Search This Blog

Tuesday, March 22, 2022

ਚਿੰਤਨ, ਕੁਰਬਾਨੀ ਤੇ ਕ੍ਰਾਂਤੀ ਦਾ ਪ੍ਰਤੀਕ : ਸ਼ਹੀਦ ਭਗਤ ਸਿੰਘ


ਚਿੰਤਨ ਤੋਂ ਬਿਨਾਂ ਇਕੱਲੇ ਬੰਬ-ਪਿਸਤੌਲ ਵਾਲਾ ਸ਼ਹੀਦ ਭਗਤ ਸਿੰਘ ਅਧੂਰਾ ਹੈ। ਭਾਰਤ ਦੇ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ-ਏ-ਆਜ਼ਮ ਨੂੰ ਪੱਗ, ਪੱਗ ਦੇ ਰੰਗ, ਟੋਪ, ਜਾਤ, ਧਰਮ, ਗੋਤ, ਨਾਸਤਿਕ-ਆਸਤਿਕ ਆਦਿ ਵਲਗਣਾਂ ’ਚ ਸਮੇਟਣਾ ਬੱਜਰ ਇਤਿਹਾਸਕ ਗਲਤੀ ਅਤੇ ਬੌਧਿਕ ਬੇਈਮਾਨੀ ਹੈ। ਉਸਦੀ ਢਾਂਚਾਗਤ ਤਬਦੀਲੀ ਦੀ ਵਿਚਾਰਧਾਰਾ ਤੇ ਸਿਆਸਤ ਨੂੰ ‘ਇਨਕਲਾਬ-ਜਿੰਦਾਬਾਦ’ ਦੇ ਨਾਅਰੇ ਦੇ ਰਸਮੀ ਅਰਥਾਂ ਤੱਕ ਸੀਮਿਤ ਕਰ ਦੇਣਾ, ਉਸਦੀ ਵਿਚਾਰਧਾਰਾ ਤੇ ਕੁਰਬਾਨੀ ਦੋਹਾਂ ਨਾਲ ਧਰੋਹ ਕਮਾਉਣ ਬਰਾਬਰ ਹੈ। ਇਸ ਲਈ ਸ਼ਹੀਦ ਭਗਤ ਸਿੰਘ ਦੇ ਪੋਸਟਰਾਂ, ਫਿਲਮਾਂ, ਗੀਤਾਂ ਆਦਿ ਵਿੱਚ ਪੇਸ਼ ਕੀਤੇ ਜਾ ਰਹੇ ਦਬੰਗੀ ਨਾਇਕਤਵ, ਬੁੱਤਪ੍ਰਸਤੀ ਤੇ ਰਸਮੀ ਨਾਅਰੇਬਾਜੀ ਵਾਲੇੇ ਕਿਰਦਾਰ ਤੋਂ ਉਪਰ ਉੱਠਕੇ ਛੋਟੀ ਉਮਰ ਵਿੱਚ ਕੀਤੀਆਂ ਉਸਦੀਆਂ ਇਨਕਲਾਬੀ ਗਤੀਵਿਧੀਆਂ ਤੇ ਚਿੰਤਨ ਨੂੰ ਗੌਲਣਾ ਬੇਹੱਦ ਜਰੂਰੀ ਹੈ।  

 ਆਪਣੇ ਇਨਕਲਾਬੀ ਜੀਵਨ ਦੇ ਕੁਝ ਕੁ ਵਰ੍ਹਿਆਂ ’ਚੋਂ ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ 'ਚ ਬਿਤਾਏ। 1927 'ਚ ਹੋਈ ਪਹਿਲੀ ਗ੍ਰਿਫਤਾਰੀ ਸਮੇਂ ਉਹ 20 ਕੇਵਲ ਵਰ੍ਹਿਆਂ ਦੇ ਸਨ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ 'ਚ ਸ਼ਾਮਲ ਰਹੇ। ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਕਾਰਨ ਉਹ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ 'ਚੋਂ ਸਿਰਕੱਢ ਵਿਚਾਰਵਾਨ ਬਣ ਗਏ। ਗੁਪਤਵਾਸ, ਗ੍ਰਿਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਅਤੇ ਪੜ੍ਹਨ-ਲਿਖਣ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਸਮਝਣ ਅਤੇ ਸਹੀ ਨਿਰਣੇ 'ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।


ਭਗਤ ਸਿੰਘ ਉਪਰ ਅੱਠ-ਨੌਂ ਸਾਲ ਦੀ ਉਮਰ 'ਚ ਹੀ ਗ਼ਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਦੇਸ਼ ਭਗਤ ਪਰਿਵਾਰਕ ਪਿਛੋਕੜ 'ਚੋਂ ਮਿਲੀ ਦੇਸ਼ ਭਗਤੀ ਦੀ ਸਿੱਖਿਆ ਕਾਰਨ ਦਸ-ਗਿਆਰਾਂ ਸਾਲ ਦੀ ਉਮਰ 'ਚ ਹੀ ਉਹ ਜਨਤਕ ਲਹਿਰਾਂ ਦਾ ਅਨੁਭਵ ਹਾਸਲ ਕਰਨ ਲੱਗੇੇ। 12 ਵਰ੍ਹਿਆਂ ਦੇ ਭਗਤ ਸਿੰਘ ਦੇ ਮਨ 'ਚ 1919 'ਚ ਜਲਿਆਂਵਾਲੇ ਬਾਗ ਦੇ ਨਿਰਦੋਸ਼ ਲੋਕਾਂ ਦੇ ਅੱਖੀਂ ਡਿੱਠੇ ਕਤਲੇਆਮ ਤੋਂ ਬਸਤੀਵਾਦੀ ਅੰਗਰੇਜ ਹਕੂਮਤ ਦੇ ਅਣਮਨੁੱਖੀ ਜਬਰ ਖਿਲਾਫ ਰੋਹ ਦੀ ਚਿਣਗ ਸੁਲਗ ਉੱਠੀ। ਉਸ ਸਮੇਂ ਭਗਤ ਸਿੰਘ ਨੇ ਨਿਰਦੋਸ਼ ਲੋਕਾਂ ਦੇ ਹੱਕ 'ਚ ਅੰਗਰੇਜੀ ਸਰਕਾਰ ਵਿਰੁੱਧ ਤਕਰੀਰ ਕੀਤੀ। 1921 'ਚ ਭਗਤ ਸਿੰਘ ਦਸਵੀਂ ਦੀ ਪੜ੍ਹਾਈ ਛੱਡ ਕੇ ਨਾ-ਮਿਲਵਰਤਨ ਅੰਦੋਲਨ 'ਚ ਸ਼ਾਮਲ ਹੋਏ ਅਤੇ 1922 'ਚ ਨੈਸ਼ਨਲ ਕਾਲਜ ਲਾਹੌਰ 'ਚ ਦਾਖਲ ਹੋ ਕੇ ਇਨਕਲਾਬੀ ਵਿਚਾਰਾਂ ਤੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਸਰਗਰਮ ਤਾਲਮੇਲ 'ਚ ਆ ਗਏ ਸਨ। 1923-24 ਦੇ ਅਰਸੇ 'ਚ ਭਗਤ ਸਿੰਘ 'ਪ੍ਰਤਾਪ' ਅਖਬਾਰ 'ਚ ਕੰਮ ਕਰਨ, ਜੈਤੋ ਦੇ ਮੋਰਚੇ ਦੇ ਜੱਥੇ ਦਾ ਸਾਥ ਦੇਣ, ਕਾਨਪੁਰ ਹੜ੍ਹ ਪੀੜਤਾਂ ਦੀ ਮੱਦਦ ਕਰਨ ਅਤੇ ਕ੍ਰਾਂਤੀਕਾਰੀ-ਸਮਾਜਿਕ ਲਹਿਰਾਂ ਬਾਰੇ ਜਾਣਨ-ਸਮਝਣ 'ਚ ਮਸ਼ਰੂਫ਼ ਰਹੇ। ਭਗਤ ਸਿੰਘ ਨੇ 1924 'ਚ ਜਦੋਂ ਉਹ 17 ਵਰ੍ਹਿਆਂ ਦੇ ਸਨ, ਲਿਖਣਾ ਸ਼ੁਰੂ ਕਰ ਦਿੱਤਾ ਸੀ। 1925 'ਚ ਹੋਏ ਕਾਕੋਰੀ ਕਾਂਡ ਤੋਂ ਬਾਅਦ ਭਗਤ ਸਿੰਘ ਨੇ ਅਧਿਐਨ ਨਾਲ ਆਪਣਾ ਗੂੜਾ ਰਿਸ਼ਤਾ ਬਣਾ ਲਿਆ। ਇਸਤੋਂ ਬਾਅਦ ਲਗਾਤਾਰ ਅਧਿਐਨ, ਅਨੁਵਾਦ ਕਰਨ ਅਤੇ 'ਕਿਰਤੀ' ਤੇ 'ਚਾਂਦ ਫਾਂਸੀ ਅੰਕ' ਦਾ ਸੰਪਾਦਨ ਕਰਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਬਣਾਉਣ ਆਦਿ ਦੇ ਮਹੱਤਤਵਪੂਰਨ ਕੰਮਾਂ ਵਿਚ ਗਲਤਾਨ ਰਹੇ। 1928 'ਚ ਉਹ ਸਾਈਮਨ ਕਮੀਸ਼ਨ ਦੇ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਦੀ ਹੋਈ ਮੌਤ ਦਾ ਬਦਲਾ ਲੈਣ ਅਤੇ ਆਪਣੇ ਸੰਗਠਨ ਦਾ ਉਦੇਸ਼ ਲੋਕਾਂ ਤੱਕ ਲਿਜਾਣ ਲਈ ਸਾਂਡਰਸ ਦੇ ਕਤਲ ’ਚ ਸ਼ਾਮਲ ਰਹੇ। 1929 'ਚ ਦੋ ਦਮਨਕਾਰੀ ਕਾਲੇ ਕਾਨੂੰਨਾਂ ਖਿਲਾਫ ਅਸੰਬਲੀ 'ਚ ਬੰਬ ਸੁੱਟਕੇ ਬਸਤੀਵਾਦੀ ਹਾਕਮਾਂ ਨੂੰ ਭੈਅਭੀਤ ਕਰ ਦਿੱਤਾ। 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਭਗਤ ਸਿੰਘ ਨੇ ਜੇਲ੍ਹ 'ਚ ਰਹਿੰਦਿਆਂ ਭੁੱਖ ਹੜਤਾਲਾਂ, ਆਪਣੇ ਸਾਥੀਆਂ ਦੇ ਮੁਕੱਦਮੇ ਦੀ ਪੈਰਵਾਈ, ਚਿੰਤਨ ਤੇ ਲੇਖਣ ਦਾ ਅਣਮੁੱਲਾ ਕਾਰਜ ਕੀਤਾ। 


ਭਗਤ ਸਿੰਘ ਦੇ ਸਿਆਸੀ ਜੀਵਨ ਦੌਰਾਨ ਉਹਨਾਂ ਦੇ ਵਿਚਾਰਾਂ 'ਚ ਵਧੇਰੇ ਸ਼ਪੱਸ਼ਟਤਾ ਜੇਲ੍ਹਵਾਸ ਦੌਰਾਨ ਕੀਤੇ ਅਧਿਐਨ ਤੋਂ ਬਾਅਦ ਹੀ ਆਉਣੀ ਸ਼ੁਰੂ ਹੋਈ। ਜੇਲ੍ਹ ਦੀ ਬੇਹੱਦ ਮੁਸ਼ਕਲਾਂ ਭਰੀ ਜ਼ਿੰਦਗੀ, ਜਦੋਂ ਉਨ੍ਹਾਂ ਨੂੰ ਸਾਥੀਆਂ ਸਮੇਤ ਲੰਮੀਆਂ ਭੁੱਖ-ਹੜਤਾਲਾਂ ਕਰਨੀਆਂ ਪੈਂਦੀਆਂ ਸਨ ਤੇ ਨਾਲ ਹੀ ਆਪਣੇ ਮੁਕੱਦਮੇ ਸਬੰਧੀ ਕਾਨੂੰਨੀ ਲੜਾਈ ਲੜਨੀ ਪੈਂਦੀ ਸੀ ਤਾਂ ਉਦੋਂ ਅਜਿਹੀਆਂ ਹਾਲਤਾਂ 'ਚ ਡੂੰਘਾ ਚਿੰਤਨ-ਮਨਨ ਤੇ ਲੇਖਣ ਦਾ ਕੰਮ ਕਰਨਾ ਉਸ ਨੌਜਵਾਨ ਸ਼ਹੀਦ ਨੂੰ ਅੱਜ ਸਾਡਾ ਰਾਹ ਦਰਸਾਵਾ ਤੇ ਪ੍ਰੇਰਨਾ ਸ੍ਰੋਤ ਹੋਣ ਦਾ ਮਾਣ ਦਿੰਦਾ ਹੈ। ਜੇਲ੍ਹ ਵਿਚ ਜੇਕਰ ਉਹਨਾਂ ਨੂੰ ਇਕ ਵੱਡੀ ਤੰਗੀ ਸੀ ਤਾਂ ਉਹ ਸੀ ਕਿਤਾਬਾਂ ਦੇ ਸਮੇਂ ਸਿਰ ਨਾ ਮਿਲਣ ਦੀ ਤੰਗੀ। ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਨਾ-ਮਿਲਵਰਤਨ ਅੰਦੋਲਨ, ਗ਼ਦਰ ਲਹਿਰ, ਬੰਗਾਲ, ਮਹਾਂਰਾਸ਼ਟਰ ਦੀਆਂ ਕੌਮੀ ਇਨਕਲਾਬੀ ਲਹਿਰਾਂ ਤੋਂ ਲੈ ਕੇ ਫਰਾਂਸ ਦੀ ਕ੍ਰਾਂਤੀ, ਆਇਰਲੈਂਡ ਤੇ ਇਟਲੀ ਦੇ ਮੁਕਤੀ ਸੰਘਰਸ਼ ਅਤੇ ਰੂਸ ਦੇ ਇਨਕਲਾਬ ਦੀਆਂ ਕ੍ਰਾਂਤੀਕਾਰੀ ਲਹਿਰਾਂ ਦਾ ਉਹਨਾਂ ਦੇ ਨੌਜਵਾਨ ਜਗਿਆਸੂ ਮਨ ਤੇ ਡੂੰਘਾ ਪ੍ਰਭਾਵ ਸੀ। ਹਰ ਕੌਮੀ ਤੇ ਕੌਮਾਂਤਰੀ ਹਲਚਲ ਦਾ ਉਹ ਸਰਗਰਮੀ ਤੇ ਪਹਿਲਕਦਮੀ ਨਾਲ ਗੰਭੀਰ ਨੋਟਿਸ ਲੈਣ ਵਾਲੇ ਬੁੱਧੀਮਾਨ ਨੌਜਵਾਨ ਸਨ। 'ਨਾ ਮਿਲਵਰਤਨ ਅੰਦੋਲਨ' ਤੋਂ ਲੈ ਕੇ ਸਮਾਜਵਾਦੀ ਵਿਚਾਰਧਾਰਾ ਵਿਚ ਪ੍ਰਪੱਕਤਾ ਹਾਸਲ ਕਰਨ ਦੇ ਸਫਰ ਦੌਰਾਨ ਭਗਤ ਸਿੰਘ ਦਾ ਬਿੰਬ ਇਕ ਪ੍ਰਬੁੱਧ ਵਿਚਾਰਵਾਨ ਤੇ ਕੁਰਬਾਨੀ ਦੇ ਪੁੰਜ ਦੇ ਰੂਪ 'ਚ ਉਭਰਕੇ ਸਾਹਮਣੇ ਆਉਂਦਾ ਹੈ। ਉਹਨਾਂ ਦੀ ਇਨਕਲਾਬੀ ਜ਼ਿੰਦਗੀ ਦਾ ਇਹ ਸਫਰ ਸਮੇਂ ਪੱਖੋਂ ਛੋਟਾ ਪਰ ਆਪਣੇ ਉੱਚੇ ਅਰਥਾਂ-ਆਦਰਸ਼ਾਂ, ਮਹੱਤਤਾ ਤੇ ਉਦੇਸ਼ ਦੀ ਵਿਸ਼ਾਲਤਾ ਪੱਖੋਂ ਇਤਿਹਾਸ 'ਚ ਵੱਡੀ ਮਹੱਤਤਾ ਰੱਖਦਾ ਹੈ। 

ਅਧਿਐਨ ਨੇ ਭਗਤ ਸਿੰਘ ਨੂੰ ਰੁਮਾਂਚਿਕ ਇਨਕਲਾਬੀ ਤੋਂ ਸਮਾਜਵਾਦੀ ਇਨਕਲਾਬੀ ਅਤੇ ਇਕ ਆਦਰਸ਼ਵਾਦੀ ਤੋਂ ਯਥਾਰਥਵਾਦੀ ਬਣਾ ਦਿੱਤਾ। ਭਗਤ ਸਿੰਘ ਨੇ ਆਪਣੇ ਸਮੇਂ ਦੇ ਲੱਗਭਗ ਹਰ ਚਲੰਤ ਕੌਮੀ ਤੇ ਕੌਮਾਂਤਰੀ ਵਰਤਾਰੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਧਰਮ, ਹੜਤਾਲਾਂ, ਰਾਜਨੀਤੀ, ਅਛੂਤ ਦਾ ਸਵਾਲ, ਫਿਰਕਾਪ੍ਰਸਤੀ ਆਦਿ ਵਰਗੇ ਅਨੇਕਾਂ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਦੇ ਨਾਲ-ਨਾਲ ਅਨਾਰਕਿਜ਼ਮ ਵਰਗੇ ਕੌਮਾਂਤਰੀ ਵਰਤਾਰਿਆਂ ਤੇ ਇਨਕਲਾਬੀ ਲਹਿਰਾਂ ਬਾਰੇ ਵੀ ਆਪਣੇ ਲੇਖਾਂ, ਪਰਚਿਆਂ ਤੇ ਭਾਸ਼ਣਾਂ 'ਚ ਵਿਚਾਰ ਪੇਸ਼ ਕੀਤੇ। ਭਗਤ ਸਿੰਘ ਦੀ ਸਿਆਸੀ ਸੂਝ-ਬੂਝ ਦਾ ਪ੍ਰਭਾਵ ਉਨ੍ਹਾਂ ਘਟਨਾਵਾਂ ਤੋਂ ਵੀ ਮਿਲਦਾ ਹੈ ਜਦੋਂ ਉਹ ਜੇਲ੍ਹਵਾਸ ਦੌਰਾਨ ਭੁੱਖ ਹੜਤਾਲ ਨੂੰ ਅਤੇ ਮੁਕਦਮੇ ਦੌਰਾਨ ਅਦਾਲਤ ਨੂੰ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਇਕ ਸਿਆਸੀ ਮੰਚ ਵਜੋਂ ਵਰਤਕੇ ਅੰਗਰੇਜ਼ ਹਕੂਮਤ ਨੂੰ, ਉਨ੍ਹਾਂ ਦੇ ਮਨਸੂਬਿਆਂ ਨੂੰ ਹਾਰੇ ਹੋਏ ਸਿੱਧ ਕਰਦੇ ਹਨ ਅਤੇ ਕੈਦਖਾਨੇ 'ਚ ਬੰਦ ਰਹਿਕੇ ਵੀ ਆਪਣੇ ਆਪ ਨੂੰ, ਆਪਣੀ ਵਿਚਾਰਧਾਰਾ ਨੂੰ, ਭਵਿੱਖ 'ਚ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਨਿਰੰਤਰਤਾ ਦੇ ਬਣੇ ਰਹਿਣ ਨੂੰ, ਆਖਰੀ ਸਾਹ ਤੱਕ ਜਿੱਤ ਵਜੋਂ ਪੇਸ਼ ਕਰਦੇ ਰਹੇ।


ਭਗਤ ਸਿੰਘ ਨੇ ਹਿੰਦੋਸਤਾਨ ਰਿਪਬਲਿਕ ਪਾਰਟੀ ਨੂੰ ‘ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕ ਪਾਰਟੀ’ ਬਣਾਉਣ 'ਚ ਮੋਹਰੀ ਭੂਮਿਕਾ ਅਦਾ ਕੀਤੀ। ਇਹੀ ਨਹੀਂ ਬਲਕਿ ਪਾਰਟੀ ਉਸਾਰੀ ਦੇ ਕਾਜ਼ ਨੂੰ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਅੱਗੇ ਵਧਾਉਂਦਿਆਂ ਇਸਦੇ ਉਦੇਸ਼ਾਂ ਦਾ ਸਪੱਸ਼ਟ ਭਵਿੱਖ ਨਕਸ਼ਾ ਪੇਸ਼ ਕੀਤਾ। ਅਜ਼ਾਦੀ ਸੰਗਰਾਮ 'ਚ ਕਾਂਗਰਸ ਅਤੇ ਐਚ.ਐਸ.ਆਰ.ਏ. ਦੇ ਉਦੇਸ਼ਾਂ 'ਚ ਸਪੱਸ਼ਟ ਨਿਖੇੜਾ ਕੀਤਾ। ਪਾਰਟੀ ਮੈਨੀਫੈਸਟੋ 'ਚ ਭਾਰਤ 'ਚ ਇਨਕਲਾਬ ਲਈ ਹਥਿਆਰਬੰਦ ਕ੍ਰਾਂਤੀ ਦੇ ਪੜਾਅ 'ਚੋਂ ਗੁਜਰਨ ਦੇ ਸੰਕਲਪ ਨੂੰ ਕਲਮਬੱਧ ਕੀਤਾ। ਕਿਰਤੀ ਲੋਕਾਂ ਦੀ ਮੱਦਦ ਨਾਲ ਰਾਜਸੱਤਾ ਨੂੰ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਹੱਥਾਂ 'ਚ ਦੇਣ ਦੀ ਗੱਲ ਕੀਤੀ। ਉਹ ਇਨਕਲਾਬੀ ਫਲਸਫੇ ਦੇ ਮਨੁੱਖਤਾਪੱਖੀ, ਇਕ ਨਿਯਮ, ਇਕ ਉਦੇਸ਼ ਤੇ ਇਕ ਸੱਚ ਹੋਣ ਦਾ ਵਿਚਾਰ ਲੋਕਾਂ ਤੱਕ ਲੈ ਕੇ ਗਏ। ਉਨ੍ਹਾਂ ਨੂੰ ਸਾਮਵਾਦ ਦੀ ਅਟੱਲ ਜਿੱਤ 'ਚ ਪੂਰਨ ਵਿਸ਼ਵਾਸ਼ ਸੀ। ਉਹ ਕੌਮੀ ਮੁਕਤੀ ਲਹਿਰ ਦੇ ਇਨਕਲਾਬੀ ਨੌਜਵਾਨਾਂ 'ਚੋਂ ਸਭ ਤੋਂ ਪਹਿਲਾਂ ਸਮਾਜਵਾਦੀ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ, ਸਭ ਤੋਂ ਪਹਿਲਾਂ ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਦੇਣ ਵਾਲੇ ਅਤੇ ਇਨਕਲਾਬ ਦੇ ਨਾਅਰੇ ਨੂੰ ਭਾਰਤੀ ਲੋਕਾਂ ਦੀ ਵਿਸ਼ਾਲ ਵਸੋਂ ਤੱਕ ਲਿਜਾਣ ਵਾਲੇ ਚਿੰਤਨਸ਼ੀਲ ਨੌਜਵਾਨ ਸਨ। ਉਹਨਾਂ ਨੇ ਸਰਵਵਿਆਪੀ ਰੱਬ ਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਉੱਤੇ ਤਰਕਸ਼ੀਲ ਵਿਸ਼ਲੇਸ਼ਣ ਕਰਕੇ ਉਸ ਅੱਗੇ ਵੱਡਾ ਚੈਲੰਜ ਖੜਾ ਕੀਤਾ ਤੇ ਲੋਕਾਂ ਨੂੰ ਧਰਮ ਦੇ ਚੁੰਗਲ ਤੋਂ ਮੁਕਤ ਹੋਣ ਦੇ ਵਿਚਾਰ ਪ੍ਰਤੀ ਸਪੱਸ਼ਟਤਾ ਦੇਣ ਦੀ ਚੰਗੀ ਤੇ ਵੱਡੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਕਰਨ ਲਈ ਲੋਕਾਂ ਲਈ ਲੋਕਾਂ ਵੱਲੋਂ ਰਾਜਸੀ ਤਾਕਤ ਤੇ ਕਬਜਾ ਕਰਕੇ ਇਨਕਲਾਬ ਦੇ ਕਾਜ਼ ਨੂੰ ਨੇਪਰੇ ਚਾੜਨ੍ਹ ਬਾਰੇ ਦੇਸ਼ ਦੇ ਲੋਕਾਂ ਨੂੰ ਦੱਸਿਆ। ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ, ਜਬਰ ਤੇ ਦਾਬੇ ਤੋਂ ਮੁਕਤੀ ਲਈ ਇਨਕਲਾਬੀ ਪਾਰਟੀ ਦੀ ਅਗਵਾਈ 'ਚ ਬਸਤੀਵਾਦੀ ਸਾਮਰਾਜਵਾਦ ਖਿਲਾਫ ਜੱਦੋਜਹਿਦ ਕਰਨ ਲਈ ਕਿਹਾ। ਉਹਨਾਂ ਬਰਤਾਨਵੀਂ ਸਾਮਰਾਜਵਾਦੀਆਂ ਦੇ ਬਸਤੀਵਾਦੀ ਕਬਜਿਆਂ ਨੂੰ ਜਾਬਰ ਤੇ ਨਿਹੱਕੇ ਕਿਹਾ ਤੇ ਇਸਦੇ ਉਲਟ ਲੋਕਾਂ ਸੰਘਰਸ਼ਾਂ ਤੇ ਇਨਕਲਾਬ ਦੇ ਸੰਗਰਾਮ ਨੂੰ ਹੱਕੀ ਤੇ ਨਿਆਈਂ ਕਿਹਾ। 


ਸਦਾ ਉਦੇਸ਼ਾਂ 'ਤੇ ਪਹਿਰਾ ਦੇਣ ਵਾਲੇ ਇਨਕਲਾਬੀ ਨੌਜਵਾਨ ਭਗਤ ਸਿੰਘ ਇਕ ਅਜ਼ਾਦ ਅਲੋਚਨਾਤਮਿਕ ਵਿਚਾਰਵਾਨ ਸਨ। ਉਹ ਇਸ ਵਿਚਾਰ ਦੇ ਪੱਕੇ ਧਾਰਨੀ ਸਨ ਕਿ ਤਬਦੀਲੀ ਮਹਿਜ ਬੰਬਾਂ-ਪਿਸਤੌਲਾਂ ਨਾਲ ਨਹੀਂ ਆਉਂਦੀ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਇਨਕਲਾਬੀ ਸਾਥੀਆਂ ਨਾਲ ਅਗਾਂਹਵਧੂ ਸਾਹਿਤ ਦਾ ਗੰਭੀਰ ਅਧਿਐਨ ਕਰਦਿਆਂ ਵਿਚਾਰ-ਵਟਾਂਦਰਾ ਤੇ ਬਹਿਸ ਕਰਨ ਦਾ ਭਗਤ ਸਿੰਘ ਦਾ ਆਪਣਾ ਇਕ ਹੁਨਰ ਸੀ ਜੋ ਉਹਨਾਂ ਦੇ ਸਾਥੀ ਇਨਕਲਾਬੀਆਂ ਨੂੰ ਮਾਰਕਸਵਾਦ ਦਾ ਅਧਿਐਨ ਲਈ ਪ੍ਰੇਰਿਤ ਕਰਨ ਵਾਲਾ ਹੁੰਦਾ ਸੀ।

ਜੇਲ੍ਹਵਾਸ ਦੌਰਾਨ ਭਗਤ ਸਿੰਘ ਦੁਆਰਾ 'ਆਤਮ ਕਥਾ', 'ਸਮਾਜਵਾਦ ਦਾ ਆਦਰਸ਼', 'ਭਾਰਤ ਵਿਚ ਇਨਕਲਾਬੀ ਸੰਘਰਸ਼', ਤੇ 'ਮੌਤ ਦੇ ਦਰਵਾਜੇ ਤੇ' ਚਾਰ ਪੁਸਤਕਾਂ ਦੀ ਰਚਨਾ ਕਰਨ ਦੇ ਹਵਾਲੇ ਵੀ ਮਿਲਦੇ ਹਨ ਅਤੇ ਇਨ੍ਹਾਂ ਇਤਿਹਾਸਕ ਦਸਤਾਵੇਜਾਂ ਦੇ ਖਰੜੇ ਅੱਜ ਤੱਕ ਉਪਲਬਦ ਨਹੀਂ ਹੋ ਸਕੇ। ਇਹ ਦਸਤਾਵੇਜ਼ ਭਗਤ ਸਿੰਘ ਦੇ ਚਿੰਤਕੀ ਪੱਖ ਨੂੰ ਉਨ੍ਹਾਂ ਦੁਆਰਾ ਇਨ੍ਹਾਂ ਪੁਸਤਕਾਂ ਦੀ ਤਿਆਰੀ ਲਈ ਲਏ ਗਏ ਨੋਟਿਸਾਂ ਵਾਲੀ 'ਜੇਲ੍ਹ ਡਾਇਰੀ' ਨਾਲੋਂ ਵੀ ਵੱਧ ਉਜਾਗਰ ਕਰਨ ਵਿਚ ਸਹਾਈ ਹੋ ਸਕਦੇ ਸਨ। ਇਸ ਤੋਂ ਇਲਾਵਾ ਭਗਤ ਸਿੰਘ ਵਾਈਲਡ, ਸਿੰਕਲੇਅਰ, ਗੋਰਕੀ, ਪ. ਕਰੋਪੋਟਿਕਨ, ਪੈਟਰਿਕ ਹੈਨਰੀ, ਬਾਕੂਨਿਨ, ਟਾਮਸ ਪੇਨ, ਰੂਸੋ, ਫਿਕਸ, ਮਾਕਰਸ, ਏਂਗਲਜ਼ ਤੇ ਲੈਨਿਨ ਦੀਆਂ ਲਿਖਤਾਂ ਦਾ ਅਧਿਐਨ ਕਰਨ ਵਿੱਚ ਜਿਆਦਾ ਰੁਚਿਤ ਸਨ। ਆਖਰੀ ਵਰ੍ਹਿਆਂ ਦੌਰਾਨ ਭਗਤ ਸਿੰਘ, ਲੈਨਿਨ ਰਚਿਤ 'ਦੂਜੀ ਕੌਮਾਂਤਰੀ ਦਾ ਪਤਨ', 'ਖੱਬੇਪੱਖੀ ਕਮਿਊਨਿਜ਼ਮ ਇਕ ਬਚਕਾਨਾ ਰੋਗ', 'ਮਜ਼ਦੂਰ ਇਨਕਲਾਬ ਤੇ ਗਦਾਰ ਕਾਊਟਸਕੀ', 'ਰਾਜ ਤੇ ਇਨਕਲਾਬ', ਮਾਰਕਸ ਰਚਿਤ ' ਫਰਾਂਸ ਦੀ ਘਰੇਲੂ ਜੰਗ' ਏਂਗਲਜ਼ ਰਚਿਤ 'ਜਰਮਨੀ 'ਚ ਇਨਕਲਾਬ ਤੇ ਉਲਟ ਇਨਕਲਾਬ' ਆਦਿ ਮਹੱਤਵਪੂਰਨ ਮਾਰਕਸਵਾਦੀ ਕਿਰਤਾਂ ਦਾ ਅਧਿਐਨ ਕਰਦੇ ਰਹੇ।


ਭਗਤ ਸਿੰਘ ਸਰੀਰ ਨੂੰ ਨਾਸ਼ਵਾਨ ਮੰਨਦੇ ਹੋਏ ਵਿਚਾਰਾਂ ਤੇ ਭਾਵਨਾਵਾਂ ਦੀ ਅਮਰਤਾ 'ਚ ਵਿਸ਼ਵਾਸ਼ ਰੱਖਦੇ ਹੋਏ ਜਮਾਤੀ ਜੰਗ ਦੇ ਉਦੋਂ ਤੱਕ ਚਲਦੇ ਰਹਿਣ ਦੀ ਗੱਲ ਕਰਦੇ ਰਹੇ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਦੀ ਲੜਾਈ ਇਕ ਬਰਾਬਰਤਾ ਅਧਾਰਿਤ ਚੰਗੇ ਸਮਾਜ ਦੀ ਉਸਾਰੀ ਲਈ ਸੀ।  ਅੱਜ ਵੀ ਸਮਾਜਿਕ ਗੈਰ-ਬਰਾਬਰੀ ਦੇ ਪਾੜੇ ਨੂੰ ਖਤਮ ਕਰਨ ਲਈ ਉਹਨਾਂ ਦੀ ਵਿਗਿਆਨਕ ਸੋਚ ਮਾਰਗ-ਦਰਸ਼ਕ ਬਣਨ ਦੇ ਸਮਰੱਥ ਹੈ। 

- ਮਨਦੀਪ

ਵਟ੍ਹਸਅੱਪ+ 54-93813389246


Sunday, March 6, 2022

ਔਰਤ ਮੁਕਤੀ ਦਾ ਸਵਾਲ - ( 8 ਮਾਰਚ 'ਕੌਮਾਂਤਰੀ ਔਰਤ ਦਿਵਸ' ਨੂੰ ਔਰਤ ਮੁਕਤੀ ਦਿਵਸ ਵਜੋਂ ਮਨਾਉ)


ਦੇਸ਼ ਵਿੱਚ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੇ ਨਾਲ-ਨਾਲ ਜਾਤ-ਪਾਤ
, ਕੌਮੀ ਤੇ ਕਬਾਇਲੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਔਰਤ ਸਵਾਲ ਵੀ ਲਗਾਤਾਰ ਬਹਿਸ-ਵਿਚਾਰ ਦਾ ਮੁੱਦਾ ਬਣਿਆ ਆ ਰਿਹਾ ਹੈ| ਭਾਰਤ ਅੰਦਰ ਔਰਤ ਮੁਕਤੀ ਦਾ ਸਵਾਲ ਕੁੱਲ ਮਿਹਨਤਕਸ਼ ਜਮਾਤ ਦੀ ਮੁਕਤੀ ਦੇ ਸਵਾਲ ਨਾਲ ਅਟੁੱਟ ਤੌਰ ’ਤੇ ਜੁੜਿਆ ਹੋਇਆ ਹੈ| ਉਂਝ ਤਾਂ ਸੰਸਾਰ ਪੱਧਰ ’ਤੇ ਔਰਤ ਅਧਿਕਾਰਾਂ ਤੇ ਔਰਤ ਮੁਕਤੀ ਦਾ ਸਵਾਲ ਬਹਿਸ-ਵਿਚਾਰ ਦਾ ਮਸਲਾ ਬਣਿਆ ਹੋਇਆ ਹੈ ਪਰੰਤੂ ਭਾਰਤ ਵਰਗੇ ਤੀਜੀ ਦੁਨੀਆ ਦੇ ਮੁਲਕਾਂ ਅੰਦਰ ਇਹ ਸਵਾਲ ਜ਼ਿਆਦਾ ਅਹਿਮ ਤੇ ਭਖਦਾ ਮਸਲਾ ਬਣਿਆ ਹੋਇਆ ਹੈ| ਪੂੰਜੀਵਾਦੀ ਸ਼ਕਤੀਆਂ ਔਰਤ ਦੀ ਅਖੌਤੀ ਆਜ਼ਾਦੀ ਅਤੇ ਬਰਾਬਰਤਾ ਦਾ ਰੌਲਾ-ਰੱਪਾ ਪਾਉਂਦੀਆਂ ਹਨ ਪਰ ਉਹ ਔਰਤ ਦੀ ਆਜ਼ਾਦੀ ਤੇ ਬਰਾਬਰਤਾ ਦਾ ਆਧਾਰ ਨਹੀਂ ਸਿਰਜਦੀਆਂ| ਇਸ ਤੋਂ ਇਲਾਵਾ ਨਾਰੀਵਾਦੀ ਤਾਕਤਾਂ ਔਰਤ ਦੀ ਆਜ਼ਾਦੀ ਅਤੇ ਬਰਾਬਰਤਾ ਦੇ ਸਵਾਲ ਨੂੰ ਅੰਸ਼ਿਕ ਸੁਧਾਰਾਂ ਦੇ ਪੱਧਰ ਤੇ ਲਿਆ ਖੜਾ ਕਰਦੀਆਂ ਹਨ| ਇੱਥੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਵਿਚਕਾਰ ਵੀ ਔਰਤ ਸਵਾਲ ਨੂੰ ਲੈ ਕੇ ਵੱਖ-ਵੱਖ ਪਹੁੰਚਾਂ ਕੰਮ ਕਰਦੀਆਂ ਹਨ| ਸਮੁੱਚੇ ਤੌਰ ’ਤੇ ਉਹ ਭਾਵੇਂ ਔਰਤ ਦੀ ਆਜ਼ਾਦੀ ਤੇ ਬਰਾਬਰਤਾ ਦੇ ਸਵਾਲ ਨੂੰ ਪੂੰਜੀਵਾਦੀ ਪ੍ਰਬੰਧ ਦਾ ਤਖਤਾ-ਪਲਟ ਕਰਕੇ ਉਸਦੀ ਥਾਂ ਕੁੱਲ ਮਿਹਨਤਕਸ਼ ਜਮਾਤ ਦੀ ਰਾਜ ਸੱਤਾ ਤੇ ਸਥਾਪਤੀ ਹੋਣ ਨਾਲ ਜੋੜ ਕੇ ਵੇਖਣ ਵਿੱਚ ਇਕਮੱਤ ਹਨ| ਪਰ ਮੌਜੂਦਾ ਪੂੰਜੀਵਾਦੀ ਸਮਾਜ ਅੰਦਰ ਪਿਆਰ ਵਿਆਹ, ਬਿਨ-ਵਿਆਹ ਸਬੰਧ (Live-in-relationship), ਅੰਤਰਜਾਤੀ ਵਿਆਹ, ਸਮਲਿੰਗਕਤਾ ਆਦਿ ਸਵਾਲਾਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵੇਖਦੇ ਹਨ| ਕਈ ਰੁਝਾਨ ਔਰਤ-ਮਰਦ ਦੇ ਇਨ੍ਹਾਂ ਸਮਾਜੀ ਸਬੰਧਾਂ ਨੂੰ ਕੁਦਰਤ ਵਿਚਲੇ ਸਬੰਧਾਂ ਨਾਲ ਜੋੜਕੇ ਵੇਖਦੇ ਹਨ ਅਤੇ ਕੁਦਰਤੀ ਵਿਕਾਸ ਪ੍ਰਕਿਰਿਆ ਅਨੁਸਾਰ ਔਰਤ-ਮਰਦ ਦੇ ਸਮਾਜੀ ਸਬੰਧਾਂ ਦੀ ਵਿਆਖਿਆ ਕਰਦੇ ਹਨ| ਜਿਵੇਂ ਕਿ ਸਮਲਿੰਗਕਤਾ ਸਬੰਧੀ ਪੂੰਜੀਵਾਦੀ ਤੇ ਜਗੀਰੂ ਨੈਤਿਕਤਾ ਦੁਆਰਾ ਮਨੁੱਖੀ ਸਬੰਧਾਂ ਨੂੰ ਜ਼ਬਰੀ ਤੈਅ ਕਰਨ ਵਿੱਚ ਰਾਜਸੀ ਦਾਬੇ ਦੇ ਸਵਾਲ ਨੂੰ ਪਾਸੇ ਰੱਖਕੇ ਇਸਦੇ ਕੁਦਰਤੀ ਤੇ ਗ਼ੈਰ-ਕੁਦਰਤੀ ਆਧਾਰ ’ਤੇ ਸਮਲਿੰਗਕਤਾ ਵਿਰੋਧੀ ਪਹੁੰਚ ਅਖ਼ਤਿਆਰ ਕੀਤੀ ਜਾਂਦੀ ਹੈ| (ਕੁਦਰਤੀ ਵਰਤਾਰਿਆਂ ਨਾਲੋਂ ਮਨੁੱਖੀ ਸਮਾਜੀ ਵਰਤਾਰੇ ਸਿਫਤੀ ਤੌਰ ਤੇ ਵੱਖਰੇ ਹੁੰਦੇ ਹਨ|) ਇਸ ਤਰ੍ਹਾਂ ਸਮਲਿੰਗਕਤਾ ਸਮੇਤ ਔਰਤ ਸਵਾਲ ਉੱਤੇ ਮੱਤਭੇਦ ਦੇ ਹੋਰ ਮੁੱਦਿਆਂ ਸਬੰਧੀ ਸਮਝ ਨੂੰ ਵਿਚਾਰ ਅਧੀਨ ਲਿਆਉਣ ਤੇ ਹੋਰ ਵੱਧ ਨਿਖਾਰਣ ਦੀ ਲੋੜ ਹੈ| ਅੱਜ ਕੌਮੀ ਤੇ ਕੌਮਾਂਤਰੀ ਪੱਧਰ ਤੇ ਔਰਤ ਦੀ ਆਜ਼ਾਦੀ ਅਤੇ ਬਰਾਬਰਤਾ ਲਈ ਚੱਲ ਰਹੀ ਬਹਿਸ-ਵਿਚਾਰ ਸਬੰਧੀ ਕਮਿਊਨਿਸਟ ਤਾਕਤਾਂ ਦਾ ਪੱਖ (ਸਭ ਵਖਰੇਵਿਆਂ ਦੇ ਬਾਵਜੂਦ) ਜ਼ਿਆਦਾ ਮਜ਼ਬੂਤ ਹੈ|

ਮੌਜੂਦਾ ਸਮੇਂ ’ਚ ਸਮਾਜ ਅੰਦਰ ਔਰਤ ਦੀ ਮਾੜੀ ਸਥਿਤੀ ਅਤੇ ਉਸਦੀ ਗ਼ੁਲਾਮੀ ਦੇ ਕਾਰਨ ਮੌਜੂਦਾ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਅੰਦਰ ਨਿਹਿਤ ਹਨ| ਔਰਤ ਦੀ ਬਦਤਰ ਸਥਿਤੀ ਅਤੇ ਗੁਲਾਮੀ ਲਈ ਜਿੱਥੇ ਮੌਜੂਦਾ ਲੁਟੇਰੇ ਤੇ ਜ਼ਾਬਰ ਪ੍ਰਬੰਧ ਦੇ ਆਰਥਿਕ ਕਾਰਕ ਜ਼ਿੰਮੇਵਾਰ ਹਨ ਉੱਥੇ ਉਸਦੀ ਮਾੜੀ ਦਸ਼ਾ ਲਈ ਮੌਜੂਦਾ ਪ੍ਰਬੰਧ ਦੀ ਵਿਚਾਰਧਾਰਾ, ਸਿਆਸਤ ਅਤੇ ਸੱਭਿਆਚਾਰਕ ਕਾਰਕ ਵੀ ਇਸਦੇ ਜ਼ਿੰਮੇਵਾਰ ਬਣਦੇ ਹਨ| ਭਾਰਤ ਵਿੱਚ ਲਗਾਤਾਰ ਤਬਦੀਲ ਹੋ ਰਹੇ ਆਰਥਕ ਸਬੰਧਾਂ ਕਾਰਨ ਸਮਾਜ ਵਿੱਚ ਆਈਆਂ ਤਬਦੀਲੀਆਂ ਨੇ ਔਰਤ ਦੀ ਲੁੱਟ ਅਤੇ ਦਾਬੇ ਦੇ ਸਵਾਲ ਅੱਗੇ ਨਵੀਆਂ ਚੁਣੌਤੀਆਂ ਪੇਸ਼ ਕਰ ਦਿੱਤੀਆਂ ਹਨ| ਭਾਰਤ ਅਤੇ ਤੀਜੀ ਦੁਨੀਆਂ ਦੇ ਹੋਰ ਦੱਬੇ-ਕੁਚਲੇ ਮੁਲਕਾਂ ਅੰਦਰਲਾ ਅਰਥ-ਪ੍ਰਬੰਧ ਸਾਮਰਾਜੀ ਮੁਲਕਾਂ ਦੀ ਤਰਜ਼ ਦਾ ਨਹੀਂ ਹੈ| ਇੱਥੋਂ ਦੇ ਅਰਥ-ਪ੍ਰਬੰਧ ਵਿੱਚ ਪੂੰਜੀਵਾਦੀ ਲੀਹਾਂ ’ਤੇ ਹੋਈਆਂ ਤਬਦੀਲੀਆਂ ਨੇ ਔਰਤ ਨੂੰ ਵੱਡੀ ਪੱਧਰ ਤੇ ਘਰ, ਪਰਿਵਾਰ ਤੇ ਸੰਸਕਾਰਾਂ ਦੀਆਂ ਤੰਗ ਵਲਗਣਾਂ ’ਚੋਂ ਬਾਹਰ ਕੱਢਕੇ ਖੇਤੀਬਾੜੀ, ਸਨਅਤ ਤੇ ਸੇਵਾਵਾਂ ਦੇ ਖੇਤਰ ਵਿੱਚ ਖਿੱਚ ਲਿਆਂਦਾ ਹੈ| ਵੱਡੇ ਪੈਮਾਨੇ ਤੇ ਕਿਰਤ ਦਾ ਨਾਰੀਕਰਨ ਕੀਤਾ ਜਾ ਰਿਹਾ ਹੈ| ਔਰਤ ਨੂੰ ਸਰਮਾਏਦਾਰਾ ਮੰਡੀ ਦੇ ਵਧਾਰੇ-ਪਸਾਰੇ ਅਤੇ ਮੋਟੇ ਮੁਨਾਫ਼ੇ ਬਟੋਰਨ ਲਈ ਸਸਤੀ ਕਿਰਤ ਸ਼ਕਤੀ ਵਜੋਂ ਅੱਗੇ ਲਿਆਂਦਾ ਜਾ ਰਿਹਾ ਹੈ| ਪੂੰਜੀਵਾਦੀ ਆਰਥਕ ਵਿਕਾਸ ਨੇ ਔਰਤ ਲਈ ਜਿੱਥੇ ਪੂੰਜੀਵਾਦੀ ਨੈਤਿਕਤਾ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ ਉੱਥੇ ਇਸਦੇ ਅੱਗੇ ਰਵਾਇਤੀ ਜਗੀਰੂ ਨੈਤਿਕਤਾ ਦੀਆਂ ਅੜਚਣਾਂ ਵੀ ਖੜੀਆਂ ਹਨ| ਜਿੱਥੇ ਇਕ ਪਾਸੇ ਪੂੰਜੀਵਾਦੀ ਨੈਤਿਕਤਾ ਦੀ ਧੁੱਸ ਔਰਤਾਂ ਨੂੰ ਸਸਤੀ ਕਾਮਾਸ਼ਕਤੀ ਵਜੋਂ ਵੱਖ-ਵੱਖ ਕਿਰਤ ਖੇਤਰਾਂ ’ਚ ਖਿੱਚਣ ਦੀ ਰਹਿੰਦੀ ਹੈ ਉੱਥੇ ਦੂਜੇ ਪਾਸੇ ਰਵਾਇਤੀ ਜਗੀਰੂ ਨੈਤਿਕਤਾ ਦੀ ਧੁੱਸ ਉਨ੍ਹਾਂ ਨੂੰ ਘਰ ਦੀ ਵਲਗਣ ਅੰਦਰ ਸੰਸਕਾਰਾਂ ਤੇ ਆਗਿਆਕਾਰਤਾ ’ਚ ਬੱਝੀ ਹੋਈ ਦੇਖਣ ਦੀ ਹੁੰਦੀ ਹੈ| ਇਸਤੋਂ ਇਲਾਵਾ ਧਾਰਮਿਕ ਕੱਟੜਪੰਥੀ ਤਾਕਤਾਂ ਵੀ ਰਵਾਇਤੀ ਮੱਧਯੁੱਗੀ ਨੈਤਿਕਤਾ ਨੂੰ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੀਆਂ ਹਨ| ਪੂੰਜੀਵਾਦੀ ਸੱਤਾਤੰਤਰ ਜਿੱਥੇ ਔਰਤਾਂ ਨੂੰ ਇਕ ਜਿਣਸ ਅਤੇ ਸਸਤੀ ਕਿਰਤ ਸ਼ਕਤੀ ਵਜੋਂ ਵਰਤਣਾ ਚਾਹੁੰਦਾ ਹੈ ਉੱਥੇ ਘਰਾਂ ਦੀਆਂ ਤੰਗ ਵਲਗਣਾਂ ਤੋਂ ਬਾਹਰ ਆਈਆਂ ਔਰਤਾਂ (ਜੋ ਰਵਾਇਤੀ ਕਿਸਮ ਦੇ ਜਗੀਰੂ ਸਬੰਧਾਂ ਲਈ ਇਕ ਵੱਡਾ ਚੈਲਿੰਜ ਬਣਦੀਆਂ ਹਨ) ਨੂੰ ਸੰਸਕਾਰਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਰਹਿਣ ਲਈ ਜਾਂ ਜ਼ਿੰਦਗੀ ਭਰ ਉਨ੍ਹਾਂ ਸੰਸਕਾਰਾਂ ਦਾ ਬੋਝ ਢੋਂਹਦੇ ਰਹਿਣ ਲਈ ਵੀ ਮਜ਼ਬੂਰ ਕਰਦਾ ਹੈ| ਉਹ ਉਨ੍ਹਾਂ ਦੀ ਸਮਾਜਿਕ ਚੇਤਨਾ ਅਤੇ ਜੱਥੇਬੰਦ ਹੋਣ ਦੀਆਂ ਸੰਭਾਵਨਾਵਾਂ ਜਾਂ ਔਰਤ ਆਬਾਦੀ ਦੇ ਵੱਡੇ ਹਿੱਸੇ ਦੇ ਇਨਕਲਾਬੀਕਰਨ ਨੂੰ ਰੋਕਣ ਲਈ ਖ਼ੁਦ ਅਤੇ ਪਿਛਾਖੜੀ ਫ਼ਿਰਕਾਪ੍ਰਸਤ ਤਾਕਤਾਂ ਦੁਆਰਾ ਔਰਤਾਂ ਨੂੰ ‘ਰਵਾਇਤੀ ਸੰਸਕਾਰਾਂ’ ’ਚ ਬੰਨ ਕੇ ਰੱਖਣ ਲਈ ਖੁੱਲ੍ਹਾਂ ਦਿੰਦਾ ਹੈ| ਇਹ ਖੁੱਲ੍ਹਾਂ ਸਿਰਫ਼ ਉਸ ਹੱਦ ਤੱਕ ਹੁੰਦੀਆਂ ਹਨ ਜਿੱਥੋਂ ਤੱਕ ਕਿ ਇਹ ਰਵਾਇਤੀ ਪਿਛਾਖੜੀ ਤਾਕਤਾਂ ਉਨ੍ਹਾਂ ਦੇ ਪੂੰਜੀ ਦੇ ਵਧਾਰੇ ਅਤੇ ਮੁਨਾਫ਼ਾਖੋਰੀ ਦੇ ਰਾਹ ਵਿੱਚ ਵੱਡਾ ਅੜਿ¾ਕਾ ਨਾ ਬਣਦੇ ਹੋਣ| ਰਵਾਇਤੀ ਪਿਛਾਖੜੀ ਤਾਕਤਾਂ ਦੇ ਰੱਸੇ ਪੂੰਜੀਵਾਦੀ ਸੱਤਾਤੰਤਰ ਵੱਲੋਂ ਮਿਹਨਤਕਸ਼ ਜਮਾਤ ਦੀ ਮੁਕਤੀ ਲਈ ਸਰਗਰਮ ਤਾਕਤਾਂ ਨੂੰ ਨੱਥ ਪਾਉਣ ਲਈ ਵੀ ਖੁੋਲ੍ਹਦੇ ਹਨ|

