Search This Blog

Thursday, October 30, 2025

ਬੋਸਾਨ ਸਿਖਰ ਸੰਮੇਲਨ: ਅਮਰੀਕਾ-ਚੀਨ ਵਪਾਰਕ ਟਕਰਾਅ ਦੇ ਨਤੀਜੇ

    

ਬੀਤੇ ਅਰਸੇ ਤੋਂ ਅਮਰੀਕਾ ਅਤੇ ਚੀਨ ਆਪਸੀ ਵਪਾਰਕ ਜੰਗ ਵਿੱਚ ਉਲਝੇ ਹੋਏ ਹਨ। ਦੋਹਾਂ ਸੰਸਾਰ ਤਾਕਤਾਂ ਵਿਚਕਾਰ ਇਸ ਸਮੇਂ ਟੈਰਿਫ ਹਮਲੇ ਅਤੇ ਵਪਾਰਕ ਪਾਬੰਦੀਆਂ ਸਾਮਰਾਜਵਾਦੀ ਦੁਸ਼ਮਣੀ ਦਾ ਤਿੱਖਾ ਪ੍ਰਗਟਾਵਾ ਬਣੇ ਹੋਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਆਯਾਤ ਉੱਤੇ ਨਵੇਂ ਟੈਰਿਫ (100%) ਲਾਉਣ ਦੀਆਂ ਧਮਕੀਆਂ ਨਾਲ ਅਮਰੀਕਾ-ਚੀਨ ਵਿਚਕਾਰ ਵਪਾਰਕ ਤਣਾਅ ਵਧਿਆ ਰਿਹਾ। ਟਰੰਪ ਪ੍ਰਸ਼ਾਸਨ ਵੱਲੋਂ ਅਪ੍ਰੈਲ ਮਹੀਨੇ ’ਚ ‘ਸੁਤੰਤਰਤਾ ਦਿਵਸ’ ਤੇ ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਉੱਤੇ ਵੱਖੋ-ਵੱਖਰੇ ਪ੍ਰਤੀਸ਼ਤ ਟੈਰਿਫ ਹਮਲਿਆਂ ਨਾਲ ਸੰਸਾਰ ਵਪਾਰਕ ਜੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਨਾਲ ਸੰਸਾਰ ਅਰਥਵਿਵਸਥਾ ਦੀ ਸਿਹਤ ਲਗਾਤਾਰ ਨਿਘਰਦੀ ਗਈ। ਟਰੰਪ ਦੁਆਰਾ ਚੀਨੀ ਅਯਾਤ ਤੇ ਪਹਿਲਾਂ ਤੋਂ ਹੀ ਲਗਾਏ ਟੈਰਿਫ ਦੇ ਵਿਰੋਧ ਵਜੋਂ ਚੀਨ ਨੇ ਧਰਤੀ ਦੇ ਦੁਰਲੱਭ ਖਣਿਜ ਸ੍ਰੋਤਾਂ ਦੇ ਨਿਰਯਾਤ 'ਤੇ ਕੰਟਰੋਲ ਅਤੇ ਪਰਸਪਰ ਟੈਰਿਫ ਲਾਉਣ ਨਾਲ ਦੋਹਾਂ ਮੁਲਕਾਂ ’ਚ ਵਪਾਰਕ ਟਕਰਾਅ ਹੋਰ ਤਿੱਖਾ ਹੋ ਗਿਆ ਸੀ ਤੇ ਧਰਤੀ ਦੇ ਦੁਰਲੱਭ ਖਣਿਜ ਤੱਤ ਇਸ ਟਕਰਾਅ ਦਾ ਧੁਰਾ ਬਣ ਗਏ ਸਨ। 30 ਅਕਤੂਬਰ ਨੂੰ ਦੱਖਣੀ ਕੋਰੀਆ ਦੇ ਬੋਸਾਨ ਵਿੱਚ ਦੋਹਾਂ ਮੁਲਕਾਂ ਵਿਚਕਾਰ ਦੁਵੱਲੀ ਵਪਾਰਕ ਵਾਰਤਾ ਹੋਈ ਜੋ ਜਿਆਦਾ ਕਾਰਗਰ ਸਾਬਤ ਨਹੀਂ ਹੋਈ। ਇਸ ਵਾਰਤਾ ਦੌਰਾਨ ਬੁਨਿਆਦੀ ਅਤੇ ਵੱਡੀ ਤਬਦੀਲੀ ਵਾਲੇ ਸੁਖਦ ਵਪਾਰਕ ਸੌਦਿਆਂ ਦੀ ਥਾਂ ਵਪਾਰਕ ਟਕਰਾਅ ਤੇ ਅਸਥਾਈ ਰੋਕ ਹੀ ਲੱਗੀ ਹੈ। ਇਹ ਵਾਰਤਾ, ਅਮਰੀਕਾ ਵੱਲੋਂ ਚੀਨੀ ਅਯਾਤ ਉੱਤੇ ਟੈਰਿਫ ਘੱਟ ਕਰਨ, ਚੀਨ ਵੱਲੋਂ ਧਰਤੀ ਦੇ ਦੁਰਲੱਭ ਖਣਿਜਾਂ ਤੇ ਨਿਰਯਾਤ ਪਾਬੰਦੀਆਂ ਨੂੰ ਇੱਕ ਸਾਲ ਲਈ ਮੁਲਤਵੀ ਕਰਨ, ਚੀਨ ਦੁਆਰਾ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਖਰੀਦ (ਖਾਸਕਰ ਸੋਇਆਬੀਨ) ਨੂੰ ਮੁੜ ਸ਼ੁਰੂ ਕਰਨ ਆਦਿ ਦੇ ਵਪਾਰਕ ਰੁਕਾਵਟਾਂ ਘਟਾਉਣ ਵਾਲੇ ਪ੍ਰਤੀਕਾਤਮਕ ਪਹਿਲੂਆਂ ਤੱਕ ਹੀ ਸੀਮਤ ਰਹੀ। ਇਸ ਦੌਰਾਨ ਤਕਨਾਲੋਜੀ ਦੇ ਨਿਰਯਾਤ ਤੇ ਨਿਯੰਤਰਣ, ਤਾਈਵਾਨ ਨੀਤੀ, ਧਰਤੀ ਦੇ ਦੁਰਲੱਭ ਖਣਿਜਾਂ ਦੇ ਨਿਰਯਾਤ ਅਤੇ ਢਾਂਚਾਗਤ ਸੁਧਾਰਾਂ ਬਾਰੇ ਕੋਈ ਮਹੱਤਵਪੂਰਨ ਵਿਚਾਰ-ਚਰਚਾ ਨਹੀਂ ਹੋ ਸਕੀ। ਇਹਨਾਂ ਅਸਥਾਈ ਸਮਝੌਤਿਆਂ ਰਾਹੀਂ ਦੋਹਾਂ ਤਾਕਤਾਂ ਨੇ ਸਮਾਂ ਹਾਸਲ ਕਰਨ ਦਾ ਦਾਅ ਖੇਡਿਆ ਹੈ। 
    ਟਰੰਪ ਟੈਰਿਫ ਧਮਕੀਆਂ ਨੂੰ ਵਪਾਰਕ ਵਟਾਂਦਰਿਆਂ ਦੇ ਦਬਾਅ ਵਾਸਤੇ ਕੂਟਨੀਤਕ ਹਥਿਆਰ ਵਜੋਂ ਵਰਤਦਾ ਆ ਰਿਹਾ ਹੈ। ਚੀਨ ਵੱਲੋਂ ਟਰੰਪ ਦੀਆਂ ਇਹਨਾਂ ਅਰਾਜਕ ਟੈਰਿਫ ਨੀਤੀਆਂ ਦੀ ਜਵਾਬੀ ਕਾਰਵਾਈ ਵਜੋਂ ਧਰਤੀ ਦੇ ਦੁਰਲੱਭ ਤੱਤਾਂ ਦੇ ਨਿਰਯਾਤ ਅਤੇ ਰਿਫਾਇਨਿੰਗ ਤਕਨਾਲੋਜੀਆਂ ਉੱਤੇ ਨਿਯੰਤਰਣ ਲਗਾਉਣ ਨਾਲ ਖਣਿਜ ਸਪਲਾਈ ਵਪਾਰਕ ਸੌਦੇਬਾਜ਼ੀ ਦੇ ਦਬਾਅ ਦਾ ਸਾਧਨ ਬਣੀ ਰਹੀ। ਧਰਤੀ ਦੇ ਦੁਰਲੱਭ ਸ੍ਰੋਤ ਇਸ ਸਮੇਂ ਅਮਰੀਕਾ-ਚੀਨ ਵਿਚਕਾਰ ਟਕਰਾਅ ਦਾ ਮੁੱਖ ਕੇਂਦਰ ਬਣੇ ਹੋਏ ਹਨ ਕਿਉਂਕਿ ਇਹ ਖਣਿਜ ਉੱਨਤ ਇਲੈਕਟ੍ਰਾਨਿਕਸ ਉਤਪਾਦਾਂ, ਇਲੈਕਟ੍ਰਿਕ ਵਾਹਨਾਂ, ਰੱਖਿਆ ਪ੍ਰਣਾਲੀਆਂ, ਲੜਾਕੂ ਜਹਾਜ਼ਾਂ, ਰਾਕਟ, ਪੌਣ-ਚੱਕੀਆਂ, ਸੈਮੀਕੰਡਕਟਰ ਚਿੱਪਾਂ, ਮੋਬਾਇਲ ਫੋਨਾਂ ਅਤੇ ਹੋਰ ਨਵਿਆਉਣਯੋਗ ਊਰਜਾ ਸ੍ਰੋਤਾਂ ਤੇ ਤਕਨੀਕਾਂ ਲਈ ਅਤੀ ਮਹੱਤਵਪੂਰਨ ਹਨ। ਇਹਨਾਂ ਤੱਤਾਂ ਦੀ ਮਾਈਨਿੰਗ, ਰਿਫਾਇਨਿੰਗ ਅਤੇ ਸਪਲਾਈ ਵਿੱਚ ਚੀਨ ਦਾ ਆਲਮੀ ਪੱਧਰ ਤੇ ਦਬਦਬਾ ਹੈ। ਇਹਨਾਂ ਤੱਤਾਂ ਦੀ ਮਾਈਨਿੰਗ ਤੇ ਸੋਧ ਲਈ ਉਸ ਕੋਲ ਸਭ ਤੋਂ ਨਿਪੁੰਨ ਤਕਨੀਕ ਹੈ। ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਧਰਤੀ ਦੇ ਦੁਰਲੱਭ ਤੱਤਾਂ ਦੀ ਭੂ-ਸਿਆਸੀ ਤੌਰ ਤੇ ਬੇਹੱਦ ਮਹੱਤਤਾ ਹੈ। ਸੰਸਾਰ ਮੰਡੀ ਉੱਤੇ ਕਾਬਜ਼ ਹੋਣ ਲਈ ਵੱਡੀਆਂ ਸਾਮਰਾਜੀ ਤਾਕਤਾਂ ਲਈ ਇਹ ਤੱਤ ਵਪਾਰਕ ਏਕਾਧਿਕਾਰ ਦਾ ਵੱਡਾ ਸਾਧਨ ਹਨ। ਇਹਨਾਂ ਦੁਰਲੱਭ ਤੱਤਾਂ ਦਾ ਨਵੀਨਤਮ ਤਕਨਾਲੋਜੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੋਣ ਕਰਕੇ ਵਿਕਸਤ ਪੂੰਜੀਵਾਦੀ ਮੁਲਕਾਂ ਦੀ ਇਸਦੇ ਉਤਪਾਦਨ ਅਤੇ ਭੰਡਾਰਨ ਉੱਤੇ ਨਜ਼ਰ ਹੈ। ਟਰੰਪ ਦੁਆਰਾ ਦੁਰਲੱਭ ਤੱਤਾਂ ਨਾਲ ਭਰਪੂਰ ਗ੍ਰੀਨਲੈਂਡ ਨੂੰ ਕਬਜ਼ਾਉਣ ਪਿੱਛੇ ਮਨਸ਼ਾ ਇਹਨਾਂ ਤੱਤਾਂ ਦੀ ਸਸਤੀ ਲੁੱਟ ਅਤੇ ਚੀਨ ਤੋਂ ਬਰਾਮਦੀ ਨਿਰਭਰਤਾ ਘਟਾਉਣਾ ਹੈ। ਟਰੰਪ ਪ੍ਰਸ਼ਾਸ਼ਨ ਦੀ ਫੇਰੀ ਤੋਂ ਬਾਅਦ ਗ੍ਰੀਨਲੈਂਡ ਦੇ ਕੁਝ ਹਿੱਸਿਆਂ ਵਿੱਚ ਇਸਦੀ ਖੁਦਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸਦੇ ਨਾਲ ਹੀ ਚੀਨ ਤੋਂ ਇਹਨਾਂ ਤੱਤਾਂ ਦੀ ਬਰਾਮਦੀ ਨਿਰਭਰਤਾ ਘਟਾਉਣ ਲਈ ਅਮਰੀਕਾ ਵੱਲੋਂ ਰੂਸ ਨਾਲ ਪ੍ਰੌਕਸੀ ਜੰਗ ਦਾ ਮੋਹਰਾ ਬਣੇ ਯੂਕਰੇਨ ਨਾਲ ਵਿੱਤੀ ਸਹਾਇਤਾ ਦੇ ਇਵਜ਼ ਵਜੋਂ ਧਰਤੀ ਦੇ ਦੁਰਲੱਭ ਸ੍ਰੋਤਾਂ ਦੇ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਸਤੋਂ ਬਿਨ੍ਹਾਂ ਟਰੰਪ ਪ੍ਰਸ਼ਾਸ਼ਨ ਨੇ 20 ਅਕਤੂਬਰ, 2025 ਨੂੰ ਧਰਤੀ ਦੇ ਦੁਰਲੱਭ ਤੱਤਾਂ ਦੀ ਖੁਦਾਈ ਤੇ ਸਪਲਾਈ ਲਈ ਆਸਟ੍ਰੇਲੀਆ ਨਾਲ ‘ਅਮਰੀਕਾ-ਆਸਟ੍ਰੇਲੀਆ ਫਰੇਮਵਰਕ’ ਨਾਮੀ ਸਮਝੌਤਾ ਸਹੀਬੰਦ ਕੀਤਾ ਹੈ ਤੇ ਅਗਾਂਹ ਯੁਰੋਪੀਅਨ ਯੂਨੀਅਨ ਨਾਲ ਇਹਨਾਂ ਤੱਤਾਂ ਦੇ ਉਤਪਾਦਨ ਅਤੇ ਸਪਲਾਈ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
    ਕਿਰਤ ਤੇ ਉਤਪਾਦਨ ਦੀ ਵਿਸ਼ਵ ਵੰਡ ਵਿੱਚ ਤਕਨੀਕੀ ਲਾਹਾ ਲੈਣ ਲਈ ਧਰਤੀ ਦੇ ਦੁਰਲੱਭ ਸ੍ਰੋਤ ਅਹਿਮ ਰਣਨੀਤਕ ਮਹੱਤਵ ਰੱਖਦੇ ਹੋਣ ਕਰਕੇ ਸੰਸਾਰ ਸਾਮਰਾਜੀ ਤਾਕਤਾਂ ਵਿਚਕਾਰ ਇਹਨਾਂ ਸਾਧਨਾਂ ਉੱਤੇ ਨਿਯੰਤਰਣ ਲਈ ਮੁਕਾਬਲਾ ਵਪਾਰਕ ਜੰਗ ਨੂੰ ਹੋਰ ਤਿੱਖਾ ਕਰ ਰਿਹਾ ਹੈ। ਸੰਸਾਰ ਮੰਡੀ ਵਿੱਚ ਇਸਦੀ ਮੰਗ ਤੇ ਮਹੱਤਤਾ ਨੂੰ ਦੇਖਦੇ ਹੋਏ ਬਾਕੀ ਦੇ ਮੁਲਕ ਵੀ ਇਹਨਾਂ ਤੱਤਾਂ ਦੀ ਖੁਦਾਈ ਵੱਲ ਰੁਚਿਤ ਹੋ ਰਹੇ ਹਨ। ਭਾਰਤ ਨੇ ਵੀ ਇਸਦੀ ਖੁਦਾਈ ਵੱਲ ਕਦਮ ਵਧਾ ਦਿੱਤੇ ਹਨ। ਧਰਤੀ ਦੇ ਦੁਰਲੱਭ ਸ੍ਰੋਤਾਂ ਦੀ ਮਾਈਨਿੰਗ ਤੇ ਸੁਧਾਈ ਵਾਤਾਵਰਣ ਦੇ ਖਿਲਵਾੜ ਦੇ ਨਾਲ-ਨਾਲ ਖਾਣ ਮਜ਼ਦੂਰਾਂ ਦੀ ਸਿਹਤ ਤੇ ਕਿਰਤ ਲੁੱਟ ਨਾਲ ਵੀ ਅਟੁੱਟ ਤੌਰ ਤੇ ਜੁੜੀ ਹੋਈ ਹੈ। ਵੱਡੀਆਂ ਸਾਮਰਾਜੀ ਤਾਕਤਾਂ ਆਪਣੇ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਕੀਮਤੀ ਕੁਦਰਤੀ ਸਰੋਤਾਂ ਤੇ ਕਾਮਿਆਂ ਦੀ ਕਿਰਤ ਸ਼ਕਤੀ ਦੀ ਸਸਤੀ ਲੁੱਟ ਦੇ ਜ਼ੋਰ ਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਅਤੇ ਆਪਣੇ ਕੂਟਨੀਤਕ ਵਪਾਰਕ ਲਾਹਿਆ ਲਈ ਕੰਮ ਕਰਦੀਆਂ ਹਨ। ਸੰਸਾਰ ਤਾਕਤਾਂ ਦੀ ਇਸ ਵਪਾਰਕ ਜੰਗ ਵਿੱਚ ਕੁਦਰਤੀ ਸਰੋਤਾਂ ਤੇ ਖਾਣ ਮਜ਼ਦੂਰਾਂ ਦੀ ਸਸਤੀ ਕਿਰਤ ਲੁੱਟ ਅਣਗੌਲੀ ਰਹਿ ਰਹੀ ਹੈ।
    