Search This Blog

Wednesday, September 22, 2021

ਅਫਗਾਨਿਸਤਾਨ ’ਚ ਅਮਰੀਕੀ ਚੌਧਰ ਦਾ ਕਿਲਾ ਢਹਿ ਢੇਰੀ ੦ ਮਨਦੀਪ

 ਕੌਮਾਂਤਰੀ ਝਰੋਖੇ ’ਚੋਂ


ਤਾਲਿਬਾਨ ਨੇ ਅਫਗਾਨਿਸਤਾਨ ’ਚ ਕਾਬਜ਼ ਅਮਰੀਕੀ ਸਾਮਰਾਜ ਅਤੇ ਉਸਦੀ ਕੱਠਪੁਤਲੀ ਅਸ਼ਰਫ ਗਨੀ ਹਕੂਮਤ ਖਿਲਾਫ ਅਫਗਾਨ ਲੋਕਾਂ ਦੇ ਵਿਰੋਧ ਨੂੰ ਵਰਤਦਿਆਂ ਫੌਜੀ ਅਤੇ ਸਿਆਸੀ ਜਿੱਤ ਹਾਸਲ ਕਰ ਲਈ ਹੈ। ਅਮਰੀਕਾ ਵੱਲੋਂ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਨਾਂ ਹੇਠ ਦੋ ਦਹਾਕੇ ਤੋਂ ਅਫਗਾਨਿਸਤਾਨ ਵਿੱਚ ਕੀਤੀ ਕਤਲੋਗਾਰਦ, ਤਬਾਹੀ ਅਤੇ ਜੁਲਮ ਦੇ ਰਾਜ ਦਾ ਅੰਤ ਹੋ ਗਿਆ ਹੈ।ਭਾਵੇਂ ਨਵੇਂ ਰੂਪ’ਚ ਵੱਡੇ ਖਤਰੇ ਮੌਜੂਦ ਹਨ। ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੀ ਇਤਿਹਾਸਕ ਅਤੇ ਨਮੋਸ਼ੀਜਨਕ ਹਾਰ ਹੋ ਚੁੱਕੀ ਹੈ।ਅਮਰੀਕਾ ਦੀ ਇਹ ਹਾਰ ਸਾਬਤ ਕਰਦੀ ਹੈ ਕਿ ਤਕੜੇ ਤੋਂ ਤਕੜੀ ਸਾਮਰਾਜੀ ਮਹਾਂਸ਼ਕਤੀ ਵੀ ਕੌਮਾਂ ਨੂੰ ਲੰਬਾ ਸਮਾਂ ਗੁਲਾਮ ਨਹੀਂ ਰੱਖ ਸਕਦੀ। ਵੀਅਤਨਾਮ ਜੰਗ ਤੋਂ ਬਾਅਦ ਇਹ ਅਮਰੀਕਨ ਸਾਮਰਾਜ ਦੀ ਇੱਕ ਹੋਰ ਕਰਾਰੀ ਹਾਰ ਹੈ। 

