Pages

Sunday, April 26, 2026

ਮਈ ਦਿਵਸ ਦੀ ਇਤਿਹਾਸਕ ਮਹੱਤਤਾ

      


 ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱਤਵ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਕਿਉਂਕਿ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ’ ਦਾ ਮਈ ਦਿਵਸ ਦਾ ਸੁਨੇਹਾ ਤੇ ਸੰਸਾਰ ਮਜ਼ਦੂਰ ਜਮਾਤ ਦੀ ਬੰਦ-ਖ਼ਲਾਸੀ ਦਾ ਸੰਕਲਪ ਹਾਲੇ ਅਧੂਰਾ ਪਿਆ ਹੈ। ਇਤਿਹਾਸ ਦਾ ਇਹ ਸੱਚ ਕਿਰਤੀ ਜਮਾਤ ਦੇ ਸੰਘਰਸ਼ਾਂ ਲਈ ਨਵੀਂ ਊਰਜਾ ਤੇ ਪ੍ਰੇਰਨਾ ਦਾ ਸੋਮਾ ਹੈ। ਉਨੀਵੀਂ ਸਦੀ ਦੇ ਅੱਧ ਵਿਚ ‘ਅੱਠ ਘੰਟੇ ਕੰਮ ਦਿਹਾੜੀ’ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੰਘਰਸ਼ ਜੱਥੇਬੰਦ ਹੋਣ ਲੱਗੇ ਸਨ। ਇਸ ਤੋਂ ਪਹਿਲਾਂ 1848 ਵਿਚ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਸਭ ਤੋਂ ਜਬਰਦਸਤ ਐਲਾਨਨਾਮੇ 'ਕਮਿਊਨਿਸਟ ਮੈਨੀਫੈਸਟੋ' ਦੀ ਰਚਨਾ ਕੀਤੀ ਸੀ। ਇਸਦੀ ਰੌਸ਼ਨੀ ਵਿਚ 1866 'ਚ 8 ਘੰਟੇ ਦੀ ਦਿਹਾੜੀ ਦੀ ਮੰਗ ਤੇ ਜ਼ੋਰ ਦਿੱਤਾ ਗਿਆ। ਯੂਰਪ ਵਿਚ 'ਅੱਠ ਘੰਟਾ ਲੀਗ' ਨਾਂ ਦੇ ਕਈ ਮਜ਼ਦੂਰ ਸੰਗਠਨ ਬਣਨੇ ਸ਼ੁਰੂ ਹੋਏ। ਮਜ਼ਦੂਰ ਸੰਘਰਸ਼ ਦੇ ਦਬਾਅ ਹੇਠ ਜਨਰਲ ਅਸੈਂਬਲੀ ਨੇ ਮਾਰਚ 1867 ਵਿਚ ਅੱਠ ਘੰਟੇ ਦਿਹਾੜੀ ਨੂੰ 'ਇਲੀਨਾਏ ਰਾਜ ਵਿਚ ਵਿਧਾਨਕ ਕੰਮ ਦਿਹਾੜੀ' ਵਜੋਂ ਐਲਾਨ ਦਿੱਤਾ। ਪਰ ਇਸ ਐਲਾਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਾੜੀਆਂ ਕੰਮ ਹਾਲਤਾਂ ਤੇ ਘੱਟ ਤਨਖ਼ਾਹ ਤੇ 14-14, 15-15 ਘੰਟੇ ਸਖਤ ਮਿਹਨਤ ਕਰਨੀ ਪੈਂਦੀ ਸੀ। ਜੇ ਕੋਈ ਮਜ਼ਦੂਰ ਕੰਮ ਤੋਂ ਇਨਕਾਰ ਕਰਦਾ ਤਾਂ ਉਸਨੂੰ ਬੇਰੁਜਗਾਰਾਂ ਦੀ ਸਥਾਈ ਭੀੜ ਵੱਲ ਧੱਕ ਦਿੱਤਾ ਜਾਂਦਾ ਸੀ।

        ਕੰਮ ਦੇ ਅਨਿਸਚਿਤ ਸਮੇਂ, ਘੱਟ ਉਜਰਤਾਂ ਤੇ ਮਾੜੀਆਂ ਕੰਮ ਹਾਲਤਾਂ ਵਿਰੁੱਧ ਅਮਰੀਕਾ ਦੀ ‘ਫੈਡਰੇਸ਼ਨ ਆੱਫ ਆਰਗੇਨਾਈਜ਼ਡ ਟਰੇਡ ਐਂਡ ਲੇਬਰ’ ਯੂਨੀਅਨ ਨੇ 8 ਘੰਟੇ ਕੰਮ ਦਿਹਾੜੀ ਲਾਗੂ ਕਰਨ ਦੀ ਆਖਰੀ ਤਰੀਖ 1 ਮਈ 1886 ਨੂੰ ਪਹਿਲੇ ਮਈ ਦਿਵਸ ਵਜੋਂ ਤਹਿ ਕਰਕੇ ਇਸਨੂੰ ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਹਾੜੇ ਤੇ ਅਮਰੀਕਾ ਦੇ 12,000 ਕਾਰਖਾਨਿਆਂ ਦੇ ਤਿੰਨ ਲੱਖ ਚਾਲੀ ਹਜ਼ਾਰ ਮਜ਼ਦੂਰ ਦੇਸ਼-ਪੱਧਰੀ ਹੜਤਾਲ ਵਿਚ ਕੁੱਦ ਪਏ। ਇਨ੍ਹਾਂ ਮਜ਼ਦੂਰ ਸੰਘਰਸ਼ਾਂ ਅੰਦਰ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ, ਜਾਰਜ ਏਂਜਲ, ਮਾਈਕਲ ਸ਼ਵਾਬ, ਸੈਮੂਅਲ ਫੀਲਡਜ਼ ਤੇ ਲੂਈ ਲਿੰਗ ਵਰਗੇ ਮਜ਼ਦੂਰ ਨੌਜਵਾਨਾਂ ਦੇ ਜੋਸ਼ੀਲੇ ਭਾਸ਼ਨਾਂ ਤੇ ਵਿਚਾਰਾਂ ਦਾ ਬੜਾ ਅਸਰ ਸੀ। ਇਨ੍ਹਾਂ ਨੌਜਵਾਨ ਮਜ਼ਦੂਰ ਆਗੂਆਂ ਦੀ ਯੋਗ ਅਗਵਾਈ ਹੇਠ ਅਮਰੀਕਾ ‘ਚ ਮਜ਼ਦੂਰ ਲਹਿਰ ਲਗਾਤਾਰ ਵੇਗ ਫੜਦੀ ਗਈ।

      


 ਮਈ ਦਿਹਾੜੇ ਤੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕਿਟ 'ਚ ਮਜ਼ਦੂਰਾਂ ਦਾ ਵਿਸ਼ਾਲ ਜਨ-ਸੈਲਾਬ ਉਮੜ ਪਿਆ। ਮਜ਼ਦੂਰ ਜਮਾਤ ਦਾ ਇਹ ਸਿਆਸੀ ਤੇ ਜੂਝਾਰੂ ਇਤਿਹਾਸਕ ਮਾਰਚ ਸਰਮਾਏਦਾਰ ਜਮਾਤ ਨੂੰ ਉਹ ਦਿਨ ਚੇਤੇ ਕਰਾ ਰਿਹਾ ਸੀ ਜਦੋਂ  ਪੈਰਿਸ ਕਮਿਊਨ (1871) ਦੇ ਯੋਧਿਆਂ ਵੱਲੋਂ ਲੜਿਆ ਮਹਾਨ ਹਥਿਆਰਬੰਦ ਘੋਲ ਹੇਠਲੀ ਉੱਤੇ ਕਰਕੇ ਉਨ੍ਹਾਂ ਨੂੰ ਨਾਨੀ ਚੇਤੇ ਕਰਾ ਗਿਆ ਸੀ। ਇਸ ਦੌਰਾਨ ਹੇਅ ਮਾਰਕਿਟ ਸਕਵੇਅਰ 'ਚ ਹੋ ਰਹੀ ਸਭਾ ਉੱਪਰ ਪੁਲਿਸ ਨੇ ਮਜ਼ਦੂਰਾਂ ਉੱਪਰ ਹਮਲਾ ਕਰ ਦਿੱਤਾ। ਸਰਮਾਏਦਾਰੀ ਸਾਜ਼ਿਸ਼ ਰਾਹੀਂ ਮਜ਼ਦੂਰ ਮੁਜਾਹਰੇ ਵਾਲੀ ਥਾਂ ਇਕ ਬੰਬ ਵਿਸਫੋਟ ਕਰਵਾਇਆ ਗਿਆ। ਜਿਸ ਵਿਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ, ਚਾਰ ਮਜ਼ਦੂਰ ਸ਼ਹੀਦ ਹੋ ਗਏ। 11 ਨਵੰਬਰ 1887 ਨੂੰ 'ਸ਼ੁੱਕਰਵਾਰ ਦੇ ਕਾਲੇ ਦਿਨ' ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ ਤੇ ਜਾਰਜ ਏਂਜਲ ਨੂੰ ਫਾਂਸੀ ਦਿੱਤੀ ਗਈ। ਮਜ਼ਦੂਰ ਸ਼ਹੀਦਾਂ ਦੇ ਵਕੀਲ ਵਿਲੀਅਮ ਬਲੈਕ ਨੇ ਮਜ਼ਦੂਰ ਆਗੂਆਂ ਦੀ ਕਬਰ ਤੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ "ਉਹਨਾਂ ਨੂੰ ਅਰਾਜਕਤਾਵਾਦੀ ਕਿਹਾ ਜਾਂਦਾ ਹੈ। ਇਉਂ ਉਹਨਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਅਤੇ ਦੁਨੀਆਂ ਸਾਹਮਣੇ ਉਹਨਾਂ ਨੂੰ ਅਜਿਹੇ ਆਦਮੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜੋ ਆਪਣੀ ਖੁਸ਼ੀ ਦੀ ਖਾਤਿਰ ਹਿੰਸਾ, ਦੰਗਾ-ਫਸਾਦ ਅਤੇ ਖੂਨ-ਖਰਾਬਾ ਪਸੰਦ ਕਰਦੇ ਸਨ ਅਤੇ ਜੋ ਮੌਜੂਦਾ ਵਿਵਸਥਾ ਦੇ ਖਿਲਾਫ ਨਹੱਕੀ ਤੇ ਅਬੁੱਝ ਨਫਰਤ ਨਾਲ ਲਬਰੇਜ਼ ਸਨ।ਪਰ ਇਹ ਗੱਲ ਸਚਾਈ ਤੋਂ ਕੋਹਾਂ ਦੂਰ ਹੈ। ਉਹ ਤਾਂ ਅਜਿਹੇ ਲੋਕ ਸਨ ਜੋ ਸ਼ਾਂਤੀ ਚਾਹੁੰਦੇ ਸਨ। ਉਹ ਦਿਆਲੂ ਰੁਚੀਆਂ ਤੇ ਕੋਮਲ ਦਿਲ ਵਾਲੇ ਸਾਊ ਬੰਦੇ ਸਨ। ਉਨ੍ਹਾਂ ਦੇ ਜਾਣਕਾਰ ਉਨ੍ਹਾਂ ਨਾਲ ਪਿਆਰ ਕਰਦੇ ਸਨ ਅਤੇ ਜਿਹੜੇ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਇਮਾਨਦਾਰੀ ਤੇ ਪਵਿੱਤਰਤਾ ਨੂੰ ਜਾਣ ਲੈਂਦੇ ਸਨ ਉਹ ਉਹਨਾਂ ਤੇ ਅਥਾਹ ਭਰੋਸਾ ਕਰਦੇ ਸਨ, ਅਤੇ ਉਹਨਾਂ ਦਾ ਸੁਪਨਾ ਇਕ ਅਜਿਹੇ ਸਮਾਜਿਕ ਨਿਜ਼ਾਮ ਦੀ ਸਿਰਜਨਾ ਕਰਨਾ ਸੀ ਜਿਸ ਦਾ ਉਦੇਸ਼ ਵਾਕ ਹੈ : " ਜ਼ੋਰ-ਜ਼ਬਰਦਸਤੀ ਤੋਂ ਮੁਕਤ ਨਿਜ਼ਾਮ।"

