ਯੂਕਰੇਨ ਜੰਗ ਦਾ ਸੇਕ ਯੂਰਪੀ ਦੇਸ਼ਾਂ ਦੀਆਂ ਬਰੂਹਾਂ ਟੱਪਕੇ ਦੁਨੀਆਂ ਭਰ ਵਿੱਚ ਫੈਲ ਰਿਹਾ ਹੈ। ਇਸ ਜੰਗ ਨੇ ਆਲਮੀ ਪੱਧਰ ਤੇ ਗੈਸ, ਤੇਲ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਪੈਦਾ ਕੀਤਾ ਹੈ। ਕਰੋਨਾ ਵਾਇਰਸ ਦੇ ਸਦਮੇ ਤੋਂ ਉਭਰ ਰਹੇ ਸੰਸਾਰ ਅੱਗੇ ਨਵੀਆਂ ਚੁਣੌਤੀਆਂ ਖੜੀਆਂ ਕੀਤੀਆਂ। ਕੋਵਿਡ ਸਮੇਂ ਤੋਂ ਚੱਲੀਆਂ ਆ ਰਹੀਆਂ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਢੋਆ-ਢੁਆਈ ਦੀਆਂ ਲਾਗਤਾਂ ਵੱਧ ਗਈਆਂ। ਆਵਾਜਾਈ ਦਾ ਮਹਿੰਗਾ ਹੋਣਾ, ਮਿਡਲ ਈਸਟ ਵਿੱਚ ਸੋਕੇ ਵਰਗੀ ਹਾਲਤ ਕਰਕੇ ਖੇਤੀਬਾੜੀ ਪੈਦਾਵਾਰ ਦਾ ਘਟਣਾ, ਆਲਮੀ ਤਪਸ, ਜਲਵਾਯੂ ਤਬਦੀਲੀਆਂ, ਯੂਰਪ ਵਿੱਚ ਸਰਦ ਰੁੱੱਤ ਦਾ ਸ਼ੁਰੂ ਹੋਣਾ, ਰੂਸ ਉੱਪਰ ਆਰਥਿਕ ਪਾਬੰਧੀਆਂ ਆਦਿ ਕਰਕੇ ਇਸਦਾ ਪ੍ਰਭਾਵ ਯੂਰਪ ਤੇ ਮੱਧ ਪੂਰਬ ਤੋਂ ਸ਼ੁਰੂ ਹੋਕੇ ਵਿਸ਼ਵ ਆਰਥਿਕਤਾ ਉੱਤੇ ਪੈਣਾ ਸ਼ੁਰੂ ਹੋ ਗਿਆ। ਯੂਕਰੇਨ ਜੰਗ ਨੇ ਵਿਸ਼ਵ ਦੇ ਭੂ-ਸਿਆਸੀ ਤੇ ਆਰਥਿਕ ਸਮੀਕਰਨਾਂ ਨੂੰ ਤੀਬਰਤਾ ਨਾਲ ਬਦਲ ਦਿੱਤਾ ਹੈ। ਜੰਗ ਨੇ ਜਿੱਥੇ ਸੰਸਾਰਵਿਆਪੀ ਮਹਿੰਗਾਈ, ਗਲੋਬਲ ਭੋਜਨ ਅਤੇ ਊਰਜਾ ਸੰਕਟ ਨੂੰ ਵਧਾ ਦਿੱਤਾ ਉੱਥੇ ਇਸਨੇ ਮੱਧ ਪੂਰਬ, ਕੇਂਦਰੀ ਅਤੇ ਦੱਖਣੀ ਏਸ਼ੀਆ ਖਿੱਤੇ ਅੰਦਰ ਵੱਡੀਆਂ ਚੁਣੌਤੀਆਂ ਤੇ ਤਣਾਅ ਪੈਦਾ ਕੀਤਾ ਹੈ ਜਿਸਦੇ ਨੇੜ ਭਵਿੱਖ ਵਿੱਚ ਘਾਤਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।
ਲੰਮੀ ਜੰਗ ਤੇ ਉਪਰੋਂ ਸਰਦ ਮੌਸਮ ਕਾਰਨ ਯੂਰਪ ਅੰਦਰ ਊਰਜਾ ਸੰਕਟ ਤੇ ਮਹਿੰਗਾਈ ਵਧਣ ਕਾਰਨ ਲੋਕਾਂ ਅੰਦਰ ਸਰਕਾਰਾਂ ਖਿਲਾਫ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਮੱਧ ਪੂਰਬ ਲਈ ਭੋਜਨ ਪਦਾਰਥਾਂ ਦੀ ਘਾਟ ਅਤੇ ਮਹਿੰਗਾਈ ਵੱਡੀ ਸਮੱਸਿਆ ਬਣਕੇ ਉੱਭਰ ਰਹੀ ਹੈ। ਮੌਸਮੀ ਤਬਦੀਲੀਆਂ ਕਾਰਨ ਚਾਲੂ ਵਰ੍ਹੇ ਦੌਰਾਨ ਮੱਧ ਪੂਰਬ ਦੇ ਕੁਝ ਮੁਲਕਾਂ ਵਿੱਚ ਅਨਾਜ ਦੀਆਂ ਲੋੜਾਂ ਪਿਛਲੇ ਸਾਲ ਨਾਲੋਂ ਵੱਧ ਗਈਆਂ। ਰੂਸ ਤੇ ਯੂਕਰੇਨ ਕਣਕ ਬਰਾਮਦ ਕਰਨ ਵਾਲੇ ਦੁਨੀਆਂ ਦੇ ਪੰਜਵੇਂ ਵੱਡੇ ਬਰਾਮਦਕਾਰ ਹਨ। ਜੰਗ ਕਰ ਕੇ ਇਸ ਸਾਲ ਯੂਕਰੇਨ ਵਿਚ ਫਸਲੀ ਪੈਦਾਵਾਰ ਹੇਠਲਾ ਰਕਬਾ ਘਟਣ ਅਤੇ ਮੰਗ ਵੱਧਣ ਕਰਕੇ ਕਣਕ ਦੀਆਂ ਕੀਮਤਾਂ ਵਿੱਚ ਅਪ੍ਰੈਲ ਮਹੀਨੇ ਤੱਕ 35% ਦਾ ਵਾਧਾ ਹੋਇਆ। ਮਿਸਰ, ਤੁਰਕੀ, ਟਿਊਨੇਸ਼ੀਆ, ਇਰਾਨ ਸਮੇਤ ਅਨੇਕਾਂ ਮੁਲਕ ਰੂਸ ਤੇ ਯੂਕਰੇਨ ਤੋਂ ਕਣਕ ਤੇ ਕਣਕ ਤੋਂ ਬਣੇ ਉਤਪਾਦ ਦਰਾਮਦ ਕਰਦੇ ਹਨ। ਭੋਜਨ ਪਦਾਰਥਾਂ ਦੀ ਕਮੀ ਤੇ ਮਾਰਕਿਟ ਦੀ ਅਰਾਜਕਤਾ ਨੇ ਹਾਲਾਤ ਹੋਰ ਵੱਧ ਮੁਸ਼ਕਲ ਕਰ ਦਿੱਤੇ ਹਨ।
![]() |
| Punjabi Tribune December 24, 2022 |
ਅਮਰੀਕਾ ਦੀ ਅਗਵਾਈ ਵਾਲਾ ਸਾਮਰਾਜੀ ਤਾਕਤਾਂ ਦਾ ਸਾਂਝਾ ਗੱਠਜੋੜ (ਨਾਟੋ) ਯੂਕਰੇਨ ਦੀ ਧਰਤੀ ਤੇ ਅਸਿੱਧੀ ਜੰਗ (Proxy war) ਲੜ ਰਿਹਾ ਹੈ। ਇਸ ਜੰਗ ਵਿੱਚ ਸਿੱਧੇ ਤੌਰ ਤੇ ਅਮਰੀਕਾ ਦਾ ਇਕ ਵੀ ਫੌਜੀ ਸ਼ਾਮਲ ਨਹੀਂ ਹੈ। ਅਮਰੀਕਾ ਸਿੱਧੇ ਰੂਪ ਵਿਚ ਯੂਕਰੇਨ ਦੀ ਮੱਦਦ ਕਰਕੇ ਇਸ ਜੰਗ ਨੂੰ ਰੂਸ ਬਨਾਮ ਨਾਟੋ ਬਣਾਉਣ ਤੋਂ ਕਤਰਾਉਂਦਾ ਹੈ। ਇਸ ਲਈ ਯੂਕਰੇਨ ਦੇ ਵਾਰ-ਵਾਰ ਕਹਿਣ ਤੇ ਵੀ ਅਮਰੀਕਾ ਅਤੇ ਨਾਟੋ ਮੁਲਕ ਸਿੱਧੇ ਰੂਪ ਵਿੱਚ ਯੂਕਰੇਨ ਦੀ ਮੱਦਦ ਨਹੀਂ ਕਰ ਰਹੇ ਜਿਸਤੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੰਿਸਕੀ ਖਫਾ ਹੈ। ਯੂਕਰੇਨ ਦੇ ਵਪਾਰਕ ਤੇ ਭੂ-ਸਿਆਸੀ ਤੌਰ ਤੇ ਮਹੱਤਵਪੂਰਨ ਹਿੱਸੇ ਉੱਤੇ ਕਬਜ਼ੇ ਬਾਅਦ ਪੂਤਿਨ ਦਾ ਯੂਕਰੇਨ ਨੂੰ ਕੂਟਨੀਤਕ ਗੱਲਬਾਤ ਰਾਹੀਂ ਜੰਗ ਖਤਮ ਕਰਨ ਦਾ ਬਿਆਨ ਦਰਸਾਉਂਦਾ ਹੈ ਕਿ ਰੂਸ ਵੀ ਹੁਣ ਪਿੱਛੇ ਹਟਣਾ ਚਾਹੁੰਦਾ ਹੈ। ਵੱਧ ਰਹੇ ਲੋਕ ਰੋਹ ਕਾਰਨ ਯੂਰਪੀਅਨ ਯੂਨੀਅਨ ਦੇ ਪੱਛਮੀ ਖੇਮੇ ਦੇ ਕਈ ਮੁਲਕਾਂ ਅੰਦਰ ਜੰਗ ਨੂੰ ਲੈ ਕੇ ਆਪਸੀ ਵਿਰੋਧ ਖੜੇ ਹੋ ਰਹੇ ਹਨ ਤੇ ਉਹ ਹੌਲੀ-ਹੌਲੀ ਪੈਰ ਪਿੱਛੇ ਖਿੱਚਣ ਲਈ ਮਜਬੂਰ ਹੋ ਰਹੇ ਹਨ। ਯੂਕਰੇਨ ਨੇ ਅਮਰੀਕਾ ਨੂੰ ਉਸਦੇ ਸਭ ਤੋਂ ਐਡਵਾਂਸ ਡਰੋਨ ਮੁਹੱਇਆ ਕਰਵਾਉਣ ਦੀ ਗੁਹਾਰ ਲਗਾਈ ਜਿਸਤੋਂ ਅਮਰੀਕਾ ਨੇ ਇਨਕਾਰ ਕਰ ਦਿੱਤਾ। ਦੂਸਰਾ ਪਿਛਲੇ ਸਮੇਂ ’ਚ ਵਾਪਰੇ ਕੁਝ ਘਟਨਾਕ੍ਰਮ ਦਿਖਾਉਂਦੇ ਹਨ ਕਿ ਅਮਰੀਕਾ ਜੇਲੰਿਸਕੀ ਉੱਤੇ ਪੂਤਿਨ ਨਾਲ ਗੱਲਬਾਤ ਲਈ ਜੋਰ ਪਾ ਰਿਹਾ ਹੈ। ਸਤੰਬਰ ਮਹੀਨੇ ਵਿੱਚ ਅਮਰੀਕੀ ਅਧਿਕਾਰੀ ਬਲੰਿਨਕਨ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦਾ ਅਚਾਨਕ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਇਹਨਾਂ ਯਤਨਾਂ ਦਾ ਹਿੱਸਾ ਹੈ। ਭਾਵੇਂ ਕਿ ਰੂਸ ਨੂੰ ਫੌਜੀ ਤੇ ਆਰਥਿਕ ਤੌਰ ਤੇ ਕੰਮਜੋਰ ਕਰਨ ਅਤੇ ਆਪਣੀਆਂ ਸਾਮਰਾਜਵਾਦੀ ਇਛਾਵਾਂ ਤਹਿਤ ਪਿਛਲੇ ਕਈ ਦਹਾਕਿਆ ਤੋਂ ਅਮਰੀਕਾ ਰੂਸ ਦੁਆਲੇ 14 ਨਾਟੋ ਮੁਲਕਾਂ ਰਾਹੀਂ ਘੇਰਾਬੰਦੀ ਕਰਦਾ ਆ ਰਿਹਾ ਹੈ ਪਰੰਤੂ ਹਾਲ ਦੀ ਘੜੀ ਉਸਦਾ ਮੁੱਖ ਦੁਸ਼ਮਣ ਚੀਨ ਹੈ। ਇਸੇ ਤਰ੍ਹਾਂ ਅਮਰੀਕਾ ਏਸ਼ੀਆ ’ਚ ਭਾਰਤ-ਚੀਨ ਸਰਹੱਦੀ ਵਿਵਾਦ ਵਧਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵੇਗਾ। ਇਸ ਲਈ ਰੂਸ ਖਿਲਾਫ ਯੂਕਰੇਨ ਨਾਲ ਸਿੱਧੀ ਜੰਗ ਦਾ ਹਿੱਸਾ ਬਣਨ ਦੀ ਬਜਾਇ ਅਮਰੀਕਾ ਯੂਕਰੇਨ ਨਾਲ ਸਿਰਫ ਹਥਿਆਰਾਂ ਦਾ “ਕਾਰੋਬਾਰ” ਅਤੇ ਜੰਗੀ ਤਬਾਹੀ ਵਿੱਚ ਮਾਰੇ ਤੇ ਉਜਾੜੇ ਜਾ ਯੂਕਰੇਨੀ ਲੋਕਾਂ ਨੂੰ “ਰਾਹਤ” ਦੇਣ ਸਿਰਫ “ਲੋਨ” ਮੁਹੱਇਆ ਕਰਵਾ ਰਿਹਾ ਹੈ। ਇਉਂ ਯੂਕਰੇਨੀ ਲੋਕਾਂ ਉੱਤੇ ਇਹ ਵਿਦੇਸ਼ੀ ਕਰਜ ਦਹਾਕਿਆਂ ਤੱਕ ਜੀਅ ਦਾ ਜੰਜਾਲ ਬਣਿਆ ਰਹੇਗਾ।
