ਅਗਾਂਹਵਧੂ ਇੰਡੋ-ਕੈਨੇਡੀਅਨ ਭਾਈਚਾਰੇ ਦੀ ਮਹਿਬੂਬ ਸਖਸ਼ੀਅਤ, ਕੈਨੇਡਾ ਦੀ ਤਰਕਸ਼ੀਲ-ਜਮਹੂਰੀ ਲਹਿਰ ਦੀ ਜਿੰਦ-ਜਾਨ ਤੇ ਬੇਹੱਦ ਨਿਮਰ ਇਨਸਾਨ ਬਾਈ ਅਵਤਾਰ ਗਿੱਲ ਲੋਕ ਲਹਿਰ ਦੇ ਕਾਫ਼ਲੇ ਚੋਂ ਵਿਗੋਚਾ ਦੇ ਗਏ ਹਨ। ‘ਬਾਈ’ ਦਾ ਮਾਣਮੱਤਾ ਰੁਤਬਾ ਮਾਲਵੇ ਦੀ ਮਿੱਟੀ ਤੇ ਬਹਿਣੀ ਵੱਲੋਂ ਉਸ ਵਿਅਕਤੀ ਨੂੰ ਮਿਲਦਾ ਹੈ ਜਿਸ ਨੇ ਆਪਣੇ ਕਰਮ ਨਾਲ, ਅਪਣੇ ਵਿਹਾਰ ਨਾਲ, ਅਪਣੀ ਸੁੱਗੜ ਸੋਝੀ ਨਾਲ ਲੋਕਾਂ ਦੇ ਦਿਲਾਂ ‘ਚ ਵਿਲੱਖਣ ਥਾਂ ਬਣਾ ਲਈ ਹੋਵੇ। ਲਗਾਤਾਰ ਪੈਂਤੀ ਸਾਲ ਤੋਂ ਪਰਵਾਸ ਹੰਢਾਅ ਰਹੇ ਬਾਈ ਅਵਤਾਰ ਨੇ ਕਦੇ ਅਪਣੇ ਕੈਨੇਡੀਅਨ ਹੋਣ ਦੀ ਭੱਲ ਦਾ ਭਰਮ ਨਹੀਂ ਸੀ ਪਾਲਿਆ। ਉਹ ਆਪਣੀ ਜਨਮ ਭੂਮੀ ਨੂੰ ਵੀ ਉਨ੍ਹਾਂ ਹੀ ਮੋਹ ਕਰਦਾ ਸੀ ਜਿਨ੍ਹਾਂ ਆਪਣੀ ਕਰਮ ਸਥਲੀ ਨੂੰ। ਬੇਹੱਦ ਮੋਹਵੰਤੀ ਸਖਸੀਅਤ ਦਾ ਮਾਲਕ ਬਾਈ ਅਵਤਾਰ ਕਿਸੇ ਦੇ ਵੀ ਧੁਰ ਅੰਦਰ ਸਮਾਅ ਜਾਣ ਦੀ ਢੇਰ ਸਾਰੀ ਸਮਰੱਥਾ ਰੱਖਦਾ ਸੀ।
1994 ‘ਚ ਬਿਜਲੀ ਬੋਰਡ ਦੀ ਪੱਕੀ ਨੌਕਰੀ ਛੱਡ ਚੁਹੜਚੱਕ ਅਤੇ ਕੋਠੇ ਜੀਵੇ ਕੇ ਦਾ ਇਹ ਸਾਂਝਾ ਬਾਸ਼ਿੰਦਾ ਦੋਹਾਂ ਧਰਤੀਆਂ ਤੇ ਇਕੋ ਜਿਹਾ ਹਰਮਨ ਪਿਆਰਾ ਸੀ। ਉਮਰ ਦੇ ਸੱਤਵੇਂ ਦਹਾਕੇ ਦੇ ਆਖਰੀ ਵਰੇ ਨੂੰ ਢੁਕ ਰਹੇ ਬਾਈ ਨੇ ਸਰੀ ਵੈਨਕੂਵਰ ‘ਚ ਟੈਕਸੀ ਚਲਾਉਂਦਿਆਂ, ਤਿੰਨ ਪੁੱਤਰਾਂ ਤੇ ਦੋ ਧੀਆਂ ਨੂੰ ਪੜ੍ਹਾਉਂਦਿਆਂ, ਪਾਲਦਿਆਂ, ਜ਼ਿੰਦਗੀ ਜਿਊਣ ਜੋਗਾ ਕਰਦਿਆਂ ਸਾਢੇ ਤਿੰਨ ਦਹਾਕਿਆਂ ਦਾ ਪਰਵਾਸ ਭੋਗ ਲਿਆ ਸੀ। ਕੈਨੇਡਾ ਜਿਹੀ ਪੂੰਜੀਵਾਦੀ ਵਿਵਸਥਾ ਅਤੇ ਨਿੱਜਪ੍ਰਸਤੀ ਵਾਲੇ ਮੁਲਕ ‘ਚ ਤਰਕਸ਼ੀਲ ਲਹਿਰ ਦਾ ਝੰਡਾ ਗੱਡਣ ਵਾਲੇ ਬਾਈ ਅਵਤਾਰ ਦੇ ਤਰਕ ਅਤੇ ਠਰ੍ਹੰਮੇਂ ਦੇ ਉਸ ਦੇ ਦੁਸ਼ਮਣ ਵੀ ਮੁਰੀਦ ਸਨ। ਗੱਲ ਦੀ ਪੇਸ਼ਕਾਰੀ ਦੀ ਕਲਾ ਹਰ ਕਿਸੇ ਕੋਲ ਨਹੀਂ ਹੁੰਦੀ ਪਰ ਗੋਰਾਸ਼ਾਹੀ ਮੁਲਕ ‘ਚ ਰੇਡਿਉ ਰੈੱਡ. ਐਫ. ਐਮ. ‘ਤੇ ਪਾਖੰਡੀਆਂ, ਭੇਖੀ-ਬਾਬਿਆਂ, ਜੋਤਸ਼ੀਆਂ, ਵਹਿਮਾਂ-ਭਰਮਾਂ, ਵਾਸਤੂ ਸ਼ਾਸਤਰ ਖਿਲਾਫ ਉਸ ਵਲੋਂ ਗੁੰਜਾਈ ਚੁਣੋਤੀ ਨੂੰ ਅਜੇ ਤੱਕ ਕਿਸੇ ਪਾਖੰਡੀ ਨੇ ਸਵੀਕਾਰ ਕਰਨ ਦੀ ਜੁਰਅਤ ਨਹੀਂ ਕੀਤੀ। ਉਸ ਦਾ ਐਲਾਨ ਸੀ ਕਿ ਜੇ ਕੋਈ ਸਾਡੀਆਂ ਬਾਰ੍ਹਾਂ ਸ਼ਰਤਾਂ ਪੂਰੀਆਂ ਕਰ ਦੇਵੇ ਤਾਂ ਉਸਨੂੰ ਇਕ ਲੱਖ ਡਾਲਰ ਦਾ ਇਨਾਮ। ਤਰਕਸ਼ੀਲ ਲਹਿਰ ਦੀ ਉਸਾਰੀ ‘ਚ ਪਾਏ ਉਸ ਦੇ ਯੋਗਦਾਨ ਅਤੇ ਅਗਵਾਈ ਨੇ ਕੈਨੇਡਾ ਦੇ ਕਈ ਸ਼ਹਿਰਾਂ ‘ਚ ਤਰਕਸ਼ੀਲ ਸੁਸਾਇਟੀ ਖੜੀ ਕੀਤੀ।
ਬਾਈ ਅਵਤਾਰ ਇਕ ਚਰਚਿਤ ਰੰਗ-ਕਰਮੀ ਅਤੇ ਫ਼ਿਲਮੀ ਅਦਾਕਾਰ ਵੀ ਸੀ। ਸ਼ਹੀਦ ਭਗਤ ਸਿੰਘ ਦੇ ਜੀਵਨ ਅਧਾਰਿਤ ਨਾਟਕ "ਛਿੱਪਣ ਤੋਂ ਪਹਿਲਾਂ" ਤੋਂ ਬਿਨਾਂ ਦਰਜਨਾਂ ਨਾਟਕਾਂ ‘ਚ ਉਸ ਨੇ ਕੰਮ ਕੀਤਾ। ਕੈਨੇਡਾ ਦੇ ਅਨੇਕਾਂ ਸ਼ਹਿਰਾਂ ‘ਚ ਉਸ ਨੇ ਤਰਕਸ਼ੀਲ ਅਤੇ ਇਨਕਲਾਬੀ ਨਾਟਕ ਕਰਵਾਏ। ਦੂਰ-ਦੂਰ ਤੱਕ ਕਾਰ ਅਤੇ ਹਵਾਈ ਸਫ਼ਰ ਕਰ ਪੰਜਾਬੀ ਲੋਕਾਂ ਨੂੰ ਇਥੋਂ ਨਾਲ ਲੈ ਗਏ ਮਾਨਸਿਕ ਕੂੜ-ਕਬਾੜ ਤੇ ਜਗੀਰੂ ਸੋਚ ਦੀ ਰਹਿੰਦ-ਖੂੰਹਦ ਖਿਲਾਫ ਸੁਚੇਤ ਕੀਤਾ। ਦਲਜੀਤ ਦੁਸਾਂਝ ਦੀ ਫਿਲਮ “ਬਾਬੇ ਭੰਗੜਾ ਪਾਉਂਦੇ ਆ” ਤੋਂ ਬਿਨਾਂ ਤਿੰਨ-ਚਾਰ ਪੰਜਾਬੀ ਫ਼ਿਲਮਾਂ ‘ਚ ਉਸਨੇ ਯਾਦਗਾਰੀ ਰੋਲ ਨਿਭਾਏ। ਕੈਨੇਡਾ ‘ਚ ਤਰਕਸ਼ੀਲ ਲਹਿਰ ਤੋਂ ਵੀ ਅੱਗੇ ਇਨਕਲਾਬੀ-ਜਮਹੂਰੀ ਲਹਿਰ ਨਾਲ ਜੁੜ ਕੇ ਕਦੇ ਦਿੱਲੀ ਦੇ ਕਿਸਾਨ ਅੰਦੋਲਨ ਦੇ ਹੱਕ ‘ਚ, ਕਦੇ ਫਲੀਸਤੀਨੀ ਲੋਕਾਂ ਦੀ ਨਸਲਕੁਸ਼ੀ ਖਿਲਾਫ, ਕਦੇ ਮੋਦੀ ਹਕੂਮਤ ਦੇ ਫਾਸ਼ੀਵਾਦੀ ਹੱਲੇ ਵਿਰੁੱਧ, ਕਦੇ ਹਕੂਮਤੀ ਜਬਰ ਖ਼ਿਲਾਫ਼, ਕਦੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਅਤੇ ਕਦੇ ਕੈਨੇਡਾ ਸਰਕਾਰ ਦੇ ਪ੍ਰਵਾਸੀ ਵਿਦਿਆਰਥੀਆਂ ਲਈ ਘੜੇ ਸਖ਼ਤ ਨਿਯਮਾਂ ਖਿਲਾਫ ਹਰ ਸਰਗਰਮੀ ਦਾ ਸਾਡਾ ਬਾਈ ਅਵਤਾਰ ਕੇਂਦਰ ਬਣਦਾ ਰਿਹਾ ਹੈ। ਕੈਨੇਡਾ ‘ਚ ਉਥੋਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆ ਦਾ ਮੁੱਦਾ ਸਰੀ ਦੇ ਚੁਰਾਹਿਆਂ ਤੇ ਉਠਾਉਣਾ, ਪੰਜਾਬੋਂ ਗਈ ਨਾਟਕ ਟੀਮ ਦੇ ਮੰਚਣ ਦਾ ਜਿੰਮਾਂ, ਤਰਕਸ਼ੀਲ ਅਤੇ ਇਨਕਲਾਬੀ ਆਗੂਆਂ ਦੀਆਂ ਵਿਚਾਰ-ਚਰਚਾਵਾਂ ਦਾ ਆਯੋਜਨ ਬਾਈ ਅਵਤਾਰ ਤੋਂ ਬਿਨਾਂ ਕਿਆਸਿਆ ਹੀ ਨਹੀਂ ਸੀ ਜਾ ਸਕਦਾ।
