Search This Blog

Wednesday, April 30, 2025

ਮਈ ਦਿਵਸ ਮਜ਼ਦੂਰ ਜਮਾਤ ਲਈ ਦ੍ਰਿੜ ਅਹਿਦ ਲੈਣ ਦਾ ਦਿਨ


ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਦ੍ਰਿੜ ਅਹਿਦ ਲੈਣ ਦਾ ਦਿਨ ਹੈ।ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱਤਵ ਕਦੇ ਨਹੀਂ ਘਟੇਗਾ।ਇਤਿਹਾਸ ਦਾ ਇਹ ਸੱਚ ਕਿਰਤੀ ਜਮਾਤ ਲਈ ਸ਼ਕਤੀ ਤੇ ਪ੍ਰੇਰਨਾ ਦਾ ਸੋਮਾ  ਹੈ।

ਉਨੀਵੀਂ ਸਦੀ ਦੇ ਅੱਧ ਵਿਚ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੰਘਰਸ਼ ਜੱਥੇਬੰਦ ਹੋਣ ਲੱਗੇ ਸਨ।ਇਸ ਤੋਂ ਪਹਿਲਾਂ  1848 ਵਿਚ ਕਮਿਊਨਿਸਟ ਮੈਨੀਫੈਸਟੋ ਦੀ ਰਚਨਾ ਹੋਈ ਸੀ।ਇਸਦੀ ਰੌਸ਼ਨੀ ਵਿਚ  1866 'ਚ 8 ਘੰਟੇ ਦੀ ਦਿਹਾੜੀ ਦੀ ਮੰਗ ਤੇ ਜ਼ੋਰ ਦਿੱਤਾ ਗਿਆ।ਯੂਰਪ ਵਿਚ 'ਅੱਠ ਘੰਟਾ ਲੀਗ' ਨਾਂ ਦੇ ਕਈ ਮਜ਼ਦੂਰ ਸੰਗਠਨ ਬਣਨੇ ਸ਼ੁਰੂ ਹੋਏ।ਮਜ਼ਦੂਰ ਸੰਘਰਸ਼ ਦੇ ਦਬਾਅ  ਹੇਠ ਜਨਰਲ ਅਸੈਂਬਲੀ ਨੇ ਮਾਰਚ 1867 ਵਿਚ ਅੱਠ ਘੰਟੇ ਦਿਹਾੜੀ ਨੂੰ 'ਇਲੀਨਾਏ ਰਾਜ ਵਿਚ ਵਿਧਾਨਕ ਕੰਮ ਦਿਹਾੜੀ' ਵਜੋਂ ਐਲਾਨ ਦਿੱਤਾ।ਪਰ ਇਸ ਐਲਾਨ ਦੇ ਬਾਵਜੂਦ ਮਜ਼ਦੂਰਾਂ ਨੂੰ 14-14,15-15 ਘੰਟੇ ਸਖਤ ਮਿਹਨਤ ਕਰਨੀ ਪੈਂਦੀ।ਜੇ ਕੋਈ ਮਜ਼ਦੂਰ ਕੰਮ ਤੋਂ ਇਨਕਾਰ ਕਰਦਾ ਤਾਂ ਉਹ ਬੇਰੁਜਗਾਰਾਂ ਦੀ ਸਥਾਈ ਭੀੜ ਵੱਲ ਧੱਕ ਦਿੱਤਾ ਜਾਂਦਾ।ਕੰਮ ਦੇ ਅਨਿਸਚਿਤ ਸਮੇਂ ਤੇ ਮਾੜੀਆਂ ਕੰਮ ਹਾਲਤਾਂ ਵਿਰੁੱਧ ਫੈਡਰੇਸ਼ਨ ਆੱਫ ਆਰਗੇਨਾਈਜ਼ਡ ਟਰੇਡ ਐਂਡ ਲੇਬਰ (ਇਹ ਫੈਡਰੇਸ਼ਨ ਬਾਅਦ ਵਿਚ ਅਮੈਰਿਕਨ ਫੈਡਰੇਸ਼ਨ ਆੱਫ ਲੇਬਰ ਬਣੀ) ਨੇ 8 ਘੰਟੇ ਕੰਮ ਦਿਹਾੜੀ  ਲਾਗੂ ਕਰਨ ਦੀ ਆਖਰੀ ਤਰੀਖ ਮਈ 1886 ਨੂੰ ਪਹਿਲੇ ਮਈ ਦਿਵਸ ਵਜੋਂ ਤਹਿ ਕਰਕੇ ਇਸਨੂੰ ਮਨਾਉਣ ਦਾ ਐਲਾਨ ਕਰ ਦਿੱਤਾ।ਇਸ ਦਿਹਾੜੇ ਤੇ 12000 ਕਾਰਖਾਨਿਆਂ ਦੇ ਤਿੰਨ ਲੱਖ ਚਾਲੀ ਹਜ਼ਾਰ ਮਜ਼ਦੂਰ ਦੇਸ਼ ਵਿਆਪੀ ਹੜਤਾਲ ਵਿਚ ਕੁੱਦ ਪਏ।ਇਨ੍ਹਾਂ ਮਜ਼ਦੂਰ ਸੰਘਰਸ਼ਾਂ ਅੰਦਰ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ, ਜਾਰ ਏਂਜਲ, ਮਾਈਕਲ ਸ਼ਵਾਬ, ਸੈਮੂਅਲ ਫੀਲਡਜ਼ ਤੇ ਲੂਈ ਲਿੰਗ ਵਰਗੇ ਮਜ਼ਦੂਰ ਨੌਜਵਾਨਾਂ ਦੇ ਜੋਸ਼ੀਲੇ ਭਾਸ਼ਨਾਂ ਤੇ ਵਿਚਾਰਾਂ ਦਾ ਬੜਾ ਅਸਰ ਸੀ।ਇਨ੍ਹਾਂ ਨੌਜਵਾਨ ਕਮਿਊਨਿਸਟ ਆਗੂਆਂ ਦੀ ਯੋਗ ਅਗਵਾਈ ਹੇਠ ਮਜ਼ਦੂਰ ਲਹਿਰ ਲਗਾਤਾਰ ਵੇਗ ਫੜਦੀ ਗਈ।ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਹੜਤਾਲਾਂ 'ਚ ਜੱਥੇਬੰਦ ਹੋਣ ਲੱਗੇ।ਰਾਜਨੀਤਿਕ ਗਤੀਵਿਧੀਆਂ ਦੇ ਅਧਿਕਾਰ ਦੀ ਮੰਗ ਉਠਾਈ ਜਾਣ ਲੱਗੀ।1885-86 ਦੌਰਾਨ ਜ਼ਬਰਦਸਤ ਹੜਤਾਲਾਂ ਤੇ ਸੰਘਰਸ਼ਾਂ ਦਾ ਦੌਰ ਚੱਲਿਆ।ਸੈਂਕੜੇ ਕਾਰਖਾਨਿਆ ਚੋਂ ਲੱਖਾਂ ਮਜ਼ਦੂਰ ਤਾਲਾਬੰਦੀ ਕਰਕੇ ਹੜਤਾਲਾਂ ਵਿਚ ਕੁੱਦ ਪਏ।

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕਿਟ 'ਚ ਮਜ਼ਦੂਰਾਂ ਦਾ ਵਿਸ਼ਾਲ ਸੈਲਾਬ ਕਾਰਖਾਨੇ ਮਸ਼ੀਨਾ ਬੰਦ ਕਰਕੇ ਗਲੀਆਂ 'ਚ ਉਮੜ ਪਿਆ।ਮਜ਼ਦੂਰ ਜਮਾਤ ਦਾ ਇਹ ਸਿਆਸੀ ਤੇ ਜੂਝਾਰੂ ਇਤਿਹਾਸਕ ਮਾਰਚ ਸਰਮਾਏਦਾਰ ਜਮਾਤ ਨੂੰ ਉਹ ਦਿਨ ਚੇਤੇ ਕਰਾ ਰਿਹਾ ਸੀ ਜਦੋਂ ਇਸ ਦਿਨ ਤੋਂ 15 ਸਾਲ ਪਹਿਲਾਂ ਪੈਰਿਸ ਕਮਿਊਨ ਦੇ ਯੋਧਿਆਂ ਵੱਲੋਂ ਲੜਿਆ ਮਹਾਨ ਹਥਿਆਰਬੰਦ ਘੋਲ ਹੇਠਲੀ ਉੱਤੇ ਕਰਕੇ ਉਹਨਾਂ ਨੂੰ ਨਾਨੀ ਚੇਤੇ ਕਰਾ ਗਿਆ ਸੀ।ਇਸ ਦੌਰਾਨ ਹੇਅ ਮਾਰਕਿਟ ਸਕਵੇਅਰ 'ਚ ਹੋ ਰਹੀ ਸਭਾ ਉੱਪਰ ਪੁਲਿਸ ਨੇ ਮਜ਼ਦੂਰਾਂ ਉੱਪਰ ਹਮਲਾ ਕਰ ਦਿੱਤਾ।ਸਰਮਾਏਦਾਰੀ ਸਾਜ਼ਿਸ਼ ਰਾਹੀਂ ਮਜ਼ਦੂਰ ਮੁਜਾਹਰੇ ਵਾਲੀ ਥਾਂ ਇਕ ਬੰਬ ਵਿਸਫੋਟ ਕਰਵਾਇਆ ਗਿਆ।ਜਿਸ ਵਿਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ, ਚਾਰ ਮਜ਼ਦੂਰ ਸ਼ਹੀਦ ਹੋ ਗਏ ਤੇ ਕਈ ਮਜ਼ਦੂਰ ਜਖਮੀ ਹੋ ਗਏ।ਮਜ਼ਦੂਰ ਆਗੂਆਂ ਉੱਪਰ ਝੂਠੇ ਕੇਸ ਪਾਏ ਗਏ।ਮੁਕੱਦਮੇ ਦੌਰਾਨ ਝੂਠੀਆਂ ਗਵਾਹੀਆਂ ਤੇ ਬਿਆਨਾਂ ਦੇ ਚੱਲੇ ਸਿਆਸੀ ਡਰਾਮੇ ਤੋਂ ਬਾਅਦ 11 ਨਵੰਬਰ 1889 ਨੂੰ 'ਸ਼ੁੱਕਰਵਾਰ ਦੇ ਕਾਲੇ ਦਿਨ' ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ ਫ਼ਿਸ਼ਰ ਤੇ ਜਾਰ ਏਂਜਲ ਵਰਗੇ ਆਗੂ ਮਜ਼ਦੂਰਾਂ ਨੂੰ ਫਾਂਸੀ ਦਿੱਤੀ ਗਈ।13 ਨਵੰਬਰ ਨੂੰ ਸ਼ਿਕਾਗੋ ਦੀਆਂ ਸੜਕਾਂ ਉਪਰ ਉਹਨਾਂ ਯੋਧਿਆਂ ਦੀ ਦੇਹ ਨੂੰ ਲੈ ਕੇ ਸ਼ਵ-ਯਾਤਰਾ ਕੱਢੀ ਗਈ।ਕਿਹਾ ਜਾਂਦਾ ਹੈ ਕਿ ਅੰਤਿਮ ਸਸਕਾਰ ਦਾ ਪ੍ਰਦਰਸ਼ਨ ਸ਼ਿਕਾਗੋ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਪ੍ਰਦਰਸ਼ਨ ਸੀ ਜਿਸ ਵਿਚ ਮਜ਼ਦੂਰ ਯੋਧਿਆਂ ਦੀਆਂ ਅਸਥੀਆਂ ਦੇ ਪਿੱਛੇ  ਅਦਾਜ਼ਨ ਦੋ ਲੱਖ ਲੋਕ ਗੰਭੀਰ ਸੋਗੀ ਮੁਦਰਾ 'ਚ  ਕਦਮ ਨਾਲ ਕਦਮ ਮਿਲਾਉਂਦੇ ਹੋਏ ਚੱਲ ਰਹੇ ਸਨ।ਅਖੀਰ ਉਹਨਾਂ ਦੇ ਸਰੀਰਾਂ ਨੂੰ ਮਾਣ-ਸਨਮਾਣ ਨਾਲ ਕਬਰ ਵਿਚ ਦਫਨਾ ਦਿੱਤਾ ਗਿਆ।


ਮਜ਼ਦੂਰ ਸ਼ਹੀਦਾਂ ਦੇ ਵਕੀਲ ਵਿਲੀਅਮ ਬਲੈਕ ਨੇ ਮਜ਼ਦੂਰ ਆਗੂਆਂ ਦੀ ਕਬਰ ਤੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ "ਉਹਨਾਂ ਨੂੰ ਅਰਾਜਕਤਾਵਾਦੀ ਕਿਹਾ ਜਾਂਦਾ ਹੈ।ਇਉਂ ਉਹਨਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਅਤੇ ਦੁਨੀਆਂ ਸਾਹਮਣੇ ਉਹਨਾਂ ਨੂੰ ਅਜਿਹੇ ਆਦਮੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜੋ ਆਪਣੀ ਖੁਸ਼ੀ ਦੀ ਖਾਤਿਰ ਹਿੰਸਾ, ਦੰਗਾ-ਫਸਾਦ ਅਤੇ ਖੂਨ-ਖਰਾਬਾ ਪਸੰਦ ਕਰਦੇ ਸਨ ਅਤੇ ਜੋ ਮੌਜੂਦਾ ਵਿਵਸਥਾ ਦੇ ਖਿਲਾਫ ਨਹੱਕੀ ਤੇ ਅਬੁੱਝ ਨਫਰਤ ਨਾਲ ਲਬਰੇਜ਼ ਸਨ।ਪਰ ਇਹ ਗੱਲ ਸਚਾਈ ਤੋਂ ਕੋਹਾਂ ਦੂਰ ਹੈ।ਉਹ ਤਾਂ ਅਜਿਹੇ ਲੋਕ ਸਨ ਜੋ ਸਾਂਤੀ ਚਾਹੁੰਦੇ ਸਨ।ਉਹ ਦਿਆਲੂ ਰੁਚੀਆਂ ਤੇ ਕੋਮਲ ਦਿਲ ਵਾਲੇ ਸਾਊ ਬੰਦੇ ਸਨ।ਉਨ੍ਹਾਂ ਦੇ ਜਾਣਕਾਰ ਉਨ੍ਹਾਂ ਨਾਲ ਪਿਆਰ ਕਰਦੇ ਸਨ ਅਤੇ ਜਿਹੜੇ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਇਮਾਨਦਾਰੀ ਤੇ ਪਵਿੱਤਰਤਾ ਨੂੰ ਜਾਣ ਲੈਂਦੇ ਸਨ ਉਹ ਉਹਨਾਂ ਤੇ ਅਥਾਹ ਭਰੋਸਾ ਕਰਦੇ ਸਨ, ਅਤੇ ਉਹਨਾਂ ਦਾ ਸੁਪਨਾ ਇਕ ਅਜਿਹੇ ਸਮਾਜਕ ਨਿਜ਼ਾਮ ਦੀ ਸਿਰਜਨਾ ਕਰਨਾ ਸੀ ਜਿਸ ਦਾ ਉਦੇਸ਼ ਵਾਕ ਹੈ : " ਜ਼ੋਰ-ਜ਼ਬਰਦਸਤੀ ਤੋਂ ਮੁਕਤ ਨਿਜ਼ਾਮ।"

ਇਸ ਤਰ੍ਹਾਂ ਮਜ਼ਦੂਰਾਂ ਦੇ ਖੂਨ ਨਾਲ ਸਿਰਜਿਆ ਮਈ ਦਿਵਸ ਅੱਜ ਵੀ ਕਿਰਤੀ ਜਮਾਤ ਨੂੰ ਆਪਣੀ ਮੁਕਤੀ ਵਾਸਤੇ ਉੱਠ ਖੜੇ ਹੋਣ ਲਈ ਵੰਗਾਰ ਰਿਹਾ ਹੈ।ਮਾਰਕਸਵਾਦ ਦੇ ਮਹਾਨ ਅਧਿਆਪਕਾਂ ਦੀਆਂ ਵਿਗਿਆਨਕ ਇਤਿਹਾਸਕ ਭਵਿੱਖਬਾਣੀਆਂ ਸੱਚ ਸਾਬਤ ਹੋ ਰਹੀਆਂ ਹਨ।ਅਖੌਤੀ ਸਮਾਜਵਾਦੀ ਹਕੂਮਤਾਂ ਢਹਿ-ਢੇਰੀ ਹੋਣ ਅਤੇ  ਸਾਮਰਾਜੀ-ਸਰਮਾਏਦਾਰਾਂ ਦੀਆਂ "ਸਮਾਜਵਾਦ ਦੀ ਅਸਫਲਤਾ" ਤੇ ਫ਼ਰਾਂਸਿਸ ਫੁਕੂਯਾਮਾ ਵਰਗਿਆਂ ਦੇ "ਇਤਿਹਾਸ ਦਾ ਅੰਤ" ਦੇ ਫੋਕੇ ਤੇ ਹੋਛੇ ਐਲਾਨ ਮਿੱਟੀ ਹੋ ਗਏ ਹਨ।ਸੰਸਾਰ ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਸੰਕਟ ਦੀ ਦਲਦਲ 'ਚ ਬੁਰੀ ਤਰ੍ਹਾਂ ਧਸ ਰਿਹਾ ਹੈ।ਮਰ ਰਹੀ ਪੂੰਜੀਵਾਦੀ ਜਮਾਤ ਮਾਰਕਸ ਦੀ ਕਿਤਾਬ 'ਸਰਮਾਇਆ' ਦਾ ਆਸਰਾ ਲੱਭ ਰਹੀ ਹੈ।ਪਰ ਮਾਰਕਸ ਦਾ ਸਰਮਾਇਆ ਮਜ਼ਦੂਰ ਜਮਾਤ ਦੀ ਮੁਕਤੀ ਦਾ ਸਰਮਾਇਆ ਹੈ ਨਾ ਕਿ ਪੂੰਜੀਵਾਦੀਆਂ ਦੀ ਲੁੱਟ ਅਯਾਸ਼ੀ ਦਾ।

ਸਾਮਰਾਜੀ-ਸਰਮਾਏਦਾਰ ਸਰਮਾਏ ਦੇ ਵਧਾਰੇ ਲਈ ਹਰ ਘਿਨਾਉਣੇ ਅਮਾਨਵੀ ਪੱਧਰ ਤੱਕ ਗਿਰ ਰਹੇ ਹਨ।ਸਰਮਾਇਆ ਵਧਾਰੇ ਤੋਂ ਬਿਨਾਂ ਨਹੀਂ ਰਹਿ ਸਕਦਾ।ਇਹ ਆਪਣਾ ਲੱਛਣ ਨਹੀਂ ਤਿਆਗਦਾ।ਇਹ ਮੁਨਾਫੇ ਤੇ ਟਿਕਿਆ ਹੁੰਦਾ ਹੈ ਤੇ ਇੱਥੇ ਪੂੰਜੀਪਤੀ ਆਪਣੇ ਸਰਮਾਏ ਦੇ ਸਮਾਜੀਕਰਨ ਲਈ 'ਦਾਸ ਕੈਪੀਟਲ' ਦਾ ਅਧਿਐਨ  ਨਹੀਂ ਕਰ ਰਹੇ ਬਲਕਿ ਉਹ ਆਪਣੇ ਬਚਾਅ ਲਈ ਇਸ ਵਿਚੋਂ ਕੋਈ ਨੁਸਖਾ ਕੱਢਣ ਦੇ ਮੱਕਾਰੀ ਭਰਮ 'ਚ ਪਏ ਹੋਏ ਹਨ।ਉਹ ਆਪਣੇ ਦੰਭੀ ਖਾਸੇ ਮੁਤਾਬਕ ਮਾਰਕਸਵਾਦ ਉੱਪਰ ਹਮਲੇ ਕਰਨ ਦੇ ਰਾਹ ਵੀ ਪਏ ਹੋਏ ਹਨ।

