Search This Blog

Thursday, May 2, 2019

‘ਸਭ ਤੋਂ ਖ਼ਤਰਨਾਕ’ ਬੰਦੇ ਦੇ ਘਰ

Posted On April - 28 - 2019



ਮਨਦੀਪ
ਸੈਰ ਸਫ਼ਰ


ਕਮਿਊਨਿਜ਼ਮ ਦੇ ਜਨਮਦਾਤੇ ਕਾਰਲ ਮਾਰਕਸ ਦਾ ਜਰਮਨੀ ਸਥਿਤ ਘਰ।
1848 ਵਿਚ ਮਾਰਕਸ ਤੇ ਏਂਗਲਜ਼ ਵੱਲੋਂ ‘ਕਮਿਊਨਿਸਟ ਮੈਨੀਫੈਸਟੋ’ ਦੇ ਰੂਪ ਵਿਚ ਇਨਕਲਾਬੀ ਜ਼ੁਬਾਨ ’ਚ ਇਕ ਨਵਾਂ ਸੰਸਾਰ ਸੰਕਲਪ ਕਲਮਬੱਧ ਕੀਤਾ ਗਿਆ ਜਿਸਦੇ ਮੁੱਢਲੇ ਸ਼ਬਦ ਸਨ: ‘‘ਯੂਰੋਪ ਨੂੰ ਇਕ ਪ੍ਰੇਤ ਡਰਾ ਰਿਹਾ ਹੈ- ਉਹ ਹੈ ਕਮਿਊਨਿਜ਼ਮ ਦਾ ਪ੍ਰੇਤ। ਇਸ ਪ੍ਰੇਤ ਨੂੰ ਭਜਾਉਣ ਲਈ ਪੋਪ ਅਤੇ ਜ਼ਾਰ, ਮੈਟਰਨਿਖ ਅਤੇ ਗੀਜ਼ੋ, ਫਰਾਂਸਿਸੀ ਅਤਿਵਾਦੀ ਅਤੇ ਜਰਮਨ ਖ਼ੁਫ਼ੀਆ ਪੁਲੀਸ ਅਤੇ ਬੁੱੱਢੇ ਯੂਰੋਪ ਦੀਆਂ ਸਾਰੀਆਂ ਤਾਕਤਾਂ ਨੇ ‘ਪਵਿੱਤਰ ਗੱਠਜੋੜ’ ਬਣਾ ਲਿਆ ਹੈ।’’ ਪਰ ਯੂਰੋਪ ਦੀਆਂ ਪਿਛਾਖੜੀ ਤਾਕਤਾਂ ਨੂੰ ਮਹਿਜ਼ ਕਮਿਊਨਿਜ਼ਮ ਦਾ ਨਹੀਂ ਸਗੋਂ ਇਸ ਦੇ ਪਿਤਾਮਾ ਦਾ ਪ੍ਰੇਤ ਵੀ ਡਰਾ ਰਿਹਾ ਸੀ। ਇਨ੍ਹਾਂ ਸਾਰੀਆਂ ਤਾਕਤਾਂ ਨੇ ਆਖ਼ਰੀ ਦਮ ਤੱਕ ਕਮਿਊਨਿਜ਼ਮ ਦੇ ਜਨਮਦਾਤੇ (ਕਾਰਲ ਮਾਰਕਸ) ਦਾ ਪਿੱਛਾ ਕਰਨਾ ਨਹੀਂ ਛੱੱਡਿਆ। ਯੂਰੋਪੀ ਰਿਆਸਤਾਂ ਦੇ ਸੂਹੀਏ ਆਏ ਦਿਨ ਉਸ ਦੇ ਖ਼ਿਲਾਫ਼ ਦਰਬਾਰੀ ਅਖ਼ਬਾਰਾਂ-ਰਸਾਲਿਆਂ ’ਚ ਮਸਾਲੇਦਾਰ ਸਮੱਗਰੀ ਛਾਪਦੇ ਰਹਿੰਦੇ। ਕਾਰਲ ਦੀ ਪੂਰੀ ਜ਼ਿੰਦਗੀ ਬੇਸ਼ੁਮਾਰ ਅਧਿਐਨ, ਬੇਥਾਹ ਲੇਖਣ, ਮਹਾਨ ਖੋਜ ਕਾਰਜਾਂ, ਉਮਦਾ ਬਹਿਸਾਂ, ਤਿੱਖੀਆਂ ਆਲੋਚਨਾਵਾਂ, ਅਨੇਕਾਂ ਜਲਾਵਤਨੀਆਂ, ਘੋਰ ਪਰਿਵਾਰਕ ਔਕੜਾਂ, ਗ਼ਰੀਬੀ ਦਾ ਸੰਤਾਪ ਭੋਗਣ ਤੇ ਕਮਿਊਨਿਜ਼ਮ ਦਾ ਫਲਸਫ਼ਾ ਘੜਣ ਦੇ ਕਾਰਜ ਨੂੰ ਸਮਰਪਿਤ ਰਹੀ। ਕਾਰਲ ਮਾਰਕਸ ਇਕ ਮਹਾਨ ਫਿਲਾਸਫ਼ਰ, ਰਾਜਨੀਤੀਵਾਨ, ਅਰਥਸ਼ਾਸਤਰੀ, ਸਮਾਜ ਵਿਗਿਆਨੀ ਤੇ ਪੱਤਰਕਾਰ ਸੀ। ਉਸ ਦਾ ਜਨਮ 5 ਮਈ 1818 ਨੂੰ ਟ੍ਰੀਅਰ (ਰ੍ਹਾਈਨ ਕੰਢੇ ਦੇ ਪਰੁਸ਼ੀਆ) ’ਚ ਹੋਇਆ। ਜਿਸ ਘਰ ਵਿਚ ਕਾਰਲ ਦਾ ਜਨਮ ਹੋਇਆ ਉਹ ਘਰ ਅੱਜ ਅਜਾਇਬਘਰ ਦੇ ਰੂਪ ’ਚ ਦੁਨੀਆਂ ਭਰ ਦੇ ਲੋਕਾਂ ਲਈ ਕਾਰਲ ਮਾਰਕਸ ਦੇ ਫਲਸਫ਼ੇ ਦੇ ਦਰਸ਼ਨ ਕਰਨ ਲਈ ਖੁੱਲ੍ਹਾ ਹੈ। ਪਿਛਲੇ ਦਿਨੀਂ ਕਾਰਲ ਮਾਰਕਸ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਕਾਰਲ ਮਾਰਕਸ
