ਅਮਰੀਕੀ ਸਾਮਰਾਜ ਵੱਲੋਂ ਇਜ਼ਰਾਇਲ ਨਾਲ ਮਿਲ ਕੇ ਫ਼ਲਸਤੀਨ ਦੀ ਨਸਲਕੁਸ਼ੀ ਲਗਾਤਾਰ ਜਾਰੀ ਹੈ। ਪੱਛਮੀ ਤਾਕਤਾਂ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਨਸਲਕੁਸ਼ੀ ਓਪਰੇਸ਼ਨ ਵਿੱਚ ਇਜ਼ਰਾਇਲ ਨੇ ਪਿਛਲੇ 6 ਮਹੀਨਿਆਂ ਵਿੱਚ 36,000 ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਹੈ। ਗਾਜਾ ਪੱਟੀ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਹੈ ਤੇ ਰਫਾਅ ਦੇ “ਸੁਰੱਖਿਅਤ ਲਾਂਘੇ ” ਨੂੰ ਸੰਸਾਰ ਦੇ ਵੱਡੇ ‘ਕੈਦਖਾਨੇ’ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਜਿੱਥੇ 10 ਲੱਖ ਤੋਂ ਵੱਧ ਗਾਜ਼ਾਨ ਭੋਜਨ, ਪਾਣੀ ਤੇ ਇਲਾਜ ਦੀ ਥੁੜ ਦਾ ਸਾਹਮਣਾ ਕਰ ਰਹੇ ਹਨ। “ਵਿਸ਼ਵ ਸ਼ਾਂਤੀ” ਤੇ “ਮਾਨਵਤਾਵਾਦ” ਦਾ ਦਮ-ਖਮ ਭਰਨ ਵਾਲੀਆਂ ਸੰਸਾਰ ਭਰ ਦੀਆਂ ਸਾਰੀਆਂ ਸਾਮਰਾਜੀ ਜੰਗਬਾਜ਼ ਤਾਕਤਾਂ ਇਜ਼ਰਾਇਲ ਦੀ ਪਿੱਠ ਥਪਥਪਾ ਰਹੀਆਂ ਹਨ। ਅਮਰੀਕਾ ਅੰਦਰ ਫਲਸਤੀਨ ਦੇ ਪੱਖ ਵਿੱਚ ਜ਼ੋਰਦਾਰ ਅਵਾਜ਼ ਉਠਾਈ ਜਾ ਰਹੀ ਹੈ ਅਤੇ ਸੰਸਾਰ ਭਰ ਵਿੱਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਜੰਗਬੰਦੀ ਦੀ ਬਜਾਇ ਇਸ ਜੰਗ ਦੇ ਇਰਦ-ਗਿਰਦ ਇਹ ਟਕਰਾਅ ਮੱਧ ਪੂਰਬ ਵੱਲ ਵਧ ਰਿਹਾ ਹੈ।
ਇਹ ਟਕਰਾਅ ਇਜ਼ਰਾਇਲ ਦੇ ਗੁਆਂਢ ਈਰਾਨ, ਲੇਬਨਾਨ, ਯਮਨ, ਸੀਰੀਆ ਅਤੇ ਫਲਸਤੀਨ ਦੇ ਕਰੀਬੀ ਦੇਸ਼ਾਂ ਦੁਆਲੇ ਪੈਦਾ ਹੋ ਰਿਹਾ ਹੈ। ਅਮਰੀਕਾ ਨੇ ਆਪਣੇ ਸਾਮਰਾਜੀ ਵਪਾਰਕ ਤੇ ਸਿਆਸੀ ਹਿੱਤਾਂ ਲਈ ਪਹਿਲਾਂ ਯੂਕਰੇਨ ਤੇ ਇਜ਼ਰਾਇਲ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਜਿਸਨੂੰ ਪੱਛਮੀ ਸਾਮਰਾਜੀ ਤਾਕਤਾਂ ਵੱਲੋਂ ਆਰਥਿਕ ਮੱਦਦ ਦਿੱਤੀ ਜਾ ਰਹੀ ਹੈ। ਯੂਕਰੇਨ ਅਤੇ ਇਜ਼ਰਾਇਲ ਨੂੰ ਹਥਿਆਰ, ਫ਼ੌਜੀ ਤੇ ‘ਹਰ ਪ੍ਰਕਾਰ’ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਯੂਕਰੇਨ ਜੰਗ ਕਾਰਨ ਦੁਨੀਆਂ ਭਰ ’ਚ ਮਹਿੰਗਾਈ ਤੇ ਟੈਕਸ ਬੋਝ ਦੇ ਸੰਕਟ ਨਾਲ ਸਾਰੇ ਸੰਸਾਰ ਅੰਦਰ ਆਰਥਿਕ-ਸਿਆਸੀ ਸੰਕਟ ਪੈਦਾ ਹੋ ਰਿਹਾ ਹੈ। ਜਿਸ ਕਰਕੇ ਅਮਰੀਕਾ ਸਮੇਤ ਪੱਛਮੀ ਸਾਮਰਾਜੀ ਤਾਕਤਾਂ ਲਈ ਨਿੱਤ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ।
ਜੰਗ ਵਿੱਚ ਹਿੱਸੇਦਾਰ ਤਾਕਤਾਂ ਦੇ ਸਿਆਸੀ ਨੇਤਾਵਾਂ ਦੇ ਰਾਜਨੀਤਿਕ ਕੈਰੀਅਰ ਦਾਅ ਤੇ ਲੱਗੇ ਹੋਏ ਹਨ। ਜਾਪਾਨ ਨੂੰ ਦੂਜੀ ਸੰਸਾਰ ਜੰਗ ਸਮੇਂ ਫੌਜੀ ਹਥਿਆਰ ਬਣਾਉਣ ਉਤੇ ਲੱਗੀ ਰੋਕ ਹਟਾਈ ਜਾ ਰਹੀ ਹੈ ਅਤੇ ਅਮਰੀਕਾ ਵਿੱਚ ਚੋਣਾਂ ਨਜ਼ਦੀਕ ਹੋਣ ਕਰਕੇ ਬਾਈਡਨ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਘਿਰ ਗਿਆ ਹੈ। ਉਸਨੇ ਯੂਕਰੇਨ ਤੇ ਇਜ਼ਰਾਇਲ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਸਪਲਾਈ ਵਿੱਚ ਕਮੀ ਲਿਆਂਦੀ ਹੈ ਪਰ ਇਸਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਅਤੇ ਹੁਣ ਉਸ ਵੱਲੋਂ ਜੰਗ ਹਾਰ ਰਹੇ ਯੂਕਰੇਨ ਨੂੰ ਅਰਬਾਂ ਡਾਲਰਾਂ ਦੀ ਸਹਾਇਤਾ ਅਤੇ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ ਅਤੇ ਹੋਰ ਵਿਸ਼ੇਸ਼ ਪੈਕੇਜਾਂ ਦੀ ਜ਼ਰੂਰਤ ਕਾਰਨ ਯੂਕਰੇਨ ਤੇ ਇਜ਼ਰਾਇਲੀ ਹਾਕਮ ਇੱਕ ਪਾਸੇ ਅਮਰੀਕਾ ਤੇ ਪੱਛਮੀ ਤਾਕਤਾਂ ਨਾਲ ਬਗਲਗੀਰ ਹਨ ਤੇ ਦੂਸਰੇ ਪਾਸੇ ਉਹ ਇਹਨਾਂ ਤਾਕਤਾਂ ਵੱਲੋਂ ਹਥਿਆਰਾਂ ਤੇ ਵਿਸ਼ੇਸ਼ ਫੰਡਾਂ ਦੀ ਘਾਟ ਕਰਕੇ ਨਾਰਾਜ਼ਗੀਆਂ ਵੀ ਜ਼ਾਹਰ ਕਰਦੇ ਰਹਿੰਦੇ ਹਨ। ਬੀਤੀ ਇਕ ਅਪ੍ਰੈਲ ਨੂੰ ਇਜ਼ਰਾਇਲ ਵੱਲੋਂ ਸੀਰੀਆ ਦੇ ਦਮਾਸਕਸ ਸਥਿਤ ਇਰਾਨ ਦੇ ਸ਼ਰਾਫਤਖਾਨੇ ਉੱਤੇ ਹਮਲਾ ਕਰਕੇ ਧਾਰਮਿਕ ਪਿਛਾਖੜੀ ਈਰਾਨੀ ਸਰਕਾਰ ਨੂੰ ਜਵਾਬੀ ਹਮਲਾ ਕਰਨ ਲਈ ਮਜਬੂਰ ਕੀਤਾ ਗਿਆ। ਇਸ ਹਮਲੇ ਨੇ ਅਮਰੀਕਾ ਨੂੰ ਅਸਿੱਧੇ ਤੌਰ ਤੇ ਜੰਗ ਵਿੱਚ ਖਿੱਚ ਲਿਆ। ਨੇਤਨਯਾਹੂ ਨੇ ਈਰਾਨ ਨਾਲ ਯੁੱਧ ਭੜਕਾਉਣ ਦੀ ਕੋਸ਼ਿਸ਼ ਕਰਕੇ ਇਸ ਖਿੱਤੇ ਵਿੱਚ ਵੱਡਾ ਤਣਾਅ ਪੈਦਾ ਕਰ ਦਿੱਤਾ ਹੈ। ਇਹ ਜੰਗੀ ਘਟਨਾਵਾਂ ਮੱਧ ਪੂਰਬ ਦੇ ਨਾਲ-ਨਾਲ ਪੱਛਮ ਤੇ ਕੁੱਲ ਆਲਮ ਉੱਤੇ ਮਾੜਾ ਪ੍ਰਭਾਵ ਪਾਉਣ ਵਾਲੀਆਂ ਹਨ। ਇਹਨਾਂ ਘਟਨਾਵਾਂ ਬਾਅਦ ਸੰਸਾਰ ਭਰ ਵਿੱਚ ਜੰਗੀ ਤਣਾਅ ਦੇ ਨਾਲ-ਨਾਲ ਗਲੋਬਲ ਸ਼ੇਅਰ ਮਾਰਕਿਟ ਵਿੱਚ ਹਲਚਲ ਪੈਦਾ ਹੋ ਗਈ ਹੈ। ਸੋਨੇ ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਤੇ ਅਰਬ ਖਿੱਤੇ ਦੀ ਭੂ-ਸਿਆਸੀ ਹਾਲਤ ਵਿੱਚ ਵੱਡੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਹਨ। ਈਰਾਨ ਤੇਲ ਉਤਪਾਦਕ ਦੇਸ਼ ਹੈ ਅਤੇ ਜੇਕਰ ਇਹ ਤਣਾਅ ਹੋਰ ਵੱਧਦਾ ਹੈ ਤਾਂ ਮੱਧ ਪੂਰਬ ਦੇ ਤੇਲ ਉਤਪਾਦਕ ਦੇਸ਼ ਇਸ ਜੰਗ ਜਾਂ ਟਕਰਾਅ ਤੋਂ ਅਛੂਤੇ ਨਹੀਂ ਰਹਿਣਗੇ। ਮੱਧ ਪੂਰਬ ਵਿੱਚ ਜੰਗ ਜਾਂ ਜੰਗੀ ਝਗੜਿਆਂ ਦਾ ਸਪੱਸ਼ਟ ਨਤੀਜ਼ਾ ਹੋਵੇਗਾ ਕਿ ਇਸ ਖੇਤਰ ਵਿੱਚ ਸਥਿਤ ਕੌਮਾਂਤਰੀ ਵਪਾਰਕ ਸਪਲਾਈ ਲਾਂਘਿਆਂ ਵਿੱਚ ਔਕੜਾਂ ਖੜੀਆਂ ਹੋਣਗੀਆਂ। ਮੱਧ ਪੂਰਬੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ ਜਿਸ ਨਾਲ ਢੋਆ-ਢੁਆਈ ਤੇ ਸਭਨਾ ਜ਼ਰੂਰੀ ਵਸਤਾਂ ਦੇ ਭਾਅ ਵਧ ਜਾਣਗੇ। ਮਹਿੰਗਾਈ ਵਧਣ ਨਾਲ ਕੇਂਦਰੀ ਬੈਂਕਾਂ ਦੀਆਂ ਵਿਆਜ਼ ਦਰਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਹ ਸਭ ਉਸ ਨਾਜ਼ੁਕ ਸਮੇਂ ਵਾਪਰਗੇ ਜਦੋਂ ਪੂਰੀ ਦੁਨੀਆਂ ਕੋਵਿਡ ਤੋਂ ਬਾਅਦ ਮਹਿੰਗਾਈ ਤੇ ਦੋ ਵੱਡੀਆਂ ਜੰਗਾਂ (ਯੂਕਰੇਨ/ਫਲਸਤੀਨ) ਵਿੱਚ ਫਸੀ ਹੋਈ ਹੈ। ਈਰਾਨ-ਇਜ਼ਰਾਇਲ ਦੇ ਮੌਜੂਦਾ ਟਕਰਾਅ ਕਾਰਨ ਅਮਰੀਕਾ ਵੱਲੋਂ ਈਰਾਨ ਦੀਆਂ ਸਟੀਲ, ਕਾਰ, ਮੈਨੂਫੈਕਚਰਿੰਗ ਆਦਿ ਕੰਪਨੀਆਂ ਉੱਤੇ ਆਰਥਿਕ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਈਰਾਨ ਨੇ ਪਾਕਿਸਤਾਨ, ਸ਼੍ਰੀਲੰਕਾ ਤੇ ਬਾਕੀ ਦੇ ਮੁਸਲਿਮ ਦੇਸ਼ਾਂ ਨਾਲ ਵਪਾਰਕ ਸਬੰਧਾਂ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਵੱਖ-ਵੱਖ ਦੇਸ਼ਾਂ ਵਿਚਕਾਰ ਭੂ-ਸਿਆਸੀ, ਵਪਾਰਕ ਤੇ ਕੂਟਨੀਤਿਕ ਸਬੰਧਾਂ ਦੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਇਸ ਤਰ੍ਹਾਂ ਸੰਸਰ ਵਿੱਚ ਵੱਖ-ਵੱਖ ਤਾਕਤਾਂ ਵਿਚਕਾਰ ਧਰੁਵੀਕਰਨ ਲਗਾਤਾਰ ਤੇਜ਼ ਅਤੇ ਤਿੱਖਾ ਹੁੰਦਾ ਜਾ ਰਿਹਾ ਹੈ ਜੋ ਨਵੀਆਂ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਈਰਾਨ ਅਤੇ ਇਜ਼ਰਾਇਲ ਮੱਧ ਪੂਰਬ ਵਿੱਚ ਪ੍ਰਭਾਵੀ ਖੇਤਰੀ ਸ਼ਕਤੀਆਂ ਹਨ ਜਿਹਨਾਂ ਵਿੱਚੋਂ ਇਜ਼ਰਾਇਲ ਜਿੱਥੇ ਅਮਰੀਕਾ ਦੇ ਮੱਧ ਪੂਰਬ ਵਿੱਚ ਫੌਜ਼ੀ ਤੇ ਰਣਨੀਤਿਕ ਅੱਡੇ ਸਮਾਨ ਹੈ ਤੇ ਉੱਥੇ ਦੂਜੇ ਪਾਸੇ ਈਰਾਨ, ਅਮਰੀਕਾ ਤੇ ਇਜ਼ਰਾਇਲ ਦਾ ਪੁਰਾਣਾ ਦੁਸ਼ਮਣ ਹੈ। ਈਰਾਨ-ਇਜ਼ਰਾਇਲ ਵਿਚਕਾਰ ਵੱਡੇ ਧਾਰਮਿਕ ਅਤੇ ਵਿਚਾਰਧਾਰਕ ਮੱਤਭੇਦ ਰਹੇ ਹਨ। ਈਰਾਨ ਇੱਕ ਇਸਲਾਮੀ ਗਣਰਾਜ ਹੈ ਜੋ ਯੇਰੂਸਲਮ ਵਿੱਚ ਮੁਸਲਮਾਨਾਂ ਦਾ ਮੱਕਾ ਆਖੀ ਜਾਂਦੀ ‘ਅਲ ਅਕਸਾ ਮਸਜਿਦ’ ਤੇ ਕੰਟਰੋਲ ਸਥਾਪਿਤ ਕਰਕੇ ਅਰਬ ਮੁਲਕਾਂ ਦੀ ਅਗਵਾਈ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਇਜ਼ਰਾਇਲ ਇੱਕ ਨਸਲਵਾਦੀ ਯਹੂਦੀ ਰਾਜ ਹੈ ਜਿਸਦੇ ਆਪਣੇ ਖੇਤਰੀ ਤੇ ਨਸਲੀ ਮਨਸੂਬੇ ਹਨ। ਦੋਵਾਂ ਦੇਸ਼ਾਂ ਦਰਮਿਆਨ ਇਸ ਧਾਰਮਿਕ ਤੇ ਇਤਿਹਾਸਕ ਦੁਸ਼ਮਣੀ ਕਾਰਨ ਮੌਜੂਦਾ ਹਮਲਿਆਂ ਦੇ ਪਸਾਰ ਬਹੁਪੱਖੀ ਤੇ ਗੁੰਝਲਦਾਰ ਹਨ।
![]() |
| Punjabi Tribune May 13, 2024 |
ਇਜ਼ਰਾਈਲ; ਈਰਾਨ, ਹਿਜ਼ਬੁੱਲਾ ਅਤੇ ਹਮਾਸ ਵਰਗੇ ਅੱਤਵਾਦੀ ਗਰੁੱਪਾਂ ਨੂੰ ਆਪਣੀ ਖੇਤਰੀ ਤੇ ਵਪਾਰਕ ਸੁਰੱਖਿਆ ਲਈ ਖਤਰੇ ਵਜੋਂ ਵੇਖਦਾ ਹੈ। ਇਜ਼ਰਾਇਲ, ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵੀ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਤੇ ਉੱਧਰ ਈਰਾਨ, ਇਜ਼ਰਾਇਲ ਦੀ ਫੌਜ਼ੀ ਤਾਕਤ ਤੇ ਉਸਦਾ ਅਮਰੀਕਾ ਤੇ ਪੱਛਮੀ ਤਾਕਤਾਂ ਨਾਲ ਗਠਜੋੜ ਨੂੰ ਆਪਣੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ। ਕਿਸੇ ਸਮੇਂ ਅਮਰੀਕਾ ਦਾ ਪਿੱਠੂ ਰਿਹਾ ਈਰਾਨ 1979 ਦੇ ‘ਈਰਾਨੀ ਇਨਕਲਾਬ’ ਤੋਂ ਬਾਅਦ ਉਸਦਾ ਵੱਡਾ ਦੁਸ਼ਮਣ ਬਣਕੇ ਸਾਹਮਣੇ ਆਇਆ ਜਿਸ ਦੁਸ਼ਮਣੀ ਦਾ ਖਾਮਿਆਜ਼ਾ ਉਸਨੂੰ ਦਹਾਕਿਆਂ ਤੋਂ ਆਰਥਿਕ ਨਾਕਾਬੰਦੀਆਂ ਦੇ ਰੂਪ ’ਚ ਝੱਲਣਾ ਪਿਆ।
ਇਸ ਤੋਂ ਇਲਾਵਾ ਇਕ ਅਪ੍ਰੈਲ ਦੇ ਹਮਲਿਆਂ ਬਾਅਦ ਅਮਰੀਕਾ ਨੇ 18 ਬਿਲੀਅਨ ਡਾਲਰ ਤੋਂ ਵੱਧ ਦੇ ਸੌਦਿਆਂ ਵਿੱਚ ਇਜ਼ਰਾਇਲ ਨੂੰ ਪੰਜਾਹ ਐਫ-15 ਲੜਾਕੂ ਜਹਾਜ਼ਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਲਈ ਕਾਂਗਰਸ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਉੱਧਰ ਆਸਟ੍ਰੇਲੀਆ ਦੀਆਂ ਕੰਪਨੀਆਂ ਦੁਆਰਾ $13 ਮਿਲੀਅਨ ਦੇ ਹਥਿਆਰ ਅਤੇ ਗੋਲਾ ਬਾਰੂਦ ਇਜ਼ਰਾਇਲ ਨੂੰ ਨਿਰਯਾਤ ਕੀਤਾ ਗਿਆ। ਇਸੇ ਤਰ੍ਹਾਂ ਇੰਗਲੈਂਡ, ਜਰਮਨੀ, ਕੈਨੇਡਾ ਤੇ ਬਾਕੀ ਦੀਆਂ ਪੱਛਮੀ ਤਾਕਤਾਂ ਵੱਲੋਂ ਇਜ਼ਰਾਇਲ ਨੂੰ ਵਿੱਤੀ ਤੇ ਹਥਿਆਰਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
ਬੀਤੇ ਦਿਨੀਂ ਬਾਇਡਨ ਪ੍ਰਸ਼ਾਸ਼ਨ ਨੇ “ਵਿਸ਼ਵ ਸ਼ਾਂਤੀ’ ਬਹਾਨੇ ਯੂਕਰੇਨ, ਇਜ਼ਰਾਇਲ ਅਤੇ ਤਾਈਵਾਨ ਨੂੰ $ 95 ਬਿਲੀਅਨ ਦੇ ਵਿਦੇਸ਼ੀ ਸਹਾਇਤਾ ਪੈਕੇਜ਼ ਦੇਣ ਲਈ ਕਾਨੂੰਨ ਬਣਾਉਣ ਦੀ ਪੇਸ਼ਕਸ਼ ਕੀਤੀ। ਉਸਨੇ ਇਸ ਕਾਨੂੰਨ ਰਾਹੀਂ ‘ਸੰਸਾਰ ਨੂੰ ਸੁਰੱਖਿਅਤ ਬਣਾਉਣ' ਦਾ ਦਾਅਵਾ ਕੀਤਾ। ਵ੍ਹਾਈਟ ਹਾਊਸ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਕੁਝ ਘੰਟਿਆਂ ਦੇ ਅੰਦਰ ਯੂਕਰੇਨ ਨੂੰ ਹਥਿਆਰ ਅਤੇ ਸਾਜ਼ੋ-ਸਾਮਾਨ ਭੇਜਣਾ ਸ਼ੁਰੂ ਕਰ ਦੇਵੇਗਾ। ਇਸ ਕਾਨੂੰਨ ਵਿੱਚ ਯੂਕਰੇਨ ਨੂੰ $60.8 ਬਿਲੀਅਨ, ਇਜ਼ਰਾਇਲ ਲਈ $26.3 ਬਿਲੀਅਨ ਅਤੇ ਇੰਡੋ-ਪੈਸੇਫਿਕ ਖੇਤਰ ਲਈ $8.1 ਬਿਲੀਅਨ ਦੀ “ਸ਼ਾਂਤੀ ਸਹਾਇਤਾ” ਸ਼ਾਮਲ ਹੈ। ਇਸ ਸਮੇਂ ਸੁਰੱਖਿਆ ਬਿੱਲ ਵਿੱਚ ਸ਼ੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ 'ਤੇ ਦੇਸ਼-ਵਿਆਪੀ ਪਾਬੰਦੀ ਵੀ ਲਗਾਈ ਜਾ ਰਹੀ ਹੈ। ਜਦੋਂ ਬਾਇਡਨ ਇਹ ਸਭ ਬੋਲ ਰਿਹਾ ਸੀ, ਉਦੋਂ ਦੇਸ਼ ਦੀਆਂ ਦਰਜਨਾਂ ਸਭ ਤੋਂ ਵੱਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁੱਧ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕਾ ਦੇ ਕਾਲਜ ਕੈਂਪਸਾਂ ਵਿੱਚ ਫਲਸਤੀਨ ਪੱਖੀ ਤੇ ਜੰਗ ਵਿਰੋਧੀ ਪ੍ਰਦਰਸ਼ਨ ਤੇਜ਼ ਹੋਣ ਨਾਲ ਇਹ ਵਿਦਿਆਰਥੀ ਸੰਘਰਸ਼ 60 ਤੋਂ ਵੱਧ ਨਾਮਵਰ ਯੂਨੀਵਰਸਿਟੀਆਂ ਵਿੱਚ ਫੈਲ ਗਿਆ।
