Search This Blog

Sunday, April 26, 2026

ਮਈ ਦਿਵਸ ਦੀ ਇਤਿਹਾਸਕ ਮਹੱਤਤਾ

      


 ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱਤਵ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਕਿਉਂਕਿ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ’ ਦਾ ਮਈ ਦਿਵਸ ਦਾ ਸੁਨੇਹਾ ਤੇ ਸੰਸਾਰ ਮਜ਼ਦੂਰ ਜਮਾਤ ਦੀ ਬੰਦ-ਖ਼ਲਾਸੀ ਦਾ ਸੰਕਲਪ ਹਾਲੇ ਅਧੂਰਾ ਪਿਆ ਹੈ। ਇਤਿਹਾਸ ਦਾ ਇਹ ਸੱਚ ਕਿਰਤੀ ਜਮਾਤ ਦੇ ਸੰਘਰਸ਼ਾਂ ਲਈ ਨਵੀਂ ਊਰਜਾ ਤੇ ਪ੍ਰੇਰਨਾ ਦਾ ਸੋਮਾ ਹੈ। ਉਨੀਵੀਂ ਸਦੀ ਦੇ ਅੱਧ ਵਿਚ ‘ਅੱਠ ਘੰਟੇ ਕੰਮ ਦਿਹਾੜੀ’ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੰਘਰਸ਼ ਜੱਥੇਬੰਦ ਹੋਣ ਲੱਗੇ ਸਨ। ਇਸ ਤੋਂ ਪਹਿਲਾਂ 1848 ਵਿਚ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਸਭ ਤੋਂ ਜਬਰਦਸਤ ਐਲਾਨਨਾਮੇ 'ਕਮਿਊਨਿਸਟ ਮੈਨੀਫੈਸਟੋ' ਦੀ ਰਚਨਾ ਕੀਤੀ ਸੀ। ਇਸਦੀ ਰੌਸ਼ਨੀ ਵਿਚ 1866 'ਚ 8 ਘੰਟੇ ਦੀ ਦਿਹਾੜੀ ਦੀ ਮੰਗ ਤੇ ਜ਼ੋਰ ਦਿੱਤਾ ਗਿਆ। ਯੂਰਪ ਵਿਚ 'ਅੱਠ ਘੰਟਾ ਲੀਗ' ਨਾਂ ਦੇ ਕਈ ਮਜ਼ਦੂਰ ਸੰਗਠਨ ਬਣਨੇ ਸ਼ੁਰੂ ਹੋਏ। ਮਜ਼ਦੂਰ ਸੰਘਰਸ਼ ਦੇ ਦਬਾਅ ਹੇਠ ਜਨਰਲ ਅਸੈਂਬਲੀ ਨੇ ਮਾਰਚ 1867 ਵਿਚ ਅੱਠ ਘੰਟੇ ਦਿਹਾੜੀ ਨੂੰ 'ਇਲੀਨਾਏ ਰਾਜ ਵਿਚ ਵਿਧਾਨਕ ਕੰਮ ਦਿਹਾੜੀ' ਵਜੋਂ ਐਲਾਨ ਦਿੱਤਾ। ਪਰ ਇਸ ਐਲਾਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਾੜੀਆਂ ਕੰਮ ਹਾਲਤਾਂ ਤੇ ਘੱਟ ਤਨਖ਼ਾਹ ਤੇ 14-14, 15-15 ਘੰਟੇ ਸਖਤ ਮਿਹਨਤ ਕਰਨੀ ਪੈਂਦੀ ਸੀ। ਜੇ ਕੋਈ ਮਜ਼ਦੂਰ ਕੰਮ ਤੋਂ ਇਨਕਾਰ ਕਰਦਾ ਤਾਂ ਉਸਨੂੰ ਬੇਰੁਜਗਾਰਾਂ ਦੀ ਸਥਾਈ ਭੀੜ ਵੱਲ ਧੱਕ ਦਿੱਤਾ ਜਾਂਦਾ ਸੀ।

        ਕੰਮ ਦੇ ਅਨਿਸਚਿਤ ਸਮੇਂ, ਘੱਟ ਉਜਰਤਾਂ ਤੇ ਮਾੜੀਆਂ ਕੰਮ ਹਾਲਤਾਂ ਵਿਰੁੱਧ ਅਮਰੀਕਾ ਦੀ ‘ਫੈਡਰੇਸ਼ਨ ਆੱਫ ਆਰਗੇਨਾਈਜ਼ਡ ਟਰੇਡ ਐਂਡ ਲੇਬਰ’ ਯੂਨੀਅਨ ਨੇ 8 ਘੰਟੇ ਕੰਮ ਦਿਹਾੜੀ ਲਾਗੂ ਕਰਨ ਦੀ ਆਖਰੀ ਤਰੀਖ 1 ਮਈ 1886 ਨੂੰ ਪਹਿਲੇ ਮਈ ਦਿਵਸ ਵਜੋਂ ਤਹਿ ਕਰਕੇ ਇਸਨੂੰ ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਹਾੜੇ ਤੇ ਅਮਰੀਕਾ ਦੇ 12,000 ਕਾਰਖਾਨਿਆਂ ਦੇ ਤਿੰਨ ਲੱਖ ਚਾਲੀ ਹਜ਼ਾਰ ਮਜ਼ਦੂਰ ਦੇਸ਼-ਪੱਧਰੀ ਹੜਤਾਲ ਵਿਚ ਕੁੱਦ ਪਏ। ਇਨ੍ਹਾਂ ਮਜ਼ਦੂਰ ਸੰਘਰਸ਼ਾਂ ਅੰਦਰ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ, ਜਾਰਜ ਏਂਜਲ, ਮਾਈਕਲ ਸ਼ਵਾਬ, ਸੈਮੂਅਲ ਫੀਲਡਜ਼ ਤੇ ਲੂਈ ਲਿੰਗ ਵਰਗੇ ਮਜ਼ਦੂਰ ਨੌਜਵਾਨਾਂ ਦੇ ਜੋਸ਼ੀਲੇ ਭਾਸ਼ਨਾਂ ਤੇ ਵਿਚਾਰਾਂ ਦਾ ਬੜਾ ਅਸਰ ਸੀ। ਇਨ੍ਹਾਂ ਨੌਜਵਾਨ ਮਜ਼ਦੂਰ ਆਗੂਆਂ ਦੀ ਯੋਗ ਅਗਵਾਈ ਹੇਠ ਅਮਰੀਕਾ ‘ਚ ਮਜ਼ਦੂਰ ਲਹਿਰ ਲਗਾਤਾਰ ਵੇਗ ਫੜਦੀ ਗਈ।

      