ਜਰਮਨੀ ਦੇ ਟ੍ਰੀਅਰ ਦੇ ਕੇਂਦਰ ’ਚ ਸਥਿਤ ਇਹ ਘਰ ਦੇਖਣ ਨੂੰ ਨਵਾਂ ਨਕੋਰ ਅਤੇ ਆਲੀਸ਼ਾਨ ਲੱਗਦਾ ਹੈ, ਪਰ ਇਸ ਦੀ ਉਸਾਰੀ 1727 ਦੇ ਆਸ-ਪਾਸ ਹੋਈ ਦੱਸੀ ਜਾਂਦੀ ਹੈ। ਕਾਰਲ ਦੇ ਪਿਤਾ ਹੈਨਰਿਕ ਮਾਰਕਸ ਨੇ ਇਹ ਘਰ ਕਾਰਲ ਦੇ ਜਨਮ ਤੋਂ ਇਕ ਮਹੀਨਾ ਪਹਿਲਾਂ ਅਪਰੈਲ 1818 ’ਚ ਕਿਰਾਏ ’ਤੇ ਲਿਆ ਸੀ। ਮਈ ’ਚ ਕਾਰਲ ਦਾ ਜਨਮ ਹੋਇਆ ਅਤੇ ਇਸ ਘਰ ਵਿਚ ਕਾਰਲ ਨੇ ਆਪਣੇ ਬਚਪਨ ਤੇ ਜਵਾਨੀ ਦੇ ਕਈ ਮੁੱਢਲੇ ਵਰ੍ਹੇ ਬਿਤਾਏ। ਜੈਨੀ ਨਾਲ ਵਿਆਹ ਤੋਂ ਬਾਅਦ ਕਾਰਲ ਨੇ ਇਹ ਘਰ ਛੱਡ ਦਿੱਤਾ ਅਤੇ ਉਹ ਪੈਰਿਸ, ਬਰੱਸਲਜ਼, ਲੰਡਨ ਆਦਿ ਅਨੇਕਾਂ ਥਾਵਾਂ ’ਤੇ ਰਹਿੰਦਾ ਰਿਹਾ। ਕਾਰਲ ਦੇ ਪਿਤਾ ਦੀ ਮੌਤ ਤੋਂ ਬਾਅਦ 1850 ’ਚ ਉਸ ਦੀ ਮਾਤਾ ਨੇ ਇਹ ਘਰ ਵੇਚ ਦਿੱਤਾ ਸੀ। ਉਸ ਤੋਂ ਬਾਅਦ ਇਸ ਘਰ ਦੇ ਕਈ ਮਾਲਕ ਰਹੇ ਅਤੇ 1928 ’ਚ ਜਰਮਨੀ ਦੀ ਕਮਿਊਨਿਸਟ ਪਾਰਟੀ ਨੇ ਇਹ ਘਰ ਖਰੀਦ ਲਿਆ ਤੇ ਇਸ ਨੂੰ ਸਿਆਸੀ ਸਰਗਰਮੀਆਂ ਦਾ ਕੇਂਦਰ ਬਣਾਇਆ। ਇਹ ਘਰ ਜਰਮਨੀ ਦੀ ਹਿਟਲਰ ਦੀ ਅਗਵਾਈ ਵਾਲੀ ਨਾਜ਼ੀ ਪਾਰਟੀ ਦੇ ਫਾਸ਼ੀਵਾਦੀ ਹਮਲਿਆਂ ਵਿਰੁੱਧ ਸੰਘਰਸ਼ ਦਾ ਚਿੰਨ੍ਹ ਰਿਹਾ। ਇਸ ਦੇ ਮੁੱਖ ਦਰਵਾਜ਼ੇ ਉੱਤੇ ‘ਆਇਰਨ ਫਰੰਟ’ (ਫਾਸ਼ੀਵਾਦ ਵਿਰੋਧੀ ਚਿੰਨ੍ਹ) ਨਾਂ ਦਾ ਲਾਲ ਝੰਡਾ ਸਦਾ ਲਹਿਰਾਉਂਦਾ ਰਹਿੰਦਾ। ਨਾਜ਼ੀਆਂ ਨੇ ਜਰਮਨੀ ਸੋਸ਼ਲ ਡੈਮੋਕਰੇਟਿਕ ਆਗੂ ਗੁਸਤਾਵ ਕਾਸੈਲ ਦੀ ਹੱੱਤਿਆ ਕਰਕੇ ਉਸ ਦੀ ਲਾਸ਼ ਕਾਰਲ ਮਾਰਕਸ ਦੇ ਘਰ ਅੱਗੇ ਸੁੱਟ ਦਿੱਤੀ ਅਤੇ ਫਰਵਰੀ 1933 ਵਿਚ ਨਾਜ਼ੀ ਫ਼ੌਜ ਨੇ ਇਮਾਰਤ ’ਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇਸ ਇਮਾਰਤ ਨੂੰ ਨੁਕਸਾਨ ਪਹੁੰਚਾਉਂਦਿਆਂ ‘ਆਇਰਨ ਫਰੰਟ’ ਨੂੰ ਗਲੀ ’ਚ ਸੁੱਟ ਕੇ ਤੇ ਸਾੜ ਕੇ ਜਿੱਤ ਦੇ ਜਸ਼ਨ ਮਨਾਏ ਅਤੇ ਕਾਰਲ ਮਾਰਕਸ ਦੇ ਘਰ ਅੱਗੇ ਨਾਜ਼ੀ ਜਰਮਨੀ ਦਾ ਝੰਡਾ ਝੁਲਾ ਦਿੱਤਾ। ਨਾਜ਼ੀ ਜਰਮਨੀ ਦੇ ਪਤਨ ਤੋਂ ਬਾਅਦ 1947 ’ਚ ਕਾਰਲ ਦੇ ਗਰਾਈਂ ਕੁਝ ਸਮਾਜਿਕ ਜਮਹੂਰੀਅਤ-ਪਸੰਦਾਂ ਨੇ ਇਕ ਕਮੇਟੀ ਬਣਾ ਕੇ ਇਸ ਘਰ ਦੀ ਮੁਰੰਮਤ ਕਰਵਾਈ ਅਤੇ ਇਸ ਨੂੰ ਅਜਾਇਬਘਰ ਵਜੋਂ ਖੋਲ੍ਹ ਦਿੱਤਾ। 1968 ’ਚ ਫਰੈਡਰਿਕ ਈਬਰਟ ਫਾਊਂਡੇਸ਼ਨ ਨੇ ਕਾਰਲ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਮਾਰਕਸ ਦੇ ਜੀਵਨ ਅਤੇ ਕੰਮ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਲਾਈ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪ੍ਰਦਰਸ਼ਨੀ ਵਧਦੀ-ਫੁਲਦੀ ਆ ਰਹੀ ਹੈ।
ਘਰ ਅੰਦਰ ਦਾਖਲੇ ਦੀ ਟਿਕਟ ਲੈ ਕੇ ਅੰਦਰ ਜਾਂਦਿਆਂ ਹੀ ਪਹਿਲੇ ਕਮਰੇ ਦੀ ਸਾਹਮਣੀ ਕੰਧ ਉੱਤੇ ਕਾਰਲ ਮਾਰਕਸ ਦਾ ਦਿਓ ਕੱਦ ਸਕੈੱਚ ਦੇਖਣ ਨੂੰ ਮਿਲਦਾ ਹੈ। ਖੱਬੇ ਹੱਥ ਉਪਰਲੇ ਖੂੰਜੇ ’ਚ ਕਾਰਲ ਦੇ ਐਨ ਮੋਢੇ ਉੱਤੇ ਏਂਗਲਜ਼, ਮਾਓ ਜ਼ੇ ਤੁੰਗ, ਹੋ ਚੀ ਮਿੰਨ ਦੇ ਸਕੈੱਚ ਹਨ। ਸੱਜੇ ਹੱਥ ਹੇਠਲੇ ਖੂੰਜੇ ’ਚ ‘ਡਰੀਮ ਟੀਮ’ ਭਾਵ ਕਾਰਲ, ਏਂਗਲਜ਼, ਜੈਨੀ, ਏਲੀਆਨੋਰ ਅਤੇ ਲੌਰਾ ਦੀ ਮਹਿਫ਼ਿਲ। ਇਸ ਤੋਂ ਇਲਾਵਾ ਦਾਸ ਕੈਪੀਟਲ, ਕਮਿਊਨਿਸਟ ਮੈਨੀਫੈਸਟੋ, ਪੋਰਤਾ ਨੇਗਰਾ, ਲੰਡਨ ਗੇਟ ਆਦਿ ਦੇ ਛੋਟੇ-ਛੋਟੇ ਪਰਛਾਵੇਂ ਹਨ। ਇਕ ਖੂੰਜੇ ’ਚ ਲੋਹੇ ਦੀ ਗਰਿੱਲ ਲਾ ਕੇ ਉਹ ਖੂਹ ਸਲਾਮਤ ਰੱੱਖਿਆ ਹੋਇਆ ਹੈ ਜਿਸਦਾ ਪਾਣੀ ਪੀ ਕੇ ਕਾਰਲ ਮਾਰਕਸ ਨੇ ਦੁਨੀਆਂ ਭਰ ਦੀਆਂ ਲੁਟੇਰੀਆਂ ਜਮਾਤਾਂ ਦਾ ਖ਼ੂਨ ਸਾੜਿਆ ਹੋਇਆ ਸੀ।
ਪੌੜੀਆਂ ਚੜ੍ਹ ਕੇ ਉਪਰ ਵਾਲੇ ਪਹਿਲੇ ਕਮਰੇ ਦੇ ਐਨ ਵਿਚਕਾਰ ਕਾਰਲ ਮਾਰਕਸ ਦੇ ਜੁੱਸੇ ਵਰਗੀ ਪਈ ਵੱਡ-ਆਕਾਰੀ ਕੁਰਸੀ ਇਕ ਵਾਰ ਦਿਲ-ਦਿਮਾਗ਼ ਅੰਦਰ ਝੁਣਝਣੀ ਛੇੜ ਦਿੰਦੀ ਹੈ। ਉਸ ਦੀ ਮਨਪਸੰਦ ਪੜ੍ਹਨ ਕੁਰਸੀ। ਇਕ ਵਾਰ ਤਾਂ ਇੰਜ ਜਾਪਦਾ ਹੈ ਜਿਵੇਂ ਕਾਰਲ ਹੁਣੇ ਉੱਠ ਕੇ ਨਾਲ ਦੇ ਕਮਰੇ ਵਿਚ ਗਿਆ ਹੋਵੇ। ਇਹ ਕੁਰਸੀ ਜਿਸ ਉੱਤੇ ਬੈਠ ਕੇ ਉਸ ਮਹਾਨ ਵਿਦਵਾਨ ਨੇ ਦੁਨੀਆਂ ਭਰ ਦੇ ਮਿਹਨਤਕਸ਼ਾਂ ਦੀ ਮੁਕਤੀ ਦਾ ਫਲਸਫ਼ਾ ਲਿਖਿਆ। ਜਿਸ ਉੱਤੇ ਬੈਠ ਕੇ ਉਸ ਨੇ ਕਈ-ਕਈ ਰਾਤਾਂ ਜਾਗ ਕੇ ਦੁਨੀਆਂ ਭਰ ਦੀ ਲੁਟੇਰੀ ਅਤੇ ਜ਼ਾਲਮ ਜਮਾਤ ਦੀ ਮੌਤ ਦਾ ਮਰਸੀਆ ਤਿਆਰ ਕੀਤਾ। ਉਹ ਕੁਰਸੀ ਜਿਸ ਉੱਤੇ ਬੈਠ ਕੇ 14 ਮਾਰਚ 1883 ਦੀ ਸ਼ਾਮ ਨੂੰ ਪੌਣੇ ਤਿੰਨ ਵਜੇ ਉਸ ਨੇ ਆਖ਼ਰੀ ਸਾਹ ਲਿਆ। ਇਹ ਕੁਰਸੀ ਲੰਡਨ ਤੋਂ ਵਿਸ਼ੇਸ਼ ਤੌਰ ’ਤੇ ਲਿਆ ਕੇ ਇਸ ਘਰ ਵਿਚ ਰੱਖੀ ਗਈ ਹੈ। ਕਮਰੇ ਦੇ ਇਕ ਪਾਸੇ ਗੁਸਤਾਵ ਸਾਟਿਜ ਦੀ ਬੁੱਤਤਰਾਸ਼ੀ ਦਾ ਉੱਤਮ ਨਮੂਨਾ ਸੈਲਾਨੀਆਂ ਦਾ ਧਿਆਨ ਖਿੱਚਦਾ ਹੈ।

ਮਨਦੀਪ
ਲਗਭਗ ਹਰ ਕਮਰੇ ਵਿਚ ਕਾਰਲ ਮਾਰਕਸ ਦੀਆਂ ਹੱਥ-ਲਿਖਤਾਂ ਦੀਆਂ ਅਸਲੀ ਕਾਪੀਆਂ, ਨੋਟਸ ਆਦਿ ਸ਼ੀਸ਼ਿਆਂ ’ਚ ਜੜੇ ਦੇਖਣ ਨੂੰ ਮਿਲਦੇ ਹਨ, ਖ਼ਾਸਕਰ ਦਾਸ ਕੈਪੀਟਲ (ਸਰਮਾਇਆ) ਅਤੇ ਕਮਿਊਨਿਸਟ ਮੈਨੀਫੈਸਟੋ ਦੇ ਟਾਈਟਲ ਪੰਨੇ। ਸਰਮਾਇਆ ਦੀ ਉਹ ਜਿਲਦ ਜਿਸ ਨੂੰ ਸਰਮਾਏਦਾਰ ਜਮਾਤ ਦੇ ਸਿਰ ਵਿਚ ਠੋਕਿਆ ਗਿਆ, ਨੂੰ ਸਭ ਤੋਂ ਖ਼ਤਰਨਾਕ ਕਿੱਲ ਆਖਿਆ ਗਿਆ। ਇਸ ਵਿਚ ਮਾਰਕਸ ਨੇ ਸਿੱਧ ਕੀਤਾ ਕਿ ਮਨੁੱਖੀ ਇਤਿਹਾਸ ਸ਼੍ਰੇਣੀ ਘੋਲ ਦਾ ਇਤਿਹਾਸ ਹੈ। ਇਕ ਜਮਾਤ ਦੀ ਜਿੱਤ ਦੂਜੀ ਜਮਾਤ ਦੀ ਹਾਰ ’ਤੇ ਟਿਕੀ ਹੋਈ ਹੈ। ਪ੍ਰੋਲੇਤਾਰੀ ਤੇ ਪੂੰਜੀਵਾਦੀ ਜਮਾਤ ਵਿਚਕਾਰ ਯੁੱਧ ਤੇ ਪ੍ਰੋਲੇਤਾਰੀ ਦੀ ਜਿੱਤ ਨਿਸ਼ਚਿਤ ਹੈ। ਭਵਿੱਖ ਦੀ ਇਤਿਹਾਸਕ ਜਮਾਤ ਪ੍ਰੋਲੇਤਾਰੀ ਹੈ।
ਉਸ ਕਮਿਊਨਿਸਟ ਮੈਨੀਫੈਸਟੋ ਦੇ ਪੰਨੇ ਇੱਥੇ ਮੌਜੂਦ ਹਨ ਜਿਸ ਵਿਚ ਉਸ ਨੇ ਵਿਕਾਸ ਦੀ ਸਭ ਤੋਂ ਅਗਾਂਹਵਧੂ ਵਿਚਾਰਧਾਰਾ ਵਜੋਂ ਦਵੰਦਵਾਦ, ਸ਼੍ਰੇਣੀ ਘੋਲ ਦਾ ਸਿਧਾਂਤ ਤੇ ਪ੍ਰੋਲੇਤਾਰੀ ਅਤੇ ਨਵੇਂ ਕਮਿਊਨਿਸਟ ਸਮਾਜ ਦਾ ਖਾਕਾ ਪੇਸ਼ ਕੀਤਾ। ਮੈਨੀਫੈਸਟੋ ਵਿਚ ਮਜ਼ਦੂਰ ਇਨਕਲਾਬ ਦਾ ਖੁੱਲ੍ਹਾ ਤਾਕਤਵਾਰ, ਪ੍ਰਤਿਭਾਸ਼ਾਲੀ ਅਤੇ ਮਾਣ ਭਰਪੂਰ ਸੱਦਾ ਦਿੱਤਾ ਗਿਆ: ‘‘ਕਮਿਊਨਿਸਟ ਇਨਕਲਾਬ ਦੇ ਡਰ ਨਾਲ ਹਾਕਮ ਜਮਾਤਾਂ ਨੂੰ ਕੰਬਣ ਦਿਉ। ਮਜ਼ਦੂਰ ਕੋਲ ਗਵਾਉਣ ਲਈ ਆਪਣੀਆਂ ਜ਼ੰਜੀਰਾਂ ਤੋਂ ਬਿਨਾਂ ਕੁਝ ਨਹੀਂ ਹੈ। ਜਿੱਤਣ ਲਈ ਉਨ੍ਹਾਂ ਸਾਹਮਣੇ ਸਾਰਾ ਸੰਸਾਰ ਹੈ। ਸੰਸਾਰ ਭਰ ਦੇ ਮਜ਼ਦੂਰੋ ਇਕ ਹੋ ਜਾਉ!’’ ਦੁਨੀਆਂ ’ਚ ਉਥਲ-ਪੁਥਲ ਲਿਆਉਣ ਵਾਸਤੇ ‘ਕਮਿਊਨਿਸਟ ਮੈਨੀਫੈਸਟੋ’ ਤੋਂ ਪ੍ਰਭਾਵਸ਼ਾਲੀ ਹੋਰ ਕੋਈ ਦਸਤਾਵੇਜ਼ ਅੱਜ ਤੱਕ ਨਹੀਂ ਲਿਖਿਆ ਗਿਆ।
ਅਗਲੀਆਂ ਦੀਵਾਰਾਂ ਉੱਤੇ ਏਂਗਲਜ਼ ਦੀ ਜਨਮ ਕੁੰਡਲੀ ਉਲੀਕੀ ਹੋਈ ਹੈ। ਉਸ ਦੇ ਜੀਵਨ ਦੇ ਮਹੱਤਵਪੂਰਨ ਪੜਾਵਾਂ ਦਾ ਚਿਤਰਨ ਕਿ ਕਿਵੇਂ ਇਕ ਮਿੱਲ ਮਾਲਕ ਦਾ ਅਮੀਰ ਪੁੱਤਰ ਗ਼ਰੀਬ ਮਿੱਲ ਮਜ਼ਦੂਰਾਂ ਦੀ ਹਾਲਤ ਵੇਖ ਕੇ ਉਨ੍ਹਾਂ ਦੀ ਹਾਲਤ ਸੁਧਾਰਨ ਤੇ ਆਪਣੇ ਕਾਰੋਬਾਰ ਨੂੰ ਉਜਾੜਣ ਦੇ ‘ਕੁਚੱਜੇ’ ਰਾਹ ਪੈ ਗਿਆ ਸੀ। ਕਾਰਲ ਅਤੇ ਏਂਗਲਜ਼ ਦੀਆਂ ਮਿਲਣੀਆਂ ਦਾ ਸਮਾਂ ਤੇ ਸਥਾਨ, ਉਨ੍ਹਾਂ ਵਿਚਲੇ ਵਾਅਦਿਆਂ ਤੇ ਸਮਝੌਤਿਆਂ ਦਾ ਜ਼ਿਕਰ। ਇਹ ਉਹ ਦੌਰ ਸੀ ਜਦੋਂ ਦੋ ਮਹਾਨ ਸ਼ਖ਼ਸੀਅਤਾਂ ਨੇ ਹੱਥ ਮਿਲਾਇਆ ਅਤੇ ਇਸ ਮਿਲਣੀ ਤੋਂ ਇਕ ਸਾਲ ਬਾਅਦ 1848 ’ਚ ਇਨਕਲਾਬੀ ਅਖ਼ਬਾਰ ‘ਨੋਏ ਰਾਇਨੁਸ਼ ਜਾਇਤੁੰਗ’ ਪ੍ਰਕਾਸ਼ਿਤ ਕੀਤਾ ਗਿਆ ਜਿਸ ਨੇ ਸਿਆਸੀ ਤੇ ਸੱਤਾ ਦੇ ਗਲਿਆਰਿਆਂ ’ਚ ਤਹਿਲਕਾ ਮਚਾ ਦਿੱਤਾ।
ਘਰ ਦੇ ਕਿਸੇ ਵੀ ਕੋਨੇ ’ਚ ਜੈਨੀ ਦੀ ਤਸਵੀਰ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਇਹ ਕਾਰਲ ਦੀ ਤਸਵੀਰ ਨਾਲੋਂ ਵੀ ਵੱਧ ਖਿੱਚ ਪਾਉਂਦੀ ਹੈ। ਕਾਰਲ ਦੀ ਜ਼ਿੰਦਗੀ ’ਚ ਉਸ ਦਾ ਸਭ ਤੋਂ ਵੱਧ ਸਾਥ ਦੇਣ ਵਾਲੀ ਮਹਾਨ ਔਰਤ। ਜੈਨੀ ਪਰੁਸ਼ੀਆਈ ਰਾਠਸ਼ਾਹੀ ਪਰਿਵਾਰ ਨਾਲ ਸਬੰਧਿਤ ਹੁੰਦਿਆਂ ਵੀ ਵਿਆਹ ਤੋਂ ਬਾਅਦ ਮਾਰਕਸ ਨਾਲ ਚੰਗੇ ਸਮਾਜ ਦੀ ਉਸਾਰੀ ਲਈ ਜ਼ਿੰਦਗੀ ਭਰ ਮੁਸ਼ਕਿਲਾਂ ਤੇ ਫਾਕੇ ਕੱਟਦੀ ਰਹੀ। ਉਸ ਨੇ ਕਾਰਲ ਦੀ ਜ਼ਿੰਦਗੀ ਦੇ ਉਚੇਰੇ ਉਦੇਸ਼ ਲਈ ਆਪਣੀਆਂ ਅਤੇ ਆਪਣੇ ਬੱੱਚਿਆਂ ਦੀਆਂ ਖ਼ੁਸ਼ੀਆਂ ਅਤੇ ਜ਼ਿੰਦਗੀ ਤੱਕ ਕੁਰਬਾਨ ਕਰ ਦਿੱਤੀ। ਪਰੁਸ਼ੀਆ ਦੀ ‘ਮਲਕਾ’ ਤੇ ਟ੍ਰੀਅਰ ਦੀ ਸਭ ਤੋਂ ਖੂਬਸੂਰਤ ਕਾਰਲ ਦੀ ਇਹ ਪ੍ਰੇਮਿਕਾ ਉਸ ਨਾਲ ਲੰਡਨ ਦੀ ਸਭ ਤੋਂ ਗੰਦੀ ਤੇ ਸਸਤੀ ਬਸਤੀ ’ਚ ਰਹੀ। ਉਨ੍ਹਾਂ ਨੂੰ ਘਰ ਦਾ ਕੀਮਤੀ ਸਾਮਾਨ ਤੇ ਆਪਣੀ ਲਾਇਬਰੇਰੀ ਤੱਕ ਵੇਚਣੀ ਪਈ। ਮਾਲਕ ਵੱਲੋਂ ਘਰ ਦਾ ਸਾਰਾ ਸਾਮਾਨ ਤੇ ਵਿਲਕਦੇ ਬੱਚਿਆਂ ਦੇ ਖਿਡੌਣੇ ਤੱਕ ਜ਼ਬਤ ਕਰ ਲਏ ਗਏ।
ਪੂਰੇ ਘਰ ਦੀਆਂ ਕੰਧਾਂ ਉੱਤੇ ਕਮਿਊਨਿਸਟ ਲਹਿਰ ਅਤੇ ਸੰਸਾਰ ਇਨਕਲਾਬਾਂ ਦਾ ਲਿਖਿਆ ਇਤਿਹਾਸ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਅੱਜ ਵੀ ਕਾਰਲ ਦੇ ਘਰ ਦੀਆਂ ਕੰਧਾਂ ਪੂੰਜੀਵਾਦੀ ਜਮਾਤਾਂ ਨੂੰ ਕੰਧ ’ਤੇ ਲਿਖਿਆ ਪੜ੍ਹਨ ਦੀ ਵੰਗਾਰ ਪਾ ਰਹੀਆਂ ਹੋਣ। ਕਾਰਲ ਮਾਰਕਸ ਦੇ ਸਿਧਾਂਤ ਉੱਤੇ ਚੱਲਦਿਆਂ ਰੂਸ ਅੰਦਰ ਹੋਏ ਪਹਿਲੇ ਸਮਾਜਵਾਦੀ ਇਨਕਲਾਬ ਦਾ ਵਿਸ਼ੇਸ਼ ਚਿਤਰਣ ਕੀਤਾ ਗਿਆ ਹੈ। ਇਸ ਇਨਕਲਾਬ ਦੇ ਮੋਢੀ ਵੀ.ਆਈ. ਲੈਨਿਨ ਦੀ ਵਡਿਆਈ ਕੀਤੀ ਹੋਈ ਹੈ। ਮਾਰਕਸਵਾਦ ਦਾ ਪਹਿਲਾ ਅਜਿਹਾ ਵਾਰਸ ਜਿਸ ਨੇ ਸਿਧਾਂਤ ਨੂੰ ਅਮਲ ’ਚ ਬਦਲਣ ਦਾ ਯੁੱਗ ਪਲਟਾਊ ਕਾਰਜ ਕੀਤਾ। 1917 ਦੇ ਇਨਕਲਾਬ ਤੋਂ ਪਹਿਲਾਂ ਰੂਸ ਦੇ ਕ੍ਰਾਂਤੀਕਾਰੀ ਨੌਜਵਾਨਾਂ ’ਚ ਮਾਰਕਸ ਦੀਆਂ ਲਿਖਤਾਂ ਦੀ ਪੂਰੀ ਚਰਚਾ ਛਿੜ ਚੁੱਕੀ ਸੀ। ਇਨ੍ਹਾਂ ਰੂਸੀ ਇਨਕਲਾਬੀਆਂ ਨੇ ਹੀ ਦੁਨੀਆਂ ’ਚ ਸਭ ਤੋਂ ਪਹਿਲਾਂ ‘ਦਾਸ ਕੈਪੀਟਲ’ ਦਾ ਰੂਸੀ ਜ਼ੁਬਾਨ ਵਿਚ ਤਰਜਮਾ ਕੀਤਾ। ਤਰਜਮਾ ਹੀ ਨਹੀਂ ਸਗੋਂ ਉਸ ਨੂੰ ਪੂਰੀ ਗੰਭੀਰਤਾ ਨਾਲ ਆਤਮਸਾਤ ਕੀਤਾ। ਜਦੋਂ ਰੂਸੀ ਇਨਕਲਾਬੀ ਏਂਗਲਜ਼ ਨੂੰ ਮਿਲਕੇ ਕਾਰਲ ਤੇ ਏਂਗਲਜ਼ ਦੀਆਂ ਲਿਖਤਾਂ ਉੱਤੇ ਤਬਸਰਾ ਕਰਦੇ ਤਾਂ ਏਂਗਲਜ਼ ਨੂੰ ਇਸ ਉੱਤੇ ਬਹੁਤ ਹੈਰਾਨੀ ਹੁੰਦੀ। 1887 ’ਚ ਜ਼ਾਰ ਉੱਤੇ ਹਮਲੇ ਦੇ ਦੋਸ਼ ’ਚ ਲੈਨਿਨ ਦੇ ਭਰਾ ਸਿਕੰਦਰ ਓਲੀਆਨੋਵ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਉਦੋਂ ਰੂਸ ਵਿਚਲੀ ਉਥਲ-ਪੁਥਲ ਨੇ ਏਂਗਲਜ਼ ਦਾ ਧਿਆਨ ਖਿੱੱਚਿਆ। ਕਾਰਲ ਤੇ ਏਂਗਲਜ਼ ਦੇ ਦੇਹਾਂਤ ਮਗਰੋਂ 1910 ’ਚ ਰੂਸ ਦੀ ਇਕ ਭਗੌੜੀ ਜੋੜੀ ਲੈਨਿਨ ਅਤੇ ਕਰੁੱਪਸਕਾਇਆ, ਕਾਰਲ ਦੀ ਧੀ ਲਾਰਾ ਅਤੇ ਜਵਾਈ ਲਫਾਰਗ ਨੂੰ ਫਰਾਂਸ ਵਿਚ ਉਨ੍ਹਾਂ ਦੇ ਘਰ ਮਿਲੇ। ਕਾਸ਼! ਉਹ ਇਸ ਤੋਂ ਪਹਿਲਾਂ ਏਂਗਲਜ਼ ਨੂੰ ਵੀ ਮਿਲ ਲੈਂਦੇ! 