੇ ਕਰਕੇ ਕਰੋਨਾ ਕਾਲ ਤੋਂ ਲੈ ਕੇ ਮੌਜੂਦਾ ਜੰਗਾਂ-ਝਗੜਿਆਂ ਦੇ ਚੱਲਦਿਆਂ ਆਮ ਲੋਕਾਂ ਦਾ ਗੁਜ਼ਰ-ਬਸਰ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਸੰਸਾਰ ਕਾਰਪੋਰੇਟ ਘਰਾਣਿਆਂ ਦੇ ਸੁਪਰ ਮੁਨਾਫਿਆ ਵਿੱਚ ਕਈ-ਕਈ ਸੌ ਫੀਸਦੀ ਇਜ਼ਾਫਾ ਹੋ ਰਿਹਾ ਹੈ।
ਸਾਮਰਾਜੀ ਨੀਤੀਆਂ ਕਾਰਨ ਧੀਮੀ ਹੋਈ ਗਲੋਬਲ ਆਰਥਿਕਤਾ ਕਾਰਨ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਲਗਾਤਾਰ ਘਟੀ ਹੈ, ਜਿਸ ਨਾਲ ਵੱਡੇ ਕਾਰੋਬਾਰੀਆਂ ਨੇ ਇੱਕ ਤਾਂ ਆਪਣੇ ਕਾਮਿਆਂ ਦੀ ਛਾਂਟੀ ਕਰਕੇ ਲਾਗਤਾਂ ਨੂੰ ਘੱਟ ਕੀਤਾ ਹੈ ਤੇ ਦੂਸਰਾ ਨਵੀਂ ਤਕਨੀਕ (ਖਾਸਕਰ ਮਸਨੂਈ ਬੁੱਧੀ) ਦੇ ਵਾਧੇ ਨਾਲ ਰਵਾਇਤੀ ਉਦਯੋਗ ਅਤੇ ਰਵਾਇਤੀ ਕਾਮੇ ਕਿਰਤ ਮੰਡੀ ਵਿੱਚ ਬੇਮੇਚੇ ਹੁਨਰ ਕਰਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਏ ਹਨ, ਜਿਸ ਨਾਲ ਰੁਜ਼ਗਾਰ ਸੰਕਟ ਹੋਰ ਵੱਧ ਗਹਿਰਾ ਹੋ ਗਿਆ ਹੈ। ਸਾਮਰਾਜੀ ਮੁਲਕਾਂ ਵਿੱਚੋਂ ਕ੍ਰਮਵਾਰ ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚ ਸਾਲ 2024 (ਅਗਸਤ-ਸਤੰਬਰ) ਵਿੱਚ ਬੇਰੁਜ਼ਗਾਰੀ ਦਰ 4.1% ਰਹੀ ਹੈ। ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦਰ 4.3% ਅਤੇ ਸਤੰਬਰ 2024 ਦੇ ਤਾਜ਼ਾ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਅਧਿਕ 6.5% ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਹਕੀਕੀ ਹਾਲਾਤ ਬੇਰੁਜ਼ਗਾਰੀ ਦੇ ਸਰਕਾਰੀ ਅੰਕੜਿਆਂ ਤੋਂ ਕਿਤੇ ਬਦਤਰ ਹਨ। ਇਹਨਾਂ ਮੁਲਕਾਂ ਵਿੱਚ ਨਵੇਂ ਪ੍ਰਵਾਸੀਆਂ ਤੇ ਆਮ ਲੋਕਾਂ ਕੋਲ ਨੌਕਰੀ ਜਾਂ ਛੋਟਾ-ਮੋਟਾ ਧੰਦਾ ਨਾ ਹੋਣ ਦਾ ਅਰਥ ਜ਼ਿੰਦਗੀ ਦੀ ਬਰਬਾਦੀ। ਵੱਡੀਆਂ ਕੰਪਨੀਆਂ ਦੀ ਇਜ਼ਾਰੇਦਾਰੀ, ਧੀਮੀ ਹੋਈ ਗਲੋਬਲ ਆਰਥਿਕਤਾ ਤੇ ਮੁਕਾਬਲੇਬਾਜ਼ੀ ਕਾਰਨ ਛੋਟੇ-ਮੋਟੇ ਕਾਰੋਬਾਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਬਲਕਿ ਛੋਟੇ ਕਾਰੋਬਾਰ ਲਗਾਤਾਰ ਬੰਦ ਹੋ ਰਹੇ ਹਨ। ਦੂਸਰਾ ਇਹਨਾਂ ਮੁਲਕਾਂ ਵਿੱਚ ਰੋਟੀ-ਕੱਪੜਾ-ਮਕਾਨ, ਸਿੱਖਿਆ, ਸਿਹਤ, ਕਾਰ ਆਦਿ ਜਿਹੀਆਂ ਮਹਿੰਗੀਆਂ ਤੇ ਬੁਨਿਆਦੀ ਲੋੜਾਂ ਲਈ ਰੁਜ਼ਗਾਰ ਅਣਸਰਦੀ ਲੋੜ ਹੈ।
ਅਰਧ ਬੇਰੁਜ਼ਗਾਰੀ ਵਿੱਚ ਸ਼ੁਮਾਰ ਅਸਥਾਈ ਨੌਕਰੀਆਂ, ਘੱਟ ਉਜ਼ਰਤਾਂ ਤੇ ਘੱਟ ਸਹੂਲਤਾਂ ਵਾਲੀਆਂ ਨੌਕਰੀਆਂ, ਅਸੁਰੱਖਿਅਤ ਤੇ ਬਿਨ੍ਹ ਲਾਭ ਵਾਲੀਆਂ ਨੌਕਰੀਆਂ ਅਤੇ ਪਾਰਟ ਟਾਇਮ ਨੌਕਰੀਆਂ ਬੇਰੁਜ਼ਗਾਰੀ ਦੇ ਅੰਕੜਿਆਂ ਤੋਂ ਬਾਹਰ ਹਨ। ‘ਪੰਜ ਅੱਖਾਂ’ ਨਾਲ ਜਾਣੇ ਜਾਂਦੇ ਇਹੀ ਉਹ ਵਿਕਸਿਤ ਪੂੰਜੀਵਾਦੀ ਮੁਲਕ ਹਨ ਜਿਹਨਾਂ ਵੱਲ ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਵਿੱਚੋਂ ਪ੍ਰਵਾਸ ਦਾ ਵਹਿਣ ਸਭ ਤੋਂ ਵੱਧ ਵਹਿੰਦਾ ਆ ਰਿਹਾ ਹੈ। ਅਤੇ ਇਹਨਾਂ ਮੁਲਕਾਂ ਵਿੱਚ ਨਵੇਂ ਪ੍ਰਵਾਸੀਆਂ ਨੂੰ ਸਭ ਤੋਂ ਵੱਧ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਪੰਜੇ ਮੁਲਕਾਂ ਨੇ ਪਿਛਲੇ ਦੋ-ਤਿੰਨ ਸਾਲਾਂ ਤੋਂ ਬੜੀ ਤੇਜ਼ੀ ਨਾਲ ਆਪਣੀਆਂ ਇਮੀਗ੍ਰੇਸ਼ਨ ਤੇ ਉਸਦੇ ਅਨੁਸਾਰੀ ਵੀਜ਼ਾ ਤੇ ਸਿੱਖਿਆ ਨੀਤੀਆਂ ਵਿੱਚ ਵੱਡੀਆਂ ਤੇ ਤਿੱਖੀਆਂ ਤਬਦੀਲੀਆਂ ਕੀਤੀਆਂ ਹਨ। ਇਹਨਾਂ ਮੁਲਕਾਂ ਵਿੱਚ ਨਸਲੀ ਵਿਤਕਰੇਬਾਜ਼ੀ, ਧੋਖਾਧੜੀ, ਸ਼ੋਸ਼ਣ ਅਤੇ ਕਿਰਤ ਲੁੱਟ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਅਤੇ ਇਹਨਾਂ ਮੁਲਕਾਂ ਅੰਦਰ ਕਿਰਤ ਕਰਨ ਵਾਲੇ ਲੋਕਾਂ ਵਿੱਚ ਲਗਾਤਾਰ ਬੇਗਾਨਗੀ ਤੇ ਬੇਚੈਨੀ ਦਾ ਤਿੱਖਾ ਇਜ਼ਹਾਰ ਫੁੱਟਣਾ ਸ਼ੁਰੂ ਹੋਇਆ ਹੈ।