        ਕਈ ਲੋਕ ਸੋਚਦੇ ਹਨ ਕਿ ਹੁਣ ਤਾਂ 8 ਘੰਟੇ ਦਾ ਕਾਨੂੰਨ ਬਣ ਗਿਆ ਹੈ, ਫਿਰ ਅੱਜ ਮਈ ਦਿਵਸ ਦੀ ਕੀ ਲੋੜ ਹੈ? ਪਰ ਸੱਚਾਈ ਇਸ ਦੇ ਉਲਟ ਹੈ। ਅੱਜ ਮਜ਼ਦੂਰ ਜਮਾਤ 'ਨਵ-ਉਦਾਰਵਾਦ' ਦੇ ਸਭ ਤੋਂ ਘਾਤਕ ਹਮਲੇ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਤੋਂ ਲੈ ਕੇ ਭਾਰਤ ਤੱਕ, ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ 'ਲੇਬਰ ਕਾਨੂੰਨਾਂ' ਨੂੰ ਖ਼ਤਮ ਕਰ ਰਹੀਆਂ ਹਨ ਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਪਾਸ ਕੀਤੇ ਜਾ ਰਹੇ ਹਨ। ਜਿਨ੍ਹਾਂ ਹੱਕਾਂ ਲਈ ਸ਼ਿਕਾਗੋ ਦੇ ਸ਼ਹੀਦਾਂ ਨੇ ਫਾਂਸੀ ਦੇ ਫੰਦੇ ਚੁੰਮੇ ਸਨ, ਉਨ੍ਹਾਂ 8 ਘੰਟਿਆਂ ਨੂੰ ਅੱਜ ਫਿਰ ਤੋਂ 12 ਘੰਟੇ ਦੀ ਦਿਹਾੜੀ ਵਿੱਚ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਅੱਜ ਦੇ 'ਗਿੱਗ ਇਕਾਨਮੀ' ਦੇ ਦੌਰ ਵਿੱਚ ਜ਼ੋਮੈਟੋ, ਸਵਿਗੀ, ਓਲਾ, ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੱਖਾਂ ਨੌਜਵਾਨਾਂ ਨੂੰ 'ਪਾਰਟਨਰ' ਕਹਿ ਕੇ ਉਨ੍ਹਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਨਾ ਪੱਕੀ ਨੌਕਰੀ ਹੈ, ਨਾ ਪੈਨਸ਼ਨ ਅਤੇ ਨਾ ਹੀ ਕੋਈ ਸਮਾਜਿਕ ਸੁਰੱਖਿਆ। ਕੰਟਰੈਕਟ ਸਿਸਟਮ ਰਾਹੀਂ ਮਜ਼ਦੂਰਾਂ ਨੂੰ ਪੱਕਾ ਕਰਨ ਦੀ ਬਜਾਏ ਦਿਹਾੜੀਦਾਰ ਬਣਾ ਕੇ ਰੱਖਣਾ ਮਜ਼ਦੂਰ ਜਮਾਤ ਦੀ ਜੱਥੇਬੰਦਕ ਤਾਕਤ ਨੂੰ ਤੋੜਨ ਦੀ ਇੱਕ ਡੂੰਘੀ ਸਾਜ਼ਿਸ਼ ਹੈ।

