ਬਰਤਾਨਵੀ ਸਾਮਰਾਜ ਖਿਲਾਫ ਚੱਲੇ ਸੰਗਰਾਮ ਵਿਚ ਦੇਸ਼ ਦੇ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਿ਼ੰਦਗੀਆਂ ਕੁਰਬਾਨ ਕੀਤੀਆਂ ਸਨ। ਭਾਰਤ ਦੇ ਮੁਕਤੀ ਸੰਗਰਾਮ ਦੇ ਇਤਿਹਾਸ ਵਿਚ ਬਰਤਾਨਵੀ ਹਕੂਮਤ ਖਿਲਾਫ ਵਿਰੋਧ ਦੀਆਂ ਸੁਧਾਰਵਾਦੀ ਇਨਕਲਾਬੀ ਲਹਿਰਾਂ ਦਾ ਤੇਜ਼ ਪ੍ਰਤੱਖ ਤੌਰ ਤੇ ਦੇਖਣ ਨੂੰ ਮਿਲਦਾ ਹੈ ਪਰ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਮਾਰਕਸੀ ਵਿਚਾਰਧਾਰਾ ਨਾਲ ਲੈਸ ਨੌਜਵਾਨਾਂ ਦੀ ਛੋਟੀ ਜਿਹੀ ਟੁਕੜੀ ਭਾਰਤੀ ਮੁਕਤੀ ਸੰਗਰਾਮ ਦੇ ਮੰਚ ਉੱਤੇ ਬੜੀ ਤੇਜ਼ੀ ਨਾਲ ਦਾਖਲ ਹੁੰਦੀ ਹੈ ਅਤੇ ਬਿਜਲੀ ਦੀ ਰਫਤਾਰ ਨਾਲ ਭਾਰਤ ਦੇ ਮੁਕਤੀ ਸੰਗਰਾਮ ਦੀ ਅਗਵਾਨੂੰ ਬਣ ਕੇ ਪੂਰੇ ਦੇਸ਼ ਅੰਦਰ ਆਪਣੇ ਜਲੌਅ ਦਾ ਲੋਹਾ ਮਨਵਾਉਂਦੀ ਹੈ।
ਮੁਕਤੀ
ਸੰਗਰਾਮ ਦੇ ਇਨ੍ਹਾਂ ਨੌਜਵਾਨ ਸੰਗਰਾਮੀਆਂ ਦੇ ਜੀਵਨ ਬਿਰਤਾਂਤ ਦਾ ਜਿ਼ਕਰ ਇਕ-ਦੂਜੇ ਤੋਂ ਬਿਨਾਂ
ਅਧੂਰਾ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਭਗਵਤੀ ਚਰਨ ਵੋਹਰਾ, ਦੁਰਗਾ ਵੋਹਰਾ, ਜਤਿਨ ਦਾਸ ਆਦਿ ਸੂਰਵੀਰਾਂ ਦੀ ਟੋਲੀ ਸੀ
ਜਿਨ੍ਹਾਂ ਦੀ ਜਿ਼ੰਦਗੀ ਦਾ ਹਰ ਤਸੱਵੁਰ ਉਨ੍ਹਾਂ ਦੇ ਉਦੇਸ਼ ਵਾਂਗ ਅਟੁੱਟ ਰੂਪ ਵਿਚ ਇਕ-ਦੂਜੇ ਨਾਲ
ਜੁੜਿਆ ਹੋਇਆ ਸੀ। ਇਹ ਨੌਜਵਾਨ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ (ਐੱਚਐੱਸਆਰਏ) ਦੇ ਨਿਧੜਕ
