(ਵਾਨ-ਮੂ-ਚੁਨ ਦਾ ਇਹ ਲੇਖ 'ਕਮਿਊਨਿਸਟ ਪਾਰਟੀ ਆਫ ਚੀਨ' (CPC) ਦੇ ਮੁੱਖ ਪੱਤਰ 'ਰੈੱਡ ਫਲੈਗ” ਵਿੱਚ 28 ਅਕਤੂਬਰ 1964 'ਚ ਪ੍ਰਕਾਸ਼ਿਤ ਹੋਇਆ ਸੀ। ਚੀਨ ਅੰਦਰ ਨਵ-ਜਮਹੂਰੀ ਇਨਕਲਾਬ ਕਰਨ ਤੋਂ ਬਾਅਦ ਸਮਾਜਵਾਦੀ ਉਸਾਰੀ ਸਮੇਂ ਲਿਖੀ ਗਈ ਇਹ ਲਿਖਤ ਔਰਤ ਸਵਾਲ ਨੂੰ ਸਰਮਾਏਦਾਰ ਰਾਹ ਦੇ ਧਾਰਨੀਆਂ ਨਾਲੋਂ ਵੱਖਰੇ ਤੇ ਦਰੁਸਤ ਨਜ਼ਰੀਏ ਤੋਂ ਸੰਬੋਧਿਤ ਹੁੰਦੀ ਹੈ। ਇਹ ਲਿਖਤ ਵਿਚ ਔਰਤ ਸਮੱਸਿਆ ਦੇ ਸਵਾਲ ਨੂੰ ਸਹੀ ਸੇਧ 'ਚ ਸਮਝਣ ਦੀ ਸੋਝੀ ਦਿੰਦੀ ਹੈ। ਅੱਜ ਸਾਡਾ ਦੇਸ਼ ਸਮਾਜਵਾਦੀ ਚੀਨ ਨਾਲੋਂ ਵੱਖਰੀਆਂ ਹਾਲਤਾਂ ਵਿੱਚ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਦੇ ਜੂਲੇ ਹੇਠ ਪਿਸ ਰਿਹਾ ਹੈ ਪਰ ਇਹ ਲਿਖਤ ਔਰਤ ਮੁਕਤੀ ਦੇ ਸਵਾਲ ਨੂੰ ਆਮ ਰੂਪ ਵਿਚ ਸਹੀ ਦ੍ਰਿਸ਼ਟੀਕੋਣ ਤੋਂ ਸਮਝਣ ਤੇ ਬਹਿਸ-ਵਿਚਾਰ ਕਰਨ ਲਈ ਸਹਾਈ ਹੋਵੇਗੀ - ਅਨੁਵਾਦਕ)
ਔਰਤ ਸਮੱਸਿਆ ਹਮੇਸ਼ਾਂ ਹੀ ਇੱਕ ਸਮਾਜਿਕ ਸਮੱਸਿਆ ਵਜੋਂ ਦਰਪੇਸ਼ ਹੁੰਦੀ ਹੈ। ਪੂੰਜੀਵਾਦੀ ਸਮਾਜ ਦੀ ਥਾਂ, ਸਮਾਜਵਾਦੀ ਸਮਾਜ ਦੀ ਸਥਾਪਤੀ, ਸਮਾਜਿਕ ਵਿਕਾਸ ਦੇ ਇਤਿਹਾਸ ਵਿੱਚ ਇਕ ਵੱਡੀ ਛਾਲ ਹੈ। ਸਮਾਜਵਾਦੀ ਸਮਾਜ ਵਿੱਚ, ਮਜ਼ਦੂਰ ਜਮਾਤ ਇੱਕ ਦੱਬੀ-ਕੁਚਲੀ ਜਮਾਤ ਦੀ ਬਜਾਏ ਹਾਕਮ ਜਮਾਤ ਵਿੱਚ ਬਦਲ ਗਈ ਹੈ ਅਤੇ ਮਿਹਨਤਕਸ਼ ਜਮਾਤਾਂ ਅਤੇ ਇਉਂ ਹੀ ਔਰਤਾਂ ਦੀ ਵੀ, ਸਮਾਜੀ ਹੈਸੀਅਤ ਵਿੱਚ ਬੁਨਿਆਦੀ ਤਬਦੀਲੀ ਆ ਗਈ ਹੈ। ਪਰ ਅਸੀਂ ਇਹ ਵੀ ਅਹਿਸਾਸ ਕੀਤੇ ਬਿਨਾਂ ਨਹੀਂ ਰਹਿ ਸਕਦੇ ਕਿ ਸਮਾਜਵਾਦੀ ਸਮਾਜ ਵਿੱਚ, ਜ਼ਿੰਦਗੀ ਦੇ ਸਾਰੇ ਖੇਤਰਾਂ ਅੰਦਰ ਹੀ, ਜਮਾਤੀ ਘੋਲ ਮੌਜੂਦ ਹੈ ਅਤੇ ਇਸੇ ਤਰਾਂ ਇਹ ਔਰਤ ਸਮੱਸਿਆ ਦੇ ਸੰਬੰਧ ਵਿੱਚ ਵੀ ਦਰਪੇਸ਼ ਹੈ।
ਮਾਰਕਸਵਾਦ-ਲੈਨਿਨਵਾਦ ਸਾਨੂੰ ਦੱਸਦਾ ਹੈ ਕਿ ਮਿਹਨਤਕਸ਼ ਔਰਤਾਂ ਦੇ ਵਿਸ਼ਾਲ ਜਨ-ਸਮੂਹਾਂ ਦੀ ਮੁਕਤੀ, ਮਜ਼ਦੂਰ ਜਮਾਤ ਦੇ ਸਰਬੰਗੀ ਇਨਕਲਾਬੀ ਕਾਜ਼ ਦਾ ਇੱਕ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਔਰਤਾਂ ਬਾਰੇ ਸਵਾਲ ਦੀ ਪੇਸ਼ਕਾਰੀ ਅਤੇ ਇਸ ਦੇ ਹੱਲ ਨੂੰ ਵੀ, ਮਜ਼ਦੂਰ ਜਮਾਤ ਦੇ ਸਰਬੰਗੀ ਜਮਾਤੀ ਘੋਲ ਦੇ ਹਿੱਤਾਂ ਦੇ ਮਤਹਿਤ ਰੱਖਿਆ ਜਾਣਾ ਚਾਹੀਦਾ ਹੈ। ਇਹ ਅਜੇ ਵੀ ਉਹ ਬੁਨਿਆਦੀ ਅਸੂਲ ਹੈ, ਜਿਸ ਤੋਂ ਸਾਨੂੰ ਘੱਟੋ-ਘੱਟ ਸਮਾਜਵਾਦੀ ਸਮਾਜ ਵਿੱਚ ਔਰਤਾਂ ਦੇ ਸਵਾਲ ਬਾਰੇ ਨਿਰਣਾ ਕਰਨ ਲੱਗਿਆ, ਪਾਸੇ ਨਹੀਂ ਹੱਟਣਾ ਚਾਹੀਦਾ। ਸਰਮਾਏਦਾਰੀ ਦਾ ਇਹ ਅਖੌਤੀ ''ਔਰਤਾਂ ਦਾ ਨਜ਼ਰੀਆ'' ਹੀ ਹੈ, ਜਿਹੜਾ ਇਸ ਅਸੂਲ ਤੋਂ ਪਾਸੇ ਤਿਲਕਦਾ ਹੈ, ਔਰਤਾਂ ਦੀ ਸਵਾਲ ਨੂੰ ਮਹਿਜ਼ ਲਿੰਗ ਵਖਰੇਵੇਂ ਵਜੋਂ ਵੇਖਦਾ ਹੈ, ਔਰਤਾਂ ਦੇ ਜਮਾਤੀ ਵਖਰੇਵੇਂ 'ਤੇ ਪਰਦਾਪੋਸ਼ੀ ਕਰਦਾ ਹੈ ਅਤੇ ਇਉਂ ਔਰਤਾਂ ਦੀ ਮੁਕਤੀ ਅਤੇ ਮਜ਼ਦੂਰ ਜਮਾਤ ਦੇ ਸਰਬੰਗੀ ਕਾਜ਼ ਦਰਮਿਆਨ ਰਿਸ਼ਤੇ ਨੂੰ ਤੋੜਦਾ ਹੈ।
