Pages

Saturday, June 17, 2023

ਸਾਮਰਾਜੀ ਮੁਲਕਾਂ ਦੀ ਹਥਿਆਰ ਸਨਅਤ ਤੇ ਜੰਗਾਂ

ਜਿਉਂ-ਜਿਉਂ ਸੰਸਾਰ ਅਰਥਚਾਰੇ ਸੰਕਟਗ੍ਰਸਤ ਹੋ ਰਹੇ ਹਨ ਤੇ ਉਹਨਾਂ ’ਚ ਲੋਕ ਰੋਹ ਵੱਧ ਰਿਹਾ ਹੈ ਤਿਉਂ-ਤਿਉਂ ਸੰਸਾਰ ਸਰਮਾਏਦਾਰੀ ਪ੍ਰਬੰਧ ਵੱਧ ਹਮਲਾਵਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਤੇਜੀ ਨਾਲ ਸੰਸਾਰ ਸਾਮਰਾਜੀ ਤਾਕਤਾਂ ਦਾ ਸਮਤੋਲ ਬਦਲ ਰਿਹਾ ਹੈ ਤੇ ਇਹ ਨਾਬਰ ਮੁਲਕ ਸੰਕਟਮੁਕਤ ਹੋਣ ਲਈ ਤੀਜੀ ਦੁਨੀਆਂ ਦੇ ਮੁਲਕਾਂ ਉੱਤੇ ਆਰਥਿਕ ਹਮਲਿਆਂ ਦੇ ਨਾਲ-ਨਾਲ ਆਧੁਨਿਕ ਫੌਜ਼ੀ ਹਮਲਿਆਂ ਦੀ ਤਿਆਰੀ ਵਿੱਚ ਜੁੱਟੇ ਹੋਏ ਹਨ। ਆਪਸੀ ਸਾਮਰਾਜੀ ਖਹਿਭੇੜ ’ਚੋਂ ਇਹ ਮੁਲਕ ਆਪਣੀ ਫੌਜ਼ੀ ਤਾਕਤ ਨੂੰ ਹੋਰ ਵੱਧ ਆਧੁਨਿਕ ਤੇ ਮਜ਼ਬੂਤ ਕਰਨ ਲਈ ਹਰ ਹੀਲੇ ਵਰਤ ਰਹੇ ਹਨ। ਦੁਨੀਆਂ ਦੀਆਂ ਉਦਾਰ ਅਤੇ ਚੋਣ ਜਮਹੂਰੀ ਰਾਜਾਂ ਤੇ ਜਮਹੂਰੀ ਅਧਿਕਾਰਾਂ ਦੀ ਖ਼ਸਲਤ ਬੰਦ ਤਾਨਾਸ਼ਾਹੀ, ਚੋਣ ਤਾਨਾਸ਼ਾਹੀ ਅਤੇ ਸਿੱਧੀ ਤਾਨਾਸ਼ਾਹੀ ’ਚ ਬਦਲ ਰਹੀ ਹੈ। ਜਨਤਕ ਸਹੂਲਤਾਂ ਉੱਤੇ ਕੱਟ ਲਾਏ ਜਾ ਰਹੇ ਹਨ ਅਤੇ ਰੱਖਿਆ ਤੇ ਜੰਗੀ ਹਥਿਆਰਾਂ ਉੱਤੇ ਬਜ਼ਟ ਖਰਚ ਵਧਾਇਆ ਜਾ ਰਿਹਾ ਹੈ। ਸਾਮਰਾਜੀ ਮੁਲਕ ਰੱਖਿਆ ਰਣਨੀਤੀ ਹੇਠ ਹਥਿਆਰ ਸਨਅਤ ਦੀਆਂ ਦਿਓਕੱਦ ਨਿੱਜੀ ਕੰਪਨੀਆਂ ਨੂੰ ਮੋਟੇ ਮੁਨਾਫੇ ਮੁਹੱਇਆ ਕਰਵਾ ਰਹੀਆਂ ਹਨ। ਲੈਨਿਨ ਨੇ ਕਿਹਾ ਸੀ ਕਿ ਇਜਾਰੇਦਾਰ ਪੂੰਜੀਵਾਦ ਅਧੀਨ ਸਾਮਰਾਜੀ ਜੰਗਾਂ ਅਟੱਲ ਹਨ। ਇਸੇ ਤਰ੍ਹਾਂ ਸੰਸਾਰ ਪੂੰਜੀਪਤੀਆਂ ਦੀ ਵੱਧ ਰਹੀ ਇਜਾਰੇਦਾਰੀ ਦੁਨੀਆਂ ਭਰ ਵਿੱਚ ਨਵੇਂ-ਨਵੇਂ ਸੰਕਟ, ਤਣਾਅ ਅਤੇ ਜੰਗਾਂ ਪੈਦਾ ਕਰਨ ਵੱਲ ਵੱਧ ਰਹੀ ਹੈ।


ਦੂਜੀ ਸੰਸਾਰ ਜੰਗ ਬਾਅਦ ਬੜੀ ਤੇਜ਼ੀ ਨਾਲ ਦੁਨੀਆਂ ਦੇ ਵੱਖ-ਵੱਖ ਮੁਲਕ ਆਪਣੇ-ਆਪ ਨੂੰ ਆਰਥਿਕ ਸ਼ਕਤੀ ਦੇ ਨਾਲ-ਨਾਲ ਫੌਜ਼ੀ ਸ਼ਕਤੀ ਦੇ ਰੂਪ ਵਿੱਚ ਉਭਾਰਨ ਦੀ ਦੌੜ ਵਿੱਚ ਲੱਗੇ ਹੋਏ ਹਨ। ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਦੌੜ ਵਿੱਚ ਅਮਰੀਕੀ ਸਾਮਰਾਜ ਦੀ ਸਭ ਤੋਂ ਮੋਹਰੀ ਭੂਮਿਕਾ ਰਹੀ ਹੈ। ਇੰਗਲੈਂਡ, ਜਪਾਨ, ਜਰਮਨੀ ਵਰਗੀਆਂ ਪੁਰਾਣੀਆਂ ਸੰਸਾਰ ਸ਼ਕਤੀਆਂ ਦੇ ਪਤਨ ਤੋਂ ਬਾਅਦ ਅਮਰੀਕਾ ਨੇ ਜਿੱਥੇ ਜੰਗੀ ਸਾਜੋ-ਸਮਾਨ ਅਤੇ ਹਥਿਆਰਾਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਉੱਥੇ ਇਸਦੇ ਸਾਬਕਾ ਫੌਜ਼ੀ ਜਨਰਲ ਤੇ ਰਾਸ਼ਟਰਪਤੀ ਰਹੇ ਆਈਜ਼ਨਹਾਵਰ ਨੇ ਅਮਰੀਕੀ ਹਥਿਆਰ ਸਨਅਤ ਨੂੰ ਪ੍ਰਫੁਲਿਤ ਕਰਨ ਲਈ ਸਭ ਤੋਂ ਵੱਧ ਜ਼ੋਰ ਦਿੱਤਾ। ਅਮਰੀਕੀ ਸਾਮਰਾਜੀਆਂ ਨੇ ਜੰਗੀ ਸਾਜੋ-ਸਮਾਨ ਤੇ ਹਥਿਆਰ ਸਨਅਤ ਵਿੱਚ ਨਿਵੇਸ਼, ਵਿਗਿਆਨ, ਰਸਾਇਣ ਵਿਗਿਆਨ ਅਤੇ ਤਕਨੀਕ ਨੂੰ ਇਸਦੀ ਸੇਵਾ ਵਿੱਚ ਭੁਗਤਾਉਣ, ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਵਿੱਚ ਜੰਗਾਂ ਲਾਉਣ ਅਤੇ ਉੱਥੇ ਹਥਿਆਰਾਂ ਦੀ ਵੱਡੀ ਖੇਪ ਖਪਾਉਣ ਲਈ ਹਰ ਹਰਬੇ ਵਰਤੇ ਹਨ। ਸਿੱਟੇ ਵਜ਼ੋਂ ਇਸ ਸਮੇਂ ਫੌਜ਼ੀ ਉਦਯੋਗ ਅਮਰੀਕਾ ਦੇ ਮੌਜੂਦਾ ਉਦਯੋਗ (ਸਮੇਤ ਮੈਨੂਫੈਕਚਿਰਿੰਗ ਦੇ) ਦਾ ਧੁਰਾ ਬਣਿਆ ਹੋਇਆ ਹੈ।
ਅਮਰੀਕਾ ਤੇ ਨਾਟੋ ਵੱਲੋਂ ਰੂਸ ਖਿਲਾਫ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਪਰੌਕਸੀ ਜੰਗ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸ ਜੰਗ ਵਿੱਚ ਵੱਡੀ ਮਾਤਰਾ ਵਿੱਚ ਅਮਰੀਕੀ ਫੌਜ਼ੀ ਸਾਜੋ-ਸਮਾਨ ਤੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿਪਰੀ ‘ਸਟਾਕਹੋਮ ਅੰਤਰਰਾਸ਼ਟਰੀ ਸ਼ਾਂਤੀ ਖੋਜ ਸੰਸਥਾ’ ਵੱਲੋਂ ਜਾਰੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਯੂਕਰੇਨ ਵਿਸ਼ਵ ਦਾ ਤੀਜਾ ਵੱਡਾ ਹਥਿਆਰ ਦਰਾਮਦਕਾਰ ਦੇਸ਼ ਬਣ ਗਿਆ ਹੈ। ਅਮਰੀਕਾ, ਫਰਾਂਸ ਤੇ ਦੱਖਣੀ ਕੋਰੀਆ ਨਾਟੋ ਦੇਸ਼ਾਂ ਦੀ ਹਥਿਆਰ ਪੂਰਤੀ ਕਰਨ ਵਾਲੇ ਵੱਡੇ ਦੇਸ਼ ਹਨ ਤੇ ਯੂਕਰੇਨ ਜੰਗ ਵਿੱਚ ਇਹਨਾਂ ਮੁਲਕਾਂ ਤੋਂ ਇਲਾਵਾ ਪੋਲੈਂਡ ਤੇ ਇੰਗਲੈਂਡ ਨੇ ਵੀ ਵੱਡੀ ਮਾਤਰਾ ਵਿੱਚ ਯੂਕਰੇਨ ਨੂੰ ਹਥਿਆਰ ਵੇਚੇ ਹਨ। ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਯੂਕਰੇਨ ਨੂੰ ਉੱਨਤ ਤਕਨੀਕੀ ਹਥਿਆਰਾਂ ਦੀ ਬਜਾਇ ਜਿਆਦਾਤਰ ਪੁਰਾਣੇ ਹਥਿਆਰ ਮੁਹੱਇਆ ਕਰਾਵਾਏ ਗਏ ਹਨ। ਯੂਕਰੇਨ ਜੰਗ ਦੌਰਾਨ ਅਮਰੀਕਾ ਦੀ ਗਲੋਬਲ ਹਥਿਆਰ ਬਰਾਮਦਗੀ 33% ਤੋਂ ਵੱਧਕੇ 40% ਹੋ ਗਈ ਹੈ ਅਤੇ ਰੂਸ ਦਾ ਹਥਿਆਰ ਵਪਾਰ 22% ਤੋਂ ਘੱਟਕੇ 16% ਰਹਿ ਗਿਆ ਹੈ। ਇਸ ਜੰਗ ਵਿੱਚ ਅਮਰੀਕਾ ਨੇ ਜਿੱਥੇ ਰੂਸ ਉੱਤੇ ਆਰਥਿਕ ਰੋਕਾਂ ਲਾ ਕੇ ਯੂਰਪੀ ਦੇਸ਼ਾਂ ਨਾਲ ਤੇਲ-ਗੈਸ ਦਾ ਵਪਾਰ ਕੀਤਾ ਉੱਥੇ ਇਸਦੀ ਹਥਿਆਰ ਸਨਅਤ ਨੂੰ ਵੀ ਚੋਖਾ ਹੁਲਾਰਾ ਮਿਲਿਆ ਹੈ।

ਸਿਪਰੀ ਅਨੁਸਾਰ, ਚੋਟੀ ਦੀਆਂ 100 ਹਥਿਆਰ ਫਰਮਾਂ ਪ੍ਰਤੀ ਸਾਲ ਲਗਭਗ $400 ਬਿਲੀਅਨ ਦੇ ਹਥਿਆਰਾਂ ਦਾ ਉਤਪਾਦਨ ਕਰਦੀਆਂ ਹਨ। ਇਹ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਪੂੰਜੀਵਾਦੀ ਇਜਾਰੇਦਾਰੀ ਦਾ ਉੱਤਮ ਨਮੂਨਾ ਹੈ ਜਿੱਥੇ ਜਨਤਕ ਸਹੂਲਤਾਂ ਦੀ ਬਜਾਏ ਨਿੱਜੀ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਹੈ। ਇਸਨੇ ਸੰਸਾਰ ਪੱਧਰ ਤੇ ਅਮੀਰੀ-ਗਰੀਬੀ ਦੇ ਪਾੜੇ ਨੂੰ ਹੋਰ ਵੱਧ ਡੂੰਘਾ ਕੀਤਾ ਹੈ। ਗਲੋਬਲ ਪੱਧਰ ਤੇ ਹਥਿਆਰ ਨਿਰਯਾਤ ਕਰਨ ਵਾਲੇ ਉਪਰਲੇ ਪੰਜ ਦੇਸ਼ ਅਮਰੀਕਾ, ਰੂਸ, ਫਰਾਂਸ, ਚੀਨ ਅਤੇ ਜਰਮਨੀ ਹਨ। ਹਥਿਆਰ ਬਣਾਉਣ ਵਾਲੀਆਂ ਮੁੱਖ ਕੰਪਨੀਆਂ ਉੱਚ ਪੱਧਰੀ ਫੌਜੀ ਖਰਚਿਆਂ ਅਤੇ ਹਥਿਆਰਾਂ ਦੇ ਨਿਰਯਾਤ ਵਾਲੇ ਦੇਸ਼ਾਂ (57% ਅਮਰੀਕਾ ਵਿੱਚ, 9.5% ਰੂਸ ਵਿੱਚ, ਅਤੇ 22% ਪੱਛਮੀ ਯੂਰਪ) ਵਿੱਚ ਸਥਿਤ ਹਨ। ਇਸਤੋਂ ਬਿਨ੍ਹਾਂ ਜਾਪਾਨ, ਇਜ਼ਰਾਈਲ, ਭਾਰਤ ਅਤੇ ਦੱਖਣੀ ਕੋਰੀਆ ਦੀਆਂ ਮਹੱਤਵਪੂਰਨ ਕੰਪਨੀਆਂ ਵੀ ਸ਼ਾਮਲ ਹਨ। 2019 ਵਿੱਚ ਹਥਿਆਰ ਬਣਾਉਣ ਵਾਲੀਆਂ 25 ਸਭ ਤੋਂ ਮਹੱਤਵਪੂਰਨ ਫਰਮਾਂ ਦੀ ਵਿਕਰੀ $361 ਬਿਲੀਅਨ ਡਾਲਰ ਸੀ। ਵਿਕਰੀ ਦੀ ਮਾਤਰਾ ਦੇ ਹਿਸਾਬ ਨਾਲ ਸਭ ਤੋਂ ਵੱਡੇ ਨਿਰਯਾਤਕ ਅਮਰੀਕੀ ਕਾਰਪੋਰੇਸ਼ਨਾਂ ਲਾਕਹੀਡ ਮਾਰਟਿਨ ਕਾਰਪੋਰੇਸ਼ਨ (ਸਾਲ 2021-22 ’ਚ ਕੁੱਲ ਜਾਇਦਾਦ 5.732 ਬਿਲੀਅਨ ਡਾਲਰ), ਬੋਇੰਗ (ਸਾਲ 2021-22 ’ਚ ਕੁੱਲ ਜਾਇਦਾਦ 4.935 ਬਿਲੀਅਨ ਡਾਲਰ), ਨੌਰਥਰਪ ਗ੍ਰਮਨ ਕਾਰਪੋਰੇਸ਼ਨ (ਸਾਲ 2021-22 ’ਚ ਕੁੱਲ ਜਾਇਦਾਦ 4.90 ਬਿਲੀਅਨ ਡਾਲਰ), ਰੇਥੀਓਨ ਅਤੇ ਜਨਰਲ ਡਾਇਨਾਮਿਕਸ (ਸਾਲ 2022 ’ਚ ਕੁੱਲ ਜਾਇਦਾਦ 5.20 ਬਿਲੀਅਨ ਡਾਲਰ) ਸਨ। ਇਸਤੋਂ ਬਿਨਾਂ ਚੀਨ ’ਚ, ਨੋਰਿੰਕੋ (ਸਾਲ 2021 ’ਚ ਕੁੱਲ ਜਾਇਦਾਦ 915.7 ਬਿਲੀਅਨ ਡਾਲਰ) ਅਤੇ ਏ ਵੀ ਆਈ ਸੀ (ਸਾਲ 2021 ’ਚ ਕੁੱਲ ਜਾਇਦਾਦ 66.96 ਬਿਲੀਅਨ ਡਾਲਰ); ਯੂਰਪੀਅਨ ਕੰਪਨੀਆਂ ਏਅਰਬੱਸ, ਬੀਏਈ ਸਿਸਟਮ, ਲਿਓਨਾਰਡੋ, ਡਸਾਲਟ ਅਤੇ ਥੈਲਸ; ਅਤੇ ਰੂਸੀ ਫਰਮ ਅਲਮਾਜ-ਐਂਟੇ ਪ੍ਰਮੁੱਖ ਹਨ। ਪਿਛਲੇ ਸਮੇਂ ਤੋਂ ਅਮਰੀਕਾ ਦੇ ਪੁਰਾਣੇ ਵਿਰੋਧੀ ਰੂਸ ਤੇ ਚੀਨ ਨੇ ਵੀ ਆਪਣੀ ਫੌਜ਼ੀ ਤਾਕਤ ਵਿੱਚ ਚੋਖਾ ਵਾਧਾ ਕੀਤਾ ਹੈ। ਪਰ ਹਥਿਆਰਾਂ ਦੀ ਸੰਸਾਰ ਮੰਡੀ ਵਿੱਚ ਹਾਲੇ ਵੀ ਅਮਰੀਕਾ ਦੀ ਚੌਧਰ ਕਾਇਮ ਹੈ। ਇਸਦਾ ਇਕ ਕਾਰਨ ਅਮਰੀਕਾ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਤਣਾਅ, ਰਾਜਪਲਟੇ ਤੇ ਜੰਗਾਂ ਲਗਾਕੇ ਉਹਨਾਂ ਮੁਲਕਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਵੇਚਣਾ ਹੈ। ਇਹਨਾਂ ਵਿੱਚੋਂ ਅਮਰੀਕਾ ਦੇ ਏਅਰਸਪੇਸ ਅਤੇ ਰੱਖਿਆ ਉਦਯੋਗ ਉੱਤੇ ਕੁੱਲ ਘਰੇਲੂ ਪੈਦਾਵਰ ਦਾ 3.7 ਪ੍ਰਤੀਸਤ ਖਰਚ ਹੁੰਦਾ ਹੈ। ਅਮਰੀਕਾ ਦਾ ਰੱਖਿਆ ਤੇ ਹਥਿਆਰ ਉਦਯੋਗ ਇਸਦੀ ਆਰਥਿਕਤਾ ਦੀ ਰੀੜ੍ਹ ਹੈ ਅਤੇ ਇਸਦਾ ਵਿਕਾਸ ਜੰਗਾਂ, ਤਣਾਅ, ਰਾਜਪਲਟੇ, ਧਮਕੀਆਂ ਆਦਿ ਤੇ ਟਿਕਿਆ ਹੋਇਆ ਹੈ।
ਜੰਗਾਂ ਅਮਰੀਕੀ ਸਾਮਰਾਜ ਨੂੰ ਸਦਾ ਰਾਸ ਆਉਂਦੀਆਂ ਰਹੀਆਂ। ਜੰਗਾਂ ਲਈ ਲੋਂੜੀਦੇ ਜੰਗੀ ਸਾਜੋ-ਸਮਾਨ ਤੇ ਹਥਿਆਰਾਂ ਦੀ ਖਪਤ ਲਈ ਇਸਨੇ ਸਦਾ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਫਿਰਕੂ ਵੰਡੀਆਂ (ਜਿਵੇਂ ਇਰਾਨ-ਸਾਊਦੀ ’ਚ ਸੀਆ-ਸੁੰਨੀ ਝਗੜਾ) ਦਹਿਸ਼ਤਗਰਦੀ, ਅਮਨ-ਸ਼ਾਂਤੀ ਤੇ ਸੁਰੱਖਿਆ ਖਤਰੇ ਖੜੇ ਕਰਕੇ ਸੰਸਾਰ ਵਿੱਚ ਆਪਣੀ ਹਥਿਆਰ ਸਨਅਤ ਨੂੰ ਸਥਾਪਤ ਕੀਤਾ। ਹਥਿਆਰਾਂ ਦੀ ਮੰਡੀ ਦੇ ਵਿਸਥਾਰ ਲਈ ਹੁਣ ਉਸਨੂੰ ਸਾਈਬਰ ਸੁਰੱਖਿਆ, ਊਰਜਾ ਸੁਰੱਖਿਆ, ਸਮੁੰਦਰੀ ਸੁਰੱਖਿਆ ਦੇ ਨਾਲ-ਨਾਲ ਜਲਵਾਯੂ ਤਬਦੀਲੀ, ਅਨਿਯਮਿਤ ਪ੍ਰਵਾਸ, ਬਾਹਰੀ ਸਰਹੱਦਾਂ ਦਾ ਪ੍ਰਬੰਧ ਅਤੇ ਆਰਥਿਕ ਸੰਕਟ ਆਦਿ ਸਭ ਤੋਂ ਵਧੀਆ ਮੌਕੇ ਮੁੱਹਈਆ ਕਰਦੇ ਹਨ।
ਸੰਸਾਰ ਦਾ ਮਿਲਟਰੀ ਬਜ਼ਟ 2 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਚੁੱਕਾ ਹੈ ਤੇ ਫੌਜ਼ੀ ਖਰਚ ਤੇ ਹਥਿਆਰਾਂ ਦੀ ਪੈਦਾਵਰ ਲਗਾਤਾਰ ਵੱਧਦੀ ਜਾ ਰਹੀ ਹੈ। ਅਮਰੀਕੀ ਫੌਜ਼ੀ-ਉਦਯੋਗਿਕ ਨੀਤੀ ਨੂੰ ਉਸਦੀ ਅਰਥ-ਵਿਵਸਥਾ ਦੀ ਤੰਦਰੁਸਤੀ ਵਜੋਂ ਦੇਖਿਆ ਜਾਂਦਾ ਹੈ। 