Search This Blog

Wednesday, May 8, 2019

ਦੋ ਚੀਨੀ ਕਮਿਊਨਿਸਟ ਪੱਤਰਕਾਰਾਂ ਦੀ ਚੇ ਗੁਵਾਰਾ ਨਾਲ਼ ਇੱਕ ਅਣਗੌਲ਼ੀ ਮੁਲਾਕਾਤ

(ਦੋ ਚੀਨੀ ਕਮਿਊਨਿਸਟ ਪੱਤਰਕਾਰ, ਕੁੰਗ ਮਾਈ ਅਤੇ ਪਿੰਗ ਐਨ, ਨੇ 18 ਅਪ੍ਰੈਲ 1959 ਨੂੰ ਹਵਾਨਾ ਤੋਂ ਬਾਹਰ ਚੇ ਗੁਵਾਰਾ ਦੇ ਘਰ ਉਸ ਨਾਲ਼ ਦੋ ਘੰਟੇ ਦੇ ਵਕਤ ਲਈ ਇੱਕ ਮੁਲਾਕਾਤ ਕੀਤੀ, ਜਿਵੇਂ ਕਿ ਉਹਨਾਂ ਨੇ ਇਨਕਲਾਬ ਦੀ ਜਿੱਤ ਤੋਂ ਬਾਅਦ 108ਵੀਂ ਸ਼ਾਮ ਨੂੰ ਦਾਅਵਾ ਕੀਤਾ। ਉਹਨਾਂ ਨੇ ਇਸਦੀ ਰਿਪੋਰਟ 19 ਅਪ੍ਰੈਲ ਨੂੰ ਡਾਕ ਰਾਹੀਂ ਪੀਕਿੰਗ ਭੇਜ ਦਿੱਤੀ। 22 ਅਪ੍ਰੈਲ ਨੂੰ ਇਹ ਰਿਪੋਰਟ ਪੀਕਿੰਗ ਪੁੱਜ ਗਈ ਅਤੇ 23 ਅਪ੍ਰੈਲ ਨੂੰ ਲੰਡਨ ਸਥਿਤ ਪੀਕਿੰਗ ਰੇਡਿਓ ਉੱਤੇ ‘ਨਿਊ ਚਾਈਨਾ ਖਬਰ ਏਜੰਸੀ’ ਨੇ ਇਸ ਬਾਰੇ ਕੁਝ ਸੰਖੇਪ ਅਤੇ ਸਿੱਧੇ ਹਵਾਲੇ ਦਿੱਤੇ ਸਨ, ਪਰ ਪੀਕਿੰਗ ਦੇ ਤਿੰਨ ਪ੍ਰਮੁੱਖ ਅਖ਼ਬਾਰਾਂ ਤੋਂ ਇਸ ਮੁਲਾਕਾਤ ਬਾਰੇ ਕੋਈ ਰਿਪੋਰਟ ਨਹੀਂ ਮਿਲ਼ੀ। ਭਾਵੇਂ ਇਹ ਪੂਰੀ ਮੁਲਾਕਾਤ ‘ਸ਼ੀਹ-ਚੀਹ ਚਿਹ ਸ਼ਿਹ’ (ਵਿਸ਼ਵ ਗਿਆਨ) ਨਾਮ ਦੇ ਮੰਨੇ-ਪ੍ਰਮੰਨੇ ਪਰਚੇ ਵਿੱਚ 5 ਜੂਨ 1959 ਨੂੰ ਛਪੀ ਸੀ। ਇਹ ਅਣਗੌਲੀ ਮੁਲਾਕਾਤ ਕਿਊਬਾ ਵਿੱਚ ਕਿਤੇ ਨਹੀਂ ਛਪੀ ਅਤੇ ਨਾ ਹੀ ਚੀਨੀ ਭਾਸ਼ਾ ਤੋਂ ਇਸਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ। ਜਦਕਿ ਵਿਲੀਅਮ ਈ.ਰਾਤਲਿਫ ਨੇ ਇਸਦਾ ਅੰਗਰੇਜ਼ੀ ਵਿੱਚ ਸੰਪੂਰਨ ਅਨੁਵਾਦ ਕੀਤਾ। ਅਗਸਤ 1966 ਵਿੱਚ ‘ਹਿਸਪੈਨਿਕ ਅਮਰੀਕੀ ਇਤਿਹਾਸਿਕ ਰਿਵਿਊ’ ਵਿੱਚ ਇਸਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਗਈ।

ਪਹਿਲੀ ਵਾਰ ਇਸਦਾ ਅੰਗਰੇਜੀ ਅਨੁਵਾਦ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਲਾਓ ਯਾਨ ਸ਼ੁਨ ਨੇ ਕੀਤਾ ਸੀ। ਪੂਰੀ ਮੁਲਾਕਾਤ ਜੋਸਫ ਜੇ. ਲੀ. ਵੱਲੋਂ ਪ੍ਰਕਾਸ਼ਿਤ ਪੁਸਤਕ ‘ਏਸ਼ੀਅਨ ਸਰਵੇ’ (ਨਵੰਬਰ, 1964) ‘ਚੀਨੀ ਕਮਿਊਨਿਸਟਾਂ ਦੀ ਲਾਤੀਨੀ ਅਮਰੀਕੀ ਨੀਤੀ’ ਵਾਲ਼ੇ ਹਿੱਸੇ ਵਿੱਚ ਪ੍ਰਕਾਸ਼ਿਤ ਹੋਈ ਸੀ।
ਅਪ੍ਰੈਲ ਦੇ ਅੱਧ ਵਿੱਚ ਦੋ ਚੀਨੀ ਕਮਿਊਨਿਸਟ ਪੱਤਰਕਾਰਾਂ ਦੇ ਕਿਊਬਾ ਜਾਣ ਦੀ ਜਾਣਕਾਰੀ ਵਾਸ਼ਿੰਗਟਨ ਸਥਿਤ ਚੀਨ ਦੀ ਅੰਬੈਸੀ ਨਾਲ਼ ਸਬੰਧਿਤ ਫਰੈਂਕ ਤਾਓ ਪੈੇਰ੍ਸ ਨੇ ਮੁਹੱਈਆ ਕਰਵਾਈ ਕਿ ਕੁੰਗ ਮਾਈ ਅਤੇ ਪਿੰਨ ਐਨ ਨਾਂ ਦੇ ਦੋ ਪੱਤਰਕਾਰ ਕਿਊਬਾ (16 ਅਪ੍ਰੈਲ 1959) ਗਏ ਸਨ। ਅਤੇ ‘ਅਮਰੀਕੀ ਸੰਯੁਕਤ ਪ੍ਰਕਾਸ਼ਨ ਖੋਜ ਸੇਵਾ’ ਸੰਸਥਾ ਵੱਲੋਂ ਦਸਤਾਵੇਜ਼ ਨੰਬਰ 3498 ਦੇ ਹਵਾਲੇ ਨਾਲ਼ ਇਸ ਉੱਤੇ ਸਹੀ ਪਾਈ ਗਈ।)

ਵਾਰਤਾਕਾਰ : ਤੁਸੀਂ ਸਾਨੂੰ ਦੱਸੋ ਕਿ ਕਿਊਬਾ ਨੇ ਆਪਣੀ ਇਨਕਲਾਬੀ ਜਿੱਤ ਕਿਵੇਂ ਹਾਸਲ ਕੀਤੀ?
ਚੇ ਗੁਵਾਰਾ : ਨਿਸ਼ਚਿਤ ਤੌਰ ’ਤੇ ਆਪਾਂ ਗੱਲ ਉੱਥੋਂ ਸ਼ੁਰੂ ਕਰਦੇ ਹਾਂ ਜਦੋਂ ਮੈਂ ਮੈਕਸੀਕੋ ਦੀ ‘26 ਜੁਲਾਈ ਦੀ ਲਹਿਰ’ ਵਿੱਚ ਹਿੱਸਾ ਲਿਆ। ਗਰਾਨਮਾ ਦੇ ਖਤਰੇ ਨੂੰ ਪਾਰ ਕਰਨ ਤੋਂ ਪਹਿਲਾਂ ਇਸ ਸੰਸਥਾ ਦੇ ਮੈਂਬਰਾਂ ਦੇ ਸਮਾਜ ਬਾਰੇ ਵੱਖਰੇ ਵਿਚਰ ਸਨ। ਮੈਨੂੰ ਯਾਦ ਹੈ, ਮੈਕਸੀਕੋ ਵਿੱਚ ਸਾਡੇ ਪਰਿਵਾਰ ਨਾਲ਼ ਵਿਚਾਰ-ਵਟਾਂਦਰੇ ਸਮੇਂ, ਮੈਂ ਸੁਝਾਅ ਦਿੱਤਾ ਸੀ ਕਿ ਸਾਨੂੰ ਕਿਊਬਾ ਦੇ ਲੋਕਾਂ ਲਈ ਇਨਕਲਾਬੀ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ। ਮੈਂ ਇਹ ਕਦੇ ਨਹੀਂ ਭੁੱਲਿਆ ਕਿ ਉਸ ਸਮੇਂ ਮੌਨਕਾਡਾ ਆਰਮੀ ਕੈਂਪ ਉੱਤੇ ਹਮਲੇ ’ਚ ਹਿੱਸਾ ਲੈਣ ਵਾਲ਼ੇ ਇਕ ਜਣੇ ਨੇ ਕਿਵੇਂ ਜਵਾਬ ਦਿੱਤਾ ਸੀ। ਉਸਨੇ ਮੈਨੂੰ ਕਿਹਾ, “ਸਾਡੀ ਕਾਰਵਾਈ ਬਹੁਤ ਸਧਾਰਨ ਹੈ। ਇਕ ਫੌਜੀ ਬਗਾਵਤ ਸ਼ੁਰੂ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਬਾਤਿਸਤਾ ਨੇ ਆਪਣੀ ਫੌਜੀ ਕਾਰਵਾਈ ਅਰੰਭ ਕਰ ਦਿੱਤੀ ਅਤੇ ਇਕ ਸਵੇਰ ਨੂੰ ਸੱਤ੍ਹਾ ਤੇ ਕਬਜ਼ਾ ਕਰ ਲਿਆ। ਸਾਨੂੰ ਵੀ ਇੱਕ ਫੌਜ ਤਿਆਰ ਕਰਨੀ ਚਾਹੀਦੀ ਹੈ ਅਤੇ ਉਸਨੂੰ ਸੱਤ੍ਹਾ ਤੋਂ ਵਗਾਹ ਮਾਰਨਾ ਚਾਹੀਦਾ ਹੈ ਬਾਤਿਸਤਾ ਨੇ ਅਮਰੀਕੀਆਂ ਲਈ ਸੌ ਰਿਆਸਤਾਂ ਬਣਾਈਆਂ ਹਨ, ਅਤੇ ਅਸੀਂ ਇੱਕ ਸੌ ਇੱਕ ਬਣਾਵਾਂਗੇ।” ਅਤੇ ਉਸ ਸਮੇਂ ਮੈਂ ਉਸ ਨਾਲ਼ ਬਹਿਸ ਕੀਤੀ, ਕਿ ਸਾਨੂੰ ਸਿਧਾਂਤ ਦੇ ਅਧਾਰ ਤੇ ਫੌਜ ਖੜ੍ਹੀ ਕਰਨੀ ਚਾਹੀਦੀ ਹੈ ਅਤੇ ਉਸੇ ਵੇਲੇ ਅਸੀਂ ਇਸ ਗੱਲ ਨੂੰ ਵੀ ਸਮਝ ਲਈਏ ਕਿ ਸੱਤ੍ਹਾ ਉੱਤੇ ਜਿੱਤ ਹਾਸਲ ਕਰਨ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ 26 ਜੁਲਾਈ ਲਹਿਰ ਦੇ ਪਹਿਲੇ ਪੜਾਅ ਦੇ ਮੈਂਬਰਾਂ ਦੀ ਸੋਚ ਸੀ। ਅਤੇ ਜਿਨ੍ਹਾਂ ਨੇ ਉਹੀ ਵਿਚਾਰ ਫੜੀ ਰੱਖੇ ਅਤੇ ਟੱਸ ਤੋਂ ਮੱਸ ਨਹੀਂ ਹੋਏ ਉਹ ਸਾਡੀ ਇਨਕਲਾਬੀ ਲਹਿਰ ਨੂੰ ਛੱਡ ਗਏ ਅਤੇ ਹੋਰ ਰਾਹਾਂ ਦੇ ਰਾਹੀ ਬਣ ਗਏ।