ਪੂੰਜੀਵਾਦੀ ਪ੍ਰਬੰਧ ਅਤੇ ਇਸਦੀ ਨੈਤਿਕਤਾ ਔਰਤ-ਮਰਦ ਵਿਚਲੇ ਸਬੰਧਾਂ ਨੂੰ ਬਰਾਬਰੀ ਅਤੇ ਆਜ਼ਾਦੀ ਦੇ ਆਧਾਰ ’ਤੇ ਸਥਾਪਿਤ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੈ| ਇਸਨੇ ਸਮਾਜ ਅੰਦਰ ਵੇਸਵਾਬਿਰਤੀ, ਪਿਆਰ ਵਿਆਹ, ਬਿਨ-ਵਿਆਹ ਸਬੰਧ (Live-in-relationship), ਅੰਤਰਜਾਤੀ ਵਿਆਹ, ਕਿਰਤ ਦਾ ਨਾਰੀਕਰਨ, ਔਰਤ ਸ਼ਸ਼ਕਤੀਕਰਨ, ਸਮਲਿੰਗਕਤਾ ਆਦਿ ਸਵਾਲਾਂ ਨੂੰ ਹੋਰ ਵੱਧ ਗੁੰਝਲਦਾਰ ਬਣਾ ਦਿੱਤਾ ਹੈ| ਇਨ੍ਹਾਂ ਸਵਾਲਾਂ ’ਤੇ ਹੁਕਮਰਾਨ ਜਮਾਤ ਦਾ ਸਟੈਂਡ ਪੂਰੀ ਤਰ੍ਹਾਂ ਦੋਗਲਾ ਅਤੇ ਔਰਤ ਵਿਰੋਧੀ ਹੈ| ਹੁਕਮਰਾਨ ਜਮਾਤ ਦੇ ਇਸ ਔਰਤ ਵਿਰੋਧੀ ਕਿਰਦਾਰ ਕਾਰਨ ਅੱਜ ਸਮਾਜ ਵਿੱਚ ਔਰਤਾਂ ਨੂੰ ਜਿਸਮਾਨੀ ਤੇ ਮਾਨਸਿਕ ਉਤਪੀੜਨ, ਲਿੰਗਕ ਵਖਰੇਵੇਂ ਤੇ ਕਿਰਤ ਲੱੁਟ ਕਰਵਾਉਣ ਲਈ ਮਜ਼ਬੂਰ ਕੀਤਾ ਹੋਇਆ ਹੈ|

ਮੌਜੂਦਾ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਨੇ ਮਨੁੱਖ ਅਤੇ ਮਨੁੱਖੀ ਜ਼ਜਬਿਆਂ ਤੱਕ ਦਾ ਜਿਣਸੀਕਰਨ ਕਰ ਦਿੱਤਾ ਹੈ| ਇਨ੍ਹਾਂ ਸਬੰਧਾਂ ਦੇ ਚਲਦਿਆਂ ਔਰਤ ਨੂੰ ਮੰਡੀ ਵਿੱਚ ਖ੍ਰੀਦੀ-ਵੇਚੀ ਜਾਣ ਵਾਲੀ ਵਸਤੂ ਬਣਾ ਦਿੱਤਾ ਹੈ| ਅੱਜ ਔਰਤ ਆਬਾਦੀ ਦਾ ਇਕ ਹਿੱਸਾ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਚਕਲਾ ਘਰਾਂ ਵਿੱਚ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹੈ| ਹਾਕਮ ਜਮਾਤ ਵੇਸਵਾ ਬਿਰਤੀ ਨੂੰ ਜ਼ਬਾਨੀ-ਕਲਾਮੀ ਇਕ ਗਲੀਜ਼ ਧੰਦੇ ਵਜੋਂ ਪੇਸ਼ ਕਰਦੀ ਹੈ ਪਰ ਇਸਨੂੰ ਕਾਨੂੰਨੀ ਮਾਨਤਾ ਦਿੰਦਿਆਂ ਅਤੇ ਔਰਤਾਂ ਲਈ ਅਜਿਹੀਆਂ ਪਦਾਰਥਕ ਹਾਲਤਾਂ ਪੈਦਾ ਕਰਦਿਆਂ (ਜਿਨ੍ਹਾਂ ਕਾਰਨਾਂ ਕਰਕੇ ਉਹ ਆਪਣਾ ਸਰੀਰ ਵੇਚਣ ਲਈ ਮਜ਼ਬੂਰ ਹੁੰਦੀਆਂ ਹਨ) ਇਸ ਅੱਤ ਦੇ ਘਿਣਾਉਣੇ ਵਰਤਾਰੇ ਨੂੰ ਚੱਲਦਾ ਰੱਖਣ ਲਈ ਜ਼ਿੰਮੇਵਾਰ ਹੁੰਦੀਆਂ ਹਨ| ਇਸੇ ਤਰ੍ਹਾਂ ਪੂੰਜੀਵਾਦੀ ਸਮਾਜ ਅੰਦਰ ਜਿੱਥੇ ਨੰਗੇ-ਚਿੱਟੇ ਰੂਪ ਵਿੱਚ ਔਰਤਾਂ ਨਾਲ ਜਿਸਮਾਨੀ ਛੇੜਛਾੜ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਉੱਥੇ ਇਹ ਮਰਦ ਨੂੰ ਵਿਆਹ ਸਬੰਧਾਂ ਤਹਿਤ ਔਰਤਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਸਮਾਜਿਕ ਅਤੇ ਕਾਨੂੰਨੀ ਮਾਨਤਾ ਵੀ ਦਿੰਦਾ ਹੈ| ਸ਼ਾਦੀਸ਼ੁਦਾ ਜੀਵਨ ਵਿੱਚ ਬਲਾਤਕਾਰ ਔਰਤ ੳੱੁਪਰ ਮਰਦਾਊ ਦਾਬੇ ਦਾ ਚਿੰਨ੍ਹ ਹੈ| ਔਰਤ ਸ਼ਾਦੀਸ਼ੁਦਾ ਜੀਵਨ ’ਚ ਹੁੰਦੀ ਯੌਨ-ਹਿੰਸਾ ਖ਼ਿਲਾਫ਼ ਸਮਾਜਿਕ ਊਜਾਂ, ਤਲਾਕ ਦਾ ਡਰ, ਪਰੰਪਰਾਵਾਂ ਤੇ ਇੱਜ਼ਤ ਦੀ ਰਾਖੀ ਆਦਿ ਦੇ ਡਰ ਕਾਰਨ ਆਪਣਾ ਮੂੰਹ ਨਹੀਂ ਖੋਲ੍ਹਦੀਆਂ| ਸਮਾਜ ਅੰਦਰ ਡੂੰਘੀਆਂ ਜੜ੍ਹਾਂ ਜਮਾਈ ਬੈਠੀ ਪਿੱਤਰਸੱਤਾ ਔਰਤ ਨੂੰ ਆਪਣੀ ਜਗੀਰ ਸਮਝਦੀ ਹੈ| ਸਮਾਜ ਵਿੱਚ ਹੁੰਦੇ ਪਿਆਰ ਵਿਆਹ, ਅੰਤਰਜਾਤੀ ਵਿਆਹ, ਬਿਨ-ਵਿਆਹ ਸਬੰਧ (Live-in-relationship), ਕਿਰਤ ਦਾ ਨਾਰੀਕਰਨ, ਔਰਤ ਸ਼ਸ਼ਕਤੀਕਰਨ, ਸਮਲਿੰਗਕਤਾ (ਇਸਤਰੀ ਅਤੇ ਮਰਦ ਸਮਲਿੰਗਕਤਾ) ਆਦਿ ਸਬੰਧਾਂ ੳੱੁਪਰ ਪਿਤਰੀ ਪ੍ਰਧਾਨ ਸਮਾਜ ਵੱਲੋਂ Tਨੈਤਿਕ ਗਿਰਾਵਟU ਦਾ ਚੀਕ-ਚਿਾਹਾੜਾ ਪਾ ਕੇ ਹਿੰਸਕ ਵਿਰੋਧ ਕੀਤਾ ਜਾਂਦਾ ਹੈ| ਇੱਥੇ ਪੂੰਜੀਵਾਦੀ ਪ੍ਰਬੰਧ ਦੀ ਆਪਣੀ ਇਕ ਮੌਕਾਪ੍ਰਸਤ ਭੂਮਿਕਾ ਰਹਿੰਦੀ ਹੈ ਪਰ ਕੁੱਲ ਮਿਲਾ ਕੇ ਪੂੰਜੀਵਾਦੀ ਨੈਤਿਕਤਾ ਅਤੇ ਰਵਾਇਤੀ ਜਗੀਰੂ ਨੈਤਿਕਤਾ ਦੋਵੇਂ ਔਰਤ-ਮਰਦ ਸਬੰਧਾਂ ਨੂੰ ਜ਼ਬਰੀ ਤੈਅ ਕਰਨ ’ਚ ਆਪਣੀ ਭੂਮਿਕਾ ਨਿਭਾਉਂਦੇ ਹਨ ਜਿਸਦਾ ਸਖ਼ਤ ਵਿਰੋਧ ਕਰਨ ਦੀ ਜ਼ਰੂਰਤ ਹੈ|

ਔਰਤਾਂ ਤੋਂ ਬਿਨਾਂ ਕੋਈ ਕ੍ਰਾਂਤੀ ਸੰਭਵ ਨਹੀਂ

ਲਗਾਤਾਰ ਗਹਿਰੇ ਹੁੰਦੇ ਜਾ ਰਹੇ ਪੂੰਜੀਵਾਦੀ ਸੰਕਟ ਦੇ ਨਾਲ-ਨਾਲ ਦੁਨੀਆਂ ਭਰ ਵਿੱਚ ਲੋਕ ਰੋਹ ਵੀ ਲਗਾਤਾਰ ਵੱਧ ਰਿਹਾ ਹੈ। ਬੀਤੇ ਦੋ-ਤਿੰਨ ਵਰ੍ਹਿਆਂ ’ਚ ਹਾਂਗਕਾਂਗ, ਚਿੱਲੀ, ਲਿਬਨਾਨ, ਅਰਜਨਟੀਨਾ, ਵੈਨਜੂਏਲਾ, ਫਰਾਂਸ ਆਦਿ ਮੁਲਕਾਂ ਅੰਦਰ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਦੇ ਝਲਕਾਰੇ ਵੇਖਣ ਨੂੰ ਮਿਲੇ। ਪੂੰਜੀਵਾਦ ਖਿਲਾਫ ਇਹਨਾਂ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਵਿੱਚ ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਔਰਤਾਂ ਖਾਸਕਰ ਨੌਜਵਾਨ ਕੁੜੀਆਂ ਦੀ ਸ਼ਮੂਲੀਅਤ ਵੇਖਣ ਨੂੰ ਮਿਲੀ।  ਬਿਨਾਂ ਸ਼ੱਕ ਸਮਾਜ ਦੀ ਕੋਈ ਵੀ ਕ੍ਰਾਂਤੀ ਕੱੁਲ ਅਬਾਦੀ ਦਾ ਅੱਧ ਬਣਦੀਆਂ ਔਰਤਾਂ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਇਤਿਹਾਸ ਵਿੱਚ ਹੋਈਆਂ ਕਾਂ੍ਰਤੀਆਂ ਅਤੇ ਸਮਾਜਿਕ ਬਦਲਾਵਾਂ, ਹਰੇਕ ਵਿੱਚ ਔਰਤਾਂ ਦੀ ਹਿੱਸੇਦਾਰੀ ਰਹੀ ਹੈ। ਦੇਖਿਆ ਜਾਵੇ ਤਾਂ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਕਾਂ੍ਰਤੀਆਂ ਅਤੇ ਹਾਕਮ ਜਮਾਤਾਂ ਖਿਲਾਫ ਚੱਲੇ ਸਮਾਜਿਕ ਸੰਘਰਸ਼ ਜਿਆਦਾ ਮਜਬੂਤ, ਜੱਥੇਬੰਦਕ ਤੇ ਅਨੁਸ਼ਾਸ਼ਨ ਵਾਲੇ ਸਨ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਖਿਲਾਫ ਚੱਲੇ ਕਿਸਾਨ ਅੰਦੋਲਨ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਦੇਖੀ ਗਈ।

ਰੂੜੀਵਾਦੀ ਪ੍ਰੰਪਰਾਵਾਦੀ ਜੜ੍ਹਾਂ ਵਾਲੇ ਭਾਰਤ ਵਰਗੇ ਮੁਲਕ ਵਿਚ ਦਿਹਾਤੀ ਖੇਤਰਾਂ ਵਿੱਚੋਂ ਔਰਤਾਂ ਵੱਡੀ ਪੱਧਰ ਤੇ ਅਜਿਹੇ ਸਮਾਜਿਕ-ਸਿਆਸੀ ਸੰਘਰਸ਼ਾਂ ਵਿੱਚ ਸ਼ਾਮਲ ਹੋਈਆਂ। ਪੰਜਾਬ, ਹਰਿਆਣਾ, ਯੂਪੀ, ਆਂਧਰਾ, ਤਾਮਿਲਨਾਡੂ ਆਦਿ ਸੂਬਿਆਂ ਵਿੱਚੋਂ ਪੇਂਡੂ ਔਰਤਾਂ ਮੌਜੂਦਾ ਕਿਸਾਨ ਸੰਘਰਸ਼ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਇਸ ਸੰਘਰਸ਼ ਵਿੱਚ ਉਹਨਾਂ ਆਗੂ ਅਤੇ ਪ੍ਰਬੰਧਕੀ ਦੋਵੇਂ ਤਰ੍ਹਾਂ ਦੀ ਭੂਮਿਕਾਵਾਂ ਨਿਭਾਈਆਂ। ਭਾਰਤੀ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਨੂੰ ਵਿਰੋਧ ਕਰਨ ਦਾ ਮਨੁੱਖੀ ਅਧਿਕਾਰ ਦਿੰਦਾ ਹੈ ਅਤੇ ਸੰਘਰਸ਼ ਵਿੱਚ ਸ਼ਾਮਲ ਔਰਤਾਂ ਬਰਾਬਰ ਦੇ ਮਨੁੱਖੀ ਅਧਿਕਾਰ ਦੇ ਨਜ਼ਰੀਏ ਤੋਂ ਇਸ ਸੰਘਰਸ਼ ਵਿੱਚ ਆਪਣੀ ਅਜਾਦ ਹੈਸੀਅਤ ਨਾਲ ਸ਼ਾਮਲ ਹੋਈਆਂ। ਇਸ ਸੰਘਰਸ਼ ਵਿੱਚ ਸ਼ਾਮਲ ਔਰਤਾਂ ਲੰਗਕ ਪਹਿਚਾਣ ਜਾਂ ਪੱੁਗਤ ਦੀ ਬਜਾਇ ਆਪਣੀਆਂ ਤਬਕਾਤੀ ਮੰਗਾਂ ਨੂੰ ਲੈ ਕੇ ‘ਔਰਤ ਕਿਸਾਨ’ ਬਨਾਮ ‘ਮਰਦ ਕਿਸਾਨ’ ਦੇ ਸੰਕੀਰਨ ਨਾਰੀਵਾਦੀ ਮੁਹਾਵਰਿਆਂ ਤੋਂ ਦੂਰ ਇੱਕ ਕਿੱਤੇ ਦੇ ਸਾਂਝੇ ਸੰਕਟ ਦੇ ਸਵਾਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਬਣੀਆਂ । ਕਿਸਾਨੀ ਇੱਕ ਕਿੱਤਾ ਹੈ ਅਤੇ ਭਾਰਤ ਦੀ 70 ਫੀਸਦੀ ਅਬਾਦੀ ਇਸ ਕਿੱਤੇ ਨਾਲ ਜੁੜੀ ਹੋਈ ਹੈ। ਭਾਰਤੀ ਦਿਹਾਤੀ ਖੇਤਰਾਂ ਵਿੱਚ ਪੂਰੇ ਦਾ ਪੂਰਾ ਪਰਿਵਾਰ ਖੇਤੀਬਾੜੀ ਪੈਦਾਵਾਰ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਵਿੱਚ ਔਰਤਾਂ ਦੀ ਹਿੱਸੇਦਾਰੀ ਬੜੀ ਅਹਿਮ ਹੁੰਦੀ ਹੈ। ਪੀ. ਸਾਈਨਾਥ ਮੁਤਾਬਕ ਭਾਰਤੀ ਖੇਤੀਬਾੜੀ ਵਿੱਚ 70 ਫੀਸਦੀ ਹਿੱਸੇਦਾਰੀ ਔਰਤਾਂ ਦੀ ਹੈ। ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਨੂੰਨ ਖੇਤੀ ਧੰਦੇ ਲਈ ਬੇਹੱਦ ਮਾਰੂ ਸਨ ਅਤੇ ਇਹ ਖੇਤੀ ਸੰਕਟ ਨੂੰ ਹੋਰ ਵੱਧ ਗਹਿਰਾ ਕਰਨ ਵਾਲੇ ਸਨ। ਸਿੱਟੇ ਵਜੋਂ ਇਹ ਖੇਤੀ ਸੰਕਟ ਆਰਥਿਕ-ਸਮਾਜੀ ਸੰਕਟ ਨੂੰ ਵੀ ਹੋਰ ਵੱਧ ਡੂੰਘਾ ਕਰੇਗਾ। ਇਸ ਤਰ੍ਹਾਂ ਇਹ ਭਾਰਤ ਦਾ ਆਮ ਸਮਾਜਿਕ ਸੰਕਟ ਹੈ ਜਿਸਦੀ ਮਾਰ ਹੇਠ ਹਰੇਕ ਤਬਕਾ ਆਵੇਗਾ। ਅਤੇ ਸਮਾਜ ਦਾ ਆਰਥਿਕ-ਸਮਾਜਿਕ ਸੰਕਟ ਲੰਿਗਕ ਵੱਖਰੇਵਾਂ ਵੇਖਕੇ ਆਪਣਾ ਹਮਲਾ ਨਹੀਂ ਕਰਦਾ। ਕਿਸਾਨ ਅੰਦੋਲਨ ਵਿੱਚ ਸਾਰੇ ਤਬਕਿਆਂ ਅਤੇ ਲੰਿਗਕ ਵੱਖਰੇਵਿਆਂ ਵਾਲਿਆਂ ਦੀ ਸ਼ਮੂਲੀਅਤ ਇਸ ਤੱਥ ਦੀ ਗਵਾਹੀ ਭਰਦੀ ਸੀ ਕਿ ਉਹ ਵੱਡੇ ਹਕੂਮਤੀ ਹਮਲੇ ਖਿਲਾਫ ਸਭ ਵਖਰੇਵਿਆਂ ਤੋਂ ਉਪਰ ਉੱਠਕੇ ਇਕਜੁੱਟ ਸਨ।

