Pages

Thursday, March 13, 2025

ਰੂਸ-ਯੂਕਰੇਨ ਜੰਗ ਦੇ ਤਿੰਨ ਵਰ੍ਹੇ


ਬੀਤੇ ਕੁਝ ਸਾਲਾਂ ’ਚ ਕੁੱਲ ਸੰਸਾਰ ਨੂੰ ਕਰੋਨਾ ਮਹਾਂਮਾਰੀ, ਰੂਸ-ਯੂਕਰੇਨ ਤੇ ਇਜ਼ਰਾਇਲ-ਫਲਸਤੀਨ ਜੰਗ ਅਤੇ ਅਮਰੀਕਾ-ਚੀਨ ਵਪਾਰਕ ਜੰਗ ਨੇ ਆਰਥਿਕ-ਸਮਾਜਿਕ ਤੌਰ ਤੇ ਬੁਰੇ ਰੁੱਖ ਪ੍ਰਭਾਵਿਤ ਕੀਤਾ ਹੈ। ਵਿਸ਼ਵਵਿਆਪੀ ਪੱਧਰ ਤੇ ਵੱਧਦੀ ਮਹਿੰਗਾਈ, ਰਾਜਨੀਤਿਕ ਅਸਥਿਰਤਾ, ਜੰਗੀ ਤਣਾਅ, ਪ੍ਰਵਾਸ ਸੰਕਟ, ਲਗਾਤਾਰ ਨਿਘਾਰ ਵੱਲ ਧਸਦਾ ਜਾ ਰਿਹਾ ਗਲੋਬਲ ਅਰਥਚਾਰਾ, ਗਲੋਬਲ ਆਰਥਿਕ ਸ਼ਕਤੀਆਂ ਦੀ ਘੱਟ ਰਹੀ ਕਾਬਲੀਅਤ ਆਦਿ ਅਲਾਮਤਾਂ ਨੇ ਕੁੱਲ ਆਲਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਵਰਤਮਾਨ ਦੋ ਜੰਗਾਂ (ਯੂਕਰੇਨ, ਇਜ਼ਰਾਇਲ) ਤੇ ਵਪਾਰਕ ਜੰਗ ਦੁਆਲੇ ਹੋ ਰਹੀ ਕਤਾਰਬੰਦੀ ਨਵੀਂ ਵਿਸ਼ਵ ਵਿਵਸਥਾ ਲਈ ਹਲਚਲ ਵਧਾ ਰਹੀ ਹੈ। ਅਮਰੀਕੀ ਸਾਮਰਾਜ ਵੱਲੋਂ ਟਰੰਪ ਪ੍ਰਸ਼ਾਸ਼ਨ ਹੇਠ ਅਪਣਾਈਆਂ ਜਾ ਰਹੀਆਂ ਨਵੀਆਂ ਦਹਿਸ਼ਤੀ ਪੈਂਤੜੇਬਾਜ਼ੀਆਂ ਸੰਸਾਰ ਭਰ ਦੇ ਆਰਥਿਕ-ਸਿਆਸੀ ਮਾਹਿਰਾਂ-ਵਿਸ਼ਲੇਸ਼ਕਾਂ ਨੂੰ ਅਚੰਬੇ ਵਿੱਚ ਪਾ ਰਹੀਆਂ ਹਨ। ਅਮਰੀਕਾ ਅੰਦਰ ਟਰੰਪ-ਜ਼ੇਲੈਂਸਕੀ ਮਿਲਣੀ ਦੀ ਅਸਫਲਤਾ ਤੋਂ ਬਾਅਦ ਵਿਸ਼ਵ ਭੂ-ਰਾਜਨੀਤੀ ’ਚ ਆਏ ਭੂਚਾਲ ਕਾਰਨ ਕਿਆਸਰਾਈਆਂ ਹੋਰ ਤੀਬਰ ਹੋ ਗਈਆਂ।

ਟਰੰਪ ਵੱਲੋਂ ਆਪਣੇ ‘ਨਾਸ਼ੁਕਰੇ’ ਮੇਜ਼ਬਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਓਵਲ ਦਫ਼ਤਰ ਸੱਦਕੇ ਮੀਡੀਆ ਜ਼ਰੀਏ ਸੰਸਾਰ ਸਾਹਮਣੇ ਬੇਇਜ਼ਤ ਕਰਨਾ ਇੱਕ ਇਤਿਹਾਸਕ ਘਟਨਾ ਬਣ ਗਈ। ਜ਼ੇਲੈਂਸਕੀ ਨੂੰ ਵਾਇਟ ਹਾਊਸ ਦੀ ਗਰਿਮਾ ਮੁਤਾਬਕ ਵਧੀਆ ਡਰੈੱਸ ਪਾਉਣ ਦੀ ਗੈਰ-ਮਿਆਰੀ ਤਨਜ਼ ਕਸਣਾ ਉਸ ਨਾਲ ਬਦਸਲੂਕੀ ਕਰਨ ਬਰਾਬਰ ਸੀ। ਯੁੱਧ ਨਿਪਟਾਰੇ ਲਈ ਯੂਕਰੇਨ ਦੀ ਰੂਸ ਤੋਂ ‘ਸੁਰੱਖਿਆ ਗਰੰਟੀ’ ਦਾ ਅਮਰੀਕੀ ਵਾਅਦਾ ਅਤੇ ਇਵਜ਼ਾਨੇ ਵਿੱਚ ਅਮਰੀਕਾ ਦੀ ਯੂਕਰੇਨ ਦੇ ਬੇਸ਼ਕੀਮਤੀ ਖਣਿਜ਼ ਸ੍ਰੋਤਾਂ (ਮਾਈਕ੍ਰੋਚਿੱਪਾਂ ਤੇ ਨਵੀਨ ਤਕਨਾਲੋਜੀ ਲਈ ਧਰਤੀ ਦੇ ਦੁਰਲੱਭ ਖਣਿਜ਼) ਵਿੱਚ ਹਿਸੇਦਾਰੀ, ਸੌਦੇ ਦੇ ਦੋ ਮੁੱਖ ਨੁਕਤੇ ਸਨ। ਇਹ ਸੌਦਾ ਯੂਕਰੇਨ ਨੂੰ ਜੰਗ ਵਿੱਚ ਹੁਣ ਤੱਕ ਦਿੱਤੀ ਗਈ ਅਮਰੀਕੀ ਸਹਾਇਤਾ ਦੀ ਅਦਾਇਗੀ ਦੇ ਸਿੱਟੇ ਵਜ਼ੋਂ ਹੋਣਾ ਸੀ। ਪਰੰਤੂ, ਜ਼ੇਲੈਂਸਕੀ ਦੀ ਪੁਤਿਨ ਉੱਤੇ ਬੇਭਰੋਸਗੀ ਅਤੇ ਅਮਰੀਕਾ ਵੱਲੋਂ ਜ਼ੇਲੈਂਸਕੀ ਦੇ ਨਿਰਾਦਰ ਨਾਲ ਇਹ ਸੌਦਾ ਵਿਚਾਲੇ ਟੁੱਟ ਗਿਆ। ਮਿਲਣੀ ਤੋਂ ਪਹਿਲਾਂ ਜ਼ੇਲੈਂਸਕੀ ਨੂੰ ਟਰੰਪ ਵੱਲੋਂ ਤਾਨਾਸ਼ਾਹ ਕਹਿਣਾ ਅਤੇ ਫਿਰ ਮੀਡੀਆ ਸਾਹਮਣੇ ਉਸਨੂੰ ਤੀਜੀ ਸੰਸਾਰ ਜੰਗ ਲਈ ਜ਼ਿੰਮੇਵਾਰ ਕਰਾਰ ਦੇਣਾ ਸਿੱਧੇ-ਅਸਿੱਧੇ ਤੌਰ ਤੇ ਯੂਕਰੇਨ ਸਮੇਤ ਟ੍ਰਾਂਸਅਟਲਾਂਟਿਕ ਗੱਠਜੋੜ (ਅਮਰੀਕਾ, ਨਾਟੋ, ਯੂਰਪੀਅਨ ਯੂਨੀਅਨ) ਦੇ ਵਿਰੁੱਧ ਅਤੇ ਰੂਸ ਦੇ ਪੱਖ ਵਿੱਚ ਭੁਗਤਨ ਵਾਲਾ ਬਿਆਨ ਸੀ। ਮੀਟਿੰਗ ਦੀ ਅਸਫਲਤਾ ਬਾਅਦ ਟਰੰਪ ਵੱਲੋਂ ਕੀਵ ਤੇ ਜੰਗਬੰਦੀ ਲਈ ਦਬਾਅ ਵਧਾਉਣ ਲਈ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜ਼ੀ, ਖੁਫੀਆ ਤੇ ਵਿੱਤੀ ਸਹਾਇਤਾ ਤੇ ਰੋਕ ਲਗਾਉਣ ਅਤੇ ਰੂਸ ਉੱਤੇ ਪੱਛਮੀ ਪਾਬੰਧੀਆਂ ਨੂੰ ਘਟਾਉਣ ਦੇ ਬਿਆਨ ਨਾਲ ਟਰੰਪ ਉੱਤੇ ਰੂਸ ਦਾ ਜਾਸੂਸ ਹੋਣ ਦੇ ਕਈ ‘ਸਾਜ਼ਿਸ਼ੀ ਸਿਧਾਂਤਾਂ’ ਦਾ ਬਾਜ਼ਾਰ ਗਰਮ ਹੋ ਗਿਆ। ਨਾ ਤਾਂ ਅਮਰੀਕਾ ਸ਼ਾਂਤੀ ਦਾ ਪੁਜਾਰੀ ਹੈ ਤੇ ਨਾ ਹੀ ਟਰੰਪ ਜੰਗਬੰਦੀ ਦੀ ਲੜਾਈ ਲੜ੍ਹਨ ਵਾਲਾ ਸ਼ਾਂਤੀਦੂਤ। ਸ਼ਾਂਤੀ ਬਹਾਨੇ ਇਹ ਸਮਝੌਤਾ ਯੂਕਰੇਨ ਦੇ ਬੇਸ਼ਕੀਮਤੀ ਸ੍ਰੋਤਾਂ ਤੇ ਕਬਜ਼ੇ, ਯੂਕਰੇਨ ਅੰਦਰ ਨਵਉਦਾਰਵਾਦੀ ਨੀਤੀਆਂ ਦੇ ਮਾਡਲ ਦਾ ਰਾਹ ਹੋਰ ਵੱਧ ਪੱਧਰਾ ਕਰਨ ਅਤੇ ਜੰਗ ਦਾ ਮੁਹਾਣ ਰੂਸ ਵੱਲੋਂ ਮੋੜਕੇ ਮੁੱਖ ਦੁਸ਼ਮਣ ਚੀਨ ਵੱਲ ਕਰਨ ਲਈ ਸੀ। ਅਮਰੀਕੀ ਸਾਮਰਾਜੀ ਦਬਦਬੇ ਲਈ ਅੱਜ ਸਭ ਤੋਂ ਵੱਡੀ ਚੁਣੌਤੀ ਚੀਨ ਹੈ ਤੇ ਅਮਰੀਕੀ ਸਾਮਰਾਜੀਆਂ ਅੰਦਰ ਚੀਨੀ ਸਮਾਰਾਜ ਦਾ ਖੌਫ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।