ਔਰਤਾਂ ਦੇ ਸਵਾਲ ਨੂੰ ਅਕਸਰ ਹੀ ਜਜ਼ਬਾਤੀ ਪੋਸ਼ਾਕ ਪਹਿਨਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਲੋਕ ਅਕਸਰ ਹੀ ਇਸ ਸਵਾਲ ਉਪਰ ਜਮਾਤੀ ਨਜ਼ਰੀਏ ਤੋਂ ਥਿੜਕ ਜਾਂਦੇ ਹਨ। ਜਿਸ ਕਰਕੇ ਬੁਰਜ਼ੁਆ ਵਿਚਾਰਾਂ ਦੇ ਪਸਾਰੇ ਲਈ ਮੁਆਫਕ ਹਾਲਤ ਬਣ ਜਾਂਦੀ ਹੈ। ਇਸੇ ਵਜਾ ਕਰਕੇ, ਸਵਾਲ ਨੂੰ ਸਹੀ ਢੰਗ ਨਾਲ ਸਮਝਣ ਅਤੇ ਹੱਥ ਪਾਉਣ ਲਈ, ਇਤਿਹਾਸਕ ਪਦਾਰਥਵਾਦੀ ਨਜ਼ਰੀਏ ਨੂੰ ਅਤੇ ਇਸ ਖੇਤਰ ਅੰਦਰ ਜਮਾਤੀ ਵਿਸ਼ਲੇਸ਼ਣ ਲਾਗੂ ਕਰਨ ਦੀ, ਸਾਡੇ ਸਮਾਜਵਾਦੀ ਅਤੇ ਕਮਿਊਨਿਸਟ ਕੰਮ ਲਈ ਭਾਰੀ ਮਹੱਤਤਾ ਬਣ ਜਾਂਦੀ ਹੈ।
ਇੱਥੇ ਇਹ ਨੁਕਤਾ ਉਠਾਉਣਾ ਵੀ ਜਰੂਰੀ ਹੈ ਕਿ ਸਾਡੀਆ ਕੁੱਝ ਇੱਕ ਮੌਜੂਦਾ ਪ੍ਰਕਾਸ਼ਨਾਵਾਂ ਵਿੱਚ ਵੀ, ਔਰਤਾਂ ਦੇ ਸਵਾਲ ਬਾਰੇ ਕੁਝ ਗ਼ਲਤ ਵਿਚਾਰ ਪ੍ਰਤੱਖ ਦਿਸਦੇ ਹਨ। ਇਹ ਵਿਚਾਰ ਇਤਿਹਾਸਕ ਪਦਾਰਥਵਾਦ ਅਤੇ ਜਮਾਤੀ ਵਿਸ਼ਲੇਸ਼ਣ ਤੋਂ ਥਿੜਕਣਾਂ ਦੇ ਰੂਪ ਵਿੱਚ ਹਨ। ਮਿਸਾਲ ਵਜੋਂ ਕੁੱਝ ਪ੍ਰਕਾਸ਼ਨਾਵਾਂ ਜਮਾਤੀ ਖ਼ਾਸੇ ਤੋ ਬਿਨਾ ਹੀ ਬਹਿਸ ਵਿਚਾਰ ਲਈ ਇਹ ਮੁੱਦੇ ਉਭਾਰ ਰਹੀਆਂ ਹਨ, ਜਿਵੇਂ ਕਿ ''ਔਰਤਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ?'' ਅਤੇ ''ਆਪਣੇ ਪਤੀ ਦੀ ਚੋਣ ਵਿੱਚ ਪੈਮਾਨਾ ਕੀ ਹੋਣਾ ਚਾਹੀਦਾ ਹੈ?'' ਆਦਿ।
ਦੇਖਿਆ ਜਾ ਸਕਦਾ ਹੈ ਕਿ ਇਨਾਂ ਬਹਿਸ-ਵਿਚਾਰਾਂ ਵਿੱਚ, ਕੁੱਝ ਲਿਖਤਾਂ ਦੇ ਲੇਖਕ ਅਜਿਹੀਆਂ ਸਮੱਸਿਆਵਾਂ ਦੀਆਂ ਵਿਆਖਿਆਵਾਂ ਰਾਹੀਂ ਪਾਠਕਾਂ ਦੇ ਵਿਚਾਰਧਾਰਕ ਚੇਤਨਤਾ ਦੇ ਪੱਧਰ ਨੂੰ Àੁੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦ ਕਿ ਕੁੱਝ ਹੋਰ ਲਿਖਤਾਂ ਦੇ ਤੱਤ ਵੀ ਚੰਗੇ ਹਨ। ਪਰ ਆਮ ਰੂਪ ਵਿੱਚ ਦੇਖਿਆਂ, ਅਜਿਹੀਆਂ ਲਿਖਤਾਂ ਦੀ ਹਾਂ-ਪੱਖੀ ਮਹੱਤਤਾ ਕੋਈ ਬਹੁਤੀ ਵੱਡੀ ਨਹੀਂ ਹੈ ਜਦ ਕਿ ਨਾਲ ਹੀ ਕੁੱਝ ਗ਼ਲਤ ਵਿਚਾਰ ਅਤੇ ਘਚੋਲੇ-ਭਰੇ ਸੰਕਲਪ ਫੈਲਾਏ ਜਾ ਰਹੇ ਹਨ।
ਉਦਾਹਰਣ ਵਜੋਂ ਇਨਾਂ ਸਵਾਲਾਂ ਨੂੰ ਹੀ ਲਓ ''ਕਿ ਔਰਤਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ?'' ਅਤੇ ''ਪਤੀ ਦੀ ਚੋਣ ਵਿੱਚ ਪੈਮਾਨਾ ਕੀ ਹੋਣਾ ਚਾਹੀਦਾ ਹੈ?'' ਲੋਕ ਦੇਖ ਸਕਦੇ ਹਨ ਕਿ ''ਜ਼ਿੰਦਗੀ ਦੇ ਮਕਸਦ'' ਦਾ ਸਵਾਲ ਦਰਅਸਲ ਜ਼ਿੰਦਗੀ ਬਾਰੇ ਸੰਕਲਪਾਂ ਅਤੇ ਸੰਸਾਰ ਬਾਰੇ ਸੰਕਲਪ ਦਾ ਸਵਾਲ ਹੈ। ਕਿਸੇ ਵੱਲੋ ਆਪਣੇ ਪਤੀ ਦੀ ਚੋਣ ਦੇ ਪੈਮਾਨੇ ਦਾ ਸਵਾਲ ਵੀ ਦਰਅਸਲ ਉਸ ਦੇ ਜ਼ਿੰਦਗੀ ਅਤੇ ਸੰਸਾਰ ਬਾਰੇ ਸੰਕਲਪ ਨਾਲ ਸਿੱਧੇ ਤੌਰ 'ਤੇ ਨਿਰਧਾਰਤ ਹੁੰਦਾ ਹੈ। ਪਰ ਕਿਸੇ ਵੀ ਵਿਅਕਤੀ ਦੇ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਸੰਕਲਪਾਂ ਵਿੱਚ ਵਖਰੇਵਾਂ ਜਮਾਤ ਦੇ ਆਧਾਰ 'ਤੇ ਹੀ ਕੀਤਾ ਜਾ ਸਕਦਾ ਹੈ। ਕਿਉਂਕਿ ਜਾਂ ਤਾਂ ਇਹ ਸੰਕਲਪ ਵਿਕਸਤ ਤੇ ਇਨਕਲਾਬੀ ਜਮਾਤ ਦੇ ਹੋ ਸਕਦੇ ਹਨ ਜਾਂ ਫਿਰ ਨਿਘਰ ਰਹੀ ਪਿਛਾਖੜੀ ਜਮਾਤ ਦੇ ਹੋ ਸਕਦੇ ਹਨ। ਨਿਸ਼ਚਿਤ ਤੌਰ 'ਤੇ ਇਨਾਂ ਵਿੱਚ ਲਿੰਗ ਦੇ ਆਧਾਰ ਤੇ ''ਮਰਦਾਂ ਦੇ'' ਅਤੇ ''ਔਰਤਾਂ ਦੇ'' ਜ਼ਿੰਦਗੀ ਅਤੇ ਸੰਸਾਰ ਬਾਰੇ ਸੰਕਲਪਾਂ ਦੇ ਆਧਾਰ 'ਤੇ ਨਿਖੇੜਾ ਨਹੀਂ ਕੀਤਾ ਜਾ ਸਕਦਾ।
''ਔਰਤਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ?'' ਇਸ ਸਵਾਲ ਨੂੰ ਉਭਾਰਨ ਦਾ ਅਰਥ ਇਹ ਗੱਲ ਪ੍ਰਵਾਨ ਕਰਨ ਦੇ ਬਰਾਬਰ ਹੈ ਕਿ ਔਰਤਾਂ ਦੇ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਆਪਣੇ ਵੱਖਰੇ ਸੰਕਲਪ ਹੋਣੇ ਚਾਹੀਦੇ ਹਨ, ਜਿਹੜੇ ਉਨਾਂ ਦੀ ਜਮਾਤ ਕਰਕੇ ਨਹੀਂ ਸਗੋਂ ਉਨਾਂ ਦੇ ਵੱਖਰੇ ਲਿੰਗ ਕਾਰਣ ਹੋਣੇ ਚਾਹੀਦੇ ਹਨ। ਇਸ ਤਰਾਂ ਦੇ ਸਵਾਲ ਉਠਾਉਣੇ ਦਰੁਸਤ ਨਹੀਂ ਹਨ ਅਤੇ ਮਾਰਕਸੀ-ਲੈਨਿਨੀ ਜਮਾਤੀ ਨਜ਼ਰੀਏ ਦੇ ਅਨੁਸਾਰੀ ਵੀ ਨਹੀਂ ਹਨ।
ਮਨੁੱਖਤਾ ਦੀ ਜਮਾਤਾਂ ਵਿੱਚ ਪਹਿਲੀ ਵੰਡ ਵੇਲੇ ਤੋਂ ਹੀ ਇਤਿਹਾਸ, ਆਪਣੀ ਸਮੁੱਚਤਾ ਵਿੱਚ, ਜਮਾਤੀ ਵਿਰੋਧਾਂ ਅਤੇ ਜਮਾਤੀ ਘੋਲਾਂ ਰਾਹੀਂ ਵਿਕਸਤ ਹੋਇਆ ਹੈ। ਸਭ ਲੋਕ ਮਰਦ ਚਾਹੇ ਔਰਤ, ਜਮਾਤ ਦੇ ਸੰਬੰਧ ਵਿੱਚ ਲੋਕਾਂ ਵਜੋ ਹੀ ਹੋਂਦ ਰੱਖਦੇ ਹਨ ਅਤੇ ਵਿਸ਼ੇਸ਼ ਸਮਾਜ ਦੇ ਆਰਥਕ ਰਿਸ਼ਤਿਆਂ ਦੀ ਪੈਦਾਵਾਰ ਹੁੰਦੇ ਹਨ। ਔਰਤਾਂ ਵਿੱਚ ਵੀ, ਆਦਮੀਆਂ ਵਾਂਗ ਹੀ ਲੁਟੇਰਿਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਵੰਡ ਹੁੰਦੀ ਹੈ। ਭਾਵੇਂ ਲੁਟੇਰੀ ਜਮਾਤ ਦੀਆਂ ਔਰਤਾਂ ਦੀ ਆਪਣੇ ਪਰਿਵਾਰ ਵਿੱਚ ਹੈਸੀਅਤ ''ਘਰੇਲੂ ਗ਼ੁਲਾਮ'' ਵਾਲੀ ਹੁੰਦੀ ਹੈ, ਪਰ ਫਿਰ ਵੀ, ਉਹ ਆਪਣੀ ਜਮਾਤ ਦੇ ਮਰਦਾਂ ਸਮੇਤ, ਮਿਹਨਤਕਸ਼ ਲੋਕਾਂ ਨੂੰ ਦਬਾਉਂਦੀਆਂ ਹਨ ਅਤੇ ਭ੍ਰਿਸ਼ਟ ਪਰਜੀਵੀ ਜ਼ਿੰਦਗੀ ਜਿਉਂਦੀਆਂ ਹਨ। ਜਿੱਥੋਂ ਤੱਕ ਦੱਬੀ-ਕੁਚਲੀ ਜਮਾਤ ਦੀਆਂ ਔਰਤਾਂ ਦੇ ਵਿਸ਼ਾਲ ਜਨ ਸਮੂਹ ਦੀ ਗੱਲ ਹੈ, ਉਹ ਦੂਹਰੇ ਦਾਬੇ ਹੇਠ ਹੁੰਦੀਆਂ ਹਨ।
ਵੱਖ-ਵੱਖ ਸਮਾਜਾਂ ਵਿੱਚ, ਵੱਖ-ਵੱਖ ਜਮਾਤਾਂ ਦੀਆਂ ਔਰਤਾਂ ਦੇ ਵੱਖੋ-ਵੱਖਰੀਆਂ ਸਮਾਜਿਕ ਇਤਿਹਾਸਕ ਹਾਲਤਾਂ ਦੀ ਬਦੌਲਤ ਅਤੇ ਵੱਖੋ-ਵੱਖਰੀ ਜਮਾਤੀ ਹੈਸੀਅਤ ਕਰਕੇ, ਜ਼ਿੰਦਗੀ ਦੇ ਮਕਸਦ ਤੇ ਆਦਰਸ਼ ਅਤੇ ਵਿਆਹ ਤੇ ਪਿਆਰ ਬਾਰੇ ਨਜ਼ਰੀਏ, ਬਿਲਕੁਲ ਹੀ ਵੱਖੋ-ਵੱਖਰੇ ਹੁੰਦੇ ਹਨ।
ਮਿਸਾਲ ਵਜੋਂ ਅਖੌਤੀ ''ਸਭਿਅਕ'' ਸਰਮਾਏਦਾਰੀ ਸਮਾਜ ਦੀ ਗੱਲ ਕਰਦੇ ਹਾਂ। ਉੱਥੇ, ਸਰਮਾਏਦਾਰ ਔਰਤਾਂ ਸਰਮਾਏਦਾਰ ਮਰਦਾਂ ਵਾਂਗ ਹੀ ਸਰਮਾਏਦਾਰੀ ਦਾ ਅੰਗ ਹਨ। ਉਨਾਂ ਨੂੰ ਦੱਬੇ-ਕੁਚਲੇ ਲੋਕਾਂ ਨੂੰ ਦੁੱਖਾਂ-ਤਕਲੀਫ਼ਾਂ ਦੇ ਕੇ ਆਪਣੀ ਖ਼ੁਸ਼ੀ ਹਾਸਲ ਹੁੰਦੀ ਹੈ ਪਰ ਇਕ ਵਸਤ ਦੇ ਵਾਂਗ ਹੀ, ਉਹ ਆਪਣੇ ਪਤੀ ਦੀ ਨਿੱਜੀ ਜਾਇਦਾਦ ਵੀ ਹੁੰਦੀਆਂ ਹਨ। ਪਤੀ ਦੀ ਚੋਣ ਦੇ ਸੰਬੰਧ ਵਿੱਚ ਉਨਾਂ ਦਾ ਪੈਮਾਨਾ ਪੈਸੇ-ਜਾਇਦਾਦ ਅਤੇ ਰੁਤਬੇ 'ਤੇ ਆਧਾਰਿਤ ਹੁੰਦਾ ਹੈ। ਮੁਕਦੀ ਗੱਲ ਉਨਾਂ ਵੱਲੋਂ ਪਤੀ ਦੀ ਚੋਣ, ਇਕ ਅਜਿਹਾ ਸੌਦਾ ਹੁੰਦਾ ਹੈ ਜਿਸ ਅੰਦਰ ਸਭ ਨਫ਼ਾ-ਨੁਕਸਾਨ ਵਿਚਾਰਿਆ ਜਾਂਦਾ ਹੈ ਅਤੇ ਇਉਂ ਇੱਕ 'ਨਕਦ-ਵਪਾਰ' ਬਣ ਜਾਂਦਾ ਹੈ।
