Pages

Saturday, May 10, 2025

ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਫੌਜੀ ਹਮਲਿਆਂ ਬਾਰੇ ਬਿਆਨ

ਭਾਰਤ-ਪਾਕਿਸਤਾਨ ਜੰਗ ਨਹੀਂ, ਜਮਾਤੀ ਜੰਗ ਲੜੋ
ਬੁਰਜੂਆ ਫੌਜਵਾਦ ਮੁਰਦਾਬਾਦ, ਪ੍ਰੋਲੇਤਾਰੀ ਕੌਂਮਾਤਰੀਵਾਦ ਵੱਲ ਅੱਗੇ ਵਧੋ!


ਮਾਰਕਸਵਾਦੀ-ਲੈਨਿਨੀ ਪਰੰਪਰਾ ਦੇ ਆਧਾਰ 'ਤੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਭਾਰਤੀ ਬੁਰਜੂਆ ਰਾਜ ਦੁਆਰਾ ਸ਼ੁਰੂ ਕੀਤੇ ਗਏ ਫੌਜੀ ਹਮਲੇ ਅਤੇ ਪਾਕਿਸਤਾਨੀ ਹਾਕਮ ਵਰਗ ਦੁਆਰਾ ਕੀਤੇ ਗਏ ਜਵਾਬੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ। ਇਹ ਮੁਕਤੀ ਯੁੱਧ ਨਹੀਂ ਹਨ। ਇਹ ਪ੍ਰੋਲੇਤਾਰੀ ਦੇ ਹਿੱਤਾਂ ਲਈ ਯੁੱਧ ਨਹੀਂ ਹਨ। ਇਹ ਮਜ਼ਦੂਰ ਵਰਗ ਦੀ ਕੀਮਤ 'ਤੇ ਖੇਤਰੀ ਸਰਦਾਰੀ ਲਈ ਮੁਕਾਬਲਾ ਕਰਨ ਵਾਲੇ ਬੁਰਜੂਆ ਫੌਜੀ ਹਮਲੇ ਦੀਆਂ ਜੰਗਾਂ ਹਨ।
ਸਾਡਾ ਤਰਕ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਮਿਹਨਤਕਸ਼ ਜਨਤਾ ਨੂੰ ਆਪਣੇ-ਆਪਣੇ ਹਾਕਮ ਵਰਗਾਂ ਦੇ ਹਥਿਆਰ ਲਹਿਰਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਪ੍ਰਮਾਣੂ ਹਥਿਆਰਾਂ ਨਾਲ ਲੈਸ ਇੱਕ ਖੇਤਰ ਵਿੱਚ, ਇਹ ਭੜਕਾਹਟਾਂ ਉਪ-ਮਹਾਂਦੀਪ ਨੂੰ ਵਿਨਾਸ਼ ਵੱਲ ਲਿਜਾਂਦੀਆਂ ਹਨ ਜੋ ਕਿਸੇ ਵੀ ਜਾਤ, ਧਰਮ ਜਾਂ ਵਰਗ ਨੂੰ ਨਹੀਂ ਬਖਸ਼ਣਗੀਆਂ। ਸਗੋਂ ਮਜ਼ਦੂਰਾਂ, ਕਿਸਾਨਾਂ ਅਤੇ ਗਰੀਬਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਣਗੀਆਂ। ਅਜਿਹੇ ਫੌਜੀ ਭਾਸ਼ਣ ਇੱਕ ਭਟਕਣਾ ਹੈ, ਪੂੰਜੀਵਾਦੀ ਲੁੱਟ-ਖਸੁੱਟ, ਮਹਿੰਗਾਈ, ਬੇਰੁਜ਼ਗਾਰੀ ਅਤੇ ਸਮਾਜਿਕ ਅਸੰਤੋਸ਼ ਦੇ ਡੂੰਘੇ ਸੰਕਟ ਨੂੰ ਛੁਪਾਉਣ ਵਾਲਾ ਇੱਕ ਧੰਦੂਕਾਰਾ ਹੈ।
ਇਹ ਇੱਕ ਅਜਿਹਾ ਤਰੀਕਾ ਹੈ ਜਿਸਨੂੰ ਬੁਰਜੂਆ ਸ਼ਾਸਨ ਲੰਬੇ ਸਮੇਂ ਤੋਂ ਪਿਛਾਖੜੀ ਕੌਮਵਾਦ ਨੂੰ ਭੜਕਾਉਣ ਅਤੇ ਜਮਾਤੀ ਚੇਤਨਾ ਦੀ ਵਧਦੀ ਲਹਿਰ ਨੂੰ ਦਬਾਉਣ ਲਈ ਵਰਤਦਾ ਆ ਰਿਹਾ ਹੈ।
ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੱਖਣੀ ਏਸ਼ੀਆ ਵਿੱਚ ਮਜ਼ਦੂਰ ਵਰਗ ਅਤੇ ਪ੍ਰਗਤੀਸ਼ੀਲ ਤਾਕਤਾਂ ਨੂੰ ਇਸ ਝੂਠੇ ਰਾਸ਼ਟਰਵਾਦ ਨੂੰ ਰੱਦ ਕਰਨ ਅਤੇ ਪ੍ਰੋਲੇਤਾਰੀ ਕੌਂਮਾਤਰੀਵਾਦ ਨੂੰ ਅਪਣਾਉਣ ਦੀ ਅਪੀਲ ਕਰਦੀ ਹੈ। ਅਸੀਂ ਸਰਹੱਦ ਦੇ ਦੂਜੇ ਪਾਸੇ ਮਜ਼ਦੂਰਾਂ ਨਾਲ ਨਹੀਂ ਲੜ ਰਹੇ, ਅਸੀਂ ਬੁਰਜੂਆਜ਼ੀ, ਜਗੀਰੂ ਤਜ਼ਰਬਿਆਂ ਅਤੇ ਫੌਜੀ-ਉਦਯੋਗਿਕ ਕੰਪਲੈਕਸਾਂ ਨਾਲ ਲੜ ਰਹੇ ਹਾਂ ਜੋ ਖੂਨ-ਖਰਾਬੇ ਤੋਂ ਮੁਨਾਫ਼ਾ ਕਮਾਉਂਦੇ ਹਨ। ਕੋਈ ਭਰਮ ਨਾ ਰਹਿਣ ਦਿਓ: ਇੱਕ ਟਿਕਾਊ ਸੰਸਾਰ ਦਾ ਰਸਤਾ ਲੜ ਰਹੇ ਮੁਲਕਾਂ ਵਿਚਕਾਰ ਕੂਟਨੀਤਕ "ਟਾਕੀਆਂ" ਰਾਹੀਂ ਨਹੀਂ, ਸਗੋਂ ਪੂੰਜੀਵਾਦ ਨੂੰ ਉਖਾੜ ਕੇ, ਬੁਰਜੂਆ ਫੌਜਵਾਦ ਨੂੰ ਖਤਮ ਕਰਕੇ ਅਤੇ ਸਰਹੱਦਾਂ ਪਾਰ ਮਜ਼ਦੂਰ ਵਰਗ ਦੀ ਏਕਤਾ ਦੁਆਰਾ ਸਮਾਜ ਦੇ ਇਨਕਲਾਬੀ ਪਰਿਵਰਤਨ ਰਾਹੀਂ ਹੈ।
ਕੌਮਾਂਤਰੀ ਏਕਤਾ ਦੇ ਯੁੱਧ ਨਾਅਰੇ ਹੇਠ ਸ਼ਾਵਨਵਾਦੀ ਜੰਗੀ ਧੌਂਸੇ ਨੂੰ  ਮਧੋਲ ਦਿਓ।

ਸਾਰੇ ਦੇਸ਼ਾਂ ਦੇ ਮਜਦੂਰੋ, ਇੱਕ ਹੋ ਜਾਓ!

ਇਨਕਲਾਬ ਜ਼ਿੰਦਾਬਾਦ! (ਇਨਕਲਾਬ ਜ਼ਿੰਦਾਬਾਦ!)
ਸਕੱਤਰ (ਪਾਕਿਸਤਾਨੀ ਕਮਿਊਨਿਸਟ ਪਾਰਟੀ)

ਅਨੁਵਾਦ : Social concerns 

No comments:

Post a Comment