ਨੌਜਵਾਨ ਸਮਾਜ ਦਾ ਸਭ ਤੋਂ ਵੱਧ ਜਗਿਆਸੂ, ਊਰਜਾਵਾਨ ਅਤੇ ਸੰਵੇਦਨਸ਼ੀਲ ਹਿੱਸਾ ਹੁੰਦੇ ਹਨ ਅਤੇ ਇਹ ਸਮਾਜਿਕ ਤਬਦੀਲੀ ਅਤੇ ਨਵੇਂ ਸਮਾਜ ਦੀ ਸਿਰਜਣਾ ਲਈ ਕੁਰਬਾਨੀਆਂ ਦੇ ਅਦੁੱਤੀ ਕੀਰਤੀਮਾਨ ਸਥਾਪਤ ਕਰਦੇ ਹਨ। ਸੰਸਾਰ ਭਰ ਦੇ ਮਹਾਨ ਇਨਕਲਾਬੀਆਂ ਨੇ ਨੌਜਵਾਨ ਅਵਸਥਾ ਵਿਚ ਹੀ ਇਨਕਲਾਬੀ ਲਹਿਰਾਂ ਅੰਦਰ ਨਿਰਸੁਆਰਥ ਤੇ ਦਲੇਰੀ ਨਾਲ ਕੁੱਦ ਪੈਣ ਦਾ ਰਾਹ ਅਖਤਿਆਰ ਕੀਤਾ ਸੀ। ਉਨ੍ਹਾਂ ਆਪਣੇ ਸਮੇਂ ਦੇ ਨਾਂਪੱਖੀ ਅਤੇ ਪਿੱਛਾਂਹਖਿੱਚੂ ਵਰਤਾਰਿਆਂ ਖਿਲਾਫ਼ ਜਾਨਦਾਰ ਜੱਦੋਜਹਿਦ ਚਲਾਈ। ਸਾਡੇ ਮੁਲਕ ਦੇ ਅਜ਼ਾਦੀ ਸੰਗਰਾਮ ਵਿੱਚ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਰਾਜਗੁਰੂ, ਸੁਖਦੇਵ, ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਅਨੇਕਾਂ ਇਨਕਲਾਬੀ ਨੌਜਵਾਨਾਂ ਨੇ ਕੌਮੀ ਇਨਕਲਾਬੀ ਲਹਿਰ 'ਚ ਹਿਰਾਵਲ ਦਸਤੇ ਦੀ ਭੂਮਿਕਾ ਨਿਭਾਈ ਹੈ ਅਤੇ ਭਗਤ ਸਿੰਘ ਨੇ 'ਇਨਕਲਾਬ-ਜਿੰਦਾਬਾਦ' ਅਤੇ 'ਸਾਮਰਾਜਵਾਦ-ਮੁਰਦਾਬਾਦ' ਦੇ ਨਾਅਰੇ ਬੁਲੰਦ ਕਰਦਿਆਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਰਹਿਤ ਸਮਾਜ ਸਿਰਜਣ ਦਾ ਪ੍ਰੋਗਰਾਮ ਪੇਸ਼ ਕੀਤਾ। ਪਰ ਭਗਤ ਸਿੰਘ ਦਾ ਸੁਪਨਾ ਅਜੇ ਵੀ ਸਾਕਾਰ ਨਹੀਂ ਹੋਇਆ।
ਅੱਜ ਅਸੀਂ ਸੰਸਾਰ ਸਾਮਰਾਜਵਾਦੀ ਪ੍ਰਬੰਧ ਵਿੱਚ ਰਹਿ ਰਹੇ ਹਾਂ ਅਤੇ ਇਹ ਸਾਮਰਾਜੀ ਪ੍ਰਬੰਧ ਇੱਕ ਪਾਸੇ ਸਾਮਰਾਜੀ ਦੇਸ਼ਾਂ ਅਤੇ ਦੂਜੇ ਪਾਸੇ ਦੱਬੇ ਕੁੱਚਲੇ ਦੇਸ਼ਾਂ ਵਿਚਕਾਰ ਵੰਡਿਆ ਹੋਇਆ ਹੈ। ਇਹ ਸਾਮਰਾਜੀ ਪ੍ਰਬੰਧ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਅਤੇ ਸਾਮਰਾਜੀ ਦੇਸ਼ਾਂ ਹੱਥੋਂ ਦੱਬੇ ਕੁੱਚਲੇ ਮੁਲਕਾਂ 'ਤੇ ਦਾਬੇ ਅਤੇ ਲੁੱਟ-ਖਸੁੱਟ 'ਤੇ ਅਧਾਰਿਤ ਹੈ। ਨਿੱਜੀ ਮਾਲਕੀ, ਜਿਣਸੀ ਪੈਦਾਵਾਰ ਤੇ ਮੁਨਾਫਾ ਇਸਦਾ ਮੂਲ ਮੰਤਰ ਹੈ। ਇਸ ਨਿਜ਼ਾਮ ਵਿੱਚ ਕੁੱਲ ਦੁਨੀਆਂ ਦੇ ਮਾਲ-ਖਜ਼ਾਨਿਆਂ ਅਤੇ ਪੈਦਾਵਾਰੀ ਵਸੀਲਿਆਂ 'ਤੇ ਧੜਵੈਲ ਬਹੁਕੌਮੀ ਕੰਪਨੀਆਂ ਤੇ ਉਨ੍ਹਾਂ ਦੇ ਜੋਟੀਦਾਰਾਂ ਦਾ ਗਲਬਾ ਜਮਾਇਆ ਹੋਇਆ ਹੈ। ਇਸ ਸਾਮਰਾਜੀ ਪ੍ਰਬੰਧ ਅੰਦਰ ਵਿਸ਼ਵ ਬੈਂਕ, ਮੁਦਰਾਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਵੱਲੋਂ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਲੋਕ ਦੋਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਨੇ ਮਿਹਨਤਕਸ਼ ਜਨਤਾ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਨਵਉਦਾਰਵਾਦ ਨੀਤੀਆਂ ਨੇ ਸਾਮਰਾਜਵਾਦੀ ਪੂੰਜੀਵਾਦੀ ਪ੍ਰਬੰਧ ਦੀਆਂ ਵਜੂਦ ਸਮੋਈਆਂ ਵਿਰੋਧਾਈਆਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਅਤੇ ਜਿਸ ਕਾਰਨ ਸਾਮਰਾਜੀ ਪ੍ਰਬੰਧ ਅੱਜ ਗੰਭੀਰ ਸੰਕਟ ਵਿੱਚ ਫਸ ਗਿਆ ਹੈ। ਇਸ ਸੰਕਟ ਦੇ ਕਾਰਨ ਅੱਜ ਸਾਰੀ ਦੁਨੀਆਂ ਅੰਦਰ ਇਸ ਲੁਟੇਰੇ ਸੰਸਾਰ ਸਾਮਰਾਜੀ ਪ੍ਰਬੰਧ ਵਿਰੁੱਧ ਲੋਕ ਸੰਘਰਸ਼ ਅਤੇ ਬਗਾਵਤਾਂ ਕਰ ਰਹੇ ਹਨ। ਪਰ ਲੋਕਾਂ ਕੋਲ ਦਰੁਸਤ ਸੇਧ ਦੀ ਅਣਹੋਂਦ ਹੋਣ ਕਰਕੇ ਇਹ ਸੰਘਰਸ਼ ਅਤੇ ਬਗਾਵਤਾਂ ਇਸੇ ਪ੍ਰਬੰਧ ਅੰਦਰ ਦਮ ਤੋੜ ਰਹੀਆਂ ਹਨ।
ਸਾਡੇ ਜਿਹੜੇ ਨੌਜਵਾਨ-ਵਿਦਿਆਰਥੀ ਭਾਰਤ ਵਰਗੇ ਮੁਲਕਾਂ ਵਿਚੋਂ ਵਿਦੇਸ਼ਾਂ ਵਿੱਚ ਆਏ ਹੋਏ ਹਨ ਜਿੱਥੇ ਉਹਨਾਂ ਨੂੰ ਉੱਥੇ ਰਹਿੰਦਿਆਂ ਆਪਣੇ ਮੁਲਕ ਅੰਦਰ ਬੇਰੁਜ਼ਗਾਰੀ, ਗਰੀਬੀ, ਨਸ਼ੇ, ਭ੍ਰਿਸ਼ਟਾਚਾਰ ਆਦਿ ਅਲਾਮਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਵਿਕਸਿਤ ਪੂੰਜੀਵਾਦੀ ਮੁਲਕਾਂ (ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਆਦਿ) ਅੰਦਰ ਆਕੇ ਵੀ ਉਹਨਾਂ ਨੂੰ ਵੱਖ-ਵੱਖ ਸ਼ਕਲਾਂ ਵਿੱਚ ਲੁੱਟ-ਖਸੁੱਟ ਤੇ ਹੋਰ ਪ੍ਰੇਸ਼ਾਨੀਆਂ ਤੇ ਬੇਗਾਨਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਹਨਾਂ ਮੁਲਕਾਂ ਅੰਦਰ ਆਕੇ ਵੀ ਉਹ ਮਹਿੰਗੀਆਂ ਫੀਸਾਂ ਅਤੇ ਕੰਮ ਦੇ ਬੋਝ, ਰਿਹਾਇਸ਼ੀ ਕਿਰਾਇਆਂ, ਬੇਰੁਜਗਾਰੀ, ਸਸਤੀ ਲੇਬਰ, ਨਸਲੀ ਵਿਤਕਰੇ, ਪੱਕੇ ਹੋਣ, ਏਜੰਟਾਂ ਦੀਆਂ ਠੱਗੀਆਂ, ਮਾਨਸਿਕ ਪ੍ਰੇਸ਼ਾਨੀਆਂ/ਰੋਗਾਂ ਆਦਿ ਦੀ ਘੁੰਮਣਘੇਰੀ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਅਜਿਹੇ 'ਚ ਉਹ ਨਸ਼ੇ, ਗੈਂਗਵਾਰ, ਖੁਦਕਸ਼ੀਆਂ ਤੇ ਹੋਰ ਵਿਗਾੜਾਂ ਦਾ ਸ਼ਿਕਾਰ ਹੋ ਰਹੇ ਹਨ। ਬੇਵੱਸੀ ਤੇ ਹਨੇਰੇ ਭਵਿੱਖ 'ਚੋਂ ਫੁਕਰੇ, ਨਕਲਚੀ ਤੇ ਖੋਖਲੇ ਸੱਭਿਆਚਾਰ 'ਚ ਗਲਤਾਨ ਹੋਕੇ ਜਵਾਨੀਆਂ ਗਾਲ ਰਹੇ ਹਨ। ਅਜਿਹੇ 'ਚ ਸਿਹਤਮੰਤ, ਉਸਾਰੂ ਤੇ ਨਿੱਗਰ ਵਿਚਾਰ-ਚਰਚਾ ਲਈ ਇੱਕ ਸਾਂਝਾ ਪਲੇਟਫਾਰਮ ਉਸਾਰਨ ਦੀ ਲੋੜ ਹੈ। ਜਿੱਥੇ ਕੌਮਾਂਤਰੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਉਭਾਰਿਆ ਜਾਵੇ। ਇਸ ਮਰਨਾਊ ਅਵਸਥਾ 'ਚ ਇੱਕ ਉੱਚੀ ਰੋਹਲੀ ਜਵਾਨ ਹੇਕ ਪੈਦਾ ਕੀਤੀ ਜਾਣ ਦਾ ਯਤਨ ਕੀਤਾ ਜਾ ਸਕੇ।
ਜਦੋਂ ਅਸੀਂ ਵਿਦੇਸ਼ਾਂ ਵਿੱਚ ਆਕੇ ਪਿੱਛੇ ਵੱਲ ਝਾਤੀ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਸਾਡਾ ਦੇਸ਼ ਭਾਰਤ, ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟ ਤੋਂ ਮੁਕਤ ਨਹੀਂ ਹੈ। ਭਾਰਤ ਦੇ ਮਿਹਨਤਕਸ਼ ਲੋਕ ਮਹਿੰਗਾਈ, ਗਰੀਬੀ, ਆਰਥਿਕ ਮੰਦਹਾਲੀ, ਭੁੱਖਮਰੀ, ਜਾਨ ਲੇਵਾ ਬਿਮਾਰੀਆਂ ਅਤੇ ਬੇਰੁਜਗਾਰੀ ਤੋਂ ਪਰੇਸ਼ਾਨ ਹਨ। ਇਹ ਪਿਛਾਂਹਖਿੱਚੂ ਪ੍ਰਬੰਧ ਊਚ-ਨੀਚ, ਜਾਤੀਪਾਤੀ ਤੇ ਧਾਰਮਿਕ ਤੁਅੱਸਬਾਂ, ਫਿਰਕੂ ਤੇ ਤੰਗ ਕੌਮੀ ਜ਼ਹਿਨੀਅਤ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਨਾਲ ਗ੍ਰਸਿਆ ਹੋਇਆ ਹੈ। ਹਿੰਦੂ ਫਾਸ਼ੀਵਾਦ ਦਾ ਫਨੀਅਰ ਨਾਗ ਆਪਣੀ ਸਿਰੀ ਚੁੱਕੀ ਖੜ੍ਹਾ ਹੈ। ਭਾਰਤ ਅੰਦਰ ਕੌਮੀ ਅਤੇ ਧਾਰਮਿਕ ਘੱਟ ਗਿਣਤੀਆਂ ਤੇ ਦਲਿਤ ਜਾਤਾਂ ਲਗਾਤਾਰ ਦਹਿਸ਼ਤ ਦੇ ਸਾਏ ਵਿੱਚ ਰਹਿ ਰਹੀਆਂ ਹਨ। ਹਾਕਮ ਜਮਾਤੀ ਪਾਰਟੀਆਂ, ਨਿਆਂਪਾਲਿਕਾ, ਕਾਰਜਪਾਲਿਕਾ ਤੇ ਹਥਿਆਰਬੰਦ ਫੌਜ਼ੀ ਤੇ ਪੁਲਸੀ ਧਾੜਾਂ ਦੀ ਨਸ-ਨਸ ਵਿਚੋਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਭ੍ਰਿਸ਼ਟਾਚਾਰ ਦੀ ਸੜਾਂਦ ਮਾਰ ਰਹੀ ਹੈ। ਬੌਧਿਕ ਕੰਗਾਲੀ, ਪਛੜੇਵਾਂ, ਲਾਈਲੱਗਤਾ ਤੇ ਗੈਰ-ਜਮਹੂਰੀ ਕਦਰਾਂ-ਕੀਮਤਾਂ ਭਾਰਤੀ ਰਾਜ ਪ੍ਰਬੰਧ ਅਤੇ ਇਸ ਦੇ ਸੱਭਿਆਚਾਰ ਦੀ ਪਹਿਚਾਣ ਬਣ ਚੁੱਕੀਆਂ ਹਨ।
ਸਾਡਾ ਮੁਲਕ ਅਜੇ ਵੀ ਅਥਾਹ ਉਪਜਾਊ ਮੈਦਾਨਾਂ, ਬੇਸਕੀਮਤੀ ਖਣਿਜ ਸੋਮਿਆਂ ਤੇ ਕੁਦਰਤੀ ਸਾਧਨਾਂ ਨਾਲ ਭਰਪੂਰ ਹੈ। ਇਸ ਧਰਤੀ ਦੇ ਜਾਇਆਂ ਦਾ ਸੁਭਾਅ ਬੇਹੱਦ ਮਿਹਨਤੀ ਤੇ ਸਖਤ ਜਾਨ ਹੈ। ਧਰਤੀ ਦੇ ਇਸੇ ਟੁੱਕੜੇ ਨੂੰ ਹੀ ਕਦੇ 'ਸੋਨੇ ਦੀ ਚਿੜੀ' ਕਿਹਾ ਜਾਂਦਾ ਸੀ। ਇਸ ਦੀ ਪਹਿਲਾਂ ਬਰਤਾਨਵੀ ਬਸਤੀਵਾਦੀਆਂ ਨੇ ਦੋ ਸੌ ਸਾਲ ਤੋਂ ਵੱਧ ਸਮਾਂ ਗੁਲਾਮ ਬਣਾਕੇ ਲੁੱਟ-ਖਸੁੱਟ ਕੀਤੀ। ਇਸ ਗੁਲਾਮੀ ਅਤੇ ਲੁੱਟ-ਖਸੁੱਟ ਵਿਰੁੱਧ ਭਾਰਤ ਦੇ ਅਣਖੀਲੇ ਲੋਕਾਂ ਨੇ ਬਰਤਾਨਵੀ ਧਾੜਵੀਆਂ ਖਿਲਾਫ਼ ਬਗਾਵਤਾਂ ਅਤੇ ਸ਼ੰਘਰਸ਼ ਕੀਤੇ ਅਤੇ ਲੱਖਾਂ ਲੋਕਾਂ ਨੇ ਆਪਣੀ ਜਾਨ ਦੀਆਂ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਈਆਂ। ਪਰ ਭਾਰਤ ਨੂੰ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਪ੍ਰਾਪਤ ਨਹੀਂ ਹੋਇਆ। ਕਿਓਂਕਿ ਕਾਂਗਰਸ ਨੇ ਕੌਮੀ ਹਿੱਤਾਂ ਨਾਲ ਗਦਾਰੀ ਕਰਕੇ 1947 ਵਿੱਚ ਬਰਤਾਨਵੀ ਹਕੂਮਤ ਨਾਲ ਸਮਝੌਤਾ ਕਰਕੇ ਸੱਤਾ ਬਦਲੀ ਕਰ ਲਈ ਅਤੇ ਹੁਣ ਗੋਰੇ ਅੰਗਰੇਜਾਂ ਦੀ ਜਗ੍ਹਾ ਕਾਲੇ ਅੰਗਰੇਜਾਂ ਨੇ ਲੈ ਲਈ ਜਿਹੜੇ ਬਹੁਤ ਸਾਰੇ ਸਾਮਰਾਜੀ ਮੁਲਕਾਂ ਨਾਲ ਮਿਲਕੇ ਦੇਸ਼ ਦੇ ਲੋਕਾਂ ਦੀ ਲੁੱਟ ਕਰ ਰਹੇ ਹਨ। ਅੱਜ ਇਹ ਅਮੀਰ ਸੋਮਿਆ ਦਾ ਮਾਲਕ ਇਹ ਦੇਸ਼ ਦੁਨੀਆਂ ਦੇ ਸਭ ਤੋਂ ਪੱਛੜੇ ਤੇ ਕੰਗਾਲ ਮੁਲਕਾਂ ਵਿਚ ਗਿਣਿਆ ਜਾਂਦਾ ਹੈ। ਅਸੀਂ ਜਿਹੜੇ ਇਸ ਦੇਸ਼ ਦੇ ਕਿਰਤੀ-ਕਾਮਿਆਂ ਤੇ ਮਿਹਨਤਕਸ਼ ਲੋਕਾਂ ਦੇ ਜੰਮੇ-ਜਾਏ ਹਾਂ, ਲੁੱਟ-ਖਸੁੱਟ ਦੇ ਸ਼ਿਕਾਰ ਆਪਣੇ ਮਾਪਿਆਂ ਵਾਂਗ ਹੀ ਅਨਪੜ੍ਹਤਾ, ਬੇਰੁਜਗਾਰੀ ਤੇ ਥੁੜਾਂ ਦਾ ਜੀਵਨ ਜਿਊਣ ਲਈ ਸਰਾਪੇ ਗਏ ਹਾਂ। ਅਸੀਂ ਤੇ ਸਾਡੇ ਮਾਪੇ ਆਰਥਿਕ ਵਸੀਲਿਆਂ, ਪੈਦਾਵਾਰ ਦੇ ਸਾਧਨਾਂ ਅਤੇ ਸਨਮਾਣਯੋਗ ਰੁਜ਼ਗਾਰ ਤੇ ਚੰਗੀਆਂ ਜੀਵਨ ਹਾਲਤਾਂ ਤੋਂ ਵਾਂਝੇ ਹਾਂ। ਪੜ੍ਹਨ-ਲਿਖਣ ਤੇ ਅੱਗੇ ਵੱਧਣ ਦੇ ਮੌਕਿਆਂ ਦੀ ਘਾਟ ਤੇ ਗੈਰ-ਬਰਾਬਰੀ, ਮਹਿੰਗਾਈ ਤੇ ਬੇਰੁਜਗਾਰੀ ਨੇ ਦੇਸ਼ ਨੂੰ ਅਫਰਾਤਫਰੀ ਤੇ ਅਰਾਜਕਤਾ ਦੀ ਘੁੰਮਣਘੇਰੀ ਵੱਲ ਧੱਕ ਦਿੱਤਾ ਹੈ। ਇਸ ਲੁਟੇਰੇ ਪ੍ਰਬੰਧ ਨੇ ਸਾਨੂੰ ਨੌਜਵਾਨਾਂ ਨੂੰ ਲਾਚਾਰੀ, ਬੇਚੈਨੀ, ਨਿਰਾਸ਼ਤਾ ਅਤੇ ਅਨਿਸ਼ਚਤਤਾ ਦੇ ਆਲਮ ਵਿੱਚ ਧੱਕ ਦਿੱਤਾ।
ਸਾਡੇ ਦੇਸ਼ ਵਿੱਚ ਮੌਜੂਦਾ ਵਿਦਿਅਕ ਪ੍ਰਣਾਲੀ ਬਰਤਾਨਵੀ ਬਸਤੀਵਾਦੀ ਪ੍ਰਣਾਲੀ ਦਾ ਹੀ ਜਾਰੀ ਰੂਪ ਹੈ ਜੋ ਲਾਰਡ ਮੈਕਾਲੇ ਦੁਆਰਾ ਘੜੀ ਗਈ ਸੀ ਜਿਸ ਦਾ ਉਦੇਸ਼ ਬਰਤਾਨਵੀ ਰਾਜ ਦੀ ਸੇਵਾ ਲਈ ਕਰਿੰਦੇ ਪੈਦਾ ਕਰਨਾ ਸੀ। ਪਰ ਸੱਤਾ ਬਦਲੀ ਬਾਅਦ ਭਾਰਤੀ ਹਾਕਮਾਂ ਨੇ ਬਸਤੀਵਾਦੀ ਦੌਰ ਦੀ ਉਸੇ ਵਿਦਿਅਕ ਪ੍ਰਣਾਲੀ ਨੂੰ ਜਾਰੀ ਰੱਖਦਿਆਂ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦਾ ਦਰਜਾ ਦੇਣ ਦੀ ਬਜਾਏ, ਇਸਨੂੰ ਕੇਵਲ ਨਿਰਦੇਸ਼ਤ ਸਿਧਾਂਤ ਵਿਚ ਹੀ ਸ਼ਾਮਲ ਕੀਤਾ। ਇਹ ਪ੍ਰਣਾਲੀ ਇਕ ਪਾਸੇ ਉੱਚ ਕੁਲੀਨ ਵਰਗ ਲਈ ਉੱਚ ਸਹੂਲਤਾਂ ਵਾਲੀਆਂ ਸੰਸਥਾਵਾਂ ਅਤੇ ਦੂਜੇ ਪਾਸੇ ਜਨ ਸਧਾਰਨ ਲਈ ਨੀਵੇਂ ਦਰਜੇ ਵਾਲੀਆਂ ਵਿਦਿਅਕ ਸੰਸਥਾਵਾਂ ਪ੍ਰਦਾਨ ਕਰਦੀ ਸੀ ਜਿਸ ਦਾ ਤੱਤ ਬਸਤੀਵਾਦੀ/ਸਾਮਰਾਜੀ-ਜਗੀਰੂ ਸੱਭਿਆਚਾਰ ਦਾ ਸੰਚਾਰ ਕਰਨਾ ਸੀ। 90ਵਿਆਂ ਦੀਆਂ 'ਨਵੀਆਂ ਆਰਥਿਕ ਨੀਤੀਆਂ' ਤਹਿਤ ਸਿੱਖਿਆ ਦੇ ਖੇਤਰ ਦਾ ਨਿੱਜੀਕਰਨ ਅਤੇ ਵਪਾਰੀਕਰਨ ਕਰਕੇ ਉਚੇਰੀ ਸਿੱਖਿਆ ਦੇ ਨਾਲ-ਨਾਲ ਮੁੱਢਲੀ ਤੇ ਮਾਧਮਿਕ ਸਿੱਖਿਆ 'ਤੇ ਵੀ ਦੇਸੀ-ਵਿਦੇਸ਼ੀ ਕੰਪਨੀਆਂ ਦੀ ਇਜਾਰੇਦਾਰੀ ਸਥਾਪਿਤ ਕਰ ਦਿੱਤੀ ਗਈ। ਇਸ ਵਿਦਿਅਕ ਪ੍ਰਣਾਲੀ ਰਾਹੀਂ ਅੰਗਰੇਜੀ ਮਾਧਿਅਮ ਨੂੰ ਹੋਰ ਬੜਾਵਾ ਦੇ ਕੇ ਇੱਕ ਪਾਸੇ ਸਾਮਰਾਜੀ ਗੁਲਾਮੀ ਵਾਲੀ ਮਾਨਸਿਕਤਾ ਦਾ ਹੋਰ ਬੋਲਬਾਲਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਵਿਦਿਆਰਥੀਆਂ ਦੇ ਮਨਾਂ ਅੰਦਰ ਬਹੁ-ਕੌਮੀ ਭਾਰਤ ਅੰਦਰ ਦੇਸ਼ ਦੀ 'ਏਕਤਾ ਅਤੇ ਆਖੰਡਤਾ' ਦੇ ਨਾਂ ਹੇਠ ਹਿੰਦੂ ਸ਼ਾਵਨਵਾਦ ਦੇ ਸੰਕਲਪ ਦਾ ਜਾਪ ਕਰਾਇਆ ਜਾ ਰਿਹਾ ਹੈ। ਸਿੱਖਿਆ ਖੇਤਰ ਵਿਚ ਅੰਗਰੇਜੀ ਭਾਸ਼ਾ ਦੀ ਇਜਾਰੇਦਾਰੀ ਬਸਤੀਵਾਦੀ ਗੁਲਾਮ ਜ਼ਹਿਨੀਅਤ ਦਾ ਚਿੰਨ੍ਹ ਹੈ। ਭਾਰਤੀ ਸਿੱਖਿਆ ਨੀਤੀ ਵਿਦਿਆਰਥੀਆਂ ਦੀ ਸ਼ਖਸ਼ੀਅਤ ਜਾਂ ਸੋਚ ਨੂੰ ਸਾਮਰਾਜੀ ਸੱਭਿਆਚਾਰ ਦੀ ਉਤਮਤਾ ਦਾ ਪਾਠ ਪੜ੍ਹਾਉਂਦੀ ਹੈ।
ਸਾਡੇ ਦੇਸ਼ 'ਚ ਅਜੇ ਵੀ ਜਗੀਰਦਾਰੀ ਦੀ ਰਹਿੰਦ-ਖੂੰਹਦ ਬਾਕੀ ਹੈ ਅਤੇ ਇਸ ਦੇ ਉਸਾਰ ਢਾਂਚੇ ਅਤੇ ਸੱਭਿਆਚਾਰ ਵਿੱਚ ਤਾਂ ਅਜੇ ਵੀ ਜਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ। ਇਸ ਲੁਟੇਰੇ ਪ੍ਰਬੰਧ ਵਿੱਚ ਅਜੇ ਵੀ ਪਿਤਰੀਵਾਦ ਭਾਰੂ ਹੈ ਅਤੇ ਪਿਛਾਂਹਖਿੱਚੂ ਪਿਤਰੀਵਾਦੀ ਕਦਰਾਂ-ਕੀਮਤਾਂ ਦਾ ਖਮਿਆਜਾ ਇੱਥੋਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਔਰਤਾਂ/ਲੜਕੀਆਂ ਭਾਰਤ ਅੰਦਰ ਇੱਕ ਪਾਸੇ ਇਸ ਲੁਟੇਰੇ ਪ੍ਰਬੰਧ ਦੇ ਲੁੱਟ ਅਤੇ ਜਬਰ ਦਾ ਸ਼ਿਕਾਰ ਹਨ ਅਤੇ ਦੂਜੇ ਪਾਸੇ ਉਹ ਮਰਦ ਦੇ ਦਾਬੇ ਦਾ ਸ਼ਿਕਾਰ ਵੀ ਹਨ। ਔਰਤ ਸਾਡੇ ਸਮਾਜ ਦੀ ਸਭ ਤੋਂ ਵਧ ਪੀੜਤ ਹਿੱਸਾ ਹੈ।
ਸਾਡਾ ਦੇਸ਼ ਇੱਕ ਬਹੁ ਕੌਮੀ ਮੁਲਕ ਹੈ। ਭਾਰਤੀ ਹਾਕਮ ਜਮਾਤਾਂ ਅਤੇ ਸਾਮਰਾਜਵਾਦ ਭਾਰਤ ਦੀਆਂ ਸਾਰੀਆਂ ਕੌਮੀਅਤਾਂ ਨਾਲ ਧੱਕਾ ਕਰ ਰਿਹਾ ਹੈ। 1947 ਦੀ ਸਤਾ ਬਦਲੀ ਤੋਂ ਬਾਅਦ ਭਾਰਤੀ ਹਾਕਮ ਜਮਾਤਾਂ ਨੇ ਬਰਤਾਨਵੀ ਸਾਮਰਾਜ ਤੋਂ ਵਿਰਾਸਤ 'ਚ ਮਿਲੇ ਕੇਂਦਰਿਤ ਰਾਜ ਪ੍ਰਬੰਧ ਨੂੰ ਪਿਛਲੇ ਸਾਢੇ ਛੇ ਦਹਾਕਿਆਂ 'ਚ ਹੋਰ ਵੀ ਵੱਧ ਕੇਂਦਰਿਤ ਕੀਤਾ ਹੈ। ਪਾਰਲੀਮੈਂਟਰੀ ਅਤੇ ਸੰਘੀ ਢਾਂਚੇ ਦੇ ਨਾਂ ਹੇਠ ਇਸ ਨੇ ਇੱਕ ਆਪਾਸ਼ਾਹ ਤੇ ਕੇਂਦਰੀਕ੍ਰਿਤ ਇਕਾਮਿਕ ਢਾਂਚਾ ਉਸਾਰ ਲਿਆ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਹੇਠ ਕੌਮੀ ਦਾਬੇ ਦੇ ਸਭਨਾਂ ਰੂਪਾਂ ਅਤੇ ਵਿਸ਼ੇਸ਼ ਕਰਕੇ ਕਸ਼ਮੀਰੀ ਕੌਮ ਅਤੇ ਉਤਰ-ਪਰਬ ਦੀਆਂ ਦੂਜੀਆਂ ਦੱਬੀਆਂ ਕੁਚਲੀਆਂ ਕੌਮਾਂ ਉੱਤੇ ਭਾਰਤੀ ਰਾਜ ਦਾ ਜਬਰ ਜੱਗ-ਜਾਹਰ ਹੈ।