ਉਧਰ, ਵਾਇਟ ਹਾਊਸ ਤੋਂ ਬੇਆਬਰੂ ਹੋ ਕੇ ਵਾਪਸ ਪਰਤੇ ਜ਼ੇਲੈਂਸਕੀ ਨੂੰ ਫਰਾਂਸ, ਬ੍ਰਿਟੇਨ ਸਮੇਤ ਯੂਰਪੀਅਨ ਮੁਲਕਾਂ ਦਾ ਥਾਪੜਾ ਪ੍ਰਾਪਤ ਹੋਇਆ। ਟਰੰਪ ਵੱਲੋਂ ਪੱਛਮੀ ਯੂਰਪੀ ਭਾਈਵਾਲਾਂ ਨੂੰ ਦਰਕਿਨਾਰ ਕਰਕੇ ਰੂਸ-ਯੂਕਰੇਨ ਜੰਗਬੰਦੀ ਦੀ ਸਾਲਸੀ ਵਿੱਚੋਂ ਯੂਕਰੇਨ ਨਾਲ ਇਕੱਲਿਆਂ 500 ਅਰਬ ਡਾਲਰ ਦੇ ਖਣਿਜ਼ ਸਮਝੌਤੇ ਕਰਨ ਦੀ ਮਸਕ ਫਿਲਹਾਲ ਅਧੂਰੀ ਰਹਿ ਗਈ। ਜੰਗ ਪ੍ਰਤੀ ਅਮਰੀਕੀ ਨੀਤੀ ਵਿੱਚ ਆਏ ਵੱਡੇ ਬਦਲਾਅ ਕਾਰਨ ਪੁੱਠੀ ਪਈ ਬਾਜ਼ੀ ’ਚੋਂ ਯੂਰਪੀਅਨ ਮੁਲਕ ਸ਼ਾਂਤੀ ਯੋਜਨਾ ਦਾ ਸਿਹਰਾ ਆਪਣੇ ਸਿਰ ਬੰਨ੍ਹਕੇ ਯੂਕਰੇਨੀਅਨ ਮੰਡੀ ਵਿੱਚੋਂ ਹਿੱਸੇਪੱਤੀ ਲਈ ਉਤਾਵਲੇ ਹੋ ਗਏ। ਕਿੰਗ ਚਾਰਲਸ ਨਾਲ ਜ਼ੇਲੈਂਸਕੀ ਦੀ ਮਿਲਣੀ ਤੇ ਯੂਕਰੇਨ ਦੀ ਸਰਬਸੱਤਾ ਲਈ ਲੰਡਨ ਵਿੱਚ ਹੋਏ ਸ਼ਿਖਰ ਸੰਮੇਲਨ ਵਿੱਚ 18 ਯੂਰਪੀ ਮੁਲਕਾਂ ਨੇ ਯੂਕਰੇਨ ਨੂੰ ਫੌਜ਼ੀ ਤੇ ਵਿੱਤੀ ਸਹਾਇਤਾ ਦੇਣ ਦੀ ਵਚਨਵੱਧਤਾ ਦਿਖਾਈ ਹੈ ਅਤੇ ਇੰਗਲੈਂਡ ਨੇ 1.6 ਅਰਬ ਪੌਂਡ ਦੀਆਂ 5,000 ਹਵਾਈ ਰੱਖਿਆ ਮਿਜ਼ਾਇਲਾਂ ਦੀ ਸਪਲਾਈ ਦੇ ਸਮਝੌਤੇ ਦਾ ਐਲਾਨ ਕਰ ਦਿੱਤਾ। 


ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚੋਤਾਣ ਦਾ ਕੇਂਦਰ ਬਣੀ ਯੂਕਰੇਨ ਜੰਗ ਦਾ ਦਾਰੋਮਦਾਰ ਬਹੁਪਸਾਰੀ ਹੈ। ਇਸ ਯੁੱਧ ਵਿੱਚ ਸਿੱਧੇ-ਅਸਿੱਧੇ ਤੌਰ ਤੇ ਸ਼ਾਮਲ ਤਾਕਤਾਂ ’ਚੋਂ ਕਿਸੇ ਇਕ ਧਿਰ ਦੇ ਕੋਣ ਤੋਂ ਖੜਕੇ ਦੇਖਣ ਨਾਲ ਜੰਗ ਦੀ ਰਾਜਨੀਤਿਕ-ਆਰਥਿਕਤਾ ਨੂੰ ਨਹੀਂ ਸਮਝਿਆ ਜਾ ਸਕਦਾ। ਮਸਲਨ, ਜ਼ੇਲੈਂਸਕੀ ਦੇ ਸੰਦਰਭ ਵਿੱਚ ਇਹ ਧਾਰਨਾ ਕਿ ‘ਇੱਕ ਜੋਕਰ ਨੇ ਦੇਸ਼ ਡੋਬ ਦਿੱਤਾ’, ਜੰਗ ਦੇ ਕੁੱਲ ਪਹਿਲੂਆਂ ਦਾ ਸਧਾਰਨੀਕਰਨ ਕਰਨ ਤੇ ਜੰਗ ਵਿੱਚ ਸ਼ਾਮਲ ਵੱਡੀਆਂ ਬਾਹਰੀ ਤਾਕਤਾਂ ਦੀ ਭੂਮਿਕਾ ਨੂੰ ਮੇਸਣ ਜਾਂ ਘੱਟ ਕਰਕੇ ਆਂਕਣ ਬਰਾਬਰ ਹੈ। ਇਤਿਹਾਸਕ ਤੌਰ ਤੇ ਇਸ ਜੰਗ ਵਿੱਚ ਰੂਸ ਦੀ ਭੂਮਿਕਾ ਅਟੁੱਟ ਤੌਰ ਤੇ ਜੁੜੀ ਹੋਈ ਹੈ। ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਬਾਅਦ ਯੂਕਰੇਨ ਸਮੇਤ ਅਨੇਕਾਂ ਕੌਮੀਅਤਾਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਵਜ਼ੋਂ ਹੋਂਦ ’ਚ ਆਈਆਂ ਸਨ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਪਤਨ ਬਾਅਦ ਰੂਸ ਨੇ ਸਾਮਰਾਜੀ ਪਦਚਿੰਨ੍ਹਾਂ ਤੇ ਚੱਲਦਿਆਂ ਆਪਣੇ ਪਸਾਰਵਾਦੀ ਹਿੱਤਾਂ ਤਹਿਤ ਆਪਣੇ ਖੁੱਸੇ ਹੋਏ ਖੇਤਰ ਨੂੰ ਮੁੜ ਹਾਸਲ ਕਰਨ ਦੀ ਹਿਰਸ ਪਾਲੀ ਹੋਈ ਹੈ। ਜਿਸ ਤਹਿਤ ਰੂਸ ਨੇ ਸਾਲ 2003 ’ਚ ਯੂਕਰੇਨ ਦੇ ਤੁਜ਼ਲਾ ਟਾਪੂ ਉੱਤੇ ਡੈਮ ਬਣਾਕੇ ਜਬਰੀ ਘੁਸਪੈਠ ਕੀਤੀ। ਅਮਰੀਕਾ ਨੇ ਯੂਕਰੇਨ ਦੇ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨਾਲ ਕਈ ਊਰਜਾ ਸਮਝੌਤੇ ਕਰਕੇ ਯੂਕਰੇਨ ਦੇ ਬੇਸ਼ਕੀਮਤੀ ਖੇਤਰਾਂ ਵਿੱਚ ਆਪਣੀ ਦਖਲਅੰਦਾਜ਼ੀ ਵਿੱਚ ਵਾਧਾ ਕੀਤਾ। ਯਾਨਕੋਵਿਚ ਨੇ ਰੂਸ ਦੇ ਪ੍ਰਭਾਵ ਹੇਠ ਆ ਕੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਅਤੇ ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਤੇ ਸੇਵਾਸਤੋਪੋਲ ਦੀ ਬੰਦਰਗਾਹ ਉੱਤੇ ਕਬਜਾ ਕੀਤਾ। ਰੂਸ ਨੇ 2014 ਤੋਂ ਬਾਅਦ ਜੰਗਬੰਦੀ ਲਈ ਹੋਏ ‘ਮਿੰਸਕ ਸਮਝੌਤੇ’ ਦੀ ਉਲੰਘਣਾ ਕਰਕੇ ਲਗਾਤਾਰ ਪੂਰਬੀ ਡੋਨਬਾਸ ਵਿੱਚ ਰੂਸੀ ਵੱਖਵਾਦੀਆਂ ਰਾਹੀਂ ਘੁਸਪੈਠ ਜਾਰੀ ਰੱਖੀ। ਇਸੇ ਦੌਰਾਨ ਯੂਕਰੇਨ ਨੇ ਆਪਣੇ ਪੱਛਮੀ ਖੇਤਰ ਵਿੱਚ ਰੂਸੀ ਘੁਸਪੈਠ ਦੇ ਖਤਰੇ ਤੋਂ ਬਚਾਅ ਲਈ ਨਾਟੋ ਦਾ ਆਸਰਾ ਤੱਕਣਾ ਸ਼ੁਰੂ ਕਰ ਦਿੱਤਾ। ਉਧਰ ਅਮਰੀਕਾ ਤੇ ਉਸਦੇ ਪੱਛਮੀ ਭਾਈਵਾਲ ਜੋ ਲਗਾਤਾਰ ਰੂਸ ਦੇ ਗੁਆਂਢੀ ਮੁਲਕਾਂ ’ਚ ਨਾਟੋ ਦਾ ਵਿਸਤਾਰ ਕਰਦੇ ਆ ਰਹੇ ਸਨ, ਲਈ ਇਹ ਸੁਨਹਿਰੀ ਮੌਕਾ ਵਰਦਾਨ ਬਣਕੇ ਬਹੁੜਿਆ।

