Search This Blog

Monday, May 9, 2022

ਵਿਕਟਰ ਜਾਰਾ : ਫਾਸ਼ੀਵਾਦ ਨੂੰ ਲਲਕਾਰਦਾ ਅਮਰ ਕਲਾਕਾਰ - ਦਰਸ਼ਨ ਖਟਕੜ

  

ਦਰਸ਼ਨ ਖਟਕੜ /Darshan Khatkar

ਵਿਕਟਰ ਜਾਰਾ ਬਿਨਾਂ ਸ਼ੱਕ ਲੋਕਾਂ ਦਾ ਗਾਇਕ, ਨਾਇਕ ਅਤੇ ਸ਼ਹੀਦ ਹੈਉਹ ਤਬਦੀਲੀ ਦੇ ਸਿਧਾਂਤ ਨਾਲ ਪ੍ਰਤੀਬੱਧ, ਅਡੋਲ ਅਤੇ ਪੁਰਜ਼ਾ-ਪੁਰਜ਼ਾ ਕਟਾਕੇ ਵੀ ਮੈਦਾਨ ਛੱਡਣ ਵਾਲਾ ਨਹੀਂ ਸੀ। ਗੋਲੀਆਂ ਦੀ ਗੜਗੜਾਹਟ, ਹਥੌੜਿਆਂ ਅਤੇ ਬੰਦੂਕ-ਬੱਟਾਂ ਨਾਲ ਹੱਥ ਫੇਹ ਦਿੱਤੇ ਜਾਣ ਦੇ ਬਾਵਜੂਦ ਵੀ, ਉਸਨੇ ਫਾਸ਼ੀ ਦਰਿੰਦਿਆਂ ਦੀ ਵੰਗਾਰ ਨੂੰ ਕਬੂਲਿਆ, ਟੁੱਟੀਆਂ ਹੱਥ-ਹੱਡੀਆਂ ਅਤੇ ਖ਼ੂਨ ਨਾਲ ਲੱਥਪੱਥ ਹੱਥਾਂ ਨਾਲ ਫਿਰ ਗਿਟਾਰ ਨੂੰ ਜਾ ਸੰਭਾਲਿਆ ਅਤੇ ਹਜ਼ਾਰਾਂ ਗ੍ਰਿਫਤਾਰ ਜਮਹੂਰੀ-ਪਸੰਦ ਅਤੇ ਤਰੱਕੀ ਪਸੰਦ ਲੋਕਾਂ ਦੇ ਪੈਰ ਥਰਕਣ, ਦਿਲ ਧੜਕਣ, ਬੁੱਲ ਫਰਕਣ ਅਤੇ ਬੋਲ ਗੜਕਣ ਲਾ ਦਿੱਤੇ। ਕਈ ਫਰਕਾਂ ਸਹਿਤ ਇਹ ਦ੍ਰਿਸ਼ ਉਸ ਦ੍ਰਿਸ਼ ਨਾਲ ਮੇਲ ਖਾਂਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਇੱਕ-ਇੱਕ ਕਰਕੇ ਸ਼ਹੀਦ ਕੀਤੇ ਜਾ ਰਹੇ ਸਨ, ਦਿੱਲੀ ਵਿੱਚ। ਇੱਕ ਫੌਜੀ ਹਾਕਮ ਨੇ ਭੁੱਖੇ-ਭਾਣੇ ਭਾਈ ਬਾਜ ਸਿੰਘ ਨੂੰ ਵੰਗਾਰਿਆ, ‘‘ਤੂੰ ਬੜਾ ਬਾਜ ਕਹਾਉਂਦਾ ਸੈਂ, ਹੁਣ ਦਿਖਾ ਤਾਂ ਆਪਣਾ ਬਾਜਪੁਣਾ।’’ ਬਾਜ ਸਿੰਘ ਇੱਕ ਸਿਪਾਹਟੇ ਦੀ ਤਲਵਾਰ ਖੋਹਣ ਲਈ ਬਾਜ ਬਣਕੇ ਝਪਟਿਆ ਪਰ ਸਾਵਧਾਨ ਦੂਜੇ ਫੌਜੀ ਨੇ ਉਸਨੂੰ ਕਤਲ ਕਰ ਮਾਰਿਆ। ਇਸ ਪ੍ਰਕਾਰ ਜਦ ਵਿਕਟਰ ਜਾਰਾ ਦੀ ਆਵਾਜ਼ ਅਤੇ ਸਾਜ਼ ਗ੍ਰਿਫਤਾਰਾਂ ਵਿੱਚ ਨਵਾਂ ਜੋਸ਼ ਭਰ ਰਹੀ ਸੀ ਤਾਂ ਫਾਸ਼ੀ ਤਾਕਤ ਦੇ ਫੌਜੀਆਂ ਨੇ ਉਸ ਨੂੰ ਸ਼ਰੇ-ਮੈਦਾਨ ਗੋਲੀਆਂ ਨਾਲ ਛਾਨਣੀ ਕਰ ਦਿੱਤਾ। ਇਹ ਇੱਕ ਜੁਝਾਰੂ ਅਦਾਕਾਰ, ਗਾਇਕ, ਕਵੀ ਅਤੇ ਸੰਸਥਾ ਵਰਗੇ ਪ੍ਰਤਿਭਾਸ਼ੀਲ ਦੀ ਉਸ ਤਰ੍ਹਾਂ ਦੀ ਸ਼ਹੀਦੀ ਸੀ ਜਿਸ ਨੇ ਉਸਦੀ ਸ਼ਾਨ, ਵਡੱਤਣ ਅਤੇ ਦੇਣ ਨੂੰ ਅਮਰ ਕਰ ਦਿੱਤਾ। ਉਹ ਜਿਸ ਜਲੌਅ ਨਾਲ ਸ਼ਹੀਦ ਹੋਇਆ ਉਹ ਸ਼ਾਨ ਸਦੀਆਂ ਤੱਕ ਅਮਰ ਰਹੇਗੀ। ਫੈਜ ਅਹਿਮਦ ਫੈਜ ਦਾ ਇੱਕ ਸ਼ਿਅਰ ਹੈ :

 

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ,

ਵੋਹ ਸ਼ਾਨ ਸਲਾਮਤ ਰਹਿਤੀ ਹੈ

 

ਚੇਤਨ, ਇਨਕਲਾਬ ਨੂੰ ਪ੍ਰਨਾਏ ਹੋਏ, ਲੋਕਾਂ ਦੀ ਮੁਕੰਮਲ ਮੁਕਤੀ ਲਈ ਜਾਨ ਤਲੀ ’ਤੇ ਰੱਖਕੇ, ਸੰਗੀਤ ਅਤੇ ਸੱਭਿਆਚਾਰ ਦੀ ਰਚਨਾ ਅਤੇ ਪਰਵਰਿਸ਼ ਕਰਨ ਵਾਲੇ ਸਾਹਿਤਕਾਰ, ਲੋਕ-ਕਲਾਕਾਰ ਹਰੇਕ ਦੇਸ਼ ਵਿੱਚ ਹੀ ਆਪਣੀ ਪ੍ਰਤੀਬੱਧਤਾ ਦੇ ਜੌਹਰ ਦਿਖਾਉਂਦੇ ਆਏ ਹਨ। ਇਹ ਸੱਚ ਸਾਡੇ ਸਮਿਆਂ ਦਾ ਅਤੇ ਸਾਡੇ ਦੇਸ਼ ਦਾ ਵੀ ਸੱਚ ਹੈਮਈ 1967 ਵਿੱਚ ਨਕਸਲਬਾੜੀ ਦੀ ਗੂੰਜ ਨੇ ਅਨੇਕਾਂ ਹੀ ਕਵੀਆਂ, ਨਾਟਕਕਾਰਾਂ, ਨਾਟਕ-ਕਲਾਕਾਰਾਂ ਅਤੇ ਲੋਕ ਗਾਇਕਾਂ ਨੂੰ ਇਸ ਬਗਾਵਤ ਨਾਲ ਖੜਨ ਦਾ ਹੋਕਾ ਦਿੱਤਾ ਸੀ ਜਿਸ ਨੂੰ ਅਨੇਕਾਂ ਹੀ ਕਵੀਆਂ ਅਤੇ ਕਲਾਕਾਰਾਂ ਨੇ ਠੋਕਵਾਂ ਹੁੰਗਾਰਾ ਭਰਿਆ ਸੀ ਜਿਸਦੇ ਸਿੱਟੇ ਵਜੋਂ ਜੁਝਾਰਵਾਦੀ ਕਾਵਿ ਦਾ ਸੂਰਜ ਉੱਗਮਿਆ ਸੀ। ਇਸ ਮਹਾਨ ਹੋਕੇ ਨੇ ਆਂਧਰਾ ਦੇ ਕਮਿਊਨਿਸਟ ਇਨਕਲਾਬੀਆਂ ਅਤੇ ਕਲਾਕਾਰਾਂ ਨੂੰ ਵੀ ਝੰਜੋੜਿਆ ਸੀ। 1968-69 ਦੇ ਅਰਸੇ ਵਿੱਚ ਸਿਰੀਕਾਕੂਲਮ ਦਾ ਇਤਿਹਾਸਕ ਆਦਿਵਾਸੀ ਸੰਘਰਸ਼ ਆਰੰਭ ਹੋ ਗਿਆ ਸੀ ਜਿਸ ਦੀ ਗੂੰਜ-ਗੜ੍ਹਕ ਸਾਰੇ ਦੇਸ਼ ਲਈ ਪ੍ਰੇਰਨਾ-ਸਰੋਤ ਬਣ ਰਹੀ ਸੀ। ਇਸ ਹਥਿਆਰਬੰਦ ਸੰਘਰਸ਼ ਦੌਰਾਨ ਆਦਿਵਾਸੀਆਂ ਅਤੇ ਕਿਸਾਨਾਂ ਨੂੰ ਚੇਤਨ ਕਰਨ, ਉਤਸ਼ਾਹਤ ਕਰਨ, ਸੰਘਰਸ਼ ਦਾ ਸਰਗਰਮ ਹਿੱਸਾ ਬਣਾਉਣ ਵਿੱਚ, ਲੋਕ-ਕਲਾਕਾਰਾਂ ਦੀ ਇੱਕ ਟੋਲੀ ਸਭ ਖਤਰੇ ਸਹੇੜਕੇ ਇਨਕਲਾਬੀ ਗੀਤਾਂ ਦਾ ਸੰਚਾਰ-ਪਸਾਰ ਕਰਨ ਲਈ ਮੈਦਾਨ ਵਿੱਚ ਕੁੱਦ ਪਈ ਸੀ। ਇਸ ਟੋਲੀ ਵਿੱਚ ਸਾਥੀ ਸੂਬਾਰਾਉ ਪਾਣੀਗ੍ਰਿਹੀ, ਸਾਥੀ ਪਾਲਾ ਵਾਸੂਦੇਵਾ ਰਾਉ ਅਤੇ ਕਈ ਹੋਰ ਸਾਥੀ ਸ਼ਾਮਿਲ ਸਨ। ਬੱਸ ਹਾਕਮਾਂ ਨੂੰ ਇਹ ਅਮਲ ਹੀ ਬੱਜਰ ਚੁਣੌਤੀ ਜਾਪਦੀ ਸੀ ਜਿਸ ਕਰਕੇ ਮੌਕਾ ਮਿਲਣ ’ਤੇ ਪੁਲੀਸ ਨੇ ਉਸਦਾ ਸ਼ਰੇਆਮ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਸੀ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਜਦੋਂ ਜਰਮਨੀ, ਇਟਲੀ, ਜਪਾਨ ਅਤੇ ਸਪੇਨ ਵਿੱਚ ਫਾਸ਼ੀਵਾਦ ਦਨਦਨਾਉਂਦਾ ਫਿਰਦਾ ਸੀ ਉਦੋਂ ਵੀ ਇੰਗਲੈਂਡ ਦੇ ਜੰਮਪਲ ਸਾਹਿਤ-ਅਲੋਚਕ ਅਤੇ ਵਿਦਵਾਨ ਸਾਥੀ ਕ੍ਰਿਸਟੋਫਰ ਕਾਡਵੈੱਲ ਅਤੇ ਡੇਵਿਡ ਗੈਸਟ ਵਰਗੇ ਕਮਿਊਨਿਸਟ, ਫਾਸ਼ੀਵਾਦ ਵਿਰੋਧੀ ਅੰਤਰ-ਰਾਸ਼ਟਰੀ ਬ੍ਰਿਗੇਡ ਦਾ ਅੰਗ ਬਣਕੇ, ਸਪੇਨ ਵਿੱਚ ਫਰੈਂਕੋ ਦੇ ਫਾਸ਼ੀਵਾਦ ਵਿਰੁੱਧ ਜੂਝਣ ਲਈ ਸਪੇਨ ਪਹੁੰਚੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਹ ਸਾਰੇ ਇਸ ਤੱਥ ਨਾਲ ਕਾਇਲ ਸਨ ਕਿ ਜੇ ਕਲਾ, ਸਾਹਿਤ-ਸੱਭਿਆਚਾਰ ਦੀ ਰਾਖੀ ਕਰਨੀ ਅਤੇ ਇਸਨੂੰ ਵਿਕਸਤ ਕਰਕੇ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਫਾਸ਼ੀਵਾਦ ਦੇ ਵਿਰੁੱਧ ਜਾਨ-ਵਾਰੂ ਸੰਘਰਸ਼ ਇੱਕ ਅਟੱਲ ਸਮਕਾਲੀ ਲੋੜ ਹੈ