ਔਰਤਾਂ ਦੀ ਹਿੱਸੇਦਾਰੀ ਨੇ ਜਿੱਥੇ ਸੰਘਰਸ਼ ਨੂੰ ਸ਼ਾਂਤਮਈ ਅਤੇ ਅਨੁਸ਼ਾਸ਼ਨੀ ਬਣਾਉਣ ਵਿਚ ਮੱਦਦ ਕੀਤੀ ਹੈ ਉੱਥੇ ਹਕੂਮਤ ਲਈ ਕਿਸਾਨ ਅੰਦੋਲਨ ਉੱਤੇ ਜਬਰੀ ਝਪਟਣ ਦੀ ਬਦਨੀਅਤ ਨੂੰ ਵੀ ਬੇਅਸਰ ਕੀਤਾ ਹੈ। ਕਿਸਾਨ ਸੰਘਰਸ਼ ਲੰਿਗਕ ਵੰਡ-ਵਖਰੇਵੇਂ ਤੋਂ ਦੂਰ ਔਰਤਾਂ ਅਤੇ ਮਰਦਾਂ ਦਾ ਸਾਂਝਾ ਸੰਘਰਸ਼ ਸੀ । ਇੱਕੀਵੀਂ ਸਦੀ ਦੇ ਇਸ ਨਵੇਂ ਕਿਸਾਨ ਸੰਘਰਸ਼ ਨੇ ਦਿਹਾਤੀ ਔਰਤਾਂ ਨੂੰ ਸਭ ਤਰ੍ਹਾਂ ਦੇ ਰੀਤੀ-ਰਿਵਾਜਾਂ, ਸਮਾਜਿਕ ਬੰਧਨਾਂ, ਘਰ ਦੀ ਚਾਰਦੀਵਾਰੀ ਅਤੇ ਰੂੜੀਵਾਦੀ ਪ੍ਰੰਪਰਾਵਾਂ ਦੀਆਂ ਬੇੜੀਆਂ ਨੂੰ ਤੋੜਕੇ ਖੁੱਲ੍ਹੇ ਅਸਮਾਨ ਹੇਠ ਸਾਂਝੇ ਸਮਾਜਿਕ ਸੰਘਰਸ਼ ਵਿੱਚ ਬਰਾਬਰ ਦੀਆਂ ਸੰਗੀ ਬਣਕੇ ਵਿਰੋਧ ਦੀ ਇਕਜੁੱਟ ਅਵਾਜ ਬੁਲੰਦ ਕਰਨ ਦਾ ਜਜਬਾ ਅਤੇ ਮੌਕਾ ਪ੍ਰਦਾਨ ਕੀਤਾ। ਆਪਣੇ ਹੱਕਾਂ ਲਈ ਜੂਝਣ ਦੀ ਵੱਧਦੀ ਜਮਾਤੀ ਚੇਤਨਾ ਨੇ ਕਿਸਾਨੀ ਅੰਦਰਲੀ ਜੱਟਵਾਦੀ ਕੱਟੜਤਾ ਦੇ ਜਮੂਦ ਨੂੰ ਤੋੜਦਿਆਂ ਜਾਤੀ, ਲੰਿਗਕ ਤੇ ਹੋਰ ਸਭ ਵਖਰੇਵਿਆਂ ਨੂੰ ਗੌਣ ਕਰ ਦਿੱਤਾ।

ਇਸ ਸੰਘਰਸ਼ ਵਿੱਚ ਔਰਤਾਂ ਦੇ ਹਿੱਸੇਦਾਰੀ ਨੇ ਔਰਤ ਦੀ ਅਜਾਦੀ ਅਤੇ ਬਰਾਬਰਤਾ ਦੇ ਕਾਲਪਨਿਕ ਨਾਰੀਵਾਦੀ ਸਵਾਲ ਨੂੰ ਵੀ ਵਿਵਹਾਰਿਕ ਪੱਧਰ ਤੇ ਲੈ ਆਂਦਾ। ਔਰਤਾਂ ਦੀ ਸੰਘਰਸ਼ ਵਿੱਚ ਇਹ ਵਿਵਹਾਰਿਕ ਹਿੱਸੇਦਾਰੀ ਉਹਨਾਂ ਨੂੰ ਗੁਲਾਮ ਬਣਾਉਣ ਵਾਲੀਆਂ ਸਮਾਜ ਦੀਆਂ ਚਾਰ ਸੰਸਥਾਵਾਂ ਨਿੱਜੀ ਜਾਇਦਾਦ, ਰਾਜ, ਧਰਮ ਅਤੇ ਪਰਿਵਾਰ ਦੀਆਂ ਰੂੜੀਵਾਦੀ ਪ੍ਰੰਪਰਾਵਾਦੀ ਬੇੜੀਆਂ ਤੋਂ ਉਹਨਾਂ ਦੀ ਮੁਕਤੀ ਦਾ ਮਾਰਗ ਤੈਅ ਕਰੇਗੀ। ਔਰਤ ਸ਼ਕਤੀ ਮਹਿਜ ਔਰਤ ਦੀ ਅਜਾਦੀ ਦੀ ਹੀ ਨਹੀਂ ਬਲਕਿ ਕੁੱਲ ਮਨੁੱਖਤਾ ਦੀ ਅਜਾਦੀ ਦਾ ਅਟੁੱਟ ਅੰਗ ਹੈ। ਇਸ ਲਈ ਵਿਵਹਾਰਿਕ ਪੱਧਰ ਤੇ ਕਿਸਾਨ ਸੰਘਰਸ਼ ਵਿੱਚ ਔਰਤਾਂ ਦੀ ਹਿੱਸੇਦਾਰੀ ਮਨੁੱਖਤਾ ਦੀ ਅਜਾਦੀ ਦੇ ਜਾਵੀਏ ਤੋਂ ਬੇਹੱਦ ਮਹੱਤਵਪੂਰਨ ਸੀ।

ਸਾਡੇ ਮੁਲਕ ਵਿੱਚ ਔਰਤ ਦੀ ਦਰਦਨਾਕ ਹਾਲਤ

ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਜ਼ੋਂ ਪੇਸ਼ ਕੀਤਾ ਜਾਂਦਾ ਹੈ| ਪਰ ਇਸ ‘ਸਭ ਤੋਂ ਵੱਡੀ ਜਮਹੂਰੀਅਤ’ ਅੰਦਰ ਵਸਦੀ ਮਿਹਨਤਕਸ਼ ਔਰਤ ਵਿਤਕਰੇ, ਜ਼ਬਰ ਅਤੇ ਆਰਥਿਕ ਲੁੱਟ ਦਾ ਸ਼ਿਕਾਰ ਹੈ| ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਔਰਤ ਦਾ ਕਿਰਤ ਵਿੱਚ 60 ਪ੍ਰਤੀਸ਼ਤ ਹਿੱਸਾ ਹੈ ਪਰ ਉਸ ਦੀ ਪੈਦਾਵਾਰੀ ਸਾਧਨਾਂ ਉੱਪਰ ਮਾਲਕੀ ਸਿਰਫ਼ ਇੱਕ ਪ੍ਰਤੀਸ਼ਤ ਹੀ ਹੈ| ਭਾਰਤੀ ਕਾਨੂੰਨ ਮੁਤਾਬਿਕ ਲੜਕੀ ਅਤੇ ਲੜਕੇ ਨੂੰ ਮਾਪਿਆਂ ਦੀ ਜਾਇਦਾਦ ਦਾ ਬਰਾਬਰ ਦਾ ਅਧਿਕਾਰ ਹੈ ਪਰ ਹਕੀਕੀ ਰੂਪ ਵਿੱਚ ਲੜਕੀ ਇਸ ਅਧਿਕਾਰ ਤੋਂ ਸੱਖਣੀ ਹੈ ਤੇ ਉਸਦੀ ਇਹੋ ਸਥਿਤੀ ਸਹੁਰੇ ਘਰ ਵਿੱਚ ਹੈ| ਪੈਦਾਵਾਰ ਦੇ ਸਾਧਨਾਂ ਉੱਪਰ ਮਾਲਕੀ ਦੇ ਸਵਾਲ ’ਤੇ ਔਰਤ ਸੰਘਰਸ਼ ਮਹਿਜ ਸਹੁਰੇ/ ਪੇਕੇ ਪਰਿਵਾਰ ਜਾਂ ਮਰਦ ਨਾਲ ਨਾਲ ਪੈਦਾਵਾਰੀ ਸਾਧਨਾਂ ’ਚ ਬਰਾਬਰ ਮਾਲਕੀ ਦਾ ਹੀ ਨਹੀਂ ਹੈ ਬਲਕਿ ਪੈਦਾਵਾਰ ਦੇ ਸਾਧਨਾਂ ਉੱਪਰ ਕਾਬਜ ਹੁਕਮਰਾਨ ਜਮਾਤ ਹੱਥੋਂ ਪੈਦਾਵਾਰੀ ਸਾਧਨਾਂ ਦੀ ਨਿੱਜੀ ਮਾਲਕੀ ਖੋਹਣ ਨਾਲ ਵੀ ਜੁੜਿਆ ਹੋਇਆ ਹੈ| ਔਰਤ ਸਵੇਰ ਤੋਂ ਲੈ ਕੇ ਰਾਤ ਤੱਕ ਘਰੇਲੂ ਕੰਮ ਕਰਦੀ-ਕਰਦੀ ਥੱਕ-ਟੁੱਟ ਕੇ ਸੌਂਦੀ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਪਤੀ ਦੀ ਸੇਵਾ ਵਰਗੇ ਕੰਮ ਕਰਦੀ ਹੈ| ਉਸ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ, ਕੋਈ ਕਦਰ ਨਹੀਂ ਹੈ| ਗ਼ੈਰ-ਜਥੇਬੰਦਕ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਮਰਦ ਦੀ ਉਜ਼ਰਤ ਨਾਲੋਂ ਕਿਤੇ ਘੱਟ ਉਜ਼ਰਤ ਮਿਲਦੀ ਹੈ| ਗ਼ਰੀਬ ਅਤੇ ਦਲਿਤ ਔਰਤਾਂ ਨੂੰ ਅਮੀਰ ਘਰਾਣਿਆਂ ਤੋਂ ਲੈ ਕੇ ਮੱਧ ਵਰਗ ਤੱਕ ਦੇ ਘਰਾਂ ਅੰਦਰ ਸਫ਼ਾਈ ਕਰਨ, ਭਾਂਡੇ ਮਾਂਜਣ, ਖਾਣਾ ਬਣਾਉਣ, ਕੱਪੜੇ ਧੋਣ, ਬੱਚਿਆਂ ਨੂੰ ਸਾਂਭਣ, ਘਰਾਂ ਦੀ ਝਾੜ-ਪੂੰਝ ਕਰਨ, ਉਨ੍ਹਾਂ ਦੇ ਕੁੱਤਿਆਂ ਨੂੰ ਘੁੰਮਾਉਣ-ਫਿਰਾਉਣ ਆਦਿ ਤੱਕ ਦੇ ਕੰਮ ਲਈ ਨਿਗੂਣੇ ਪੈਸੇ ਲੈ ਕੇ ਨਰਕੀ ਜ਼ਿੰਦਗੀ ਭੋਗਣੀ ਪੈ ਰਹੀ ਹੈ| ਬੇਰੁਜ਼ਗਾਰੀ ਦੇ ਆਲਮ ’ਚ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਵੱਡੇ-ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ, ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿੱਚ ਬਹੁਤ ਹੀ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ| ਭਾਰਤ ਵਿੱਚ 1990ਵਿਆਂ ’ਚ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਮਿਹਨਤਕਸ਼ ਜਨਤਾ ’ਤੇ ਹਮਲਾ ਹੋਰ ਤੇਜ਼ ਹੋ ਗਿਆ ਹੈ ਅਤੇ ਇਸ ਦਾ ਖ਼ਮਿਆਜ਼ਾ ਔਰਤਾਂ ਨੂੰ ਹੋਰ ਵੀ ਭੁਗਤਣਾ ਪੈ ਰਿਹਾ ਹੈ| ਪੂੰਜੀਵਾਦ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਅਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ ’ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ| ਹੁਣ ਉਸ ਨੂੰ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਗਾਉਣ-ਵਜਾਉਣ, ਚੀਅਰਜ਼ ਗਰਲਜ਼, ਮੌਡਲਿੰਗ, ਕਾਲ ਗਰਲਜ਼, ਸੇਲਜ਼ ਗਰਲਜ਼, ਬਲਿਊ ਫਿਲਮਾਂ ਅਤੇ ਔਰਤਾਂ ਦੇ ਅੱਧ ਨੰਗੇ ਜਿਸਮਾਂ ਨੂੰ ਮਾਲ ਵੇਚਣ ਲਈ ਤਿਆਰ ਕੀਤੀਆਂ ਜਾਂਦੀਆਂ ਮਸ਼ਹੂਰੀਆਂ ਲਈ ਵਰਤਿਆ ਜਾ ਰਿਹਾ ਹੈ|

ਜੇਕਰ ਭਾਰਤ ਦੀਆਂ ਆਮ ਔਰਤਾਂ ਦੀ ਸਿਹਤ ਸਹੂਲਤ ਦੀ ਗੱਲ ਕਰਨੀ ਹੋਵੇ ਤਾਂ ਹਾਲਤ ਹੋਰ ਵੀ ਨਿਰਾਸ਼ਾਜਨਕ ਹੈ| ਭਾਰਤ ਅੰਦਰ ਔਰਤਾਂ ਦਾ ਵੱਡਾ ਹਿੱਸਾ ਬੱਚਿਆਂ ਅਤੇ ਮਰਦਾਂ ਤੋਂ ਬਾਅਦ ਹੀ ਭੋਜਨ ਖਾਂਦਾ ਹੈ| ਇਸਤੋਂ ਇਲਾਵਾ 75 ਪ੍ਰਤੀਸ਼ਤ ਔਰਤਾਂ ਅਤੇ 56 ਪ੍ਰਤੀਸ਼ਤ ਲੜਕੀਆਂ ਅਨੀਮੀਏ ਦੀਆਂ ਸ਼ਿਕਾਰ ਹਨ ਤੇ 85 ਪ੍ਰਤੀਸ਼ਤ ਔਰਤਾਂ ਕੁਪੋਸ਼ਣ ਦੀਆਂ ਪੀੜਤ ਹਨ| ਭਾਰਤ ਅੰਦਰ ਤਕਰੀਬਨ 1,25,000 ਔਰਤਾਂ ਜਣੇਪੇ ਸਮੇਂ ਮਰ ਜਾਂਦੀਆਂ ਹਨ|

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 21ਵੀਂ ਸਦੀ ਦੇ ਪਹਿਲੇ ਦਹਾਕੇ ’ਚ ਪੰਜਾਬ ਵਿੱਚ 13 ਲੱਖ ਮਾਦਾ ਭਰੂਣ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ ਅਤੇ ਪੰਜਾਬ ਹੁਣ ਕੁੜੀ-ਮਾਰਾਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ| ਜੇਕਰ ਕੁੜੀਆਂ ਦੀ ਭਰੂਣ ਹੱਤਿਆ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਵਿਤਕਰਾ ਕੀਤਾ ਜਾਂਦਾ ਹੈ| ਇਸ ਵਿਤਕਰੇ ਕਾਰਨ ਕੁੜੀਆਂ ਨੂੰ ਪੂਰਾ ਭੋਜਨ ਨਹੀਂ ਦਿੱਤਾ ਜਾਂਦਾ, ਨਾ ਹੀ ਉਸ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾਂਦੀ, ਨਾ ਹੀ ਉਸ ਨੂੰ ਪੂਰੀ ਵਿੱਦਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਦੀ ਬਿਮਾਰੀ ਦਾ ਪੂਰਾ ਇਲਾਜ ਕਰਾਇਆ ਜਾਂਦਾ ਹੈ| ਇਸ ਕਰਕੇ ’ਚ ਭਾਰਤ ਹਰ ਛੇ ’ਚੋਂ ਇੱਕ ਕੁੜੀ ਨੂੰ ਆਪਣਾ ਪੰਦਰਵਾਂ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ| ਭਾਰਤ ਵਿੱਚ 10 ਲੱਖ ਕੁੜੀਆਂ ਨੂੰ ਪਹਿਲਾ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ|

ਅੱਜ ਅਸੀਂ 21ਵੀ ਸਦੀ ਵਿੱਚ ਰਹਿ ਰਹੇ ਹਾਂ ਪਰ ਇਸ ਸਦੀ ਵਿੱਚ ਵੀ ਭਾਰਤੀ ਔਰਤ ਨੂੰ ਆਪਣੇ ਪਤੀ ਦੀ ਚੋਣ ਕਰਨ ਜਾਂ ਪਿਆਰ ਵਿਆਹ ਕਰਵਾਉਣ ਦਾ ਹੱਕ ਨਹੀਂ ਹੈ| ਇਸ ਪੈਤਰਿਕ ਸਮਾਜ ਵਿੱਚ ਕੁੜੀਆਂ ਨੂੰ ਪਤੀਆਂ ਦੀ ਚੋਣ ਉਨ੍ਹਾਂ ਦੇ ਮਾਪੇ ਕਰਕੇ ਦਿੰਦੇ ਹਨ| ਜੇਕਰ ਕੋਈ ਲੜਕੀ ਆਪਣੀ ਮਨ-ਪਸੰਦ ਦੇ ਲੜਕੇ ਦੀ ਚੋਣ ਕਰਦੀ ਤਾਂ ਇਸ ਨੂੰ ਇੱਕ ਸਮਾਜਿਕ ਕਲੰਕ ਦੇ ਤੌਰ ’ਤੇ ਲਿਆ ਜਾਂਦਾ ਹੈ| ਔਰਤ ਨਾਲ ਇਹ ਧੱਕਾ ਸਦੀਆਂ ਪੁਰਾਣਾ ਹੈ| ਪਹਿਲੇ ਗ਼ੁਲਾਮਦਾਰੀ ਅਤੇ ਜਗੀਰੂ ਸਮਾਜਾਂ ਵਿੱਚ ਔਰਤ ਨੂੰ ਇੱਕ ਭੋਗ-ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀ| ਉਸ ਸਮੇਂ ਇੱਕ ਪਾਸੇ ਕਈ ਰਾਜਿਆਂ ਕੋਲ 360 ਰਾਣੀਆਂ ਹੁੰਦੀਆਂ ਸਨ ਅਤੇ ਦੂਜੇ ਪਾਸੇ ਔਰਤਾਂ ਦੀ ਘਾਟ ਕਾਰਨ ਇੱਕ-ਇੱਕ ਔਰਤ ਦੇ ਪੰਜ-ਪੰਜ ਪਤੀ ਹੁੰਦੇ ਸਨ ਅਤੇ ਇਸ ਵਿਵਸਥਾ ਨੂੰ ਪੰਜਆਲੀ ਵਿਵਸਥਾ ਕਿਹਾ ਜਾਂਦਾ ਸੀ| ਪਰ ਸਮੇਂ ਦੇ ਬੀਤਣ ਨਾਲ ਇਸ ਵਰਤਾਰੇ ਵਿੱਚ ਫ਼ਰਕ ਪੈ ਗਿਆ| ਪਰ ਲਿੰਗ ਨਿਰਧਾਰਨ ਤਕਨੀਕ ਆਉਣ ਨਾਲ ਮਾਦਾ ਭਰੂਣ ਹੱਤਿਆ ਦੇ ਵਰਤਾਰੇ ਨੇ ਹੋਰ ਵੱਧ ਜ਼ੋਰ ਫੜ ਲਿਆ ਹੈ ਜਿਸ ਕਾਰਨ ਲਿੰਗ ਅਨੁਪਾਤ ਵਿੱਚ ਅਸੰਤੁਲਨ ਆ ਰਿਹਾ ਹੈ, ਇਸ ਲਿੰਗ ਅਸੰਤੁਲਨ ਨਾਲ ਸਾਡੇ ਸਮਾਜ ਅੰਦਰ ਵੱਡੇ ਵਿਗਾੜ ਪੈਦਾ ਹੋਣ ਦੀਆਂ ਅਰਥ-ਸੰਭਾਵਨਾਵਾਂ ਉਤਪੰਨ ਹੋਈਆਂ ਤੇ ਲਗਾਤਾਰ ਹੋ ਰਹੀਆਂ ਹਨ| ਜ਼ਬਰੀ ਗਰਭਪਾਤ ਕਰਨ ਜਾਂ ਗਰਭਪਾਤ ਕਰਵਾਉਣ ਲਈ ਪੂੰਜੀਵਾਦੀ ਤੇ ਮਰਦ ਪ੍ਰਧਾਨ ਸਮਾਜ ਵੱਲੋਂ ਪੈਦਾ ਕੀਤੀਆਂ ਹਾਲਤਾਂ ਖ਼ਿਲਾਫ਼ ਔਰਤਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ| ਇਸ ਜਾਇਦਾਦ ਪ੍ਰਧਾਨ ਸਮਾਜ ਅੰਦਰ ਪੈਦਾਵਾਰੀ ਸਾਧਨਾਂ ਉੱਤੇ ਭਾਰੂ ਜਮਾਤ ਦੇ ਮਰਦਾਂ ਲਈ ਹੀ ਪਿਆਰ, ਵਿਆਹ ਤੇ ਔਰਤਾਂ ਨੂੰ ਭੋਗਣ ਦੇ ਹੱਕ ਕਾਨੂੰਨੀ ਤੇ ਸਮਾਜਿਕ ਸਹਿਮਤੀ ਦਾ ਬੁਰਕਾ ਪਾਈ ਬੈਠੇ ਹਨ| ਇਸ ਨਾਲ ਔਰਤ ਉੱਪਰ ਜ਼ਬਰ ਅਤੇ ਬਲਾਤਕਾਰ ਵੱਧਣ ਦੇ ਖਦਸ਼ੇ ਹਨ| ਪਰ ਜਿਵੇਂ-ਜਿਵੇਂ ਪੂੰਜੀਵਾਦੀ ਕਦਰਾਂ-ਕੀਮਤਾਂ ਭਾਰਤੀ ਸਮਾਜ ਅੰਦਰ ਘਰ ਕਰ ਰਹੀਆਂ ਹਨ, ਤਿਵੇਂ-ਤਿਵੇਂ ਤੇਜ਼ੀ ਨਾਲ ਔਰਤ ਵੀ ਇੱਕ ਜਿਣਸ ਬਣਦੀ ਜਾ ਰਹੀ ਹੈ| ਜਿਵੇਂ-ਜਿਵੇਂ ਪੂੰਜੀਵਾਦੀ ਵਿਸ਼ਵੀਕਰਨ ਦਾ ਵਰਤਾਰਾ ਅੱਗੇ ਵੱਧ ਰਿਹਾ ਹੈ, ਤਿਵੇਂ-ਤਿਵੇਂ ਭਾਰਤੀ ਰਾਜ ਪ੍ਰਬੰਧ ਉੱਤੇ ਪੱਛਮੀ ਬੁਰਜ਼ੂਆ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ| ਪੱਛਮੀ ਦੇਸ਼ਾਂ ਦੀ ਖ਼ਪਤਵਾਦੀ, ਬਾਜ਼ਾਰੂ ਚਮਕ-ਦਮਕ ਤੋਂ ਭਾਰਤੀ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਭਾਰਤੀ ਲੋਕਾਂ ਵੱਲੋਂ ਪੱਛਮੀ ਦੇਸ਼ਾਂ ਵਿੱਚ ਜਾਣ ਦੀ ਇੱਕ ਹੋੜ ਲੱਗੀ ਹੋਈ ਹੈ| ਪੱਛਮੀ ਦੇਸ਼ਾਂ ਵਿੱਚ ਪਹੁੰਚਣ ਲਈ ਲੋਕਾਂ ਲਈ ਲੜਕੀਆਂ ਇੱਕ ਬੜਾ ਹੀ ਆਸਾਨ ਹੱਥਾ ਬਣ ਗਈਆਂ ਹਨ| ਵਿਦੇਸ਼ਾਂ ਵਿੱਚ ਜਾਣ ਦੀ ਹੋੜ ਲਈ ਨੌਜਵਾਨ ਲੜਕੀਆਂ ਨੂੰ ਬੁੱਢਿਆਂ, ਵਿਕਲਾਗਾਂ ਅਤੇ ਮੰਦਬੁੱਧੀ ਮਰਦਾਂ ਨਾਲ ਵਿਆਹਿਆ ਜਾ ਰਿਹਾ ਹੈ| ਵਿਦੇਸ਼ੀ ਵਿਅਕਤੀਆਂ ਵੱਲੋਂ ਵਿਆਹ ਨੂੰ ਇੱਕ ਵਪਾਰ ਦੇ ਤੌਰ ’ਤੇ ਲਿਆ ਜਾ ਰਿਹਾ ਹੈ ਅਤੇ ਆਮ ਤੌਰ ’ਤੇ ਵਿਆਹ ਦੇ ਸੌਦੇ 30-40 ਲੱਖ ਤੱਕ ਦੇ ਤੈਅ ਹੁੰਦੇ ਹਨ| ਵਿਦੇਸ਼ੀ ਲਾੜੇ ਲੜਕੀਆਂ ਨਾਲ ਧੋਖਾ ਕਰ ਰਹੇ ਹਨ ਅਤੇ ਹਜ਼ਾਰਾਂ ਲੜਕੀਆਂ ਨਾ ਵਿਆਹੀਆਂ ਅਤੇ ਨਾ ਹੀ ਕੁਆਰੀਆਂ ਵਾਲੀ ਹਾਲਤ ’ਚ ਵਿਦੇਸ਼ਾਂ ਵਿੱਚ ਜਾਣ ਦੀ ਝਾਕ ਵਿੱਚ ਬੁੱਢੀਆਂ ਹੋ ਰਹੀਆਂ ਹਨ ਅਤੇ ਉਹ ਕੋਰਟਾਂ ਦੇ ਚੱਕਰ ਕੱਟ ਰਹੀਆਂ ਹਨ| ਲੜਕੀਆਂ ਦੇ ਮਨਮਰਜੀ ਨਾਲ ਵਿਆਹ ਕਰਾਉਣ ਲਈ ਧਰਮ, ਜਾਤ, ਗੋਤ ਅਤੇ ਸਮਾਜਿਕ ਭਾਈਚਾਰਾ ਅੜਿ¾ਕਾ ਬਣਿਆ ਹੋਇਆ ਹੈ| ਸਿੱਟੇ ਵਜੋਂ ਅਣਖ ਖ਼ਾਤਰ ਕਤਲ ਦਾ ਵਰਤਾਰਾ ਵਧ ਰਿਹਾ ਹੈ| ਇਸ ਲਈ ਹਰਿਆਣਾ ਦੀਆਂ ਖਾਪ ਪੰਚਾਇਤਾਂ ਬੁਰੀ ਤਰ੍ਹਾਂ ਬਦਨਾਮ ਹਨ ਅਤੇ ਇਹ ਵਰਤਾਰਾ ਪੰਜਾਬ ਅੰਦਰ ਵੀ ਵੱਡੀ ਪੱਧਰ ’ਤੇ ਪਾਇਆ ਜਾਂਦਾ ਹੈ| ਨੈਸ਼ਨਲ ਪਾਪੂਲੇਸ਼ਨ ਸਟੈਟਿਕਸ ਸਰਵੇ ਮੁਤਾਬਿਕ 2007 ਦੌਰਾਨ ਸਮੁੱਚੇ ਦੇਸ਼ ਅੰਦਰ 655 ਕੁੜੀਆਂ-ਮੁੰਡਿਆਂ ਦੇ ਪ੍ਰੇਮ ਸਬੰਧਾਂ ਜਾਂ ਮਨਮਰਜ਼ੀ ਨਾਲ ਵਿਆਹ ਕਰਾਉਣ ਕਾਰਨ ਇੱਜ਼ਤ ਲਈ ਕਤਲ ਹੋਏ ਹਨ| ਭਾਈਚਾਰਕ ਤੰਦਾਂ ਦੇ ਕਮਜ਼ੋਰ ਹੋਣ ਕਾਰਨ ਔਰਤ ਉੱਪਰ ਘਰੇਲੂ ਹਿੰਸਾ ਅਤੇ ਤਲਾਕ ਦੇ ਕਿੰਨੇ ਹੀ ਕੇਸ ਕੋਰਟਾਂ ਵਿੱਚ ਚੱਲ ਰਹੇ ਹਨ| ਪੰਜਾਬ ਦੀ ਨੌਜਵਾਨੀ ਵਿੱਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਾਰਨ ਔਰਤ ਮਰਦ ਰਿਸ਼ਤਿਆਂ ’ਚ ਹੋਰ ਵੀ ਵਿਗਾੜ ਆਏ ਹਨ| ਜੇਕਰ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਹੋਰ ਵੀ ਤ੍ਰਿਸਕਾਰ ਭਾਵਨਾ ਨਾਲ ਦੇਖਦਾ ਹੈ ਅਤੇ ਇਸ ਕਰਕੇ ਮਰਦ ਭਾਵੇਂ ਸ਼ਰਾਬੀ-ਕਬਾਬੀ ਅਤੇ ਐਬੀ ਹੀ ਕਿਓਂ ਨਾ ਹੋਵੇ, ਵਿਆਹ ਦੇ ਬੰਧਨ ਵਿੱਚ ਰਹਿਣਾ ਔਰਤ ਲਈ ਇੱਕ ਸਮਾਜਿਕ ਮਜ਼ਬੂਰੀ ਬਣਿਆ ਹੋਇਆ ਹੈ| ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਅੰਦਰ ਵਿਆਹ ਵਿਵਸਥਾ ਵੀ ਸੰਕਟ ਦੀ ਲਪੇਟ ਵਿੱਚ ਹੈ ਅਤੇ ਇਸ ਦਾ ਖ਼ਮਿਆਜ਼ਾ ਵੀ ਭਾਰਤੀ ਔਰਤ ਨੂੰ ਭੁਗਤਣਾ ਪੈ ਰਿਹਾ ਹੈ|

