Search This Blog

Wednesday, December 27, 2023

ਅਰਜਨਟੀਨਾ ਸਿਰ ਮੰਡਰਾਉਂਦਾ ਅਰਾਜਕ ਪੂੰਜੀਵਾਦ ਦਾ ਖ਼ਤਰਾ- ਮਨਦੀਪ

Punjabi Trubune

ਅਰਜਨਟੀਨਾ ਦੀਆਂ 28ਵੀਆਂ ਰਾਸ਼ਟਰਪਤੀ ਚੋਣਾਂ ਵਿੱਚ ‘ਸੁਤੰਤਰਾਵਾਦੀ’ ਪਾਰਟੀ ਦੇ ਉਮੀਦਵਾਰ ਖਾਵੀਅਰ ਮਿਲੇਅ ਵਿਰੋਧੀ ਧਿਰ ਦੇ ਉਮੀਦਵਾਰ ਸਿਰਖੀਓ ਮਾਸਾ ਨੂੰ 44.3% ਦੇ ਮੁਕਾਬਲੇ 55.7% ਵੋਟਾਂ ਦੇ ਫਰਕ ਨਾਲ ਹਰਾ ਕੇ ਰਾਸ਼ਟਰਪਤੀ ਦੇ ਆਹੁਦੇ ਤੇ ਬਿਰਾਜਮਾਨ ਹੋ ਚੁੱਕੇ ਹਨ। ‘ਸਨਕੀ’ ਤੇ ‘ਮੈਡਮੈਨ’ ਵਜ਼ੋਂ ਮਸ਼ਹੂਰ ਖਾਵੀਅਰ ਮਿਲੇਅ ਅਰਾਜਕਤਾਵਾਦੀ ਅਰਥਸ਼ਾਸ਼ਤਰੀ ਹਨ ਅਤੇ ਇਸ ਸਮੇਂ ਆਪਣੇ ਤਿੱਖੇ ਆਰਥਿਕ-ਸਿਆਸੀ ਸੁਧਾਰਾਂ ਦੇ ਐਲਾਨਾਂ ਕਰਕੇ ਆਲਮੀ ਸਿਆਸਤ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਗੁਲਾਬੀ ਵਾਅਦਿਆਂ ਵਾਲੀ ਸਾਬਕਾ ਖੱਬੇਪੱਖੀ ਸਰਕਾਰ ਦੇ ਰਾਜਕਾਲ ਸਮੇਤ ਪਿਛਲੇ ਇਕ ਦਹਾਕੇ ਤੋਂ ਅਰਜਨਟੀਨਾ ਦੇਸ਼-ਪੱਧਰੀ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਵੱਧਦਾ ਵਿੱਤੀ ਘਾਟਾ, ਵੱਧਦਾ ਵਿਦੇਸ਼ੀ ਕਰਜ਼, ਵਿਦੇਸ਼ੀ ਕਰੰਸੀ ਦੀ ਕਾਲਾਬਜ਼ਾਰੀ, ਜ਼ਖੀਰੇਬਾਜੀ, ਵੱਧ ਵਿਆਜ ਦਰਾਂ, ਮੁਦਰਾ ਦੀ ਲਗਾਤਾਰ ਘੱਟਦੀ ਕੀਮਤ ਆਦਿ ਵਰਗੀਆਂ ਅਲਾਮਤਾਂ ਅਰਜਨਟੀਨਾ ਦੀ ਆਰਥਿਕਤਾ ਨੂੰ ਕੈਂਸਰ ਵਾਂਗ ਚਿੰਬੜੀਆਂ ਹੋਈਆਂ ਹਨ। ਅਜਿਹੇ ਸਮੇਂ ਮਿਲੇਅ ਵੱਲੋਂ ਚਿੰਨ੍ਹਾਤਮਕ ਤੌਰ ਤੇ ਹੱਥ ’ਚ ਆਰਾ ਫੜਕੇ ਕੀਤੇ ਗਏ ਤਿੱਖੇ ਤੇ ਅਰਾਜਕ ਆਰਥਿਕ ਸੁਧਾਰਾਂ ਦੇ ਐਲਾਨਾਂ ਨੂੰ ਇੱਕ ਪਾਸੇ ਰਾਹਤ ਅਤੇ ਦੂਸਰੇ ਪਾਸੇ ਵੱਡੇ ਆਰਥਿਕ ਸਦਮੇ ਵਜ਼ੋਂ ਦੇਖਿਆ ਜਾ ਰਿਹਾ ਹੈ।

ਖੁਦ ਨੂੰ ਚਿਲੇ ਦੇ ਤਨਾਸ਼ਾਹ ਅਗੁਸਤੋ ਪਿਨੋਚੇ ਦਾ ਪੈਰੋਕਾਰ ਕਹਿਣ ਵਾਲੇ ਖਾਵੀਅਰ ਮਿਲੇਅ ਦੁਆਰਾ ਐਲਾਨੀ ਅਰਾਜਕ ਸਦਮਾ ਥਰੈਪੀ ਵਿੱਚੋਂ ਚਿਲੇ ਦੇ 1773 ਦੇ ਖੂਨੀ ਤਖਤਾਪਲਟ ਦੌਰਾਨ ਕੀਤੇ ਗਏ ਉਜਾੜਾਪਾਊ ਤਿੱਖੇ ਆਰਥਿਕ ਸੁਧਾਰਾਂ ਦਾ ਪਰਛਾਵਾਂ ਦੇਖਿਆ ਜਾ ਸਕਦਾ ਹੈ। ਮਿਲੇਅ ਆਪਣੀ ਕੱਟੜਪੰਥੀ ਰਾਜਨੀਤਿਕ ਅਤੇ ਆਰਥਿਕ ਵਿਚਾਰ ਮੁਹਿੰਮ ਨਾਲ ਲੰਬੇ ਸਮੇਂ ਦੀ ਆਰਥਿਕ ਖੜੋਤ ਕਾਰਨ ਵਿਆਪਕ ਨਿਰਾਸ਼ਾ ਵਿੱਚ ਡੁੱਬੇ ਲੋਕਾਂ ਨੂੰ ਤਿੱਖੇ ਨਵਉਦਾਰਵਾਦੀ ਸੁਧਾਰਾਂ ਦੇ ਐਲਾਨਾਂ ਨਾਲ ਮੰਤਰਮੁਗਧ ਕਰਕੇ ਕੁਰਸੀ ਸੰਭਾਲਣ ਵਿੱਚ ਸਫਲ ਹੋ ਗਿਆ ਹੈ। ਉਸ ਦੁਆਰਾ ਮਨੁੱਖੀ ਅੰਗਾਂ ਦੀ ਵਿਕਰੀ ਨੂੰ ਕਾਨੂੰਨੀ ਰੂਪ ਦੇਣ, ਸਮਾਜਿਕ ਖਰਚਿਆਂ ਵਿੱਚ ਭਾਰੀ ਕਟੌਤੀ ਕਰਨ, ਅਰਜਨਟੀਨਾ ਦੇ 1976-83 ਦੇ ਤਾਨਾਸ਼ਾਹੀ ਹਕੂਮਤ ਦੇ ਅਪਰਾਧਾਂ ਨੂੰ ਰੱਦ ਕਰਨ, ਅਰਜਨਟੀਨਾ ਦੇ ਦੋ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲਾਂ, ਬਰਾਜ਼ੀਲ ਅਤੇ ਚੀਨ ਨਾਲ ਸਬੰਧਾਂ ਤੇ ਕੱਟ ਲਾਉਣ, ਅਰਜਨਟੀਨਾ ਦੇ ਕੇਂਦਰੀ ਬੈਂਕ ਨੂੰ ਖਤਮ ਕਰਨ ਅਤੇ ਆਰਥਿਕਤਾ ਦਾ ਡਾਲਰੀਕਰਨ ਕਰਨ ਦਾ ਦਾਅਵਾ ਕਰਨ, ਬ੍ਰਿਕਸ ਵਿੱਚੋਂ ਬਾਹਰ ਆਉਣ, ਕੱਟੜਪੰਥੀ ਆਰਥਿਕ ਸੁਧਾਰਾਂ ਦੀ ਲੜੀ ਵਜ਼ੋਂ ਬਿਜਲੀ ਅਤੇ ਟ੍ਰਾਂਸਪੋਰਟ ਸਬਸਿਡੀਆਂ ਘਟਾਉਣ, ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ, ਸਰਕਾਰੀ ਮੰਤਰਾਲਿਆਂ ਦੀ ਗਿਣਤੀ 18 ਤੋਂ ਘਟਾਕੇ ਨੌਂ ਕਰਨ, ਜਨਤਕ ਕੰਮਾਂ ਨੂੰ ਮੁਅੱਤਲ ਕਰਨ, ਸਾਇੰਸ, ਸੱਭਿਆਚਾਰਕ, ਸਿਹਤ ਸੰਭਾਲ ਅਤੇ ਸਿੱਖਿਆ ਪ੍ਰਣਾਲੀਆਂ ਦਾ ਨਿੱਜੀਕਰਨ ਕਰਕੇ ਚਾਰ ਵੱਡੀਆਂ ਨਿੱਜੀ ਕਾਰਪੋਰੇਸ਼ਨਾਂ ਨੂੰ ਸੌਂਪਣ, ਚਾਰ ਨਿੱਜੀ ਜੇਲ੍ਹਾਂ ਬਣਾਉਣ ਦੇ ਨੁਸਖਿਆਂ ਨੂੰ ਅਰਜਨਟੀਨਾ ਦੀ ਬਿਮਾਰ ਆਰਥਿਕਤਾ ਲਈ ਔਸ਼ਧੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।

ਪਿਛਲੇ ਇੱਕ ਦਹਾਕੇ ਤੋਂ ਅਰਜਨਟੀਨਾ ਵੱਡੀਆਂ ਆਰਥਿਕ ਚੁਣੌਤੀਆਂ ਅਤੇ ਰਾਜਨੀਤਿਕ ਅਸਥਿਰਤਾ ਵਿੱਚੋਂ ਗੁਜ਼ਰ ਰਿਹਾ ਹੈ। ਇਸਦੀ ਸਥਾਨਕ ਮੁਦਰਾ ਪੈਸੋ ਦੀ ਵਟਾਂਦਰਾ ਦਰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 800 ਪੈਸੋ ਤੱਕ ਅੱਪੜ ਗਈ ਹੈ ਜੋ ਕਿ ਆਰਥਿਕਤਾ ਦੇ ਮੌਜੂਦਾ ਇਤਿਹਾਸ ਵਿਚ ਵੱਡੀ ਗਿਰਾਵਟ ਹੈ। ਅਰਜਨਟੀਨਾ ਦੀ 40.1 ਪ੍ਰਤੀਸ਼ਤ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਲਈ ਮਜ਼ਬੂਰ ਹੈ ਅਤੇ ਇਸਦੀ ਸਲਾਨਾ ਮਹਿੰਗਾਈ ਦਰ 160.90 (ਨਵੰਬਰ 2023) ਫੀਸਦ ਸਲਾਨਾ ਦੇ ਹਿਸਾਬ ਨਾਲ ਵਿਸ਼ਵ ਦੀ ਸਭ ਤੋਂ ਉੱਚੀ ਮਹਿੰਗਾਈ ਦਰ ਹੈ। ਲੋਕਾਂ ਦੀ ਆਮਦਨ ਤੇ ਜੀਵਨ ਪੱਧਰ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਜਾਵਟੀ ਵਸਤਾਂ, ਖਿਡਾਉਣੇ, ਫਰਨੀਚਰ, ਆਟੋ ਸਨਅਤ ਆਦਿ ਦਾ ਉਤਪਾਦਨ ਹੇਠਾਂ ਡਿੱਗ ਚੁੱਕਾ ਹੈ ਅਤੇ ਇਹ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਮਾਰ ਹੇਠ ਆਏ ਹੋਏ ਹਨ। ਤੇਲ, ਸੋਇਆਬੀਨ, ਮੱਕੀ, ਕਣਕ, ਗਾਂ ਤੇ ਸੂਰ ਦਾ ਮੀਟ, ਆਟਾ, ਦਾਲਾਂ, ਖੰਡ, ਪਾਸਤਾ ਆਦਿ ਜਰੂਰੀ ਵਸਤਾਂ ਦੇ ਰੇਟ ਅਸਮਾਨ ਛੋਹ ਰਹੇ ਹਨ। ਦੇਸ਼ ਅੰਦਰ ਵਿਦੇਸ਼ੀ ਮੁਦਰਾ ਦੀ ਬਲੈਕ ਮਾਰਕਿੰਟਗ ਜੋਰਾਂ ਉੱਤੇ ਹੈ। ਵਿੱਤੀ ਘਾਟਾ 4.3% ਤੱਕ ਦੀ ਨਿਵਾਣ ਛੂਹ ਰਿਹਾ ਹੈ ਅਤੇ ਕੱੁਲ ਘਰੇਲੂ ਪੈਦਾਵਰ 0.8 ਫੀਸਦ ਤੱਕ ਹੇਠਾਂ ਡਿੱਗ ਗਈ ਹੈ। ਇਸਦੀ ਬੇਰੁਜਗਾਰੀ ਦਰ 8.4% ਤੱਕ ਵੱਧ ਗਈ ਹੈ ਅਤੇ ਸਨਅਤੀ ਪੈਦਵਰ ਵਿਕਾਸ ਦਰ -0.3% ਤੱਕ ਘੱਟ ਗਈ ਹੈ। ਆਰਥਿਕ ਮੰਦਹਾਲੀ ਨਾਲ ਨਜਿੱਠਣ ਲਈ ਪਿਛਲੀ ਸਰਕਾਰ ਨੂੰ ਕੇਂਦਰੀ ਬੈਂਕ ਨੂੰ ਆਪਣੇ 255 ਮਿਲੀਅਨ ਡਾਲਰ ਦੇ ਭੰਡਾਰ ਵੇਚਣ ਤੱਕ ਦਾ ਆਦੇਸ਼ ਦੇਣਾ ਪਿਆ ਸੀ। ਅਰਜਨਟੀਨਾ ਸਿਰ ਚੜ੍ਹੇ 276.2 ਅਰਬ ਡਾਲਰ (ਕੁੱਲ ਜੀਡੀਪੀ ਦਾ 45%) ਦੇ ਕੱੁਲ ਬਾਹਰੀ ਕਰਜ਼ ਵਿੱਚੋਂ 46 ਅਰਬ ਡਾਲਰ ਇਕੱਲੇ ਆਈਐਮਐਫ ਦਾ ਕਰਜ਼ ਹੈ, ਜੋ ਅਰਜਨਟੀਨਾ ਲਈ ਵੱਡਾ ਬੋਝ ਬਣਿਆ ਹੋਇਆ ਹੈ। ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ ਦਾ ਵਿਆਜ਼ ਮੋੜਨ ਦੇ ਵੀ ਸਮਰੱਥ ਨਹੀਂ ਹੈ। ਕਰਜ਼ ਤੇ ਉਸਦੇ ਵਿਆਜ਼ ਦੀ ਦੇਣਦਾਰੀ ਅਮਰੀਕੀ ਡਾਲਰ ਵਿਚ ਹੋਣ ਕਰਕੇ ਅਮਰੀਕੀ ਫੈਡਰਲ ਬੈਂਕ ਵੱਲੋਂ ਵਧਾਈਆਂ ਜਾਂਦੀਆਂ ਵਿਆਜ਼ ਦਰਾਂ ਕਾਰਨ, ਅਰਜਨਟੀਨਾ ਸਿਰ ਕਰਜ਼ ਦੀ ਕੀਮਤ ਵੱਧ ਰਹੀ ਹੈ ਅਤੇ ਸਥਾਨਕ ਕਰੰਸੀ ਦੀ ਕੀਮਤ ਘਟਣ ਕਾਰਨ ਇਹ ਬੋਝ ਹੋਰ ਵੱਧ ਰਿਹਾ ਹੈ। ਇਸਤੋਂ ਇਲਾਵਾ ਸਥਾਨਕ ਮੁਦਰਾ ਦੇ ਲਗਾਤਾਰ ਹੇਠਾਂ ਵੱਲ ਜਾਣ, ਆਰਥਿਕ-ਸਿਆਸੀ ਅਸਥਿਰਤਾ ਅਤੇ ਕੇਂਦਰੀ ਬੈਂਕ ਦੀਆਂ ਵਿਆਜ਼ ਦਰਾਂ ਵੱਧ (133 ਫੀਸਦ) ਹੋਣ ਕਾਰਨ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਵੀ ਲਗਾਤਾਰ ਘੱਟਦਾ ਆ ਰਿਹਾ ਹੈ।
ਕੰਗਾਲੀ ਦੇ ਕਗਾਰ ਤੇ ਪੁੱਜੇ ਦੇਸ਼ ਦੀ ਸਿਅਸਤ ਵਿੱਚ ਅਚਾਨਕ ਫਾਸ਼ੀਵਾਦੀ ਰੁਚੀਆਂ ਦੇ ਮਾਲਕ ਇੱਕ ਅਰਾਜਕ ਵਿਅਕਤੀ ਦਾ ਰਾਸ਼ਟਰਪਤੀ ਬਨਣਾ ਕਈ ਖਦਸ਼ੇ ਖੜੇ ਕਰ ਸਕਦਾ ਹੈ। ਬਚਪਨ ਵਿੱਚ ਘਰੇਲੂ ਬਦਸਲੂਕੀ ਦਾ ਸ਼ਿਕਾਰ ਖਾਵੀਅਰ ਮਿਲੇਅ ਸ਼ੁਰੂ ਤੋਂ ਹੀ ਅਰਾਜਕ, ਰੁੱਖੇ ਤੇ ਸਨਕੀ ਸੁਭਾਅ ਕਾਰਨ ‘ਪਾਗਲ’ (ਐਲ ਲੋਕੋ) ਦੇ ਨਾਂ ਨਾਲ ਮਸ਼ਹੂਰ ਸੀ। ਉਸਦੇ ਸਨਕ ਤੇ ਅਰਾਜਕ ਸੁਭਾਅ ਦਾ ਨਿਰਣਾ ਉਸਦੇ ਇੱਕ ਜਨਤਕ ਬਿਆਨ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਉਹ ਕਹਿੰਦਾ ਹੈ ਕਿ ‘ਉਸਦੀਆਂ ਆਰਥਿਕ ਨੀਤੀਆਂ ਬਾਰੇ ਉਸਦਾ ਮਰਿਆ ਹੋਇਆ ਕੁੱਤਾ ‘ਕੋਨਨ’, ਜਿਹੜਾ ਹੁਣ ਕਿਸੇ ਹੋਰ ਜੂਨ ’ਚ ਚਲਾ ਗਿਆ ਹੈ, ਉਸਨੂੰ ਸਲਾਹ ਦਿੰਦਾ ਹੈ” ਇਸ ਸਨਕ ਲਈ ਉਸਨੇ ਪੰਜਾਹ ਹਜ਼ਾਰ ਅਮਰੀਕੀ ਡਾਲਰ ਖਰਚ ਕੇ ਕੋਨਨ ਦੇ 5 ਕਲੋਨ ਤਿਆਰ ਕਰਵਾਏ ਹਨ ਅਤੇ ਇਨ੍ਹਾਂ ਕੁੱਤਿਆਂ ਦੇ ਨਾਮ ਖੱੁਲ੍ਹੀ ਮੰਡੀ ਦੇ ਪੈਰੋਕਾਰ ਪੰਜ ਮਸ਼ਹੂਰ ਅਰਥਸ਼ਾਸ਼ਤਰੀਆਂ ਦੇ ਨਾਮ ਤੇ ਰੱਖੇ ਹਨ। ਪੰਜਾਂ ਵਿੱਚੋਂ ਇੱਕ ਕੁੱਤੇ ਦਾ ਨਾਮ ਉਸਨੇ ਮਿਲਟਨ ਫਰਾਇਡਮੈਨ ਰੱਖਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੰਗਾਲੀ ਦੀ ਕਗਾਰ ਤੇ ਪੁੱਜੇ ਹੋਏ ਦੇਸ਼ ਅਤੇ ਕਾਰਪੋਰੇਟਰਾਂ ਨੇ ਸਿਆਸੀ ਤੌਰ ਤੇ ਗੈਰ ਤਜਰਬੇਕਾਰ, ਸਨਕੀ ਤੇ ਅਰਾਜਕ ਕਿਸਮ ਦੇ ਵਿਅਕਤੀ ਨੂੰ ਕਿਉਂ ਚੁਣਿਆ?
ਕੋਵਿਡ ਕਾਲ ਦੌਰਾਨ ਉਸਨੇ ਸ਼ੋਸ਼ਲ ਮੀਡੀਆ, ਟੀ ਵੀ ਸ਼ੋਆਂ ਤੇ ਜਨਤਕ ਭਾਸ਼ਣਾਂ ਵਿੱਚ ਕੁਲੀਨ ਵਿਰੋਧੀ ਅਤੇ ਸੁਤੰਤਰਤਾ ਪੱਖੀ ਭਾਸ਼ਣ ਦੇ ਕੇ ਆਮ ਲੋਕਾਂ ਅਤੇ ਖਾਸਕਰ ਨੌਜਵਾਨਾਂ ਵਿੱਚ ਆਪਣਾ ਚੋਖਾ ਪ੍ਰਭਾਵ ਸਿਰਜਿਆ ਜਿਸ ਕਾਰਨ ਉਸਦੇ ਵੋਟਰਾਂ ਵਿੱਚ ਬਹੁਗਿਣਤੀ (60%) ਨੌਜਵਾਨਾਂ ਸ਼ਾਮਲ ਸਨ। ਇਤਿਹਾਸਕ ਤੌਰ ਤੇ ਤੱਥ ਦਿਖਾਉਂਦੇ ਹਨ ਕਿ ਅਰਜਨਟੀਨਾ ਸਮੇਤ ਲਾਤੀਨੀ ਅਮਰੀਕਾ ਦੇ ਨੌਜਵਾਨ ਆਮ ਤੌਰ ਤੇ ਖੱਬੇਪੱਖੀ ਸਿਆਸਤ ਤੋਂ ਸਦਾ ਪ੍ਰਭਾਵਿਤ ਰਹੇ ਹਨ ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਲਾਤੀਨੀ ਅਮਰੀਕਾ ਦੇ ਪਾਰਲੀਮਾਨੀ ਖੱਬੇਪੱਖੀ ਆਮ ਲੋਕਾਂ ਵਿੱਚ ਆਪਣਾ ਵਿਸ਼ਵਾਸ਼ ਲਗਾਤਾਰ ਗਵਾ ਰਹੇ ਹਨ। ਮਿਲੇਅ ਨੇ ‘ਮੀਡੀਆ ਮੈਨ’ ਬਣਕੇ ਇਸ ਖੱਬੀ ਉਪਰਾਮਤਾ ਦਾ ਲਾਹਾ ਲਿਆ ਅਤੇ ਸੰਸਾਰ ਭਰ ਵਿੱਚ ਉੱਭਰ ਰਹੇ ਸੱਜ ਪਿਛਾਖੜੀ ਤੇ ਫਾਸ਼ੀਵਾਦੀ ਰੁਝਾਨ ਦੇ ਅਰਾਜਕ ਨੀਤੀਆਂ-ਨਿਰਣਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਇਆ। ਉਸਨੇ ਇਜ਼ਰਾਇਲ ਦਾ ਝੰਡਾ ਲਹਿਰਾਅ ਕੇ, ਬ੍ਰਾਜ਼ੀਲ-ਚੀਨ ਨਾਲ ਵਪਾਰਕ ਸਬੰਧਾਂ ਤੇ ਕੱਟ ਲਾਉਣ, ਬ੍ਰਿਕਸ ਤੋਂ ਬਾਹਰ ਆਉਣ, ਸੱਜ ਪਿਛਾਖੜੀ ਜਾਇਰ ਬੋਲਸੋਨਾਰੋ ਤੇ ਟਰੰਪ ਨਾਲ ਨੇੜਤਾ, ਖੁਦ ਨੂੰ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦਾ ਪੈਰੋਕਾਰ ਅਤੇ ‘ਅਰਾਜਕ ਪੂੰਜੀਪਤੀ’ ਗਰਦਾਨ ਕੇ ਸੰਸਾਰ ਸਾਹਮਣੇ ਭੂਸਿਆਸੀ ਤੌਰ ਤੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਅਰਜਨਟੀਨਾ ਨੂੰ ਅਮਰੀਕੀ ਸਾਮਰਾਜ ਦੀ ਨਵ-ਬਸਤੀ ਬਣਾਉਣ ਲਈ ਨੇਤਨਯਾਹੂ ਜਾਂ ਯੇਲੰਸਕੀ ਤੋਂ ਘੱਟ ਨਹੀਂ। ਦੂਸਰਾ, ਲੋਕ ਸਾਬਕਾ ਖੱਬੇਪੱਖੀ ਸਰਕਾਰ ਤੋਂ ਹਤਾਸ਼ ਸਨ ਜੋ ਆਪਣੇ ਕੀਤੇ ਵਾਅਦਿਆਂ ਉੱਤੇ ਖਰੀ ਨਹੀਂ ਉੱਤਰੀ ਅਤੇ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਰਹੀ ਤੇ ਦੇਸ਼ ਦੀ ਹਾਲਤ ਲਗਾਤਾਰ ਨਿਘਰਦੀ ਗਈ। ਤੀਸਰਾ, ਮਿਲੇਅ ਨੂੰ ਅਰਜਨਟੀਨਾ ਦੇ ਸਾਬਕਾ ਰਾਸ਼ਟਰਪਤੀ ਮੌਰੀਸੀਓ ਮਾਕਰੀ, ਬਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਸੀ। ਇਸਤੋਂ ਇਲਾਵਾ ਆਈਐਮਐਫ, ਬਹੁਰਾਸ਼ਟਰੀ ਕਾਰਪੋਰੇਸ਼ਨਾਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਤੇ ਉਸਦੇ ਮੀਡੀਆਂ ਵੱਲੋਂ ਹਰ ਸੰਭਵ ਮਿਲੇਅ ਨੂੰ ਸਹਿਯੋਗ ਦਿੱਤਾ ਗਿਆ।
ਕਾਰਪੋਰੇਟ ਜਮਾਤ ਦੇ ਚਹੇਤੇ ਮਿਲੇਅ ਪ੍ਰਸ਼ਾਸ਼ਨ ਨੇ ਸੱਤਾ ਸੰਭਾਲਣ ਦੇ ਕੁਝ ਦਿਨਾਂ ਬਾਅਦ ਸਰਕਾਰ ਵਿਰੋਧੀ ਜਮਹੂਰੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦਾ ਗਲਾ ਘੋਟਣਾ ਸ਼ੁਰੂ ਕਰ ਦਿੱਤਾ। ਮਿਲੇਅ ਪ੍ਰਸ਼ਾਸ਼ਨ ਨੇ ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ‘ਗੋਲੀ ਜਾਂ ਜੇਲ੍ਹ’ ਦਾ ਵਿਕਲਪ ਦੇਣ ਦੇ ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ ਦੇ ਕੇ ਵਿਚਾਰ ਪ੍ਰਗਟਾਵੇ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਰੌਂਦਣਾ ਸ਼ੁਰੂ ਕਰ ਦਿੱਤਾ। ਉਸਨੇ ਐਲਾਨ ਕੀਤਾ ਕਿ ਪੂਰੇ ਦੇਸ਼ ਅੰਦਰ ਵੀਡਿਓ ਨਿਗਰਾਨੀ ਤਹਿਤ ਸੰਗਠਨਾਂ ਤੇ ਵਿਅਕਤੀਆਂ ਦੇ ‘ਚਿਹਰੇ ਦੀ ਪਛਾਣ’ ਵਾਲੇ ਕੈਮਰੇ ਲਗਾਏ ਜਾਣਗੇ ਤੇ ਵਿਰੋਧ ਦੀ ਹਰ ਅਵਾਜ਼ ਦੀ ਸ਼ਨਾਖਤ ਕੀਤੀ ਜਾਵੇਗੀ। ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਬਲਾਂ ਅਤੇ ਪੁਲਿਸ ਭੇਜਣ ਦੀ ਲਾਗਤ ਦਾ ਬਿੱਲ ਪ੍ਰਦਰਸ਼ਨਕਾਰੀਆਂ ਨੂੰ ਅਦਾ ਕਰਨਾ ਪਵੇਗਾ।
ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਖੇਤੀਬਾੜੀ ਤੋਂ ਇਲਾਵਾ ਅਰਜਨਟੀਨਾ ਵਿੱਚ ਸੋਨਾ, ਚਾਂਦੀ, ਤਾਂਬਾ, ਜਿੰਕ, ਲੀਥੀਅਮ ਆਦਿ ਅਮੀਰ ਕੁਦਰਤੀ ਸ੍ਰੋਤਾਂ ਦੀ ਭਰਮਾਰ ਹੈ। ਸੰਸਾਰ ਦੇ ਇੱਕ ਤਿਹਾਈ ਲੀਥੀਅਮ ਦਾ ਭੰਡਾਰ ਇਕੱਲੇ ਅਰਜਨਟੀਨਾ ਵਿੱਚ ਹੈ ਅਤੇ ਇਲੈਕਟ੍ਰਿਕ ਵਾਹਨਾ ਅਤੇ ਬੈਟਰੀਆਂ ਦੇ ਨਿਰਮਾਣ ਲਈ ਲੀਥੀਅਮ ਬਹੁਤ ਮਹੱਤਵਪੂਰਨ ਧਾਤ ਹੈ। ਸੰਸਾਰ ਵਿੱਚ ਲੀਥੀਅਮ ਦੇ ਸ੍ਰੋਤ ਸੀਮਤ ਹਨ ਅਤੇ ਭਵਿੱਖ ਇਲੈਕਟ੍ਰਿਕ ਵਾਹਨਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਦੁਨੀਆਂ ਵਿੱਚ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਅਮਰੀਕੀ ਕੰਪਨੀਆਂ ਦੀ ਇਜ਼ਾਰੇਦਾਰੀ ਹੈ। ਇਸ ਲਈ ਇਲੈਕਟ੍ਰਿਕ ਵਾਹਨ ਬਣਾਉਣ ਵਾਲੇ ਅਮਰੀਕਾ ਦੇ ਅਰਬਪਤੀ ਏਲਾਨ ਮਸਕ ਨੇ ਮਿਲੇਅ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਰਜਨਟੀਨਾ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ।’
1990-95 ਵਿੱਚ ਵਿਸ਼ਵ ਵਪਾਰ ਸੰਸਥਾ ਅਤੇ ਆਈਐਮਐਫ ਨੇ ਅਰਜਨਟੀਨਾ ਅੰਦਰ ਮੁਕਤ ਬਜ਼ਾਰ ਖੜਾ ਕਰਕੇ ਤਿੱਖੇ ਆਰਥਿਕ ਸੁਧਾਰ ਕੀਤ ਸਨ। ਭਾਰਤ ਵਾਂਗ ਅਰਜਨਟੀਨਾ ਅੰਦਰ ਵੀ ਵਿਸ਼ਵੀਕਰਨ-ਨਿੱਜੀਕਰਨ ਦਾ ਕਾਲ-ਖੰਡ ਇਕੋ ਹੀ ਸੀ। ਇੱਥੇ ਪਹਿਲੀ ਵਾਰ ਵੱਡੀ ਪੱਧਰ ਉੱਤੇ ਬੰਦਰਗਾਹਾਂ, ਸਰਕਾਰੀ ਕਾਰਖਾਨੇ-ਫੈਕਟਰੀਆਂ, ਖੇਤੀ ਫਾਰਮ ਅਤੇ ਸਰਕਾਰੀ ਟੈਲੀਫੋਨ ਤੱਕ ਨੂੰ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ ਸੀ। ਅਰਜਨਟੀਨਾ ਦੇ ਮੌਜੂਦਾ ਆਰਥਿਕ ਹਾਲਾਤ ਉਹਨਾਂ ਹੀ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੀ ਪੈਦਾਇਸ਼ ਹਨ ਜਿਨ੍ਹਾਂ ਨੀਤੀਆਂ ਨੂੰ ਮਿਲੇਅ ਹੋਰ ਵੱਧ ਅਰਾਜਕ ਤਰੀਕੇ ਨਾਲ ਲਾਗੂ ਕਰਨ ਦੀ ਵਜ਼ਾਹਤ ਕਰ ਰਿਹਾ ਹੈ। ਅਰਜਨਟੀਨਾ ਦਾ ਮੌਜੂਦਾ ਆਰਥਿਕ ਅਤੇ ਸਮਾਜਿਕ ਸੰਕਟ, ਤੇਜ਼ੀ ਨਾਲ ਵੱਧਦੀ ਮਹਿੰਗਾਈ ਅਤੇ ਆਈਐਮਐਫ ਦੇ ਕਰਜ਼ੇ ਦਾ ਭਾਰੀ ਬੋਝ ਰਾਤੋ-ਰਾਤ ਅਲੋਪ ਨਹੀਂ ਹੋਵੇਗਾ, ਜੁਮਲਿਆਂ ਅਤੇ ਅਰਾਜਕ ਨਿਰਣਿਆਂ ਨਾਲ ਤਾਂ ਬਿਲਕੁਲ ਵੀ ਨਹੀਂ। ਖਾਵੀਅਰ ਮਿਲੇਅ ਦੇ ਘਾਤਕ ਤੇ ਅਰਾਜਕ ਫੈਸਲਿਆਂ ਦਾ ਯਥਾਰਥ ਵਿੱਚ ਲਾਗੂ ਹੋਣਾ ਜਾਂ ਫੇਲ੍ਹ ਹੋਣਾ ਅਤੇ ਇਸਦੇ ਅਰਜਨਟੀਨੀ ਲੋਕਾਂ ਤੇ ਕਿਹੋ ਜਿਹੇ ਪ੍ਰਭਾਵ ਪੈਣਗੇ, ਇਹ ਦੇਖਣ ਵਾਲਾ ਹੋਵੇਗਾ।

Sunday, November 26, 2023

ਇਜ਼ਰਾਇਲ-ਫਲਸਤੀਨ ਜੰਗ : ਸੰਸਾਰ ਦਾ ਸਭ ਤੋਂ ਵੱਡਾ ਕੈਦਖਾਨਾ ਬਣੀ ਗਾਜ਼ਾ ਪੱਟੀ


ਬੀਤੇ 7 ਅਕਤੂਬਰ ਨੂੰ ਹਮਾਸ ਦੁਆਰਾ ਇਜ਼ਰਾਇਲ ਉੱਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਲਗਾਤਾਰ ਚੱਲਦੀ ਆ ਰਹੀ ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ ਅਤੇ ਲੱਖਾਂ ਲੋਕ ਉਜਾੜੇ ਦਾ ਸ਼ਿਕਾਰ ਹੋ ਚੁੱਕੇ ਹਨ। ਲੱਖਾਂ ਲੋਕ ਸ਼ਰਨਾਰਥੀ ਕੈਂਪਾਂ ਤੇ ਹਸਪਤਾਲਾਂ ’ਚ ਪਨਾਹ ਲੈਣ ਅਤੇ ਸਰਹੱਦੀ ਦੇਸ਼ਾਂ ਵੱਲ ਕੂਚ ਕਰਨ ਲਈ ਮਜ਼ਬੂਰ ਹਨ। 23 ਲੱਖ ਦੀ ਵਸੋਂ ਵਾਲੀ ਗਾਜ਼ਾ ਪੱਟੀ ਦੇ ਲੋਕਾਂ ਲਈ ਬਿਜਲੀ, ਪਾਣੀ, ਦਵਾਈਆਂ, ਖਾਦ ਸਮੱਗਰੀ, ਊਰਜਾ ਸ੍ਰੋਤ ਅਤੇ ਰੋਜ਼ਮਰ੍ਹਾ ਦੀਆਂ ਹੋਰ ਜਰੂਰੀ ਵਸਤਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਕੇ ਇਸਨੂੰ ਸਮੂਹਿਕ ਸਜਾ ਵਾਲੀ ਖੱੁਲ੍ਹੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਜੰਗ ਵਿੱਚ ਚਿੱਟੇ ਫਾਸਫੋਰਸ ਦੇ ਘਾਤਕ ਕੈਮੀਕਲ ਹਮਲੇ ਕੀਤੇ ਜਾ ਰਹੇ ਹਨ। ਗਾਜ਼ਾ ਦੇ ਸਕੂਲ, ਮਸਜਿਦ, ਬਹੁਮੰਜ਼ਿਲਾਂ ਇਮਾਰਤਾਂ ਅਤੇ ਹਸਪਤਾਲ ਮਲਬੇ ਦੇ ਢੇਰ ਵਿੱਚ ਬਦਲ ਦਿੱਤੇ ਗਏ ਹਨ। ਇਸ ਭਿਆਨਕ ਬੰਬਾਰੀ ’ਚ ਮਾਸੂਮ ਬੱਚੇ, ਔਰਤਾਂ, ਬਜ਼ੁਰਗ, ਨਰਸਾਂ, ਪੱਤਰਕਾਰਾਂ ਤੇ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲੇਆਮ ਰਚਾਇਆ ਜਾ ਰਿਹਾ ਹੈ। ਭਿਆਨਕ ਬੰਬਾਰੀ ਕਾਰਨ ਅਨੇਕਾਂ ਜਾਨਾਂ ਮਲਬਿਆਂ ਹੇਠ ਦੱਬੀਆਂ ਗਈਆਂ ਅਤੇ ਜਿਊਂਦਿਆਂ ਲਈ ਪਾਣੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਰਿਹਾ ਹੈ। ਭਾਵੇਂ ਕਿ ਹਮਲੇ ਤੋਂ ਪਹਿਲਾਂ ਵੀ ਗਾਜ਼ਾ ਪੱਟੀ ਦੇ ਆਰਥਿਕ-ਸਮਾਜਿਕ ਕੈਦੀਆਂ ਵਰਗੇ ਹੀ ਸਨ ਪਰੰਤੂ ਮੌਜੂਦਾ ਜੰਗ ਨੇ ਇਸਨੂੰ ਹੋਰ ਵੱਧ ਨਰਕ ਵੱਲ ਧੱਕ ਦਿੱਤਾ ਹੈ। ਇਕ ਗੈਰ ਕਾਨੂੰਨੀ ਅਤੇ ਨਸਲਵਾਦੀ ਇਜ਼ਰਾਇਲੀ ਰਾਜ ਵੱਲੋਂ ਗਾਜ਼ਾ ਉੱਤੇ ਕੀਤੇ ਜਾ ਰਹੇ ਅਣਮਨੁੱਖੀ ਜਾਬਰ ਹਮਲੇ ਵਿੱਚ ਅਮਰੀਕੀ ਸਾਮਰਾਜ ਤੇ ਉਸਦੀਆਂ ਭਾਈਵਾਲ ਪੱਛਮੀ ਤਾਕਤਾਂ (ਕੈਨੇਡਾ, ਫਰਾਂਸ, ਇੰਗਲੈਂਡ, ਜਰਮਨੀ ਆਦਿ) ਹਮਲਾਵਰ ਇਜ਼ਰਾਇਲ ਨੂੰ ਲਗਾਤਾਰ ਨੈਤਿਕ ਅਤੇ ਫੌਜੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਪੱਛਮੀ ਮੀਡੀਆ ਅਤੇ ਪੱਛਮੀ ਸਰਕਾਰਾਂ ਫਲਸਤੀਨ ਉੱਤੇ ਇਜ਼ਰਾਇਲੀ ਹਮਲੇ ਨੂੰ ‘ਸਵੈ ਰੱਖਿਆ ਦਾ ਅਧਿਕਾਰ’ ਕਹਿਕੇ ਪ੍ਰਚਾਰਨ ਲਈ ਇਕਸੁਰ ਹਨ। ਅਮਰੀਕੀ ਸਾਮਰਾਜ ਯੂਕਰੇਨ ਜੰਗ ਬਾਅਦ ਇਜ਼ਰਾਇਲ ’ਚ ਫਲਸਤੀਨ ਖਿਲਾਫ ਦੂਜੀ ਪ੍ਰੌਕਸੀ ਜੰਗ ਲੜ ਰਿਹਾ ਹੈ।

ਦੁਨੀਆਂ ਭਰ ਵਿੱਚ ਇਸ ਅਣਮਨੁੱਖੀ ਜੰਗ ਦਾ ਵਿਰੋਧ ਹੋ ਰਿਹਾ ਹੈ ਤੇ ਕਈ ਪੱਛਮੀ ਮੁਲਕਾਂ ਦੀਆਂ ਹਾਕਮ ਜਮਾਤਾਂ (ਅਮਰੀਕਾ, ਫਰਾਂਸ, ਜਰਮਨੀ, ਕੈਨੇਡਾ ਆਦਿ) ਫਲਸਤੀਨ ਪੱਖੀ ਸ਼ਾਤਮਈ ਵਿਰੋਧ ਪ੍ਰਦਰਸ਼ਨਾਂ ਉੱਤੇ ਪਾਬੰਦੀ ਮੜ੍ਹਕੇ ਖੁਲ੍ਹਕੇ ਇਜ਼ਰਾਇਲੀ ਹਮਲਾਵਰਾਂ ਦਾ ਸਾਥ ਦੇ ਰਹੇ ਹਨ। ਯੂਐਨਓ, ਮਨੁੱਖੀ ਅਧਿਕਾਰ ਸੰਗਠਨ, ਅੰਤਰਰਾਸ਼ਟਰੀ ਅਦਾਲਤਾਂ ਅਤੇ ਕਾਨੂੰਨ ਮੂਕ ਦਰਸ਼ਕ ਬਣੇ ਹੋਏ ਹਨ। ਦੂਜੇ ਪਾਸੇ ਇਜ਼ਰਾਇਲ-ਫਲਸਤੀਨ ਜੰਗ ਵਿੱਚ ਅਮਰੀਕੀ ਸਾਮਰਾਜ ਦੀ ਰੂਸ-ਯੂਕਰੇਨ ਜੰਗ ਨਾਲੋਂ ਵੀ ਵੱਧ ਦਿਲਚਸਪੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਇਜ਼ਰਾਇਲੀ ਦੌਰਾ ਅਤੇ ਇਜ਼ਰਾਇਲ ਨੂੰ ਹਰ ਸੰਭਵ ਦਿੱਤੀ ਜਾ ਰਹੀ ਫੌਜ਼ੀ ਸਹਾਇਤਾ ਦੇ ਪਿੱਛੇ ਵੱਡੇ ਅਤੇ ਦੂਰਰਸ ਹਿੱਤ ਜੁੜੇ ਹੋਏ ਹਨ। ਅਮਰੀਕੀ ਸਾਮਰਾਜ ਲਗਾਤਾਰ ਫ਼ਲਸਤੀਨ ਸਮੇਤ ਪੂਰੇ ਮੱਧ ਪੂਰਬ ਦੇ ਤੇਲ ਦੇ ਸ੍ਰੋਤਾਂ ਉੱਪਰ ਕਬਜਾ ਕਰਨ ਦੀ ਨੀਤੀ ਤੇ ਚੱਲਦਾ ਆ ਰਿਹਾ ਹੈ। ਦੂਸਰਾ ਅਮਰੀਕਾ ਆਪਣੇ ਪੁਰਾਣੇ ਵਿਰੋਧੀ ਰੂਸ-ਚੀਨ ਨੂੰ ਘੇਰਨ ਲਈ ਮੱਧ ਪੂਰਬ ਵਿੱਚ ਲਗਾਤਾਰ ਇੱਕ ਸਫਬੰਦੀ ਕਰਦਾ ਆ ਰਿਹਾ ਹੈ। ਮੱਧ ਪੂਰਬ ਉੱਤੇ ਅੱਖ ਰੱਖਣ ਅਤੇ ਰੂਸ-ਚੀਨ ਖਿਲਾਫ ਵਪਾਰਕ ਜੰਗ ਲਈ ਅਮਰੀਕੀ ਸਾਮਰਾਜ ਲਈ ਇਜ਼ਰਾਇਲ ਬਹੁਤ ਮਹੱਤਵਪੂਰਨ ਫੌਜ਼ੀ ਚੌਂਕੀ ਹੈ ਜਿਸ ਕੋਲ ਪੂੰਜੀ, ਉੱਚ ਤਕਨੀਕ, ਵੱਡੇ ਰੱਖਿਆ ਉਦਯੋਗ ਅਤੇ ਸੀਆਈਏ ਵਾਂਗ ਮੋਸਾਦ ਵਰਗੀ ਖੁਫ਼ੀਆ ਏਜੰਸੀ ਹੈ। ਤੀਸਰਾ ਨਸਲਵਾਦੀ ਅਮਰੀਕੀ ਸਾਮਰਾਜ ਲਈ ਨਸਲਵਾਦੀ ਯਾਹੂਦੀ ਰਾਜ ਇਜ਼ਰਾਇਲ ਇਸ ਲਈ ਵੀ ਮਹੱਤਵਪੂਰਨ ਹੈ ਕਿ ਅਮਰੀਕਾ ਅੰਦਰਲੀ ਸਿਆਸਤ ਅਤੇ ਵਪਾਰਕ ਅਦਾਰਿਆਂ ਵਿੱਚ ਯਾਹੂਦੀ ਲਾਬੀ ਦਾ ਖਾਸ ਪ੍ਰਭਾਵ ਹੈ। ਗੂਗਲ, ਮਾਈਕ੍ਰੋਸਾਫਟ, ਓਰੈਕਲ, ਡੈੱਲ, ਫੇਸਬੁੱਕ, ਬਲੂਮਬਰਗ ਆਦਿ ਵਰਗੀਆਂ ਵੱਡੀਆਂ ਦਿਓਕੱਦ ਅਮਰੀਕੀ ਕਾਰਪੋਰੇਸ਼ਨਾਂ ਦੇ ਯਾਹੂਦੀ ਮਾਲਕਾਂ ਦਾ ਅਮਰੀਕੀ ਪ੍ਰਸ਼ਾਸ਼ਨ, ਨਿਵੇਸ਼ ਅਤੇ ਸੰਸਾਰ ਮੰਡੀ ਵਿੱਚ ਖਾਸ ਸਥਾਨ ਹੈ। ਅਮਰੀਕਾ ਨਾਲ ਇਜ਼ਰਾਇਲ ਦਾ 50 ਬਿਲੀਅਨ ਦਾ ਮਾਲ ਤੇ ਸੇਵਾਵਾਂ ਦਾ ਸਲਾਨਾ ਵਪਾਰ ਹੈ। ਮੌਜੂਦਾ ਜੰਗ ਅਮਰੀਕੀ ਹਥਿਆਰ ਸਨਅਤ ਦੇ ਵਧਾਰੇ-ਪਸਾਰੇ ਲਈ ਵੀ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਬੀਤੇ ਕੁਝ ਦਹਾਕਿਆਂ ਵਿੱਚ ਵਿਕਸਿਤ ਮੁਲਕਾਂ ਦੀ ਸੂਚੀ ’ਚ ਸ਼ੁਮਾਰ ਘੱਟ ਵਸੋਂ ਵਾਲਾ ਛੋਟਾ ਜਿਹਾ ਦੇਸ਼ ਇਜ਼ਰਾਇਲ ਇਕ ਆਰਥਿਕ ਤੇ ਫੌਜੀ ਪਾਵਰਹਾਊਸ ਬਣਕੇ ਉਭਰਿਆ ਹੈ। ਅਮਰੀਕਾ ਦੂਜੀ ਸੰਸਾਰ ਜੰਗ ’ਚੋਂ ਸਭ ਤੋਂ ਉਭਰਵੀਂ ਸਾਮਰਾਜੀ ਤਾਕਤ ਵਜੋਂ ਸਾਹਮਣੇ ਆਇਆ ਹੈ ਉਹ ਦੁਨੀਆ ਦੇ ਦੱਬੇ-ਕੁਚਲੇ ਦੇਸ਼ਾਂ ਉੱਪਰ ਆਪਣਾ ਗਲਬਾ ਪਾਉਣ ਦੀ ਨੀਤੀ ਤੇ ਚੱਲ ਰਿਹਾ ਹੈ। ਆਪਣੇ ਪਸਾਰਵਾਦੀ ਹਿੱਤਾਂ ਲਈ ਉਹ ਹਰ ਵਹਿਸ਼ੀ ਤੇ ਅਣਮਨੁੱਖੀ ਹਮਲੇ ਜਾਂ ਜੰਗ ਨੂੰ ਅੰਜਾਮ ਦਿੰਦਾ ਆ ਰਿਹਾ ਹੈ। ਉਹ ਪਿਛਲੇ ਸਮੇਂ ਤੋਂ ਅਰਬ ਦੇਸ਼ਾਂ ਦੇ ਅੰਦਰੂਨੀ ਵਿਰੋਧਾਂ ਨੂੰ ਹਵਾ ਦਿੰਦਿਆਂ ਉੱਥੇ ਜੰਗ ਵਾਲੀਆਂ ਹਾਲਤਾਂ ਪੈਦਾ ਕਰਦਿਆਂ ਆਪਣੀਆਂ ਕੱਠਪੁਤਲੀ ਸਰਕਾਰਾਂ ਬਣਾਉਣ ’ਚ ਰੁੱਝਿਆ ਹੋਇਆ ਹੈ। ਹਮਲਿਆਂ ਤੇ ਕਬਜਿਆਂ ਦੀ ਇਸੇ ਲੰਮੀ ਲੜੀ ’ਚੋਂ ਇਰਾਕ, ਅਫਗਾਨਿਸਤਾਨ ਤੇ ਮਿਸਰ ਦਾ ਅਮਲ ਇਸਦੀਆਂ ਤਾਜ਼ਾ ਤੇ ਪ੍ਰਤੱਖ ਉਦਾਹਰਣਾਂ ਹਨ। 

ਨਸਲਵਾਦੀ ਇਜ਼ਰਾਇਲ ਅਤੇ ਪੱਛਮੀ ਤਾਕਤਾਂ ਫਲਸਤੀਨ ਉਪਰ ਹਮਲੇ ਦਾ ਬਹਾਨਾ ਹਮਾਸ ਤੇ ਹਿਜ਼ਬੁਲ੍ਹਾ ਵਰਗੇ ਧਾਰਮਿਕ ਕੱਟੜਪੰਥੀ ਗਰੁੱਪਾਂ ਨੂੰ ਸਬਕ ਸਿਖਾਉਣਾ ਬਣਾਉਦੀਆਂ ਹਨ ਤੇ ਅਮਰੀਕੀ ਸਾਮਰਾਜ ਆਪਣੇ ਆਪ ਨੂੰ ਸੰਸਾਰ ਅਮਨ-ਸ਼ਾਂਤੀ ਦੇ ਰਾਖਵਾਲੇ ਵਜੋਂ ਪੇਸ਼ ਕਰ ਰਿਹਾ ਹੈ। ਇੱਕ ਪਾਸੇ ਤਾਂ ਯੂਕਰੇਨ ਜੰਗ ਵਿੱਚ ਪੱਛਮੀ ਤਾਕਤਾਂ ਰੂਸ ਦੁਆਰਾ ਯੂਕਰੇਨ ਉੱਤੇ ਹਮਲੇ ਦਾ ‘ਗੈਰਕਾਨੂੰਨੀ ਘੁਸਪੈਠ’ ਕਹਿਕੇ ਵਿਰੋਧ ਕਰ ਰਹੀਆਂ ਹਨ ਅਤੇ ਯੂਕਰੇਨ ਜੰਗ ਦੀ ਅੱਗ ਵਿੱਚ ਕੁੱਲ ਸੰਸਾਰ ਨੂੰ ਧੱਕ ਰਹੀਆਂ ਹਨ ਦੂਜੇ ਪਾਸੇ ਦਹਾਕਿਆਂ ਤੋਂ ਇਜ਼ਰਾਇਲ ਵੱਲੋਂ ਫਲਸਤੀਨ ਦੀ ਧਰਤੀ ਉੱਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਤੇ ਹਮਲਿਆਂ ਨੂੰ ਲੈ ਕੇ ਸਾਜਿਸ਼ੀ ਚੁੱਪ ਧਾਰੀ ਬੈਠੀਆਂ ਹਨ। ਭਾਵ ਰੂਸ ਦਾ ਯੂਕਰੇਨ ’ਚ ਦਖਲ ‘ਗੈਰਕਾਨੂੰਨੀ ਘੁਸਪੈਠ’ ਤੇ ਇਜ਼ਰਾਇਲ ਦਾ ਫ਼ਲਸਤੀਨ ਤੇ ਹਮਲਾ ‘ਸਵੈ ਰੱਖਿਆ’। ਇਹ ਪੱਛਮੀ ਤਾਕਤਾਂ ਦੇ ਦੋਗਲੇਪਣ ਦੀ ਇੰਤਹਾ ਹੈ। ਹਮਾਸ ਦਾ ਇਜ਼ਰਾਇਲ ਤੇ ਦਹਿਸ਼ਤੀ ਹਮਲਾ “ਅਚਾਨਕ” ਹੋਇਆ ਹਮਲਾ ਨਹੀਂ ਬਲਕਿ ਇਹ ਉਹਨਾਂ ਹਾਲਤਾਂ ਦੀ ਪੈਦਾਵਾਰ ਹੈ ਜੋ ਇਜ਼ਰਾਇਲੀ ਹਮਲਾਵਰਾਂ ਵੱਲੋਂ ਦਹਾਕਿਆਂ ਤੋਂ ਪੈਦਾ ਕੀਤੇ ਗਏ ਸਨ। ‘ਫ਼ਲਸਤੀਨੀ ਮੁਕਤੀ ਜੱਥੇਬੰਦੀ’ ਦੇ ਕੌਮਪ੍ਰਸਤ ਪ੍ਰਭਾਵ ਨੂੰ ਖਤਮ ਕਰਨ ਅਤੇ ਦਹਿਸ਼ਤਗਰਦੀ ਬਹਾਨੇ ਫ਼ਲਸਤੀਨ ਉੱਤੇ ਝਪਟਣ ਲਈ 80ਵਿਆਂ ਦੇ ਦਹਾਕੇ ਵਿੱਚ ਅਮਰੀਕੀ ਸਾਮਰਾਜ ਤੇ ਇਜ਼ਰਾਇਲੀ ਹਾਕਮਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਮੌਜੂਦਾ ਸਮੇਂ ਹਮਾਸ ਦਾ ਵਿਰੋਧ ਕਰਦਿਆਂ ਕਿਸੇ ਵੀ ਤਰ੍ਹਾਂ ਅਮਰੀਕੀ ਸਾਮਰਾਜ ਦੀ ਫ਼ਲਸਤੀਨ ਵਿੱਚ ਦਖਲਅੰਦਾਜ਼ੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।  

ਫਲਸਤੀਨ ਦੇ ਲੋਕ ਪਹਿਲਾਂ ਉਟੋਮਾਨ ਰਾਜਾਸ਼ਾਹੀ (1500 ਈਸਵੀ ਤੋਂ ਪਹਿਲੀ ਸੰਸਾਰ ਜੰਗ ਤੱਕ), ਫਿਰ ਯੂਰਪ ਵਿਚਲੇ ਜਿਊਨਵਾਦੀ ਯਹੂਦੀਆਂ (ਪਹਿਲੀ ਸੰਸਾਰ ਜੰਗ ਤੋਂ ਦੂਜੀ ਸੰਸਾਰ ਜੰਗ ਦੇ ਅੰਤ ਤੱਕ), ਬ੍ਰਿਟਿਸ਼ ਸਾਮਰਾਜ ਤੇ ਹੁਣ ਅਮਰੀਕੀ ਸ਼ਹਿ ਪ੍ਰਾਪਤ ਇਜ਼ਰਾਇਲ ਦੇ ਜਬਰ ਹੇਠ ਲਗਾਤਾਰ ਪਿਸਦੇ ਆ ਰਹੇ ਹਨ। 19ਵੀਂ ਸਦੀ ’ਚ ਥੀਓਡੋਰ ਹਰਜ਼ਲ ਦੀ ਅਗਵਾਈ ’ਚ ਯਾਹੂਦੀ ਵਿਰੋਧੀ ਲਹਿਰ ਦੇ ਪ੍ਰਤੀਕਰਮ ਵਿੱਚੋਂ ਪੈਦਾ ਹੋਈ ਜ਼ਿਊਨਵਾਦੀ ਵਿਚਾਰਧਾਰਾ (ਸਤੰਤਰ ਯਾਹੂਦੀ ਰਾਜ ਦੀ ਸਥਾਪਨਾ) ਨੇ ਸਾਮਰਾਜੀ ਸ਼ਕਤੀਆਂ ਦੀ ਹਮਾਇਤ ਨਾਲ ਫਲਸਤੀਨ ਦੀ ਧਰਤੀ ਤੇ ਕਬਜ਼ੇ ਦਾ ਰਸਤਾ ਖੋਲ੍ਹ ਦਿੱਤਾ। 

ਹਿਟਲਰ ਦੁਆਰਾ ਯਹੂਦੀ ਲੋਕਾਂ ਦੀ ਕੀਤੀ ਗਈ ਨਸਲਕੁਸ਼ੀ, ਯਹੂਦੀ ਵਿਰੋਧੀ ਨਸਲਵਾਦੀ ਵਿਚਾਰਧਾਰਾ ਅਤੇ "ਜਾਤੀ ਤੌਰ 'ਤੇ ਸ਼ੁੱਧ" ਆਰੀਅਨ ਸਮਾਜ ਬਣਾਉਣ ਦੀ ਇੱਛਾ ਵਿੱਚੋਂ ਪੈਦਾ ਹੋਈ ਸੀ। ਨਾਜ਼ੀ ਵਿਚਾਰਧਾਰਾ ਨੇ ਆਰੀਅਨ ਨਸਲੀ ਉੱਤਮਤਾ ਅਤੇ ਯਹੂਦੀਆਂ ਸਮੇਤ "ਘਟੀਆ" ਨਸਲਾਂ ਨੂੰ ਖਤਮ ਕਰਨ ਦੇ ਵਿਸ਼ਵਾਸ ਨੂੰ ਅੱਗੇ ਵਧਾਇਆ। ਉਸਦਾ ਉਦੇਸ਼ ਇੱਕ ਨਸਲੀ ਸਮਰੂਪ ਸਮਾਜ ਬਣਾਉਣਾ ਸੀ। ਯਾਹੂਦੀਆਂ ਦੀ ਨਸਲਕੁਸ਼ੀ ’ਚੋਂ ਇੱਕ ਤਾਂ ਉਹਨਾਂ ਨੂੰ ਅੰਤਰਰਾਸ਼ਟਰੀ ਹਮਦਰਦੀ ਅਤੇ ਸਮਰਥਨ ਮਿਲਿਆ ਜਿਸਨੇ ਉਹਨਾਂ ਲਈ ਇੱਕ ਯਹੂਦੀ ਹੋਮਲੈਂਡ ਦੇ ਵਿਚਾਰ ਨੂੰ ਜਨਮ ਦਿੱਤਾ। ਯਾਹੂਦੀਆਂ ਅੰਦਰ (ਉਦਯੋਗਿਕ ਕ੍ਰਾਂਤੀ ਤੋਂ ਬਾਅਦ ਪੈਦਾ ਹੋਏ ਪੂੰਜੀਵਾਦ ਸੰਕਟ ਦੇ ਵਿਰੋਧ ਵਿਚੋਂ ਪੈਦਾ ਹੋਈਆਂ) ਰਾਸ਼ਟਰਵਾਦੀ ਤੇ ਕੌਮੀ ਮੁਕਤੀ ਲਹਿਰਾਂ ਦੇ ਪ੍ਰਭਾਵ ’ਚੋਂ ਸੁਰੱਖਿਅਤ ਪਨਾਹ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਹੋਈ। ਜਿੱਥੋਂ ਯਹੂਦੀ ਰਾਜ ਦੀ ਸਥਾਪਨਾ ਦੀ ਅਵਾਜ ਉੱਠਣ ਲੱਗੀ। ਇਸ ਅਵਾਜ ਨੂੰ ਸਾਮਰਾਜੀ ਤਾਕਤਾਂ ਨੇ ਹੋਰ ਤੂਲ ਦਿੱਤੀ। ਸਾਮਰਾਜੀਆਂ ਦੇ ਆਪਣੇ ਹਿੱਤ ਸਨ ਤੇ ਯਾਹੂਦੀਆਂ ਨੂੰ ਪਤਾ ਸੀ ਕਿ ਉਹ ਸਾਮਰਾਜ ਦੀ ਮੱਦਦ ਬਿਨਾਂ ਯਾਹੂਦੀ ਰਾਜ ਨਹੀਂ ਬਣਾ ਸਕਦੇ। ਸੰਯੁਕਤ ਰਾਸ਼ਟਰ ਨੂੰ ਮੂਹਰੇ ਲਾ ਕੇ ਅੰਤਰਰਾਸ਼ਟਰੀ ਹਮਦਰਦੀ ਅਤੇ ਕੂਟਨੀਤਕ ਯਤਨਾਂ ਨਾਲ ਇਜ਼ਰਾਈਲ ਰਾਜ ਹੋਂਦ ’ਚ ਆਇਆ। 

1948 ਵਿੱਚ ਫਲਸਤੀਨੀਆਂ ਨੇ ਜ਼ਿਓਨਿਸਟ ਮਿਲਸ਼ੀਆ ਨੇ ਫਸਲਤੀਨ ਦੀ ਧਰਤੀ ਤੇ ‘ਅਲ ਨਕਬਾ’ ਨਾਂ ਦਾ ਭਿਆਨਕ ਕਤਲੇਆਮ ਰਚਾਇਆ ਜਿਸ ਵਿੱਚ 500 ਤੋਂ ਵੱਧ ਪਿੰਡ ਤਬਾਹ ਕਰ ਦਿੱਤੇ ਗਏ ਅਤੇ ਦਸ ਲੱਖ ਫਲਸਤੀਨੀਆਂ ਨੂੰ ਜਬਰਦਸਤੀ ਉਹਨਾਂ ਦੇ ਘਰਾਂ ਤੋਂ ਉਜਾੜ ਦਿੱਤਾ ਗਿਆ ਸੀ। ਯਾਹੂਦੀਆਂ ਲਈ ਸੁਤੰਤਰ ਰਾਜ ਦੀ ਸਥਾਪਨਾ ਦੀ ਜ਼ਿਊਨਵਾਦੀ ਵਿਚਾਰਧਾਰਾ ਤਹਿਤ ਫਲਸਤੀਨ ਨੇ ਇਤਿਹਾਸ ਵਿੱਚ ਅਨੇਕਾਂ ਵੱਡੇ-ਛੋਟੇ ‘ਅਲ ਨਕਬਾ’ ਆਪਣੇ ਪਿੰਡੇ ਉੱਤੇ ਝੱਲੇ ਹਨ ਤੇ ਮੌਜੂਦਾ ਜੰਗ ਯਾਹੂਦੀ ਰਾਜ ਦੇ ਵਿਸਥਾਰ ਦੀ ਨਸਲਵਾਦੀ ਨੀਤੀ ਦਾ ਸਿੱਟਾ ਹੈ। ਨਸਲਵਾਦੀ ਯਾਹੂਦੀ ਰਾਜ ਇਜ਼ਰਾਇਲ 1948 ਤੋਂ ਹੁਣ ਤੱਕ ਫਲਸਤੀਨੀ, ਅਰਬ ਅਤੇ ਮੁਸਲਿਮ ਲੋਕਾਂ ਦੇ ਨਸਲੀ ਸਫਾਏ ਤੇ ਉਜਾੜੇ ਦੀ ਨੀਤੀ ਤੇ ਚੱਲ ਰਿਹਾ ਹੈ। ਇਜ਼ਰਾਇਲੀ ਰਾਜ ਰੰਗਭੇਦ, ਨਸਲੀ ਸਫਾਏ ਅਤੇ ਬਸਤੀਵਾਦੀ ਲੁੱਟ-ਖਸੁੱਟ ਦਾ ਉਤਮ ਨਮੂਨਾ ਬਣਕੇ ਉੱਭਰਿਆ ਹੈ।

ਇਜ਼ਰਾਇਲ ਦੀ ਭੇਦਭਾਵ ਵਾਲੀ ਇਮੀਗ੍ਰੇਸ਼ਨ ਨੀਤੀ (ਨੇਸੈਟ ਦੁਆਰਾ ਪਾਸ ‘ਵਾਪਸੀ ਦਾ ਕਾਨੂੰਨ 1950’) ਯਾਹੂਦੀ ਲੋਕਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਪੈਦਾ ਹੋਏ ਹੋਣ ਉਹ ਪੂਰੇ ਨਾਗਰਿਕ ਅਧਿਕਾਰਾਂ ਨਾਲ ਇਜ਼ਰਾਇਲ ’ਚ ਪ੍ਰਵਾਸ ਕਰ ਸਕਦੇ ਹਨ ਪਰ ਦੂਜੇ ਪਾਸੇ ਗੈਰ ਯਾਹੂਦੀ ਫਲਸਤੀਨੀਆਂ ਨੂੰ ਉਜਾੜ ਕੇ ਇਜ਼ਰਾੲਲਿ ਵਸਾਇਆ ਗਿਆ। ਫਲਸਤੀਨੀਆਂ ਨੂੰ ਇਜ਼ਰਾਇਲ ਵਿੱਚ ਰਿਹਾਇਸ਼ ਤੇ ਨਾਗਰਿਕਤਾ ਦੀ ਸਖਤ ਮਨਾਹੀ ਹੈ। ਯਾਹੂਦੀ ਸਰਵਉੱਚਤਾ ਤਹਿਤ ਫਲਸਤੀਨੀਆਂ ਨੂੰ ਯਾਹੂਦੀ ਰਾਜ ਲਈ ਖਤਰਾ ਸਮਝ ਕੇ ਨਾਗਰਿਕਤਾ, ਪ੍ਰਵਾਸ, ਸਿਹਤ, ਰਿਹਾਇਸ਼, ਚੋਣਾਂ, ਕਾਨੂੰਨ ਤੇ ਰੁਜਗਾਰ ਦੇਣ ਵਿੱਚ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪੱਛਮੀ ਬੈਂਕ ਅਤੇ ਗਾਜ਼ਾ ਪੱਟੀ ਪੂਰੀ ਤਰ੍ਹਾਂ ਖੁਦਮੁਖਤਿਆਰ ਰਾਜ ਨਹੀਂ ਹਨ ਬਲਕਿ ਇਸਦੇ ਅਯਾਤ-ਨਿਰਯਾਤ, ਸਰਹੱਦੀ ਅਤੇ ਹਵਾਈ ਖੇਤਰ ਵਿੱਚ ਇਜ਼ਰਾਇਲੀ ਪੁਲਿਸ ਅਤੇ ਫੌਜ਼ ਦਾ ਕੰਟਰੋਲ ਹੈ।

1993 ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਫਲਸਤੀਨੀ ਮੁਕਤੀ ਜੱਥੇਬੰਦੀ ਤੇ ਇਸਦੇ ਚੋਟੀ ਦੇ ਆਗੂ ਯਾਸਰ ਅਰਾਫ਼ਤ ਨੇ ਇਕ ਗੋਡੇਟੇਕੂ ਸਮਝੌਤੇ (ਓਸਲੋ ਸਮਝੌਤਾ) ਰਾਹੀਂ ਇਜ਼ਰਾਇਲ ਤੇ ਫਲਸਤੀਨ (ਗਾਜ਼ਾ ਪੱਟੀ ਤੇ ਪੱਛਮੀ ਕੰਢਾ) ਦੋ ਰਾਜ ਸਥਾਪਿਤ ਕਰਨ ਦੀ ਸਹਿਮਤੀ ਦੇ ਦਿੱਤੀ। ਪਰ ਇਹ ਹਮਲਾਵਰ ਤਾਕਤਾਂ ਦੀ ਸਾਜਿਸ਼ ਸੀ ਜਿਸ ਤਹਿਤ ਉਨ੍ਹਾਂ ਨੇ ਇਸ ਵੱਖਰੇ ਸਥਾਪਿਤ ਫਲਸਤੀਨ ਜੋ ਸਮੁੱਚੇ ਫਲਸਤੀਨ ਦੇ ਕੁੱਲ ਹਿੱਸੇ ਦਾ ਮਹਿਜ 10 ਫੀਸਦੀ ਹੀ ਬਣਦਾ ਸੀ, ਦੀ ਤਾਕਤ ਨੂੰ ਖਿੰਡਾ ਦਿੱਤਾ। ਇਸਦੇ ਉਲਟ ਇਜ਼ਰਾਇਲ ਨੇ 90 ਫੀਸਦੀ ਹਿੱਸੇ ਤੇ ਕਬਜਾ ਕਰ ਲਿਆ। ਇਸ 90 ਫੀਸਦੀ ਹਿੱਸੇ ਵਿਚ ਸਾਰੀਆਂ ਯੁੱਧਨੀਤਕ ਥਾਵਾਂ, ਗੋਲਾਨ ਦਾ ਉੱਚਾ ਖੇਤਰ, ਮੁੱਖ ਸ਼ਾਹਰਾਹ, ਪ੍ਰਮੁੱਖ ਸਮੁੰਦਰੀ ਰਸਤੇ ਆਦਿ ਮਹੱਤਵਪੂਰਨ ਹਿੱਸਾ ਇਜ਼ਰਾਇਲ ਦੇ ਕਬਜੇ ਹੇਠ ਆ ਗਿਆ। ਦੂਜੇ ਪਾਸੇ ਫਲਸਤੀਨ ਦੇ ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦੇ ਲੋਕਾਂ ਨੂੰ ਰਿਫਿਊਜ਼ੀਆਂ ਵਾਂਗ ਬਿਨਾਂ ਕਿਸੇ ਪੁਖ਼ਤਾ ਇੰਤਜ਼ਾਮ ਦੇ ਮਹੱਤਵਪੂਰਨ ਇਜ਼ਰਾਇਲੀ ਖੇਤਰਾਂ ’ਚੋਂ ਬਾਹਰ ਧੱਕ ਦਿੱਤਾ ਗਿਆ। 

ਹਮਾਸ ਕੱਟੜ ਇਸਲਾਮਿਕ ਜੱਥੇਬੰਦੀ ਹੈ। ਇਸ ਵੱਲੋਂ ਇਜ਼ਰਾਇਲ ਤੇ ਕੀਤੇ ਗਏ ਹਮਲੇ ’ਚ ਆਮ ਨਾਗਰਿਕ ਮਾਰੇ ਗਏ ਹਨ ਪਰ ਇਸ ਲਈ ਸਿਰਫ ਹਮਾਸ ਨੂੰ ਜਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਇਜ਼ਰਾਇਲ ਹੀ ਹੈ ਜਿਸਨੇ ਨਿਹੱਕੇ ਤੌਰ ਤੇ ਫਲਸਤੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਕਬਜ਼ੇ ਲਈ ਲੱਖਾਂ ਮਾਸੂਮ ਬੱਚਿਆਂ, ਔਰਤਾਂ ਅਤੇ ਨਿਰਦੋਸ਼ ਨਾਗਰਿਕਾਂ ਦੇ ਖੂਨੀ ਕਾਂਡ ਰਚੇ ਹਨ। ਇਸ ਕਰਕੇ ਜੇ ਫਲਸਤੀਨੀ ਅਤੇ ਇਜ਼ਰਾਇਲੀ ਦੇ ਆਮ ਲੋਕ ਜੰਗਾਂ ਵਿੱਚ ਮਾਰੇ ਜਾ ਰਹੇ ਹਨ ਤਾਂ ਇਸ ਲਈ ਇਜ਼ਰਾਇਲ ਜ਼ਿਊਨਵਾਦੀ ਅਤੇ ਅਮਰੀਕੀ ਸਾਮਰਾਜ ਜਿੰਮੇਵਾਰ ਹੈ। ਪਿਛਲੇ ਸਮੇਂ ਤੋਂ ਇਜ਼ਰਾਇਲ ਦੀ ਘਰੇਲੂ ਸਿਆਸਤ ਵਿੱਚ ਰਾਸ਼ਟਰਪਤੀ ਨੇਤਨਯਾਹੂ ਖਿਲਾਫ ਵੱਡੇ ਵਿਰੋਧ ਪ੍ਰਦਰਸ਼ਨ ਜੱਥੇਬੰਦ ਹੋ ਰਹੇ ਸਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਸਦੀ ਲੋਕਪ੍ਰਿਅਤਾ ਲਗਾਤਾਰ ਘੱਟ ਰਹੀ ਸੀ ਤੇ ਇਜ਼ਰਾਇਲੀ ਲੋਕ ਉਸਨੂੰ ਗੱਦੀ ਤੋਂ ਲਾਹੁਣ ਦੀ ਮੰਗ ਕਰਦੇ ਆ ਰਹੇ ਸਨ। ਉਸਦੀ ਸਿਆਸੀ ਜ਼ਰੂਰਤ ਇਜ਼ਰਾੲਲਿ ਦੇ ਲੋਕਾਂ ਦਾ ਧਿਆਨ ਉਸਦੀ ਸਰਕਾਰ ਤੋਂ ਪਾਸੇ ਲੈ ਜਾਣ ਦੀ ਸੀ। ਇਸਨੂੰ ਸਮਝਦੇ ਹੋਏ ਇਜ਼ਰਾਇਲ ਅੰਦਰ ਲੋਕਾਂ ਦੇ ਕੁਝ ਹਿੱਸਿਆਂ ਵੱਲੋਂ ਫਲਸਤੀਨੀ ਲੋਕਾਂ ਦੇ ਜਾਨ-ਮਾਲ ਦੇ ਘਾਣ ਦੇ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਹੈ। ਆਪਣੀ ਕੌਮੀ ਮੁਕਤੀ ਲਈ ਲੜ ਰਹੇ ਫਲਸਤੀਨ ਦੇ ਲੋਕ ਨਸਲਵਾਦੀ ਇਜ਼ਰਾਇਲੀ ਹਮਲਾਵਰਾਂ ਅਤੇ ਸਾਮਰਾਜੀ ਤਾਕਤਾਂ ਦੇ ਗੱਠਜੋੜ ਹੇਠ ਪਿਸ ਰਹੇ ਹਨ। ਮੌਜੂਦਾ ਜੰਗ ਇਕ ਪਾਸੇ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਅਤੇ ਦੂਜੇ ਪਾਸੇ ਰੂਸ-ਚੀਨ ਗੁੱਟਾਂ ਦੀ ਪ੍ਰੌਕਸੀ ਜੰਗ ਵਿੱਚ ਤਬਦੀਲ ਹੋ ਰਹੀ ਹੈ। ਇਹਨਾਂ ਦੋਵੇਂ ਗੁੱਟਾਂ ਵਿੱਚ ਵੀ ਭਾਵੇੇਂ ਆਪਸੀ ਵਿਰੋਧਤਾਈਆਂ ਮੌਜੂਦ ਹਨ ਪਰ ਪਿਛਲੇ ਸਮੇਂ ਅਮਰੀਕਾ ਅਤੇ ਰੂਸ ਵਿਚਕਾਰ ਠੰਡੀ ਜੰਗ ਤੋਂ ਬਾਅਦ ਦੁਨੀਆ ਵਿਚ ਸ਼ਾਂਤੀ ਦੀਆਂ ਕਿਆਸ-ਅਰਾਈਆਂ ਲਾਉਣ ਵਾਲੇ ਭੱਦਰ ਪੁਰਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਲੈਨਿਨ ਦਾ ਕਥਨ ਹੈ ਕਿ ‘ਸਾਮਰਾਜ ਦਾ ਅਰਥ ਹੀ ਜੰਗ ਹੈ’, ਇਹ ਅੱਜ ਵੀ ਠੀਕ ਅਤੇ ਇਹ ਉਨਾ ਚਿਰ ਠੀਕ ਰਹੇਗਾ ਜਿਨਾ ਚਿਰ ਸੰਸਾਰ ਵਿੱਚ ਪੂੰਜੀਵਾਦ ਹੈ, ਜਿਨਾ ਚਿਰ ਸਾਮਰਾਜਵਾਦ ਹੈ। ਨਿਹੱਕੀਆਂ ਜੰਗਾਂ ਹਮੇਸ਼ਾਂ ਲੋਕਾਂ ਲਈ ਦੁੱਖ ਅਤੇ ਤਕਲੀਫਾਂ ਲਿਆਉਂਦੀਆਂ ਹਨ ਅਤੇ ਮੌਜੂਦਾ ਨਿਹੱਕੀ ਜੰਗ ਵੀ ਲੋਕਾਂ ਲਈ ਮੁਸੀਬਤਾਂ ਅਤੇ ਨਰਕ ਤੋਂ ਵੱਧ ਕੁਝ ਨਹੀਂ ਦੇ ਸਕਦੀ।  ਮੌਜੂਦਾ ਜੰਗ ਦਾ ਸਿੱਟਾ ਸੰਸਾਰ ਪੱਧਰੀ ਮਹਿੰਗਾਈ, ਤੇਲ ਕੀਮਤਾਂ ਵਿੱਚ ਵਾਧੇ, ਵਾਤਾਵਰਣਿਕ ਤਬਾਹੀ, ਤੀਜੀ ਸੰਸਾਰ ਜੰਗ ਦੀਆਂ ਹੋਰ ਤਿਆਰੀਆਂ, ਮੱਧ ਪੂਰਬ ’ਚ ਧਾਰਮਿਕ ਤੇ ਸਰਹੱਦੀ ਵਿਵਾਦ, ਸੰਸਾਰ ਅਮਨ-ਸ਼ਾਤੀ, ਮਨੁੱਖੀ ਅਧਿਕਾਰਾਂ ਦਾ ਹਨਨ ਅਤੇ ਤਬਾਹੀ ਦਾ ਕਾਰਨ ਬਣੇਗੀ ਅਤੇ ਲੋਕਾਂ ਨੂੰ ਇਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ।