ਅਤੇ ਚੇਤੰਨ ਵਿਚਾਰਵਾਨ ਯੋਧੇ ਸਨ, ਤੇ ਇਨ੍ਹਾਂ ਵਿਚੋਂ ਹੀ ਸੀ ਆਰਮੀ ਦਾ ਬਹਾਦਰ ਸੈਨਾਪਤੀ ਚੰਦਰ ਸ਼ੇਖਰ ਆਜ਼ਾਦ।
ਮੱਧ ਭਾਰਤ
ਦੀ ਅਲੀਰਾਜਪੁਰ ਰਿਆਸਤ ਦੀ ਝਾਬੂਆ ਤਹਿਸੀਲ ਦੇ ਪਿੰਡ ਭਾਵਰਾ ਵਿਚ ਇਕ ਬ੍ਰਾਹਮਣ ਪਰਿਵਾਰ ਵਿਚ
ਪੰਡਿਤ ਸੀਤਾ ਰਾਮ ਤਿਵਾਰੀ ਅਤੇ ਜਗਰਾਣੀ ਦੇਵੀ ਦੇ ਘਰ 23 ਜੁਲਾਈ 1906 ਨੂੰ ਚੰਦਰ ਸ਼ੇਖਰ ਦਾ ਜਨਮ ਹੋਇਆ। ਉਹ ਬਚਪਨ
ਤੋਂ ਹੀ ਪਰਿਵਾਰਕ ਪਿਛੋਕੜ ਤੋਂ ਉਲਟ ਬਾਗੀਆਨਾ ਤਬੀਅਤ ਦੇ ਮਾਲਕ ਸਨ। ਪੜ੍ਹਾਈ ਨਾਲੋਂ ਤੀਰ-ਕਮਾਨ
ਵਰਗੀਆਂ ਖੇਡਾਂ ਵਿਚ ਜਿ਼ਆਦਾ ਰੁਚੀ ਰੱਖਦੇ ਸਨ। ਪਿਤਾ ਜੀ ਨੇ ਸਕੂਲੋਂ ਹਟਾ ਕੇ ਤਹਿਸੀਲ ਵਿਚ ਹੀ
ਕੰਮ ਉਤੇ ਲਵਾ ਦਿੱਤਾ ਪਰ ਚੰਦਰ ਸ਼ੇਖਰ ਨੌਕਰੀ ਛੱਡ ਕੇ ਬੰਬਈ ਚਲੇ ਗਏ ਅਤੇ ਇੱਥੇ ਕਈ ਵਰ੍ਹੇ ਰਹੇ।
ਕੁਝ ਸਮਾਂ ਜਹਾਜ਼ਾਂ ਦੇ ਰੰਗ-ਰੋਗਨ ਦਾ ਕੰਮ ਵੀ ਕੀਤਾ। ਅਖੀਰ ਬੰਬਈ ਦੀ ਮਸ਼ੀਨੀ ਜਿ਼ੰਦਗੀ ਅਤੇ
ਬੰਦਰਗਾਹਾਂ ਉੱਤੇ ਫਟੇਹਾਲ ਖੜ੍ਹੇ ਜਹਾਜ਼ਾਂ ਨੂੰ ਅਲਵਿਦਾ ਆਖ ਆਪਣੀ ਜਿ਼ੰਦਗੀ ਦੇ ਮਲਾਹ ਬਣਨ ਦਾ
ਫੈਸਲਾ ਕੀਤਾ। ਬੰਬਈ ਛੱਡ ਕੇ ਉਹ ਬਨਾਰਸ ਸੰਸਕ੍ਰਿਤ ਦੀ ਪੜ੍ਹਾਈ ਕਰਨ ਚਲੇ ਗਏ। ਇੱਥੇ ਹੀ ਉਨ੍ਹਾਂ
ਨੇ ਸੰਸਕ੍ਰਿਤ ਦੇ ਨਾਲ ਨਾਲ ਦੇਸ਼ ਭਗਤੀ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ। 1920-21 ਦੇ ਸੱਤਿਆਗ੍ਰਹਿ ਵਿਚ ਭਾਗ ਲਿਆ ਅਤੇ ਬੈਂਤਾਂ