ਇਸ ਜੰਗ ਵਿੱਚ ਜ਼ੇਲੈਂਸਕੀ ਦੀ ਇਤਿਹਾਸਕ ਤੇ ਬੱਜ਼ਰ ਗਲਤੀ ਇਹ ਸੀ ਕਿ ਉਸਨੂੰ ਸਾਮਰਾਜੀ ਤਾਕਤਾਂ ਦੇ ਵਿਸਥਾਰਵਾਦੀ ਚਰਿੱਤਰ ਦਾ ਇਲਮ ਨਹੀ ਸੀ। ਉਸਨੇ ਰੂਸੀ ਸਾਮਰਾਜ ਦੀ ਥਾਂ ਵੱਧ ਖੁੰਖਾਰ ਅਮਰੀਕੀ ਸਾਮਰਾਜ ਦੀ ਸ਼ਰਨ ਲੈ ਕੇ ਵੱਡੀ ਭੁੱਲ ਕੀਤੀ, ਜਿਸਦਾ ਖਾਮੀਆਜ਼ਾ ਅੱਜ ਯੂਕਰੇਨੀ ਲੋਕ ਭੁਗਤ ਰਹੇ ਹਨ। ਇਸ ਯੁੱਧ ਵਿੱਚ ਸਭ ਤੋਂ ਵੱਧ ਵਿੱਤੀ ਤੇ ਫੌਜ਼ੀ ਸਹਾਇਤਾ ਅਮਰੀਕਾ ਨੇ ਪ੍ਰਦਾਨ ਕੀਤੀ ਹੈ। ਅਮਰੀਕਾ ਨੇ ਰੂਸ ਖਿਲਾਫ ਯੂਕਰੇਨ ਦੀ ਧਰਤੀ ਤੇ ਲੁਕਵੀਂ ਜੰਗ (ਪ੍ਰੌਕਸੀ) ਲੜਨ ਲਈ ਜੰਗ ਦੇ ਕੁੱਲ ਫੌਜ਼ੀ ਹਾਰਡਵੇਅਰ ਦਾ 20% ਅਤੇ 180 ਅਰਬ ਅਮਰੀਕੀ ਡਾਲਰ (ਪੈਟਾਗਨ ਮੁਤਾਬਕ) ਤੋਂ ਵੱਧ ਦੀ ਵਿੱਤੀ ਸਹਇਤਾ ਪ੍ਰਦਾਨ ਕੀਤੀ ਹੈ। ਇਹਨਾਂ ਵਿਚੋਂ 33.8 ਅਰਬ ਡਾਲਰ ਦੇ ਹਥਿਆਰ ਤੇ ਗੋਲਾ-ਬਰੂਦ ਦਿੱਤਾ ਗਿਆ। ਅਮਰੀਕਾ ਦੀ ਜੰਗੀ ਨੀਤੀ ਅਤੇ ਉਸਦੇ ਪੱਛਮੀ ਭਾਈਵਾਲਾਂ ਦੀ ਹੱਲਾਸ਼ੇਰੀ ਕਾਰਨ ਯੂਕਰੇਨ ਜੰਗ ਦਾ ਪੱਧਰ ਤੇ ਪ੍ਰਭਾਵ ਵਿਸ਼ਵਵਿਆਪੀ ਬਣ ਗਿਆ। ਯੂਕਰੇਨ ਜੰਗ ਵਿੱਚ ਐਨਾ ਅੱਗੇ ਨਿਕਲ ਆਇਆ ਕਿ ਹੁਣ ਉਸਨੂੰ ਜੰਗ ਵਿੱਚੋਂ ਨਿਕਲਣ ਲਈ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਸਰੇ ਧੜੇ ਦੀ ਢੋਈ ਲੈਣੀ ਪੈ ਰਹੀ ਹੈ। ਰੂਸ ਨਾਲ ਸਨਮਾਨਜਨਕ ਸਮਝੌਤੇ ਉੱਤੇ ਪਹੁੰਚਣ ਲਈ ਉਸ ਨੂੰ ਰੂਸ ਉੱਤੇ ਜੰਗੀ ਦਬਾਅ ਲਈ ਅਮਰੀਕੀ ਹਵਾਈ ਰੱਖਿਆ, ਬੇਲਿਸਟਿਕ ਮਿਜ਼ਾਇਲਾਂ, ਸੈਟੇਲਾਈਟ ਸੰਚਾਰ (ਸਟਾਰਲਿੰਕ), ਫੌਜ਼ੀ ਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਵੀ ਹੈ ਅਤੇ ਜੰਗ ਦੁਆਲੇ ਸਾਮਰਾਜੀ ਤਾਕਤਾਂ ਤੇ ਕੂਟਨੀਤਿਕ ਦਬਾਅ ਬਣਾਉਣ ਅਤੇ ਵਿੱਤੀ ਸਹਾਇਤਾ ਲਈ ਯੂਰਪੀ ਸ਼ਕਤੀਆਂ ਦੀ ਵੀ ਲੋੜ ਹੈ। ਜ਼ੇਲੈਂਸਕੀ ਇੱਕ ਵਾਰ ਫਿਰ ਯੂਕਰੇਨ ਦੀ ਖੁਦਮੁਖਤਿਆਰੀ ਦੀ ਲੜਾਈ ਯੂਕਰੇਨੀ ਲੋਕਾਂ ਦੀ ਭਲਾਈ ਨਾਲੋਂ ਵਧਕੇ ਸਾਮਰਾਜੀ ਤਾਕਤਾਂ ਦੀ ਮੁਨਾਫ਼ਾਖੋਰ ਵਿਸਤਾਰਵਾਦੀ ਬਦਨੀਤੀ ਭਰੋਸੇ ਲੜ੍ਹਨ ਦੀ ਕੁਤਾਹੀ ਕਰ ਰਿਹਾ ਹੈ।

ਯੂਕਰੇਨ ਜੰਗ ਦੁਆਲੇ ਪੈਦਾ ਹੋਏ ਨਵੇਂ ਹਾਲਾਤਾਂ ਵਿੱਚੋਂ ਜਿੱਥੇ ਰੂਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ, ਉੱਥੇ ਦੂਜੇ ਪਾਸੇ ਚੀਨ ਜੰਗਾਂ ਤੋਂ ਲਾਂਬੇ ਰਹਿਕੇ ਆਪਣੇ ਵਪਾਰਿਕ ਹਿੱਤਾਂ ਲਈ ਸੰਸਾਰ ਮੰਡੀ ਵਿੱਚ ਲਗਾਤਾਰ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ। ਟਰੰਪ ਪ੍ਰਸ਼ਾਸ਼ਨ ਦੀ ਯੂਕਰੇਨ ਜੰਗ ਨੂੰ ਲੈ ਕੇ ਬਦਲੀ ਨੀਤੀ ਨਾਲ ਯੂਰਪ ਅੰਦਰ ਅਮਰੀਕੀ ਸ਼ਾਖ਼ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵੱਲੋਂ ਨਾਟੋ ’ਚੋਂ ਬਾਹਰ ਆਉਣ, ਯੂਐਸ ਏਡ ਬੰਦ ਕਰਨ ਅਤੇ ਨਾਟੋ ਭਾਈਵਾਲਾਂ ਉੱਤੇ ਫੌਜ਼ੀ ਖਰਚ ਲਈ ਬਜ਼ਟ ਹੋਰ ਵਧਾਉਣ ਦਾ ਦਬਾਅ ਅਤੇ ਟੈਰਿਫ ਨੂੰ ਲੈ ਕੇ ਯੂਰਪ, ਕੈਨੇਡਾ, ਮੈਕਸੀਕੋ, ਭਾਰਤ ਆਦਿ ਭਾਈਵਾਲਾਂ ਨਾਲ ਸ਼ੁਰੂ ਹੋਈ ਵਪਾਰਕ ਜੰਗ ਕਾਰਨ ਇਹਨਾਂ ਮੁਲਕਾਂ ਨੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਤੇ ਆਪਸੀ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਨਾਲ ਯੂਰੋ ਜ਼ੋਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ। ਚੀਨ, ਰੂਸ, ਯੂਰਪੀਅਨ ਯੂਨੀਅਨ, ਬ੍ਰਿਕਸ ਅਤੇ ਅਮਰੀਕੀ ਸਾਮਰਾਜ ਵਿਰੋਧੀ ਲਾਤੀਨੀ ਮੁਲਕਾਂ ਦੀ ਅਮਰੀਕਾ ਖਿਲਾਫ ਵਧਦੀ ਬੇਭਰੋਸਗੀ ਅਮਰੀਕੀ ਸਾਮਰਾਜ ਲਈ ਖਤਰੇ ਦੀ ਘੰਟੀ ਹੈ।


ਜੰਗਬੰਦੀ ਨੂੰ ਲੈ ਕੇ ਪੈਦਾ ਹੋਈ ਗੁੰਝਲਦਾਰ ਹਾਲਤ ਨਾਲ ਰੂਸ ਦੇ ਹੌਂਸਲੇ ਹੋਰ ਮਜ਼ਬੂਤ ਹੋਏ ਹਨ। ਰੂਸ ਨੇ ਜੰਗ ਦੀ ਤੀਜੀ ਵਰ੍ਹੇਗੰਡ ਮੌਕੇ ਯੂਕਰੇਨ ਉੱਤੇ ਹਮਲੇ ਤੇਜ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਯੂਕਰੇਨੀ ਸ਼ਰਤਾਂ ਤਹਿਤ ਸਮਝੌਤੇ ਲਈ ਰਾਜੀ ਨਹੀਂ ਹੈ। ਇਸ ਜੰਗ ਦਾ ਹਾਂਪੱਖੀ ਨਿਬੇੜਾ ਨਾ ਹੋਣ ਕਾਰਨ ਇਸਦਾ ਘੇਰਾ ਰੂਸ-ਯੂਕਰੇਨ ਤੋਂ ਵਧਕੇ ਸੰਸਾਰ ਸਾਮਰਾਜੀ ਧਿਰਾਂ ਵਿਚਕਾਰ ਆਪਸੀ ਖਹਿਭੇੜ ਤੱਕ ਫੈਲ ਗਿਆ ਹੈ। ਇਹ ਜੰਗ ਵਿਸ਼ਵ ਦੀਆਂ ਬਹੁਕੌਮੀ ਹਥਿਆਰ ਕਾਰਪੋਰੇਸ਼ਨਾਂ ਦੇ ਜੰਗੀ ਵਪਾਰ ਦੀ ਸ਼ਾਹਰਗ ਬਣ ਗਈ ਹੈ। ਯੂਕਰੇਨ ਜੰਗ ਦੇ ਲਟਕਣ ਨਾਲ ਗਲੋਬਲ ਸਪਲਾਈ ਚੇਨ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ਤੇ ਤੇਲ, ਗੈਸ, ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਰੂਸ-ਯੂਕਰੇਨ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਸਾਮਰਾਜੀ ਜੰਗਾਂ ਦੀ ਕੀਮਤ ਤਾਰਨੀ ਪੈ ਰਹੀ ਹੈ। ਇਹਨਾਂ ਘਾਤਕ ਜੰਗੀ ਹਾਲਾਤਾਂ ’ਚ ਰੂਸੀ ਅਤੇ ਯੂਕਰੇਨੀ ਲੋਕਾਂ ਨੂੰ ਭਾਵੁਕਤਾ ਵਸ ਆਪਣੇ ਦੇਸ਼ ਦੇ ਹਾਕਮਾਂ ਦੇ ਸਰਹੱਦੀ ਸੁਰੱਖਿਆ ਅਤੇ ਰਾਸ਼ਟਰੀ ਵਿਕਾਸ ਦੇ ਰਾਸ਼ਟਰਵਾਦੀ ਗੁਣਗਾਣ ਦੇ ਢਹੇ ਚੜ੍ਹਕੇ ਜੰਗ ਦਾ ਸਾਥ ਨਹੀਂ ਦੇਣਾ ਚਾਹੀਦਾ। ਮੌਜੂਦਾ ਸਾਮਰਾਜੀ ਜੰਗਾਂ ਮਨੁੱਖਤਾ ਦੀ ਬੰਦਖਲਾਸੀ ਲਈ ਨਹੀਂ ਬਲਕਿ ਪਿਛਾਂਹਖਿਚੂ ਜਮਾਤਾਂ ਦੀ ਅਦਲਾ-ਬਦਲੀ ਤੇ ਸਾਮਰਾਜੀ ਮੰਡੀ ਦੇ ਵਿਸਤਾਰ ਲਈ ਲੜੀਆਂ ਜਾ ਰਹੀਆਂ ਹਨ। ਲੋਕਾਂ ਨੂੰ ਸਾਮਰਾਜੀ-ਸਰਮਾਏਦਾਰ ਜੰਗਬਾਜ਼ਾਂ ਤੋਂ ਨਿਜ਼ਾਤ ਪਾਉਣ ਲਈ ਜੰਗ ਵਿੱਚ ਸ਼ਾਮਲ ਸਾਰੀਆਂ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