- ਮਨਦੀਪ

(+1 438-924-2052)


Sunday, September 24, 2023

ਡੂੰਘੇ ਆਰਥਿਕ-ਸਿਆਸੀ ਸੰਕਟ ’ਚ ਘਿਰਿਆ ਪਾਕਿਸਤਾਨ


ਪਾਕਿਸਤਾਨ ਗਹਿਰੇ ਆਰਥਿਕ-ਸਿਆਸੀ ਸੰਕਟ ਵਿੱਚ ਫਸ ਗਿਆ ਹੈ ਅਤੇ ਉਸਦਾ ਬੁਨਿਆਦੀ ਸਮਾਜਿਕ ਢਾਂਚਾ ਬੁਰੀ ਤਰ੍ਹਾ ਡੱਗਮਗਾ ਰਿਹਾ ਹੈ। ਕੋਵਿਡ ਅਤੇ ਯੂਕਰੇਨ ਜੰਗ ਦੇ ਲਗਾਤਾਰ ਚੱਲਦੇ ਆ ਰਹੇ ਮਾੜੇ ਪ੍ਰਭਾਵ ਤੋਂ ਬਾਅਦ ਪਿਛਲੇ ਸਾਲ ਪਾਕਿਸਤਾਨ ਹੜ੍ਹਾਂ ਦੀ ਭਿਆਨਕ ਤਬਾਹੀ ਦਾ ਸ਼ਿਕਾਰ ਹੋਇਆ। ਇਹਨਾਂ ਆਰਥਿਕ ਤੇ ਕੁਦਰਤੀ ਆਫਤਾਂ ਦੇ ਨਾਲ ਹੀ ਪਾਕਿਸਤਾਨ ਦੇ ਸਿਆਸੀ ਮੈਦਾਨ ਵਿੱਚ ਵੀ ਘਮਸਾਨ ਚੱਲਦਾ ਆ ਰਿਹਾ ਹੈ। ਪਾਕਿਸਤਾਨ ਵਿੱਚ ਫੈਲੀ ਸਿਆਸੀ ਅਸ਼ਾਂਤੀ ਕਾਰਨ ਦੇਖਦੇ ਹੀ ਦੇਖਦੇ ਇਸਦੀ ਆਰਥਿਕਤਾ ਨੂੰ ਲਕਵਾ ਮਾਰ ਗਿਆ। ਅਸਮਾਨ ਛੂੰਹਦੀ ਮਹਿੰਗਾਈ, ਭ੍ਰਿਸ਼ਟਾਚਾਰ, ਖਾਦ ਸੰਕਟ, ਹਿੰਸਾ, ਵੱਧਦਾ ਵਿੱਤੀ ਘਾਟਾ, ਘੱਟਦਾ ਵਿਦੇਸ਼ੀ ਮੁਦਰਾ ਭੰਡਾਰ, ਭੁਗਤਾਨ ਸੰਤੁਲਨ ਦਾ ਸੰਕਟ, ਡਾਲਰ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕਦਰ ਘਟਾਈ, ਬੇਰੁਜਗਾਰੀ, ਰੀਅਲ ਅਸਟੇਟ ਦਾ ਸੰਕਟ, ਲਗਾਤਾਰ ਗਿਰਾਵਟ ਵੱਲ ਜਾ ਰਹੀ ਕੁੱਲ ਘਰੇਲੂ ਪੈਦਾਵਾਰ, ਦਰਜਨਾਂ ਅੱਤਵਾਦੀ ਹਮਲੇ, ਹੜ੍ਹ, ਦਵਾਈਆਂ ਤੇ ਭੋਜਨ ਦੀ ਥੁੜ ਅਤੇ ਲਗਾਤਾਰ ਵੱਧਦੇ ਜਾ ਰਹੇ ਵਿਦੇਸ਼ੀ ਕਰਜ਼ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤੇਲ, ਗੈਸ, ਊਰਜਾ ਅਤੇ ਹੋਰ ਭੋਜਨ ਤੇ ਖਾਦ ਪਦਾਰਥਾਂ ਦੀਆਂ ਅਸਮਾਨੀ ਚੜੀਆਂ ਕੀਮਤਾਂ ਨੇ ਪਾਕਿਸਤਾਨੀ ਅਵਾਮ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਟੈਕਸਾਂ ’ਚ ਵਾਧਾ ਅਤੇ ਬਿਜਲੀ ਉੱਤੇ ਸਬਸਿਡੀ ਵਾਪਸ ਲੈਣ ਕਾਰਨ ਅਨੇਕਾਂ ਟੈਕਸਟਾਇਲ ਅਤੇ ਨਿਰਮਾਣ ਉਦਯੋਗ ਬੰਦ ਹੋ ਰਹੇ ਹਨ ਅਤੇ ਬੇਰੁਜਗਾਰਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ। ਅਰਥਚਾਰੇ ਦੇ ਲੜਖੜਾਉਣ ਨਾਲ ਜਨਤਕ ਸਹੂਲਤਾਂ ਉੱਤੇ ਲਗਾਤਾਰ ਕੱਟ ਲਾਏ ਜਾ ਰਹੇ ਹਨ ਅਤੇ ਲੋਕ ਕਰਜ਼, ਗਰੀਬੀ ਅਤੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਵਿਦੇਸ਼ੀ ਦਖਲਅੰਦਾਜ਼ੀ ਅਤੇ ਫੌਜ਼ ਦੇ ਵੱਧਦੇ ਪ੍ਰਭਾਵ ਕਾਰਨ ਪਾਕਿਸਤਾਨ ਦਾ ਸਿਆਸੀ ਅਤੇ ਸਮਾਜਿਕ ਸੰਕਟ ਦਿਨੋ-ਦਿਨ ਹੋਰ ਵੱਧ ਡੂੰਘਾ ਹੋ ਰਿਹਾ ਹੈ।

ਪਾਕਿਸਤਾਨੀ ਫੌਜ਼ੀ ਜਨਰਲਾਂ ਦੀ ਮੱਦਦ ਨਾਲ ਸੱਤਾ ’ਚ ਆਏ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਅਰਾ ਰੂਸ ਅਤੇ ਚੀਨ ਨਾਲ ਨੇੜਤਾ ਵਧਾਉਣ, ਅਫਗਾਨਿਸਤਾਨ ਵਿੱਚੋਂ ਅਮਰੀਕੀ ਸਾਮਰਾਜ ਦੇ ਬੇਆਬਰੂ ਹੋਕੇ ਨਿਕਲਣ ਸਮੇਂ ਅਮਰੀਕਾ ਵਿਰੋਧੀ ਟਿੱਪਣੀ ਕਰਨ, ਕੌਮਾਂਤਰੀ ਮੁਦਰਾ ਕੋਸ਼ ਦੇ ਸਮਝੌਤੇ ਦੀ ਉਲੰਘਣਾ ਕਰਨ ਅਤੇ ਅਮਰੀਕਾ ਵਿਰੋਧੀ ਸੁਰਾਂ ਕਾਰਨ ਅਮਰੀਕਾ ਦੀ ਸ਼ਹਿ ਤੇ ਪਾਕਿਸਤਾਨੀ ਫੌਜ਼ ਜਨਰਲਾਂ ਨੇ ਕੌਮੀ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ ਕਰਵਾਕੇ ਇਮਰਾਨ ਖਾਨ ਨੂੰ ਸੱਤਾ ਦੀ ਕੁਰਸੀ ਤੋਂ ਲਾਹਕੇ ਜੇਲ੍ਹ ਭੇਜ ਦਿੱਤਾ ਹੈ। ਅਮਰੀਕੀ ਇਸ਼ਾਰਿਆਂ ਤੇ ਚੱਲਣ ਵਾਲੀ ਸ਼ਹਿਬਾਜ਼ ਸ਼ਰੀਫ ਦੀ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੇ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਪਾਕਿਸਤਾਨ ਨੂੰ ਆਰਥਿਕ ਸੁਧਾਰਾਂ ਦੀਆਂ ਆਪਣੀਆਂ ਸਖਤ ਸ਼ਰਤਾਂ ਤਹਿਤ 1.1 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਦੀ ਤਰਜ਼ ਤੇ ਪਾਕਿਸਤਾਨ ਵਿੱਚ ਤੇਲ, ਗੈਸ, ਬਿਜਲੀ ਆਦਿ ਉੱਤੇ ਕਰ ਵਧਾਉਣ ਅਤੇ ਸਬਸਿਡੀ ਖਤਮ ਕਰਨ ਦੇ ਵੱਡੇ ਅਤੇ ਤਿੱਖੇ ਹਮਲੇ ਸ਼ੁਰੂ ਹੋ ਗਏ ਹਨ। ਵੱਧਦੇ ਵਿਦੇਸ਼ੀ ਕਰਜ਼ ਅਤੇ ਨਵੇਂ ਆਰਥਿਕ ਸੁਧਾਰਾਂ ਤਹਿਤ ਤੇਲ, ਗੈਸ, ਊਰਜਾ ਅਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਓੜਕਾਂ ਦਾ ਵਾਧਾ ਹੋਇਆ। ਮਹਿੰਗਾਈ ਦਰ 60 ਫੀਸਦੀ ਤੱਕ ਅੱਪੜ ਗਈ ਹੈ। ਪੇਂਡੂ ਖੇਤਰ ਵਿੱਚ ਮਹਿੰਗਾਈ ਦਰ 24.7 ਫੀਸਦ ਅਤੇ ਸ਼ਹਿਰੀ ਖੇਤਰ ਵਿੱਚ 32.9 ਫੀਸਦ ਨੂੰ ਪਾਰ ਕਰ ਗਈ। ਕਣਕ 160 ਰੁਪਏ ਕਿਲੋ, ਦੁੱਧ 235, ਪੈਟਰੋਲ 272 ਰੁਪਏ ਪ੍ਰਤੀ ਲੀਟਰ ਅਤੇ ਚਿਕਨ 780 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਸਰਕਾਰ ਨੂੰ ਬੇਲੋੜੀਆਂ ਤੇ ਲਗਜ਼ਰੀ ਵਸਤੂਆਂ ਦੀਆਂ ਦਰਾਮਦਾਂ ਉੱਤੇ ਪਾਬੰਧੀਆਂ ਲਾਉਣ ਅਤੇ ਚਾਹ ਦੀ ਖਪਤ ਘੱਟ ਕਰਨ ਦੇ ਐਲਾਨ ਕਰਨੇ ਪੈ ਰਹੇ ਹਨ। ਦੂਜੇ ਪਾਸੇ ਉੱਚ ਫੌਜ਼ੀ ਅਧਿਕਾਰੀ ਕਰ ਮੁਕਤ ਤੇ ਮਹਿੰਗੀਆਂ ਬੁਲਟ ਪਰੂਫ ਕਾਰਾਂ ਦਰਾਮਦ ਕਰਵਾ ਰਹੇ ਹਨ। ਆਟਾ ਲੈਣ ਲਈ ਆਮ ਲੋਕ ਜਾਨ ਦੀ ਬਾਜ਼ੀ ਤੱਕ ਲਾ ਰਹੇ ਹਨ। ਸਮੇਂ ਸਿਰ ਬਿੱਲਾਂ ਦਾ ਭੁਗਤਾਨ ਨਾ ਕਰ ਸਕਣ ਕਾਰਨ ਬੰਦਰਗਾਹਾਂ ਉੱਤੇ ਅਨੇਕਾਂ ਦਰਾਮਦਾਂ ਰੁਕੀਆਂ ਹੋਈਆਂ ਹਨ। ਪਾਕਿਸਤਾਨ 126 ਅਰਬ ਡਾਲਰ ਦੇ ਕੱੁਲ ਬਾਹਰੀ ਕਰਜ਼ ਵਿੱਚੋਂ 7.4 ਅਰਬ ਡਾਲਰ ਦਾ ਕੌਮਾਂਤਰੀ ਮੁਦਰਾ ਕੋਸ਼ ਦਾ ਕਰਜ਼ਦਾਰ ਹੈ ਅਤੇ 30 ਅਰਬ ਡਾਲਰ ਚੀਨ ਦਾ ਕਰਜ਼ਦਾਰ ਹੈ, ਜਦਕਿ ਉਸ ਕੋਲ ਕੱੁਲ 8.5 ਅਰਬ ਡਾਲਰ ਦਾ ਨਿਗੂਣਾ ਵਿਦੇਸ਼ੀ ਮੁਦਰਾ ਭੰਡਾਰ ਹੈ। ਦੇਸ਼ ਦੇ ਖਰਚੇ ਵਿਕਰਾਲ ਹਨ ਤੇ ਉਪਰੋਂ ਵਿਦੇਸ਼ੀ ਕਰਜ਼ ਦੀ ਅਦਾਇਗੀ ਲਈ ਇਹ ਮੁਦਰਾ ਭੰਡਾਰ ਆਟੇ ’ਚ ਲੂਣ ਬਰਾਬਰ ਵੀ ਨਹੀਂ ਹਨ। ਦਰਾਮਦਾਂ ਅਤੇ ਕਰਜ਼ ਦੇ ਭੁਗਤਾਨ ਸੰਤੁਲਨ ਦਾ ਸੰਕਟ ਮੌਜੂਦਾ ਸੰਕਟ ਦੀ ਚੂਲ ਹੈ। ਚਾਲੂ ਵਿੱਤੀ ਵਰ੍ਹੇ ਦੇ ਜਨਵਰੀ ਮਹੀਨੇ ਵਿੱਚ ਕੇਵਲ ਕੁਝ ਕੁ ਦਿਨਾਂ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ’ਚ ਪਾਕਿਸਤਾਨੀ ਰੁਪਏ ਵਿੱਚ 20% ਦੀ ਵੱਡੀ ਇਤਿਹਾਸਕ ਗਿਰਾਵਟ ਆਈ ਅਤੇ ਮੌਜੂਦਾ ਸਮੇਂ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਮੁਦਰਾ ਦੀ ‘ਕਦਰ’ 297 ਰੁਪਏ ਪ੍ਰਤੀ ਡਾਲਰ ਹੈ। ਮਹਿੰਗਾਈ ਨਾਲ ਨਜਿੱਠਣ ਲਈ ਪਾਕਿਸਤਾਨੀ ਕੇਂਦਰੀ ਬੈਂਕ, ਅਮਰੀਕੀ ਫੈਡਰਲ ਬੈਂਕਾਂ ਦੀ ਤਰਜ਼ ਤੇ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ ਜਿਸ ਨਾਲ ਦੇਸੀ-ਵਿਦੇਸ਼ੀ ਨਿਵੇਸ਼ ਘੱਟ ਰਿਹਾ ਹੈ, ਸ਼ੇਅਰ ਬਜ਼ਾਰ ਅਤੇ ਰੀਅਲ ਇਸਟੇਟ ਮਾਰਕਿਟ ਡਿੱਗ ਰਹੀ ਹੈ ਅਤੇ ਮਹਿੰਗਾਈ ਥੰਮਣ ਦਾ ਨਾਮ ਨਹੀਂ ਲੈ ਰਹੀ। ਧੀਮੀ ਹੋ ਰਹੀ ਆਰਥਿਕ ਗਤੀ ਦੇ ਚੱਲਦਿਆਂ ਸਾਲ 2022-23 ਵਿੱਚ ਪਾਕਿਸਤਾਨ ਦਾ ਕੱੁਲ ਘਰੇਲੂ ਉਤਪਾਦਨ ਘੱਟ ਰਿਹਾ। ਪਾਕਿਸਤਾਨ ਦਾ ਖਪਤਕਾਰ ਮੁੱਲ ਸੂਚਕ ਅੰਕ (31.5%) ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਗਿਆ। ਪਾਕਿਸਤਾਨ ਦੀ ਕੁੱਲ ਵਸੋਂ ਦਾ 24.3% ਹਿੱਸਾ ਭਾਵ 55 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਮਹਿੰਗਾਈ ਦੇ ਇਸ ਦੌਰ ਵਿੱਚ 34% ਵਸੋਂ ਦੀ ਪ੍ਰਤੀ ਦਿਨ ਆਮਦਨ 3.2 ਡਾਲਰ (588 ਰੁਪਏ) ਹੈ। ਚਾਲੂ ਵਰ੍ਹੇ ਦੇ ਮਈ ਮਹੀਨੇ ਵਿੱਚ ਮਹਿੰਗਾਈ ਦਰ (38%) ’ਚ ਪਾਕਿਸਤਾਨ, ਸ਼੍ਰੀਲੰਕਾ ਨੂੰ ਵੀ ਪਿੱਛੇ ਛੱਡ ਗਿਆ। ਪਾਕਿਸਤਾਨ ਦੀ ਨਿਗਰਦੀ ਆਰਥਿਕ-ਸਮਾਜਿਕ ਸਿਹਤ ਨੂੰ ਦੇਖਦਿਆਂ ਕ੍ਰੈਡਿਟ ਰੇਟਿੰਗ ਸੀਸੀਸੀ ਘਟਾਓ (ਛਛਛ-) ਤੱਕ ਡਿੱਗ ਗਈ ਹੈ। ਦੇਸ਼ ਦੇ ਖਰਚਿਆਂ ਨੂੰ ਚਲਾਉਣ ਅਤੇ ਕਰਜ਼ ਦਾ ਭੁਗਤਾਨ ਕਰਨ ਲਈ ਪਾਕਿਸਤਾਨੀ ਸਰਕਾਰ ਦੀ ਆਮਦਨ ਅਤੇ ਪੈਦਾਵਾਰ ਨਾਕਾਫੀ ਹੈ। 
ਦਰਅਸਲ ਪਾਕਿਸਤਾਨ ਦੇ ਮੌਜੂਦਾ ਆਰਥਿਕ ਤੇ ਰਾਜਸੀ ਸੰਕਟ ਦੇ ਬੀਜ਼ ਬਰਤਾਨਵੀ ਸਾਮਰਾਜ ਅਤੇ ਉਸਦੇ ਭਿਆਲਾਂ ਦੁਆਰਾ ਭਾਰਤ-ਪਕਿਸਤਾਨ ਦੇ ਕੀਤੇ ਗਏ ਫਿਰਕੂ ਤੇ ਖੂਨੀ ਬਟਵਾਰੇ ਸਮੇਂ ਹੀ ਬੀਜ਼ੇ ਗਏ ਸਨ। ਵੰਡ ਸਮੇਂ ਬਰਤਾਨਵੀ ਸਾਮਰਾਜੀ ਮਨਸੂਬਿਆਂ ਮੁਤਾਬਕ ਮੁਸਲਿਮ ਲੀਗ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਰਜ਼ਾ ਦੇ ਉਲਟ ਧਰਮ ਅਧਾਰਿਤ ਵੱਖਰੇ ਦੇਸ਼ ਦੀ ਮੰਗ ਇੱਕ ਵੱਡੀ ਇਤਿਹਾਸਕ ਭੁੱਲ ਅਤੇ ਦਰਦਨਾਕ ਤ੍ਰਸਾਦੀ ਸਾਬਤ ਹੋਈ। ਵੰਡ ਨੇ ਉਜਾੜਾ, ਕਤਲੋਗਾਰਦ, ਸਰਹੱਦੀ ਵਿਵਾਦ ਅਤੇ ਭਾਈਚਾਰਕ ਏਕਤਾ ਨੂੰ ਤੋੜਕੇ ਫਿਰਕੂ ਵੰਡੀਆਂ ਤੇ ਨਫਰਤ ਨੂੰ ਜਨਮ ਦਿੱਤਾ। ਵੰਡ ਤੋਂ ਬਾਅਦ ਪਾਕਿਸਤਾਨ ਦੇ ਨਵੇਂ ਬਣੇ ਹਾਕਮਾਂ ਕੋਲ ਪਾਕਿਸਤਾਨ ਦੀ ਤਰੱਕੀ ਤੇ ਵਿਕਾਸ ਲਈ ਯੋਗ ਲੀਡਰਸ਼ਿੱਪ ਅਤੇ ਦੂਰ-ਦ੍ਰਿਸ਼ਟੀ ਦੀ ਘਾਟ ਕਾਰਨ ਜਲਦ ਹੀ ਪਾਕਿਸਤਾਨ ਦਾ ਸਿਆਸੀ ਸੰਕਟ ਉੱਭਰ ਆਇਆ। ਸੰਵਿਧਾਨਕ, ਲੋਕਤੰਤਰੀ, ਧਰਮ ਨਿਰਪੱਖ ਅਤੇ ਅਗਾਂਹਵਧੂ ਕਦਰਾਂ-ਕੀਮਤਾਂ ਨੂੰ ਦਰਕਿਨਾਰ ਕੀਤਾ ਗਿਆ ਜਿਸਦਾ ਸਿੱਟਾ ਮੁਹੰਮਦ ਅਜੂਬ ਖਾਨ ਦੁਆਰਾ ਸਿਕੰਦਰ ਅਲੀ ਮਿਰਜ਼ਾ ਦੀ ਸਰਕਾਰ ਪਲਟ ਕੇ ਕੀਤੇ ਗਏ ਫੌਜ਼ੀ ਰਾਜਪਲਟੇ (27 ਅਕਤੂਬਰ 1958) ਦੇ ਰੂਪ ’ਚ ਨਿਕਲਿਆ। ਉਸਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿੱਚ ਫੌਜ਼ੀ ਦਬਦਬਾ ਇਸ ਕਦਰ ਵਧਿਆ ਕਿ ਪਾਕਿਸਤਾਨ ਵਿੱਚ ਹੁਣ ਤੱਕ ਅਨੇਕਾਂ ਅਸਫਲ ਕੋਸ਼ਿਸ਼ਾਂ ਤੋਂ ਬਿਨ੍ਹਾਂ ਚਾਰ ਸਫਲ ਫੌਜ਼ੀ ਰਾਜਪਲਟੇ ਹੋ ਚੁੱਕੇ ਹਨ ਅਤੇ “ਲੋਕਤੰਤਰੀ” ਸਰਕਾਰਾਂ ਵੀ ਫੌਜ਼ੀ ਸਹਾਇਤਾ ਬਿਨ੍ਹਾਂ ਹੋਂਦ ਵਿੱਚ ਨਹੀਂ ਆਉਂਦੀਆਂ। ਵੱਡੇ ਫੌਜ਼ੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਚੱਲਦਾ ਆ ਰਿਹਾ ਹੈ। ਫੌਜ਼ੀ ਰਾਜਪਲਟਿਆਂ ਤੋਂ ਬਿਨ੍ਹਾਂ ਪਾਕਿਸਤਾਨ ਦੀਆਂ ਭਾਰਤ ਨਾਲ ਦੋ ਵੱਡੀਆਂ ਜੰਗਾਂ (1965 ਤੇ 1971) ਅਤੇ ਕਈ ਵੱਡੇ-ਛੋਟੇ ਸਰਹੱਦੀ ਝਗੜੇ ਲਗਾਤਾਰ ਚੱਲਦੇ ਆ ਰਹੇ ਹਨ। ਕਸ਼ਮੀਰ ਉੱਤੇ ਆਪਣੀ ਦਾਅਵੇਦਾਰੀ ਦੀ ਲੰਮੀ ਲੜਾਈ ਵਿੱਚ ਵੀ ਪਾਕਿਸਤਾਨ ਦਾ ਲੱਕ ਟੁੱਟ ਗਿਆ। ਪੂਰਬੀ ਤੇ ਪੱਛਮੀ ਪਾਕਿਸਤਾਨ ਦਾ ਝਗੜਾ ਅਤੇ ਅੰਤ ਪੂਰਬੀ ਪਾਕਿਸਤਾਨ ਦਾ ਬੰਗਲਾਦੇਸ਼ ਦੇ ਰੂਪ ਵਿੱਚ ਵੱਖਰਾ ਹੋਣਾ ਪਾਕਿਸਤਾਨ ਨੂੰ ਖੁੰਗਲ ਕਰ ਗਿਆ।

ਭਾਰਤ-ਪਾਕਿਸਤਾਨ ਦਾ ਸਰਹੱਦੀ ਵਿਵਾਦ ਜਿੱਥੇ ਦੋਵਾਂ ਦੇਸ਼ਾਂ ਦੇ ਹਾਕਮਾਂ ਲਈ ਵੋਟ ਹਾਸਲ ਕਰਨ ਦਾ ਜ਼ਰਿਆ ਬਣਦਾ ਆ ਰਿਹਾ ਹੈ ਉੱਥੇ ਪਾਕਿਸਤਾਨ ਸਾਮਰਾਜੀ ਤਾਕਤਾਂ ਖਾਸਕਰ ਅਮਰੀਕਾ ਲਈ ਆਪਣੇ ਦੁਸ਼ਮਣਾਂ ਖਿਲਾਫ ਭੂਸਿਆਸੀ ਤੌਰ ਤੇ ਅਹਿਮ ਮੋਹਰਾ ਚੱਲਦਾ ਆ ਰਿਹਾ ਹੈ। ਭਾਰਤ ਉੱਤੇ ਕੂਟਨੀਤਿਕ ਦਬਾਅ ਲਈ ਪਾਕਿਸਤਾਨ, ਅਮਰੀਕਾ ਅਤੇ ਚੀਨ ਲਈ ਸਦਾ ਮਹੱਤਵਪੂਰਨ ਖੇਤਰ ਰਿਹਾ। ਸੋਵੀਅਤ ਯੁਨੀਅਨ; ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਵਿੱਚ ‘ਦਹਿਸ਼ਤਗਰਦੀ ਖਿਲਾਫ ਜੰਗ’ ਬਹਾਨੇ ਅਮਰੀਕਾ ਨੇ ਵੱਖ-ਵੱਖ ਦਹਿਸ਼ਤਗਰਦ ਗਰੁੱਪਾਂ ਨੂੰ ਵਿੱਤੀ ਅਤੇ ਫੌਜ਼ੀ ਸਹਾਇਤਾ ਦੇਣ ਦੇ ਨਾਲ-ਨਾਲ ਪਾਕਿਸਤਾਨ ਨੂੰ ਵਿਸ਼ੇਸ਼ ‘ਟਰੇਨਿੰਗ ਸੈਂਟਰ’ ਵਜ਼ੋਂ ਵਰਤਿਆ ਅਤੇ ਉਸਦੇ ਹਵਾਈ ਖੇਤਰ ਦੀ ਸ਼ਰੇਆਮ ਵਰਤੋਂ ਕੀਤੀ। ਪਾਕਿਸਤਾਨ ਵਿੱਚ ਅਮਰੀਕੀ ਸਹਾਇਤਾ ਪ੍ਰਾਪਤ ਕੱਟੜ ਫਿਰਕੂ ਇਸਲਾਮਿਕ ਗੁੱਟਾਂ ਦੀ ਦਹਿਸ਼ਤ ਪਾਕਿਸਤਾਨ ਦੀ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਲਈ ਸਦਾ ਖਤਰਾ ਬਣਦੀ ਆ ਰਹੀ ਹੈ। ਪਾਕਿਸਤਾਨ ਦੇ ਸਕੂਲਾਂ-ਮਦਰੱਸਿਆਂ ਵਿੱਚ ਚਾਰਲਸ ਡਾਰਵਿਨ ਸਮੇਤ ਹੋਰ ਅਗਾਂਹਵਧੂ ਵਿਚਾਰਾਂ/ ਫਲਸਫਿਆਂ ਨੂੰ ਪੜਾਉਣ ਦੀ ਥਾਂ ਕੱਟੜ ਧਾਰਮਿਕ ਅਕੀਦਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਪਾਕਿਸਤਾਨ ਦੇ ਅੰਦਰ ਅਤੇ ਸਰਹੱਦੀ ਮੁਸਲਿਮ ਦੇਸ਼ਾਂ ਨਾਲ ਉਸਦੇ ਸ਼ੀਆ-ਸੁੰਨੀ ਧਾਰਮਿਕ ਵਿਸ਼ਵਾਸ਼ਾਂ ਕਾਰਨ ਫਿਰਕੂ ਵਿਵਾਦ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਬਣਦੇ ਹਨ। ਸੋਵੀਅਤ ਯੂਨੀਅਨ, ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਖਿਲਾਫ ਜੰਗ ਵਿੱਚ ਪਾਕਿਸਤਾਨ, ਅਮਰੀਕਾ ਲਈ ਸਿੱਧੇ ਅਤੇ ਅਸਿੱਧੇ ਤੌਰ ਤੇ ਅਹਿਮ ਰਣਨੀਤਿਕ ਟਿਕਾਣਾ ਰਿਹਾ। ਪਾਕਿਸਤਾਨ ਦੇ ਫੌਜ਼ੀ ਜਨਰਲ ਦਹਿਸ਼ਦਗਰਦ ਇਸਲਾਮਿਕ ਗੁੱਟਾਂ ਅਤੇ ਅਮਰੀਕੀ ਸਾਮਰਾਜ ਵਿਚਕਾਰ ਵਿਚੋਲਗੀ ਦਾ ਕੰਮ ਕਰਦੇ ਆ ਰਹੇ ਹਨ। ਇਹ ਵੱਢੀਖੋਰ ਫੌਜ਼ੀ ਜਨਰਲ ਗਲ-ਗਲ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ ਪਾਕਿਸਤਾਨ ਸਮੇਤ ਵਿਦੇਸ਼ਾਂ ਵਿੱਚ ਬੇਥਾਹ ਧੰਨ-ਦੌਲਤ ਦੇ ਮਾਲਕ ਬਣੇ ਹੋਏ ਹਨ। ਪਾਕਿਸਤਾਨ ਵਿੱਚ ਅਮੀਰੀ-ਗਰੀਬੀ ਦਾ ਡੂੰਘਾ ਪਾੜਾ ਹੈ। ਏਸ਼ੀਆ ਵਿੱਚ ਵਪਾਰਕ ਵਿਸਥਾਰ ਅਤੇ ‘ਚੀਨ-ਪਾਕਿਸਤਾਨ ਆਰਥਿਕ ਲਾਂਘੇ’ ਲਈ ਪਾਕਿਸਤਾਨ, ਚੀਨ ਲਈ ਵੀ ਬੇਹੱਦ ਅਹਿਮ ਖਿੱਤਾ ਹੈ। ਖੇਤੀਬਾੜੀ ਖੇਤਰ ਤੋਂ ਬਾਅਦ ਵਪਾਰਕ ਕੇਂਦਰ ਕਰਾਚੀ ਇਸਦੀ ਆਰਥਿਕਤਾ ਦੀ ਰੀੜ੍ਹ ਹੈ ਅਤੇ ਭੂਸਿਆਸੀ ਤੌਰ ਤੇ ਯੂਰਪ ਨਾਲ ਵਪਾਰ ਲਈ ਪਾਕਿਸਤਾਨ, ਚੀਨ ਵਾਸਤੇ ਬੇਹੱਦ ਮਹੱਤਵਪੂਰਨ ਲਾਂਘਾ ਹੈ। ਇਸ ਲਈ ਚੀਨ ਨੇ ਵੱਡੀ ਪੱਧਰ ਉੱਤੇ ਪਾਕਿਸਤਾਨ ਨੂੰ ਕਰਜ਼ਾ ਦਿੱਤਾ ਹੈ ਜੋ ਕੁਲ ਬਾਹਰੀ ਕਰਜ਼ ਦਾ 35% ਬਣਦਾ ਹੈ। ਇਸਦੇ ਉਲਟ ਰੂਸ ਅਤੇ ਚੀਨ ਵਰਗੇ ਪੁਰਾਣੇ ਵਿਰੋਧੀਆਂ ਨੂੰ ਢਾਹੁਣ ਲਈ ਅਮਰੀਕਾ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਸਿਆਸੀ ਦਖਲਅੰਦਾਜ਼ੀ ਕਰਦਾ ਆ ਰਿਹਾ ਹੈ।
1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵੱਡੇ ਸੰਕਟ ਨਾਲ ਜੂਝ ਰਿਹਾ ਹੈ। ਸਾਮਰਾਜੀ ਮੁਲਕਾਂ ਅਤੇ ਪਾਕਿਸਤਾਨ ਦੇ ਹਾਕਮਾਂ ਵੱਲੋਂ ਪੈਦਾ ਕੀਤੇ ਇਸ ਸੰਕਟ ਦਾ ਬੋਝ ਪਾਕਿਸਤਾਨੀ ਅਵਾਮ ਦੇ ਮੋਢਿਆਂ ਉੱਤੇ ਲੱਦਿਆ ਜਾ ਰਿਹਾ ਹੈ। ਪਾਕਿਸਤਾਨ ਦੀ ਮੌਜੂਦਾ ਆਰਥਿਕ-ਸਿਆਸੀ ਸੂਰਤ-ਏ-ਹਾਲ ਦੇ ਬੇਰਹਿਮ ਤੱਥ ਦਰਸਾਉਂਦੇ ਹਨ ਕਿ ਪਾਕਿਸਤਾਨ ਨੂੰ ਦਿਵਾਲੀਆ ਹੋਣ ਤੋਂ ਅੱਲ੍ਹਾ ਵੀ ਨਹੀਂ ਬਚਾ ਸਕਦਾ।
- ਮਨਦੀਪ (+1 438-924-2052)

Friday, September 1, 2023

ਬ੍ਰਿਕਸ ਦਾ ਵੱਧਦਾ ਪ੍ਰਭਾਵ ਅਤੇ ਡਾਲਰ ਨੂੰ ਚੁਣੌਤੀ


ਬ੍ਰਿਕਸ ਦਾ ਪੰਦਰਵਾਂ ਸੰਮੇਲਨ ਬ੍ਰਿਕਸ ਵਿਸਥਾਰ ਅਤੇ ਮੁਦਰਾ ਦੇ ਵਿਕਾਸ ਦੇ ਮੁੱਦੇ ’ਤੇ ਵਿਚਾਰ-ਚਰਚਾ ਕਰਕੇ ਮੁਕੰਮਲ ਹੋ ਚੁੱਕਿਆ ਹੈ। ਛੇ ਨਵੇਂ ਦੇਸ਼ਾਂ (ਈਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ, ਇਥੋਪੀਆ ਅਤੇ ਅਰਜਨਟੀਨਾ) ਦੀ ਸ਼ਮੂਲੀਅਤ ਨੇ ਬ੍ਰਿਕਸ ਗੁੱਟ ਦੇ ਭੂਸਿਆਸੀ ਤੇ ਆਰਥਿਕ ਪ੍ਰਭਾਵ ਨੂੰ ਹੋਰ ਵੱਧ ਮਜ਼ਬੂਤ ਕੀਤਾ ਹੈ। ਇਸ ਸਮੂਹ ਦਾ ਵਿਸ਼ਵ ਜੀਡੀਪੀ ਵਿੱਚ ਖ੍ਰੀਦ ਸ਼ਕਤੀ ਸਮਾਨਤਾ ਦੇ ਆਧਾਰ ’ਤੇ 37% ਹਿੱਸਾ ਬਣਦਾ ਹੈ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਈਰਾਨ ਦੁਨੀਆਂ ’ਚ ਕੱਚੇ ਤੇਲ ਦੇ ਵੱਡ ਨਿਰਯਾਤਕ ਹਨ। ਮੱਧ ਪੂਰਬ ਨੂੰ ਸ਼ਾਮਿਲ ਕਰਨਾ ਬ੍ਰਿਕਸ ਦੀ ਊਰਜਾ ਕੁਸ਼ਲਤਾ ਲੋੜ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਲਾਤੀਨੀ ਅਮਰੀਕਾ ਦੇ ਦੋ ਵੱਡੇ ਦੇਸ਼ਾਂ ਵਿੱਚ ਬ੍ਰਿਕਸ ਦੀ ਮੌਜੂਦਗੀ ਵਿਸ਼ਵ ਵਿੱਚ ਵੱਧ ਨਿਵੇਸ਼ ਦੇ ਮੌਕੇ ਸਹਾਈ ਕਰਵਾਏਗੀ। ਇਸ ਦੌਰਾਨ ਭਾਰਤ ਤੇ ਚੀਨ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀ ਚਰਚਾ ਵੀ ਅਹਿਮ ਰਹੀ।

ਠੰਡੀ ਜੰਗ ਦੇ ਖਾਤਮੇ ਬਾਅਦ ਦੁਨੀਆਂ ਅੰਦਰ ਅਮਰੀਕਾ ਦੀ ਉੱਭਰੀ ਸਰਦਾਰੀ ਨੇ ਇੱਕ ਧਰੁਵੀ ਸੰਸਾਰ ਅਤੇ ਅਮਰੀਕੀ ਡਾਲਰ ਦੀ ਇਜ਼ਾਰੇਦਾਰੀ ਕਾਇਮ ਕਰ ਦਿੱਤੀ ਸੀ। 1971 ਤੱਕ ਅਮਰੀਕੀ ਨਾਅਰਾ ਸੀ ‘ਡਾਲਰ ਬਦਲੇ ਸੋਨਾ’ ਪਰ ਹੁਣ 1971 ਤੋਂ ਬਾਅਦ ਬ੍ਰੈਟਨਵੁੱਡਸ ਸਮਝੌਤੇ ਦੇ ਉਲਟ ਸੋਨੇ ਅਤੇ ਡਾਲਰ ਨੂੰ ਅਲੱਗ ਕਰ ਦਿੱਤਾ ਗਿਆ। ਕੁਝ ਦਹਾਕਿਆਂ ’ਚ ਸੰਸਾਰ ਪੱਧਰ ਤੇ ਡਾਲਰ ਦਾ ਦਬਦਬਾ ਇਸ ਕਦਰ ਵੱਧ ਗਿਆ ਕਿ ਅਮਰੀਕੀ ਆਰਥਿਕ ਨਾਕਾਬੰਦੀਆਂ ਰਾਤੋ-ਰਾਤ ਕਿਸੇ ਦੇਸ਼ ਦੀ ਅਰਥ-ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ। ਵੈਨਜ਼ੂਏਲਾ, ਇਰਾਕ, ਈਰਾਨ, ਸੀਰੀਆ, ਲੀਬੀਆ ਆਦਿ ਮੁਲਕ, ਜਿੰਨ੍ਹਾਂ ਨੇ ਡਾਲਰ ਦੀ ਚੌਧਰ ਨੂੰ ਚੁਣੌਤੀ ਦਿੱਤੀ, ਦਾ ਬੁਰਾ ਹਾਲ ਹੋ ਗਿਆ ਸੀ। ਇਸ ਸਮੇਂ ਰੂਸ ਸਣੇ 39 ਦੇਸ਼ ਅਮਰੀਕੀ ਆਰਥਿਕ ਰੋਕਾਂ ਅਧੀਨ ਹਨ, ਉਹਨਾਂ ਵਿੱਚੋਂ ਵੀ ਸਭ ਤੋਂ ਵੱਧ ਪ੍ਰਭਾਵਿਤ ਅਫਰੀਕੀ ਮਹਾਂਦੀਪ ਹੈ। ਅਮਰੀਕੀ ਸਾਮਰਾਜ ਦੀਆਂ ਮਾਈਕਰੋ-ਆਰਥਿਕ ਨੀਤੀਆਂ ਤੋਂ ਇਹ ਦੇਸ਼ ਪ੍ਰੇਸ਼ਾਨ ਹਨ। ਇਸੇ ਲਈ ਹਾਲ ਦੀ ਘੜੀ ਸਥਾਨਕ ਮੁਦਰਾ ਵਰਤਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੇਲ ਅਤੇ ਗੈਸ ਦੇ ਵੱਡੇ ਖਿਡਾਰੀ ਸਾਊਦੀ ਅਰਬ, ਯੂਏਈ ਅਤੇ ਈਰਾਨ ਦਾ ਬ੍ਰਿਕਸ ਵਿੱਚ ਸ਼ਾਮਿਲ ਹੋਣਾ ਪੈਟਰੋਡਾਲਰ ਨੂੰ ਕਮਜ਼ੋਰ ਕਰੇਗਾ। ਅਮਰੀਕਾ-ਚੀਨ ਵਪਾਰਕ ਜੰਗ ਦੇ ਚੱਲਦਿਆਂ ਚੀਨ ਦਾ ਸੰਸਾਰ ਭਰ ਵਿੱਚ ਵੱਧਦਾ ਪ੍ਰਭਾਵ, ਪੈਟਰੋ ਯੁਆਨ, ਕ੍ਰਿਪਟੋਕਰੰਸੀ ਅਤੇ ਯੂਕਰੇਨ ਜੰਗ ਦੌਰਾਨ ਰੂਸ ਦੇ ਰੂਬਲ ਵਿੱਚ ਸੰਸਾਰ ਵਪਾਰ ਆਦਿ ਘਟਨਾਵਾਂ ਨੇ ਡਾਲਰ ਮੁਕਾਬਲੇ ਬਦਲਵੀਂ ਮੁਦਰਾ ਦਾ ਅਧਾਰ ਪੈਦਾ ਕਰ ਦਿੱਤਾ ਹੈ।
ਡਾਲਰ ਦੀ ਇਜਾਰੇਦਾਰੀ ਨੂੰ ਤੋੜਨ ਲਈ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਆਦਿ ਦੇਸ਼ਾਂ ਦੇ ਸਮੂਹ ਨੇ ਮੌਜੂਦਾ ਆਲਮੀ ਵਿੱਤੀ ਤੇ ਵਪਾਰਕ ਢਾਂਚੇ ਦੇ ਬਦਲ ਦੀ ਲੋੜ ’ਚੋਂ ਬ੍ਰਿਕਸ ਸਮੂਹ ਵੱਧ ਹਰਕਤਸ਼ੀਲ ਹੋਇਆ। ਵਸੋਂ, ਅਰਥਚਾਰੇ ਅਤੇ ਖੇਤਰਫਲ ਪੱਖੋਂ ਇਹ ਦੇਸ਼ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਦੇ ਸਮਰੱਥ ਹਨ। ਬ੍ਰਿਕਸ ਦੇਸ਼ਾਂ ਦੀ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) 33.65% ਹੈ, ਜਦਕਿ ਪੱਛਮੀ ਗਠਜੋੜ ਜੀ-7 ਦੀ ਪੀਪੀਪੀ 27.77% ਹੈ। ਬ੍ਰਿਕਸ ਸਮੂਹ ਵਿੱਚ ਵਿਸ਼ਵ ਦੀ 46 ਫੀਸਦੀ ਆਬਾਦੀ ਰਹਿੰਦੀ ਹੈ ਜੋ ਸਸਤੀ ਕਿਰਤ ਸ਼ਕਤੀ ਦਾ ਵੱਡਾ ਸੋਮਾ ਹੈ। ਊਰਜਾ, ਜਲਵਾਯੂ ਕੰਟਰੋਲ, ਖੇਤਰੀ ਵਿਕਾਸ, ਕੁਦਰਤੀ ਸ੍ਰੋਤਾਂ ਦੀ ਅਨੁਕੂਲ ਵਰਤੋਂ ਅਤੇ ਵਪਾਰਕ ਰੋਕਾਂ ਨੂੰ ਖਤਮ ਕਰਨਾ ਆਦਿ ਬ੍ਰਿਕਸ ਦੇ ਮੁੱਢਲੇ ਉਦੇਸ਼ ਗਿਣੇ ਗਏ ਹਨ। ਪਰ ਯੂਕਰੇਨ ਜੰਗ ਦੌਰਾਨ ਅਮਰੀਕਾ ਨੇ ਰੂਸ ’ਤੇ ਆਰਥਿਕ ਰੋਕਾਂ ਮੜ੍ਹੀਆਂ, ਵਿੱਤੀ ਸੰਚਾਰ ਬੰਦ ਕੀਤਾ, ਰੂਸ ਨੂੰ ਸਵਿਫਟ ਕੋਡ ’ਚੋਂ ਬਾਹਰ ਕੱਢਿਆ ਅਤੇ ਇਸਦੇ ਨਾਲ ਹੀ ਚੀਨ ਨੂੰ ਵੀ ਧਮਕੀ ਦਿੱਤੀ ਕਿ ਰੂਸ ਦੀ ਮੱਦਦ ਕਰਨ ਦੀ ਸੂਰਤ ’ਚ ਉਸ ਉੱਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ 85% ਵਿਸ਼ਵ ਵਪਾਰ ਦਾ ਚੱਲਣ ਅਮਰੀਕੀ ਡਾਲਰ ਵਿੱਚ ਹੋ ਰਿਹਾ ਹੈ। ਇਸ ਬਾਹਰਮੁੱਖੀ ਹਾਲਤ ਨੇ ਬ੍ਰਿਕਸ ਮੁਦਰਾ ਬਣਨ ਨੂੰ ਹੋਰ ਬਲ ਬਖਸ਼ਿਆ ਤੇ ਇਸਨੇ ਡਾਲਰ ਦੀ ਦਾਦਾਗਿਰੀ ਵਿਰੁੱਧ ਬ੍ਰਿਕਸ ਦੇਸ਼ਾਂ ਦੀ ਲਾਮਬੰਦੀ ਨੂੰ ਹੋਰ ਵੱਧ ਮਜ਼ਬੂਤ ਕੀਤਾ। ਅਮਰੀਕੀ ਸਾਮਰਾਜ ਨੇ ਦੁਨੀਆਂ ਦੇ ਅਨੇਕਾਂ ਮੁਲਕਾਂ ਵਿੱਚ ਨਿਹੱਕੀਆਂ ਜੰਗਾਂ, ਰਾਜਪਲਟੇ, ਸਿਅਸੀ ਦਖਲਅੰਦਾਜ਼ੀ ਅਤੇ ਕਰਜ਼ ਬੋਝ ਲੱਦਿਆ, ਜਿਸ ਕਾਰਨ ਇਹਨਾਂ ਖੇਤਰਾਂ ਵਿੱਚ ਅਮਰੀਕਾ ਵਿਰੋਧੀ ਨੇੜਤਾ ਉੱਭਰੀ ਹੈ। ਅਮਰੀਕੀ ਸਾਮਰਾਜ ਤੋਂ ਪੀੜ੍ਹਤ ਇਹਨਾਂ ਮੁਲਕਾਂ ਨੂੰ ਬ੍ਰਿਕਸ ਸਮੂਹ ਠੰਢੀ ਹਵਾ ਦੇ ਬੁੱਲ੍ਹੇ ਵਰਗਾ ਜਾਪਦਾ ਹੈ। ਬਰਾਜ਼ੀਲ ਵਿੱਚ ਅਮਰੀਕਾ ਪੱਖੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਲੂਲਾ ਦਾ ਸਿਲਵਾ ਦੀ ਅਗਵਾਈ ’ਚ ‘ਸਮਾਜਵਾਦੀ’ ਸਰਕਾਰ ਬਣਨਾ ਵੀ ਬ੍ਰਿਕਸ ਦੀ ਮਜ਼ਬੂਤੀ ਲਈ ਅਹਿਮ ਹੈ।
ਬ੍ਰਿਕਸ ਦੇਸ਼ 100 ਬਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਜੁਟਾਉਣ ਲਈ ਸਹਿਮਤ ਹੋਏ ਸਨ, ਜਿਸਨੂੰ ਉਹ ਐਮਰਜੈਂਸੀ ਦੌਰਾਨ ਇੱਕ ਦੂਜੇ ਨੂੰ ਉਧਾਰ ਦੇ ਸਕਦੇ ਹਨ। ਸ਼ੰਘਈ ਵਿੱਚ ਨਵੀਂ ਵਿਕਾਸ ਬੈਂਕ ਦੀ ਸਥਾਪਨਾ ਕੀਤੀ ਗਈ ਜਿਸ ਨੇ 2015 ਵਿੱਚ ਪਾਣੀ ਅਤੇ ਟਰਾਂਸਪੋਰਟ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ $30 ਬਿਲੀਅਨ ਤੋਂ ਵੱਧ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਅਤੇ 2020 ਵਿੱਚ ਕੋਵਿਡ ਮਹਾਂਮਾਰੀ ਨਾਲ ਲੜਨ ਲਈ ਦੱਖਣੀ ਅਫ਼ਰੀਕਾ ਨੂੰ $1 ਬਿਲੀਅਨ ਦੀ ਰਾਸ਼ੀ ਉਧਾਰ ਦਿੱਤੀ। ਰੂਸ ਅੰਦਰ ਸੋਨੇ ਦੀਆਂ ਖਾਣਾ ਹੋਣ ਕਰਕੇ ਉਹ ਸੋਨੇ ਦਾ ਵੱਡਾ ਭੰਡਾਰ ਜਮਾ ਕਰ ਸਕਦਾ ਹੈ ਅਤੇ ਚੀਨ ਕੋਲ ਵਿਦੇਸ਼ੀ ਵਪਾਰ ’ਚ ਵਾਧਾ ਹੋਣ ਕਰਕੇ ਉਸ ਕੋਲ ਡਾਲਰ ਅਤੇ ਸੋਨੇ ਦਾ ਵੱਡਾ ਭੰਡਾਰ ਮੌਜਦੂ ਹੈ। ਇਸੇ ਕਰਕੇ ਰੂਸ ਨੇ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਨਵੀਂ ਬ੍ਰਿਕਸ ਮੁਦਰਾ ਸੋਨੇ ਨਾਲ ਜੋੜੀ ਜਾਵੇਗੀ। ਇਸ ਸੰਮੇਲਨ ਦੌਰਾਨ ਵੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀਡੀਉ ਰਾਹੀਂ ਸੁਨੇਹਾ ਦਿੱਤਾ ਕਿ ਡੀ-ਡਾਲਰੀਕਰਨ ਦੀ ਰੇਲਗੱਡੀ ਪੂਰੀ ਤੇਜ਼ੀ ਨਾਲ ਸਟੇਸ਼ਨ ਤੋਂ ਰਵਾਨਾ ਹੋ ਗਈ ਹੈ।
ਨਵੀਂ ਮੁਦਰਾ ਨੂੰ ਸੋਨੇ ਨਾਲ ਜੋੜਣ ਦੇ ਆਪਣੇ ਵਿਸ਼ੇਸ਼ ਕਾਰਕ ਹਨ। ਇਤਿਹਾਸਕ ਤੌਰ 'ਤੇ ਮੁਦਰਾ ਦੇ ਮੁੱਲ ਵਿੱਚ ਸਥਿਰਤਾ ਅਤੇ ਵਿਸ਼ਵਾਸ ਲਈ ਸੋਨੇ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਦੇਖਿਆ ਗਿਆ ਹੈ। ਇਸਦੀ ਸੀਮਤ ਸਪਲਾਈ ਅਤੇ ਇਸ ਧਾਤ ਦੀਆਂ ਵਿਸ਼ੇਸ਼ਤਾਵਾਂ ਕਾਰਨ ਸਦੀਆਂ ਤੋਂ ਇਹ ਦੌਲਤ ਦਾ ਇੱਕ ਕੀਮਤੀ, ਟਕਸਾਲੀ ਅਤੇ ਭਰੋਸੇਮੰਦ ਭੰਡਾਰ ਮੰਨਿਆ ਜਾਂਦਾ ਆ ਰਿਹਾ ਹੈ। ਕਿਸੇ ਵੀ ਮੁਦਰਾ ਦੇ ਪੂਰਨ ਰੂਪ ਵਿੱਚ ਗਲੋਬਲ ਮੁਦਰਾ ਦਾ ਰੁਤਬਾ ਹਾਸਿਲ ਕਰਨ ਲਈ ਮੁੱਖ ਕਾਰਕ ਹਨ : ਕਿਸੇ ਆਰਥਿਕਤਾ ਦਾ ਵਿਸ਼ਵ ਵਿੱਚ ਦਬਦਬਾ, ਸਥਿਰਤਾ ਅਤੇ ਭਰੋਸੇਯੋਗਤਾ, ਰਿਜ਼ਰਵ ਮੁਦਰਾ ਸਥਿਤੀ, ਵਿਆਪਕ ਮੰਡੀ ਅਤੇ ਭੂ-ਰਾਜਨੀਤਿਕ ਮਹੱਤਤਾ। ਚੀਨ ਜੋ ਕਿ ਦੂਜੀ ਵੱਡੀ ਵਿਸ਼ਵ-ਆਰਥਿਕਤਾ ਹੈ ਅਤੇ ਖ੍ਰੀਦ ਸ਼ਕਤੀ ਸਮਾਨਤਾ (ਪੀਪੀਪੀ) ਵਜੋਂ ਪਹਿਲੇ ਦਰਜੇ ’ਤੇ ਹੈ ਅਤੇ ਮੈਨੂਫੈਕਚਿਰੰਗ ਜੋ ਕਿਸੇ ਆਰਥਿਕ ਸੰਰਚਨਾ ਦੀ ਬੁਨਿਆਦ ਹੁੰਦੀ ਹੈ, ਵਿੱਚ ਸੰਸਾਰ ਆਰਿਥਕਤਾ ਵਿੱਚ ਪਹਿਲੇ ਸਥਾਨ ’ਤੇ ਹੈ। ਉਸਦੇ ਮਹੱਤਵਪੂਰਨ ਆਰਥਿਕ ਅਤੇ ਭੂ-ਰਾਜਨੀਤਿਕ ਪ੍ਰਭਾਵ ਕਾਰਨ ਬ੍ਰਿਕਸ ਸਮੂਹ ਵਿੱਚ ਉਸਦੀ ਕੇਂਦਰੀ ਭੂਮਿਕਾ ਹੋਣ ਦੇ ਆਸਾਰ ਹਨ। ਚੀਨ ਦਾ ਧੁਰਾ ਬਣਨ ’ਤੇ ਹੀ ਬ੍ਰਿਕਸ ਕਰੰਸੀ ਦਾ ਭਵਿੱਖ ਅਤੇ ਭਰੋਸੇਯੋਗਤਾ ਤੈਅ ਹੋਵੇਗੀ। ਚੀਨ ਪਿਛਲੇ ਸਮੇਂ ਤੋਂ ਆਪਣੇ-ਆਪ ਨੂੰ ਵਿਸ਼ਵ ਸਾਂਤੀ-ਸਥਾਪਿਤ ਕਰਤਾ ਵਜੋਂ ਅੱਗੇ ਵਧਾ ਰਿਹਾ ਹੈ। ਇਸੇ ਤਹਿਤ ਉਸਨੇ ਸਾਊਦੀ ਅਰਬ ਅਤੇ ਈਰਾਨ ਦਾ ਇਤਿਹਾਸਿਕ ਸਮਝੌਤਾ ਕਰਵਾਇਆ। ਇਸ ਕਦਮ ਕਰਕੇ ਮੱਧ-ਪੂਰਬ ਵਿੱਚ ਚੀਨ ਦਾ ਪ੍ਰਭਾਵ ਵਧਿਆ ਹੈ। ਚੀਨ ਵਿਸ਼ਵ ਵਪਾਰ ਅਤੇ ਵਿੱਤੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਬਣਿਆ ਹੋਇਆ ਹੈ ਜਿਸ ਨਾਲ ਇਸਦਾ ਆਰਥਿਕ ਦਬਦਬਾ ਵੀ ਵਧਿਆ ਹੈ। ਚੀਨ ਆਪਣੇ ਅੰਤਰਰਾਸ਼ਟਰੀ ਆਰਿਥਕ ਸਿਆਸੀ ਪ੍ਰਭਾਵ ਨੂੰ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਤੇ ਅਨੇਕਾਂ ਯੂਰਪੀ ਮੁਲਕਾਂ ਫੈਲਾਅ ਰਿਹਾ, ਜਿੱਥੇ ਚੀਨੀ ਮਾਲ ਦੀ ਵੱਡੀ ਮੰਗ ਹੈ ਅਤੇ ਚੀਨ ਇਸ ਮੰਗ ਦੀ ਪੂਰਤੀ ਦੇ ਸਮਰੱਥ ਹੈ।
ਬ੍ਰਿਕਸ ਮੁਦਰਾ ਨੂੰ ਸੋਨੇ ਨਾਲ ਜੋੜਨ ਕਰਕੇ ਇਸਦੀ ਸਥਿਰਤਾ ਅਤੇ ਰਿਜ਼ਰਵ ਮੁਦਰਾ ਦੀ ਯੋਗਤਾ ਦੀ ਸਥਿਤੀ ਹੋਰ ਵੀ ਮਜਬੂਤ ਹੋ ਸਕਦੀ ਹੈ। ਇਸਦੇ ਵਪਾਰਕ ਬੰਦੋਬਸਤ ਅਤੇ ਲੈਣ-ਦੇਣ ਦੀਆਂ ਪ੍ਰਕਿਰਿਆਵਾਂ ਇਸਦੀ ਵਿਆਪਕ ਅੰਤਰਰਾਸ਼ਟਰੀ ਮਾਨਤਾ ਅਤੇ ਵਰਤੋਂ ਕਰਕੇ ਵੱਡੀ ਗਿਣਤੀ ਦੇਸ਼ਾਂ ਵਿੱਚ ਇਸਨੂੰ ਅਪਣਾਉਣ ਦੀ ਇੱਛਾ ਹੈ। ਚੀਨ ਦੀ ਉੱਚ ਤਕਨੀਕ ਅਤੇ ਸਸਤਾ ਸਮਾਨ ਮੁਹੱਈਆ ਕਰਾਉਣ, ਰੂਸ ਅਤੇ ਭਾਰਤ ਦਾ ਅਨਾਜ, ਬ੍ਰਾਜ਼ੀਲ ਦੀ ਖੇਤੀ ਅਤੇ ਕੁਦਰਤੀ ਸ੍ਰੋਤ ਜਿਵੇਂ ਕੱਚਾ ਲੋਹਾ, ਪੈਟਰੋਲੀਅਮ ਆਦਿ ਸੰਸਾਰ ਵਿੱਚ ਇਹਨਾਂ ਦੀ ਭੂ-ਰਾਜਨੀਤਿਕ ਮਹੱਤਤਾ ਵਧਾ ਦਿੰਦੇ ਹਨ। ਪੱਛਮੀ ਖੇਮਾ ਸਸਤੇ ਭਾਅ ਤੇ ਭਾਰਤ ਤੇ ਚੀਨ ਤੋਂ ਵੱਧ ਆਯਾਤ ਕਰਦਾ ਹੈ ਪਰ ਜੇ ਬ੍ਰਿਕਸ ਮੁਦਰਾ ਬਣਦੀ ਤੇ ਮਜਬੂਤ ਹੁੰਦੀ ਹੈ ਤਾਂ ਬ੍ਰਿਕਸ ਆਵਦਾ ਆਯਾਤ ਵਧਾ ਕੇ ਇਹ ਕਮੀ ਪੂਰੀ ਕਰ ਸਕਦਾ ਹੈ। ਬਿਨਾਂ ਸ਼ੱਕ, ਇੱਕ ਨਵੀਂ ਬ੍ਰਿਕਸ ਮੁਦਰਾ ਦੀ ਗੱਲ ਆਪਣੇ ਆਪ ਵਿੱਚ ਕਈ ਦੇਸ਼ਾਂ ਦੀ ਡਾਲਰ ਮੁਕਤ ਵਿਭਿੰਨਤਾ ਦੀ ਇੱਛਾ ਦਾ ਇੱਕ ਮਹੱਤਵਪੂਰਨ ਸੰਕੇਤ ਹੈ ਜੋ ਪੂਰਬ ਦਾ ਗਲੋਬਲ ਵਿੱਤੀ ਸ਼ਾਸਨ ਵਿੱਚ ਪ੍ਰਭਾਵ ਵਧਾਏਗਾ ਪਰ ਭਵਿੱਖ ਡਿਜ਼ੀਟਲ ਮੁਦਰਾ ਵੱਲ ਵਧ ਰਿਹਾ ਹੈ। ਬ੍ਰਿਕਸ ਮੁਦਰਾ ਵਿਸ਼ਵ ਪੱਧਰ ’ਤੇ ਕਰਜ਼ੇ ਹੇਠ ਨਪੀੜੀ ਜਾ ਰਹੀ ਮਨੁੱਖਤਾ ਲਈ ਕੋਈ ਬਦਲ ਨਹੀ ਬਲਕਿ ਵਪਾਰਕ ਵਟਾਂਦਰੇ ਦਾ ਹੀ ਮਾਧਿਅਮ ਹੈ। ਨਵੀਂ ਬ੍ਰਿਕਸ ਮੁਦਰਾ ਰਾਤੋਂ-ਰਾਤ ਇੱਕ ਨਵਾਂ ਗਲੋਬਲ ਆਰਥਿਕ ਬਦਲ ਨਹੀਂ ਸਕਦੀ ਅਤੇ ਅਮਰੀਕੀ ਡਾਲਰ ਦੀ ਚੌਧਰ ਵੀ ਰਾਤੋ-ਰਾਤ ਨਹੀਂ ਖੁਰੇਗੀ। ਪਰ ਇਹ ਅਮਰੀਕੀ ਸਾਮਰਾਜ ਤੇ ਡਾਲਰ ਦੀ ਸਰਦਾਰੀ ਲਈ ਚੁਣੌਤੀ ਜ਼ਰੂਰ ਬਣ ਰਹੀ ਹੈ।
- ਹਰਸ਼ਵਿੰਦਰ

Saturday, July 8, 2023

ਸੰਸਾਰ ਭਰ ਵਿੱਚ ਵੱਧ ਰਿਹਾ ਪ੍ਰਵਾਸ ਸੰਕਟ

Punjabi Tribune(06-07-2023)

ਦੁਨੀਆਂ ਭਰ ਦੇ ਵਿਕਸਿਤ ਅਤੇ ਵਿਕਾਸਸ਼ੀਲ ਮੁਲਕਾਂ ਵਿੱਚ ਬੜੀ ਤੇਜੀ ਨਾਲ ਵੱਡੇ ਆਰਥਿਕ, ਸਿਆਸੀ ਅਤੇ ਸਮਾਜਿਕ ਸੰਕਟ ਖੜੇ ਹੋ ਰਹੇ ਹਨ। ਸਰਕਾਰਾਂ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਿੱਧ ਹੋ ਰਹੀਆਂ ਹਨ ਤੇ ਸੰਕਟ ’ਚ ਘਿਰੇ ਲੋਕ ਸੁਰੱਖਿਆ, ਰੁਜਗਾਰ ਤੇ ਚੰਗੇ ਭਵਿੱਖ ਦੀ ਭਾਲ ਲਈ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਇੱਧਰ-ਉਧਰ ਹਿਜਰਤ ਕਰ ਰਹੇ ਹਨ। ਸੰਸਾਰ ਸਰਹੱਦਾਂ ਤੇ ਵੱਧ ਰਹੀ ਮਨੁੱਖੀ ਅਵਾਜਾਈ ਆਲਮੀ ਪ੍ਰਵਾਸੀ ਸੰਕਟ ਨੂੰ ਦਿਨੋ-ਦਿਨ ਤੇਜ ਕਰ ਰਹੀ ਹੈ। ਅਮਰੀਕਾ ਅਤੇ ਯੂਰਪ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਗ੍ਰੀਸ ’ਚ ਸਰਨਾਰਥੀ ਕਿਸ਼ਤੀ ਡੁੱਬਣ ਦੇ ਹਾਦਸੇ ਨੇ ਸਰਨਾਰਥੀ ਤੇ ਪ੍ਰਵਾਸੀ ਸੰਕਟ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ। ਕਾਨੂੰਨੀ-ਗੈਰ-ਕਾਨੂੰਨੀ ਪ੍ਰਵਾਸ, ਮਨੁੱਖੀ ਤਸਕਰੀ, ਸਸਤੀ ਮਜਦੂਰੀ, ਮਾੜੀਆਂ ਕੰਮ ਹਾਲਤਾਂ, ਜੰਗੀ ਉਜਾੜਾ, ਨਸਲੀ ਵਿਤਕਰਾ, ਔਰਤਾਂ ਨਾਲ ਲੰਿਗ ਅਧਾਰਿਤ ਹਿੰਸਾ, ਫਿਰਕੂ ਹਮਲੇ, ਜੇਲ੍ਹਾਂ-ਜੁਰਮਾਨੇ, ਦੇਸ਼-ਨਿਕਾਲਾ, ਸਰਨਾਰਥੀ ਕੈਂਪ (ਖੁੱਲੀ ਜੇਲ੍ਹ) ਅਤੇ ਸੰਸਾਰ ਸਰਹੱਦਾਂ ’ਤੇ ਮਾਰੂਥਲਾਂ, ਜੰਗਲਾਂ ਤੇ ਕੌਮਾਂਤਰੀ ਪਾਣੀਆਂ ਵਿੱਚ ਪ੍ਰਵਾਸੀਆਂ ਦੀਆਂ ਮੌਤਾਂ ਪ੍ਰਵਾਸ ਅਤੇ ਪ੍ਰਵਾਸੀ ਸੰਕਟ ਦੇ ਜਾਹਰਾ ਰੂਪ ਹਨ।

ਪ੍ਰਵਾਸ ਭਾਵੇਂ ਮੁੱਢ-ਕਦੀਮੀਂ ਵਰਤਾਰਾ ਰਿਹਾ ਹੈ ਪਰ ਪ੍ਰਵਾਸ ਦੇ ਮੌਜੂਦਾ ਸੰਕਟ ਦੇ ਬੀਜ ਪੂੰਜੀਵਾਦ ਪ੍ਰਬੰਧ ਦੇ ਆਰਥਿਕ ਤੇ ਵਿਚਾਰਧਾਰਕ ਮਾਡਲ ਦੇ ਸੁਨਹਿਰੀ ਕਾਲ ਵਿੱਚ ਹੀ ਬੀਜੇ ਜਾ ਚੁੱਕੇ ਸਨ। ਸੱਤਰਵਿਆਂ-ਅੱਸਵਿਆਂ ਦਾ ਦੌਰ ਸਮਾਜਵਾਦੀ ਦੇਸ਼ਾਂ ਦੇ ਢਹਿਢੇਰੀ ਹੋਣ ਦਾ ਦੌਰ ਸੀ ਤੇ ਇਸੇ ਸਮੇਂ ਸੰਸਾਰ ਪੂੰਜੀਵਾਦ ਅਤੇ ਇਸਦੇ ਸਰਦਾਰ ਅਮਰੀਕੀ ਸਾਮਰਾਜ ਨੇ ਤੇਜੀ ਨਾਲ ਹਮਲਾਵਰ ਰੁਖ ਅਖਤਿਆਰ ਕੀਤਾ। ਪੂੰਜੀਵਾਦੀ ਦੀਆਂ ਵਿਸ਼ਵੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਦੇ ਧੂੰਆਂਧਾਰ ਪ੍ਰਚਾਰ ਤੇ ਪਸਾਰ ਨੇ ਗਲੋਬਲ ਆਰਥਿਕਤਾ ਦਾ ਮੁਹਾਂਦਰਾ ਬਦਲ ਦਿੱਤਾ। ਸਾਮਰਾਜੀ ਵਿੱਤੀ ਪੂੰਜੀ ਦਾ ਬੇਥਾਹ-ਬੇਰੋਕ ਸੰਸਾਰਵਿਆਪੀ ਪ੍ਰਵਾਹ ਅਤੇ ਉੱਨਤ ਤਕਨੀਕ ਦੇ ਤੇਜ ਫੈਲਾਅ ਨੇ ਕੁੱਲ ਦੁਨੀਆਂ ਦੀ ਦੌਲਤ ਦਾ ਵੱਡਾ ਹਿੱਸਾ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਇਕੱਤਰ ਕਰ ਦਿੱਤਾ ਅਤੇ ਬਹੁਗਿਣਤੀ ਲੋਕਾਂ ਨੂੰ ਆਧੁਨਿਕ ਗੁਲਾਮੀ ਵੱਲ ਧੱਕ ਦਿੱਤਾ।  
ਦੁਨੀਆਂ ਭਰ ਦੇ ਮੁਲਕਾਂ ਵਿੱਚ ਸਥਾਨਕ ਅਤੇ ਕੌਮਾਂਤਰੀ ਪੱਧਰ ਤੇ ਵੱਧ ਰਹੇ ਵਪਾਰਕ, ਭੂ-ਸਿਆਸੀ ਤੇ ਸਰਹੱਦੀ ਝਗੜੇ, ਵੱਧਦੀ ਗਰੀਬੀ, ਭੁੱਖਮਰੀ ਅਤੇ ਜੰਗੀ ਹਾਲਾਤ ਲੋਕਾਂ ਨੂੰ ਆਪਣੇ ਘਰ, ਪਰਿਵਾਰ ਤੇ ਆਪਣੀ ਮਿੱਟੀ ਤੋਂ ਦੂਰ ਹੋਣ ਲਈ ਮਜ਼ਬੂਰ ਕਰ ਰਹੇ ਹਨ। ਸੁਰੱਖਿਆ ਅਤੇ ਸਵੈਮਾਣ ਭਰੀ ਜਿੰਦਗੀ ਦੀ ਭਾਲ ਵਿੱਚ ਅਬਾਦੀ ਦਾ ਵੱਡਾ ਹਿੱਸਾ ਭਟਕ ਰਿਹਾ ਹੈ। ਯੂਐਨ ਦੀ ਇਕ ਰਿਪੋਰਟ ਮੁਤਾਬਕ ਸਾਲ 2022 ਦੇ ਅੰਤ ਤੱਕ ਸੰਸਾਰ ਪੱਧਰ ਤੇ 10.4 ਕਰੋੜ ਲੋਕ ਜਬਰੀ ਉਜਾੜੇ ਦਾ ਸ਼ਿਕਾਰ ਹੋਏ, 2.6 ਕਰੋੜ ਸ਼ਰਨਾਰਥੀ ਬਣੇ ਅਤੇ 4.8 ਕਰੋੜ ਲੋਕ ਦੇਸ਼ ਅੰਦਰਲੇ ਉਜਾੜੇ ਦਾ ਸ਼ਿਕਾਰ ਹੋਏ। 80% ਲੋਕਾਂ ਨੇ ਭੋਜਨ ਅਸੁਰੱਖਿਆ ਅਤੇ ਕੁਪੋਸ਼ਣ ਤੋਂ ਪੀੜਤ ਹੋਕੇ ਪ੍ਰਵਾਸ ਕਰਨ ਦਾ ਰਾਹ ਚੁਣਿਆ ਅਤੇ 5% ਔਰਤਾਂ ਲੰਿਗ ਅਧਾਰਿਤ ਵਖਰੇਵੇਂ ਕਾਰਨ ਆਪਣਾ ਵਤਨ ਛੱਡ ਗਈਆਂ। ਇਹ ਮਨੁੱਖੀ ਉਜਾੜਾ ਸੀਰੀਆ, ਵੈਨਜ਼ੂਏਲਾ, ਅਫਗਾਨਿਸਤਾਨ, ਦੱਖਣੀ ਸੁਡਾਨ, ਮੀਆਂਮਾਰ, ਯੂਕਰੇਨ ਆਦਿ ਮੁਲਕਾਂ ਵਿੱਚੋਂ ਵੱਧ ਹੋਇਆ।
ਪਿਛਲੇ ਕੁਝ ਦਹਾਕਿਆਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਸਰਮਾਏ ਅਤੇ ਉੱਨਤ ਤਕਨੀਕ ਦੇ ਜੋਰ ਸਿਰ ਆਪਣੇ ਸਨਅਤੀ ਵਿਕਾਸ ਲਈ ਪੱਛੜੇ ਮੁਲਕਾਂ ਦੀ ਸਸਤੀ ਲੇਬਰ ਨੂੰ ਕੱਚੇ-ਪੱਕੇ ਕਾਮਿਆਂ ਵਜ਼ੋਂ ਵੱਡੀ ਪੱਧਰ ਉੱਤੇ ਆਪਣੇ ਦੇਸ਼ਾਂ ਵਿੱਚ ਖਿੱਚਣ ਲਈ ਆਪਣੀਆਂ ਇਮੀਗ੍ਰੇਸ਼ਨ, ਸਿੱਖਿਆ ਅਤੇ ਵਿਦੇਸ਼ੀ ਨੀਤੀਆਂ ਵਿੱਚ ਖਾਸ ਸੋਧਾਂ ਕੀਤੀਆਂ। ਉਦਯੋਗ ਤੇ ਖੇਤੀਬਾੜੀ ਖੇਤਰ ਦਾ ਡਿਜੀਟਲਾਈਜੇਸ਼ਨ, ਕੰਪਿਊਟਰੀਕਰਨ, ਆਨਲਾਇਨ ਸਿੱਖਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਵੱਧ ਰਹੀ ਮਸਨੂਈ ਬੌਧਿਕਤਾ ਦੀ ਵਰਤੋਂ ਪੱਛੜੇ ਮੁਲਕਾਂ ਤੋਂ ਬੌਧਿਕ ਹੂੰਝਾ (ਬ੍ਰੇਨ ਡ੍ਰੇਨ) ਫੇਰ ਰਹੀ ਹੈ। ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਖੇਤੀਬਾੜੀ, ਢੋਆ-ਢੁਆਈ, ਕਸਾਈ, ਭੋਜਨ ਸਪਲਾਈ, ਉਦਯੋਗ ਆਦਿ ਘੱਟ ਹੁਨਰਮੰਦ ਖੇਤਰਾਂ ਲਈ ਘੱਟ ਸਿਖਲਾਈ ਅਤੇ ਘੱਟ ਉਜ਼ਰਤਾਂ ਵਾਲੇ ਕਾਮਿਆਂ ਲਈ ‘ਅਸਥਾਈ ਪ੍ਰੋਗਰਾਮ’ ਅਤੇ ਇੰਜੀਨੀਅਰ, ਬਿਜ਼ਨਿਸ ਮੈਨੇਜਮੈਂਟ, ਅਕਾਊਂਟੈਂਟ, ਮੈਡੀਕਲ ਆਦਿ ਖੇਤਰਾਂ ਦੇ ਹੁਨਰਮੰਦ ਕਾਮਿਆਂ ਲਈ ‘ਸਥਾਈ’ ਪ੍ਰੋਗਰਾਮ ਲਿਆਂਦੇ। ਸਿੱਖਿਆ ਦੇ ਖੇਤਰ ਨੂੰ ਵਪਾਰ ਅਤੇ ਸਸਤੇ ਹੁਨਰਮੰਦ ਕਾਮੇ ਹਾਸਲ ਕਰਨ ਦਾ ਸਭ ਤੋਂ ਵੱਡਾ ਸਾਧਨ ਬਣਾਇਆ ਗਿਆ। ਸਿੱਖਿਆ ਦੇ ਵਪਾਰੀਕਰਨ ਦੀ ਇਸ ਨੀਤੀ ਨੇ ਸਿੱਖਿਆ ਜੋ ਕਿ ਗਿਆਨ ਹਾਸਲ ਕਰਨ ਦਾ ਉੱਤਮ ਮਾਧਿਅਮ ਹੈ, ਦੇ ਮਹੱਤਵ ਨੂੰ ਘਟਾਕੇ ਪ੍ਰਵਾਸ ਕਰਨ ਅਤੇ ਰੁਜਗਾਰ ਹਾਸਲ ਕਰਨ ਤੱਕ ਸੀਮਿਤ ਕਰ ਦਿੱਤਾ। ਜਿਨ੍ਹਾਂ ਦੇਸ਼ਾਂ ਤੋਂ ਪ੍ਰਵਾਸ ਹੋ ਰਿਹਾ ਹੈ ਉਹਨਾਂ ਦੇਸ਼ਾਂ ਵਿੱਚ ਸਿੱਖਿਆ ਖੇਤਰ ਦੇ ਵਪਾਰੀਕਰਨ-ਨਿੱਜੀਕਰਨ ਦੇ ਨਾਲ-ਨਾਲ ਉੱਥੋਂ ਦੇ ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਸਬੰਧਾਂ ਵਿੱਚ ਵੀ ਅਨੇਕਾਂ ਵਿਗਾੜ ਪੈਦਾ ਹੋਏ ਹਨ। ਅਤੇ ਜਿਨ੍ਹਾਂ ਦੇਸ਼ਾਂ ਵਿੱਚ ਪ੍ਰਵਾਸ ਹੋ ਰਿਹਾ ਹੈ ਉੱਥੇ ਭਾਸ਼ਾ ਦੀਆਂ ਰੁਕਾਵਟਾਂ, ਸੱਭਿਆਚਾਰਕ ਸ਼ਹਿਣਸ਼ੀਲਤਾ, ਵਿਤਕਰੇਬਾਜੀ, ਰੁਜਗਾਰ ਅਤੇ ਵਸੇਬੇ ਦੀਆਂ ਅਨੇਕਾਂ ਮੁਸ਼ਕਲਾਂ ਖੜੀਆਂ ਹੁੰਦੀਆਂ ਹਨ।
ਹੁਣ ਬਦਲ ਰਹੀਆਂ ਸੰਸਾਰ ਹਾਲਤਾਂ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਆ ਰਹੇ ਹਨ। ਪ੍ਰਵਾਸੀਆਂ ਨੂੰ ਇੱਕ ਨਿਸ਼ਚਿਤ ਸਮੇਂ ਤੱਕ ਸਥਾਨਕ ਨਿਵਾਸੀਆਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਪੱਛਮੀ ਉਦਾਰ ਲੋਕਤੰਤਰਾਂ ਦੀਆਂ ਕਲਿਆਣਕਾਰੀ ਨੀਤੀਆਂ ਲਗਾਤਾਰ ਖੁਰ ਰਹੀਆਂ ਹਨ। ਜਨਤਕ ਸਹੂਲਤਾਂ ਦਾ ਭੋਗ ਪਾਕੇ ਨਿੱਜੀਕਰਨ ਨੂੰ ਤੇਜ ਕੀਤਾ ਜਾ ਰਿਹਾ ਹੈ। ਲੋਕਾਂ ਉਪਰ ਟੈਕਸ ਤੇ ਮਹਿੰਗਾਈ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਹਨ। ਪੱਕੇ ਰੁਜਗਾਰ ਦੀ ਥਾਂ ਰੁਜਗਾਰ ਦਾ ਠੇਕੇਦਾਰੀਕਰਨ ਕੀਤਾ ਜਾ ਰਿਹਾ ਹੈ। ਕੰਮ ਘੰਟੇ ਵੱਧ ਤੇ ਉਜਰਤਾਂ ਘੱਟ ਰਹੀਆਂ ਹਨ। ਸਥਾਈ ਨਾਗਰਿਕਤਾ ਤੇ ਪੱਕੀਆਂ ਸਹੂਲਤਾਂ ਤੇ ਕੱਟ ਲਾਏ ਜਾ ਰਹੇ ਹਨ।
ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕੀ ਮਹਾਂਦੀਪਾਂ ਦੇ ਅਨੇਕਾਂ ਪੱਛੜੇ ਮੁਲਕਾਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਦਾਖਲ ਹੋਏ ਸਰਨਾਰਥੀ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਪੱਕੇ ਹੋਣ ਲਈ ਮਹਿੰਗੇ, ਲੰਮੇ ਤੇ ਗੁੰਝਲਦਾਰ ਪ੍ਰੋਗਰਾਮ ਬਣਾਏ ਜਾ ਰਹੇ ਹਨ। ਅਮਰੀਕਾ ਨੇ ਦੱਖਣੀ ਅਤੇ ਮੱਧ ਅਮਰੀਕੀ ਮੁਲਕਾਂ ਵਿੱਚੋਂ ਮੈਕਸੀਕੋ ਸਰਹੱਦ ਰਾਹੀਂ ਹੋ ਰਹੇ ਪ੍ਰਵਾਸ ਨੂੰ ਕਾਬੂ ਕਰਨ ਲਈ ਜਿੱਥੇ ਆਪਣੇ ਬਜ਼ਟ ਦਾ ਵੱਡਾ ਹਿੱਸਾ ਸਰਹੱਦੀ ਕੰਧ ਉਸਾਰਨ ਅਤੇ ਸਰਹੱਦੀ ਸੁਰੱਖਿਆ ਦਸਤਿਆਂ ਉੱਤੇ ਖਰਚ ਕੀਤਾ ਉੱਥੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਸਖਤੀ (ਬਿਲ 45) ਵਰਤੀ ਜਾ ਰਹੀ ਹੈ। ਨੇੜ ਭਵਿੱਖ ਵਿੱਚ ਇਹ ਸੰਕਟ ਹੋਰ ਵੱਧ ਤੇਜ ਹੋਣ ਦੇ ਸੰਕੇਤ ਦੇ ਰਿਹਾ ਹੈ। ਦੱਖਣੀ ਤੇ ਮੱਧ ਅਮਰੀਕਾ ਵਿੱਚ ਸਾਮਰਾਜੀ ਵਿੱਤੀ ਪੂੰਜੀ ਦੇ ਉਜਾੜੇ ਤੋਂ ਪੈਦਾ ਹੋਏ ਆਰਥਿਕ-ਸਿਆਸੀ ਸੰਕਟ ਕਰਕੇ ਲੋਕਾਂ ਉੱਤੇ ਜਬਰ ਤੇ ਲੁੱਟ ਵੱਧ ਰਹੇ ਹਨ। ਇਹਨਾਂ ਖੇਤਰਾਂ ਵਿੱਚ ਹਿੰਸਾ, ਰਾਜਪਲਟੇ, ਲੋਕਤੰਤਰੀ ਤਾਨਾਸ਼ਾਹੀ, ਸੰਸਾਰ ਬੈਂਕ ਤੇ ਆਈਐਮਐਫ ਦੇ ਕਰਜ਼ ਤੇ ਵਪਾਰਕ ਸਮਝੌਤੇ ਲੋਕਾਂ ਨੂੰ ਉਜਾੜੇ ਲਈ ਮਜ਼ਬੂਰ ਕਰ ਰਹੇ ਹਨ। ਇਸ ਮਹਾਂਦੀਪ ਦੇ ਜਲ, ਜੰਗਲ ਤੇ ਜ਼ਮੀਨ ਦੇ ਉਜਾੜੇ ਤੋਂ ਬਿਨਾਂ ਜਲਵਾਯੂ ਤਬਦੀਲੀਆਂ ਵੱਡਾ ਖਤਰਾ ਬਣੀਆਂ ਹੋਈਆਂ ਹਨ। ਇਸ ਖਿੱਤੇ ਵਿੱਚ ਜੰਗਲਾਂ ਦੀ ਕਟਾਈ, ਜੰਗਲੀ ਅੱਗ ਅਤੇ ਸੋਕੇ ਕਾਰਨ ਕੌਫੀ, ਗੰਨਾ, ਸੋਇਆਬੀਨ, ਮੱਕੀ ਆਦਿ ਫਸਲੀ ਤਬਾਹੀ ਬਹੁਗਿਣਤੀ ਲੋਕਾਂ ਦੇ ਉਜਾੜੇ ਦਾ ਕਾਰਨ ਬਣ ਰਹੀ ਹੈ। ਅਮਰੀਕਾ ਭੁੱਖ ਨਾਲ ਜੂਝ ਰਹੇ ਦੱਖਣੀ ਤੇ ਮੱਧ ਅਮਰੀਕਾ ਦੇ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਮੈਕਸੀਕੋ ਨੂੰ ਵਿਸ਼ੇਸ਼ ਫੰਡਿਗ ਕਰ ਰਿਹਾ ਹੈ ਤੇ ਮੱਧ ਅਮਰੀਕਾ ਵਿੱਚ ਪ੍ਰਵਾਸੀਆਂ ਦੇ ਦਾਖਲੇ ਤੇ ਰੋਕ ਲਈ ਵਿਸ਼ੇਸ਼ ਚੌਂਕੀਆਂ ਸਥਾਪਿਤ ਕਰ ਰਿਹਾ ਹੈ। ਉੱਤਰੀ ਅਮਰੀਕਾ ਵੱਡੀ ਪੱਧਰ ਤੇ ਦੱਖਣੀ ਤੇ ਮੱਧ ਅਮਰੀਕਾ ਦੇ ਕੁਦਰਤੀ ਸ੍ਰੋਤਾਂ ਨੂੰ ਹੜੱਪ ਰਿਹਾ ਹੈ ਤੇ ਆਪਣਾ ਕੂੜਾ ਤੇ ਉਦਯੋਗਾਂ ਦੇ ਗੰਦਲੇ ਪਾਣੀ ਦਾ ਨਿਕਾਸ ਇਹਨਾਂ ਮੁਲਕਾਂ ਵਿੱਚ ਕਰ ਰਿਹਾ ਹੈ। ਅਮਰੀਕਾ ਨੇ ਮੱਧ ਏਸ਼ੀਆ ਵਿੱਚ ‘ਦਹਿਸ਼ਤਗਰਦੀ ਖਿਲਾਫ ਜੰਗ’ ਅਤੇ ਮੱਧ ਅਮਰੀਕਾ ਵਿੱਚ ‘ਨਸ਼ਿਆਂ ਖਿਲਾਫ ਜੰਗ’ ਦੇ ਨਾਮ ਹੇਠ ਜੰਗਾਂ ਤੇ ਰਾਜਪਲਟੇ ਕੀਤੇ/ਕਰਵਾਏ ਹਨ। ਮਿਲਟਨ ਫਰਾਇਡਮੈਨ ਮੁਤਾਬਕ ‘ਗੈਰ ਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਲਈ ਉਦੋਂ ਤੱਕ ਹੀ ਚੰਗੀ ਹੈ ਜਦੋਂ ਤੱਕ ਉਹ ਗੈਰ ਕਾਨੂੰਨੀ ਹੈ।’ ਭਾਵ ਗੈਰ ਕਾਨੂੰਨੀ ਕਾਮੇ ਜਿੱਥੇ ਸਸਤੀ ਮਜ਼ਦੂਰੀ ਦਾ ਸਾਧਨ ਹੁੰਦੇ ਹਨ ਉੱਥੇ ਉਹਨਾਂ ਨੂੰ ਸਥਾਈ ਨਾਗਰਿਕਾ ਵਾਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ  ਵਿਦਿਆਰਥੀਆਂ ਦੀ ਮੰਦੀ ਹਾਲਤ ਅਤੇ ਦੇਸ਼-ਨਿਕਾਲੇ ਦੀ ਨੀਤੀ ਪ੍ਰਵਾਸ ਸੰਕਟ ਦਾ ਅਟੁੱਟ ਹਿੱਸਾ ਹੈ।
ਯੂਰਪ ਵਿੱਚ ਏਸ਼ੀਆ ਖਾਸਕਰ ਜੰਗੀ ਉਜਾੜੇ ਦਾ ਸ਼ਿਕਾਰ ਮੱਧ ਏਸ਼ੀਆ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਪ੍ਰਵਾਸ ਹੋਇਆ। ਇੰਗਲੈਂਡ ਦਾ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣਾ ਅਤੇ ਹੁਣ ਪ੍ਰਵਾਸ ਨੂੰ ਰੋਕਣ ਲਈ ਸਖਤ ਇਮੀਗ੍ਰੇਸ਼ਨ ਕਾਨੂੰਨ ਲਿਆਉਣੇ ਉੱਭਰ ਰਹੇ ਆਰਥਿਕ ਸੰਕਟ ਦਾ ਨਤੀਜਾ ਹਨ। ਯੂਰਪ ਦੇ ਨੌਰਡਿਕ ਦੇਸ਼ ਪਹਿਲਾਂ ਹੀ ਗੈਰ ਕਾਨੂੰਨੀ ਪ੍ਰਵਾਸ ਪ੍ਰਤੀ ਸਖਤੀ ਨਾਲ ਪੇਸ਼ ਆ ਰਹੇ ਹਨ। ਸਾਮਰਾਜੀ ਦੇਸ਼ਾਂ ਵੱਲੋਂ ਇੱਕ ਹੱਥ ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਵਿੱਚ ਨਿਹੱਕੀਆਂ ਜੰਗਾਂ ਲਾ ਕੇ ਉਜਾੜਾ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਹੱਥ ਜੰਗੀ ਸਹਿਯੋਗੀ ਗੁੱਟ ਵਾਲੇ ਮੁਲਕਾਂ ਨੂੰ ਸਰਨਾਰਥੀ ਕੋਟਾ ਲਾ ਕੇ ਜੰਗੀ ਉਜਾੜੇ ਦਾ ਸ਼ਿਕਾਰ ਨਿਗੂਣੀ ਗਿਣਤੀ ਨੂੰ ਪਨਾਹ ਦੇ ਕੇ ਆਪਣੇ ਸਿਆਸੀ ਤੇ ਕੂਟਨੀਤਿਕ ਮਨਸੂਬੇ ਹਾਸਲ ਕੀਤੇ ਜਾ ਰਹੇ ਹਨ।
ਪੱਛਮੀ ਉਦਾਰਵਾਦੀ ਤੇ ਰੂੜੀਵਾਦੀ ਮੀਡੀਆ ਪ੍ਰਵਾਸ ਸੰਕਟ ਨੂੰੰ ਪੱਛੜੇ ਮੁਲਕਾਂ ਵਿੱਚੋਂ ਪੈਦਾ ਹੋਇਆ ਸੰਕਟ ਆਖਕੇ ਭੰਡ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਅਸਾਵੇਂ ਵਿਕਾਸ ਤਹਿਤ ਪੱਛੜੇ ਮੁਲਕਾਂ ਵਿੱਚ ਇਹ ਸੰਕਟ ਸਾਮਰਾਜੀ ਦੇਸ਼ਾਂ ਵੱਲੋਂ ਖੜਾ ਕੀਤਾ ਗਿਆ ਸੰਕਟ ਹੈ। ਵਧੇਰੇ ਸਪੱਸ਼ਟ ਕਹਿਣਾ ਹੋਵੇ ਤਾਂ ਪ੍ਰਵਾਸ ਸੰਕਟ ਅਸਲ ਅਰਥਾਂ ਵਿੱਚ ਪੂੰਜੀਵਾਦੀ ਸੰਕਟ ਹੈ। ਇਹ ਸੰਕਟ ਲੁੱਟ ਤੇ ਮੰਡੀ ਉੱਤੇ ਕਬਜੇ ਦੀਆਂ ਬਸਤੀਵਾਦੀਆਂ ਨੀਤੀਆਂ ਦੀ ਇੱਕ ਕੜੀ ਹੈ। ਸੱਤਾ ਦੇ ਕੇਂਦਰ ਵੱਡੀ ਪੱਧਰ ਤੇ ਸੰਸਾਰ ਦੇ ਅਨੇਕਾਂ ਹਿੱਸਿਆਂ ਦੇ ਸ੍ਰੋਤਾਂ ਨੂੰ ਲੁੱਟ ਰਹੇ ਹਨ ਅਤੇ ਸਰਹੱਦੀ ਰਾਜਨੀਤੀ ਤਹਿਤ ਲੋਕਾਂ ਦੇ ਉਜਾੜੇ ਦੇ ਹਾਲਤ ਅਤੇ ਬੇਲੋੜਾ ਤਣਾਅ ਪੈਦਾ ਕਰ ਰਹੇ ਹਨ। ਪੰਜਾਬ ਵਿੱਚ ਪ੍ਰਵਾਸੀ ਕਾਮਿਆ ਦੇ ਵਿਰੋਧ ਦੀ ਸੁਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਪ੍ਰਵਾਸੀਆਂ ਪ੍ਰਤੀ ਨਫਰਤ ਨਸਲੀ ਤੇ ਇਜਾਰੇਦਾਰ ਪੂੰਜੀਵਾਦ ਦਾ ਸਿੱਟਾ ਹੈ। ਇਹ ਸਥਾਨਕ ਤੇ ਪ੍ਰਵਾਸੀ ਕਾਮਿਆਂ ਵਿਚਕਾਰ ਵਿਰੋਧ ਖੜਾ ਕਰਦਾ ਹੈ ਅਤੇ ਦੋਨਾਂ ਦੀ ਲੁੱਟ ਕਰਦਾ ਹੈ।  
ਪੂੰਜੀਵਾਦ ਦਾ ਸੰਕਟ ਤੇਜੀ ਨਾਲ ਵੱਧ ਰਿਹਾ ਹੈ ਅਤੇ ਹੋਰ ਵੱਧ ਫਾਸ਼ੀ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਪੂੰਜੀਵਾਦ ਦੇ ਲੁਟੇਰੇ ਖਾਸੇ ਕਰਕੇ ਵਿਸ਼ਵ ਅੰਦਰ ਇੱਕ ਵੱਡਾ ਵਾਤਾਵਰਨਕ ਸੰਕਟ ਪੈਦਾ ਹੋਣ ਨਾਲ ਵੱਡੇ ਪੱਧਰ ’ਤੇ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ। ਤੂਫ਼ਾਨ, ਮੀਂਹ, ਸੋਕੇ, ਜੰਗਲੀ ਅੱਗਾਂ, ਵਧਦੀ ਗਰਮੀ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਅਨਿਸ਼ਚਤਾ ਆ ਰਹੀ ਹੈ, ਦੁਨੀਆਂ ਵਿੱਚ ਖਾਧ ਸੰਕਟ ਪੈਦਾ ਹੋ ਰਿਹਾ ਹੈ, ਉਪਜਾਊ ਜ਼ਮੀਨ ਦਾ ਰਕਬਾ ਘਟ ਰਿਹਾ ਹੈ, ਪਸ਼ੂਆਂ ਦੇ ਚਾਰੇ ਦੀ ਸਮੱਸਿਆਂ ਪੈਦਾ ਹੋ ਰਹੀ ਹੈ, ਰੂਸ ਯੂਕਰੇਨ ਲਮਕਦੀ ਜੰਗ ਸੰਸਾਰ ਅੰਦਰ ਅੰਨ ਸੰਕਟ ਪੈਦਾ ਕਰ ਰਹੀ ਹੈ, ਵਾਤਰਵਰਨ ਸੰਕਟ ਕਾਰਨ ਖੇਤੀ ਅਧੀਨ ਰਕਬਾ ਘਟਣ ਨਾਲ ਜ਼ਮੀਨਾਂ ’ਤੇ ਕਬਜ਼ੇ ਨੂੰ ਲੈ ਕੇ ਸੰਸਾਰ ਅੰਦਰ ਦੌੜ ਤੇਜ਼ ਹੋ ਰਹੀ ਹੈ। ਇਸ ਨਾਲ ਪਰਵਾਸ ਦਾ ਸੰਕਟ ਹੋਰ ਵਧ ਰਿਹਾ ਹੈ। ਹਾਲਾਂਕਿ 21ਵੀਂ ਸਦੀ ਵਿੱਚ ਪੈਦਾਵਾਰੀ ਸ਼ਕਤੀਆਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਅਤੇ ਮਸਨੂਈ ਬੌਧਿਕਤਾ ਨੇ ਪੈਦਾਵਾਰ ਵਧਾਉਣ ਦੇ ਵੱਡੇ ਮੌਕੇ ਪੈਦਾ ਕਰ ਦਿੱਤੇ ਪਰ ਪੂੰਜੀਵਾਦ ਦੇ ਲੁਟੇਰੇ ਖਾਸੇ ਕਰਕੇ ਇਨ੍ਹਾਂ ਬੌਧਿਕ ਸ਼ਕਤੀਆਂ ਨੂੰ ਪੂੰਜੀਵਾਦੀ ਪ੍ਰਬੰਧ ਅੰਦਰ ਵਰਤ ਸਕਣ ਦੀਆਂ ਸੰਭਾਵਨਾਵਾਂ ਨਹੀਂ ਹਨ। ਇਸ ਕਰਕੇ ਹੋਰ ਸੰਕਟਾਂ ਵਾਂਗ ਪਰਵਾਸ ਦਾ ਸੰਕਟ ਵੀ ਪੂੰਜੀਵਾਦੀ ਪ੍ਰਬੰਧ ਦਾ ਪੈਦਾ ਕੀਤਾ ਹੋਇਆ ਸੰਕਟ ਹੈ। ਇਹਨਾਂ ਹਲਾਤਾਂ ਨਾਲ ਨਜਿੱਠਣ ਲਈ ਦੁਨੀਆਂ ਭਰ ਵਿੱਚ ਪ੍ਰਵਾਸੀ ਕਾਮਿਆਂ ਨੂੰ ਸੰਗਠਿਤ ਹੋਕੇ ਸਥਾਨਕ ਕਾਮਿਆਂ ਨਾਲ ਜਮਾਤੀ-ਤਬਕਾਤੀ ਸਾਂਝ ਨੂੰ ਵਧਾਉਣਾ ਚਾਹੀਦਾ ਹੈ। ਪ੍ਰਵਾਸ ਸੰਕਟ ਲਈ ਦੇਸ਼-ਨਿਕਾਲੇ ਦੇ ਖਾਤਮੇ, ਬਰਾਬਰ, ਮੁਫਤ ਤੇ ਖੁੱਲ੍ਹੀ ਇਮੀਗ੍ਰੇਸ਼ਨ, ਨਸਲੀ ਵਿਤਕਰੇ ਦਾ ਖਾਤਮਾ, ਪ੍ਰਵਾਸੀ ਕਾਮਿਆਂ ਦੀ ਲੁੱਟ ਤੇ ਜਬਰ ਬੰਦ ਕਰਨ, ਸਥਾਈ ਨਾਗਰਿਕਤਾ, ਸਥਾਨਕ ਨਿਵਾਸੀਆਂ ਦੇ ਬਰਾਬਰ ਹੱਕ, ਲੋਕਾਂ ਨੂੰ ਸੁਰੱਖਿਆ ਤੇ ਸਨਮਾਣ ਨਾਲ ਆਪਣੇ ਘਰਾਂ ਤੇ ਜਮੀਨਾਂ ਉੱਤੇ ਰਹਿਣ ਦੀ ਅਜਾਦੀ ਆਦਿ ਮੰਗਾਂ ਲਈ ਸੰਘਰਸ਼ ਕਰਦਿਆਂ ਲੁੱਟ-ਖਸੁੱਟ ਰਹਿਤ, ਸਰਬਪੱਖੀ ਵਿਕਾਸ ਅਤੇ ਸਰਹੱਦ ਮੁਕਤ ਸੰਸਾਰ ਦੀ ਸਿਰਜਣਾ ਵੱਲ ਅੱਗੇ ਵੱਧਣਾ ਚਾਹੀਦਾ ਹੈ।  
                                                                                                                                                - ਮਨਦੀਪ +438-924-2052
1. Punjabi Tribune link :

 https://epaper.punjabitribuneonline.com/c/72887601

2. Facebook page interview link :

https://fb.watch/lFqUSs68pn/

3. Youtube interview link :


Saturday, June 17, 2023

ਹਿੰਦ-ਪ੍ਰਸ਼ਾਂਤ ਮਹਾਂਸਾਗਰ ਆਲਮੀ ਸਿਆਸਤ ਦਾ ਕੇਂਦਰ


ਅਮਰੀਕਾ-ਚੀਨ ਵਰਗੀਆਂ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਲਈ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਭੂ-ਸਿਆਸੀ ਤੌਰ 'ਤੇ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ। ਇਹ ਖੇਤਰ ਪ੍ਰਮੁੱਖ ਬੰਦਰਗਾਹਾਂ ਅਤੇ ਰਾਜਨੀਤਿਕ ਚੌਂਕੀਆਂ ਦਾ ਅੱਡਾ ਹੈ। ਆਰਥਿਕ-ਵਪਾਰਕ ਪੱਖ ਤੋਂ ਇਸ ਖਿੱਤੇ ਦੀ ਖ਼ਾਸ ਅਹਿਮਤੀਅਤ ਹੈ। ਇਸ ਖੇਤਰ ਨਾਲ ਲੱਗਦੇ ਬਹੁਤੇ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਬਜ਼ਟ ਦਾ ਵੱਡਾ ਹਿੱਸਾ ਫੌਜ਼ ਉੱਤੇ ਲਾ ਰਹੇ ਹਨ। ਅਮਰੀਕਾ ਇਸ ਖਿੱਤੇ ਨੂੰ ਆਪਣੀ ਗਲੋਬਲੀ ਚੌਧਰ ਲਈ ਮਹੱਤਵਪੂਰਨ ਸਮਝਦਾ ਹੈ ਜਿਸਦੇ ਨਤੀਜੇ ਵਜੋਂ ਅਮਰੀਕਾ ਇਸ ਖਿੱਤੇ ਨੇੜਲੇ ਦੇਸ਼ਾਂ ਨਾਲ ਕੂਟਨੀਤਕ, ਸਿਆਸੀ, ਆਰਥਿਕ ਅਤੇ ਸੁਰੱਖਿਆ ਪਹਿਲਕਦਮੀਆਂ ਰਾਹੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ। ਇੱਕ ਵਿਸ਼ੇਸ਼ ਇਤਿਹਾਸਕ ਦੌਰ ਅੰਦਰ ਸੋਵੀਅਤ ਯੂਨੀਅਨ ਨੂੰ ਘੇਰਨ ਅਮਰੀਕਾ ਨੇ ਅਟਲਾਂਟਿਕ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਗੁੱਟ ਬਣਾਇਆ ਸੀ ਤੇ ਹੁਣ ਬਦਲਦੇ ਸੰਸਾਰ ਸਮੀਕਰਣਾਂ ਤਹਿਤ ਅਮਰੀਕਾ ਚੀਨ ਨੂੰ ਘੇਰਨ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਪਲੱਸ ਦਾ ਗੁੱਟ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।