Victor Jara

ਸਾਹਿਤ, ਕਲਾ ਅਤੇ ਸੱਭਿਆਚਾਰ ਸਾਰੇ ਸਮਾਜਿਕ ਉਪਜਾਂ ਹਨ। ਕਿਸੇ ਵਿਸ਼ੇਸ਼ ਕਿਸਮ ਦੀ ਸਮਾਜਕ-ਆਰਥਿਕ ਸਥਿਤੀ ਵਿੱਚ ਉਸ ਨੂੰ ਸਥਾਪਿਤ ਕਰਨ ਵਾਲਾ ਅਤੇ ਤੋੜਨ ਵਾਲਾ ਦੋਹਾਂ ਕਿਸਮਾਂ ਦਾ ਸਾਹਿਤ-ਸੱਭਿਆਚਾਰ ਸਿਰਜਿਆ ਜਾਂਦਾ ਹੈਭਾਵੇਂ ਆਰਥਿਕ-ਸਮਾਜਕ ਸਥਿਤੀ ਕੋਈ ਵੀ ਹੋਵੇ, ਸਾਹਿਤ-ਸੱਭਿਆਚਾਰ ਦਾ ਵਿਕਾਸ ਸਬੰਧਤ ਸਮਾਜ ਦੀਆਂ ਅੰਤਰੀਵੀ ਵਿਰੋਧਤਾਈਆਂ ਦੇ ਤੀਬਰ-ਤੀਖਣ ਨਾਲ ਅਤੇ ਉਨ੍ਹਾਂ ਕਾਰਨ ਪੈਦਾ ਹੁੰਦੇ ਪ੍ਰਗਤੀਸ਼ੀਲ, ਜਮਹੂਰੀ ਅਤੇ ਇਨਕਲਾਬੀ ਸੰਘਰਸ਼ਾਂ ਦੇ ਨਿਕਾਸ-ਵਿਕਾਸ ਨਾਲ ਜੁੜਿਆ ਹੁੰਦਾ ਹੈਕਿਸੇ ਨਵੀਂ ਫੁੱਟਦੀ ਲਹਿਰ ਨਾਲ ਇੱਕ ਨਵੇਂ ਸਾਹਿਤ-ਸੱਭਿਆਚਾਰ ਦਾ ਨਿਕਾਸ-ਵਿਕਾਸ ਜੁੜਿਆ ਹੁੰਦਾ ਹੈਜੇ ਕਰ ਅਜਿਹੀ ਨਵੀਂ ਲਹਿਰ ਵਿਕਾਸ ਕਰਦੀ ਹੈ ਤਾਂ ਅਜਿਹਾ ਸਾਹਿਤ-ਸੱਭਿਆਚਾਰ ਵੀ ਵਿਕਸਤ ਹੁੰਦਾ ਜਾਂਦਾ ਹੈਪਰ ਜੇਕਰ ਇੱਕ ਪੱਧਰ ’ਤੇ ਜਾ ਕੇ ਅਜਿਹੀ ਲਹਿਰ ਖੜੋਤ ਵਿੱਚ ਆ ਜਾਂਦੀ ਹੈ ਤਾਂ ਅਜਿਹੇ ਸਾਹਿਤ-ਸੱਭਿਆਚਾਰ ਵਿੱਚ ਵੀ ਖੜੋਤ ਆ ਜਾਂਦੀ ਹੈਜਿੱਥੇ ਨਵੀਂ ਇਨਕਲਾਬੀ ਲਹਿਰ ਸਾਹਿਤਕ-ਸੱਭਿਆਚਾਰਕ ਲਹਿਰ ਨੂੰ ਨਵਾਂ ਵੇਗ, ਨਵੀਂ ਊਰਜਾ ਅਤੇ ਤੀਖਤਣਾ ਪਰਦਾਨ ਕਰਦੀ ਹੈ, ਉਸੇ ਤਰ੍ਹਾਂ ਨਵਾਂ ਉਰਜਿਤ, ਜੁਝਾਰੂ ਅਤੇ ਨਾਬਰ ਸਾਹਿਤ-ਸਭਿਆਚਾਰ ਵੀ ਨਵੀਂ ਇਨਕਲਾਬੀ ਲਹਿਰ ਲਈ ਸਹਾਈ ਹੁੰਦਾ ਹੈਸਾਰੇ ਆਪਣੇ ਦੇਸ਼ ਅਤੇ ਸੂਬੇ ਪੰਜਾਬ ਦੀ ਜੁਝਾਰਵਾਦੀ ਲਹਿਰ ਉੱਪਰ ਵੀ ਇਹ ਹੀ ਨਿਯਮ ਲਾਗੂ ਹੁੰਦਾ ਹੈਪਰ ਸਬੰਧਿਤ ਲਹਿਰ ਦੇ ਉਤਰਾਵੀ-ਪੜਾਅ ਵਿੱਚ ਵੀ ਪਹਿਲੀ ਸਾਹਿਤਕ-ਸੱਭਿਆਚਾਰਕ ਲਹਿਰ ਇੱਕ ਸਥਾਪਿਤ ਰਵਾਇਤ ਬਣ ਚੁੱਕੀ ਹੁੰਦੀ ਹੈ ਅਤੇ ਆਪਣੇ ਅੰਤਰੀਵੀ ਵੇਗ ਅਤੇ ਗਤੀ ਕਾਰਨ ਮੌਜੂਦ ਵੀ ਰਹਿੰਦੀ ਹੈ ਅਤੇ ਨਵੇਂ ਰੂਪਾਂ ਵਿੱਚ ਮੁੜ-ਪ੍ਰਗਟ ਹੋਣ ਦੀ ਸਮਰੱਥਾ ਵੀ ਆਪਣੇ ਆਪ ਵਿੱਚ ਸਮੋਈ ਰੱਖਦੀ ਹੈਉਸਨੂੰ ਇਨਕਲਾਬੀ ਲਹਿਰ ਦੀ ਇੱਕ ਨਵੀਂ ਪਰਵਾਜ਼ ਦੀ ਉਡੀਕ ਵੀ ਰਹਿੰਦੀ ਹੈ

ਪੁਸਤਕ ਪ੍ਰਾਪਤੀ ਲਈ  +91 94176 42785 (ਮਾਸਟਰ ਹਰੀਸ਼ ਪੱਖੋਵਾਲ)

ਵਿਕਟਰ ਜਾਰਾ ਵੀ ਚਿੱਲੀ ਦੀ ਆਰਥਕ, ਸਮਾਜਕ, ਸਿਆਸੀ ਅਤੇ ਸੱਭਿਆਚਾਰਕ ਸਥਿਤੀ ਦੀ ਉਪਜ ਸੀ। ਵੀਹਵੀਂ ਸਦੀ ਦੇ 6ਵੇਂ ਅਤੇ 7ਵੇਂ ਦਹਾਕੇ ਵਿੱਚ ਸੰਸਾਰ ਪੱਧਰ ’ਤੇ ਹਾਲਾਤ ਇੱਕ ਕਰਵਟ ਲੈ ਰਹੇ ਸਨ। ਚੀਨ ਵਿੱਚ ਸੱਭਿਆਚਾਰਕ ਇਨਕਲਾਬ ਪੂਰੇ ਵਿਸਥਾਰ ਅਤੇ ਵੇਗ ਨਾਲ ਕੁੱਲ ਜਹਾਨ ਦੀ ਮਜ਼ਦੂਰ ਜਮਾਤ ਵਿੱਚ ਨਵਾਂ ਵਿਸ਼ਵਾਸ਼ ਅਤੇ ਆਸਾਂ-ਉਮੀਦਾਂ ਜਗਾ ਰਿਹਾ ਸੀ ਅਤੇ ਵਿਚਾਰਧਾਰਕ-ਸਿਆਸੀ-ਸੱਭਿਆਚਾਰਕ ਦ੍ਰਿਸ਼ ਅਤੇ ਨਵੇਂ ਦਿਸਹੱਦੇ ਸਿਰਜ ਰਿਹਾ ਸੀ। ਫਰਾਂਸ ਵਿੱਚ ਵਿਦਿਆਰਥੀ ਲਹਿਰ ਨੇ ਇਨਕਲਾਬੀ ਤਬਦੀਲੀ ਦੀ ਇੱਕ ਨਵੀਂ ਧੁਨ ਸਿਰਜ ਦਿੱਤੀ ਸੀ। ਵੀਅਤਨਾਮ ਦਾ ਕੌਮੀ ਇਨਕਲਾਬੀ ਮੁਕਤੀ ਘੋਲ ਨਵੀਆਂ ਉਚਾਈਆਂ ਛੋਹ ਰਿਹਾ ਸੀ ਅਤੇ ਸੰਸਾਰ ਭਰ ਵਿੱਚ ਹਮਲਾਵਰ ਅਮਰੀਕਨ-ਸਾਮਰਾਜ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਲਾਮਬੰਦੀ ਵਿਰਾਟ-ਰੂਪ ਧਾਰਨ ਕਰਕੇ ਤੀਬਰਤਾ ਅਤੇ ਤੀਖਣਤਾ ਦੇ ਨਵੇਂ ਮਿਆਰ ਸਿਰਜ ਰਹੀ ਸੀ। ਵਿਦਿਆਰਥੀ ਘੋਲ ਦੀ ਗੂੰਜ ਭਾਰਤ ਸਮੇਤ ਕੁੱਲ ਸੰਸਾਰ ਵਿੱਚ ਸੁਣਾਈ ਦੇ ਰਹੀ ਸੀ। ਇਹ ਵਰਤਾਰੇ ਸੰਸਾਰ ਭਰ ਵਿੱਚ ਨੌਜਵਾਨ ਪੀੜੀ ਲਈ ਅਤੇ ਇਨਕਲਾਬੀ ਲੋਕਾਂ ਲਈ ਨਵੇਂ ਦਿਸਹੱਦੇ ਅਤੇ ਪਰੇਰਨਾ ਪਰਦਾਨ ਕਰ ਰਹੀ ਸੀ। ਨੌਜਵਾਨਾਂ ਸਮੇਤ ਕਿਰਤੀ ਲੋਕਾਈ ਦਾ ਇਨਕਲਾਬੀਕਰਨ ਹੋ ਰਿਹਾ ਸੀ। ਕੌਮਾਂ, ਦੇਸ਼ ਅਤੇ ਲੋਕ ਮੁਕਤੀ ਦੀ ਤਾਂਘ ਨਾਲ ਧੜਕ ਰਹੇ ਸਨ। ਚਿੱਲੀ ਵੀ ਇਸ ਘਟਨਾਕ੍ਰਮ ਤੋਂ ਅਣਭਿੱਜ ਨਹੀਂ ਸੀ ਰਹਿ ਸਕਦਾ। ਇਸ ਕਰਕੇ ਚਿੱਲੀ ਦੇ ਸਮਾਜਵਾਦ, ਮਨੁੱਖੀ ਬਰਾਬਰੀ ਅਤੇ ਕਿਰਤ ਦੀ ਮੁਕਤੀ ਲਈ ਪਰੇਰਤ ਲੋਕ, ਕਲਾਕਾਰ, ਬੁੱਧੀਜੀਵੀ ਇਨਕਲਾਬੀ ਧੜਕਣ ਨੂੰ ਮਹਿਸੂਸ ਕਰ ਰਹੇ ਸਨ। 1972-73 ਤੱਕ, ਆਖਰਕਾਰ ਅਮਰੀਕਨ-ਸਾਮਰਾਜ ਨੂੰ ਵੀਅਤਨਾਮ ਵਿੱਚ ਹਾਰ ਦਾ ਸਾਹਮਣਾ ਕਰਕੇ ਉਥੋਂ ਨਿਕਲਣਾ ਪੈ ਰਿਹਾ ਸੀ ਅਤੇ ਵੀਅਤਨਾਮੀ ਕੌਮੀ ਮੁਕਤੀ ਘੋਲ ਦੀ ਜਿੱਤ ਦੇ ਡੰਕੇ ਸੰਸਾਰ ਭਰ ਵਿੱਚ ਸੁਣਾਈ ਦੇ ਰਹੇ ਸਨ। ਨਾਲ ਹੀ ਕੰਬੋਡੀਆ ਵਿੱਚ, ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਇਨਕਲਾਬੀ ਸੰਘਰਸ਼ ਆਖਰ ਜੇਤੂ ਹੋ ਗਿਆ ਸੀ। ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਦੀ ਗੂੰਜ ਪਰਤੱਖ ਹੋ ਕੇ ਇਨਕਲਾਬੀ ਜਮਾਤਾਂ ਨੂੰ ਇੱਕ ਹੁਲਾਰਾ ਦੇ ਰਹੀ ਸੀ, ਪੰਜਾਬ, ਬੰਗਾਲ, ਆਂਧਰਾ, ਕੇਰਲਾ ਅਤੇ ਬਿਹਾਰ ਆਦਿ ਸੂਬਿਆਂ ਵਿੱਚ ਇਨਕਲਾਬੀ ਜੁਝਾਰੂ ਸਾਹਿਤ ਦੀ ਪੁਰਜੋਰ ਸਿਰਜਣਾ ਹੋ ਰਹੀ ਸੀ। ਚਿੱਲੀ ਵਿੱਚ ਵੀ ਸਮਾਜਵਾਦ ਪੱਖੀ ਮਜ਼ਦੂਰ ਲਹਿਰ, ਕਿਸਾਨ-ਲਹਿਰ ਅਤੇ ਇਨਕਲਾਬੀ ਬੁੱਧੀਜੀਵੀ ਪਰਤ ਇੱਕ ਨਵੀਂ ਗਤੀ ਦਾ ਅਹਿਸਾਸ ਕਰ ਰਹੇ ਸਨ ਅਤੇ ਇਸਦੇ ਹੱਕ-ਪੱਖ ਵਿੱਚ ਲਾਮਬੰਦੀ ਕਰ ਰਹੇ ਸਨ।