ਦੀ ਸਜ਼ਾ ਮਿਲੀ। ਇਸ ਨੇ ਉਨ੍ਹਾਂ ਨੂੰ ਪਹਿਲੀ ਵਾਰ ਅੰਗੇਰਜ਼ੀ ਹਕੂਮਤ ਦੇ ਜਬਰ ਦਾ ਨੇੜਿਓਂ ਅਹਿਸਾਸ
ਕਰਵਾਇਆ। ਉਨ੍ਹਾਂ ਮਹਿਸੂਸ ਕੀਤਾ ਕਿ ਕਿਵੇਂ ਦੇਸ਼ ਦੇ ਮਜ਼ਦੂਰ ਕਿਸਾਨ ਬਰਤਾਨਵੀ ਜੂਲੇ ਹੇਠ ਨਰਕ
ਵਾਲੀ ਜਿ਼ੰਦਗੀ ਬਤੀਤ ਕਰ ਰਹੇ ਹਨ। ਇਸ ਦਿਨ ਤੋਂ ਹੀ ਤਿਵਾਰੀ ਜੀ ‘ਆਜ਼ਾਦ’ ਹੋ ਗਏ।
ਉਹ ਰਾਮ
ਪ੍ਰਸ਼ਾਦ ਬਿਸਮਿਲ ਦੀ ਅਗਵਾਈ ਹੇਠ ਇਨਕਲਾਬੀਆਂ ਸੰਗ ਮਿਲ ਗਏ ਜਿੱਥੇ ਉਨ੍ਹਾਂ ਆਪਣੇ ਕੱਟੜ ਹਿੰਦੂ
ਵਿਚਾਰਾਂ ਅਤੇ ਕਰਮ-ਕਾਂਡ ਛੱਡ ਕੇ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਦੀ ਹੀ
ਅਗਵਾਈ ਹੇਠ 9 ਅਗਸਤ 1925 ਨੂੰ ਕਾਕੋਰੀ ਰੇਲ ਕਾਂਡ ਵਿਚ ਅਹਿਮ ਯੋਗਦਾਨ
ਪਾਇਆ। ਇਸ ਕਾਂਡ ਬਾਅਦ ਜਦੋਂ ਹਕੂਮਤੀ ਜਬਰ ਤਿੱਖਾ ਹੋਇਆ ਤਾਂ ਉਹ ਫਰਾਰ ਹੋ ਕੇ ਝਾਂਸੀ ਆ ਗਏ ਅਤੇ
ਇੱਥੇ ਹਰੀਸ਼ੰਕਰ ਬ੍ਰਹਮਚਾਰੀ ਬਣ ਕੇ ਰਹਿਣ ਲੱਗੇ। ਇੱਥੇ ਹੀ ਉਹ ਭਗਤ ਸਿੰਘ ਨਾਲ ਮਿਲ ਕੇ ਇਨਕਲਾਬੀ
ਗਤੀਵਿਧੀਆਂ ਕਰਦੇ ਰਹੇ। ਭਗਤ ਸਿੰਘ ਦੀ ਸੰਗਤ ਵਿਚ ਹੀ ਆਜ਼ਾਦ ਨੇ ਸਮਾਜਵਾਦੀ ਵਿਚਾਰਾਂ ਤੇ ਪਕੜ
ਹਾਸਲ ਕੀਤੀ ਅਤੇ ਧਾਰਮਿਕ ਕੱਟੜਤਾ ਛੱਡਦਿਆਂ ਧਰਮ ਨਿਰਪੱਖਤਾ ਦੇ ਵਿਚਾਰ ਧਾਰਨ ਕੀਤੇ। ਬ੍ਰਹਮਚਾਰੀ
ਜੀਵਨ ਗੁਜ਼ਾਰਨ ਦੇ ਬਾਵਜੂਦ ਆਜ਼ਾਦ ਔਰਤ ਪ੍ਰਤੀ ਆਪਣੇ ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਪਾਰਟੀ
ਅੰਦਰ ਔਰਤ ਕਾਡਰ ਦੀ ਹਿੱਸੇਦਾਰੀ ਨੂੰ ਅਹਿਮ ਮੰਨਦੇ ਸਨ। ਪਾਰਟੀ ਨੂੰ ਜੱਥੇਬੰਦ ਕਰਨ ਦੇ ਅਹਿਮ