1887 ’ਚ ਲੈਨਿਨ ਵਿਦਿਆਰਥੀ ਜੀਵਨ ਵੇਲੇ ਇਨਕਲਾਬੀ ਕਾਰਵਾਈਆਂ ਕਰਨ ਲੱਗਿਆ ਸੀ। 1889 ਤੱਕ ਤਾਂ ਉਸ ਨੇ ਕਮਿਊਨਿਸਟ ਮੈਨੀਫੈਸਟੋ ਸਮੇਤ ਕਾਰਲ-ਏਂਗਲਜ਼ ਦੀਆਂ ਹੋਰ ਲਿਖਤਾਂ ਵੀ ਰੂਸੀ ਜ਼ੁਬਾਨ ਵਿਚ ਕੰਠ ਕਰ ਲਈਆਂ ਸਨ।
ਇਕ ਕਮਰੇ ਵਿਚ ਦਰਜਨ ਤੋਂ ਉਪਰ ਟੀਵੀ ਸਕਰੀਨਾਂ ਉੱਤੇ ਮੌਜੂਦਾ ਸਮੇਂ ਦੀ ਸਿਆਸੀ, ਆਰਥਿਕ ਅਤੇ ਸਮਾਜਿਕ ਹਾਲਤ ਦਾ ਬਾਰੇ ਅੰਕੜੇ ਦਿੱਤੇ ਜਾ ਰਹੇ ਹਨ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਚੱਲੇ ਵਿਸ਼ਵੀਕਰਨ ਦੇ ਦੌਰ ਉੱਤੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਗਈਆਂ ਹਨ। ਘਰ ਦੇ ਪਿਛਲੇ ਪਾਸੇ ਬਗੀਚੇ ਵੱਲ ਬਣੇ ਕਮਰਿਆਂ ਅੰਦਰ ਵੱਡੀ ਗਿਣਤੀ ’ਚ ਕਾਰਲ ਦੀਆਂ ਹੱਥ ਲਿਖਤਾਂ ਅਤੇ ਉਸ ਦੇ ਲਏ ਨੋਟਸਾਂ ਦੀਆਂ ਕਾਪੀਆਂ (ਵੇਰਵੇ ਸਹਿਤ) ਪਈਆਂ ਹਨ। ਸ਼ੀਸ਼ੇ ਦੇ ਇਕ ਬਕਸੇ ਵਿਚ ਉਸ ਦੀ ਹੱਥ ਘੜੀ ਸੰਭਾਲ ਕੇ ਰੱਖੀ ਹੋਈ ਹੈ।
ਘਰ ਦੇ ਪਿਛਲੇ ਪਾਸੇ ਬਗੀਚੇ ’ਚ ਕਾਰਲ ਦੀ ਧੀ ਏਲੀਆਨੋਰ ਮਾਰਕਸ ਦਾ ਬੁੱਤ, ਕਾਰਲ ਮਾਰਕਸ ਦੇ ਤਿੰਨ ਬੁੱੱਤ ਅਤੇ ਕੰਧ ’ਤੇ ਪੋਸਟਰ ਲੱਗੇ ਹੋਏ ਹਨ। ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਸਿਰਫ਼ ਕਾਰਲ ਮਾਰਕਸ ਦੀਆਂ ਲਿਖਤਾਂ ਤੱਕ ਹੀ ਮਹਿਦੂਦ ਨਹੀਂ ਸੀ। ਏਲੀਆਨੋਰ ਆਪਣੀਆਂ ਯਾਦਾਂ ’ਚ ਦੱਸਦੀ ਹੈ ਕਿ ਉਨ੍ਹਾਂ ਨੂੰ ਫੁੱਲ ਬਹੁਤ ਪਸੰਦ ਸਨ। ਇਸ ਤੋਂ ਇਲਾਵਾ ਛੋਟੇ ਪੌਦੇ, ਜੜੀਆਂ-ਬੂਟੀਆਂ, ਸਬਜ਼ੀਆਂ ਦੀਆਂ ਵੇਲਾਂ ਅਤੇ ਫ਼ਲਾਂ ਦੇ ਬੂਟੇ ਹਮੇਸ਼ਾਂ ਉਨ੍ਹਾਂ ਦੇ ਬਗੀਚੇ ਦੀ ਸ਼ਾਨ ਹੁੰਦੇ ਸਨ। ਇਹ ਬਗੀਚਾ ਮਾਰਕਸ ਦੇ ਪਰਿਵਾਰ ਨੇ ਚਾਰ ਹਿੱੱਸਿਆਂ ਵਿਚ ਵੰਡਿਆ ਹੋਇਆ ਸੀ। ਹਰ ਹਿੱਸੇ ਵਿਚ ਤਰਤੀਬਵਾਰ ਮੌਸਮੀ ਬੂਟੇ, ਫ਼ਲ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਸਨ। ਪਰਿਵਾਰ ਦੇ ਬਾਕੀ ਜੀਆਂ ਵਾਂਗ ਕਾਰਲ ਵੀ ਇਸ ਬਗੀਚੇ ਦਾ ‘ਮਾਲੀ’ ਹੁੰਦਾ ਸੀ।