ਇਸ ਘਟਨਾਕ੍ਰਮ ਦੇ ਸਮਾਨੰਤਰ ਸੰਸਾਰ ਵਿੱਚ ਇੱਕ ਨਵਾਂ ਵਰਤਾਰਾ ਉੱਭਰ ਰਿਹਾ ਸੀ : ਇਹ ਸੀ ਦੋ ਮਹਾਂਸ਼ਕਤੀਆਂ, ਅਮਰੀਕਾ ਅਤੇ ਸੋਵੀਅਤ ਯੂਨੀਅਨ ਦਾ ਉੱਭਰਨਾ। ਸੋਵੀਅਤ ਯੂਨੀਅਨ ਉਦੋਂ ਤੱਕ ਆਪਣਾ ਸਮਾਜਵਾਦੀ ਕਿਰਦਾਰ ਗੁਆ ਚੁੱਕਾ ਸੀ ਅਤੇ ਸਮਾਜਕ-ਸਾਮਰਾਜ ਦਾ ਕਿਰਦਾਰ ਧਾਰਨ ਕਰ ਚੁੱਕਾ ਸੀ। ਉਹ ਅੰਤਰ-ਰਾਸ਼ਟਰੀਵਾਦ ਦੇ ਨਾਂ ਥੱਲੇ ਅਮਰੀਕਾ ਨਾਲ ਚੌਧਰ ਦੀ ਦੌੜ ਅਤੇ ਲੜਾਈ ਵਿੱਚ ਸ਼ਾਮਲ ਹੋ ਚੁੱਕਾ ਸੀ। ਉਹ ਆਪਣੀ ਸੰਸਾਰ-ਚੌਧਰ ਸਥਾਪਤ ਕਰਨ ਲਈ ਲੋਕਾਂ ਅਤੇ ਤੀਸਰੇ ਸੰਸਾਰ ਦੇ ਲੋਕਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਮੁਕਤੀ ਦੀ ਤਾਂਘ ਦਾ ਲਾਭ ਉਠਾਕੇ ਨਵੇਂ ਗਠਜੋੜ ਕਰ ਰਿਹਾ ਸੀ। ਚਿੱਲੀ ਵਿੱਚ ਵੀ ਉਸ ਨੇ ਇਹੀ ਨੀਤੀ ਅਪਣਾਈ। ਸਮਾਜਵਾਦ ਦੇ ਤਾਂਘੀ ਲੋਕਾਂ ਦੀ ਮੱਦਦ ਕਰਕੇ, ਉਹ ਚਿੱਲੀ ਵਿੱਚ ਇੱਕ ਸੋਵੀਅਤ-ਪੱਖੀ ਰਾਜ-ਪ੍ਰਬੰਧ ਸਥਾਪਤ ਕਰਨਾ ਚਾਹੁੰਦਾ ਸੀ। ਇਸ ਸਥਿਤੀ ਵਿੱਚ ਅਮਰੀਕਾ ਦੀ ਲੁੱਟ, ਦਖਲ ਅਤੇ ਦਮਨ ਦੇ ਦੁਖਾਏ-ਸਤਾਏ ਲੋਕ-ਸਮੂਹਾਂ ਨੇ ਨਵੀਂ ਗਤੀ ਫੜ ਲਈ ਸੀ। ਜਿੱਥੇ ਸਿਆਸੀ ਸਰਗਰਮੀ ਨੇ ਜ਼ੋਰ ਫੜਿਆ, ਉਥੇ ਸਾਹਿਤਕ-ਸੱਭਿਆਚਾਰਕ ਸਰਗਰਮੀ ਨੇ ਵੀ ਨਵੇਂ ਪਸਾਰ ਧਾਰਨ ਕਰਨੇ ਆਰੰਭ ਕੀਤੇ। ਵਿਕਟਰ ਜਾਰਾ ਵਰਗੇ ਅਨੇਕਾਂ ਕਲਾਕਾਰਾਂ, ਕਵੀਆਂ, ਰੰਗ-ਕਰਮੀਆਂ, ਨਾਟਕਕਾਰਾਂ, ਚਿੱਤਰਕਾਰਾਂ, ਸੰਗੀਤਕਾਰਾਂ ਨੇ ਆਪੋ ਆਪਣੇ ਖੇਤਰ ਵਿੱਚ ਆਪੋ ਆਪਣੇ ਮੋਰਚੇ ਸੰਭਾਲ ਲਏ। ਇਸ ਸੱਭਿਆਚਾਰਕ ਲਹਿਰ ਦੇ ਪਿਛੋਕੜ ਵਿੱਚ ਕੰਮ ਕਰਦੀ ਸਿਆਸੀ ਸਰਗਰਮੀ, ਅਮਰੀਕੀ ਸਾਮਰਾਜੀ ਕੰਪਨੀਆਂ ਵੱਲੋਂ ਚਿੱਲੀ ਦੇ ਤਾਂਬੇ, ਸੋਨੇ ਅਤੇ ਹੋਰ ਖਣਿਜ ਪਦਾਰਥਾਂ ਦੀ ਅੰਨ੍ਹੀ ਲੁੱਟ ਦੇ ਵਿਰੋਧ ਵਿੱਚ ਅਤੇ ਇਨਾਂ ਖਾਣਾਂ, ਤੇਲ-ਸਰੋਤਾਂ ਦੇ ਕੌਮੀਕਰਨ ਦੀ ਮੰਗ ਕਰ ਰਹੀ ਸੀ। ਇਸ ਹੀ ਮੰਗ ਦੀ ਪ੍ਰਤੀਧੁਨੀ ਸਾਹਿਤ-ਸੱਭਿਆਚਾਰਕ ਖੇਤਰ ਵਿੱਚ ਵੀ ਪਰਤੱਖ ਤੇ ਪਰਮਾਣਿਤ ਹੋ ਰਹੀ ਸੀ। ਇਸ ਵਿਆਪਕ-ਵਿਸ਼ਾਲ ਦਾ ਪ੍ਰਭਾਵ-ਖੇਤਰ ਅਤੇ ਕਰਮ-ਖੇਤਰ ਵਧਕੇ ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਵਿੱਚ ਵੀ ਪਰਵੇਸ਼ ਕਰ ਚੁੱਕਾ ਸੀ ਅਤੇ ਇਹ ਜ਼ੋਰਦਾਰ ਵਹਿਣ ਇੱਕ ਅਮੋੜ ਵਹਿਣ ਬਣ ਗਿਆ ਸੀ।


ਅਮਰੀਕਨ ਸਾਮਰਾਜ ਦੇ ‘ਸ਼ਿਕਾਗੋ ਬੁਆਇਜ਼’ ਨਿੱਤ-ਨਵੀਆਂ ਸਾਜਿਸ਼ਾਂ ਘੜ ਰਹੇ ਸਨ, ਇਸ ਸਿਆਸੀ ਲਹਿਰ, ਲੋਕ-ਲਹਿਰ ਅਤੇ ਸੱਭਿਆਚਾਰਕ ਲਹਿਰ ਨੂੰ ਭਟਕਾਉਣ ਅਤੇ ਦਰੜਨ-ਦਬਾਉਣ ਲਈ, ਉਨਾਂ ਨੇ ਫਾਸ਼ੀਵਾਦ ਦੇ ਪੁਨਰ-ਜਨਮ ਅਤੇ ਅਮਲ ਦੀ ਨੀਤੀ ਅਪਨਾਈ। ਕਿਸਾਨਾਂ, ਮਜ਼ਦੂਰਾਂ, ਹੋਰ ਇਨਕਲਾਬੀ ਜਮਾਤਾਂ ਅਤੇ ਸੱਭਿਆਚਾਰਕ ਲਹਿਰ ਨੂੰ ਵੀ ਆਪਣੇ ਜਬਰ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਇਸ ਦਮਨ ਦੇ ਬਾਵਜੂਦ ਵੀ ਮੁਕਤੀ ਦੀ ਤਾਂਘੀ ਅਤੇ ਸਮਾਜਵਾਦ ਪੱਖੀ ਤਾਕਤਾਂ ਵਧਦੀਆਂ ਗਈਆਂ ਅਤੇ ਆਖਰ ਅਲੈਂਦੇ ਦੀ ਅਗਵਾਈ ਵਾਲੀ ਪਾਰਟੀ ਚੋਣਾਂ ਜਿੱਤ ਗਈ ਅਤੇ ਅਲੈਂਦੇ ਰਾਸ਼ਟਰਪਤੀ ਚੁਣਿਆ ਗਿਆ। ਉਨਾਂ ਖਾਣਾਂ ਦਾ ਕੌਮੀਕਰਨ ਲਈ ਕਾਨੂੰਨ ਬਣਾਉਣੇ ਅਤੇ ਯੈਂਕੀ-ਸਾਮਰਾਜੀ ਸੱਭਿਆਚਾਰ ਦੇ ਵਿਰੋਧ ਵਿੱਚ ਕੌਮੀ ਤੇ ਲੋਕ-ਪੱਖੀ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਬਿਨਾਂ ਸ਼ੱਕ ਅਲੈਂਦੇ ਸਰਕਾਰ ਸੋਵੀਅਤ-ਪੱਖੀ ਸਰਕਾਰ ਸੀ। ਅਮਰੀਕਾ ਦੇ ਪ੍ਰਭਾਵ ਹੇਠੋਂ ਇੱਕ ਅਜਿਹਾ ਦੇਸ਼ ਨਿਕਲ ਰਿਹਾ ਸੀ ਜਿਹੜਾ ਇੱਕ ਖਾਸ ਯੁੱਧਨੀਤਕ ਅਤੇ ਫੌਜੀ ਮਹੱਤਤਾ ਰੱਖਦਾ ਸੀ। ਚਿੱਲੀ ਲੰਗੋਟੇ ਦੀ ਲਾਂਗ ਵਰਗਾ ਇੱਕ ਲੰਬਾ ਖੇਤਰ ਹੈ ਜੋ ਪੱਛਮੀ ਪਾਸਿਉਂ ਸਾਰੇ ਦਾ ਸਾਰਾ ਸਮੁੰਦਰ ਨਾਲ ਲੱਗਦਾ ਹੈਇਸ ਕਰਕੇ ਇਹ ਤੱਟ ਵਪਾਰਕ ਸਮੁੰਦਰੀ ਜਹਾਜ਼ਰਾਨੀ ਅਤੇ ਫੌਜੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਪੱਖੋਂ ਵੀ ਬਹੁਤ ਮਹੱਤਵ ਰੱਖਦਾ ਹੈ