ਇਸ ਦੇ ਮੁਕਾਬਲੇ, ਮਜ਼ਦੂਰ ਜਮਾਤ ਗ਼ਰੀਬ ਅਤੇ ਦੁਖਿਆਰੇ ਕਿਸਾਨਾਂ ਦੀਆਂ ਔਰਤਾਂ ਦੇ ਵਿਸ਼ਾਲ ਜਨ-ਸਮੂਹ ਭੁੱਖ ਨੰਗ ਨਾਲ ਘੁਲ ਰਹੇ ਪਰਿਵਾਰਾਂ ਦਾ ਤੋਰਾ-ਤੋਰਨ ਲਈ ਹੀ ਜਿਉਂਦੀਆਂ ਹਨ। ਉਨਾਂ ਵਿਚੋਂ ਕਾਫ਼ੀ ਔਰਤਾਂ ਨੂੰ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਕੁੱਝ ਨਾ ਕੁੱਝ ਕਮਾਉਣ ਵਾਸਤੇ, ਜਾਇਦਾਦ ਮਾਲਕ ਜਮਾਤਾਂ ਕੋਲ ਬੇਹੱਦ ਥੋੜੀਆਂ ਉਜ਼ਰਤਾਂ ਤੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨਾਂ ਦੀ ਜ਼ਿੰਦਗੀ ਦੀ ਹਾਲਤ ਤੋਂ ਮੁਕੰਮਲ ਤੌਰ 'ਤੇ ਆਜ਼ਾਦ ਹੋਣਾ ਅਤੇ ਆਪਣੀ ਹੋਣੀ ਦੇ ਆਪ ਮਾਲਕ ਬਣਨਾ ਹੁੰਦੀ ਹੈ। ਉਹ, ਸਰਕਾਰ, ਕਬੀਲਾ, ਪ੍ਰਮਾਤਮਾ ਅਤੇ ਪਤੀ ਆਦਿ ਦੇ ਰੂਪ ਵਿਚਲੇ ਅਧਿਕਾਰ-ਸਵਾਮੀਆਂ ਦੇ ਪਦਾਰਥਕ ਅਤੇ ਰੂਹਾਨੀ ਸੰਗਲਾਂ ਦੇ ਜੂੜ ਤੋਂ ਆਪਣੇ ਆਪ ਨੂੰ ਮੁਕਤ ਕਰਵਾਉਣਾ ਅਤੇ ਇੱਕ ਅਜਿਹਾ ਪਦਾਰਥਕ ਢਾਂਚਾ ਸਾਕਾਰ ਕਰਨਾ ਚਾਹੁੰਦੀਆਂ ਹੁੰਦੀਆਂ ਹਨ ਜਿਸ ਅੰਦਰ ਔਰਤ ਤੇ ਮਰਦ ਸਚਮੁੱਚ ਹੀ ਬਰਾਬਰ ਹੋਣ।
ਪਿਛਲੇ ਤਿੰਨ ਇਤਿਹਾਸਕ ਦੌਰਾਂ ਵਿੱਚ ਔਰਤਾਂ ਨੂੰ ਜੋ ਵਿਤਕਰੇ ਅਤੇ ਦਾਬੇ ਦੀ ਜ਼ਿੰਦਗੀ ਹੰਢਾਉਣੀ ਪੈਂਦੀ ਰਹੀ ਹੈ, ਸਮਾਜਵਾਦੀ ਸਮਾਜ ਨੇ ਉਸਦਾ ਖ਼ਾਤਮਾ ਕਰ ਦਿੰਦਾ ਹੈ। ਪੈਦਾਵਾਰੀ ਸਾਧਨਾਂ ਨੂੰ ਨਿੱਜੀ ਮਾਲਕੀ ਤੋਂ ਸਮੂਹਿਕ ਮਾਲਕੀ ਵਿੱਚ ਬਦਲ ਦਿੱਤੇ ਜਾਣ ਮਗਰੋਂ, ਹੁਣ ਇੱਕ ਵਿਅਕਤੀਗਤ ਪਰਿਵਾਰ, ਸਮਾਜ ਦੀ ਆਰਥਕ ਇਕਾਈ ਵਜੋਂ ਆਪਣੀ ਹੋਂਦ ਗੁਆ ਚੁੱਕਿਆ ਹੈ। ਪਰਿਵਾਰ ਅਤੇ ਸਮਾਜ ਅੰਦਰ ਪ੍ਰਤੱਖ ਜਾਂ ਗ਼ੈਰ-ਪ੍ਰਤੱਖ ਰੂਪ ਵਿੱਚ ਇੱਕ ਗ਼ੁਲਾਮ ਵਜੋਂ ਔਰਤ ਦੀ ਹੈਸੀਅਤ ਬਦਲ ਗਈ ਹੈ। ਪਰ ਸਮਾਜਵਾਦੀ ਪ੍ਰਬੰਧ ਅੰਦਰ ਸਮਾਜਵਾਦੀ ਪ੍ਰਬੰਧ ਅੰਦਰ ਅਜੇ ਵੀ ਜਮਾਤਾਂ, ਜਮਾਤੀ ਵਿਰੋਧ ਅਤੇ ਜਮਾਤੀ ਘੋਲ ਮੌਜੂਦ ਹਨ। ਔਰਤਾਂ ਅਜੇ ਵੀ ਸਮੁੱਚੇ ਤੌਰ 'ਤੇ ਏਕਤਾਬਧ ਨਹੀਂ ਹਨ। ਉਨਾਂ ਵਿਚਕਾਰ ਵੀ ਜਮਾਤੀ ਵਖਰੇਵੇਂ ਅਜੇ ਮੌਜੂਦ ਹਨ। ਸੋ ਵੱਖ-ਵੱਖ ਜਮਾਤਾਂ ਨਾਲ ਸੰਬੰਧਤ ਔਰਤਾਂ ਦੇ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਵੱਖ-ਵੱਖ ਸੰਕਲਪ ਹਨ। ਸਮਾਜਵਾਦੀ ਸਮਾਜ ਅੰਦਰ, ਮਿਹਨਤਕਸ਼ ਔਰਤਾਂ ਦੇ ਵਿਸ਼ਾਲ ਜਨਸਮੂਹਾਂ ਨੇ ਆਪਣੀ ਇੱਛਾ ਨੂੰ ਸਾਕਾਰ ਕਰਨ ਦੀ ਸ਼ੁਰੂਆਤ ਕਰ ਲਈ ਹੈ। ਮਰਦਾਂ ਸਮੇਤ ਉਹ ਆਪਣੇ ਮੁਲਕ, ਸਮੂਹ ਅਤੇ ਆਪਣੀ ਹੋਣੀ ਦੇ ਆਪ ਮਾਲਕ ਬਣ ਗਈਆਂ ਹਨ। ਕਰੋੜਾਂ ਹੀ ਔਰਤਾਂ ਵੱਖ-ਵੱਖ ਮੁਹਾਜਾਂ ਉੱਪਰ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਿਸ਼ਚਿਤ ਕੰਮ ਕਰ ਰਹੀਆਂ ਹਨ ਅਤੇ ਇਉਂ ਆਪਣੀ ਸਮਰੱਥਾ ਅਤੇ ਵਿਕਾਸ ਕਰ ਰਹੀਆਂ ਹਨ। ਖਰੀ ਇਨਕਲਾਬੀ ਚੇਤਨਾ ਨਾਲ ਰੰਗੀਆਂ ਸਭ ਔਰਤਾਂ ਲਈ, ਸਮਾਜਵਾਦ ਅਤੇ ਕਮਿਊਨਿਜ਼ਮ ਦੀ ਮੁਕੰਮਲ ਜਿੱਤ ਲਈ ਸੰਘਰਸ਼, ਜ਼ਿੰਦਗੀ ਦਾ ਸਭ ਤੋਂ ਵੱਧ ਤਬਦੀਲੀ ਅਤੇ ਪਾਰਟੀ ਦੇ ਵਿਚਾਰਧਾਰਕ ਸਿੱਖਿਆ ਦੇ ਕੰਮ ਦੇ ਡੂੰਘਾ ਹੋਣ ਦੇ ਨਤੀਜੇ ਵਜੋਂ, ਮਿਹਨਤਕਸ਼ ਔਰਤਾਂ ਨੇ ਸਹਿਜੇ-ਸਹਿਜੇ ਵਿਆਹ ਅਤੇ ਪਿਆਰ ਦੇ ਸਵਾਲਾਂ 'ਤੇ ਆਪਣੇ ਵਿਚਾਰਾਂ ਨੂੰ ਪੁਰਾਣੇ ਸਮਾਜ ਵੱਲੋਂ ਛੱਡੇ ਪ੍ਰਭਾਵਾਂ ਤੋਂ ਕਾਫ਼ੀ ਹੱਦ ਤੱਕ ਮੁਕਤ ਕਰ ਲਿਆ ਹੈ। ਹੁਣ ਔਰਤਾਂ ਪਿਆਰ ਨੂੰ (ਪਤੀ ਦੀ ਚੋਣ ਦੇ ਪੈਮਾਨੇ ਵਜੋਂ) ਇਨਕਲਾਬੀ ਤਾਂਘ, ਸੰਘਰਸ਼ ਅਤੇ ਮਿਹਨਤ ਦੀ ਸਾਂਝ ਤੇ ਆਧਾਰ ਉੱਪਰ ਚਿਤਵਦੀਆਂ ਹਨ। ਜਿੱਥੋਂ ਤੱਕ ਜਗੀਰਦਾਰਾਂ ਤੇ ਧਨੀ ਕਿਸਾਨਾਂ ਅਤੇ ਸਰਮਾਏਦਾਰ ਔਰਤਾਂ ਦਾ ਸਵਾਲ ਹੈ, ਉਨਾਂ 'ਚੋਂ ਕਾਫ਼ੀ ਸੁਧਾਰ ਦੇ ਅਮਲ ਵਿੱਚੋਂ ਦੀ ਲੰਘ ਰਹੀਆਂ ਹਨ। ਦੱਬੀ-ਕੁਚਲੀ ਜਮਾਤ ਦੇ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਸੰਕਲਪਾਂ ਨੇ ਉਨਾਂ ਦੇ ਦਿਮਾਗ਼ਾਂ ਅੰਦਰ ਪੱਕੀ ਥਾਂ ਬਣਾ ਲਈ ਹੈ ਅਤੇ ਹੁਣ ਉਹ ਛੇਤੀ ਕੀਤਿਆਂ ਬਦਲ ਨਹੀਂ ਸਕਦੇ ਅਤੇ ਜਿੰਨਾ ਚਿਰ ਉਨਾਂ ਦੇ ਇਹ ਬੁਨਿਆਦੀ ਵਿਚਾਰ ਕਾਇਮ ਰਹਿੰਦੇ ਹਨ, ਇਹ ਅਜਿਹੇ ਸਵਾਲਾਂ ਨੂੰ ਕਿ ਔਰਤਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ'' ਉਨਾਂ ਦੇ ਜਵਾਬ ਪੱਕ ਨਾਲ ਹੀ ਹੂੰਝਾ ਫੇਰਦੇ ਰਹਿਣਗੇ।
ਸੰਸਾਰ ਅੰਦਰ, ਜਿਵੇਂ ਅਮੂਰਤ ਰੂਪ ਵਿੱਚ ਜਮਾਤ ਵਿਹੂਣੇ ਮਰਦ ਨਹੀਂ ਹੁੰਦੇ, ਉਵੇਂ ਹੀ ਅਮੂਰਤ ਰੂਪ ਵਿੱਚ ਕੋਈ ਜਮਾਤ-ਵਿਹੂਣੀਆਂ ਔਰਤਾਂ ਵੀ ਨਹੀਂ ਹੁੰਦੀਆਂ। ਇਸ ਤਰਾਂ ਇੱਥੇ ਅਮੂਰਤ ਰੂਪ ਵਿੱਚ ਜਮਾਤ-ਵਿਹੁਣੀਆਂ ਔਰਤਾਂ ਦੀ ਜ਼ਿੰਦਗੀ ਬਾਰੇ ਅਤੇ ਪਤੀ ਦੀ ਚੋਣ ਲਈ ਪੈਮਾਨੇ ਬਾਰੇ ਕੋਈ ਵਿਸ਼ੇਸ਼ ਸੰਕਲਪ ਵੀ ਨਹੀਂ ਹੁੰਦੇ। ਇੱਥੇ ਜਿਸ ਚੀਜ਼ ਦੀ ਹਕੀਕੀ ਹੋਂਦ ਹੈ ਉਹ ਵਿਸ਼ੇਸ਼ ਜਮਾਤੀ ਖ਼ਾਸੀਅਤ ਵਾਲੇ ਔਰਤਾਂ ਤੇ ਮਰਦਾਂ ਦੀ ਹੋਂਦ ਹੈ। ਇਸ ਨਾਲ ਵਿਸ਼ੇਸ਼ ਜਮਾਤੀ ਖ਼ਾਸੀਅਤ ਵਾਲੇ ਜ਼ਿੰਦਗੀ ਅਤੇ ਜੀਵਨ ਸਾਥੀ ਦੀ ਚੋਣ ਬਾਰੇ ਠੋਸ ਸੰਕਲਪ ਅਤੇ ਪੈਮਾਨੇ ਹਨ। ਮਾਰਕਸਵਾਦ-ਲੈਨਿਨਵਾਦ ਦੇ ਇਸ ਘੱਟੋ-ਘੱਟ ਆਮ ਗਿਆਨ ਨੂੰ ਸਮਝਣ ਦੀ ਭਲਾ ਸਾਨੂੰ ਕਿਉਂ ਲੋੜ ਹੈ? ਇਹ ਲੋੜ ਇਸ ਗੱਲ 'ਚੋਂ ਨਿਕਲਦੀ ਹੈ ਕਿ ਔਰਤਾਂ ਨਾਲ ਸੰਬੰਧਤ ਸਵਾਲਾਂ 'ਤੇ ਵਿਚਾਰ-ਚਰਚਾ ਕਰਦੇ ਸਮੇਂ, ਅਸੀਂ, ਇੱਕ ਸਪੱਸ਼ਟ ਇਤਿਹਾਸਕ ਪਦਾਰਥਵਾਦੀ ਨਜ਼ਰੀਆ ਅਤੇ ਵੱਖ-ਵੱਖ ਦੌਰਾਂ ਦੇ ਅਤੇ ਵੱਖ-ਵੱਖ ਜਮਾਤੀ ਹੈਸੀਅਤ ਵਾਲੀਆਂ ਔਰਤਾਂ ਦੇ ਮਸਲਿਆਂ ਬਾਰੇ ਸਪੱਸ਼ਟ ਜਮਾਤੀ ਵਿਸ਼ਲੇਸ਼ਣ ਦੀ ਪਹੁੰਚ ਅਪਣਾ ਸਕੀਏ। ਜ਼ਿੰਦਗੀ ਦੇ ਸੰਕਲਪ ਅਤੇ ਪਿਆਰ ਬਾਰੇ ਨਜ਼ਰੀਏ ਸਬੰਧੀ ਸਵਾਲਾਂ ਨੂੰ, ਜਿਹੜੇ ਨਿੱਗਰ ਜਮਾਤੀ ਖ਼ਾਸੀਅਤ ਰੱਖਦੇ ਹਨ, ''ਮਰਦ'' ਅਤੇ ''ਔਰਤ'' ਦੇ ਆਮ ਅਤੇ ਅਮੂਰਤ ਸਵਾਲ ਵਜੋਂ ਨਾ ਪੇਸ਼ ਕਰੀਏ।