1961 ਵਿੱਚ ਅਮਰੀਕੀ ਰਾਸ਼ਟਰਪਤੀ ਆਇਜ਼ਨਹਾਵਰ ਦੇ ਵਿਦਾਇਗੀ ਭਾਸ਼ਣ ਦੌਰਾਨ ‘ਫੌਜ਼ੀ-ਉਦਯੋਗਿਕ ਕੰਪਲੈਕਸ’ ਉਸਾਰਨ ਅਤੇ ਹਥਿਆਰਾਂ ਲਈ ਸਰਕਾਰੀ ਰੱਖਿਆ ਬਜਟ ਵਧਾਉਣ ਦੇ ਨੀਤੀਗਤ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਲਾਬੀ ਤੇ ਜ਼ੋਰ ਦਿੱਤਾ। ਉਸਤੋਂ ਬਾਅਦ ਹੁਣ ਤੱਕ ਇਹ ਬਜ਼ਟ ਲਗਾਤਾਰ ਵੱਧਦਾ ਆ ਰਿਹਾ ਹੈ। ਪਿਛਲੇ ਮਹੀਨੇ, ਅਮਰੀਕੀ ਸੈਨੇਟ ਨੇ ਇੱਕ ਫੰਡਿੰਗ ਬਿੱਲ ਪਾਸ ਕੀਤਾ ਜਿਸ ਵਿੱਚ ਸਲਾਨਾ ਰੱਖਿਆ ਖਰਚ 740 ਬਿਲੀਅਨ ਡਾਲਰ ਤੋਂ ਵਧਾਕੇ ਇਸ ਸਾਲ 858 ਬਿਲੀਅਨ ਅਮਰੀਕੀ ਡਾਲਰ ਕਰ ਦਿੱਤਾ। ਇਹ ਖਰਚ ਰਾਸ਼ਟਰਪਤੀ ਜੋਅ ਬਾਈਡਨ ਦੁਆਰਾ ਪ੍ਰਸਤਾਵਿਤ ਕੀਤੇ ਗਏ ਬਜ਼ਟ ਨਾਲੋਂ 45 ਬਿਲੀਅਨ ਡਾਲਰ ਵੱਧ ਹੈ। ਇਰਾਕ, ਅਫਗਾਨਿਸਤਾਨ ਸਮੇਤ ਦੁਨੀਆਂ ਭਰ ਵਿੱਚ ਲਗਾਈਆਂ ਜੰਗਾਂ ਵਿੱਚ ਅਮਰੀਕੀ ਸਰਕਾਰ ਵੱਲੋਂ ਅਨੇਕਾਂ ਨਿੱਜੀ ਕੰਪਨੀਆਂ ਨੂੰ ਹਥਿਆਰ ਬਣਾਉਣ ਦੀ ਕੰਟਰੈਕਟ ਦਿੱਤੇ ਗਏ ਸਨ। ਉੱਚ ਪੱਧਰੀ ਮੁਨਾਫੇ ਕਮਾਉਣ ਵਾਲੀਆਂ ਇਹਨਾਂ ਦਿਓਕੱਦ ਕੰਪਨੀਆਂ ਦੀ ਸੰਸਾਰ ਹਥਿਆਰ ਸਨਅਤ ਵਿੱਚ ਵੱਡੀ ਇਜਾਰੇਦਾਰੀ ਹੈ। ਇਸ ਵਪਾਰ ਨੂੰ ਚੱਲਦਾ ਰੱਖਣ ਲਈ ਹਥਿਆਰ ਨਿਰਮਾਣ ਦੀਆਂ ਕਈ ਹੋਰ ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ (ਲੱਗਭਗ ਇੱਕ ਦਰਜਨ) ਸਰਗਰਮ ਹਨ।
ਉਪਸਾਲਾ ਯੂਨੀਵਰਸਿਟੀ ਅਨੁਸਾਰ, 2019 ਵਿੱਚ, 50 ਸਰਗਰਮ ਹਥਿਆਰਬੰਦ ਸੰਘਰਸ਼ਾਂ ਕਾਰਨ 150,000 ਤੋਂ ਵੱਧ ਮੌਤਾਂ ਹੋਈਆਂ ਸਨ। ਸੀਰੀਆ ਵਿੱਚ ਹਥਿਆਰਬੰਦ ਹਿੰਸਾ ਨਾਲ ਸਬੰਧਤ ਘੱਟੋ-ਘੱਟ 384,000 ਮੌਤਾਂ ਹੋਈਆਂ ਹਨ ਅਤੇ ਯਮਨ ਵਿੱਚ 233,000। ਇਨ੍ਹਾਂ ਤੋਂ ਇਲਾਵਾ ਉਹ ਹਜ਼ਾਰਾਂ ਲੋਕ ਹਨ ਜੋ ਜੰਗ ਦੇ ਉਜਾੜੇ ਕਾਰਨ ਹੋਈ ਬਦਹਾਲੀ ਕਾਰਨ ਮਰਦੇ ਹਨ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਅਨੁਸਾਰ, 79.5 ਮਿਲੀਅਨ ਲੋਕ 2019 ਵਿੱਚ ਜ਼ਬਰਦਸਤੀ ਉਜਾੜੇ ਗਏ। ਜੰਗਾਂ ’ਚ ਉਜਾੜੇ ਦਾ ਦੁਖਾਂਤ 'ਆਮ' ਹੁੰਦਾ ਹੈ ਜੋ ਹਰ ਸਾਲ ਹਜ਼ਾਰਾਂ-ਲੱਖਾਂ ਮੌਤਾਂ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਜੰਗ, ਤਣਾਅ ਤੇ ਗੜਬੜੀ ਵਾਲੇ ਖੇਤਰਾਂ ਵਿੱਚ ਪੈਦਾ ਹੋਈਆਂ ਅਰਾਜਕ ਸਥਿਤੀਆਂ ਦੌਰਾਨ ਸਰਕਾਰੀ ਅਤੇ ਬਾਗੀ ਦੋਵਾਂ ਧਿਰਾਂ ਨੂੰ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਮੁਹੱਇਆ ਕਰਵਾਏ ਜਾਂਦੇ ਹਨ। ਦੁਨੀਆਂ ਭਰ ਵਿੱਚ ਗੈਰ-ਕਾਨੂੰਨੀ ਤੇ ਤਸਕਰੀ ਵਾਲੇ ਹਥਿਆਰਾਂ ਦੀ ਵਿਕਰੀ ਵੱਡੀ ਤਦਾਦ ਵਿੱਚ ਹੋ ਰਹੀ ਹੈ ਜੋ ਅੰਕੜਿਆਂ ਤੋਂ ਬਾਹਰ ਹੈ।
​ਜਮਹੂਰੀ ਰਾਜਾਂ ਵਿੱਚ ਵੱਧਦੇ ਤਾਨਾਸ਼ਾਹ ਰੁਝਾਨ ਕਾਰਨ ਵੱਖ-ਵੱਖ ਮੁਲਕ ਆਪਣੇ ਫੌਜ਼ੀ ਖਰਚੇ ਵਧਾ ਰਹੇ ਹਨ। ਭਾਰਤ ਵਿੱਚ ਮੋਦੀ ਸਰਕਾਰ ਨੇ ਸਾਲ 2023-24 ਦੇ ਤਾਜ਼ਾ ਬਜ਼ਟ ਵਿੱਚ ਕੁੱਲ ਸੁਰੱਖਿਆ ਬਜ਼ਟ ਪਿਛਲੇ ਸਾਲ ਨਾਲੋਂ 1 ਲੱਖ ਕਰੋੜ ਵਧਾਕੇ 5.94 ਲੱਖ ਕਰੋੜ ਕਰ ਦਿੱਤਾ ਹੈ। ਦੂਸਰੇ ਪਾਸੇ ਜਨਤਕ ਭਲਾਈ ਸਕੀਮਾਂ ਉੱਤੇ ਬਜ਼ਟ ਖਰਚ ਲਗਾਤਾਰ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਨਵ-ਉਦਾਰਵਾਦੀ ਏਜੰਡੇ ਦੇ ਫੇਲ੍ਹ ਹੋਣ ਕਰਕੇ ਇਹ ਚੱਲਣ ਦੁਨੀਆਂ ਭਰ ਵਿੱਚ ਵੱਧ ਰਿਹਾ ਹੈ।