ਉਸੇ ਸਮੇਂ ਤੋਂ, ਉਹ ਛੋਟੀ ਜਥੇਬੰਦੀ ਜਿਸਨੇ ਬਾਅਦ ਵਿੱਚ ਗ੍ਰਾਨਮਾ ਨੂੰ ਪਾਰ ਕੀਤਾ, ਨੂੰ ਵਾਰ-ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਕਸੀਕਨ ਅਧਿਕਾਰੀਆਂ ਦੁਆਰਾ ਕੀਤੇ ਅੰਤਹੀਣ ਜ਼ਬਰ ਤੋਂ ਇਲਾਵਾ, ਇੱਥੇ ਅੰਦਰੂਨੀ ਸਮੱਸਿਆਵਾਂ ਦੀ ਇੱਕ ਪੂਰੀ ਲੜੀ ਸੀ, ਜਿਵੇਂ ਕਿ ਉਹ ਲੋਕ ਜੋ ਸ਼ੁਰੂਆਤੀ ਸਮੇਂ ’ਚ ਹਿੰਮਤੀ ਸਨ ਪਰ ਬਾਅਦ ਵਿੱਚ ਉਹ ਬਹਾਨੇ ਘੜਨ ਲੱਗ ਪਏ ਅਤੇ ਉਹ ਫੌਜੀ ਮੁਹਿੰਮ ਤੋਂ ਦੂਰ ਹੀ ਰਹੇ। ਅਖੀਰ, ਗ੍ਰਾਨਮਾ ਪਾਰ ਕਰਦੇ ਸਮੇਂ ਜਥੇਬੰਦੀ ਵਿੱਚ ਸਿਰਫ 82 ਬੰਦੇ ਹੀ ਸਨ।
ਉਸ ਸਮੇਂ ਦੇ ਸਾਹਸੀ ਵਿਚਾਰ ਇਹ ਸਨ ਕਿ ਬਗਾਵਤ ਸ਼ੁਰੂ ਕਰਨ ਸਮੇਂ ਜਥੇਬੰਦੀ ਵਿੱਚ ਯਕਦਮ ਅਤੇ ਇਕਸਾਰ ਪਰਲੋ ਆਵੇ। ਅਸੀਂ ਸਦਮਿਆਂ ਨੂੰ ਝੱਲਿਆ। ਪਰ ਅਸੀਂ ਇਕ ਵਾਰ ਫਿਰ ਸੀਅਰਾ ਮੈਅਸਤਰਾ ਵਿੱਚ ਇਕੱਠੇ ਹੋਏ। ਕਈ ਮਹੀਨਿਆਂ ਤੱਕ ਇਹਨਾਂ ਪਹਾੜਾਂ ਵਿੱਚ ਸਾਡੀ ਜ਼ਿੰਦਗੀ ਦਾ ਹਸ਼ਰ ਬੇਦਸਤੂਰ ਰਿਹਾ। ਅਸੀਂ ਇੱਕ ਪਹਾੜੀ ਚੋਟੀ ਤੋਂ ਦੂਜੀ ਉੱਪਰ ਚੜ੍ਹਦੇ ਗਏ, ਸੋਕੇ ਦੌਰਾਨ, ਬਿਨ੍ਹਾਂ ਪਾਣੀ ਦੀ ਇੱਕ ਵੀ ਬੂੰਦ ਤੋਂ। ਅਜਿਹੀ ਹਾਲਤ ਵਿੱਚ ਜਿਊਣਾ ਬਹੁਤ ਮੁਸ਼ਕਲ ਸੀ।
ਬਾਤਿਸਤਾ ਦੀਆਂ ਫੌਜੀ ਟੁਕੜੀਆਂ ਦੇ ਜ਼ੁਲਮਾਂ ਦੇ ਝੰਬੇ ਕਿਸਾਨਾਂ ਨੇ ਹੌਲ਼ੀ-ਹੌਲ਼ੀ ਸਾਡੇ ਪ੍ਰਤੀ ਆਪਣਾ ਰਵੱਈਆ ਬਦਲਣਾ ਸ਼ੁਰੂ ਕਰ ਦਿੱਤਾ। ਉਹ ਸਾਡੇ ਗੁਰੀਲਾ ਯੂਨਿਟਾਂ ਵਿਚ ਭਾਗ ਲੈਣ ਦੀ ਸਾਡੀ ਆਨਾਕਾਨੀ ਤੋਂ ਕਤਰਾ ਗਏ। ਇਸ ਤਰ੍ਹਾਂ ਸਾਡੀਆਂ ਸਫਾਂ ਸ਼ਹਿਰੀ ਲੋਕਾਂ ਤੋਂ ਕਿਸਾਨਾਂ ਵੱਲ ਕੇਂਦਰਿਤ ਹੋ ਗਈਆਂ। ਇਸੇ ਸਮੇਂ, ਸਮਾਜਿਕ ਨਿਆਂ ਅਤੇ ਹੱਕਾਂ ਦੀ ਅਜ਼ਾਦੀ ਲਈ ਜਿਵੇਂ ਹੀ ਕਿਸਾਨਾਂ ਨੇ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਅਸੀਂ ਝੱਟ ਇੱਕ ਦਰੁਸਤ ਨਾਅਰਾ ਦਿੱਤਾ ਭੂਮੀ ਸੁਧਾਰ। ਇਸ ਨਾਅਰੇ ਨੇ ਦੱਬੇ-ਕੁਚਲੇ ਕਿਊਬਨ ਲੋਕਾਂ ਨੂੰ ਜ਼ਮੀਨਾਂ ਜਬਤ ਕਰਨ ਲਈ ਅੱਗੇ ਵਧਣ ਅਤੇ ਲੜਨ ਲਈ ਲਾਮਬੰਦ ਕਰਨ ਦਾ ਕੰਮ ਕੀਤਾ। ਇਸੇ ਸਮੇਂ ਤੋਂ ਪਹਿਲੀ ਮਹਾਨ ਸਮਾਜਿਕ ਯੋਜਨਾ ਨਿਰਧਾਰਿਤ ਹੋਈ ਅਤੇ ਬਾਅਦ ਵਿੱਚ ਇਹ ਸਾਡੀ ਲਹਿਰ ਦੇ ਸੰਘਰਸ਼ਾਂ ਦੀ ਮੁੱਖ ਅਗਵਾਈ ਦਾ ਨਾਅਰਾ ਬਣ ਗਿਆ।
ਇਹ ਉਸ ਵੇਲੇ ਸੀ ਜਦੋਂ ਕਿਊਬਾ ਦੇ ਸਾਂਤਿਆਗੋ ਵਿੱਚ ਇਕ ਤ੍ਰਾਸਦੀ ਵਾਪਰੀ, ਸਾਡਾ ਕਾਮਰੇਡ ਫਰੈਂਕ ਪਾਇਸ ਮਾਰ ਦਿੱਤਾ ਗਿਆ। ਇਸ ਤ੍ਰਾਸਦੀ ਨੇ ਸਾਡੀ ਇਨਕਲਾਬੀ ਲਹਿਰ ਵਿੱਚ ਇੱਕ ਨਵਾਂ ਮੋੜ ਪੈਦਾ ਕੀਤਾ। ਸਾਂਤਿਆਗੋ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਖੁਦ ਹੀ ਸੜਕਾਂ ਮੱਲ ਲਈਆਂ ਅਤੇ ਸਿਆਸੀ ਤੌਰ ’ਤੇ ਪਹਿਲੀ ਆਮ ਹੜਤਾਲ ਦੀ ਮੰਗ ਕੀਤੀ। ਭਾਵੇਂ ਕਿ ਹੜਤਾਲ ਦਾ ਕੋਈ ਆਗੂ ਨਹੀਂ ਸੀ, ਫਿਰ ਵੀ ਇਸਨੇ ਪੂਰੇ ਪੂਰਬੀ ਸੂਬੇ ਨੂੰ ਜਾਮ ਕਰ ਦਿੱਤਾ। ਤਾਨਾਸ਼ਾਹ ਹਕੂਮਤ ਨੇ ਇਸ ਘਟਨਾ ਨੂੰ ਦਬਾ ਦਿੱਤਾ। ਇਸ ਲਹਿਰ ਨੇ ਸਾਨੂੰ ਇਹ ਸਮਝਣ ਲਈ ਪ੍ਰੇਰਿਆ ਕਿ ਅਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਵਿੱਚ ਕਿਰਤੀ ਜਮਾਤ ਦੀ ਹਿੱਸੇਦਾਰੀ ਬਹੁਤ ਜਰੂਰੀ ਸੀ। ਫਿਰ ਅਸੀਂ ਇੱਕ ਹੋਰ ਆਮ ਹੜਤਾਲ ਦੀ ਤਿਆਰੀ ਲਈ ਕਾਮਿਆਂ ’ਚ ਗੁਪਤ ਕੰਮ ਕਰਨਾ ਸ਼ੁਰੂ ਕਰ ਦਿੱਤਾ, ਬਾਗੀ ਫੌਜ ਨੇ ਸਰਕਾਰ ਤੇ ਝਪਟ ਪੈਣ ’ਚ ਮੱਦਦ ਕੀਤੀ।
ਜਿੱਤ ਅਤੇ ਬਾਗੀ ਫੌਜ ਦੀਆਂ ਦਲੇਰ ਗੁਪਤ ਕਾਰਵਾਈਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। 9 ਅਪ੍ਰੈਲ ਦੀ ਆਮ ਹੜਤਾਲ ਤੋਂ ਸਾਰੇ ਲੋਕ ਹੈਰਾਨ ਸਨ। ਪਰ ਇਹ ਹੜਤਾਲ ਆਗੂਆਂ ਅਤੇ ਕਿਰਤੀ ਲੋਕਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਕਰਕੇ ਸਫਲ ਨਹੀਂ ਹੋ ਸਕੀ। ਤਜਰਬੇ ਨੇ 26 ਜੁਲਾਈ ਦੇ ਆਗੂਆਂ ਨੂੰ ਇਕ ਕੀਮਤੀ ਹਕੀਕਤ ਦਾ ਸਬਕ ਸਿਖਾਇਆ। ਇਨਕਲਾਬ ਇਸ ਜਾਂ ਉਸ ਖਾਸ ਧੜੇ ਨਾਲ਼ ਸਬੰਧਿਤ ਨਹੀਂ ਹੋਣਾ ਚਾਹੀਦਾ, ਇਹ ਕਿਊਬਨ ਲੋਕਾਂ ਦੇ ਪੂਰੇ ਵਜੂਦ ਨਾਲ਼ ਜੁੜਿਆ ਹੋਣਾ ਚਾਹੀਦਾ ਹੈ। ਇਸ ਸਿੱਟੇ ਨੇ ਲਹਿਰ ਦੇ ਮੈਂਬਰਾਂ ਨੂੰ ਪਹਾੜਾਂ ਅਤੇ ਮੈਦਾਨਾਂ ਦੋਹਾਂ ਥਾਵ੍ਹਾਂ ਤੇ ਸਖਤ ਮਿਹਨਤ ਕਰਨ ਲਈ ਪ੍ਰੇਰਿਆ।