ਯੂਰੋਪੀਅਨ ਸਮਾਜ ’ਚ
ਕਾਰਲ ਮਾਰਕਸ ਨੂੰ ਯੂਰੋਪ ਦਾ ਸਭ ਤੋਂ ਖ਼ਤਰਨਾਕ ਬੰਦਾ ਸਮਝਿਆ ਜਾਂਦਾ ਹੈ, ਪਰ ਇਹ ਉਸ ਦੀ ਸ਼ਖ਼ਸੀਅਤ ਨਾਲ ਬੇਇਨਸਾਫ਼ੀ ਹੈ। ਉਹ ਇਕੱਲੇ ਯੂਰੋਪ ਦੀਆਂ ਹਾਕਮ ਜਮਾਤਾਂ ਦੀਆਂ ਹੀ ਅੱਖਾਂ ਦਾ ਰੋੜ ਨਹੀਂ ਸੀ ਸਗੋਂ ਆਪਣੇ ਸਮਕਾਲ ਤੋਂ ਅੱਜ ਤੱਕ ਦੁਨੀਆਂ ਭਰ ਦੀਆਂ ਲੁਟੇਰੀਆਂ ਅਤੇ ਜਾਬਰ ਜਮਾਤਾਂ ਲਈ ‘ਸਭ ਤੋਂ ਖ਼ਤਰਨਾਕ’ ਬੰਦਾ ਹੈ।
ਆਮ ਤੌਰ ’ਤੇ ਕਿਤਾਬਾਂ ਪ੍ਰਤੀ ਵਿਸ਼ੇਸ਼ ਲਗਾਵ ਹੈ, ਪਰ ਕਾਰਲ ਮਾਰਕਸ ਦੇ ਗਰਾਂ, ਖ਼ਾਸਕਰ ਉਸ ਦੇ ਘਰ ਦੇ ਨੇੜੇ ਸਥਿਤ ਵੱਡੀਆਂ ਲਾਇਬ੍ਰੇਰੀਆਂ ’ਚ ਵੱਖ-ਵੱਖ ਸ਼੍ਰੇਣੀਆਂ ਦੇ ਪਾਠਕਾਂ ਦੀ ਖ਼ਾਸ ਚਹਿਲ-ਪਹਿਲ ਸੀ। ਬੁੱਕ ਵਿਕਰੇਤਾਵਾਂ ਦਾ ਆਪਣੇ ਵਪਾਰਕ ਹਿੱਤਾਂ ਦੇ ਨਾਲ-ਨਾਲ ਕਿਤਾਬਾਂ ਅਤੇ ਪਾਠਕਾਂ ਪ੍ਰਤੀ ਖ਼ਾਸ ਸਨੇਹ। ਪਾਠਕਾਂ ਨੂੰ ਅਧਿਐਨ ਸਮੱਗਰੀ ਹਾਸਲ ਕਰਵਾਉਣ ਪ੍ਰਤੀ ਗੰਭੀਰਤਾ। ਪੂੰਜੀਵਾਦੀ ਮੰਡੀ ਦੇ ਟੌਪ ਦੇ ਬਰਾਂਡਾਂ ’ਚ ਘਿਰੇ ਟਰੀਅਰ ਅਤੇ ਖਪਤਵਾਦੀ ਸੱੱਭਿਆਚਾਰ ’ਚ ਨਸ਼ਿਆਏ ਉਸ ਦੇ ਵਸਨੀਕਾਂ ’ਚ ਕਿਤਾਬਾਂ ਪ੍ਰਤੀ ਖਿੱਚ ਦੇ ਇਕੱਠੇ ਦਰਸ਼ਨ ਹੋ ਜਾਂਦੇ ਹਨ। 2019 ਦੇ ਜਰਮਨੀ ’ਚ ਕਾਰਲ ਮਾਰਕਸ ਦੀ ਸਰਮਾਇਆ ਅਤੇ ਕਮਿਊਨਿਸਟ ਮੈਨੀਫੈਸਟੋ ਦਾ ਮਜ਼ਦੂਰ, ਜਿਸ ਦਾ ਬਿੰਬ ਉਸ ਦੀਆਂ ਲਿਖਤਾਂ ਪੜ੍ਹ ਕੇ ਮਨ ਵਿਚ ਬਣਦਾ ਹੈ, ਕਿਤੇ ਦੇਖਣ ਨੂੰ ਨਹੀਂ ਮਿਲਦਾ। ਨਾ ਹੀ ਉਸ ਕਿਸਮ ਦੇ ਮਿੱਲ ਤੇ ਫੈਕਟਰੀ ਮਾਲਕ ਜਿਨ੍ਹਾਂ ਖ਼ਿਲਾਫ਼ ਕਾਰਲ-ਏਂਗਲਜ਼ ਜ਼ਿੰਦਗੀ ਭਰ ਜੂਝਦੇ ਤੇ ਜੂਝਣ ਦਾ ਹੋਕਾ ਦਿੰਦੇ ਰਹੇ। ਇਸ ਦੇ ਬਾਵਜੂਦ ਜਰਮਨੀ ਸਮੇਤ ਯੂਰੋਪ ਕੋਈ ਵਰਗ ਰਹਿਤ ਸਮਾਜ ਨਹੀਂ।

ਈ-ਮੇਲ: mandeepsaddowal@gmail.com


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...