ਅਮਰੀਕਾ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਤੋਂ ਲਗਾਤਾਰ ਚਿੰਤਤ ਹੈ। ਉਸਦੀ “ਮੁਕਤ ਅਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਖੇਤਰ” ਦੀ ਨੀਤੀ ਦਾ ਉਦੇਸ਼ ਚੀਨ ਪ੍ਰਭਾਵ-ਮੁਕਤ ਖੇਤਰ ਤੋਂ ਹੈ। ਉਧਰ ਚੀਨ ਵੀ ਲਗਾਤਾਰ ਇਸ ਖੇਤਰ ਵਿੱਚ ਆਪਣੇ ਆਰਥਿਕ ਪ੍ਰਭਾਵ ਦੇ ਨਾਲ-ਨਾਲ ਆਪਣੀ ਫੌਜੀ ਸਮਰੱਥਾਂ ਨੂੰ ਵਧਾ ਰਿਹਾ ਹੈ। ਇਸ ਖਿੱਤੇ ਵਿੱਚ ਵੱਧਦੇ ਚੀਨੀ ਪ੍ਰਭਾਵ ਨੂੰ ਅਮਰੀਕਾ ਆਪਣੇ ਕੌਮਾਂਤਰੀ ਸੁਰੱਖਿਆ ਹਿੱਤਾਂ ਲਈ ਇੱਕ ਸੰਭਾਵੀ ਖਤਰੇ ਵਜੋਂ ਦੇਖਦਾ ਹੈ। ਅਮਰੀਕਾ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇਸ ਖੇਤਰ ਵਿੱਚ ਕੁਆਡ ਗੱਠਜੋੜ ਰਾਹੀਂ ਭਾਈਵਾਲੀ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਅਮਰੀਕਾ ਆਪਣੇ ਭਾਈਵਾਲਾਂ ਨਾਲ ਮਿਲਕੇ ਹਿੰਦ-ਪ੍ਰਸ਼ਾਂਤ ਖੇਤਰ, ਜੋ ਦੁਨੀਆ ਦੀਆਂ ਵੱਡੀਆਂ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਦਾ ਘਰ ਹੈ, ਉੱਪਰ ਕਾਬੂ ਰੱਖਣ ਅਤੇ ਇਹਨਾਂ ਦੇਸ਼ਾਂ ਨਾਲ ਖੁੱਲ੍ਹੇ ਅਤੇ ਨਿਰਪੱਖ ਵਪਾਰਕ ਸਬੰਧਾਂ ਨੂੰ ਕਾਇਮ ਰੱਖਣ ਦੀ ਦੂਰਰਸ ਨੀਤੀ ਤਹਿਤ ਸਰਗਰਮ ਹੈ। ਜਿੱਥੇ ਇੱਕ ਪਾਸੇ ਅਮਰੀਕਾ ਇਸ ਖ਼ਿੱਤੇ ਵਿੱਚ ਆਪਣੀ ਪੁੱਗਤ ਕਾਇਮ ਕਰਨੀ ਚਾਹੁੰਦਾ ਹੈ, ਉੱਥੇ ਸਾਮਰਾਜੀ ਚੀਨ ਆਪਣੀ ਪਸਾਰਵਾਦੀ ਨੀਤੀ ਤਹਿਤ ਵਿਸ਼ਵ ਮੰਡੀ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸਦੇ ਚੱਲਦਿਆਂ ਉਸਦੇ ਅਮਰੀਕੀ ਸਾਮਰਾਜ ਨਾਲ ਟਕਰਾਅ ਦਿਨੋਂ-ਦਿਨ ਤਿੱਖੇ ਹੋ ਰਹੇ ਹਨ ਅਤੇ ਵਪਾਰਕ ਨੀਤੀ ਤੇ ਚੱਲਣ ਵਾਲਾ ਚੀਨ ਆਪਣੀ ਫੌਜ਼ੀ ਤਾਕਤ ਉੱਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਚੀਨ ਵੱਲੋਂ ਗੁਆਂਢੀ ਦੇਸ਼ਾਂ ਦੀ ਸਰਹੱਦਾਂ ਵਿੱਚ ਦਖ਼ਲਅੰਦਾਜ਼ੀ, ਏਸ਼ੀਆ ਸਮੇਤ ਅਮਰੀਕੀ ਪ੍ਰਭਾਵ ਵਾਲੇ ਮੁਲਕਾਂ ਵਿੱਚ ਵਪਾਰਕ ਪਸਾਰਾ ਅਤੇ ਸੰਸਾਰ ਵਪਾਰ ਦੇ ਖੇਤਰ ਵਿੱਚ ਅਮਰੀਕੀ ਡਾਲਰ ਨੂੰ ਚੁਣੌਤੀ ਭਵਿੱਖ ਵਿੱਚ ਨਵੀਂ ਸਫਬੰਦੀ ਦੇ ਸਪੱਸ਼ਟ ਸੰਕੇਤ ਹਨ।
ਇਸਤੋਂ ਇਲਾਵਾ ਹੀਰੋਸ਼ੀਮਾ ਵਿੱਚ ਹੋਈ ਜੀ-7 ਦੀ ਮਿਲਣੀ ਦਾ ਚਾਹੇ ਮੂਲ ਏਜੰਡਾ ਰੂਸ-ਯੂਕਰੇਨ ਜੰਗ ਸੀ ਜਿਸਦੇ ਤਹਿਤ ਰੂਸ ਉੱਤੇ ਹੋਰ ਪਾਬੰਦੀਆਂ ਮੜ੍ਹੀਆਂ ਗਈਆਂ।ਪਰ ਇਸ ਮੀਟਿੰਗ ਦਾ ਅਸਲ ਕੇਂਦਰਬਿੰਦੂ ਹਿੰਦ-ਪ੍ਰਸ਼ਾਂਤ ਖ਼ਿੱਤਾ ਅਤੇ ਇਸ ਖਿੱਤੇ ਵਿੱਚ ਚੀਨ ਦਾ ਉਭਾਰ ਰਿਹਾ। ਜੀ-7 ਤੋਂ ਇਲਾਵਾ ਇੱਥੇ ਕੁਆਡ ਸਮੂਹ ਦੀ ਮਿਲਣੀ ਵੀ ਹੋਈ। ਇਸ ਮੀਟਿੰਗ ਵਿੱਚ ਪੂਰਬੀ ਅਤੇ ਦੱਖਣੀ ਚੀਨੀ ਸਮੁੰਦਰ ਦਾ ਜ਼ਿਕਰ, ਚੀਨ ਦਾ ਹਮਲਾਵਰ ਰੁੱਖ, ਇਸਦੇ ਵਧਦੇ ਫੌਜੀ ਅੱਡੇ ਤੇ ਚੀਨੀ ਵਪਾਰ ਤੋਂ ਨਿਰਭਰਤਾ ਘਟਾਉਣਾ ਆਦਿ ਦਿਖਾਉਂਦਾ ਹੈ ਕਿ ਚੀਨ ਦੇ ਵੱਧਦੇ ਪ੍ਰਭਾਵ ਨੂੰ ਅਮਰੀਕੀ ਸਾਮਰਾਜ ਅਤੇ ਉਸਦੇ ਭਾਈਵਾਲ ਪੱਛਮੀ ਮੁਲਕ ਗੰਭੀਰ ਚੁਣੌਤੀ ਵਜੋਂ ਲੈ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਨੇ ਚੀਨ ਫੇਰੀ ਦੌਰਾਨ ਪੱਛਮ ਦੀ ਆਲੋਚਨਾ ਨੂੰ ਨਾਕਾਰ ਕੇ ਨਵੇਂ ਸਮਝੌਤੇ ਸਹੀਬੱਧ ਕੀਤੇ ਤੇ ਇਹ ਸਮਝੌਤੇ ਕਰਦਿਆਂ ਪੇਈਚਿੰਗ ਨੇ ਸੰਕੇਤ ਦਿੱਤਾ ਕਿ ਉਹ ਕੋਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਨਹੀ ਕਰ ਰਹੇ।
ਅਮਰੀਕਾ-ਚੀਨ ਦੁਆਰਾ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੌਧਰ ਲਈ ਆਹਮੋ-ਸਾਹਮਣੇ ਹੋਣਾ ਆਲਮੀ ਸਿਆਸਤ ਦਾ ਕੇਂਦਰ ਬਣ ਰਿਹਾ ਹੈ। ਇਸ ਲਈ ਭਾਰਤ ਦੀ ਭੂਮਿਕਾ ਭੂ-ਸਿਆਸੀ ਤੌਰ ’ਤੇ ਵਧ ਗਈ ਹੈ। ਇਸਦੇ ਟਾਕਰੇ ਲਈ ਕੁਆਡ ਦੇਸ਼ਾਂ ਨੂੰ ਸਰਗਰਮ ਭੂਮਿਕਾ ਰਾਹੀਂ ਯੁੱਧ ਦੀ ਤਿਆਰੀ ਤੋਂ ਪਹਿਲਾਂ ਵਾਲੇ ਮਾਹੌਲ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖਿੱਤੇ ਦੇ ਨਿੱਕੇ ਟਾਪੂ ਵੀ ਮੱਹਤਤਾ ਗ੍ਰਹਿਣ ਕਰ ਗਏ ਹਨ। ਵਿਵਾਦਤ ਚੀਨੀ ਟਾਪੂ ਤਾਈਵਾਨ ਦੇ ਆਗੂ ਅਮਰੀਕਾ ਨਾਲ ਸਿੱਧੀਆਂ ਬੈਠਕਾਂ ਕਰਦੇ ਆ ਰਹੇ ਹਨ। ਫਿਲੀਪੀਨਜ਼ ਨੇ ਅਪ੍ਰੈਲ ਵਿੱਚ ਅਮਰੀਕੀ ਅਤੇ ਆਸਟ੍ਰੇਲੀਆਈ ਫੌਜਾਂ ਨਾਲ ਸਾਂਝੇ ਫੌਜੀ ਅਭਿਆਸ ਕੀਤੇ। ਇਸ ਸਾਂਝੀ ਲਾਈਵ-ਫਾਇਰ ਸਿਖਲਾਈ ਵਿੱਚ 12,200 ਅਮਰੀਕੀ ਫੌਜੀ, 5400 ਫਿਲੀਪੀਨੀ ਫੌਜੀ ਅਤੇ 111 ਆਸਟ੍ਰੇਲੀਆਈ ਫੌਜੀਆਂ ਨੇ ਤਾਈਵਾਨ ਤੋਂ ਸਿਰਫ 400 ਕਿਲੋਮੀਟਰ ਦੀ ਦੂਰੀ ’ਤੇ ਉੱਤਰੀ ਲੁਜ਼ੋਨ ਵਿੱਚ ਬਾਲਿਕਾਟਨ ( ਮੋਢੇ ਨਾਲ ਮੋਢਾ ਜੋੜ ਕੇ) ਅਭਿਆਸ ਕੀਤਾ। ਇਸੇ ਤਰ੍ਹਾਂ ਮਾਈਕਰੋਨੇਸ਼ੀਆਂ ਨਾਲ ਅਮਰੀਕਾ ਨੇ ਦਹਾਕਿਆਂ ਬੱਧੀ ਪੁਰਾਣੇ ਰਾਜਨੀਤਿਕ ਅਤੇ ਸੁਰੱਖਿਆ ਰਿਸ਼ਤਿਆਂ ਦੇ ਮੱਦੇਨਜ਼ਰ ਸਮਝੌਤਿਆਂ ਵਿੱਚ ਵਾਧਾ ਕੀਤਾ ਤਾਂ ਜੋ ਵੱਧਦੇ ਚੀਨੀ ਪ੍ਰਭਾਵ ਨੂੰ ਨੱਥ ਪਾਈ ਜਾ ਸਕੇ।
ਇਸਦੇ ਉਲਟ ਚੀਨ ਦਾ ਨਿਵੇਸ਼, ਉੱਤਰੀ ਅਮਰੀਕਾ ਅਤੇ ਯੂਰਪ ਦੇ ਉੱਨਤ ਪੂੰਜੀਵਾਦੀ ਦੇਸ਼ਾਂ ਤੋਂ ਇਲਾਵਾ, ਲਾਤੀਨੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤੱਕ ਫੈਲਿਆ ਹੋਇਆ ਹੈ। ਪ੍ਰਸ਼ਾਂਤ ਖੇਤਰ ਵਿੱਚ ਕੁਦਰਤੀ ਸਰੋਤ ਕੱਢਣ ਵਾਲੇ ਉਦਯੋਗਾਂ ਵਿੱਚ ਚੀਨ ਦੀ ਪ੍ਰਮੁੱਖ ਭੂਮਿਕਾ ਹੈ। 2019 ਵਿੱਚ, ਚੀਨ ਨੇ ਇਸ ਖੇਤਰ ਵਿੱਚੋਂ $3. 3 ਬਿਲੀਅਨ ਦੇ ਸਮੁੰਦਰੀ ਭੋਜਨ, ਲੱਕੜ ਅਤੇ ਹੋਰ ਖਣਿਜ਼ ਹਾਸਲ ਕੀਤੇ। ਇਸ ਖਿੱਤੇ ਵਿੱਚ ਚੀਨ ਕੋਲ 290 ਜਹਾਜ਼ ਹਨ, ਜੋ ਕਿ ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਕੁਲ ਗਿਣਤੀ ਤੋਂ ਵੱਧ ਹਨ। ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਦੀ ਲੱਕੜ ਦੀ 90% ਤੋਂ ਵੱਧ ਬਰਾਮਦ ਚੀਨ ਨੂੰ ਜਾਂਦੀ ਹੈ। ਵੈਨੂਆਟੂ, ਟੋਂਗਾ ਅਤੇ ਪਲਾਊ ਨਾਲ ਵੀ ਉਸਦਾ ਚੋਖਾ ਕਾਰੋਬਾਰ ਜੁੜਿਆ ਹੋਇਆ ਹੈ। ਪਿਛਲੇ 20 ਸਾਲਾਂ ਵਿੱਚ ਚੀਨੀ ਕੰਪਨੀਆਂ ਨੇ ਪ੍ਰਸ਼ਾਂਤ ਖੇਤਰ ਵਿੱਚ ਖਾਣਾਂ ਦੀ ਖੁਦਾਈ ਵਿੱਚ $2 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਪੱਸ਼ਟ ਹੈ ਕਿ ਇਹ ਖੇਤਰ ਚੀਨ ਲਈ ਅਹਿਮ ਹੈ। ਚੀਨ ਹੁਣ ਪ੍ਰਸ਼ਾਂਤ ਵਿੱਚ ਲਗਭਗ ਇੱਕ ਦਰਜਨ ਟਾਪੂ ਦੇਸ਼ਾਂ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ ਪੁਲਿਸ, ਸੁਰੱਖਿਆ ਅਤੇ ਡਾਟਾ ਸੰਚਾਰ ਸ਼ਾਮਲ ਹੋਵੇਗਾ। ਜੇ ਇਹ ਸੌਦਾ ਸਿਰੇ ਚੜ੍ਹਦਾ ਹੈ ਤਾਂ ਇਸ ਪੂਰੇ ਖੇਤਰ ਵਿੱਚ ਚੀਨ ਆਪਣੇ ਪ੍ਰਭਾਵ ਨੂੰ ਵੱਡੇ ਪੱਧਰ 'ਤੇ ਵਧਾ ਲਵੇਗਾ।
ਅਮਰੀਕਾ ਕੁਆਡ ਨੂੰ ਬੱਝਵੇਂ ਪ੍ਰਭਾਵ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਨਾਟੋ ਗੁੱਟ ਦਾ ਮੁਹਾਨ ਰੂਸ ਤੋਂ ਬਾਅਦ ਪ੍ਰਮੁੱਖ ਤੌਰ ਤੇ ਚੀਨ ਵੱਲ ਮੋੜਨ ਲਈ ਯਤਨਸ਼ੀਲ ਹੈ। ਇਸ ਭੂ-ਸਿਆਸਤ ਦੇ ਚੱਲਦਿਆਂ ਪੱਛਮ ਚੀਨ ਨਾਲ ਵਪਾਰ ਘਟਾ ਕੇ ਵੱਧ ਆਬਾਦੀ ਵਾਲੇ ਭਾਰਤ ਨੂੰ ਵੱਡੀ ਮੰਡੀ ਵਜੋਂ ਦੇਖ ਰਿਹਾ ਹੈ। ਕੁਆਡ ਗੈਰ-ਤਜਰਬੇਕਾਰ ਗੁੱਟ ਹੈ ਇਸਨੂੰ ਫਿਲਹਾਲ ਏਸ਼ੀਆ ਦੇ ਨਾਟੋ ਵਜੋਂ ਤਾਂ ਨਹੀ ਲਿਆ ਜਾ ਸਕਦਾ ਪਰ ਨਾਟੋ ਪਲੱਸ ਅਮਰੀਕਾ ਦੀ ਏਸ਼ੀਆ ਵਿੱਚ ਇੱਕ ਨਵੀਂ ਫੌਜੀ ਕੂਟਨੀਤੀ ਹੈ। ਜਾਪਾਨ ਕੋਲ ਵਿਦੇਸ਼ੀ ਫੌਜੀ ਤਜਰਬਾ ਬਹੁਤ ਘੱਟ ਹੈ। ਭਾਰਤ ਦਾ ਮੁੱਖ ਫੌਜੀ ਚੁਣੌਤੀ ਚੀਨ ਹੀ ਨਹੀਂ ਸਗੋਂ ਪਾਕਿਸਤਾਨ ਵੀ ਰਿਹਾ ਹੈ। ਭਾਰਤ ਰਵਾਇਤੀ ਤੌਰ 'ਤੇ ਫੌਜੀ ਸਮੱਗਰੀ ਦੀ ਪੂਰਤੀ ਲਈ ਅਮਰੀਕਾ ਨਾਲੋਂ ਰੂਸ ਤੇ ਵੱਧ ਨਿਰਭਰ ਰਿਹਾ ਹੈ। ਸਾਮਰਾਜਵਾਦੀ ਅਤੀਤ ਦੀਆਂ ਜੜ੍ਹਾਂ ਵਾਲੇ ਜਪਾਨ ਦਾ ਦੱਖਣੀ ਕੋਰੀਆ ਦੇ ਨਾਲ ਟੁੱਟਵੇਂ ਸਬੰਧਾਂ ਦਾ ਇਤਿਹਾਸ ਵੀ ਹੈ। ਪਰ ਅਜਿਹੀਆਂ ਕਮਜ਼ੋਰੀਆਂ ਦੇ ਬਾਵਜੂਦ ਵੱਡੀਆਂ ਉਦਯੋਗਿਕ ਸ਼ਕਤੀਆਂ ਵਿਚਕਾਰ ਇਹ ਗਠਜੋੜ ਚੀਨ ਲਈ ਸਿਰਦਰਦੀ ਖੜੀ ਕਰ ਸਕਦਾ ਹੈ।
20 ਮਾਰਚ 2023 ਨੂੰ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਅਤੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਮਰਪਿਤ "ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖ਼ਿੱਤੇ ਲਈ" ਲਈ $75 ਬਿਲੀਅਨ ਦੀ ਯੋਜਨਾ ਦਾ ਐਲਾਨ ਕੀਤਾ।ਜਪਾਨ (ਕੁਆਡ ਮੈਂਬਰ) ਵਿੱਚ ਹੋਈ ਜੀ-7 ਦੀ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਹਿੰਦ-ਪ੍ਰਸ਼ਾਂਤ ਖ਼ਿੱਤੇ ਨੂੰ ਮੁਕਤ, ਖੁੱਲ੍ਹਾ ਅਤੇ ਵਿਆਪਕ ਬਣਾਉਣ ਦੇ ਨਜ਼ਰੀਏ ਨਾਲ ਵਿਹਾਰਕ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਹਿੰਦ-ਪ੍ਰਸ਼ਾਂਤ ਖ਼ਿੱਤਾ ਆਲਮੀ ਵਪਾਰ, ਕਾਢਾਂ ਅਤੇ ਵਿਕਾਸ ਦਾ ਇੰਜਣ ਹੈ। ਇਸ ਖੇਤਰ ਵਿੱਚ ਖਤਰੇ ਨੂੰ ਧਿਆਨ ’ਚ ਰੱਖਦਿਆਂ ਅਤੇ ਚੀਨ ਦੇ ਫੌਜੀ ਵਿਸਤਾਰ ਕਰਕੇ ਆਸਟ੍ਰੇਲੀਆ ਆਪਣੇ ਰੱਖਿਆ ਖਰਚ ਵਿੱਚ ਵਾਧਾ (7%) ਕਰ ਰਿਹਾ ਹੈ।
ਆਸਟ੍ਰੇਲੀਆ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਲੰਬੀ ਦੂਰੀ ਦੇ ਸਟ੍ਰਾਈਕ ਹਥਿਆਰਾਂ, ਇਲੈਕਟ੍ਰਾਨਿਕ ਯੁੱਧ ਅਤੇ ਸਾਈਬਰ ਰੱਖਿਆ ਵਰਗੇ ਖੇਤਰਾਂ ਵਿੱਚ ਦੇਸ਼ ਦੀ ਫੌਜੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਫੰਡ ਮੁਹੱਇਆ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪਣਡੁੱਬੀਆਂ, ਲੜਾਕੂ ਜਹਾਜ਼ਾਂ ਅਤੇ ਬਖਤਰਬੰਦ ਵਾਹਨਾਂ ਸਮੇਤ ਨਵੇਂ ਫੌਜੀ ਸਾਜ਼ੋ-ਸਾਮਾਨ ਹਾਸਲ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੂੰ ਅਮਰੀਕੀ ਤਰਜ਼ ’ਤੇ ਆਸਟ੍ਰੇਲੀਆ ਫੌਜੀ-ਉਦਯੋਗ ਕੰਪਲੈਕਸ ਬਣਾਉਣ ਦੀਆਂ ਸਲਾਹਾਂ ਵੀ ਮਿਲ ਰਹੀਆਂ ਹਨ। ਆਸਟ੍ਰੇਲੀਆਂ ਯੂਨੀਵਰਸਿਟੀਆਂ ਨੂੰ ਜਿੱਥੇ ਪਹਿਲਾਂ ਪ੍ਰਵਾਸ ਨੀਤੀਆਂ ਤਹਿਤ ਹੁਨਰਮੰਦ ਕਾਮੇ ਪੈਦਾ ਕਰਨ ਲਈ ਵਰਤਦਾ ਰਿਹਾ, ਹੁਣ ਫੌਜੀਕਰਨ ਲਈ ਸਮੁੰਦਰੀ ਇੰਜੀਨੀਅਰਿੰਗ ਦੇ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਪ੍ਰਬੰਧਕ ਵਿਨਾਸ਼ ਲਈ ਨਵੀਨਤਮ ਹਥਿਆਰ ਬਣਾਉਣ ਨੂੰ ਇਤਿਹਾਸਿਕ ਕੰਮ ਵਜੋਂ ਪ੍ਰਚਾਰ ਰਹੇ ਹਨ। ਪੱਛਮੀ ਆਸਟ੍ਰੇਲੀਆ (ਜਿੱਥੇ ਖਾਣ-ਖੁਦਾਈ ਦਾ ਕੰਮ ਵੱਡੇ ਪੱਧਰ ’ਤੇ ਹੁੰਦਾ ਹੈ) ਦੀ ਸਰਕਾਰ ਨੇ ਰੱਖਿਆ ਉਦਯੋਗ ਦੇ ਕਾਮਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਬਲਿਕ ਯੂਨੀਵਰਸਿਟੀਆਂ ਨੂੰ 2.5 ਮਿਲੀਅਨ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ। ਕੈਟਰੀਓਨਾ ਜੈਕਸਨ (ਆਸਟ੍ਰੇਲੀਆ ਯੂਨੀਵਰਸਿਟੀ ਦੀ ਮੁੱਖੀ) ਅਮਰੀਕੀ ਦੌਰੇ ਦੌਰਾਨ ਵਿਦੇਸ਼ ਵਿਭਾਗ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨਾਲ ਇਹ ਜਾਣਨ ਲਈ ਮੀਟਿੰਗ ਕਰ ਰਹੀ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਨੂੰ ਅਮਰੀਕੀ ਫੌਜੀ-ਉਦਯੋਗਿਕ ਕੰਪਲੈਕਸ ਦੀਆਂ ਲੋੜਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਤਾਂ ਜੋ ਇਹ ਤਜਰਬਾ ਆਸਟ੍ਰੇਲੀਆ ਵਿੱਚ ਲਾਗੂ ਕੀਤਾ ਜਾ ਸਕੇ।
ਅਮਰੀਕੀ ਸਾਮਰਾਜ ਨੇ ਪਹਿਲਾਂ ਆਪਣੇ ਪੁਰਾਣੇ ਵਿਰੋਧੀ ਰੂਸ ਨੂੰ ਯੂਕਰੇਨ ਜੰਗ ਵਿੱਚ ਧੱਕ ਦਿੱਤਾ ਅਤੇ ਹੁਣ ਉਹ ਆਪਣੇ ਮੁੱਖ ਦੁਸ਼ਮਣ ਚੀਨ ਦੇ ਵੱਧਦੇ ਸਾਮਰਾਜੀ ਪ੍ਰਭਾਵ ਨੂੰ ਬੰਨ੍ਹ ਮਾਰਨ ਲਈ ਤਰ੍ਹਾਂ-ਤਰ੍ਹਾਂ ਦੀ ਤਿਕੜਮਬਾਜੀ ਕਰ ਰਿਹਾ ਹੈ। ਉਸਦੀ ਚੀਨ-ਤਾਈਵਾਨ ਦੇ ਘਰੇਲੂ ਕਲੇਸ਼ ਵਿੱਚ ਦਖਲਅੰਦਾਜੀ ਤਾਈਵਾਨ ਨੂੰ ਦੂਸਰਾ ਯੂਕਰੇਨ ਬਣਾਉਣ ਦੀ ਬਦਨੀਤੀ ਦਾ ਹਿੱਸਾ ਹੈ। ਯੂਕਰੇਨ ਜੰਗ ਨੇ ਜਿੱਥੇ ਪੂਰੀ ਦੁਨੀਆ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਦਿੱਤਾ ਉੱਥੇ ਇਸਨੇ ਯੂਕਰੇਨ ਦੀ ਤਬਾਹੀ ਅਤੇ ਯੂਰਪੀ ਦੇਸ਼ਾਂ ਨੂੰ ਵੱਡੇ ਆਰਥਿਕ-ਸਮਾਜਿਕ ਸੰਕਟ ਵਿੱਚ ਫਸਾ ਦਿੱਤਾ ਹੈ। ਅਮਰੀਕੀ ਸਾਮਰਾਜ ਦੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦਖਲਅੰਦਾਜੀ ਏਸ਼ੀਆ ਦੇ ਵੱਖ-ਵੱਖ ਮੁਲਕਾਂ ਦੇ ਕੂਟਨੀਤਿਕ-ਸਿਆਸੀ ਸੰਬੰਧਾਂ ਵਿੱਚ ਵਿਗਾੜ ਅਤੇ ਸਰਹੱਦੀ ਰੌਲਿਆਂ ਨੂੰ ਬੜਾਵਾ ਦੇਵੇਗੀ। ਹਿੰਦ ਪ੍ਰਸ਼ਾਂਤ ਖਿੱਤੇ ਵਿੱਚ ਰੂਸ-ਚੀਨ ਵਰਗੇ ਵੱਡੇ ਵਿਰੋਧੀਆਂ ਦੀ ਮੌਜੂਦਗੀ ‘ਚ ਅਮਰੀਕੀ ਸਾਮਰਾਜ ਦੀ ਇਹ ਦਖਲਅੰਦਾਜੀ ਏਸ਼ੀਆਈ ਖਿੱਤੇ ਲਈ ਭਵਿੱਖ ਵਿੱਚ ਬੇਹੱਦ ਘਾਤਕ ਸਾਬਤ ਹੋ ਸਕਦੀ ਹੈ।
- ਹਰਸ਼ਵਿੰਦਰ
ਸੰਪਰਕ - +61414101993

ਸਾਮਰਾਜੀ ਮੁਲਕਾਂ ਦੀ ਹਥਿਆਰ ਸਨਅਤ ਤੇ ਜੰਗਾਂ

ਜਿਉਂ-ਜਿਉਂ ਸੰਸਾਰ ਅਰਥਚਾਰੇ ਸੰਕਟਗ੍ਰਸਤ ਹੋ ਰਹੇ ਹਨ ਤੇ ਉਹਨਾਂ ’ਚ ਲੋਕ ਰੋਹ ਵੱਧ ਰਿਹਾ ਹੈ ਤਿਉਂ-ਤਿਉਂ ਸੰਸਾਰ ਸਰਮਾਏਦਾਰੀ ਪ੍ਰਬੰਧ ਵੱਧ ਹਮਲਾਵਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਤੇਜੀ ਨਾਲ ਸੰਸਾਰ ਸਾਮਰਾਜੀ ਤਾਕਤਾਂ ਦਾ ਸਮਤੋਲ ਬਦਲ ਰਿਹਾ ਹੈ ਤੇ ਇਹ ਨਾਬਰ ਮੁਲਕ ਸੰਕਟਮੁਕਤ ਹੋਣ ਲਈ ਤੀਜੀ ਦੁਨੀਆਂ ਦੇ ਮੁਲਕਾਂ ਉੱਤੇ ਆਰਥਿਕ ਹਮਲਿਆਂ ਦੇ ਨਾਲ-ਨਾਲ ਆਧੁਨਿਕ ਫੌਜ਼ੀ ਹਮਲਿਆਂ ਦੀ ਤਿਆਰੀ ਵਿੱਚ ਜੁੱਟੇ ਹੋਏ ਹਨ। ਆਪਸੀ ਸਾਮਰਾਜੀ ਖਹਿਭੇੜ ’ਚੋਂ ਇਹ ਮੁਲਕ ਆਪਣੀ ਫੌਜ਼ੀ ਤਾਕਤ ਨੂੰ ਹੋਰ ਵੱਧ ਆਧੁਨਿਕ ਤੇ ਮਜ਼ਬੂਤ ਕਰਨ ਲਈ ਹਰ ਹੀਲੇ ਵਰਤ ਰਹੇ ਹਨ। ਦੁਨੀਆਂ ਦੀਆਂ ਉਦਾਰ ਅਤੇ ਚੋਣ ਜਮਹੂਰੀ ਰਾਜਾਂ ਤੇ ਜਮਹੂਰੀ ਅਧਿਕਾਰਾਂ ਦੀ ਖ਼ਸਲਤ ਬੰਦ ਤਾਨਾਸ਼ਾਹੀ, ਚੋਣ ਤਾਨਾਸ਼ਾਹੀ ਅਤੇ ਸਿੱਧੀ ਤਾਨਾਸ਼ਾਹੀ ’ਚ ਬਦਲ ਰਹੀ ਹੈ। ਜਨਤਕ ਸਹੂਲਤਾਂ ਉੱਤੇ ਕੱਟ ਲਾਏ ਜਾ ਰਹੇ ਹਨ ਅਤੇ ਰੱਖਿਆ ਤੇ ਜੰਗੀ ਹਥਿਆਰਾਂ ਉੱਤੇ ਬਜ਼ਟ ਖਰਚ ਵਧਾਇਆ ਜਾ ਰਿਹਾ ਹੈ। ਸਾਮਰਾਜੀ ਮੁਲਕ ਰੱਖਿਆ ਰਣਨੀਤੀ ਹੇਠ ਹਥਿਆਰ ਸਨਅਤ ਦੀਆਂ ਦਿਓਕੱਦ ਨਿੱਜੀ ਕੰਪਨੀਆਂ ਨੂੰ ਮੋਟੇ ਮੁਨਾਫੇ ਮੁਹੱਇਆ ਕਰਵਾ ਰਹੀਆਂ ਹਨ। ਲੈਨਿਨ ਨੇ ਕਿਹਾ ਸੀ ਕਿ ਇਜਾਰੇਦਾਰ ਪੂੰਜੀਵਾਦ ਅਧੀਨ ਸਾਮਰਾਜੀ ਜੰਗਾਂ ਅਟੱਲ ਹਨ। ਇਸੇ ਤਰ੍ਹਾਂ ਸੰਸਾਰ ਪੂੰਜੀਪਤੀਆਂ ਦੀ ਵੱਧ ਰਹੀ ਇਜਾਰੇਦਾਰੀ ਦੁਨੀਆਂ ਭਰ ਵਿੱਚ ਨਵੇਂ-ਨਵੇਂ ਸੰਕਟ, ਤਣਾਅ ਅਤੇ ਜੰਗਾਂ ਪੈਦਾ ਕਰਨ ਵੱਲ ਵੱਧ ਰਹੀ ਹੈ।


ਦੂਜੀ ਸੰਸਾਰ ਜੰਗ ਬਾਅਦ ਬੜੀ ਤੇਜ਼ੀ ਨਾਲ ਦੁਨੀਆਂ ਦੇ ਵੱਖ-ਵੱਖ ਮੁਲਕ ਆਪਣੇ-ਆਪ ਨੂੰ ਆਰਥਿਕ ਸ਼ਕਤੀ ਦੇ ਨਾਲ-ਨਾਲ ਫੌਜ਼ੀ ਸ਼ਕਤੀ ਦੇ ਰੂਪ ਵਿੱਚ ਉਭਾਰਨ ਦੀ ਦੌੜ ਵਿੱਚ ਲੱਗੇ ਹੋਏ ਹਨ। ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਦੌੜ ਵਿੱਚ ਅਮਰੀਕੀ ਸਾਮਰਾਜ ਦੀ ਸਭ ਤੋਂ ਮੋਹਰੀ ਭੂਮਿਕਾ ਰਹੀ ਹੈ। ਇੰਗਲੈਂਡ, ਜਪਾਨ, ਜਰਮਨੀ ਵਰਗੀਆਂ ਪੁਰਾਣੀਆਂ ਸੰਸਾਰ ਸ਼ਕਤੀਆਂ ਦੇ ਪਤਨ ਤੋਂ ਬਾਅਦ ਅਮਰੀਕਾ ਨੇ ਜਿੱਥੇ ਜੰਗੀ ਸਾਜੋ-ਸਮਾਨ ਅਤੇ ਹਥਿਆਰਾਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਉੱਥੇ ਇਸਦੇ ਸਾਬਕਾ ਫੌਜ਼ੀ ਜਨਰਲ ਤੇ ਰਾਸ਼ਟਰਪਤੀ ਰਹੇ ਆਈਜ਼ਨਹਾਵਰ ਨੇ ਅਮਰੀਕੀ ਹਥਿਆਰ ਸਨਅਤ ਨੂੰ ਪ੍ਰਫੁਲਿਤ ਕਰਨ ਲਈ ਸਭ ਤੋਂ ਵੱਧ ਜ਼ੋਰ ਦਿੱਤਾ। ਅਮਰੀਕੀ ਸਾਮਰਾਜੀਆਂ ਨੇ ਜੰਗੀ ਸਾਜੋ-ਸਮਾਨ ਤੇ ਹਥਿਆਰ ਸਨਅਤ ਵਿੱਚ ਨਿਵੇਸ਼, ਵਿਗਿਆਨ, ਰਸਾਇਣ ਵਿਗਿਆਨ ਅਤੇ ਤਕਨੀਕ ਨੂੰ ਇਸਦੀ ਸੇਵਾ ਵਿੱਚ ਭੁਗਤਾਉਣ, ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਵਿੱਚ ਜੰਗਾਂ ਲਾਉਣ ਅਤੇ ਉੱਥੇ ਹਥਿਆਰਾਂ ਦੀ ਵੱਡੀ ਖੇਪ ਖਪਾਉਣ ਲਈ ਹਰ ਹਰਬੇ ਵਰਤੇ ਹਨ। ਸਿੱਟੇ ਵਜ਼ੋਂ ਇਸ ਸਮੇਂ ਫੌਜ਼ੀ ਉਦਯੋਗ ਅਮਰੀਕਾ ਦੇ ਮੌਜੂਦਾ ਉਦਯੋਗ (ਸਮੇਤ ਮੈਨੂਫੈਕਚਿਰਿੰਗ ਦੇ) ਦਾ ਧੁਰਾ ਬਣਿਆ ਹੋਇਆ ਹੈ।
ਅਮਰੀਕਾ ਤੇ ਨਾਟੋ ਵੱਲੋਂ ਰੂਸ ਖਿਲਾਫ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਪਰੌਕਸੀ ਜੰਗ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸ ਜੰਗ ਵਿੱਚ ਵੱਡੀ ਮਾਤਰਾ ਵਿੱਚ ਅਮਰੀਕੀ ਫੌਜ਼ੀ ਸਾਜੋ-ਸਮਾਨ ਤੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿਪਰੀ ‘ਸਟਾਕਹੋਮ ਅੰਤਰਰਾਸ਼ਟਰੀ ਸ਼ਾਂਤੀ ਖੋਜ ਸੰਸਥਾ’ ਵੱਲੋਂ ਜਾਰੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਯੂਕਰੇਨ ਵਿਸ਼ਵ ਦਾ ਤੀਜਾ ਵੱਡਾ ਹਥਿਆਰ ਦਰਾਮਦਕਾਰ ਦੇਸ਼ ਬਣ ਗਿਆ ਹੈ। ਅਮਰੀਕਾ, ਫਰਾਂਸ ਤੇ ਦੱਖਣੀ ਕੋਰੀਆ ਨਾਟੋ ਦੇਸ਼ਾਂ ਦੀ ਹਥਿਆਰ ਪੂਰਤੀ ਕਰਨ ਵਾਲੇ ਵੱਡੇ ਦੇਸ਼ ਹਨ ਤੇ ਯੂਕਰੇਨ ਜੰਗ ਵਿੱਚ ਇਹਨਾਂ ਮੁਲਕਾਂ ਤੋਂ ਇਲਾਵਾ ਪੋਲੈਂਡ ਤੇ ਇੰਗਲੈਂਡ ਨੇ ਵੀ ਵੱਡੀ ਮਾਤਰਾ ਵਿੱਚ ਯੂਕਰੇਨ ਨੂੰ ਹਥਿਆਰ ਵੇਚੇ ਹਨ। ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਯੂਕਰੇਨ ਨੂੰ ਉੱਨਤ ਤਕਨੀਕੀ ਹਥਿਆਰਾਂ ਦੀ ਬਜਾਇ ਜਿਆਦਾਤਰ ਪੁਰਾਣੇ ਹਥਿਆਰ ਮੁਹੱਇਆ ਕਰਾਵਾਏ ਗਏ ਹਨ। ਯੂਕਰੇਨ ਜੰਗ ਦੌਰਾਨ ਅਮਰੀਕਾ ਦੀ ਗਲੋਬਲ ਹਥਿਆਰ ਬਰਾਮਦਗੀ 33% ਤੋਂ ਵੱਧਕੇ 40% ਹੋ ਗਈ ਹੈ ਅਤੇ ਰੂਸ ਦਾ ਹਥਿਆਰ ਵਪਾਰ 22% ਤੋਂ ਘੱਟਕੇ 16% ਰਹਿ ਗਿਆ ਹੈ। ਇਸ ਜੰਗ ਵਿੱਚ ਅਮਰੀਕਾ ਨੇ ਜਿੱਥੇ ਰੂਸ ਉੱਤੇ ਆਰਥਿਕ ਰੋਕਾਂ ਲਾ ਕੇ ਯੂਰਪੀ ਦੇਸ਼ਾਂ ਨਾਲ ਤੇਲ-ਗੈਸ ਦਾ ਵਪਾਰ ਕੀਤਾ ਉੱਥੇ ਇਸਦੀ ਹਥਿਆਰ ਸਨਅਤ ਨੂੰ ਵੀ ਚੋਖਾ ਹੁਲਾਰਾ ਮਿਲਿਆ ਹੈ।

ਸਿਪਰੀ ਅਨੁਸਾਰ, ਚੋਟੀ ਦੀਆਂ 100 ਹਥਿਆਰ ਫਰਮਾਂ ਪ੍ਰਤੀ ਸਾਲ ਲਗਭਗ $400 ਬਿਲੀਅਨ ਦੇ ਹਥਿਆਰਾਂ ਦਾ ਉਤਪਾਦਨ ਕਰਦੀਆਂ ਹਨ। ਇਹ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਪੂੰਜੀਵਾਦੀ ਇਜਾਰੇਦਾਰੀ ਦਾ ਉੱਤਮ ਨਮੂਨਾ ਹੈ ਜਿੱਥੇ ਜਨਤਕ ਸਹੂਲਤਾਂ ਦੀ ਬਜਾਏ ਨਿੱਜੀ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਹੈ। ਇਸਨੇ ਸੰਸਾਰ ਪੱਧਰ ਤੇ ਅਮੀਰੀ-ਗਰੀਬੀ ਦੇ ਪਾੜੇ ਨੂੰ ਹੋਰ ਵੱਧ ਡੂੰਘਾ ਕੀਤਾ ਹੈ। ਗਲੋਬਲ ਪੱਧਰ ਤੇ ਹਥਿਆਰ ਨਿਰਯਾਤ ਕਰਨ ਵਾਲੇ ਉਪਰਲੇ ਪੰਜ ਦੇਸ਼ ਅਮਰੀਕਾ, ਰੂਸ, ਫਰਾਂਸ, ਚੀਨ ਅਤੇ ਜਰਮਨੀ ਹਨ। ਹਥਿਆਰ ਬਣਾਉਣ ਵਾਲੀਆਂ ਮੁੱਖ ਕੰਪਨੀਆਂ ਉੱਚ ਪੱਧਰੀ ਫੌਜੀ ਖਰਚਿਆਂ ਅਤੇ ਹਥਿਆਰਾਂ ਦੇ ਨਿਰਯਾਤ ਵਾਲੇ ਦੇਸ਼ਾਂ (57% ਅਮਰੀਕਾ ਵਿੱਚ, 9.5% ਰੂਸ ਵਿੱਚ, ਅਤੇ 22% ਪੱਛਮੀ ਯੂਰਪ) ਵਿੱਚ ਸਥਿਤ ਹਨ। ਇਸਤੋਂ ਬਿਨ੍ਹਾਂ ਜਾਪਾਨ, ਇਜ਼ਰਾਈਲ, ਭਾਰਤ ਅਤੇ ਦੱਖਣੀ ਕੋਰੀਆ ਦੀਆਂ ਮਹੱਤਵਪੂਰਨ ਕੰਪਨੀਆਂ ਵੀ ਸ਼ਾਮਲ ਹਨ। 2019 ਵਿੱਚ ਹਥਿਆਰ ਬਣਾਉਣ ਵਾਲੀਆਂ 25 ਸਭ ਤੋਂ ਮਹੱਤਵਪੂਰਨ ਫਰਮਾਂ ਦੀ ਵਿਕਰੀ $361 ਬਿਲੀਅਨ ਡਾਲਰ ਸੀ। ਵਿਕਰੀ ਦੀ ਮਾਤਰਾ ਦੇ ਹਿਸਾਬ ਨਾਲ ਸਭ ਤੋਂ ਵੱਡੇ ਨਿਰਯਾਤਕ ਅਮਰੀਕੀ ਕਾਰਪੋਰੇਸ਼ਨਾਂ ਲਾਕਹੀਡ ਮਾਰਟਿਨ ਕਾਰਪੋਰੇਸ਼ਨ (ਸਾਲ 2021-22 ’ਚ ਕੁੱਲ ਜਾਇਦਾਦ 5.732 ਬਿਲੀਅਨ ਡਾਲਰ), ਬੋਇੰਗ (ਸਾਲ 2021-22 ’ਚ ਕੁੱਲ ਜਾਇਦਾਦ 4.935 ਬਿਲੀਅਨ ਡਾਲਰ), ਨੌਰਥਰਪ ਗ੍ਰਮਨ ਕਾਰਪੋਰੇਸ਼ਨ (ਸਾਲ 2021-22 ’ਚ ਕੁੱਲ ਜਾਇਦਾਦ 4.90 ਬਿਲੀਅਨ ਡਾਲਰ), ਰੇਥੀਓਨ ਅਤੇ ਜਨਰਲ ਡਾਇਨਾਮਿਕਸ (ਸਾਲ 2022 ’ਚ ਕੁੱਲ ਜਾਇਦਾਦ 5.20 ਬਿਲੀਅਨ ਡਾਲਰ) ਸਨ। ਇਸਤੋਂ ਬਿਨਾਂ ਚੀਨ ’ਚ, ਨੋਰਿੰਕੋ (ਸਾਲ 2021 ’ਚ ਕੁੱਲ ਜਾਇਦਾਦ 915.7 ਬਿਲੀਅਨ ਡਾਲਰ) ਅਤੇ ਏ ਵੀ ਆਈ ਸੀ (ਸਾਲ 2021 ’ਚ ਕੁੱਲ ਜਾਇਦਾਦ 66.96 ਬਿਲੀਅਨ ਡਾਲਰ); ਯੂਰਪੀਅਨ ਕੰਪਨੀਆਂ ਏਅਰਬੱਸ, ਬੀਏਈ ਸਿਸਟਮ, ਲਿਓਨਾਰਡੋ, ਡਸਾਲਟ ਅਤੇ ਥੈਲਸ; ਅਤੇ ਰੂਸੀ ਫਰਮ ਅਲਮਾਜ-ਐਂਟੇ ਪ੍ਰਮੁੱਖ ਹਨ। ਪਿਛਲੇ ਸਮੇਂ ਤੋਂ ਅਮਰੀਕਾ ਦੇ ਪੁਰਾਣੇ ਵਿਰੋਧੀ ਰੂਸ ਤੇ ਚੀਨ ਨੇ ਵੀ ਆਪਣੀ ਫੌਜ਼ੀ ਤਾਕਤ ਵਿੱਚ ਚੋਖਾ ਵਾਧਾ ਕੀਤਾ ਹੈ। ਪਰ ਹਥਿਆਰਾਂ ਦੀ ਸੰਸਾਰ ਮੰਡੀ ਵਿੱਚ ਹਾਲੇ ਵੀ ਅਮਰੀਕਾ ਦੀ ਚੌਧਰ ਕਾਇਮ ਹੈ। ਇਸਦਾ ਇਕ ਕਾਰਨ ਅਮਰੀਕਾ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਤਣਾਅ, ਰਾਜਪਲਟੇ ਤੇ ਜੰਗਾਂ ਲਗਾਕੇ ਉਹਨਾਂ ਮੁਲਕਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਵੇਚਣਾ ਹੈ। ਇਹਨਾਂ ਵਿੱਚੋਂ ਅਮਰੀਕਾ ਦੇ ਏਅਰਸਪੇਸ ਅਤੇ ਰੱਖਿਆ ਉਦਯੋਗ ਉੱਤੇ ਕੁੱਲ ਘਰੇਲੂ ਪੈਦਾਵਰ ਦਾ 3.7 ਪ੍ਰਤੀਸਤ ਖਰਚ ਹੁੰਦਾ ਹੈ। ਅਮਰੀਕਾ ਦਾ ਰੱਖਿਆ ਤੇ ਹਥਿਆਰ ਉਦਯੋਗ ਇਸਦੀ ਆਰਥਿਕਤਾ ਦੀ ਰੀੜ੍ਹ ਹੈ ਅਤੇ ਇਸਦਾ ਵਿਕਾਸ ਜੰਗਾਂ, ਤਣਾਅ, ਰਾਜਪਲਟੇ, ਧਮਕੀਆਂ ਆਦਿ ਤੇ ਟਿਕਿਆ ਹੋਇਆ ਹੈ।
ਜੰਗਾਂ ਅਮਰੀਕੀ ਸਾਮਰਾਜ ਨੂੰ ਸਦਾ ਰਾਸ ਆਉਂਦੀਆਂ ਰਹੀਆਂ। ਜੰਗਾਂ ਲਈ ਲੋਂੜੀਦੇ ਜੰਗੀ ਸਾਜੋ-ਸਮਾਨ ਤੇ ਹਥਿਆਰਾਂ ਦੀ ਖਪਤ ਲਈ ਇਸਨੇ ਸਦਾ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਫਿਰਕੂ ਵੰਡੀਆਂ (ਜਿਵੇਂ ਇਰਾਨ-ਸਾਊਦੀ ’ਚ ਸੀਆ-ਸੁੰਨੀ ਝਗੜਾ) ਦਹਿਸ਼ਤਗਰਦੀ, ਅਮਨ-ਸ਼ਾਂਤੀ ਤੇ ਸੁਰੱਖਿਆ ਖਤਰੇ ਖੜੇ ਕਰਕੇ ਸੰਸਾਰ ਵਿੱਚ ਆਪਣੀ ਹਥਿਆਰ ਸਨਅਤ ਨੂੰ ਸਥਾਪਤ ਕੀਤਾ। ਹਥਿਆਰਾਂ ਦੀ ਮੰਡੀ ਦੇ ਵਿਸਥਾਰ ਲਈ ਹੁਣ ਉਸਨੂੰ ਸਾਈਬਰ ਸੁਰੱਖਿਆ, ਊਰਜਾ ਸੁਰੱਖਿਆ, ਸਮੁੰਦਰੀ ਸੁਰੱਖਿਆ ਦੇ ਨਾਲ-ਨਾਲ ਜਲਵਾਯੂ ਤਬਦੀਲੀ, ਅਨਿਯਮਿਤ ਪ੍ਰਵਾਸ, ਬਾਹਰੀ ਸਰਹੱਦਾਂ ਦਾ ਪ੍ਰਬੰਧ ਅਤੇ ਆਰਥਿਕ ਸੰਕਟ ਆਦਿ ਸਭ ਤੋਂ ਵਧੀਆ ਮੌਕੇ ਮੁੱਹਈਆ ਕਰਦੇ ਹਨ।
ਸੰਸਾਰ ਦਾ ਮਿਲਟਰੀ ਬਜ਼ਟ 2 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਚੁੱਕਾ ਹੈ ਤੇ ਫੌਜ਼ੀ ਖਰਚ ਤੇ ਹਥਿਆਰਾਂ ਦੀ ਪੈਦਾਵਰ ਲਗਾਤਾਰ ਵੱਧਦੀ ਜਾ ਰਹੀ ਹੈ। ਅਮਰੀਕੀ ਫੌਜ਼ੀ-ਉਦਯੋਗਿਕ ਨੀਤੀ ਨੂੰ ਉਸਦੀ ਅਰਥ-ਵਿਵਸਥਾ ਦੀ ਤੰਦਰੁਸਤੀ ਵਜੋਂ ਦੇਖਿਆ ਜਾਂਦਾ ਹੈ। 1961 ਵਿੱਚ ਅਮਰੀਕੀ ਰਾਸ਼ਟਰਪਤੀ ਆਇਜ਼ਨਹਾਵਰ ਦੇ ਵਿਦਾਇਗੀ ਭਾਸ਼ਣ ਦੌਰਾਨ ‘ਫੌਜ਼ੀ-ਉਦਯੋਗਿਕ ਕੰਪਲੈਕਸ’ ਉਸਾਰਨ ਅਤੇ ਹਥਿਆਰਾਂ ਲਈ ਸਰਕਾਰੀ ਰੱਖਿਆ ਬਜਟ ਵਧਾਉਣ ਦੇ ਨੀਤੀਗਤ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਲਾਬੀ ਤੇ ਜ਼ੋਰ ਦਿੱਤਾ। ਉਸਤੋਂ ਬਾਅਦ ਹੁਣ ਤੱਕ ਇਹ ਬਜ਼ਟ ਲਗਾਤਾਰ ਵੱਧਦਾ ਆ ਰਿਹਾ ਹੈ। ਪਿਛਲੇ ਮਹੀਨੇ, ਅਮਰੀਕੀ ਸੈਨੇਟ ਨੇ ਇੱਕ ਫੰਡਿੰਗ ਬਿੱਲ ਪਾਸ ਕੀਤਾ ਜਿਸ ਵਿੱਚ ਸਲਾਨਾ ਰੱਖਿਆ ਖਰਚ 740 ਬਿਲੀਅਨ ਡਾਲਰ ਤੋਂ ਵਧਾਕੇ ਇਸ ਸਾਲ 858 ਬਿਲੀਅਨ ਅਮਰੀਕੀ ਡਾਲਰ ਕਰ ਦਿੱਤਾ। ਇਹ ਖਰਚ ਰਾਸ਼ਟਰਪਤੀ ਜੋਅ ਬਾਈਡਨ ਦੁਆਰਾ ਪ੍ਰਸਤਾਵਿਤ ਕੀਤੇ ਗਏ ਬਜ਼ਟ ਨਾਲੋਂ 45 ਬਿਲੀਅਨ ਡਾਲਰ ਵੱਧ ਹੈ। ਇਰਾਕ, ਅਫਗਾਨਿਸਤਾਨ ਸਮੇਤ ਦੁਨੀਆਂ ਭਰ ਵਿੱਚ ਲਗਾਈਆਂ ਜੰਗਾਂ ਵਿੱਚ ਅਮਰੀਕੀ ਸਰਕਾਰ ਵੱਲੋਂ ਅਨੇਕਾਂ ਨਿੱਜੀ ਕੰਪਨੀਆਂ ਨੂੰ ਹਥਿਆਰ ਬਣਾਉਣ ਦੀ ਕੰਟਰੈਕਟ ਦਿੱਤੇ ਗਏ ਸਨ। ਉੱਚ ਪੱਧਰੀ ਮੁਨਾਫੇ ਕਮਾਉਣ ਵਾਲੀਆਂ ਇਹਨਾਂ ਦਿਓਕੱਦ ਕੰਪਨੀਆਂ ਦੀ ਸੰਸਾਰ ਹਥਿਆਰ ਸਨਅਤ ਵਿੱਚ ਵੱਡੀ ਇਜਾਰੇਦਾਰੀ ਹੈ। ਇਸ ਵਪਾਰ ਨੂੰ ਚੱਲਦਾ ਰੱਖਣ ਲਈ ਹਥਿਆਰ ਨਿਰਮਾਣ ਦੀਆਂ ਕਈ ਹੋਰ ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ (ਲੱਗਭਗ ਇੱਕ ਦਰਜਨ) ਸਰਗਰਮ ਹਨ।
ਉਪਸਾਲਾ ਯੂਨੀਵਰਸਿਟੀ ਅਨੁਸਾਰ, 2019 ਵਿੱਚ, 50 ਸਰਗਰਮ ਹਥਿਆਰਬੰਦ ਸੰਘਰਸ਼ਾਂ ਕਾਰਨ 150,000 ਤੋਂ ਵੱਧ ਮੌਤਾਂ ਹੋਈਆਂ ਸਨ। ਸੀਰੀਆ ਵਿੱਚ ਹਥਿਆਰਬੰਦ ਹਿੰਸਾ ਨਾਲ ਸਬੰਧਤ ਘੱਟੋ-ਘੱਟ 384,000 ਮੌਤਾਂ ਹੋਈਆਂ ਹਨ ਅਤੇ ਯਮਨ ਵਿੱਚ 233,000। ਇਨ੍ਹਾਂ ਤੋਂ ਇਲਾਵਾ ਉਹ ਹਜ਼ਾਰਾਂ ਲੋਕ ਹਨ ਜੋ ਜੰਗ ਦੇ ਉਜਾੜੇ ਕਾਰਨ ਹੋਈ ਬਦਹਾਲੀ ਕਾਰਨ ਮਰਦੇ ਹਨ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਅਨੁਸਾਰ, 79.5 ਮਿਲੀਅਨ ਲੋਕ 2019 ਵਿੱਚ ਜ਼ਬਰਦਸਤੀ ਉਜਾੜੇ ਗਏ। ਜੰਗਾਂ ’ਚ ਉਜਾੜੇ ਦਾ ਦੁਖਾਂਤ 'ਆਮ' ਹੁੰਦਾ ਹੈ ਜੋ ਹਰ ਸਾਲ ਹਜ਼ਾਰਾਂ-ਲੱਖਾਂ ਮੌਤਾਂ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਜੰਗ, ਤਣਾਅ ਤੇ ਗੜਬੜੀ ਵਾਲੇ ਖੇਤਰਾਂ ਵਿੱਚ ਪੈਦਾ ਹੋਈਆਂ ਅਰਾਜਕ ਸਥਿਤੀਆਂ ਦੌਰਾਨ ਸਰਕਾਰੀ ਅਤੇ ਬਾਗੀ ਦੋਵਾਂ ਧਿਰਾਂ ਨੂੰ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਮੁਹੱਇਆ ਕਰਵਾਏ ਜਾਂਦੇ ਹਨ। ਦੁਨੀਆਂ ਭਰ ਵਿੱਚ ਗੈਰ-ਕਾਨੂੰਨੀ ਤੇ ਤਸਕਰੀ ਵਾਲੇ ਹਥਿਆਰਾਂ ਦੀ ਵਿਕਰੀ ਵੱਡੀ ਤਦਾਦ ਵਿੱਚ ਹੋ ਰਹੀ ਹੈ ਜੋ ਅੰਕੜਿਆਂ ਤੋਂ ਬਾਹਰ ਹੈ।
​ਜਮਹੂਰੀ ਰਾਜਾਂ ਵਿੱਚ ਵੱਧਦੇ ਤਾਨਾਸ਼ਾਹ ਰੁਝਾਨ ਕਾਰਨ ਵੱਖ-ਵੱਖ ਮੁਲਕ ਆਪਣੇ ਫੌਜ਼ੀ ਖਰਚੇ ਵਧਾ ਰਹੇ ਹਨ। ਭਾਰਤ ਵਿੱਚ ਮੋਦੀ ਸਰਕਾਰ ਨੇ ਸਾਲ 2023-24 ਦੇ ਤਾਜ਼ਾ ਬਜ਼ਟ ਵਿੱਚ ਕੁੱਲ ਸੁਰੱਖਿਆ ਬਜ਼ਟ ਪਿਛਲੇ ਸਾਲ ਨਾਲੋਂ 1 ਲੱਖ ਕਰੋੜ ਵਧਾਕੇ 5.94 ਲੱਖ ਕਰੋੜ ਕਰ ਦਿੱਤਾ ਹੈ। ਦੂਸਰੇ ਪਾਸੇ ਜਨਤਕ ਭਲਾਈ ਸਕੀਮਾਂ ਉੱਤੇ ਬਜ਼ਟ ਖਰਚ ਲਗਾਤਾਰ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਨਵ-ਉਦਾਰਵਾਦੀ ਏਜੰਡੇ ਦੇ ਫੇਲ੍ਹ ਹੋਣ ਕਰਕੇ ਇਹ ਚੱਲਣ ਦੁਨੀਆਂ ਭਰ ਵਿੱਚ ਵੱਧ ਰਿਹਾ ਹੈ।