ਇਸ ਸਮੇਂ ਅਸੀਂ ਆਪਣੇ ਹਿੱਸਿਆਂ ਵਿੱਚ ਇਨਕਲਾਬੀ ਸਿਧਾਂਤ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਇਹ ਸਭ ਨੇ ਦਿਖਾਇਆ ਕਿ ਬਾਗੀ ਲਹਿਰ ਪਹਿਲਾਂ ਹੀ ਪੈਦਾ ਹੋ ਗਈ ਸੀ ਅਤੇ ਇਹ ਆਪਣੀ ਸਿਆਸੀ ਪ੍ਰਪੱਕਤਾ ਹਾਸਲ ਕਰਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਥੋੜੇ ਹੀ ਸਮੇਂ ਵਿਚ ਅਸੀਂ ਸੀਅਰਾ ਮੈਸਤਰਾ ਵਿੱਚ ‘ਛੋਟੀਆਂ ਸੱਨਅਤਾਂ’ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਜ਼ਿੰਦਗੀ ਦੀ ਭਟਕਣ ਤੋਂ ਅੱਗੇ ਲੰਘ ਗਏ। ਅਸੀਂ ਆਪਣੀਆਂ ਸਭ ਤੋਂ ਵੱਧ ਲੋੜੀਂਦੀਆਂ ਲੋੜਾਂ ਪੂਰੀਆਂ ਕਰਨ ਲਈ, ਆਪਣੀਆਂ ਜੁੱਤੀਆਂ ਗੰਡੀਆਂ, ਹਥਿਆਰ ਅਤੇ ਬੰਬ ਨਿਰਮਾਣ ਫੈਕਟਰੀਆਂ ਖੜੀਆਂ ਕੀਤੀਆਂ। ਬਾਤਿਸਤਾ ਨੇ ਜਿਹੜੇ ਬੰਬ ਸਾਡੇ ਉੱਤੇ ਸੁੱਟੇ ਅਸੀਂ ਉਹ ਸਾਂਭੇ ਅਤੇ ਉਹਨਾਂ ਨੂੰ ਜ਼ਮੀਨੀ ਸੁਰੰਗਾਂ ਵਿਚ ਤਬਦੀਲ ਕਰ ਦਿੱਤਾ ਅਤੇ ਫਿਰ ਇਹ ਅਸੀਂ ਉਸ ਤਾਨਾਸ਼ਾਹ ਨੂੰ ‘ਮੋੜ’ ਦਿੱਤੇ।
ਬਾਗੀ ਫੌਜ ਦੇ ਹਰੇਕ ਆਦਮੀ ਨੇ ਸੀਅਰਾ ਮੈਅਸਤਰਾ ਅਤੇ ਹੋਰ ਖਿੱਤਿਆਂ ਵਿੱਚ ਆਪਣੇ ਮੁੱਢਲੇ ਫਰਜਾਂ ਨੂੰ ਯਾਦ ਕੀਤਾ : ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਕਰਨ, ਜ਼ਮੀਨਾਂ ਜਬਤ ਕਰਨ ਦੇ ਸੰਘਰਸ਼ ਵਿੱਚ ਹਿੱਸਾ ਲੈਣ ਅਤੇ ਸਕੂਲਾਂ ਦੀ ਉਸਾਰੀ ਕਰਨ ਬਾਰੇ। ਖੇਤੀਬਾੜੀ ਕਾਨੂੰਨ ਦੀ ਪਹਿਲੀ ਵਾਰ ਕੋਸ਼ਿਸ਼ ਕੀਤੀ ਗਈ, ਇਨਕਲਾਬੀ ਢੰਗਾਂ ਦੀ ਵਰਤੋਂ ਕਰਦੇ ਹੋਏ ਅਸੀਂ ਤਾਨਾਸ਼ਾਹ ਹਕੂਮਤ ਦੇ ਅਧਿਕਾਰੀਆਂ ਦੀਆਂ ਵੱਡੀਆਂ ਜਗੀਰਾਂ ਨੂੰ ਜ਼ਬਤ ਕਰ ਲਿਆ ਅਤੇ ਸਾਰੀ ਰਾਜਕੀ ਮਾਲਕੀ ਵਾਲ਼ੀ ਜ਼ਮੀਨ ਕਿਸਾਨਾਂ ਵਿੱਚ ਵੰਡ ਦਿੱਤੀ। ਇਸ ਸਮੇਂ ਇੱਥੇ ਇਕ ਕਿਸਾਨ ਲਹਿਰ ਪੈਦਾ ਹੋਈ, ਜੋ ਬਹੁਤ ਨੇੜਿਓਂ ਜ਼ਮੀਨ ਨਾਲ਼ ਜੁੜੀ ਹੋਈ ਸੀ, ਜ਼ਮੀਨੀ ਸੁਧਾਰਾਂ ਅਤੇ ਇਸਦੇ ਝੰਡੇ ਹੇਠ।
9 ਅਪ੍ਰੈਲ ਦੀ ਹੜਤਾਲ ਦੀ ਅਸਫਲਤਾ ਦੇ ਸਿੱਟੇ ਵਜੋਂ ਬਾਤਿਸਤਾ ਨੇ ਮਈ ਦੇ ਅਖੀਰ ਵਿੱਚ ਬਰਬਰ ਜਬਰ ਕਰਨਾ ਸ਼ੁਰੂ ਕਰ ਦਿੱਤਾ। 25 ਮਈ ਨੂੰ ਦੁਸ਼ਮਣ ਦੀ ਦਸ ਹਜ਼ਾਰ ਫੌਜ਼ ਨੇ ਸਾਡੇ ਫੌਜ਼ੀ ਕੈਂਪ ਉੱਤੇ ਹਮਲਾ ਕੀਤਾ ਅਤੇ ਇਸਦਾ ਨਿਸ਼ਾਨਾ ਸਾਡੇ ਕਮਾਂਡਰ ਕਾਸਤਰੋ ਦੀ ਅਗਵਾਈ ਵਿੱਚ ਲੜ ਰਹੀ ਟੁੱਕੜੀ ਸੀ। ਭਾਵੇਂ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਸੀਅਰਾ ਮੈਸਤਰਾ ਵਿੱਚ ਉਸ ਸਮੇਂ ਸਾਡੇ ਕੋਲ ਦੁਸ਼ਮਣ ਦੀ ਦਹਿ-ਹਜ਼ਾਰ ਫੌਜ ਦਾ ਮੁਕਾਬਲਾ ਕਰਨ ਲਈ ਮੁਸ਼ਕਲ ਨਾਲ਼ ਤਿੰਨ ਸੌ ‘ਮੁਕਤੀ’ ਬਦੂੰਕਾਂ ਸਨ। ਲਗਭਗ 30 ਜੁਲਾਈ ਤੱਕ ਇਸ ਮੁਹਿੰਮ ਨੇ ਸਹੀ ਯੁੱਧਨੀਤਿਕ ਅਗਵਾਈ ਕਾਰਨ ਬਾਤਿਸਤਾ ਦੇ ਹਮਲੇ ਦੀ ਜਾਂਚ ਕੀਤੀ ਸੀ ਅਤੇ ਬਾਗੀ ਫੌਜ ਬਚਕੇ ਹਮਲੇ ਵੱਲ ਵਧ ਗਈ।
ਇਸ ਹਮਲੇ ਤੋਂ ਬਾਅਦ ਬਾਗੀ ਫੌਜ ਨੇ ਮੈਦਾਨੀ ਇਲਾਕਿਆਂ ਵੱਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ ਯੁੱਧਨੀਤਿਕ ਮਹੱਤਤਾ ਅਤੇ ਮਨੋਵਿਗਿਆਨਿਕ ਪ੍ਰਭਾਵ ਸੀ, ਕਿਉਂਕਿ ਉਸ ਸਮੇਂ ਸਾਡੇ ਹਥਿਆਰ ਗੁਣਵੱਤਾ ਅਤੇ ਮਾਤਰਾ ਦੋਹਾਂ ਵਿੱਚ ਹੀ ਤਾਨਾਸ਼ਾਹ ਸਰਕਾਰ ਦੀ ਤੁਲਨਾ ’ਚ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਇਸ ਲੜਾਈ ਵਿੱਚ ਸਾਡੇ ਕੋਲ ਸਭ ਤੋਂ ਚੰਗੇ ਭਾਈਵਾਲ ਸਨ, ਪਰ ਲੋਕਾਂ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ। ਸਾਡੇ ਸਿਪਾਹੀ ਦੁਸ਼ਮਣ ਨਾਲ਼ ਛੇੜਛਾੜ ਅਤੇ ਸਭ ਤੋਂ ਵੱਧ ਅਸਥਿਰ ਮਿਲਟਰੀ ਅਹੁਦਿਆਂ ਉੱਤੇ ਕਬਜ਼ਾ ਕਰਨ ਤੋਂ ਨਹੀਂ ਸੀ ਰੁੱਕ ਸਕਦੇ। ਇਹ ਸਿਰਫ਼ ਸਾਡੀਆਂ ਫੌਜੀ ਇਕਾਈਆਂ ਦੀ ਵਧੀਆ ਯੁੱਧਨੀਤੀ ਦਾ ਸਿੱਟਾ ਹੀ ਨਹੀਂ ਸੀ ਸਗੋਂ ਸਭ ਤੋਂ ਮਹੱਤਵਪੂਰਨ ਕਿਸਾਨਾਂ ਦੀ ਵੱਧ ਤੋਂ ਵੱਧ ਮੱਦਦ ਕਰਨਾ ਸੀ। ਉਹਨਾਂ ਨੇ ਉਹ ਸਭ ਕੀਤਾ ਜੋ ਬਾਗੀ ਫੌਜ ਨਹੀਂ ਸੀ ਕਰ ਸਕਦੀ। ਉਹਨਾਂ ਨੇ ਗੁਪਤ ਰਿਪੋਰਟਾਂ ਬਣਾਈਆਂ, ਦੁਸ਼ਮਣ ਫੌਜ ਉੱਤੇ ਨੇੜਿਓਂ ਨਿਗ੍ਹਾ ਰੱਖੀ, ਦੁਸ਼ਮਣ ਦੇ ਕਮਜੋਰ ਪੱਖਾਂ ਦਾ ਖੁਰਾ ਦੱਬਿਆ, ਜਰੂਰੀ ਪੱਤਰਾਂ ਨੂੰ ਸੰਚਾਰਿਤ ਕਰਨ ਅਤੇ ਕੱਠਪੁੱਤਲੀ ਫੌਜ ਵਿੱਚ ਜਾਸੂਸਾਂ ਵਜੋਂ ਕੰਮ ਕੀਤਾ। ਇਹ ਕੋਈ ਚਮਤਕਾਰ ਨਹੀਂ ਸੀ ਜੋ ਇਹ ਸਾਰੇ ਮੌਕਾ-ਮੇਲ ਬਣਾਉਦਾ ਸੀ, ਸਗੋਂ ਇਹ ਸਾਡੇ ਵੱਲੋਂ ਕਿਸਾਨਾਂ ਅਤੇ ਪਸ਼ੂ-ਪਾਲਕਾਂ ਦੇ ਲਾਹੇ ਲਈ ਨੀਤੀਆਂ ਦੀ ਪਾਲਣਾ ਕਰਨ ਕਰਕੇ ਸੀ। ਜਦੋਂ ਸੀਅਰਾ ਮੈਸਤਰਾ ਵਿਚ ਸਾਡੇ ਉੱਤੇ ਦੁਸ਼ਮਣ ਦਾ ਹਮਲਾ ਹੋਇਆ ਅਤੇ ਭੁੱਖ ਨੇ ਸਾਡੀ ਜਾਨ ਕੱਢ ਲਈ ਸੀ, ਤਾਂ ਦਸ ਹਜ਼ਾਰ ਪਸ਼ੂਆਂ ਨੂੰ ਪਹਾੜੀ ਇਲਾਕਿਆਂ ਵਿਚ ਜ਼ਮੀਨ ਮਾਲਕਾਂ ਦੇ ਸਰਹੱਦੀ ਖੇਤਰ ਤੋਂ ਭਜਾ ਦਿੱਤਾ ਗਿਆ। ਸਾਡੇ ਕੋਲ ਸਿਰਫ ਬਾਗੀ ਫੌਜ ਵਿਚ ਹੀ ਸਪਲਾਈ ਕਰਨ ਲਈ ਕਾਫੀ ਪਸ਼ੂ ਨਹੀਂ ਸਨ ਸਗੋਂ ਕੁਝ ਕਿਸਾਨਾਂ ਵਿੱਚ ਵੀ ਵੰਡੇ ਜਾ ਸਕਦੇ ਸਨ। ਇਹ ਪਹਿਲੀ ਵਾਰ ਸੀ ਕਿ ਜਦੋਂ ਇਸ ਇਲਾਕੇ ਦੇ ਗਰੀਬਾਂ ਨੇ ਖਾਸ ਤੌਰ ਤੇ ਕਿਸੇ ਤੋਂ ਇੰਝ ਪਸ਼ੂ ਹਾਸਲ ਕੀਤੇ ਹੋਣ। ਇਹ ਵੀ ਪਹਿਲੀ ਵਾਰ ਹੋਇਆ ਸੀ ਜਦੋਂ ਉਹਨਾਂ ਨੇ ਕੋਈ ਸਿੱਖਿਆ ਪ੍ਰਾਪਤ ਕੀਤੀ ਹੋਵੇ, ਕਿਉਂਕਿ ਇਨਕਲਾਬ ਨੇ ਉਹਨਾਂ ਨੂੰ ਸਕੂਲ ਮੁਹੱਈਆ ਕਰਵਾਏ।