ਕਈ ਸਰੀਰਕ ਰੋਗਾਂ ਦੇ ਬਾਵਜੂਦ, ਲਗਾਤਾਰ ਡਾਇਲਸਿਸ ਕਰਾਉਂਦੇ ਰਹਿਣ ਦੇ ਚੱਲਦਿਆਂ ਵੀ ਉਹ ਕਦੇ ਹੰਭਿਆ ਨਹੀਂ ਸੀ, ਥੱਕਿਆ ਨਹੀਂ ਸੀ। ਅਮੁੱਕ ਸਫ਼ਰਾਂ ਦੇ ਇਸ ਪਾਂਧੀ ਨੇ ਪੰਜਾਬ ‘ਚ ਚੱਲਦੇ ਹਰ ਲੋਕ-ਪੱਖੀ ਅੰਦੋਲਨ ਦੀ, ਗੁਰਸ਼ਰਨ ਕਲਾ ਭਵਨ ਮੁਲਾਂਪੁਰ ਅਤੇ ਤਰਕਸ਼ੀਲ ਭਵਨ ਬਰਨਾਲਾ ਦੀ ਉਸਾਰੀ ਲਈ, ਦਿੱਲੀ ਦੇ ਕਿਸਾਨ ਅੰਦੋਲਨ ਦੀ ਸਹਾਇਤਾ ਲਈ, ਪੰਜਾਬ ‘ਚ ਰੰਗਮੰਚ ਅਤੇ ਸਾਹਿਤਕ ਸਰਗਰਮੀਆਂ ਲਈ ਵਿੱਤੀ ਸਹਾਇਤਾ ਇਕੱਤਰ ਕਰਕੇ, ਪੰਜਾਬ ਘੱਲ ਕੇ ਬਾਈ ਅਵਤਾਰ ਇਕ ਨਿਵੇਕਲਾ ਸਕੂਨ ਹਾਸਲ ਕਰਦਾ ਸੀ। ਪੰਜਾਬ ਰਹਿੰਦਿਆਂ ਬਤੌਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਬਾਈ ਅਵਤਾਰ ਨੇ ਜਿੱਥੇ ਬਿਜਲੀ ਕਾਮਿਆਂ ਦੇ ਹੱਕਾਂ ਦੀ ਰਾਖੀ ਕੀਤੀ, ਅਫ਼ਸਰਸ਼ਾਹੀ ਲਈ ਚੁਣੌਤੀ ਬਣਦਾ ਰਿਹਾ, ਉਥੇ ਜਗਰਾਓਂ ਇਲਾਕੇ ‘ਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ‘ਚ ਵੀ ਉਹ ਮੂਹਰਲੀਆਂ ਕਤਾਰਾਂ ‘ਚ ਵਿਚਰਦਾ ਰਿਹਾ ਸੀ। ਪੰਜਾਬ ‘ਚ ਵਗੀ ਫਿਰਕੂ ਤੇ ਸਰਕਾਰੀ ਦਹਿਸਤੀ ਹਨੇਰੀ ਦੇ ਦੌਰ ‘ਚ, 1980 ਦੀ ਵਧੇ ਬੱਸ ਕਿਰਾਇਆ ਵਿਰੋਧੀ ਸੰਘਰਸ਼ ‘ਚ ਮੁਲਾਜ਼ਮ ਹੋਣ ਦੇ ਬਾਵਜੂਦ ਉਹ ਨਿਡਰ ਹੋ ਨਿਤਰਦਾ ਰਿਹਾ। ਜਦੋਂ 1979 ‘ਚ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦਾ ਕਤਲ ਹੋਇਆ ਤਾਂ ਪੂਰਾ ਪੰਜਾਬ ਗੁੰਡਿਆਂ ਖਿਲਾਫ ਸੜਕਾਂ ਤੇ ਉਤਰ ਆਇਆ ਸੀ। ਉਸ ਦਾ ਬੇਟਾ ਜਗਦੀਪ ਦੱਸਦਾ ਹੈ ਕਿ ਉਦੋਂ ਉਨ੍ਹਾਂ ਨੇ ਪਹਿਲੀ ਵਾਰ ਅਪਣੇ ਪਾਪਾ ਨੂੰ ਪਿਰਥੀ ਦੇ ਵਿਯੋਗ ‘ਚ ਹੰਝੂ ਵਹਾਉਂਦਿਆਂ ਵੇਖਿਆ ਸੀ। ਇੱਕ ਉੱਚੀ-ਸੁੱਚੀ ਮਾਨਵੀ ਸੰਵੇਦਨਾਂ ਤੇ ਦਿਲ-ਗੁਰਦੇ ਵਾਲਾ ਬੰਦਾ ਹੀ ਅਜਿਹੇ ਗੁਣਾਂ ਦਾ ਮਾਲਕ ਹੋ ਸਕਦਾ ਹੈ।
ਇਸ ਵੇਰ ਦੀ ਪੰਜਾਬ ਫੇਰੀ ਤੇ ਉਸ ਨੇ ਫੋਨ ਤੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਆਪਣੇ ਵਤਨ ਦੀ ਮਿੱਟੀ ਤੇ ਲੱਗਦੈ ਇਹ ਉਸ ਦੀ ਆਖਰੀ ਫੇਰੀ ਹੋਵੇਗੀ। ਇਸ ਲਈ ਉਹ ਸਾਰੇ ਵਿਚਾਰਧਾਰਕ ਮਿੱਤਰਾਂ-ਬੇਲੀਆਂ, ਰਿਸ਼ਤੇਦਾਰਾਂ ਨੂੰ ਇਕ ਥਾਂ ਇਕੱਠਾ ਕਰ "ਜਗ ਜਿਉਂਦਿਆਂ ਦਾ ਮੇਲਾ " ਰਚਾਉਣਾ ਚਾਹੁੰਦਾ ਹੈ। 20 ਫਰਵਰੀ ਨੂੰ ਜਹਾਜੋਂ ਉੱਤਰ ਉਸ ਨੇ ਦੋਸਤਾਂ ਸੰਗ ਲੰਮੀ ਮੀਟਿੰਗ ਕੀਤੀ। ਪੂਰੀ ਵਿਉਂਤਬੰਦੀ ਤੇ ਤਿਆਰੀ ਚੱਲ ਰਹੀ ਸੀ। ਨਾਲੋਂ-ਨਾਲ ਡਾਇਲਸਿਸ ਵੀ ਚੱਲ ਰਿਹਾ ਸੀ ਪਰ ਅਚਾਨਕ 11 ਮਾਰਚ ਨੂੰ ਤਬੀਅਤ ਵਿਗੜੀ ਤਾਂ ਪਹਿਲਾਂ ਨਾਲ ਆਏ ਦੋਨਾਂ ਵੱਡੇ ਬੱਚਿਆਂ ਨੇ ਫੋਰਟਿਸ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ। ਪਰ ਅਫਸੋਸ ਕਿ ਬਾਈ ਨੂੰ ਬਚਾਇਆ ਨਹੀਂ ਜਾ ਸਕਿਆ। 14 ਫਰਵਰੀ ਰਾਤ ਸਾਢੇ ਅੱਠ ਵਜੇ ਬਾਈ ਸਦਾ-ਸਦਾ ਲਈ ਆਪਣੇ ਚਾਹੁਣ ਵਾਲਿਆਂ ਨੂੰ ਇਕੱਲਿਆਂ ਛੱਡ ਗਿਆ। ਉਸ ਦੀ ਇੱਛਾ ਮੁਤਾਬਿਕ 16 ਫਰਵਰੀ ਨੂੰ ਉਸ ਦੇ ਘਰ ਸੈਂਕੜਿਆਂ ਦੀ ਗਿਣਤੀ ‘ਚ ਸਨੇਹੀਆਂ ਨੇ ਉਸ ਦੀ ਮਿਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਈ ਐਸ ਆਈ ਹਸਪਤਾਲ ਲੁਧਿਆਣਾ ਲਈ ਰਵਾਨਾ ਕਰਕੇ ਤੁਰ ਗਏ ਬਾਈ ਨੂੰ ਇਕ ਵੇਰ ਫਿਰ ਜਿਉਂਦਿਆਂ ‘ਚ ਸ਼ਾਮਲ ਕਰ ਦਿੱਤਾ। ਤਰਕਸ਼ੀਲ ਤੇ ਇਨਕਲਾਬੀ ਲਹਿਰ ਨੂੰ ਮਾਣ ਹੈ ਕਿ ਉਸ ਦੀ ਜੀਵਨ ਸਾਥਣ ਸੁਰਿੰਦਰ ਕੌਰ ਅਤੇ ਉਸ ਦੇ ਸਾਰੇ ਬੇਟੇ-ਬੇਟੀਆਂ ਨੇ ਮਨੁੱਖਤਾ ਦੀ ਸੇਵਾ ਲਈ ਸਰੀਰ ਦਾਨ ਕਰਨ ‘ਚ ਕੋਈ ਹਿਚਕ ਨਹੀਂ ਦਿਖਾਈ। ਉਸ ਦੀ ਹੀ ਇੱਛਾ ਸੀ ਕਿ ਮੈਂ ਰਹਾਂ ਜਾ ਨਾਂ ਰਹਾਂ ਇਹ ਮੇਲਾ ਲੱਗਣਾ ਹੀ ਲੱਗਣਾ ਹੈ। ਮੈਂ ਜ਼ਿੰਦਗੀ ਰੱਜ ਕੇ ਮਾਣੀ ਹੈ। ਮੇਰੀ ਮੌਤ ਤੇ ਕਿਸੇ ਨੇ ਨਹੀਂ ਰੋਣਾ, ਕੋਈ ਧਾਰਮਿਕ ਰਸਮ ਨਹੀਂ ਕਰਨੀ। ਮੇਰੀ ਸਫਲ ਜ਼ਿੰਦਗੀ ਨੂੰ ਤੁਸੀਂ ਸੈਲੀਬ੍ਰੇਟ ਕਰਨਾ ਹੈ। ਜੀ ਹਾਂ ਉਸ ਦੇ ਕਹਿਣ ਤੇ ਵਿਉਂਤੇ ‘ਜਗ ਜਿਓਂਦਿਆਂ ਦੇ ਮੇਲੇ’ ‘ਚ ਉਸ ਦੇ ਸਾਰੇ ਚਾਹੁਣ ਵਾਲੇ ਉਸ ਨੂੰ ਗਲਵਕੜੀ ਪਾਉਣ ਲਈ 20 ਮਾਰਚ ਸ਼ੁਕਰਵਾਰ ਨੂੰ ਸਵੇਰੇ 10 ਵਜੇ ਦੀਪਕ ਪੈਲੇਸ ਜਗਰਾਓਂ ਵਿਖੇ ਇਕੱਤਰ ਹੋ ਰਹੇ ਹਨ। ਉਸ ਦੀ ਵਿਉਂਤੀ ਰੂਪ-ਰੇਖਾ ਮੁਤਾਬਿਕ ਹੀ ਉਸ ਦੀ ਯਾਦ ਮਨਾਈ ਜਾ ਰਹੀ ਹੈ ਜਿਸ ਵਿੱਚ ਸੁਰ-ਸਾਜ ਵੀ ਹੋਵੇਗਾ ਤੇ ਨਾਟਕ ਮੰਚਣ ਵੀ। ਬਾਈ ਅਵਤਾਰ ਦੀਆਂ ਪਾਈਆਂ ਪੈੜਾਂ ਤੇ ਚੱਲਣ, ਇਕ ਸੋਹਣਾ ਜਿਓਣ ਜੋਗਾ ਸਮਾਜ ਸਿਰਜਣ ਦਾ ਅਹਿਦ ਤਾਂ ਦੁਹਰਾਇਆ ਹੀ ਜਾਵੇਗਾ। ਆਓ! ਫਿਰਕੂ ਤੇ ਸਾਮਰਾਜੀ ਲੁੱਟ-ਜਬਰ ਦੇ ਹਨੇਰ੍ਹਿਆਂ ਖਿਲਾਫ਼ ਚਾਨਣ ਵੰਡਦੇ ਮਸ਼ਾਲਚੀ ਨੂੰ ਯਾਦ ਕਰੀਏ।
- ਕੰਵਲਜੀਤ ਖੰਨਾ- 94170-67344