ਦੁਨੀਆ ਵਿੱਚ ਇਕੋ ਸਮੇਂ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਅਮਨ ਬਹਾਲੀ ਦਾ ਚੌਧਰੀ ਅਮਰੀਕੀ ਸਾਮਰਾਜ ਬਣਿਆ ਹੋਇਆ ਹੈ ਜੋ ਜਿਆਦਾਤਰ ਭੂਗੋਲਿਕ ਖੇਤਰਾਂ ਵਿੱਚ ਸਾਜ਼ਿਸਾਂ ਰਚਦਾ ਹੈ। ਉਸਨੇ ਸੰਸਾਰ ਭਰ ਵਿੱਚ ਵੱਖ-ਵੱਖ ਆਰਥਿਕ-ਫੌਜ਼ੀ ਗੁੱਟਬੰਦਕ ਸੰਸਥਾਵਾਂ ਖੜੀਆਂ ਕੀਤੀਆਂ ਹੋਈਆਂ ਹਨ ਜਿਹਨਾਂ ਜਰੀਏ ਉਹ ਵੱਖ-ਵੱਖ ਦੇਸ਼ਾਂ ਖਿਲਾਫ ਕੂਟਨੀਤਿਕ ਸਫਬੰਦੀਆਂ ਤੇ ਘੁਸਪੈਠ ਕਰਦਾ ਹੈ। ਇਹ ਸਫਬੰਦੀ ਅੱਜ-ਕੱਲ ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਕੀਤੀ ਜਾ ਰਹੀ ਹੈ। ਆਪਣੇ ਸ਼ਰੀਕ ਰੂਸ ਅਤੇ ਚੀਨ ਨੂੰ ਠਿੱਬੀ ਲਾਉਣ ਲਈ ਮੱਧ ਤੇ ਉੱਤਰੀ ਏਸ਼ੀਆ ਵਿੱਚ ਉੱਚ ਭੂ-ਸਿਆਸੀ ਤਣਾਅ ਪੈਦਾ ਕੀਤਾ ਜਾ ਰਿਹਾ ਹੈ।
ਹਥਿਆਰ ਸਨਅਤ ਦੇ ਚੱਲਦੇ ਰਹਿਣ, ਹੋਰ ਵੱਧ ਪ੍ਰਫੁਲਿਤ ਹੋਣ ਤੇ ਮੁਨਾਫੇ ਕਮਾਉਣ ਲਈ ਇਹਨਾਂ ਦੀ ਖਪਤ ਜਰੂਰੀ ਹੈ ਜਿਸ ਲਈ ਅਰਾਜਕਤਾ ਤੇ ਜੰਗਾਂ ਥੋਪੀਆਂ ਤੇ ਪੈਦਾ ਕੀਤੀਆਂ ਜਾਂਦੀਆਂ ਹਨ। ਸਾਮਰਾਜ ਦੇ ਵਿਸਥਾਰ ਲਈ ਮੰਡੀ ਉੱਤੇ ਕਬਜੇ ਦੇ ਨਾਲ-ਨਾਲ ਕਈ ਹੋਰ ਕਾਰੋਬਾਰ ਵੀ ਜੁੜੇ ਹੋਏ ਹਨ। ਤਬਾਹੀ ਬਾਅਦ ਉਸਾਰੀ, ਆਰਥਿਕ-ਸਿਆਸੀ ਚੌਧਰ, ਢਹਿਢੇਰੀ ਆਰਥਿਕਤਾਵਾਂ ਨੂੰ ਉੱਚ ਵਿਆਜ਼ ਦਰਾਂ ਤੇ ਕਰਜ਼ੇ ਦੇਣ ਅਤੇ ਹਥਿਆਰਾਂ ਦੇ ਅੰਬਾਰ ਲਾ ਕੇ ਮੋਟੇ ਮੁੁਨਾਫੇ ਕਮਾਉਣ ਦਾ ਕਾਰੋਬਾਰ। ਸਾਮਰਾਜੀ ਸਰਮਾਇਆ ਦੁਨੀਆਂ ਭਰ ਵਿੱਚ ਹਰ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਦੇ ਕੇ ਆਪਣੀ ਇਜਾਰੇਦਾਰੀ ਤੇ ਅੰਨ੍ਹੇ ਮੁਨਾਫੇ ਲਈ ਵੱਡੀ ਤਬਾਹੀ ਤੇ ਸੰਕਟ ਖੜੇ ਕਰ ਰਿਹਾ ਹੈ। ਧਰਤੀ, ਹਵਾ, ਪਾਣੀ ਤੇ ਮਨੁੱਖਤਾ ਦੀ ਤਬਾਹੀ ਵਾਲੇ ਇਹਨਾਂ ਘਾਤਕ ਤੇ ਮਾਰੂ ਹਥਿਆਰਾਂ ਅਤੇ ਇਹਨਾਂ ਨੂੰ ਪੈਦਾ ਕਰਨ ਵਾਲੇ ਵਿਚਾਰਾਂ ਦਾ ਵਿਰੋਧ ਜਰੂਰੀ ਹੈ।
- ਮਨਦੀਪ, ਹਰਸ਼ਵਿੰਦਰ

ਕੈਨੇਡਾ ’ਚੋਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦੀ ਜੜ੍ਹ

 ਕੈਨੇਡਾ ’ਚੋਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦੀ ਜੜ੍ਹ


ਪ੍ਰਵਾਸ ਮਨੁੱਖੀ ਸੱਭਿਅਤਾ ਜਿੰਨ੍ਹਾ ਹੀ ਪੁਰਾਣਾ ਹੈ। ਜਿੱਥੇ ਪ੍ਰਵਾਸ ਮਨੁੱਖ ਨੂੰ ਚੇਤੰਨ, ਸਹਿਣਸ਼ੀਲ਼ ਤੇ ਤਜ਼ਰਬੇਕਾਰ ਬਣਾਉਂਦਾ ਹੈ ਉੱਥੇ ਇਹ ਸਰਾਪ, ਉਜਾੜਾ ਤੇ ਸੰਤਾਪ ਬਣਕੇ ਵੀ ਬਹੁੜਦਾ ਹੈ। ਵਿਸ਼ਵੀਕਰਨ ਦੇ ਮੌਜੂਦਾ ਤੇਜ਼-ਤਰਾਰ ਦੌਰ ਅੰਦਰ ਜਦੋਂ ਦੁਨੀਆਂ ਇੱਕ ਪਿੰਡ, ਇੱਕ ਮੰਡੀ ਬਣ ਰਹੀ ਹੈ ਤਾਂ ਸੰਸਾਰ ਸਰਹੱਦਾਂ ਉੱਪਰੇ ਨੌਕਰੀ, ਸੁਰੱਖਿਆ ਤੇ ਚੰਗੇ ਭਵਿੱਖ ਲਈ ਪ੍ਰਵਾਸ ਵੱਧ ਰਿਹਾ ਹੈ। ਪੱਛੜੇ ਤੇ ਵਿਕਾਸਸ਼ੀਲ ਮੁਲਕਾਂ ਦੀ ਵਸੋਂ ਦਾ ਵੱਡਾ ਹਿੱਸਾ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਕਸਿਤ ਪੂੰਜੀਵਾਦੀ ਮੁਲਕਾਂ ਵੱਲ ਪ੍ਰਵਾਸ ਕਰ ਰਿਹਾ ਹੈ। ਵੱਖ-ਵੱਖ ਉਦਯੋਗਿਕ ਖੇਤਰਾਂ ਵਿੱਚ ਨਵੀਂ ਤਕਨੀਕ ਦੇ ਵਿਕਾਸ ਨਾਲ ਸੰਸਾਰ ਭਰ ਵਿੱਚ ਊਰਜਾਵਾਨ, ਸਸਤੇ ਤੇ ਹੁਨਰਮੰਦ ਕਾਮਿਆਂ ਦੀ ਮੰਗ ਵੱਧ ਰਹੀ ਹੈ। ਜਿੰਨ੍ਹਾ ਵਿੱਚ ਇੰਜੀਨੀਅਰ, ਬਿਜ਼ਨਿਸ ਮੈਨੇਜਮੈਂਟ, ਅਕਾਊਂਟੈਂਟ, ਨਰਸਾਂ ਤੇ ਡਾਕਟਰ ਪ੍ਰਮੁੱਖ ਹਨ। ਬਹੁਰਾਸ਼ਟਰੀ ਕੰਪਨੀਆਂ ਆਪਣਾ ਨਿਵੇਸ਼ ਉਹਨਾਂ ਮੁਲਕਾਂ ਵਿੱਚ ਜਿਆਦਾ ਕਰਦੀਆਂ ਹਨ ਜਿੱਥੇ ਸਖ਼ਤ ਕਿਰਤ ਕਾਨੂੰਨਾਂ ਜ਼ਰੀਏ ਉਹਨਾਂ ਦੇ ਨਿਵੇਸ਼ ਤੇ ਮੁਨਾਫੇ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਤੇ ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਵੱਡੀ ਪੱਧਰ ਤੇ ਵਸਦੇ ਪ੍ਰਵਾਸੀ ਇੱਕੋ ਸਮੇਂ ਖਪਤਕਾਰ ਵੀ ਹਨ ਤੇ ਪੈਦਾਵਰ ਖੇਤਰ ਦੇ ਕਾਮੇ ਵੀ।
ਪਿਛਲੇ ਕੁਝ ਸਾਲਾਂ ਤੋਂ ਪ੍ਰਵਾਸ ਲਈ ਕੈਨੇਡਾ, ਭਾਰਤੀ ਖਾਸਕਰ ਸੂਬਾ ਪੰਜਾਬ ਦੇ ਲੋਕਾਂ ਦੀ ਪਹਿਲੇ ਦਰਜੇ ਦੀ ਪਸੰਦ ਬਣਿਆ ਹੋਇਆ ਹੈ। ਇਸ ਦੌੜ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖਿਆ ਖੇਤਰ ਦੋਵਾਂ ਉੱਤੇ ਗਹਿਰਾ ਅਸਰ ਪਾਇਆ ਹੈ। ਵਿਦੇਸ਼ਾਂ ਅੰਦਰ ‘ਸੱਭਿਆਚਾਰਕ ਧੌਂਸ’ ਰਾਹੀਂ ਪੰਜਾਬ ਸਮੇਤ ਤੀਜੀ ਦੁਨੀਆਂ ਦੇ ਪ੍ਰਵਾਸੀਆਂ ਨੂੰ ‘ਗੰਵਾਰੂ ਸੱਭਿਆਚਾਰ’ ਦੀ ਪੈਦਾਇਸ਼ ਵਜ਼ੋਂ ਪੇਸ਼ ਕੀਤਾ ਜਾਂਦਾ ਹੈ। ਪੰਜਾਬ ’ਚ ਖੁੰਭਾਂ ਵਾਂਗ ਉੱਘੇ ਆਇਲਿਟਸ ਸੈਂਟਰ ਅਤੇ ‘ਇਮੀਗ੍ਰੇਸ਼ਨ ਮਾਫਿਆ’ ਨੇ ਜਿੱਥੇ ਸਿੱਖਿਆ ਦੇ ਮਾਅਨੇ ਬਦਲ ਦਿੱਤੇ ਹਨ ਉੱਥੇ ਸਿੱਖਿਆ ਦੇ ਨਿੱਜੀਕਰਨ-ਵਪਾਰੀਕਰਨ ਨੂੰ ਵੀ ਜ਼ਰਬਾਂ ਦਿੱਤੀਆਂ ਹਨ। ਉੱਚ ਸਿੱਖਿਆ ਹਾਸਲ ਕਰਨ ਦੀ ਬਜਾਏ ਵਿੱਦਿਆ, ਵਿਦੇਸ਼ ਜਾਣ ਦਾ ਸਾਧਨ ਬਣ ਗਈ ਹੈ। ਇਸਤੋਂ ਪੰਜਾਬ, ਭਾਰਤ ਤੇ ਵਿਦੇਸ਼ੀ ਸਰਕਾਰਾਂ ਵੀ ਚੰਗੀ ਤਰਾਂ ਜਾਣੂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ‘ਪੱਛਮੀ ਉਦਾਰਵਾਦੀ ਲੋਕਤੰਤਰਾਂ’ ਵਿੱਚ ਇਮੀਗ੍ਰੇਸ਼ਨ ਨੀਤੀ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਹਨਾਂ ਦੇਸ਼ਾਂ ਦੀ ਇਮੀਗ੍ਰੇਸ਼ਨ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਨਾਲ ਮਿਲਕੇ ਕੰਮ ਕਰਦੀ ਹੈ ਜਿਸ ਨਾਲ ਪ੍ਰਵਾਸੀਆਂ ਦੇ ਬੁਨਿਆਦੀ, ਕਿਰਤ ਅਤੇ ਮਨੁੱਖੀ ਅਧਿਕਾਰਾਂ ਉੱਤੇ ਗਹਿਰਾ ਅਸਰ ਪੈਂਦਾ ਹੈ। ਵਿਦੇਸ਼ੀ ਇਮੀਗ੍ਰੇਸ਼ਨ ਨੀਤੀਆਂ ਗਲੋਬਲ ਮਾਰਕਿਟ ਅਨੁਸਾਰ ਤਿਆਰ ਕੀਤੀਆਂ ਜਾਂਦੀਆਂ ਹਨ। ਕੈਨੇਡਾ ਨੇ ਆਪਣੀ ਪੂਰੀ ਸਿੱਖਿਆ ਨੀਤੀ ਨੂੰ ਹੁਨਰਮੰਦ ਵਿਦੇਸ਼ੀ ਕਾਮੇ ਬੁਲਾਉਣ ਤੇ ਪੈਦਾ ਕਰਨ ਅਤੇ ‘ਗਾਹਕ ਰਾਜਨੀਤੀ’ ਤਹਿਤ ਆਪਣੇ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ ਹਿੱਸੇਦਾਰੀ ਵਧਾਉਣ ਅਨੁਸਾਰ ਤਿਆਰ ਕੀਤਾ ਹੈ। ਸੈਰ-ਸਪਾਟਾ ਉਦਯੋਗ ਵਾਂਗ ਵਿਕਸਿਤ ਮੁਲਕਾਂ ਲਈ ਸਿੱਖਿਆ ਇਕ ਉਦਯੋਗ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀ ਇੱਕੋ ਸਮੇਂ ਇਸ ਉਦਯੋਗ ਦੇ ਗਾਹਕ ਤੇ ਸਸਤੇ ਹੁਨਰਮੰਦ ਮਜ਼ਦੂਰ ਹਨ। ਭੂ-ਸਿਆਸੀ ਤੌਰ ਤੇ ਵੀ ਪ੍ਰਭਾਵੀ ਦੇਸ਼ ਪ੍ਰਵਾਸ ਤੇ ਸ਼ਰਨਾਰਥੀਆਂ ਨੂੰ ਆਪਣੀ ਕੂਟਨੀਤੀ ਲਈ ਵਰਤਦੇ ਹਨ। ਸੀਰੀਆ, ਲੀਬੀਆ, ਅਫਗਾਨਿਸਤਾਨ ਤੇ ਹੁਣ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਨਾਟੋ ਦੇਸ਼ਾਂ ਵੱਲੋਂ ਪਨਾਹ ਦੇਣਾ ਅਤੇ ਵਿਰੋਧੀ ਵਿਚਾਰਾਂ ਜਾਂ ਗੁੱਟ ਵਾਲੇ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਦੇਸ਼-ਨਿਕਾਲਾ ਇਸੇ ਪ੍ਰਵਾਸ ਕੂਟਨੀਤੀ ਦਾ ਸਿੱਟਾ ਹੈ। 1917 ਦੇ ਰੂਸੀ ਇਨਕਲਾਬ ਬਾਅਦ ਕਮਿਊਨਿਸਟ ਪੱਖੀ ਵਿਚਾਰਾਂ ਵਾਲੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚੋਂ ਨਿਕਾਲਾ ਤੇ ਕਮਿਊਨਿਸਟ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਸ਼ਰਨ ਦੇਣੀ ਪ੍ਰਵਾਸ ਕੂਟਨੀਤੀ ਤੇ ਰਾਜਨੀਤੀ ਦਾ ਨਮੂਨਾ ਹੈ। ਮੁਸਲਮਾਨ ਸ਼ਰਨਾਰਥੀਆਂ ਨਾਲ ਪੱਛਮੀ ਪ੍ਰਭਾਵ ਵਾਲੇ ਮੁਲਕਾਂ ਵਿੱਚ ਦੂਜੇ ਦਰਜੇ ਦੇ ਨਾਗਰਿਕਾ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਮਨੁੱਖੀ ਤਸਕਰੀ ਸ਼ਰਨਾਰਥੀ ਸੰਕਟ ਦੀ ਕਰੂਰਤਾ ਦੀ ਇੰਤਹਾ ਹੈ। ਇਸਤੋਂ ਬਿਨਾਂ ਪੂੰਜੀਵਾਦ ਅੰਦਰ ਘੱਟ ਹੁਨਰਮੰਦ, ਅਨਿਯਮਤ ਤੇ ਗੈਰ ਸੰਗਠਿਤ ਕਾਮੇ ਸਸਤੀ ਮਜ਼ਦੂਰੀ ਦਾ ਸਾਧਨ ਬਣਦੇ ਹਨ।
ਬਹੁਰਾਸ਼ਟਰੀ ਕੰਪਨੀਆਂ ਦੇ ਰੁਜਗਾਰਦਾਤਾਵਾਂ ਨੂੰ ਨਵੀਂ ਤਕਨੀਕ ਦੇ ਮੇਚਦੇ ਪੜ੍ਹ-ਲਿਖੇ ਕਾਮਿਆਂ ਦੀ ਜ਼ਰੂਰਤ ਹੈ। ਤੇ ਉਹਨਾਂ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਿਆ, ਇਮੀਗ੍ਰੇਸ਼ਨ ਤੇ ਵਿਦੇਸ਼ੀ ਨੀਤੀ ਤਿਆਰ ਕੀਤੀ ਜਾਂਦੀ ਹੈ। ਇਹ ਨੀਤੀਆਂ ਬਦਲਦੇ ਆਰਥਿਕ-ਸਮਾਜਿਕ ਸਮੀਕਰਨਾਂ ਮੁਤਾਬਕ ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੀਆਂ ਹਨ। ਕਾਮਿਆਂ ਦੀ ਮੰਗ ਮੁਤਾਬਕ ਇਹ ਨੀਤੀਆਂ ਨਰਮ ਕਰ ਦਿੱਤੀਆਂ ਜਾਂਦੀਆਂ ਹਨ ਤੇ ਪੂਰਤੀ ਹੋਣ ਤੇ ਸਖ਼ਤ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ 3 ਅਪ੍ਰੈਲ 2020 ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਕਿਹਾ ਕਿ, ‘ਹੁਣ ਸਮਾਂ ਹੈ ਘਰ ਮੁੜਣ ਦਾ, ਕਿਉਂਕਿ ਕੋਵਿਡ ਵੱਧਣ ਕਾਰਨ ਅਸੀਂ ਤੁਹਾਨੂੰ ਸੰਭਾਲ ਨਹੀਂ ਸਕਦੇ।’ 9 ਮਾਰਚ 2022 ਨੂੰ ਉਸਦਾ ਬਿਆਨ ਸੀ ਕਿ, ‘ਅਗਲੇ ਅੱਠ ਹਫਤਿਆਂ ਤੱਕ ਸਟੂਡੈਂਟ ਵੀਜ਼ਾ ਫੀਸ ਤੇ ਛੋਟ ਹੋਵੇਗੀ ਕਿਉਂਕਿ ਲੇਬਰ ਦੀ ਘਾਟ ਹੈ।’ ਹੁਣ ਬਦਲਦੇ ਗਲੋਬਲ ਵਿੱਤੀ ਹਾਲਾਤਾਂ ਦੇ ਮੱਦੇਨਜ਼ਰ ਆਸਟ੍ਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ ਨੇ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਉੱਤੇ ਇਹ ਆਖਕੇ ਪਾਬੰਧੀ ਮੜ੍ਹੀ ਹੈ ਕਿ ਪੜ੍ਹਾਈ ਬਹਾਨੇ ਸਸਤੇ ਰੇਟਾਂ ਤੇ ਵੱਧ ਘੰਟੇ ਕੰਮ ਕਰਨ ਨਾਲ ਸਥਾਨਕ ਲੋਕਾਂ ਦਾ ਰੁਜਗਾਰ ਖੁੱਸਦਾ ਹੈ ਤੇ ਤਨਖਾਹ ਦਰ ਵਿੱਚ ਰੁਕਾਵਟ ਆਉਂਦੀ ਹੈ। ਇਸ ਤਰ੍ਹਾਂ ਮੌਜੂਦਾ ਸਮੇਂ ਕੈਨੇਡਾ ਵਿੱਚੋਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦਾ ਫੈਸਲਾ ਵੀ ਬਦਲਦੇ ਆਰਥਿਕ-ਸਮਾਜਿਕ ਹਾਲਾਤਾਂ ਦਾ ਨਤੀਜਾ ਹੈ। ਕੈਨੇਡਾ ਸਮੇਤ ਅਨੇਕਾਂ ਵਿਕਸਿਤ ਮੁਲਕਾਂ ਵਿੱਚ ਕਾਨੂੰਨੀ-ਗੈਰ-ਕਾਨੂੰਨੀ ਪ੍ਰਵਾਸ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਇਤਿਹਾਸ ਇਸ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਆਰਥਿਕ ਵਿਕਾਸ ਦਰ ਦੇ ਲੜਖੜਾਉਣ ਨਾਲ ਇਹਨਾਂ ਨੀਤੀਆਂ ਦਾ ਸਭ ਤੋਂ ਪਹਿਲਾ ਤੇ ਵੱਡਾ ਹਮਲਾ ਪਰਵਾਸੀ ਕਾਮਿਆਂ ਉੱਤੇ ਕੀਤਾ ਜਾਂਦਾ ਹੈ।
ਕੈਨੇਡਾ ਵਿੱਚ ਦੇਸ਼-ਨਿਕਾਲੇ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕੈਨੇਡੀਅਨ ਸੰਵਿਧਾਨ ਅਨੁਸਾਰ ਫੈਡਰਲ ਸਰਕਾਰ ਕੋਲ ਇਮੀਗ੍ਰੇਸ਼ਨ ਕਾਨੂੰਨ 1906-11 ਤਹਿਤ ਇਹ ਅਧਿਕਾਰ ਹੈ ਕਿ ਉਹ ਕੁਝ ਖਾਸ ਕਾਰਨਾਂ ਕਰਕੇ ਵਿਦੇਸ਼ੀ ਜੰਮਪਾਲ ਵਿਅਕਤੀ ਨੂੰ ਦੇਸ਼-ਨਿਕਾਲਾ ਦੇ ਸਕਦੀ ਹੈ। ਕੈਨੇਡੀਅਨ ਇਤਿਹਾਸ ਵਿੱਚ ਸਮੇਂ-ਸਮੇਂ ਤੇ ਦੇਸ਼ ਨਿਕਾਲੇ ਦੇ ਕਾਰਨ ਬਦਲਦੇ ਆ ਰਹੇ ਹਨ ਪਰੰਤੂ ਕੁਝ ਖਾਸ ਰਾਜਨਿਤਿਕ ਵਿਚਾਰਾਂ, ਅੱਤਵਾਦੀ ਗਤੀਵਿਧੀਆਂ ਅਤੇ ਦੇਸ਼ ਦੀ ਸੁਰੱਖਿਆ ਲਈ ਖਤਰੇ ਦੀ ਸੂਰਤ ਵਿੱਚ ਕੈਨੇਡਾ ਵਿੱਚੋਂ ਦੇਸ਼-ਨਿਕਾਲਾ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚੋਂ ਪ੍ਰਵਾਸੀਆਂ ਦੇ ਦੇਸ਼-ਨਿਕਾਲੇ ਦਾ ਇਤਿਹਾਸ ਪੁਰਾਣੇ ਦੇ ਨਾਲ-ਨਾਲ ਜਾਬਰ ਤੇ ਧੱਕੇਸ਼ਾਹੀ ਵਾਲਾ ਹੈ। 18ਵੀਂ ਸਦੀ ਦੇ ਅੱਧ ’ਚ ਫਰੈਂਚ ਅਤੇ ਬ੍ਰਿਟਿਸ਼ ਵਿੱਚ ਆਪਸੀ ਝਗੜੇ ਦੌਰਾ ਚਾਰਲਸ ਲਾਰੈਂਸ ਨੇ 1755-62 ਤੱਕ ਅਕੇਡੀਅਨਸ ਨੂੰ ਜਬਰੀ ਦੇਸ਼-ਨਿਕਾਲਾ ਦਿੱਤਾ। ਇਹ ਦੇਸ਼-ਨਿਕਾਲਾ ‘ਫੌਜ਼ੀ ਧਮਕੀ’ ਬਹਾਨੇ ‘ਨਸਲੀ ਸਫਾਏ’ ਲਈ ਦਿੱਤਾ ਗਿਆ ਸੀ। ਇਸੇ ਤਰ੍ਹਾਂ 1847 ਵਿੱਚ ਬ੍ਰਿਟਿਸ਼-ਉੱਤਰੀ ਅਮਰੀਕੀ ਬਸਤੀਵਾਦੀਆਂ ਨੇ ‘ਟਾਈਫਸ ਮਹਾਂਮਾਰੀ’ ਦੇ ਅਧਾਰ ਉੱਤੇ ਅਤੇ 1872 ਵਿੱਚ ‘ਅਪਰਾਧੀ’ ਦੇ ਦੋਸ਼ ਹੇਠ ਅਨੇਕਾਂ ਯੂਰਪੀਅਨ ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਗਿਆ। 1895 ਵਿੱਚ ਦੇਹ ਵਪਾਰ ਦਾ ਧੰਦਾ ਕਰਨ ਅਤੇ ਬਿਨ੍ਹਾ ਵਿਆਹ ਦੇ ਗਰਭਧਾਰਨ ਵਾਲੀਆਂ ਔਰਤਾਂ ਜਿਨ੍ਹਾਂ ਨੂੰ ‘ਫਾਲਨ ਗ੍ਰਲਜ਼’ ਕਿਹਾ ਜਾਂਦਾ ਸੀ, ਨੂੰ ਦੇਸ਼-ਨਿਕਾਲਾ ਦਿੱਤਾ ਗਿਆ। ਇਸਤੋਂ ਬਿਨ੍ਹਾਂ ਛੂਤ ਦੀ ਬਿਮਾਰੀ, ਪਾਗਲ, ਬੋਲੇ, ਅੰਨੇ ਤੇ ਮਾਨਸਿਕ ਵਿਕਾਰਾਂ ਵਾਲੇ ਲੋਕਾਂ ਨੂੰ ਦੇਸ਼ ਚੋਂ ਜਬਰੀ ਬਾਹਰ ਭੇਜਕੇ ਸਿਰਫ ਸਿਹਤਮੰਦ ਤੇ ਹੁਨਰਮੰਦ ਕਾਮਿਆਂ ਨੂੰ ਪਨਾਹ ਦਿੱਤੀ ਗਈ। ਉਹਨਾਂ ਦੇ ਪੱਕੇ ਹੋਣ ਦਾ ਸਮਾਂ ਤਿੰਨ ਸਾਲ ਤੋਂ ਵਧਾਕੇ ਪੰਜ ਸਾਲ ਕੀਤਾ ਗਿਆ। ਕੈਨੇਡਾ ਦੇ ਇਤਿਹਾਸ ਵਿੱਚ 1914 ਦੀ ਕਾਮਾਗਾਟਾਮਾਰੂ ਦੀ ਘਟਨਾ ਵੀਂਹਵੀ ਸਦੀ ਦੀ ਵੱਡੀ ਘਟਨਾ ਬਣਕੇ ਸਾਹਮਣੇ ਆਈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੀ ਬੰਦਰਗਾਹ ਉੱਤੇ 376 ਭਾਰਤੀ ਯਾਤਰੀਆਂ ਨੂੰ ਵਾਪਸ ਬਰਤਾਨਵੀ ਬਸਤੀਵਾਦੀ ਭਾਰਤ ਭੇਜਿਆ ਗਿਆ। ਉਸ ਸਮੇਂ ਬਾਬਾ ਗੁਰਦਿੱਤ ਸਿੰਘ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੀਤੀ ਨੂੰ ਨਸਲੀ ਕਿਹਾ ਜਿਸਦੀ ਕਈ ਸਾਲਾਂ ਬਾਅਦ ਕੈਨੈਡੀਅਨ ਸਰਕਾਰ ਨੇ ਮੁਆਫੀ ਵੀ ਮੰਗੀ। ਨਸਲੀ ਅਧਾਰ ਤੇ ਵਿਤਕਰੇਬਾਜੀ ਦਾ ਸੇਕ ਇਹਨਾਂ ਮੁਲਕਾਂ ਵਿੱਚ ਵੱਸਦੇ ਪੂਰਬੀ ਭਾਰਤੀਆਂ, ਚੀਨੀ ਤੇ ਜਪਾਨੀ ਲੋਕਾਂ ਨੇ ਲੰਮਾ ਝੱਲਿਆ ਤੇ ਇਹ ਅੱਜ ਵੀ ਜਾਰੀ ਹੈ। ਨਸਲੀ ਅਧਾਰ ਤੇ ਦੂਜੀ ਸੰਸਾਰ ਜੰਗ ਸਮੇਂ 4000 ਜਪਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। 1917 ਵਿੱਚ ਕਮਿਊਨਿਸਟਾਂ, ਅਰਾਜਕਤਾਵਾਦੀਆਂ ਅਤੇ ਰੈਡੀਕਲ ਵਿਚਾਰਾਂ ਵਾਲੇ ਲੋਕਾਂ ਉੱਤੇ ਕਾਰਵਾਈ ਕੀਤੀ ਗਈ। 1930 ਦੀ ਆਰਥਿਕ ਮਹਾਂਮੰਦੀ ਦੇ ਦੌਰ ਵਿੱਚ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਦਰ ਵਧਾ ਦਿੱਤੀ ਗਈ ਸੀ। ਪੂੰਜੀਵਾਦ ਦਾ ਇਹ ਮੂਲ ਮੰਤਰ ਹੈ ਕਿ ਸੰਕਟ ਦੌਰਾਨ ਹਮਲੇ ਦੀ ਸਭ ਤੋਂ ਵੱਧ ਮਾਰ ਪ੍ਰਵਾਸੀ ਕਾਮਿਆਂ ਉੱਤ ਹੀ ਪੈਂਦੀ ਹੈ। 1937 ‘ਚ ਲੋੜ ਮੁਤਬਕ ਮਜ਼ਦੂਰਾਂ ਨੂੰ ਬੁਲਾਉਣ ਤੇ ਕੱਢਣ ਦੀ ਨੀਤੀ ਨੂੰ ਪ੍ਰਧਾਨ ਮੰਤਰੀ ਆਰ. ਬੀ. ਬੈਨਟ ਦੀ ਨੀਤੀ ਕਿਹਾ ਜਾਂਦਾ ਹੈ।
2001 ਅਤੇ 2013 ਵਿੱਚ ਅੱਤਵਾਦੀ ਗਤੀਵਿਧੀਆਂ ਰੋਕੂ ਐਕਟ ਤਹਿਤ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਰਸਮੀ ਨੋਟਿਸ ਭੇਜਕੇ ਉਸਦੀ ਖੁਫੀਆ ਜਾਂਚ ਤੇ ਖੁਫੀਆ ਅਦਾਲਤ ਵਿੱਚ ਕਾਰਵਾਈ ਕਰਕੇ ਉਸਨੂੰ ਕੈਨੇਡਾ ਵਿੱਚੋਂ ਦੇਸ਼-ਨਿਕਾਲਾ ਦਿੱਤਾ ਜਾ ਸਕਦਾ ਸੀ। 2012 ਵਿੱਚ ਕੈਨੇਡਾ ਵਿੱਚ ਕੁੱਲ 18992 ਲੋਕ ਡਿਪੋਰਟ ਕੀਤੇ ਗਏ ਤੇ 2017 ਵਿੱਚ 7080। ਡਿਪੋਰਟ ਹੋਣ ਵਾਲਿਆਂ ਵਿੱਚੋਂ ਪਹਿਲਾ ਨੰਬਰ ਚੀਨੀ ਲੋਕਾਂ ਦਾ ਹੈ ਤੇ ਦੂਸਰਾ ਭਾਰਤੀਆਂ ਦਾ।
ਪਰਵਾਸੀ ਇਹਨਾਂ ਮੁਲਕਾਂ ਵਿੱਚ ਭਾਸ਼ਾ ਦੀਆਂ ਰੁਕਾਵਟਾਂ, ਰੁਜ਼ਗਾਰ ਦੀ ਤਲਾਸ਼, ਘੱਟ ਉਜਰਤਾਂ, ਵੱਧਦੀ ਮਹਿੰਗਾਈ, ਮਹਿੰਗੇ ਰਿਹਾਇਸ਼ੀ ਕਿਰਾਏ, ਸੱਭਿਆਚਾਰਕ ਭਿੰਨਤਾ, ਸਰੀਰਕ-ਮਾਨਸਿਕ ਸ਼ੋਸ਼ਣ, ਅਲਹਿਦਗੀ ਆਦਿ ਦਾ ਸੰਤਾਪ ਭੋਗਦੇ ਹਨ। ਇਹਨਾਂ ਮੁਲਕਾਂ ਵਿੱਚ ਨੌਜਵਾਨਾਂ-ਵਿਦਿਆਰਥੀਆਂ ਵਿੱਚ ਖੁਦਕਸ਼ੀ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਦੇਸ਼ ਨਿਕਾਲੇ ਦਾ ਸ਼ਿਕਾਰ ਵਿਦਿਆਰਥੀ ਆਰਥਿਕ ਤੰਗੀ, ਟੁੱਟਦੇ ਸੁਪਨੇ ਤੇ ਸਮਾਜਿਕ ਤਾਹਨਿਆਂ-ਮਿਹਣਿਆਂ ਤੋਂ ਬਚਣ ਲਈ ਕਾਨੂੰਨੀ-ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਨ, ਵਿਆਹ ਕਰਵਾ ਕੇ ਪੱਕੇ ਹੋਣ, ਰਫ਼ਿਊਜੀ ਤੌਰ ਤੇ ਪਨਾਹ ਲੈਣ ਆਦਿ ਦੇ ਲੰਬੇ ਤੇ ਮਹਿੰਗੇ ਚੱਕਰ ਵਿੱਚ ਫਸ ਰਹੇ ਹਨ। ਪਹਿਲਾਂ ਹੀ ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ-ਕੁੜੀਆਂ ਦੇ ਰਿਸ਼ਤੇ ਟੁੱਟ ਰਹੇ ਹਨ ਜਿਸਦਾ ਜ਼ਿਆਦਾ ਅਸਰ ਕੁੜੀਆਂ ਤੇ ਪੈ ਰਿਹਾ ਹੈ। ਕਰਜ਼ਾ ਲੈ ਕੇ ਵਿਦੇਸ਼ ਪਹੁੰਚੇ ਕੁਝ ਵਿਦਿਆਰਥੀ ਸੋਚ ਰਹੇ ਹਨ ਕਿ ਦੇਸ਼ ਨਿਕਾਲਾ ਤਾਂ ਤੈਅ ਹੀ ਹੈ ਕਿਉਂ ਨਾ ਜਾਇਜ਼-ਨਾਜਾਇਜ਼ ਢੰਗ ਨਾਲ ਪੈਸਾ ਕਮਾਇਆ ਜਾਵੇ।