ਇਸ ਦੌਰਾਨ, ਤਾਨਾਸ਼ਾਹ ਹਕੂਮਤ ਹਾਲੇ ਵੀ ਬਲਾਤਕਾਰ, ਲੁੱਟ, ਕਤਲੋਗਾਰਦ ਅਤੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਬਾਹਰ ਸੁੱਟ ਰਹੀ ਸੀ। ਇਸਨੇ ਭਲੇ ਅਤੇ ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਆਪਣੇ ਉੱਤਰੀ ਸਹਿਯੋਗੀ, ਸੰਯੁਕਤ ਰਾਜ ਅਮਰੀਕਾ ਤੋਂ ਨਾਪਾਮ* ਦੀ ਵਰਤੋਂ ਕੀਤੀ।
ਇਸ ਸਮੇਂ ਹੋਇਆ ਇਹ ਕਿ ਅਸੀਂ ਫੌਜ ਨੂੰ ਲਾਸ ਵੀਲਾਸ ਸੂਬੇ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ। ਜਿਓਂ ਹੀ ਅਸੀਂ ਇੱਥੇ ਪਹੁੰਚੇ ਅਸੀਂ ਇੱਕ ਇਨਕਲਾਬੀ ਐਲਾਨ ਜਾਰੀ ਕੀਤਾ, ਜੋ ਕਿ ਜ਼ਮੀਨੀ ਸੁਧਾਰਾਂ ਦੀ ਐਲਾਨ ਸੀ। ਇਸ ਐਲਾਨ ਵਿੱਚ ਕਿਹਾ ਗਿਆ ਸੀ ਕਿ ਛੋਟੇ ਜ਼ਮੀਨ ਮਾਲਕਾਂ ਨੂੰ ਜ਼ਮੀਨੀ ਟੈਕਸ ਦੀ ਅਦਾਇਗੀ ਨਹੀਂ ਕਰਨੀ ਚਾਹੀਦੀ। ਨਿਸ਼ਚਿਤ ਤੌਰ ’ਤੇ ਜ਼ਮੀਨੀ ਸੁਧਾਰ ਬਾਗੀ ਫੌਜ ਲਈ ਢਾਲ ਦੀ ਤਰ੍ਹਾਂ ਸੀ, ਅਸੀਂ ਜ਼ਮੀਨੀ ਸੁਧਾਰ ਦਾ ਝੰਡਾ ਉੱਚਾ ਚੁੱਕਿਆ। ਇੱਕ ਸਾਲ ਅਤੇ ਅੱਠ ਮਹੀਨੇ ਦੇ ਇਨਕਲਾਬੀ ਅਮਲ ਦੌਰਾਨ, ਕਿਸਾਨਾਂ ਅਤੇ ਅਗੂਆਂ ਨੇ ਇਨਕਲਾਬ ਨੂੰ ਸੰਭਵ ਬਣਾਉਣ ਲਈ ਸਦਭਾਵਨਾ ਦੇ ਜੋ ਰਿਸ਼ਤੇ ਸਥਾਪਿਤ ਕੀਤੇ ਉਹ ਕਲਪਨਾ ਤੋਂ ਪਰ੍ਹੇ ਹਨ। ਇਹ ਸਾਡੇ ਕੀਤਿਆਂ ਨਹੀਂ ਹੋਇਆ ਸਗੋਂ ਇਹ ਕਿਸਾਨਾਂ ਦੀ ਤਾਕਤ ਨਾਲ਼ ਵਾਪਰਿਆ। ਇਸ ਤਰ੍ਹਾਂ ਦੀ ਤਾਕਤ ਨੇ ਸਾਨੂੰ ਇਸ ਗੱਲ ’ਤੇ ਵਿਸ਼ਵਾਸ਼ ਕਰਨ ਦੀ ਪ੍ਰੇਰਨਾ ਦਿੱਤੀ ਕਿ ਜੇਕਰ ਅਸੀਂ ਕਿਸਾਨਾਂ ਨੂੰ ਜਗਾ ਸਕਦੇ ਹਾਂ, ਉਹਨਾਂ ਨੂੰ ਜਥੇਬੰਦ ਕਰ ਸਕਦੇ ਹਾਂ ਤਾਂ ਕਿਸਾਨਾਂ ਦੇ ਮੁੱਕੇ ਜਿੱਤ ਨੂੰ ਯਕੀਨੀ ਬਣਾ ਦੇਣਗੇ।
ਸੀਅਰਾ ਮੈਅਸਤਰਾ ਦੇ ਕਾਨੂੰਨ ਨੰਬਰ 3 ਦਾ ਐਲਾਨ ਕਰਦਿਆਂ 3 ਨਵੰਬਰ ਨੂੰ ਬਾਤਿਸਤਾ ਨੇ ਆਮ ਚੋਣਾਂ ਦਾ ਅਯੋਜਨ ਕੀਤਾ। ਇਸ ਵਿੱਚ ਜ਼ਮੀਨੀ ਸੁਧਾਰ ਜਾਰੀ ਰੱਖਣ ਦਾ ਇਰਾਦਾ ਸ਼ਾਮਲ ਸੀ : ਕਿਸੇ ਵੀ ਗੰਨਾ ਪੈਦਾਕਾਰ ਕਿਸਾਨ ਨੂੰ ਮੁਫ਼ਤ ਵੰਡ ਅਤੇ ਮਾਲਕੀ ਦਾ ਹੱਕ ਦੇਣਾ, ਜਿੰਨ੍ਹਾਂ ਕੋਲ ਦੋ ਕਾਬਾਜ਼ੇਰੀਆ** ਤੋਂ ਘੱਟ ਜ਼ਮੀਨ ਹੈ ਅਤੇ ਇਹ ਜ਼ਮੀਨ ਤਾਨਾਸ਼ਾਹ ਸਰਕਾਰ ਅਤੇ ਉਸਦੇ ਅਧਿਕਾਰੀਆਂ ਦੇ ਕੰਟਰੋਲ ’ਚ ਹੋਵੇਗੀ, ਅਤੇ ਉਹਨਾਂ ਲੋਕਾਂ ਦੀ ਜ਼ਮੀਨ ਵੀ ਜਿੰਨ੍ਹਾਂ ਨੇ ਹਜ਼ਾਰਾਂ ਕਾਬਾਜ਼ੇਰੀਆ ਉੱਤੇ ਜ਼ਬਰਦਸਤੀ ਕਬਜੇ ਕੀਤੇ। ਇਸ ਜ਼ਮੀਨ ਸੁਧਾਰ ਕਾਨੂੰਨ ਤਹਿਤ ਦੋ ਲੱਖ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਇਆ। ਪਰ ਹਾਲੇ ਵੀ ਜ਼ਰੱਈ ਇਨਕਲਾਬ ਦਾ ਕਾਨੂੰਨ ਨੰਬਰ 3 ਲਾਗੂ ਨਹੀਂ ਹੋਇਆ। ਇਹ ਜਰੂਰੀ ਹੈ ਕਿ ਰਾਜਕੀ ਸੰਵਿਧਾਨ ਵਿਚ ਲਾਤੀਫੁੰਦੀਆ (ਵੱਡੇ ਭੂਮੀਪਤੀ) ਪ੍ਰਣਾਲੀ ਦਾ ਵਿਰੋਧ ਕੀਤਾ ਜਾਵੇ, ਜਿਹੜੀ ਕਿ ਸਾਡੇ ਖੇਤੀ ਢਾਂਚੇ ਦੀ ਵਿਸ਼ੇਸ਼ਤਾ ਹੈ। ਇਹ ਲਾਤੀਫੁੰਦੀਆ ਪ੍ਰਣਾਲੀ ਕੌਮੀ ਪਛੜੇਪਣ ਅਤੇ ਕਿਸਾਨ ਲੋਕਾਈ ਦੇ ਦੁੱਖ-ਤਕਲੀਫਾਂ ਦਾ ਕਾਰਨ ਹੈ। ਇਹ ਕਾਰਨ ਵੀ ਪ੍ਰਭਾਸ਼ਿਤ ਨਹੀਂ ਕੀਤਾ ਗਿਆ।
ਲਾਤੀਫੁੰਦੀਆ ਪ੍ਰਣਾਲੀ ਨੂੰ ਖਤਮ ਕਰਨ ਲਈ ਮੁਹੱਈਆ ਕਰਵਾਏ ਗਏ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਲਈ ਕਿਸਾਨਾਂ ਨੂੰ ਖੁਦ ਯਤਨ ਕਰਨੇ ਹੋਣਗੇ। ਮੌਜੂਦਾ ਰਾਜ ਸੰਵਿਧਾਨ ਵਿੱਚ ਜਦੋਂ ਵੀ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਲਾਜ਼ਮੀ ਮਾਇਕ ਮੁਆਵਜ਼ਾ ਪ੍ਰਦਾਨ ਕਰਦਾ ਹੈ ਅਤੇ ਇਸ ਅਧੀਨ ਜ਼ਮੀਨੀ ਸੁਧਾਰ ਢਿੱਲੇ ਅਤੇ ਮੁਸ਼ਕਲ ਦੋਵੇਂ ਹੋਣਗੇ। ਹੁਣ ਇਨਕਲਾਬ ਦੀ ਜਿੱਤ ਤੋਂ ਬਾਅਦ, ਜਿੰਨ੍ਹਾਂ ਕਿਸਾਨਾਂ ਨੇ ਅਜ਼ਾਦੀ ਹਾਸਲ ਕੀਤੀ ਹੈ, ਉਹਨਾਂ ਨੂੰ ਸਮੂਹਿਕ ਕਾਰਵਾਈਆਂ ਵਿੱਚ ਅੱਗੇ ਵਧਣਾ ਚਾਹੀਦਾ ਹੈ ਅਤੇ ਜਮਹੂਰੀ ਢੰਗ ਨਾਲ਼ ਲਾਤੀਫੁੰਦੀਆ ਪ੍ਰਣਾਲੀ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਸੱਚੇ ਤੇ ਵਿਆਪਕ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ।
ਵਾਰਤਾਕਾਰ : ਕਿਊਬਨ ਇਨਕਲਾਬ ਨੂੰ ਹੁਣ ਕਿਹੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸਦੀਆਂ ਮੌਜੂਦਾ ਜ਼ਿੰਮੇਵਾਰੀਆਂ ਕੀ ਹਨ ?
ਚੇ ਗੁਵਾਰਾ : ਪਹਿਲੀ ਮੁਸ਼ਕਲ ਇਹ ਹੈ ਕਿ ਸਾਡੇ ਨਵੇਂ ਐਕਸ਼ਨ ਪੁਰਾਣੀ ਬੁਨਿਆਦ ਉੱਤੇ ਹੋਣੇ ਚਾਹੀਦੇ ਹਨ। ਕਿਊਬਾ ਦੀ ਲੋਕ ਵਿਰੋਧੀ ਹਕੂਮਤ ਅਤੇ ਫੌਜ ਪਹਿਲਾਂ ਹੀ ਤਬਾਹ ਹੋ ਚੁੱਕੀ ਹੈ, ਪਰ ਤਾਨਾਸ਼ਾਹ ਸਮਾਜਿਕ ਪ੍ਰਣਾਲੀ ਅਤੇ ਇਸਦੀ ਆਰਥਿਕ ਬੁਨਿਆਦ ਹਾਲੇ ਖਤਮ ਨਹੀਂ ਕੀਤੀ ਗਈ। ਕੁਝ ਬਜੁਰਗ ਲੋਕ ਹਾਲੇ ਵੀ ਕੌਮੀ ਢਾਂਚੇ ਅਧੀਨ ਕੰਮ ਕਰ ਰਹੇ ਹਨ। ਇਨਕਲਾਬੀ ਜਿੱਤ ਦੇ ਫਲ ਦੀ ਸੁਰੱਖਿਆ ਅਤੇ ਇਨਕਲਾਬ ਦੇ ਲਗਾਤਾਰ ਵਿਕਾਸ ਦੀ ਸਮਰੱਥਾ ਲਈ ਸਾਨੂੰ ਸਾਡੀ ਸਰਕਾਰ ਦੀ ਮਜ਼ਬੂਤੀ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਦੂਜਾ, ਕੀ ਨਵੀਂ ਸਰਕਾਰ ਉਨ੍ਹਾਂ ਗੜਬੜਾਂ ਨੂੰ ਰੋਕ ਸਕਦੀ ਸੀ, ਜਦੋਂ ਬਾਤਿਸਤਾ ਕੌਮੀ ਖਜਾਨੇ ਨੂੰ ਸੰਨ ਲਾ ਕੇ ਭੱਜ ਰਿਹਾ ਸੀ, ਕੌਮੀ ਆਰਥਿਕਤਾ ਲਈ ਗੰਭੀਰ ਸਮੱਸਿਆਵਾਂ ਖੜੀਆਂ ਕਰ ਗਿਆ ਸੀ। ਤੀਜਾ, ਕਿਊਬਾ ਦੀ ਭੂਮੀ ਪ੍ਰਣਾਲੀ ਇਕ ਅਜਿਹੀ ਭੂਮੀ ਪ੍ਰਣਾਲੀ ਹੈ ਜਿਸ ਵਿੱਚ ਲਾਤੀਫੁੰਦੀਆ (ਵੱਡੇ ਭੂਮੀਪਤੀ) ਨੂੰ ਵੱਡੀ ਮਾਤਰਾ ਵਿੱਚ ਜ਼ਮੀਨ ਮਿਲ਼ਦੀ ਹੈ ਜਦਕਿ ਉਸੇ ਸਮੇਂ ਦੂਜੇ ਪਾਸੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੁੰਦੇ ਹਨ। ਚੌਥਾ, ਹਾਲੇ ਵੀ ਸਾਡੇ ਸਮਾਜ ਵਿਚ ਨਸਲੀ ਵਿਤਕਰੇਬਾਜ਼ੀ ਹੈ ਜੋ ਲੋਕਾਂ ਦੀ ਅੰਦਰੂਨੀ ਇੱਕਮੁੱਠਤਾ ਨੂੰ ਹਾਸਲ ਕਰਨ ਦੀ ਯੋਗਤਾ ਲਈ ਲਾਹੇਵੰਦੀ ਨਹੀਂ ਹੈ। ਪੰਜਵਾਂ, ਸਾਡੇ ਦੇਸ਼ ’ਚ ਘਰਾਂ ਦਾ ਕਿਰਾਇਆ ਸੰਸਾਰ ਵਿੱਚ ਸਭ ਤੋਂ ਵੱਧ ਹੈ। ਇੱਕ ਪਰਿਵਾਰ ਨੂੰ ਆਪਣੀ ਆਮਦਨ ਦਾ ਤੀਜਾ ਹਿੱਸਾ ਅਕਸਰ ਕਿਰਾਏ ਲਈ ਦੇਣਾ ਪੈਂਦਾ ਹੈ। ਸੰਖੇਪ ਰੂਪ ’ਚ, ਕਿਊਬਨ ਸਮਾਜ ਦੀ ਆਰਥਿਕਤਾ ਦੀਆਂ ਬੁਨਿਆਦਾਂ ਵਿੱਚ ਸੁਧਾਰ ਬਹੁਤ ਮੁਸ਼ਕਲ ਹੈ ਅਤੇ ਇਹ ਲੰਮਾ ਸਮਾਂ ਲਵੇਗਾ।
ਸਮਾਜ ਦੇ ਆਦੇਸ਼ ਸਥਾਪਿਤ ਕਰਨ ਅਤੇ ਕੌਮੀ ਜੀਵਨ ਦਾ ਜਮਹੂਰੀਕਰਨ ਕਰਨ ਲਈ, ਨਵੀਂ ਸਰਕਾਰ ਨੇ ਕਈ ਸਕਾਰਾਤਮਕ ਕਦਮ ਚੁੱਕੇ ਹਨ। ਅਸੀਂ ਕੌਮੀ ਅਰਥਵਿਵਸਥਾ ਦੀ ਬਹਾਲੀ ਲਈ ਕਈ ਯਤਨ ਕੀਤੇ ਹਨ। ਮਿਸਾਲ ਦੇ ਤੌਰ ਤੇ, ਸਰਕਾਰ ਨੇ ਕਿਰਾਇਆ ਪੰਜਾਹ ਪ੍ਰਤੀਸ਼ਤ ਘੱਟ ਕਰਨ ਦਾ ਕਾਨੂੰਨ ਪਾਸ ਕੀਤਾ ਹੈ। ਬੀਤੇ ਸਮੇਂ ਇਹ ਸਾਹਿਲ ਕਾਨੂੰਨ ਸੀ ਕਿ ਸਮੁੰਦਰੀ ਕੰਢਿਆਂ ਉੱਤੇ ਕਬਜਾ ਕਰੀ ਬੈਠੇ ਘੱਟਗਿਣਤੀ ਲੋਕਾਂ ਦੇ ਵਿਸ਼ੇਸ਼ ਹੱਕਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਰੀਅਲ ਅਸਟੇਟ ਦੀ ਕੀਮਤ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ਼ ਪਿਛਲੇ ਇਕ ਹਜ਼ਾਰ ਪੈਸੋ (ਫੲਸੋ-ਕਿਊਬਨ ਕਰੰਸੀ) ਤੋਂ ਚਾਰ ਸੌ ਪੈਸੋ ਤੱਕ ਡਿੱਗ ਗਈ ਹੈ, ਅਤੇ ਵਿੱਕਰੀ ਤੋਂ ਆਮਦਨ ਦੇਸ਼ ਦੇ ਸਮੂਹਿਕ ਫਾਇਦੇ ਲਈ ਇੱਕ ਵਿਸ਼ੇਸ਼ ਨਿਵੇਸ਼ ਲਈ ਵਰਤੀ ਜਾਂਦੀ ਹੈ। ਜਦੋਂ ਤੋਂ ਸਰਕਾਰ ਨੇ ਪੁਰਾਣੇ ਅਧਿਕਾਰੀਆਂ ਤੋਂ ਰੀਅਲ ਅਸਟੇਟ ਅਤੇ ਇਮਾਰਤਾਂ ਦਾ ਨਿਯੰਤਰਣ ਆਪਣੇ ਹੱਥ ਲਿਆ ਅਤੇ ਬਾਅਦ ਵਿੱਚ ਇਸਨੂੰ ਲੋਕਾਂ ਹੱਥ ਸੌਂਪ ਦਿੱਤਾ ਤਾਂ ਤੁਰੰਤ ਇਸਦੀ ਆਮਦਨ 20 ਲੱਖ ਪੈਸੋਜ਼ (ਫੲਸੋਸ) ਤੱਕ ਅੱਪੜ ਗਈ। ਦੇਸ਼ ਦੀਆਂ ਕੌਮੀ ਸੱਨਅਤਾਂ ਦੇ ਫਾਇਦੇ ਅਤੇ ਤੰਬਾਕੂ ਤੇ ਕੱਪੜਾ ਸੱਨਅਤਾਂ ਦੇ ਵਿਕਾਸ ਲਈ ਤਸਕਰੀ ਦੇ ਸਾਰੇ ਵਿਹਾਰਕ ਉਦੇਸ਼ਾਂ ਨੂੰ ਖਤਮ ਕਰ ਦਿੱਤਾ ਗਿਆ। ਹੋਰ ਬੁਨਿਆਦੀ ਵਿਧੀਆਂ, ਜਿਵੇਂ ਕਿ ਹੁਣ ਦਰਾਮਦ ਟੈਕਸ, ਟੈਕਸ ਸੁਧਾਰ, ਅਤੇ ਖਣਿਜ਼ ਪਦਾਰਥਾਂ ਨੂੰ ਨਿਯਮਤ ਕਰਦਾ ਕਾਨੂੰਨ ਆਦਿ ਬਣਾਏ ਜਾ ਰਹੇ ਹਨ।
ਸਭ ਤੋਂ ਮਹੱਤਵਪੂਰਨ ਕਾਨੂੰਨ ਜ਼ਮੀਨੀ ਸੁਧਾਰ ਕਾਨੂੰਨ ਹੈ, ਜੋ ਕਿ ਜਲਦੀ ਹੀ ਲਾਗੂ ਕੀਤਾ ਜਾਵੇਗਾ। ਇਸਤੋਂ ਇਲਾਵਾ, ਜਲਦੀ ਹੀ ਸਾਨੂੰ ਇਕ ‘ਕੌਮੀ ਜ਼ਮੀਨੀ ਸੁਧਾਰ ਸੰਸਥਾ’ ਦੇ ਦਰਸ਼ਨ ਕਰਨ ਨੂੰ ਮਿਲ਼ਣਗੇ। ਸਾਡੇ ਇੱਥੇ ਹਾਲੇ ਜ਼ਮੀਨੀ ਸੁਧਾਰ ਬਹੁਤੇ ਤੇਜ਼ ਨਹੀਂ ਹਨ, ਇਹ ਉਸ ਤਰ੍ਹਾਂ ਨਹੀਂ ਹਨ ਜਿਵੇਂ ਚੀਨ ਵਿੱਚ ਹਨ। ਫਿਰ ਵੀ ਇਸਨੂੰ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਤੇਜ ਮੰਨਿ੍ਹਆਂ ਜਾਣਾ ਚਾਹੀਦਾ ਹੈ।