ਕਾਰਜ ਤੋਂ ਇਲਾਵਾ ਉਹ ਸਾਂਡਰਸ ਕਤਲ ਕਾਂਡ, ਅਸੈਂਬਲੀ ਵਿਚ ਬੰਬ ਸੁੱਟਣ ਅਤੇ ਵਾਇਸਰਾਏ ਦੀ
ਗੱਡੀ ਤੇ ਹਮਲਾ ਕਰਨ ਦੀਆਂ ਕਾਰਵਾਈਆਂ ਵਿਚ ਵੀ ਸ਼ਾਮਲ ਰਹੇ। ਆਜ਼ਾਦ ਦੀ ਸ਼ਖ਼ਸੀਅਤ ਜਿੱਥੇ ਬੇਹੱਦ
ਅਨੁਸ਼ਾਸਨੀ ਅਤੇ ਇਨਕਲਾਬੀ ਜਨੂਨ ਨਾਲ ਲਬਾਲਬ ਸੀ, ਉੱਥੇ ਉਹ ਕੋਮਲ ਮਨੁੱਖੀ ਭਾਵਨਾਵਾਂ ਦੀ ਕਦਰ
ਕਰਨ ਵਾਲਾ ਸੰਵੇਦਨਸ਼ੀਲ ਇਨਸਾਨ ਵੀ ਸੀ। ਉਨ੍ਹਾਂ ਦਾ ਆਜ਼ਾਦੀ ਪ੍ਰਾਪਤੀ ਦਾ ਆਦਰਸ਼ ਅਤੇ ਮਨੁੱਖ
ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਉਸਾਰੀ ਦਾ ਸੁਪਨਾ ਹੀ ਉਨ੍ਹਾਂ ਦੀ ਊਰਜਾ ਦਾ ਸਰੋਤ ਸੀ। 27 ਫਰਵਰੀ 1931 ਨੂੰ ਅਲਾਹਾਬਾਦ ਦੇ ਐਲਫਰੈੱਡ ਪਾਰਕ ਵਿਚ
ਅੰਗਰੇਜ਼ ਹਕੂਮਤ ਨਾਲ ਲੜਦਿਆਂ ਜੋ ਮਾਣਮੱਤੀ ਸ਼ਹਾਦਤ ਉਨ੍ਹਾਂ ਪਾਈ, ਉਸ ਕੁਰਬਾਨੀ ਦੀ ਲਾਟ ਕਦੇ ਵੀ ਮੱਧਮ ਨਹੀਂ
ਪਵੇਗੀ।
ਆਜ਼ਾਦ
ਕੌਮੀ ਮੁਕਤੀ ਲਹਿਰ ਦਾ ਨਿੱਡਰ ਸੈਨਾਪਤੀ ਸੀ, ਇਸ ਦੀਆਂ ਬਾਤਾਂ ਸਦੀਆਂ ਤੱਕ ਪੈਂਦੀਆਂ
ਰਹਿਣਗੀਆਂ। ਉਹ ਬਾਗੀ ਅਤੇ ਆਜ਼ਾਦ ਵਿਚਾਰਾਂ ਵਾਲੇ ਨੌਜਵਾਨਾਂ ਲਈ ਊਰਜਾ ਦਾ ਸਰੋਤ ਬਣਿਆ ਰਹੇਗਾ।
ਤੇਰੀ ਲਾਸਾਨੀ ਸ਼ਹਾਦਤ ਨੂੰ ਸਲਾਮ ‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ (ਐੱਚਐੱਸਆਰਏ) ਦੇ ਬਹਾਦਰ
ਕਮਾਂਡਰ!
-ਮਨਦੀਪ
ਸੰਪਰਕ: +1-438-924-2052

No comments:
Post a Comment