ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਦੇ ਇਕ ਕੇਸ ਵਿੱਚ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦੇ ਫੈਸਲੇ ਕਾਰਨ ਪੰਜਾਬ ਦੀ ਸਿਆਸਤ ਗਰਮ ਹੈ।ਪੰਜਾਬ ਵਿਧਾਨ ਸਭਾ ਚੋਣਾ 'ਚ ਆਪ ਪਾਰਟੀ ਦੀ ਹਾਰ ਮਗਰੋਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਨੂੰ ਲੈ ਕੇ ਧਾਰੀ ਚੁੱਪ ਪਿੱਛੋਂ ਅਚਾਨਕ, ਚੁੱਪਚਪੀਤੇ ਅਤੇ ਪੰਜਾਬ ਦੇ ਆਪ ਪਾਰਟੀ ਆਗੂਆਂ ਨਾਲ ਬਿਨਾਂ ਸਲਾਹ ਮਸ਼ਵਰਾ ਕੀਤਿਆਂ ਇਕੱਲਿਆਂ ਹੀ ਲਿਖਤੀ ਮਾਫੀਨਾਮਾ ਪੇਸ਼ ਕਰ ਦੇਣਾ ਕਈ ਸਵਾਲ ਅਤੇ ਸ਼ੰਕੇ ਖੜੇ ਕਰ ਰਿਹਾ ਹੈ।ਆਮ ਲੋਕਾਂ ਤੋਂ ਲੈ ਕੇ ਸਿਆਸੀ ਪਾਰਟੀਆਂ ਅਤੇ ਖੁਦ ਆਪ ਪਾਰਟੀ ਦੇ ਨੇਤਾ ਅਤੇ ਵਰਕਰ ਭੰਬਲਭੂਸੇ ਵਿੱਚ ਹਨ।ਆਲੋਚਕ ਕੇਜਰੀਵਾਲ ਦੇ ਆਪਹੁਦਰੇ ਤੇ ਤਾਨਾਸ਼ਾਹ ਰਵੱਈਏ, ਸਸਤੀ ਸਿਆਸਤ, ਕੱਚਘਰੜ ਸਿਆਸੀ ਸੂਝ ਆਦਿ ਵਿਅਕਤੀਗਤ ਕਮਜੋਰੀਆਂ ਤੇ ਵੀ ਤਬਸਰਾ ਕਰ ਰਹੇ ਹਨ।ਆਮ ਲੋਕ ਜਿੰਨਾ ਨੇ ਅਕਾਲੀ ਸਰਕਾਰ ਦੇ ਹੁੰਦਿਆਂ ਸੱਤਾ ਦੀ ਸੀਨਾਜੋਰੀ ਅਤੇ ਨਸ਼ਿਆਂ ਦਾ ਸੰਤਾਪ ਹੱਡੀ ਹੰਢਾਇਆਂ ਉਹ ਕੇਜਰੀਵਾਲ ਦੇ ਇਸ ਫੈਸਲੇ ਨੂੰ ਗੋਡੇਟੇਕੂ ਫੈਸਲੇ ਵਜੋਂ ਵੇਖ ਰਹੇ ਹਨ।ਕੇਜਰੀਵਾਲ ਦੇ ਕਈ ਖੈਰਖੁਆਹ ਇਸ ਮੁਆਫੀ ਦੀ ਵਾਜਬੀਅਤ ਦਿੱਲੀ ਦੇ ਲੋਕਾਂ ਨੂੰ ਚੰਗਾ ਪ੍ਰਸ਼ਾਸ਼ਨ ਦੇਣ ਲਈ ਬੇਲੋੜੇ ਕੇਸਾਂ ਦੇ ਝੰਜਟ ਤੋਂ ਮੁਕਤ ਹੋਣ ਵਜੋਂ ਦੇ ਰਹੇ ਹਨ।ਕਈ ਲੋਕ ਮੁਆਫੀ ਨੂੰ ਵਡੱਪਣ ਵਜੋਂ ਵੀ ਦਰਸਾ ਰਹੇ ਹਨ।ਮੁਆਫੀ ਸਬੰਧੀ ਵੱਖਰੀਆਂ ਪਰਿਭਸ਼ਾਵਾਂ ਤੇ ਧਾਰਨਾਵਾਂ ਹੋ ਸਕਦੀਆਂ ਹਨ ਪਰ ਭਾਰਤੀ ਇਤਿਹਾਸ ਵਿੱਚ ਸਿਆਸੀ ਸਖਸ਼ੀਅਤਾਂ ਦੀਆਂ ਮੁਆਫੀਆਂ ਦੀ ਖਾਸ ਥਾਂ ਹੈ।ਕੁਝ ਵੀ ਹੋਵੇ ਅਰਵਿੰਦ ਕੇਜਰੀਵਾਲ ਦੀ ਮੁਆਫੀ ਭਾਰਤੀ ਇਤਿਹਾਸ ਵਿੱਚ ਵੀਰ ਸਾਵਰਕਰ ਦੀ ਮੁਆਫੀ ਤੋਂ ਸ਼ੁਰੂ ਹੋਏ ਮੁਆਫੀ ਦੇ ਸਿਆਸੀ ਤੇ ਨੈਤਿਕ ਇਤਿਹਾਸ ਦਾ ਇਕ ਅਹਿਮ ਪੰਨਾ ਬਣ ਗਈ ਹੈ ਅਤੇ ਇਹ ਇਤਿਹਾਸਕ ਪੰਨੇ ਭਵਿੱਖ 'ਚ ਕਈ ਵਾਰ ਪਲਟੇ ਜਾਂਦੇ ਰਹਿਣਗੇ।ਅਰਵਿੰਦ ਕੇਜਰੀਵਾਲ ਦੀ ਮੁਆਫੀ ਦੇ ਮਾਇਨੇ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਅਤੇ ਇਸਦੇ ਵਿਚਾਰਧਾਰਕ ਸਿਆਸੀ ਪ੍ਰੋਗਰਾਮ ਅੰਦਰ ਛੁਪੇ ਹੋਏ ਹਨ।
ਆਪ ਪਾਰਟੀ ਅੰਨਾ ਹਜਾਰੇ ਦੇ ਭ੍ਰਿਸ਼ਾਟਾਚਾਰ ਵਿਰੋਧੀ ਅੰਦੋਲਨ ਦੁਆਲੇ ਲਾਮਬੰਦ ਹੋਏ ਲੋਕ ਉਭਾਰ ਵਿਚੋਂ ਉਭਰਕੇ ਸਾਹਮਣੇ ਆਈ ਸੀ।ਜਿਸਦਾ ਨਾਅਰਾ ਭਾਰਤੀ ਲੋਕਾਂ ਨੂੰ ਰਿਵਾਇਤੀ ਵੋਟ ਪਾਰਟੀਆਂ ਦੀ ਮਾੜੀ ਰਾਜਨੀਤੀ ਅਤੇ ਭ੍ਰਿਸ਼ਟ ਪ੍ਰਸ਼ਾਸ਼ਨ ਨਾਲੋਂ ਬਦਲਵੀਂ ਸਾਫ ਸੁਥਰੀ ਤੇ ਈਮਾਨਦਾਰ ਰਾਜਨੀਤੀ ਤੇ ਪ੍ਰਸ਼ਾਸ਼ਨ ਦੇਣਾ ਸੀ।ਉਸ ਸਮੇਂ ਤੱਕ ਭਾਵੇਂ ਆਪ ਪਾਰਟੀ ਦਾ ਵਿਚਾਰਧਾਰਕ ਸਿਆਸੀ ਪ੍ਰੋਗਰਾਮ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ। ਫਿਰ ਵੀ ਇਸਨੇ ਆਪਣੀਆਂ ਸਿਆਸੀ ਸਰਗਰਮੀਆਂ ਲੋਕਾਂ ਦੇ ਚਲੰਤ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਾਰੀ ਰੱਖੀਆਂ।ਸ਼ੋਸ਼ਲ ਮੀਡੀਆਂ ਨੇ ਆਪ ਪਾਰਟੀ ਦੇ ਏਜੰਡੇ ਨੂੰ ਲੋਕਾਂ 'ਚ ਲਿਜਾਣ ਲਈ ਉਸ ਸਮੇਂ ਸਭ ਤੋਂ ਵੱਡਾ ਰੋਲ ਅਦਾ ਕੀਤਾ ਸੀ।ਅੰਨਾ ਹਜਾਰੇ ਦੇ ਅੰਦੋਲਨ ਤੋਂ ਫੌਰੀ ਬਾਅਦ ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪਣੇ ਪਰ ਤੋਲੇ ਅਤੇ ਹੈਰਾਨੀਜਨਕ ਨਤੀਜੇ ਹਾਸਲ ਕੀਤੇ।ਇਸਦੇ ਨੀਤੀਘਾੜਿਆਂ ਨੇ ਪਾਰਟੀ ਦੇ ਪ੍ਰੋਗਰਾਮ ਅਤੇ ਇਸਦੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ।ਭ੍ਰਿਸ਼ਾਟਾਚਾਰ, ਮਹਿੰਗਾਈ, ਭੁੱਖਮਰੀ, ਬੇਰੁਜਗਾਰੀ ਆਦਿ ਦੀ ਮਾਰ ਚੱਲ ਰਹੇ ਦੇਸ਼ ਭਰ ਦੇ ਲੋਕ ਇਸ ਲਹਿਰ ਦੇ ਵਹਾ ਵਿੱਚ ਵਹਿਕੇ ਆਪਣਾ ਭਵਿੱਖ ਤਲਾਸ਼ਣ ਲੱਗੇ।ਅਪਰਾਧਿਕ ਸਿਆਸਤ ਤੋਂ ਬਦਲਵੀਂ ਸਿਆਸਤ ਦਾ ਪਲੇਟਫਾਰਮ ਉਸਾਰਨ ਦੇ ਦਾਅਵੇ ਨਾਲ ਆਪ ਪਾਰਟੀ ਨੇ ਸਮਾਜਿਕ ਨਿਆਂ ਤੇ ਸੁਰੱਖਿਆ, ਬਿਜਲੀ, ਪਾਣੀ, ਸਿੱਖਿਆ, ਸਿਹਤ, ਰੁਜਗਾਰ ਆਦਿ ਵਰਗੇ ਲੋਕਾਂ ਦੇ ਮੁੱਦੇ ਪੂਰੇ ਜੋਰ ਸ਼ੋਰ ਨਾਲ ਉਭਾਰੇ।ਆਪ ਪਾਰਟੀ ਦੇ ਦਿੱਲੀ ਮਾਡਲ ਨੇ ਪੰਜਾਬ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ।ਪੰਜਾਬ ਦੇ ਲੋਕ ਅਕਾਲੀ-ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਸਨ।ਆਪ ਪਾਰਟੀ ਉਨ੍ਹਾਂ ਲਈ ਆਸ ਦੀ ਕਿਰਨ ਬਣਕੇ ਸਾਹਮਣੇ ਆਈ।ਇਥੋਂ ਦੇ ਬੁੱਧੀਜੀਵੀ, ਕਲਮਕਾਰ, ਸਮਾਜ ਸੇਵੀ, ਸੱਜੇ-ਖੱਬੇ, ਖਰੇ-ਖੋਟੇ, ਅਮੀਰ-ਗਰੀਬ ਸਭ ਕਿਸਮ ਦੇ ਲੋਕ ਆਪ ਪਾਰਟੀ ਵੱਲ ਝੁੱਕ ਗਏ।ਉੱਧਰ ਕੇਂਦਰ 'ਚ ਜਿੱਥੇ ਅਰਵਿੰਦ ਕੇਜਰੀਵਾਲ ਸਮੇਤ ਮਨੀਸ਼ ਸ਼ਸ਼ੋਦੀਆਂ ਉਪਰ ਕਬੀਰ, ਪ੍ਰੀਵਰਤਨ, ਸਮਾਜਸੇਵੀ ਨਾਮਕ ਆਦਿ ਗੈਰ ਸਰਕਾਰੀ ਸੰਸਥਾਵਾਂ ਲਈ ਫੋਰਡ ਫਾਊਡੇਸ਼ਨ ਤੇ ਰੌਕਫੈਲਰ ਜਿਹੀਆਂ ਬਹੁਰਾਸ਼ਟਰੀ ਕੰਪਨੀਆਂ ਤੋਂ ਫੰਡ ਲੈਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਉੱਥੇ ਇਹਨਾਂ ਦਾ ਹਿਸਾਬ ਕਿਤਾਬ ਜਨਤਕ ਕਰਨ ਅਤੇ ਆਪ ਦੀਆਂ ਨੀਤੀਆਂ ਸਬੰਧੀ ਵਿਚਾਰ-ਵਟਾਂਦਰੇ ਦੇ ਕਈ ਸਵਾਲਾਂ ਨੂੰ ਲੈ ਕੇ ਇਸਦੇ ਕਈ ਅਹਿਮ ਆਗੂਆਂ ਤੇ ਨੀਤੀਘਾੜਿਆਂ ਅਤੇ ਕੇਜਰੀਵਾਲ ਤੇ ਉਸਦੇ ਧੜੇ ਦੇ ਆਗੂਆਂ ਵਿਚਕਾਰ ਪਾਰਟੀ ਅੰਦਰ ਗੁੱਟਬੰਦੀ ਸ਼ੁਰੂ ਹੋ ਗਈ ਅਤੇ ਪੰਜਾਬ ਵੀ ਇਸਤੋਂ ਅਛੂਤਾ ਨਹੀਂ ਰਿਹਾ।ਕੇਂਦਰ ਅਤੇ ਪੰਜਾਬ ਅੰਦਰ ਬਣੀ ਇਸ ਗੁੱਟਬੰਦੀ ਨਾਲ ਹੀ ਇਸਦੀਆਂ ਤੀਲਾਂ ਖਿੰਡਣੀਆਂ ਸ਼ੁਰੂ ਹੋ ਗਈਆਂ ਸਨ।ਪਾਰਟੀ ਅੰਦਰ ਜਮਹੂਰੀਅਤ ਅਤੇ ਘੱਟਸੰਮਤੀ ਬਹੁਸੰਮਤੀ ਨਾਲ ਫੈਸਲੇ ਲੈਣ ਦੀ ਬਜਾਏ ਇਹ ਇਕ ਵਿਅਕਤੀ ਦੁਆਲੇ ਕੇਂਦਰਿਤ ਹੋਣ ਲੱਗੀ।ਇਸੇ ਤਰਜ ਦਾ ਮਾਡਲ ਪੰਜਾਬ ਅੰਦਰ ਤਿਆਰ ਕੀਤਾ ਜਾਣ ਲੱਗਾ ਭਾਵੇਂ ਇਸਦੀ ਵਾਗਡੋਰ ਹਮੇਸ਼ਾਂ ਕੇਂਦਰ ਨੇ ਆਪਣੇ ਹੱਥ ਰੱਖੀ।ਪੰਜਾਬ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਕਰਕੇ ਇੱਥੇ ਵੀ ਜਲਦਬਾਜ਼ੀ 'ਚ ਪਾਰਟੀ ਦਾ ਗੈਰਅਸੂਲੀ ਜੱਥੇਬੰਧਕ ਢਾਂਚਾ ਅਤੇ ਅਸਪੱਸ਼ਟ ਪਾਰਟੀ ਪ੍ਰੋਗਰਾਮ ਤਿਆਰ ਕੀਤਾ ਗਿਆ।ਜਿਸਦੇ ਸਿੱਟੇ ਵਜੋਂ ਬਾਅਦ 'ਚ ਪਾਰਟੀ ਟੁੱਟ-ਫੁੱਟ ਦਾ ਸ਼ਿਕਾਰ ਹੋਈ ਅਤੇ ਜੰਮੂ ਕਸ਼ਮੀਰ ਦੀ ਖੁਦਮੁਖਤਿਆਰੀ, ਪੰਜਾਬ ਦੇ ਪਾਣੀਆਂ ਆਦਿ ਅਨੇਕਾਂ ਮੁੱਦਿਆਂ ਤੇ ਪਾਰਟੀ ਦੇ ਸਟੈਂਡ ਦੀ ਅਸ਼ੱਪੱਸ਼ਟਤਾ ਸਾਹਮਣੇ ਆਉਣ ਲੱਗੀ।ਆਪ ਪਾਰਟੀ ਦੀ ਪੰਜਾਬ ਅੰਦਰ ਖੁਦਮੁਖਤਿਆਰੀ ਦਾ ਸਵਾਲ ਵੀ ਸਦਾ ਭਖਵਾਂ ਮੁੱਦਾ ਬਣਿਆ ਚੱਲਿਆ ਆ ਰਿਹਾ ਹੈ।ਆਪ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਦੀ ਆਪਮੁਹਾਰਤਾ, ਗੁੱਟਬੰਦੀ ਅਤੇ ਅਨੇਕਾਂ ਮੱੁਦਿਆਂ ਉੱਤੇ ਅਸਹਿਮਤੀ ਅਤੇ ਅਸਪੱਸ਼ਟਤਾ ਪਿੱਛੇ ਆਪ ਪਾਰਟੀ ਦੇ ਗੈਰਅਸੂਲੀ ਜੱਥੇਬੰਧਕ ਢਾਂਚੇ ਅਤੇ ਇਸਦੇ ਵਿਚਾਰਧਾਰਕ ਸਿਆਸੀ ਪ੍ਰੋਗਰਾਮ ਦੀ ਅਸਪੱਸ਼ਟਤਾ ਅਤੇ ਕਮਜੋਰੀ ਕੰਮ ਕਰਦੀ ਹੈ।