ਇਨਕਲਾਬੀ ਨੌਜਵਾਨ
ਮਾਰੀਨਾ ਜਾਨੇਸਤਾ ਦੀ ਸੰਸਾਰ ਪ੍ਰਸਿੱਧ ਤਸਵੀਰ ਦੀ ਵਾਰਤਾ

ਹੋਟਲ ਕੋਲਨ ਦੀ ਛੱਤ ਉੱਤੇ ਮਾਰੀਨਾ

ਸੰਸਾਰ ਇਤਿਹਾਸ 'ਚ ਅਣਗਿਣਤ ਇਨਕਲਾਬੀਆਂ ਨੇ ਅਣਗਿਣਤ ਕੁਰਬਾਨੀਆਂ ਅਤੇ ਘਾਲਣਾਵਾਂ ਘਾਲੀਆਂ ਹਨ। ਇਹਨਾਂ ਵਿੱਚੋਂ ਅਣਗਿਣਤ ਨਾਮ ਅਤੇ ਚਿਹਰੇ ਅਜਿਹੇ ਵੀ ਹਨ ਜੋ ਕਦੇ ਵਿਸ਼ਵ ਇਤਿਹਾਸ ਦਾ ਪੰਨਾ ਨਹੀਂ ਬਣੇ। ਪਰ ਬਰਾਬਰੀ ਅਤੇ ਖੁਸ਼ਹਾਲੀ ਦੇ ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਯੋਗਦਾਨ ਪਾਉਣ ਵਾਲੇ ਉਹਨਾਂ ਨੀਹਾਂ ਦੇ ਰੋੜਿਆਂ ਦੀਆਂ ਬੇਨਾਮ ਕੁਰਬਾਨੀਆਂ ਅਤੇ ਘਾਲਣਾਵਾਂ ਦੀ ਬਦੌਲਤ ਹੀ ਅੱਜ ਮਨੁੱਖ ਅੰਦਰ ਲੁੱਟ, ਜਬਰ, ਅਨਿਆਂ, ਗੈਰ-ਬਰਾਬਰੀ ਆਦਿ ਖਿਲਾਫ ਵਿਦਰੋਹ ਦੀ ਭਾਵਨਾ ਮੱਘ ਰਹੀ ਹੈ। ਚੰਗੇ ਸਮਾਜ ਦੀ ਉਸਾਰੀ ਲਈ ਸ਼ਹੀਦੀਆਂ ਦਾ ਵੀ ਸੁਨਹਿਰੀ ਇਤਿਹਾਸ ਰਿਹਾ ਹੈ। ਸੰਸਾਰ ਭਰ ਵਿੱਚ ਲੱਖਾਂ-ਕਰੋੜਾਂ ਉਹ ਲੋਕ ਵੀ ਹਨ ਜਿਹਨਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਆਪਣੀ ਭੂਮਿਕਾ ਅਦਾ ਕੀਤੀ। ਇਹਨਾਂ ਗੁੰਮਨਾਮ ਲੱਖਾਂ-ਕਰੋੜਾਂ ਵਿੱਚੋਂ ਹੀ ਇਕ ਚਿਹਰਾ ਹੈ ਮਾਰੀਨਾ ਜਾਨੇਸਤਾ ਦਾ, ਜੋ ਬਾਅਦ ਵਿਚ ਗੁੰਮਨਾਮੀ 'ਚੋਂ ਨਿਕਲਕੇ ਸੰਸਾਰ ਪ੍ਰਸਿੱਧ ਹੋ ਗਿਆ। ਜੇਕਰ 21 ਜੁਲਾਈ 1936 ਨੂੰ ਖੁਆਨ ਗੁਜ਼ਮਨ ਨਾਮ ਦਾ ਇੱਕ ਫੋਟੋਗ੍ਰਾਫਰ ਇਹ ਤਸਵੀਰ ਨਾ ਖਿੱਚਦਾ ਤਾਂ ਮਾਰੀਨਾ ਦਾ ਨਾਮ ਵੀ ਸਮਾਜਵਾਦੀ ਸਮਾਜ ਦੀ ਸਿਰਜਨਾ 'ਚ ਲੱਗੇ ਗੁੰਮਨਾਮ ਕਾਰਕੁੰਨਾਂ ਦੀ ਸੂਚੀ ਵਿੱਚ ਦਰਜ ਨਹੀਂ ਸੀ ਹੋਣਾ ।
ਜੀਵਨ