ਜਦੋਂ ਅਸੀਂ ਜਲਦੀ ਹੀ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਸੁਝਾਅ ਦਿੰਦੇ ਹਾਂ ਅਤੇ ਇਨਕਲਾਬੀ ਕਾਨੂੰਨ ਬਣਾਉਂਦੇ ਹਾਂ, ਅਸੀਂ ਖਾਸ ਤੌਰ ਤੇ ਜ਼ਮੀਨ ਦੀ ਮੁੜ ਵੰਡ, ਵਿਸ਼ਾਲ ਕੌਮੀ ਮੰਡੀ ਦੀ ਸਥਾਪਨਾ ਅਤੇ ਇਕ ਵੱਡੀ ਆਰਥਿਕਤਾ ਦਾ ਵਿਚਾਰ ਰੱਖਦੇ ਹਾਂ। ਇਸੇ ਵਿੱਚ ਲੋਕਾਂ ਦਾ ਹਿੱਤ ਹੈ। ਜਿੱਥੋਂ ਤੱਕ ਮੌਜੂਦਾ ਸਮੇਂ ’ਚ ਜ਼ਮੀਨੀ ਸੁਧਾਰ ਦਾ ਸਵਾਲ ਹੈ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗੰਨਾ ਪੈਦਾਵਾਰ ਅਤੇ ਪੈਦਾਵਾਰ ਦੀਆਂ ਤਕਨੀਕਾਂ ਨੂੰ ਸੁਧਾਰਨ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੂਜਾ, ਇਹ ਸੰਭਵ ਬਣਾਉਣਾ ਕਿ ਕਿਸਾਨਾਂ ਕੋਲ ਖੇਤੀ ਲਈ ਆਪਣੀ ਜ਼ਮੀਨ ਹੋਵੇ, ਖਾਲੀ ਜ਼ਮੀਨ ਉੱਤੇ ਖੇਤੀ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਸਾਰੀ ਵਾਹੀਯੋਗ ਜ਼ਮੀਨ ਉਤੇ ਖੇਤੀ ਹੋਵੇ। ਤੀਸਰਾ ਹੈ ਪੈਦਾਵਾਰ ਵਧਾਉਣਾ, ਪੈਦਾਵਾਰ ਵਧਾਉਣ ਅਤੇ ਅਨਾਜ ਦੀ ਦਰਾਮਦ ਘਟਾਉਣਾ (ਤੀਜੇ ਸਾਲ ਅਨਾਜ ਦਾ ਮੌਜੂਦਾ ਅਯਾਤ ਵਿਦੇਸ਼ੀ ਮੁਦਰਾ ਵਿਚ 50 ਲੱਖ ਪੈਸੋ ਹੈ)। ਚੌਥਾ ਲੋਕਾਂ ਦੇ ਕੌਫੀ ਅਤੇ ਤੰਬਾਕੂ ਦੇ ਸਟੋਰ ਸਥਾਪਿਤ ਕਰਨਾ, ਜਾਇਜ਼ ਕੀਮਤਾਂ ਤੈਅ ਕਰਨਾ ਅਤੇ ਵਿਚੋਲਿਆਂ ਦੁਆਰਾ ਲੁੱਟ ਨੂੰ ਖਤਮ ਕਰਨਾ। ਪੰਜਵਾਂ ਪਸ਼ੂ-ਪਾਲਣ ਨੂੰ ਉਤਸ਼ਾਹਿਤ ਕਰਨਾ। ਸਾਨੂੰ ਸਮੱਸਿਆਵਾਂ ਨੂੰ ਅਣਦੇਖਿਆ ਕਰਨ ਅਤੇ ਇਸਨੂੰ ਵਧਣ ਤੋਂ ਰੋਕਦਿਆਂ ਬਿਨਾਂ ਕਿਸੇ ਅਣਗਹਿਲੀ ਦੇ ਕੌਮੀ ਸੱਨਅਤਾਂ ਲਈ ਕੰਮ ਕਰਨਾ ਚਾਹੀਦਾ ਹੈ। ਸਨਅਤੀਕਰਣ ਲਈ ਨਵੀਆਂ ਸਨਅਤਾਂ ਲਈ ਸੁਰੱਖਿਅਤ ਕਦਮ ਚੁੱਕਣ ਦੀ ਲੋੜ ਹੈ ਅਤੇ ਅੰਦਰੂਨੀ ਬਾਜ਼ਾਰ ’ਚ ਖਪਤਕਾਰ ਲਈ ਨਵੀਆਂ ਉਪਜਾਂ ਦੀ, ਮਿਸਾਲ ਦੇ ਤੌਰ ’ਤੇ ਜੇਕਰ ਅਸੀਂ ਗੁਆਖੀਰੋ*** ਮਾਰਕਿਟ ਦਾ ਮੁੱਖ ਦੁਆਰ ਨਹੀਂ ਖੋਲ੍ਹਦੇ ਜਿਸਦੀ ਖਪਤਕਾਰਾਂ ਨੂੰ ਲੋੜ ਹੈ ਪਰ ਖਰੀਦਣ ਦੀ ਸਮਰੱਥਾ ਨਹੀਂ ਹੈ, ਤਾਂ ਅੰਦਰੂਨੀ ਬਾਜ਼ਾਰ ਨੂੰ ਵਧਾਉਣ ਦਾ ਕੋਈ ਤਰੀਕਾ ਨਹੀਂ ਹੈ।
ਘਟਨਾਵਾਂ ਪੂਰੀ ਤਰ੍ਹਾਂ ਸਾਡੇ ’ਤੇ ਨਿਰਭਰ ਨਹੀਂ ਕਰਦੀਆਂ, ਅਸੀਂ ਉਹਨਾਂ ਲੋਕਾਂ ਦਾ ਵਿਰੋਧ ਕਰਾਂਗੇ ਜੋ ਸਾਡੇ ਕੌਮੀ ਵਪਾਰ ਦੇ 70 ਪ੍ਰਤੀਸ਼ਤ ਤੋਂ ਵੱਧ ਹਿੱਸੇ ਉੱਤੇ ਕੰਟਰੋਲ ਕਰਦੇ ਹਨ। ਇਸ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਲਈ ਸਾਨੂੰ ਇਸਦਾ ਤੋੜ ਤਿਆਰ ਕਰਨਾ ਚਾਹੀਦਾ ਹੈ, ਦੁੱਗਣੇ ਵਿਸਥਾਰਤ ਵਿਦੇਸ਼ੀ ਬਜ਼ਾਰ ਵਾਂਗ। ਖੰਡ, ਤੰਬਾਕੂ ਅਤੇ ਹੋਰ ਉਪਜਾਂ ਦੀ ਢੋਆ-ਢੁਆਈ ਲਈ ਸਾਨੂੰ ਇੱਕ ਵਪਾਰਿਕ ਸਮੁੰਦਰੀ ਬੇੜਾ ਤਿਆਰ ਕਰਨਾ ਚਾਹੀਦਾ ਹੈ, ਕਿਉਂਕਿ ਢੋਆ-ਢੁਆਈ ਲਈ ਸਮੁੰਦਰੀ ਬੇੜੇ ਦੇ ਖਰਚੇ ਕਿਊਬਾ ਵਰਗੇ ਪੱਛੜੇ ਦੇਸ਼ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਜੇਕਰ ਅਸੀਂ ਦੇਸ਼ ਦੀ ਸਨਅਤੀ ਸਫਲਤਾ ਚਾਹੁੰਦੇ ਹਾਂ ਤਾਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ? ਇਹ ਹੈ ਕੱਚਾ ਮਾਲ। ਬਾਤਿਸਤਾ ਦੀ ਤਾਨਾਸ਼ਾਹ ਸਰਕਾਰ ਕਰਕੇ, ਸਾਰਾ ਕੌਮੀ ਕੱਚਾ ਮਾਲ ਵਿਦੇਸ਼ੀ ਸਹਿਯੋਗੀ ਸਾਜਿਸ਼ਕਾਰਾਂ ਦੇ ਹੱਥਾਂ ਵਿਚ ਸੀ। ਅਸੀਂ ਆਪਣੇ ਮੁਲਕ ਦੇ ਕੱਚੇ ਪਦਾਰਥਾਂ ਨੂੰ ਹੱਥੋਂ ਅਜਾਈਂ ਨਹੀਂ ਜਾਣ ਦੇ ਸਕਦੇ, ਸਾਡਾ ਜ਼ਖੀਰਾ ਰਾਖਵਾਂ ਹੈ। ਸੱਨਅਤੀਕਰਨ ਦਾ ਇਕ ਹੋਰ ਤੱਤ ਬਿਜਲੀ ਹੈ, ਅਸੀਂ ਇਹ ਵਾਅਦਾ ਕਰਦੇ ਹਾਂ ਕਿ ਬਿਜਲੀ ਪਾਵਰ ਲੋਕਾਂ ਨੂੰ ਵਾਪਸ ਦਿੱਤੇ ਜਾਣਗੇ। ਉਪਰੋਕਤ ਯੋਜਨਾ ਨੂੰ ਪ੍ਰਾਪਤ ਕਰਨ ਲਈ ਸਾਡੀ ਤਾਕਤ ਕਿੱਥੇ ਹੈ? ਸਾਡੇ ਕੋਲ ਵਿਦਰੋਹੀ ਫੌਜ ਹੈ। ਸਾਨੂੰ ਜਲਦੀ ਹੀ ਕਿਸਾਨਾਂ-ਮਜਦੂਰਾਂ ਦੀਆਂ ਫੌਜੀ ਟੁਕੜੀਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ, ਉਹਨਾਂ ਨੂੰ ਆਧੁਨਿਕ ਸਿਧਾਂਤਾਂ ਅਤੇ ਤਕਨੀਕ ਨਾਲ਼ ਲੈੱਸ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੁਸ਼ਮਣ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਚੁੱਕਣ ਦੇ ਯੋਗ ਬਣਾਉਣਾ ਚਾਹੀਦਾ ਹੈ। ਕੌਮੀ ਮੁੜ ਉਸਾਰੀ ਲਈ ਕਈ ਵਿਸ਼ੇਸ਼ ਹਕਾਂ ਦੀ ਲੋੜ ਪਵੇਗੀ। ਇਸ ਲਈ ਸਾਨੁੰ ਬਹੁਰੂਪੀਏ ਅਤੇ ਖੁੱਲ੍ਹੇ ਦੁਸ਼ਮਣਾਂ ਤੋਂ ਸਾਡੇ ਮੁਲਕ ਦੀ ਸੁਰੱਖਿਆ ਲਈ ਤਿਆਰ-ਬਰ-ਤਿਆਰ ਰਹਿਣਾ ਹੋਵੇਗਾ। ਨਵੀਂ ਫੌਜ ਨੂੰ ਨਵੀਂ ਤਰਜ਼ ਦੀ ਫੌਜ ਬਣਨਾ ਪਵੇਗਾ, ਮੁਕਤੀ ਦੀ ਲੜਾਈ ਲਈ, ਲੋਕਾਂ ਨੂੰ ਫੌਜ ਵਿੱਚ ਬਦਲਣਾ ਪਵੇਗਾ, ਇੱਕ ਪਾਸੇ ਪੈਦਾਵਾਰ ਦੂਜੇ ਪਾਸੇ ਫੌਜੀ ਸਿਖਲਾਈ। ਇਹ ਬਹੁਤ ਜਰੂਰੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਇੱਕ ਛੋਟਾ ਜਿਹਾ ਦੇਸ਼ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ, ਤਾਂ ਉਸ ਕੋਲ ਵੱਡੀ ਤਾਕਤ ਦੀ ਢੋਈ ਹੋਵੇਗੀ, ਤਾਕਤਵਰ ਦੇਸ਼ ਦੀ। ਅਜਿਹੇ ਸਮੇਂ ਸਾਨੂੰ ਆਪਣੇ ਖਿੱਤੇ ਵਿੱਚ ਵੱਡੀ ਪੱਧਰ ’ਤੇ ਇਸ ਹਮਲੇ ਦਾ ਵਿਰੋਧ ਕਰਨਾ ਪਏਗਾ। ਇਸ ਲਈ ਸਾਨੂੰ ਜਲਦੀ ਤਿਆਰੀ ਕਰਨੀ ਚਾਹੀਦੀ ਹੈ।
ਵਾਰਤਾਕਾਰ : ਕਿਊਬਾ ਦੇਸੀ ਅਤੇ ਵਿਦੇਸ਼ੀ ਪਿਛਾਖੜੀ ਦੁਸ਼ਮਣਾਂ ਖਿਲਾਫ ਕਿਵੇਂ ਸੰਘਰਸ਼ ਕਰੇਗਾ? ਇਨਕਲਾਬ ਦਾ ਭਵਿੱਖ ਕੀ ਹੈ ?
ਚੇ ਗੁਵਾਰਾ : ਕਿਊਬਨ ਇਨਕਲਾਬ ਜਮਾਤੀ ਇਨਕਲਾਬ ਨਹੀਂ ਹੈ, ਪਰ ਮੁਕਤੀ ਲਹਿਰ ਹੈ ਜਿਸਨੇ ਤਾਨਾਸ਼ਾਹੀ, ਜ਼ੁਲਮੀ ਸਰਕਾਰ ਨੂੰ ਤਬਾਹ ਕੀਤਾ ਹੈ। ਲੋਕਾਂ ਨੇ ਅਮਰੀਕੀ ਸ਼ਹਿ ਪ੍ਰਾਪਤ ਬਾਤਿਸਤਾ ਹਕੂਮਤ ਨੂੰ ਆਪਣੇ ਦਿਲ ਦੀਆਂ ਡੂੰਘੀਆਂ ਤੈਹਾਂ ਵਿੱਚੋਂ ਨਫਰਤ ਕੀਤੀ, ਉਹ ਉੱਠ ਖੜੇ ਹੋਏ ਅਤੇ ਇਸਨੂੰ ਵਗਾਹ ਮਾਰਿਆ। ਇਨਕਲਾਬੀ ਸਰਕਾਰ ਨੇ ਲੋਕਾਂ ਦੇ ਸਾਰੇ ਤਬਕਿਆਂ ਦੀ ਹਿਮਾਇਤ ਹਾਸਲ ਕੀਤੀ ਕਿਉਂਕਿ ਇਸਦੇ ਆਰਥਿਕ ਪੈਮਾਨਿਆਂ ਨੇ ਸਾਰਿਆਂ ਦੀਆਂ ਲੋੜਾਂ ਦਾ ਖਿਆਲ ਰੱਖਿਆ ਅਤੇ ਲੋਕਾਂ ਦੀ ਰੋਜ਼ੀ ਅਤੇ ਗੁਜ਼ਾਰੇ ’ਚ ਹੌਲ਼ੀ-ਹੌਲ਼ੀ ਸੁਧਾਰ ਕੀਤਾ। ਦੇਸ਼ ਵਿੱਚ ਸਿਰਫ਼ ਵੱਡੇ ਭੂਮੀਪਤੀ ਅਤੇ ਪਿਛਾਖੜੀ ਬੁਰਜੂਆਜੀ ਦੋ ਦੁਸ਼ਮਣ ਹੀ ਬਚੇ ਹਨ। ਉਹ ਉਹਨਾਂ ਜ਼ਮੀਨੀ ਸੁਧਾਰਾਂ ਦਾ ਵਿਰੋਧ ਕਰਦੇ ਹਨ ਜੋ ਉਹਨਾਂ ਦੇ ਨਿੱਜੀ ਹਿੱਤਾਂ ਨਾਲ਼ ਟਕਰਾਉਂਦੇ ਹਨ। ਇਹ ਅੰਦਰੂਨੀ ਪਿਛਾਖੜੀ ਤਾਕਤਾਂ ਵਿਦੇਸ਼ੀ ਪਿਛਾਖੜੀ ਤਾਕਤਾਂ ਦੀ ਭੜਕਾਹਟ ਵਿੱਚ ਆ ਕੇ ਤੇ ਉਹਨਾਂ ਨਾਲ਼ ਗੱਠਜੋੜ ਕਰਕੇ ਇਨਕਲਾਬੀ ਸਰਕਾਰ ਉੱਤੇ ਹਮਲਾ ਕਰ ਸਕਦੀਆਂ ਹਨ।
ਕਿਊਬਨ ਇਨਕਲਾਬ ਦੇ ਇੱਕੋ-ਇੱਕ ਵਿਦੇਸ਼ੀ ਦੁਸ਼ਮਣ ਉਹ ਲੋਕ ਹਨ ਜਿਹੜੇ ਅਮਰੀਕਾ ਦੇ ਵਿਦੇਸ਼ੀ ਵਿਭਾਗ ਨਾਲ਼ ਸਬੰਧਿਤ ਹਨ ਅਤੇ ਜਿਹਨਾਂ ਦੀ ਸਰਮਾਏ ਉੱਤੇ ਇਜ਼ਾਰੇਦਾਰੀ ਹੈ। ਇਹ ਲੋਕ ਕਿਊਬਨ ਇਨਕਲਾਬ ਦੀ ਜਿੱਤ ਅਤੇ ਇਸਦੇ ਲਗਾਤਾਰ ਵਿਕਾਸ ਤੋਂ ਘਬਰਾਏ ਹੋਏ ਹਨ। ਉਹਨਾਂ ਨੂੰ ਹਾਰ ਪ੍ਰਵਾਨ ਨਹੀਂ ਹੋ ਰਹੀ। ਉਹ ਕਿਊਬਾ ਸਰਕਾਰ ਅਤੇ ਇਸਦੀ ਆਰਥਿਕਤਾ ਉੱਤੇ ਕੰਟਰੋਲ ਰੱਖਣ ਲਈ ਅਤੇ ਬਾਕੀ ਦੇ ਲਾਤੀਨੀ ਅਮਰੀਕੀ ਮੁਲਕਾਂ ਵਿੱਚ ਕਿਊਬਨ ਇਨਕਲਾਬ ਦੇ ਵਧਦੇ ਪ੍ਰਭਾਵ, ਲੋਕ ਸੰਘਰਸ਼ਾਂ ਨੂੰ ਥੰਮਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਮੈਂ ਇਸ ਮੌਕੇ ਲਾਤੀਨੀ ਅਮਰੀਕਾ ਦੇ ਹੋਰਨਾ ਮੁਲਕਾਂ ਦੇ ਲੋਕਾਂ ਨਾਲ਼ ਕਿਊਬਾ ਦੇ ਇਨਕਲਾਬ ਦੀ ਜਿੱਤ ਦੇ ਪ੍ਰਭਾਵ ਬਾਰੇ ਥੋੜ੍ਹੀ ਗੱਲ ਕਰਨਾ ਚਾਹਾਂਗਾ। ਅੱਜ ਕਿਊਬਾ ਦੇ ਸਾਰੇ ਲੋਕ ਲੜਾਈ ਜਾਰੀ ਰੱਖ ਰਹੇ ਹਨ। ਕਿਊਬਨ ਲੋਕ ਤਾਨਾਸ਼ਾਹੀ ਨੂੰ ਉਲਟਾਉਣ ’ਚ ਮਿਲ਼ੀ ਜਿੱਤ ਨਾਲ਼ ਕੀਤੇ ਜਾਣ ਵਾਲ਼ੇ ਕਿਸੇ ਵੀ ਤਰ੍ਹਾਂ ਦੇ ਗਰਭਪਾਤ ਨੂੰ ਰੋਕਣ ਲਈ ਆਪਣੀ ਏਕਤਾ ਨੂੰ ਕਾਇਮ ਰੱਖਣਗੇ ਅਤੇ ਇਸ ਜਿੱਤ ਨੂੰ ਸਾਰੇ ਲਾਤੀਨੀ ਅਮਰੀਕਾ ਦੀ ਜਿੱਤ ਦੇ ਸਿਰ ਦਾ ਤਾਜ ਬਣਾਉਣਗੇ।
ਸਾਡੇ ਇਨਕਲਾਬ ਨੇ ਹਰੇਕ ਦੂਜੇ ਲਾਤੀਨੀ ਅਮਰੀਕੀ ਮੁਲਕ ਲਈ ਮਿਸਾਲ ਕਾਇਮ ਕੀਤੀ ਹੈ। ਸਾਡੇ ਇਨਕਲਾਬ ਦੇ ਤਜਰਬੇ ਅਤੇ ਸਬਕ ਕੌਫੀ ਹਾਊਸਾਂ ਵਿੱਚ ਧੂੰਏਂ ਵਾਂਗ ਫੈਲਣ ਦਾ ਕਾਰਨ ਬਣੇ ਹਨ। ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਦਿ੍ਰੜ ਇੱਛਾ ਅਤੇ ਥੋੜੇ ਜਿਹੇ ਵਿਅਕਤੀਆਂ ਦੀ ਛੋਟੀ ਦਲੇਰ ਟੁਕੜੀ ਨਾਲ਼ ਵੀ ਬਗਾਵਤ ਸ਼ੁਰੂ ਕੀਤੀ ਜਾ ਸਕਦੀ ਹੈ, ਸਿਰਫ ਉਹਨਾਂ ਲੋਕਾਂ ਦੀ ਹਿਮਾਇਤ ਕਰਨਾ ਜਰੂਰੀ ਹੈ ਜੋ ਮੁਕਾਬਲਾ ਕਰ ਸਕਣ, ਹਾਰ ਦੇ ਅੰਤ ਤੱਕ, ਸਰਕਾਰ ਦੀ ਨਿਯਮਿਤ ਅਨੁਸ਼ਾਸ਼ਤ ਫੌਜ ਨਾਲ਼। ਜ਼ਮੀਨੀ ਸੁਧਾਰ ਨੂੰ ਲਾਗੂ ਕਰਨਾ ਵੀ ਜਰੂਰੀ ਹੈ। ਇਹ ਇੱਕ ਹੋਰ ਤਰਜ਼ਬਾ ਹੈ ਜਿਸਦੀ ਸਾਡੇ ਲਾਤੀਨੀ ਅਮਰੀਕੀ ਭਰਾਵਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਆਰਥਿਕ ਮੋਰਚੇ ਅਤੇ ਖੇਤੀਬਾੜੀ ਢਾਂਚੇ ਦੇ ਸਬੰਧ ’ਚ ਉਹ ਵੀ ਉਸੇ ਪੜਾਅ ਉੱਤੇ ਹਨ ਜਿਸ ਉੱਤੇ ਅਸੀਂ ਹਾਂ।