ਆਪ ਪਾਰਟੀ ਦਾ ਵਿਚਾਰਧਾਰਕ ਸਿਆਸੀ ਪ੍ਰੋਗਰਾਮ ਆਦਰਸ਼ਕ ਸ਼ਬਦਾਵਲੀ ਨੂੰ ਛੱਡਕੇ ਬੁਨਿਆਦੀ ਤੌਰ ਤੇ ਰਵਾਇਤੀ ਪਾਰਟੀਆਂ ਨਾਲੋਂ ਕੋਈ ਭਿੰਨਤਾ ਨਹੀਂ ਰੱਖਦਾ।ਇਹ ਪ੍ਰੋਗਰਾਮ ਪੂੰਜੀਪਤੀਆਂ ਅਤੇ ਗਰੀਬ ਕਿਸਾਨ ਮਜਦੂਰਾਂ ਨੂੰ 'ਆਮ ਆਦਮੀ' (ਪ੍ਰੋਗਰਾਮ 'ਚ ਆਮ ਆਦਮੀ ਦੀ ਪਰੀਭਾਸ਼ਾ ਅਨੁਸਾਰ) ਦੇ ਸਾਂਚੇ ਵਿਚ ਫਿੱਟ ਕਰਦਾ ਹੈ।
ਆਪਣੀਆਂ ਜਮਾਂਦਰੂ ਤੇ ਬੁਨਿਆਦੀ ਕਮਜੋਰੀਆਂ ਕਾਰਨ ਆਪ ਪਾਰਟੀ ਜਲਦਬਾਜ਼ੀ 'ਚ ਰਵਾਇਤੀ ਪਾਰਟੀਆਂ ਵਾਲੀ ਰਵਾਇਤੀ ਤੇ ਸਸਤੀ ਸਿਆਸਤ ਵਾਲੀ ਲੀਹ ਤੇ ਚੜ੍ਹ ਗਈ।ਇਸਦੇ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਰਵਾਇਤੀ ਪਾਰਟੀਆਂ ਵਾਂਗ ਜੁਮਲਿਆਂ ਦਾ ਰੱਜ ਕੇ ਆਸਰਾ ਲਿਆ।ਅਰਵਿੰਦ ਕੇਜਰੀਵਾਲ ਨੇ ਤਾਂ ਚੋਣਾਂ ਦੇ ਨੇੜੇ ਜਾ ਕੇ ਅਕਾਲੀ ਸਰਕਾਰ ਅਤੇ ਨਸ਼ਾ ਤਸ਼ਕਰੀ ਦੇ ਮਾਮਲੇ 'ਚ ਮਜੀਠੀਆਂ ਵਿਰੁੱਧ ਬਣੇ ਲੋਕ ਰੋਹ ਨੂੰ ਕੈਸ਼ ਕਰਦਿਆਂ ਆਪਣੀ ਸਰਕਾਰ ਬਣਨ ਦਾ ਐਲਾਨ ਕਰਦਿਆਂ ਨਿਸ਼ਚਿਤ ਤਰੀਕ ਨੂੰ ਮਜੀਠੀਆ ਨੂੰ ਜੇਲ੍ਹ ਅੰਦਰ ਬੰਦ ਕਰਨ ਦੇ ਖਿਆਲੀ ਅਤੇ ਗੈਰਹਕੀਕੀ ਦਾਅਵੇ ਵੀ ਕਰ ਦਿੱਤੇ ਸਨ।ਉਸਦੇ ਪਿੱਛੇ ਹੀ ਪੰਜਾਬ ਦੀ ਲੀਡਰਸ਼ਿੱਪ ਨੇ ਕੇਜਰੀਵਾਲ ਤੋਂ ਮਜੀਠੀਆ ਖਿਲਾਫ ਸਬੂਤ ਮੰਗਣ ਦੀ ਖੇਚਲ ਕਰਨ ਦੀ ਬਜਾਏ ਮਜੀਠੀਆ ਖਿਲਾਫ ਹੇਠਲੇ ਪੱਧਰ ਤੋਂ ਮੁਹਿੰਮ ਚਲਾਉਣ ਲਈ ਪੂਰਾ ਤਾਣ ਲਾ ਦਿੱਤਾ।ਕੀ ਕੇਜਰੀਵਾਲ ਕੋਲ ਨਸ਼ਾ ਤਸ਼ਕਰੀ ਦੇ ਮਾਮਲੇ 'ਚ ਮਜੀਠੀਆ ਖਿਲਾਫ ਠੋਸ ਸਬੂਤ ਹਨ? ਜੇਕਰ ਹਨ ਤਾਂ ਮੁਆਫੀ ਕਿਉਂ ? ਜੇਕਰ ਨਹੀਂ ਤਾਂ ਚੋਣਾਂ ਤੋਂ ਪਹਿਲਾਂ ਮਜੀਠੀਆ ਨੂੰ ਜੇਲ੍ਹ 'ਚ ਬੰਦ ਕਰਨ ਦਾ ਦਾਅਵਾ ਕਰਨ ਦਾ ਅਧਾਰ ਕੀ ਸੀ ? ਕੀ ਪੰਜਾਬ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਦਾਅਵਿਆਂ ਕਾਰਨ ਗੁੰਮਰਾਹ ਕੀਤਾ ਜਾ ਰਿਹਾ ਸੀ ਜਾਂ ਹੁਣ? ਕੇਜਰੀਵਾਲ ਦੁਆਰਾ ਮੁਆਫੀ ਮੰਗਣ ਦੇ ਮੌਜੂਦਾ ਘਟਨਾਕ੍ਰਮ 'ਚ ਕੇਜਰੀਵਾਲ ਦੇ ਨਾਲ-ਨਾਲ ਅੱਜ ਕੱਲ ਉਸਤੋਂ ਨਿਰਾਸ਼ ਹੋਏ ਪੰਜਾਬ ਆਪ ਪਾਰਟੀ ਦੇ ਵਿਧਾਇਕਾਂ ਤੇ ਵੀ ਇਹ ਸਵਾਲੀਆ ਚਿੰਨ੍ਹ ਲੱਗਦਾ ਹੈ ਕਿ ਜਦੋਂ ਉਹ ਮਜੀਠੀਆ ਖਿਲਾਫ ਕੇਜਰੀਵਾਲ ਦੇ ਦਾਅਵਿਆਂ ਦੀ ਹਮਾਇਤ ਕਰਦੇ ਸਨ ਤਾਂ ਉਹ ਕਿਸ ਅਧਾਰ ਤੇ ਕਰਦੇ ਸਨ? ਜੇਕਰ ਉਹ ਠੋਸ ਸਬੂਤ ਦੇ ਅਧਾਰ ਤੇ ਵਜਾਹਤ ਕਰਦੇ ਸਨ ਤਾਂ ਉਹ ਸਬੂਤ ਹੁਣ ਪੇਸ਼ ਕਰਨ। ਜੇਕਰ ਅੰਨੀ ਭਗਤੀ ਕਾਰਨ ਕਰਦੇ ਸਨ ਤਾਂ ਹੁਣ ਅਰਵਿੰਦ ਕੇਜਰੀਵਾਲ ਖਿਲਾਫ ਰੋਸ ਕਿਉਂ?
ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਦੁਆਰਾ ਨਸ਼ਾ ਤਸ਼ਕਰੀ ਦੇ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਮਾਰੀ ਬੜਕ ਨੂੰ ਪੰਜਾਬੀਆਂ ਨੇ ਬਾਦਲ ਹਕੂਮਤ ਨੂੰ ਲਲਕਾਰਨ ਵਜੋਂ ਲਿਆ ਸੀ।ਹਕੂਮਤ ਨੂੰ ਵੰਗਾਰਨਾ ਪੰਜਾਬੀਆਂ ਦੇ ਸੂਰਬੀਰ ਇਤਿਹਾਸ ਦੇ ਸਭਿਆਚਾਰ ਦਾ ਵਿਰਸਾ ਹੈ। ਦੁੱਲਾ ਭੱਟੀ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਪੰਜਾਬ ਦੀਆਂ ਸੱਥਾਂ ਦੇ ਹੀਰੋ ਹਨ।ਕੇਜਰੀਵਾਲ ਨੂੰ ਵੀ ਪੰਜਾਬੀਆਂ ਨੇ ਆਪਣੀ ਰਵਾਇਤ ਦੇ ਤੌਰ 'ਤੇ ਸਿਰ ਅੱਖਾਂ ਤੇ ਬਿਠਾ ਲਿਆ ਸੀ।ਮੁਆਫੀ ਦੇ ਤਾਜਾ ਘਟਨਾਕ੍ਰਮ ਵਾਪਰਨ ਨਾਲ ਕੇਜਰੀਵਾਲ ਦੇ ਟੁੱਟਦੇ ਦਬੰਗੀ ਬਿੰਬ ਦੀ ਕਿਰਕਿਰੀ ਨਾਲ ਉਸ ਦੇ ਮੁਰੀਦਾਂ ਦੇ ਸਨਮਾਨ ਨੂੰ ਵੀ ਸੱਟ ਵੱਜੀ ਹੈ। ਆਪ ਆਦਮੀ ਪਾਰਟੇ ਆਗੂਆਂ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਅਤੇ ਫੁੱਟਾਂ ਟੁੱਟਾਂ ਨਾਲ ਪਹਿਲਾਂ ਹੀ ਜਰਜਰਾ ਹੋ ਚੁੱਕੀ ਸੀ ਪਰ ਉਸ ਦੀ ਮੁਆਫੀ ਸਿੰਘਾਂ ਦੇ ਬੇਦਾਵੇ ਨਾਲੋਂ ਵੀ ਬੱਜਰ ਬੇਵਫ਼ਾਈ ਹੈ ਜਿਸ ਨੂੰ ਹਿੱਕ 'ਤੇ ਪੱਥਰ ਰੱਖ ਕੇ ਵੀ ਉਸ ਦੇ ਅਨੁਯਾਈ ਉਸ ਨੂੰ ਪਾਪ ਤੋਂ ਮੁਕਤ ਨਹੀਂ ਕਰਨਗੇ।
ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਦੁਆਰਾ ਨਸ਼ਾ ਤਸ਼ਕਰੀ ਦੇ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਮਾਰੀ ਬੜਕ ਨੂੰ ਪੰਜਾਬੀਆਂ ਨੇ ਬਾਦਲ ਹਕੂਮਤ ਨੂੰ ਲਲਕਾਰਨ ਵਜੋਂ ਲਿਆ ਸੀ।ਹਕੂਮਤ ਨੂੰ ਵੰਗਾਰਨਾ ਪੰਜਾਬੀਆਂ ਦੇ ਸੂਰਬੀਰ ਇਤਿਹਾਸ ਦੇ ਸਭਿਆਚਾਰ ਦਾ ਵਿਰਸਾ ਹੈ। ਦੁੱਲਾ ਭੱਟੀ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਪੰਜਾਬ ਦੀਆਂ ਸੱਥਾਂ ਦੇ ਹੀਰੋ ਹਨ।