Pages

Monday, August 19, 2019

ਵੈਨੇਜ਼ੁਏਲਾ ਦੀ ਮਹਾਂਮੰਦੀ ਅਤੇ ਸੰਸਾਰ ਸਿਆਸਤ

ਵੈਨੇਜ਼ੁਏਲਾ ਦੀ ਮਹਾਂਮੰਦੀ ਅਤੇ ਸੰਸਾਰ ਸਿਆਸਤ

08:25 am Aug 19, 2019 
ਮਨਦੀਪ
ਇਸ ਸਮੇਂ ਸੰਸਾਰ ਦੇ ਤਿੰਨ ਮਹਾਂਦੀਪਾਂ- ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਅਨੇਕਾਂ ਮੁਲਕਾਂ ਦੀ ਆਰਥਿਕ-ਸਮਾਜਿਕ ਦਸ਼ਾ ਬੇਹੱਦ ਪਤਲੀ ਹੈ। ਪੱਛੜੀਆਂ ਆਰਥਿਕਤਾਵਾਂ ਵਾਲੇ ਇਹ ਮੁਲਕ ਸਾਮਰਾਜੀ ਮੁਲਕਾਂ ਦੇ ਆਰਥਿਕ-ਸਿਆਸੀ ਦਾਬੇ ਹੇਠ ਹਨ। ਇਨ੍ਹਾਂ ਦੇਸ਼ਾਂ ਨੂੰ ਸਾਮਰਾਜੀ ਮੁਲਕਾਂ ਦੀਆਂ ਨੀਤੀਆਂ ਅਤੇ ਘੁਰਕੀਆਂ ਦੀ ਲਗਾਤਾਰ ਤਾਬ ਝੱਲਣੀ ਪੈ ਰਹੀ ਹੈ। ਪੱਛੜੇ ਮੁਲਕਾਂ ਅੰਦਰ ਆਜ਼ਾਦ ਵਪਾਰ ਦੀ ਨੀਤੀ ਹੇਠ ਸਾਮਰਾਜੀ ਵਿੱਤੀ ਸਰਮਾਏ ਦੀ ਇਜਾਰੇਦਾਰੀ ਕਾਇਮ ਕਰਕੇ ਅਤੇ ਪੱਛੜੇ ਮੁਲਕਾਂ ਦੀਆਂ ਆਰਥਿਕਤਾਵਾਂ ਨੂੰ ਪੰਗੂ ਬਣਾ ਕੇ ਉਸ ਨੂੰ ਆਪਣੇ ਆਰਥਿਕ-ਸਿਆਸੀ ਹਿੱਤਾਂ ਅੱਗੇ ਝੁਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਸਾਰ ਆਰਥਿਕਤਾ ਦੇ ਵਰਤਮਾਨ ਇਤਿਹਾਸ ਵਿਚ ਵੈਨੇਜ਼ੁਏਲਾ ਇਸ ਦੀ ਉਘੜਵੀਂ ਮਿਸਾਲ ਹੈ ਜੋ ਇਸ ਸਮੇਂ ਮਹਾਂਮੰਦੀ ਨਾਲ ਜੂਝ ਰਿਹਾ ਹੈ।
venezuela-crisis.economic.mandeep

ਵੈਨੇਜ਼ੁਏਲਾ ਇਸ ਸਮੇਂ ਸੰਸਾਰ ਦਾ ਇੱਕੋ-ਇੱਕ ਅਜਿਹਾ ਮੁਲਕ ਹੈ ਜੋ ਗਹਿਰੇ ਆਰਥਿਕ-ਸਮਾਜਿਕ ਤੇ ਸਿਆਸੀ ਸੰਕਟ ਵਿਚ ਘਿਰਿਆ ਹੋਇਆ ਹੈ। ਅੰਕੜੇ ਬਹੁਤ ਹੈਰਾਨੀਜਨਕ ਹਨ। ਇਸ ਦੀ ਮਹਿੰਗਾਈ ਦਰ ਪਿਛਲੇ ਸਾਲਾਂ ਨਾਲੋਂ ਦਸ ਲੱਖ ਫ਼ੀਸਦੀ (ਵਿਕੀਪੀਡੀਆ ਮੁਤਾਬਕ) ਤੱਕ ਵਧ ਗਈ ਹੈ। ਵਿਦੇਸ਼ੀ ਕਰਜ਼ 156 ਲੱਖ ਅਮਰੀਕੀ ਡਾਲਰ ਤੋਂ ਉੱਪਰ ਜਾ ਚੁੱਕਾ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ, ਦਵਾਈਆਂ ਦੀ ਘਾਟ, ਕਿੱਲਤ, ਬਜਟ ਘਾਟਾ, ਲੁੱਟਾਂ-ਖੋਹਾਂ ਤੇ ਭੁੱਖਮਰੀ ਦੀ ਹਾਲਤ ਅੰਕੜਿਆਂ ਤੋਂ ਕਿਤੇ ਵੱਧ ਭਿਆਨਕ ਹੈ। ਦੇਸ਼ ਦੇ 23 ਵਿਚੋਂ 19 ਸੂਬੇ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। 190 ਦੇਸ਼ਾਂ ਦੀ ਸੂਚੀ ਵਿਚੋਂ ਵੈਨੇਜ਼ੁਏਲਾ ਦਾ ਵਪਾਰਕ ਦਰਜਾ 188 ਤੱਕ ਪਹੁੰਚ ਚੁੱਕਾ ਹੈ।

ਇਹੀ ਨਹੀਂ, ਪਿਛਲੇ ਕੁਝ ਸਾਲਾਂ ਵਿਚ 40 ਲੱਖ ਪੇਸ਼ਾਵਰ ਤੇ ਪੜ੍ਹਿਆ ਲਿਖਿਆ ਤਬਕਾ ਦੇਸ਼ ਵਿਚੋਂ ਹਿਜਰਤ ਕਰ ਚੁੱਕਾ ਹੈ। ਇਹ ਮਨੁੱਖੀ ਧਨ ਮੁਲਕ ਦੀ ਕੁੱਲ ਆਬਾਦੀ ਦਾ 10 ਫ਼ੀਸਦੀ ਹਿੱਸਾ ਬਣਦਾ ਹੈ। ਤੇਲ ਦੀ ਪੈਦਾਵਾਰ ਲਗਾਤਾਰ ਡਿੱਗ ਰਹੀ ਹੈ ਅਤੇ ਨਵੇਂ ਨਿਵੇਸ਼ਕ ਵੈਨੇਜ਼ੁਏਲਾ ਵੱਲ ਮੂੰਹ ਨਹੀਂ ਕਰ ਰਹੇ; ਬਲਕਿ ਅਨੇਕਾਂ ਵਿਦੇਸ਼ੀ ਨਿਵੇਸ਼ਕ ਆਪਣੇ ਅਸਾਸੇ ਸਸਤੇ ਭਾਅ ਵੇਚ ਕੇ ਮੁਲਕ ਛੱਡ ਚੁੱਕੇ ਹਨ। 150 ਬਹੁ-ਕੌਮੀ ਕੰਪਨੀਆਂ ਨੇ ਆਪਣੀ ਪੈਦਾਵਾਰ ਘਟਾ ਦਿੱਤੀ ਹੈ, ਕਾਮਿਆਂ ਦੀ ਛਾਂਟੀ ਕਰ ਦਿੱਤੀ ਹੈ ਅਤੇ ਕਾਮਿਆਂ ਦੀਆਂ ਉਜ਼ਰਤਾਂ ਘਟਾ ਦਿੱਤੀਆਂ ਹਨ। ਇਹ ਕੰਪਨੀਆਂ ਵੀ ਹਾਲਾਤ ਸੁਧਰਨ (ਸੱਤਾ ਬਦਲੀ) ਦੀ ਆਸ ਵਿਚ ਹੀ ਰੁਕੀਆਂ ਹੋਈਆਂ ਹਨ। ਵਿਦੇਸ਼ੀ ਨਿਵੇਸ਼ ਜੋ 2016 ਵਿਚ 9.9 ਫ਼ੀਸਦੀ ਸੀ, ਘਟ ਕੇ 2017 ਵਿਚ 6.6 ਫ਼ੀਸਦੀ ਤੇ ਆ ਗਿਆ ਅਤੇ ਚਾਲੂ ਵਰ੍ਹੇ ਵਿਚ ਇਸ ਦੀ ਦਰ ਹੋਰ ਹੇਠਾਂ ਡਿੱਗ ਗਈ ਹੈ। ਮਹਾਂਮੰਦੀ ਕਰਕੇ ਸੌ-ਪੰਜ ਸੌ ਦੀ ਕਾਗਜ਼ੀ ਕਰੰਸੀ ਦੀ ਕੋਈ ਵੁਕਅਤ ਨਹੀਂ ਰਹੀ। ਇਸ ਲਈ ਕੇਂਦਰੀ ਬੈਂਕ ਨੂੰ ਕ੍ਰਮਵਾਰ ਦਸ, ਵੀਹ ਅਤੇ ਪੰਜਾਹ ਹਜ਼ਾਰ ਦੀ ਕਾਗਜ਼ੀ ਕਰੰਸੀ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ।

