ਬੀਤੇ ਅਰਸੇ ਤੋਂ ਅਮਰੀਕਾ ਅਤੇ ਚੀਨ ਆਪਸੀ ਵਪਾਰਕ ਜੰਗ ਵਿੱਚ ਉਲਝੇ ਹੋਏ ਹਨ। ਦੋਹਾਂ ਸੰਸਾਰ ਤਾਕਤਾਂ ਵਿਚਕਾਰ ਇਸ ਸਮੇਂ ਟੈਰਿਫ ਹਮਲੇ ਅਤੇ ਵਪਾਰਕ ਪਾਬੰਦੀਆਂ ਸਾਮਰਾਜਵਾਦੀ ਦੁਸ਼ਮਣੀ ਦਾ ਤਿੱਖਾ ਪ੍ਰਗਟਾਵਾ ਬਣੇ ਹੋਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਆਯਾਤ ਉੱਤੇ ਨਵੇਂ ਟੈਰਿਫ (100%) ਲਾਉਣ ਦੀਆਂ ਧਮਕੀਆਂ ਨਾਲ ਅਮਰੀਕਾ-ਚੀਨ ਵਿਚਕਾਰ ਵਪਾਰਕ ਤਣਾਅ ਵਧਿਆ ਰਿਹਾ। ਟਰੰਪ ਪ੍ਰਸ਼ਾਸਨ ਵੱਲੋਂ ਅਪ੍ਰੈਲ ਮਹੀਨੇ ’ਚ ‘ਸੁਤੰਤਰਤਾ ਦਿਵਸ’ ਤੇ ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਉੱਤੇ ਵੱਖੋ-ਵੱਖਰੇ ਪ੍ਰਤੀਸ਼ਤ ਟੈਰਿਫ ਹਮਲਿਆਂ ਨਾਲ ਸੰਸਾਰ ਵਪਾਰਕ ਜੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਨਾਲ ਸੰਸਾਰ ਅਰਥਵਿਵਸਥਾ ਦੀ ਸਿਹਤ ਲਗਾਤਾਰ ਨਿਘਰਦੀ ਗਈ। ਟਰੰਪ ਦੁਆਰਾ ਚੀਨੀ ਅਯਾਤ ਤੇ ਪਹਿਲਾਂ ਤੋਂ ਹੀ ਲਗਾਏ ਟੈਰਿਫ ਦੇ ਵਿਰੋਧ ਵਜੋਂ ਚੀਨ ਨੇ ਧਰਤੀ ਦੇ ਦੁਰਲੱਭ ਖਣਿਜ ਸ੍ਰੋਤਾਂ ਦੇ ਨਿਰਯਾਤ 'ਤੇ ਕੰਟਰੋਲ ਅਤੇ ਪਰਸਪਰ ਟੈਰਿਫ ਲਾਉਣ ਨਾਲ ਦੋਹਾਂ ਮੁਲਕਾਂ ’ਚ ਵਪਾਰਕ ਟਕਰਾਅ ਹੋਰ ਤਿੱਖਾ ਹੋ ਗਿਆ ਸੀ ਤੇ ਧਰਤੀ ਦੇ ਦੁਰਲੱਭ ਖਣਿਜ ਤੱਤ ਇਸ ਟਕਰਾਅ ਦਾ ਧੁਰਾ ਬਣ ਗਏ ਸਨ। 30 ਅਕਤੂਬਰ ਨੂੰ ਦੱਖਣੀ ਕੋਰੀਆ ਦੇ ਬੋਸਾਨ ਵਿੱਚ ਦੋਹਾਂ ਮੁਲਕਾਂ ਵਿਚਕਾਰ ਦੁਵੱਲੀ ਵਪਾਰਕ ਵਾਰਤਾ ਹੋਈ ਜੋ ਜਿਆਦਾ ਕਾਰਗਰ ਸਾਬਤ ਨਹੀਂ ਹੋਈ। ਇਸ ਵਾਰਤਾ ਦੌਰਾਨ ਬੁਨਿਆਦੀ ਅਤੇ ਵੱਡੀ ਤਬਦੀਲੀ ਵਾਲੇ ਸੁਖਦ ਵਪਾਰਕ ਸੌਦਿਆਂ ਦੀ ਥਾਂ ਵਪਾਰਕ ਟਕਰਾਅ ਤੇ ਅਸਥਾਈ ਰੋਕ ਹੀ ਲੱਗੀ ਹੈ। ਇਹ ਵਾਰਤਾ, ਅਮਰੀਕਾ ਵੱਲੋਂ ਚੀਨੀ ਅਯਾਤ ਉੱਤੇ ਟੈਰਿਫ ਘੱਟ ਕਰਨ, ਚੀਨ ਵੱਲੋਂ ਧਰਤੀ ਦੇ ਦੁਰਲੱਭ ਖਣਿਜਾਂ ਤੇ ਨਿਰਯਾਤ ਪਾਬੰਦੀਆਂ ਨੂੰ ਇੱਕ ਸਾਲ ਲਈ ਮੁਲਤਵੀ ਕਰਨ, ਚੀਨ ਦੁਆਰਾ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਖਰੀਦ (ਖਾਸਕਰ ਸੋਇਆਬੀਨ) ਨੂੰ ਮੁੜ ਸ਼ੁਰੂ ਕਰਨ ਆਦਿ ਦੇ ਵਪਾਰਕ ਰੁਕਾਵਟਾਂ ਘਟਾਉਣ ਵਾਲੇ ਪ੍ਰਤੀਕਾਤਮਕ ਪਹਿਲੂਆਂ ਤੱਕ ਹੀ ਸੀਮਤ ਰਹੀ। ਇਸ ਦੌਰਾਨ ਤਕਨਾਲੋਜੀ ਦੇ ਨਿਰਯਾਤ ਤੇ ਨਿਯੰਤਰਣ, ਤਾਈਵਾਨ ਨੀਤੀ, ਧਰਤੀ ਦੇ ਦੁਰਲੱਭ ਖਣਿਜਾਂ ਦੇ ਨਿਰਯਾਤ ਅਤੇ ਢਾਂਚਾਗਤ ਸੁਧਾਰਾਂ ਬਾਰੇ ਕੋਈ ਮਹੱਤਵਪੂਰਨ ਵਿਚਾਰ-ਚਰਚਾ ਨਹੀਂ ਹੋ ਸਕੀ। ਇਹਨਾਂ ਅਸਥਾਈ ਸਮਝੌਤਿਆਂ ਰਾਹੀਂ ਦੋਹਾਂ ਤਾਕਤਾਂ ਨੇ ਸਮਾਂ ਹਾਸਲ ਕਰਨ ਦਾ ਦਾਅ ਖੇਡਿਆ ਹੈ।
ਟਰੰਪ ਟੈਰਿਫ ਧਮਕੀਆਂ ਨੂੰ ਵਪਾਰਕ ਵਟਾਂਦਰਿਆਂ ਦੇ ਦਬਾਅ ਵਾਸਤੇ ਕੂਟਨੀਤਕ ਹਥਿਆਰ ਵਜੋਂ ਵਰਤਦਾ ਆ ਰਿਹਾ ਹੈ। ਚੀਨ ਵੱਲੋਂ ਟਰੰਪ ਦੀਆਂ ਇਹਨਾਂ ਅਰਾਜਕ ਟੈਰਿਫ ਨੀਤੀਆਂ ਦੀ ਜਵਾਬੀ ਕਾਰਵਾਈ ਵਜੋਂ ਧਰਤੀ ਦੇ ਦੁਰਲੱਭ ਤੱਤਾਂ ਦੇ ਨਿਰਯਾਤ ਅਤੇ ਰਿਫਾਇਨਿੰਗ ਤਕਨਾਲੋਜੀਆਂ ਉੱਤੇ ਨਿਯੰਤਰਣ ਲਗਾਉਣ ਨਾਲ ਖਣਿਜ ਸਪਲਾਈ ਵਪਾਰਕ ਸੌਦੇਬਾਜ਼ੀ ਦੇ ਦਬਾਅ ਦਾ ਸਾਧਨ ਬਣੀ ਰਹੀ। ਧਰਤੀ ਦੇ ਦੁਰਲੱਭ ਸ੍ਰੋਤ ਇਸ ਸਮੇਂ ਅਮਰੀਕਾ-ਚੀਨ ਵਿਚਕਾਰ ਟਕਰਾਅ ਦਾ ਮੁੱਖ ਕੇਂਦਰ ਬਣੇ ਹੋਏ ਹਨ ਕਿਉਂਕਿ ਇਹ ਖਣਿਜ ਉੱਨਤ ਇਲੈਕਟ੍ਰਾਨਿਕਸ ਉਤਪਾਦਾਂ, ਇਲੈਕਟ੍ਰਿਕ ਵਾਹਨਾਂ, ਰੱਖਿਆ ਪ੍ਰਣਾਲੀਆਂ, ਲੜਾਕੂ ਜਹਾਜ਼ਾਂ, ਰਾਕਟ, ਪੌਣ-ਚੱਕੀਆਂ, ਸੈਮੀਕੰਡਕਟਰ ਚਿੱਪਾਂ, ਮੋਬਾਇਲ ਫੋਨਾਂ ਅਤੇ ਹੋਰ ਨਵਿਆਉਣਯੋਗ ਊਰਜਾ ਸ੍ਰੋਤਾਂ ਤੇ ਤਕਨੀਕਾਂ ਲਈ ਅਤੀ ਮਹੱਤਵਪੂਰਨ ਹਨ। ਇਹਨਾਂ ਤੱਤਾਂ ਦੀ ਮਾਈਨਿੰਗ, ਰਿਫਾਇਨਿੰਗ ਅਤੇ ਸਪਲਾਈ ਵਿੱਚ ਚੀਨ ਦਾ ਆਲਮੀ ਪੱਧਰ ਤੇ ਦਬਦਬਾ ਹੈ। ਇਹਨਾਂ ਤੱਤਾਂ ਦੀ ਮਾਈਨਿੰਗ ਤੇ ਸੋਧ ਲਈ ਉਸ ਕੋਲ ਸਭ ਤੋਂ ਨਿਪੁੰਨ ਤਕਨੀਕ ਹੈ। ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਧਰਤੀ ਦੇ ਦੁਰਲੱਭ ਤੱਤਾਂ ਦੀ ਭੂ-ਸਿਆਸੀ ਤੌਰ ਤੇ ਬੇਹੱਦ ਮਹੱਤਤਾ ਹੈ। ਸੰਸਾਰ ਮੰਡੀ ਉੱਤੇ ਕਾਬਜ਼ ਹੋਣ ਲਈ ਵੱਡੀਆਂ ਸਾਮਰਾਜੀ ਤਾਕਤਾਂ ਲਈ ਇਹ ਤੱਤ ਵਪਾਰਕ ਏਕਾਧਿਕਾਰ ਦਾ ਵੱਡਾ ਸਾਧਨ ਹਨ। ਇਹਨਾਂ ਦੁਰਲੱਭ ਤੱਤਾਂ ਦਾ ਨਵੀਨਤਮ ਤਕਨਾਲੋਜੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੋਣ ਕਰਕੇ ਵਿਕਸਤ ਪੂੰਜੀਵਾਦੀ ਮੁਲਕਾਂ ਦੀ ਇਸਦੇ ਉਤਪਾਦਨ ਅਤੇ ਭੰਡਾਰਨ ਉੱਤੇ ਨਜ਼ਰ ਹੈ। ਟਰੰਪ ਦੁਆਰਾ ਦੁਰਲੱਭ ਤੱਤਾਂ ਨਾਲ ਭਰਪੂਰ ਗ੍ਰੀਨਲੈਂਡ ਨੂੰ ਕਬਜ਼ਾਉਣ ਪਿੱਛੇ ਮਨਸ਼ਾ ਇਹਨਾਂ ਤੱਤਾਂ ਦੀ ਸਸਤੀ ਲੁੱਟ ਅਤੇ ਚੀਨ ਤੋਂ ਬਰਾਮਦੀ ਨਿਰਭਰਤਾ ਘਟਾਉਣਾ ਹੈ। ਟਰੰਪ ਪ੍ਰਸ਼ਾਸ਼ਨ ਦੀ ਫੇਰੀ ਤੋਂ ਬਾਅਦ ਗ੍ਰੀਨਲੈਂਡ ਦੇ ਕੁਝ ਹਿੱਸਿਆਂ ਵਿੱਚ ਇਸਦੀ ਖੁਦਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸਦੇ ਨਾਲ ਹੀ ਚੀਨ ਤੋਂ ਇਹਨਾਂ ਤੱਤਾਂ ਦੀ ਬਰਾਮਦੀ ਨਿਰਭਰਤਾ ਘਟਾਉਣ ਲਈ ਅਮਰੀਕਾ ਵੱਲੋਂ ਰੂਸ ਨਾਲ ਪ੍ਰੌਕਸੀ ਜੰਗ ਦਾ ਮੋਹਰਾ ਬਣੇ ਯੂਕਰੇਨ ਨਾਲ ਵਿੱਤੀ ਸਹਾਇਤਾ ਦੇ ਇਵਜ਼ ਵਜੋਂ ਧਰਤੀ ਦੇ ਦੁਰਲੱਭ ਸ੍ਰੋਤਾਂ ਦੇ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਸਤੋਂ ਬਿਨ੍ਹਾਂ ਟਰੰਪ ਪ੍ਰਸ਼ਾਸ਼ਨ ਨੇ 20 ਅਕਤੂਬਰ, 2025 ਨੂੰ ਧਰਤੀ ਦੇ ਦੁਰਲੱਭ ਤੱਤਾਂ ਦੀ ਖੁਦਾਈ ਤੇ ਸਪਲਾਈ ਲਈ ਆਸਟ੍ਰੇਲੀਆ ਨਾਲ ‘ਅਮਰੀਕਾ-ਆਸਟ੍ਰੇਲੀਆ ਫਰੇਮਵਰਕ’ ਨਾਮੀ ਸਮਝੌਤਾ ਸਹੀਬੰਦ ਕੀਤਾ ਹੈ ਤੇ ਅਗਾਂਹ ਯੁਰੋਪੀਅਨ ਯੂਨੀਅਨ ਨਾਲ ਇਹਨਾਂ ਤੱਤਾਂ ਦੇ ਉਤਪਾਦਨ ਅਤੇ ਸਪਲਾਈ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਕਿਰਤ ਤੇ ਉਤਪਾਦਨ ਦੀ ਵਿਸ਼ਵ ਵੰਡ ਵਿੱਚ ਤਕਨੀਕੀ ਲਾਹਾ ਲੈਣ ਲਈ ਧਰਤੀ ਦੇ ਦੁਰਲੱਭ ਸ੍ਰੋਤ ਅਹਿਮ ਰਣਨੀਤਕ ਮਹੱਤਵ ਰੱਖਦੇ ਹੋਣ ਕਰਕੇ ਸੰਸਾਰ ਸਾਮਰਾਜੀ ਤਾਕਤਾਂ ਵਿਚਕਾਰ ਇਹਨਾਂ ਸਾਧਨਾਂ ਉੱਤੇ ਨਿਯੰਤਰਣ ਲਈ ਮੁਕਾਬਲਾ ਵਪਾਰਕ ਜੰਗ ਨੂੰ ਹੋਰ ਤਿੱਖਾ ਕਰ ਰਿਹਾ ਹੈ। ਸੰਸਾਰ ਮੰਡੀ ਵਿੱਚ ਇਸਦੀ ਮੰਗ ਤੇ ਮਹੱਤਤਾ ਨੂੰ ਦੇਖਦੇ ਹੋਏ ਬਾਕੀ ਦੇ ਮੁਲਕ ਵੀ ਇਹਨਾਂ ਤੱਤਾਂ ਦੀ ਖੁਦਾਈ ਵੱਲ ਰੁਚਿਤ ਹੋ ਰਹੇ ਹਨ। ਭਾਰਤ ਨੇ ਵੀ ਇਸਦੀ ਖੁਦਾਈ ਵੱਲ ਕਦਮ ਵਧਾ ਦਿੱਤੇ ਹਨ। ਧਰਤੀ ਦੇ ਦੁਰਲੱਭ ਸ੍ਰੋਤਾਂ ਦੀ ਮਾਈਨਿੰਗ ਤੇ ਸੁਧਾਈ ਵਾਤਾਵਰਣ ਦੇ ਖਿਲਵਾੜ ਦੇ ਨਾਲ-ਨਾਲ ਖਾਣ ਮਜ਼ਦੂਰਾਂ ਦੀ ਸਿਹਤ ਤੇ ਕਿਰਤ ਲੁੱਟ ਨਾਲ ਵੀ ਅਟੁੱਟ ਤੌਰ ਤੇ ਜੁੜੀ ਹੋਈ ਹੈ। ਵੱਡੀਆਂ ਸਾਮਰਾਜੀ ਤਾਕਤਾਂ ਆਪਣੇ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਕੀਮਤੀ ਕੁਦਰਤੀ ਸਰੋਤਾਂ ਤੇ ਕਾਮਿਆਂ ਦੀ ਕਿਰਤ ਸ਼ਕਤੀ ਦੀ ਸਸਤੀ ਲੁੱਟ ਦੇ ਜ਼ੋਰ ਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਅਤੇ ਆਪਣੇ ਕੂਟਨੀਤਕ ਵਪਾਰਕ ਲਾਹਿਆ ਲਈ ਕੰਮ ਕਰਦੀਆਂ ਹਨ। ਸੰਸਾਰ ਤਾਕਤਾਂ ਦੀ ਇਸ ਵਪਾਰਕ ਜੰਗ ਵਿੱਚ ਕੁਦਰਤੀ ਸਰੋਤਾਂ ਤੇ ਖਾਣ ਮਜ਼ਦੂਰਾਂ ਦੀ ਸਸਤੀ ਕਿਰਤ ਲੁੱਟ ਅਣਗੌਲੀ ਰਹਿ ਰਹੀ ਹੈ।
ਇਸਤੋਂ ਇਲਾਵਾ ਦੋਹਾਂ ਤਾਕਤਾਂ ਵਿਚਕਾਰ ਵਪਾਰਕ ਜੰਗ ਦੇ ਚੱਲਦਿਆਂ ਖੇਤੀਬਾੜੀ ਖੇਤਰ ਉੱਤੇ ਲਗਾਤਾਰ ਬੁਰਾ ਪ੍ਰਭਾਵ ਪਿਆ ਹੈ। ਚੀਨ ਵੱਲੋਂ ਅਮਰੀਕੀ ਖੇਤੀਬਾੜੀ, ਪੋਲਟਰੀ ਤੇ ਡੇਅਰੀ ਉਤਪਾਦਾਂ ਉੱਤੇ ਲਗਾਏ ਪਰਸਪਰ ਟੈਰਿਫ ਦੇ ਜੋਖਮ ਦਾ ਭੁਗਤਾਨ ਅਮਰੀਕੀ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਚੀਨ ਦੇ ਸਸਤੇ ਖੇਤੀਬਾੜੀ ਸਮਾਨ ਦੀ ਸਪਲਾਈ ਘਟਣ ਤੇ ਟੈਰਿਫ ਕਾਰਨ ਕੀਮਤਾਂ ਵਧਣ ਕਾਰਨ ਚੀਨੀ ਛੋਟੇ ਉਤਪਾਦਕਾਂ ਦੇ ਨਾਲ-ਨਾਲ ਅਮਰੀਕੀ ਖੇਤੀਬਾੜੀ ਉਤਪਾਦਨ ਉੱਤੇ ਵੀ ਬੁਰੇ ਅਸਰ ਪਏ ਹਨ। ਉਦਾਹਰਨ ਵਜੋਂ ਚੀਨ ਨੇ ਅਮਰੀਕਾ ਤੋਂ ਸੋਇਆਬੀਨ ਦੀ ਖਰੀਦ ਵਿੱਚ ਕਟੌਤੀ ਕਰਨ ਨਾਲ ਅਮਰੀਕੀ ਉਤਪਾਦਕਾਂ ਨੂੰ ਦੱਖਣੀ ਅਮਰੀਕੀ ਉਤਪਾਦਕਾਂ ਵੱਲ ਮੂੰਹ ਕਰਨਾ ਪਿਆ। ਇਸ ਸਥਿਤੀ ਵਿੱਚ ਅਮਰੀਕੀ ਕਿਸਾਨਾਂ ਲਈ ਟਰੰਪ ਦਾ ਪੁਰਾਣਾ ਜੁਮਲਾ ਵਾਰ-ਵਾਰ ਸੁਣਾਇਆ ਜਾਂਦਾ ਹੈ ਕਿ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਲਈ ਅਤੇ ਲੰਬੇ ਸਮੇਂ ਦੇ ਲਾਹੇ ਹਾਸਲ ਕਰਨ ਲਈ ਥੁੜ ਚਿਰਾ ਘਾਟਾ ਝੱਲਣਾ ਹੀ ਪੈਂਦਾ ਹੈ। ਟਰੰਪ ਦੀਆਂ ਇਹਨਾਂ ਅਰਾਜਕ ਸੁਰੱਖਿਆਵਾਦੀ ਟੈਰਿਫ ਨੀਤੀਆਂ ਕਾਰਨ ਅਮਰੀਕਾ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਲੋਕਾਂ ਲਈ ਨੌਕਰੀਆਂ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ। ਛੋਟੇ ਕਾਰੋਬਾਰ ੳੱੁਜੜ ਰਹੇ ਹਨ ਤੇ ਅਮਰੀਕੀ ਅਰਥਚਾਰਾ ਖੜੋਤ ਦੀ ਹਾਲਤ ਵਿੱਚ ਹੈ। ਅਮਰੀਕਾ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਦੇ ਮੁਨਾਫ਼ੇ ਲਗਾਤਾਰ ਅਸਮਾਨ ਛੋਹ ਰਹੇ ਹਨ ਅਤੇ ਆਮ ਲੋਕਾਂ ਲਈ ਸਿਹਤ ਸੇਵਾਵਾਂ ਵਿਤੋਂ ਬਾਹਰੀ ਹੋ ਰਹੀਆਂ ਹਨ। ਅਮਰੀਕਾ ਵਿੱਚ ਏ. ਆਈ. ਦੇ ਵਿਸਥਾਰ ਨਾਲ ਭਵਿੱਖ ਵਿੱਚ ਲੱਖਾਂ ਨੌਕਰੀਆਂ ਖਤਰੇ ਵਿੱਚ ਹਨ। ਟਰੰਪ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਭਰ ਵਿੱਚ ਵੱਡੇ-ਵੱਡੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਟਰੰਪ ਦੀ ਤਲਿਸਮੀ ਲੋਕਪ੍ਰਿਅਤਾ ਦਾ ਅਸਰ ਲਗਾਤਾਰ ਘੱਟ ਰਿਹਾ ਹੈ। ਨਵੇਂ ਵਿੱਤੀ ਵਰ੍ਹੇ ਤੇ ਫੰਡਾਂ ਦੀ ਘਾਟ ਕਾਰਨ ਸਰਕਾਰ ਨਿਯੋਜਨ ਬਿੱਲ ਨੂੰ ਪਾਸ ਕਰਨ ਵਿੱਚ ਅਸਫਲ ਰਹੀ, ਜਿਸਨੂੰ ਲੈ ਕੇ ਅਮਰੀਕਾ ਵਿੱਚ ਵੱਡਾ ਇਤਿਹਾਸਕ ਸਰਕਾਰੀ ਬੰਦ ਰਿਹਾ ਜਿਸ ਨਾਲ ਕਈ ਸੰਘੀ ਏਜੰਸੀਆਂ ਬੰਦ ਰਹੀਆਂ ਤੇ ਸਰਕਾਰੀ ਕਰਮਚਾਰੀ ਛੁੱਟੀ ਤੇ ਭੇਜ ਦਿੱਤੇ ਗਏ। ਨਿੱਜੀ ਜੇਲ੍ਹ ਕੰਪਨੀਆਂ ਵੱਲੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦੀ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ। ਅਮਰੀਕੀ ਲੋਕਾਂ ਵਿੱਚ ਅਮਰੀਕਾ ਵੱਲੋਂ ਯੂਕਰੇਨ ਅਤੇ ਇਜ਼ਰਾਇਲ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਖਿਲਾਫ ਤਿੱਖਾ ਵਿਰੋਧ ਹੈ। ਅਮਰੀਕਾ ਅੰਦਰ ਅਮੀਰੀ-ਗਰੀਬੀ ਦਾ ਪਾੜਾ ਲਗਾਤਾਰ ਗਹਿਰਾ ਹੋ ਰਿਹਾ ਹੈ। ਟਰੰਪ ਦੀਆਂ ਇਹਨਾਂ ਅਰਾਜਕ ਤੇ ਤਾਨਾਸ਼ਾਹ ਕਾਰਵਾਈਆਂ ਕਰਕੇ 18 ਅਕਤੂਬਰ ਨੂੰ 70 ਲੱਖ ਅਮਰੀਕੀਆਂ ਨੇ 2700 ਸ਼ਹਿਰਾਂ-ਕਸਬਿਆਂ ਵਿੱਚ ‘ਰਾਜਾਸ਼ਾਹੀ ਨਹੀਂ ਚੱਲੇਗੀ’ (ਨੋ ਕਿੰਗਜ) ਦੇ ਬੈਨਰ ਹੇਠ ਵੱਡੇ ਵਿਰੋਧ ਪ੍ਰਦਰਸ਼ਨ ਲਾਮਬੰਦ ਕੀਤੇ ਗਏ।
ਕੇਂਦਰੀ ਬੈਂਕਾਂ ਅਤੇ ਆਈਐਮਐਫ ਵਰਗੀਆਂ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੇ 2025 ਵਿੱਚ ਹੀ ਸੰਸਾਰ ਭਰ ਦੇ ਲੋਕਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਟੈਰਿਫ ਝਟਕੇ ਮਹਿੰਗਾਈ ਵੱਲ ਲਿਜਾ ਸਕਦੇ ਹਨ। ਅਮਰੀਕਾ-ਚੀਨ ਵਪਾਰ ਜੰਗ ਦੇ ਚੱਲਦਿਆਂ ਚੀਨੀ ਵਸਤੂਆਂ 'ਤੇ ਅਮਰੀਕੀ ਟੈਰਿਫ ਦੇ ਵੱਡੇ ਵਿਸ਼ਵਵਿਆਪੀ ਪ੍ਰਭਾਵ ਪਏ ਹਨ। ਵਿਸ਼ਵ ਅਰਥਵਿਵਸਥਾ ਸਪਲਾਈ ਚੇਨਾਂ 'ਤੇ ਨਿਰਭਰ ਕਰਦੀ ਹੋਣ ਕਰਕੇ ਇਸ ਨਾਲ ਗਲੋਬਲ ਵਪਾਰਕ ਵਿਕਾਸ ਦਰ ਮੱਠੀ ਪੈ ਗਈ ਹੈ। ਟੈਰਿਫ ਲਾਗਤਾਂ ਵਧਾਉਂਦੇ ਹਨ ਜਿਸ ਨਾਲ ਸਰਹੱਦੋਂ ਪਾਰ ਨਿਵੇਸ਼ ਘਟਦਾ ਹੈ। ਆਈਐਮਐਫ ਦੇ ਇੱਕ ਅਨੁਮਾਨ ਮੁਤਾਬਕ ਟੈਰਿਫ ਕਾਰਨ ਸਾਲਾਨਾ ਗਲੋਬਲ ਜੀਡੀਪੀ 0.2-0.4% ਘਾਟੇ ’ਚ ਜਾ ਸਕਦੀ ਹੈ। ਟੈਰਿਫ ਆਯਾਤ 'ਤੇ ਟੈਕਸਾਂ ਵਾਂਗ ਮਾਰ ਕਰਦੇ ਹਨ। ਇਸ ਨਾਲ ਅਮਰੀਕੀ ਖਪਤਕਾਰਾਂ ਨੂੰ ਚੀਨੀ ਉਤਪਾਦਾਂ (ਇਲੈਕਟ੍ਰਾਨਿਕਸ, ਬੈਟਰੀਆਂ, ਈਵੀ ਵਾਹਨਾਂ, ਆਦਿ) ਦਾ ਵਧੇਰੇ ਮੁੱਲ ਤਾਰਨਾ ਪਿਆ ਜਿਸ ਨਾਲ ਅਮਰੀਕਾ ਵਿੱਚ ਮਹਿੰਗਾਈ ਵਧ ਗਈ। ਵਪਾਰ ਜੰਗ ਤਹਿਤ ਟੈਰਿਫ ਹਮਲੇ ਆਮ ਤੌਰ 'ਤੇ ਆਯਾਤ ਕੀਤੀਆਂ ਵਸਤੂਆਂ ਦੀ ਖਪਤਕਾਰਾਂ ਵਾਸਤੇ ਘਰੇਲੂ ਮੰਡੀ ਵਿੱਚ ਕੀਮਤ ਵਧਾਉਂਦੇ ਹਨ ਅਤੇ ਵਿਕਰੇਤਾ ਮੋਟੇ ਮੁਨਾਫ਼ੇ ਖੱਟਦੇ ਹਨ। ਟਰੰਪ ਪ੍ਰਸ਼ਾਸਨ ਇੱਕ ਪਾਸੇ ਗਰੀਬ ਮੁਲਕਾਂ ਨਾਲ ਮੁਕਤ-ਵਪਾਰ ਸਮਝੌਤਿਆਂ ਲਈ ਟੈਰਿਫ ਹਮਲਿਆਂ ਦਾ ਸਹਾਰਾ ਲੈ ਰਿਹਾ ਹੈ ਅਤੇ ਦੂਜੇ ਪਾਸੇ ਤੰਗ ਰਾਸ਼ਟਰਵਾਦੀ ਨਾਅਰੇਬਾਜ਼ੀ ਹੇਠ ਅਮਰੀਕੀ ਵੱਡੀਆਂ ਕਾਰਪੋਰੇਸ਼ਨਾਂ ਦੇ ਏਕੀਧਿਕਾਰ ਨੂੰ ਮਜ਼ਬੂਤ ਕਰ ਰਿਹਾ ਹੈ।
ਦੂਜੇ ਪਾਸੇ ਚੀਨ ਪਹਿਲਾਂ ਹੀ ਸਵੈ-ਨਿਰਭਰਤਾ, ਘਰੇਲੂ ਖਪਤ ਅਤੇ ਗਲੋਬਲ ਸਾਊਥ ਨਾਲ ਵਪਾਰ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਟੈਰਿਫ ਹਮਲਿਆਂ ਦੇ ਚੱਲਦਿਆਂ ਉਹ ਅਮਰੀਕੀ ਦਬਾਅ ਨਾਲ ਨਜਿੱਠਣ ਲਈ ਆਸੀਆਨ, ਅਫਰੀਕਾ, ਲਾਤੀਨੀ ਅਮਰੀਕਾ ਅਤੇ ਰੂਸ ਨਾਲ ਸਬੰਧਾਂ ਨੂੰ ਹੋਰ ਵੱਧ ਮਜ਼ਬੂਤ ਕਰ ਰਿਹਾ ਹੈ। ਚੀਨ ਆਈਐਮਐਫ ਤੇ ਡਬਲਿਊਟੀਓ ਵਰਗੀਆਂ ਅਮਰੀਕੀ ਵਿੱਤੀ ਸੰਸਥਾਵਾਂ ਦੇ ਮੁਕਾਬਲੇ ਬ੍ਰਿਕਸ ਅਤੇ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਅੀੀਭ) ਵਰਗੀਆਂ ਵਿੱਤੀ ਸੰਸਥਾਵਾਂ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ।