165 ਸਾਲ ਪਹਿਲਾਂ ਕਿਹਾ ਮਾਰਕਸ ਦਾ ਕਥਨ ਕਿ ਸੰਸਾਰ ਪੱਧਰ ਤੇ ਸਰਮਾਏਦਾਰੀ ਨੂੰ ਸਮਾਜਵਾਦ ਦਾ ਭੂਤ ਡਰਾ ਰਿਹਾ ਹੈ।ਇਸ ਨੂੰ ਕੰਬਣ ਦਿਉ ਅੱਜ ਵੀ ਸਾਰਥਕ ਹੈ।ਇਸ ਕਰਕੇ ਮਿਹਨਤਕਸ਼ਾਂ ਨੂੰ ਆਪਣੀ ਜਿੱਤ ਦੀ ਤਿਆਰੀ 'ਚ ਹੋਰ ਵੱਧ ਤੱਦੀ ਨਾਲ ਜੁੱਟ ਜਾਣਾ ਚਾਹੀਦਾ ਹੈ।ਉਨ੍ਹਾਂ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਨੂੰ ਹੋਰ ਵੱਧ ਤੱਦੀ ਨਾਲ ਗ੍ਰਹਿਣ ਕਰਨਾ ਚਾਹੀਦਾ ਹੈ।ਪੈਰਿਸ ਕਮਿਊਨ, ਰੂਸੀ ਤੇ ਚੀਨੀ ਇਨਕਲਾਬ ਤੇ ਮਹਾਨ ਸੱਭਿਆਚਾਰਕ ਇਨਕਲਾਬ ਦੇ ਸਬਕਾਂ ਨੂੰ ਆਤਮਸ਼ਾਤ ਕਰਦਿਆਂ ਨਵੇਂ ਸਮਾਜ ਦੇ ਦੁਆਰ ਵੱਲ ਅੱਗੇ ਵੱਧਣਾ ਚਾਹੀਦਾ ਹੈ।ਚੇਤੰਨ ਪਹਿਲਦਕਮੀ ਤੇ ਜ਼ੇਰੇ ਨਾਲ ਖੁਸ਼ਹਾਲੀ ਤੇ ਬਰਾਬਰਤਾ ਦੇ ਦਿਨ ਨੇੜੇ ਆ ਸਕਦੇ ਹਨ।ਦੁਨੀਆਂ ਭਰ ਦੀ ਮਜ਼ਦੂਰ ਜਮਾਤ ਦਾ ਭਵਿੱਖ ਉਜਲਾ ਹੈ।ਸਭਨਾ ਮਿਹਨਤਕਸ਼ ਤਬਕਿਆਂ ਤੇ ਖਾਸਕਰ ਨੌਜਵਾਨਾਂ ਨੂੰ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਦੀ ਪੂਰਤੀ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਸਾਡੇ ਬਾਰੇ ਜਰੂਰ ਫੈਸਲਾ ਕਰੇਗਾ ਕਿ ਅਸੀਂ ਇਕੀਵੀਂ ਸਦੀ ਦੇ ਮਿਹਨਤਕਸ਼ ਤੇ ਇਨਸਾਫਪਸੰਦ ਲੋਕ ਚੇਤੰਨ ਜਾਂਬਾਜਾਂ ਵਾਂਗ ਲੁੱਟ-ਜਬਰ ਤੇ ਅਨਿਆਂ ਖਿਲਾਫ ਲੜੇ ਤੇ ਮਾਨਵਤਾ ਦੀ ਮਹਾਨਤਾ ਲਈ ਸੋਹਣੇ ਸਮਾਜ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਇਆ।

 - ਮਨਦੀਪ

 (May, 2012)

Friday, April 25, 2025

ਮਨੁੱਖੀ ਸਮਾਜ ਦੇ ਭਵਿੱਖ ਦੀ ਤਸਵੀਰ


ਜਰਾ ਇਸ ਤਸਵੀਰ ਨੂੰ ਪੂਰੀ ਗੌਹ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ! ਇਹ ਉਹ ਇਤਿਹਾਸਕ ਤਸਵੀਰ ਹੈ, ਜਿਸਦਾ ਸਬੰਧ ਇਸ ਧਰਤੀ ਤੇ ਵਸਦੇ ਹਰ ਉਸ ਬਾਸ਼ਿੰਦੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ, ਜੋ ਹਾਲੇ ਜ਼ਿੰਦਾ ਹੈ। ਇਸ ਤਸਵੀਰ ਨੂੰ ਨਾ ਦੇਖਣ ਅਤੇ ਇਸਦੇ ਬਾਰੇ ਨਾ ਜਾਨਣ ਨਾਲ ਵੀ ਹਕੀਕਤ ਰੱਤੀ ਭਰ ਵੀ ਬਦਲਣ ਵਾਲੀ ਨਹੀਂ ਹੈ। ਪਰ ਫਿਰ ਵੀ ਇਸ ਤਸਵੀਰ ਨੂੰ ਦੇਖਣਾ, ਜਾਨਣਾ ਤੇ ਮਹਿਸੂਸ ਕਰਨਾ ਆਪਣੇ ਤੇ ਪੂਰੇ ਮਨੁੱਖੀ ਸਮਾਜ ਦੇ ਭਵਿੱਖ ਨੂੰ ਦੇਖਣ-ਸਮਝਣ ਸਮਾਨ ਹੈ।
 
ਤਸਵੀਰ ਵਿਚਲੇ ਇਹਨਾਂ ਬੱਚਿਆਂ ਦੇ ਹੱਥ ’ਚ ਫੜੀ ਤਸਵੀਰ ’ਚ ਇਹ ਬੱਚੇ ਗਾਜ਼ਾ ’ਚ ਇਸਰਾਇਲੀ ਬੰਬਾਂ ਦੀ ਚਪੇਟ ’ਚ ਆਕੇ ਜਖ਼ਮੀ ਹੋਏ ਆਪਣੇ ਬਾਪ ਨਾਲ ਮਲਬੇ ਦੇ ਢੇਰ ਕੋਲ ਖੜੇ ਦਿਖਾਈ ਦਿੰਦੇ ਹਨ। ਇਹ ਬੱਚੇ ਕੁਝ ਦਿਨ ਪਹਿਲਾਂ ਕੈਨੇਡਾ ਦੀ ਰਾਜਧਾਨੀ ਔਟਵਾ ’ਚ ਹੋ ਰਹੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਹਨਾਂ ਬੱਚਿਆਂ ਸਾਹਮਣੇ ਮਹਿਜ ਦੋ ਫੁੱਟ ਦੀ ਦੂਰੀ ਤੇ ਖੜਕੇ ਗਾਜ਼ਾ ਦੇ ਨਸਲਘਾਤ ਅਤੇ ਮਨੁੱਖੀ ਸਮਾਜ ਦੇ ਭਵਿੱਖ ਦਾ ਨਕਸ਼ਾ ਦੇਖਣ ਨੂੰ ਮਿਲਿਆ। ਇਹ ਬੱਚੇ ਆਪਣੇ ਪਿਤਾ ਨਾਲ ਵਿਰੋਧ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਗਾਜ਼ਾ ਦੇ ਜੰਗੀ ਖੇਤਰ ਚੋਂ ਜਾਨ ਬਚਾਕੇ ਕੈਨੇਡਾ ਪਹੁੰਚੇ ਸਨ। ਇਹਨਾਂ ਦੀਆਂ ਦੋ ਮਾਵਾਂ ਹਾਲੇ ਵੀ ਜੰਗ ਵਿੱਚ ਫਸੀਆਂ ਹੋਈਆਂ ਹਨ। ਇੱਕ ਇਹਨਾਂ ਨੂੰ ਜਨਮ ਦੇਣ ਵਾਲੀ ਜਨਣੀ ਤੇ ਦੂਜੀ ਫ਼ਲਸਤੀਨ ਦੀ ਧਰਤ ਮਾਂ! ਇਹਨਾਂ ਦੀਆਂ ਅੱਖਾਂ ’ਚ ਸੰਸਾਰ ਭਰ ਦੇ ਲੋਕਾਂ ਨੂੰ ਇੱਕ ਅਪੀਲ, ਇੱਕ ਤਰਲਾ, ਇੱਕ ਬੇਵੱਸੀ ਭਰਿਆ ਸੁਨੇਹਾ ਵੀ ਹੈ ਤੇ ਮਾਵਾਂ ਤੋਂ ਵਿਛੋੜੇ ਦਾ ਡੂੰਘਾ ਦਰਦ ਵੀ। ਕੋਈ ਪਹਾੜ ਜਿੱਡੇ ਜਿਗਰੇ ਵਾਲਾ ਇਨਸਾਨ ਵੀ ਦੋ ਮਿੰਟ ਲਈ ਇਹਨਾਂ ਮਾਸੂਮ ਬੱਚਿਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਅੱਖਾਂ ਸੁੱਕੀਆਂ ਨਹੀਂ ਰੱਖ ਸਕਦਾ। ਲੋਕ ਤਾਜ਼ਾਂ-ਤਖ਼ਤਾਂ ਨੂੰ ਖ਼ਾਕ ਕਿਵੇਂ ਕਰ ਦਿੰਦੇ ਹਨ? ਇਸ ਸਵਾਲ ਦਾ ਜਵਾਬ ਮੋਨ ਖੜੇ ਇਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਸਾਫ ਪੜ੍ਹਿਆ ਜਾ ਸਕਦਾ ਹੈ। ਜਿਹਨਾਂ ਨੰਨ੍ਹੀਆਂ ਪਲਕਾਂ ਨੇ ਸੁਪਨੇ ਦੇਖਣ ਦੀ ਵਰੇਸੇ ਜੰਗੀ ਕਹਿਰ ਵੇਖਿਆ ਹੋਵੇ, ਉਹਨਾਂ ਸਾਹਵੇਂ ਤਖਤਾਂ ਦਾ ਖੌਫ ਕਿੰਨਾ ਨਿਗੂਣਾ ਹੁੰਦਾ ਹੋਵੇਗਾ? 