ਇਸ ਤਰਾਂ ਦੇਸ਼ ਵਿੱਚੋਂ ਗਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰ, ਗੈਂਗਵਾਰ, ਨਸ਼ਿਆਂ ਆਦਿ ਦੀ ਦਲਦਲ ਵਿੱਚੋ ਨਿਕਲਕੇ ਵਿਦੇਸ਼ਾਂ ਵਿੱਚ ਜਾਕੇ ਘੋਰ ਤੰਗੀਆਂ ਤੇ ਮੁਸ਼ਕਲਾਂ ਚੋਂ ਗੁਜ਼ਰਦੇ ਨੌਜਵਾਨਾਂ-ਵਿਦਿਆਰਥੀਆਂ ਲਈ ਦੇਸ਼-ਨਿਕਾਲਾ ਉਹਨਾਂ ਨਾਲ ਸੰਗੀਨ ਅਪਰਾਧੀਆਂ, ਅੱਤਵਾਦੀਆਂ, ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਵਿਅਕਤੀਆਂ ਵਾਂਗ ਵਿਵਹਾਰ ਕਰਨ ਬਰਾਬਰ ਹੈ। ਇਹ ਮੰਦਭਾਗਾ ਵਰਤਾਰਾ ਹੈ ਜੋ ਵਿਦੇਸ਼ ਵੱਸਦੇ ਗੈਰ-ਸੰਗਠਿਤ ਪਰਵਾਸੀ ਵਿਦਿਆਰਥੀਆਂ ਤੇ ਕਾਮਿਆਂ ਲਈ ਭਵਿੱਖ ਵਿੱਚ ਵੱਡੇ ਖਤਰੇ ਖੜੇ ਕਰ ਸਕਦਾ ਹੈ। ਵਿਦੇਸ਼ਾਂ ਵਿੱਚ ਭਾਸ਼ਾ, ਰੰਗ, ਨਸਲ, ਸਮਾਜਿਕ-ਸੱਭਿਆਚਾਰਕ ਵਿਤਕਰੇ, ਦੇਸ਼-ਨਿਕਾਲੇ, ਕਿਰਤ ਲੁੱਟ ਤੇ ਜਬਰ ਵਰਗੇ ਵਰਤਾਰਿਆਂ ਨੂੰ ਸਭ ਤਰਾਂ ਦੇ ਵਖਰੇਵਿਆਂ ਤੋਂ ਉੱਪਰ ਉੱਠਕੇ ਇੱਕਜੁੱਟ ਤੇ ਜੱਥੇਬੰਦਕ ਢੰਗ ਨਾਲ ਹੀ ਠੱਲਿਆ ਜਾ ਸਕਦਾ ਹੈ।
- ਮਨਦੀਪ +1 (438-924-2052)

https://epaper.punjabitribuneonline.com/c/72349780?fbclid=IwAR264a78NyF6szwAuT8LjKuiWkntPtub0BjEECzpIGxGXKJk1gz91DQyBxQ

Sunday, February 26, 2023

‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ ਦਾ ਬਹਾਦਰ ਸੈਨਾਪਤੀ – ਚੰਦਰ ਸ਼ੇਖਰ ਅਜਾਦ

ਸ਼ਹਾਦਤ ਦਿਵਸ ਤੇ (27 ਫਰਵਰੀ 1931)

‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ ਦਾ ਬਹਾਦਰ ਸੈਨਾਪਤੀ – ਚੰਦਰ ਸ਼ੇਖਰ ਅਜਾਦ


ਬਰਤਾਨਵੀਂ ਸਾਮਰਾਜ ਖਿਲਾਫ ਚੱਲੇ ਮੁਕਤੀ ਸੰਗਰਾਮ ’ਚ ਦੇਸ਼  ਦੇ ਅਨੇਕਾਂ ਦੇਸ਼ਭਗਤਾਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕੀਤੀਆਂ ਸਨ। ਦੇਸ਼ ਦੇ ਮੁਕਤੀ ਸੰਗਰਾਮ ਦੇ ਇਤਿਹਾਸ ਅੰਦਰ ਇਹ ਕੁਰਬਾਨੀਆਂ ਮਹਿਜ ਭਾਵਨਾਵਾਂ, ਦਹਿਸ਼ਤੀ ਜਾਂ ਅਰਾਜਕਤਾਵਾਦੀ ਕਾਰਵਾਈਆਂ, ਇਨਕਲਾਬੀ ਰੁਮਾਂਸ, ਧਾਰਮਿਕ ਪ੍ਰੇਰਨਾਵਾਂ ਤੇ ਆਪਮੁਹਾਰਤਾ ਦਾ ਹੀ ਵੇਗ ਨਹੀਂ ਸਨ ਸਗੋਂ ਵੱਖ-ਵੱਖ ਵਿਚਾਰਧਰਾਵਾਂ ਤੋਂ ਪ੍ਰੇਰਿਤ ਯੋਜਨਾਬੱਧ ਤੇ ਸੁਚੇਤ ਯਤਨਾਂ ਦਾ ਸਿੱਟਾ ਵੀ ਸਨ। ਭਾਰਤ ਦੇ ਮੁਕਤੀ ਸੰਗਰਾਮ ਦੇ ਇਤਿਹਾਸ ’ਚ ਬਰਤਾਨਵੀਂ ਹਕੂਮਤ ਖਿਲਾਫ ਵਿਰੋਧ ਦੀਆਂ ਸੁਧਾਰਵਾਦੀ ਇਨਕਲਾਬੀ ਲਹਿਰਾਂ ਦਾ ਤੇਜ ਪ੍ਰਤੱਖ ਤੌਰ ਤੇ ਵੇਖਣ ਨੂੰ ਮਿਲਦਾ ਹੈ ਪਰੰਤੂ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਮਾਰਕਸੀ ਵਿਚਾਰਧਾਰਾ ਨਾਲ ਲੈੱਸ ਨੌਜਵਾਨਾਂ ਦੀ ਇਕ ਛੋਟੀ ਜਿਹੀ ਟੁਕੜੀ ਭਾਰਤੀ ਮੁਕਤੀ ਸੰਗਰਾਮ ਦੇ ਮੰਚ ਉੱਤੇ ਬੜੀ ਤੇਜੀ ਨਾਲ ਦਾਖਲ ਹੁੰਦੀ ਹੈ ਅਤੇ ਬਿਜਲੀ ਦੀ ਰਫਤਾਰ ਨਾਲ ਭਾਰਤ ਦੇ ਮੁਕਤੀ ਸੰਗਰਾਮ ਦੀ ਅਗਵਾਨੂੰ ਬਣਕੇ ਪੂਰੇ ਦੇਸ਼ ਅੰਦਰ ਆਪਣੇ ਜਲੌਅ ਦਾ ਲੋਹਾ ਮਨਵਾਉਂਦੀ ਹੈ। ਵੱਖ-ਵੱਖ ਵਿਚਾਰਧਰਾਵਾਂ ਦੇ ਪਿਛੋਕੜ ਵਾਲੇ ਸੰਗਰਾਮੀਏ ਇੱਕ ਇਨਕਲਾਬੀ ਦਲ ਸਥਾਪਿਤ ਕਰਦੇ ਹਨ ਅਤੇ ਅਨੇਕਾਂ ਅਰਾਜਕੀ ਅਤੇ ਰੁਮਾਂਚਿਕ ਇਨਕਲਾਬੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਵਿਚੋਂ ਕਈ ਨੌਜਵਾਨ ਕੱਟੜ ਧਾਰਮਿਕ ਪਿਛੋਕੜ ਵਾਲੇ ਸਨ ਤਰੰਤੂ ਉਹਨਾਂ ਨੇ ਇਸ ਧਾਰਮਿਕ ਕੱਟੜਤਾ ਨੂੰ ਮੁਕਤੀ ਸੰਗਰਾਮ ਦੀ ਲੜਾਈ ਦੇ ਟੀਚੇ ’ਚ ਕਦੇ ਰੋੜਾ ਨਹੀਂ ਬਣਨ ਦਿੱਤਾ ਬਲਕਿ ‘ਅਜਾਦੀ, ਬਰਾਬਰੀ ਅਤੇ ਭਾਈਚਾਰੇ’ ਦੇ ਅਸੂਲਾਂ ਉੱਤੇ ਪਹਿਰਾ ਦਿੱਤਾ। ਉਨ੍ਹਾਂ ਵਿਚੋਂ ਅਨੇਕਾਂ ਧਾਰਮਿਕ ਪਿਛੋਕੜ ਵਾਲੇ ਸੰਗਰਾਮੀਆਂ ਨੇ ਧਾਰਮਿਕ ਤੇ ਹੋਰ ਸਮਾਜਿਕ ਸੰਕੀਰਨਤਾਵਾਂ ਤੋਂ ਉੱਪਰ ਉੱੱਠਦਿਆਂ ਕੁਝ ਕੁ ਵਰ੍ਹਿਆਂ ਵਿਚ ਹੀ ਆਪਣੇ-ਆਪ ਨੂੰ ਚੇਤੰਨ ਇਨਕਲਾਬੀ ਕਮਿਊਨਿਸਟ ਕਾਰਕੁੰਨ ਦੇ ਤੌਰ ਤੇ ਪੇਸ਼ ਕੀਤਾ। 
ਮੁਕਤੀ ਸੰਗਰਾਮ ਦੇ ਇਨ੍ਹਾਂ ਨੌਜਵਾਨ ਸੰਗਰਾਮੀਆਂ ਦੇ ਜੀਵਨ ਬਿਰਤਾਂਤ ਦਾ ਜਿਕਰ ਇਕ-ਦੂਜੇ ਤੋਂ ਬਿਨਾਂ ਅਧੂਰਾ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜਾਦ, ਭਗਵਤੀ ਚਰਨ, ਦੁਰਗਾ ਵੋਹਰਾ, ਜਤਿਨ ਦਾਸ ਆਦਿ ਸੂਰਵੀਰਾਂ ਦੀ ਇਕ ਨਿੱਕੀ ਜਿਹੀ ਟੋਲੀ ਸੀ, ਜਿਨ੍ਹਾਂ ਦੀ ਜਿੰਦਗੀ ਦਾ ਹਰ ਤਸੱਵਰ ਉਹਨਾਂ ਦੇ ਉਦੇਸ਼ ਵਾਂਗ ਅਟੁੱਟ ਰੂਪ ’ਚ ਇਕ-ਦੂਜੇ ਨਾਲ ਜੁੜਿਆ ਹੋਇਆ ਸੀ। ਇਹ ਨੌਜਵਾਨ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਆਰਮੀ ਦੇ ਨਿਧੜਕ ਅਤੇ ਚੇਤੰਨ ਵਿਚਾਰਵਾਨ ਯੋਧੇ ਸਨ। ਤੇ ਇਹਨਾਂ ਵਿਚੋਂ ਹੀ ਸੀ ਐਚ. ਐਸ. ਆਰ. ਏ. ਦਾ ਬਹਾਦਰ ਸੈਨਾਪਤੀ ਚੰਦਰ ਸ਼ੇਖਰ ਅਜਾਦ। 
ਮੱੱਧ ਭਾਰਤ ਦੀ ਅਲੀਰਾਜਪੁਰ ਰਿਆਸਤ ਦੀ ਝਾਬੂਆ ਤਹਿਸੀਲ ਦੇ ਪਿੰਡ ਭਾਵਰਾ ਵਿਚ ਇਕ ਕੱਟੜ ਬ੍ਰਹਮਣ ਪਰਿਵਾਰ ’ਚ ਪੰਡਿਤ ਪਿਤਾ ਸੀਤਾ ਰਾਮ ਤਿਵਾਰੀ ਅਤੇ ਮਾਤਾ ਜਗਰਾਣੀ ਦੇਵੀ ਦੇ ਘਰ 23 ਜੁਲਾਈ 1906 ਨੂੰ ਚੰਦਰ ਸ਼ੇਖਰ ਦਾ ਜਨਮ ਹੋਇਆ। ਉਹ ਬਚਪਨ ਤੋਂ ਹੀ ਪਰਿਵਾਰਕ ਪਿਛੋਕੜ ਤੋਂ ਉਲਟ ਬਾਗੀਆਨਾ ਤਬੀਅਤ ਦੇ ਮਾਲਕ ਸਨ। ਪੜਾਈ ਨਾਲੋਂ ਤੀਰ-ਕਮਾਨ ਵਰਗੀਆਂ ਖੇਡਾਂ ਵਿਚ ਜਿਆਦਾ ਰੁਚੀ ਰੱਖਦੇ ਸਨ। ਪਿਤਾ ਜੀ ਨੇ ਸਕੂਲੋਂ ਹਟਾਕੇ ਤਹਿਸੀਲ ਵਿਚ ਹੀ ਕੰਮ ਉਤੇ ਲਵਾ ਦਿੱਤਾ। ਪਰ ਵਿਚਾਰਾ ਮਨ! ਚੰਦਰ ਸ਼ੇਖਰ ਨੌਕਰੀ ਛੱਡਕੇ ਬੰਬਈ ਚਲੇ ਗਏ ਅਤੇ ਇੱਥੇ ਉਹ ਕਈ ਵਰ੍ਹੇ ਇਕ ਤੋਂ ਬਾਅਦ ਦੂਜੇ ਕੰਮ ਤੇ ਲੱਗਦੇ ਅਤੇ ਹਟਦੇ ਰਹੇ। ਕੁਝ ਸਮਾਂ ਜਹਾਜਾਂ ਦੇ ਰੰਗ-ਰੋਗਨ ਦਾ ਕੰਮ ਵੀ ਕੀਤਾ। ਅਖੀਰ ਬੰਬਈ ਦੀ ਭੱਜਦੌੜ ਵਾਲੀ ਮਸ਼ੀਨੀ ਜਿੰਦਗੀ ਅਤੇ ਬੰਦਰਗਾਹਾਂ ਉੱਤੇ ਫਟੇਹਾਲ ਖੜੇ ਜਹਾਜਾਂ ਨੂੰ ਅਲਵਿਦਾ ਆਖ ਆਪਣੀ ਜਿੰਦਗੀ ਦੇ ਮਲਾਹ ਬਣਨ ਦਾ ਫੈਸਲਾਂ ਕੀਤਾ। ਬੰਬਈ ਛੱਡਕੇ ਉਹ ਬਨਾਰਸ ਸੰਸਕ੍ਰਿਤ ਦੀ ਪੜਾਈ ਕਰਨ ਚਲੇ ਗਏ। ਇੱਥੇ ਹੀ ਉਹਨਾਂ ਨੇ ਸੰਸਕ੍ਰਿਤ ਦੇ ਨਾਲ-ਨਾਲ ਦੇਸ਼ ਭਗਤੀ ਦਾ ਪਾਠ ਪੜਨਾ ਸ਼ੁਰੂ ਕਰ ਦਿੱਤਾ। 1920-21 ਦੇ ਸੱੱਤਿਆਗ੍ਰਹਿ ਵਿਚ ਭਾਗ ਲਿਆ ਅਤੇ ਇਨਾਮ ਵਜੋਂ ਬੈਂਤਾਂ ਦੀ ਸਜਾ ਦਾ ਸਨਮਾਨ ਹਾਸਲ ਕੀਤਾ। ਇਸ ਇਨਾਮ ਨੇ ਉਹਨਾਂ ਨੂੰ ਪਹਿਲੀ ਵਾਰ ਐਨੀ ਨੇੜਿਓਂ ਅੰਗੇਰਜੀ ਹਕੂਮਤ ਦੇ ਜਬਰ ਦਾ ਅਹਿਸਾਸ ਕਰਵਾਇਆ। ਉਹਨਾਂ ਨੇ ਮਹਿਸੂਸ ਕੀਤਾ ਕਿ ਕਿਵੇਂ ਦੇਸ਼ ਦੇ ਮਜਦੂਰ-ਕਿਸਾਨ (ਬੰਬਈ ਦੇ ਮਜਦੂਰਾਂ ਅਤੇ ਭਾਵਰਾ ਦੇ ਮੁਜਾਰੇ ਕਿਸਾਨਾਂ ਦੀ ਨਰਕੀ ਜਿੰਦਗੀ ਉਹ ਪਹਿਲਾਂ ਹੀ ਅੱਖੀਂ ਵੇਖ ਚੁੱਕੇ ਸਨ।) ਬਰਤਾਨਵੀਂ ਜੂਲੇ ਹੇਠ ਨਰਕੀ ਜਿੰਦਗੀ ਬਤੀਤ ਕਰ ਰਹੇ ਹਨ। ਇਸ ਦਿਨ ਤੋਂ ਹੀ ਤਿਵਾਰੀ ਜੀ ‘ਅਜਾਦ’ ਹੋ ਗਏ।
ਅਜਾਦ, ਰਾਮ ਪ੍ਰਸ਼ਾਦ ਬਿਸਮਿਲ ਦੀ ਅਗਵਾਈ ਹੇਠ ਇਨਕਲਾਬੀਆਂ ਸੰਗ ਮਿਲ ਗਏ। ਜਿੱਥੇ ਉਹਨਾਂ ਨੇ ਆਪਣੇ ਕੱਟੜ ਹਿੰਦੂ ਵਿਚਾਰਾਂ ਤੇ ਕਰਮ-ਕਾਂਡ ਵਰਗੇ ਬੁਰੇ ਵਕਾਰਾਂ ਨੂੰ ਛੱਡ ਕੇ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਕਬੂਲਿਆ। ਉਹਨਾਂ ਦੀ ਹੀ ਅਗਵਾਈ ਹੇਠ 9 ਅਗਸਤ 1925 ਨੂੰ ਕਾਕੋਰੀ ਰੇਲ ਕਾਂਡ ਵਿਚ ਅਹਿਮ ਯੋਗਦਾਨ ਪਾਇਆ। ਇਸ ਕਾਂਡ ਬਾਅਦ ਜਦੋਂ ਹਕੂਮਤੀ ਜਬਰ ਤਿੱਖਾ ਹੋਇਆ ਤਾਂ ਉਹ ਫਰਾਰ ਹੋ ਕੇ ਝਾਂਸੀ ਆ ਗਏ ਅਤੇ ਇੱਥੇ ਹਰੀਸ਼ੰਕਰ ਬ੍ਰਹਮਚਾਰੀ ਬਣਕੇ ਰਹਿਣ ਲੱਗੇ। ਇੱਥੇ ਹੀ ਉਹ ਭਗਤ ਸਿੰਘ ਨਾਲ ਮਿਲਕੇ ਇਨਕਲਾਬੀ ਗਤੀਵਿਧੀਆਂ ਕਰਦੇ ਰਹੇ। ਭਗਤ ਸਿੰਘ ਦੀ ਸੰਗਤ ’ਚ ਹੀ ਅਜਾਦ ਨੇ ਸਮਾਜਵਾਦੀ ਵਿਚਾਰਾਂ ਤੇ ਪਕੜ ਹਾਸਲ ਕੀਤੀ ਅਤੇ ਧਾਰਮਿਕ ਕੱਟੜਤਾ ਨੂੰ ਛੱੱਡਦਿਆਂ ਧਰਮ-ਨਿਰਪੱਖਤਾ ਦੇ ਵਿਚਾਰਾਂ ਨੂੰ ਧਾਰਨ ਕੀਤਾ। ਬ੍ਰਹਮਚਾਰੀ ਜੀਵਨ ਗੁਜਾਰਨ ਦੇ ਬਾਵਜੂਦ ਅਜਾਦ ਔਰਤ ਪ੍ਰਤੀ ਆਪਣੇ ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਪਾਰਟੀ ਅੰਦਰ ਔਰਤ ਕਾਡਰ ਦੀ ਹਿੱਸੇਦਾਰੀ ਨੂੰ ਅਹਿਮ ਮੰਨਦੇ ਸਨ। ਉਹ ਪਾਰਟੀ ਵਿਚਲੀਆਂ ਔਰਤ ਕਾਰਕੁੰਨਾਂ ਨੂੰ ਹਥਿਆਰਾਂ ਦੀ ਟਰੇਨਿੰਗ ਦਿੰਦੇ ਰਹੇ ਅਤੇ ਅਜਾਦ ਉਹਨਾਂ ਦੀ ਆਪਣੇ ਪਤੀਆਂ ਦੇ ਬਰਾਬਰ ਹਿੱਸੇਦਾਰੀ ਦੇ ਝੰਡਾਬਰਦਾਰ ਸਨ। ਪਾਰਟੀ ਨੂੰ ਜੱਥੇਬੰਦ ਕਰਨ ਦੇ ਅਹਿਮ ਕਾਰਜ ਤੋਂ ਇਲਾਵਾ ਉਹ ਸਾਂਡਰਸ ਕਤਲ ਕਾਂਡ, ਅਸੈਂਬਲੀ ਵਿਚ ਬੰਬ ਸੁੱਟਣ ਅਤੇ ਵਾਇਸਰਾਏ ਦੀ ਗੱਡੀ ਤੇ ਹਮਲਾ ਕਰਨ ਦੀਆਂ ਕਾਰਵਾਈਆਂ ਵਿਚ ਵੀ ਸ਼ਾਮਲ ਰਹੇ। ਸਾਂਡਰਸ ਕਤਲ ਕਾਂਡ ਸਮੇਂ ਭਗਤ ਸਿੰਘ ਅਤੇ ਰਾਜਗੁਰੂ ਨੂੰ ਹੌਲਦਾਰ ਚੰਨਣ ਸਿੰਘ ਦੀ ਪਕੜ ਤੋਂ ਬਚਾਉਣ ਲਈ ਚੰਦਰ ਸ਼ੇਖਰ ਅਜਾਦ ਨੂੰ ਮਜਬੂਰਨ ਹੌਲਦਾਰ ਚੰਨਣ ਸਿੰਘ ਉਤੇ ਗੋਲੀ ਚਲਾਉਣੀ ਪਈ ਸੀ। ਇਸ ਤੋਂ ਇਲਾਵਾ ਉਹਨਾਂ ਨੇ ਪਾਰਟੀ ਉਸਾਰੀ ਅਤੇ ਅਪਣੇ ਸਾਥੀ ਇਨਕਲਾਬੀਆਂ ਦੀ ਰਿਹਾਈ ਅਤੇ ਸਹਿਯੋਗ ਲਈ ਡਾਕੇ ਮਾਰ ਕੇ ਸਰਕਾਰੀ ਸੰਪੱਤੀ ਨੂੰ ਨਿਸ਼ਾਨਾ ਬਣਾਇਆ।  
ਅਜਾਦ ਦਾ ਦਬੰਗੀ ਅਤੇ ਦਹਿਸ਼ਤੀ ਬਿੰਬ ਆਮ ਤੌਰ ਤੇ ਰੁਮਾਂਚਿਕ ਇਨਕਲਾਬੀ ਨੌਜਵਾਨਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ। ਅਜਾਦ ਦਾ ਵਿਅਕਤੀਤਵ ਜਿੱਥੇ ਬੇਹੱਦ ਅਨੁਸ਼ਾਸ਼ਨੀ ਅਤੇ ਇਨਕਲਾਬੀ ਜਾਨੂੰਨ ਨਾਲ ਪਰੰੁਨਿਆਂ ਹੋਇਆ ਸੀ ਉੱਥੇ ਉਹ ਕੋਮਲ ਮਨੁੱਖੀ ਭਾਵਨਾਵਾਂ ਦੀ ਕਦਰ ਕਰਨ ਵਾਲਾ ਸੰਵੇਦਨਸ਼ੀਲ਼ ਇਨਸਾਨ ਵੀ ਸੀ। ਇਸਦਾ ਅੰਦਾਜਾ ਸ਼ਿਵ ਵਰਮਾ ਦੀ ਇਕ ਯਾਦ ਤੋਂ ਲਗਾਇਆ ਜਾ ਸਕਦਾ ਹੈ। ਉਹ ਲਿਖਦੇ ਹਨ ਕਿ ‘ਆਜ਼ਾਦ ਸਾਡੇ ਸੈਨਾਪਤੀ ਹੀ ਨਹੀਂ ਸਨ, ਉਹ ਸਾਡੇ ਪਰਿਵਾਰ ਦੇ ਵੱਡੇ ਭਰਾ ਦੀ ਥਾਂ ਵੀ ਸਨ, ਜਿਸ ਨੂੰ ਹਰ ਸਾਥੀ ਦੀ ਛੋਟੀ ਤੋਂ ਛੋਟੀ ਜਰੂਰਤ ਦਾ ਧਿਆਨ ਰਹਿੰਦਾ ਸੀ। ਮੋਹਨ (ਬੀ.ਕੇ. ਦੱਤ) ਦੀ ਦਵਾਈ ਨਹੀਂ ਆਈ, ਹਰੀਸ਼ (ਜੈਦੇਵ) ਨੂੰ ਕਮੀਜ਼ ਦੀ ਜਰੂਰਤ ਹੈ, ਰਘੂਨਾਥ (ਰਾਜਗੁਰੂ) ਕੋਲ ਜੁੱਤੀ ਨਹੀਂ ਹੈ, ਬੱਚੂ (ਵਿਜੈ) ਦੀ ਸਿਹਤ ਠੀਕ ਨਹੀਂ ਹੈ ਆਦਿ ਉਨਾਂ ਦੀਆਂ ਰੋਜ਼ ਦੀਆਂ ਚਿੰਤਾਵਾਂ ਸਨ।’ ਇਸੇ ਤਰ੍ਹਾਂ ਜਦੋਂ ਭਗਤ ਸਿੰਘ, ਸੁਖਦੇਵ, ਬੁਟਕੇਸ਼ਵਰ ਦੱਤ, ਸ਼ਿਵ ਵਰਮਾ ਅਤੇ ਹੋਰ ਕਈ ਸਾਥੀਆਂ ਬਾਰੇ ਗੱਲ ਚੱਲ ਰਹੀ ਸੀ ਕਿ ਕੌਣ ਕਿਸ ਹਾਲਤ ਵਿੱਚ ਫੜਿਆ ਜਾਵੇਗਾ ਤਾਂ ਭਗਤ ਸਿੰਘ ਨੇ ਕਿਹਾ “ਪੰਡਿਤ ਜੀ ਤੁਹਾਡੇ ਲਈ ਤਾਂ ਦੋ ਰੱਸਿਆਂ ਦੀ ਜਰੂਰਤ ਪਏਗੀ, ਇੱਕ ਗਲ ਲਈ ਤੇ ਦੂਜਾ ਤੁਹਾਡੇ ਭਾਰੀ ਢਿੱਡ ਲਈ।” ਅਜ਼ਾਦ ਤੁਰੰਤ ਹੱਸ ਕੇ ਬੋਲੇ “ਵੇਖ ਫਾਂਸੀ ਚੜਨ ਦਾ ਸ਼ੌਂਕ ਮੈਨੂੰ ਨਹੀਂ ਹੈ। ਉਹ ਤੈਨੂੰ ਮੁਬਾਰਕ ਹੋਵੇ, ਰੱਸਾ-ਰੁੱਸਾ ਤੇਰੇ ਗਲ ਲਈ ਹੈ। ਜਦੋਂ ਤੱਕ ਇਹ ਬਮਤਮ ਬੁਖਾਰ (ਆਜ਼ਾਦ ਦਾ ਪਿਸਤੌਲ) ਮੇਰੇ ਕੋਲ ਹੈ ਕਿਸ ਨੇ ਮਾਂ ਦਾ ਦੁੱਧ ਪੀਤਾ ਹੈ ਕਿ ਮੈਨੂੰ ਜਿਊਂਦਾ ਫੜ ਲੈ ਜਾਵੇ।”
ਭਾਵੇਂ ਸਮਾਜਵਾਦੀ ਤੇ ਹੋਰ ਸਿਆਸੀ ਸਾਹਿਤ ਪੜ੍ਹਨ ਵਿਚ ਅਜਾਦ ਦੀ ਕੁਝ ਸੀਮਤਾਈ ਸੀ ਪਰੰਤੂ ਦੇਸ਼ ਦੀ ਅਜਾਦੀ ਅਤੇ ਸਮਾਜਵਾਦੀ ਇਨਕਲਾਬ ਦੀ ਉਸਾਰੀ ਦੇ ਟੀਚੇ ਲਈ ਅਧਿਐਨ ਦੀ ਮਹੱਤਤਾ ਅਤੇ ਸਿੱਖਣ-ਪੜਨ ਦੀ ਭਾਵਨਾ ਰੱਤੀ ਭਰ ਵੀ ਊਣੀ ਨਹੀਂ ਸੀ। ਉਹ ਸਦਾ ਆਪਣੇ ਸਾਥੀਆਂ ਨੂੰ ਪੜਨ-ਲਿਖਣ ਲਈ ਪ੍ਰੇਰਦੇ ਰਹਿੰਦੇ ਸਨ। ਉਹਨਾਂ ਨੇ ਸ਼ਿਵ ਵਰਮਾ ਕੋਲੋਂ ਕਮਿਊਨਿਸਟ ਮੈਨੀਫੈਸਟੋ ਸੁਣਿਆ। ਦੇਸ਼ ਦੀ ਅਜਾਦੀ ਉਹਨਾਂ ਦਾ ਆਦਰਸ਼ ਸੀ ਤੇ ਉਹ ਹਮੇਸ਼ਾਂ ਪਾਰਟੀ ਵਿਚਲੀਆਂ ਸਿਧਾਂਤਕ ਬਹਿਸਾਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਰਹੇ। 
ਉਹਨਾਂ ਦਾ ਅਜਾਦੀ ਪ੍ਰਾਪਤੀ ਦਾ ਆਦਰਸ਼ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਉਸਾਰੀ ਦਾ ਸੁਪਨਾ ਹੀ ਉਹਨਾਂ ਦੀ ਊਰਜਾ ਦਾ ਸਰੋਤ ਸੀ। 27 ਫਰਵਰੀ 1931 ਨੂੰ ਅਲਾਹਾਬਾਦ ਦੇ ਐਲਫਰੈੱਡ ਪਾਰਕ ਵਿਚ ਅੰਗਰੇਜ ਹਕੂਮਤ ਨਾਲ ਲੜਦਿਆਂ ਜੋ ਗੌਰਵਸ਼ਾਲੀ ਸ਼ਹਾਦਤ ਉਹਨਾਂ ਪਾਈ, ਉਸ ਕੁਰਬਾਨੀ ਦੀ ਲਾਟ ਕਦੇ ਵੀ ਮੱਧਮ ਨਹੀਂ ਪਵੇਗੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗਵਰਨਰ ਪੰਜਾਬ ਨੂੰ 20 ਮਾਰਚ 1931 'ਚ ਲਿਖੇ ਖਤ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਆਪਣੇ ਇਨਕਲਾਬੀ ਸੈਨਾਪਤੀ ਨੂੰ ਯਾਦ ਕਰਦਿਆਂ ਲਿਖਿਆ - “ਸਾਮਰਾਜੀ ਤੇ ਸਰਮਾਏਦਾਰ ਲੁੱਟ ਕੁੱਝ ਦਿਨਾਂ ਦੀ ਖੇਡ ਹੈ। ਇਹ ਯੁੱਧ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ। ਇਹ ਤਾਂ ਇਤਿਹਾਸਿਕ ਕਾਰਨਾਂ ਤੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਿਕ ਲੜੀ ਦੀ ਇੱਕ ਕੜੀ ਹੈ, ਜਿਸ ਨੂੰ ਜਤਿਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਜੀ ਦੀ ਅਤਿ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ ਅਤੇ ਸਾਡੇ ਮਹਿਬੂਬ ਜਰਨੈਲ ਆਜ਼ਾਦ ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ।” 
ਅਜਾਦ ਕੌਮੀ ਮੁਕਤੀ ਲਹਿਰ ਦਾ ਨਿੱਡਰ ਸੈਨਾਪਤੀ ਸੀ, ਇਸਦੀਆਂ ਬਾਤਾਂ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ। ਉਹ ਬਾਗੀ ਤੇ ਅਜਾਦ ਵਿਚਾਰਾਂ ਵਾਲੇ ਨੌਜਵਾਨਾਂ ਲਈ ਊਰਜਾਂ ਤੇ ਇਨਕਲਾਬੀ ਗਰਮਜੋਸ਼ੀ ਦਾ ਸਰੋਤ ਬਣਿਆ ਰਹੇਗਾ। 
ਸਲਾਮ ਤੇਰੀ ਲਾਸਾਨੀ ਸ਼ਹਾਦਤ ਨੂੰ ‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ ਦੇ ਬਹਾਦਰ ਕਮਾਂਡਰ !
- ਮਨਦੀਪ

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...