ਕੇਜਰੀਵਾਲ ਨੂੰ ਵੀ ਪੰਜਾਬੀਆਂ ਨੇ ਆਪਣੀ ਰਵਾਇਤ ਦੇ ਤੌਰ 'ਤੇ ਸਿਰ ਅੱਖਾਂ ਤੇ ਬਿਠਾ ਲਿਆ ਸੀ।ਮੁਆਫੀ ਦੇ ਤਾਜਾ ਘਟਨਾਕ੍ਰਮ ਵਾਪਰਨ ਨਾਲ ਕੇਜਰੀਵਾਲ ਦੇ ਟੁੱਟਦੇ ਦਬੰਗੀ ਬਿੰਬ ਦੀ ਕਿਰਕਿਰੀ ਨਾਲ ਉਸ ਦੇ ਮੁਰੀਦਾਂ ਦੇ ਸਨਮਾਨ ਨੂੰ ਵੀ ਸੱਟ ਵੱਜੀ ਹੈ। ਆਪ ਆਦਮੀ ਪਾਰਟੇ ਆਗੂਆਂ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਅਤੇ ਫੁੱਟਾਂ ਟੁੱਟਾਂ ਨਾਲ ਪਹਿਲਾਂ ਹੀ ਜਰਜਰਾ ਹੋ ਚੁੱਕੀ ਸੀ ਪਰ ਉਸ ਦੀ ਮੁਆਫੀ ਸਿੰਘਾਂ ਦੇ ਬੇਦਾਵੇ ਨਾਲੋਂ ਵੀ ਬੱਜਰ ਬੇਵਫ਼ਾਈ ਹੈ ਜਿਸ ਨੂੰ ਹਿੱਕ 'ਤੇ ਪੱਥਰ ਰੱਖ ਕੇ ਵੀ ਉਸ ਦੇ ਅਨੁਯਾਈ ਉਸ ਨੂੰ ਪਾਪ ਤੋਂ ਮੁਕਤ ਨਹੀਂ ਕਰਨਗੇ।
ਆਪ ਪਾਰਟੀ ਨੇ ਪੰਜਾਬ 'ਚ ਆਪਣੇ ਉਭਾਰ ਵੇਲੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਸ਼ਕਲ ਵਿਗਾੜ ਕੇ ਉਸਦੀ ਬਸੰਤੀ ਪੱਗ ਪਹਿਣ ਲਈ ਸੀ ਅਤੇ ਉਸਦੇ ਸਾਮਰਾਜਵਾਦ ਮੁਰਦਾਵਾਦ ਦੇ ਨਾਅਰੇ ਦੇ ਤੱਤ ਨੂੰ ਇਨਕਲਾਬ ਜਿੰਦਾਬਾਦ ਤੱਕ ਸੀਮਿਤ ਕਰ ਦਿੱਤਾ ਸੀ। ਪੰਜਾਬ ਦੇ ਲੋਕ ਆਪ ਪਾਰਟੀ ਆਗੂਆਂ ਦੀਆਂ ਬਸੰਤੀ ਪੱਗਾਂ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਅਕਸ ਦੇਖਦੇ ਸਨ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ 'ਚੋਂ ਆਪਣੀ ਮੁਕਤੀ ਦਾ ਰਾਹ ਦੇਖਦੇ ਸਨ।ਪਰੰਤੂ ਬੁਨਿਆਦੀ ਤੌਰ ਤੇ ਆਪ ਪਾਰਟੀ ਸ਼ਹੀਦ ਭਗਤ ਸਿੰਘ ਦੀ ਰੂਹ ਨੂੰ ਸੇਂਧ ਲਾ ਚੁੱਕੀ ਸੀ।ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਮਿਸ਼ਨ ਦੇ ਦਿਸ਼ਹੱਦੇ 'ਚ ਹਨੇਰਿਆਂ ਨੂੰ ਚੀਰ ਕੇ ਸਮੇਂ ਦੀ ਸਵੇਰ ਦੇ ਸੁਪਨੇ ਸਨ ਪਰ ਇਸ ਦੇ ਉਲਟ ਕੇਜਰੀਵਾਲ ਦਾ ਸੁਪਨਾ ਸੀ ਯਥਾਸਥਿਤੀ 'ਤੇ ਸ਼ਾਹਸਵਾਰੀ ਕਰਨਾ। ਤਾਜਾ ਮੁਆਫੀ ਮਾਮਲੇ 'ਚ ਵੀ ਇਹ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਆਪ ਪਾਰਟੀ ਦੇ ਨੇਤਾਵਾਂ ਦੀ ਸ਼ਹੀਦ ਭਗਤ ਸਿੰਘ ਨਾਲ ਤੁਲਨਾ ਬੇਮੇਚੀ ਹੈ। ਜਿਸ ਸ਼ਹੀਦ ਭਗਤ ਸਿੰਘ ਨੂੰ ਕਿਸੇ ਵੇਲੇ ਆਪ ਪਾਰਟੀ ਆਪਣਾ ਆਦਰਸ਼ ਕਹਿੰਦੀ ਸੀ, ਉਹ ਭਗਤ ਸਿੰਘ, ਉਹ ਸੀ ਜਿਸ ਨੇ ਬਰਤਾਨਵੀਂ ਹਕੂਮਤ ਅੱਗੇ ਗੋਡੇ ਟੇਕਣ ਦੀ ਬਜਾਏ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ।ਉਹਨਾਂ ਨੇ ਆਪਣੀ ਜਿੰਦਗੀ ਦੇ ਆਖਰੀ ਸਮੇਂ ਲਹੌਰ ਸਾਜਿਸ਼ ਕੇਸ ਸਬੰਧੀ ਬਰਤਾਨਵੀਂ ਸਰਕਾਰ ਤੋਂ ਮੁਆਫ ਤਾਂ ਦੂਰ ਦੀ ਗੱਲ ਸਜਾ ਘੱਟ ਕਰਨ ਦੀ ਬੇਨਤੀ ਵੀ ਨਹੀਂ ਕੀਤੀ।ਬਲਕਿ ਇਸਦੇ ਉਲਟ ਜਦੋਂ ਸ਼ਹੀਦ ਭਗਤ ਸਿੰਘ ਦੇ ਪਿਤਾ ਨੇ ਬੰਬ ਸੁੱਟਣ ਦੇ ਕੇਸ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਬਾਰੇ ਸਫਾਈ ਦੇਣੀ ਚਾਹੀ ਤਾਂ ਭਗਤ ਸਿੰਘ ਨੇ 'ਅਸੂਲ ਜਿੰਦਗੀ ਤੋਂ ਅਮੁੱਲੇ ਹਨ' ਸਿਰਲੇਖ ਹੇਠ ਪਿਤਾ ਦੇ ਨਾਮ ਖਤ ਲਿਖਕੇ ਇਸਦਾ ਸਖਤ ਵਿਰੋਧ ਕੀਤਾ।ਉਸਨੇ ਇਥੋਂ ਤੱਕ ਕਿਹਾ '…ਤੁਹਾਡਾ ਪੁੱਤਰ ਹੋਣ ਦੇ ਨਾਤੇ ਮੈਂ ਤੁਹਾਡੇ ਵਾਲਦਾਨਾ ਜਜਬਿਆਂ ਦਾ ਪੂਰਾ ਇਹਤਰਾਮ ਕਰਦਾਂ ਹਾਂ।ਪਰ ਇਸਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਤੁਹਾਨੂੰ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਅਜਿਹੀ ਦਰਖਾਸਤ ਦੇਣ ਦਾ ਕੋਈ ਹੱਕ ਨਹੀਂ…ਪਿਤਾ ਜੀ ਮੈਂ ਬਹੁਤ ਦੁੱਖ ਮਹਿਸੂਸ ਕਰ ਰਿਹਾ ਹਾਂ।ਮੈਨੂੰ ਡਰ ਹੈ ਕਿ ਕਿਤੇ ਤੁਹਾਡੇ ਤੇ ਇਹ ਨੁਕਤਾਚੀਨੀ ਕਰਦੇ ਹੋਏ ਜਾਂ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਹੋਏ ਮੈਂ ਤਹਿਜੀਬ ਦੇ ਦਾਇਰੇ ਤੋਂ ਬਾਹਰ ਨਿਕਲ ਜਾਵਾਂ ਅਤੇ ਮੇਰੇ ਲਫਜ ਜਿਆਦਾ ਸਖਤ ਹੋ ਜਾਣ।ਪਰ ਮੈਂ ਸਾਫ ਲਫਜਾਂ ਵਿਚ ਆਪਣੀ ਗੱਲ ਕਹਾਂਗਾ।ਜੇ ਕੋਈ ਹੋਰ ਸ਼ਖਸ਼ ਮੇਰੇ ਨਾਲ ਅਜਿਹਾ ਸਲੂਕ ਕਰਦਾ ਤਾਂ ਮੈਂ ਇਸਨੂੰ ਗੱਦਾਰੀ ਤੋਂ ਘੱਟ ਖਿਆਲ ਨਾ ਕਰਦਾ।ਪਰ ਤੁਹਾਡੀ ਹਾਲਤ ਵਿੱਚ ਏਨਾ ਹੀ ਕਹਾਂਗਾ ਕਿ ਇਹ ਇਕ ਕੰਮਜੋਰੀ ਹੈ, ਬਦਤਰੀਨ ਕਿਸਮ ਦੀ ਕੰਮਜੋਰੀ.' ਇਕ ਥਾਂ ਹੋਰ 'ਫਤਹਿ ਜਾਂ ਮੌਤ' ਦੇ ਸਿਰਲੇਖ ਹੇਠ ਭਗਤ ਸਿੰਘ ਲ਼ਿਖਦਾ ਹੈ 'ਅਜਿਹਾ ਕੋਈ ਕੁਕਰਮ ਨਹੀਂ ਜਿਹੜਾ ਅੰਗਰੇਜਾਂ ਨੇ ਭਾਰਤ ਵਿੱਚ ਨਾ ਕੀਤਾ ਹੋਵੇ, ਮਿੱਥ ਕੇ ਕੀਤੇ ਗਏ ਅਨਿਆਂ ਨੇ ਸਾਨੂੰ ਕੰਗਾਲ ਬਣਾ ਦਿੱਤਾ ਹੈ।ਇਕ ਕੌਮ ਅਤੇ ਜਾਤੀ ਦੇ ਤੌਰ ਤੇ ਸਾਡੀ ਇੱਜਤ ਮਿੱਟੀ ਵਿੱਚ ਮਿਲਾ ਦਿੱਤੀ ਗਈ ਹੈ।ਕੀ ਸਾਥੋਂ ਖਿਮਾ ਦੀ ਆਸ ਰੱਖੀ ਜਾਵੇ? ਅਸਾਂ ਕੌਮੀ ਅਪਮਾਨ ਦਾ ਹੱਕੀ ਨਿਆਂ ਭਰਿਆ ਬਦਲਾ ਲੈਣਾ ਹੈ।