ਆਪਣੇ ਭਰਾ ਨਾਲ ਮਰੀਨਾ
ਫਰਾਂਸ ਦੇ ਟੋਲੂਜ ਦੀ ਜੰਮਪਾਲ (29 ਜਨਵਰੀ 1919) ਮਾਰੀਨਾ ਦਾ ਪਰਿਵਾਰਕ ਪਿਛੋਕੜ ਖੱਬੇਪੱਖੀ ਪ੍ਰਭਾਵ ਵਾਲੇ ਮਜਦੂਰ ਪਰਿਵਾਰ ਨਾਲ ਜੁੜਿਆ ਹੋਇਆ ਸੀ। ਉਸਦੇ ਮਾਤਾ-ਪਿਤਾ ਦਰਜੀ ਸਨ। ਜਦੋਂ ਉਹ ਫਰਾਂਸ ਤੋਂ ਸਪੇਨ ਆਈ ਉਸ ਸਮੇਂ ਉਸਦੀ ਉਮਰ ਗਿਆਰਾਂ ਸਾਲ ਦੀ ਸੀ। ਇੱਥੇ ਕਾਤੇਲੋਨੀਆ ਵਿੱਚ ਰਹਿੰਦਿਆਂ ਉਹ ਛੋਟੀ ਉਮਰ ਵਿਚ ਹੀ 'ਯੂਨੀਫਾਇਡ ਸ਼ੋਸ਼ਲਿਸਟ ਪਾਰਟੀ' ਦੀ ਮੈਂਬਰ ਬਣ ਗਈ। ਫਰਾਂਸ ਉੱਤੇ ਨਾਜ਼ੀਆਂ ਦੇ ਕਬਜੇ ਬਾਅਦ ਮਾਰੀਨਾ ਡੋਮੀਨੀਅਨ ਰਿਪਬਲਿਕ ਚਲੀ ਗਈ। ਪਰੰਤੂ ਇੱਥੋਂ ਦੇ ਤਾਨਾਸ਼ਾਹ ਰਾਫੇਲ ਤਰੋਖੀਜੋ ਦੇ ਅੱਤਿਆਚਾਰਾਂ ਕਰਕੇ ਉਸਨੂੰ ਜਲਦੀ ਹੀ ਡੋਮੀਨੀਅਨ ਰਿਪਬਲਿਕ ਛੱਡਕੇ (1946) ਜਾਣਾ ਪਿਆ। ਉਹ ਵਾਪਸ ਬੈਲਜੀਅਮ ਆ ਗਈ ਅਤੇ ਇੱਥੇ ਉਸਨੇ 1952 ਵਿਚ ਇਕ ਸਫੀਰ ਨਾਲ ਵਿਆਹ ਕਰਵਾ ਲਿਆ ਅਤੇ ਦੋਵੇਂ ਬਾਰਸੀਲੋਨਾ ਰਹਿਣ ਲੱਗੇ। 1978 ਵਿਚ ਉਹ ਫਿਰ ਫਰਾਂਸ ਵਾਪਸ ਚਲੇ ਗਏ ਅਤੇ ਉਮਰ ਦੇ ਆਖਰੀ ਲੰਮਹੇ ਤੱਕ ਇੱਥੇ ਹੀ ਰਹੇ।
ਸਮਾਜਵਾਦੀ ਵਿਚਾਰਧਾਰਾ ਦਾ ਪ੍ਰਭਾਵ

ਆਪਣੀ ਪੁਰਾਣੀ ਤਸਵੀਰ ਨਾਲ ਮਰੀਨਾ
ਮਾਰੀਨਾ ਸਮਾਜਵਾਦੀ ਵਿਚਾਰਾਂ ਦੀ ਧਾਰਨੀ ਸੀ। ਜਵਾਨੀ ਵੇਲੇ ਉਹ ਸਪੇਨ ਦੀ ਸਮਾਜਵਾਦੀ ਪਾਰਟੀ ਦੇ ਨੌਜਵਾਨ ਫਰੰਟ ਉੱਤੇ ਕੰਮ ਕਰਦੀ ਰਹੀ। ਇੱਥੇ ਉਸਨੇ ਯੂਰਪ ਅੰਦਰ ਵੱਧਦੇ ਨਾਜ਼ੀ ਪ੍ਰਭਾਵ ਖਿਲਾਫ ਲਗਾਤਾਰ ਆਪਣੀ ਅਵਾਜ਼ ਉਠਾਈ। ਲੰਮਾ ਸਮਾਂ ਉਹ ਰਿਪੋਰਟਰ ਦੇ ਤੌਰ ਤੇ ਕੰਮ ਕਰਦੀ ਰਹੀ। ਕੁਝ ਸਮਾਂ ਮਾਰੀਨਾ ਨੇ ਮਿਖਾਇਲ ਕੋਲਤਸੋਵ ਦੀ ਸਹਾਇਕ ਵਜੋਂ ਰਿਪੋਰਟਰ ਅਤੇ ਅਨੁਵਾਦਕ ਦੇ ਤੌਰ ਤੇ ਵੀ ਕੰਮ ਕੀਤਾ। ਉਹ ਸੋਵੀਅਤ ਅਖਬਾਰ 'ਪਰਾਵਦਾ' ਵਿੱਚ ਵੀ ਲਿਖਾ-ਪੜ੍ਹੀ ਦਾ ਕੰਮ ਕਰਦੀ ਰਹੀ।
ਸੰਸਾਰ ਪ੍ਰਸਿੱਧ ਤਸਵੀਰ ਦੀ ਵਾਰਤਾ