ਹਾਲਤ ਦਾ ਇੱਕ ਕਰੂਰ ਪਹਿਲੂ ਇਹ ਵੀ ਹੈ ਕਿ ਕੈਨੇਡਾ ਵਰਗੇ ਮੁਲਕ ਵਿੱਚ ਸਾਲ 2022 ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ 3% ਦਾ ਵਾਧਾ ਹੋਇਆ ਪ੍ਰੰਤੂ ਮਹਿੰਗਾਈ ਦਰ 6.8% ਦੀ ਗਤੀ ਨਾਲ ਛੜੱਪੇ ਮਾਰਕੇ ਵਧੀ। ਵਿਕਸਿਤ ਮੁਲਕਾਂ ਵਿੱਚ ਗੁਜ਼ਰ-ਬਸਰ ਦੀਆਂ ਕੀਮਤਾਂ, ਫੈਡਰਲ ਬੈਂਕਾਂ ਦੀਆਂ ਵਿਆਜ਼ ਦਰਾਂ, ਰਿਹਾਇਸ਼ੀ ਘਰਾਂ ਦੇੇ ਕਿਰਾਏ ਤੇ ਟੈਕਸ ਲਗਾਤਾਰ ਉਪਰ ਵੱਲ ਜਾ ਰਹੇ ਹਨ ਅਤੇ ਲੋਕਾਂ ਦੀ ਆਮਦਨ, ਨੌਕਰੀਆਂ ਤੇ ਰਿਹਾਇਸ਼ੀ ਘਰਾਂ ਦੀ ਜ਼ਰੂਰਤ ਹੇਠਾਂ ਵੱਲ ਨੂੰ ਲੁੜਕ ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਆਰਥਿਕ ਸੰਕਟ ਦੀ ਤੇਜ਼ੀ ਨਾਲ ਹੋ ਰਹੀ ਆਮਦ ਦਾ ਸਹਿਮ ਵੱਧ ਰਿਹਾ ਹੈ ਅਤੇ ਸ਼ੇਅਰ ਮਾਰਕਿਟ, ਰੀਅਲ ਅਸਟੇਟ ਤੇ ਬੈਂਕਿੰਗ ਸੈਕਟਰ ਲਗਾਤਾਰ ਉਤਰਾਅ-ਚੜਾਅ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ। ਇਮੀਗ੍ਰੇਸ਼ਨ ਤੇ ਕਿਰਤ ਕਾਨੂੰਨਾਂ ਵਿੱਚ ਤਿੱਖੀਆਂ ਸੋਧਾਂ ਦਾ ਵਰਤਾਰਾ ਸਭਨਾਂ ਵਿਕਸਿਤ ਮੁਲਕਾਂ ਵਿੱਚ ਇਕਸਾਰ ਤੇਜ਼ ਹੋ ਰਿਹਾ ਹੈ।
Nawanzamana 25/10/2024

ਸਾਮਰਾਜੀ ਦੇਸ਼ਾਂ ਵਿੱਚ ਨੌਜਵਾਨਾਂ ਤੇ ਕੌਮਾਂਤਰੀ ਵਿਦਿਆਰਥੀਆਂ ਲਈ ਨੌਕਰੀਆਂ ਦਾ ਸੰਕਟ ਸਭ ਤੋਂ ਵੱਧ ਚਿੰਤਾਜਨਕ ਹੈ। ਕੌਮਾਂਤਰੀ ਵਿਦਿਆਰਥੀਆਂ ਲਈ ਮਹਿੰਗੀਆਂ ਫੀਸਾਂ, ਮਹਿੰਗੇ ਰਿਹਾਇਸ਼ੀ ਕਿਰਾਏ, ਮਹਿੰਗੀ ਗਰੌਸਰੀ, ਇਕਲਾਪਾ, ਭਾਸ਼ਾ ਤੇ ਸੱਭਿਆਚਾਰਕ ਵਖਰੇਵੇਂ ਆਦਿ ਮੁਸ਼ਕਲਾਂ ਦੇ ਚੱਲਦਿਆਂ ਗੁਜ਼ਾਰੇ ਲਈ ਪਾਰਟ ਟਾਇਮ ਨੌਕਰੀਆਂ ਲੱਭਣਾਂ ਸਭ ਤੋਂ ਵੱਧ ਔਖਾ ਕਾਰਜ਼ ਹੈ। ਸਟੈਟਿਸਟਿਕਸ ਕੈਨੇਡਾ ਦੇ ਮਈ 2023 ਦੇ ਸਰਵੇ ਮੁਤਾਬਿਕ 15 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 10.7% ਰਹੀ ਹੈ। ਇਹੀ ਵਰਤਾਰਾ ਬਾਕੀ ਦੇ ਵਿਕਸਿਤ ਮੁਲਕਾਂ ਵਿੱਚ ਚੱਲ ਰਿਹਾ ਹੈ। ਵਿਦੇਸ਼ਾਂ ਵਿੱਚ ਹੋਰਾਂ ਮੁਲਕਾਂ ਦੀ ਤੁਲਨਾ ਵਿੱਚ ਭਾਰਤੀ ਨੌਜਵਾਨਾਂ, ਵਿਦਿਆਰਥੀਆਂ ਤੇ ਪ੍ਰਵਾਸੀਆਂ ਦੀ ਬਦਤਰ ਹਾਲਤ ਦੀਆਂ ਘਟਨਾਵਾਂ ਉਭਰਵੇਂ ਰੂਪ ਵਿੱਚ ਸੁਰਖੀਆਂ ਵਿੱਚ ਰਹਿੰਦੀਆਂ ਹਨ। ਇਸਦਾ ਇੱਕ ਉਘੜਵਾਂ ਕਾਰਨ ਭਾਰਤ ਵਿੱਚ ਨੌਜਵਾਨਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਕੌਮਾਂਤਰੀ ਕਿਰਤ ਸੰਸਥਾਂ ਦੇ 2024 ਦੇ ਅੰਕੜੇ ਮੁਤਾਬਕ ਭਾਰਤ ਵਿੱਚ ਕੁੱਲ ਬੇਰੁਜ਼ਗਾਰਾਂ ਵਿਚੋਂ 83% ਕੇਵਲ ਨੌਜਵਾਨ ਬੇਰੁਜ਼ਗਾਰ ਹਨ। ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਜੰਗ ਵਿੱਚ ਉਲਝੇ ਹੋਏ ਯੂਕਰੇਨ ਤੇ ਮੱਧ-ਪੂਰਬੀ ਦੇਸ਼ਾਂ ਵਿੱਚ ਘੱਟ ਉਜ਼ਰਤ ਤੇ ਕੰਮ ਕਰਨ ਜਾਣਾ ਪੈ ਰਿਹਾ ਹੈ। ਭਾਰਤ ਵਿਚਲੀ ਬੇਰੁਜ਼ਗਾਰੀ, ਨਸ਼ੇ, ਗਰੀਬੀ, ਅਸੁਰੱਖਿਅਤ ਭਵਿੱਖ ਤੇ ਹੋਰ ਤੰਗੀਆਂ-ਤੁਰਸ਼ੀਆਂ ਦੇ ਧੱਕੇ ਨੌਜਵਾਨ-ਵਿਦਿਆਰਥੀ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਲਈ ਮਜ਼ਬੂਰ ਹੋ ਰਹੇ ਹਨ ਪਰੰਤੂ ਬਦਲਦੇ ਹਲਾਤਾਂ ਕਰਕੇ ਵਿਦੇਸ਼ੀ ਧਰਤ ਵੀ ਉਹਨਾਂ ਦੇ ਸੁਪਨਿਆਂ ਦੀ ਸੈਰਗਾਹ ਨਹੀਂ ਰਹੀ।
 ਤੇਜੀ ਨਾਲ ਬਦਲ ਰਹੇ ਵਿਸ਼ਵ ਆਰਥਿਕ-ਸਿਆਸੀ ਹਾਲਾਤਾਂ ਕਾਰਨ ਵਿਦੇਸ਼ਾਂ ਵਿੱਚ ਸ਼ਰਨਾਰਥੀਆਂ, ਨੌਜਵਾਨਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਵੱਡੇ ਆਰਥਿਕ-ਸਮਾਜਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਮਰਾਜੀ ਆਰਥਿਕ ਨੀਤੀਆਂ ਦੇ ਪੈਦਾ ਕੀਤੇ ਹੋਏ ਸੰਕਟ ਵਿੱਚ ਉਲਝੇ ਹੋਏ ਵਿਕਸਿਤ ਮੁਲਕ ਜਿੱਥੇ ਕਿਰਤ, ਸ਼ਰਨਾਰਥੀ ਤੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਤਿੱਖੀਆਂ ਸੋਧਾਂ ਕਰ ਰਹੇ ਹਨ ਉੱਥੇ ਇਹ ਮੁਲਕ ਆਪਣੇ ਘਰੇਲੂ ਤੇ ਕੌਮਾਂਤਰੀ ਸਿਆਸੀ ਲਾਹਿਆਂ ਲਈ ਪ੍ਰਵਾਸੀਆਂ ਨੂੰ ਸਮੁੱਚੇ ਸੰਕਟ ਦਾ ਜਿੰਮੇਵਾਰ ਬਣਾਕੇ ਪੇਸ਼ ਕਰ ਰਹੇ ਹਨ। ਵਿਦੇਸ਼ੀ ਸਰਕਾਰਾਂ ਵੱਲੋਂ ਪ੍ਰਵਾਸੀਆਂ ਨਾਲ ਸਖਤੀ ਨਾਲ ਪੇਸ਼ ਆਉਣ ਕਰਕੇ ਨਸਲੀ ਵਿਤਕਰੇਬਾਜ਼ੀ, ਸਹਿਮ ਤੇ ਸਮਾਜਿਕ-ਆਰਥਿਕ ਅਸੁਰੱਖਿਆ ਦਾ ਮਹੌਲ ਪਨਪ ਰਿਹਾ ਹੈ। ਪ੍ਰਵਾਸੀਆਂ ਸਮੇਤ ਲੋਕਾਂ ਦੀਆਂ ਬੁਨਿਆਦੀ ਲੋੜਾਂ, ਮਾਨਵੀ ਅਧਿਕਾਰਾਂ ਅਤੇ ਸੁਰੱਖਿਆ ਵੱਲ ਧਿਆਨ ਕੇਂਦਰਿਤ ਕਰਨ ਦੀ ਬਜਾਇ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਜੰਗੀ ਸਹਾਇਤਾ, ਨਸਲੀ ਵਿਤਕਰੇਬਾਜ਼ੀ, ਕੂਟਨੀਤਿਕ ਵਿਵਾਦਾਂ, ਲੋਕ ਵਿਰੋਧੀ ਕਾਨੂੰਨ ਲਾਗੂ ਕਰਨ ਵਿੱਚ ਲੱਗੀਆਂ ਹੋਈਆਂ ਹਨ। ਸਾਰੇ ਸਾਮਰਾਜੀ ਦੇਸ਼ਾਂ ਅੰਦਰ ਵਧਦੀ ਬੇਰੁਜ਼ਗਾਰੀ ਕਾਰਨ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤ ਦੇ ਬੇਰੁਜ਼ਗਾਰੀ ਨਾਲ ਝੰਬੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਪਨ-ਦੇਸ਼ ਬਣੇ ਕੈਨੇਡਾ ਵੱਲੋਂ ਵਿਦੇਸ਼ੀ ਨਾਗਰਿਕਾਂ ਉੱਤੇ ਪਾਬੰਦੀਆਂ ਲਾਉਣ ਨੇ ਭਾਰਤ ਵਿੱਚੋਂ ਕੈਨੇਡਾ ਪਹੁੰਚਣ ਦੀ ਆਸ ਲਾਈ ਬੈਠੇ ਲੱਖਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਵੱਡੇ ਪੱਧਰ ਉੱਤੇ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਸਾਮਰਾਜੀ ਦੇਸ਼ਾਂ ਅੰਦਰ ਵੱਖ-ਵੱਖ ਹਾਕਮ ਜਮਾਤੀ ਪਾਰਟੀਆਂ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਖ਼ਿਲਾਫ਼ ਫਾਸ਼ੀਵਾਦੀ ਜਨੂੰਨ ਭੜਕਾਇਆ ਜਾ ਰਿਹਾ ਹੈ।
ਵਿਦੇਸ਼ਾਂ ਵਿੱਚ ਚੰਗੇ ਭਵਿੱਖ ਤੇ ਬਿਹਤਰ ਜੀਵਨ ਲਈ ਸਥਾਨਕ ਕਿਰਤੀ-ਕਾਮਿਆਂ, ਮੂਲ-ਨਿਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਪ੍ਰਵਾਸੀਆਂ, ਬਹੁਕੌਮੀ ਲੋਕਾਂ ਵਿਚਕਾਰ ਏਕਤਾ ਤੇ ਸਾਂਝੀਵਾਲਤਾ ਬੇਹੱਦ ਜਰੂਰੀ ਹੈ। ਇਸੇ ਏਕਤਾ ਤੇ ਚੇਤੰਨਤਾ ਦੇ ਅਧਾਰ ਤੇ ਸਰਕਾਰਾਂ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਸੰਘਰਸ਼ ਦੀ ਅਵਾਜ਼ ਉਠਾਈ ਜਾਣੀ ਚਾਹੀਦੀ ਹੈ।
- ਮਨਦੀਪ (+1 438-924-2052)