ਸਾਮਰਾਜੀ ਅਮਰੀਕਾ ਤੇ ਨਸਲਵਾਦੀ ਰਾਜ ਇਜ਼ਰਾਇਲ ਦੇ ਨਾਲ-ਨਾਲ ਈਰਾਨੀ ਇਸਲਾਮਿਕ ਹੁਕਮਰਾਨ ਵੀ ਈਰਾਨੀ ਲੋਕਾਂ ਦੇ ਖੈਰ-ਖੁਆਹ ਨਹੀਂ ਹਨ। ਉਹ ਆਪਣੀ ਧਾਰਮਿਕ ਪਿਛਾਖੜੀ ਇਸਲਾਮਿਕ ਸੱਤਾ ਤੇ ਪਿਤਰਕੀ ਵਿਚਾਰਧਾਰਾ ਵਾਲੇ ਸ਼ਾਸ਼ਨ ਨੂੰ ਕਾਇਮ ਰੱਖਣ ਅਤੇ ਮੱਧ ਪੂਰਬ ’ਚ ਇਸਦੇ ਵਿਸਥਾਰ ਲਈ ਹਰਕਤਸ਼ੀਲ ਹਨ। ਈਰਾਨ ਦਹਾਕਿਆਂ ਤੋਂ ਸਾਊਦੀ ਅਰਬ, ਤੁਰਕੀ ਤੇ ਇਜ਼ਰਾਇਲ ਨਾਲ ਇਸਲਾਮਿਕ ਸਟੇਟ ਸਥਾਪਿਤ ਕਰਨ ਲਈ ਟਕਰਾਅ ਵਿੱਚ ਰੁਝਿਆ ਹੋਇਆ ਹੈ। ਜਾਪਾਨ ਨੂੰ ਦੂਜੀ ਸੰਸਾਰ ਜੰਗ ਸਮੇਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਅਮਰੀਕਾ ਵੱਲੋਂ ਪ੍ਰਮਾਣੂ ਬੰਬਾਂ ਦੀ ਵਰਤੋਂ ਕਾਰਨ ਵੱਡਾ ਨੁਕਸਾਨ ਉਠਾਉਣਾ ਪਿਆ ਸੀ ਅਤੇ ਉਸ ਉਪਰ ਹਥਿਆਰ ਬਣਾਉਣ ਤੇ ਪਾਬੰਦੀ ਲੱਗੀ ਹੋਈ ਸੀ ਪਰ ਪਿਛਲੇ ਦਿਨੀਂ ਉਸ ਨੇ ਵੀ ਜੰਗੀ ਤਿਆਰੀਆਂ ਵਿੱਢਣ ਲਈ ਕਾਨੂੰਨ ਪਾਸ ਕਰਨ ਦੇ ਮਨਸੂਬੇ ਬਣਾ ਲਏ ਹਨ। ਇਸ ਤਰ੍ਹਾਂ ਹੁਣ ਸਾਰੇ ਵਿਸ਼ਵ ਅੰਦਰ ਜੰਗੀ ਤਿਆਰੀਆਂ ਹੋ ਰਹੀਆਂ ਹਨ ਤੇ ਵਿਸ਼ਵ ਸ਼ਾਂਤੀ ਲਈ ਵੱਡੇ ਖਤਰੇ ਖੜੇ ਹੋ ਰਹੇ ਹਨ। ਅੱਜ ਵਿਸ਼ਵ ਸ਼ਾਂਤੀ ਲਈ ਜੰਗਬਾਜ਼ ਸਾਮਰਾਜੀ ਤਾਕਤਾਂ ਤੇ ਉਹਨਾਂ ਦੇ ਹੱਥ-ਠੋਕੇ ਵੱਖ-ਵੱਖ ਮੁਲਕਾਂ ਦੇ ਹਾਕਮਾਂ ਤੇ ਉਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਬੇਹੱਦ ਜ਼ਰੂਰੀ ਹੈ।
- ਮਨਦੀਪ


No comments:
Post a Comment