ਭਾਵੇਂ ਤਾਲਿਬਾਨੀ ਸੱਤਾ ਵੇਲੇ ਵੀ ਉਹਨਾਂ ਉੱਪਰ ਔਰਤਾਂ ਦੇ ਅਧਿਕਾਰਾਂ ਦਾ ਹਨਨ ਕਰਨ, ਇਸਲਾਮਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬੇਰਹਿਮੀ ਨਾਲ ਸਜਾ ਦੇਣ, ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦੇਣ,ਔਰਤਾਂ ਨੂੰ ਆਪਣਾ ਚਿਹਰਾ ਨਕਾਬਾਂ ਨਾਲ ਢੱਕ ਕੇ ਰੱਖਣ, ਔਰਤਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਨਾਲ ਇੱਕ ਰਿਸ਼ਤੇਦਾਰ ਪੁਰਸ਼ ਦਾ ਹੋਣਾ ਜਰੂਰੀ, ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਾ ਦੇਣਾ ਅਤੇ ਟੀਵੀ, ਸੰਗੀਤ, ਪੇਂਟਿੰਗ ਅਤੇ ਫੋਟੋਗ੍ਰਾਫੀ 'ਤੇ ਪਾਬੰਦੀ ਲਾਉਣ ਦੇ ਦੋਸ਼ ਲੱਗਦੇ ਰਹੇ ਹਨ। ਪਰ ਹੁਣ ਤਾਲਿਬਾਨ ਵੱਲੋਂ ਔਰਤਾਂ ਨੂੰ ਕੰਮ ਕਰਨ ਅਤੇ ਲੜਕੀਆਂ ਨੂੰ ਸਕੂਲਾਂ ਵਿੱਚ ਪੜ੍ਹਨ ਦੀ ਇਜਾਜ਼ਤ ਦੇਣ ਬਾਰੇ ਕਿਹਾ ਜਾ ਰਿਹਾ ਹੈ। ਫਿਰ ਵੀ ਤਾਲਿਬਾਨ ਦੇ ਕਬਜੇ ਬਾਅਦ ਇਹ ਖਦਸ਼ੇ ਜਤਾਏ ਜਾ ਰਹੇ ਹਨ ਕਿ ਔਰਤਾਂ ਉੱਪਰ ਦਾਬੇ ਦਾ ਦੌਰ ਹਾਲੇ ਖਤਮ ਨਹੀਂ ਹੋਵੇਗਾ। ਦੂਜੇ ਪਾਸੇ ਤਾਲਿਬਾਨਨੇ ਭਰੋਸਾ ਦਿਵਾਇਆ ਹੈ ਕਿ ਔਰਤਾਂ ਦੇ ਅਧਿਕਾਰਾਂ ਦਾਖਿਆਲ ਰੱਖਿਆ ਜਾਵੇਗਾ, ਪਰ ਸ਼ਰੀਅਤ ਦੇ ਅਕੀਦੇ ਮੁਤਾਬਕ। ਇਸ ਤੋਂ ਇਹ ਸਾਫ ਹੈ ਕਿ ਅਫਗਾਨੀ ਔਰਤਾਂਲਈ ਮੱਧਯੁੱਗੀ ਕਦਰਾਂ-ਕੀਮਤਾਂ ਦੀ ਤਲਵਾਰ ਹਾਲੇ ਲਟਕਦੀ ਰਹੇਗੀ।