ਵਿਰੋਧ ਪ੍ਰਦਰਸ਼ਨ ਦੌਰਾਨ ਦੋ ਘੰਟੇ ਸਟੇਜ ਦੇ ਸਾਹਮਣੇ ਮੋਨ ਤੇ ਉਦਾਸ ਖੜ੍ਹੇ ਇਹਨਾਂ ਬੱਚਿਆਂ ਦੇ ਮਨ ਵਿੱਚ ਸੈਂਕੜੇ ਸਵਾਲ ਦੌੜ ਹੋਣਗੇ। ਇਹਨਾਂ ਭੋਲੀਆਂ-ਨਿਰਦੋਸ਼ ਜਿੰਦਾਂ ਨੂੰ ਸਮਝ ਨਹੀਂ ਆ ਰਿਹਾ ਹੋਣਾ ਕਿ ਆਖ਼ਰ ਇਹਨਾਂ ਦਾ ਕਸੂਰ ਕੀ ਹੈ? ਮਾਂ ਦਾ ਵਿਛੋੜਾ ਜੰਗ ਦੇ ਜ਼ਖ਼ਮ ਨਾਲੋਂ ਵੀ ਅਸਹਿ ਹੈ। ਜੰਗ ਤੋਂ ਬਚਕੇ ਆਏ ਇਹਨਾਂ ਬੋਟਾਂ ਦੀ ਜਾਨ ਹਾਲੇ ਵੀ ਜੰਗ ਵਿੱਚ ਫਸੀ ਹੋਈ ਹੈ। ਮਾਂ ਕਿੱਥੇ ਹੋਵੇਗੀ? ਕੀ ਉਹ ਜ਼ਿੰਦਾ ਹੈ? ਹੋਰਨਾਂ ਹਜ਼ਾਰਾਂ ਮਾਵਾਂ ਤੇ ਬੱਚਿਆਂ ਵਾਂਗ ਕਿਤੇ ਮਲਬੇ ਹੇਠ ਤਾਂ ਨਹੀਂ ਦੱਬ ਗਈ ? ਉਧਰ ਮਾਂ, ਜੇਕਰ ਆਦਮਖੋਰੇ ਜੰਗਬਾਜਾਂ ਦੇ ਹਮਲੇ ਦਾ ਸ਼ਿਕਾਰ ਹੋਣੋ ਬਚ ਗਈ ਹੋਵੇਗੀ, ਤਾਂ ਉਸਦੇ ਬੱਚਿਆਂ ਬਾਰੇ ਸੰਸੇ ਜੰਗ ਦੀ ਭਿਅੰਕਰਤਾ ਤੋਂ ਵੀ ਵੱਡੇ ਹੋਣਗੇ।
ਯੂ.ਐੱਨ. ਮੁਤਾਬਕ ਸਾਲ 2024 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ 19000 ਅਨਾਥ ਬੱਚਿਆਂ ਦੀਆਂ 6000 ਮਾਵਾਂ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਕਰ ਦਿੱਤੀਆਂ ਗਈਆਂ। ਜਿੱਥੇ ਹਜ਼ਾਰਾਂ ਬੱਚੇ ਅਨਾਥ ਹੋਏ ਹਨ, ਉੱਥੇ 16,456 ਬੱਚਿਆਂ ਦੀਆਂ ਲੋਥਾਂ ਨਾਲ ਗਾਜ਼ਾ ਦੀਆਂ ਮਾਵਾਂ ਦੀਆਂ ਬੁੱਕਲਾਂ ਲੱਦ ਦਿੱਤੀਆਂ ਗਈਆਂ ਹਨ। ਬੱਚੇ ਲਈ ਦੁਨੀਆਂ ’ਚ ਸੱਭ ਤੋਂ ਸੁਰੱਖਿਅਤ ਥਾਂ ਉਸਦੀ ਮਾਂ ਦੀ ਗੋਦ ਹੁੰਦੀ ਹੈ। ਹਜ਼ਾਰਾਂ ਫ਼ਲਸਤੀਨੀ ਬੱਚਿਆਂ ਤੋਂ ਇਹ ਜੰਨਤ ਜ਼ਬਰੀ ਖੋਹ ਲਈ ਗਈ ਹੈ। ਧਰਤੀ ਤੇ ਦੂਸਰੀ ਜੰਨਤ ਮਾਤਭੂਮੀ ਹੁੰਦੀ ਹੈ, ਜੋ ਅੱਜ ਲਹੂ-ਲੂਹਾਣ ਹੈ। ਅਮਰੀਕਾ-ਇਸਰਾਇਲ ਤੇ ਉਸਦੇ ਪੱਛਮੀ ਭਾਈਵਾਲ਼ਾਂ ਨੇ ਗਾਜ਼ਾ ਦੇ ਬੱਚਿਆਂ ਤੋਂ ਉਹਨਾਂ ਦੀ ਜੰਨਤ ਖੋਹਕੇ ਧਰਤੀ ਦੇ ਇਸ ਟੋਟੇ ਨੂੰ ਨਰਕ ਬਣਾ ਦਿੱਤਾ ਹੈ। 

ਮਾਵਾਂ ਦਾ ਜਹਾਨ ਉਸਦੀ ਔਲਾਦ ਹੁੰਦਾ ਹੈ।  ਜਿਹਨਾਂ ਮਾਵਾਂ ਦਾ ਕੁੱਲ ਜਹਾਨ ਲੁੱਟਿਆ ਗਿਆ ਹੋਵੇ, ਉਹਨਾਂ ਕੋਲ ਗਾਜ਼ਾ ਦੀ ਧਰਤੀ ’ਚ ਸਮਾਅ ਜਾਣ ਤੋਂ ਸਿਵਾਏ ਬਚਿਆ ਹੀ ਕੀ ਹੈ? ਜਿਹਨਾਂ ਦੇ ਲਾਲ ਮਲਬੇ ਹੇਠ ਦਫ਼ਨ ਹਨ, ਉਹ ਇਸ ਲਹੂ ਰੱਤੀ ਧਰਤੀ ਤੇ ‘ਮੱਧ ਪੂਰਬ ਦਾ ਰੀਵੀਰਾ’ ਉਸਾਰਨ ਦੀ ਇਜਾਜ਼ਤ ਕਿਵੇਂ ਦੇ ਦੇਣਗੀਆਂ? ਗਾਜ਼ਾ ਦੇ ਅਨਾਥ ਕਿਵੇਂ ਆਪਣੀਆਂ ਮਾਵਾਂ ਦੀਆਂ ਕਬਰਾਂ ਤੇ ਨਸਲਵਾਦੀ ਇਸਰਾਇਲੀ ਰਾਜ ਦਾ ਝੰਡਾ ਲਹਿਰਾਉਣ ਦੇ ਸਕਦੇ ਹਨ? ਉਹ ਜੋ ਫ਼ਲਸਤੀਨ ਦੀ ਧਰਤੀ ਤੇ ਸ਼ਾਂਤਮਈ ਸੁਤੰਤਰ ਇਜਰਾਇਲੀ ਰਾਜ ਸਥਾਪਤ ਕਰਨ ਦੇ ਸੁਪਨੇ ਦੇਖ ਰਹੇ ਹਨ ਉਹਨਾਂ ਨੂੰ ਫ਼ਲਸਤੀਨ ਦੀ ਮਿੱਟੀ ਵਿੱਚ ਮਿਲਾਈਆਂ ਬੇਚੈਨ ਰੂਹਾਂ ਦੇ ਵਾਰਸ ਚੈਨ ਨਾਲ ਕਿਵੇਂ ਰਾਜ ਕਰਨ ਦੇਣਗੇ? 
ਗਾਜ਼ਾ ਦੀ ਧਰਤੀ ਬੰਬ-ਬਰੂਦ ਨਾਲ ਮਲਬੇ ਦਾ ਢੇਰ ਹੀ ਨਹੀਂ ਬਣਾ ਦਿੱਤੀ ਗਈ ਬਲਕਿ ਜੰਗ ਦੇ ਕਹਿਰ ਤੋਂ ਬਚੀਆਂ ਜ਼ਖਮੀ ਜਿੰਦਗੀਆਂ ਲਈ ਭੋਜਨ, ਪਾਣੀ, ਡਾਕਟਰੀ ਸਹਾਇਤਾ, ਬਿਜਲੀ, ਸਿੱਖਿਆ, ਇੰਟਰਨੈੱਟ ਆਦਿ ਦਾ ਕੁਨੈਕਸ਼ਨ ਲੱਗਭੱਗ ਕੱਟ ਦਿੱਤਾ ਗਿਆ ਹੈ। ਕੀ ਇਹ ਕੁਨੈਕਸ਼ਨ ਕੱਟਣ ਨਾਲ ਮਾਤਭੂਮੀ ਨਾਲੋਂ ਨਾਤਾ ਕੱਟਿਆ ਜਾ ਸਕਦਾ ਹੈ?
ਗਾਜ਼ਾ ਨੂੰ ਛੱਡਕੇ ਵਿਸ਼ਵ ਸ਼ਾਂਤੀ ਕਿਵੇਂ ਸੰਭਵ ਹੋ ਸਕਦੀ ਹੈ? ਖੂਨੀ ਜੰਗ ਨਾਲ ਜ਼ਖ਼ਮੀ ਗਾਜ਼ਾ ਦੀ ਦਰਦਭਰੀ ਕੁਰਲਾਹਟ ਕੁੱਲ ਆਲਮ ਦੀ ਸ਼ਾਂਤੀ ਭੰਗ ਕਰਕੇ ਰੋਹ ਦੀ ਗਰਜ਼ ਪੈਦਾ ਕਰ ਰਹੀ ਹੈ। ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਵਾਲੀ ਇਹ ਜੰਗ ਸੰਸਾਰ ਭਰ ਵਿੱਚ ਮਨੁੱਖਤਾ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਇਸ ਜੰਗ ਨੇ ਆਲਮੀ ਅਵਾਮ ਦੇ ਮਨਾਂ ’ਚ ਇੱਕ ਵੱਡੀ ਨੈਤਿਕ ਤੇ ਸਪੱਸ਼ਟ ਲੀਕ ਖਿੱਚ ਦਿੱਤੀ ਹੈ। ਕੀ ਤੁਸੀਂ ਇਸ ਮਨੁੱਖਘਾਤੀ ਜੰਗ ਦੇ ਖਿਲਾਫ ਹੋ ਜਾਂ ਪੱਖ ’ਚ? ਸਵਾਲ ਦੀ ਇਹ ਮੂਲ ਨਿਸ਼ਾਨਦੇਹੀ ਅੱਗੇ ਦੀ ਰਣਨੀਤੀ ਤੇ ਇਤਿਹਾਸ ਦਾ ਵੇਗ ਤੈਅ ਕਰੇਗੀ। ਇਹ ਅਹਿਮ ਸਵਾਲ ਤੈਅ ਕਰੇਗਾ ਕਿ ਅਸੀਂ ਭਵਿੱਖ ’ਚ ਸਾਡੇ ਬੱਚਿਆਂ ਦੇ ਹੱਥ ਇਹੋ-ਜਿਹੀ ਦਰਦਨਾਕ ਤਸਵੀਰ ਸੌਂਪਣੀ ਹੈ ਜਾਂ ਨਹੀਂ? ਇਸ ਲਈ ਜਰਾ ਇਸ ਤਸਵੀਰ ਨੂੰ ਪੂਰੀ ਗੌਹ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ!