ਆਪਣੇ ਕੰਮ ਦੌਰਾਨ ਜਾਂ ਜ਼ਰੂਰੀ ਬਣਦੀ ਘਰੇਲੂ ਕੰਮ ਦੀ ਮੁਸ਼ੱਕਤ ਦੌਰਾਨ ਵੀ, ਸੱਚੀ ਪ੍ਰੋਲੇਤਾਰੀ ਇਨਕਲਾਬੀ ਚੇਤਨਾ ਨੂੰ ਪ੍ਰਨਾਈਆਂ ਔਰਤ ਸਾਥਣਾਂ ਭਰਪੂਰ ਇਨਕਾਲਾਬੀ ਭਾਵਨਾ ਦਾ ਪ੍ਰਗਟਾਵਾ ਕਰਨਗੀਆਂ ਅਤੇ ਇਨਕਲਾਬੀ ਅਸੂਲਾਂ ਅਨੁਸਾਰ ਸਹੀ ਤਨਾਸਬ ਬਣਾ ਕੇ ਰੱਖਣਗੀਆਂ। ਇਸ ਦੇ ਉਲਟ, ਜੇ ਇੱਕ ਕਾਮਰੇਡ ਔਰਤ ਦੀ ਪ੍ਰੋਲੇਤਾਰੀ ਇਨਕਾਲਾਬੀ ਚੇਤਨਾ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਉਹ ਆਪਣੀ ਵਿਅਕਤੀਗਤ ਤ੍ਰਿਪਤੀ ਲਈ ਜਾਂ ਫਿਰ ਕਿਸੇ ਹੋਰ ਕਿਸਮ ਦੇ ਖ਼ੁਦਗਰਜ਼ ਉਲਝੇਵੇਂ ਕਾਰਨ, ਜ਼ਰੂਰੀ ਬਣਦੇ ਘਰੇਲੂ ਕੰਮ ਕਾਰ ਨੂੰ ਨਜ਼ਰ-ਅੰਦਾਜ਼ ਕਰਦੀ ਹੈ, ਤਾਂ ਉਹ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਫਲ ਰਹਿੰਦੀ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਉੁਹ ਆਪਣੀ ਮਾਨਸਿਕ ਸ਼ਕਤੀ ਦਾ ਵੱਡਾ ਹਿੱਸਾ ਸੌੜੇ ''ਘਰੇਲੂ ਆਨੰਦ'' ਵਿੱਚ ਹੀ ਖਪਾ ਦੇਂਦੀ ਹੋਵੇ, ਸੋ ਸਵਾਲ ਮੁੱਖ ਤੌਰ 'ਤੇ ਇਹੀ ਹੈ ਕਿ ਕੀ ਔਰਤ ਕਾਮਰੇਡ ਨੇ ਆਪਣੇ-ਆਪ ਨੂੰ ਮਜ਼ਦੂਰ ਜਮਾਤ ਦੇ ਇਨਕਲਾਬੀ ਕਾਜ ਪ੍ਰਤੀ ਦ੍ਰਿੜਤਾ ਅਤੇ ਲਗਨ ਨਾਲ ਸਮਰਪਿਤ ਕੀਤਾ ਹੈ ਜਾਂ ਨਹੀਂ।
ਇੱਕ ਖਰੀ ਪ੍ਰੋਲੇਤਾਰੀ ਇਨਕਲਾਬਵਾਦੀ ਬਨਣ ਲਈ, ਇੱਕ ਇਨਕਲਾਬੀ ਔਰਤ ਕਾਰਕੁੰਨ ਨੂੰ ਸਭ ਤੋਂ ਪਹਿਲਾਂ ਆਪਣੀ ਬੁਨਿਆਦੀ ਸੇਧ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਲੰਮੇ ਇਨਕਲਾਬੀ ਅਭਿਆਸ ਰਾਹੀਂ ਪ੍ਰੋਲੇਤਾਰੀ ਕਮਿਊਨਿਸਟ ਸੰਸਾਰ ਦ੍ਰਿਸ਼ਟੀਕੋਣ ਨੂੰ ਪ੍ਰਪੱਕ ਬਣਾਉਣਾ ਚਾਹੀਦਾ ਹੈ। ਸੰਸਾਰ ਦ੍ਰਿਸ਼ਟੀਕੋਣ ਦਾ ਭਾਵ ਹੈ ਸਮੁੱਚੇ ਸੰਸਾਰ, ਸਮੁੱਚੇ ਸਮਾਜ ਅਤੇ ਸਮੁੱਚੀ ਜ਼ਿੰਦਗੀ ਬਾਰੇ ਇੱਕ ਆਮ ਨਜ਼ਰੀਆ। ਇਹ ਕੰਮ ਅਤੇ ਰੁਜ਼ਗਾਰ ਨਾਲ ਸੰਬੰਧਤ ਸਭ ਤਰਾਂ ਦੀਆਂ ਠੋਸ ਸਮੱਸਿਆਵਾਂ ਪ੍ਰਤੀ ਵਿਅਕਤੀ ਦੇ ਰਵੱਈਏ ਨੂੰ ਨਿਸ਼ਚਿਤ ਕਰਦਾ ਹੈ। ਉਹ ਇਨਕਲਾਬੀ ਔਰਤ ਕਾਰਕੁੰਨ ਹੀ ਜਿਸ ਕੋਲ ਪ੍ਰੋਲੇਤਾਰੀ ਕਮਿਊਨਿਸਟ ਸੰਸਾਰ ਦ੍ਰਿਸ਼ਟੀਕੋਣ ਹੋਵੇ, ਪ੍ਰੋਲੇਤਾਰੀ ਦੇ ਇਨਕਲਾਬੀ ਕਾਜ਼ ਪ੍ਰਤੀ ਆਪਣੀਆਂ ਸਮਰੱਥਾਵਾਂ ਅਰਪਣ ਕਰੇਗੀ, ਇਨਕਲਾਬੀ ਕੰਮ ਅਤੇ ਵਿਅਕਤੀਗਤ ਸਮੱਸਿਆਵਾਂ ਦੇ ਰਿਸ਼ਤੇ ਨੂੰ ਸਹੀ ਢੰਗ ਨਾਲ ਹੱਲ ਕਰੇਗੀ ਅਤੇ ਸੱਚਾ ਕਮਿਊਨਿਸਟ ਬਣਨ ਲਈ ਸਵੈ-ਸਿਖਲਾਈ ਸੇਧ ਵਿੱਚ ਯਤਨ ਕਰੇਗੀ।
ਕੀ ਇਹ ਕਿਆਸਿਆ ਜਾ ਸਕਦਾ ਹੈ ਕਿ ਇਕ ਇਨਕਲਾਬੀ ਔਰਤ ਕਾਰਕੁੰਨ ਇਹ ਵੀ ਨਹੀਂ ਜਾਣਦੀ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਕੀ ਹੈ? ਅਤੇ ਸਾਰਾ ਦਿਨ ਇਸੇ ਦੁਚਿੱਤੀ ਵਿੱਚ ਹੀ ਫ਼ਸੀ ਰਹਿੰਦੀ ਹੈ ਕਿ ਉਹ ਆਪਣੇ ਪਤੀ, ਬੱਚਿਆਂ ਅਤੇ ਪਰਿਵਾਰ ਨੂੰ ਪਹਿਲ ਦੇਵੇ ਜਾਂ ਆਪਣੇ ਇਨਕਲਾਬੀ ਕੰਮ ਨੂੰ ਮੂਹਰੇ ਰੱਖੇ? ਅਤੇ ਕੀ ਇਹ ਵੀ ਕਿਆਸਿਆ ਜਾ ਸਕਦਾ ਹੈ ਕਿ ਇੱਕ ਇਨਕਲਾਬੀ ਔਰਤ ਕਾਰਕੁੰਨ ਆਪਣੇ ਪਤੀ ਦੀ ਚੋਣ ਸਮੇਂ ਇਸ ਉਲਝਣ ਵਿੱਚ ਫਸ ਜਾਵੇ ਕਿ ਉਹ ਸਿਆਸੀ ਹੈਸੀਅਤ ਜਾਂ ਆਰਥਕ ਹੈਸੀਅਤ 'ਚੋਂ ਕਿਹੜੀ ਗੱਲ ਨੂੰ ਤਰਜੀਹ ਦੇਵੇ?
