Pages

Wednesday, January 20, 2021

ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ


ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਉੱਠਿਆ ਕਿਸਾਨ ਸੰਘਰਸ ਵਿਸ਼ਾਲ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਅਰਸੇ ’ਚ ਸੱਤਾ ਦੇ ਨਸ਼ੇ ’ਚ ਨਸ਼ਿਆਈ ਹੋਈ ਮੋਦੀ ਹਕੂਮਤ ਨੇ ਪੂਰੇ ਦੇਸ਼ ਦੇ ਲੋਕਾਂ ਉੱਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੱਖੇ ਹਮਲੇ ਕੀਤੇ ਹਨ। ਪਰ ਤਿੰਨ ਖੇਤੀ ਕਾਨੂੰਨਾਂ ਰਾਹੀਂ ਵੱਡਾ ਕਿਸਾਨ ਮਾਰੂ ਹਮਲਾ ਕਰਕੇ ਜੋ ਚੈਲੰਜ ਦੇਸ਼ ਦੀ ਕਿਸਾਨੀ ਅੱਗੇ ਭਾਜਪਾ ਹਕੂਮਤ ਨੇ ਰੱਖਿਆ ਸੀ ਉਸ ਚੈਲੰਜ ਨੂੰ ਪੰਜਾਬ ਦੇ ਸੰਘਰਸ਼ਸੀਲ ਲੋਕਾਂ ਨੇ ਫੜ ਲਿਆ। ਸੂਬਾ ਪੰਜਾਬ ਤੋਂ ਉੱਠੀ ਮੌਜੂਦਾ ਕਿਸਾਨ ਲਹਿਰ ਦਿਨ ਦੁੱਗਣੀ ਰਾਤ ਚੌਗੁਣੀ ਹੁੰਦੀ ਜਾ ਰਹੀ ਹੈ ਅਤੇ ਇਸਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜਾ ਵਿਸ਼ਾਲ ਹੁੰਦਾ ਗਿਆ ਅਤੇ ਇਸਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜੱਥੇਬੰਦੀਆਂ ਦੀ ਪਹਿਲਾਂ ਹੀ ਬਣੀ ਤਾਲਮੇਲ ਕਮੇਟੀ ਨਾਲ ਮਿਲਕੇ ਸੰਘਰਸ਼ ਦਾ ਵੱਡਾ ਮੰਚ ਤਿਆਰ ਕੀਤਾ। ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਨੇ ਭਾਜਪਾ ਸਰਕਾਰ ਦੇ ਲੋਕਮਾਰੂ ਕਾਨੂੰਨਾਂ ਖਿਲਾਫ ਮੁੱਦਾ ਅਧਾਰਿਤ ਇੱਕਜੁੱਟਤਾ ਦਿਖਾਉਦਿਆਂ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਤੋਂ ਹਰਿਆਣਾ, ਰਾਜਸਥਾਨ, ਕਰਨਾਟਕਾ, ਤਾਮਿਲਨਾਡੂ ਆਦਿ ਸੂਬਿਆਂ ਤੱਕ ਫੈਲਦਾ ਇਹ ਸੰਘਰਸ਼ ਜਲਦ ਹੀ ਦੇਸ਼ਵਿਆਪੀ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ। ਪੰਜਾਬ ਦੇ ਨੌਜਵਾਨਾਂ, ਕਲਾਕਾਰਾਂ ਅਤੇ ਔਰਤਾਂ ਦੀ ਸ਼ਮੂਲੀਅਤ ਨੇ ਇਸਨੂੰ ਹੋਰ ਵੱਧ ਵੇਗ ਦਿੱਤਾ। ਦੇਸ਼ ਦੇ ਹਾਕਮਾਂ ਅਤੇ ਉਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆਏ ਵਿਦੇਸ਼ੀਂ ਵਸੇ ਪੰਜਾਬੀ ਭਾਈਚਾਰੇ ਨੇ ਆਪਣੀ ਧਰਤੀ ਦੇ ਜਾਇਆਂ ਤੇ ਮਾਣ ਕਰਦਿਆਂ ਉਹਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਆਪਣੀ ਮਿੱਟੀ ਨਾਲ ਮੋਹ ਜਾਗਿਆ ਅਤੇ ਉਹਨਾਂ ਦੇ ਮਨ ਅੰਦਰਲੀਆਂ ਸੱਧਰਾਂ ਨਵੀਂ ਉਮੰਗ ਅਤੇ ਮੋਦੀ ਹਕੂਮਤ ਖਿਲਾਫ ਗੁੱਸੇ ਦੇ ਰੂਪ ਵਿਚ ਫੁੱਟਣੀਆਂ ਸ਼ੁਰੂ ਹੋ ਗਈਆਂ। ਰੋਜੀ-ਰੋਟੀ, ਰੁਜਗਾਰ-ਪਰਿਵਾਰ ਲਈ ਰੋਟੀ ਦੀ ਗੁਲਾਈ ਨਾਪਦਿਆਂ, ਵਰਿ੍ਹਆਂਬੱਧੀ ਘੋਰ ਮੁਸ਼ੱਕਤ ਕਰਦੇ ਪ੍ਰਵਾਸੀਆਂ ਦੇ ਵਲਵਲੇ ਕਿਸਾਨ ਲਹਿਰ ਦੇ ਵੇਗ ਨੂੰ ਦੇਖਦਿਆਂ ਹੋਰ ਵੱਧ ਬੁਲੰਦ ਹੋ ਗਏ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਵੱਖ-ਵੱਖ ਸ਼ਕਲਾਂ ਵਿਚ ਕਿਸਾਨ ਲਹਿਰ ਦੀ ਹਮਾਇਤ ਵਿਚ ਆਪਣਾ ਤਨ-ਮਨ-ਧਨ ਝੋਕ ਦਿੱਤਾ। ਉਹਨਾਂ ਦੇਸ਼ ਦੇ ਸੰਘਰਸ਼ਸ਼ੀਲ ਲੋਕਾਂ ੳੱੁਤੇ ਮਾਣ ਕੀਤਾ ਅਤੇ ਆਪ ਇਸ ਸੰਘਰਸ਼ ਵਿੱਚ ਵੱਖ-ਵੱਖ ਰੂਪਾਂ ਵਿਚ ਆਪਣਾ ਹਰ ਸੰਭਵ ਯੋਗਦਾਨ ਪਾਇਆ। ਕੋਈ ਵੀ ਇਸ ਸੰਘਰਸ਼ ਤੋਂ ਅਛੂਤਾ ਨਹੀਂ ਰਿਹਾ। ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਅੰਦਰ ਦੇਸ਼ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕਾਰ ਰੈਲੀਆਂ, ਪੈਦਲ ਮਾਰਚ ਕੀਤੇ ਗਏ ਅਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸ ਸਾਹਮਣੇ ਰੋਸ ਪ੍ਰਦਰਸ਼ਨ, ਮਤਿਆਂ ਆਦਿ ਰਾਹੀਂ ਕੌਮਾਂਤਰੀ ਪੱਧਰ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਮੋਦੀ ਹਕੂਮਤ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਵਿਦੇਸ਼ੀ ਵਸਦੇ ਪੰਜਾਬੀ ਭਾਈਚਾਰੇ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਬਣਾਕੇ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਮੋਦੀ ਸਰਕਾਰ ਅਜਿਹਾ ਸਾਮਰਾਜੀ ਬਹੁਕੌਮੀ ਕੰਪਨੀਆਂ, ਸੰਸਾਰ ਵਪਾਰ ਸੰਸਥਾਂ, ਵੱਡੀਆਂ ਐਗਰੋਬਿਜਨਿਸ ਕੰਪਨੀਆਂ ਅਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਕਰ ਰਹੀ ਹੈ। ਸਰਕਾਰ ਕਾਰਪੋਰੇਟਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫਿਆਂ ਖਾਤਰ ਦੇਸ਼ ਦੇ ਖੇਤੀਬਾੜੀ ਅਰਥਚਾਰੇ ਅਤੇ ਕਿਸਾਨਾਂ ਦੀ ਬਲੀ ਦੇਣ ਤੇ ਤੁਲੀ ਹੋਈ ਹੈ। ਜਿੱਥੇ ਪਹਿਲਾਂ 'ਹਰੇ ਇਨਕਲਾਬ' ਦੇ ਖੇਤੀ ਮਾਡਲ ਰਾਹੀਂ ਕਿਸਾਨਾਂ ਦੀ ਖੇਤੀ ਲਾਗਤਾਂ (ਇਨਪੁੱਟਸ) ਉੱਤੇ ਬਹੁਕੌਮੀ ਕੰਪਨੀਆਂ ਲੁੱਟ ਕਰਦੀਆਂ ਆ ਰਹੀਆਂ ਹਨ ਉੱਥੇ ਹੁਣ ਇਹਨਾਂ ਕਾਨੂੰਨਾਂ ਰਾਹੀ ਖੇਤੀ ਉਪਜ (ਆਊਟਪੁੱਟਸ) ਉੱਤੇ ਵੀ ਆਪਣਾ ਕਬਜਾ ਕਰਨਾ ਚਾਹੁੰਦੀਆਂ ਹਨ। ਉਹਨਾਂ ਸਮਝ ਲਿਆ ਕਿ ਇਹਨਾਂ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਫਸਲਾਂ ਦੇ ਸਰਕਾਰੀ ਭੰਡਾਰ ਨੂੰ ਖਤਮ ਕਰਕੇ ਪ੍ਰਾਈਵੇਟ ਕੰਪਨੀਆਂ ਲਈ ਜਮਾਖੋਰੀ ਦੇ ਦਰਵਾਜੇ ਖੋਲ ਰਹੀ ਹੈ। ਸਰਕਾਰ ਮੰਡੀ ਵਿਵਸਥਾ ਦਾ ਭੋਗ ਪਾ ਕੇ ਕਿਸਾਨਾਂ ਦੀ ਉਪਜ ਦੇ ਮਾਲਕ ਨਿੱਜੀ ਕੰਪਨੀਆਂ ਨੂੰ ਬਣਾ ਰਹੀ ਹੈ। ਕੰਟਰਿਕਟ ਫਾਰਮਿੰਗ ਕਿਸਾਨਾਂ ਦੀ ਤਬਾਹੀ ਦਾ ਮੰਜਰ ਤਿਆਰ ਕਰਨ ਦੇ ਤੁੱਲ ਹੈ। ਇਹ ਮੰਜਰ ਉਹਨਾਂ ਨੇ ਪੂੰਜੀਵਾਦੀ ਮੁਲਕਾਂ ਵਿੱਚ ਬੈਠਿਆਂ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਵੱਡੇ ਖੇਤੀਬਾੜੀ ਫਾਰਮ ਬਣਾਕੇ ਉਥੋਂ ਦੇ ਕਿਸਾਨਾਂ ਦੀ ਲੁੱਟ ਅਤੇ ਉਥੋਂ ਦੀਆਂ ਪੂੰਜੀਵਾਦੀ ਸਰਕਾਰਾਂ ਦੀਆਂ ਨੀਤੀਆਂ ਵਿਚੋਂ ਭਲੀ-ਭਾਂਤ ਅੱਖੀਂ ਵੇਖ ਲਿਆ ਹੈ। ਇਸੇ ਕਾਰਪੋਰੇਟਪੱਖੀ ਪੂੰਜੀਵਾਦੀ ਖੇਤੀ ਮਾਡਲ ਵਿਚੋਂ ਉਹ ਮੋਦੀ ਹਕੂੁਮਤ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਨੁਕਸਾਨ ਤੇ ਭਾਰਤ ਦੇਸ਼ ਦੀ ਕਿਸਾਨੀ ਦੀ ਬਰਬਾਦੀ ਦੇ ਭਵਿੱਖ ਨੂੰ ਦੇਖ ਰਹੇ ਹਨ। ਉਹ ਕਲਪਨਾ ਕਰ ਸਕਦੇ ਹਨ ਕਿ ਇਸਦੇ ਸਿੱਟੇ ਭਾਰਤ ਦੇਸ਼ ਦੀ ਕਿਸਾਨੀ ਲਈ ਕਿੰਨੇ੍ਹ ਘਾਤਕ ਸਿੱਧ ਹੋ ਸਕਦੇ ਹਨ।
ਦੇਸ਼ ਦੇ ਮੌਜੂਦਾ ਕਿਸਾਨ ਸੰਘਰਸ਼ ’ਚ ਉਹਨਾਂ ਇਹ ਵਖਰੇਵਾਂ ਵੀ ਵੇਖ ਲਿਆ ਕਿ ਗੋਦੀ ਮੀਡੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਉਭਾਰਨ ਦੀ ਬਜਾਏ ਤਿੰਨ ਮਾਰੂ ਕਾਨੂੰਨਾਂ ਦੇ ਗੁਣਗਾਣ ਕਰਨ 'ਚ ਰੁੱਝਿਆ ਹੋਇਆ ਹੈ। ਪ੍ਰਵਾਸੀ ਪੰਜਾਬੀਆਂ ਨੇ ਸ਼ੋਸ਼ਲ ਮੀਡੀਆ ਰਾਹੀਂ ਕਿਸਾਨ ਸੰਘਰਸ਼ ਦੀ ਹਰ ਖਬਰ, ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਫੈਸਲਿਆਂ ਅਤੇ ਉਹਨਾਂ ਵੱਲੋਂ ਐਲਾਨੇ ਪ੍ਰੋਗਰਾਮਾਂ ਨੂੰ ਵਿਸ਼ਾਲ ਲੋਕਾਈ ਤੱਕ ਲਿਜਾਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਜਿਸ ਦਿਨ ਤੋਂ ਇਹ ਸੰਘਰਸ਼ ਜਾਰੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਦਾ ਦਿਲ, ਦਿਮਾਗ, ਸਰੋਕਾਰ ਤੇ ਚਰਚਾ ਕਿਸਾਨ ਸੰਘਰਸ਼ ਦੁਆਲੇ ਕੇਂਦਰਿਤ ਹੈ। ਉਹਨਾਂ ਸਖਤ ਮਿਹਨਤਾਂ ਕਰਕੇ ਅੰਨ੍ਹ ਉਗਾਉਣ ਵਾਲੇ ਅੰਨ੍ਹਦਾਤਿਆਂ ਲਈ ਪਿੰਨੀਆਂ, ਪੰਜੀਰੀ, ਬਦਾਮਾਂ ਆਦਿ ਦੇ ਲੰਗਰ ਲਾ ਦਿੱਤੇ ਹਨ। ਉਹਨਾਂ ਸਿਆਲਾਂ ਦੀਆਂ ਸਰਦ ਰਾਤਾਂ ਨੂੰ ਉਨੀਂਦਰੇ ਝਾਗਕੇ ਖੇਤੀ ਕਰਨ ਵਾਲੇ ਕਿਰਤੀਆਂ ਲਈ, ਪੱਥਰ ਦਿਲ ਦਿੱਲੀ ਦੇ ਬਾਰਡਰਾਂ ਉੱਤੇ ਧੁੰਦ ਅਤੇ ਠੰਡ ’ਚ ਮੋਰਚਿਆਂ ਤੇ ਡਟੇ ਜੁਝਾਰੂਆਂ ਲਈ ਕੰਬਲ, ਟੈਂਟ, ਦਵਾਈਆਂ ਅਤੇ ਮਸਾਜ ਮਸ਼ੀਨਾਂ ਘੱਲ ਦਿੱਤੀਆਂ। ਉਹਨਾਂ ਵਿਦੇਸ਼ੀ ਧਰਤ ਤੇ ਦਸਾਂ ਨੌਂਹਾਂ ਦੀ ਕਿਰਤ ਵਿਚੋਂ ਦਸਵੰਦ ਕੱਢਕੇ ਕਿਸਾਨ ਜੱਥੇਬੰਦੀਆਂ ਨੂੰ ਘੱਲਿਆ।
