Pages

Sunday, September 24, 2023

ਡੂੰਘੇ ਆਰਥਿਕ-ਸਿਆਸੀ ਸੰਕਟ ’ਚ ਘਿਰਿਆ ਪਾਕਿਸਤਾਨ


ਪਾਕਿਸਤਾਨ ਗਹਿਰੇ ਆਰਥਿਕ-ਸਿਆਸੀ ਸੰਕਟ ਵਿੱਚ ਫਸ ਗਿਆ ਹੈ ਅਤੇ ਉਸਦਾ ਬੁਨਿਆਦੀ ਸਮਾਜਿਕ ਢਾਂਚਾ ਬੁਰੀ ਤਰ੍ਹਾ ਡੱਗਮਗਾ ਰਿਹਾ ਹੈ। ਕੋਵਿਡ ਅਤੇ ਯੂਕਰੇਨ ਜੰਗ ਦੇ ਲਗਾਤਾਰ ਚੱਲਦੇ ਆ ਰਹੇ ਮਾੜੇ ਪ੍ਰਭਾਵ ਤੋਂ ਬਾਅਦ ਪਿਛਲੇ ਸਾਲ ਪਾਕਿਸਤਾਨ ਹੜ੍ਹਾਂ ਦੀ ਭਿਆਨਕ ਤਬਾਹੀ ਦਾ ਸ਼ਿਕਾਰ ਹੋਇਆ। ਇਹਨਾਂ ਆਰਥਿਕ ਤੇ ਕੁਦਰਤੀ ਆਫਤਾਂ ਦੇ ਨਾਲ ਹੀ ਪਾਕਿਸਤਾਨ ਦੇ ਸਿਆਸੀ ਮੈਦਾਨ ਵਿੱਚ ਵੀ ਘਮਸਾਨ ਚੱਲਦਾ ਆ ਰਿਹਾ ਹੈ। ਪਾਕਿਸਤਾਨ ਵਿੱਚ ਫੈਲੀ ਸਿਆਸੀ ਅਸ਼ਾਂਤੀ ਕਾਰਨ ਦੇਖਦੇ ਹੀ ਦੇਖਦੇ ਇਸਦੀ ਆਰਥਿਕਤਾ ਨੂੰ ਲਕਵਾ ਮਾਰ ਗਿਆ। ਅਸਮਾਨ ਛੂੰਹਦੀ ਮਹਿੰਗਾਈ, ਭ੍ਰਿਸ਼ਟਾਚਾਰ, ਖਾਦ ਸੰਕਟ, ਹਿੰਸਾ, ਵੱਧਦਾ ਵਿੱਤੀ ਘਾਟਾ, ਘੱਟਦਾ ਵਿਦੇਸ਼ੀ ਮੁਦਰਾ ਭੰਡਾਰ, ਭੁਗਤਾਨ ਸੰਤੁਲਨ ਦਾ ਸੰਕਟ, ਡਾਲਰ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕਦਰ ਘਟਾਈ, ਬੇਰੁਜਗਾਰੀ, ਰੀਅਲ ਅਸਟੇਟ ਦਾ ਸੰਕਟ, ਲਗਾਤਾਰ ਗਿਰਾਵਟ ਵੱਲ ਜਾ ਰਹੀ ਕੁੱਲ ਘਰੇਲੂ ਪੈਦਾਵਾਰ, ਦਰਜਨਾਂ ਅੱਤਵਾਦੀ ਹਮਲੇ, ਹੜ੍ਹ, ਦਵਾਈਆਂ ਤੇ ਭੋਜਨ ਦੀ ਥੁੜ ਅਤੇ ਲਗਾਤਾਰ ਵੱਧਦੇ ਜਾ ਰਹੇ ਵਿਦੇਸ਼ੀ ਕਰਜ਼ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤੇਲ, ਗੈਸ, ਊਰਜਾ ਅਤੇ ਹੋਰ ਭੋਜਨ ਤੇ ਖਾਦ ਪਦਾਰਥਾਂ ਦੀਆਂ ਅਸਮਾਨੀ ਚੜੀਆਂ ਕੀਮਤਾਂ ਨੇ ਪਾਕਿਸਤਾਨੀ ਅਵਾਮ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਟੈਕਸਾਂ ’ਚ ਵਾਧਾ ਅਤੇ ਬਿਜਲੀ ਉੱਤੇ ਸਬਸਿਡੀ ਵਾਪਸ ਲੈਣ ਕਾਰਨ ਅਨੇਕਾਂ ਟੈਕਸਟਾਇਲ ਅਤੇ ਨਿਰਮਾਣ ਉਦਯੋਗ ਬੰਦ ਹੋ ਰਹੇ ਹਨ ਅਤੇ ਬੇਰੁਜਗਾਰਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ। ਅਰਥਚਾਰੇ ਦੇ ਲੜਖੜਾਉਣ ਨਾਲ ਜਨਤਕ ਸਹੂਲਤਾਂ ਉੱਤੇ ਲਗਾਤਾਰ ਕੱਟ ਲਾਏ ਜਾ ਰਹੇ ਹਨ ਅਤੇ ਲੋਕ ਕਰਜ਼, ਗਰੀਬੀ ਅਤੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਵਿਦੇਸ਼ੀ ਦਖਲਅੰਦਾਜ਼ੀ ਅਤੇ ਫੌਜ਼ ਦੇ ਵੱਧਦੇ ਪ੍ਰਭਾਵ ਕਾਰਨ ਪਾਕਿਸਤਾਨ ਦਾ ਸਿਆਸੀ ਅਤੇ ਸਮਾਜਿਕ ਸੰਕਟ ਦਿਨੋ-ਦਿਨ ਹੋਰ ਵੱਧ ਡੂੰਘਾ ਹੋ ਰਿਹਾ ਹੈ।

ਪਾਕਿਸਤਾਨੀ ਫੌਜ਼ੀ ਜਨਰਲਾਂ ਦੀ ਮੱਦਦ ਨਾਲ ਸੱਤਾ ’ਚ ਆਏ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਅਰਾ ਰੂਸ ਅਤੇ ਚੀਨ ਨਾਲ ਨੇੜਤਾ ਵਧਾਉਣ, ਅਫਗਾਨਿਸਤਾਨ ਵਿੱਚੋਂ ਅਮਰੀਕੀ ਸਾਮਰਾਜ ਦੇ ਬੇਆਬਰੂ ਹੋਕੇ ਨਿਕਲਣ ਸਮੇਂ ਅਮਰੀਕਾ ਵਿਰੋਧੀ ਟਿੱਪਣੀ ਕਰਨ, ਕੌਮਾਂਤਰੀ ਮੁਦਰਾ ਕੋਸ਼ ਦੇ ਸਮਝੌਤੇ ਦੀ ਉਲੰਘਣਾ ਕਰਨ ਅਤੇ ਅਮਰੀਕਾ ਵਿਰੋਧੀ ਸੁਰਾਂ ਕਾਰਨ ਅਮਰੀਕਾ ਦੀ ਸ਼ਹਿ ਤੇ ਪਾਕਿਸਤਾਨੀ ਫੌਜ਼ ਜਨਰਲਾਂ ਨੇ ਕੌਮੀ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ ਕਰਵਾਕੇ ਇਮਰਾਨ ਖਾਨ ਨੂੰ ਸੱਤਾ ਦੀ ਕੁਰਸੀ ਤੋਂ ਲਾਹਕੇ ਜੇਲ੍ਹ ਭੇਜ ਦਿੱਤਾ ਹੈ। ਅਮਰੀਕੀ ਇਸ਼ਾਰਿਆਂ ਤੇ ਚੱਲਣ ਵਾਲੀ ਸ਼ਹਿਬਾਜ਼ ਸ਼ਰੀਫ ਦੀ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੇ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਪਾਕਿਸਤਾਨ ਨੂੰ ਆਰਥਿਕ ਸੁਧਾਰਾਂ ਦੀਆਂ ਆਪਣੀਆਂ ਸਖਤ ਸ਼ਰਤਾਂ ਤਹਿਤ 1.1 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਦੀ ਤਰਜ਼ ਤੇ ਪਾਕਿਸਤਾਨ ਵਿੱਚ ਤੇਲ, ਗੈਸ, ਬਿਜਲੀ ਆਦਿ ਉੱਤੇ ਕਰ ਵਧਾਉਣ ਅਤੇ ਸਬਸਿਡੀ ਖਤਮ ਕਰਨ ਦੇ ਵੱਡੇ ਅਤੇ ਤਿੱਖੇ ਹਮਲੇ ਸ਼ੁਰੂ ਹੋ ਗਏ ਹਨ। ਵੱਧਦੇ ਵਿਦੇਸ਼ੀ ਕਰਜ਼ ਅਤੇ ਨਵੇਂ ਆਰਥਿਕ ਸੁਧਾਰਾਂ ਤਹਿਤ ਤੇਲ, ਗੈਸ, ਊਰਜਾ ਅਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਓੜਕਾਂ ਦਾ ਵਾਧਾ ਹੋਇਆ। ਮਹਿੰਗਾਈ ਦਰ 60 ਫੀਸਦੀ ਤੱਕ ਅੱਪੜ ਗਈ ਹੈ। ਪੇਂਡੂ ਖੇਤਰ ਵਿੱਚ ਮਹਿੰਗਾਈ ਦਰ 24.7 ਫੀਸਦ ਅਤੇ ਸ਼ਹਿਰੀ ਖੇਤਰ ਵਿੱਚ 32.9 ਫੀਸਦ ਨੂੰ ਪਾਰ ਕਰ ਗਈ। ਕਣਕ 160 ਰੁਪਏ ਕਿਲੋ, ਦੁੱਧ 235, ਪੈਟਰੋਲ 272 ਰੁਪਏ ਪ੍ਰਤੀ ਲੀਟਰ ਅਤੇ ਚਿਕਨ 780 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਸਰਕਾਰ ਨੂੰ ਬੇਲੋੜੀਆਂ ਤੇ ਲਗਜ਼ਰੀ ਵਸਤੂਆਂ ਦੀਆਂ ਦਰਾਮਦਾਂ ਉੱਤੇ ਪਾਬੰਧੀਆਂ ਲਾਉਣ ਅਤੇ ਚਾਹ ਦੀ ਖਪਤ ਘੱਟ ਕਰਨ ਦੇ ਐਲਾਨ ਕਰਨੇ ਪੈ ਰਹੇ ਹਨ। ਦੂਜੇ ਪਾਸੇ ਉੱਚ ਫੌਜ਼ੀ ਅਧਿਕਾਰੀ ਕਰ ਮੁਕਤ ਤੇ ਮਹਿੰਗੀਆਂ ਬੁਲਟ ਪਰੂਫ ਕਾਰਾਂ ਦਰਾਮਦ ਕਰਵਾ ਰਹੇ ਹਨ। ਆਟਾ ਲੈਣ ਲਈ ਆਮ ਲੋਕ ਜਾਨ ਦੀ ਬਾਜ਼ੀ ਤੱਕ ਲਾ ਰਹੇ ਹਨ। ਸਮੇਂ ਸਿਰ ਬਿੱਲਾਂ ਦਾ ਭੁਗਤਾਨ ਨਾ ਕਰ ਸਕਣ ਕਾਰਨ ਬੰਦਰਗਾਹਾਂ ਉੱਤੇ ਅਨੇਕਾਂ ਦਰਾਮਦਾਂ ਰੁਕੀਆਂ ਹੋਈਆਂ ਹਨ। ਪਾਕਿਸਤਾਨ 126 ਅਰਬ ਡਾਲਰ ਦੇ ਕੱੁਲ ਬਾਹਰੀ ਕਰਜ਼ ਵਿੱਚੋਂ 7.4 ਅਰਬ ਡਾਲਰ ਦਾ ਕੌਮਾਂਤਰੀ ਮੁਦਰਾ ਕੋਸ਼ ਦਾ ਕਰਜ਼ਦਾਰ ਹੈ ਅਤੇ 30 ਅਰਬ ਡਾਲਰ ਚੀਨ ਦਾ ਕਰਜ਼ਦਾਰ ਹੈ, ਜਦਕਿ ਉਸ ਕੋਲ ਕੱੁਲ 8.5 ਅਰਬ ਡਾਲਰ ਦਾ ਨਿਗੂਣਾ ਵਿਦੇਸ਼ੀ ਮੁਦਰਾ ਭੰਡਾਰ ਹੈ। ਦੇਸ਼ ਦੇ ਖਰਚੇ ਵਿਕਰਾਲ ਹਨ ਤੇ ਉਪਰੋਂ ਵਿਦੇਸ਼ੀ ਕਰਜ਼ ਦੀ ਅਦਾਇਗੀ ਲਈ ਇਹ ਮੁਦਰਾ ਭੰਡਾਰ ਆਟੇ ’ਚ ਲੂਣ ਬਰਾਬਰ ਵੀ ਨਹੀਂ ਹਨ। ਦਰਾਮਦਾਂ ਅਤੇ ਕਰਜ਼ ਦੇ ਭੁਗਤਾਨ ਸੰਤੁਲਨ ਦਾ ਸੰਕਟ ਮੌਜੂਦਾ ਸੰਕਟ ਦੀ ਚੂਲ ਹੈ। ਚਾਲੂ ਵਿੱਤੀ ਵਰ੍ਹੇ ਦੇ ਜਨਵਰੀ ਮਹੀਨੇ ਵਿੱਚ ਕੇਵਲ ਕੁਝ ਕੁ ਦਿਨਾਂ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ’ਚ ਪਾਕਿਸਤਾਨੀ ਰੁਪਏ ਵਿੱਚ 20% ਦੀ ਵੱਡੀ ਇਤਿਹਾਸਕ ਗਿਰਾਵਟ ਆਈ ਅਤੇ ਮੌਜੂਦਾ ਸਮੇਂ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਮੁਦਰਾ ਦੀ ‘ਕਦਰ’ 297 ਰੁਪਏ ਪ੍ਰਤੀ ਡਾਲਰ ਹੈ। ਮਹਿੰਗਾਈ ਨਾਲ ਨਜਿੱਠਣ ਲਈ ਪਾਕਿਸਤਾਨੀ ਕੇਂਦਰੀ ਬੈਂਕ, ਅਮਰੀਕੀ ਫੈਡਰਲ ਬੈਂਕਾਂ ਦੀ ਤਰਜ਼ ਤੇ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ ਜਿਸ ਨਾਲ ਦੇਸੀ-ਵਿਦੇਸ਼ੀ ਨਿਵੇਸ਼ ਘੱਟ ਰਿਹਾ ਹੈ, ਸ਼ੇਅਰ ਬਜ਼ਾਰ ਅਤੇ ਰੀਅਲ ਇਸਟੇਟ ਮਾਰਕਿਟ ਡਿੱਗ ਰਹੀ ਹੈ ਅਤੇ ਮਹਿੰਗਾਈ ਥੰਮਣ ਦਾ ਨਾਮ ਨਹੀਂ ਲੈ ਰਹੀ। ਧੀਮੀ ਹੋ ਰਹੀ ਆਰਥਿਕ ਗਤੀ ਦੇ ਚੱਲਦਿਆਂ ਸਾਲ 2022-23 ਵਿੱਚ ਪਾਕਿਸਤਾਨ ਦਾ ਕੱੁਲ ਘਰੇਲੂ ਉਤਪਾਦਨ ਘੱਟ ਰਿਹਾ। ਪਾਕਿਸਤਾਨ ਦਾ ਖਪਤਕਾਰ ਮੁੱਲ ਸੂਚਕ ਅੰਕ (31.5%) ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਗਿਆ। ਪਾਕਿਸਤਾਨ ਦੀ ਕੁੱਲ ਵਸੋਂ ਦਾ 24.3% ਹਿੱਸਾ ਭਾਵ 55 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਮਹਿੰਗਾਈ ਦੇ ਇਸ ਦੌਰ ਵਿੱਚ 34% ਵਸੋਂ ਦੀ ਪ੍ਰਤੀ ਦਿਨ ਆਮਦਨ 3.2 ਡਾਲਰ (588 ਰੁਪਏ) ਹੈ। ਚਾਲੂ ਵਰ੍ਹੇ ਦੇ ਮਈ ਮਹੀਨੇ ਵਿੱਚ ਮਹਿੰਗਾਈ ਦਰ (38%) ’ਚ ਪਾਕਿਸਤਾਨ, ਸ਼੍ਰੀਲੰਕਾ ਨੂੰ ਵੀ ਪਿੱਛੇ ਛੱਡ ਗਿਆ। ਪਾਕਿਸਤਾਨ ਦੀ ਨਿਗਰਦੀ ਆਰਥਿਕ-ਸਮਾਜਿਕ ਸਿਹਤ ਨੂੰ ਦੇਖਦਿਆਂ ਕ੍ਰੈਡਿਟ ਰੇਟਿੰਗ ਸੀਸੀਸੀ ਘਟਾਓ (ਛਛਛ-) ਤੱਕ ਡਿੱਗ ਗਈ ਹੈ। ਦੇਸ਼ ਦੇ ਖਰਚਿਆਂ ਨੂੰ ਚਲਾਉਣ ਅਤੇ ਕਰਜ਼ ਦਾ ਭੁਗਤਾਨ ਕਰਨ ਲਈ ਪਾਕਿਸਤਾਨੀ ਸਰਕਾਰ ਦੀ ਆਮਦਨ ਅਤੇ ਪੈਦਾਵਾਰ ਨਾਕਾਫੀ ਹੈ। 
ਦਰਅਸਲ ਪਾਕਿਸਤਾਨ ਦੇ ਮੌਜੂਦਾ ਆਰਥਿਕ ਤੇ ਰਾਜਸੀ ਸੰਕਟ ਦੇ ਬੀਜ਼ ਬਰਤਾਨਵੀ ਸਾਮਰਾਜ ਅਤੇ ਉਸਦੇ ਭਿਆਲਾਂ ਦੁਆਰਾ ਭਾਰਤ-ਪਕਿਸਤਾਨ ਦੇ ਕੀਤੇ ਗਏ ਫਿਰਕੂ ਤੇ ਖੂਨੀ ਬਟਵਾਰੇ ਸਮੇਂ ਹੀ ਬੀਜ਼ੇ ਗਏ ਸਨ। ਵੰਡ ਸਮੇਂ ਬਰਤਾਨਵੀ ਸਾਮਰਾਜੀ ਮਨਸੂਬਿਆਂ ਮੁਤਾਬਕ ਮੁਸਲਿਮ ਲੀਗ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਰਜ਼ਾ ਦੇ ਉਲਟ ਧਰਮ ਅਧਾਰਿਤ ਵੱਖਰੇ ਦੇਸ਼ ਦੀ ਮੰਗ ਇੱਕ ਵੱਡੀ ਇਤਿਹਾਸਕ ਭੁੱਲ ਅਤੇ ਦਰਦਨਾਕ ਤ੍ਰਸਾਦੀ ਸਾਬਤ ਹੋਈ। ਵੰਡ ਨੇ ਉਜਾੜਾ, ਕਤਲੋਗਾਰਦ, ਸਰਹੱਦੀ ਵਿਵਾਦ ਅਤੇ ਭਾਈਚਾਰਕ ਏਕਤਾ ਨੂੰ ਤੋੜਕੇ ਫਿਰਕੂ ਵੰਡੀਆਂ ਤੇ ਨਫਰਤ ਨੂੰ ਜਨਮ ਦਿੱਤਾ। ਵੰਡ ਤੋਂ ਬਾਅਦ ਪਾਕਿਸਤਾਨ ਦੇ ਨਵੇਂ ਬਣੇ ਹਾਕਮਾਂ ਕੋਲ ਪਾਕਿਸਤਾਨ ਦੀ ਤਰੱਕੀ ਤੇ ਵਿਕਾਸ ਲਈ ਯੋਗ ਲੀਡਰਸ਼ਿੱਪ ਅਤੇ ਦੂਰ-ਦ੍ਰਿਸ਼ਟੀ ਦੀ ਘਾਟ ਕਾਰਨ ਜਲਦ ਹੀ ਪਾਕਿਸਤਾਨ ਦਾ ਸਿਆਸੀ ਸੰਕਟ ਉੱਭਰ ਆਇਆ। ਸੰਵਿਧਾਨਕ, ਲੋਕਤੰਤਰੀ, ਧਰਮ ਨਿਰਪੱਖ ਅਤੇ ਅਗਾਂਹਵਧੂ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕੀਤਾ ਗਿਆ ਜਿਸਦਾ ਸਿੱਟਾ ਮੁਹੰਮਦ ਅਜੂਬ ਖਾਨ ਦੁਆਰਾ ਸਿਕੰਦਰ ਅਲੀ ਮਿਰਜ਼ਾ ਦੀ ਸਰਕਾਰ ਪਲਟ ਕੇ ਕੀਤੇ ਗਏ ਫੌਜ਼ੀ ਰਾਜਪਲਟੇ (27 ਅਕਤੂਬਰ 1958) ਦੇ ਰੂਪ ’ਚ ਨਿਕਲਿਆ। ਉਸਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿੱਚ ਫੌਜ਼ੀ ਦਬਦਬਾ ਇਸ ਕਦਰ ਵਧਿਆ ਕਿ ਪਾਕਿਸਤਾਨ ਵਿੱਚ ਹੁਣ ਤੱਕ ਅਨੇਕਾਂ ਅਸਫਲ ਕੋਸ਼ਿਸ਼ਾਂ ਤੋਂ ਬਿਨ੍ਹਾਂ ਚਾਰ ਸਫਲ ਫੌਜ਼ੀ ਰਾਜਪਲਟੇ ਹੋ ਚੁੱਕੇ ਹਨ ਅਤੇ “ਲੋਕਤੰਤਰੀ” ਸਰਕਾਰਾਂ ਵੀ ਫੌਜ਼ੀ ਸਹਾਇਤਾ ਬਿਨ੍ਹਾਂ ਹੋਂਦ ਵਿੱਚ ਨਹੀਂ ਆਉਂਦੀਆਂ। ਵੱਡੇ ਫੌਜ਼ੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਚੱਲਦਾ ਆ ਰਿਹਾ ਹੈ। ਫੌਜ਼ੀ ਰਾਜਪਲਟਿਆਂ ਤੋਂ ਬਿਨ੍ਹਾਂ ਪਾਕਿਸਤਾਨ ਦੀਆਂ ਭਾਰਤ ਨਾਲ ਦੋ ਵੱਡੀਆਂ ਜੰਗਾਂ (1965 ਤੇ 1971) ਅਤੇ ਕਈ ਵੱਡੇ-ਛੋਟੇ ਸਰਹੱਦੀ ਝਗੜੇ ਲਗਾਤਾਰ ਚੱਲਦੇ ਆ ਰਹੇ ਹਨ। ਕਸ਼ਮੀਰ ਉੱਤੇ ਆਪਣੀ ਦਾਅਵੇਦਾਰੀ ਦੀ ਲੰਮੀ ਲੜਾਈ ਵਿੱਚ ਵੀ ਪਾਕਿਸਤਾਨ ਦਾ ਲੱਕ ਟੁੱਟ ਗਿਆ। ਪੂਰਬੀ ਤੇ ਪੱਛਮੀ ਪਾਕਿਸਤਾਨ ਦਾ ਝਗੜਾ ਅਤੇ ਅੰਤ ਪੂਰਬੀ ਪਾਕਿਸਤਾਨ ਦਾ ਬੰਗਲਾਦੇਸ਼ ਦੇ ਰੂਪ ਵਿੱਚ ਵੱਖਰਾ ਹੋਣਾ ਪਾਕਿਸਤਾਨ ਨੂੰ ਖੁੰਗਲ ਕਰ ਗਿਆ।

ਭਾਰਤ-ਪਾਕਿਸਤਾਨ ਦਾ ਸਰਹੱਦੀ ਵਿਵਾਦ ਜਿੱਥੇ ਦੋਵਾਂ ਦੇਸ਼ਾਂ ਦੇ ਹਾਕਮਾਂ ਲਈ ਵੋਟ ਹਾਸਲ ਕਰਨ ਦਾ ਜ਼ਰਿਆ ਬਣਦਾ ਆ ਰਿਹਾ ਹੈ ਉੱਥੇ ਪਾਕਿਸਤਾਨ ਸਾਮਰਾਜੀ ਤਾਕਤਾਂ ਖਾਸਕਰ ਅਮਰੀਕਾ ਲਈ ਆਪਣੇ ਦੁਸ਼ਮਣਾਂ ਖਿਲਾਫ ਭੂਸਿਆਸੀ ਤੌਰ ਤੇ ਅਹਿਮ ਮੋਹਰਾ ਚੱਲਦਾ ਆ ਰਿਹਾ ਹੈ। ਭਾਰਤ ਉੱਤੇ ਕੂਟਨੀਤਿਕ ਦਬਾਅ ਲਈ ਪਾਕਿਸਤਾਨ, ਅਮਰੀਕਾ ਅਤੇ ਚੀਨ ਲਈ ਸਦਾ ਮਹੱਤਵਪੂਰਨ ਖੇਤਰ ਰਿਹਾ। ਸੋਵੀਅਤ ਯੁਨੀਅਨ; ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਵਿੱਚ ‘ਦਹਿਸ਼ਤਗਰਦੀ ਖਿਲਾਫ ਜੰਗ’ ਬਹਾਨੇ ਅਮਰੀਕਾ ਨੇ ਵੱਖ-ਵੱਖ ਦਹਿਸ਼ਤਗਰਦ ਗਰੁੱਪਾਂ ਨੂੰ ਵਿੱਤੀ ਅਤੇ ਫੌਜ਼ੀ ਸਹਾਇਤਾ ਦੇਣ ਦੇ ਨਾਲ-ਨਾਲ ਪਾਕਿਸਤਾਨ ਨੂੰ ਵਿਸ਼ੇਸ਼ ‘ਟਰੇਨਿੰਗ ਸੈਂਟਰ’ ਵਜ਼ੋਂ ਵਰਤਿਆ ਅਤੇ ਉਸਦੇ ਹਵਾਈ ਖੇਤਰ ਦੀ ਸ਼ਰੇਆਮ ਵਰਤੋਂ ਕੀਤੀ। ਪਾਕਿਸਤਾਨ ਵਿੱਚ ਅਮਰੀਕੀ ਸਹਾਇਤਾ ਪ੍ਰਾਪਤ ਕੱਟੜ ਫਿਰਕੂ ਇਸਲਾਮਿਕ ਗੁੱਟਾਂ ਦੀ ਦਹਿਸ਼ਤ ਪਾਕਿਸਤਾਨ ਦੀ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਲਈ ਸਦਾ ਖਤਰਾ ਬਣਦੀ ਆ ਰਹੀ ਹੈ। ਪਾਕਿਸਤਾਨ ਦੇ ਸਕੂਲਾਂ-ਮਦਰੱਸਿਆਂ ਵਿੱਚ ਚਾਰਲਸ ਡਾਰਵਿਨ ਸਮੇਤ ਹੋਰ ਅਗਾਂਹਵਧੂ ਵਿਚਾਰਾਂ/ ਫਲਸਫਿਆਂ ਨੂੰ ਪੜਾਉਣ ਦੀ ਥਾਂ ਕੱਟੜ ਧਾਰਮਿਕ ਅਕੀਦਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਪਾਕਿਸਤਾਨ ਦੇ ਅੰਦਰ ਅਤੇ ਸਰਹੱਦੀ ਮੁਸਲਿਮ ਦੇਸ਼ਾਂ ਨਾਲ ਉਸਦੇ ਸ਼ੀਆ-ਸੁੰਨੀ ਧਾਰਮਿਕ ਵਿਸ਼ਵਾਸ਼ਾਂ ਕਾਰਨ ਫਿਰਕੂ ਵਿਵਾਦ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਬਣਦੇ ਹਨ। ਸੋਵੀਅਤ ਯੂਨੀਅਨ, ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਖਿਲਾਫ ਜੰਗ ਵਿੱਚ ਪਾਕਿਸਤਾਨ, ਅਮਰੀਕਾ ਲਈ ਸਿੱਧੇ ਅਤੇ ਅਸਿੱਧੇ ਤੌਰ ਤੇ ਅਹਿਮ ਰਣਨੀਤਿਕ ਟਿਕਾਣਾ ਰਿਹਾ। ਪਾਕਿਸਤਾਨ ਦੇ ਫੌਜ਼ੀ ਜਨਰਲ ਦਹਿਸ਼ਦਗਰਦ ਇਸਲਾਮਿਕ ਗੁੱਟਾਂ ਅਤੇ ਅਮਰੀਕੀ ਸਾਮਰਾਜ ਵਿਚਕਾਰ ਵਿਚੋਲਗੀ ਦਾ ਕੰਮ ਕਰਦੇ ਆ ਰਹੇ ਹਨ। ਇਹ ਵੱਢੀਖੋਰ ਫੌਜ਼ੀ ਜਨਰਲ ਗਲ-ਗਲ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ ਪਾਕਿਸਤਾਨ ਸਮੇਤ ਵਿਦੇਸ਼ਾਂ ਵਿੱਚ ਬੇਥਾਹ ਧੰਨ-ਦੌਲਤ ਦੇ ਮਾਲਕ ਬਣੇ ਹੋਏ ਹਨ। ਪਾਕਿਸਤਾਨ ਵਿੱਚ ਅਮੀਰੀ-ਗਰੀਬੀ ਦਾ ਡੂੰਘਾ ਪਾੜਾ ਹੈ। ਏਸ਼ੀਆ ਵਿੱਚ ਵਪਾਰਕ ਵਿਸਥਾਰ ਅਤੇ ‘ਚੀਨ-ਪਾਕਿਸਤਾਨ ਆਰਥਿਕ ਲਾਂਘੇ’ ਲਈ ਪਾਕਿਸਤਾਨ, ਚੀਨ ਲਈ ਵੀ ਬੇਹੱਦ ਅਹਿਮ ਖਿੱਤਾ ਹੈ। ਖੇਤੀਬਾੜੀ ਖੇਤਰ ਤੋਂ ਬਾਅਦ ਵਪਾਰਕ ਕੇਂਦਰ ਕਰਾਚੀ ਇਸਦੀ ਆਰਥਿਕਤਾ ਦੀ ਰੀੜ੍ਹ ਹੈ ਅਤੇ ਭੂਸਿਆਸੀ ਤੌਰ ਤੇ ਯੂਰਪ ਨਾਲ ਵਪਾਰ ਲਈ ਪਾਕਿਸਤਾਨ, ਚੀਨ ਵਾਸਤੇ ਬੇਹੱਦ ਮਹੱਤਵਪੂਰਨ ਲਾਂਘਾ ਹੈ। ਇਸ ਲਈ ਚੀਨ ਨੇ ਵੱਡੀ ਪੱਧਰ ਉੱਤੇ ਪਾਕਿਸਤਾਨ ਨੂੰ ਕਰਜ਼ਾ ਦਿੱਤਾ ਹੈ ਜੋ ਕੁਲ ਬਾਹਰੀ ਕਰਜ਼ ਦਾ 35% ਬਣਦਾ ਹੈ। ਇਸਦੇ ਉਲਟ ਰੂਸ ਅਤੇ ਚੀਨ ਵਰਗੇ ਪੁਰਾਣੇ ਵਿਰੋਧੀਆਂ ਨੂੰ ਢਾਹੁਣ ਲਈ ਅਮਰੀਕਾ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਸਿਆਸੀ ਦਖਲਅੰਦਾਜ਼ੀ ਕਰਦਾ ਆ ਰਿਹਾ ਹੈ।
1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵੱਡੇ ਸੰਕਟ ਨਾਲ ਜੂਝ ਰਿਹਾ ਹੈ। ਸਾਮਰਾਜੀ ਮੁਲਕਾਂ ਅਤੇ ਪਾਕਿਸਤਾਨ ਦੇ ਹਾਕਮਾਂ ਵੱਲੋਂ ਪੈਦਾ ਕੀਤੇ ਇਸ ਸੰਕਟ ਦਾ ਬੋਝ ਪਾਕਿਸਤਾਨੀ ਅਵਾਮ ਦੇ ਮੋਢਿਆਂ ਉੱਤੇ ਲੱਦਿਆ ਜਾ ਰਿਹਾ ਹੈ। ਪਾਕਿਸਤਾਨ ਦੀ ਮੌਜੂਦਾ ਆਰਥਿਕ-ਸਿਆਸੀ ਸੂਰਤ-ਏ-ਹਾਲ ਦੇ ਬੇਰਹਿਮ ਤੱਥ ਦਰਸਾਉਂਦੇ ਹਨ ਕਿ ਪਾਕਿਸਤਾਨ ਨੂੰ ਦਿਵਾਲੀਆ ਹੋਣ ਤੋਂ ਅੱਲ੍ਹਾ ਵੀ ਨਹੀਂ ਬਚਾ ਸਕਦਾ।
- ਮਨਦੀਪ (+1 438-924-2052)

No comments:

Post a Comment