ਸਾਡੀਆਂ ਔਰਤ ਕਾਰਕੁੰਨਾਂ ਅਤੇ ਔਰਤ ਕਾਰਮੇਡਾਂ ਲਈ ਅਜੇ ਸਭ ਤੋਂ ਮਹੱਤਵਪੂਰਨ ਕਾਰਜ, ਪ੍ਰੋਲੇਤਾਰੀ ਵਿਚਾਰਾਂ ਨਾਲ ਆਪਣੇ ਸਿਰਾਂ ਨੂੰ ਹਥਿਆਰਬੰਦ ਕਰਨ ਅਤੇ ਆਪਣੀ ਇਨਕਲਾਬੀ ਚੇਤਨਾ ਨੂੰ Àੁੱਪਰ ਚੁੱਕਣ ਦਾ ਹੈ ਨਾ ਕਿ ਜ਼ੋਰ ਸ਼ੋਰ ਨਾਲ ਅਜਿਹੇ ਸਵਾਲਾਂ ਦੇ ਅਧਿਐਨ ਵਿੱਚ ਗ਼ਲਤਾਨ ਰਹਿਣ ਦਾ ਕਿ ਔਰਤਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ।''
ਔਰਤ ਕਾਮਰੇਡਾਂ ਦੀ ਇਨਕਲਾਬੀ ਚੇਤਨਾ ਨੂੰ ਉੱਪਰ ਚੁੱਕਣ ਲਈ ਉਨਾਂ ਦੇ ਵਿਚਾਰ ਪ੍ਰਬੰਧ ਦੀ ਠੋਸ ਹਾਲਤ ਅਨੁਸਾਰ ਢੁੱਕਵੀਂ ਸਿੱਖਿਆ ਦੀ ਲੋੜ ਹੈ। ਭਾਵੇਂ ਕਿ ਔਰਤ ਕਾਮਰੇਡਾਂ ਦੀਆਂ ਕੁੱਝ ਆਪਣੀਆਂ ਵਿਸ਼ੇਸ਼ ਸਮੱਸਿਆਵਾਂ ਵੀ ਹਨ ਜਿਹੜੀਆਂ ਕਿ ਬੁੱਝੀਆਂ ਅਤੇ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਸੀਂ ਇਸ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਪਰ ਜੇ ਕੋਈ ਸਵਾਲ ਦੇ ਠੋਸ ਤੱਤ ਨੂੰ ਜਮਾਤੀ ਨਜ਼ਰੀਏ ਨਾਲ ਗ੍ਰਹਿਣ ਨਹੀਂ ਕਰਦਾ, ਸਗੋਂ ਇਹੋ ਜਿਹੀਆਂ ਗੱਲਾਂ ਵਿੱਚ ਗ਼ਲਤਾਨ ਹੋ ਜਾਂਦਾ ਹੈ ਜਿਸ ਨੂੰ ਹੋਰ ਲੋਕੀਂ ''ਔਰਤਾਂ ਦਾ ਆਨੰਦ'', ''ਔਰਤਾਂ ਦੀ ਖੁਸ਼ੀ'', ''ਔਰਤਾਂ ਦੀ ਕੁਦਰਤੀ ਜ਼ਿੰਮੇਵਾਰੀ'' ਜਾਂ ''ਔਰਤਾਂ ਲਈ ਤਿੰਨ ਅੜਿੱਕੇ ਪਿਆਰ, ਵਿਆਹ ਤੇ ਬੱਚਿਆਂ ਦੀ ਪੈਦਾਇਸ਼'' ਜਾਂ ਇਸ ਗੱਲ ਤੇ ਜ਼ੋਰ ਦਿੰਦਾ ਹੈ ਔਰਤ ਕਾਰਕੁੰਨ ''ਕਾਰਕੁੰਨ'' ਵੀ ਹਨ ਅਤੇ ''ਔਰਤ'' ਵੀ ਹਨ ਤਾਂ ਉਹ ਲਾਜ਼ਮੀ ਹੀ ਮਨੁੱਖੀ ਖ਼ਾਸੀਅਤ ਵਾਲੇ ਬੁਰਜ਼ੂਆ ਸਿਧਾਂਤਾਂ ਦੇ ਚੱਕਰਵਿਊ ਵਿੱਚ ਉਲਝ ਕੇ ਰਹਿ ਜਾਵੇਗਾ, ਔਰਤਾਂ ਦੇ ਸਵਾਲ ਬਾਰੇ ਹੋਰ ਵੀ ਵਧੇਰੇ ਭੰਬਲਭੂਸੇ ਵਿੱਚ ਪੈ ਜਾਵੇਗਾ ਅਤੇ ਇਉਂ ਮਿਹਨਤਕਸ਼ ਔਰਤਾਂ ਦੇ ਵਿਸ਼ਾਲ ਜਨਸਮੂਹਾਂ ਨੂੰ ਇਨਕਲਾਬੀ ਸਿਧਾਂਤ ਨਾਲ ਸਿੱਖਿਅਤ ਕਰਨ ਦੇ ਮਕਸਦ ਨੂੰ ਹਾਸਲ ਕਰਨ ਵਿੱਚ ਅਸਫਲ ਹੋ ਨਿਬੜੇਗਾ।
ਸੋ, ਸਪੱਸ਼ਟ ਹੈ ਕਿ ਜੇਕਰ ਔਰਤਾਂ ਦੇ ਸਵਾਲ ਦੀ ਪੇਸ਼ਕਾਰੀ ਜਮਾਤੀ ਨਜ਼ਰੀਏ ਅਤੇ ਜਮਾਤੀ ਵਿਸ਼ਲੇਸ਼ਣ ਤੋਂ ਥਿੜਕ ਜਾਂਦੀ ਹੈ ਤਾਂ ਇਸ ਸਵਾਲ ਦੇ ਠੋਸ ਤੱਤ ਨੂੰ ਉਘਾੜਿਆ ਨਹੀਂ ਜਾ ਸਕੇਗਾ, ਔਰਤ ਮਸਲੇ ਬਾਰੇ ਬੁਰਜ਼ੂਆ ਨਜ਼ਰੀਏ ਨਾਲੋਂ ਨਿਖੇੜੇ ਦੀ ਲਕੀਰ ਸਪੱਸ਼ਟ ਨਹੀਂ ਖਿੱਚੀ ਜਾ ਸਕੇਗੀ ਅਤੇ ਇਸ ਦਾ ਲਾਜ਼ਮੀ ਨਤੀਜਾ ਇਹ ਹੋਵੇਗਾ ਕਿ ਕੁੱਝ ਲੋਕ ਵਿਚਾਰਧਾਰਕ ਘਚੋਲੇ ਦਾ ਸ਼ਿਕਾਰ ਹੋ ਜਾਣਗੇ। ਸੋ ਇਨਕਲਾਬੀ ਕਾਜ਼ ਲਈ ਇਹ ਗੱਲ ਬਹੁਤ ਹੀ ਨੁਕਸਾਦੇਹ ਸਾਬਤ ਹੋਵੇਗੀ ਜੇਕਰ ਕਾਮਰੇਡਾਂ ਦਾ ਅਤੇ ਖ਼ਾਸ ਕਰਕੇ ਔਰਤ ਕਾਮਰੇਡਾਂ ਦਾ ਧਿਆਨ ਘਰੇਲੂ ਅਨੰਦ, ਪਤੀ ਦੀ ਸਾਲਾਨਾ ਆਮਦਨ ਅਤੇ ਔਰਤਾਂ ਦੇ ਜਿਉਣ ਦਾ ਮਕਸਦ ਆਦਿ ਗੱਲਾਂ ਵੱਲ ਖਿੱਚਿਆ ਜਾਂਦਾ ਹੈ ਅਤੇ ਇਉਂ ਅਜੋਕੇ ਸਿਆਸੀ ਕਾਰਜਾਂ ਅਤੇ ਜਮਾਤੀ ਸੰਘਰਸ਼ ਨੂੰ ਨਜ਼ਰਅੰਦਾਜ਼ ਕਰਨ ਵੱਲ ਤੋਰਿਆ ਜਾਂਦਾ ਹੈ।
ਲੈਨਿਨ ਨੇ ਕਿਹਾ ਸੀ, ''ਸਾਡਾ ਕਾਰਜ ਸਿਆਸਤ ਨੂੰ ਅਜਿਹੀ ਚੀਜ਼ ਬਨਾਉਣਾ ਹੈ ਜਿਸ ਵਿਚ ਹਰੇਕ ਮਿਹਨਤਕਸ਼ ਔਰਤ ਹਿੱਸਾ ਲੈ ਸਕਦੀ ਹੋਵੇ'' (ਔਰਤ ਕਾਮਿਆਂ ਦੀ ਲਹਿਰ ਬਾਰੇ ਕਾਰਜ, ਗ੍ਰੰਥ-30) ਕਾ. ਮਾਉ-ਜੇ-ਤੁੰਗ ਨੇ ਕਿਹਾ ਹੈ ਕਿ ਸਿਆਸੀ ਨਜ਼ਰੀਏ ਦੀ ਹੋਂਦ, ''ਰੂਹ ਦੀ ਅਣਹੋਂਦ ਬਰਾਬਰ ਹੈ।'' (ਲੋਕਾਂ ਵਿਚਲੀਆਂ ਵਿਰੋਧਤਾਈਆਂ ਨੂੰ ਸਹੀ ਢੰਗ ਨਾਲ ਨਜਿੱਠਣ ਬਾਰੇ 'ਚੋਂ)