ਅਮਰੀਕਨ-ਸਾਮਰਾਜ ਨੇ ਆਪਣੇ ਪਿੱਠੂ ਫੌਜੀ ਅਫਸਰ ਪਿਨੋਚੇ ਨੂੰ ਬਣਾਕੇ ਚਿੱਲੀ ਵਿੱਚ ਫੌਜੀ ਰਾਜ-ਪਲਟਾ ਕਰਕੇ ਦੇਸ਼ ਉੱਪਰ ਫਾਸ਼ੀਵਾਦੀ ਫੌਜੀ ਡਿਕਟੇਟਰਸ਼ਿਪ ਸਥਾਪਤ ਕਰ ਦਿੱਤੀ। ਚੁਣੇ ਹੋਏ ਰਾਸ਼ਟਰਪਤੀ ਅਲੈਂਦੇ ਨੂੰ ਕਤਲ ਕਰ ਦਿੱਤਾ ਗਿਆ, ਸੰਸਾਰ-ਪ੍ਰਸਿੱਧ ਚਿਲੀਅਨ ਕਵੀ ਪਾਬਲੋ-ਨਰੂਦਾ ਦੀ ਰਹੱਸਮਈ ਮੌਤ ਹੋ ਗਈ। ਹਜ਼ਾਰਾਂ ਬੇਕਸੂਰੇ ਕੌਮਪ੍ਰਸਤ, ਦੇਸ਼ ਭਗਤ ਅਤੇ ਸਾਮਰਾਜ ਦੇ ਵਿਰੋਧੀ ਕਾਰਕੁੰਨਾਂ, ਕਲਾਕਾਰਾਂ ਨੂੰ ਸਟੇਡੀਅਮ ਅੰਦਰ ਹੁਬੜ ਕੇ ਅੰਨ੍ਹੇਵਾਹ ਗੋਲੀਆਂ ਚਲਾਕੇ ਵਿਕਟਰ ਜਾਰਾ ਨੂੰ ਅਤੇ ਅਨੇਕਾਂ ਹੋਰਨਾਂ ਦਾ ਕਤਲ ਕਰ ਦਿੱਤਾ ਗਿਆ। ਵਿਕਟਰ ਆਖਰੀ ਦਮ ਤੱਕ ਜਖ਼ਮੀ ਕੀਤੇ ਜਾਣ ਮਗਰੋਂ ਵੀ ਗਿਟਾਰ ਉੱਪਰ ਇਨਕਲਾਬੀ ਧੁਨਾਂ ਸਿਰਜਦਾ ਸਿਰਜਦਾ ਹੀ ਸ਼ਹੀਦ ਹੋਇਆ ਸੀ।

ਸਾਹਿਤਕਾਰ ਦੀ ਸੰਵੇਦਨਾ ਅਤੇ ਪ੍ਰਤੀਬੱਧਤਾ ਉਸਨੂੰ ਨਿਰੰਤਰ ਕਲਾ-ਸਿਰਜਕ ਅਤੇ ਕਲਾ-ਸੰਗਰਾਮੀਆਂ ਬਣਾਈ ਰੱਖਦੀ ਹੈਇਸ ਜੋੜੇ ਕਾਰਨ ਉਪਜੇ ਸਿਦਕ-ਸਿਰੜ ਨਾਲ ਉਹ ਕਠਨ-ਕਰੜੇ ਰਾਹਾਂ ਦਾ ਅਡੋਲ ਅਤੇ ਅਮੋੜ ਰਾਹੀ ਬਣਿਆ ਰਹਿੰਦਾ ਹੈਇਨਕਲਾਬੀ ਸੱਭਿਆਚਾਰਕ ਪਿੜ ਉਸਦੀ ਕਰਮਸ਼ਾਲਾ ਅਤੇ ਪ੍ਰਯੋਗਸ਼ਾਲਾ ਬਣਿਆ ਰਹਿੰਦਾ ਹੈ ਚੁਣੌਤੀਆਂ, ਦਮਨ, ਕਰੜੀਆਂ ਜੀਵਨ-ਹਾਲਤਾਂ ਅਤੇ ਮੌਤ ਦੇ ਸਾਹਮਣੇ ਵੀ ਉਸਦੀ ਰਚਨਾਤਮਕਤਾ ਨਾ ਮਰਦੀ ਹੈ, ਨਾ ਡਰਦੀ ਹੈ ਅਤੇ ਨਾ ਹੀ ਝੁਕਦੀ ਹੈਸ਼ਹੀਦ ਵਿਕਟਰ ਜਾਰੀ ਇਨਾਂ ਪੈਮਾਨਿਆਂ ਦਾ ਸਿਰਜਕ ਵੀ ਸੀ ਅਤੇ ਇਨਾਂ ਦਾ ਕਰਮਯੋਗੀ ਵੀ। ਸਾਡੀ ਆਪਣੀ ਪੰਜਾਬ ਦੀ ਸਭਿਆਚਾਰਕ ਲਹਿਰ, ਖਾਸ ਕਰਕੇ ਕਾਵਿ-ਲਹਿਰ, ਇਨਾਂ ਦੀ ਮਾਪ-ਦੰਡਾਂ ਦੀ ਅਨੁਸਾਰੀ ਸੀ। ਸਰਕਾਰੀ ਦਮਨ ਪਾਸ਼ ਨੂੰ ਕਵਿਤਾ ਕਹਿਣੋਂ ਰੋਕ ਨਹੀਂ ਸਕਿਆ ਅਤੇ ਨਾ ਹੀ ਫਾਸ਼ੀ ਖਾਲਿਸਤਾਨੀਆਂ ਦੀਆਂ ਧਮਕੀਆਂ ਉਸਨੂੰ ਧਮਕਾ ਸਕੀਆਂ। ਇਨਕਲਾਬੀ ਸਾਹਿਤਕ ਸਿਰਜਨਾ ਨੂੰ ਪਰਨਾਇਆ ਸਾਡਾ ਇਹ ਕਵੀ ਅਮਰ ਸ਼ਹੀਦ ਕਰਕੇ ਹੀ ਖਾਮੋਸ਼ ਕੀਤਾ ਜਾ ਸਕਿਆ ਸੀ। ਪਰ ਇਸ ਸ਼ਹੀਦੀ ਨੇ ਵੀ ਕੁਕਨੂਸ ਵਾਂਗ ਉਸ ਨੂੰ ਅਤੇ ਉਸਦੀ ਕਵਿਤਾ ਦਾ ਪੁਨਰ-ਜਨਮ ਕਰ ਦਿਖਾਇਆ ਹੈਉਹ ਪਹਿਲਾਂ ਨਾਲੋਂ ਵੀ ਦੂਰ ਤੀਕ ਪਸਰਿਆ ਹੈ, ਪਰਵਾਨਿਆ ਅਤੇ ਅਪਨਾਇਆ ਗਿਆ ਹੈਸ਼ਹੀਦੀ ਤਾਂ ਇਨਕਲਾਬੀ ਨੂੰ ਅਮਰਤਾ ਪ੍ਰਦਾਨ ਕਰਨ ਦਾ ਇੱਕ ਸਾਧਨ ਬਣ ਜਾਂਦੀ ਹੈਸੰਤ ਰਾਮ ਉਦਾਸੀ ਨੇ ਅਨੇਕਾਂ ਵਾਰ ਪੁਲੀਸ ਠਾਣਿਆਂ ਦਾ ਤਸ਼ੱਦਦ ਹੰਢਾਇਆ ਅਤੇ ਐਮਰਜੈਂਸੀ ਦੌਰਾਨ ਨਜ਼ਰਬੰਦੀ ਵੀ ਹੰਢਾਈ। ਪਰਵਾਰਕ ਮਜਬੂਰੀਆਂ ਤੇ ਸਰਕਾਰੀ ਦਮਨ ਦੇ ਬਾਵਜੂਦ ਉਸਦੀ ਕਵਿਤਾ ਲਗਾਤਾਰ ਪਰਵਾਨੀ ਜਾਂਦੀ ਹੈਅੱਜ ਦੇ ਕਿਸਾਨ ਸੰਘਰਸ਼ ਲਈ ਵੀ ਉਦਾਸੀ ਬਾਖੂਬੀ ਪਰਸੰਗਿਕ ਸਾਬਤ ਹੋ ਚੁੱਕਾ ਹੈਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਕਵਿਤਾ ਪਸੰਦੀਦਾ ਅਤੇ ਪ੍ਰਸੰਗਿਕ ਹੈਜਿਹੜੇ ਅਲੋਚਕ ਇਸ ਕਾਵਿ ਨੂੰ ਸਿਰਫ਼ ਨਾਹਰਾ ਸਾਬਤ ਕਰਦੇ ਨਹੀਂ ਥੱਕੇ, ਇਸ ਨੂੰ ਥੋੜ ਚਿਰੀ ਤੇ ਸਸਤੀ ਸ਼ੋਹਰਤ ’ਚੋਂ ਜਨਮੀ ਦੱਸਕੇ ਇਸਦੀ ਮੌਤ ’ਤੇ ਅਲੋਪਤਾ ਦੀ ਮੁਹਾਰਨੀ ਪੜ੍ਹਦੇ ਰਹੇ ਹਨ, ਉਹ ਅੱਜ ਅੱਧੀ ਸਦੀ ਮਗਰੋਂ ਵੀ ਉਦਾਸੀ-ਕਾਵਿ ਨੂੰ ਜੀਂਦੀ-ਜਾਗਦੀ ਦੇਖ ਸਕਦੇ ਹਨ। ਅਨੇਕਾਂ ਪਰਿਵਾਰਕ ਤੰਗੀਆਂ, ਸਮਾਜਕ ਤੇ ਜਾਤ-ਪਾਤੀ ਖੱਜਲ-ਖੁਆਰੀਆਂ ਅਤੇ ਸਰਕਾਰੀ ਦਮਨ ਦੇ ਸੰਤਾਪ ਨੂੰ ਭੋਗਦੇ ਹੋਏ, ਨਿਰੰਤਰ ਕਾਵਿ-ਸਿਰਜਕ ਸਾਥੀ ਲਾਲ ਸਿੰਘ ਦਿਲ ਅੱਜ ਵੀ ਸਾਰਥਕ ਅਤੇ ਪ੍ਰਸੰਗਿਕ ਸਾਬਤ ਹੋ ਰਿਹਾ ਹੈਮੇਰੀ ਆਪਣੀ ਕਵਿਤਾ ਦਾ ਜਨਮ ਹੋਇਆ ਹੀ ਵਿਦਿਆਰਥੀ ਸੰਘਰਸ਼ ਦੌਰਾਨ ਸੀ। ਭਾਵੇਂ ਇਕੱਲਾ ਇਹ ਸੰਘਰਸ਼ ਹੀ ਇਸਦਾ ਪ੍ਰੇਰਨਾ ਸਰੋਤ ਨਹੀਂ ਸੀ, ਸਗੋਂ ਨਕਸਲਬਾੜੀ ਕਿਸਾਨ-ਬਗਾਵਤ ਦੀ ਗਰਜ-ਧਮਕ ਇਸਦਾ ਪ੍ਰੇਰਨਾ ਸਰੋਤ ਸੀ। ਪਰ ਮੇਰੀ ਕਾਵਿ-ਸਿਰਜਨਾ ਨੂੰ ਇੱਕ ਫੈਸਲਾਕੁੰਨ ਮੋੜ ਇਸ ਵਿਦਿਆਰਥੀ ਲਹਿਰ ਦੌਰਾਨ ਹੋਇਆ ਸੀ। ਵਿਦਿਆਰਥੀ ਲਹਿਰ ਦੌਰਾਨ ਹੀ ਮੈਨੂੰ ਢਾਈ ਮਹੀਨੇ ਗੁਪਤਵਾਸੀ ਰਹਿਣਾ ਪਿਆ। ਉਸ ਸਮੇਂ ਦੇ ਕਠੋਰ ਹਾਲਤਾਂ ’ਚੋਂ ਕਵਿਤਾ ਜੰਮ ਰਹੀ ਸੀ। ਮੈਂ ਸੰਗੀ-ਸਾਥੀ ਜ਼ਿਹਨ ਵਿੱਚ ਤਾਂ ਲਿਖ ਲਈ ਸੀ ਪਰ ਕਾਗਜ ’ਤੇ ਨਹੀਂ। ਅਚਾਨਕ ਗ੍ਰਿਫਤਾਰੀ ਹੋ ਗਈ। ਬੰਗਿਆਂ ਦੇ ਠਾਣੇ ’ਚ ਜਾਂਦਿਆਂ ਹੀ ਢਾਅ ਲਿਆ ਪੁਲਸੀਆਂ ਨੇ। ਆਪਣੀ ਖਿਝ ਤੇ ਗੁੱਸਾ ਕੱਢ ਕੇ, ਉਹ ਕਾਗਜ਼ੀ ਕਾਰਵਾਈ ਕਰਨ ਲੱਗੇ ਤੇ ਮੈਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ। ਇਹ ਕਵਿਤਾ ਕਿਸੇ ਭੁੱਲ ਹੀ ਨਾ ਜਾਵੇ, ਅਗਲੇ ਦਿਨਾਂ ਵਿੱਚ ਕੀ ਕੀ ਸਹਿਣਾ ਪੈ ਸਕਦਾ ਹੈ, ਇਨਾਂ ਖਤਰਿਆਂ ਕਾਰਨ ਇਹ ਕਵਿਤਾ ਮੈਂ ਹਵਾਲਾਤ ਦੇ ਫਰਸ਼ ਉੱਪਰ ਹੀ ਲਿਖ ਦਿੱਤੀ ਅਤੇ ਤਿੰਨ-ਚਾਰ ਵਾਰ ਪੜ੍ਹ ਵੀ ਲਈ, ਜਿਸ ਕਰਕੇ ਇਹ ਪੂਰੀ ਤਰ੍ਹਾਂ ਕੰਠ ਹੋ ਗਈ। ਮਗਰੋਂ ਪਾਰਟੀ ਜੀਵਨ ਵਿੱਚ ਮੈਂ ਕਰੀਬ 15 ਮਹੀਨੇ ਗੁਪਤਵਾਸ ਰਿਹਾ। ਕੁੱਝ ਕਵਿਤਾਵਾਂ ਉਦੋਂ ਵੀ ਲਿਖੀਆਂ, ਜਿਸ ਅਟੈਚੀ ਵਿੱਚ ਉਹ ਹੋਰ ਕਿਤਾਬਾਂ ਨਾਲ ਸਾਂਭੀਆਂ ਸਨ, ਲਿਖੇ ਹੋਏ ਅਧਿਐਨ-ਨੋਟਿਸ ਵੀ ਸਨ। ਹਿਮਚਾਲ ਵਿੱਚ ਊਨੇ ਖੇਤਰ ਵਿੱਚ ਪੁਲੀਸ ਦੀ ਸਰਗਰਮੀ ਕਾਰਨ, ਘਰ ਵਾਲਿਆਂ ਨੇ ਸਾਰਾ ਅਟੈਚੀ ਹੀ ਸਾੜ ਦਿੱਤਾ। ਸੰਗੀ-ਸਾਥੀ ਪਹਿਲਾ ਕਾਵਿ-ਸੰਗ੍ਰਹਿ ਸੀ ਜਿਸ ਦੀਆਂ ਕਰੀਬ ਸਾਰੀਆਂ ਕਵਿਤਾਵਾਂ 3 ਸਾਲ ਦੇ ਕੋਠੀ-ਬੰਦ ਇਕਲਾਪ-ਵਾਸ ਦੌਰਾਨ ਲਿਖੀਆਂ। ਇਨਾਂ ਵਿੱਚੋਂ ਕੁੱਝ ਜੇਲ੍ਹ ਦੀਆਂ ਰਜਾਈਆਂ ਦੀ ਭੇਟ ਚੜ੍ਹ ਗਈਆਂ ਪਰ ਉਨਾਂ ’ਚੋਂ ਕੁੱਝ ਉਹ ਬਚੀਆਂ ਜਿਹੜੀਆਂ ਮੈਂ ਬਾਹਰ ਭੇਜ ਸਕਿਆ ਸਾਂ ਅਤੇ ਜਿਨ੍ਹਾਂ ਵਿੱਚੋਂ ਕੁੱਝ ਸੂਝਵਾਨ ਦੋਸਤ ਦਵਿੰਦਰ ਨੌਰਾ ਨੇ ਸੰਭਾਲ ਰੱਖੀਆਂ ਸਨ। ਉਹ ਪਹਿਲੀ ਵਾਰ ਸ਼੍ਰੀ ਨੌਰਾ ਵੱਲੋਂ ਸੰਪਾਦਤ ਕਿਤਾਬ, ‘ਵਲੈਤ ਨੂੰ 94 ਖ਼ਤ ਅਤੇ ਯਾਦਾਂ’ ਦੇ ਸਿਰਲੇਖ ਵਾਲੀ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਮਗਰੋਂ ਖਾਲਿਸਤਾਨੀ ਤੇ ਸਰਕਾਰੀ ਦਹਿਸ਼ਤ ਦੇ ਖੌਫਨਾਕ ਦੌਰ ਵਿੱਚ ਵੀ ਲਿਖਦਾ ਰਿਹਾ ਜੋ ਦੂਸਰੇ ਕਾਵਿ-ਸੰਗ੍ਰਹਿ ‘ਉਲਟੇ ਰੁਖ਼ ਪਰਵਾਜ਼’ ਦੇ ਰੂਪ ਵਿੱਚ ਪ੍ਰਕਾਸ਼ਿਤ ਹੋ ਚੁਕੀਆਂ ਹਨ।