19ਵੀਂ ਸਦੀ ਦੇ ਦੂਜੇ ਦਹਾਕੇ (1810-1823) ਵਿਚ ਵੈਨੇਜ਼ੁਏਲਾ ਨੇ ਜਿੱਤ ਤੱਕ ਲਗਾਤਾਰ 13 ਸਾਲ ਸਪੇਨੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਦੀ ਲੜਾਈ ਲੜੀ ਸੀ। ਮੌਜੂਦਾ ਦੌਰ ਵਿਚ ਵੈਨੇਜ਼ੁਏਲਾ ਨੂੰ ਪਿਛਲੇ 16 ਸਾਲ ਤੋਂ (2003 ਤੋਂ) ਅਮਰੀਕੀ ਸਾਮਰਾਜ ਦੀ ਆਰਥਿਕ ਗੁਲਾਮੀ ਖਿਲਾਫ ਸੰਘਰਸ਼ ਕਰਨਾ ਪੈ ਰਿਹਾ ਹੈ। ਵੈਨੇਜ਼ੁਏਲਾ ਦਾ ਬਸਤੀਵਾਦ ਖਿਲਾਫ ਪਹਿਲਾ ਆਜ਼ਾਦੀ ਸੰਘਰਸ਼ ਸਿੱਧੇ ਤੌਰ ਤੇ ਸਿਆਸੀ ਆਜ਼ਾਦੀ ਦਾ ਸੰਘਰਸ਼ ਸੀ ਪਰ ਮੌਜੂਦਾ ਸੰਘਰਸ਼ ਆਰਥਿਕ ਆਜ਼ਾਦੀ ਤੇ ਖੁਦਮੁਖਤਾਰੀ ਦਾ ਹੈ। ਉਹ ਖੁਦਮੁਖਤਾਰੀ ਜੋ ਇਸ ਦੇ ਸਿਆਸੀ ਪਹਿਲੂਆਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀ ਹੈ।

ਵੈਨੇਜ਼ੁਏਲਾ ਸੰਸਾਰ ਦਾ ਸਭ ਤੋਂ ਵੱਧ ਤੇਲ ਵਾਲਾ ਮੁਲਕ ਹੈ। ਤੇਲ ਪਦਾਰਥ ਇਸ ਦੀ ਕੁੱਲ ਘਰੇਲੂ ਪੈਦਾਵਰ ਵਿਚ 25 ਫ਼ੀਸਦੀ ਯੋਗਦਾਨ ਪਾਉਂਦੇ ਹਨ ਅਤੇ ਇਸ ਦੇ ਬਰਾਮਦ ਵਿਚ 95 ਫ਼ੀਸਦੀ। ਦੇਸ਼ ਦੀ ਆਰਥਿਕ ਨਿਰਭਰਤਾ ਇਕਹਿਰੇ ਉਤਪਾਦ ਤੇ ਹੋਣ ਕਰਕੇ ਵੈਨੇਜ਼ੁਏਲਾ ਉਤਪਾਦਨ ਦੇ ਬਾਕੀ ਖੇਤਰਾਂ ਨੂੰ ਜ਼ਿਆਦਾ ਵਿਕਸਿਤ ਤੇ ਨਿਪੁੰਨ ਨਹੀਂ ਕਰ ਸਕਿਆ। ਇਤਿਹਾਸਕ ਇਨਕਲਾਬੀ ਬੋਲੀਵਰੀਅਨ ਸੁਧਾਰਾਂ ਦੇ ਬਾਵਜੂਦ ਆਜ਼ਾਦੀ ਦੇ 200 ਸਾਲ ਬਾਅਦ ਵੀ ਵੈਨੇਜ਼ੁਏਲਾ ਦੇ ਸੱਜੇਪੱਖੀ ਅਤੇ ‘ਖੱਬੇਪੱਖੀ’ ਆਰਥਿਕ ਨਿਰਭਰਤਾ ਹਾਸਲ ਨਹੀਂ ਕਰ ਸਕੇ।  ਹੁਣ ਸਾਮਰਾਜੀ ਮੁਲਕਾਂ ਵਿਚ ਵਪਾਰਕ ਜੰਗ ਕਾਰਨ ਸੰਸਾਰ ਮਾਰਕਿਟ ਵਿਚ ਤੇਲ ਅਤੇ ਹੋਰ ਕੱਚੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਕਹਿਰੀ ਉਤਪਾਦਕ ਨਿਰਭਰਤਾ ਕਰਕੇ ਇਹ ਉਤਰਾਅ-ਚੜ੍ਹਾਅ ਵੈਨੇਜ਼ੁਏਲਾ ਦੀ ਆਰਥਿਕਤਾ ਉੱਤੇ ਗਹਿਰਾ ਅਸਰ ਪਾਉਂਦੇ ਹਨ। ਹੋਰ ਖੇਤਰਾਂ ਵਿਚ ਬਦਲਵਾਂ ਵਿਕਸਿਤ ਢਾਂਚਾ ਨਾ ਹੋਣ ਕਰਕੇ ਇਸ ਦੀ ਘਰੇਲੂ ਮੰਡੀ, ਵਿਦੇਸ਼ੀ ਦਰਾਮਦਾਂ ਉੱਤੇ ਨਿਰਭਰ ਹੈ। ਵੈਨੇਜ਼ੁਏਲਾ ਦੀਆਂ ਹਾਕਮ ਜਮਾਤਾਂ ਆਰਥਿਕ ਅਸਥਿਰਤਾ ਕਰਕੇ ਹੋਰ ਖੇਤਰਾਂ ਵਿਚ ਮਜ਼ਬੂਤ ਆਰਥਿਕ ਢਾਂਚਾ ਵਿਕਸਿਤ ਨਹੀਂ ਕਰ ਸਕੀਆਂ। ਇਸ ਲਈ ਵਕਤੀ ਰਾਹਤ ਲਈ ਕਰੰਸੀ ਫੰਡ ਵਧਾਉਣ, ਕੌਮਾਂਤਰੀ ਅਸਾਸੇ ਸਿਰਜਣ ਤੇ ਅਮਰੀਕੀ ਡਾਲਰ ਨੂੰ ਭਾਂਜ ਦੇਣ ਲਈ ਦੇਸ਼ ਦੇ ਸਰਕਾਰੀ ਸਾਧਨਾਂ (ਬੰਦਰਗਾਹਾਂ ਤੇ ਹਵਾਈ ਅੱਡੇ ਆਦਿ) ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚ ਕੇ ਪਬਲਿਕ ਖੇਤਰ ਲਈ ਫੰਡ ਜੁਟਾਉਣੇ ਪੈ ਰਹੇ ਹਨ, ਕਦੇ ਸਾਮਰਾਜੀ ਮੁਲਕਾਂ ਨਾਲ ਘਾਟੇਵੰਦੇ ਸਮਝੌਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਦੋ ਦਹਾਕਿਆਂ ਤੋਂ ਇਸ ਨੂੰ ਅਮਰੀਕੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ ਵਾਸਤੇ ਤੇਲ ਸਰੋਤਾਂ ਲਈ ਇਸ ਸਮੇਂ ਵੈਨੇਜ਼ੁਏਲਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਕਿਉਂਕਿ ਅਰਬ ਖਿੱਤਾ ਹੁਣ ਜ਼ਿਆਦਾ ‘ਸੁਰੱਖਿਅਤ’ ਨਹੀਂ ਰਿਹਾ। ਕਿਸੇ ਸਮੇਂ ਅਮਰੀਕਾ ਨੇ ਅਤਿਵਾਦ ਦਾ ਬਹਾਨਾ ਬਣਾ ਕੇ ਇਰਾਕ ਤੇ ਲਿਬੀਆ ਦੇ ਤੇਲ ਸਰੋਤਾਂ ਉੱਤੇ ਕਬਜ਼ੇ ਦੀ ਨੀਤੀ ਨਾਲ ਹਮਲਾ ਕੀਤਾ ਅਤੇ ਉੱਥੇ ਉਸ ਨੂੰ ਖਾੜੀ ਮੁਲਕਾਂ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੂਸਰਾ, ਸਾਊਦੀ ਅਰਬ ਤੇ ਦੂਜੇ ਅਰਬ ਮੁਲਕਾਂ ਨੇ ਸਾਮਰਾਜੀ ਵਪਾਰਕ ਜੰਗ ਦੌਰਾਨ ਅਮਰੀਕੀ ਡਾਲਰ ਦੀ ਅਣਦੇਖੀ ਕਰਦਿਆਂ ਦੂਜੇ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰਕੇ ਤੇਲ ਨੂੰ ਅਮਰੀਕਾ ਖਿਲਾਫ ਹਥਿਆਰ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ।

ਅਮਰੀਕਾ ਨੇ ਸ਼ੁਰੂ ਵਿਚ ਤੇਲ ਦੀ ਖਰੀਦ ਵਿਚ ਗੋਲਡ ਸਟੈਂਡਰਡ ਖਤਮ ਹੋਣ ਬਾਅਦ ਸੰਸਾਰ ਮੰਡੀ ਵਿਚ ਡਾਲਰ ਰਾਹੀਂ ਸੰਚਾਰ ਹੋਣ ਦੇ ਮੌਕੇ ਦਾ ਲਾਹਾ ਲਿਆ। ਤੇਲ ਦੀ ਖਰੀਦ ਦਾ ਸੰਚਾਲਨ ਡਾਲਰ ਵਿਚ ਹੋਣ ਕਰਕੇ ਇਸ ਦੀ ਮੰਗ ਵਧੀ ਅਤੇ ਇਹ ਅਮਰੀਕੀ ਆਰਥਿਕਤਾ ਦੀ ਗਲੋਬਲ ਸ਼ਕਤੀ ਦਾ ਨਵਾਂ ਥੰਮ੍ਹ ਬਣ ਕੇ ਉਭਰਿਆ। ਤੇਲ ਵਪਾਰ ਲਈ ਕਿਉਂਕਿ ਵੈਨੇਜ਼ੁਏਲਾ ਦੀ ਨਿਰਭਰਤਾ ਸ਼ੁਰੂ ਵਿਚ ਪੂਰੀ ਤਰ੍ਹਾਂ ਅਮਰੀਕੀ ਡਾਲਰ ਉੱਤੇ ਸੀ, ਇਸ ਲਈ ਵੈਨੇਜ਼ੁਏਲਾ ਦੇ ਤੇਲ ਕੇਂਦਰਾਂ ਅਤੇ ਕੱਚੇ ਕੁਦਰਤੀ ਸਾਧਨਾਂ ਉੱਤੇ ਅਮਰੀਕੀ ਬਹੁ-ਕੌਮੀ ਕੰਪਨੀਆਂ ਤੇ ਸੰਸਾਰ ਵਿੱਤੀ ਸੰਸਥਾਵਾਂ ਦੀ ਦਖਲਅੰਦਾਜ਼ੀ ਬਣੀ ਰਹੀ। ਦੂਸਰਾ ਸਸਤੀਆਂ ਜ਼ਮੀਨਾਂ, ਘੱਟ ਉਜ਼ਰਤਾਂ ਤੇ ਸਸਤੇ ਕੱਚੇ ਪਦਾਰਥਾਂ ਕਰਕੇ ਇਹ ਖੇਤਰ ਅਮਰੀਕਾ ਲਈ ਬਹੁਤ ਲਾਹੇਵੰਦ ਹੈ।