ਸਾਡੀਆਂ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਗੱਲ, ਪ੍ਰਚਾਰ ਅਤੇ ਵਿੱਦਿਆ ਰਾਹੀਂ ਉਨਾਂ ਨੂੰ ਮਾਰਕਸਵਾਦ-ਲੈਨਿਨਵਾਦ, ਮਾਓ-ਜ਼ੇ-ਤੁੰਗ ਦੇ ਵਿਚਾਰ ਅਤੇ ਪਾਰਟੀ ਦੀਆਂ ਨੀਤੀਆਂ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਨਕਲਾਬੀ ਸੰਘਰਸ਼ਾਂ ਅੰਦਰ ਸ਼ਮੂਲੀਅਤ ਲਈ ਉਨਾਂ ਦੇ ਚੇਤਨਾ ਪੱਧਰ ਨੂੰ ਉੱਪਰ ਚੁੱਕਣਾ ਅਤੇ ਨੂੰ ਹੋਰ ਦ੍ਰਿੜ ਬਣਾਉਣ ਲਈ ਪ੍ਰੇਰਨਾ ਹੈ ਨਾ ਕਿ ਉਨਾਂ ਦਾ ਬਿਆਨ ਅਖੌਤੀ ''ਘਰੇਲੂ ਸੁਖ'' ਵੱਲ ਮੋੜਨਾ ਹੈ।
ਲੈਨਿਨ ਨੇ 1920 ਵਿੱਚ ਇਸ ਗੱਲ ਵੱਲ ਧਿਆਨ ਦਿਵਾਇਆ ਸੀ ਕਿ ਵਿਆਹ ਅਤੇ ਪਿਆਰ ਦੇ ਮਾਮਲਿਆਂ ਨੂੰ ਔਰਤਾਂ ਅਤੇ ਨੌਜਵਾਨਾਂ ਵਿਚਕਾਰ ਵਿਚਾਰ-ਚਰਚਾ ਲਈ ਮੁੱਖ ਸਵਾਲਾਂ ਵੱਜੋਂ ਪੇਸ਼ ਕਰਨਾ ਗ਼ਲਤ ਹੈ। ਸਾਡਾ ਸਾਰਾ ਜ਼ੋਰ ਉਲਟ ਇਨਕਲਾਬੀ ਸ਼ਕਤੀ ਨੂੰ ਹਰਾਉਣ ਲਈ ਸਾਰੀਆਂ ਪ੍ਰੋਲੇਤਾਰੀ ਇਨਕਲਾਬੀ ਸ਼ਕਤੀਆਂ ਨੂੰ ਇੱਕਜੁੱਟ ਕਰਨ 'ਤੇ ਲੱਗਣਾ ਚਾਹੀਦਾ ਹੈ। ਔਰਤ ਕਾਮਰੇਡਾਂ ਅਤੇ ਮਿਹਨਤਕਸ਼ ਔਰਤਾਂ ਦਾ ਪ੍ਰੋਲੇਤਾਰੀ ਇਨਕਲਾਬ ਨਾਲ ਸਰੋਕਾਰ ਬਣਾਉਣ ਵੱਲ ਲੱਗਣਾ ਚਾਹੀਦਾ ਹੈ। ਔਰਤਾਂ ਨੂੰ ਸਮਾਜੀ ਜ਼ਿੰਦਗੀ ਦੇ ਸਾਰੇ ਪੱਖਾਂ ਅਤੇ ਸਾਰੀਆਂ ਸਮਾਜੀ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਉਂ ਕਰਨ ਨਾਲ ਹੀ ਉਹ ਆਪਣੀ ਤੰਗ ਵਿਅਕਤੀਵਾਦੀ ਪਰਿਵਾਰਕ ਜ਼ਿੰਦਗੀ ਤੋਂ ਅਤੇ ਮਾਨਸਿਕ ਸੀਮਤਾਈਆਂ ਤੋਂ ਉੱਪਰ ਉੱਠਣ ਦੇ ਸਮਰਥ ਹੋ ਸਕਣਗੀਆਂ। ਇਉਂ ਕਰਨ ਨਾਲ ਹੀ, ਵਿਆਹ ਅਤੇ ਦੋਹਾਂ ਲਿੰਗਾਂ ਵਿਚਕਾਰ ਰਿਸ਼ਤਿਆਂ ਵਾਸਤੇ ਸੱਚੀ ਇਨਕਲਾਬੀ ਨੀਂਹ ਰੱਖੀ ਜਾ ਸਕੇਗੀ।
ਬੇਸ਼ੱਕ, ਸਾਡੀਆਂ ਅਜੋਕੀਆਂ ਹਾਲਤਾਂ, ਉਸ ਸਮੇਂ ਦੇ ਰੂਸ ਅਤੇ ਜਰਮਨੀ ਨਾਲੋਂ ਵੱਖਰੀਆਂ ਹਨ। ਪਰ ਲੈਨਿਨ ਵੱਲੋਂ ਵਿਕਸਤ ਕੀਤੇ ਗਏ ਅਸੂਲ ਅੱਜ ਵੀ ਸਾਡੇ ਲਈ ਗਹਿਰੀ ਤੇ ਅਮਲੀ ਆਗੂ ਭੁਮਿਕਾ ਦੀ ਮਹੱਤਤਾ ਰੱਖਦੇ ਹਨ। ਅੱਜ ਅਸੀਂ ਦੋ ਜਮਾਤਾਂ ਦੋ ਰਾਹਾਂ ਵਿਚਕਾਰ ਤਿੱਖੇ ਅਤੇ ਗੰਭੀਰ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਹਾਂ। ਸਾਰੀਆਂ ਸਮਾਜਵਾਦ ਵਿਰੋਧੀ ਸਮਰਮਾਏਦਾਰ ਸ਼ਕਤੀਆਂ ਬੁਰਜ਼ੂਆ ਵਿਚਾਰਾਂ ਅਤੇ ਸੰਕਲਪਾਂ ਦੇ ਪਸਾਰੇ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਉਹ ਇਸ ਜਾਦੂਮਈ ਹਥਿਆਰ ਨੂੰ ਵਰਤਣ ਦੀਆਂ ਬਹੁਤ ਮਾਹਰ ਹਨ ਜਿਸ ਨੂੰ ਮਨੁੱਖੀ ਸੁਭਾਅ ਦਾ ਸਿਧਾਂਤ ਕਿਹਾ ਜਾਂਦਾ ਹੈ। ਇਸ ਰਾਹੀਂ ਉਹ ਸੁਚੇਤ ਰੂਪ ਵਿੱਚ ਭੰਬਲ-ਭੂਸਾ ਪੈਦਾ ਕਰਨ, ਔਰਤਾਂ ਵਿੱਚ ਵਿਅਕਤੀਵਾਦ ਅਤੇ ਐਪੀਕੁਈਰੀਵਾਦ ਨੂੰ ਫੈਲਾਉਣ, ''ਘਰੇਲੂ ਆਨੰਦ'' ਜਿਹੇ ਸਵਾਲਾਂ ਰਾਹੀਂ ਲਗਾਤਾਰ ਉਨਾਂ ਦਾ ਧਿਆਨ ਪਾਸੇ ਤਿਲਕਾਉਣ, ਉਨਾਂ ਦੀ ਸਮਾਜਵਾਦੀ ਭਾਵਨਾ ਨੂੰ ਭ੍ਰਿਸ਼ਟ ਕਰਨ, ਇਨਕਲਾਬੀ ਤਾਂਘ ਨੂੰ ਖੋਰਾ ਲਾਉਣ ਅਤੇ ਉਨਾਂ ਨੂੰ ਸਰਮਾਏਦਾਰੀ ਅਤੇ ਸੋਧਵਦ ਦੀ ਦਿਸ਼ਾ ਵਿੱਚ ਨਿਘਾਰ ਦੇਣ ਲਈ ਯਤਨਸ਼ੀਲ ਹਨ। ਸਾਡੀਆਂ ਔਰਤ ਕਾਮਰੇਡਾਂ ਨੂੰ ਅਜਿਹੇ ਵਿਚਾਰਧਾਰਕ ਜ਼ਹਿਰ ਤੋਂ ਚੌਕਸ ਰਹਿਣਾ ਚਾਹੀਦਾ ਹੈ। ਔਰਤਾਂ ਅਤੇ ਪਰਿਵਾਰ ਦੇ ਸਵਾਲਾਂ ਨੂੰ ਜਮਾਤੀ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਹੱਥ ਪਾਉਣ ਅਤੇ ਹੱਲ ਕਰਨ ਲਈ, ਮਾਓ-ਜੇ-ਤੁੰਗ ਦੇ ਵਿਚਾਰਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਸੰਘਰਸ਼ ਦੇ ਖੇਤਰ ਅੰਦਰ ਹਰ ਕਿਸਮ ਦੇ ਬੁਰਜ਼ੂਆ ਵਿਚਾਰਾਂ ਖ਼ਿਲਾਫ਼ ਦ੍ਰਿੜਤਾ ਨਾਲ ਘੋਲ ਕਰਨਾ ਚਾਹੀਦਾ ਹੈ।
ਅਨੁਵਾਦ- ਮਨਦੀਪ
ਪੁਸਤਕ 'ਔਰਤ ਮੁਕਤੀ ਦਾ ਮਾਰਗ' ਚੋਂ

No comments:
Post a Comment