ਵਿਰਾਸਤ ਦੇ ਸੁਆਲ ’ਤੇ ਔਰਤ ਨਾਲ ਵਿਤਕਰਾ

ਸਾਡੇ ਨਿੱਜੀ ਜਾਇਦਾਦ ’ਤੇ ਆਧਾਰਿਤ ਮਰਦ ਪ੍ਰਧਾਨ ਸਮਾਜ ਅੰਦਰ ਮਾਪਿਆਂ ਦੀ ਵਿਰਾਸਤ ਉੱਪਰ ਵੀ ਮਰਦ ਭਾਰੂ ਹੁੰਦਾ ਹੈ ਅਤੇ ਔਲਾਦ ਦੇ ਗੋਤ ਵੀ ਮਰਦ ਦੇ ਗੋਤ ਤੋਂ ਤਹਿ ਹੁੰਦੇ ਹਨ| ਕਾਨੂੰਨੀ ਤੌਰ ’ਤੇ ਸਾਡੇ ਦੇਸ਼ ਅੰਦਰ ਭਾਵੇਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਅਧਿਕਾਰ ਹੈ ਪਰ ਅਮਲੀ ਰੂਪ ਵਿੱਚ ਜਾਇਦਾਦ ’ਤੇ ਮਰਦ ਹੀ ਭਾਰੂ ਹੁੰਦੇ ਹਨ| ਜੇਕਰ ਲੜਕੀ ਜਾਇਦਾਦ ’ਤੇ ਆਪਣੇ ਹੱਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਤ੍ਰਿਸਕਾਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ| ਜਾਇਦਾਦ ’ਤੇ ਹੱਕ ਜਤਾ ਕੇ ਉਸ ਨੂੰ ਪੇਕਿਆਂ ਨਾਲੋਂ ਟੁੱਟਣ ਦਾ ਖ਼ਤਰਾ ਸਹੇੜਨਾ ਪੈਂਦਾ ਹੈ| ਅਗਰ ਔਰਤ ਪੇਕਿਆਂ ਤੋਂ ਜਾਇਦਾਦ ਲੈ ਵੀ ਆਉਂਦੀ ਹੈ ਤਾਂ ਵੀ ਜਾਇਦਾਦ ਉਸ ਦੇ ਹੱਥ ਨਹੀਂ ਰਹਿੰਦੀ ਅਤੇ ਉਸ ਉੱਪਰ ਸਹੁਰੇ ਪਰਿਵਾਰ ਦਾ ਦਬਾਅ ਹੁੰਦਾ ਹੈ ਅਤੇ ਜਾਇਦਾਦ ਉਸ ਨੂੰ ਆਪਣੇ ਪਤੀ ਜਾਂ ਆਪਣੇ ਪੁੱਤਰਾਂ ਨੂੰ ਦੇਣ ਲਈ ਮਜ਼ਬੂਰ ਹੋਣਾ ਪੈਂਦਾ ਹੈ| ਜੇ ਔਰਤ ਅਜਿਹਾ ਨਹੀਂ ਕਰਦੀ ਤਾਂ ਜਾਇਦਾਦ ਉਸ ਦੀ ਜਾਨ ਦਾ ਖੌਅ ਬਣ ਜਾਂਦੀ ਹੈ| ਪੇਕਿਆਂ ਦੀ ਜਾਇਦਾਦ ’ਤੇ ਔਰਤ ਦੇ ਅਧਿਕਾਰ ਨੂੰ ਦਾਜ ਦੇ ਬਦਲ ਰਾਹੀਂ ਪੂਰਾ ਹੋਇਆ ਮੰਨ ਲਿਆ ਜਾਂਦਾ ਹੈ| ਮੁੰਡੇ ਨੂੰ ਬੁਢਾਪੇ ਦੀ ਡੰਗੋਰੀ ਮੰਨਿਆਂ ਜਾਂਦਾ ਹੈ ਅਤੇ ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ| ਦਾਜ ਦੀ ਸਮੱਸਿਆ ਕਾਰਨ ਲੜਕੀਆਂ ਨੂੰ ਪਰਿਵਾਰ ਉੱਪਰ ਵਾਧੂ ਦਾ ਭਾਰ ਸਮਝਿਆ ਜਾਂਦਾ ਹੈ| ਪੇਕੇ ਸਾਰੀ ਉਮਰ ਵਿਆਹ ਸ਼ਾਦੀਆਂ, ਖੁਸ਼ੀਆਂ, ਗਮੀਆਂ ਅਤੇ ਤਿਓਹਾਰਾਂ ਸਮੇਂ ਸਹੁਰਿਆਂ ਦੇ ਦੇਣਦਾਰ ਰਹਿੰਦੇ ਹਨ| ਕੁੜੀਆਂ ਨੂੰ ਵਿਰਾਸਤ ਨੂੰ ਤੋਰਨ ਵਾਲੀਆਂ ਨਹੀਂ ਸਮਝਿਆਂ ਜਾਂਦਾ| ਇਸੇ ਕਰਕੇ ਮਾਪਿਆਂ ਦੇ ਕੁੜੀਆ ਭਾਵੇਂ ਕਿੰਨੀਆਂ ਵੀ ਕਿਓਂ ਨਾ ਹੋਣ ਵੰਸ਼ ਤੋਰਨ ਲਈ ਪੁੱੱਤ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ| ਵੰਸ਼ ਤੋਰਨ ਲਈ ਮਰਦ ਹੋਰ ਵਿਆਹ ਕਰਾਉਦੇ ਹਨ| ਇਥੋਂ ਤੱਕ ਕਿ ਸਾਡੇ ਰੂੜ੍ਹੀਵਾਦੀ ਸਮਾਜਿਕ ਪ੍ਰਬੰਧ ਦੇ ਦਬਾਅ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਵੰਸ਼ ਤੋਰਨ ਲਈ ਮਰਦ ਵੱਲੋੋ ਹੋਰ ਵਿਆਹ ਕਰਾਉਣ ’ਤੇ ਕੋਈ ਉਜ਼ਰ ਨਹੀਂ ਹੁੰਦਾ| ਭਾਵੇਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਲੜਕਾ ਪੈਦਾ ਨਾ ਹੋਣ ਦਾ ਜ਼ਿੰਮੇਵਾਰ ਮਰਦ ਹੁੰਦਾ ਹੈ ਪਰ ਇਸ ਦੇ ਬਾਵਜੂਦ ਜੇਕਰ ਕਿਸੇ ਔਰਤ ਦੇ ਲੜਕਾ ਪੈਦਾ ਨਹੀਂ ਹੁੰਦਾ ਤਾਂ ਇਸ ਦਾ ਕਸੂਰਵਾਰ ਔਰਤ ਨੂੰ ਹੀ ਸਮਝਿਆ ਜਾਂਦਾ ਹੈ| ਜੇਕਰ ਕਿਸੇ ਔਰਤ ਦੇ ਬੱਚੇ ਪੈਦਾ ਨਹੀਂ ਹੁੰਦਾ ਤਾਂ ਉਸ ਨੂੰ ਔਂਤਰੀ ਕਹਿ ਕੇ ਮਨਹੂਸ ਸਮਝਿਆ ਜਾਂਦਾ ਹੈ|

ਭਾਰਤ ਦੇ ਮੌਜੂਦਾ ਰਾਜ ਪ੍ਰਬੰਧ ਅੰਦਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਸ ਪ੍ਰਬੰਧ ਅੰਦਰ ਜਿੱਥੇ ਔਰਤਾਂ ਦੀਆਂ ਵੋਟਾਂ 47 ਪ੍ਰਤੀਸ਼ਤ ਤੋਂ ਵੱਧ ਹਨ; ਇਸ ਦੇ ਬਾਵਜੂਦ ਭਾਰਤ ਦੀ ਲੋਕ ਸਭਾ ’ਚ ਔਰਤਾਂ ਦੀ ਪ੍ਰਤੀਸ਼ਤਤਾ 9 ਹੈ ਅਤੇੇ ਕੈਬਨਿਟ ਵਿੱਚ 8 ਹੈ| ਇਸ ਤੋਂ ਇਲਾਵਾ ਸੁਪਰੀਮ ਕੋਰਟ ਅਤੇ ਹਾਈਕੋਰਟ ਵਿੱਚ ਔਰਤ ਜੱਜਾਂ ਦੀ ਪ੍ਰਤੀਸ਼ਤਤਾ 4 ਹੈ| ਔਰਤਾਂ ਭਾਵੇਂ ਲੋਕ ਸਭਾ ਮੈਂਬਰ, ਵਿਧਾਨ ਸਭਾ ਮੈਂਬਰ, ਕੌਂਸਲਰ, ਪੰਚ, ਸਰਪੰਚ ਆਦਿ ਕਾਨੂੰਨੀ ਤੌਰ ’ਤੇ ਚੁਣੀਆਂ ਜਾਂਦੀਆਂ ਹਨ ਪਰ ਅਸਲ ਤਾਕਤ ਉਨ੍ਹਾਂ ਦੇ ਪਤੀਆਂ ਦੇ ਹੱਥ ਵਿੱਚ ਹੁੰਦੀ ਹੈ|

ਔਰਤ ਦੀ ਮਾਨਸਿਕ ਗੁਲਾਮੀ

ਕਿਸੇ ਵੀ ਕੌਮ ਜਾਂ ਜਮਾਤ ਨੂੰ ਉਨਾ ਚਿਰ ਗ਼ੁਲਾਮ ਨਹੀਂ ਬਣਾਇਆ ਜਾ ਸਕਦਾ ਜਿੰਨਾ ਚਿਰ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਨਾ ਬਣਾਇਆ ਜਾਵੇ| ਇਸੇ ਤਰ੍ਹਾਂ ਔਰਤ ਨੂੰ ਗ਼ੁਲਾਮ ਉਨਾ ਚਿਰ ਤੱਕ ਨਹੀਂ ਬਣਾਇਆ ਜਾ ਸਕਦਾ ਜਿੰਨਾ ਚਿਰ ਉਸ ਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਨਾ ਬਣਾਇਆ ਜਾਵੇ| ਭਾਰਤੀ ਔਰਤ ਨੂੰ ਸੰਸਕਾਰੀ, ਆਗਿਆਕਾਰੀ ਤੇ ਸ਼ੁਸ਼ੀਲ ਕਹਿਕੇ ਵਡਿਆਇਆ ਜਾਂਦਾ ਹੈ| ਉਸ ਨੂੰ ਪਹਿਲਾਂ ਮਾਪਿਆਂ ਦੀ ਤਾਬਿਆਦਾਰ ਰਹਿਣ ਦਾ ਸਬਕ ਸਿਖਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਪਤੀ ਦੀ ਤਾਬਿਆਦਾਰੀ ’ਚ ਰਹਿਣ ਅਤੇ ਪਤੀਵਰਤਾ ’ਚ ਰਹਿਣ ਦੀ ਨਸੀਹਤ ਦੇ ਕੇ ਮਾਨਸਿਕ ਗ਼ੁਲਾਮੀ ’ਚ ਧੱਕ ਦਿੱਤਾ ਜਾਂਦਾ ਹੈ| ਉਸ ਨੂੰ ਉਸ ਦੇ ਦੁੱਖਾਂ-ਸੁੱਖਾਂ ਲਈ ਕਰਮਕਾਂਡ ਦਾ ਸਬਕ ਪੜ੍ਹਾਇਆ ਜਾਂਦਾ ਹੈ| ਮਨੂ ਸਿਮਰਤੀ ਨੇ ਉਸ ਨੂੰ ਪੈਰ ਦੀ ਜੁੱੱਤੀ ਕਿਹਾ ਹੈ, ਸੀਤਾ ਨੂੰ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਅਗਨੀ ਪੀ੍ਰਖਿਆ ਦੇਣੀ ਪੈਂਦੀ ਹੈ| ਬੁੱਧ ਧਰਮ ਨੇ ਔਰਤ ਨੂੰ ਆਪਣੇ ਧਰਮ ਤੋਂ ਬਾਹਰ ਰੱਖਿਆ, ਕ੍ਰਿਸ਼ਨ ਦੀਆਂ ਗੋਪੀਆਂ ਨੂੰ ਦਾਸੀਆਂ ਬਣਕੇ ਰਹਿਣਾ ਪਿਆ, ਸਿੱਖ ਧਰਮ ਨੇ ਭਾਵੇਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਤਾਂ ਵੀ ਔਰਤਾਂ ਸਿੱਖ ਧਰਮ ਦੀਆਂ ਸਾਰੀਆਂ ਮਰਿਆਦਾਵਾਂ ਨਹੀਂ ਕਰ ਸਕਦੀਆਂ ਅਤੇ ਇਸ ਨੇ ਔਰਤ ਨੂੰ ਮਰਦ ਦੇ ਲੜ ਲਾਇਆ ਹੈ| ਇਸੇ ਤਰ੍ਹਾਂ ਹੋਰ ਸਾਰੇ ਧਰਮ ਵੀ ਔਰਤ ਨੂੰ ਮਰਦ ਦੇ ਬਰਾਬਰ ਦੀ ਹੈਸੀਅਤ ਨਹੀਂ ਦਿੰਦੇ| ਇੱਥੋਂ ਤੱਕ ਕਿ ਗੁੁਰੂਆਂ, ਪੀਰਾਂ, ਪੈਗੰਬਰਾਂ ਅਤੇ ਕੌਮੀ ਆਗੂਆਂ ਦੀਆਂ ਔਰਤਾਂ ਨੂੰ ਵੀ ਪਤੀਵਰਤਾ ਦੀ ਮਾਨਸਿਕ ਗ਼ੁਲਾਮੀ ਕਾਰਨ ਇਕੱਲੀਆਂ ਨੂੰ ਪੀੜਾ ਝੱਲਣੀ ਪੈਂਦੀ ਰਹੀ ਹੈ| ਕਿੱਸਿਆਂ ਅੰਦਰ ਵੀ ਔਰਤ ਨੂੰ ਗਿੱਚੀ ਪਿੱਛੇ ਮੱਤ ਕਹਿਕੇ ਭੰਡਿਆ ਗਿਆ ਹੈ ਅਤੇ ‘ਤਿੰਨ ਸੌ ਸੱਠ ਚਲਿੱਤਰ ਨਾਰ ਦੇ’ ਨਾਲ ਨਿਵਾਜ਼ਿਆ ਗਿਆ ਹੈ| ਭਾਰਤੀ ਔਰਤ ਮੌਜੂਦਾ ਸਮਾਜ ਅੰਦਰ ਸੁਰੱਖਿਅਤ ਨਹੀਂ ਹੈ| ਇਕੱਲੀ ਔਰਤ ਦੂਰ ਦਾ ਸਫ਼ਰ ਨਹੀਂ ਕਰ ਸਕਦੀ ਅਤੇ ਨਾ ਹੀ ਉਹ ਇਕੱਲੀ ਰਾਤ ਨੂੰ ਬਾਹਰ ਨਿਕਲ ਸਕਦੀ ਹੈ| ਉਹ ਇੱਕ ਤਰ੍ਹਾਂ ਨਾਲ ਘਰ ਦੀ ਚਾਰਦੀਵਾਰੀ ਅੰਦਰ ਕੈਦ ਹੈ| ਜੇਕਰ ਕੋਈ ਔਰਤ ਰਾਤ ਨੂੰ ਬਾਹਰ ਨਿਕਲਣ ਦੀ ਹਿਮਾਕਤ ਕਰਦੀ ਹੈ ਤਾਂ ਉਹ ਬਲਾਤਕਾਰ ਅਤੇ ਛੇੜ-ਛਾੜ ਦਾ ਸ਼ਿਕਾਰ ਹੋ ਸਕਦੀ ਹੈ| ਮਰਦ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਰੱਖ ਕੇ ਵੀ ਪਵਿੱਤਰ ਹੁੰਦਾ ਹੈ ਅਤੇ ਮਰਦ ਹੋਰ ਔਰਤਾਂ ਨਾਲ ਸਬੰਧ ਰੱਖਣ ਨੂੰ ਆਪਣਾ ਜਨਮ-ਸਿੱਧ ਅਧਿਕਾਰ ਸਮਝਦਾ ਹੈ ਪਰ ਜੇਕਰ ਕੋਈ ਔਰਤ ਵਿਆਹ ਤੋਂ ਬਿਨਾਂ ਕਿਸੇ ਮਰਦ ਨਾਲ ਸਬੰਧ ਰੱਖਦੀ ਹੈ ਤਾਂ ਉਸ ਨੂੰ ਬਦਚਲਣ ਕਿਹਾ ਜਾਂਦਾ ਹੈ| ਔਰਤ ਨੂੰ ਮਾਨਸਿਕ ਤੌਰ ’ਤੇ ਐਨਾ ਗ਼ੁਲਾਮ ਕੀਤਾ ਗਿਆ ਹੈ ਕਿ ਮਰਦ ਵੱਲੋਂ ਔਰਤ ’ਤੇ ਕੀਤੀ ਜਾ ਰਹੀ ਹਿੰਸਾ ਉਸ ਨੂੰ ਆਮ ਵਰਤਾਰਾ ਲੱਗਦੀ ਹੈ ਅਤੇ ਇੱਕ ਸਰਵੇ ਮੁਤਾਬਿਕ 46 ਪ੍ਰਤੀਸ਼ਤ ਔਰਤਾਂ ਮਰਦ ਵੱਲੋਂ ਕੁੱਟੇ ਜਾਣ ਨੂੰ ਵਾਜਬ ਸਮਝਦੀਆਂ ਹਨ| ਔਰਤ ਦੀ ਮੁਕਤੀ ਲਈ ਔਰਤ ਦੀ ਮਾਨਸਿਕ ਗ਼ੁਲਾਮੀ ਇੱਕ ਬਹੁਤ ਵੱਡਾ ਅੜਿ¾ਕਾ ਹੈ|

 ਭਾਰਤੀ ਕਾਨੂੰਨ ਅਤੇ ਔਰਤ

ਭਾਰਤ ਵਿੱਚ ਅੰਗਰੇਜ਼ੀ ਹਕੂਮਤ ਤੋਂ ਲੈ ਕੇ ਹੁਣ ਤੱਕ ਦਰਜ਼ਨਾਂ ਕਾਨੂੰਨ ਬਣ ਚੁੱਕੇ ਹਨ| ਪਰ 1990ਵਿਆਂ ਤੋਂ ਸ਼ੁਰੂ ਹੋਈਆਂ ਨਵ-ਉਦਾਰਵਾਦੀ ਨੀਤੀਆਂ ਤੋਂ ਬਾਅਦ ਔਰਤਾਂ ਸਬੰਧੀ ਕਾਨੂੰਨਾਂ ਨੂੰ ਬਦਲਣ ਅਤੇ ਨਵਿਆਉਣ ਦਾ ਅਮਲ ਤੇਜ਼ ਹੋਇਆ ਹੈ| ਜਿਵੇਂ 1992 ਵਿੱਚ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਰਾਹੀਂ ਪੰਚਾਇਤ ਤੇ ਸਥਾਨਕ ਸਰਕਾਰਾਂ ’ਚ ਰਾਖਵੇਂਕਰਨ, ਭਰੂਣ ਹੱਤਿਆ ਰੋਕੂ ਕਾਨੂੰਨ, 1994 ’ਚ ਦਾਜ ਵਿਰੋਧੀ ਕਾਨੂੰਨ, ਬਾਲ ਵਿਆਹ ਰੋਕੂ ਐਕਟ 2006, ਔਰਤ ’ਤੇ ਜ਼ਬਰ ਵਿਰੋਧੀ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਨਾਂ ’ਤੇ ਔਰਤ ਸ਼ਸ਼ਕਤੀਕਰਨ ਤਹਿਤ ਰਾਸ਼ਟਰੀ ਔਰਤ ਨੀਤੀ 2001 ਦਾ ਐਲਾਨ ਕੀਤਾ ਗਿਆ| ਇਸ ਨੀਤੀ ਤਹਿਤ ਰਾਸ਼ਟਰੀ ਮੰਡਲ, ਸਵੈ-ਸਹਾਇਕ ਗਰੁੱਪ, ਕਿਸ਼ੋਰ ਸਿੱਖਿਆ, ਮਹਿਲਾ ਮੰਡਲ, ਔਰਤਾਂ ਲਈ ਕਰਜ਼ੇ, ਘਰੇਲੂ ਦਸਤਕਾਰੀ, ਔਰਤਾਂ ਦੇ ਨਾਂ ਰਜਿਸਟਰੀ ਨੂੰ ਸਸਤਾ ਕੀਤਾ ਗਿਆ ਅਤੇ ਫਿਰ ਔਰਤ ’ਤੇ ਹਿੰਸਾ ਵਿਰੋਧੀ ਕਾਨੂੰਨ 2005 ਪਾਸ ਕੀਤਾ ਗਿਆ| ਭਾਰਤ ਦੀ ਬੁਰਜ਼ੂਆ ਵੋਟ ਪ੍ਰਣਾਲੀ ਵਿੱਚ ਲੱਗਭਗ ਅੱਧੀਆਂ ਵੋਟਾਂ ਔਰਤਾਂ ਦੀਆਂ ਹੋਣ ਦੇ ਬਾਵਜੂਦ ਪਾਰਲੀਮਾਨੀ ਪਾਰਟੀਆਂ ਦੇ ਵਿਰੋਧ ਕਾਰਨ ਔਰਤਾਂ ਲਈ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ 33 ਪ੍ਰਤੀਸ਼ਤ ਰਾਖਵੇਂਕਰਨ ਦਾ ਕਾਨੂੰਨ ਅਜੇ ਤੱਕ ਪਾਸ ਨਹੀਂ ਹੋ ਸਕਿਆ| ਪਰ ਜੇ ਇਨ੍ਹਾਂ ਕਾਨੂੰਨਾਂ ’ਤੇ ਝਾਤ ਮਾਰੀ ਜਾਵੇ ਅਤੇ ਜੋ ਇਨ੍ਹਾਂ ਕਾਨੂੰਨਾਂ ਵਿੱਚ ਕਿਹਾ ਹੈ, ਜੇ ਇਹ ਲਾਗੂ ਹੋ ਜਾਣ ਤਾਂ ਔਰਤ ’ਤੇ ਹਿੰਸਾਂ ਉੱਪਰ ਵੱਡੀ ਪੱਧਰ ’ਤੇ ਰੋਕ ਲੱਗ ਸਕਦੀ ਹੈ (ਭਾਵੇਂ ਇਨ੍ਹਾਂ ਸੁਧਾਰਾਂ ਨਾਲ ਔਰਤ ਦੀ ਪੂਰਨ ਮੁਕਤੀ ਨਹੀਂ ਹੋ ਸਕਦੀ) ਪਰ ਅਫ਼ਸੋਸ ਸਾਡਾ ਮੌਜੂਦਾ ਪ੍ਰਬੰਧ ਹੀ ਅਜਿਹਾ ਹੈ ਕਿ ਇਸ ਅੰਦਰ ਜਿੰਨੇ ਵੀ ਮਰਜ਼ੀ ਕਾਨੂੰਨ ਬਣਾ ਲਏ ਜਾਣ, ਔਰਤ ਨੂੰ ਨਾ ਮਰਦ ਦੇ ਬਰਾਬਰ ਦਾ ਰੁਤਬਾ ਮਿਲ ਸਕਦਾ ਹੈ ਅਤੇ ਨਾ ਹੀ ਔਰਤ ’ਤੇ ਹਿੰਸਾ ਰੋਕੀ ਜਾ ਸਕਦੀ ਹੈ| ਭਾਰਤ ਦੀ ਮਹਿੰਗੀ, ਗੁੰਝਲਦਾਰ ਅਤੇ ਖੱਜਲ-ਖੁਆਰ ਕਰਨ ਵਾਲੀ ਨਿਆਂ ਪ੍ਰਣਾਲੀ ਵਿੱਚ ਔਰਤ ਨੂੰ ਖੱਜਲ-ਖੁਆਰੀ ਤੋਂ ਬਿਨਾਂ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਦਾ| ਪੁਲਸ ਅਤੇ ਕੋਰਟ-ਕਚੈਹਰੀਆਂ ਵਿੱਚ ਜਾਣ ਵਾਲੀ ਔਰਤ ਨੂੰ ਹੀ ਸਾਡੇ ਸਮਾਜ ਵਿੱਚ ਕਲੰਕ ਸਮਝਿਆ ਜਾਂਦਾ ਹੈ ਕਿਓਂਕਿ ਇਹ ਸੰਸਥਾਵਾਂ ਔਰਤ ਨੂੰ ਹਿਕਾਰਤ ਦੀ ਨਿਗ੍ਹਾ ਨਾਲ ਦੇਖਦੀਆਂ ਹਨ| ਐਨੇ ਕਾਨੂੰਨ ਬਣਨ ਦੇ ਬਾਵਜੂਦ ਔਰਤਾਂ ’ਤੇ ਜ਼ੁਲਮ ਅਤੇ ਧੱਕਾ ਘਟਿਆ ਨਹੀਂ ਸਗੋਂ ਇਸ ਵਿੱਚ ਆਏ ਸਾਲ ਹੋਰ ਵਾਧਾ ਹੋ ਰਿਹਾ ਹੈ| ਲੱਖਾਂ ਕੇਸ ਕੋਰਟਾਂ ਵਿੱਚ ਸਾਲਾਂ-ਬੱਧੀ ਲਕਟਦੇ ਰਹਿੰਦੇ ਹਨ| ਨੈਸ਼ਨਲ ਕਰਾਈਮ ਬਿਓਰੋ ਰਿਕਾਰਡ ਦੀ 2006 ਦੀ ਇੱਕ ਰਿਪੋਰਟ ਮੁਤਾਬਿਕ 2006 ਵਿੱਚ ਇੱਕ ਲੱਖ 64 ਹਜ਼ਾਰ ਔਰਤਾਂ ਜ਼ੁਲਮ ਦਾ ਸ਼ਿਕਾਰ ਹੋਈਆਂ ਜਿਨ੍ਹਾਂ ਵਿੱਚੋਂ 19348 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਅਤੇ 7618 ਔਰਤਾਂ ਦਾਜ ਦੀ ਬਲੀ ਚੜ੍ਹੀਆਂ| ਯੂ. ਐਨ. ਓ. ਦੀ ਰਿਪੋਰਟ ਮੁਤਾਬਿਕ 25000 ਔਰਤਾਂ ਹਰ ਸਾਲ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ| ਇਹ ਅੰਕੜੇ ਉਹ ਅੰਕੜੇ ਹਨ ਜਿਹੜੇ ਕਰਾਈਮ ਬਿਓਰੋ ਦੇ ਰਿਕਾਰਡ ਵਿੱਚ ਪਹੁੰਚੇ ਹਨ ਜਦਕਿ ਔਰਤਾਂ ਉੱਪਰ ਜ਼ਬਰ-ਜੁਲਮ ਦੇ ਬਹੁਤ ਸਾਰੇ ਮਾਮਲੇ ਸਰਵੇਖਣਾਂ ਦਾ ਹਿੱਸਾ ਹੀ ਨਹੀਂ ਬਣ ਪਾਉਂਦੇ| ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੌਜੂਦਾ ਪ੍ਰਬੰਧ ਅੰਦਰ ਔਰਤਾਂ ਨਾਲ ਨਾ ਬਰਾਬਰੀ ਅਤੇ ਜ਼ੁਲਮ ਨੂੰ ਕਾਨੂੰਨ ਬਣਾ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ|

ਰਾਜ ਮਸ਼ੀਨਰੀ ਅਤੇ ਔਰਤ

ਆਮ ਤੌਰ ’ਤੇ ਜਦੋਂ ਔਰਤ ੳੱੁਪਰ ਜ਼ੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮੁੱਖ ਤੌਰ ’ਤੇ ਮਰਦ ਨੂੰ ਹੀ ਜ਼ਿੰਮੇਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਰਦ ਖ਼ੁਦ ਇਸ ਮੌਜੂਦਾ ਪ੍ਰਬੰਧ ਦੀ ਪੈਦਾਵਾਰ ਹੈ| ਇਹ ਗੱਲ ਵੀ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਖ਼ੁਦ ਇਸ ਪ੍ਰਬੰਧ ਵਿੱਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਅਤੇ ਦਾਬੇ ਦਾ ਸ਼ਿਕਾਰ ਹਨ| ਪਰ ਮਰਦ ਦੇ ਉਲਟ ਔਰਤ ਨੂੰ ਇਸ ਪ੍ਰਬੰਧ ਵਿੱਚ ਦੋਹਰੀ ਗ਼ੁਲਾਮੀ ਝੱਲਣੀ ਪੈ ਰਹੀ ਹੈ| ਇੱਕ ਪਾਸੇ ਔਰਤ ਨੂੰ ਮਰਦ ਪ੍ਰਧਾਨਤਾ ਦਾ ਦਾਬਾ ਝੱਲਣਾ ਪੈਂਦਾ ਹੈ ਅਤੇ ਦੂਜੇ ਪਾਸੇ ਉਹ ਹੋਰ ਕਿਰਤੀਆਂ ਵਾਂਗ ਇਸ ਪ੍ਰਬੰਧ ਦੀ ਲੁੱਟ ਅਤੇ ਦਾਬੇ ਦਾ ਸ਼ਿਕਾਰ ਹੈ| ਇਸ ਕਰਕੇ ਮਰਦ ਅਤੇ ਔਰਤ ਦੋਵਾਂ ਦਾ ਸਾਂਝਾ ਦੁਸ਼ਮਣ ਇਹ ਲੁਟੇਰਾ ਅਤੇ ਜ਼ਾਬਰ ਰਾਜ ਪ੍ਰਬੰਧ ਬਣਦਾ ਹੈ| ਇਹ ਮੌਜੂਦਾ ਜ਼ਾਬਰ ਤੇ ਲੁਟੇਰੀ ਰਾਜ ਮਸ਼ੀਨਰੀ ਹੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਮੰਗਾਂ ਲਈ ਲੜ ਰਹੇ ਮਿਹਨਤਕਸ਼ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ| ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਸਭ ਤੋਂ ਵੱਧ ਗ਼ੈਰ-ਜਮਹੂਰੀ ਹੈ ਅਤੇ ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਹਾਕਮ ਜਮਾਤਾਂ ਵਿਰੁੱਧ ਘੋਲਾਂ ਨੂੰ ਦਬਾਉਂਦੀ ਕੁਚਲਦੀ ਹੈ| ਇਹ ਰਾਜ ਮਸ਼ੀਨਰੀ ਦਾ ਅੰਗ ਪੁਲਿਸ ਅਤੇ ਫ਼ੌਜ ਹੀ ਹੈ ਜਿਹੜੀ ਮਿਹਨਤਕਸ਼ ਮਰਦਾਂ ਦੇ ਨਾਲ-ਨਾਲ ਮਿਹਨਤਕਸ਼ ਔਰਤਾਂ ਦੇ ਜਮਾਤੀ ਅਤੇ ਜਮਹੂਰੀ ਹੱਕਾਂ ਨੂੰ ਕੁਚਲਦੀ ਹੈ| ਇਹ ਪੁਲਿਸ ਹੀ ਜੋ ਅਮੀਰਾਂ ਵੱਲੋਂ ਔਰਤਾਂ ਉੱਪਰ ਕੀਤੇ ਜਾਂਦੇ ਜ਼ਬਰ, ਬਲਾਤਕਾਰ ਅਤੇ ਹਿੰਸਾ ਨੂੰ ਦਬਾਉਂਦੀ ਹੀ ਨਹੀਂ ਸਗੋਂ ਇਨ੍ਹਾਂ ਕੁਕਰਮਾਂ ਵਿੱਚ ਖ਼ੁਦ ਵੀ ਭਾਗੀਦਾਰ ਹੁੰਦੀ ਹੈ| ਇਹ ਪੁਲਿਸ ਅਤੇ ਪੈਰਾ-ਮਿਲਟਰੀ ਫੋਰਸਜ਼ ਹੀ ਹਨ ਜਿਹੜੀਆਂ ਦੇਸੀ-ਵਿਦੇਸ਼ੀ ਕੰਪਨੀਆਂ ਵੱਲੋਂ ਦੇਸ਼ ਦੇ ਮਾਲ ਖ਼ਜ਼ਾਨਿਆਂ ਦੀ ਲੁੱਟ ਵਿਰੱੁਧ ਉੱਠੇ ਆਦਿਵਾਸੀਆਂ ਨੂੰ ਕੁਚਲ ਰਹੀਆਂ ਹਨ| ਇਹ ਪੁਲਿਸ, ਪੈਰਾ-ਮਿਲਟਰੀ ਫੋਰਸਜ਼ ਅਤੇ ਫ਼ੌਜ ਹੀ ਹੈ ਜਿਹੜੀ ਜੰਮੂ-ਕਸ਼ਮੀਰ, ਉੱਤਰ-ਪੂਰਬੀ ਖਿੱਤਿਆਂ ਵਿੱਚ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਦਬਾਉਣ ਲਈ ਉਨ੍ਹਾਂ ਦੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਵਿਰੁੱਧ ਝੂਠੇ ਪੁਲਿਸ ਮੁਕਾਬਲੇ ਬਣਾ ਰਹੀਆਂ ਹਨ| ਮਨੀਪੁਰ ਵਿੱਚ 32 ਸਾਲਾ ਮਨੋਰਮਾ ਨੂੰ ਚੁੱਕ ਕੇ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਜਣਨ ਅੰਗਾਂ ਵਿੱਚ ਚਾਰ ਅਤੇ ਛਾਤੀ ਵਿੱਚ 5 ਗੋਲੀਆਂ ਮਾਰੀਆਂ ਜਾਂਦੀਆਂ ਹਨ| ਜ਼ੁਲਮ, ਤਸ਼ੱਦਦ ਅਤੇ ਬਲਾਤਕਾਰਾਂ ਤੋਂ ਤੰਗ ਆ ਕੇ 40-50 ਮਨੀਪੁਰੀ ਔਰਤਾਂ ਨੂੰ ਅਸਮ ਰਾਈਫਲਜ਼ ਦੇ ਦਫ਼ਤਰ ਅੱਗੇ ਅਲਫ਼ ਨੰਗੀਆਂ ਹੋ ਕੇ ਰੋਸ ਮੁਜ਼ਾਹਰਾ ਕਰਕੇ ਕਹਿਣਾ ਪੈਂਦਾ ਹੈ ਕਿ ‘ਆਓ ਸਾਡੇ ਨਾਲ ਬਲਾਤਕਾਰ ਕਰੋ’| ਅਸਾਮ ਦੀ ਇਰੋਮ ਸ਼ਰਮੀਲਾ ਨੂੰ ਫ਼ੌਜ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਕਾਨੂੰਨ ਅਫਸਪਾ ਨੂੰ ਹਟਾਉਣ ਵਿਰੁੱਧ 14 ਸਾਲ ਤੋਂ ਮਰਨ ਵਰਤ ਰੱਖਣ ਲਈ ਮਜ਼ਬੂਰ ਹੋਣਾ ਪੈਂਦਾ ਹੈ| ਛਤੀਸਗੜ ਦੀ ਲੜਕੀ ਸੋਨੀ ਸ਼ੋਰੀ ਦੇ ਜਣਨ ਅੰਗਾਂ ਵਿੱਚ ਪੱਥਰ ਦੇ ਵੱਟੇ ਭਰ ਦਿੱਤੇ ਜਾਂਦੇ ਹਨ| ਜੰੰਮੂ-ਕਸਮੀਰ ਵਿੱਚ ਭਾਰਤੀ ਫ਼ੌਜ ਵੱਲੋਂ ਸਭ ਤੋਂ ਵੱਧ ਸ਼ਿਕਾਰ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ ਅਤੇ ਉੱਥੇ ਸ਼ਾਇਦ ਹੀ ਕੋਈ ਪਰਿਵਾਰ ਬਚਿਆ ਹੋਵੇ ਜਿਸ ਦੀ ਅੰਗਲੀ-ਸੰਗਲੀ ਨੇ ਭਾਰਤੀ ਫ਼ੌਜ ਦੇ ਜ਼ਬਰ ਦਾ ਸੇਕ ਨਾ ਝੱਲਿਆ ਹੋਵੇ| ਜੰਮੂ-ਕਸਮੀਰ ਵਿੱਚ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਹਜ਼ਾਰਾਂ ਲਾਪਤਾ ਮਰਦਾਂ ਦੀਆਂ ਵਿਆਹੀਆਂ ਹੋਈਆਂ ਪਤਨੀਆਂ ਨਾ ਵਿਧਵਾਵਾਂ ਹਨ ਅਤੇ ਨਾ ਹੀ ਸੁਹਾਗਣਾਂ ਹਨ| ਭਾਰਤੀ ਔਰਤਾਂ ਨਾਲ ਜੈਸਿਕਾ ਲਾਲ ਕਾਂਡ, ਤੰਦੂਰ ਕਾਂਡ, ਦਾਮਨੀ ਕਾਂਡ ਅਤੇ ਪੱਤਰਕਾਰ ਸ਼ਵਾਨੀ ਦਾ ਕਤਲ ਹੋ ਜਾਂਦਾ ਹੈ ਪਰ ਇਹ ਕਾਂਡ ਅਸਰ-ਰਸੂਖ ਵਾਲੇ ਘਰਾਣਿਆਂ ਨਾਲ ਸਬੰਧਤ ਹੋਣ ਕਰਕੇ ਦੋਸ਼ੀਆਂ ਨੂੰ ਆਂਚ ਨਹੀਂ ਅਉਂਦੀ ਅਤੇ ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਸ਼ਰੇਆਮ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਰਹਿੰਦੀ ਹੈ| ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਦਾ ਐਨਾ ਅਪਰਾਧੀਕਰਨ ਹੋ ਚੁੱਕਾ ਹੈ ਕਿ ਇਕੱਲੀ ਔਰਤ ਥਾਣੇ ਵਿੱਚ ਰਿਪੋਰਟ ਲਿਖਾਉਣ ਤੱਕ ਦੀ ਜੁਅੱਰਤ ਨਹੀਂ ਕਰ ਸਕਦੀ|