ਇਸਤੋਂ ਇਲਾਵਾ ਦੋਹਾਂ ਤਾਕਤਾਂ ਵਿਚਕਾਰ ਵਪਾਰਕ ਜੰਗ ਦੇ ਚੱਲਦਿਆਂ ਖੇਤੀਬਾੜੀ ਖੇਤਰ ਉੱਤੇ ਲਗਾਤਾਰ ਬੁਰਾ ਪ੍ਰਭਾਵ ਪਿਆ ਹੈ। ਚੀਨ ਵੱਲੋਂ ਅਮਰੀਕੀ ਖੇਤੀਬਾੜੀ, ਪੋਲਟਰੀ ਤੇ ਡੇਅਰੀ ਉਤਪਾਦਾਂ ਉੱਤੇ ਲਗਾਏ ਪਰਸਪਰ ਟੈਰਿਫ ਦੇ ਜੋਖਮ ਦਾ ਭੁਗਤਾਨ ਅਮਰੀਕੀ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਚੀਨ ਦੇ ਸਸਤੇ ਖੇਤੀਬਾੜੀ ਸਮਾਨ ਦੀ ਸਪਲਾਈ ਘਟਣ ਤੇ ਟੈਰਿਫ ਕਾਰਨ ਕੀਮਤਾਂ ਵਧਣ ਕਾਰਨ ਚੀਨੀ ਛੋਟੇ ਉਤਪਾਦਕਾਂ ਦੇ ਨਾਲ-ਨਾਲ ਅਮਰੀਕੀ ਖੇਤੀਬਾੜੀ ਉਤਪਾਦਨ ਉੱਤੇ ਵੀ ਬੁਰੇ ਅਸਰ ਪਏ ਹਨ। ਉਦਾਹਰਨ ਵਜੋਂ ਚੀਨ ਨੇ ਅਮਰੀਕਾ ਤੋਂ ਸੋਇਆਬੀਨ ਦੀ ਖਰੀਦ ਵਿੱਚ ਕਟੌਤੀ ਕਰਨ ਨਾਲ ਅਮਰੀਕੀ ਉਤਪਾਦਕਾਂ ਨੂੰ ਦੱਖਣੀ ਅਮਰੀਕੀ ਉਤਪਾਦਕਾਂ ਵੱਲ ਮੂੰਹ ਕਰਨਾ ਪਿਆ। ਇਸ ਸਥਿਤੀ ਵਿੱਚ ਅਮਰੀਕੀ ਕਿਸਾਨਾਂ ਲਈ ਟਰੰਪ ਦਾ ਪੁਰਾਣਾ ਜੁਮਲਾ ਵਾਰ-ਵਾਰ ਸੁਣਾਇਆ ਜਾਂਦਾ ਹੈ ਕਿ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਲਈ ਅਤੇ ਲੰਬੇ ਸਮੇਂ ਦੇ ਲਾਹੇ ਹਾਸਲ ਕਰਨ ਲਈ ਥੁੜ ਚਿਰਾ ਘਾਟਾ ਝੱਲਣਾ ਹੀ ਪੈਂਦਾ ਹੈ। ਟਰੰਪ ਦੀਆਂ ਇਹਨਾਂ ਅਰਾਜਕ ਸੁਰੱਖਿਆਵਾਦੀ ਟੈਰਿਫ ਨੀਤੀਆਂ ਕਾਰਨ ਅਮਰੀਕਾ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਲੋਕਾਂ ਲਈ ਨੌਕਰੀਆਂ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ। ਛੋਟੇ ਕਾਰੋਬਾਰ ੳੱੁਜੜ ਰਹੇ ਹਨ ਤੇ ਅਮਰੀਕੀ ਅਰਥਚਾਰਾ ਖੜੋਤ ਦੀ ਹਾਲਤ ਵਿੱਚ ਹੈ। ਅਮਰੀਕਾ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਦੇ ਮੁਨਾਫ਼ੇ ਲਗਾਤਾਰ ਅਸਮਾਨ ਛੋਹ ਰਹੇ ਹਨ ਅਤੇ ਆਮ ਲੋਕਾਂ ਲਈ ਸਿਹਤ ਸੇਵਾਵਾਂ ਵਿਤੋਂ ਬਾਹਰੀ ਹੋ ਰਹੀਆਂ ਹਨ। ਅਮਰੀਕਾ ਵਿੱਚ ਏ. ਆਈ. ਦੇ ਵਿਸਥਾਰ ਨਾਲ ਭਵਿੱਖ ਵਿੱਚ ਲੱਖਾਂ ਨੌਕਰੀਆਂ ਖਤਰੇ ਵਿੱਚ ਹਨ। ਟਰੰਪ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਭਰ ਵਿੱਚ ਵੱਡੇ-ਵੱਡੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਟਰੰਪ ਦੀ ਤਲਿਸਮੀ ਲੋਕਪ੍ਰਿਅਤਾ ਦਾ ਅਸਰ ਲਗਾਤਾਰ ਘੱਟ ਰਿਹਾ ਹੈ। ਨਵੇਂ ਵਿੱਤੀ ਵਰ੍ਹੇ ਤੇ ਫੰਡਾਂ ਦੀ ਘਾਟ ਕਾਰਨ ਸਰਕਾਰ ਨਿਯੋਜਨ ਬਿੱਲ ਨੂੰ ਪਾਸ ਕਰਨ ਵਿੱਚ ਅਸਫਲ ਰਹੀ, ਜਿਸਨੂੰ ਲੈ ਕੇ ਅਮਰੀਕਾ ਵਿੱਚ ਵੱਡਾ ਇਤਿਹਾਸਕ ਸਰਕਾਰੀ ਬੰਦ ਰਿਹਾ ਜਿਸ ਨਾਲ ਕਈ ਸੰਘੀ ਏਜੰਸੀਆਂ ਬੰਦ ਰਹੀਆਂ ਤੇ ਸਰਕਾਰੀ ਕਰਮਚਾਰੀ ਛੁੱਟੀ ਤੇ ਭੇਜ ਦਿੱਤੇ ਗਏ। ਨਿੱਜੀ ਜੇਲ੍ਹ ਕੰਪਨੀਆਂ ਵੱਲੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦੀ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ। ਅਮਰੀਕੀ ਲੋਕਾਂ ਵਿੱਚ ਅਮਰੀਕਾ ਵੱਲੋਂ ਯੂਕਰੇਨ ਅਤੇ ਇਜ਼ਰਾਇਲ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਖਿਲਾਫ ਤਿੱਖਾ ਵਿਰੋਧ ਹੈ। ਅਮਰੀਕਾ ਅੰਦਰ ਅਮੀਰੀ-ਗਰੀਬੀ ਦਾ ਪਾੜਾ ਲਗਾਤਾਰ ਗਹਿਰਾ ਹੋ ਰਿਹਾ ਹੈ। ਟਰੰਪ ਦੀਆਂ ਇਹਨਾਂ ਅਰਾਜਕ ਤੇ ਤਾਨਾਸ਼ਾਹ ਕਾਰਵਾਈਆਂ ਕਰਕੇ 18 ਅਕਤੂਬਰ ਨੂੰ 70 ਲੱਖ ਅਮਰੀਕੀਆਂ ਨੇ 2700 ਸ਼ਹਿਰਾਂ-ਕਸਬਿਆਂ ਵਿੱਚ ‘ਰਾਜਾਸ਼ਾਹੀ ਨਹੀਂ ਚੱਲੇਗੀ’ (ਨੋ ਕਿੰਗਜ) ਦੇ ਬੈਨਰ ਹੇਠ ਵੱਡੇ ਵਿਰੋਧ ਪ੍ਰਦਰਸ਼ਨ ਲਾਮਬੰਦ ਕੀਤੇ ਗਏ।
    ਕੇਂਦਰੀ ਬੈਂਕਾਂ ਅਤੇ ਆਈਐਮਐਫ ਵਰਗੀਆਂ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੇ 2025 ਵਿੱਚ ਹੀ ਸੰਸਾਰ ਭਰ ਦੇ ਲੋਕਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਟੈਰਿਫ ਝਟਕੇ ਮਹਿੰਗਾਈ ਵੱਲ ਲਿਜਾ ਸਕਦੇ ਹਨ। ਅਮਰੀਕਾ-ਚੀਨ ਵਪਾਰ ਜੰਗ ਦੇ ਚੱਲਦਿਆਂ ਚੀਨੀ ਵਸਤੂਆਂ 'ਤੇ ਅਮਰੀਕੀ ਟੈਰਿਫ ਦੇ ਵੱਡੇ ਵਿਸ਼ਵਵਿਆਪੀ ਪ੍ਰਭਾਵ ਪਏ ਹਨ। ਵਿਸ਼ਵ ਅਰਥਵਿਵਸਥਾ ਸਪਲਾਈ ਚੇਨਾਂ 'ਤੇ ਨਿਰਭਰ ਕਰਦੀ ਹੋਣ ਕਰਕੇ ਇਸ ਨਾਲ ਗਲੋਬਲ ਵਪਾਰਕ ਵਿਕਾਸ ਦਰ ਮੱਠੀ ਪੈ ਗਈ ਹੈ। ਟੈਰਿਫ ਲਾਗਤਾਂ ਵਧਾਉਂਦੇ ਹਨ ਜਿਸ ਨਾਲ ਸਰਹੱਦੋਂ ਪਾਰ ਨਿਵੇਸ਼ ਘਟਦਾ ਹੈ। ਆਈਐਮਐਫ ਦੇ ਇੱਕ ਅਨੁਮਾਨ ਮੁਤਾਬਕ ਟੈਰਿਫ ਕਾਰਨ ਸਾਲਾਨਾ ਗਲੋਬਲ ਜੀਡੀਪੀ 0.2-0.4% ਘਾਟੇ ’ਚ ਜਾ ਸਕਦੀ ਹੈ। ਟੈਰਿਫ ਆਯਾਤ 'ਤੇ ਟੈਕਸਾਂ ਵਾਂਗ ਮਾਰ ਕਰਦੇ ਹਨ। ਇਸ ਨਾਲ ਅਮਰੀਕੀ ਖਪਤਕਾਰਾਂ ਨੂੰ ਚੀਨੀ ਉਤਪਾਦਾਂ (ਇਲੈਕਟ੍ਰਾਨਿਕਸ, ਬੈਟਰੀਆਂ, ਈਵੀ ਵਾਹਨਾਂ, ਆਦਿ) ਦਾ ਵਧੇਰੇ ਮੁੱਲ ਤਾਰਨਾ ਪਿਆ ਜਿਸ ਨਾਲ ਅਮਰੀਕਾ ਵਿੱਚ ਮਹਿੰਗਾਈ ਵਧ ਗਈ। ਵਪਾਰ ਜੰਗ ਤਹਿਤ ਟੈਰਿਫ ਹਮਲੇ ਆਮ ਤੌਰ 'ਤੇ ਆਯਾਤ ਕੀਤੀਆਂ ਵਸਤੂਆਂ ਦੀ ਖਪਤਕਾਰਾਂ ਵਾਸਤੇ ਘਰੇਲੂ ਮੰਡੀ ਵਿੱਚ ਕੀਮਤ ਵਧਾਉਂਦੇ ਹਨ ਅਤੇ ਵਿਕਰੇਤਾ ਮੋਟੇ ਮੁਨਾਫ਼ੇ ਖੱਟਦੇ ਹਨ। ਟਰੰਪ ਪ੍ਰਸ਼ਾਸਨ ਇੱਕ ਪਾਸੇ ਗਰੀਬ ਮੁਲਕਾਂ ਨਾਲ ਮੁਕਤ-ਵਪਾਰ ਸਮਝੌਤਿਆਂ ਲਈ ਟੈਰਿਫ ਹਮਲਿਆਂ ਦਾ ਸਹਾਰਾ ਲੈ ਰਿਹਾ ਹੈ ਅਤੇ ਦੂਜੇ ਪਾਸੇ ਤੰਗ ਰਾਸ਼ਟਰਵਾਦੀ ਨਾਅਰੇਬਾਜ਼ੀ ਹੇਠ ਅਮਰੀਕੀ ਵੱਡੀਆਂ ਕਾਰਪੋਰੇਸ਼ਨਾਂ ਦੇ ਏਕੀਧਿਕਾਰ ਨੂੰ ਮਜ਼ਬੂਤ ਕਰ ਰਿਹਾ ਹੈ। 
ਦੂਜੇ ਪਾਸੇ ਚੀਨ ਪਹਿਲਾਂ ਹੀ ਸਵੈ-ਨਿਰਭਰਤਾ, ਘਰੇਲੂ ਖਪਤ ਅਤੇ ਗਲੋਬਲ ਸਾਊਥ ਨਾਲ ਵਪਾਰ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਟੈਰਿਫ ਹਮਲਿਆਂ ਦੇ ਚੱਲਦਿਆਂ ਉਹ ਅਮਰੀਕੀ ਦਬਾਅ ਨਾਲ ਨਜਿੱਠਣ ਲਈ ਆਸੀਆਨ, ਅਫਰੀਕਾ, ਲਾਤੀਨੀ ਅਮਰੀਕਾ ਅਤੇ ਰੂਸ ਨਾਲ ਸਬੰਧਾਂ ਨੂੰ ਹੋਰ ਵੱਧ ਮਜ਼ਬੂਤ ਕਰ ਰਿਹਾ ਹੈ। ਚੀਨ ਆਈਐਮਐਫ ਤੇ ਡਬਲਿਊਟੀਓ ਵਰਗੀਆਂ ਅਮਰੀਕੀ ਵਿੱਤੀ ਸੰਸਥਾਵਾਂ ਦੇ ਮੁਕਾਬਲੇ ਬ੍ਰਿਕਸ ਅਤੇ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਅੀੀਭ) ਵਰਗੀਆਂ ਵਿੱਤੀ ਸੰਸਥਾਵਾਂ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ। 
    ਇਹ ਵਪਾਰਕ ਜੰਗ ਵਿਸ਼ਵ ਪੂੰਜੀਵਾਦੀ ਸੰਕਟ ਦੇ ਪ੍ਰਗਟਾਵੇ ਦਾ ਇੱਕ ਲੱਛਣ ਹੈ। ਵਿਸ਼ਵ ਸ਼ਕਤੀ ਅਮਰੀਕਾ ਆਪਣੇ ਮੁੱਖ ਸ਼ਰੀਕ ਚੀਨ ਨੂੰ ਰੋਕ ਕੇ ਆਪਣੀ ਸੰਸਾਰ ਚੌਧਰ ਬਣਾਈ ਰੱਖਣ ਦੇ ਯਤਨ ਕਰ ਰਿਹਾ ਹੈ। ਇਹ ਵਪਾਰਕ ਜੰਗ ਉਤਪਾਦਨ, ਆਧੁਨਿਕ ਤਕਨਾਲੋਜੀ ਅਤੇ ਮੰਡੀਆਂ ਉੱਤੇ ਕੰਟਰੋਲ ਲਈ ਜੱਦੋਜਹਿਦ ਦਾ ਸਿੱਟਾ ਹੈ। ਨਤੀਜੇ ਵਜੋਂ ਨਵੇਂ ਦੌਰ ਦੇ ਸਾਮਰਾਜਵਾਦੀ ਪੜਾਅ ਵਿੱਚ ਵਧੇਰੇ ਆਰਥਿਕ ਰਾਸ਼ਟਰਵਾਦ, ਸੁਰੱਖਿਆਵਾਦ, ਪ੍ਰੌਕਸੀ ਜੰਗਾਂ, ਪ੍ਰਵਾਸੀ ਵਸੋਂ ਦਾ ਉਜਾੜਾ, ਵਾਤਾਵਰਣ ਦੀ ਤਬਾਹੀ, ਸਸਤੀ ਕਿਰਤ ਲੁੱਟ ਅਤੇ ਖੇਤਰੀ ਦੁਸ਼ਮਣੀਆਂ ਦਾ ਸਿਲਸਿਲਾ ਹੋਰ ਵੱਧ ਤਿੱਖਾ ਹੋਵੇਗਾ। ਸੰਸਾਰ ਭਰ ਦੇ ਲੋਕਾਂ ਨੂੰ ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਜਨਤਕ ਨਿਵੇਸ਼ ਦੀ ਮੰਗ ਨੂੰ ਲੈ ਕੇ ਸਮਾਜ ਬਦਲੀ ਦੀ ਲੜਾਈ ਲਈ ਤਿਆਰ ਹੋਣ ਦੀ ਲੋੜ ਹੈ। ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਧਰਤੀ ਦੇ ਸਾਰੇ ਕੀਮਤੀ ਸਰੋਤਾਂ, ਆਧੁਨਿਕ ਤਕਨਾਲੋਜੀ ਅਤੇ ਸਪਲਾਈ ਚੇਨਾਂ ਦਾ ਸਮਾਜੀਕਰਨ ਹੋਣਾ ਚਾਹੀਦਾ ਹੈ। 
    ਟਰੰਪ ਦੀਆਂ ਟੈਰਿਫ ਧਮਕੀਆਂ ਸਮਝੌਤੇ ਲਈ ਦਬਾਅ ਅਤੇ ਅਮਰੀਕੀ ਸਰਦਾਰੀ ਦੀ ਚੜ੍ਹਤ ਬਰਕਰਾਰ ਰੱਖਣ ਦੀ ਸਾਮਰਾਜੀ ਨੀਤੀ ਦਾ ਹਿੱਸਾ ਹਨ। ਟਰੰਪ ਦੀਆਂ ਅਰਾਜਕ ਟੈਰਿਫ ਨੀਤੀਆਂ ਅਤੇ ਅਮਰੀਕੀ-ਚੀਨੀ ਵਪਾਰਕ ਜੰਗ ਅਤੇ ਇਸ ਜੰਗ ’ਚੋਂ ਆਪਸੀ ਸੌਦੇਬਾਜ਼ੀਆਂ ਲਈ ਉਪਜੇ ਸਾਮਰਾਜੀ ਸਮਝੌਤਿਆਂ ਦੀ ਕੀਮਤ ਸੰਸਾਰ ਭਰ ਦੇ ਆਮ ਲੋਕ ਅਦਾ ਕਰ ਰਹੇ ਹਨ।  

- ਮਨਦੀਪ (+1 438-924-2052)

Sunday, October 19, 2025

ਸੰਸਾਰ ਭਰ ’ਚ ਉੱਠ ਰਹੀ ਪ੍ਰਵਾਸੀ ਵਿਰੋਧੀ ਲਹਿਰ


ਗਰੀਬ ਮੁਲਕਾਂ ਤੋਂ ਲੈ ਕੇ ਉੱਨਤ ਪੂੰਜੀਵਾਦੀ ਮੁਲਕਾਂ ਤੱਕ ਮਨੁੱਖੀ ਪ੍ਰਵਾਸ ਦੀ ਸਮੱਸਿਆ ਦਿਨ-ਬਦਿਨ ਹੋਰ ਵੱਧ ਮੁਸ਼ਕਲ ਅਤੇ ਪੇਚੀਦਾ ਹੋ ਰਹੀ ਹੈ। ਪੂੰਜੀਵਾਦੀ ਵਿਸ਼ਵੀਕਰਨ ਤਹਿਤ ਸੰਸਾਰ ਭਰ ਵਿੱਚ ਵਸੋਂ ਸੰਤੁਲਨ ਬੜੀ ਤੀਬਰਤਾ ਨਾਲ ਬਦਲ ਰਿਹਾ ਹੈ। ਪੰਜਾਬ ਅੰਦਰ ‘ਪ੍ਰਵਾਸੀ ਭਜਾਓ, ਪੰਜਾਬ ਬਚਾਓ’ ਭਾਵਨਾਵਾਂ ਤੋਂ ਲੈ ਕੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਕੇ ਆਦਿ ਵਿਕਸਿਤ ਮੁਲਕਾਂ ਵਿੱਚ ਪ੍ਰਵਾਸੀ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦਾ ਤਰਕ ਲੱਗਭਗ ਮਿਲਦਾ-ਜੁਲਦਾ ਹੈ। ਬੀਤੇ ਦਿਨਾਂ ਅੰਦਰ ਪੰਜਾਬ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੇ ਸਾਲਾ ਬੱਚੇ ਨਾਲ ਕੁਕਰਮ ਤੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਨਾਲ ਪ੍ਰਵਾਸੀਆਂ ਖਿਲਾਫ ਨਫਰਤ ਦੀ ਇੱਕ ਲਹਿਰ ਪੈਦਾ ਕੀਤੀ ਗਈ। ਇਸ ਪ੍ਰਵਾਸੀ ਵਿਰੋਧੀ ਨਫਰਤ ਨਾਲ ਪ੍ਰਵਾਸੀ ਵਸੋਂ ਨੂੰ ਜ਼ਰਾਇਮਪੇਸ਼ਾਂ ਨਸਲ ਬਣਾਕੇ ਪੇਸ਼ ਕੀਤਾ ਗਿਆ ਜਿਸਦੇ ਨਾਲ-ਨਾਲ ਭਾਸ਼ਾ, ਧਰਮ, ਸਥਾਨਕ ਲੋਕਾਂ ਦੇ ਰੁਜ਼ਗਾਰ ਹੜੱਪਣ, ਸੱਭਿਆਚਾਰਕ ਵੱਖਰੇਪਣ, ਨਸਲ ਭੇਦ ਤੇ ਕੌਮੀ ਪਹਿਚਾਣ ਲਈ ਖਤਰੇ ਵਜ਼ੋਂ ਪੇਸ਼ ਕੀਤਾ ਗਿਆ। ਇਸੇ ਤਰਜ਼ ਤੇ ਯੂਕੇ, ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਵਿੱਚ ਸਮੂਹਿਕ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਪ੍ਰਦਰਸ਼ਨ ਲਾਮਬੰਦ ਕੀਤੇ ਗਏ, ਜਿਸਦਾ ਅਧਾਰ ਬੇਰੁਜ਼ਗਾਰੀ, ਮਹਿੰਗਾਈ, ਰਿਹਾਇਸ਼ੀ ਘਰਾਂ ਦੀ ਕਿੱਲਤ, ਸੱਭਿਆਚਾਰਕ ਵੱਖਰਾਪਣ, ਅਪਰਾਧ ਅਤੇ ਨਸਲਪ੍ਰਸਤੀ ਬਣਾਇਆ ਗਿਆ। ਇਹਨਾਂ ਵਿਕਸਤ ਮੁਲਕਾਂ ਵੱਲੋਂ ਅਵਾਸ ਨੀਤੀਆਂ ਵਿੱਚ ਤਿੱਖੀਆਂ ਤੇ ਸਖਤ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਸੰਸਾਰ ਭਰ ਵਿੱਚ ਪ੍ਰਵਾਸੀ ਵਿਰੋਧੀ ਵਿਤਕਰੇਬਾਜੀ ਤੇ ਨਫ਼ਰਤ ਦਾ ਮਹੌਲ ਇੱਕ ਖ਼ਾਸ ਗਲੋਬਲ ਆਰਥਿਕ-ਸਮਾਜਿਕ ਹਾਲਤਾਂ ਤਹਿਤ ਵਾਪਰ ਰਿਹਾ ਹੈ ਜਿਸਨੂੰ ਸੱਤਾਧਾਰੀ ਤਾਕਤਾਂ ਆਪਣੇ ਮਨੋਰਥ ਲਈ ਵਰਤ ਰਹੀਆਂ ਹਨ।
    ਬੀਤੇ ਦਿਨੀਂ ਆਸਟ੍ਰੇਲੀਆ ’ਚ ਸੱਜੇ-ਪੱਖੀ ਸੰਗਠਨਾਂ, ਗੋਰੇ ਰਾਸ਼ਟਰਵਾਦੀ ਸਮੂਹਾਂ ਅਤੇ ਸਮਾਜਿਕ-ਸਿਆਸੀ ਸਖਸ਼ੀਅਤਾਂ ਨੇ ਕਈ ਸ਼ਹਿਰਾਂ ਵਿੱਚ ਸਮੂਹਿਕ ਪ੍ਰਵਾਸ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਇਸੇ ਤਰਜ਼ ਤੇ ਲੰਡਨ ਵਿੱਚ ਸਥਾਨਕ ਘੋਰ-ਸੱਜੇ ਕਾਰਕੁਨਾਂ ਦੇ ਸਮਰਥਨ ਨਾਲ ਇੱਕ ਲੱਖ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੀਤਾ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ "ਕੈਨੇਡਾ ਫਸਟ ਮੂਵਮੈਂਟ" ਤਹਿਤ ਪ੍ਰਵਾਸੀ ਵਿਰੋਧੀ ਰੈਲੀ ਕੀਤੀ ਗਈ। ਸੰਸਾਰ ਭਰ ਵਿੱਚ ਆਮ ਮਨੁੱਖੀ ਵੱਸੋਂ ਰਿਹਾਇਸ਼ੀ ਸੰਕਟ, ਸਿਹਤ ਸੰਭਾਲ ਅਤੇ ਸਿੱਖਿਆ ਖੇਤਰ ਵਿੱਚ ਕਟੌਤੀ, ਘਟਦੀ ਆਮਦਨ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਇਹ ਲੋਕਾਂ ਦੀਆਂ ਅਸਲ ਬੁਨਿਆਦੀ ਤੇ ਸਾਂਝੀਆਂ ਸਮੱਸਿਆਵਾਂ ਹਨ। ਇਹਨਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਲੋਕ ਪ੍ਰਵਾਸ ਦਾ ਆਸਰਾ ਲੈਣ ਲਈ ਮਜਬੂਰ ਹਨ। ਪ੍ਰਵਾਸ ਦਾ ਇਹ ਵਹਿਣ ਗਰੀਬ ਮੁਲਕਾਂ ਤੋਂ ਵਿਕਸਤ ਪੂੰਜੀਵਾਦੀ ਮੁਲਕਾਂ ਵੱਲ ਵਹਿ ਰਿਹਾ ਹੈ। ਇਹਨਾਂ ਮੁਲਕਾਂ ’ਚ ਨਵੇਂ ਪ੍ਰਵਾਸੀ ਅਕਸਰ ਅਸੁਰੱਖਿਅਤ ਨੌਕਰੀਆਂ, ਮਾੜੀਆਂ ਕੰਮ ਹਾਲਤਾਂ ਅਤੇ ਘੱਟ ਤਨਖਾਹ ਤੇ ਕੰਮ ਕਰਨ ਲਈ ਸਸਤੀ ਲੇਬਰ ਦਾ ਸਾਧਨ ਬਣਦੇ ਹਨ। ਇਸ ਪ੍ਰਵਾਸੀ ਵਸੋਂ ਦੀ ਮਾਲਕਾਂ ਤੇ ਸਰਕਾਰਾਂ ਵਿਰੁੱਧ ਇੱਕਜੁੱਟ ਹੋਣ ਦੀ ਸੰਭਾਵਨਾ ਮੁਕਾਬਲਤਨ ਘੱਟ ਤੇ ਮੁਸ਼ਕਲ ਹੁੰਦੀ ਹੈ। 
