ਡੀ ਵਿਲਾ ‘ਤੇ ਕਬਜਾ ਕਰ ਲਿਆ ਸੀ। ਇਹ ਪੈਰਿਸ ਕਮਿਉਨ ਦਾ ਕੇਂਦਰ ਬਣ ਗਿਆ। ਇੱਥੇ ਇਨਕਲਾਬ ਤੇ ਕੌਮਾਂਤਰੀਵਾਦ ਦਾ ਲਾਲ ਝੰਡਾ ਲਹਿਰਾਇਆ ਗਿਆ। ਪੈਰਿਸ ਕਮਿਉੂਨ ਪਹਿਲੀਵਾਰ ਮਜ਼ਦੂਰ ਜਮਾਤ ਵੱਲੋਂ ਆਪਣੇ ਸੰਗੀਆਂ ਦੇ ਸਾਥ ਰਾਹੀਂ ਸਤਾ ਹਥਿਆ ਕੇ ਸਥਾਪਤ ਕੀਤੀ ਗਈ। ਮਾਰਕਸ ਨੇ ”ਫਰਾਂਸ ‘ਚ ਘਰੇਲੂ ਯੁੱਧ” ਨਾਮੀ ਆਪਣੀ ਰਚਨਾ ‘ਚ ਇਸ ਦਾ ਵਰਣਨ ਕਦੇ ਹੋਏ ਕਿਹਾ ਕਿ ”ਪੁਰਾਣਾ ਸੰਸਾਰ ਲਾਲ ਝੰਡੇ ਨੂੰ ਵੇਖ ਕੇ ਨਫ਼ਰਤ ਨਾਲ ਤੜਫ ਉੱਠਿਆ।”
ਇਹ ਪਹਿਲੀ ਵਾਰੀ ਨਹੀਂ ਸੀ ਕਿ ਦੱਬੇ ਕੁਚਲਿਆਂ ਦੀਆਂ ਭਾਵਨਾਵਾਂ ਨੁੰ ਪ੍ਰਗਟਾਉਂਦਾ ਲਾਲ ਝੰਡਾ ਲਹਿਰਾਇਆ ਗਿਆ ਹੋਵੇ। ਲਾਲ ਝੰਡਾ ਬਗਾਵਤ ਕਰ ਰਹੀਆਂ ਜਮਾਤਾਂ ਵੱਲੋਂ ਲਹਿਰਾਇਆ ਜਾਂਦਾ ਰਿਹਾ ਹੈ। ਉਨਾਂ ਜੱਦੋਜਹਿਦਾਂ ‘ਚ ਜਿਨਾਂ ਨੇ ਰੋਮ ਦੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਕੇ ਅੰਤਮ ਤੌਰ ‘ਤੇ ਇਸ ਨੂੰ ਭੁੰਜੇ ਪਟਕਾ ਮਾਰਿਆ ਸੀ। ਲਾਲ ਝੰਡਾ, ਉਨਾਂ ਗੁਲਾਮਾਂ ਦੀ ਜੰਗ ਦਾ ਐਲਾਨਨਾਮਾ ਸੀ ਜਿਨਾਂ ਕੋਲ ਬਗਾਵਤ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਉਨਾਂ ਕਿਸਾਨਾਂ ਦੇ ਉਭਾਰਾਂ ‘ਚ ਜਿਹੜੇ ਜਰਮਨ ‘ਚ ਉੱਠੇ ਸਨ, ਕਿਸਾਨਾਂ ਦੀਆਂ ਫੌਜਾਂ ਨੇ ਮੁਲਕ ਦੇ ਇਕ ਤੋਂ ਦੂਜੇ ਕੋਨੇ ਤੱਕ ਜਾਂਦੇ ਹੋਏ ਲਾਲ ਝੰਡਾ ਉੱਚਾ ਚੁੱਕਿਆ।
ਸਰਮਾਏਦਾਰ ਜਮਾਤ ਅਤੇ ਸਰਮਾਏਦਾਰੀ ਦੇ ਉਭਰਨ ਨਾਲ ਨਵੀਨ ਕੌਮੀ ਰਾਜ ਇੱਕ ਜ਼ਰੂਰੀ ਲੋੜ ਬਣ ਗਏ। ਸਰਮਾਏਦਾਰੀ ਨੇ ਜਗੀਰੂ ਪ੍ਰਬੰਧ ਵੱਲੋਂ ਲਾਈਆਂ ਰੋਕਾਂ ਨੂੰ ਵਗਾਹ ਮਾਰਨ ਲਈ ਜੱਦੋਜਹਿਦ ਕੀਤੀ। ਇਸ ਨੇ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਤੇ ਆਪਣੀਆਂ ਵਸਤਾਂ ਦੀ ਮੰਡੀ ਲਈ ਸਾਜਗਾਰ ਹਾਲਤਾਂ ਪੈਦਾ ਕੀਤੀਆਂ। ਇਸ ਵਿਕਾਸ ਅਮਲ ਨੇ ਉਨਾਂ ਮੁਲਕਾਂ ਨੂੰ ਹੋਂਦ ‘ਚ ਲਿਆਂਦਾ, ਜੋ ਅੱਜ ਮੌਜੂਦ ਹਨ, ਜਿਨਾਂ ਦਾ ਹਰੇਕ ਦਾ ਆਪੋ ਆਪਣਾ ਕੌਮੀ ਝੰਡਾ ਮੌਜੂਦ ਹੈ, ਜੋ ਵੱਖੋ-ਵੱਖਰੀਆਂ ਕੌਮਾਂ ਦੀ ਸਰਮਾਏਦਾਰ ਜਮਾਤ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ।
ਇਸ ਤਰਾਂ ਸਰਮਾਏਦਾਰ ਜਮਾਤ ਨੇ ਜਗੀਰੂ ਸਮਾਜ ਦੀਆਂ ਬੇੜੀਆਂ ਨੂੰ ਤੋੜਨ ਲਈ ਲੜਾਈ ਦਿੱਤੀ ਤਾਂ ਇਸ ਦੇ ਨਾਲ ਹੀ ਇੱਕ ਨਵੀਂ ਪ੍ਰੋਲੇਤਾਰੀ ਜਮਾਤ ਉਭਰ ਆਈ। ਪ੍ਰੋਲੇਤਾਰੀ ਜਮਾਤ, ਜਾਇਦਾਦ ਹੀਣ ਕਾਮਿਆਂ ਦੀ ਇੱਕ ਉਚ ਪੱਧਰੀ ਸਮਾਜੀਕ੍ਰਿਤ ਜਮਾਤ ਹੈ। ਉਭਰ ਰਹੀ ਸਰਮਾਏਦਾਰ ਜਮਾਤ ਵੱਲੋਂ ਪਿੰਡਾਂ ਵਿਚਲੇ ਬਹੁਤ ਸਾਰੇ ਕਿਸਾਨਾਂ ਸਮੇਤ ਬਹੁਤ ਸਾਰੇ ਸ਼ਹਿਰੀ ਜਾਇਦਾਦ ਦੀ ਮਾਲਕੀ ਵਾਲਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਇਹ ਵੱਡੀ ਗਿਣਤੀ ‘ਚ ਸਰਮਾਏਦਾਰਾਂ ਦੀਆਂ ਫੈਕਟਰੀਆਂ ‘ਚ ਕੰਮ ਕਰਨ ਲਈ ਮਜ਼ਬੂਰ ਹੋ ਗਏ। 19ਵੀਂ ਸਦੀ ਤੱਕ ਸੰਸਾਰ ਵਿਚਲੀ ਜਮਾਤੀ ਜੱਦੋਜਹਿਦ ਨੇ ਜਰਮਨ ਵਿੱਚ ਚਲਦੀਆਂ ਰਹੀਆਂ ਕਿਸਾਨਾਂ ਦੀਆਂ ਜੱਦੋਜਹਿਦਾਂ ਦੇ ਮੁਕਾਬਲੇ ਪੂਰੀ ਤਰਾਂ ਇੱਕ ਨਵਾਂ ਖਾਸਾ ਅਖਤਿਆਰ ਕਰ ਲਿਆ। ਇਸ ਤੋਂ ਬਾਅਦ ਦੇ ਸਮੇਂ ‘ਚ ਹਰ ਇੱਕ ਮਹੱਤਵਪੂਰਨ ਸਮਾਜੀ ਲਹਿਰ ਦਾ ਮੁਹਾਂਦਰਾ ਇਕ ਜਾਂ ਦੂਜੀ ਤਰਾਂ ਇਸ ਪ੍ਰੋਲੇਤਾਰੀ ਜਮਾਤ ਦੀ ਜੱਦੋ ਜਹਿਦ ਰਾਹੀਂ ਪ੍ਰਭਾਵਤ ਹੋਣ ਲੱਗ ਪਿਆ। ਇਸ ਜਮਾਤ ਦੁਆਰਾ ਝੁਲਾਇਆ ਲਾਲ ਝੰਡਾ ਸਮੁੱਚੇ ਤੌਰ ‘ਤੇ ਇਕ ਨਵੀਂ ਮਹੱਤਤਾ ਅਖਤਿਆਰ ਕਰ ਗਿਆ ਕਿ ਪ੍ਰੋਲੇਤਾਰੀਏ ਦਾ ਇਤਿਹਾਸਕ ਮਿਸ਼ਨ ਆਪਣੇ ਆਪ ਨੂੰ ਤੇ ਸਾਰੀ ਮਨੁੱਖਤਾ ਨੂੰ ਮੁਕਤ ਕਰਾਉਣਾ ਹੈ।
ਇੱਥੇ ਬਹੁਤ ਸਾਰੀਆਂ ਮਿਸਾਲਾਂ ਹਨ, ਜਿੱਥੇ ਮਜ਼ਦੂਰ ਜਮਾਤ ਵੱਲੋਂ ਲਾਲ ਝੰਡੇ ਨੂੰ ਉਠਾਇਆ ਗਿਆ। 1831 ‘ਚ ਦੱਖਣੀ ਵੇਲਜ ‘ਚ ਮਰਥੀਅਰ ਦੇ ਦੰਗਿਆਂ ਸਮੇਂ ਤਕਰੀਬਨ ਸੱਤ ਤੋਂ 10 ਹਜ਼ਾਰ ਦੇ ਦਰਮਿਆਨ ਕਾਮਿਆਂ ਨੇ ਚਾਰ ਦਿਨਾਂ ਤੱਕ ਮਰਥੀਅਰ ਨੁੰ ਆਪਣੇ ਕਬਜੇ ‘ਚ ਰੱਖਿਆ। ਰਿਪੋਰਟਾਂ ਮੁਤਾਬਿਕ ਫ਼ੌਜੀ ਧਾੜਾਂ ਵੱਲੋਂ ਉਨਾਂ ਨੂੰ ਕਤਲ ਕੀਤੇ ਜਾਣ ਤੇ ਬਗ਼ਾਵਤ ਨੂੰ ਕੁਚਲਣ ਤੋਂ ਪਹਿਲਾਂ ਉਨਾਂ ਨੇ ਲਾਲ ਝੰਡੇ ਲਹਿਰਾਉਂਦੇ ਹੋਏ ਮਾਰਚ ਕੀਤਾ।
1848 ਦੇ ਸਾਲ ‘ਚ ਜਦੋਂ ਕਮਿਊਨਿਸਟ ਮੈਨੀਫੈਸਟੋ ਦੀ ਰਚਨਾ ਕੀਤੀ ਗਈ ਸੀ ਅਤੇ ਇਸ ਦੇ ਪ੍ਰਕਾਸ਼ਤ ਹੋਣ ਦੇ ਕੁੱਝ ਮਹੀਨੇ ਪਹਿਲਾਂ ਤੋਂ ਹੀ ਲਾਲ ਝੰਡਾ ਵਿਕਾਸ ਕਰ ਰਹੀ ਪ੍ਰੋਲਤਾਰੀ ਜੱਦੋਜਹਿਦ ਦਾ ਦਿਸ਼ਾ ਸੂਚਕ ਬਣ ਗਿਆ ਸੀ। ਫਰਾਂਸ ‘ਚ ਇਸ ਤੋਂ 16 ਸਾਲ ਪਹਿਲਾਂ ਪੈਰਿਸ ਦੇ ਕਾਮਿਆਂ ਨੇ ਇੱਕ ਬਗ਼ਾਵਤ ਰਾਹੀਂ ਲੁਈਸ ਫਿਲਿਪ ਦੀ ਸਰਕਾਰ ਦਾ ਤਖ਼ਤਾ ਉਲਟਾਉਣ ਲਈ ਲਾਲ ਝੰਡਾ ਉੱਚਾ ਕੀਤਾ। ਇਸ ਤੋਂ ਬਾਅਦ ਫਰਵਰੀ 1848 ‘ਚ ਪਰਸੀਅਨ ਕਾਮਿਆਂ ਨੇ ਦੁਬਾਰਾ ਫਿਰ ਰੁਕਾਵਟਾਂ ਖੜੀਆਂ ਕਰ ਦਿੱਤੀਆਂ।
ਇਸ ਤੋਂ ਬਾਅਦ ਦੇ ਦਿਨਾਂ ‘ਚ ਫਰਾਂਸ ਦੇ ਕੌਮੀ ਝੰਡੇ ਦੀ ਚੋਣ ਕਰਨ ਦਾ ਸਵਾਲ ਆਇਆ। ਕਾਮਿਆਂ ਨੇ ਮੰਗ ਕੀਤੀ ਕਿ ਇਸ ਦਾ ਰੰਗ ਲਾਲ ਹੋਵੇ। ਸਰਮਾਏਦਾਰੀ ‘ਚ ਕੁੱਝ ਹਿੱਸੇ ਜੋ ਇਸ ਜੱਦੋਜਹਿਦ ‘ਚ ਸ਼ਾਮਲ ਹੋਏ ਸਨ, ਜੋ ਹਕੂਮਤ ਨੂੰ ਸਰਮਾਏਦਾਰ ਰਾਜਾਸ਼ਾਹੀ ਤੋਂ ਬਦਲ ਕੇ ਸਰਮਾਏਦਾਰ ਗਣਰਾਜ ‘ਚ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ, ਨੇ ਮੰਗ ਕੀਤੀ ਕਿ ਇਸ ਦਾ ਕੌਮੀ ਝੰਡਾ ਤਿੰਨ ਰੰਗਾ ਹੋਵੇ ਜੋ ਫਰਾਂਸ ‘ਚ ਸਰਮਾਏਦਾਰ ਇਨਕਲਾਬ ਦੌਰਾਨ ਉਚਾ ਕੀਤਾ ਗਿਆ ਸੀ। ਆਖ਼ਰਕਾਰ ਕਾਮਿਆਂ ਦੀ ਜੱਦੋਜਹਿਦ ਨੂੰ ਖੂਨ ‘ਚ ਡਬੋ ਦਿੱਤਾ ਗਿਆ। ਉਨਾਂ ਦੀ ਲਾਲ ਝੰਡੇ ਦੀ ਮੰਗ ਸਬੰਧੀ ਸਿਰਫ਼ ਇਹ ਰਿਆਇਤ ਦਿੱਤੀ ਗਈ ਕਿ ਫਰਾਂਸ ਦੇ ਝੰਡੇ ‘ਚ ਗੁਲਾਬ ਦੇ ਫੁੱਲ ਦੇ ਆਕਾਰ ਦਾ ਲਾਲ ਬੈਜ ਹੋਵੇਗਾ।
1871 ‘ਚ ਲਾਲ ਝੰਡਾ ਪੈਰਿਸ ਦੇ ਆਕਾਸ਼ ‘ਤੇ ਫਿਰ ਲਹਿਰਾਇਆ, ਪ੍ਰੋਲਤਾਰੀਏ ਵੱਲੋਂ ਸਤਾ ਹਥਿਆਉਣ ਦਾ ਇਤਿਹਾਸਕ ਤੌਰ ‘ਤੇ ਬੇਮਿਸਾਲ ਕਾਰਨਾਮਾ ਸੀ। ਪੈਰਿਸ ਕਮਿਊਨ ਸਥਾਪਤ ਹੋ ਗਿਆ। ਇਹ ਪਹਿਲੀ ਵਾਰ ਸੀ ਕਿ ਲਾਲ ਝੰਡਾ ਨਾ ਸਿਰਫ਼ ਵਿਦਰੋਹ ਲਈ, ਨਾ ਸਿਰਫ਼ ਬਗਾਵਤ ਲਈ ਸਗੋਂ ਇਨਕਲਾਬ ਲਈ ਉੁਚਾ ਉਠਿਆ। ਇਹ ਝੰਡਾ ਸੰਸਾਰ ਇਤਿਹਾਸਕ ਪ੍ਰੋਲਤਾਰੀ ਦੀ ਜੱਦੋ ਜਹਿਦ ਦੀ ਜਿੱਤ ਅਤੇ ਪ੍ਰੋਲਤਾਰੀ ਰਾਜ ਨੂੰ ਸਥਾਪਤ ਕਰਨ ਦਾ ਪ੍ਰਤੀਕ ਬਣਿਆ।
ਇਤਿਹਾਸਕ ਪੈਰਿਸ ਕਮਿਊਨ ਸਮੇਂ ਹੀ (ਇਸ ਤੋਂ ਪਹਿਲਾਂ ਨਹੀਂ ਸੀ) ਲਾਲ ਝੰਡਾ ਕੌਮਾਂਤਰੀ ਪ੍ਰੋਲਤਾਰੀਏ ਵੱਲੋਂ ਮਨੁੱਖਤਾ ਦੀ ਮੁਕਤੀ ਕਰਨ ਦੇ ਅਤੇ ਇਸ ਦੇ ਇਤਿਹਾਸਕ ਮਿਸ਼ਨ ਦੀ ਸਭ ਤੋਂ ਵੱਧ ਭਰਵੇਂ ਤੌਰ ‘ਤੇ ਨੁਮਾਇੰਦਗੀ ਕਰਨ ਦੇ ਚਿੰਨ ਬਣਨ ਵਜੋਂ ਸਾਹਮਣੇ ਆਇਆ। ਲੈਨਿਨ ਨੇ ਇਸ ਨੂੰ ਯਾਦ ਕਰਦੇ ਹੋਏ ਲਿਖਿਆ ਕਿ ”ਕਮਿਉੂਨ ਦੇ ਲੜਾਕੂਆਂ ਦੀ ਯਾਦ ਨੂੰ ਨਾ ਸਿਰਫ਼ ਫਰਾਂਸ ਦੇ ਕਾਮਿਆਂ ਸਗੋਂ ਸੰਸਾਰ ਦੇ ਪ੍ਰੋਲਤਾਰੀਏ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਕਮਿਊਨ ਕਿਸੇ ਸਥਾਨਕ ਜਾਂ ਤੰਗ ਕੌਮੀ ਨਿਸ਼ਾਨੇ ਲਈ ਨਹੀਂ ਲੜਿਆ ਸਗੋਂ ਮਿਹਨਤ ਕਰ ਰਹੀ ਸਾਰੀ ਮਨੁੱਖਤਾ ਅਤੇ ਸਾਰੇ ਦੱਬਿਆਂ ਕੁਚਲਿਆਂ ਦੀ ਮੁਕਤੀ ਲਈ ਲੜਿਆ ਹੈ। ਸਮਾਜੀ ਇਨਕਲਾਬ ਦੇ ਸਭ ਤੋਂ ਮੂਹਰਲੇ ਲੜਾਕੇ ਵਜੋਂ ਜਦੋਂ ਕਦੇ ਵੀ ਪ੍ਰੋਲਤਾਰੀ ਨੂੰ ਮੁਸੀਬਤ ਖੜੀ ਹੋਈ ਹੈ ਤਾਂ ਉਸ ਨੇ ਜੱਦੋਜਹਿਦ ਕੀਤੀ ਹੈ ਤਾਂ ਉਸ ਸਮੇਂ ਕਮਿਊਨ ਨੂੰ ਹਮੇਸ਼ਾ ਯਾਦ ਕੀਤਾ ਗਿਆ ਹੈ।
ਕਮਿਊਨ ਦੇ ਲੜਾਕੂਆਂ ਨੇ ਆਪਣੀ ਸਰਮਾਏਦਾਰੀ ਦੇ ਕੌਮਵਾਦ ਨੂੰ ਆਪਣੇ ਚੇਤਨਾ ਦੇ ਆਧਾਰ ‘ਤੇ ਫਟਕਾਰਿਆ ਅਤੇ ਆਪਣੇ ਲਾਲ ਝੰਡੇ ਨੂੰ ਸੰਸਾਰ ਦੇ ਲੋਕਾਂ ਦੀ ਮੁਕਤੀ ਦੇ ਚਿੰਨ ਵਜੋਂ ਪ੍ਰਗਟਾਇਆ ਸੀ। ਉਨਾਂ ਨੇ ਲਿਖਿਆ ਕਿ ”ਕਮਿਊਨ ਦਾ ਝੰਡਾ ਸੰਸਾਰ ਗਣਰਾਜ ਦਾ ਝੰਡਾ ਹੈ।” ਫਰੈਡਰਿਕ ਏਂਗਲਜ਼ ਨੇ ਬਾਅਦ ‘ਚ ਨੋਟ ਕੀਤਾ ਕਿ ਕਮਿਊਨ ਨੇ ”ਸਰਮਾਏਦਾਰੀ ਦੇ ਸ਼ਾਵਨਵਾਦ ਦੇ ਹਰ ਇਕ ਇਜ਼ਹਾਰ ਨੂੰ ਦਲੇਰੀ ਭਰੀ ਚੁਣੌਤੀ ਦਿੱਤੀ ਹੈ ਅਤੇ ਸਾਰੇ ਮੁਲਕਾਂ ਦੇ ਪ੍ਰੋਲਤਾਰੀਏ ਅਭੁੱਲ ਤੌਰ ‘ਤੇ ਇਸ ਨੂੰ ਸਮਝਦੇ ਹਨ।”
19 ਵੀਂ ਸਦੀ ਦੇ ਅੰਤ ‘ਚ ਬਹੁਤ ਸਾਰੇ ਯੂਰਪੀ ਦੇਸ਼ਾਂ ਅਤੇ ਅਮਰੀਕਾ ਤੇ ਜਾਪਾਨ ‘ਚ ਸਰਮਾਏਦਾਰੀ ਸਾਮਰਾਜ ‘ਚ ਵਿਕਾਸ ਕਰ ਗਈ। ਇਸ ਦੇ ਨਾਲ ਹੀ ਪਹਿਲੀ ਸਾਮਰਾਜੀ ਜੰਗ ਸ਼ੁਰੂ ਹੋ ਗਈ। ਸਾਮਰਾਜੀ ਮੁਲਕ ਪਹਿਲੀ ਸੰਸਾਰ ਜੰਗ ‘ਚ ਰੁੱਝ ਗਏ। ਇਹ ਮੁਲਕ ”ਮੇਰੀ ਕੌਮ ਪਹਿਲਾਂ” ਅਤੇ ”ਮਾਤ ਭੂਮੀ ਦੀ ਰੱਖਿਆ” ਰਾਹੀਂ ਕੌਮੀ ਸ਼ਾਵਨਵਾਦ ਨੂੰ ਉਛਾਲਾ ਦੇਣ ਲੱਗ ਪਏ। ਇਸ ਦੇ ਸੰਬੰਧ ‘ਚ ਹਾਕਮ ਜਮਾਤਾਂ ਵੱਲੋਂ ਕੌਮੀ ਝੰਡੇ ਨੂੰ ਬੜਾਵਾ ਦੇਣ ਅਤੇ ਲਾਲ ਝੰਡੇ ਨੂੰ ਦਬਾਉਣ ਨੇ ਨਵੀਂ ਮਹੱਤਤਾ ਅਖਤਿਆਰ ਕਰ ਲਈ। ਇਸ ਸਮੇਂ ਕਮਿਊਨਿਸਟਾਂ ਸਮੇਤ ਹੋਰ ਤਾਕਤਾਂ ‘ਚ ਇੱਕ ਵੱਡੀ ਜੱਦੋਜਹਿਦ ਖੜੀ ਹੋ ਗਈ ਕਿ ਉਹ ਕੌਮੀ ਸ਼ਾਵਨਵਾਦ ਦੇ ਝੰਡੇ ਨੂੰ ਬੁਲੰਦ ਕਰਨਗੇ ਜਾਂ ਪ੍ਰੋਲਤਾਰੀ ਇਨਕਲਾਬ ਅਤੇ ਕਮਿਊਨਿਸਟ ਭਵਿੱਖ ਦੇ ਲਾਲ ਝੰਡੇ ਨੂੰ ਬੁਲੰਦ ਕਰਨਗੇ। ਦੂਜੀ ਕੌਮਾਂਤਰੀ ‘ਚ ਸੰਸਾਰ ਦੀਆਂ ਕਮਿਊਨਿਸਟ ਜਥੇਬੰਦੀਆਂ ਤੇ ਪਾਰਟੀਆਂ ਦੀ ਗਰੁੱਪਬੰਦੀ ਕੌਮੀ ਸ਼ਾਵਨਵਾਦ ਬਨਾਮ ਕੌਮਾਂਤਰੀਵਾਦ ਦੇ ਸਵਾਲ ‘ਤੇ ਸਾਹਮਣੇ ਆਈ। ਇਸ ਸਮੇਂ ਬਹੁਤ ਸਾਰੇ ਮੁਲਕਾਂ ਦੇ ਕਾਮਿਆਂ ਨੇ ਲਾਲ ਝੰਡੇ ਨੂੰ ਉਚਾ ਚੁੱÎਕਿਆ। ਫਰਾਂਸ ਤੇ ਜਰਮਨੀ ‘ਚ ਫ਼ੌਜ ਤੇ ਨੇਵੀ ‘ਚ ਵੱਡੀ ਪੱਧਰ ‘ਤੇ ਬਗ਼ਾਵਤਾਂ ਉਠ ਪਈਆਂ। ਲਾਲ ਝੰਡਾ ਸੰਸਾਰ ਦੇ ਸਨਅਤੀ ਕਾਮਿਆਂ ਤੇ ਹੋਰਾਂ ਵੱਲੋਂ ਅਮਰੀਕਾ ‘ਚ ਵੀ ਲਹਿਰਾਇਆ ਗਿਆ। ਪ੍ਰੰਤੂ ਇਹ ਕੇਵਲ ਰੂਸ ਹੀ ਸੀ, ਜਿੱਥੇ ਮਜ਼ਦੂਰ ਜਮਾਤ ਦੀ ਪਾਰਟੀ ਅਤੇ ਇਸ ਦੇ ਆਗੂ ਵੀ.ਆਈ. ਲੈਨਿਨ ਨੇ ਸਰਕਾਰ ਵਿਰੁੱਧ ਇੱਕ ਸਾਰ ਇਨਕਲਾਬੀ ਸਟੈਂਡ ਬਰਕਰਾਰ ਰੱਖਿਆ ਕਿ ਮਜ਼ਦੂਰ ਜਮਾਤ ਹਕੀਕਤ ‘ਚ ਆਪਣੇ ਸਾਸ਼ਕਾਂ ਨੁੰ ਦਰਪੇਸ਼ ਤਿੱਖੇ ਸੰਕਟ ਦਾ ਲਾਹਾ ਲੈਣ ਦੇ ਯੋਗ ਹੈ ਅਤੇ ਇਹ ਇੱਕ ਹਥਿਆਰਬੰਦ ਬਗ਼ਾਵਤ ਖੜੀ ਕਰਕੇ ਸਤਾ ਹਥਿਆ ਸਕਦੀ ਹੈ। ਕੇਵਲ ਰੂਸ ‘ਚ ਹੀ ਕੌਮੀ ਝੰਡੇ ਨੂੰ ਲੀਰੋ ਲੀਰ ਕਰਕੇ ਇਸ ਦੀ ਥਾਂ ਕਮਿਊਨਿਸਟਾਂ ਦੇ ਲਾਲ ਝੰਡੇ ਨੂੰ ਲਿਆਂਦਾ ਗਿਆ।
ਬਾਲਸ਼ਵਿਕਾਂ ਨੇ ਆਪਣੇ ਸਿਆਸੀ ਪ੍ਰੋਗਰਾਮ ਦੁਆਲੇ ਲੋਕਾਂ ਨੂੰ ਜਿੱਤਿਆ ਅਤੇ 25 ਅਕਤੂਬਰ ਦੀ ਰਾਤ ਨੂੰ ਬਗ਼ਾਵਤ ਦਾ ਸੱਦਾ ਦਿੱਤਾ। ਵਿੰਟਰ ਸ਼ਾਹੀ ਮਹੱਲ ‘ਤੇ ਲਾਲ ਝੰਡਾ ਲਹਿਰਾਇਆ ਗਿਆ ਅਤੇ ਆਰਜੀ (ਸਰਮਾਏਦਾਰਨਾ) ਸਰਕਾਰ ਨੂੰ ਗ੍ਰਿਫ਼ਾਤਾਰ ਕਰ ਲਿਆ ਗਿਆ। ਜਿੱਤ ਤੋਂ ਮਗਰਲੇ ਦਿਨਾਂ ‘ਚ ਪ੍ਰੋਲਤਾਰੀਏ ਦੇ ਕੌਮਾਂਤਰੀ ਗੀਤ ਨੂੰ ਗਾਉਂਦੇ ਹੋਏ ਲੋਕ ਹਜ਼ਾਰਾਂ ਦੀ ਗਿਣਤੀ ‘ਚ ਲਾਲ ਚੌਂਕ ਦੀਆਂ ਗਲੀਆਂ ‘ਚ ਹੋ ਤੁਰੇ। ਕਰੈਮਲਿਨ ਦੀ ਕੰਧ ਤੋਂ ਦਿਉ ਕੱਦ ਲਾਲ ਝੰਡੇ ਧਰਤੀ ਤੱਕ ਲਹਿਰਾਏ ਗਏ। ਲੈਨਿਨ ਅਕਤੂਬਰ ਇਨਕਲਾਬ ਦੀ ਮਹੱਤਤਾ ਲਈ ਬੋਲਿਆ ਕਿ ”ਅਸੀਂ ਕਦੇ ਵੀ ਇਸ ਹਕੀਕਤ ਨੂੰ ਛੁਪਾਇਆ ਨਹੀਂ ਕਿ ਇਨਕਲਾਬ ਕੇਵਲ ਸ਼ੁਰੂਆਤ ਹੈ ਅਤੇ ਜੇਤੂ ਅੰਤ ਸਿਰਫ਼ ਉਦੋਂ ਹੀ ਆਵੇਗਾ ਜਦੋਂ ਅਸੀਂ ਸਾਰੇ ਸੰਸਾਰ ਨੂੰ ਇਨਕਲਾਬ ਦੀਆਂ ਇਨਾਂ ਲਪਟਾਂ ਰਾਹੀਂ ਜਗਮਗਾ ਦਿਆਂਗੇ।”
ਪਹਿਲੀ ਵਾਰ ਪ੍ਰੋਲਤਾਰੀਏ ਤੇ ਇਸਦੀ ਹਰਾਵਲ ਦਸਤਾ ਪਾਰਟੀ ਨੇ ਸਤਾ ਹਥਿਆ ਕੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਸਥਾਪਤ ਕੀਤੀ ਸੀ ਅਤੇ ਸਮਾਜ ਦੀ ਸਮਾਜਵਾਦੀ ਕਾਇਆਪਲਟੀ ਸ਼ੁਰੂ ਕੀਤੀ ਸੀ। ਇਸ ਨੂੰ ਕੌਮਾਂਤਰੀ ਪ੍ਰੋਲਤਾਰੀਏ ਦੇ ਇਤਿਹਾਸਕ ਮਿਸ਼ਨ ਤੇ ਕਾਜ ਨੂੰ ਅੱਗੇ ਵਧਾਉਣ ‘ਚ ਛਾਲ ਮਾਰਨ ਦੀ ਨੁਮਾਇੰਦਗੀ ਕੀਤੀ। ਇਨਕਲਾਬ ਤੇ ਕਮਿਊਨਿਜਮ ਦਾ ਲਾਲ ਝੰਡਾ ਸਮੁੱਚੇ ਸੰਸਾਰ ‘ਚ ਲਹਿਰਾਉਣਾ ਜਾਰੀ ਰਿਹਾ ਹੈ। ਚੀਨੀ ਇਨਕਲਾਬ ਦੀ ਜਿੱਤ ਨਾਲ ਲਾਲ ਝੰਡਾ ਸੰਸਾਰ ਦੇ ਇੱਕ ਤਿਹਾਈ ਹਿੱਸੇ ‘ਚ ਝੂਲਿਆ। ਚੀਨ ‘ਚ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਹੋਣ ਤੋਂ ਬਾਅਦ ਲਾਲ ਝੰਡੇ ਦੇ ਅਰਥ ਤੇ ਇਸਦਾ ਕਾਜ ਹੋਰ ਵੀ ਵੱਡੀ ਮਹੱਤਤਾ ਅਖਤਿਆਰ ਕਰ ਗਿਆ। ਜਦੋਂ ਇਸ ਇਨਕਲਾਬ ਦੇ ਆਗੂ ਮਾਓ ਜੇ ਤੁੰਗ ਨੇ ਆਪਣੇ ਦੁਆਲੇ ਜੁੜੀ ਇਨਕਲਾਬੀਆਂ ਦੀ ਧੁਰੀ ਰਾਹੀਂ ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਕੀਤੀ ਤਾਂ ਮਾਓ ਨੇ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਸੱਦਾ ਦਿੱਤਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਵਿਚਲੀਆਂ ਉਨਾਂ ਤਾਕਤਾਂ ਵਿਰੁੱਧ ਇਨਕਲਾਬ ਕਰੋ, ਜਿਹੜੀਆਂ ਸਰਮਾਏਦਾਰੀ ਰਾਜ ਬਹਾਲ ਕਰਕੇ ਮੁਲਕ ਨੂੰ ਪਿਛਵਾੜੇ ਧੱਕਣ ਲਈ ਬਜਿੱਦ ਸਨ।