ਪ੍ਰਵਾਸੀ ਪੰਜਾਬੀ ਲੇਖਕਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਗੀਤ, ਕਵਿਤਾਵਾਂ, ਲੇਖ ਆਦਿ ਸਾਹਿਤਕ ਰਚਨਾਵਾਂ ਰਚਕੇ ਆਪਣੀ ਸਾਂਝ ਅਤੇ ਇਕਜੁੱਟਤਾ ਦਰਸਾਈ। ਵਿਦੇਸ਼ਾਂ ’ਚ ਹਰ ਥਾਂ ਕੇਸਰੀ, ਲਾਲ ਅਤੇ ਹਰੇ ਝੰਡੇ ਮਿਲਕੇ ਲਹਿਰਾਏ। ਇਨਕਲਾਬ ਜਿੰਦਾਬਾਦ ਅਤੇ ਬੋਲੇ ਸੋ ਨਿਹਾਲ ਇਕੱਠੇ ਗੂੰਜੇ। ਦੁਨੀਆਂ ਭਰ ਵਿਚ ਹਰੀਆਂ, ਲਾਲ ਅਤੇ ਕੇਸਰੀ ਪੱਗਾਂ ਨੇ ਸਾਂਝੀਵਾਲਤਾ ਦਾ ਰੰਗ ਬੰਨਿ੍ਹਆਂ। ਜਿੱਥੇ-ਜਿੱਥੇ ਤੇ ਜਿਸ-ਜਿਸ ਨੇ ਵੀ ਭਾਈਚਾਰਕ ਸਾਂਝ ਨੂੰ ਤੋੜਨ, ਵੱਖਰੇਵੇਂ, ਸੌੜੀ ਤੇ ਸੰਕੀਰਨ ਸਿਆਸਤ, ਫਿਰਕੂ ਵਿਚਾਰਾਂ ਆਦਿ ਦੀ ਗੱਲ ਕੀਤੀ ਉੱਥੇ ਉਸਨੂੰ ਆਮ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕਾਈ ਨੇ ਮੋਦੀ ਹਕੂਮਤ ਦੇ ਲੋਕਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਤੋਂ ਸਿਵਾਏ ਹਰ ਉਸ ਅਵਾਜ ਦਾ ਵਿਰੋਧ ਕੀਤਾ ਜੋ ਆਪਾਚਮਕਾਊ ਸੰਕੀਰਨ ਸਿਆਸਤ ਤੇ ਵਿਚਾਰ ਦਾ ਮਨਸ਼ਾ ਰੱਖਦੀ ਸੀ। ਏਕਾ ਤੇ ਸਾਂਝੀਵਾਲਤਾ ਵਿਦੇਸ਼ਾਂ ਵਿੱਚ ਦੇਸ਼ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਹੋਏ ਪ੍ਰਦਰਸ਼ਨਾਂ ਦਾ ਮੂਲ ਮੰਤਰ ਚੱਲਦਾ ਆ ਰਿਹਾ ਹੈ।
ਕੈਨੇਡਾ, ਅਮਰੀਕਾ, ਨਿਊਜੀਲੈਂਡ, ਆਸਟਰੇਲੀਆ, ਇੰਗਲੈਂਡ, ਜਰਮਨੀ, ਇਟਲੀ, ਫਰਾਂਸ ਆਦਿ ਮੁਲਕਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ ਅਤੇ ਅੱਗੋਂ ਜਾਰੀ ਹਨ। ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਬਰਫੀਲੇ ਮੌਸਮਾਂ ਅੰਦਰ ਗਰਮਜੋਸ਼ੀ ਦੀ ਨਵੀਂ ਲਹਿਰ ਚਲਾਈ ਹੋਈ ਹੈ। ਵਿਦੇਸ਼ਾਂ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਇਹ ਅਵਾਜ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਦਮ ਸਿੰਘ ਤੇ ਗਦਰੀ ਬਾਬਿਆਂ ਦੀ ਵਿਰਾਸਤ ਦੀ ਯਾਦ ਤਾਜਾ ਕਰਵਾ ਰਹੀ ਹੈ। ਵਿਦੇਸ਼ਾਂ ’ਚ ਰੋਜੀ ਲਈ ਰੁਲਦੇ ਪ੍ਰਵਾਸੀ ਭਾਰਤੀਆਂ ਨੇ ਕੌਮੀ ਕਿਸਾਨ ਸੰਘਰਸ਼ ਦੀ ਬਾਤ ਕੌਮਾਂਤਰੀ ਪੱਧਰ ਤੇ ਉੱਤੇ ਪਾਕੇ ਪੂਰੇ ਜੱਗ ’ਚ ਜੱਸ ਖੱਟਿਆ ਹੈ।
- ਮਨਦੀਪ

No comments:

Post a Comment