    ਇਹਨਾਂ ਸੰਕਟਕਾਲੀਨ ਹਾਲਤਾਂ ’ਚ ਹਾਕਮ ਜਮਾਤਾਂ ਸਥਾਨਕ ਮੂਲ ਦੇ ਲੋਕਾਂ ਨੂੰ ਪ੍ਰਵਾਸੀਆਂ ਦੇ ਵਿਰੁੱਧ ਲਾਮਬੰਦ ਕਰਕੇ ਉਹਨਾਂ ਦੀ ਜਮਾਤੀ-ਤਬਕਾਤੀ ਏਕਤਾ ਨੂੰ ਨਸਲਵਾਦ ਅਤੇ ਜ਼ੈਨੋਫੋਬੀਆ ਅਧਾਰ ਤੇ ਵੰਡਦੀਆਂ ਹਨ। ਯੂਕੇ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪ੍ਰਵਾਸੀਆਂ ਦੇ ਵਿਰੋਧ ਦੀ ਲਹਿਰ ਦੀਆਂ ਆਪਣੀਆਂ ਬਸਤੀਵਾਦੀ ਅਤੇ ਸਾਮਰਾਜਵਾਦੀ ਸ਼ੋਸ਼ਣ ਦੀਆਂ ਇਤਿਹਾਸਕ ਜੜ੍ਹਾਂ ਹਨ। ਬਸਤੀਵਾਦੀ ਅਤੇ ਸਾਮਰਾਜਵਾਦੀ ਸ਼ੋਸ਼ਣ ਨੇ ਦਹਾਕਿਆਂ ਤੋਂ ਯੁੱਧ, ਵੱਸੋਂ ਉਜਾੜਾ ਅਤੇ ਅਣਸਾਵੇਂ ਵਿਕਾਸ ਦੀ ਬੁਨਿਆਦ ਰੱਖੀ ਹੈ। ਏਸ਼ੀਆ, ਮੱਧ ਪੂਰਬ, ਅਫਰੀਕਾ ਤੇ ਦੱਖਣੀ ਏਸ਼ੀਆ, ਬਸਤੀਵਾਦੀ ਅਤੇ ਸਾਮਰਾਜਵਾਦੀ ਯੁੱਧਾਂ, ਦਖਲਅੰਦਾਜ਼ੀ ਤੇ ਉਜਾੜੇ ਦਾ ਸ਼ਿਕਾਰ ਹਨ। ਇਸ ਤਰ੍ਹਾਂ ਪ੍ਰਵਾਸ ਸੰਕਟ ਸਾਮਰਾਜਵਾਦੀ ਨੀਤੀਆਂ ਤੋਂ ਅਲਹਿਦਾ ਨਹੀਂ ਹੈ ਤੇ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਵੀ ਆਪ-ਮੁਹਾਰੇ ਨਹੀਂ ਉੱਠ ਰਹੇ ਹਨ। ਬਲਕਿ ਇਹਨਾਂ ਨੂੰ ਅਕਸਰ ਸਰਕਾਰਾਂ ਤੇ ਸਰਕਾਰੀ ਤੌਰ ਤੇ ਸੰਗਠਿਤ ਸੱਜੇ-ਪੱਖੀ ਸਮੂਹਾਂ ਦੁਆਰਾ ਭੜਕਾਇਆ ਜਾਂਦਾ ਹੈ। ਵੱਖ-ਵੱਖ ਮੁਲਕਾਂ ਅੰਦਰ ਪ੍ਰਵਾਸੀ ਤੇ ਸਥਾਨਕ ਵਸੋਂ ਵਿੱਚ ਰਾਸ਼ਟਰਵਾਦ ਬਨਾਮ ਉਦਾਰਵਾਦ ਦੀ ਬਹਿਸ ਛੇੜ ਕੇ ਕੌਮੀ ਜਨੂੰਨ ਭੜਕਾਇਆ ਜਾ ਰਿਹਾ ਹੈ।
    ਪਰੰਤੂ ਇਹਨਾਂ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਬਾਵਜੂਦ ਪੂੰਜੀਵਾਦ ਨੂੰ ਪ੍ਰਵਾਸ ਦੀ ਲੋੜ ਹਮੇਸ਼ਾਂ ਬਣੀ ਰਹੇਗੀ। ਪੂੰਜੀਵਾਦੀ ਅਰਥਵਿਵਸਥਾਵਾਂ ਸਦਾ ਘੱਟ ਤਨਖਾਹ ਵਾਲੀਆਂ ਅਤੇ ਖ਼ਤਰਨਾਕ ਨੌਕਰੀਆਂ (ਉਸਾਰੀ, ਖੇਤੀਬਾੜੀ, ਸਿਹਤ ਸੰਭਾਲ, ਆਵਾਜਾਈ, ਸੇਵਾ ਆਦਿ) ਦੀ ਪੂਰਤੀ ਲਈ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਕਰਦੀਆਂ ਹਨ। ਹਾਕਮ ਜਮਾਤ ਘੱਟ ਉਜਰਤਾਂ ਅਤੇ ਜਮਾਤੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਾਮਿਆਂ (ਮੂਲ ਅਤੇ ਪ੍ਰਵਾਸੀ) ਨੂੰ ਵੰਡ ਕੇ ਰੱਖਦੀ  ਹੈ। ਹਾਕਮ ਜਮਾਤ ਅਕਸਰ ਮਜ਼ਦੂਰ ਵਰਗ ਨੂੰ ਵੰਡਣ ਲਈ ਰਾਸ਼ਟਰਵਾਦ ਅਤੇ ਨਸਲਵਾਦ ਦੀ ਵਰਤੋਂ ਕਰਦੀ ਹੈ। ਨਾਲ ਹੀ ਆਰਥਿਕ ਤੰਗ-ਦਸਤੀ ਦੀ ਹਾਲਤ ’ਚ ਜਦੋਂ ਉਜਰਤਾਂ ਘੱਟਦੀਆਂ ਤੇ ਰਹਿਣ-ਸਹਿਣ ਦੀਆਂ ਲਾਗਤਾਂ ਵਧਦੀਆਂ ਹਨ ਤਾਂ ਹਾਕਮ ਵਰਗ ਅਤੇ ਸੱਜੇ-ਪੱਖੀ ਤਾਕਤਾਂ ਪੂੰਜੀਵਾਦੀ ਸ਼ੋਸ਼ਣ ਵੱਲ ਧਿਆਨ ਦੇਣ ਦੀ ਬਜਾਏ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਂਦੀਆਂ ਹਨ। ਇਹ ਪਾੜੋ ਅਤੇ ਰਾਜ ਕਰੋ ਦੀ ਪੁਰਾਣੀ ਰਣਨੀਤੀ ਹੈ।
    ਇਸਦੇ ਨਾਲ ਹੀ ਸਰਕਾਰਪੱਖੀ ਮੀਡੀਆ ਅਤੇ ਸਿਆਸੀ ਮੌਕਾਪ੍ਰਸਤ ਤਾਕਤਾਂ ਅਕਸਰ ਵੋਟਾਂ ਅਤੇ ਆਪਣੇ ਨਿੱਜੀ ਸੰਕੀਰਨ ਮੁਫਾਦਾਂ ਲਈ ਸਮੂਹਿਕ ਇਮੀਗ੍ਰੇਸ਼ਨ ਦੇ ਡਰ ਨੂੰ ਹਥਿਆਰ ਬਣਾਉਂਦੀਆਂ ਹਨ। ਇਹ ਤਾਕਤਾਂ ਪੂੰਜੀਵਾਦੀ ਪ੍ਰਬੰਧ ਦੇ ਵਜੂਦ ਸਮੋਈਆਂ ਵਿਰੋਧਤਾਈਆਂ ਦੀ ਬਜਾਏ ਪ੍ਰਵਾਸੀਆਂ 'ਨੂੰ ਜਿੰਮੇਵਾਰ ਮੰਨਕੇ ਝੂਠੀ ਚੇਤਨਾ ਦੇ ਪ੍ਰਚਾਰ ਤਹਿਤ ਗੁੱਸੇ ਨੂੰ ਗਲਤ ਦਿਸ਼ਾ ਵੱਲ ਮੋੜਦੀਆਂ ਹਨ। ਇਸ ਨਸਲਵਾਦੀ ਨਫ਼ਰਤ ਨਾਲ ਪ੍ਰਦੇਸ਼ੀ ਪ੍ਰਵਾਸੀਆਂ 'ਤੇ ਬੁਰੇ ਪ੍ਰਭਾਵ ਪੈਂਦੇ ਹਨ। ਪ੍ਰਵਾਸੀਆਂ ਨੂੰ ਦੁਰਵਿਵਹਾਰ, ਸਰੀਰਕ ਹਮਲਿਆਂ, ਕੰਮ ਵਾਲੀ ਥਾਂ 'ਤੇ ਬਾਹਰ ਕੱਢਣਾ ਤੇ ਵਿਤਕਰੇਬਾਜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਸ ਨਫ਼ਰਤੀ ਜ਼ਹਿਰ ਨਾਲ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨਾ ਆਸਾਨ ਹੋ ਜਾਂਦਾ ਹੈ, ਕਿਉਂਕਿ ਦੇਸ਼-ਨਿਕਾਲੇ ਜਾਂ ਸਮਾਜਿਕ ਦੁਸ਼ਮਣੀ ਦਾ ਡਰ ਉਨ੍ਹਾਂ ਨੂੰ ਜੱਥੇਬੰਦ ਹੋਣ ਜਾਂ ਆਪਣੇ ਨਾਲ ਹੁੰਦੇ ਦੁਰਵਿਵਹਾਰ ਦੀ ਰਿਪੋਰਟ ਕਰਨ ਤੋਂ ਰੋਕਦਾ ਹੈ।