ਔਰਤ ਦੀ ਗ਼ੁਲਾਮੀ ਦਾ ਅਤੀਤ ਤੇ ਵਰਤਮਾਨ

ਔਰਤ ਦੀ ਗ਼ੁਲਾਮੀ ਦੇ ਅਲੱਗ-ਅਲੱਗ ਵਿਦਵਾਨਾਂ ਵੱਲੋਂ ਅਲੱਗ-ਅਲੱਗ ਕਾਰਨ ਦੱਸੇ ਗਏ ਹਨ| ਪਰ ਇਸ ਦੇ ਬੁਨਿਆਦੀ ਕਾਰਨਾਂ ਨੂੰ ਬੁੱਝਣ ਲਈ ਸਾਨੂੰ ਸਮਾਜ ਦੇ ਵਿਕਾਸ ਉੱਪਰ ਝਾਤ ਮਾਰਨੀ ਪਵੇਗੀ| ਮਨੁੱਖੀ ਇਤਿਹਾਸ ਤਿੰਨ ਪੜਾਵਾਂ ਵਿੱਚੋਂ ਨਿਕਲ ਕੇ ਹੁਣ ਚੌਥੇ ਪੜਾਅ ’ਚ ਦਾਖ਼ਲ ਹੋ ਚੁੱਕਾ ਹੈ| ਪਹਿਲਾ ਪੜਾਅ ਮਨੁੱਖ ਦਾ ਜੰਗਲ ’ਚ ਕਬੀਲੇ ਦੇ ਤੌਰ ’ਤੇ ਰਹਿਣ ਦਾ ਹੈ| ਉਦੋਂ ਕੰਮ ਦੀ ਵੰਡ ਕੁਦਰਤੀ ਸੀ ਤੇ ਔਰਤ ਨੂੰ ਪ੍ਰਮੁੱਖਤਾ ਹਾਸਲ ਸੀ, ਪਰ ਜਿਵੇਂ-ਜਿਵੇਂ ਕਿਰਤ ਵੱਧ ਫਲਦਾੲਕਿ ਬਣਦੀ ਗਈ, ਕਬੀਲੇ ਆਪਣੀ ਜ਼ੱਦ ਅਤੇ ਹੱਦ ’ਚ ਵਾਧਾ ਕਰਦੇ ਗਏ ਤੇ ਨਾਲ ਹੀ ਦੂਜੇ ਕਬੀਲੇ ਦੀਆਂ ਔਰਤਾਂ ਉੱਪਰ ਵੀ ਆਪਣਾ ਹੱਕ ਜਤਾਉਣ ਲੱਗੇ, ਇਸ ਤਰ੍ਹਾਂ ਔਰਤ ਮਰਦ ਦੀ ਗ਼ੁਲਾਮ ਹੋਣੀ ਸ਼ੁਰੂ ਹੋ ਗਈ| ਏਂਗਲਜ਼ ਅਨੁਸਾਰ ਔਰਤਾਂ ’ਤੇ ਦਾਬਾ ਨਿੱਜੀ ਜਾਇਦਾਦ ਦੇ ਹੋਂਦ ’ਚ ਆਉਣ ਨਾਲ ਸ਼ੁਰੂ ਹੋਇਆ| ਕਬੀਲੇ ਭਾਈਚਾਰੇ ਦੀ ਥਾਂ ਰਾਜਿਆਂ ਦਾ ਯੁੱਗ, ਰਾਜਿਆਂ ਦਾ ਸਾਰੀ ਜ਼ਮੀਨ ਜਾਇਦਾਦ ’ਤੇ ਮਾਲਕੀ ਦਾ ਯੁੱਗ ਸਾਹਮਣੇ ਆਇਆ| ਦੂਜੇ ਪੜਾਅ ’ਤੇ ਸਮਾਜ ਮਾਲਕਾਂ ਅਤੇ ਦਾਸਾਂ ’ਚ ਵੰਡਿਆ ਗਿਆ| ਮਾਲਕ ਦਾਸ ਨੂੰ ਵੇਚ ਸਕਦਾ ਸੀ, ਮਾਰ ਸਕਦਾ ਸੀ, ਦਾਸਾਂ ਦੀਆਂ ਔਰਤਾਂ ਤੇ ਬੱਚੇ ਵੀ ਦਾਸ ਦਾਸੀਆਂ ਬਣ ਗਏ| ਔਰਤ ਦੀ ਕਿਰਤ ਹੀ ਮੁਫ਼ਤ ਨਹੀਂ ਸਮਝੀ ਜਾਣ ਲੱਗੀ ਸਗੋਂ ਔਰਤ ਨੂੰ ਵੀ ਇੱਕ ਭੋਗ ਵਿਲਾਸ ਦੀ ਵਸਤੂ ਦੇ ਤੌਰ ’ਤੇ ਸਮਝਿਆ ਜਾਣ ਲੱਗਿਆ| ਇਸੇ ਸਮੇਂ ਦਾਸ ਦਾਸੀਆਂ ਦੇ ਬਾਜ਼ਾਰ ਹੋਂਦ ਵਿੱਚ ਆਏ, ਜਿੱਥੇ ਔਰਤਾਂ ਨੂੰ ਵਸਤੂ ਵਾਂਗ ਬੋਲੀ ਲਾ ਕੇ ਵੇਚਿਆ-ਖ਼੍ਰੀਦਿਆ ਜਾਂਦਾ ਸੀ| ਰਾਜਿਆਂ ਖ਼ਿਲਾਫ਼ ਦਾਸਾਂ ਦੀਆਂ ਬਗਾਵਤਾਂ ਉੱਠੀਆਂ| ਸਮਾਜਿਕ ਤਬਦੀਲੀ ਹੋਈ| ਸਿੱਧੀ ਗ਼ੁਲਾਮੀ ਦੀ ਥਾਂ ਹੁਣ ਜ਼ਮੀਨ ਦੀ ਮਾਲਕੀ ਰਾਹੀਂ ਲੁੱਟ ਤੇ ਦਾਬੇ ਦੀ ਪ੍ਰਥਾ ਸ਼ੁਰੂ ਹੋਈ| ਇਸ ਤਰ੍ਹਾਂ ਸਮਾਜ ਦਾ ਤੀਜਾ ਪੜਾਅ ਜਗੀਰਦਾਰੀ ਯੁੱਗ ਸ਼ੁਰੂ ਹੋਇਆ| ਵੱਡੇ ਵੱਡੇ ਜ਼ਮੀਨ ਮਾਲਕਾਂ ਨੂੰ ਜਗੀਰਦਾਰ ਕਿਹਾ ਜਾਣ ਲੱਗਿਆ ਜੋ ਕਿਸਾਨਾਂ, ਕਾਰੀਗਰਾਂ, ਮਜ਼ਦੂਰਾਂ ਦੀ ਜ਼ਮੀਨ ਅਤੇ ਕਿਰਤ ਦੀ ਮਾਲਕੀ ’ਤੇ ਰਾਜਸੀ ਦਾਬੇ ਦੇ ਆਧਾਰ ’ਤੇ ਵਟਾਈ, ਲਗਾਨ, ਸੇਪੀ ਤੇ ਵਗਾਰ ਰਾਹੀਂ ਲੁੱਟ ਤੇ ਜ਼ਬਰ ਦਾ ਸ਼ਿਕਾਰ ਬਣਾਉਂਦੇ ਸਨ| ਮਰਦ ਕਾਮਿਆਂ ਦੀ ਤਰ੍ਹਾਂ ਔਰਤਾਂ ਨੂੰ ਖੇਤਾਂ ’ਚ ਕੰਮ ਕਰਨਾ ਪੈਂਦਾ ਸੀ| ਜਗੀਰਦਾਰ ਜਵਾਨ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ| ਜਿਸ ਦੇ ਡਰੋਂ ਬੇਟੀ ਦਾ ਹੋਣਾ ਸਰਾਪ ਸਮਝਿਆਂ ਜਾਣ ਲੱਗਿਆ| ਕੁੜੀਆਂ ਨੂੰ ਗਲ ਘੁੱਟ ਕੇ ਮਾਰਨ, ਦਾਜ, ਬਾਲ, ਵਿਆਹ ਦਾਸੀ ਤੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਪੈਦਾ ਹੋਈਆਂ| ਜਗੀਰਦਾਰੀ ਖ਼ਿਲਾਫ਼ ਕਿਸਾਨਾਂ, ਕਾਰੀਗਰਾਂ ਤੇ ਮਜ਼ਦੂਰਾਂ ਦੀਆਂ ਬਗਾਵਤਾਂ ਉੱਠੀਆਂ, ਔਰਤਾਂ ਦੇ ਹੱਕ ’ਚ ਆਵਾਜ਼ ਉੱਠਣੀ ਸ਼ੁਰੂ ਹੋਈ| ਔਰਤਾਂ ਦੇ ਖੇਤੀ, ਸਨਅਤ ਤੇ ਸੇਵਾਵਾਂ ਦੇ ਸਮਾਜਿਕ ਖੇਤਰਾਂ ’ਚ ਕੰਮ ਕਰਨ ’ਤੇ ਉਨ੍ਹਾਂ ਦੀ ਚੇਤੰਨਤਾ ਵਿਕਸਿਤ ਹੋਈ| ਯੱੁਗ ਤਬਦੀਲੀ ਹੋਈ| ਸਰਮਾਏਦਾਰੀ ਦਾ ਚੌਥਾ ਪੜਾਅ ਹੋਂਦ ’ਚ ਆਇਆ| ਜਿਸ ’ਚ ਖੇਤੀ ਦੇ ਨਾਲ-ਨਾਲ ਦਸਤਕਾਰੀ ਅਤੇ ਵੱਡੇ-ਵੱਡੇ ਕਾਰਖ਼ਾਨੇ ਹੋਂਦ ਵਿੱਚ ਆਏ| ਵੱਡੇ-ਵੱਡੇ ਸ਼ਹਿਰ ਹੋਂਦ ਵਿੱਚ ਆਏ| ਵੱਡੇ ਬੈਂਕ, ਕਾਰਖ਼ਾਨੇ ਤੇ ਫ਼ਰਮਾਂ ਦੇ ਮਾਲਕ ਹੋਂਦ ’ਚ ਆਏ| ਬੈਂਕ, ਤਕਨੀਕ, ਸਨਅਤ ਤੇ ਸਸਤੀ ਮਿਹਨਤ ਦੀ ਲੁੱਟ ਨੇ ਸੰਸਾਰ ’ਤੇ ਆਪਣੀ ਹੈਸੀਅਤ ਜਮਾਅ ਲਈ| ਇਸ ਯੁੱਗ ਵਿੱਚ ਅਜਿਹੇ ਮਰਦਾਂ-ਔਰਤਾਂ ਦੀ ਜਮਾਤ ਹੋਂਦ ’ਚ ਆਈ ਜਿਸ ਕੋਲ ਜਿਉਣ ਲਈ ਆਪਣੀ ਕਿਰਤ ਸ਼ਕਤੀ ਵੇਚਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਸੀ|

ਔਰਤ ਮੁਕਤੀ ਲਈ ਉੱਠੇ ਨਾਰੀਵਾਦੀ ਸੁਧਾਰਵਾਦੀ ਅੰਦੋਲਨ

19ਵੀਂ 20ਵੀਂ ਸਦੀ ਵਿੱਚ ਸੰਸਾਰ ਪੱਧਰ ’ਤੇ ਔਰਤਾਂ ਨੇ ਜਥੇਬੰਦਕ ਸੰਘਰਸ਼ਾਂ ਰਾਹੀਂ ਤਲਾਕ ਲੈਣ, ਵੋਟਾਂ ਦਾ ਹੱਕ, ਨਿੱਜੀ ਜਾਇਦਾਦ ਤੇ ਕੰਮ ਦੀ ਦਿਹਾੜੀ ਦੇ ਘੰਟੇ ਘੱਟ ਕਰਨ ਵਰਗੇ ਅਨੇਕਾਂ ਹੱਕ ਹਾਸਲ ਕੀਤੇ| ਇੱਥੇ ਨਾਰੀਵਾਦੀ ਸੁਧਾਰਵਾਦੀ ਵਿਚਾਰਕ ਔਰਤ ਦੀ ਪੂਰਨ ਮੁਕਤੀ ਦੇ ਸੁਆਲ ਨੂੰ ਸਮਝਣ ਵਿੱਚ ਅਸਮਰਥ ਰਹੇ| ਉਹ ਔਰਤ ਦੇ ਸਮਾਜਿਕ ਪੈਦਾਵਾਰ ’ਚ ਥੋੜਾ-ਬਹੁਤਾ ਹਿੱਸਾ ਲੈਣ ਦੀ ਖੁੱਲ੍ਹ, ਮਰਦ ਵਿਰੋਧਤਾ ਅਤੇ ਨਿਗੂਣੇ ਆਰਥਕ ਸੁਧਾਰਾਂ ਤੱਕ ਹੀ ਸੀਮਤ ਰਹੇ| ਇਨ੍ਹਾਂ ਸੁਧਾਰਾਂ ਦੇ ਬਾਵਜੂਦ ਅੱਜ ਵੀ ਔਰਤ, ਮਰਦ, ਧਰਮ, ਰਾਜ, ਘਰੇਲੂ ਕੰਮਾਂ-ਕਾਰਾਂ, ਉਜ਼ਰਤੀ ਮਜ਼ਦੂਰ, ਪਰਿਵਾਰ ਤੇ ਵਿਆਹ ਵਰਗੀਆਂ ਲੁੱਟ ਤੇ ਦਾਬੇ ਵਾਲੀਆਂ ਪ੍ਰਣਾਲੀਆਂ ਦੀ ਗ਼ੁਲਾਮੀ ਹੇਠ ਜਿਉਂ ਰਹੀ ਹੈ|

ਅਗਸਤ ਕਾਮਤੇ ਔਰਤ ਦੀ ਗ਼ੁਲਾਮੀ ਦਾ ਮੂਲ ਕਾਰਨ ‘ਨਾਰੀ ਸਰੀਰ ਦੀ ਕੁਦਰਤੀ ਕਮਜ਼ੋਰੀ’ ਵਿੱਚ ਦੇਖਦੇ ਰਹੇ| ਏ. ਕੌਂਦਰਸੇ ਅਨੁਸਾਰ ਔਰਤ ਦੀ ਮੁਕਤੀ ਕਾਨੂੰਨੀ ਸਮਾਨਤਾ ਅਤੇ ਔਰਤ ਦੇ ਸਿੱਖਿਅਤ ਹੋਣ ਵਿੱਚ ਹੈ| ਪਰ ਔਰਤ ਦੀ ਗ਼ੁਲਾਮੀ ਦੇ ਇਹ ਬੁਨਿਆਦੀ ਕਾਰਨ ਨਹੀਂ ਹਨ| ਇਤਿਹਾਸ ਵਿੱਚ ਅਨੇਕਾਂ ਅਜਿਹੇ ਭਟਕਾਅ ਆਏ ਅਤੇ ਇਹ ਅੱਜ ਵੀ ਪ੍ਰਚ¾ਲਿਤ ਹਨ| ਅੱਜ ਵੀ ਸਾਮਰਾਜੀ ਤੇ ਸਰਮਾਏਦਾਰ ਤਾਕਤਾਂ ਦੇ ਟੁਕੜਿਆਂ ’ਤੇ ਪਲਦੀਆਂ ਅਖੌਤੀ ਔਰਤ ਜਥੇਬੰਦੀਆਂ, ਔਰਤਾਂ ਦੀ ਮੁਕਤੀ ਨੂੰ ਕੇਵਲ ਮਰਦ ਵਿਰੋਧਤਾ, ਔਰਤਾਂ ਲਈ ਚੰਦ ਕੁ ਆਰਥਕ ਮੰਗਾਂ ਤੇ ਨਿਗੂਣੇ ਸੁਧਾਰਾਂ ਤੱਕ ਸੀਮਤ ਕਰਦਿਆਂ ਜਿੱਥੇ ਜੁਝਾਰੂ ਔਰਤਾਂ ਦੀ ਚੇਤੰਨਤਾ ਨੂੰ ਖੁੰਡਾ ਕਰਦੀਆਂ ਹਨ, ਉੱਥੇ ਇਨਕਲਾਬੀ ਤਾਕਤ ਨੂੰ ਕਮਜ਼ੋਰ ਕਰਨ ਦਾ ਵੀ ਆਧਾਰ ਬਣਦੀਆਂ ਹਨ|

ਔਰਤ ਮੁਕਤੀ ਦੀ ਸਮਾਜਵਾਦੀ ਧਾਰਾ

ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ ਤੇ ਮਾਓ ਜਿਨ੍ਹਾਂ ਨੇ ਸਮਾਜ ਦਾ ਡੁੰਘਾਈ ਨਾਲ ਅਧਿਐਨ ਕੀਤਾ, ਨੇ ਔਰਤ ਮੁਕਤੀ ਦਾ ਸਹੀ ਰਾਹ ਪੇਸ਼ ਕੀਤਾ, ਉਨ੍ਹਾਂ ਨੇ ਔਰਤ ਦੀ ਆਜ਼ਾਦੀ ਤੇ ਬਰਾਬਰਤਾ ਨੂੰ ਸਮੁੱਚੇ ਕਿਰਤੀ ਵਰਗ ਦੀ ਆਜ਼ਾਦੀ ਤੇ ਬਰਾਬਰਤਾ ਨਾਲ ਜੋੜਿਆ| ਸਰਮਾਏਦਾਰੀ ਦੇ ਲੁਟੇਰੇ ਯੁੱਗ ਨੂੰ ਉਲਟਾ ਕੇ ਸਮਾਜਵਾਦ ਦਾ ਯੁੱਗ, ਸਾਮਵਾਦ ਦਾ ਯੁੱਗ ਸਥਾਪਤ ਕਰਨ ਦਾ ਅਮਲੀ ਸਿਧਾਂਤ ਪੇਸ਼ ਕੀਤਾ| ਜਿੱਥੇ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਯੁੱਗ ਖ਼ਤਮ ਕਰ ਦਿੱਤਾ ਜਾਵੇਗਾ| (ਅਗਾਂਹ ਮਾਓ ਦੀ ਅਗਵਾਈ ’ਚ ਹੋਏ ਚੀਨੀ ਇਨਕਲਾਬ ਦੌਰਾਨ ਮਹਾਨ ਸੱਭਿਆਚਾਰਕ ਇਨਕਲਾਬ ਨੇ ਬੁਰਜ਼ੂਆ ਵਿਚਾਰਧਾਰਾ ਖ਼ਿਲਾਫ਼ ਸਖ਼ਤ ਜੱਦੋਜਹਿਦ ਕੀਤੀ ਅਤੇ ਸਿੱਖਿਆ, ਸਾਹਿਤ, ਕਲਾ, ਸੱਭਿਆਚਾਰ ਆਦਿ ਖੇਤਰਾਂ ਵਿੱਚ ਮੁੱਖ ਤੌਰ ਤੇ ਬੁਰਜ਼ੂਆ ਵਿਚਾਰਾਂ ਨੂੰ ਤੋੜਣ ਲਈ ਸਿਰਤੋੜ ਯਤਨ ਕੀਤੇ|) ਲੈਨਿਨ ਨੇ ਔਰਤ ਮੁਕਤੀ ਦੇ ਦਰੁੱਸਤ ਰਾਹ ਦੀ ਨਿਸ਼ਾਨਦੇਹੀ ਕਰਦਿਆਂ ਸੰਘਰਸ਼ਸ਼ੀਲ ਔਰਤ ਸੰਗਠਨਾਂ ਤੇ ਔਰਤ ਮੁਕਤੀ ਲਈ ਲੜਨ ਵਾਲੇ ਵਿਅਕਤੀ ਤੇ ਹੋਰ ਸ਼ਕਤੀਆਂ ਨੂੰ ਕਿਹਾ ਸੀ ਕਿ Tਔਰਤ ਮਰਦ ਦੀ ਸੱਚੀ ਬਰਾਬਰੀ ਸਿਰਫ਼ ਸਮੁੱਚੇ ਸਮਾਜ ਦੇ ਸਮਾਜਵਾਦੀ ਕਾਇਆਪਲਟੀ ਦੇ ਅਮਲ ਦੌਰਾਨ ਹੀ ਹਾਸਲ ਕੀਤੀ ਜਾ ਸਕਦੀ ਹੈU| ਅਤੇ ਔਰਤ ਮੁਕਤੀ ਦੇ ਇਸ ਕੇਂਦਰੀ ਸੱਚ ਨੂੰ ਸਮਝਦਿਆਂ 19ਵੀ 20ਵੀ ਸਦੀ ਦੀ ਸ਼ੁਰੂਆਤ ਦੌਰਾਨ ਕਲਾਰਾ ਜੈਟਕਿਨ, ਰੋਜ਼ਾ ਲਕਸਮਬਰਗ, ਅਲੈਕਸਾਂਦਰਾ ਕੋਲਨਤਾਈ, ਏਨੇਸਾ ਆਰਮੇਂਡ, ਨਦੇਜ਼ਦਾ ਕਰੁਪਸਕਾਇਆ ਤੇ ਹੋਰ ਔਰਤ ਸਿਧਾਂਤਕਾਰ ਨੇਤਾਵਾਂ ਨੇ ਮਾਰਕਸੀ ਫਲਸਫ਼ੇ ’ਤੇ ਚੱਲਦਿਆਂ ਅਨੇਕਾਂ ਔਰਤ ਸੰਘਰਸ਼ਾਂ ਦੀ ਅਗਵਾਈ ਕੀਤੀ ਤੇ ਜਿੱਤਾਂ ਹਾਸਲ ਕੀਤੀਆਂ| ਇਨ੍ਹਾਂ ’ਚੋਂ ਕਲਾਰਾ ਜੈਟਕਿਨ ਨੇ ਮੋਹਰੀ ਰੋਲ ਅਦਾ ਕੀਤਾ| ਉਸ ਨੇ ਜਦੋਂ ਦੁਨੀਆਂ ਭਰ ’ਚ ਔਰਤਾਂ ’ਤੇ ਹੁੰਦੇ ਜ਼ੁਲਮਾਂ ’ਤੇ ਨਿਓਯਾਰਕ (ਅਮਰੀਕਾ) ਦੀ ਧਰਤੀ ’ਤੇ 8 ਮਾਰਚ 1908 ਨੂੰ ਕੱਪੜਾ ਮਿੱਲ ਦੀਆਂ ਮਜ਼ਦੂਰ ਔਰਤਾਂ ਨੂੰ ਸੰਘਰਸ਼ ’ਚ ਨਿਤਰਦਿਆਂ ਦੇਖਿਆ ਤੇ ਹੋਰ ਔਰਤਾਂ ਦੇ ਸੰਘਰਸ਼ਾਂ ਦਾ ਅਧਿਐਨ ਕੀਤਾ ਤਾਂ ਕੌਪਨਹੈਗਨ ’ਚ ਸੰਸਾਰ ਦੀਆਂ ਚੇਤੰਨ ਔਰਤਾਂ ਦੀ 8 ਮਾਰਚ 1910 ਦੀ ਕਾਨਫ਼ਰੰਸ ਕੀਤੀ ਜਿਸ ਵਿੱਚ 8 ਮਾਰਚ ਨੂੰ ‘ਔਰਤ ਕੌਮਾਂਤਰੀ ਦਿਵਸ’ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆ|