- ਮਨਦੀਪ (+1 438-924-2052)

Saturday, March 1, 2025

ਸਾਮਰਾਜੀ ਮੁਲਕਾਂ ‘ਚ ਵਿਕਸਤ ਤਕਨੀਕ ਲਈ ਮੁਕਾਬਲਾ

 


ਸਾਮਰਾਜੀ ਮੁਲਕਾਂ ਦੀਆਂ ਪੂੰਜੀਵਾਦੀ ਨੀਤੀਆਂ ਤਹਿਤ ਜਿੱਥੇ ਕੁਦਰਤੀ ਤੇ ਮਨੁੱਖੀ ਸ੍ਰੋਤਾਂ ਦੀ ਲੁੱਟ ਕਰ ਕੇ ਮੁਨਾਫ਼ੇ ਬਟੋਰੇ ਜਾਂਦੇ ਹਨ ਉੱਥੇ ਮਜ਼ਦੂਰਾਂ ਦਾ ਸ਼ੋਸ਼ਣ ਤੇ ਵੱਧ ਮੁਨਾਫ਼ੇ ਬਟੋਰਨ ਲਈ ਨਵੀਨਤਮ ਤਕਨਾਲੋਜੀ ਨੂੰ ਵੀ ਸੰਦ ਵਜੋਂ ਵਰਤਿਆ ਜਾਂਦਾ ਹੈ। ਤਕਨਾਲੋਜੀ, ਉਤਪਾਦਨ ਸ਼ਕਤੀਆਂ ਦਾ ਅੰਗ ਹੈ ਤੇ ਇਸ ਉੱਤੇ ਪੂੰਜੀਪਤੀਆਂ ਦਾ ਕੰਟਰੋਲ ਹੈ। ਪੂੰਜੀਵਾਦ ਅੰਦਰ ਤਕਨਾਲੋਜੀ ਮਨੁੱਖੀ ਭਲਾਈ ਦੀ ਬਜਾਇ ਮੁਨਾਫ਼ਿਆਂ ਵਿੱਚ ਉਚੇਰੇ ਵਾਧੇ ਲਈ ਵਿਕਸਿਤ ਕੀਤੀ ਜਾਂਦੀ ਹੈ। ਆਟੋਮੇਸ਼ਨ ਅਤੇ ਮਸ਼ੀਨੀਕਰਨ ਤਹਿਤ ਨਵੀਆਂ ਤਕਨੀਕੀ ਖੋਜਾਂ ਉਤਪਾਦਨ ਦੇ ਵਾਧੇ ਲਈ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਰੁਜ਼ਗਾਰ ਤੇ ਕਿਰਤ ਹਾਲਤਾਂ ਉੱਤੇ ਮਾਰੂ ਅਸਰ ਪੈਂਦੇ ਹਨ ਤੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਰਾਹ ਹੋਰ ਪੱਧਰਾ ਹੁੰਦਾ ਹੈ। ਸਾਮਰਾਜੀ ਦੌਰ ਅੰਦਰ ਤਕਨੀਕ ਦੀ ਨਵੀਨਤਾ ਵਿੱਚ ਆਈ ਤੇਜ਼ੀ ਜਿੱਥੇ ਉਤਪਾਦਨ ਵਿੱਚ ਤੇਜ਼ੀ ਲਿਆਉਂਦੀ ਹੈ ਉੱਥੇ ਇਹ ਆਰਥਿਕ, ਵਾਧੂ ਪੈਦਾਵਾਰ ਤੇ ਵਾਤਾਵਰਨ ਸੰਕਟ ਨੂੰ ਵੀ ਜਨਮ ਦਿੰਦੀ ਹੈ। ਨਕਲੀ ਬੁੱਧੀ ਦੇ ਆਧਾਰ ’ਤੇ ਚੀਨ ਦੀ ਡੀਪਸੀਕ ਤੇ ਅਮਰੀਕੀ ਓਪਨ ਏਆਈ ਪੂੰਜੀਵਾਦੀ ਮੁਨਾਫੇ ਵਿੱਚ ਵਾਧੇ ਦੀ ਹੋੜ ਦਾ ਪ੍ਰਗਟਾਵਾ ਹੈ।ਬੀਤੇ ਦਿਨੀਂ ਚੀਨ ਨੇ ਅਛੋਪਲੇ ਜਿਹੇ ਨਕਲੀ ਬੁੱਧੀ ਤਕਨੀਕ ਦੇ ਖੇਤਰ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਡੀਪਸੀਕ ਦੇ ਲਾਂਚ ਹੋਣ ਤੋਂ ਤੁਰੰਤ ਬਾਅਦ ਅਮਰੀਕੀ ਦਿਉਕੱਦ ਕਾਰਪੋਰੇਸ਼ਨਾਂ ਨੂੰ ਵੱਡੀ ਚੁਣੌਤੀ ਪੇਸ਼ ਹੋਈ। ਚੀਨ ਦੁਆਰਾ ਖੜ੍ਹੀ ਕੀਤੀ ਇਸ ਚੁਣੌਤੀ ਨਾਲ ਜਿੱਥੇ ਪਹਿਲਾਂ ਅਮਰੀਕਾ ਨਾਲ ਆਰਥਿਕ ਅਤੇ ਫ਼ੌਜੀ ਸ਼ਕਤੀ ਦੇ ਖੇਤਰ ਵਿੱਚ ਮੁਕਾਬਲਾ ਸੀ, ਉੱਥੇ ਇਸ ਨੇ ਤਕਨੀਕ ਦੇ ਖੇਤਰ ਵਿੱਚ ਵੀ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਡੀਪਸੀਕ ਦੀ ਆਮਦ ਨਾਲ ਅਮਰੀਕੀ ਸਟਾਕ ਮਾਰਕੀਟ ਇੱਕ ਖਰਬ ਡਾਲਰ ਹੇਠਾਂ ਡਿੱਗ ਗਈ ਤੇ ਸਿਲੀਕਾਨ ਵੈਲੀ ‘ਚ ਬੈਠੇ ਤਕਨੀਕੀ ਪੂੰਜੀਪਤੀਆਂ ’ਚ ਬੇਚੈਨੀ ਫੈਲ ਗਈ। ਡੀਪਸੀਕ ਦਾ ਆਗਾਜ਼ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਮਰੀਕਾ, ਚੀਨ ਨੂੰ ਸੁਧਰੀਆਂ ਹੋਈਆਂ ਨਵੀਡਿਆ ਚਿੱਪਾਂ ਦੇਣ ਤੋਂ ਰੋਕ ਲਗਾ ਚੁੱਕਾ ਸੀ ਤੇ ਉੱਨਤ ਸੈਮੀਕੰਡਕਟਰ ਨਿਰਮਾਣ ਉਪਕਰਣਾਂ ‘ਤੇ ਵੀ ਸਖ਼ਤ ਨਿਰਯਾਤ ਰੋਕਾਂ ਲਗਾਈਆਂ ਸਨ। ਇਸ ਦੇ ਬਾਵਜੂਦ, ਘੱਟ ਦਰਜੇ ਦੀਆਂ ਚਿੱਪਾਂ ਨਾਲ ਡੀਪਸੀਕ ਨੇ ਸਸਤੀਆਂ ਲਾਗਤਾਂ ਤੇ ਆਪਣਾ ਨਵੀਨਤਮ ਮਸਨੂਈ ਬੁੱਧੀ ਦਾ ਮਾਡਲ, ‘ਆਰ-ਵੱਨ’ ਬਜ਼ਾਰ ‘ਚ ਉਤਾਰਿਆ ਤਾਂ ਪੂਰੀ ਦੁਨੀਆ ਦੰਗ ਰਹਿ ਗਈ। ਇਸ ਨੇ ਦੁਨੀਆਂ ਦੇ ਦੂਜੇ ਮੁਲਕਾਂ ਦੀ ਅਮਰੀਕੀ ਤਕਨੀਕ ਤੋਂ ਨਿਰਭਰਤਾ ਨੂੰ ਘਟਾ ਦਿੱਤਾ ਤੇ ਅਮਰੀਕਾ ਦੇ ਦਬਦਬੇ ਨੂੰ ਵੰਗਾਰਿਆ। ਉਪਨ ਏਆਈ ਦੇ ਆਗਮਨ ਸਮੇਂ ਅਮਰੀਕੀ ਪੂੰਜੀਪਤੀਆਂ ਦੇ ਲਾਗਤ ਖ਼ਰਚੇ ਘਟੇ ਤੇ ਮੁਨਾਫ਼ੇ ਵਧੇ, ਕਈ ਖੇਤਰਾਂ ‘ਚ ਨੌਕਰੀਆਂ ਖ਼ਤਮ ਹੋਈਆਂ ਤੇ ਸੰਚਾਰ ਸਾਧਨਾਂ ‘ਤੇ ਪੱਛਮੀ ਪਕੜ ਮਜ਼ਬੂਤ ਹੋਈ ਜਿਸ ਨੇ ਅਮਰੀਕਾ ਦੀ ਇਜਾਰੇਦਾਰੀ ਅਤੇ ਮਨਮਾਨੀ ਵਧਾਈ। ਹੁਣ ਡੀਪਸੀਕ ਦੇ ਆਉਣ ਨਾਲ ਤਕਨੀਕੀ ਖੇਤਰ ਵਿੱਚ ਅੰਤਰ-ਸਾਮਰਾਜੀ ਮੁਕਾਬਲਾ ਹੋਰ ਵਧ ਜਾਵੇਗਾ।