ਇਹ ਵਪਾਰਕ ਜੰਗ ਵਿਸ਼ਵ ਪੂੰਜੀਵਾਦੀ ਸੰਕਟ ਦੇ ਪ੍ਰਗਟਾਵੇ ਦਾ ਇੱਕ ਲੱਛਣ ਹੈ। ਵਿਸ਼ਵ ਸ਼ਕਤੀ ਅਮਰੀਕਾ ਆਪਣੇ ਮੁੱਖ ਸ਼ਰੀਕ ਚੀਨ ਨੂੰ ਰੋਕ ਕੇ ਆਪਣੀ ਸੰਸਾਰ ਚੌਧਰ ਬਣਾਈ ਰੱਖਣ ਦੇ ਯਤਨ ਕਰ ਰਿਹਾ ਹੈ। ਇਹ ਵਪਾਰਕ ਜੰਗ ਉਤਪਾਦਨ, ਆਧੁਨਿਕ ਤਕਨਾਲੋਜੀ ਅਤੇ ਮੰਡੀਆਂ ਉੱਤੇ ਕੰਟਰੋਲ ਲਈ ਜੱਦੋਜਹਿਦ ਦਾ ਸਿੱਟਾ ਹੈ। ਨਤੀਜੇ ਵਜੋਂ ਨਵੇਂ ਦੌਰ ਦੇ ਸਾਮਰਾਜਵਾਦੀ ਪੜਾਅ ਵਿੱਚ ਵਧੇਰੇ ਆਰਥਿਕ ਰਾਸ਼ਟਰਵਾਦ, ਸੁਰੱਖਿਆਵਾਦ, ਪ੍ਰੌਕਸੀ ਜੰਗਾਂ, ਪ੍ਰਵਾਸੀ ਵਸੋਂ ਦਾ ਉਜਾੜਾ, ਵਾਤਾਵਰਣ ਦੀ ਤਬਾਹੀ, ਸਸਤੀ ਕਿਰਤ ਲੁੱਟ ਅਤੇ ਖੇਤਰੀ ਦੁਸ਼ਮਣੀਆਂ ਦਾ ਸਿਲਸਿਲਾ ਹੋਰ ਵੱਧ ਤਿੱਖਾ ਹੋਵੇਗਾ। ਸੰਸਾਰ ਭਰ ਦੇ ਲੋਕਾਂ ਨੂੰ ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਜਨਤਕ ਨਿਵੇਸ਼ ਦੀ ਮੰਗ ਨੂੰ ਲੈ ਕੇ ਸਮਾਜ ਬਦਲੀ ਦੀ ਲੜਾਈ ਲਈ ਤਿਆਰ ਹੋਣ ਦੀ ਲੋੜ ਹੈ। ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਧਰਤੀ ਦੇ ਸਾਰੇ ਕੀਮਤੀ ਸਰੋਤਾਂ, ਆਧੁਨਿਕ ਤਕਨਾਲੋਜੀ ਅਤੇ ਸਪਲਾਈ ਚੇਨਾਂ ਦਾ ਸਮਾਜੀਕਰਨ ਹੋਣਾ ਚਾਹੀਦਾ ਹੈ।
ਟਰੰਪ ਦੀਆਂ ਟੈਰਿਫ ਧਮਕੀਆਂ ਸਮਝੌਤੇ ਲਈ ਦਬਾਅ ਅਤੇ ਅਮਰੀਕੀ ਸਰਦਾਰੀ ਦੀ ਚੜ੍ਹਤ ਬਰਕਰਾਰ ਰੱਖਣ ਦੀ ਸਾਮਰਾਜੀ ਨੀਤੀ ਦਾ ਹਿੱਸਾ ਹਨ। ਟਰੰਪ ਦੀਆਂ ਅਰਾਜਕ ਟੈਰਿਫ ਨੀਤੀਆਂ ਅਤੇ ਅਮਰੀਕੀ-ਚੀਨੀ ਵਪਾਰਕ ਜੰਗ ਅਤੇ ਇਸ ਜੰਗ ’ਚੋਂ ਆਪਸੀ ਸੌਦੇਬਾਜ਼ੀਆਂ ਲਈ ਉਪਜੇ ਸਾਮਰਾਜੀ ਸਮਝੌਤਿਆਂ ਦੀ ਕੀਮਤ ਸੰਸਾਰ ਭਰ ਦੇ ਆਮ ਲੋਕ ਅਦਾ ਕਰ ਰਹੇ ਹਨ।
- ਮਨਦੀਪ (+1 438-924-2052)

No comments:
Post a Comment