 ਮਈ ਦਿਹਾੜੇ ਤੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕਿਟ 'ਚ ਮਜ਼ਦੂਰਾਂ ਦਾ ਵਿਸ਼ਾਲ ਜਨ-ਸੈਲਾਬ ਉਮੜ ਪਿਆ। ਮਜ਼ਦੂਰ ਜਮਾਤ ਦਾ ਇਹ ਸਿਆਸੀ ਤੇ ਜੂਝਾਰੂ ਇਤਿਹਾਸਕ ਮਾਰਚ ਸਰਮਾਏਦਾਰ ਜਮਾਤ ਨੂੰ ਉਹ ਦਿਨ ਚੇਤੇ ਕਰਾ ਰਿਹਾ ਸੀ ਜਦੋਂ  ਪੈਰਿਸ ਕਮਿਊਨ (1871) ਦੇ ਯੋਧਿਆਂ ਵੱਲੋਂ ਲੜਿਆ ਮਹਾਨ ਹਥਿਆਰਬੰਦ ਘੋਲ ਹੇਠਲੀ ਉੱਤੇ ਕਰਕੇ ਉਨ੍ਹਾਂ ਨੂੰ ਨਾਨੀ ਚੇਤੇ ਕਰਾ ਗਿਆ ਸੀ। ਇਸ ਦੌਰਾਨ ਹੇਅ ਮਾਰਕਿਟ ਸਕਵੇਅਰ 'ਚ ਹੋ ਰਹੀ ਸਭਾ ਉੱਪਰ ਪੁਲਿਸ ਨੇ ਮਜ਼ਦੂਰਾਂ ਉੱਪਰ ਹਮਲਾ ਕਰ ਦਿੱਤਾ। ਸਰਮਾਏਦਾਰੀ ਸਾਜ਼ਿਸ਼ ਰਾਹੀਂ ਮਜ਼ਦੂਰ ਮੁਜਾਹਰੇ ਵਾਲੀ ਥਾਂ ਇਕ ਬੰਬ ਵਿਸਫੋਟ ਕਰਵਾਇਆ ਗਿਆ। ਜਿਸ ਵਿਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ, ਚਾਰ ਮਜ਼ਦੂਰ ਸ਼ਹੀਦ ਹੋ ਗਏ। 11 ਨਵੰਬਰ 1887 ਨੂੰ 'ਸ਼ੁੱਕਰਵਾਰ ਦੇ ਕਾਲੇ ਦਿਨ' ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ ਤੇ ਜਾਰਜ ਏਂਜਲ ਨੂੰ ਫਾਂਸੀ ਦਿੱਤੀ ਗਈ। ਮਜ਼ਦੂਰ ਸ਼ਹੀਦਾਂ ਦੇ ਵਕੀਲ ਵਿਲੀਅਮ ਬਲੈਕ ਨੇ ਮਜ਼ਦੂਰ ਆਗੂਆਂ ਦੀ ਕਬਰ ਤੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ "ਉਹਨਾਂ ਨੂੰ ਅਰਾਜਕਤਾਵਾਦੀ ਕਿਹਾ ਜਾਂਦਾ ਹੈ। ਇਉਂ ਉਹਨਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਅਤੇ ਦੁਨੀਆਂ ਸਾਹਮਣੇ ਉਹਨਾਂ ਨੂੰ ਅਜਿਹੇ ਆਦਮੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜੋ ਆਪਣੀ ਖੁਸ਼ੀ ਦੀ ਖਾਤਿਰ ਹਿੰਸਾ, ਦੰਗਾ-ਫਸਾਦ ਅਤੇ ਖੂਨ-ਖਰਾਬਾ ਪਸੰਦ ਕਰਦੇ ਸਨ ਅਤੇ ਜੋ ਮੌਜੂਦਾ ਵਿਵਸਥਾ ਦੇ ਖਿਲਾਫ ਨਹੱਕੀ ਤੇ ਅਬੁੱਝ ਨਫਰਤ ਨਾਲ ਲਬਰੇਜ਼ ਸਨ।ਪਰ ਇਹ ਗੱਲ ਸਚਾਈ ਤੋਂ ਕੋਹਾਂ ਦੂਰ ਹੈ। ਉਹ ਤਾਂ ਅਜਿਹੇ ਲੋਕ ਸਨ ਜੋ ਸ਼ਾਂਤੀ ਚਾਹੁੰਦੇ ਸਨ। ਉਹ ਦਿਆਲੂ ਰੁਚੀਆਂ ਤੇ ਕੋਮਲ ਦਿਲ ਵਾਲੇ ਸਾਊ ਬੰਦੇ ਸਨ। ਉਨ੍ਹਾਂ ਦੇ ਜਾਣਕਾਰ ਉਨ੍ਹਾਂ ਨਾਲ ਪਿਆਰ ਕਰਦੇ ਸਨ ਅਤੇ ਜਿਹੜੇ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਇਮਾਨਦਾਰੀ ਤੇ ਪਵਿੱਤਰਤਾ ਨੂੰ ਜਾਣ ਲੈਂਦੇ ਸਨ ਉਹ ਉਹਨਾਂ ਤੇ ਅਥਾਹ ਭਰੋਸਾ ਕਰਦੇ ਸਨ, ਅਤੇ ਉਹਨਾਂ ਦਾ ਸੁਪਨਾ ਇਕ ਅਜਿਹੇ ਸਮਾਜਿਕ ਨਿਜ਼ਾਮ ਦੀ ਸਿਰਜਨਾ ਕਰਨਾ ਸੀ ਜਿਸ ਦਾ ਉਦੇਸ਼ ਵਾਕ ਹੈ : " ਜ਼ੋਰ-ਜ਼ਬਰਦਸਤੀ ਤੋਂ ਮੁਕਤ ਨਿਜ਼ਾਮ।"

        ਕਈ ਲੋਕ ਸੋਚਦੇ ਹਨ ਕਿ ਹੁਣ ਤਾਂ 8 ਘੰਟੇ ਦਾ ਕਾਨੂੰਨ ਬਣ ਗਿਆ ਹੈ, ਫਿਰ ਅੱਜ ਮਈ ਦਿਵਸ ਦੀ ਕੀ ਲੋੜ ਹੈ? ਪਰ ਸੱਚਾਈ ਇਸ ਦੇ ਉਲਟ ਹੈ। ਅੱਜ ਮਜ਼ਦੂਰ ਜਮਾਤ 'ਨਵ-ਉਦਾਰਵਾਦ' ਦੇ ਸਭ ਤੋਂ ਘਾਤਕ ਹਮਲੇ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਤੋਂ ਲੈ ਕੇ ਭਾਰਤ ਤੱਕ, ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ 'ਲੇਬਰ ਕਾਨੂੰਨਾਂ' ਨੂੰ ਖ਼ਤਮ ਕਰ ਰਹੀਆਂ ਹਨ ਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਪਾਸ ਕੀਤੇ ਜਾ ਰਹੇ ਹਨ। ਜਿਨ੍ਹਾਂ ਹੱਕਾਂ ਲਈ ਸ਼ਿਕਾਗੋ ਦੇ ਸ਼ਹੀਦਾਂ ਨੇ ਫਾਂਸੀ ਦੇ ਫੰਦੇ ਚੁੰਮੇ ਸਨ, ਉਨ੍ਹਾਂ 8 ਘੰਟਿਆਂ ਨੂੰ ਅੱਜ ਫਿਰ ਤੋਂ 12 ਘੰਟੇ ਦੀ ਦਿਹਾੜੀ ਵਿੱਚ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਅੱਜ ਦੇ 'ਗਿੱਗ ਇਕਾਨਮੀ' ਦੇ ਦੌਰ ਵਿੱਚ ਜ਼ੋਮੈਟੋ, ਸਵਿਗੀ, ਓਲਾ, ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੱਖਾਂ ਨੌਜਵਾਨਾਂ ਨੂੰ 'ਪਾਰਟਨਰ' ਕਹਿ ਕੇ ਉਨ੍ਹਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਨਾ ਪੱਕੀ ਨੌਕਰੀ ਹੈ, ਨਾ ਪੈਨਸ਼ਨ ਅਤੇ ਨਾ ਹੀ ਕੋਈ ਸਮਾਜਿਕ ਸੁਰੱਖਿਆ। ਕੰਟਰੈਕਟ ਸਿਸਟਮ ਰਾਹੀਂ ਮਜ਼ਦੂਰਾਂ ਨੂੰ ਪੱਕਾ ਕਰਨ ਦੀ ਬਜਾਏ ਦਿਹਾੜੀਦਾਰ ਬਣਾ ਕੇ ਰੱਖਣਾ ਮਜ਼ਦੂਰ ਜਮਾਤ ਦੀ ਜੱਥੇਬੰਦਕ ਤਾਕਤ ਨੂੰ ਤੋੜਨ ਦੀ ਇੱਕ ਡੂੰਘੀ ਸਾਜ਼ਿਸ਼ ਹੈ।

        ਜਿਸ ਅਮਰੀਕਾ ਤੋਂ ਮਈ ਦਿਵਸ ਸ਼ੁਰੂ ਹੋਇਆ ਸੀ ਉੱਥੇ ਦੀ ਸਰਕਾਰ ਨੇ ਇਸ ਦੇ ਇਨਕਲਾਬੀ ਪ੍ਰਭਾਵ ਤੇ ਸੁਨੇਹੇ ਨੂੰ ਮੱਠਾ ਪਾਉਣ ਲਈ 'ਲੇਬਰ ਡੇ' ਇੱਕ ਮਈ ਦੀ ਥਾਂ ਸਤੰਬਰ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਇਤਿਹਾਸ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਫਿਰ ਤੋਂ ਅਮਰੀਕਾ ਵਿੱਚ ਮਜ਼ਦੂਰ ਜਾਗ ਰਹੇ ਹਨ। ਸਟਾਰਬਕਸ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਬਣ ਰਹੀਆਂ 'ਯੂਨੀਅਨਾਂ' ਤੇ ਸਰਕਾਰੀ ਨੀਤੀਆਂ ਖਿਲਾਫ਼ ਉੱਠ ਰਹੇ ਇਤਿਹਾਸਕ ਵਿਰੋਧ ਇਸ ਗੱਲ ਦਾ ਸਬੂਤ ਹਨ ਕਿ ਸਰਮਾਏਦਾਰ ਮਜ਼ਦੂਰਾਂ ਦੀ ਆਵਾਜ਼ ਨੂੰ ਹਮੇਸ਼ਾ ਲਈ ਨਹੀਂ ਦਬਾ ਸਕਦੇ। 

ਸੰਸਾਰ ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਸੰਕਟ ਦੀ ਦਲਦਲ 'ਚ ਬੁਰੀ ਤਰ੍ਹਾਂ ਧਸ ਰਿਹਾ ਹੈ। ਮਾਰਕਸਵਾਦ ਦੇ ਮਹਾਨ ਅਧਿਆਪਕਾਂ ਦੀਆਂ ਵਿਗਿਆਨਕ ਇਤਿਹਾਸਕ ਭਵਿੱਖਬਾਣੀਆਂ ਸੱਚ ਸਾਬਤ ਹੋ ਰਹੀਆਂ ਹਨ। ਸਾਮਰਾਜੀ-ਸਰਮਾਏਦਾਰ ਸਰਮਾਏ ਦੇ ਵਧਾਰੇ ਲਈ ਹਰ ਘਿਨਾਉਣੇ ਅਮਾਨਵੀ ਪੱਧਰ ਤੱਕ ਗਿਰ ਰਹੇ ਹਨ। ਉਹ ਆਪਣੇ ਬਚਾਅ ਲਈ ਮਾਰਕਸ ਦੀ ਕਿਤਾਬ 'ਸਰਮਾਇਆ' ਵਿੱਚੋਂ ਨੁਸਖੇ ਲੱਭਣ ਦੀ ਮੱਕਾਰੀ ਭਰਮ 'ਚ ਪਏ ਹੋਏ ਹਨ, ਪਰ ਮਾਰਕਸ ਦਾ ਸਰਮਾਇਆ ਮਜ਼ਦੂਰ ਜਮਾਤ ਦੀ ਮੁਕਤੀ ਦਾ ਰਾਹ ਹੈ।

        ਮਈ ਦਿਵਸ ਦੀ ਰੌਸ਼ਨੀ ‘ਚ ਮਿਹਨਤਕਸ਼ਾਂ ਨੂੰ ਆਪਣੀ ਜਿੱਤ ਦੀ ਤਿਆਰੀ 'ਚ ਹੋਰ ਵੱਧ ਤੱਦੀ ਨਾਲ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ।

  • ਮਨਦੀਪ (+1 438-924-2052)