ਬੁਜਦਿਲਾਂ ਨੂੰ ਸਮਝੌਤੇ ਅਤੇ ਅਮਨ ਦੇ ਸੁਪਨੇ ਲੈਣ ਦਿਓ।ਅਸੀਂ ਤਰਸ ਦੀ ਮੰਗ ਨਹੀਂ ਕਰਦੇ ਨਾ ਹੀ ਕਰਨਾ ਜਾਣਦੇ ਹਾਂ।ਸਾਡੀ ਜਿੰਦਗੀ ਮੌਤ ਦੀ ਲੜਾਈ ਹੈ-ਮੌਤ ਜਾਂ ਫਤਹਿ.' ਇਹੀ ਨਹੀਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸਜਾ ਨੂੰ ਘੱਟ ਕਰਨ ਲਈ 'ਭਗਤ ਸਿੰਘ ਅਪੀਲ ਕਮੇਟੀਆਂ' ਵੀ ਬਣਾਈਆਂ ਗਈਆਂ ਪਰ ਇਸਦੇ ਉਲਟ ਸ਼ਹੀਦ ਭਗਤ ਸਿੰਘ ਨੇ ਬਰਤਾਨਵੀਂ ਹਕੂਮਤ ਕੋਲੋਂ ਰਹਿਮ ਜਾਂ ਮੁਆਫੀ ਮੰਗਣ ਦੀ ਬਜਾਏ ਫਾਂਸੀ ਦੀ ਥਾਂ ਗੋਲੀ ਨਾਲ ਉਡਾਉਣ ਦੀ ਮੰਗ ਕੀਤੀ।ਅਤੇ ਕਿਤੇ ਵੀ ਉਸਦੇ ਸਾਥੀਆਂ ਨੇ ਇਹ ਤਰਕ ਨਹੀਂ ਦਿੱਤਾ ਕਿ ਸ਼ਹੀਦ ਭਗਤ ਸਿੰਘ ਲਈ ਮੁਆਫੀ ਜਰੂਰੀ ਹੈ ਕਿਉਂਕਿ ਉਹ 'ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਐਸ਼ੋਸੀਏਸ਼ਨ' ਦਾ ਅਹਿਮ ਆਗੂ ਹੈ ਅਤੇ ਉਸਦੇ ਸਿਰ ਹਿੰਦੋਸਤਾਨੀ ਲੋਕਾਂ ਦੀ ਮੁਕਤੀ ਦੀਆਂ, ਅਜਾਦੀ ਲਹਿਰ ਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਹਨ।ਜਿਵੇਂ ਕਿ ਕੇਜਰੀਵਾਲ ਦੀ ਮੁਆਫੀ ਸਬੰਧੀ ਪੰਜਾਬ ਦੇ ਆਪ ਪਾਰਟੀ ਆਗੂ ਤਰਕ ਦੇ ਰਹੇ ਹਨ। ਇਸਦੇ ਉਲਟ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਕਹਾਉਣ ਵਾਲੇ ਪੰਜਾਬ ਆਪ ਪਾਰਟੀ ਦੇ ਆਗੂ ਕੇਜਰੀਵਾਲ ਤੋਂ ਅੱਗੇ ਹੋ ਕੇ ਉਸਦੀ ਮੁਆਫੀ ਦੀ ਵਜਾਹਤ ਇਹ ਕਹਿਕੇ ਕਰ ਰਹੇ ਹਨ ਕਿ ਕੇਜਰੀਵਾਲ ਦੇਸ਼ ਦਾ ਇੱਕੋ-ਇਕ ਈਮਾਨਦਾਰ ਨੇਤਾ ਹੈ ਅਤੇ ਦੇਸ਼ ਤੇ ਦਿੱਲੀ ਨੂੰ ਉਸਦੀਆਂ ਸੇਵਾਵਾਂ ਦੀ ਲੋੜ ਹੈ ਇਸ ਲਈ ਉਹਨਾਂ ਦਾ ਮੁਆਫੀ ਦੇ ਇਹਨਾਂ ਕੇਸਾਂ 'ਚੋਂ ਬਾਹਰ ਨਿਕਲਣਾ ਜਰੂਰੀ ਹੈ।
ਆਪ ਪਾਰਟੀ ਦੇ ਜਨਮ ਅਤੇ ਉਭਾਰ ਤੋਂ ਹੁਣ ਤੱਕ ਵਾਪਰੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਆਪਣੀ ਵਿਚਾਰਧਾਰਕ ਸਿਆਸੀ ਕਮਜੋਰੀ ਕਰਕੇ ਆਪ ਪਾਰਟੀ ਸਥਾਈ ਤੇ ਪ੍ਰਪੱਕ ਪਾਰਟੀ ਵਾਲੀ ਛਵੀ ਕਾਇਮ ਨਹੀਂ ਕਰ ਸਕੀ।ਆਪਣੀ ਇਸ ਕਮਜੋਰੀ ਨੂੰ ਦੂਰ ਕੀਤੇ ਬਣੇ ਆਪ ਪਾਰਟੀ ਪੰਜਾਬ ਦੀ ਸਿਆਸਤ ਵਿਚਲੇ ਖਲਾਅ ਨੂੰ ਭਰਨ 'ਚ ਕਾਮਯਾਬ ਨਹੀਂ ਹੋ ਸਕਦੀ।
-ਮਨਦੀਪ
15 march 2018

No comments:
Post a Comment