ਅੱਜ ਸਾਬਕਾ ਸੋਵੀਅਤ ਯੂਨੀਅਨ ਤੇ ਚੀਨ ‘ਚ ਸਮਾਜਵਾਦੀ ਇਨਕਲਾਬ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ ਹੈ। ਪ੍ਰੰਤੂ ਲਾਲ ਝੰਡੇ ਦੀ ਕਹਾਣੀ ਦੱਬਿਆਂ ਕੁਚਲਿਆਂ ਅਤੇ ਲੁੱਟਿਆਂ ਪੁੱਟਿਆਂ ਦੀ ਜੱਦੋ ਜਹਿਦ, ਪ੍ਰੋਲਤਾਰੀ ਇਨਕਲਾਬ ਅਤੇ ਪ੍ਰੋਲਤਾਰੀ ਕੌਮਾਂਤਰੀਵਾਦ ਨਾਲ ਅਟੁੱਟ ਰੂਪ ‘ਚ ਜੁੜੀ ਹੋਈ ਰਹਿ ਰਹੀ ਹੈ।
ਜਿਵੇਂ ਲੋਕ ਅੱਜ ਤਿੱਖੀਆਂ ਜੱਦੋਂਜਹਿਦਾਂ ‘ਚ ਪੈ ਰਹੇ ਹਨ ਇਸ ਸਮੇਂ ਇਹ ਲਾਜ਼ਮੀ ਸਮਝਿਆ ਜਾਣਾ ਚਾਹੀਦਾ ਹੈ ਕਿ ਇਹ ਲਾਲ ਝੰਡਾ ਕਮਿਊਨਿਸਟ ਤੇ ਪ੍ਰੋਲਤਾਰੀ ਇਨਕਲਾਬ ਦਾ ਲਾਲ ਝੰਡਾ ਹੈ। ਦੱਬਿਆਂ ਕੁਚਲਿਆਂ ਤੇ ਲੁੱਟਿਆਂ ਪੁੱਟਿਆਂ ਨੂੰ ਪਾੜਨ ਦੇ ਉਲਟ ਇਹ ਲਾਲ ਝੰਡਾ ਹੈ, ਜੋ ਉਹਨਾਂ ਨੂੰ ਜੋੜਦਾ ਹੈ। ਇਹੀ ਝੰਡਾ ਹੈ ਜੋ ਪ੍ਰੋਲਤਾਰੀ ਜਮਾਤ ਦੀ ਤੇ ਸਾਰੀ ਮਨੁੱਖਤਾ ਦੀ ਮੁਕਤੀ ਕਰਨ ਦੀ ਨੁਮਾਇੰਦਗੀ ਕਰਦਾ ਹੈ। ਇਹ ਸਾਡੀ ਨਜ਼ਰ ‘ਚ ਇੱਕ ਸਮੁੱਚਾ ਨਵਾਂ ਸੰਸਾਰ ਜੋ ਕਿ ਸੰਭਵ ਹੈ ਅਤੇ ਜਰੂਰੀ ਹੈ, ਵੱਲ ਝਾਤ ਪਵਾਉਂਦਾ ਹੈ। ਲਾਲ ਝੰਡਾ ਸੰਸਾਰ ਨੂੰ ਜਿੱਤਣ ਤੇ ਕੁੱਝ ਵੀ ਨਾ ਗਵਾਉਣ ਦਾ ਪ੍ਰਤੀਕ ਹੈ। ਜਦੋਂ ਲੋਕ ਜੱਦੋਜਹਿਦ ਕਰਦੇ ਹੋਏ ਉਠਦੇ ਹਨ ਅਤੇ ਬਗ਼ਾਵਤ ਕਰਦੇ ਹਨ ਤਾਂ ਉਹ ਅਕਸਰ ਲਾਲ ਝੰਡੇ ਨੂੰ ਉਚਾ ਚੁੱਕਦੇ ਹਨ।
- ਆਰ.ਸੀ.ਪੀ.ਯੂ.ਐਸ.ਏ. ਦੇ ਬੁਲਾਰੇ ”ਰੈਵੋਲੂਸ਼ਨ” ‘ਚੋਂ ਧੰਨਵਾਦ ਸਾਹਿਤ
www.lalparcham.org ‘ਚੋਂ ਧੰਨਵਾਦ ਸਾਹਿਤ

No comments:
Post a Comment