ਮਸਨੂਈ ਬੁੱਧੀ ਵਿਸ਼ਾਲ ਖੇਤਰ ਹੈ ਜੋ ਮਸ਼ੀਨਾਂ ਅਤੇ ਕੰਪਿਊਟਰਾਂ ਨੂੰ ਬਣਾਉਣ ਲਈ ਵਿਕਸਿਤ ਤਕਨਾਲੋਜੀਆਂ ਦੀ ਵਰਤੋਂ ਨਾਲ ਮਸ਼ੀਨ ਨੂੰ ਮਨੁੱਖੀ ਬੁੱਧੀ ਨਾਲ ਜੁੜੇ ਬੌਧਿਕ ਕਾਰਜਾਂ ਦੀ ਨਕਲ ਕਰਨ ਦੇ ਸਮਰੱਥਾ ਬਣਾਉਂਦੇ ਹਨ, ਜਿਵੇਂ ਬੋਲੀ ਜਾਂ ਲਿਖੀ ਭਾਸ਼ਾ ਨੂੰ ਦੇਖਣ, ਸਮਝਣ ਅਤੇ ਜਵਾਬ ਦੇਣ ਦੇ ਯੋਗ ਹੋਣਾ, ਡਾਟਾ ਦਾ ਵਿਸ਼ਲੇਸ਼ਣ ਕਰਨਾ ਆਦਿ।ਏਆਈ, ਮਸ਼ੀਨ ਲਰਨਿੰਗ ਤਕਨੀਕ ਹੈ ਜੋ ਵੱਡੀ ਪੱਧਰ ਤੇ ਡਾਟਾ ਦਾ ਵਿਸ਼ਲੇਸ਼ਣ ਕਰਨ, ਸੋਝੀ ਤੋਂ ਸਿੱਖਣ ਅਤੇ ਫੈਸਲੇ ਲੈਣ ਲਈ ਐਲਗੋਰਿਦਮ ਦੀ ਵਰਤੋਂ ਕਰਦੀ ਹੈ। ਮਸ਼ੀਨ ਲਰਨਿੰਗ ਐਲਗੋਰਿਦਮ ਨੂੰ ਜਿੰਨਾ ਜ਼ਿਆਦਾ ਡਾਟਾ ਪ੍ਰਦਾਨ ਕੀਤਾ ਜਾਂਦਾ ਹੈ, ਮਾਡਲ ਓਨਾ ਹੀ ਬਿਹਤਰ ਪ੍ਰਦਰਸ਼ਨ ਕਰਦਾ ਹੈ। ਮਸਨੂਈ ਬੁੱਧੀ ਮਸ਼ੀਨ ਜਾਂ ਸਿਸਟਮ ਨੂੰ ਮਨੁੱਖ ਵਾਂਗ ਸਮਝਣ, ਤਰਕ ਕਰਨ, ਕੰਮ ਕਰਨ ਜਾਂ ਅਨੁਕੂਲ ਬਣਾਉਣ ਦੇ ਯੋਗ ਬਣਾਉਣ ਦਾ ਵਿਆਪਕ ਸੰਕਲਪ ਹੈ। ਨਕਲੀ ਬੁੱਧੀ ਦੇ ਮਸ਼ੀਨੀ ਵਿਚਾਰ, ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਤਿਆਰ ਕੀਤੇ ਗਏ ਹਨ। ਮਸ਼ੀਨ ਸਿਖਲਾਈ ਤਹਿਤ ਮਸ਼ੀਨ ਨੂੰ ਕਿਸੇ ਖਾਸ ਕੰਮ ਨੂੰ ਕਰਨ ਲਈ ਪੈਟਰਨਾਂ ਦੀ ਪਛਾਣ ਕਰ ਕੇ ਸਹੀ ਨਤੀਜੇ ’ਤੇ ਪਹੁੰਚਣ ਦੇ ਯਤਨ ਕਰਨੇ ਹੁੰਦੇ ਹਨ।ਹੁਣ ਤੱਕ ਏਆਈ ਦੀ ਤਕਨੀਕ ਵਿੱਚ ਅਮਰੀਕਾ ਦੀ ਝੰਡੀ ਰਹੀ ਹੈ ਪਰ ਚੀਨੀ ਏਆਈ ਸਟਾਰਟ-ਅੱਪ ਡੀਪਸੀਕ ਦੀ ਆਮਦ ਨੇ ਇਸਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਡੀਪਸੀਕ ਦੀ ਸਥਾਪਨਾ ਮਈ 2023 ਵਿੱਚ ਚੀਨੀ ਅਰਬਪਤੀ ਲਿਆਂਗ ਵੇਨਫੇਂਗ ਨੇ ਕੀਤੀ। ਡੀਪਸੀਕ ਦਾ ਪ੍ਰਦਰਸ਼ਨ ਅਮਰੀਕੀ ਕੰਪਨੀਆਂ ਜਿਵੇਂ ਮੈਟਾ ਅਤੇ ਓਪਨ ਏਆਈ ਦੇ ਅਤਿ-ਆਧੁਨਿਕ ਏਆਈ ਮਾਡਲਾਂ ਦਾ ਮੁਕਾਬਲਾ ਕਰਦਾ ਹੈ। ਡੀਪਸੀਕ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਸ ਮਾਡਲ ਨੂੰ ਬਣਾਉਣ ਦੀ ਲਾਗਤ ਮੇਟਾ ਅਤੇ ਹੋਰ ਮਾਡਲਾਂ ਨੂੰ ਬਣਾਉਣ ਲਈ ਲੋੜੀਂਦੀ ਲਾਗਤ ਦੇ ਮੁਕਾਬਲੇ ਬਹੁਤ ਨਿਗੂਣੀ ਹੈ। ਇਸ ਦੀ ਲਾਗਤ ਮਹਿਜ਼ 6 ਮਿਲੀਅਨ ਡਾਲਰ ਤੋਂ ਘੱਟ ਰਹੀ ਹੈ ਜਦਕਿ ਓਪਨਏਆਈ ਦੁਆਰਾ ਆਪਣੇ ਜੀਪੀਟੀ-4 ਮਾਡਲ 100 ਮਿਲੀਅਨ ਡਾਲਰ ’ਚ ਤਿਆਰ ਹੋਇਆ। ਚੀਨੀ ਏਆਈ ਡੀਪਸੀਕ, ਓਪਨਏਆਈ ਦੇ ਉੱਨਤ ਮਾਡਲਾਂ ਨੂੰ ਚੁਣੌਤੀ ਦਿੰਦਾ ਹੈ। ਡੀਪਸੀਕ ਨੇ ਪੁਰਾਣੇ, ਸਸਤੇ ਐਨਵੀਡੀਆ ਚਿੱਪਾਂ ਦੀ ਵਰਤੋਂ ਕਰ ਕੇ ਇਸ ਨੂੰ ਤਿਆਰ ਕੀਤਾ। ਦੂਜੇ ਪਾਸੇ, ਅਮਰੀਕਾ ਵਿੱਚ ਏਆਈ ਕੰਪਨੀਆਂ ਆਮ ਤੌਰ ’ਤੇ ਸ਼ਕਤੀਸ਼ਾਲੀ, ਮਹਿੰਗੇ ਐਨਵੀਡੀਆ ਚਿੱਪਾਂ ਦੀ ਵਰਤੋਂ ਕਰਦੀਆਂ ਹਨ। ਗੂਗਲ ਪਲੇਅ ਸਟੋਰ ’ਤੇ ਇਸ ਨੂੰ ਪਹਿਲਾਂ 10 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ। ਇਸ ਨੇ ਚੀਨ ਨੂੰ ਦੁਨੀਆ ਦੀ ਚੋਟੀ ਦੀ ਆਰਥਿਕ ਅਤੇ ਫੌਜੀ ਸ਼ਕਤੀ ਦੇ ਨਾਲ-ਨਾਲ ਤਕਨੀਕ ਅਤੇ ਏਆਈ ਦੀ ਸੂਚੀ ਦੇ ਸਿਖਰਲੇ ਖਿਡਾਰੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਅਮਰੀਕਾ ਨੇ ਏਆਰਐੱਮ, ਮਾਈਕ੍ਰੋਸਾਫਟ, ਨੇਵੀਡੀਆ, ਓਰੇਕਲ, ਅਤੇ ਓਪਨਏਆਈ ਵਰਗੇ ਤਕਨਾਲੋਜੀ ਖੇਤਰ ਦੇ ਦਿੱਗਜਾਂ ਨੂੰ ਮਿਲਾ ਕੇ ਸਟਾਰਗੇਟ ਪ੍ਰਾਜੈਕਟ ਨਾਂ ਹੇਠ ਅਗਲੇ ਚਹੁੰ ਵਰ੍ਹਿਆਂ ਲਈ 500 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਨਿਵੇਸ਼ਕ ਚਿੰਤਤ ਹਨ।ਡੀਪਸੀਕ ਦਾ ਉਭਾਰ ਬਹੁ-ਧਰੁਵੀ ਤਕਨੀਕੀ ਸੰਸਾਰ ਵੱਲ ਤਬਦੀਲੀ ਨੂੰ ਤੇਜ਼ ਕਰ ਸਕਦਾ ਹੈ। ਇਹ ਕੌਮਾਂਤਰੀ ਤਕਨੀਕੀ ਨੀਤੀ, ਵਪਾਰਕ ਸਬੰਧਾਂ ਅਤੇ ਤਕਨਾਲੋਜੀ ਖੇਤਰਾਂ ਵਿੱਚ ਵਿਸ਼ਵ ਸ਼ਕਤੀ ਸੰਤੁਲਨ ਨੂੰ ਪ੍ਰਭਾਵਤ ਕਰ ਸਕਦਾ ਹੈ। ਚੀਨ ਤੋਂ ਮਜ਼ਬੂਤ, ਓਪਨ-ਸੋਰਸ ਏਆਈ ਮੁਕਾਬਲੇਬਾਜ਼ ਦੀ ਮੌਜੂਦਗੀ ਏਆਈ ਸ਼ਾਸਨ, ਡੇਟਾ ਰਾਜ਼ਦਾਰੀ ਅਤੇ ਨੈਤਿਕ ਏਆਈ ਵਿਕਾਸ ’ਤੇ ਯੂਐੱਸ-ਅਗਵਾਈ ਵਾਲੇ ਬਿਰਤਾਂਤ ਨੂੰ ਵਿਗਾੜ ਸਕਦੀ ਹੈ।ਭੂ-ਸਿਆਸੀ ਤੌਰ ’ਤੇ ਵਪਾਰਕ ਯੁੱਧ ਅਤੇ ਤਕਨੀਕ ਖੇਤਰ ਦੀ ਮੁਕਾਬਲੇਬਾਜ਼ੀ ਸਾਮਰਾਜੀ ਮੁਲਕਾਂ ਵਿੱਚ ਮੰਡੀ ਦੇ ਵਿਸਤਾਰ ਤੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਸਾਧਨ ਹੈ। ਜਦੋਂ ਦੀ ਮਸਨੂਈ ਬੁੱਧੀ ਆਈ ਹੈ, ਇਸ ਨੇ ਗਾਹਕ ਸੇਵਾ ਅਤੇ ਸਹਾਇਤਾ ਕੇਂਦਰ, ਸਿਹਤ ਸੰਭਾਲ, ਬੀਮਾ, ਵਿੱਤ, ਨਿਰਮਾਣ, ਪ੍ਰਚੂਨ ਅਤੇ ਈ-ਕਾਮਰਸ, ਸਿੱਖਿਆ, ਆਵਾਜਾਈ ਅਤੇ ਲੌਜਿਸਟਿਕਸ, ਊਰਜਾ ਤੇ ਉਪਯੋਗਤਾਵਾਂ, ਮਨੋਰੰਜਨ ਤੇ ਮੀਡੀਆ ਅਤੇ ਕਾਨੂੰਨੀ ਸਹਾਇਤਾ ਵਰਗੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਵਰਲਡ ਇਕਨਾਮਿਕ ਫੋਰਮ ਦੇ ਸਰਵੇਖਣ ਅਨੁਸਾਰ, 41% ਗਲੋਬਲ ਕੰਪਨੀਆਂ ਏਆਈ ਦੇ ਉਭਾਰ ਕਾਰਨ ਅਗਲੇ ਪੰਜ ਸਾਲਾਂ ਵਿੱਚ ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਉਮੀਦ ਕਰਦੀਆਂ ਹਨ। ਦੂਜੇ ਪਾਸੇ, ਇਸ ਤਕਨੀਕ ਦੇ ਆਸਰੇ ਵੱਡੇ ਪੂੰਜੀਪਤੀਆਂ ਦਾ ਲਾਗਤ ਮੁੱਲ ਘਟ ਰਿਹਾ ਹੈ, ਕਿਰਤ ਸ਼ਕਤੀ ਘੱਟ ਰਹੀ ਹੈ, ਪਰਵਾਸ ਸੰਕਟ ਤਿੱਖਾ ਹੋ ਰਿਹਾ ਹੈ, ਪਰਵਾਸੀਆਂ ਦੇ ਬੇੜੀਆਂ ਪਾਈ ਜਬਰਨ ਘਰ ਵਾਪਸੀ ਕਰਾਈ ਜਾ ਰਹੀ ਹੈ ਪਰ ਮੁਨਾਫ਼ੇ ਸੁਪਰ ਹੋ ਰਹੇ ਹਨ। ਇਸ ਦੇ ਨਾਲ ਹੀ, ਇਹ ਤਕਨਾਲੋਜੀ ਦੇ ਮਾਧਿਅਮ ਨਾਲ ਹਾਕਮ ਜਮਾਤਾਂ ਦੀ ਸੰਚਾਰ ਦੇ ਸਾਧਨਾਂ ਉੱਤੇ ਪਕੜ ਮਜ਼ਬੂਤ ਹੋਈ। ਐਲਨ ਮਸਕ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਚੋਣਾਂ ‘ਚ ਸ਼ਰੇਆਮ ਸਹਿਯੋਗ, ਮਾਰਕ ਜ਼ੁਕਰਬਰਗ ਦਾ ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋਣਾ, ਵਾਸ਼ਿੰਗਟਨ ਪੋਸਟ ਦਾ ਐਮਾਜ਼ੋਨ ਦੇ ਮਾਲਕਾਂ ਹੱਥੋਂ ਵਿਕ ਜਾਣ ਨੇ ਮੀਡੀਆ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਵੱਡੀਆਂ ਕੰਪਨੀਆਂ ਦੇ ਕਬਜ਼ੇ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਇਸ ਤਕਨੀਕ ਦੇ ਵਿਕਸਿਤ ਹੋਣ ਨਾਲ ਪੂੰਜੀਪਤੀਆਂ ਦੇ ਮੁਨਾਫ਼ੇ ਦੂਣ-ਸਵਾਏ ਹੋ ਰਹੇ ਹਨ ਪਰ ਲੋਕਾਂ ਦੇ ਪੱਲੇ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਸੰਕਟ ਪੈ ਰਹੇ ਹਨ। ਤਕਨੀਕ ਤੇ ਉਤਪਾਦਨ ਦੇ ਸਾਧਨਾਂ ਉੱਪਰ ਮਾਲਕੀ ਜਦੋਂ ਤੱਕ ਚੰਦ ਘਰਾਣਿਆਂ ਦੀ ਹੈ, ਉਦੋਂ ਤੱਕ ਤਰੱਕੀ ਧਨਾਢਾਂ ਦੀ ਹੀ ਹੋ ਸਕਦੀ ਹੈ।