Victor with his wife John Jara


ਸਾਥੀ ਮਨਦੀਪ ਨੇ ਆਪਣੀ ਇਸ ਕਿਤਾਬ ਦੇ ਆਰੰਭ ਵਿੱਚ ‘ਪੰਜਾਬੀ ਕਲਾਕਾਰ ਅਤੇ ਕਿਸਾਨੀ ਸੰਘਰਸ਼’ ਵਿਸ਼ੇ ਉੱਪਰ ਵੀ ਲੋੜੀਂਦੀ ਟਿੱਪਣੀ ਕੀਤੀ ਹੈਉਸਨੇ ਪੰਜਾਬੀ ਗਾਇਕੀ ਅਤੇ ਸੰਗੀਤ-ਸਨਅਤ ਵਿੱਚ ਵਿਆਪਕ ਲੱਚਰ-ਸੱਭਿਆਚਾਰਕ ਪ੍ਰਦੂਸ਼ਣ ਦੀ ਸਮੱਸਿਆ ਨੂੰ ਦਰੁੱਸਤ ਛੋਹਿਆ ਹੈਨਾਲ ਹੀ ਸਾਮਰਾਜੀ-ਸੱਭਿਆਚਾਰਕ ਹਮਲੇ ਦਾ ਜ਼ਿਕਰ ਵੀ ਕੀਤਾ ਹੈਇਹ ਦੋਵੇਂ ਪੱਖ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਸਾਡੇ ਅਜੋਕੇ ਸਮੇਂ ਵਿੱਚ ਇਹ ਇਸ ਕਰਕੇ ਮਹੱਤਵਪੂਰਨ ਹਨ ਕਿਉਂਕਿ ਇਹ ਉਦੋਂ ਵਾਪਰ ਰਹੇ ਹਨ ਜਦ ਭਾਰਤ ਵਿੱਚ ਆਰ.ਐਸ.ਐਸ.-ਭਾਜਪਾ ਸਾਰੇ ਲੋਕਾਂ ਉੱਪਰ ਇੱਕ ਫਾਸ਼ੀ, ਦਮਨਕਾਰੀ, ਲੋਕ-ਦੋਖੀ ਅਤੇ ਵੰਡ-ਪਾਊ ਏਜੰਡਾ ਠੋਸ ਰਹੀ ਹੈ ਜਿਸਦਾ ਪਸਾਰਾ ਅਸੀਂ ਪਿਛਲੇ 7-8 ਸਾਲਾਂ ਤੋਂ ਦੇਖ ਰਹੇ ਹਾਂ, ਖਾਸ ਕਰਕੇ ਜਦੋਂ ਤੋਂ ਇਹ ਕੇਂਦਰੀ ਸੱਤਾ ’ਤੇ ਕਾਬਜ ਹੋਏ ਹਨ। 2014-19 ਦਾ ਸਮਾਂ ਇਨਾਂ ਨੇ ਵਡੇਰੇ ਹਮਲੇ ਦੀਆਂ ਤਿਆਰੀਆਂ ਲਈ ਲਾਇਆ ਅਤੇ 2019 ਦੀ ਚੋਣ ਜਿੱਤ ਮਗਰੋਂ ਇਸਨੂੰ ਤਰਤੀਬਬੱਧ ਢੰਗ ਨਾਲ ਲਾਗੂ ਕਰਨਾ ਆਰੰਭ ਕਰ ਦਿੱਤਾ। ਇਸ ਫਾਸ਼ੀ ਹਮਲੇ ਵਿਰੁੱਧ ਸੰਘਰਸ਼ ਜੋ ਸ਼ਹੀਨ-ਬਾਗ਼ ਵਿੱਚ ਸ਼ੁਰੂ ਹੋਇਆ ਸੀ, ਕਰੋਨਾ-ਰੋਗ ਦੀ ਓਟ ਲੈ ਕੇ ਅਤੇ ਅਦਾਲਤੀ ਫੁਰਮਾਨਾਂ ਦੀ ਮੱਦਦ ਨਾਲ ਇਸਨੂੰ ਖੰਡਾਅ ਦਿੱਤਾ ਗਿਆ ਸੀ। ਪਰ ਪੰਜਾਬ ਵਿੱਚ ਫਾਸ਼ੀ-ਹਮਲਿਆਂ ਵਿਰੁੱਧ ਮੋਰਚੇ ਨੇ ਆਪਣੀ ਸਰਗਰਮੀ ਜਾਰੀ ਰੱਖੀ ਜਿਹੜੀ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਭੰਗ ਕਰਨ ਵਿਰੁੱਧ ਵਿਉਂਤੀ ਗਈ ਸੀ। ਕਰੋਨਾ ਦੇ ਫੈਲਾਏ ਭੈਅ ਕਾਰਨ ਭਾਵੇਂ ਇਸਦੀ ਸਰਗਰਮੀ ਥੋੜੇ ਸਮੇਂ ਲਈ ਰੁਕੀ ਵੀ ਪਰ ਕਈ ਥਾਈਂ ਕਿਰਤੀਆਂ ਵੱਲੋਂ ਇਨਾਂ ਕਰੋਨਾ-ਪਾਬੰਦੀਆਂ ਨੂੰ ਤੋੜਨ ਦੇ ਬਾਦ ਇਸ ਫਰੰਟ ਦੀਆਂ ਸਰਗਰਮੀਆਂ ਮੁੜ-ਆਰੰਭ ਹੋ ਗਈਆਂ ਜਿਨਾਂ ਨੇ ਆਮ ਕਿਰਤੀ ਲੋਕਾਂ ਵਿੱਚ ਇਹ ਬੇਲੋੜੀਆਂ, ਦਮਨਕਾਰੀ ਅਤੇ ਮੰਦਹਾਲੀ ਵਧਾਊ ਪਾਬੰਦੀਆਂ ਦਾ ਵਿਰੋਧ ਕਰਨ ਦੀ ਭਾਵਨਾ ਉਤੇਜਤ ਕਰ ਦਿੱਤੀ। ਸਿੱਟੇ ਵਜੋਂ 5 ਜੂਨ 2021 ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸ ਜਾਰੀ ਕਰ ਦਿੱਤੇ ਗਏ। ਕਿਸਾਨ ਲਾਮਬੰਦੀ ਇਸ ਫਾਸ਼ੀ ਹਮਲੇ ਦਾ ਫੌਰੀ ਜਵਾਬ ਸੀ ਜਿਹੜਾ ਜੰਗਲ ਦੀ ਅੱਗ ਵਾਂਗ ਵਧਿਆ ਅਤੇ ਕੋਈ 3 ਕੁ ਮਹੀਨਿਆਂ ਦੇ ਰੋਸ-ਵਿਖਾਵਿਆਂ ਵਿੱਚੋਂ ਗੁਜਰਦਾ ਹੋਇਆ, ਦਿੱਲੀ ਦੇ ਬਾਡਰ ਮੱਲਕੇ ਬੈਠ ਗਿਆ। ਅੱਜ ਇਸ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਹ ਜਿੱਤ ਦੇ ਅਹਿਮ ਪੜਾਅ ਉੱਪਰ ਪਹੁੰਚ ਗਿਆ ਹੈਇਸ ਸੰਘਰਸ਼ ਨੇ ਨਵੇਂ ਮਿਆਰ ਅਤੇ ਆਯਾਮ ਸਿਰਜੇ ਹਨ ਅਤੇ ਫਾਸ਼ੀ ਸਰਕਾਰ ਦੇ ਬੇਲਗਾਮੇ ਘੋੜੇ ਦੀ ਲਗਾਮ ਨੱਪ ਲਈ ਹੈਇਸ ਕਿਸਾਨ ਘੋਲ ਦੀਆਂ ਪ੍ਰਾਪਤੀਆਂ ਵਿੱਚ ਇੱਕ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਫਾਸ਼ੀਵਾਦੀ ਹਮਲੇ ਨੂੰ ਨੱਥ ਪਾ ਲਈ ਹੈਇਸ ਕਿਸਾਨ ਸੰਘਰਸ਼ ਦੇ ਜੇਤੂ ਸਿੱਟੇ ਇਸ ਫਾਸ਼ੀਵਾਦ ਨੂੰ ਗੱਦੀਉਂ ਲਾਹੁਣ ਵਿੱਚ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਅੰਤਰਰਾਸ਼ਟਰੀ ਲੋਕ-ਸੰਘਰਸ਼ਾਂ ਦਾ ਇੱਕ ਅਹਿਮ ਤੇ ਇਤਿਹਾਸਕ ਸਬਕ ਇਹ ਹੈ ਕਿ ਇਹ, ਕਈ ਹੋਰ ਕਾਰਨਾਂ ਨਾਲ ਮਿਲਕੇ, ਲੋਟੂ ਹਾਕਮਾਂ ਦੀਆਂ ਵਿਉਂਤਬੰਦੀਆਂ ਨੂੰ ਸ਼ਰੇਆਮ ਭੰਨ-ਤੋੜ ਦਿੰਦੇ ਹਨ। ਜੇ ਲੋਟੂ ਹਾਕਮਾਂ ਦੀਆਂ ਨੀਤੀਆਂ ਨੇ ਹਰ ਹਾਲਤ ਵਿੱਚ ਸਫ਼ਲ ਹੋ ਜਾਣਾ ਹੁੰਦਾ ਤਾਂ ਲੋਟੂ ਹਾਕਮਾਂ ਨੂੰ ਕਦੇ ਹਾਰਾਂ ਦਾ ਅਤੇ ਕਿਰਤੀ ਲੋਕਾਂ ਨੂੰ ਕਦੇ ਜਿੱਤਾਂ ਦਾ ਮੂੰਹ ਨਾ ਦੇਖਣਾ ਪੈਂਦਾ।