ਉਂਜ, ਚੀਨ ਦੇ ਯੁਆਨ, ਯੂਰੋ ਜ਼ੋਨ ਅਤੇ ਹੁਣ ਵੈਨੇਜ਼ੁਏਲਾ ਵਿਚ (ਵਿੱਤੀ ਰੋਕਾਂ ਦਾ ਮੁਕਾਬਲਾ ਕਰਨ ਲਈ) ਪੈਟਰੋ ਕਰੰਸੀ ਨੇ ਇਸ ਲਈ ਨਵੀ ਸਿਰਦਰਦੀ ਖੜ੍ਹੀ ਕਰ ਦਿੱਤੀ। ਅਮਰੀਕਾ ਆਪਣੀ ਵਿੱਤੀ ਸਰਦਾਰੀ ਕਾਇਮ ਰੱਖਣ ਲਈ ਵੈਨੇਜ਼ੁਏਲਾ ਵਿਚ ਲਗਾਤਾਰ ਆਰਥਿਕ ਜੰਗ ਲੜ ਰਿਹਾ ਹੈ, ਇਸ ਮਕਸਦ ਲਈ ਉਹ ਆਪਣੀ ਫੌਜੀ ਨੀਤੀ ਦਾ ਖੁਲ੍ਹੇਆਮ ਇਸਤੇਮਾਲ ਕਰ ਰਿਹਾ ਹੈ। ਅਮਰੀਕਾ ਆਪਣੀਆਂ ਕੂਟਨੀਤਿਕ ਚਾਲਾਂ ਨਾਲ ਵੈਨੇਜ਼ੁਏਲਾ ਦੀ ਸਰਮਾਏਦਾਰੀ ਦੇ ਇਕ ਹਿੱਸੇ ਨੂੰ ਗੰਢ ਕੇ ਵੈਨੇਜ਼ੁਏਲਾ ਦਾ ਸਿਆਸੀ ਧਰਾਤਲ ਬਦਲਣ ਲਈ ਯਤਨਸ਼ੀਲ ਹੈ। ਇਸ ਸਮੇਂ ਵੈਨੇਜ਼ੁਏਲਾ ਨੂੰ ਸੰਸਾਰ ਵਿੱਤੀ ਸੰਸਥਾਵਾਂ ਕੋਲੋਂ ਆਰਥਿਕ ਸਹਾਇਤਾ ਦੀ ਬੇਹੱਦ ਜ਼ਰੂਰਤ ਹੈ ਪਰ ਇਹ ਦੋਵੇਂ ਸੰਸਥਾਵਾਂ ਮੌਜੂਦਾ ‘ਖੱਬੇਪੱਖੀ’ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਸਹਾਇਤਾ ਦੀ ਬਜਾਏ ਵਿਰੋਧੀ ਧਿਰ ਦੇ ਸੱਜੇਪੱਖੀ ਖੁਆਨ ਗੁਆਇਦੋ ਦੀ ਮਦਦ ਕਰਨ ਲਈ ਤਿਆਰ ਹਨ।

ਇਸ ਤੋਂ ਇਲਾਵਾ ਵੈਨੇਜ਼ੁਏਲਾ ਨੇ ਚੀਨ ਅਤੇ ਰੂਸ ਨਾਲ ਵਪਾਰਕ ਮਸ਼ਕ ਹੋਰ ਤੇਜ਼ ਕਰ ਦਿੱਤੀ ਹੈ। ਚੀਨ ਸੰਸਾਰ ਦਾ ਦੂਜਾ ਵੱਡਾ ਤੇਲ ਖਪਤਕਾਰ ਹੈ ਅਤੇ ਉਹ ਤੇਲ ਵਪਾਰ ਲਈ ਯੁਆਨ ਸਟੈਂਡਰਡ ਨੂੰ ਹੁਲਾਰਾ ਦੇ ਰਿਹਾ ਹੈ। ਚੀਨ ਇਸ ਸਮੇਂ ਅਮਰੀਕੀ ਸੰਸਾਰ ਚੌਧਰ ਦਾ ਸਭ ਤੋਂ ਵੱਡਾ ਵਿਰੋਧੀ ਹੈ ਅਤੇ ਉਸ ਨਾਲ ਵਪਾਰਕ ਜੰਗ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਸੂਰਤ ਵਿਚ ਵੈਨੇਜ਼ੁਏਲਾ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਨਾਲ ਨਾਲ ਸਵੈਮਾਣ ਦਾ ਸਵਾਲ ਵੀ ਹੈ। ਵੈਨੇਜ਼ੁਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਿਆਸੀ ਦ੍ਰਿਸ਼ ਬਦਲ ਸਕਦਾ ਹੈ। ਜੇ ਵੈਨੇਜ਼ੁਏਲਾ ਇਸ ਮਹਾਂਦੀਪ ਵਿਚ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਵਿਚ ਕਾਮਯਾਬ ਰਿਹਾ ਤਾਂ ਇਸ ਮਹਾਂਦੀਪ ਵਿਚ ਚੀਨ ਦਾ ਵਪਾਰਕ ਵਿਸਥਾਰ ਵਧਣ ਦੀਆਂ ਸੰਭਾਵਨਾਵਾਂ ਹਨ। ਜਿੱਥੇ ਅਮਰੀਕਾ ਚੀਨ ਨੂੰ ਏਸ਼ਿਆਈ ਮੁਲਕਾਂ ਰਾਹੀਂ ਘੇਰ ਰਿਹਾ ਹੈ, ਉੱਥੇ ਚੀਨ ਵੀ ਉਸ ਦੀ ਬਗਲ ਵਿਚ ਆ ਕੇ ਬੈਠ ਜਾਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ। ਚੀਨ ਵਾਂਗ ਅਮਰੀਕਾ ਦਾ ਵਿਰੋਧੀ ਰੂਸ ਵੀ ਵੈਨੇਜ਼ੁਏਲਾ ਨੂੰ ਕਰਜ਼ ਅਤੇ ਸਹਾਇਤਾ ਦੇ ਰਿਹਾ ਹੈ। ਰੂਸ ਅਤੇ ਚੀਨ ਦੀ ਵੈਨੇਜ਼ੁਏਲਾ ਵਿਚ ਰੁਚੀ ਕਰਕੇ ਹੀ ਵੈਨੇਜ਼ੁਏਲਾ ਅਜੇ ਤੱਕ ਖੜ੍ਹਾ ਹੈ; ਨਹੀਂ ਤਾਂ ਹੁਣ ਤੱਕ ਇਕ ਹੋਰ ਇਰਾਕ ਬਣਾ ਦਿੱਤਾ ਗਿਆ ਹੁੰਦਾ।

ਵੈਨੇਜ਼ੁਏਲਾ ਦੇ ਤੇਲ ਭੰਡਾਰ ਅਤੇ ਕੱਚੇ ਤੇਲ ਸਾਧਨਾਂ ਉੱਤੇ ਖੁਦਮੁਖਤਾਰੀ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲ ਕੇ ਚੱਲਣ ਨਾਲ ਬੱਝੀ ਹੋਈ ਹੈ। ਸਾਮਰਾਜੀ ਦੌਰ ਅੰਦਰ ਆਰਥਿਕ ਨਿਰਭਰਤਾ ਅਤੇ ਪੱਛੜੇ ਮੁਲਕਾਂ ਦਾ ਅਸਾਵਾਂ ਆਰਥਿਕ ਢਾਂਚਾ ਇਨ੍ਹਾਂ ਮੁਲਕਾਂ ਦੀਆਂ ਸਿਆਸੀ ਆਜ਼ਾਦੀਆਂ ਲਈ ਮਾਈ-ਬਾਪ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਾਮਰਾਜੀ ਵਿੱਤੀ ਸਰਮਾਏ ਨੂੰ ਚੁਣੌਤੀ ਦੇਣ ਦੇ ਇਵਜ਼ ਵਿਚ ਇਹ ਮੁਲਕ ਆਰਥਿਕ ਸਦਮੇ ਝੱਲਣ ਲਈ ਸਰਾਪੇ ਹੋਏ ਹਨ। ਸੰਸਾਰ ਸਾਹਮਣੇ ਅੱਜ ਇਹ ਆਰਥਿਕ ਸਦਮਾ ਵੈਨੇਜ਼ੁਏਲਾ ਝੱਲ ਰਿਹਾ ਹੈ।

ਅੱਜ ਦੇ ਸਾਮਰਾਜੀ ਯੁੱਗ ਅੰਦਰ ਮੁਲਕ ਦੀ ਆਰਥਿਕਤਾ ਉੱਤੇ ਰਾਜਕੀ ਕੰਟਰੋਲ ਸਾਮਰਾਜੀ ਹਿੱਤਾਂ ਅਤੇ ਅੰਤਰ-ਸਾਮਰਾਜੀ ਖਹਿ-ਭੇੜ ਅਨੁਸਾਰ ਪ੍ਰਭਾਵਿਤ ਹੁੰਦਾ ਹੈ। ਵੈਨੇਜ਼ੁਏਲਾ ਅਜਿਹੀ ਹਾਲਤ ਵਿਚ ਫਸ ਗਿਆ ਹੈ ਕਿ ਉਸ ਨੂੰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਤੇਲ ਕੀਮਤਾਂ ਤੇ ਕੰਟਰੋਲ ਘਟਾਉਣ, ਸਰਕਾਰੀ ਸਬਸਿਡੀਆਂ ਖਤਮ ਕਰਨ, ਸੰਸਥਾਈ ਟੈਕਸ ਵਧਾਉਣ, ਸਰਕਾਰੀ ਖਰਚ ਘਟਾਉਣ, ਸਰਕਾਰੀ ਅਸਾਸੇ ਪ੍ਰਾਈਵੇਟ ਹੱਥਾਂ ਵਿਚ ਵੇਚਣੇ ਪੈ ਰਹੇ ਹਨ।