- ਹਰਸ਼ਵਿੰਦਰ 

ਸੰਪਰਕ: +61-414-101-993

ਪੰਜਾਬ ਦੇ ਨੌਜਵਾਨ ਪ੍ਰਵਾਸੀਆਂ ਦਾ ਸੰਤਾਪ


ਬੀਤੇ ਦਿਨੀਂ ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਤਿੰਨ ਜਹਾਜ਼ ਭਰਕੇ ਅਮਰੀਕਾ ਤੋਂ ਭਾਰਤ ਭੇਜੇ ਗਏ। ਸਿਤਮਜ਼ਰੀਫ਼ੀ ਦਾ ਇੱਕ ਪਹਿਲੂ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੇ ਅਮਰੀਕੀ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੀ ਬਜਾਏ ਪ੍ਰਵਾਸੀਆਂ ਦੇ ਦੇਸ਼-ਨਿਕਾਲੇ ਦੇ ਮੁੱਦੇ ਨੂੰ ਕੇਂਦਰ ’ਚ ਰੱਖਦਿਆਂ ਜਿੱਤ ਪ੍ਰਾਪਤ ਕੀਤੀ। ਅਮਰੀਕੀ ਵਿਦੇਸ਼ ਨੀਤੀ ਦੀ ਤਰਜ਼ ਤੇ ਕੈਨੇਡਾ ਅਤੇ ਇੰਗਲੈਂਡ ਵੀ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀਆਂ ਨੀਤੀਆਂ ਅਪਣਾਅ ਰਹੇ ਹਨ। ਭਾਵੇਂ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਿਦੇਸ਼ਾਂ ’ਚੋਂ ਕੱਢਣ ਦਾ ਵਰਤਾਰਾ ਕੋਈ ਨਵਾਂ ਨਹੀਂ ਹੈ, ਪਰੰਤੂ ਜਿੰਨੀ ਬੇਹੁਰਮਤੀ ਨਾਲ ਪ੍ਰਵਾਸੀਆਂ ਨੂੰ ਜਾਨਵਰਾਂ ਵਾਂਗ ਸੰਗਲਾਂ ’ਚ ਬੰਨ੍ਹਕੇ ਜੰਗੀ ਫੌਜੀ ਜਹਾਜ਼ਾਂ ’ਚ ਲੱਦ ਕੇ ਵਾਪਸ ਭੇਜਿਆ ਜਾ ਰਿਹਾ ਹੈ ਇਹ ਮਨੁੱਖੀ ਸੱਭਿਅਤਾ ਦੇ ਅਜੋਕੇ ਪੜਾਅ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਵਰਤਾਰਾ ਹੈ। ਦੇਸ਼ ਨਿਕਾਲੇ ਦੀ ਇਸ ਮੁਹਿੰਮ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਵੱਡੀ ਪ੍ਰਾਪਤੀ ਵਜੋਂ ਦਰਸਾਉਂਦਿਆਂ ਇਸਦਾ ਦੁਨੀਆ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਟਰੰਪ ਆਪਣੇ ਟੀਚੇ ਦੇ ਨੇੜੇ ਪਹੁੰਚਣ ਲਈ ਕੋਸਟਾ ਰੀਕਾ, ਗੁਆਟੇਮਾਲਾ ਤੇ ਪਨਾਮਾ ਦੇਸ਼ਾਂ ਦੀ ਸਹਿਮਤੀ ਨਾਲ ਉਨ੍ਹਾਂ ਦੇਸ਼ਾਂ ਵਿੱਚ ਵੀ ਪ੍ਰਵਾਸੀਆਂ ਦੇ ਜਹਾਜ਼ ਭਰਕੇ ਭੇਜ ਰਿਹਾ ਹੈ, ਜਿੱਥੇ ਉਹਨਾਂ ਨੂੰ ਜੇਲ੍ਹਾਂ ਤੇ ਨਿੱਜੀ ਹੋਟਲਾਂ ਵਿੱਚ ਨਜ਼ਰਬੰਦ ਕਰਕੇ ਰੱਖਿਆ ਜਾ ਰਿਹਾ ਹੈ। ਟਰੰਪ ਵੱਲੋਂ ਪ੍ਰਵਾਸੀਆਂ ਨੂੰ “ਅਪਰਾਧੀ” ਕਹਿਣਾ ਤੇ ਅਲ-ਸਲਵਾਡੋਰ ਵਰਗੀਆਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲ੍ਹਾਂ ਵਿੱਚ ਭੇਜਣ ਦੀਆਂ ਵਿਉਂਤਾਂ ਪ੍ਰਵਾਸੀਆਂ ਦੀਆਂ ਜਿੰਦਗੀਆਂ ਤੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਹਨ। ਇਸ ਵਕਤ ਅਮਰੀਕਾ ਵਿੱਚ ਖੜੀ ਕੀਤੀ ਗਈ ਰਾਸ਼ਟਰੀ ਸੰਕਟ ਦੀ ਸਥਿਤੀ ਵਿੱਚ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਮੈਕਸੀਕਨ ਲੋਕ ਹਨ, ਪਰੰਤੂ ਘੱਟ ਗਿਣਤੀ ਦੇ ਬਾਵਜੂਦ ਪੰਜਾਬੀਆਂ ਨੂੰ ਵੀ ਇਸ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਧਰ ਪੰਜਾਬ ਤੇ ਕੇਂਦਰ ਸਰਕਾਰ ਆਪਸੀ ਦੂਸ਼ਣਬਾਜ਼ੀ ਵਿੱਚ ਗ਼ਲਤਾਨ ਹੋ ਕੇ ਦੇਸ਼-ਨਿਕਾਲੇ ਦਾ ਸ਼ਿਕਾਰ ਪ੍ਰਵਾਸੀਆਂ ਉੱਪਰ ਸਿਆਸਤ ਕਰ ਰਹੀਆਂ ਹਨ। ਸੂਬਾਈ ਸਰਕਾਰ, ਕੇਂਦਰ ਸਰਕਾਰ ਉੱਤੇ ਦੋਸ਼ ਲਗਾ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਪ੍ਰਵਾਸੀਆਂ ਨਾਲ ਭਰੇ ਜਹਾਜ਼ ਪੰਜਾਬ ਵਿੱਚ ਕਿਉਂ ਉਤਾਰੇ ਜਾ ਰਹੇ ਹਨ? ਅਣ-ਮਨੁੱਖੀ ਤੇ ਬਦਸਲੂਕੀ ਵਾਲੇ ਤਰੀਕੇ ਨਾਲ ਬੇੜੀਆਂ ਵਿੱਚ ਜਕੜ ਕੇ ਭੇਜੇ ਭਾਰਤੀਆਂ ਉੱਪਰ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਲਈ ਇਹ ਤਰੀਕਾ ਕੋਈ ਨਵਾਂ ਨਹੀਂ। ਜੈਸ਼ੰਕਰ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਿੱਤਰ ਡੋਨਾਲਡ ਟਰੰਪ ਨਾਲ ਇਸ ਬਾਬਤ ਗੱਲਬਾਤ ਕਰਨਗੇ। ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਅਮਰੀਕੀ ਫੌਜ਼ ਦਾ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉੱਤਰਿਆ। ਮੋਦੀ ਤੇ ਟਰੰਪ ਦੀ ਮਿਲਣੀ ਦੌਰਾਨ ਦੂਜਾ ਅਮਰੀਕੀ ਹਵਾਈ ਸੈਨਾ ਜਹਾਜ਼ 116 ਭਾਰਤੀਆਂ ਸਣੇ ਪੰਜਾਬ ਪਹੁੰਚਿਆ ਤੇ ਮੋਦੀ ਦੇ ਅਮਰੀਕਾ ਤੋਂ ਭਾਰਤ ਪਰਤਣ ਤੇ ਟਰੰਪ ਵੱਲੋਂ ਅਮਰੀਕੀ ਹਵਾਈ ਸੈਨਾ ਦਾ ਤੀਜਾ ਜਹਾਜ਼ 112 ਭਾਰਤੀਆਂ ਨੂੰ ਬੇੜੀਆਂ ਨਾਲ ਜਕੜ ਕੇ ਅੰਮ੍ਰਿਤਸਰ ਉਤਰਦਾ ਹੈ। ਪ੍ਰਵਾਸੀਆਂ ਪ੍ਰਤੀ ਵਿਤਕਰੇ ਤੇ ਧੱਕੇ ਦੀ ਇਸ ਅਮਰੀਕੀ ਨੀਤੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਕਾਮਾਗਾਟਾਮਾਰੂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬੇਰੁਜ਼ਗਾਰੀ, ਨਸ਼ਾ ਤੇ ਖੇਤੀਬਾੜੀ ਸੰਕਟ ਵਾਂਗ ਪ੍ਰਵਾਸ ਵੀ ਪੰਜਾਬ ਦੇ ਸੰਕਟਾਂ ਦਾ ਇੱਕ ਚਰਚਿਤ ਰੁਝਾਨ ਬਣ ਗਿਆ ਹੈ। ਇਸ ਵੇਲੇ ਸੂਬਾਈ ਤੇ ਕੇਂਦਰੀ ਹਾਕਮਾਂ ਨੂੰ ਆਪਸੀ ਸਿਆਸੀ ਬਿਆਨਬਾਜ਼ੀਆਂ ਤੇ ਦੂਸ਼ਣਾਂ ਦੀ ਬਜਾਏ ਪ੍ਰਵਾਸ ਦੇ ਕਾਰਨਾਂ ਨੂੰ ਸਮਝਦਿਆਂ ਇਸਦੇ ਠੋਸ ਹੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। 
ਇੱਕ ਸਦੀ ਪਹਿਲਾਂ ਪੰਜਾਬ ਵਿੱਚੋਂ ਪ੍ਰਵਾਸ ਦਾ ਆਮ ਰੁਝਾਨ ਨਹੀਂ ਸੀ ਤੇ ਪੰਜਾਬੀਆਂ ਦਾ ਆਪਣੀ ਮਿੱਟੀ ਨਾਲ ਮੋਹ ਮਾਂ ਵਰਗਾ ਸੀ। ਵਿਰਲੇ-ਟਾਵੇਂ ਪ੍ਰਵਾਸ ਨੇ ਪੰਜਾਬ ਨੂੰ ਇਸ ਕਦਰ ਮਾਯੂਸ ਨਹੀਂ ਸੀ ਕੀਤਾ। ਪਰੰਤੂ ਹਰੇ ਇਨਕਲਾਬ ਤੋਂ ਤੁਰਤ ਬਾਅਦ ਪੰਜਾਬ ਦੀ ਖੇਤੀਬਾੜੀ ਵਿੱਚ ਹੋਏ ਤਿੱਖੇ ਸੁਧਾਰਾਂ ਨੇ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਤੇਜ਼ੀ ਨਾਲ ਬਦਲ ਦਿੱਤਾ। ਖੇਤੀਬਾੜੀ ਦੇ ਮਸ਼ੀਨੀਕਰਨ, ਸੁਧਰੇ ਹੋਏ ਬੀਜਾਂ ਤੇ ਰਸਾਇਣਕ ਖਾਦਾਂ ਸਦਕਾ ਖੇਤੀ ਦੇ ਉਤਪਾਦਨ ਵਿੱਚ ਅਥਾਹ ਵਾਧਾ ਤਾਂ ਹੋਇਆ, ਪਰੰਤੂ ਇਸ ਪੂੰਜੀਵਾਦੀ ਮਾਡਲ ਨੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀਬਾੜੀ ਵਿੱਚੋਂ ਬਾਹਰ ਧਕੇਲ ਦਿੱਤਾ। ਖੇਤੀ ਦੇ ਮਸ਼ੀਨੀਕਰਨ ਨੇ ਕਰਜ਼ੇ, ਖੁਦਕੁਸ਼ੀਆਂ ਤੇ ਜਾਨਲੇਵਾ ਬਿਮਾਰੀਆਂ ਦੇ ਨਾਲ-ਨਾਲ ਦਿਹਾਤੀ ਖੇਤਰਾਂ ਵਿੱਚ ਕਿਰਤ ਸ਼ਕਤੀ ਦੇ ਵੱਡੇ ਹਿੱਸੇ ਨੂੰ ਰੁਜ਼ਗਾਰ ਵਿਹੂਣੇ ਕਰ ਦਿੱਤਾ। ਇਹੀ ਵਾਧੂ ਕਿਰਤ ਸ਼ਕਤੀ ਸ਼ਹਿਰਾਂ, ਅਰਬ ਮੁਲਕਾਂ ਤੇ ਵਿਕਸਿਤ ਮੁਲਕਾਂ ਵਿੱਚ ਸਸਤੀ ਕਿਰਤ ਸ਼ਕਤੀ ਵਜੋਂ ਸਮਾਅ ਜਾਣ ਲਈ ਮੰਡੀ ਭਾਲਣ ਲੱਗੀ। ਵਿਸ਼ਵੀਕਰਨ ਦੀਆਂ ਨੀਤੀਆਂ ਨੇ ਸੰਸਾਰ ਮੰਡੀ ਦਾ ਪਣਾ ਹੋਰ ਵੱਡਾ ਕਰ ਦਿੱਤਾ। ਪਿੰਡਾਂ ਦੇ ਨੌਜਵਾਨ ਘਾਟੇਵੰਦੀ ਖੇਤੀ ਦਾ ਪੱਲੜਾ ਛੱਡਕੇ ਸਰਕਾਰੀ ਨੌਕਰੀਆਂ ਲਈ ਉੱਚ ਵਿੱਦਿਆ ਹਾਸਲ ਕਰਨ ਲੱਗੇ। ਨੌਜਵਾਨਾਂ ਨੇ ਪਿੰਡ ਛੱਡ ਸ਼ਹਿਰਾਂ ਵਿੱਚ ਡੇਰੇ ਲਾ ਲਏ। ਸ਼ਹਿਰੀ ਮਾਨਸਿਕਤਾ ਦਾ ਪੇਂਡੂ ਮਾਨਸਿਕਤਾ ਨਾਲੋਂ ਲਗਾਅ ਕੇ ਰਿਸ਼ਤਾ ਟੁੱਟਣ ਲੱਗਾ, ਜਿਸ ਨਾਲ ਸਮਾਜਿਕ ਸਬੰਧਾਂ ਤੇ ਸੱਭਿਆਚਾਰ ਦਾ ਬਜ਼ਾਰੀਕਰਨ ਹੋਣ ਲੱਗਾ। ਪੂੰਜੀ ਦੀ ਦੌੜ ’ਚ ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਂਨਗਰਾਂ ਰਾਹੀਂ ਹੁੰਦੀ ਹੋਈ ਕਿਰਤ ਸ਼ਕਤੀ ਜਲਦ ਹੀ ਸੱਤ ਸੰਮੁਦਰੋਂ ਪਾਰ ਉਡਾਰੀ ਮਾਰਨ ਲੱਗੀ। ਉਧਰ ਵਿਕਸਤ ਮੁਲਕਾਂ ਨੇ ਆਪਣੇ ਉੱਚ ਤਕਨੀਕੀ ਪੱਧਰ ਲਈ ਰਵਾਇਤੀ ਤੇ ਗੈਰ-ਹੁਨਰਮੰਦ ਕਾਮਿਆਂ ਦੀ ਥਾਂ ਹੁਨਰਮੰਦ ਤੇ ਪੜ੍ਹੇ-ਲਿਖੇ ਕਾਮਿਆਂ ਦੀ ਦਰਾਮਦੀ ਲਈ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਖਿਆ ਨੀਤੀ ਨਾਲ ਜੋੜ ਦਿੱਤਾ। ਇਸਨੇ ਪੰਜਾਬ ਵਰਗੇ ਸੂਬਿਆਂ ਅੰਦਰ ਸਿੱਖਿਆ ਦੇ ਮਾਅਨੇ ਹੀ ਬਦਲ ਦਿੱਤੇ। ਸਿੱਖਿਆ ਨੀਤੀ, ਵਪਾਰਕ ਤੇ ਵੀਜ਼ਾ ਨੀਅਤੀ ਬਣ ਗਈ। ਪੱਛਮੀ ਮੁਲਕਾਂ ਨੇ ਸਸਤੇ ਤੇ ਹੁਨਰਮੰਦ ਕਾਮਿਆਂ ਦੀ ਲੋੜ ਲਈ ਸਿੱਖਿਆ ਨੂੰ ਵਪਾਰ ਬਣਾ ਕੇ ਲੱਖਾ ਨੌਜਵਾਨਾਂ ਨੂੰ ਆਪਣੀ ਮੰਡੀ ’ਚ ਰੁਜ਼ਗਾਰ ਲਈ ਆਕਰਸ਼ਿਤ ਕੀਤਾ। ਪੰਜਾਬ ਅੰਦਰ ਖੂੰਬਾਂ ਵਾਂਗ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਖੁੱਲ੍ਹੇ। ਇੱਕ ਰਿਪੋਰਟ ਮੁਤਾਬਕ ਲਗਭਗ 11000 ਆਈਲੈਟਸ ਸੈਂਟਰ ਸਿਰਫ਼ ਪੰਜਾਬ ਵਿੱਚ ਹਨ। ਇਹ ਸੈਂਟਰ ਅੰਗਰੇਜ਼ੀ ਭਾਸ਼ਾ ਤੇ ਗਿਆਨ ਪ੍ਰਾਪਤੀ ਲਈ ਨਹੀਂ ਖੁੱਲ੍ਹੇ ਸਗੋਂ ਵਿਦੇਸ਼ੀ ਮੰਡੀ ਵਿੱਚ ਹੁਨਰਮੰਦ ਕਾਮਿਆਂ ਦੇ ਨਿਰਯਾਤ ਲਈ ਸਨ। ਇਸਨੇ ਪੰਜਾਬ ਦੀ ਪੂੰਜੀ, ਸਸਤੀ ਕਿਰਤ ਸ਼ਕਤੀ ਤੇ ਬੌਧਿਕ ਹੂੰਝੇ ਲਈ ਜ਼ਮੀਨ ਤਿਆਰ ਕੀਤੀ। ਇਸ ਵਰਤਾਰੇ ਨੇ ਪ੍ਰਵਾਸ ਸੰਕਟ ਨੂੰ ਹੋਰ ਵੱਧ ਜਰਬਾਂ ਦੇ ਦਿੱਤੀਆਂ। ਹਰੇ ਇਨਕਲਾਬ ਦੀਆਂ ਬਰਕਤਾਂ ਦੀ ਬਦੌਲਤ ਖੇਤੀਬਾੜੀ ਵਿੱਚੋਂ ਬਾਹਰ ਹੋਈ ਵਾਧੂ ਵਸੋਂ ਨੇ ਚੰਗੇ ਭਵਿੱਖ ਤੇ ਰੁਜ਼ਗਾਰ ਦੀ ਤਲਾਸ਼ ਵਿੱਚ ਉਹਨਾਂ ਮੁਲਕਾਂ ਵੱਲ ਰੁਖ ਕੀਤਾ, ਜਿੱਥੇ ਪੰਜਾਬ ਦੇ ਮੁਕਾਬਲੇ ਉਜ਼ਰਤੀ ਮੁੱਲ ਵੱਧ ਤੇ ਬਿਹਤਰ ਜੀਵਨ ਪੱਧਰ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁਤਾਬਕ ਖੇਤੀਬਾੜੀ ਵਿੱਚੋਂ ਬਾਹਰ ਹੋਈ ਪੰਜਾਬੀ ਵਸੋਂ ਦੇ 42% ਹਿੱਸੇ ਨੇ ਕੈਨੇਡਾ, 16% ਦੁਬਈ ਤੇ 10% ਆਸਟ੍ਰੇਲੀਆ ਵਿੱਚ ਪ੍ਰਵਾਸ ਕੀਤਾ।