ਇਸ ਨਸਲਵਾਦੀ ਵੰਡ ਨਾਲ ਮੇਜ਼ਬਾਨ ਸਮਾਜਾਂ (ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ ਆਦਿ) ਵਿੱਚ ਸਮਾਜਿਕ ਵੰਡ ਅਤੇ ਮਜ਼ਦੂਰ-ਵਰਗ ਦੀ ਏਕਤਾ ਤੇ ਅਸਰ ਪੈਂਦਾ ਹੈ। ਲੋਕ ਚੰਗੀਆਂ ਤਨਖਾਹਾਂ ਅਤੇ ਕਿਫਾਇਤੀ ਰਿਹਾਇਸ਼ ਲਈ ਲੜਨ ਦੀ ਬਜਾਏ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਉਂਦੇ ਹਨ ਜਿਸ ਨਾਲ ਸੱਜੇ-ਪੱਖੀਆਂ ਤਾਕਤਾਂ ਹੋਰ ਮਜ਼ਬੂਤ ਹੁੰਦੀਆਂ ਹਨ। ਵੱਖ-ਵੱਖ ਮੁਲਕਾਂ ’ਚ ਕੂਟਨੀਤਕ ਤਣਾਅ ਵੱਧਦਾ ਹੈ ਜਿਸ ਨਾਲ ਆਰਥਿਕ-ਵਪਾਰਕ ਸਬੰਧ ਹੋਰ ਵਿਗੜਦੇ ਹਨ ਅਤੇ ਪ੍ਰਵਾਸੀ ਲੋਕ ਕੂਟਨੀਤਿਕ ਬਦਲਾਖੋਰੀ ਦੀ ਭੇਂਟ ਚੜ੍ਹ ਜਾਂਦੇ ਹਨ। ਇਸ ਤਰ੍ਹਾਂ ਗ਼ਰੀਬ ਮੁਲਕਾਂ ਦੇ ਲੋਕ ਦੋਹਰੀ ਮਾਰ ਦਾ ਸ਼ਿਕਾਰ ਹੋ ਜਾਂਦੇ ਹਨ। ਪਹਿਲਾਂ ਸਾਮਰਾਜੀ ਬਸਤੀਵਾਦੀ ਲੁੱਟ-ਖਸੁੱਟ, ਯੁੱਧਾਂ, ਉਜਾੜੇ, ਆਰਥਿਕ ਨਿਕਾਸੀ ਵਿੱਚੋਂ ਪੈਦਾ ਹੋਏ ਪਰਵਾਸ ਕਾਰਨ ਅਤੇ ਫਿਰ ਵਿਦੇਸ਼ਾਂ ਵਿੱਚੋਂ ਜਬਰੀ ਉਜਾੜੇ ਕਾਰਨ।
    ਕੈਨੇਡਾ, ਯੂਕੇ, ਆਸਟ੍ਰੇਲੀਆ ਆਦਿ ਮੁਲਕਾਂ ’ਚ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ, ਫਾਸ਼ੀਵਾਦੀ ਤਾਕਤਾਂ ਦੀ ਵੀ ਕੇਂਦਰੀ ਭੂਮਿਕਾ ਰਹੀ ਹੈ। ਉਂਝ ਵੀ ਫਾਸ਼ੀਵਾਦੀ ਲਹਿਰਾਂ ਇਤਿਹਾਸਕ ਤੌਰ 'ਤੇ ਪੂੰਜੀਵਾਦੀ ਸੰਕਟ (ਆਰਥਿਕ ਮੰਦੀ, ਮਹਿੰਗਾਈ, ਬੇਰੁਜ਼ਗਾਰੀ, ਰਿਹਾਇਸ਼ ਦੀ ਘਾਟ) ਦੇ ਸਮੇਂ ਵਿੱਚ ਜਿਆਦਾ ਉਭਰਦੀਆਂ ਹਨ। ਉਨ੍ਹਾਂ ਦਾ ਕੰਮ ਮਜ਼ਦੂਰ ਵਰਗ ਦੇ ਗੁੱਸੇ ਨੂੰ ਪੂੰਜੀਵਾਦ ਤੋਂ ਦੂਰ ਪ੍ਰਵਾਸੀਆਂ, ਘੱਟ ਗਿਣਤੀਆਂ, ਖੱਬੇਪੱਖੀ ਤੇ ਅਗਾਂਹਵਧੂ ਤਾਕਤਾਂ ਵੱਲ ਮੋੜਣਾ ਹੁੰਦਾ ਹੈ।ਹਾਕਮ ਵਰਗ ਅਕਸਰ ਫਾਸ਼ੀਵਾਦੀਆਂ ਨੂੰ ਉਤਸ਼ਾਹਿਤ ਕਰਕੇ ਪੂੰਜੀਵਾਦੀ ਹਿੱਤਾਂ ਦੀ ਸੇਵਾ ਕਰਵਾਉਂਦੇ ਹਨ। ਯੂਕੇ ’ਚ ਟੌਮੀ ਰੌਬਿਨਸਨ ਵਰਗੇ ਸਮੂਹ ਵੱਡੇ ਪੱਧਰ 'ਤੇ ਪ੍ਰਵਾਸੀ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਨੂੰ ਲਾਮਬੰਦ ਕਰਦੇ ਹਨ। ਉਹ ਪ੍ਰਵਾਸੀਆਂ ਨੂੰ "ਹਮਲਾਵਰ" ਵਜੋਂ ਪੇਸ਼ ਕਰਕੇ ਨਸਲੀ ਸ਼ੁੱਧਤਾ ਅਤੇ ਰਾਸ਼ਟਰੀ ਪੁਨਰ-ਜਨਮ ਦੀ ਫਾਸ਼ੀਵਾਦੀ ਵਿਚਾਰਧਾਰਾ ਨੂੰ ਉਭਾਰਦੇ ਹਨ। ਆਸਟ੍ਰੇਲੀਆ ’ਚ "ਮਾਰਚ ਫਾਰ ਆਸਟ੍ਰੇਲੀਆ" ਤਹਿਤ ਨੈਸ਼ਨਲ ਸੋਸ਼ਲਿਸਟ ਨੈੱਟਵਰਕ ਅਤੇ ਵਨ ਨੇਸ਼ਨ ਦੇ ਨਸਲਪ੍ਰਸਤ ਸਮੂਹ ਗੋਰੀ ਚਮੜੀ ਦੀ ਸਰਬਸੱਤਾ ਦੇ ਰਾਸ਼ਟਰਵਾਦੀ ਪ੍ਰਚਾਰ ਨੂੰ ਫੈਲਾਉਣ ਲਈ ਇਮੀਗ੍ਰੇਸ਼ਨ ਡਰ ਦਾ ਆਸਰਾ ਲੈਦੇ ਹਨ। ਕੈਨੇਡਾ ’ਚ ਕੈਨੇਡਾ ਫਸਟ ਮੂਵਮੈਂਟ ਜਾਂ ਯੈਲੋ ਵੈਸਟਸ ਕੈਨੇਡਾ ਮੂਵਮੈਂਟ ਜ਼ੈਨੋਫੋਬੀਆ ਨੂੰ ਉਤਸ਼ਾਹਿਤ ਕਰਕੇ ਔਨਲਾਈਨ ਅਤੇ ਮਾਸ ਰੈਲੀਆਂ ਵਿੱਚ ਸਪੱਸ਼ਟ ਨਵ-ਫਾਸ਼ੀਵਾਦੀ ਬਿਆਨਬਾਜ਼ੀ ਕਰਦੇ ਦਿਖਾਈ ਦਿੰਦੇ ਹਨ। ਉਹ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਉਪਰਾਮ ਤੇ ਅਸੰਤੁਸ਼ਟ ਨੌਜਵਾਨਾਂ ਨੂੰ ਕੱਟੜਪੰਥੀ ਸਾਜ਼ਿਸ਼ ਸਿਧਾਂਤਾਂ ("ਮਹਾਨ ਬਦਲਾਵ," "ਪ੍ਰਵਾਸੀ ਨੌਕਰੀਆਂ ਚੋਰੀ ਕਰਦੇ ਹਨ") ਨਾਲ ਲੈੱਸ ਕਰਦੇ ਹਨ।
    ਗਲੋਬਲ ਆਰਥਿਕ ਗਤੀ ਧੀਮੀ ਹੋਣ ਕਾਰਨ ਸੰਸਾਰ ਭਰ ਵਿੱਚ ਕਾਮਿਆਂ ਦੀਆਂ ਉਜਰਤਾਂ ਵਿੱਚ ਖੜੋਤ ਅਤੇ ਲਾਗਤਾਂ ਵਿੱਚ ਵਾਧਾ ਹੋ ਰਿਹਾ ਹੈ। ਪੂੰਜੀਵਾਦੀ ਦੇਸ਼ਾਂ ਵਿੱਚ ਨਵਉਦਾਰਵਾਦੀ ਨੀਤੀਆਂ ਨੇ ਕਾਮਿਆਂ ਨੂੰ ਸਥਿਰ ਉਜਰਤਾਂ, ਅਸੁਰੱਖਿਅਤ ਨੌਕਰੀਆਂ ਅਤੇ ਅਸਮਾਨ ਛੂਹਦੀਆਂ ਰਿਹਾਇਸ਼/ਭੋਜਨ/ਊਰਜਾ ਲਾਗਤਾਂ ਨਾਲ ਵਿੰਨ੍ਹ ਦਿੱਤਾ ਹੈ। ਵਾਧੂ ਪੈਦਾਵਾਰ ਦੇ ਸੰਕਟ ਕਾਰਨ ਵਿਕਾਸ ਦਰ ਵਿੱਚ ਕਮੀ, ਆਟੋਮੇਸ਼ਨ, ਅਤੇ ਘਟਦੇ ਮੁਨਾਫ਼ੇ ਪੂੰਜੀ ਨੂੰ ਮਜ਼ਦੂਰਾਂ ਨੂੰ ਹੋਰ ਵੀ ਜ਼ਿਆਦਾ ਦਬਾਉਣ ਲਈ ਮਜਬੂਰ ਕਰਦੇ ਹਨ। ਵੱਡੀਆਂ ਚੁਣੌਤੀਆਂ ਵਿੱਚ ਘਿਰੀ ਸੰਸਾਰ ਸਾਮਰਾਜੀ ਆਰਥਿਕਤਾ ਦੇ ਨਾਲ ਹੀ ਮੱਧ ਪੂਰਬ, ਅਫਰੀਕਾ, ਅਫਗਾਨਿਸਤਾਨ, ਫਲਸਤੀਨ, ਲਾਤੀਨੀ ਅਮਰੀਕਾ ਆਦਿ ਥਾਵਾਂ ਤੇ ਜੰਗਾਂ, ਰਾਜਨੀਤਿਕ ਅਸਥਿਰਤਾ ਕਾਰਨ ਸ਼ਰਨਾਰਥੀ ਸੰਕਟ ਗਹਿਰਾ ਹੋ ਰਿਹਾ ਹੈ। ਦੁਨੀਆਂ ਭਰ ਵਿੱਚ ਅਮਰੀਕੀ ਸਰਦਾਰੀ ਦੇ ਪਤਨ ਦੇ ਰੁਝਾਨ ਦੇ ਮੁਕਾਬਲੇ ਚੀਨ, ਬ੍ਰਿਕਸ, ਰੂਸ, ਗਲੋਬਲ ਸਾਊਥ ਦੇ ਵਧਦੇ ਪ੍ਰਭਾਵ ਕਾਰਨ ਗਲੋਬਲ ਆਰਡਰ ਬਦਲ ਰਿਹਾ ਹੈ ਜਿਸ ਨਾਲ ਆਰਥਿਕ-ਵਪਾਰਕ ਖੇਤਰ ਵਿੱਚ ਅਸਥਿਰਤਾ ਕਾਰਨ ਵਸੋਂ ਬਣਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਤਰ੍ਹਾਂ ਆਰਥਿਕ ਮੰਦੀ, ਸਾਮਰਾਜਵਾਦੀ ਯੁੱਧ, ਕੁਦਰਤੀ ਆਫਤਾਂ, ਵਾਤਾਵਰਣਿਕ ਤਬਦੀਲੀਆਂ ਅਤੇ ਵਿਸ਼ਵਵਿਆਪੀ ਤਾਕਤਾਂ ਦੇ ਬਦਲ ਰਹੇ ਸਮਤੋਲ ਕਾਰਨ ਵੀ ਪ੍ਰਵਾਸੀ ਕਾਮਿਆਂ ਨੂੰ ਨਿਸ਼ਾਨਾ ਬਣਾਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਸੋਂ ਬਣਤਰ ਨੂੰ ਹਿਜ਼ਰਤ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