ਦੁਨੀਆ ਵਿੱਚ ਇਕੋ ਸਮੇਂ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਅਮਨ ਬਹਾਲੀ ਦਾ ਚੌਧਰੀ ਅਮਰੀਕੀ ਸਾਮਰਾਜ ਬਣਿਆ ਹੋਇਆ ਹੈ ਜੋ ਜਿਆਦਾਤਰ ਭੂਗੋਲਿਕ ਖੇਤਰਾਂ ਵਿੱਚ ਸਾਜ਼ਿਸਾਂ ਰਚਦਾ ਹੈ। ਉਸਨੇ ਸੰਸਾਰ ਭਰ ਵਿੱਚ ਵੱਖ-ਵੱਖ ਆਰਥਿਕ-ਫੌਜ਼ੀ ਗੁੱਟਬੰਦਕ ਸੰਸਥਾਵਾਂ ਖੜੀਆਂ ਕੀਤੀਆਂ ਹੋਈਆਂ ਹਨ ਜਿਹਨਾਂ ਜਰੀਏ ਉਹ ਵੱਖ-ਵੱਖ ਦੇਸ਼ਾਂ ਖਿਲਾਫ ਕੂਟਨੀਤਿਕ ਸਫਬੰਦੀਆਂ ਤੇ ਘੁਸਪੈਠ ਕਰਦਾ ਹੈ। ਇਹ ਸਫਬੰਦੀ ਅੱਜ-ਕੱਲ ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਕੀਤੀ ਜਾ ਰਹੀ ਹੈ। ਆਪਣੇ ਸ਼ਰੀਕ ਰੂਸ ਅਤੇ ਚੀਨ ਨੂੰ ਠਿੱਬੀ ਲਾਉਣ ਲਈ ਮੱਧ ਤੇ ਉੱਤਰੀ ਏਸ਼ੀਆ ਵਿੱਚ ਉੱਚ ਭੂ-ਸਿਆਸੀ ਤਣਾਅ ਪੈਦਾ ਕੀਤਾ ਜਾ ਰਿਹਾ ਹੈ।
ਹਥਿਆਰ ਸਨਅਤ ਦੇ ਚੱਲਦੇ ਰਹਿਣ, ਹੋਰ ਵੱਧ ਪ੍ਰਫੁਲਿਤ ਹੋਣ ਤੇ ਮੁਨਾਫੇ ਕਮਾਉਣ ਲਈ ਇਹਨਾਂ ਦੀ ਖਪਤ ਜਰੂਰੀ ਹੈ ਜਿਸ ਲਈ ਅਰਾਜਕਤਾ ਤੇ ਜੰਗਾਂ ਥੋਪੀਆਂ ਤੇ ਪੈਦਾ ਕੀਤੀਆਂ ਜਾਂਦੀਆਂ ਹਨ। ਸਾਮਰਾਜ ਦੇ ਵਿਸਥਾਰ ਲਈ ਮੰਡੀ ਉੱਤੇ ਕਬਜੇ ਦੇ ਨਾਲ-ਨਾਲ ਕਈ ਹੋਰ ਕਾਰੋਬਾਰ ਵੀ ਜੁੜੇ ਹੋਏ ਹਨ। ਤਬਾਹੀ ਬਾਅਦ ਉਸਾਰੀ, ਆਰਥਿਕ-ਸਿਆਸੀ ਚੌਧਰ, ਢਹਿਢੇਰੀ ਆਰਥਿਕਤਾਵਾਂ ਨੂੰ ਉੱਚ ਵਿਆਜ਼ ਦਰਾਂ ਤੇ ਕਰਜ਼ੇ ਦੇਣ ਅਤੇ ਹਥਿਆਰਾਂ ਦੇ ਅੰਬਾਰ ਲਾ ਕੇ ਮੋਟੇ ਮੁੁਨਾਫੇ ਕਮਾਉਣ ਦਾ ਕਾਰੋਬਾਰ। ਸਾਮਰਾਜੀ ਸਰਮਾਇਆ ਦੁਨੀਆਂ ਭਰ ਵਿੱਚ ਹਰ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਦੇ ਕੇ ਆਪਣੀ ਇਜਾਰੇਦਾਰੀ ਤੇ ਅੰਨ੍ਹੇ ਮੁਨਾਫੇ ਲਈ ਵੱਡੀ ਤਬਾਹੀ ਤੇ ਸੰਕਟ ਖੜੇ ਕਰ ਰਿਹਾ ਹੈ। ਧਰਤੀ, ਹਵਾ, ਪਾਣੀ ਤੇ ਮਨੁੱਖਤਾ ਦੀ ਤਬਾਹੀ ਵਾਲੇ ਇਹਨਾਂ ਘਾਤਕ ਤੇ ਮਾਰੂ ਹਥਿਆਰਾਂ ਅਤੇ ਇਹਨਾਂ ਨੂੰ ਪੈਦਾ ਕਰਨ ਵਾਲੇ ਵਿਚਾਰਾਂ ਦਾ ਵਿਰੋਧ ਜਰੂਰੀ ਹੈ।
- ਮਨਦੀਪ, ਹਰਸ਼ਵਿੰਦਰ

No comments:

Post a Comment