ਹੋਟਲ ਕੋਲਨ
ਇੱਕ ਦਿਨ ਗਰਮੀ ਦੀ ਰੁੱਤੇ ਉਹ ਵਰਦੀ ਪਹਿਨੀ ਬਾਸੀਲੋਨਾ ਦੇ ਇੱਕ ਹੋਟਲ ਕੋਲਨ ਦੀ ਛੱਤ ਉੱਤੇ ਖੜ੍ਹੀ ਸੀ। ਇਹ ਸਪੇਨੀ ਘਰੇਲੂ ਯੁੱਧ ਦਾ ਦੌਰ ਸੀ। ਉਸ ਸਮੇਂ ਉਸਦੀ ਉਮਰ ਸਤਾਰਾਂ ਸਾਲ ਦੀ ਸੀ। ਪੱਤਰਕਾਰ ਗੁਜ਼ਮਨ ਨੇ ਉਸਨੂੰ ਇਕ ਬਾਦੂੰਕ ਫੜਾ ਕੇ ਉਸਦੀਆਂ ਕੁਝ ਤਸਵੀਰਾਂ ਲਈਆਂ। ਗਰਮੀ ਦੀ ਰੁੱਤ, ਹੋਟਲ ਕੋਲਨ ਦੀ ਉੱਚੀ ਇਮਾਰਤ, ਫੌਜੀ ਵਰਦੀ, ਮੋਢੇ ਟੰਗੀ ਬਾਦੂੰਕ ਅਤੇ ਵਗਦੀ ਹਵਾ 'ਚ ਉਸਦੇ ਚਿਹਰੇ ਤੇ ਉੱਡਦੀਆਂ ਜੁਲਫਾਂ ਨੇ ਇਸ ਤਸਵੀਰ ਨੂੰ ਚਾਰ ਚੰਨ ਲਾ ਦਿੱਤੇ।
| ਹੋਟਲ ਕੋਲਨ ਦੀ ਢਹੀ ਹੋਈ ਇਮਾਰਤ |
1936 ਵਿੱਚ ਖਿੱਚੀ ਇਹ ਤਸਵੀਰ ਜਲਦੀ ਹੀ ਸੰਸਾਰ ਭਰ ਵਿੱਚ ਫੈਲ ਗਈ। ਇਹ ਕਈ ਕਿਤਾਬਾਂ ਦੇ ਕਵਰ ਪੇਜ਼ ਦਾ ਸ਼ਿੰਗਾਰ ਬਣੀ। ਇਸਨੇ ਸੰਸਾਰ ਭਰ ਦੇ ਬਾਗੀ ਨੌਜਵਾਨ ਦਿਲਾਂ ਨੂੰ ਝੰਜੋੜਿਆ। ਇਹ ਹੋਟਲ ਬਾਰਸੀਲੋਨਾ ਦੇ 'ਪਲਾਸਾ ਦੇ ਕਾਤਾਲੋਨੀਆ' ਵਿੱਚ ਸਥਿਤ ਸੀ। ਯੁੱਧ ਤੋਂ ਬਾਅਦ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ ਅਤੇ ਇਸ ਸਮੇਂ ਇੱਥੇ ਸਪੈਨਿਸ਼ ਬੈਂਕ ਦੀ ਇਮਾਰਤ ਹੈ। ਮਾਰੀਨਾ ਦੀ ਤਸਵੀਰ ਦਾ ਇਹ ਮਾਸਟਰਪੀਸ ਹੋਟਲ ਕੋਲਨ ਵਿੱਚ ਰੱਖਿਆ ਗਿਆ ਸੀ ਅਤੇ ਇੱਥੋਂ ਹੀ ਇਹ ਦੁਨੀਆਂ ਭਰ ਵਿਚ ਮਸ਼ਹੂਰ ਹੋ ਗਿਆ।
| ਮਾਰੀਨਾ ਹੋਟਲ ਕੋਲਨ ਦੀ ਛੱਤ ਉੱਤੇ |
6 ਜਨਵਰੀ 2014 ਨੂੰ ਮਾਰੀਨਾ ਇਸ ਦੁਨੀਆ ਉੱਤੇ ਨਹੀਂ ਰਹੀ ਪਰ ਉਸਦੀ ਤਸਵੀਰ ਅੱਜ ਵੀ ਨੌਜਵਾਨ ਦਿਲਾਂ ਦੀ ਧੜਕਨ ਬਣੀ ਹੋਈ ਹੈ।
- ਮਨਦੀਪ
No comments:
Post a Comment