ਜਿਸ ਤਰ੍ਹਾਂ ਚਿੱਲੀ ਵਿੱਚ ਫਾਸ਼ੀਵਾਦ ਦੇ ਵਿਰੁੱਧ ਲੋਕ-ਸੰਘਰਸ਼ ਦੌਰਾਨ ਕਲਾ ਦੇ ਅਨੇਕਾਂ ਰੂਪ ਉੱਭਰੇ ਅਤੇ ਉਹ ਆਮ ਜਨਤਾ ਵਿੱਚ ਬਹੁਤ ਹਰਮਨਪਿਆਰੇ ਹੋਏ, ਇਸੇ ਤਰ੍ਹਾਂ ਭਾਜਪਾ-ਆਰ.ਐਸ.ਐਸ. ਦੇ ਫਾਸ਼ੀਵਾਦ ਵਿਰੁੱਧ ਚੱਲ ਰਹੇ ਕਿਸਾਨ-ਸੰਘਰਸ਼ ਦੇ ਕਈ ਰੂਪ ਪਰਵਾਨ ਹੋਏ। ਕਵਿਤਾਵਾਂ, ਗੀਤ, ਲਘੂ ਨਾਟਕ, ਸੋਲੋ ਨਾਟਕ, ਦਸਤਾਵੇਜੀ ਫ਼ਿਲਮਾਂ ਆਦਿ ਕਾਫੀ ਪ੍ਰਭਾਵਸ਼ਾਲੀ ਰਹੇ। ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਪੇਚਾ ਪੈ ਗਿਆ ਸੈਂਟਰ ਨਾਲ ਬਹੁਤ ਹੀ ਪ੍ਰਭਾਵਸ਼ਾਲੀ, ਪਰੇਰਕ ਅਤੇ ਲੋਕ-ਗੀਤ ਵਾਂਗ ਪਰਵਾਨ ਹੋਇਆ। ਸੁਰਜੀਤ ਪਾਤਰ ਦੀ ਮੇਲਾ ਅਤੇ ਗਾਇਨ-ਪੇਸ਼ਕਾਰੀ ‘ਅਸੀਂ ਹੁਣ ਮੁੜ ਨਹੀਂ ਸਕਦੇ’, ਹਰਿਆਣਵੀ ਗੀਤ ‘ਮੋਦੀ ਜੀ ਹਮ ਦਿੱਲੀ ਆ ਗਏ’। ਕਿਸਾਨ ਸੰਘਰਸ਼ ਨਾਲ ਜੁੜੀਆਂ ਨਕਲਾਂ ਵੀ ਕਾਫੀ ਪਸੰਦ ਕੀਤੀਆਂ ਗਈਆਂ। ਕੁੱਝ ਲੇਖਕਾਂ ਅਤੇ ਗਾਇਕਾਂ ਨੇ ਧਾਰਮਕ ਪਿਛੋਕੜ ਵਾਲੇ ਸਿਰੜ-ਵਧਾੳੂ ਗੀਤ ਲਿਖੇ ਅਤੇ ਗਾਏ। ਨਾਲ ਹੀ ਕੁੱਝ ਗੀਤ ਚੱਕਵੀਂ ਸੁਰ ਵਾਲੇ, ਮਾਅਰਕੇਬਾਜੀ ਦਰਸਾਉਂਦੇ, ਫਿਰਕੂ ਰੰਗਤ ਅਤੇ ਧਾਰਮਿਕ ਮੂਲਵਾਦੀ ਸੇਧ ਵਾਲੇ ਵੀ ਲਿਖੇ ਗਏ ਜਿਹੜੇ ਰੂੜੀਵਾਦ ਫੈਲਾਉਂਦੇ ਹਨ, ਫਿਰਕਾਪ੍ਰਸਤੀ ਅਤੇ ਧਾਰਮਿਕ ਹੰਕਾਰ ਨੂੰ ਉਕਸਾਉਂਦੇ ਹਨ। ਅਜਿਹੀਆਂ ਕਲਾ-ਕ੍ਰਿਤਾਂ ਸਾਡੀ ਅਲੋਚਨਾ ਦੀਆਂ ਹੱਕਦਾਰ ਹਨ।

ਚਿੱਲੀ ਦੇ ਕਿਰਤੀ, ਜਮਹੂਰੀਅਤ-ਪਸੰਦ, ਇਨਸਾਫਪਸੰਦ ਅਤੇ ਮਨੁੱਖੀ ਹੱਕਾਂ ਦੇ ਪੈਰੋਕਾਰਾਂ ਦੀ ਲਗਾਤਾਰ ਸਿਰੜੀ ਅਤੇ ਦਲੇਰ ਲਾਮਬੰਦੀ ਸਿਖਾਉਂਦੀ ਹੈ ਕਿ ਫਾਸ਼ੀਵਾਦ ਦਾ ਹਰੇਕ ਖੇਤਰ ਵਿੱਚ ਵਿਰੋਧ ਕੀਤਾ ਜਾਣਾ ਚਾਹੀਦਾ ਹੈਭਾਵੇਂ ਮੌਜੂਦਾ ਕਿਸਾਨ-ਸੰਘਰਸ਼ ਜਿੱਤ ਦੀਆਂ ਬਰੂਹਾਂ ’ਤੇ ਖੜਾ ਹੈ ਅਤੇ ਭਾਜਪਾ-ਆਰ.ਐਸ.ਐਸ. ਦੇ ਫਾਸ਼ੀ ਹਮਲਿਆਂ ਨੂੰ ਨੱਥ ਪਈ ਹੈ, ਪਰ ਇਸਦੇ ਬਾਵਜੂਦ ਇਸ ਧੋਖੇਬਾਜ, ਝੂਠੇ, ਕਪਟੀ, ਦੋਗਲੇ ਹਾਕਮਾਂ ਦੀਆਂ ਚਾਲਾਂ ਪ੍ਰਤੀ ਸੁਚੇਤ ਵੀ ਰਹਿਣਾ ਪਵੇਗਾ ਅਤੇ ਇਨਾਂ ਨੂੰ ਪੈਰ-ਪੈਰ ’ਤੇ ਟੱਕਰ ਵੀ ਦੇਣੀ ਪਵੇਗੀ। ਸਾਥੀ ਮਨਦੀਪ ਨੇ ਇਸ ਕਾਰਜ ਵੱਲ ਸਾਡਾ ਧਿਆਨ ਦੁਆਉਣ ਦਾ ਸਾਰਥਕ ਜਤਨ ਵੀ ਕੀਤਾ ਹੈ ਅਤੇ ਇਹ ਇੱਕ ਹਾਂ-ਪੱਖੀ ਅਤੇ ਉਸਾਰੂ ਕਾਰਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ

ਭਾਜਪਾ-ਆਰ.ਐਸ.ਐਸ. ਦਾ ਫਾਸ਼ੀਵਾਦ ਚੋਣਾਂ ਦੀ ਜਿੱਤ ਰਾਹੀਂ ਅਤੇ ਵਿਧਾਇਕਾਂ ਵਜ਼ੀਰਾਂ ਨੂੰ ਲਾਲਚ ਦੇ ਕੇ ਸੂਬਾ ਸਰਕਾਰਾਂ ਤੋੜਨ ਦੇ ਅਮਲ ਵਿੱਚ ਪੈ ਚੁੱਕਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਅਪਨਾਉਣ ਦੇ ਨਾਂ ਹੇਠ ਕਾਨੂੰਨੀ ਤੇ ਸੰਵਿਧਾਨਕ ਵਾਜਬੀਅਤ ਦਾ ਢੰਡੋਰਾ ਪਿੱਟਦਾ ਹੈਹਰੇਕ ਸਥਾਨਕ ਜਾਂ ਉੱਚ-ਪੱਧਰੀ ਚੋਣ ਵਿੱਚ ਜਿੱਤ ਨਾਲ ਆਪਣੀ ਵਾਜਬੀਅਤ ਹੋਰ ਪੱਕੀ ਕਰਕੇ, ਆਪਣਾ ਫਾਸ਼ੀ ਹਮਲਾ ਤੇਜ਼ ਕਰਦਾ ਹੈਸਮੂਹ ਲੋਕਾਂ ਦਾ ਇਹ ਫਰਜ਼ ਹੈ ਕਿ ਉਹ ਇਸ ਨੂੰ ਹੋਰ ਵਾਜਬੀਅਤ ਨਾ ਲੈਣ ਦੇਣ ਅਤੇ ਇਸਦੀ ਪ੍ਰਾਪਤ ਵਾਜਬੀਅਤ ਦਾ ਅੰਤ ਕਰ ਦੇਣ।