Sunday, April 5, 2026

ਇਰਾਨ ਜੰਗ ਦਾ ਵਿਸ਼ਵਵਿਆਪੀ ਪ੍ਰਭਾਵ-ਮਨਦੀਪ


    
ਮੱਧ ਪੂਰਬ ਦਹਾਕਿਆਂ ਤੋਂ ਜੰਗੀ ਤੇ ਭੂ-ਸਿਆਸੀ ਖਿੱਚੋਤਾਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਖਿੱਤੇ ’ਚ ਇਰਾਨ ਉੱਤੇ ਥੋਪੀ ਅਮਰੀਕੀ-ਇਜ਼ਰਾਈਲੀ ਜੰਗ ਇਸ ਸਮੇਂ ਇੱਕ ਅਜਿਹੇ ਮੋੜ ’ਤੇ ਆ ਖੜ੍ਹੀ ਹੈ ਜਿੱਥੋਂ ਇਰਾਨ ਸਮੇਤ ਨਵੀਂ ਵਿਸ਼ਵ ਵਿਵਸਥਾ ਦਾ ਭਵਿੱਖ ਤੈਅ ਹੋਵੇਗਾ। ਅਮਰੀਕਾ-ਇਜ਼ਰਾਈਲ ਗੱਠਜੋੜ ਵੱਲੋਂ ਇਰਾਨੀ ਟਿਕਾਣਿਆਂ ’ਤੇ ਕੀਤੇ ਜਾ ਰਹੇ ਤਾਜ਼ਾ ਜੰਗੀ ਹਮਲੇ ਕੇਵਲ ਦੋ ਦੇਸ਼ਾਂ ਦੀ ਜੰਗ ਨਹੀਂ, ਸਗੋਂ ਇੱਕ ਨਵੀਂ ਵਿਸ਼ਵ ਵਿਵਸਥਾ ਦਾ ਨਵਾਂ ਮੁਹਾਂਦਰਾ ਸਿਰਜਣ ਅਤੇ ਪੁਰਾਣੀ ਅਮਰੀਕੀ ਸਾਮਰਾਜੀ ਚੌਧਰ ਨੂੰ ਬਚਾਉਣ ਦੀ ਲੜਾਈ ਹੈ। ਇਸ ਨਾਲ ਸੰਸਾਰ ਦੀਆਂ ਦੂਜੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਹੈਸੀਅਤ ਦੀ ਪਰਖ ਤੇ ਭਵਿੱਖੀ ਨਿਰਣੇ ਵੀ ਜੁੜੇ ਹੋਏ ਹਨ।
    ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਘਾਤਕ ਹਮਲੇ ਲਗਾਤਾਰ ਜਾਰੀ ਹਨ ਜਿਸ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਦੇ ਨਾਲ-ਨਾਲ ਇਰਾਨ ਦੇ ਤੇਲ-ਪਾਣੀ ਸੋਧਕ ਕਾਰਖਾਨਿਆਂ, ਫੌਜੀ ਟਿਕਾਣਿਆਂ ਤੇ ਹੋਰ ਬੁਨਿਆਦੀ ਢਾਂਚਿਆਂ ’ਤੇ ਹੋਏ ਹਮਲਿਆਂ ਨੇ ਜਿੱਥੇ ਆਰਥਿਕ ਮੰਦਹਾਲੀ ’ਚ ਫਸੇ ਇਰਾਨ ਦੀ ਆਰਥਿਕਤਾ ਦੀ ਰੀੜ੍ਹ ’ਤੇ ਸੱਟ ਮਾਰੀ ਹੈ, ਉੱਥੇ ਸਮੁੱਚੀ ਗਲੋਬਲ ਆਰਥਿਕਤਾ ਦੇ ਨੈਣ-ਨਕਸ਼ ਬਦਲ ਕੇ ਰੱਖ ਦਿੱਤੇ ਹਨ। ਦੂਜੇ ਪਾਸੇ ਇਰਾਨ ਦੀ ਜਵਾਬੀ ਕਾਰਵਾਈ ਸਿਰਫ਼ ਸਿੱਧੀਆਂ ਮਿਜ਼ਾਈਲਾਂ ਦਾਗਣ ਤੱਕ ਸੀਮਤ ਨਹੀਂ ਹੈ, ਸਗੋਂ ਹਿਜ਼ਬੁੱਲਾ (ਲੈਬਨਾਨ), ਹੂਤੀ ਬਾਗੀਆਂ (ਯਮਨ) ਅਤੇ ਇਰਾਕੀ ਮਿਲੀਸ਼ੀਆ ਪ੍ਰੌਕਸੀ ਗਰੁੱਪਾਂ ਰਾਹੀਂ ਅਮਰੀਕਾ-ਇਜ਼ਰਾਈਲ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਇਰਾਨ ਨੇ ਹੋਰਮੁਜ਼ ਤੇ ਲਾਲ ਸਾਗਰ ਜਲਮਾਰਗਾਂ ’ਚ ਰੋਕਾਂ ਡਾਹ ਕੇ ਅਮਰੀਕਾ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ, ਜਿਸਦਾ ਸੰਸਾਰ ਆਰਥਿਕਤਾ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਜੰਗਬੰਦੀ ਲਈ ਵਿਸ਼ਵਵਿਆਪੀ ਦਬਾਅ ਵਧ ਰਿਹਾ ਹੈ। ਅਮਰੀਕਾ ਅੰਦਰ ਮਾਰੂ ਜੰਗ ਤੇ ਟਰੰਪ ਪ੍ਰਸ਼ਾਸ਼ਨ ਖਿਲਾਫ ਉਮੜਿਆ ਜਨ-ਸੈਲਾਬ ਇਤਿਹਾਸਕ ਹੋ ਨਿਬੜਿਆ ਹੈ। ਇਸ ਸਮੇਂ ਮੱਧ ਪੂਰਬ ਵਿੱਚ ਚੱਲਦੇ ਬੰਬਾਂ ਦੀ ਗੂੰਜ ਦੁਨੀਆ ਭਰ ਦੀਆਂ ਮੰਡੀਆਂ ’ਚ ਸੁਣਾਈ ਦੇ ਰਹੀ ਹੈ। ਤੇਲ ਕੀਮਤ $112 