ਮੌਜੂਦਾ ਸੰਕੇਤ ਬਹੁਤ ਸਪੱਸ਼ਟ ਹਨ ਕਿ ਉਹ ਹੁਣ ਕਿਊਬਾ ਵਿੱਚ ਦਖਲ ਦੇਣ ਅਤੇ ਕਿਊਬਨ ਇਨਕਲਾਬ ਨੂੰ ਤਬਾਹ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਵਿਦੇਸ਼ੀ ਦੁਸ਼ਮਣਾਂ ਦਾ ਪੁਰਾਣਾ ਤਰੀਕਾਕਾਰ ਹੈ। ਸਭ ਤੋਂ ਪਹਿਲਾਂ ਉਹ ਸਿਆਸੀ ਹਮਲਾ ਕਰਦੇ ਹਨ, ਅਤੇ ਇਹ ਪ੍ਰਚਾਰ ਕਰਦੇ ਹਨ ਕਿ ਕਿਊਬਾ ਦੇ ਲੋਕ ਕਮਿਊਨਿਜ਼ਮ ਦਾ ਵਿਰੋਧ ਕਰ ਰਹੇ ਹਨ। ਇਹ ਝੂਠੇ ਲੋਕਤੰਤਰੀ ਆਗੂ ਕਹਿੰਦੇ ਹਨ ਕਿ ਸੰਯੁਕਤ ਰਾਸ਼ਟਰ ਅਮਰੀਕਾ ਇੱਕ ਸਮੁੰਦਰੀ ਕੰਢੇ ’ਤੇ ਕਮਿਊਨਿਸਟ ਦੇਸ਼ ਦੀ ਇਜਾਜਤ ਨਹੀਂ ਦੇ ਸਕਦਾ। ਉਸੇ ਸਮੇਂ ਉਹ ਆਪਣੇ ਆਰਥਿਕ ਹਮਲੇ ਨੂੰ ਤੇਜ਼ ਕਰਦੇ ਹਨ ਅਤੇ ਕਿਊਬਾ ਨੂੰ ਆਰਥਿਕ ਮੁਸ਼ਕਲਾਂ ਵਿਚ ਫਸਾਉਣ ਦਾ ਕਾਰਨ ਬਣਦੇ ਹਨ। ਬਾਅਦ ਵਿੱਚ ਉਹ ਕਿਸੇ ਕਿਸਮ ਦੇ ਝਗੜੇ ਦਾ ਬਹਾਨਾ ਲੱਭਦੇ ਹਨ ਅਤੇੇ ਫਿਰ ਕਿਊਬਾ ਵਿੱਚ ਦਖਲਅੰਦਾਜ਼ੀ ਕਰਨ ਅਤੇ ਕਿਊਬਾ ਦੇ ਲੋਕਾਂ ਨੂੰ ਨਿਯੰਤਰਿਤ ਕਰਨ ਲਈ ਕੌਮਾਂਤਰੀ ਸੰਸਥਾਵਾਂ ਦੀ ਵਰਤੋਂ ਕਰਦੇ ਹਨ। ਸਾਨੂੰ ਕੁਝ ਗਵਾਂਢੀ ਤਾਨਾਸ਼ਾਹ ਮੁਲਕਾਂ ਦੇ ਹਮਲੇ ਤੋਂ ਡਰਨ ਦੀ ਲੋੜ ਨਹੀਂ, ਪਰ ਇੱਕ ਖਾਸ ਵੱਡੇ ਦੇਸ਼ ਤੋਂ, ਕੁਝ ਕੌਮਾਂਤਰੀ ਸੰਸਥਾਵਾਂ ਅਤੇ ਕਿਊਬਨ ਇਨਕਲਾਬ ’ਚ ਦਖਲ ਦੇਣ ਅਤੇ ਇਸਨੂੰ ਕਮਜੋਰ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦਾ ਬਹਾਨਾ ਲੱਭਣ ਵਾਲ਼ੇ ਦੇਸ਼ ਤੋਂ ਜਰੂਰ ਸੁਚੇਤ ਰਹਿਣਾ ਚਾਹੀਦਾ ਹੈ।
ਪਰ ਕਿਊਬਨ ਇਨਕਲਾਬ ਕੁਝ ਥੋੜੇ ਲੋਕਾਂ ਜਾਂ ਕੁਝ ਆਗੂਆਂ ਦੀ ਲਹਿਰ ਨਹੀਂ ਹੈ, ਸਾਡਾ ਇਨਕਲਾਬ ਲੋਕ ਮੁਕਤੀ ਦੀ ਲਹਿਰ ਹੈ, ਇਸ ਇਨਕਲਾਬੀ ਜੱਦੋਜਹਿਦ ਪਿੱਛੇ ਲੋਕ ਤਾਕਤ ਦਾ ਕਿਲਾ ਹੈ। ਮੌਜੂਦਾ ਇਕਜੁੱਟ ਲੋਕ ਤਾਕਤ ਦੁਸ਼ਮਣ ਦੀ ਦਖਲਅੰਦਾਜ਼ੀ ਨੂੰ ਵਗਾਹ ਮਾਰੇਗੀ। ਅਸੀਂ ਦੁਸ਼ਮਣ ਦੀਆਂ ਚਾਲਾਂ ਤੋਂ ਬਚਣ ਅਤੇ ਉੁਸਦੇ ਟਕਰਾਅ ਨੂੰ ਹੱਲਾਸ਼ੇਰੀ ਦੇਣ ਦੀਆਂ ਚਾਲਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਾਂਗੇ, ਇਸ ਤਰ੍ਹਾਂ ਦੁਸ਼ਮਣ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਮੈਨੂੰ ਇਸ ਗੱਲ ’ਤੇ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਲੋਕਾਂ ਦੀ ਕਿਊਬਨ ਇਨਕਲਾਬ ਨਾਲ਼ ਹਮਦਰਦੀ ਹੈ। ਅਮਰੀਕਾ ਦੇ ਲੋਕ ਕਿਊਬਾ ਦੇ ਲੋਕਾਂ ਦੇ ਚੰਗੇ ਮਿੱਤਰ ਬਣ ਸਕਦੇ ਹਨ। ਅਮਰੀਕੀ ਲੋਕ ਸੰਯੁਕਤ ਰਾਸ਼ਟਰ ਦੀ ਸਰਕਾਰ ਦੀਆਂ ਖਤਰਨਾਕ ਨੀਤੀਆਂ ਨੂੰ ਬਿਹਤਰ ਸਮਝਣਗੇ।
*ਨਾਂਪਾਸ- 1942 ’ਚ ਹਾਵਰਡ ਯੂਨੀਵਰਸਿਟੀ ਦੀ ਖੁਫੀਆ ਲੈਬ ’ਚ ਤਿਆਰ ਕੀਤਾ ਗਿਆ ਖਤਰਨਾਕ ਕੈਮੀਕਲ, ਜਿਸਨੂੰ ਅਮਰੀਕੀ ਸਾਮਰਾਜ ਵੱਲੋਂ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਕਿਊਬਾ, ਕੋਰੀਆ, ਵੀਅਤਨਾਮ, ਅਫਗਾਨਿਸਤਾਨ, ਇਰਾਕ ਜੰਗ ਸਮੇਤ ਦੁਨੀਆਂ ਦੇ ਹੋਰ ਮੁਲਕਾਂ ’ਚ ਜੰਗਾਂ-ਯੁੱਧਾਂ ਦੌਰਾਨ ਵਰਤਿਆ ਗਿਆ।
**ਕਾਬਾਜ਼ੇਰੀਆ (ਘੋੜਸਵਾਰ) ਸਪੇਨ, ਲਾਤੀਨੀ ਅਮਰੀਕਾ, ਟੈਕਸਾਸ ਅਤੇ ਕੈਰੀਬੀਅਨ ਮੁਲਕਾਂ ਵਿੱਚ ਭੂਮੀ ਖੇਤਰ ਦੀ ਇੱਕ ਇਕਾਈ। ਜਿਸਨੂੰ ਸਪੈਨਿਸ਼ ਵਿਚ ‘caballeria de tierra’ ’ ਭਾਵ ਘੋੜਸਵਾਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।
***ਗੁਆਖੀਰੋ (Guajiros) ਉਨੀਵੀਂ ਸਦੀ ਦੇ ਅੰਤ ਵਿਚ ਸਪੇਨੀ-ਅਮਰੀਕੀ ਯੁੱਧ ਦੌਰਾਨ ਵਰਤੀ ਜਾਣ ਵਾਲ਼ੀ ਟਰਮ। ਕਿਊਬਾ ਅਤੇ ਪੋਰਤੋ ਰੀਕੋ ਦੇ ਕਿਸਾਨਾਂ ਨੂੰ ਜਦੋਂ ਸਪੈਨਿਸ਼ ਸਾਮਰਾਜ ਅਤੇ ਉਸਦੇ ਯੁੱਧ ਸੰਗੀਆਂ ਸੰਗ ਲੜਨ ਲਈ ਬੁਲਾਇਆ ਜਾਂਦਾ ਸੀ ਤਾਂ ਉਹਨਾਂ ਦੀ ਤੁਲਨਾ ਲੋਕ ਨਾਇਕਾਂ ਵਜੋਂ ਕੀਤੀ ਜਾਂਦੀ ਸੀ ਤਦ ਉਹਨਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਸੀ।
•ਅਨੁਵਾਦ- ਮਨਦੀਪ, mandeepsaddowal@gmail.com

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...