ਕੌਮਾਂਤਰੀ ਔਰਤ ਦਿਵਸ-ਔਰਤ ਮੁਕਤੀ ਦੇ ਸੰਘਰਸ਼ ਦਾ ਪ੍ਰਤੀਕ

8 ਮਾਰਚ ਦਾ ਦਿਨ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ| 8 ਮਾਰਚ ਦਾ ਕੌਮਾਂਤਰੀ ਦਿਵਸ ਮਨਾਉਣਾ ਤਾਂ ਭਾਵੇਂ 20ਵੀਂ ਸਦੀ ਦੇ ਮੁੱਢ ਵਿੱਚ ਸ਼ੁਰੂ ਹੋਇਆ ਸੀ ਪਰ ਔਰਤ ਮੁਕਤੀ ਦੀ ਲਹਿਰ ਦਾ ਮੁੱਢ ਤਾਂ ਪੂੰਜੀਵਾਦ ਦੇ ਪੈਦਾ ਹੋਣ ਨਾਲ ਹੀ ਬੱਝ ਗਿਆ ਸੀ| ਯੂਰਪ ਵਿੱਚ ਜਾਗ੍ਰਤੀ ਲਹਿਰ ਦੇ ਸਮੇਂ ਲੰਡਨ ਵਿੱਚ 1792 ਵਿੱਚ ਮੈਰੀ ਵੌਲਸਟਨਕਰਾਫਟ ਨੇ ਔਰਤਾਂ ਦੇ ਹੱਕਾਂ ਬਾਰੇ ਇੱਕ ਕਿਤਾਬ ਲਿਖੀ ਜਿਸ ਵਿੱਚ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਵਿੱਦਿਆ ਅਤੇ ਕੰਮ ਦੀ ਉਜ਼ਰਤ ਦੇ ਸਬੰਧ ਆਦਿ ਵਿੱਚ ਮਰਦਾਂ ਦੇ ਬਰਾਬਰ ਦੇ ਹੱਕਾਂ ਦੀ ਗੱਲ ਕੀਤੀ ਗਈ ਸੀ| ਇਸੇ ਸਮੇਂ ਹੋਰ ਲੇਖਕਾਂ ਵੀ ਔਰਤ ਮੁਕਤੀ ਤੇ ਬਰਾਬਰੀ ਦੇ ਸਵਾਲ ਨੂੰ ਸੰਬੋਧਿਤ ਹੋਏ| ਪਰ ਜਦੋਂ 19ਵੀਂ ਸਦੀ ਦੇ ਅਖੀਰ ਵਿੱਚ ਅਮਰੀਕਾ ਅਤੇ ਯੂਰਪ ਵਿੱਚ ਮਜ਼ਦੂਰ ਜਮਾਤ ਦੀ ਲਹਿਰ ਦੇ ਉਭਾਰ ਅਤੇ ਇਸ ਦੇ ਜਥੇਬੰਦ ਹੋਣ ਦੇ ਅਮਲ ਨੇ ਜ਼ੋਰ ਫੜਿਆ ਅਤੇ 8 ਘੰਟੇ ਕੰਮ ਦੀ ਦਿਹਾੜੀ ਲਈ ਵੱਡੇ ਘੋਲ ਲੜੇ ਗਏ ਤਾਂ ਇਨ੍ਹਾਂ ਘੋਲਾਂ ਵਿੱਚ ਔਰਤਾਂ ਨੇ ਵੀ ਇੱਕ ਵੱਡਾ ਯੋਗਦਾਨ ਪਾਇਆ| ਜਦੋਂ 8 ਘੰਟੇ ਕੰਮ ਦੀ ਦਿਹਾੜੀ ਦੇ ਸੰਘਰਸ਼ ਦੌਰਾਨ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋ ਗਏ ਅਤੇ ਇਸ ਲਹਿਰ ਦੇ ਪ੍ਰਭਾਵ ਅਧੀਨ ਔਰਤਾਂ ਨੇ ਵੀ 8 ਘੰਟੇ ਕੰਮ ਦੀ ਮੰਗ ਲਈ ਸੰਘਰਸ਼ ਸ਼ੁਰੂ ਕਰ ਦਿੱਤਾ| 1884 ਨੂੰ ਨਿਓਯਾਰਕ ’ਚ ਕੱਪੜਾ ਮਿੱਲ ਦੀਆਂ ਔਰਤਾਂ ਨੇ 8 ਘੰਟੇ ਕੰਮ ਦੀ ਦਿਹਾੜੀ ਅਤੇ ਉਨ੍ਹਾਂ ਨਾਲ ਹੁੰਦੇ ਧੱਕੇ ਅਤੇ ਵਿਤਕਰੇ ਦੇ ਵਿਰੋਧ ਵਿੱਚ ਘੋਲ ਸ਼ੁਰੂ ਕਰ ਦਿੱਤਾ| 8 ਮਾਰਚ 1885 ਨੂੰ ਨਿਓਯਾਰਕ ਵਿੱਚ ਔਰਤਾਂ ਵੱਲੋਂ ਕੀਤੇ ਜਾ ਰਹੇ ਰੋਹ ਭਰਪੂਰ ਮੁਜ਼ਾਹਰੇ ’ਤੇ ਪੁਲਸ ਨੇ ਲਾਠੀਆਂ ਅਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਅਨੇਕਾਂ ਔਰਤਾਂ ਜ਼ਖ਼ਮੀ ਅਤੇ ਕਈ ਸ਼ਹੀਦ ਹੋ ਗਈਆਂ| ਇਸ ਘਟਨਾ ਨੇ ਅਮਰੀਕਾ ਅਤੇ ਸਾਰੇ ਯੂਰਪ ਨੂੰ ਹਲੂਣ ਕੇ ਰੱਖ ਦਿੱਤਾ| ਪਹਿਲਾ ਔਰਤ ਦਿਵਸ 28 ਫਰਵਰੀ 1909 ਨੂੰ ਅਮਰੀਕਾ ਵਿੱਚ ਮਨਾਇਆ ਗਿਆ| ਅਮਰੀਕਾ ਦੀ ਸਮਾਜਵਾਦੀ ਪਾਰਟੀ ਨੇ ਇਸ ਦਿਵਸ ਨੂੰ ਨਿਓਯਾਰਕ ਵਿੱਚ ਕੱਪੜਾ ਸਨਅਤ ਵਿੱਚ ਕੰਮ ਕਰਦੀਆਂ ਔਰਤਾਂ ਵੱੱਲੋਂ ਕੰਮ ਦੀਆਂ ਮਾੜੀਆਂ ਹਾਲਤਾਂ ਵਿਰੁੱਧ ਕੀਤੀ ਹੜਤਾਲ ਦੌਰਾਨ ਸ਼ਹੀਦ ਹੋਈਆਂ ਮਜ਼ਦੂਰ ਔਰਤਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਮਨਾਇਆ| 8 ਮਾਰਚ 1885 ਨੂੰ ਨਿਓਯਾਰਕ ਵਿੱਚ ਸ਼ਹੀਦ ਹੋਈਆਂ ਔਰਤਾਂ ਦੀ ਸ਼ਹੀਦੀ ਸ਼ਰਧਾਂਜ਼ਲੀ ਦੇਣ ਲਈ ਅਤੇ ਔਰਤ ਦਿਵਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਜਰਮਨ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ ਦੀ ਆਗੂ ਕਲਾਰਾ ਜੈਟਕਿਨ ਨੇ 8 ਮਾਰਚ ਨੂੰ ਔਰਤ ਦਿਵਸ ਦੇ ਤੌਰ ’ਤੇ ਮਨਾਉਣ ਦੀ ਪਹਿਲਕਦਮੀ ਸ਼ੁਰੂ ਕੀਤੀ| ਉਸ ਨੇ ਪਹਿਲਾਂ 1907 ਵਿੱਚ ਹੈਲੀਸਿੰਕੀ ਵਿੱਚ ਹੋਣ ਵਾਲੀ ਕੌਮਾਂਤਰੀ ਡੈਮੋਕਰੈਟਿਕ ਵਿਮੈਨ ਵਰਕਰਜ਼ ਯੂਨੀਅਨ ਦੀ ਕੌਮਾਂਤਰੀ ਕਾਨਫ਼ਰੰਸ ਵਿੱਚ ਇਸ ਬਾਰੇ ਤਜਵੀਜ਼ ਰੱਖੀ ਅਤੇ ਫਿਰ 1910 ਵਿੱਚ ਕੌਪਨਹੈਗਨ (ਡੈਨਮਾਰਕ) ਵਿਖੇ ਸਮਾਜਵਾਦੀ ਔਰਤਾਂ ਦੀ ਦੂਸਰੀ ਕਾਨਫਰੰਸ ਵਿੱਚ 8 ਮਾਰਚ ਨੂੰ ਔਰਤ ਦਿਵਸ ਦੇ ਤੌਰ ’ਤੇ ਮਨਾਉਣ ਦਾ ਮਤਾ ਪੇਸ਼ ਕੀਤਾ| ਇਸ ਕਾਨਫ਼ਰੰਸ ਵਿੱਚ 17 ਦੇਸ਼ਾਂ ਵਿੱਚੋਂ ਪੁੱਜੀਆਂ 100 ਔਰਤ ਲੀਡਰਾਂ ਨੇ ਕਲਾਰਾ ਜੈਟਕਿਨ ਦੀ ਇਸ ਤਜਵੀਜ਼ ’ਤੇ ਮੁਹਰ ਲਾਈ| ਕੌਪਨਹੈਗਨ ਦੀ ਪਹਿਲਕਦਮੀ ਦੇ ਸਿੱਟੇ ਵਜੋਂ ਕੌਮਾਂਤਰੀ ਔਰਤ ਦਿਵਸ ਨੂੰ ਆਸਟਰੀਆ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ 19 ਮਾਰਚ ਨੂੰ ਮਨਾਇਆ ਗਿਆ ਜਿਸ ਵਿੱਚ 10 ਲੱਖ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ| ਇਸ ਦਿਨ ਔਰਤਾਂ ਨੂੰ ਵੋਟ ਦਾ ਹੱਕ, ਸਰਕਾਰੀ ਨੌਕਰੀਆਂ, ਕੰਮ ਦਾ ਅਧਿਕਾਰ, ਕੰਮ ਲਈ ਕਿੱਤਾ ਟਰੇਨਿੰਗ ਅਤੇ ਉਨ੍ਹਾਂ ਨਾਲ ਕੰਮ ਦੇਣ ਸਮੇਂ ਕੀਤਾ ਜਾ ਰਿਹਾ ਵਿਤਕਰਾ ਖ਼ਤਮ ਕਰਨ ਦੀਆਂ ਮੰਗਾਂ ਉਭਾਰੀਆਂ ਗਈਆਂ| ਇਸ ਤੋਂ ਬਾਅਦ ਕੌਮਾਂਤਰੀ ਔਰਤ ਦਿਵਸ ਦੀ ਮਹੱਤਤਾ ਆਏ ਸਾਲ ਵੱਧ ਤੋਂ ਵੱਧ ਮਕਬੂਲਤਾ ਅਖ਼ਤਿਆਰ ਕਰਦੀ ਗਈ ਅਤੇ ਇਹ ਪਹਿਲੀ ਸੰਸਾਰ ਜੰਗ ਦੌਰਾਨ ਜੰਗ ਦੇ ਵਿਰੋਧ ਦਾ ਇੱਕ ਤਕੜਾ ਹਥਿਆਰ ਬਣ ਗਈ| ਰੂਸੀ ਔਰਤਾਂ ਨੇ ਫਰਵਰੀ 1913 ਦਾ ਪਹਿਲਾ ਐਤਵਾਰ ‘ਕੌਮਾਂਤਰੀ ਔਰਤ ਦਿਵਸ’ ਜੰਗ ਦੇ ਵਿਰੋਧ ਵਜੋਂ ਮਨਾਇਆ| ਇਸ ਤੋਂ ਅਗਲੇ ਸਾਲ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ 8 ਮਾਰਚ ਦੇ ਨੇੜੇ-ਤੇੜੇ ਔਰਤਾਂ ਨੇ ਹੋਰ ਇਨਕਲਾਬੀ ਕਾਰਕੁੰਨਾਂ ਦੀ ਹਮਾਇਤ ਅਤੇ ਜੰਗ ਦੇ ਵਿਰੋਧ ’ਚ ਰੈਲੀਆਂ ਕੀਤੀਆਂ| ਜਿਵੇਂ-ਜਿਵੇਂ ਪਹਿਲੀ ਸੰਸਾਰ ਜੰਗ ਤੋਂ ਲੋਕ ਅੱਕੇ ਪਏ ਸਨ ਅਤੇ ਲੋਕ ਰੋਟੀ ਤੋਂ ਵੀ ਆਤੁਰ ਹੋਏ ਪਏ ਸਨ, ਤਿਵੇਂ-ਤਿਵੇਂ ਰੂਸ ਅਤੇ ਸਾਰੇ ਯੂਰਪ ’ਚ ਜੰਗ ਵਿਰੋਧੀ ਗੁੱਸਾ ਵੱਧ ਰਿਹਾ ਸੀ| ਰੂਸੀ ਔਰਤਾਂ ਨੇ ਫਰਵਰੀ 1917 ਦਾ 8 ਮਾਰਚ ਜੋ ਐਤਵਾਰ ਨੂੰ ਪੈਂਦਾ ਸੀ, ਨੂੰ ਬਾਲਸ਼ਵਿਕ ਪਾਰਟੀ ਦੇ ਨਾਅਰੇ ‘ਸ਼ਾਤੀ ਅਤੇ ਰੋਟੀ’ ਦੀ ਮੰਗ ਨੂੰ ਲੈ ਕੇ ਮਨਾਇਆ| ਇਸ ਤੋਂ ਚਾਰ ਦਿਨ ਬਾਅਦ ਫਰਵਰੀ 1917 ਦੇ ਇਨਕਲਾਬ ਵਿੱਚ ਜ਼ਾਰਸ਼ਾਹੀ ਉਲਟਾ ਦਿੱਤੀ ਗਈ ਅਤੇ ਫਿਰ ਅਕਤੂਬਰ 1917 ਦੇ ਇਨਕਲਾਬ ਰਾਹੀਂ ਦੁਨੀਆਂ ਵਿੱਚ ਪਹਿਲਾ ਮਜ਼ਦੂਰ ਰਾਜ ਸਥਾਪਿਤ ਕੀਤਾ ਗਿਆ ਜਿਸ ਵਿੱਚ ਔਰਤਾਂ, ਮਰਦ-ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਲੜੀਆਂ| ਅਕਤੂਬਰ ਇਨਕਲਾਬ ਤੋਂ ਬਾਅਦ ਕੌਮਾਂਤਰੀ ਕਮਿਊਨਿਸਟ ਲਹਿਰ ਨੇ 8 ਮਾਰਚ ਨੂੰ ‘ਕੌਮਾਂਤਰੀ ਔਰਤ ਦਿਵਸ’ ਵਜੋਂ ਮਨਾਉਣਾ ਸ਼ੁਰੂ ਕੀਤਾ| ਇਸ ਤੋਂ ਬਾਅਦ 1975 ਵਿੱਚ ਕੌਮਾਂਤਰੀ ਔਰਤ ਲਹਿਰ ਦੇ ਵੱਧਦੇ ਦਬਾਅ ਕਾਰਨ ਸੰਯੁਕਤ ਰਾਸ਼ਟਰ ਸੰਘ ਨੂੰ ਵੀ ਇਸ ਦਿਵਸ ਨੂੰ ਮਾਨਤਾ ਦੇਣ ਲਈ ਮਜ਼ਬੂਰ ਹੋਣਾ ਪਿਆ|

ਔਰਤ ਦੀ ਗ਼ੁਲਾਮੀ ਦਾ ਹੱਲ

ਜਿਵੇਂ ਅਸੀਂ ਦੇਖਿਆ ਹੈ ਕਿ ਸਾਡੇ ਦੇਸ਼ ਵਿੱਚ ਔਰਤ ਲੁੱਟ, ਜ਼ਬਰ ਤੇ ਦਾਬੇ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ| ਔਰਤ ਨੂੰ ਸਮਾਜਿਕ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੇ ਕਰਕੇ ਘਰੇਲੂ ਚਾਕਰੀ, ਬੱਚੇ ਪੈਦਾ ਕਰਨ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ, ਉਜ਼ਰਤੀ ਮਜ਼ਦੂਰ ਵਜੋਂ ਸਸਤੀ ਕਿਰਤ ਲੁੱਟ ਕਰਵਾਉਣ ਲਈ ਮਜ਼ਬੂਰ ਹੋਣ ਵਰਗੇ ਅੱਤ ਦੇ ਲੋਟੂ, ਦਾਬੂ ਤੇ ਬੇਇ¾ਜ਼ਤੀ ਭਰੇ ਮਾਹੌਲ ਨਾਲ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ| ਸਮਾਜ ਵਿੱਚ ਉਨ੍ਹਾਂ ਨੂੰ ਪਰਿਵਾਰ ਅਤੇ ਵਿਆਹ ਵਰਗੀਆਂ ਰੂੜ੍ਹੀਵਾਦੀ ਪਰੰਪਰਾਵਾਂ ਨਾਲ ਨੂੜ ਕੇ ਰੱਖਿਆ ਜਾ ਰਿਹਾ ਹੈ| ਧਰਮ, ਜਾਤ, ਮੀਡੀਆ, ਕਾਨੂੰਨ, ਸਿੱਖਿਆ ਤੇ ਸੱਭਿਆਚਾਰ ਵਰਗੀਆਂ ਸਦੀਆਂ ਤੋਂ ਸਥਾਪਿਤ ਪ੍ਰਣਾਲੀਆਂ ਅੱਜ ਤੱਕ ਔਰਤ ਦੀ ਆਜ਼ਾਦੀ ਦਾ ਕੋਈ ਆਧਾਰ ਨਹੀਂ ਸਿਰਜ ਸਕੀਆਂ, ਉਲਟਾ ਇਹ ਪ੍ਰਣਾਲੀਆਂ ਔਰਤ ਦੀ ਗ਼ੁਲਾਮੀ ਦੇ ਨਵੇਂ-ਨਵੇਂ ਰੂਪ ਘੜਨ ਤੇ ਉਸ ਨੂੰ ਸਲਾਮਤ ਰੱਖਣ ਅਤੇ ਰਵਾਇਤੀ ਨੈਤਿਕਤਾ ਦੇ ਉਪਦੇਸ਼ ਦੇਣ ’ਚ ਲੋਟੂ ਰਾਜ ਪ੍ਰਬੰਧ ਲਈ ਸਹਾਈ ਹੋ ਰਹੀਆਂ ਹਨ| ਸਮਾਜ ਅੰਦਰ ਔਰਤਾਂ ਨਾਲ ਬਲਾਤਕਾਰ, ਛੇੜ-ਛਾੜ, ਕੁੱਟਮਾਰ, ਗਾਲੀ-ਗਲੋਚ, ਕਤਲ, ਭਰੂਣ ਹੱਤਿਆ, ਦਾਜ, ਬਾਲ ਵਿਆਹ, ਲਿੰਗੀ ਭੇਦਭਾਵ, ਵੇਸਵਾਗਮਨੀ, ਅੰਤਰਜਾਤੀ ਤੇ ਪ੍ਰੇਮ-ਵਿਆਹ ਦੀ ਮਨਾਹੀ, ਉਜ਼ਰਤੀ ਮਜ਼ਦੂਰ ਵਜ਼ੋਂ ਲੁੱਟ ਕਰਵਾਉਣ, ਪਿਤਾਪੁਰਖੀ ਦਾਬਾ, ਜਾਤੀ-ਪਾਤੀ ਬੰਧਨਾਂ ਦੀਆਂ ਦਰਦਨਾਕ ਘਟਨਾਵਾਂ ਆਮ ਵਾਪਰ ਰਹੀਆਂ ਹਨ| ਸਾਮਰਾਜੀ-ਸਰਮਾਏਦਾਰੀ ਵਰਗ ਵੱਲੋਂ ਆਧੁਨਿਕਤਾ ਤੇ ਔਰਤ ਦੀ ਆਜ਼ਾਦੀ ਦੇ ਨਾਂ ਹੇਠ ਫੈਸ਼ਨਪ੍ਰਸਤੀ, ਸੁੰਦਰਤਾ ਮੁਕਾਬਲੇ, ਸੈਕਸ ਟੂਰਿਸਟ ਪਲੇਸ, ਚੰਦ ਕੁ ਅਮੀਰ ਔਰਤਾਂ ਦੀ ਤਰੱਕੀ, ਫ਼ਿਲਮਾਂ, ਗੀਤਾਂ ਅਤੇ ਮਸ਼ਹੂਰੀਆਂ ਰਾਹੀਂ ਨੰਗੇਜ਼ਵਾਦ ਨੂੰ ਪਰੋਸਿਆ ਜਾ ਰਿਹਾ ਹੈ| ਇਨ੍ਹਾਂ ਰਾਹੀਂ ਔਰਤ ਨੂੰ ਜਿਣਸ ਦੇ ਤੌਰ ’ਤੇ ਮੁਨਾਫ਼ੇ ਲਈ ਖ਼ਰੀਦਿਆ ਵੇਚਿਆ ਜਾ ਰਿਹਾ ਹੈ| ਸਾਡੇ ਦੇਸ਼ ਵਿੱਚ ਔਰਤਾਂ ’ਤੇ ਇਹ ਲੁੱਟ ਤੇ ਦਾਬਾ ਮਰਦ ਪ੍ਰਧਾਨਤਾ, ਧਾਰਮਿਕ ਅੰਧਵਿਸ਼ਵਾਸੀ, ਸਮਾਜਿਕ ਪਛੜੇਪਣ ਤੇ ਰਾਜਕੀ ਪ੍ਰਬੰਧ ਦੀ ਲੋਟੂ ਵਿਵਸਥਾ ਦੇ ਚੌਮੁੱਖੀ ਹੱਲੇ ਦੀ ਦੇਣ ਹੈ|

ਔਰਤ ਦੀ ਘਰ, ਪਰਿਵਾਰ, ਸਕੂਲ-ਕਾਲਜ, ਸਮਾਜਿਕ ਸੰਸਥਾਵਾਂ, ਰੂੜ੍ਹੀਵਾਦੀ ਪ੍ਰੰਪਰਾਵਾਂ ਤੇ ਪੰੂਜੀਵਾਦੀ ਰਾਜਕੀ ਪ੍ਰਬੰਧ ਦੀਆਂ ਪੈਦਾ ਕੀਤੀਆਂ ਲੁੱਟ ਤੇ ਦਾਬੇ ਵਾਲੀਆਂ ਹਾਲਤਾਂ ਵਿਰੁੱਧ, ਫੌਰੀ ਸਾਂਝ ਲੱੁਟੇ ਜਾਂਦੇ ਹਰ ਮਿਹਨਤਕਸ਼ ਵਰਗ (ਔਰਤ-ਮਰਦ ਸਮੇਤ) ਨਾਲ ਬਣਦੀ ਹੈ| ਔਰਤ ਦੀ ਗ਼ੁਲਾਮੀ ਤੋਂ ਮੁਕਤੀ ਸਮੁੱਚੀ ਕਿਰਤੀ ਜਮਾਤ ਦੀ ਮੁਕਤੀ ਨਾਲ ਜੁੜੀ ਹੋਈ ਹੈ| ਦੇਸ਼ ਦੇ ਸ਼ਹਿਰੀ ਤੇ ਪੇਂਡੂ ਖਿੱਤੇ ਵਿੱਚ ਲੁਟੇਰੀ ਤੇ ਜਾਬਰ ਜਮਾਤ ਖਿਲਾਫ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ ਆਦਿ ਦੇ ਸੰਘਰਸ਼ਾਂ ’ਚ ਔਰਤਾਂ ਦੀ ਸਰਗਰਮ ਹਿੱਸੇਦਾਰੀ ਦੀ ਜ਼ਰੂਰਤ ਹੈ| ਇਸ ਲਈ ਔਰਤ ਮੁਕਤੀ ਲਈ ਪੂੰਜੀਵਾਦੀ ਪ੍ਰਬੰਧ ਅਤੇ ਜਗੀਰੂ ਰਹਿੰਦ-ਖੂੰਹਦ ਦੇ ਔਰਤ ਵਿਰੋਧੀ ਤੱਤਾਂ ਖ਼ਿਲਾਫ਼ ਮਜ਼ਬੂਤ ਵਿਚਾਰਧਾਰਕ-ਸਿਆਸੀ ਸੰਘਰਸ਼ ਲੜਨ ਲਈ ਮਜ਼ਬੂਤ ਵਿਚਾਰਧਾਰਕ ਸਿਆਸੀ ਧਰਾਤਲ ਕਾਇਮ ਕਰਨ ਦੀ ਲੋੜ ਦਰਪੇਸ਼ ਹੈ ਅਤੇ ਇਸ ਮਜ਼ਬੂਤ ਆਧਾਰ ’ਤੇ ਔਰਤਾਂ ਦੀ ਮੁਕਤੀ ਲਈ ਲੜਨ ਵਾਲੀ ਇੱਕ ਚੇਤੰਨ ਤੇ ਜੁਝਾਰੂ ਜਨਤਕ ਔਰਤ ਜਥੇਬੰਦੀ ਦੀ ਜ਼ਰੂਰਤ ਹੈ|

ਮਨਦੀਪ

 

ਭਾਰਤ 'ਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਕਿਸਾਨ ਘੋਲ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਪੂਰਾ ਲੇਖ ਪੜਨ ਲਈ ਹੇਠ ਦਿੱਤੇ ਲੰਿਕ ਉੱਤੇ ਕਲਿੱਕ ਕਰੋ :

ਔਰਤਾਂ ਤੋਂ ਬਿਨਾਂ ਕੋਈ ਕ੍ਰਾਂਤੀ ਸੰਭਵ ਨਹੀਂ: https://urconcern.blogspot.com/2022/03/blog-post.html


ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...