ਹਰੇ ਇਨਕਲਾਬ ਦੇ ਮਾਰੂ ਪ੍ਰਭਾਵ ਤੋਂ ਇਲਾਵਾ ਪੰਜਾਬ ਦੀ ਜਵਾਨੀ ਨੂੰ ਹਥਿਆਰਬੰਦ ਜੁਝਾਰੂ ਨਕਸਲ਼ਬਾੜੀ ਲਹਿਰ ਤੇ ਖਾੜਕੂ ਲਹਿਰ ਦੌਰਾਨ ਸਰਕਾਰੀ ਦਹਿਸ਼ਤ ਦਾ ਸਾਹਮਣਾ ਵੀ ਕਰਨਾ ਪਿਆ। ਘੱਟ ਗਿਣਤੀਆਂ ਵਿਰੁੱਧ ਰਾਜਕੀ ਧੱਕੇਸ਼ਾਹੀ ਨੇ ਪਰਵਾਸ ਦੇ ਵੇਗ ਨੂੰ ਹੋਰ ਵੱਧ ਹੁਲਾਰਾ ਦਿੱਤਾ। ਮਾੜੇ ਵੇਲਿਆਂ ਵੇਲੇ ਪੰਜਾਬੀਆਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਪਨਾਹ ਦਿਵਾਉਣ ਲਈ ਹਰ ਹੀਲੇ ਵਰਤੇ। ਡਰ, ਸਹਿਮ ਤੇ ਸਰਕਾਰੀ ਜਬਰ ਤੋਂ ਬਚਣ ਲਈ ਯੂਕੇ, ਅਮਰੀਕਾ ਤੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪ੍ਰਵਾਸ ਕੀਤਾ। ਉਸ ਸਮੇਂ ਜਿਆਦਾਤਰ ਲੋਕਾਂ ਨੇ ਆਪਣੇ ਮੁਲਕ ਵਿੱਚ ਖਤਰੇ ਬਹਾਨੇ ਵਿਦੇਸ਼ਾਂ ਵਿੱਚ ਸਿਆਸੀ ਸ਼ਰਨ ਲਈ। ਪੰਜਾਬ ਦੇ ਇਹਨਾਂ ਸ਼ਰਨਾਰਥੀਆਂ ਦਾ ਕੁਝ ਹਿੱਸਾ ਵਿਦੇਸ਼ੀ ਤਾਕਤਾਂ ਲਈ ਕੂਟਨੀਤਿਕ ਹਥਿਆਰ ਤੇ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਲਈ ਸਿਆਸੀ ਲਾਹੇ ਤੇ ਪਾਰਟੀ ਫੰਡ ਦਾ ਸਾਧਨ ਵੀ ਬਣਿਆ। ਪੰਜਾਬ ਦੇ ਇੱਕ ਸਿਆਸੀ ਲੀਡਰ ਦੇ ਇਕਬਾਲੀਆ ਬਿਆਨ ਮੁਤਾਬਕ ਉਸਦੀ ਪਾਰਟੀ ਨੇ ਤਕਰੀਬਨ 50,000 ਪੱਤਰ ਬਾਹਰਲੇ ਮੁਲਕਾਂ ਵਿੱਚ ਪਨਾਹ ਲੈਣ ਵਾਲਿਆਂ ਨੂੰ ਮੁਹੱਇਆ ਕਰਵਾਏ (ਵੇਚੇ) ਹਨ।
ਦੂਸਰਾ, 90ਵਿਆਂ ਦੇ ਦੌਰ ਅੰਦਰ ਭਾਰਤ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਦੀ ਆਮਦ ਨਾਲ ਭਾਰਤ ਦੇ ਜਨਤਕ ਖੇਤਰ ਦਾ ਭੋਗ ਪੈਣਾ ਸ਼ੁਰੂ ਹੋ ਗਿਆ। ਇਸ ਨਾਲ ਪੜ੍ਹੇ-ਲਿਖੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਦੇ ਸੁਪਨੇ ਖੁਰਨ ਲੱਗੇ ਤੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਗਿਆ। ਸਰਕਾਰੀ ਨੌਕਰੀਆਂ ਜਾਂ ਰੁਜ਼ਗਾਰ ਦੀ ਗਰੰਟੀ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਵਧਣ ਲੱਗੀ ਤੇ ਲੋਕਾਂ ਨੇ ਆਪਣੇ ਵਸੀਲੇ ਵੇਚਕੇ ਬਾਹਰਲੇ ਮੁਲਕਾਂ ਨੂੰ ਜਾਣ ਦਾ ਫੈਸਲਾ ਕੀਤਾ। 
ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਰੁਖ਼ਸਤ ਕਰਨ ’ਚ ਪੰਜਾਬ ਦੀਆਂ ਸੂਬਾ ਸਰਕਾਰਾਂ ਦੀ ਵੀ ਵੱਡੀ ਭੂਮਿਕਾ ਹੈ। ਪੰਜਾਬ ਦੀਆਂ ਵੱਖ-ਵੱਖ ਕਿਸਮ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ, ਬੇਰੁਜ਼ਗਾਰੀ, ਮਹਿੰਗਾਈ, ਗੈਂਗਸਟਰਵਾਦ, ਭ੍ਰਿਸ਼ਟਾਚਾਰ, ਸਮਾਜਿਕ ਅਸੁਰੱਖਿਆ ਤੇ ਕਰਜ਼ਿਆਂ ਵੱਲ ਧੱਕਿਆ। ਲੋਕ ਆਪਣੇ ਬੱਚਿਆਂ ਨੂੰ ਕੈਮੀਕਲ ਨਸ਼ਿਆਂ ਤੇ ਗੈਂਗਵਾਦ ਦੀ ਮਾਰ ਤੋਂ ਬਚਾਉਣ ਲਈ ਕਿਸੇ ਵੀ ਹਾਲ ਵਿੱਚ ਵਿਦੇਸ਼ਾਂ ਨੂੰ ਭੇਜਣ ਲਈ ਮਜਬੂਰ ਹੋ ਗਏ। ਦੇਸ਼ ਵਿਚਲੇ ਅਸੁਰੱਖਿਅਤ ਭਵਿੱਖ ਤੋਂ ਇਲਾਵਾ ਵਿਦੇਸ਼ਾਂ ਵਿਚਲੀ ਵਿਅਕਤੀਗਤ ਅਜ਼ਾਦੀ, ਖਪਤਵਾਦੀ ਪੱਛਮੀ ਸੱਭਿਆਚਾਰ ਅਤੇ ਮੰਡੀ ਦੀ ਚਕਾਚੌਂਧ ਨੇ ਵੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਹੈ। ਇਸਤੋਂ ਬਿਨਾਂ ਵਿਦੇਸ਼ਾਂ ਵਿੱਚ ਮਜ਼ਬੂਤ ਬੁਨਿਆਦੀ ਢਾਚੇ, ਮੁਕਾਬਲਤਨ ਬਿਹਤਰ ਸਿਹਤ ਤੇ ਸਿੱਖਿਆ ਸੇਵਾਵਾਂ, ਸਾਫ ਵਾਤਾਵਰਣ, ਪੰਜਾਬ ਮੁਕਾਬਲੇ ਉੱਚ ਉਜ਼ਰਤਾਂ, ਰੁਜ਼ਗਾਰ ਦੇ ਮੌਕੇ ਤੇ ਸਮਾਜਿਕ ਸੁਰੱਖਿਆ ਤੇ ਲਾਭਾਂ ਨੇ ਵੀ ਤੀਜੀ ਦੁਨੀਆਂ ਦੇ ਵਾਸੀਆਂ ਨੂੰ ਅਵਾਸ ਲਈ ਆਕ੍ਰਸ਼ਿਤ ਕੀਤਾ। 
ਪਰੰਤੂ ਹੁਣ ਧੀਮੀ ਹੋ ਰਹੀ ਗਲੋਬਲ ਆਰਥਿਕਤਾ ਦੇ ਮੱਦੇਨਜ਼ਰ ਗੈਰ-ਹੁਨਰਮੰਦ ਕਾਮਿਆਂ ਦੀ ਮੰਗ ਘਟਣ ਕਾਰਨ ਪੱਛਮੀ ਮੁਲਕ ਧੜਾਧੜ ਆਪਣੀਆਂ ਅਵਾਸ ਤੇ ਸਿੱਖਿਆ ਨੀਤੀਆਂ ਬਦਲ ਰਹੇ ਹਨ। ਇਸਤੋਂ ਇਲਾਵਾ ਵਿਕਸਿਤ ਮੁਲਕਾਂ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਦੀ ਕੀਤੀ ਲੁੱਟ-ਖਸੁੱਟ ਵਿੱਚੋਂ ਹੋਏ ਅਣਸਾਵੇਂ ਵਿਕਾਸ ਤੇ ਉਜਾੜੇ ਕਾਰਨ ਮਾਲਟਾ ਕਾਂਡ ਤੇ ਕਾਮਾਗਾਟਾਮਾਰੂ ਜਿਹੀਆਂ ਦਰਦਨਾਕ ਤੇ ਸ਼ਰਮਨਾਕ ਘਟਨਾਵਾਂ ਵੱਖਰੇ ਰੂਪ ’ਚ ਮੁੜ ਵਾਪਰਦੀਆਂ ਨਜ਼ਰ ਆ ਰਹੀਆਂ ਹਨ। ਜ਼ਿੰਦਗੀ ਦੀ ਜਮ੍ਹਾ ਪੂੰਜੀ ਖ਼ਰਚਕੇ ਗਰੀਬੀ ਤੇ ਬੇਰੁਜ਼ਗਾਰੀ ਦੀਆਂ ਜ਼ੰਜੀਰਾਂ ਤੋੜਨ ਲਈ ਵਤਨੋ ਬੇਵਤਨ ਹੋਏ ਨੌਜਵਾਨ ਮੁੜ ਬੇੜੀਆਂ ’ਚ ਜਕੜੇ ਵਤਨ ਪਰਤ ਰਹੇ ਹਨ। ਦੇਸ਼ ਦੀਆਂ ਸਰਕਾਰਾਂ ਨੂੰ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੇ ਸਵੈਮਾਣ ਨੂੰ ਇਸ ਤਰ੍ਹਾਂ ਮਿੱਟੀ ’ਚ ਰੋਲ੍ਹਣ ਦਾ ਹੱਕ ਨਹੀਂ ਦੇਣਾ ਚਾਹੀਦਾ। ਇਸਤੋਂ ਵੀ ਵਧਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਧਰਤੀ ਤੇ ਸੁਰੱਖਿਅਤ ਭਵਿੱਖ, ਰੁਜ਼ਗਾਰ ਤੇ ਬੁਨਿਆਦੀ ਸਹੂਲਤਾਂ ਦੇਣ ਦਾ ਬੰਦੋਬਸਤ ਕਰੇ। ਇਸ ਨਾਜ਼ੁਕ ਮੌਕੇ ਤੇ ਦੇਸ਼-ਨਿਕਾਲੇ ਦੇ ਸ਼ਿਕਾਰ ਪ੍ਰਵਾਸੀਆਂ ਪ੍ਰਤੀ ਸਮਾਜਿਕ ਅਲਹਿਦਗੀ ਤੇ ਤ੍ਰਿਸਕਾਰ ਨਾਲੋਂ ਵੱਧ ਇਸਨੂੰ ਪੰਜਾਬ ਦੇ ਸਮੁੱਚੇ ਸੰਕਟ ਦੇ ਅੰਗ ਵਜ਼ੋਂ ਵਿਚਾਰਨਾ ਬੇਹੱਦ ਮਹੱਤਵਪੂਰਨ ਹੈ।  

- ਖੁਸ਼ਪਾਲ (+1 514-576-4373)
- ਮਨਦੀਪ (+1 438-924-2052)