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜਿਸ ਨਾਲ ਭਾਰਤ ਸਮੇਤ ਅਨੇਕਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਮਹਿੰਗਾਈ ਦੀ ਗਾਜ਼ ਡਿੱਗ ਰਹੀ ਹੈ। ਉਧਰ ਲਾਲ ਸਾਗਰ ਵਿੱਚ ਹੂਤੀ ਹਮਲਿਆਂ ਨੇ ਪਹਿਲਾਂ ਹੀ ਸਮੁੰਦਰੀ ਵਪਾਰ ਨੂੰ ਮਹਿੰਗਾ ਤੇ ਮੁਸ਼ਕਲ ਕਰ ਦਿੱਤਾ ਸੀ, ਪਰ ਤਾਜ਼ਾ ਹਮਲਿਆਂ ਨਾਲ ਇਹ ਖ਼ਤਰਾ ਹੋਰ ਵੱਧ ਗੰਭੀਰ ਰੂਪ ਧਾਰਨ ਕਰ ਗਿਆ ਹੈ। ਅਮਰੀਕਾ ਵੱਲੋਂ ਜੰਗ ’ਚ ਏ ਆਈ ਦੀ ਵਰਤੋਂ ਕਰਨ ਤੇ ਇਰਾਨ ਵੱਲੋਂ ਅਮਰੀਕੀ ਡਾਟਾ ਸੈਂਟਰਾਂ ਉੱਤੇ ਹਮਲਾ ਕਰਨ, ਲੈਬਨਾਨ ’ਚ ਇਜ਼ਰਾਈਲ ਵੱਲੋਂ ਬਦਨਾਮ ਤੇ ਪਾਬੰਦੀਸ਼ੁਦਾ ਘਾਤਕ ਕੈਮੀਕਲ ਚਿੱਟੇ ਫਾਸਫੋਰਸ ਦੀ ਵਰਤੋਂ ਕਰਨ, ਇਰਾਨ ਵੱਲੋਂ ਪੈਟਰੋਡਾਲਰ ਨੂੰ ਚੁਣੌਤੀ ਤੇ ਸਮੁੰਦਰੀ ਲਾਂਘੇ ਦੇ ਭਾੜੇ ਦੀ ਭਰਪਾਈ ਚੀਨੀ ਯੂਆਨ ’ਚ ਕਰਨ, ਗਲਫ਼ ਮੁਲਕਾਂ ਨੂੰ ਦਿੱਤੀ ਜਾਂਦੀ ਅਮਰੀਕੀ ਸੁਰੱਖਿਆ ਗਾਰੰਟੀ ਦੀ ਪੋਲ ਖੁੱਲ੍ਹਣ, ਸ਼ੇਅਰ ਬਾਜ਼ਾਰ ਵਿੱਚ ਅਸਥਿਰਤਾ ਖੜ੍ਹੀ ਕਰਨ, ਅਮਰੀਕਾ ਸਿਰ ਕਰਜ਼ ਸੰਕਟ (39 ਖਰਬ ਡਾਲਰ) ਵਧਣ, ਡਾਲਰ ਦੀ ਕਦਰ-ਘਟਣ ਨਾਲ ਇਰਾਨ ਨੇ ਮਹਾਸ਼ਕਤੀ ਅਮਰੀਕਾ ਤੇ ਉਸਦੇ ਜੋਟੀਦਾਰ ਇਜ਼ਰਾਈਲ ਨੂੰ ਮਹਿੰਗੀ, ਬਦਨਾਮ ਤੇ ਅਜਿੱਤ ਜੰਗ ਵੱਲ ਝੋਕ ਦਿੱਤਾ ਹੈ। ਟਰੰਪ ਪ੍ਰਸ਼ਾਸਨ ਜੰਗ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ ਤੇ ਵਧ ਰਹੇ ਵਿਸ਼ਵਵਿਆਪੀ ਵਿਰੋਧ ਨਾਲ ਉਸਦਾ ਸਰਬਸ਼ਕਤੀਮਾਨ ਹੋਣ ਦਾ ਭਰਮ ਚਕਨਾਚੂਰ ਹੋ ਰਿਹਾ ਹੈ। ਨਾਟੋ ਤੇ ਉਸਦੇ ਭਾਈਵਾਲ ਖਾੜੀ ਮੁਲਕ ਦੁਬਕ ਕੇ ਜੰਗੀ ਖ਼ਤਰਿਆਂ ਤੋਂ ਤ੍ਰਾਹ ਰਹੇ ਹਨ।
    ਇਰਾਨ ਉੱਤੇ ਸਾਮਰਾਜੀ ਹਮਲਾ ਬਹੁ-ਪਸਾਰੀ ਤੇ ਸਾਮਰਾਜੀ ਅੰਤਰ-ਵਿਰੋਧਾਂ ਦਾ ਨਤੀਜਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਦੁਨੀਆ ਦੀ ਇੱਕੋ-ਇੱਕ ਵੱਡੀ ਸਾਮਰਾਜੀ ਤਾਕਤ ਚੱਲਿਆ ਆ ਰਿਹਾ ਹੈ। ਇਸਨੇ 1944 ਤੋਂ ਬਾਅਦ ਡਾਲਰ ਦੀ ਸਰਦਾਰੀ, ਫੌਜੀ ਹਥਿਆਰ ਸਨਅਤ, ਦਿਓਕੱਦ ਬਹੁਕੌਮੀ ਅਜਾਰੇਦਾਰ ਕਾਰਪੋਰੇਸ਼ਨਾਂ ਰਾਹੀਂ ਸੰਸਾਰ ਭਰ ਵਿੱਚ ਆਪਣੀ ਚੌਧਰ ਦਾ ਝੰਡਾ ਝੂਲਦਾ ਰੱਖਿਆ। ਇਸਦੀਆਂ ਦਿਓਕੱਦ ਟੈੱਕ, ਪੈਟਰੋਲੀਅਮ, ਦਵਾਈ, ਵਿੱਤੀ ਤੇ ਖੇਤੀ-ਵਪਾਰਕ ਕੰਪਨੀਆਂ ਦੀ ਅਜਾਰੇਦਾਰੀ ਨੇ ਸੰਸਾਰ ਮੰਡੀ ਵਿੱਚ ਔਕਟੋਪਸ ਵਾਂਗ ਆਪਣੇ ਪੈਰ ਪਸਾਰ ਲਏ ਹਨ। ਅਮਰੀਕੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਦੁਨੀਆ ਦੇ ਕਮਜ਼ੋਰ ਮੁਲਕਾਂ ਨੂੰ ਕਰਜ਼ ਦੇ ਮੱਕੜਜਾਲ ਵਿੱਚ ਫਸਾ ਕੇ ਆਪਣੀਆਂ ਸਾਮਰਾਜੀ ਨੀਤੀਆਂ ਦੇ ਪੈਰੋਕਾਰ ਬਣਾ ਲਿਆ ਹੈ। ਸੰਸਾਰ ਭਰ ਦੇ ਕਮਜ਼ੋਰ ਮੁਲਕਾਂ ਦੀ ਸਸਤੀ ਕਿਰਤ ਤੇ ਕੁਦਰਤੀ ਸਰੋਤਾਂ ਦੀ ਲੁੱਟ ਨੇ ਇਹਨਾਂ ਮੁਲਕਾਂ ’ਚ ਉਤਪਾਦਨ, ਪੂੰਜੀ ਤੇ ਉੱਨਤ ਤਕਨੀਕ ਦਾ ਵਾਧੂ ਭੰਡਾਰ ਪੈਦਾ ਕਰ ਦਿੱਤਾ ਜੋ ਆਪਣੀ ਖਪਤ ਲਈ ਨਵੀਆਂ ਮੰਡੀਆਂ ਦੀ ਭਾਲ ਵਿੱਚ ਹੈ। ਇਹ ਮੰਡੀਆਂ (ਕਮਜ਼ੋਰ ਮੁਲਕ) ਇਸ ਸਮੇਂ ਕਿਸੇ ਸਾਮਰਾਜੀ ਮੁਲਕ ਦੀ ਸਿੱਧੀ ਬਸਤੀ ਤਾਂ ਭਾਵੇਂ ਨਹੀਂ ਹਨ ਪ੍ਰੰਤੂ ਇਹਨਾਂ ਦੀ ਹੋਣੀ, ਵਿਕਾਸ ਤੇ ਵਜੂਦ ਵੱਡੇ ਸਾਮਰਾਜੀ ਦੇਸ਼ਾਂ (ਅਮਰੀਕਾ, ਚੀਨ, ਰੂਸ, ਯੂਰਪੀ ਸੰਘ, ਬਰਤਾਨੀਆ ਆਦਿ) ਦੇ ਇੱਕ ਜਾਂ ਦੂਜੇ ਧੜੇ ਨਾਲ ਜੁੜਿਆ ਹੈ। ਇਸ ਲਈ ਜਦੋਂ ਵੱਡੇ ਸਾਮਰਾਜੀ ਦੇਸ਼ ਇਹਨਾਂ ਨਵ-ਬਸਤੀਵਾਦੀ ਮੁਲਕਾਂ ਵਿੱਚ ਆਪਣੇ ਹਿੱਤਾਂ ਦਾ ਪਸਾਰਾ (ਫੌਜੀ, ਸਿਆਸੀ, ਤਕਨੀਕੀ ਤੇ ਵਿੱਤੀ ਤੌਰ ’ਤੇ) ਕਰਦੇ ਹਨ ਤਾਂ ਦੂਜਾ ਧੜਾ ਇਸਨੂੰ ਚੁਣੌਤੀ ਵਜੋਂ ਚਿਤਵਦਾ ਹੈ। ਉਦਾਹਰਨ ਵਜੋਂ ਰੂਸ-ਚੀਨ ਦਾ ਦੱਖਣੀ ਅਮਰੀਕਾ, ਅਫਰੀਕਾ ਤੇ ਮੱਧ ਪੂਰਬ ਵਿੱਚ ਵਧਦਾ ਪ੍ਰਭਾਵ ਅਮਰੀਕੀ ਸਾਮਰਾਜ ਲਈ ਵੱਡੀ ਚੁਣੌਤੀ ਹੈ ਜਿਸਦੇ ਸਿੱਟੇ ਵਜੋਂ ਇਹ ਮੁਲਕ ਅਮਰੀਕੀ ਸਾਮਰਾਜੀ ਗੁੱਸੇ ਦਾ ਸ਼ਿਕਾਰ ਹੋਣ ਲਈ ਸਰਾਪੇ ਹੋਏ ਹਨ। ਇਰਾਨ ਉੱਤੇ ਮੌਜੂਦਾ ਸਾਮਰਾਜੀ ਹਮਲਾ ਇਸ ਅੰਤਰ-ਸਾਮਰਾਜੀ ਖਹਿਭੇੜ ਨੂੰ ਹੋਰ ਵੱਧ ਗੁੰਝਲਦਾਰ ਬਣਾ ਦਿੰਦਾ ਹੈ। ਇਸ ਸਮੇਂ ਅਮਰੀਕੀ ਸਾਮਰਾਜ ਰੂਸ-ਚੀਨ ਤੇ ਹੋਰ ਸਾਮਰਾਜੀ ਤਾਕਤਾਂ ਦੇ ਮੁਕਾਬਲੇ ਵੱਧ ਹਮਲਾਵਰ ਤੇ ਖੂੰਖਾਰ ਤਬੀਅਤ ਵਾਲਾ ਹੈ। ਇਸਤੋਂ ਇਲਾਵਾ ਇਰਾਨੀ ਲੋਕਾਂ ਦੀ ਆਪਣੀ ਵੀ ਇੱਕ ਕੌਮੀ ਹਸਤੀ ਹੈ। ਅਮਰੀਕਾ ਦੇ ਪ੍ਰਭਾਵੀ ਆਲਮੀ ਗਲਬੇ ਅਤੇ ਰੂਸ-ਚੀਨ ਦੇ ਖੇਤਰੀ ਉਭਾਰ ਵਿਚਕਾਰ ਵੀ ਗੁਣਾਤਮਕ ਫਰਕ ਹੈ। ਅੱਜ ਪਿਛਾਖੜੀ ਇਰਾਨੀ ਹਕੂਮਤ ਦੀ ਸਾਮਰਾਜ ਵਿਰੁੱਧ ਲੜਾਈ ਅਗਾਂਹਵਧੂ ਕਦਮ ਹੈ ਕਿਉਂਕਿ ਇਹ ਸਾਮਰਾਜੀ ਢਾਂਚੇ ਨੂੰ ਕਮਜ਼ੋਰ ਕਰਦੀ ਹੈ। ਇਰਾਨੀ ਹਾਕਮਾਂ ਦਾ ਮਕੈਨਕੀ ਢੰਗ ਨਾਲ ਵਿਰੋਧ ਕਰਕੇ ਅਮਰੀਕਾ ਨੂੰ ਇਰਾਨ ਤਬਾਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਰਾਨ ਇੱਕ ਪ੍ਰਾਚੀਨ ਸੱਭਿਆਚਾਰ ਅਤੇ ਮਜ਼ਬੂਤ ਕੌਮੀ ਭਾਵਨਾ ਵਾਲਾ ਦੇਸ਼ ਹੈ। ਇਸ ਜੰਗ ਨੂੰ ਮਹਿਜ਼ ‘ਪ੍ਰੌਕਸੀ ਜੰਗ’ ਨਹੀਂ ਕਿਹਾ ਜਾ ਸਕਦਾ। ਇਹ ਕਹਿਣ ਦਾ ਅਰਥ ਹੋਵੇਗਾ ਕਿ ਦੁਨੀਆ ਵਿੱਚ ਸਿਰਫ਼ ਵੱਡੀਆਂ ਤਾਕਤਾਂ ਹੀ ਫੈਸਲੇ ਲੈਂਦੀਆਂ ਹਨ ਅਤੇ ਛੋਟੀਆਂ ਕੌਮਾਂ ਦੀ ਆਪਣੀ ਕੋਈ ਹੋਂਦ ਜਾਂ ਹਸਤੀ ਨਹੀਂ ਹੁੰਦੀ। ਅੱਜ ਚੀਨ ਵਰਗੀਆਂ ਨਵੀਆਂ ਤਾਕਤਾਂ ਦੇ ਉਭਾਰ ਨੇ ਅੰਤਰ-ਸਾਮਰਾਜੀ ਖਹਿਭੇੜ ਨੂੰ ਹੋਰ ਵੱਧ ਗੁੰਝਲਦਾਰ ਬਣਾ ਦਿੱਤਾ ਹੈ। ਯੂਕਰੇਨ ਜੰਗ ਅਤੇ ਮੱਧ ਪੂਰਬ ਦਾ ਤਣਾਅ ਦਿਖਾਉਂਦਾ ਹੈ ਕਿ ਸਾਮਰਾਜੀ ਤਾਕਤਾਂ ਸਰੋਤਾਂ ਤੇ ਮੰਡੀਆਂ ਦੀ ਮੁੜ-ਵੰਡ ਲਈ ਦੁਨੀਆ ਨੂੰ ਮਾਰੂ ਜੰਗਾਂ ਵੱਲ ਧੱਕ ਰਹੀਆਂ ਹਨ। ਭਾਵੇਂ ਅੱਜ ਸਾਮਰਾਜਵਾਦ ਦੇ ਸੰਦ (tool) ਬਦਲ ਗਏ ਹਨ, ਪਰ ਇਸਦਾ ਬੁਨਿਆਦੀ ਸੁਭਾਅ (ਮੁਨਾਫ਼ੇ ਦੀ ਹਵਸ ਅਤੇ ਕਮਜ਼ੋਰ ਕੌਮਾਂ ਦੀ ਲੁੱਟ) ਅੱਜ ਵੀ ਕਾਇਮ ਹੈ। ਇਸ ਜੰਗ ਵਿੱਚ ਵਿਚਾਰਧਾਰਕ ਪਹਿਲੂ ਵੀ ਅਟੁੱਟ ਤੌਰ ’ਤੇ ਜੁੜਿਆ ਹੋਇਆ ਹੈ। ਮੱਧ ਪੂਰਬ ਦੇ ਇਤਿਹਾਸਕ ਧਾਰਮਿਕ ਤੇ ਵਿਰਾਸਤੀ ਕਲੇਸ਼ਾਂ ਨੂੰ ਤੂਲ ਦੇ ਕੇ ਸਾਮਰਾਜੀ ਤਾਕਤਾਂ ਧਾਰਮਿਕ ਤੇ ਨਸਲਵਾਦੀ ਬਿਰਤਾਂਤ ਨੂੰ ਆਪਣੇ ਪਸਾਰਵਾਦੀ ਮਨਸੂਬਿਆਂ ਲਈ ਵਰਤ ਰਹੀਆਂ ਹਨ। ਇਜ਼ਰਾਈਲ ਇਸਨੂੰ ‘ਸੱਭਿਅਤਾ ਦੀ ਜੰਗ’ ਵਜੋਂ ਪੇਸ਼ ਕਰਦਾ ਹੈ ਤੇ ਇਰਾਨ ਇਸ ਨੂੰ ‘ਮਜ਼ਲੂਮਾਂ ਦੀ ਜ਼ਾਲਮ ਵਿਰੁੱਧ ਜੰਗ’ ਆਖਦਾ ਹੈ। ਇਜ਼ਰਾਈਲ ਵੱਲੋਂ ਗਾਜ਼ਾ, ਪੱਛਮੀ ਕੰਢੇ, ਯਮਨ ਤੇ ਲੈਬਨਾਨ ਵਿੱਚ ਅਤਿਵਾਦ ਵਿਰੋਧੀ ਹਮਲਿਆਂ ਦੀ ਆੜ ਹੇਠ ‘ਗ੍ਰੇਟਰ ਇਜ਼ਰਾਈਲ’ ਦੇ ਏਜੰਡੇ ਨੂੰ ਅੱਗੇ ਵਧਾਉਣਾ ਇਹਨਾਂ ਨਸਲਵਾਦੀ ਸਾਮਰਾਜੀ ਪਸਾਰਵਾਦੀ ਮਨਸ਼ਿਆਂ ਦੀ ਪੁਸ਼ਟੀ ਕਰਦਾ ਹੈ। ਇਹ ਜੰਗ ਇਸਲਾਮੀ ਜਗਤ ਦੇ ਅੰਦਰੂਨੀ ਵਿਰੋਧਾਂ ਨੂੰ ਵੀ ਉਭਾਰ ਰਹੀ ਹੈ। ਇੱਕ ਪਾਸੇ ਸ਼ੀਆ ਬਹੁਗਿਣਤੀ ਵਾਲਾ ਇਰਾਨ ਹੈ, ਦੂਜੇ ਪਾਸੇ ਸੁੰਨੀ ਅਰਬ ਦੇਸ਼ ਹਨ। ਹਾਲਾਂਕਿ, ਇਜ਼ਰਾਈਲ ਦੇ ਗਾਜ਼ਾ ਵਿੱਚ ਕੀਤੇ ਗਏ ਵਹਿਸ਼ੀ ਹਮਲਿਆਂ ਨੇ ਮੁਸਲਿਮ ਜਗਤ ਦੇ ਲੋਕਾਂ ਨੂੰ ਇਰਾਨ ਦੇ ਨੇੜੇ ਲਿਆਂਦਾ ਹੈ, ਭਾਵੇਂ ਕਿ ਉੱਥੋਂ ਦੇ ਹਾਕਮ ਅਮਰੀਕਾ ਦੇ ਦਬਾਅ ਹੇਠ ਹਨ।
    ਇਸ ਜੰਗ ਵਿੱਚ ਕੁੱਝ ਫੌਰੀ ਨੈਤਿਕ-ਸਿਆਸੀ ਹਿੱਤ ਵੀ ਜੁੜੇ ਹੋਏ ਹਨ। ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਐਪਸਟੀਨ ਫਾਈਲਾਂ ਦੇ ਵਿਵਾਦ ਵਿੱਚ ਘਿਰਿਆ ਟਰੰਪ ਪ੍ਰਸ਼ਾਸਨ ਅਤੇ ਇਜ਼ਰਾਈਲ ਵਿੱਚ ਭ੍ਰਿਸ਼ਟਾਚਾਰ ਤੇ ਜੰਗੀ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਨੇਤਨਯਾਹੂ ਸੱਤਾ ’ਚ ਬਣੇ ਰਹਿਣ ਦੀ ਜੱਦੋਜਹਿਦ ’ਚ ਇਸ ਜੰਗ ਨੂੰ ਤੇਜ਼ ਕਰ ਰਹੇ ਹਨ। ਆਰਥਿਕ ਤੌਰ ’ਤੇ ਮੱਧ ਪੂਰਬ ਦੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਅਤੇ ਹਥਿਆਰਾਂ ਦੀ ਸਨਅਤ ਲਈ ਇਹ ਜੰਗ ਇੱਕ ਮੁਨਾਫ਼ੇ ਵਾਲਾ ਸੌਦਾ ਹੈ। ਇਸਦੇ ਨਾਲ ਹੀ ਅੱਜ ਦੀ ਦੁਨੀਆ ਇੱਕ-ਧਰੁਵੀ ਨਹੀਂ ਰਹੀ। ਅਮਰੀਕੀ ਚੌਧਰ ਨੂੰ ਰੂਸ ਅਤੇ ਚੀਨ ਵੱਲੋਂ ਵੱਡੀ ਚੁਣੌਤੀ ਮਿਲ ਰਹੀ ਹੈ। ਰੂਸ ਲਈ ਇਰਾਨ ਇੱਕ ਅਹਿਮ ਰਣਨੀਤਕ ਭਾਈਵਾਲ ਹੈ। ਯੂਕਰੇਨ ਜੰਗ ਵਿੱਚ ਰੂਸ ਨੇ ਇਰਾਨੀ ਡਰੋਨਾਂ ਦੀ ਵਰਤੋਂ ਕੀਤੀ ਹੈ। ਰੂਸ ਚਾਹੁੰਦਾ ਹੈ ਕਿ ਅਮਰੀਕਾ ਮੱਧ ਪੂਰਬ ਵਿੱਚ ਉਲਝਿਆ ਰਹੇ ਤਾਂ ਜੋ ਯੂਕਰੇਨ ਤੋਂ ਪੱਛਮ ਦਾ ਧਿਆਨ ਹਟ ਜਾਵੇ। ਉਧਰ ਚੀਨ ਇਰਾਨ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਚੀਨ ਇਸ ਜੰਗ ਵਿੱਚ ਸਿੱਧਾ ਨਹੀਂ ਕੁੱਦ ਰਿਹਾ ਪਰ ਉਹ ‘ਬ੍ਰਿਕਸ’ ਅਤੇ ਹੋਰ ਮੰਚਾਂ ਰਾਹੀਂ ਅਮਰੀਕੀ ਪਾਬੰਦੀਆਂ ਨੂੰ ਬੇਅਸਰ ਕਰ ਰਿਹਾ ਹੈ।
    ਇਸ ਜੰਗ ਦਾ ਸਭ ਤੋਂ ਦੂਰਗਾਮੀ ਪ੍ਰਭਾਵ ਅਮਰੀਕੀ ਡਾਲਰ ’ਤੇ ਪੈ ਰਿਹਾ ਹੈ। ਦਹਾਕਿਆਂ ਤੋਂ ਤੇਲ ਦਾ ਵਪਾਰ ਡਾਲਰ ਵਿੱਚ ਹੁੰਦਾ ਆਇਆ ਹੈ, ਜਿਸ ਨੇ ਅਮਰੀਕਾ ਨੂੰ ਵਿਸ਼ਵ ਦੀ ਆਰਥਿਕ ਸੁਪਰਪਾਵਰ ਬਣਾਇਆ। ਪਰ ਹੁਣ ਇਰਾਨ, ਰੂਸ ਅਤੇ ਚੀਨ ਆਪਣੀਆਂ ਸਥਾਨਕ ਕਰੰਸੀਆਂ ਵਿੱਚ ਵਪਾਰ ਕਰ ਰਹੇ ਹਨ। ਜੇਕਰ ਜੰਗ ਕਾਰਨ ਅਰਬ ਦੇਸ਼ ਵੀ ਡਾਲਰ ਤੋਂ ਕਿਨਾਰਾ ਕਰਦੇ ਹਨ ਤਾਂ ਪੈਟਰੋਡਾਲਰ ਦਾ ਪਤਨ ਅਮਰੀਕੀ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਬਣੇੇਗਾ।
    ਜੰਗ ਦੀਆਂ ਭਵਿੱਖੀ ਸੰਭਾਵਨਾਵਾਂ ਇਹ ਹਨ ਕਿ ਟਕਰਾਅ ਲੰਮਾ ਤੇ ਸੀਮਤ ਰਹਿ ਸਕਦਾ ਹੈ। ਵਕਤੀ ਜੰਗਬੰਦੀ, ਹਮਲੇ ਅਤੇ ਜਵਾਬੀ ਹਮਲੇ ਚੱਲਦੇ ਰਹਿ ਸਕਦੇ ਹਨ ਪਰ ਕੋਈ ਵੀ ਧਿਰ ‘ਪੂਰਨ ਜੰਗ’ ਜਾਂ ਤੀਜੀ ਸੰਸਾਰ ਜੰਗ ਦੀ ਇਛੁੱਕ ਨਹੀਂ ਹੋਵੇਗੀ ਕਿਉਂਕਿ ਇਸਦਾ ਨੁਕਸਾਨ ਬੇਅੰਤ ਤੇ ਅਣਕਿਆਸਾ ਹੋਵੇਗਾ। ਇਸਤੋਂ ਇਲਾਵਾ ਇਹ ਜੰਗ ਸਿੱਧੇ ਬਸਤੀਵਾਦੀ ਕਬਜ਼ੇ ਦੀ ਜੰਗ ਨਹੀਂ ਜਿਸ ਕਾਰਨ ਵਿਸ਼ਵ ਸ਼ਕਤੀਆਂ ਵਿੱਚ ਤੀਜੀ ਸੰਸਾਰ ਜੰਗ ਦੇ ਆਸਾਰ ਮੱਧਮ ਪੈ ਜਾਂਦੇ ਹਨ। ਇਸਦੇ ਬਾਵਜੂਦ ਸਾਮਰਾਜੀ ਦੌਰ ਅੰਦਰ ਜੰਗਾਂ ਦਾ ਜਾਰੀ ਰਹਿਣਾ ਅਟੱਲ ਵਰਤਾਰਾ ਹੈ। ਇਹ ਜੰਗ ਪੱਛਮੀ ਸਰਦਾਰੀ ਦੇ ਅੰਤ ਦਾ ਕਾਰਨ ਬਣ ਸਕਦੀ ਹੈ, ਜਿੱਥੇ ਵੱਡੀਆਂ ਪੂਰਬੀ ਏਸ਼ਿਆਈ ਤਾਕਤਾਂ (ਚੀਨ, ਰੂਸ) ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਆ ਸਕਦੀਆਂ ਹਨ। ਸੰਸਾਰ ਇੱਕ ਬਹੁਤ ਵੱਡੀ ਤਬਦੀਲੀ ਦੀ ਦਹਲੀਜ਼ ’ਤੇ ਖੜ੍ਹਾ ਹੈ। ਇਸ ਜੰਗ ਦੀ ਅੱਗ ਵਿੱਚ ਸਿਰਫ਼ ਮੱਧ ਪੂਰਬ ਹੀ ਨਹੀਂ, ਸਗੋਂ ਸਾਮਰਾਜੀ ਹਸਰਤਾਂ ਲਈ ਪੂਰੀ ਦੁਨੀਆ ਦੀ ਆਰਥਿਕਤਾ ਅਤੇ ਅਮਨ-ਚੈਨ ਸੜਕੇ ਸੁਆਹ ਹੋ ਰਹੇ ਹਨ। ਇਰਾਨ ਖਿਲਾਫ ਨਿਹੱਕੀ ਜੰਗ ਛੇੜ ਕੇ ਅਮਰੀਕਾ ਨੇ ਆਪਣੇ ਪੈਰ ਕੁਹਾੜਾ ਮਾਰ ਲਿਆ ਹੈ ਤੇ ਉਸਦੀ ਸੰਸਾਰ ਚੌਧਰ ਦਾ ਕਿਲਾ ਢਹਿ-ਢੇਰੀ ਹੋਣਾ ਸ਼ੁਰੂ ਹੋ ਗਿਆ ਹੈ।
ਸੰਪਰਕ: +1438-924-2052a

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...