        ਜਿਸ ਅਮਰੀਕਾ ਤੋਂ ਮਈ ਦਿਵਸ ਸ਼ੁਰੂ ਹੋਇਆ ਸੀ ਉੱਥੇ ਦੀ ਸਰਕਾਰ ਨੇ ਇਸ ਦੇ ਇਨਕਲਾਬੀ ਪ੍ਰਭਾਵ ਤੇ ਸੁਨੇਹੇ ਨੂੰ ਮੱਠਾ ਪਾਉਣ ਲਈ 'ਲੇਬਰ ਡੇ' ਇੱਕ ਮਈ ਦੀ ਥਾਂ ਸਤੰਬਰ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਇਤਿਹਾਸ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਫਿਰ ਤੋਂ ਅਮਰੀਕਾ ਵਿੱਚ ਮਜ਼ਦੂਰ ਜਾਗ ਰਹੇ ਹਨ। ਸਟਾਰਬਕਸ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਬਣ ਰਹੀਆਂ 'ਯੂਨੀਅਨਾਂ' ਤੇ ਸਰਕਾਰੀ ਨੀਤੀਆਂ ਖਿਲਾਫ਼ ਉੱਠ ਰਹੇ ਇਤਿਹਾਸਕ ਵਿਰੋਧ ਇਸ ਗੱਲ ਦਾ ਸਬੂਤ ਹਨ ਕਿ ਸਰਮਾਏਦਾਰ ਮਜ਼ਦੂਰਾਂ ਦੀ ਆਵਾਜ਼ ਨੂੰ ਹਮੇਸ਼ਾ ਲਈ ਨਹੀਂ ਦਬਾ ਸਕਦੇ। 

ਸੰਸਾਰ ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਸੰਕਟ ਦੀ ਦਲਦਲ 'ਚ ਬੁਰੀ ਤਰ੍ਹਾਂ ਧਸ ਰਿਹਾ ਹੈ। ਮਾਰਕਸਵਾਦ ਦੇ ਮਹਾਨ ਅਧਿਆਪਕਾਂ ਦੀਆਂ ਵਿਗਿਆਨਕ ਇਤਿਹਾਸਕ ਭਵਿੱਖਬਾਣੀਆਂ ਸੱਚ ਸਾਬਤ ਹੋ ਰਹੀਆਂ ਹਨ। ਸਾਮਰਾਜੀ-ਸਰਮਾਏਦਾਰ ਸਰਮਾਏ ਦੇ ਵਧਾਰੇ ਲਈ ਹਰ ਘਿਨਾਉਣੇ ਅਮਾਨਵੀ ਪੱਧਰ ਤੱਕ ਗਿਰ ਰਹੇ ਹਨ। ਉਹ ਆਪਣੇ ਬਚਾਅ ਲਈ ਮਾਰਕਸ ਦੀ ਕਿਤਾਬ 'ਸਰਮਾਇਆ' ਵਿੱਚੋਂ ਨੁਸਖੇ ਲੱਭਣ ਦੀ ਮੱਕਾਰੀ ਭਰਮ 'ਚ ਪਏ ਹੋਏ ਹਨ, ਪਰ ਮਾਰਕਸ ਦਾ ਸਰਮਾਇਆ ਮਜ਼ਦੂਰ ਜਮਾਤ ਦੀ ਮੁਕਤੀ ਦਾ ਰਾਹ ਹੈ।

        ਮਈ ਦਿਵਸ ਦੀ ਰੌਸ਼ਨੀ ‘ਚ ਮਿਹਨਤਕਸ਼ਾਂ ਨੂੰ ਆਪਣੀ ਜਿੱਤ ਦੀ ਤਿਆਰੀ 'ਚ ਹੋਰ ਵੱਧ ਤੱਦੀ ਨਾਲ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ।

  • ਮਨਦੀਪ (+1 438-924-2052)

No comments:

Post a Comment