    ਮੌਜੂਦਾ ਸਮੇਂ ਇੱਕ ਨਵਾਂ ਵਿਸ਼ਵ ਆਰਥਿਕ-ਸਿਆਸੀ ਸੰਤੁਲਨ ਖੜਾ ਕਰਨ ਲਈ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਆਹਮੋ-ਸਾਹਮਣੇ ਹਨ। ਸੰਸਾਰ ਪ੍ਰਬੰਧ ਦੇ ਸਿਖਰ ਤੇ ਬੈਠੇ ਇਜਾਰੇਦਾਰ ਪੂੰਜੀਪਤੀ ਆਪਣੀ ਵਿੱਤੀ ਪੂੰਜੀ ਦਾ ਦਬਦਬਾ ਬਣਾ ਰਹੇ ਹਨ ਤੇ ਦੂਸਰੇ ਪਾਸੇ ਵਿਸ਼ਵ ਪੱਧਰ ਤੇ ਮਜ਼ਦੂਰਾਂ ਦੀ ਵਾਫਰ ਰਾਖਵੀਂ ਫੌਜ਼ ਇਹਨਾਂ ਪੂੰਜੀਪਤੀਆਂ ਲਈ ਮੁਨਾਫੇ ਪੈਦਾ ਕਰਨ ਅਤੇ ਸਸਤੀ ਕਿਰਤ ਲੁਟਾਉਣ ਲਈ ਸਰਾਪੀ ਹੋਈ ਹੈ। ਵਿਸ਼ਵ ਮੰਡੀ ਦੇ ਜਾਲ ਵਿੱਚ ਉਲਝੀ ਹੋਈ ਵਸੋਂ ਇਸ ਵਿਸ਼ਾਲ ਧਰੁਵੀਕਰਨ ਦਾ ਹਿੱਸਾ ਹੈ। ਜੰਗਾਂ-ਯੁੱਧਾਂ ਤੇ ਨਵਉਦਾਰਵਾਦੀ ਨੀਤੀਆਂ ਕਾਰਨ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਸਸਤੀ ਕਿਰਤ ਸ਼ਕਤੀ ਆਪਣੀ ਵਿਕਰੀ ਲਈ ਥਾਂ ਲੱਭਣ ਲਈ ਹੱਦਾਂ-ਸਰਹੱਦਾਂ ਤੇ ਭਟਕ ਰਹੀ ਹੈ। ਅਰਾਜਕ ਟੈਰਿਫੀ ਹਮਲਿਆਂ, ਨਵੀਂ ਤਕਨੀਕ ਅਤੇ ਪੂੰਜੀਵਾਦੀ ਉਤਪਾਦਨ ਸਮਰੱਥਾ ਵਿੱਚ ਵਾਧੇ ਕਾਰਨ, ਲੋਕਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਅਤੇ ਦੁਨੀਆਂ ਇਕ ਧਰੁੱਵੀ ਤੋਂ ਬਹੁਧਰੁਵੀ ਬਣਨ ਵੱਲ ਵਧਣ ਕਾਰਨ ਇਹ ਵਾਧੂ ਕਿਰਤ ਸ਼ਕਤੀ ਵੱਖ-ਵੱਖ ਉਤਪਾਦਨ ਖੇਤਰਾਂ ਵਿੱਚ ਸਮਾ ਨਹੀਂ ਪਾ ਰਹੀ, ਜਿਸ ਕਾਰਨ ਸਾਮਰਾਜੀ ਮੁਲਕ ਆਪਣੀਆਂ ਅਵਾਸ ਨੀਤੀਆਂ ਬਦਲਕੇ ਤੇ ਪ੍ਰਵਾਸੀ ਵਸੋਂ ਦਾ ਵਿਰੋਧ ਕਰਕੇ ਇਸ ਵਸੋਂ ਦੇ ਉਜਾੜੇ ਦਾ ਧਰਾਤਲ ਪੈਦਾ ਕਰ ਰਹੇ ਹਨ। ਅਸਲ ਅਰਥਾਂ ਵਿੱਚ ਸੰਸਾਰ ਦੀ ਕਾਰਪੋਰੇਟ ਜਮਾਤ ਦੇ ਏਜੰਡੇ ਨੂੰ ਸਰਕਾਰੀ ਨੀਤੀਆਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਜਾਰੇਦਾਰ ਪੂੰਜੀਵਾਦ ਤਹਿਤ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਦਾ ਗਲੋਬਲ ਨੈਟਵਰਕ ਸੰਸਾਰ ਭਰ ਦੇ ਸਸਤੇ ਮਨੁੱਖੀ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਕਰਕੇ ਪੂੰਜੀ ਦੇ ਇਕੱਤਰੀਕਰਨ ਦੀ ਰਫਤਾਰ ਹੋਰ ਤੇਜ ਕਰ ਰਿਹਾ ਹੈ। ਪੈਦਾਵਾਰ ਦੇ ਵਿਸ਼ਵੀਕਰਨ ਦੀ ਦਿਸ਼ਾ ’ਚ ਪੂੰਜੀਵਾਦੀ ਆਰਥਿਕਤਾ ਬੜੀ ਤੇਜ਼ੀ ਨਾਲ ਆਪਣਾ ਵਿਸ਼ਵਵਿਆਪੀ ਪਸਾਰ ਤੇ ਪ੍ਰਭਾਵ ਸਿਰਜ ਰਹੀ ਹੈ। ਬਹੁਰਾਸ਼ਟਰੀ ਕੰਪਨੀਆਂ ਦੇ ਵਿਸ਼ਵਵਿਆਪੀ ਫੈਲਾਅ ਕਾਰਨ ਅਤੇ ਸੰਸਾਰ ਪੱਧਰ ਤੇ ਪੈਦਾਵਾਰ ਦੇ ਕੇਂਦਰੀਕਰਨ ਅਤੇ ਇਸ ਕੇਦਰੀਕਰਨ ਤੋਂ ਪੈਦਾ ਹੋਏ ਇਜਾਰੇਦਾਰ ਪੂੰਜੀਵਾਦ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਇਜਾਰੇਦਾਰ ਪੂੰਜੀਵਾਦ ਦਾ ਇਹ ਦਬਦਬਾ ਹੀ ਮਨੁੱਖ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਅਸਲ ਜੜ੍ਹ ਹੈ। ਕਾਮਿਆਂ ਦੀ ਆਪਸੀ ਭਾਈਚਾਰਕ ਏਕਤਾ ਨੂੰ ਤੋੜਣ ਦੇ ਸਰਕਾਰੀ ਏਜੰਡੇ ’ਚ ਗੁੰਮਰਾਹ ਹੋਣ ਦੀ ਬਜਾਇ ਪੂੰਜੀਵਾਦ ਦੇ ਲੋਟੂ ਤੇ ਅਰਾਜਕ ਜਮੂਦ ਨੂੰ ਖਤਮ ਕਰਨ ਦੀ ਜਰੂਰਤ ਹੈ। 

                                                                                                                        -ਮਨਦੀਪ (+1 438-924-2052)

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...