ਨੈਪੋਲੀਅਨ ਦੇ ਕਹੇ ਮੁਤਾਬਕ, ਯੁੱਧ ਸਾਰੀਆਂ ਸਮੀਕਰਨਾਂ ਵਿਚੋਂ ਸਭ ਤੋਂ ਗੁੰਝਲਦਾਰ ਹੈ ਪਰ ਨਵੰਬਰ ਮਹੀਨੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਜੰਗ ਪ੍ਰਤੀ ਸੰਸਾਰ ਸਾਮਰਾਜੀ ਤਾਕਤਾਂ ਦੇ ਸਮੀਕਰਨ, ਰੁਖ ਤੇ ਨੀਤੀ ਲਈ ਕਾਫੀ ਮਹੱਤਵਪੂਰਨ ਕਿਹਾ ਜਾ ਸਕਦਾ ਹੈ। ਆਮ ਤੌਰ ਤੇ ਜੰਗ ਦੌਰਾਨ ਦੁਨੀਆਂ ਦੇ ਸਭ ਤੋਂ ਉੱਨਤ ਤੇ ਨਵੀਨ ਤਕਨੀਕੀ ਹਥਿਆਰਾਂ ਦੀ ਅਜ਼ਮਾਇਸ਼ ਕੀਤੀ ਜਾਂਦੀ ਹੈ ਪਰ ਇਸ ਜੰਗ ਦੌਰਾਨ ਅਮਰੀਕਾ ਅਤੇ ਰੂਸ ਦੋਵੇਂ ਤਾਕਤਾਂ ਹਾਲੇ ਤੱਕ ਇਹਨਾਂ ਬੇਹੱਦ ਘਾਤਕ ਉੱਚ ਤਕਨੀਕੀ ਹਥਿਆਰਾਂ, ਰਾਡਾਰ, ਡਰੋਨ, ਪ੍ਰਮਾਣੂ ਤੇ ਹੋਰ ਖਤਰਨਾਕ ਜੈਵਿਕ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ ਕਰ ਰਹੀਆਂ ਹਨ। ਦੂਜਾ ਖੇਰਸਨ ਵਿੱਚੋਂ ਰੂਸ ਦੇ ਪਿੱਛੇ ਹਟਣ ਦੀ ਯੁੱਧਨੀਤੀ ਅਤੇ ਅਮਰੀਕੀ ਅਧਿਕਾਰੀਆਂ ਦੀ ਯੂਕਰੇਨ ਫੇਰੀ ਦੌਰਾਨ ਦੋਹਾਂ ਪਾਸਿਆਂ ਤੋਂ ਗੱਲਬਾਤ ਦੇ ਅਸਾਰ ਦੇਖਣ ਨੂੰ ਮਿਲੇ ਹਨ। ਤੀਜਾ, ਨਵੰਬਰ ਮਹੀਨੇ ਵਿੱਚ ਦੱਖਣ ਪੂਰਬੀ ਏਸ਼ੀਆਂ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਚੀਨ ਨੂੰ ਘੇਰਨ ਲਈ ਤਿੰਨ ਅਹਿਮ ਮੀਟਿੰਗਾਂ (ਕੰਬੋਡੀਆ ਦੇ ਨਾਮਪੇਨ੍ਹੇ ’ਚ ਐਸੋਸੀਏਸ਼ਨ ਆਫ ਸਾਊਥ-ਈਸਟ ਨੇਸ਼ਨਜ਼ (ASEAN), ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ’ਚ ਜੀ-20 ਅਤੇ ਥਾਈਲੈਂਡ ਦੇ ਬੈਕਾਂਕ ’ਚ ਏਸ਼ੀਆ-ਪੈਸਿਫਿਕ ਇਕੋਨੋਮਿਕ ਕੋਆਪਰੇਸ਼ਨ (APEC) ) ਹੋਈਆਂ ਹਨ। ਇਹਨਾਂ ਮੀਟੰਗਾਂ ਵਿੱਚ ਦੱਖਣੀ-ਪੂਰਬੀ ਮੁਲਕਾਂ ਦੀ ਕਤਾਰਬੰਦੀ ਕਰਕੇ ਚੀਨ ਦੁਆਲੇ ਘੇਰਾਬੰਦੀ ਦੀ ਨੀਤੀ ਸਾਹਮਣੇ ਆਈ ਹੈ। ਇਹਨਾਂ ਮਟਿੰਗਾਂ ਵਿੱਚ ਅਮਰੀਕੀ ਸਾਮਰਾਜ ਨੇ ਤਾਈਵਾਨ, ਜਿੱਥੇ ਪਹਿਲਾਂ ਹੀ ਚੀਨ-ਤਾਈਵਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ, ਦੇ ਨਾਲ-ਨਾਲ ਸਿੰਗਾਪੁਰ, ਆਸਟ੍ਰੇਲੀਆ ਤੇ ਫਿਲਪੀਨਜ਼ ਨੂੰ ਚੀਨ ਖਿਲਾਫ ਵਰਤਣ ਲਈ ਮੋਹਰੇ ਬਣਾਇਆ ਹੈ। ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ’ਚ ਚੀਨ ਦੇ ਦੱਖਣੀ ਸਮੁੰਦਰੀ ਹਿੱਸੇ ਵਾਲੇ ਦੇਸ਼ ਫਿਲਪੀਨਜ਼, ਜਿੱਥੇ ਉਸਦਾ ਫੌਜੀ ਅੱਡਾ ਵੀ ਹੈ, ਨਾਲ ਕਈ ਸਮਜੌਤੇ ਕੀਤੇ ਹਨ। ਹਿੰਦ ਪ੍ਰਸ਼ਾਂਤ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਲਈ ਵੀ ਅਮਰੀਕਾ ਲਗਤਾਰ ਯਤਨਸ਼ੀਲ ਰਿਹਾ ਹੈ। ਪਿਛਲੇ ਦਹਾਕੇ ਤੋਂ ਚੀਨ ਦਾ ਏਸ਼ੀਆ ਵਿੱਚ ਵਪਾਰ ਅਤੇ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸਨੂੰ ਠੱਲ੍ਹਣ ਲਈ ਰੂਸ ਤੋਂ ਬਾਅਦ ਅਮਰੀਕਾ ਦਾ ਅਗਲਾ ਨਿਸ਼ਾਨਾ ਦੱਖਣੀ ਪੂਰਬੀ ਏਸ਼ੀਆਂ ਵਿੱਚ ਵੱਡੀ ਅਸ਼ਾਂਤੀ ਖੜੀ ਕਰਨਾ ਹੈ।
ਮੌਜੂਦਾ ਸਮੇਂ ’ਚ ਗਹਿਰੇ ਸੰਕਟ ਵੱਲ ਵੱਧ ਰਹੀ ਗਲੋਬਲ ਆਰਥਿਕਤਾ ਦਾ ਸੰਕਟ ਕੋਈ ਪਹਿਲਾ ਜਾਂ ਆਖਰੀ ਸੰਕਟ ਨਹੀਂ ਹੈ ਬਲਕਿ ਇਹ ਸੰਕਟਾਂ ਦੀ ਇੱਕ ਹੋਰ ਕੜੀ ਹੈ। ਸੰਸਾਰ ਵਿਚ ਇਹ ਰੁਝਾਨ ਚੱਲ ਰਿਹਾ ਹੈ ਕਿ ਸਾਮਰਾਜੀ ਮੁਲਕ ਭੁੱਖ, ਗਰੀਬੀ, ਜੰਗ ਤੇ ਮਹਿੰਗਾਈ ਦੀਆਂ ਅਲਾਮਤਾਂ ਨਾਲ ਅੱਗੇ ਵੱਧ ਰਹੇ ਗਲੋਬਲ ਆਰਥਿਕ ਸੰਕਟ ਦਾ ਬੋਝ ਦੁਨੀਆਂ ਦੇ ਕੰਮਜੋਰ ਮੁਲਕਾਂ ਅਤੇ ਦੁਨੀਆਂ ਭਰ ਦੀ ਮਿਹਨਤਕਸ਼ ਜਮਾਤ ਉੱਪਰ ਲੱਦ ਰਹੇ ਹਨ ਭਾਵ ਸੰਕਟ ਵੰਡ ਕਰ ਰਹੇ ਹਨ। ਵਿਕਸਿਤ ਪੂੰਜੀਵਾਦੀ ਦੇਸ਼ਾਂ ਦੇ ਕੇਂਦਰੀ ਬੈਂਕ ਲਗਾਤਾਰ ਵਿਆਜ ਦਰਾਂ ਵਧਾ ਰਹੇ ਹਨ। ਅਮਰੀਕੀ ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ 3.75% ਤੱਕ ਅੱਪੜ ਗਈਆਂ ਹਨ। ਵਿਆਜ ਦਰਾਂ ਵੱਧਣ ਨਾਲ ਅਮਰੀਕਾ ਦੇ ਕਰਜਦਾਰ ਦੇਸ਼ ਜੋ ਪਹਿਲਾਂ ਹੀ ਗਹਿਰੇ ਆਰਥਿਕ ਸੰਕਟ ਨਾਲ ਜੂਝ ਰਹੇ ਹਨ, ਵਿੱਚ ਕਰਜ ਅਦਾਇਗੀ ਰਕਮ ਵਿੱਚ ਬੇਤਹਾਸ਼ਾ ਵਾਧਾ, ਵਪਾਰਕ ਦਰਾਂ ਤੇ ਦਰਾਮਦ ਲਾਗਤਾਂ ਵਿੱਚ ਵਾਧਾ ਅਤੇ ਸਥਾਨਕ ਮੁਦਰਾ ਸੰਕਟ ਖੜਾ ਹੋ ਰਿਹਾ ਹੈ। ਅਮਰੀਕਾ ਅੰਦਰ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਕਾਰਨ ਲੋਕ ਰੋਹ ਵੱਧ ਰਿਹਾ ਹੈ। ਅਮਰੀਕੀ ਵੋਟਰਾਂ ਲਈ ਜੰਗ ਨਾਲੋਂ ਵੱਧਕੇ ਮਹਿੰਗਾਈ ਵੱਡੀ ਸਮੱਸਿਆ ਹੈ। ਮਹਿੰਗਾਈ ਨੂੰ ਲੈ ਕੇ ਲੋਕ ਰੋਹ ਦੀ ਇਹ ਕਾਂਗ ਰੂਸ ਅਤੇ ਯੂਰਪ ਵਿਚ ਵੀ ਫੈਲ ਰਹੀ ਹੈ। ਆਈਐਮਐਫ ਦੇ ਸਾਬਕਾ ਅਰਥ ਸ਼ਾਸ਼ਤਰੀ ਮੌਰਿਸ ਓਬਸਟਫੀਲਡ ਦੀ ਚਿਤਾਵਨੀ ਕਿ ਭੋਜਨ ਦੀਆਂ ਵੱਧਦੀਆਂ ਕੀਮਤਾਂ ‘ਵਿਆਪਕ ਪੱਧਰ ਤੇ ਸਮਾਜਿਕ ਅਸ਼ਾਂਤੀ’ ਪੈਦਾ ਕਰ ਸਕਦੀਆਂ ਹਨ, ਦੇ ਚਿੰਨ੍ਹ ਲਗਾਤਾਰ ੳੱੁਘੜ ਰਹੇ ਹਨ।
ਯੂਕਰੇਨ ਜੰਗ ਸਾਮਰਾਜਵਾਦੀ ਇਛਾਵਾਂ ਤਹਿਤ ਲੜੀ ਜਾ ਰਹੀ ਪੂੰਜੀਵਾਦੀ ਹਿੱਤਾਂ ਦੇ ਆਪਸੀ ਵਿਰੋਧ ਦੀ ਜੰਗ ਹੈ। ਇਸਦਾ ਮਕਸਦ ਯੂਕਰੇਨੀ ਕੌਮ ਦੀ ਬੰਦਖਲਾਸੀ ਜਾਂ ਪ੍ਰਭੂਸੱਤਾ ਦੀ ਰਾਖੀ ਨਹੀਂ ਬਲਕਿ ਸਾਮਰਾਜੀ ਪਸਾਰਵਾਦੀ ਆਰਥਿਕ-ਸਿਆਸੀ ਮੰਤਵ ਦੀ ਪੂਰਤੀ ਕਰਨਾ ਹੈ। ਦੁਨੀਆ ਪਹਿਲਾਂ ਵਰਗੀ ਨਹੀਂ ਰਹੀ ਜਦੋਂ ਅਮਰੀਕਾ ਇਕਲੌਤੀ ਪਰਮਾਣੂ ਸ਼ਕਤੀ ਸੀ। ਅੱਜ ਵੱਡੀ ਤਦਾਦ ਵਿੱਚ ਪਰਮਾਣੂ ਹਥਿਆਰ ਵਿਕਸਿਤ ਹੋ ਚੁੱਕੇ ਹਨ ਤੇ ਜਿਸ ਤੇਜੀ ਨਾਲ ਮੁਨਾਫੇ ਅਤੇ ਚੌਧਰ ਦੀ ਹਲਕ ਵੱਧਦੀ ਜਾ ਰਹੀ ਹੈ ਇਹ ਜੰਗ ਕੁਲ ਆਲਮ ਨੂੰ, ਧਰਤੀ ਤੇ ਵੱਸਦੀ ਮਨੁੱਖਤਾ ਨੂੰ ਦਿੱਤੀ ਧਮਕੀ ਸਮਾਨ ਹੈ। ਜਿੱਥੇ ਇਹ ਅੱਜ ਯੂਕਰੇਨੀ ਲੋਕਾਂ ਲਈ ਘਾਤਕ ਤੇ ਤਬਾਹਕੁੰਨ ਸਾਬਤ ਹੋ ਰਹੀ ਹੈ ਉੱਥੇ ਇਸਦੇ ਅਸਰ ਕੁੱਲ ਆਲਮ ਲਈ ਵੀ ਘਾਤਕ ਹਨ। ਇਹ “ਲੋਕਤੰਤਰੀ” ਅਮਰੀਕਾ ਤੇ ਉਸਦੇ ਨਾਟੋ ਸੰਗੀਆਂ ਅਤੇ ‘ਤਾਨਾਸ਼ਾਹ’ ਰੂਸ-ਚੀਨ ਵਿਚਕਾਰ ਜੰਗ ਹੈ ਅਤੇ ਇਹਨਾਂ ਵਿੱਚੋਂ ਕੋਈ ਵੀ ਸਾਮਰਾਜੀ ਮੁਲਕ ਮਨੁੱਖਤਾ ਲਈ ਜੰਗ ਨਹੀਂ ਲੜ ਰਿਹਾ।
ਇਸ ਅਣਮਨੁੱਖੀ ਜੰਗ ਦੌਰਾਨ ਅਮਰੀਕਾ ਨੇ ਰੂਸ ਦੇ ਯੂਰਪ ਵਿੱਚ ਵਪਾਰ ਨੂੰ ਸੱਟ ਮਾਰਨ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਵਧਾਉਣ ਲਈ ਯੂਕਰੇਨ ਨੂੰ ਮੂਹਰੇ ਲਾਕੇ ਰੂਸ ਉੱਤੇ ਆਰਥਿਕ ਰੋਕਾਂ ਲਾਈਆਂ। ਰੂਸ ਉੱਤੇ ਪਾਬੰਧੀਆਂ ਮੜ੍ਹਕੇ ਅਮਰੀਕਾ ਨੇ ਹਥਿਆਰਾਂ, ਕਰਜਿਆਂ ਅਤੇ ਯੂਰਪੀ ਤੇ ਦੱਖਣੀ ਪੂਰਬੀ ਮੁਲਕਾਂ ਨਾਲ ਵਪਾਰ ਰਾਹੀਂ ਮੋਟੇ ਮੁਨਾਫੇ ਕਮਾਏ। ਦੂਜੇ ਪਾਸੇ ਰੂਸ ਨੇ ਤੁਰਕੀ, ਚੀਨ, ਭਾਰਤ, ਜਪਾਨ, ਸਪੇਨ, ਬਰਾਜੀਲ ਆਦਿ ਅਨੇਕਾਂ ਮੁਲਕਾਂ ਨਾਲ ਵਪਾਰ ਵਿੱਚ ਚੋਖਾ ਵਾਧਾ ਕੀਤਾ। ਉਧਰ ਚੀਨ ਨੇ ਮੱਧ ਪੂਰਬ, ਦੱਖਣੀ-ਕੇਂਦਰੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਅਮਰੀਕੀ ਸਾਮਰਾਜ ਵਿਰੋਧੀ ਮੁਲਕਾਂ ਨਾਲ ਆਪਣੀ ਮੰਡੀ ਦਾ ਵਿਸਥਾਰ ਕੀਤਾ। ਇਸ ਤਰ੍ਹਾਂ ਜੰਗ ਇਹਨਾਂ ਸਾਮਰਾਜੀ ਦੇਸ਼ਾਂ ਦੇ ਪੂੰਜੀਪਤੀਆਂ ਲਈ ਨਿਆਮਤ ਅਤੇ ਦੁਨੀਆਂ ਭਰ ਦੇ ਕਿਰਤੀਆਂ ਖਾਸਕਰ ਯੂਕਰੇਨ ਦੇ ਲੋਕਾਂ ਲਈ ਕਿਆਮਤ ਬਣਕੇ ਬਹੁੜੀ ਹੈ।
ਜਿੱਥੇ ਕੁੱਲ ਸੰਸਾਰ ਜੰਗ ਦੀ ਤਾਬ ਝੱਲ ਰਿਹਾ ਹੈ ਉੱਥੇ ਯੂਕਰੇਨ ਦੇ ਨਿਰਦੋਸ਼ ਲੋਕ ਸਿੱਧੇ ਤੇ ਤਿੱਖੇ ਹਮਲੇ ਹੇਠ ਜਿਊਂ ਰਹੇ ਹਨ। ਸਤੰਬਰ 2022 ਦੇ ਯੂਕਰੇਨੀ ਸਰਕਾਰੀ ਅੰਕੜਿਆਂ ਮੁਤਾਬਕ ਜੰਗ ਦੌਰਾਨ ਯੂਕਰੇਨ ਅੰਦਰ ਮਹਿੰਗਾਈ ਦੀ ਦਰ 24.6% ਅਤੇ ਕੱਚੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ 40.9% ਦਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਮੁਤਾਬਕ ਸਾਲ 2022 ਵਿੱਚ ਜੰਗ ਕਾਰਨ ਯੂਕਰੇਨ ਦੀ 30% ਖੇਤੀਯੋਗ ਜਮੀਨ ਬਿਨ੍ਹਾਂ ਬੀਜੇ ਅਤੇ ਬਿਨ੍ਹਾਂ ਕਟਾਈ ਦੇ ਖਾਲੀ ਰਹਿ ਜਾਵੇਗੀ। ਜਿੱਥੇ ਇਸਦਾ ਅਸਰ ਯੂਕਰੇਨ ਦੀ ਆਰਥਿਕਤਾ ਤੇ ਪਵੇਗਾ ਉੱਥੇ ਆਉਣ ਵਾਲੇ ਦਿਨਾਂ ’ਚ ਗਲੋਬਲ ਭੋਜਨ ਉਤਪਾਦਾਂ ਦੀਆਂ ਕਮੀ ਅਤੇ ਕੀਮਤਾਂ ਵੀ ਹੋਰ ਵੱਧ ਪ੍ਰਭਾਵਿਤ ਹੋਣਗੀਆਂ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨ ਮੁਤਾਬਕ 11 ਦਸੰਬਰ 2022 ਤੱਕ ਯੂਕਰੇਨ ਵਿੱਚ 6755 ਨਾਗਰਿਕਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੰਗ ਦੌਰਾਨ ਨਸ਼ਾ ਮਾਫਿਆ ਅਤੇ ਸਾਇਬਰ ਅਪਰਾਧ ਸਿਖਰਾਂ ਤੇ ਹੈ। ਯੂਕਰੇਨੀ ਆਰਥਿਕ ਮੰਤਰਾਲੇ ਮੁਤਾਬਕ ਜੰਗ ਦੇ ਚੱਲਦਿਆਂ ਕਰੀਬ 50 ਲੱਖ ਲੋਕ ਨੌਕਰੀਆਂ ਗੁਆ ਕੇ ਬੇਰੁਜਗਾਰਾਂ ਦੀ ਕਤਾਰ ਵਿੱਚ ਲੱਗ ਗਏ ਹਨ। ਯੂਕਰੇਨੀ ਰਾਸ਼ਟਰੀ ਬੈਂਕ ਦੇ ਇੱਕ ਅੰਦਾਜੇ ਮੁਤਬਕ 11% ਧੰਦੇ ਬੰਦ ਹੋ ਚੁੱਕੇ ਹਨ ਅਤੇ ਅੱਧੇ ਤੋਂ ਵੱਧ ਧੰਦੇ ਸਮਰੱਥਾ ਤੋਂ ਘੱਟ ਕੰਮ ਕਰ ਰਹੇ ਹਨ। ਯੂਨਾਨੀ ਦਾਰਸ਼ਨਿਕ ਐਸਕੇਲਸ ਦਾ ਕਥਨ ਹੈ ਕਿ ‘ਜੰਗ ਵਿੱਚ ਪਹਿਲੀ ਮੌਤ ਸੱਚ ਦੀ ਹੁੰਦੀ ਹੈ।’ ਇਹ ਕਥਨ ਯੂਕਰੇਨ ਜੰਗ ਤੇ ਪੂਰਾ ਢੁੱਕਦਾ ਹੈ। ਯੂਕਰੇਨ ਵਿੱਚ ਰੂਸੀ ਅਤੇ ਪੱਛਮੀ ਮੀਡੀਆ ਅਤੇ ਹੈਕਟੀਵਿਸਟਾਂ (hacktivists) ਦੇ ਕਈ ਗਰੁੱਪ ਸਰਗਰਮ ਹਨ ਜੋ ਸਿਆਸੀ ਮੁਫਾਦਾਂ ਤਹਿਤ ਝੂਠ ਦਾ ਲਗਾਤਾਰ ਵਪਾਰ ਕਰ ਰਹੇ ਹਨ। ਈਰਾਨ, ਇਰਾਕ, ਅਫਗਾਨਿਸਤਾਨ, ਸੀਰੀਆ ’ਚ ਜੰਗੀ ਤਬਾਹੀ ਦੇ ਤੱਥਾਂ ਤੋਂ ਜਾਹਰ ਹੈ ਕਿ ਜੰਗ ਕਾਰਨ ਯੂਕਰੇਨ ਅੰਦਰ ਹੋਈ ਤਬਾਹੀ ਤੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਕਈ ਪੀੜ੍ਹੀਆਂ ਤੱਕ ਨਹੀਂ ਹੋਣੀ।
https://epaper.punjabitribuneonline.com/3635832/Punjabi-Tribune/PT-24-December-2022#page/17
- ਮਨਦੀਪ, ਵਟ੍ਹਸਐਪ :+5493813389246
https://youtu.be/W2tkDvZntqs
https://youtu.be/Fgp2gE94504


No comments:
Post a Comment