ਅੱਜ 'ਗਲੋਬਲ' ਪਿੰਡ ਦੇ ਨਾਂ 'ਤੇ ਨੌਜਵਾਨਾਂ ਅਤੇ ਮਿਹਨਤਕਸ਼ ਲੋਕਾਂ ਨੂੰ ਇਲੈਕਟ੍ਰਾਨਿਕ ਮੀਡੀਏ, ਮੋਬਾਇਲ, ਸਿਨੇਮਾ, ਇੰਟਰਨੈੱਟ ਆਦਿ ਦੇ ਜ਼ਰੀਏ ਚਕਾਚੌਂਧ ਕਰਕੇ ਰੰਗੀਨੀਆਂ ਦਾ ਮਸਨੂਈ ਸੰਸਾਰ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਨੂੰ ਖਪਤਵਾਦੀ ਅਤੇ ਵਿਅਕਤੀਵਾਦੀ ਸੋਚ ਨਾਲ ਲਬਰੇਜ ਕੀਤਾ ਜਾ ਰਿਹਾ ਹੈ। ਜੁਆਨੀ ਨੂੰ 'ਵਰਤੋ ਤੇ ਸੁੱਟੋ', 'ਮੈਂ ਕਿਸੇ ਤੋਂ ਕੀ ਲੈਣਾ' ਅਤੇ 'ਕੈਰੀਅਰ ਲਈ ਕੁਛ ਵੀ ਕਰਾਂਗਾ' ਵਰਗੇ ਨਾਅਰਿਆਂ ਰਾਹੀਂ ਨਸ਼ੇ ਤੇ ਨੰਗੇਜ਼ ਦੀ ਹਨੇਰੀ ਰਾਹੀਂ ਭਟਕਣਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਿਆਸੀ, ਆਰਥਿਕ ਅਤੇ ਸਮਾਜਿਕ ਸੰਕਟ ਕਾਰਨ ਸਾਡੇ ਦੇਸ਼ ਦੇ ਮੱਧ-ਵਰਗ ਅਤੇ ਗਰੀਬ ਪਰਿਵਾਰਾਂ 'ਚੋਂ ਆਏ ਹਰ ਨੌਜਵਾਨ ਦਾ ਭਵਿੱਖ ਧੁੰਦਲਾ ਹੈ। ਵਿਆਪਕ ਫੈਲੀ ਬੇਰੁਜ਼ਗਾਰੀ ਕਾਰਨ ਨੌਜਵਾਨ ਬੇਚੈਨੀ ਦੇ ਆਲਮ ਵਿੱਚ ਜਿਓਂ ਰਹੇ ਹਨ। ਉਪਰੋਂ ਹਾਕਮ ਜਮਾਤਾਂ ਨਸ਼ਿਆਂ ਦੇ ਵਪਾਰ ਨੂੰ ਖੁੱਲ੍ਹ ਅਤੇ ਸ਼ਹਿ ਦੇ ਕੇ ਨੌਜਵਾਨਾਂ ਨੂੰ ਨਸ਼ੱਈ ਬਣਾ ਰਹੀਆਂ ਹਨ ਅਤੇ ਪੰਜਾਬ ਦੇ ਨੌਜਵਾਨ ਗਭਰੂ ਜੋ ਕਿਸੇ ਸਮੇਂ ਆਪਣੇ ਸੁਢੌਲ ਸਰੀਰਾਂ ਕਰਕੇ ਦੁਨੀਆਂ ਭਰ ਵਿੱਚ ਮਸ਼ਹੂਰ ਹੁੰਦੇ ਸਨ, ਅੱਜ ਆਪਣੀ ਜਵਾਨੀ ਨਸ਼ਿਆਂ ਵਿੱਚ ਗਾਲ ਰਹੇ ਹਨ।
ਸਾਡੇ ਮੁਲਕ ਦੇ ਬਹੁਤ ਸਾਰੇ ਚੇਤੰਨ ਨੌਜਵਾਨ ਸਾਮਾਰਾਜੀ, ਪੂੰਜੀਵਾਦੀ ਅਤੇ ਜਗੀਰੂ ਰਹਿੰਦ ਖੂੰਹਦ ਵਾਲੇ ਸਮਾਜ ਦੀ ਇਸ ਗੁਲਾਮ-ਜ਼ਹਿਨੀਅਤ ਨੂੰ ਵਿਗਿਆਨਕ ਚੇਤਨਾ ਦੇ ਜੋਰ ਭੰਨਣ ਅਤੇ ਚੇਤੰਨ ਵਿਅਕਤੀ ਵਜੋਂ ਆਪਣੇ ਬਣਦੇ ਰੋਲ ਦਾ ਅਹਿਸਾਸ ਕਰਦਿਆਂ ਨੌਜਵਾਨਾਂ-ਵਿਦਿਆਰਥੀਆਂ ਨੂੰ ਚੇਤੰਨ ਤੇ ਜੱਥੇਬੰਦ ਕਰਨ ਦਾ ਕਾਰਜ ਕਰ ਰਹੇ ਹਨ। ਪੁਰਾਣੇ ਲੁੱਟ-ਜਬਰ ਤੇ ਵਿਤਕਰੇ ਉੱਪਰ ਉਸਰੇ ਸਮਾਜਕ ਨਿਜ਼ਾਮ ਨੂੰ ਇਨਕਲਾਬੀ ਢੰਗ ਨਾਲ ਤਬਦੀਲ ਕਰਨ ਲਈ ਨੌਜਵਾਨ-ਵਿਦਿਆਰਥੀ ਤਾਕਤ ਇਕ ਅਜਿਹੀ ਤਾਕਤ ਹੈ, ਜਿਹੜੀ ਸਮਾਜ ਵਿਚ ਇਨਕਲਾਬੀ ਲਹਿਰ ਦੇ ਵਧਾਰੇ ਤੇ ਵਿਕਾਸ ਲਈ ਆਪਣੀਆਂ ਅਥਾਹ ਸਿਰਜਨਾਤਮਿਕ ਸੰਭਾਵਨਾਵਾਂ ਰੱਖਦੀ ਹੈ। ਇਸ ਕਰਕੇ ਅਜਿਹੀਆਂ ਸਿਰਜਨਾਤਮਿਕ ਸੰਭਾਵਨਾਵਾਂ ਨੂੰ ਵਿਗਿਆਨਕ ਸਮਝ ਨਾਲ ਲੈੱਸ ਕਰਨ ਲਈ ਇਕ ਅਜਿਹੇ ਮੰਚ ਦੀ ਜਰੂਰਤ ਹੈ, ਜਿਹੜਾ ਸਮਾਜ ਨੂੰ ਤਬਦੀਲ ਕਰਨ ਵਿਚ ਇਸ ਅਥਾਹ ਸ਼ਕਤੀ ਨੂੰ ਇਕ ਦਰੁਸਤ ਅਗਾਂਹਵਧੂ ਪੈਂਤੜੇ ਤੋਂ ਬੱਝਵਾਂ ਤੇ ਜੱਥੇਬੰਦਕ ਸਰੂਪ ਪ੍ਰਦਾਨ ਕਰ ਸਕੇ। ਇਸ ਲਈ ਅਦਾਰਾ 'ਨੌਜਵਾਨ ਅਵਾਜ਼' ਆਪਣੀਆਂ ਸੀਮਤਾਈਆਂ ਦੇ ਬਾਵਜ਼ੂਦ ਸਮਾਜ ਦੀ ਬੁਨਿਆਦੀ ਤਬਦੀਲੀ ਲਈ ਕੌਮਾਂਤਰੀ ਵਿਦਿਆਰਥੀਆਂ ਤੇ ਨੌਜਵਾਨਾਂ 'ਚ ਇਨਕਲਾਬੀ ਵਿਚਾਰਾਂ ਦਾ ਸਜੀਵ ਢੰਗ ਨਾਲ ਪ੍ਰਚਾਰ ਕਰੇਗਾ। ਭਾਵੇਂ ਕਿ ਕੌਮਾਂਤਰੀ ਨੌਜਵਾਨਾਂ-ਵਿਦਿਆਰਥੀਆਂ ਨੂੰ ਜੱਥੇਬੰਦ ਕਰਨ ਅਤੇ ਉਹਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਉੱਤੇ ਸੰਘਰਸ਼ ਕਰਨ ਦਾ ਕਾਰਜ ਬੇਹੱਦ ਮਹੱਤਵਪੂਰਨ ਹੈ ਪਰੰਤੂ ਇਹ ਅਦਾਰਾ ਆਪਣੇ ਭਰੂਣ ਰੂਪ ਵਿੱਚ ਹੋਣ ਕਰਕੇ ਫਿਲਹਾਲ ਪ੍ਰਚਾਰ-ਪ੍ਰਾਪੇਗੰਡਾ ਕਿਸਮ ਦੀਆਂ ਗਤੀਵਿਧੀਆਂ ਲਈ ਹੀ ਆਪਣੇ ਯਤਨ ਜੁਟਾਉਣ ਤੱਕ ਸੀਮਿਤ ਹੈ।
ਅੱਜ ਅੰਤਰਰਾਸ਼ਟਰੀ ਨੌਜਵਾਨਾਂ-ਵਿਦਿਆਰਥੀਆਂ ਦੀਆਂ ਕੀ ਸਮੱਸਿਆਵਾਂ ਹਨ ਅਤੇ ਉਹਨਾਂ ਦੇ ਸਮਾਧਾਨ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ? ਇਹਨਾਂ ਬਾਰੇ ਤੁਸੀਂ ਆਪਣੇ ਸੁਝਾਅ, ਤਜ਼ਰਬੇ, ਟਿੱਪਣੀਆਂ ਅਤੇ ਰਚਨਾਵਾਂ 'ਨੌਜਵਾਨ ਅਵਾਜ਼' ਨੂੰ ਭੇਜ ਸਕਦੇ ਹੋ। ਅੰਤਰਰਾਸ਼ਟਰੀ ਨੌਜਵਾਨਾਂ-ਵਿਦਿਆਰਥੀਆਂ ਦੀ ਅਵਾਜ਼ ਬਨਣ ਦਾ ਇਹ ਇੱਕ ਛੋਟਾ ਜਿਹਾ ਯਤਨ ਹੈ ਜੋ ਤੁਹਾਡੇ ਯਤਨਾਂ ਤੇ ਹੁੰਗਾਰੇ ਨਾਲ ਕਾਫਲਾ ਬਨਣ ਦੀ ਆਸ ਰੱਖਦਾ ਹੈ।
No comments:
Post a Comment