ਵੈਨੇਜ਼ੁਏਲਾ ਵਿਚ ਤਕਨੀਕ ਵਪਾਰ ਦਾ ਕੋਈ ਵੱਡਾ ਸੋਮਾ ਨਹੀਂ ਹੈ। ਘਰੇਲੂ ਕਾਰੋਬਾਰ ਸਾਮਰਾਜੀ ਵਿੱਤੀ ਸਰਮਾਏ ਤੇ ਨਿਰਭਰ ਹੈ। ਸਨਅਤ ਵਿਚ ਬਹੁ-ਕੌਮੀ ਕੰਪਨੀਆਂ ਦੀ ਸਰਦਾਰੀ ਹੈ। 16 ਸਾਲ ਤੋਂ ਅਮਰੀਕਾ ਦੀ ਆਰਥਿਕ ਘੇਰਾਬੰਦੀ ਨੇ ਇਸ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ। ਅਮਰੀਕਾ ਨੇ ਤੇਲ ਦੀ ਵਿਕਰੀ ਅਤੇ ਅਦਾਇਗੀ ਦੀਆਂ ਸ਼ਰਤਾਂ (ਕੀਮਤਾਂ ਤੇ ਮਿਤੀਆਂ ਦੇ ਰੂਪ ਵਿਚ), ਵਸਤਾਂ ਦੀ ਮਾਤਰਾ, ਕੀਮਤਾਂ ਮਿੱਥ ਕੇ ਅਤੇ ਕਈ ਹੋਰ ਤਰੀਕਿਆਂ ਨਾਲ ਤੇਲ ਸਨਅਤ ਵਿਚ ਦਬਦਬਾ ਕਾਇਮ ਕੀਤਾ। ਆਰਥਿਕ ਘੇਰਾਬੰਦੀ ਅਤੇ ਵੈਨੇਜ਼ੁਏਲਾ ਸਰਕਾਰ ਦੇ ਵਿਰੋਧ ਕਾਰਨ ਵਕਤੀ ਤੌਰ ਤੇ ਭਾਵੇਂ ਅਮਰੀਕੀ ਵਿੱਤੀ ਸਰਮਾਏ ਅਤੇ ਅਮਰੀਕਾ ਆਧਾਰਿਤ ਕੰਪਨੀਆਂ ਨੂੰ ਵੀ ਘਾਟਾ ਝੱਲਣਾ ਪੈ ਰਿਹਾ ਹੈ ਪਰ ਅਮਰੀਕਾ ਵੈਨੇਜ਼ੁਏਲਾ ਦੀ ਸੱਤਾ ਬਦਲੀ ਵਿਚ ਮੁੱਖ ਭਾਈਵਾਲ ਬਣ ਕੇ ਆਰਥਿਕ ਘਾਟਿਆਂ ਦੀ ਭਰਪਾਈ ਕਰਨ ਦੀ ਤਾਕ ਵਿਚ ਹੈ। ਉੁਹ ਵੈਨੇਜ਼ੁਏਲਾ ਦੀ ਮੰਡੀ ਉੱਤੇ ਪੂਰਨ ਕਬਜ਼ਾ ਚਾਹੁੰਦਾ ਹੈ ਅਤੇ ਇਸ ਨੂੰ ਬਾਕੀ ਸੰਸਾਰ ਸ਼ਕਤੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ। ਵੈਨੇਜ਼ੁਏਲਾ ਦੀ ਮੌਜੂਦਾ ਆਰਥਿਕ ਦਸ਼ਾ ਨੇ ਇਹ ਦਿਖਾ ਦਿੱਤਾ ਕਿ ਮੁਲਕ ਦੀ ਆਰਥਿਕ ਨਿਰਭਰਤਾ ਬਿਨਾ ਪੱਛੜੇ ਮੁਲਕਾਂ ਦੀ ਸਿਆਸੀ ਆਜ਼ਾਦੀ ਕਿੰਨੀ ਅਖੌਤੀ ਹੈ।

ਸੰਪਰਕ: mandeepsaddowal@gmail.com
ਪੀਡੀਐਫ ਫਾਇਲ ਪੜ੍ਹਨ ਤੇ ਪ੍ਰਾਪਤ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ :

No comments:

Post a Comment