- ਮਨਦੀਪ 

Thursday, April 10, 2025

ਟਰੰਪ ਦਾ ਦੁਨੀਆਂ ਤੇ ਟੈਰਿਫੀ ਹਮਲਾ ਅਤੇ ਮੰਦੀ ਦੇ ਖਦਸ਼ੇ


ਬੀਤੀ 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਾਸੀਆਂ ਲਈ ‘ਮੁਕਤੀ ਦਿਵਸ’ ਦੀ ਘੋਸ਼ਣਾ ਕਰਦਿਆਂ ਅਮਰੀਕੀ ਵਪਾਰਕ ਭਾਈਵਾਲਾਂ ਉੱਤੇ ‘ਪਰਸਪਰ ਟੈਰਿਫ’ ਲਾਉਣ ਦਾ ਐਲਾਨ ਕਰਕੇ ਆਲਮੀ ਪੱਧਰ ਤੇ ਨਵੀਂ ਵਪਾਰਕ ਜੰਗ ਤੇਜ਼ ਕਰ ਦਿੱਤੀ। ਇਹਨਾਂ ਟੈਰਿਫਾਂ ਨੂੰ ਲਾਗੂ ਕਰਨ ਲਈ ਟਰੰਪ ਨੇ 1977 ਦੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ (ਆਈ.ਈ.ਈ.ਪੀ.ਏ.) ਦੀ ਵਰਤੋਂ ਕਰਦਿਆਂ ਨਿਰੰਤਰ ਵਪਾਰ ਘਾਟੇ ਨੂੰ ਇਕ ਰਾਸ਼ਟਰੀ ਐਮਰਜੈਂਸੀ ਵਜ਼ੋਂ ਪੇਸ਼ ਕੀਤਾ। ਟਰੰਪ ਨੇ ਦੂਸਰੇ ਦੇਸ਼ਾਂ ਤੋਂ ਅਮਰੀਕਾ ਵਿੱਚ ਦਰਾਮਦ ਹੋਣ ਵਾਲੀਆਂ ਵਸਤੂਆਂ ਉੱਤੇ 10%, ਚੀਨ ਉੱਤੇ 34%, ਵੀਅਤਨਾਮ ਉੱਤੇ 46%, ਭਾਰਤ ਉੱਤੇ 26%, ਯੂਰਪੀ ਯੂਨੀਅਨ ਅਤੇ ਜਪਾਨ ਉੱਤੇ 20% ਅਤੇ ਕੈਨੇਡਾ, ਮੈਕਸੀਕੋ ਦੇ ਆਟੋਮੋਬਿਲ ਅਯਾਤ ਉੱਤੇ 25% ਜਵਾਬੀ ਟੈਰਿਫ ਲਗਾਇਆ। ਈਯੂ ਦੇ ਸਪੇਨ ਤੇ ਬੈਲਜ਼ੀਅਮ ਨਾਲ ਵਪਾਰਕ ਵਾਧਾ ਹੋਣ ਦੇ ਬਾਵਜੂਦ ਵੀ ਇਹ ਮੁਲਕ 20% ਟੈਰਿਫ ਦੀ ਮਾਰ ਹੇਠ ਆਏ। ਕੰਬੋਡੀਆ, ਮੀਆਂਮਾਰ, ਲਾਊਸ, ਵਰਗੇ ਘੱਟ ਵਿਕਸਤ ਦੇਸ਼ ਵੀ ਅਮਰੀਕੀ ਟੈਰਿਫ ਹਮਲੇ ਦਾ ਸ਼ਿਕਾਰ ਬਣ ਗਏ। ਜਵਾਬੀ ਕਾਰਵਾਈ ਵਜ਼ੋਂ ਚੀਨ ਵੱਲੋਂ ਅਮਰੀਕੀ ਸਮਾਨ ਤੇ 34% ਟੈਰਿਫ ਦੇ ਐਲਾਨ ਨਾਲ ਵਿਸ਼ਵ ਵਪਾਰਕ ਜੰਗ ਤੇਜ ਹੋ ਗਈ ਹੈ ਅਤੇ ਅਮਰੀਕਾ ਦੀ ਸਟਾਕ ਮਾਰਕਿਟ 2 ਖਰਬ ਡਾਲਰ ਤੇ ਵਿਸ਼ਵ ਸਟਾਕ ਮਾਰਕਿਟ 9 ਖਰਬ ਡਾਲਰ ਤੱਕ ਲੁੜਕ ਗਈ। ਇਸਤੋਂ ਬਿਨ੍ਹਾਂ ਕੈਨੇਡਾ, ਮੈਕਸੀਕੋ, ਈਯੂ ਆਦਿ ਮੁਲਕਾਂ ਵੱਲੋਂ ਜਵਾਬੀ ਕਾਰਵਾਈ ਦੀਆਂ ਸੰਭਾਵਨਾਵਾਂ ਤੇਜ ਹੋ ਗਈਆਂ ਅਤੇ ਅਮਰੀਕਾ ਤੇ ਯੂਰਪ ਵਿੱਚ ਟਰੰਪ ਦੀਆਂ ਨੀਤੀਆਂ ਖਿਲਾਫ ਸੈਂਕੜੇ ਵਿਸ਼ਾਲ ਰੋਸ ਪ੍ਰਦਰਸ਼ਨ ਹੋਏ। ਟਰੰਪ ਵੱਲੋਂ ਵਿਸ਼ਵਵਿਆਪੀ ਵਿਰੋਧ ਤੇ ਮੰਦੀ ਦੇ ਖਤਰਿਆਂ ਨੂੰ ਭਾਂਪਦਿਆਂ ਚੀਨ ਉੱਤੇ 245% ਟੈਰਿਫ ਲਾਉਂਦਿਆਂ ਬਾਕੀ 75 ਮੁਲਕਾਂ ਲਈ 90 ਦਿਨ ਦੀ ਅਸਥਾਈ ਰਾਹਤ ਦਾ ਕਦਮ ਲੈਣ ਲਈ ਮਜਬੂਰ ਹੋਣੀ ਪਿਆ। ਅਮਰੀਕੀ ਸਾਮਰਾਜ ਨੇ ਆਪਣੇ ਵਪਾਰਕ, ਸਿਆਸੀ, ਫੌਜ਼ੀ ਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੀ ਸ਼ਕਤੀ ਦੇ ਲਗਾਤਾਰ ਖੁਰਦੇ ਜਾ ਰਹੇ ਪ੍ਰਭਾਵ ਦੇ ਪੁਨਰਗਠਨ ਲਈ ਇਹ ਵਪਾਰਿਕ ਤੇ ਕੂਟਨੀਤਿਕ ਜੰਗ ਸ਼ੁਰੂ ਕਰ ਦਿੱਤੀ ਹੈ।
ਟਰੰਪ ਕੋਈ ਅਦਿੱਖ ਅਲੌਕਿਕ ਸ਼ਕਤੀਆਂ ਦਾ ਮਾਲਕ ਵਿਅਕਤੀ ਨਹੀਂ ਹੈ ਜਿਸਦੀ ਵਿਅਕਤੀਗਤ ਇੱਛਾ ਅਮਰੀਕਾ ਨੂੰ ਮੁੜ ਮਹਾਨ ਤੇ ਅਮੀਰ ਬਣਾ ਦੇਵੇਗੀ। ਬਲਕਿ ਟਰੰਪ ਨੇ ਆਪਣੇ ਵਪਾਰਕ ਸਲਾਹਕਾਰ ਅਤੇ ਸੁਰੱਖਿਆਵਾਦੀ ਨੀਤੀਆਂ ਦੇ ਪੈਰੋਕਾਰ ਪੀਟਰ ਨਵਾਰੋ, ਸਟੀਵ ਬੋਨਨ, ਰਾਬਰਟ ਲਾਈਟਹਾਈਜਰ ਅਤੇ ਪਟੇ ਬੁਕਾਨਨ, ਜੋ ਮੁਕਤ ਵਪਾਰ ਸਮਝੌਤਿਆਂ ਦੇ ਆਲੋਚਕ, ਚੀਨ ਦੇ ਉਭਾਰ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਣ ਵਾਲੇ ਅਤੇ ਟੈਰਿਫ ਨੀਤੀਆਂ ਦੀ ਵਕਾਲਤ ਕਰਨ ਵਾਲੇ ਅਮਰੀਕੀ ਅਰਥਸ਼ਾਸ਼ਤਰੀ ਹਨ, ਅਤੇ ਅਮਰੀਕੀ ਪੂੰਜੀਪਤੀਆਂ ਦੀ ਸਲਾਹ ਨਾਲ ਇਸ ਟੈਰਿਫ ਨੀਤੀ ਨੂੰ ਲਾਗੂ ਕੀਤਾ ਹੈ। ਉਹਨਾਂ ਮੁਤਾਬਕ ਦਰਾਮਦੀ ਮਾਲ ਉੱਤੇ ਟੈਕਸ ਦੀ ਇਹ ਨੀਤੀ ਅਮਰੀਕਾ ਨੂੰ ਮੁੜ ਅਮੀਰ ਬਣਾਉਣ, ਘਰੇਲੂ ਨਿਰਮਾਣ ਉਦਯੋਗ ਨੂੰ ਪੁਨਰਗਠਿਤ ਕਰਨ ਤੇ ਵਪਾਰ ਘਾਟੇ ਨੂੰ ਘਟਾਉਣ ਲਈ ਲਿਆਂਦੀ ਜਾ ਰਹੀ ਹੈ। ਇਸਤੋਂ ਇਲਾਵਾ ਕਰਜ਼ਪੂਰਤੀ ਲਈ ਸਰਕਾਰੀ ਖਰਚਿਆਂ ਤੇ ਕੱਟ ਲਾਉਣ, ਅਮਰੀਕੀ ਦਬਕੇ ਨੂੰ ਕਾਇਮ ਰੱਖਣ ਲਈ ਪਨਾਮਾ ਨਹਿਰ, ਗਾਜ਼ਾ ਤੇ ਗ੍ਰੀਨਲੈਂਡ ਨੂੰ ਕਬਜਾਉਣ, ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਆਦਿ ਵਰਗੇ ਕੌਮੀ ਤ੍ਰਿਸਕਾਰ ਦੇ ਬਿਆਨ ਦੇਣੇ ਅਤੇ ਜੰਗੀ ਵਪਾਰਕ ਉਦੇਸ਼ਾਂ ਲਈ ਮੱਧ ਪੂਰਬ ਏਸ਼ੀਆ ਵਿੱਚ ਦਖਲਅੰਦਾਜ਼ੀ ਅਮਰੀਕੀ ਸਾਮਰਾਜ ਦੀ ਹਮਲਾਵਰ ਨੀਤੀ ਦਾ ਸਿੱਟਾ ਹੈ। ਆਰਥਿਕ ਤੇ ਫੌਜ਼ੀ ਮੁਹਾਣ ਤੇ ਅਮਰੀਕਾ ਦਾ ਇਹ ਹਮਲਾਵਰ ਰੁੱਖ ਪ੍ਰਮੁੱਖ ਤੌਰ ਤੇ ਚੀਨ ਅਤੇ ਬਾਕੀ ਦੇ ਸਾਮਰਾਜੀ ਮੁਲਕਾਂ ਨਾਲ ਮੁਕਾਬਲੇਬਾਜ਼ੀ ਵਿੱਚੋਂ ਪਛੜਣ ਦੇ ਖੌਫ਼ ਵਿੱਚੋਂ ਪੈਦਾ ਹੋਇਆ ਹੈ। ਸੰਸਾਰ ਵਪਾਰ ਵਿੱਚ ਅਮਰੀਕਾ ਦੀ ਪਹਿਲਾਂ ਵਾਲੀ ਸਮਰੱਥਾ, ਕਾਬਲੀਅਤ ਅਤੇ ਪ੍ਰਮੁੱਖਤਾ ਨਹੀਂ ਰਹੀ। ਸੱਤਰਵਿਆਂ ਦੇ ਦਹਾਕੇ ਵਿੱਚ ਸੰਸਾਰ ਵਪਾਰ ਵਿੱਚ ਅਮਰੀਕਾ ਦੀ ਹਿੱਸੇਦਾਰੀ 14% ਸੀ ਅਤੇ ਚੀਨ ਦੀ ਹਿੱਸੇਦਾਰੀ 1% ਤੋਂ ਵੀ ਘੱਟ ਦੀ ਸੀ। ਅਜੋਕੇ ਸਮੇਂ ਵਿਸ਼ਵ ਵਪਾਰ ਵਿੱਚ ਚੀਨ ਦੀ 14% ਅਤੇ ਅਮਰੀਕਾ ਦੀ 10% ਹਿੱਸੇਦਾਰੀ ਹੈ। ਇਸਤੋਂ ਇਲਾਵਾ ਰੂਸ, ਯੂਰਪੀ ਯੂਨੀਅਨ, ਬ੍ਰਿਕਸ ਗੱਠਜੋੜ ਅਤੇ ਗਲੋਬਲ ਸਾਊਥ ਦੇ ਅਨੇਕਾਂ ਮੁਲਕਾਂ ਦੇ ਦੁਵੱਲੇ ਵਪਾਰਕ ਸਬੰਧਾਂ ਅਤੇ ਆਰਥਿਕ ਉੱਨਤੀ ਕਾਰਨ ਸੰਸਾਰ ਇੱਕਧਰੁਵੀ ਨਿਰਭਰਤਾ ਦੇ ਪੂਰਨ ਦਾਬੇ ਹੇਠ ਨਹੀਂ ਰਿਹਾ। ਅਜਿਹੇ ’ਚ ਟਰੰਪ ਦੁਆਰਾ ਮੁਕਤ ਵਪਾਰ ਦੀਆਂ ਨਵਉਦਾਰਵਾਦੀ ਨੀਤੀਆਂ ਨੂੰ ਤਿਲਾਂਜ਼ਲੀ ਦੇ ਕੇ ਸੁਰੱਖਿਆਵਾਦੀ ਆਰਥਿਕ ਰਾਸ਼ਟਰਵਾਦ ਨੂੰ ਤਰਜ਼ੀਹ ਦੇਣੀ, ਇਕ ਘਾਤਕ ਸੁਪਨਾ ਹੈ ਜੋ ਅਮਰੀਕੀ ਸਰਦਾਰੀ ਦੀ ਗਿਰਾਵਟ ਦੀ ਪੁਸ਼ਟੀ ਕਰਦਾ ਹੈ।
ਸਭ ਤੋਂ ਪਹਿਲਾਂ ਟਰੰਪ ਦੀ ਟੈਰਿਫ ਗਣਨਾ ਵਿਧੀ ਜੋ ਵਿਸ਼ਵ ਵਪਾਰ ਸੰਸਥਾ ਦੀ ਵੈਬਸਾਇਟ ਤੇ ਦਿੱਤੀ ਹੋਈ ਹੈ, ਹੀ ਦੋਸ਼ਪੂਰਨ ਹੈ। ਇਹ ਵਿਧੀ ਗੁੰਝਲਦਾਰ ਵਪਾਰਕ ਸਬੰਧਾਂ ਨੂੰ ਸਰਲ ਬਣਾਕੇ ਪੇਸ਼ ਕਰਦੀ ਹੈ। ਟੈਰਿਫ ਦੀ ਗਣਨਾ ਵਪਾਰ ਘਾਟੇ ਦੇ ਅਨੁਪਾਤ ਅਨੁਸਾਰ ਕੀਤੀ ਗਈ ਹੈ। ਕਿਸੇ ਇੱਕ ਮੁਲਕ ਨਾਲ ਵਪਾਰ ਘਾਟੇ ਨੂੰ ਉਸ ਦੇਸ਼ ਤੋਂ ਅਯਾਤ ਵਸਤੂਆਂ ਦੇ ਕੁੱਲ ਮੁੱਲ ਨਾਲ ਵੰਡਕੇ ਅਗਾਂਹ ਉਸਨੂੰ 2 ਨਾਲ ਵੰਡਕੇ ਟੈਰਿਫ ਦਰ ਤੈਅ ਕੀਤੀ ਗਈ ਹੈ। ਉਦਾਹਰਣ ਵਜ਼ੋਂ ਜੇਕਰ ਅਮਰੀਕਾ ਦਾ ਕੈਨੇਡਾ ਨਾਲ ਵਪਾਰ ਘਾਟਾ 100 ਅਰਬ ਡਾਲਰ ਦਾ ਹੈ ਤੇ ਉਸਦਾ ਕੈਨੇਡਾ ਤੋਂ ਅਯਾਤ 200 ਅਰਬ ਡਾਲਰ ਦਾ ਹੈ ਤਾਂ 100/200 = 0.5/2 = 0.25% (25%)। ਸਾਮਰਾਜੀ ਦੌਰ ਅੰਦਰ ਅਣਸਾਵੇਂ ਵਿਕਾਸ ਕਾਰਨ ਦੁਨੀਆਂ ਪੱਛੜੇ ਅਤੇ ਵਿਕਸਿਤ ਮੁਲਕਾਂ ਵਿਚਕਾਰ ਵੰਡੀ ਹੋਈ ਹੈ ਜਿਸ ਕਰਕੇ ਪੂੰਜੀ, ਤਕਨੀਕ, ਬੁਨਿਆਦੀ ਢਾਂਚੇ, ਮੁਦਰਾ ਦੀ ਕੀਮਤ ਅਤੇ ਉਜ਼ਰਤਾਂ ਵਿਚਕਾਰ ਅੰਤਰ ਕਾਰਨ ਸੰਤੁਲਿਤ ਸੰਸਾਰ ਵਪਾਰ ਦਾ ਸੰਕਲਪ ਮੂਲੋਂ ਹੀ ਗਲਤ ਹੈ। ਦਿੱਲੀ ਅਤੇ ਸ਼ਿਕਾਗੋ ਦੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚਕਾਰ ਜ਼ਮੀਨ-ਅਸਮਾਨ ਦਾ ਫਰਕ ਹੋਣ ਕਰਕੇ ਅਤੇ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਘੱਟ ਹੋਣ ਕਰਕੇ ਅਮਰੀਕੀ ਉਤਪਾਦਕ ਵਸਤਾਂ ਭਾਰਤੀ ਉਤਪਾਦਕ ਵਸਤਾਂ ਮੁਕਾਬਲੇ ਜਿਆਦਾ ਮਹਿੰਗੀਆਂ ਹੋਣਗੀਆਂ। ਇਸ ਲਈ ਪਰਸਪਰ ਟੈਰਿਫ ਬਰਾਬਰ ਆਰਥਿਕਤਾਵਾਂ ਵਾਲੇ ਦੇਸ਼ਾਂ ਵਿੱਚ ਹੋਰ ਮਾਇਨੇ ਰੱਖਦੇ ਹਨ ਤੇ ਅਸਾਵੇਂ ਵਿਕਾਸ ਕਾਰਨ ਇਸਦੀ ਮਾਰ ਗਰੀਬ ਮੁਲਕਾਂ ਦੇ ਲੋਕਾਂ ਉੱਤੇ ਵੱਧ ਪੈਂਦੀ ਹੈ।
ਦੂਸਰਾ ਅਮਰੀਕੀ ਸਾਮਰਾਜ ਟੈਰਿਫ ਨੂੰ ਇੱਕ ਕੂਟਨੀਤਿਕ ਹਥਿਆਰ ਵਜ਼ੋਂ ਵਰਤਦਾ ਹੈ, ਜਿਸ ਤਹਿਤ ਪੂੰਜੀਪਤੀਆਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਮਰਾਜੀ ਪੂੰਜੀਵਾਦੀ ਤਾਕਤਾਂ ਮੰਡੀ ਦੇ ਵਿਸਤਾਰ ਅਤੇ ਪੂੰਜੀ ਦੇ ਇਕੱਤਰੀਕਰਨ ਲਈ ਟੈਰਿਫ ਨੂੰ ਰਾਸ਼ਟਰੀ ਨੀਤੀ ਵਜ਼ੋਂ ਵਰਤਦੇ ਹਨ। ਇਸ ਕੂਟਨੀਤਿਕ ਹਥਿਆਰ ਤਹਿਤ ਦੰਡਕਾਰੀ ਟੈਰਿਫ ਦੀਆਂ ਧਮਕੀਆਂ ਨਾਲ ਕਿਸੇ ਮੁਲਕ ਵਿੱਚ ਅਮਰੀਕੀ ਵਸਤਾਂ ਦੇ ਅਯਾਤ ਉੱਤੇ ਟੈਰਿਫ ਘੱਟ ਕਰਨ ਦਾ ਦਬਾਅ ਪਾਇਆ ਜਾਂਦਾ ਹੈ ਤਾਂ ਜੋ ਅਮਰੀਕੀ ਉਤਪਾਦਾਂ ਲਈ ਮੰਡੀ ਤੇ ਮੁਨਾਫੇ ਦੀਆਂ ਅੜਚਨਾਂ ਨੂੰ ਦੂਰ ਕੀਤਾ ਜਾ ਸਕੇ। ਉਦਾਹਰਨ ਵਜੋਂ 1994 ਵਿੱਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ ਨਾਫਟਾ (ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ) ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ ਮੈਕਸੀਕੋ ਵਿੱਚ ਖਪਤ ਕੀਤੇ ਜਾਣ ਵਾਲੇ ਭੋਜਨ ਦਾ ਵੱਡਾ ਹਿੱਸਾ (42%) ਅਮਰੀਕਾ ਤੋਂ ਨਿਰਯਾਤ ਕੀਤਾ ਗਿਆ, ਜਿਸ ਨਾਲ 13 ਲੱਖ ਕਿਸਾਨ ਖੇਤੀਬਾੜੀ ਵਿਚੋਂ ਬਾਹਰ ਹੋ ਗਏ। ਲੱਖਾਂ ਮੈਕਸੀਕਨ ਭੁੱਖਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਅਤੇ ਦੇਸ਼ ਦੇ ਕਿਸਾਨ ਪਰਿਵਾਰ ਕੁਪੋਸ਼ਣ ਤੇ ਗਰੀਬੀ ਦਾ ਸ਼ਿਕਾਰ ਹੋ ਗਏ। ਮੈਕਸੀਕੋ ’ਚ ਚੌਲ, ਸੋਇਆਬੀਨ, ਦਾਲਾਂ , ਕਣਕ ਅਤੇ ਮੱਕੀ ਅਮਰੀਕਾ ਤੋਂ ਅਯਾਤ ਕੀਤੇ ਜਾਣ ਲੱਗੇ ਜਿਸ ਨਾਲ ਖੇਤੀਬਾੜੀ ਸੈਕਟਰ ਦਾ ਦੀਵਾਲਾ ਨਿਕਲਣ ਨਾਲ ਲੱਖਾਂ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਏ। ਖੇਤੀਬਾੜੀ ਸੈਕਟਰ ਦੇ ਉਜਾੜੇ ਕਾਰਨ ਲੱਖਾਂ ਦੀ ਗਿਣਤੀ ਵਿੱਚ ਵਿਹਲੀ ਹੋਈ ਰਿਜ਼ਰਵ ਆਰਮੀ (ਕਿਸਾਨਾਂ ਦੇ ਨੌਜਵਾਨ ਧੀਆਂ-ਪੁੱਤ) ਕਾਨੂੰਨੀ-ਗੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਪ੍ਰਵਾਸ ਕਰਨ ਲਈ ਮਜ਼ਬੂਰ ਹੋਈ ਜੋ ਅੱਜ-ਕੱਲ ਅਮਰੀਕਾ ਵਿੱਚੋਂ ਦੇਸ਼-ਨਿਕਾਲੇ ਦਾ ਸਭ ਤੋਂ ਵੱਧ ਸ਼ਿਕਾਰ ਹੈ। ਨਾਫਟਾ ਅਧੀਨ ਮੈਕਸੀਕੋ ਦਾ ਡੇਅਰੀ ਤੇ ਪੋਲਟਰੀ ਸੈਕਟਰ ਤਬਾਹ ਹੋ ਗਿਆ। ਸ਼ਹਿਰਾਂ ਵਿੱਚ ਮਜ਼ਦੂਰਾਂ ਦੇ ਹੜ੍ਹ ਕਾਰਨ ਉਦਯੋਗਿਕ ਮਜ਼ਦੂਰੀ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ ਆਈ। ਹੁਣ ਨਾਫਟਾ ਵਰਗੇ ਮੁਕਤ ਵਪਾਰ ਸਮਝੌਤਿਆਂ ਦੀ ਉਲੰਘਣਾ ਕਰਦਿਆਂ ਇਕਪਾਸੜ ਤੌਰ ਤੇ ਟੈਰਿਫ ਲਗਾਕੇ ਬਚੇ-ਖੁਚੇ ਮੈਕਸੀਕਨ ਉਦਯੋਗਾਂ ਅਤੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਹੀ ਹਾਲਤ ਅਮਰੀਕੀ ਖੇਤੀਬਾੜੀ ਉਤਪਾਦਾਂ ਉੱਤੇ ਟੈਰਿਫ ਘਟਾਉਣ ਨਾਲ ਭਾਰਤ ਦੀ ਕਿਸਨੀ ਅਤੇ ਆਮ ਲੋਕਾਂ ਦੀ ਹੋਵੇਗੀ। ਭਾਰਤ ਵਿੱਚ ਅਮਰੀਕਾ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਵਿੱਚ ਪਾੜਾ ਹੋਣ ਕਾਰਨ, ਭਾਰਤ ’ਚ ਅਮਰੀਕੀ ਅਯਾਤ ਤੇ ਟੈਰਿਫ ਘਟਾਉਣ ਤੇ ਨਿਰਯਾਤ ਉੱਤੇ ਟੈਰਿਫ ਵਸੂਲਣ, ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ’ਚ ਅੰਤਰ ਹੋਣ ਕਾਰਨ ਖੇਤੀਬਾੜੀ, ਪੋਲਟਰੀ ਅਤੇ ਡੇਅਰੀ ਖੇਤਰਾਂ ਵਿੱਚ ਉਜਾੜਾ ਪੈਦਾ ਹੋਵੇਗਾ। ਭਾਰਤ-ਅਮਰੀਕਾ ਦੁਵੱਲਾ ਵਪਾਰ ਸਮਝੌਤਾ (ਬੀਟੀਏ) ਭਾਰਤੀ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਲਈ ਵੱਡਾ ਖਤਰਾ ਖੜਾ ਕਰੇਗਾ ਤੇ ਇਸ ਲਈ ਅਮਰੀਕਾ ਦੇ ਪਰਸਪਰ ਟੈਰਿਫ ਗੈਰ ਵਾਜ਼ਿਬ ਤੇ ਹਮਲਾਵਰ ਹਨ।
ਗਲੋਬਲ ਆਰਥਿਕਤਾ ਉੱਤੇ ਨਿਯੰਤਰਣ ਲਈ ਨਵਉਦਾਰਵਾਦੀ ਜਨੂੰਨ ਦੇ ਨਾਲ-ਨਾਲ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਕਈ ਤਰ੍ਹਾਂ ਦੇ ਅੰਤਰਵਿਰੋਧਾਂ ਦਾ ਵੀ ਸ਼ਿਕਾਰ ਹਨ। ਅਮਰੀਕਾ ਦੀ ਆਰਥਿਕ ਮਜ਼ਬੂਤੀ ਸਸਤੇ ਅਯਾਤ ਅਤੇ ਮਹਿੰਗੇ ਨਿਰਯਾਤ ਉੱਤੇ ਟਿਕੀ ਹੋਈ ਹੈ। ਅਮਰੀਕਾ ਦੇ ਮੁਕਾਬਲੇ ਸਸਤੀ ਲੇਬਰ ਅਤੇ ਸਸਤੇ ਕੱਚੇ ਸ੍ਰੋਤਾਂ ਕਾਰਨ ਚੀਨ ਸਮੇਤ ਸੰਸਾਰ ਦੇ ਦੂਰ ਤੱਟਵਰਤੀ ਖੇਤਰਾਂ ਵਿੱਚ ਉਤਪਾਦਨ ਅਮਰੀਕਾ ਨੂੰ ਸਸਤਾ ਪੈਂਦਾ ਹੈ। ਜੇਕਰ ਉਹ ਘਰੇਲੂ ਨਿਵੇਸ਼ ਉੱਤੇ ਜੋਰ ਦਿੰਦਾ ਹੈ  ਤਾਂ ਅਮਰੀਕਾ ਵਿੱਚ ਉੱਚ  ਉਜ਼ਰਤੀ ਦਰਾਂ ਤੇ ਮਹਿੰਗੀ ਢੋਆ-ਢੁਆਈ ਕਾਰਨ ਉਸਨੂੰ ਉਤਪਾਦਨ ਮਹਿੰਗਾ ਪਵੇਗਾ ਜਿਸ ਨਾਲ ਸੰਸਾਰ ਮੰਡੀ ਵਿੱਚ ਉਸਦੇ ਉਤਪਾਦ ਮੁਕਾਬਲਾ ਨਹੀਂ ਕਰ ਸਕਣਗੇ। ਵਿਦੇਸ਼ੀ ਦਰਾਮਦਾਂ ਨੂੰ ਸਜਾ ਦੇਕੇ ਅਤੇ ਅਮਰੀਕੀ ਕਾਰਪੋਰੇਸ਼ਨਾਂ ਨੂੰ ਸਥਾਨਕ ਉਤਪਾਦਨ ਲਈ ਮਜ਼ਬੂਰ ਕਰਕੇ ਅਮਰੀਕੀ ਉਤਪਾਦ ਗਲੋਬਲ ਮੰਡੀ ਦੇ ਕਾਬਲ ਨਹੀਂ ਹੋ ਸਕਦੇ। ਅਮਰੀਕਾ ਅੰਦਰ ਨਿਰਮਾਣ ; ਮਹਿੰਗਾਈ, ਰੈਗੂਲੇਟਰੀ ਕਾਨੂੰਨਾਂ ਅਤੇ ਡਾਲਰ ਦੀ ਕੀਮਤ ਵੱਧ ਹੋਣ ਕਰਕੇ ਵੀ ਅਮਰੀਕੀ ਵਸਤਾਂ ਨੂੰ ਨਿਰਯਾਤ ਮੁਕਾਬਲੇ ਵਿੱਚੋਂ ਬਾਹਰ ਕਰਦਾ ਹੈ। ਐਪਲ, ਵਾਲਮਾਰਟ, ਮੈਕਡੋਨਲਡ, ਟੈਸਲਾ ਨੇ ਦੂਰ ਤੱਟਵਰਤੀ (ਆਫਸ਼ੋਰ) ਨਿਰਮਾਣ, ਸਸਤੇ ਕੱਚੇ ਮਾਲ ਅਤੇ ਮਜ਼ਦੂਰਾਂ ਦੀ ਸਸਤੀ ਉਜ਼ਰਤ ਲੁੱਟ ਕੇ ਹੀ ਆਪਣੇ ਸਾਮਰਾਜ ਖੜੇ ਕੀਤੇ ਹਨ। ਇਸਤੋਂ ਇਲਾਵਾ ਅਮਰੀਕਾ ਅੰਦਰ ਨਿਰਮਾਣ ਲਈ ਬੁਨਿਆਦੀ ਢਾਂਚਾ ਰਾਤੋ-ਰਾਤ ਖੜਾ ਨਹੀਂ ਹੋ ਸਕਦਾ। ਇਸ ਲਈ ਅਮਰੀਕੀ ਹਾਕਮ ਜਾਣਦੇ ਹਨ ਕਿ ਇਹਨਾਂ ਨੀਤੀਆਂ ਦਾ ਬੋਝ ਆਮ ਲੋਕਾਂ ਉੱਤੇ ਪੈਣ ਵਾਲਾ ਹੈ ਅਤੇ ਲੋਕ ਵਿਰੋਧ ਨੂੰ ਅਗਾਊਂ ਦਬਾਉਣ ਲਈ ਮਜ਼ਦੂਰ ਵਿਰੋਧੀ ਕਾਨੂੰਨਾਂ, ਪੁਲਸੀਆ ਦਹਿਸ਼ਤ ਤੇ ਪ੍ਰਵਾਸੀ ਵਿਰੋਧੀ ਕੌਮੀ ਸ਼ਾਵਨਵਾਦੀ ਭਾਵਨਾ ਨੂੰ ਬੜਾਵਾ ਦਿੰਦਿਆਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਜੇਕਰ ਟਰੰਪ ਭਵਿੱਖ ਵਿੱਚ ਘਰੇਲੂ ਉਦਯੋਗਾਂ ਦੇ ਪੁਨਰਗਠਨ ਲਈ ਟੈਰਿਫ ਨੀਤੀ ਤੇ ਅਮਲੀ ਤੌਰ ਤੇ ਸਖਤ ਨਾਲ ਪਹਿਰਾ ਦੇਣਾ ਜਾਰੀ ਰੱਖਦਾ ਹੈ ਤਾਂ ਇਸਦੇ ਨਤੀਜੇ ਵਿਸ਼ਵ ਬਜ਼ਾਰਾਂ ਵਿੱਚ ਉੱਥਲ-ਪੁਥਲ, ਅਸਥਿਰਤਾ, ਨੌਕਰੀਆਂ ਦੇ ਖਾਤਮੇ, ਮਹਿੰਗਾਈ, ਗੈਰਬਰਾਬਰਤਾ, ਸਮਾਜਿਕ ਤਣਾਅ ਤੇ ਅਰਾਜਕਤਾ, ਗਲੋਬਲ ਸਪਲਾਈ ਚੇਨ ‘ਚ ਗੜਬੜ, ਛੋਟੇ ਵਪਾਰਾਂ ਤੇ ਖੇਤੀਬਾੜੀ ਦਾ ਉਜਾੜਾ ਅਤੇ ਖਪਤਕਾਰਾਂ ਤੇ ਬੋਝ ਦੇ ਰੂਪ ਵਿੱਚ ਸਾਹਮਣੇ ਆਉਣਗੇ। ਮਹਿੰਗਾਈ ਦੇ ਪ੍ਰਮਾਣੂ ਬੰਬ ਨੂੰ ਠੱਲ੍ਹ ਪਾਉਣ ਲਈ ਕੇਂਦਰੀ ਵਿਆਜ਼ ਦਰਾਂ ਵਧਾਈਆਂ ਜਾਣਗੀਆਂ ਜਿਸ ਨਾਲ ਰੀਅਲ ਸਟੇਟ ਤੇ ਸਟਾਕ ਮਾਰਕਿਟ ਡਿੱਗੇਗੀ, ਮੁਦਰਾ ਬਜ਼ਾਰਾਂ ਵਿੱਚ ਅਸਥਿਰਤਾ ਪੈਦਾ ਹੋਵੇਗੀ, ਮੰਗ ਤੇ ਉਤਪਾਦਕਤਾ ਘਟੇਗੀ, ਨਿਵੇਸ਼ ਘਟੇਗਾ, ਮੁਨਾਫੇ ਦੀਆਂ ਦਰਾਂ ਡਿੱਗਣਗੀਆਂ ਤੇ ਖੜੋਤ ਨਾਲ ਵਾਧੂ ਪੈਦਾਵਾਰ ਦਾ ਸੰਕਟ ਪੈਦਾ ਹੋ ਜਾਵੇਗਾ। ਜਿਸ ਨਾਲ ਵਿਸ਼ਵ ਆਰਥਿਕਤਾ ਗੰਭੀਰ ਆਰਥਿਕ ਮੰਦੀ ਦੀ ਚਪੇਟ ਵਿੱਚ ਆ ਸਕਦੀ ਹੈ। ਜੇਕਰ ਇਹ ਪੂੰਜੀਵਾਦ ਸਨਕ ਜਾਰੀ ਰਹਿੰਦਾ ਹੈ ਤਾਂ ਇਹ ਸੰਕਟ 2008 ਦੇ ਅਮਰੀਕੀ ਸਬਪ੍ਰਾਇਮ ਸੰਕਟ ਨਾਲੋਂ ਕਿਤੇ ਵੱਧ ਗਹਿਰਾ ਸਾਬਤ ਹੋਵੇਗਾ।
ਟੈਰਿਫ ਨੀਤੀ ਨਾਲ ਵਿਸ਼ਵ ਆਰਥਿਕਤਾ ਦੀ ਘੇਰਾਬੰਦੀ ਕਰਕੇ ਪੂਰੇ ਸੰਸਾਰ ਆਰਥਿਕ-ਵਪਾਰਕ ਤਾਣੇ-ਬਾਣੇ ਨੂੰ ਵਿਗਾੜਕੇ ਇਸਦਾ ਲਾਹਾ ਲੈਣ ਦੀ ਤਾਕ ’ਚ ਬੈਠਾ ਅਮਰੀਕੀ ਸਾਮਰਾਜ ਖੁਦ ਨਿਖੜ ਰਿਹਾ ਹੈ। ਵੱਖ-ਵੱਖ ਮਹਾਂਦੀਪਾਂ ਦੇ ਦੇਸ਼ ਅਮਰੀਕਾ ਤੋਂ ਆਰਥਿਕ ਤੇ ਫੌਜ਼ੀ ਨਿਰਭਰਤਾ ਘਟਾਉਣ ਲਈ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾ ਰਹੇ ਹਨ ਅਤੇ ਕਈ ਦੇਸ਼ ਆਪਣੀ ਫੌਜ਼ੀ ਸਮਰੱਥਾਂ ਦੇ ਨਾਲ-ਨਾਲ ਪ੍ਰਮਾਣੂ ਨਿਰਭਰਤਾ ਲਈ ਵੀ ਅਹੁਲ ਰਹੇ ਹਨ। ਆਪਣੇ ਰਵਾਇਤੀ ਵਫਾਦਾਰ ਭਾਈਵਾਲਾਂ ਉੱਤੇ ਵਪਾਰਕ ਹਮਲੇ, ਪੱਛਮੀ ਖੇਮੇ ਵਿਰੋਧੀ ਰੂਸ-ਚੀਨ ਨੂੰ ਆਪਣੀ ਮੰਡੀ ਦੇ ਵਿਸਤਾਰ ਦਾ ਮੌਕਾ ਮੁਹੱਇਆ ਕਰਵਾਉਣਗੇ ਅਤੇ ਅਮਰੀਕਾ ਨੂੰ ਮੰਦੀ ਦੇ ਜੋਖ਼ਮ ਵਿੱਚ ਪਾਉਣਗੇ ਜਿਸਦੇ ਸਿਰ ਕੁੱਲ ਕਰਜ਼ (36.2 ਖਰਬ ਡਾਲਰ) ਪਹਿਲਾਂ ਹੀ ਉਸਦੀ ਕੁੱਲ ਜੀਡੀਪੀ (29 ਖਰਬ ਡਾਲਰ) ਤੋਂ ਵੱਧ ਹੈ। ਉੱਧਰ ਚੀਨ ਨੇ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ 9000 ਜਹਾਜ਼ਾਂ ਦੀ ਡਲਿਵਰੀ ਉੱਤੇ ਰੋਕ ਲਾਕੇ ਅਮਰੀਕਾ ਨੂੰ ਵੱਡਾ ਚੈਲਿੰਜ ਪੇਸ਼ ਕੀਤਾ ਹੈ। ਉਂਝ ਵੀ ਅਮਰੀਕੀ ਮੰਡੀ ‘ਚ ਚੀਨੀ ਮਾਲ ਦੇ ਅਯਾਤ ਤੇ ਪੂਰਨ ਰੋਕ ਲਾਉਣਾ ਅਸਾਨ ਨਹੀਂ ਹੈ। ਚੀਨ ਤੋਂ ਇਲਾਵਾ ਜਿੰਨਾਂ ਮੁਲਕਾਂ ਨਾਲ ਅਮਰੀਕਾ ਦਾ ਦੁਵੱਲਾ ਵਪਾਰ ਹੈ ਉਹਨਾਂ ਦੇਸ਼ਾਂ ਦੇ ਨਿਰਮਾਣ ਖੇਤਰ ਵਿੱਚ ਚੀਨੀ ਕੰਪਨੀਆਂ ਤੇ ਚੀਨੀ ਮਾਲ ਦੀ ਚੋਖੀ ਹਿੱਸੇਦਾਰੀ ਹੈ। ਮਸਲਨ ਚੀਨੀ ਮਾਲ ਸਿੱਧੇ ਟੈਰਿਫ ਹਮਲੇ ਤੋਂ ਬਚਕੇ ਵਾਇਆ ਤਾਈਵਾਨ, ਮੈਕਸੀਕੋ, ਵੀਅਤਨਾਮ ਆਦਿ ਦੇਸ਼ਾਂ ਰਾਹੀਂ ਅਮਰੀਕੀ ਮੰਡੀ ‘ਚ ਜਾ ਰਿਹਾ ਹੈ।
ਇਸਤੋਂ ਬਿਨਾਂ ਕੁਝ ਉਦਾਰਵਾਦੀ ਅਰਥਸ਼ਾਸ਼ਤਰੀ ਤਰਕ ਦਿੰਦੇ ਹਨ ਕਿ ਟੈਰਿਫ ਨਾਲ ਸਰਕਾਰ ਨੂੰ ਮਾਲੀਆ ਮਿਲਦਾ ਹੈ, ਘਰੇਲੂ ਉਦਯੋਗਾਂ ਨੂੰ ਪ੍ਰੋਤਸਾਹਨ ਮਿਲਦਾ ਹੈ, ਨੌਕਰੀਆਂ ਦੇ ਮੌਕੇ ਪੈਦਾ ਹੁੰਦੇ ਹਨ, ਸਥਾਨਕ ਅਰਥਚਾਰਿਆਂ ਦੀ ਮਜ਼ਬੂਤੀ ਨਾਲ ਅੰਤਰਰਾਸ਼ਟਰੀ ਆਵਾਜਾਈ ਘਟੇਗੀ ਜੋ ਘੱਟ ਪ੍ਰਦੂਸ਼ਣ ਤੇ ਵਾਤਾਵਰਣ ਪੱਖੀ ਹੈ। ਪਰੰਤੂ ਇਹਨਾਂ ਪੂੰਜੀਵਾਦੀ-ਉਦਾਰਵਾਦੀ ਦਾਅਵਿਆਂ ਦੌਰਾਨ ਇਹ ਭੁਲਾ ਦਿੱਤਾ ਜਾਂਦਾ ਹੈ ਕਿ ਇਹ ਸਭ ਕਿਸਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਤੇ ਕਿਸ ਕੀਮਤ ਉੱਤੇ ਹੋਵੇਗਾ ? ਹਕੀਕੀ ਆਰਥਿਕ-ਸਿਆਸੀ ਸਵੈ-ਨਿਰਭਰਤਾ ਤੇ ਅਜ਼ਾਦੀ ਸਾਮਰਾਜੀ ਤੇ ਸਰਮਾਏਦਾਰੀ ਤੋਂ ਮੁਕਤ ਲੋਕਪੱਖੀ ਸਮਾਜ ਸਥਾਪਿਤ ਕਰਕੇ ਹੀ ਸੰਭਵ ਹੈ।

-ਮਨਦੀਪ (+1 438-924-2052)

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...