 

2. ਵਿਕਟਰ ਜਾਰਾ ਦੇ ਕੁੱਝ ਗੀਤ

 

ਸਾਥੀ ਮਨਦੀਪ ਨੇ ਸਿਰਲੱਥ, ਪ੍ਰਤੀਬੱਧ ਕ੍ਰਾਂਤੀਕਾਰੀ ਅਤੇ ਬਹੁਪੱਖੀ ਲੋਕ-ਕਲਾਕਾਰ ਵਿਕਟਰ ਜਾਰਾ ਦੇ ਕੁੱਝ ਗੀਤ ਵੀ ਆਪਣੇ ਪਾਠਕਾਂ ਦੀ ਨਜ਼ਰ ਕੀਤੇ ਹਨ। ਇਹ ਗੀਤ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚੇ ਹਨ। ਮੌਲਕ ਪਾਠ ਅਤੇ ਉਸਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚਣਾ ਸੁਆਗਤਯੋਗ ਤਾਂ ਹੁੰਦਾ ਹੀ ਹੈ ਪਰ ਅਨੁਵਾਦ ਦੀਆਂ ਆਪਣੀਆਂ ਸੀਮਾਵਾਂ ਹੋਣ ਕਰਕੇ, ਇਹ ਮੌਲਕ-ਰਸ ਪਰਦਾਨ ਕਰਨ ਤੋਂ ਕੁੱਝ ਅਧੂਰੇ ਰਹਿ ਜਾਂਦੇ ਹਨ ਪਰ ਆਪਣਾ ਤੱਤ ਜ਼ਰੂਰ ਪਾਠਕਾਂ ਦੇ ਪੱਲੇ ਪਾ ਜਾਂਦੇ ਹਨ। ਜੇਕਰ ਇਨ੍ਹਾਂ ਦੀਆਂ ਕੁੱਝ ਸਤਰਾਂ ਦੇ ਨਾਲ ਪੰਜਾਬੀ ਕਾਵਿ ਦੇ ਕੁੱਝ ਟੁਕੜੇ ਜੋੜਕੇ ਪੜ੍ਹੇ ਜਾਣ ਤਾਂ ਇਨਾਂ ਦੇ ਅਰਥ ਤੇ ਇਨਾਂ ਦਾ ਰਸ ਹੋਰ ਸਪੱਸ਼ਟ ਅਤੇ ਪਰਤੱਖ ਹੋ ਜਾਂਦਾ ਹੈਇਸ ਕਰਕੇ ਮੈਂ ਇਨਾਂ ਰਚਨਾਵਾਂ ਦੇ ਨਾਲ, ਜਿੱਥੇ ਕਿਤੇ ਵੀ ਸੰਭਵ ਹੋਇਆ ਹੈ, ਕੁੱਝ ਪੰਜਾਬੀ ਅਤੇ ਲਿੱਪੀਅੰਤਰ ਉਰਦੂ ਸ਼ਾਇਰੀ ਦੇ ਕੁੱਝ ਟੋਟੇ ਜੋੜ ਦਿੱਤੇ ਹਨ।

ਪਹਿਲਾ ਗੀਤ ਐਲਾਨਨਾਮਾ ਹੈਇਸ ਵਿੱਚ ਉਹ ਕਿਰਤੀ ਲੋਕਾਂ ਦੀ ਬਹੁਲਤਾ ਅਤੇ ਬਹੁਗਿਣਤੀ ਨੂੰ ਦਰਜ ਕਰਦਾ ਹੈ ਅਤੇ ਹੈਰਾਨ ਹੁੰਦਾ ਹੈ ਕਿ ਕੀ ਅਸੀਂ ਵਾਕਈ ਇੰਨੇ ਹਾਂ? ਜੇ ਹਾਂ ਤਾਂ ਇਹ ਫਾਸ਼ੀਵਾਦੀ ਜ਼ੁਲਮ ਕਿਉਂ ਹੈ :

             ਇੱਥੇ ਸ਼ਹਿਰ ਦੇ ਛੋਟੇ ਹਿੱਸੇ ਵਿੱਚ, ਅਸੀਂ ਪੂਰੇ ਪੰਜ ਹਜ਼ਾਰ ਹਾਂ

             ਮੈਂ ਹੈਰਾਨ ਹਾਂ ਕਿ ਅਸੀਂ ਇੰਨੇ ਕਿਵੇਂ ਹਾਂ?

ਫਾਸ਼ੀਵਾਦ ਦੇ ਦਮਨਕਾਰੀ ਕਿਰਦਾਰ ਬਾਰੇ ਵਿਕਟਰ ਲਿਖਦਾ ਹੈ :

             ਫਾਸ਼ੀਵਾਦ ਦਾ ਚਿਹਰਾ ਕਿੰਨਾ ਘਾਤਕ ਹੈ...

             ਉਨਾਂ ਲਈ ਵਹਿੰਦਾ ਲਹੂ ਤਗਮਾ ਹੈ

             ਤੇ ਕਤਲ ਬਹਾਦਰੀ ਦਾ ਚਿੰਨ੍ਹ...।

ਫਾਸ਼ੀਵਾਦ ਦਾ ਇਹ ਚਿਹਰਾ ਭਾਰਤ ਵਿੱਚ ਵੀ ਸਪੱਸ਼ਟ ਨਜ਼ਰ ਆਉਂਦਾ ਹੈਬੇਗੁਨਾਹ ਪੱਲੂਖਾਨ ਵਰਗੇ ਸ਼ਰੇਆਮ ਕੁੱਟ ਕੁੱਟ ਕੇ ਮਾਰ ਦਿੱਤੇ ਜਾਂਦੇ ਹਨ ਅਤੇ ਸੰਘ-ਟੱਬਰ ਮਗਰੋਂ ਕਾਤਲਾਂ ਦਾ ਸਨਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਬਹਾਦਰ ਅਤੇ ਸੱਚੇ ‘ਹਿੰਦੂ’ ਸਾਬਤ ਕਰਦਾ ਨਹੀਂ ਥੱਕਦਾ।

ਅੱਗੇ ਸਤਰਾਂ ਹਨ :

             ਜਦੋਂ ਲਾਜ਼ਮੀ ਹੀ ਮੈਨੂੰ ਦਹਿਸ਼ਤ ਖਿਲਾਫ਼ ਗਾਉਣਾ ਚਾਹੀਦਾ ਹੈ

             ਦਹਿਸ਼ਤ, ਜਿਸ ਵਿੱਚ ਮੈਂ ਜੀਅ ਰਿਹਾ ਹਾਂ

             ਦਹਿਸ਼ਤ, ਜਿਸ ਵਿੱਚ ਮੈਂ ਮਰ ਰਿਹਾ ਹਾਂ।

ਇਸ ਸਥਿਤੀ ਵਿੱਚ ਕਵੀ-ਕਲਾਕਾਰ ਅੱਗੇ ਹੀ ਅੱਗੇ ਵਧਦੇ ਰਹਿਣ ਦਾ ਸੱਦਾ ਦਿੰਦਾ ਹੈ :

             ਚਲਦੇ ਚਲੋ

             ਚਲਦੇ ਚਲੋ

             ਮੈਨੂੰ ਹੈ ਭਰੋਸਾ ਕਿ ਲੱਭ ਹੀ ਲਵਾਂਗਾ

             ਕੋਈ ਰਾਹ ਮੁਕਤੀ ਦਾ

             ਬੱਸ ਤੁਸੀਂ ਚੱਲਦੇ ਚਲੋ...

ਹਿੰਦੀ ਦੇ ਇੱਕ ਗੀਤ ਵਿੱਚ ਵੀ ਇਸੇ ਤਰ੍ਹਾਂ ਦੇ ਅਰਥ ਸਮੋਏ ਹੋਏ ਹਨ :

             ਦਿਲੋਂ ਮੇਂ ਘਾਵ ਲੇ ਕੇ ਭੀ ਚਲੇ ਚਲੋ

             ਚਲੋ ਕਿ ਸਾਥ ਸਾਥ ਚਲਨੇ ਕੀ ਜ਼ਰੂਰਤੇਂ

             ਚਲੋ ਕਿ ਕਹੀਂ ਖਤਮ ਨਾ ਹੋ ਜ਼ਿੰਦਗੀ ਕੀ ਹਸਰਤੇਂ...।

ਇੱਕ ਗੀਤ ਹੈ, ਜਦੋਂ ਮੈਂ ਕੰਮ ’ਤੇ ਜਾਂਦਾ ਹਾਂ :

             ਜਦੋਂ ਮੈਂ ਕੰਮ ’ਤੇ ਜਾਂਦਾ ਹਾਂ

             ਮੈਂ ਤੇਰੇ ਬਾਰੇ ਸੋਚਦਾ ਹਾਂ

             ਮੈਂ ਤੇਰੇ ਬਾਰੇ ਸੋਚਦਾ ਹਾਂ ਮੇਰੀ ਜਾਨ।

ਨਵੇਂ ਭਵਿੱਖ ਬਾਰੇ, ਸਾਥਣ ਦੇ ਸਾਥ ਬਾਰੇ, ਕਰੜੇ ਵਕਤ ਬਾਰੇ ਕਿ ਚੁਣੌਤੀਆਂ ਭਰੇ ਬੇਕਿਰਕ ਸੰਘਰਸ਼ ਵਿੱਚ ਤੇਰਾ ਕੀ ਬਣੇਗਾ? ਪਰ ਇਨ੍ਹਾਂ ਸੰਸਿਆਂ ਵਿੱਚ ਹੀ ਉਹ ਫਿਰ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ

ਅਮਨ-ਚੈਨ ਨਾਲ ਜਿਉਣ ਦਾ ਹੱਕ’ ਇਸ ਤੱਥ ਨੂੰ ਨਿਰੂਪਦਾ ਹੈ ਕਿ ਵਿਦੇਸ਼ੀ ਸਾਮਰਾਜੀਆਂ ਨੂੰ ਕਿਸੇ ਹੋਰ ਦੇਸ਼ ਉੱਪਰ ਹਮਲੇ ਕਰਨ ਅਤੇ ਉਥੋਂ ਦੀ ਬੇਕਸੂਰ ਵਸੋਂ ਨੂੰ ਜ਼ੁਲਮ ਦਾ ਨਿਸ਼ਾਨਾ ਬਣਾਉਣ ਦਾ ਕੋਈ ਹੱਕ ਨਹੀਂ ਹੈਹਰੇਕ ਦੇਸ਼ ਦੇ ਲੋਕਾਂ ਨੂੰ ਅਮਨ-ਚੈਨ ਨਾਲ ਜਿਉਣ ਦਾ ਹੱਕ ਅਟੱਲ ਹੱਕ ਹੈ

ਮਹਾਨ ਕਮਿਊਨਿਸਟ ਅਤੇ ਇਨਕਲਾਬੀ ਯੋਧੇ ਚੀ-ਗੁਵੇਰਾ ਦੀ ਯਾਦ ਵਿੱਚ ਵੀ ਗੀਤ ਲਿਖਕੇ ਤਾਨਾਸ਼ਾਹਾਂ, ਸੈਨਾਪਤੀਆਂ, ਵਿਦੇਸ਼ੀ ਸਾਮਰਾਜੀ ਤੇ ਉਨਾਂ ਦੇ ਜੋਟੀਦਾਰਾਂ ਦੇ ਜਬਰ ਉੱਪਰ ਕਰਾਰੀ ਚੋਟ ਕੀਤੀ ਹੈਜਿਸ ਚੀ-ਗੁਵੇਰਾ ਨੂੰ ਉਨਾਂ ਹਾਕਮਾਂ ਨੇ ਬੇਰਹਿਮੀ ਨਾਲ ਕਤਲ ਕੀਤਾ, ਉਸਨੂੰ ਬੋਲੀਵੀਆ ਦੇ ਲੋਕ ਇੱਕ ਸੰਤ ਦਾ ਦਰਜਾ ਦਿੰਦੇ ਹਨ।

ਸ਼੍ਰੀ ਸੁਰਿੰਦਰ ਗਿੱਲ ਦਾ ਇੱਕ ਗੀਤ ਹੈ ਛੱਟਾ ਚਾਨਣਾ ਦਾ ਦੇਈ ਜਾਣਾ’ ਦਾ ਇੱਕ ਪੈਰਾ ਹੈ ਜਿਸ ਵਿੱਚ ਵਿਕਟਰ ਦੇ ਗੀਤ ਦੀ ਪ੍ਰਤੀਧੁਨੀ ਸੁਣੀ ਜਾ ਸਕਦੀ ਹੈ :

             ਕਿਸ ਨਹੀਂ ਸੁਣਿਆ ਕੱਲ ਅਫਰੀਕਾ ਵਿੱਚ ਇੱਕ ਝੱਖੜ ਆਇਆ

             ਕਾਲਖ ਦੇ ਵਣਜਾਰਿਆਂ ਨੇ ਇੱਕ ਗੱਭਰੂ ਮਾਰ ਮੁਕਾਇਆ

             ਸੀ ਚਾਨਣ ਦੇ ਬੀਜ ਬੀਜਦਾ, ਉਹ ਕਾਂਗੋ ਦਾ ਜਾਇਆ।

ਚਾਨਣ ਦੇ ਬੀਜ ਬੀਜਣ ਵਾਲਾ ਕੋਈ ਹੋਰ ਨਹੀਂ ਕਾਂਗੋ ਦਾ ਆਗੂ ਪੈਟਰਿਸ ਲਮੂੰਬਾ ਸੀ ਜਿਸ ਨੂੰ ਸਾਮਰਾਜੀਆਂ ਨੇ ਸਾਜਿਸ਼ ਕਰਕੇ ਸ਼ਹੀਦ ਕਰਵਾ ਦਿੱਤਾ ਸੀ।

ਇੱਕ ਇਨਸਾਨ ਦੀ ਪੁਕਾਰ’ ਨਾਂ ਦੇ ਗੀਤ ਵਿੱਚ ਸੰਤ ਰਾਮ ਉਦਾਸੀ ਦੇ ਉਸ ਗੀਤ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ ਜਿਸ ਵਿੱਚ ਉਹ ਹੋਕਾ ਦਿੰਦੀ ਹੈ ਕਿ —

             ਉਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ

             ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।

ਵਿਕਟਰ ਦਾ ਹੋਰ ਗੀਤ ਐਲਾਨਨਾਮਾ ਹੈ :

             ਮੇਰਾ ਗਿਟਾਰ ਅਮੀਰਾਂ ਲਈ ਨਹੀਂ ਹੈ

             ਨਹੀਂ ਅਜਿਹਾ ਕੁੱਝ ਵੀ ਨਹੀਂ।

ਇਸਦੀ ਪ੍ਰਤੀ-ਧੁਨੀ ਸ਼੍ਰੀ ਸੁਰਜੀਤ ਪਾਤਰ ਦੀਆਂ ਇਨਾਂ ਦੋ ਸਤਰਾਂ ਵਿੱਚੋਂ ਸੁਣੀ ਜਾ ਸਕਦੀ ਹੈ :

             ਕੁੱਝ ਲੋਕ ਸਮਝਦੇ ਨੇ ਬੱਸ ਇੰਨਾ ਕੁ ਰਾਗ ਨੂੰ

             ਸੋਨੇ ਦੀ ਜੇ ਹੈ ਬੰਸਰੀ ਤਾਂ ਬੁਰੀ ਨਹੀਂ।

ਇੱਕ ਹੋਰ ਗੀਤ ਹੈ : ਆਓ ਮਾਣੀਏਂ ਬਹਾਰਾਂ

             ਜਦ ਮੈਂ ਬਾਤ ਤੋਰਦਾ ਜ਼ਮੀਨਾਂ ਦੀ

             ਉਹ ਛਾਂ ਕਰਦੇ ਸੰਗੀਨਾਂ ਦੀ

             ਧਰਤ ਉੱਤੇ ਸੋਨਾ ਉਗਾਂਦੇ ਹੱਥ ਅਸਾਡੇ ਨੇ

             ਡਾਢੇ ਜੋ ਦੇਣ ਭੀਖ ਵਾਗਰਾਂ...

             ਮੈਂ ਜਦ ਗੀਤ ਗਾਉਂਦਾ ਹਾਂ ਬਹਾਰਾਂ ਦੇ

             ਹੌਲ ਪੈਂਦੇ ਨੇ ਸ਼ਾਹੂਕਾਰਾਂ ਦੇ....।

ਇੱਕ ਗੀਤ ਹੈ : ਖੁੱਲੀ ਬਾਰੀ

             ਆਪਣੀ ਖੁੱਲੀ ਬਾਰੀ ਖੋਲ ਮਾਹੀਆ

             ਸੂਰਜ ਨੂੰ ਖਿੜਨ ਦੇ ਘਰ ਦੇ ਹਰ ਕੋਨੇ ’ਚ

             ਵੇਖ ਮਾਹੀਆ

             ਜੰਮਣਾ, ਮਰਨਾ, ਜਵਾਨ ਹੋਣਾ ਤੇ ਪਿਆਰ ਕਰਨਾ

             ਮੁੱਕ ਨਹੀਂ ਗਿਆ...

             ਬੇਰਹਿਮ ਘਟਨਾਵਾਂ ਦਾ ਰੁਕਣਾ...।

ਗੀਤ ‘ਕਤਲੇਆਮ’ ਵਿੱਚ ਬਸਤੀਵਾਦੀ ਅਤੇ ਸਾਮਰਾਜੀ ਦਰਿੰਦਿਆਂ ਵੱਲੋਂ ਬਸਤੀਆਂ ’ਤੇ ਕਬਜ਼ੇ ਕਰਨ ਲਈ ਬੇਰਹਿਮ ਕਤਲੇਆਮ ਕੀਤੇ ਗਏ ਸਨ ਜਿਨ੍ਹਾਂ ਨੂੰ ਇਹ ਕਹਿ ਕੇ ਉੱਚਿਤ ਠਹਿਰਾਇਆ ਜਾਂਦਾ ਹੈ ਕਿ ਪੱਛਮੀ ਦੇਸ਼ ਪਛੜੇ ਦੇਸ਼ਾਂ ਨੂੰ ਸੱਭਿਅਕ ਬਣਾ ਰਹੇ ਹਨ, ਇਹ ਤਰਕ ਬਸਤੀਆਂ ਦੀ ਅੰਨ੍ਹੀ ਲੁੱਟ ਅਤੇ ਦਮਨ ਉੱਪਰ ਪਾਇਆ ਜਾਂਦਾ ਬਰੀਕ ਸੋਨ-ਪਰਦਾ ਹੈ :

             ਜਿਵੇਂ ਉਹ ਅੱਜ ਕੱਲ ਮਾਰਦੇ ਨੇ ਨਾਲੇ ਲੋਕਾਂ ਨੂੰ

             ਇਸਤੋਂ ਪਹਿਲਾਂ ਉਹ ਮਾਰਦੇ ਸੀ

             ਮੈਕਸੀਕਨਾਂ ਨੂੰ

             ਇਉਂ ਹੀ ਮਾਰੇ ਸਨ ਉਨਾਂ

             ਚਿੱਲੀ ਵਾਸੀ, ਨੀਜਾਰੀਗੁਈਨ, ਪੇਰੂਵੀਅਨ

             ਯੈਂਕੀਆਂ ਦੇ ਪਟੇ ਖੋਹਲ ਦਿੱਤੇ ਗਏ ਹਨ

             ਅਣਮਨੁੱਖੀ ਨਰਸੰਹਾਰ ਲਈ।

ਇਸ ਤਰ੍ਹਾਂ ਵਿਕਟਰ ਦੇ ਬਾਕੀ ਸਾਰੇ ਦੇ ਸਾਰੇ ਗੀਤ ਫਾਸ਼ੀ ਹਾਕਮਾਂ ਅਤੇ ਅਮਰੀਕਨ ਸਾਮਰਾਜੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ, ਇਨਾਂ ਵਿਰੁੱਧ ਜੂਝਦੇ ਦੇਸ਼ਭਗਤਾਂ ਦੇ ਸਿਦਕ ਤੇ ਸਿਰੜ ਨਾਲ ਭਰੇ ਪਏ ਹਨ।

ਅੱਜ ਭਾਰਤ ਦੇ ਕਿਰਤੀ, ਕਿਸਾਨ, ਮੱਧਵਰਗ, ਇਨਸਾਫ-ਪਸੰਦ ਅਤੇ ਜਮਹੂਰੀਅਤ ਪਸੰਦ ਲੋਕ ਸੰਘੀ ਫਾਸ਼ੀ ਹਮਲੇ ਦੇ ਕਸ਼ਟ ਭੋਗ ਰਹੇ ਹਨ ਅਤੇ ਇਸਦੇ ਵਿਰੁੱਧ ਇੱਕ ਸੰਘਰਸ਼ ਵੀ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਜੇਤੂ ਹੋ ਰਿਹਾ ਕਿਸਾਨ ਸੰਘਰਸ਼ ਵਿਸ਼ੇਸ਼ ਮਹੱਤਤਾ ਰੱਖਦਾ ਹੈਅਜਿਹੇ ਸਮੇਂ ਫਾਸ਼ੀਵਾਦ ਦੇ ਵਿਰੁੱਧ ਇੱਕ ਬਹਾਦਰ ਯੋਧੇ ਦੀ ਘਾਲਣਾ, ਦੇਣ ਅਤੇ ਕੁਰਬਾਨੀ ਨੂੰ ਪੰਜਾਬੀ ਪਾਠਕਾਂ ਨਾਲ ਸਾਝਿਆਂ ਕਰਨਾ ਇੱਕ ਸ਼ਲਾਘਾਯੋਗ ਜਤਨ ਹੈ ਜੋ ਸਾਥੀ ਮਨਦੀਪ ਨੇ ਕੀਤਾ ਹੈ

ਸਾਥੀ ਮਨਦੀਪ ਨੇ ਮੈਨੂੰ ਇਸ ਕਿਤਾਬ ਦਾ ਮੁੱਖਬੰਦ ਲਿਖਣ ਦਾ ਸੱਦਾ ਦਿੱਤਾ ਹੈ ਇਸ ਮਾਣ-ਸਤਿਕਾਰ ਲਈ ਮੈਂ ਉਨਾਂ ਦਾ ਅਤੇ ਉਨਾਂ ਦੇ ਸਾਥੀਆਂ ਦਾ ਅਤਿਅੰਤ ਧੰਨਵਾਦੀ ਹਾਂ।

- ਦਰਸ਼ਨ ਖਟਕੜ

28.11.2021


ਵਿਕਟਰ ਜਾਰਾ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਯੂਟਿਊਬ  Link ਅਤੇ ਫੇਸਬੁੱਕ ਪੇਜ਼ ਵੀ ਵੇਖ ਸਕਦੇ ਹੋ :

Youtube videos link :


1. ਵਿਕਟਰ ਜਾਰਾ: ਗੀਤ ਹੀ ਜਿਸਦਾ ਹਥਿਆਰ ਸੀ/ Victor Jara: Song as a weapon

https://youtu.be/-oAc87xLVno 


2. ਵਿਕਟਰ ਜਾਰਾ ਦੀ ਸ਼ਹਾਦਤ ਤੇ ਅਜੋਕੇ ਪੰਜਾਬੀ ਗਾਇਕ/ਕਲਾਕਾਰ

https://youtu.be/41PSOGjaKeM


Facebook Page : 


@VictorJarachile1973

 

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...