ਅਫ਼ਗਾਨਿਸਤਾਨ ਦੇ ਇਸ ਘਟਨਾਕ੍ਰਮ ਨਾਲ ਅਮਰੀਕਨ ਮਹਾਂ ਸ਼ਕਤੀ ਨੂੰ ਹੋਰ ਖੋਰਾ ਲੱਗਿਆ ਹੈ ਜਿਸਦਾ ਅਸਰ ਭਾਰਤ ਉੱਤੇ ਵੀ ਪਿਆ ਹੈ। ਭਾਰਤ ਪਹਿਲਾਂ ਹੀ ਆਪਣੇ ਗੁਆਂਢੀ ਮੁਲਕਾਂ ਵਿੱਚੋਂ ਨਿਖੜਿਆ ਹੋਇਆ ਹੈ ਪਰ ਅਮਰੀਕਾ ਦੀ ਹਾਰ ਨਾਲ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਦਿਵਾਲਾ ਨਿੱਕਲ ਗਿਆ ਹੈ।ਅਮਰੀਕਾ ਸ਼ਰਮਿੰਦਗੀ ਤੋਂ ਆਪਣੇ ਬਚਾਅ ਵਿੱਚ ਕਹਿ ਰਿਹਾ ਹੈ ਕਿ ਉਸ ਦਾ ਅਲ-ਕਾਇਦਾ ਨੂੰ ਹਰਾਉਣ ਦਾ ਰਣਨੀਤਕ ਮਿਸ਼ਨ ਪੂਰਾ ਹੋ ਗਿਆ ਹੈ।  ਹੁਣ ਤਾਲਿਬਾਨ ਚੀਨੀ ਅਤੇ ਰੂਸੀ ਸਾਮਰਾਜਵਾਦ ਨਾਲ ਸਾਂਝ ਪਾ ਰਹੇ ਹਨ।ਜਿੱਥੇ ਇੱਕ ਪਾਸੇ ਚੀਨ ਅਤੇ ਰੂਸ ਦੇ ਅਫਗਾਨਿਸਤਾਨ ਵਿੱਚ ਹਿੱਤ ਹਨ ਉੱਥੇ ਅਫਗਾਨਿਸਤਾਨ ਦੇ ਨਵੇਂ ਬਣੇ ਤਾਲਿਬਾਨ ਰਹਿਬਰਾਂ ਦਾ ਫਿਲਹਾਲ ਇਹ ਕੋਈ ਪ੍ਰੋਗਰਾਮ ਨਹੀਂ ਹੈ ਕਿ ਉਹ ਆਤਮ-ਨਿਰਭਰ ਅਫਗਾਨਿਸਤਾਨ ਦੀ ਉਸਾਰੀ ਕਰਨਗੇ। ਪਾਕਿਸਤਾਨ ਖੁੱਲ੍ਹ ਕੇ ਇਸ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਹੈ।ਭਾਰਤ ਦੀ ਅਮਰੀਕਾ ਦੇ ਲੜ ਲੱਗਣ ਨਾਲ ਵੱਡੀ ਦੁਰਗਤ ਹੋਈ ਹੈ।ਤਾਲਿਬਾਨ ਚੀਨ ਅਤੇ ਰੂਸ ਵਰਗੇ ਵੱਡੇ ਸਾਮਰਾਜੀ ਮੁਲਕਾਂ ਦਾ ਤਾਬਿਆਦਾਰ ਬਣਨ ਜਾ ਰਿਹਾ ਹੈ।ਅਫਗਾਨਿਸਤਾਨ ਦੇ ਨਿਰਮਾਣ ਕਰਨ ਦੇ ਨਾਂ 'ਤੇ ਅਫ਼ਗਾਨਿਸਤਾਨ ਦੀ ਤਬਾਹੀ ਕਰਕੇ ਅਮਰੀਕਾ ਜੰਗ ਦੇ ਮੈਦਾਨ 'ਚੋਂ ਭੱਜ ਗਿਆ ਹੈ।ਅਮਰੀਕਾ, ਅਫਗਾਨਿਸਤਾਨ ਵਿੱਚ ਸ਼ਾਤੀ ਦੂਤ ਦੇ ਨਾਂ’ਤੇ ਹਮਲਾਵਰ ਆਇਆ ਸੀ ਅਤੇ ਜੰਗੀ ਤਬਾਹੀ ਦੇ ਕਾਲੇ ਧੱਬੇ ਅਫਗਾਨੀ ਲੋਕਾਂ ਦੇ ਪਿੰਡੇ ਉੱਤੇ ਛੱਡਕੇ ਨਿਕਲ ਗਿਆ ਹੈ।

ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜੇ ਪਿੱਛੇ ਤਾਜਾ ਘਟਨਾਕ੍ਰਮ ਇਹ ਹੈ ਕਿ ਪਿਛਲੇ ਲਗਭਗ ਵੀਹ ਸਾਲ ਤੋਂ ਇੱਥੋਂ ਦੇ ਲੋਕ ਅਮਰੀਕੀ ਅਤੇ ਉਸਦੀ ਕੱਠਪੁੱਤਲੀ ਸਰਕਾਰ ਦੀ ਫੌਜ ਵੱਲੋਂ ਕੀਤੀ ਤਬਾਹੀ ਅਤੇ ਕਤਲੋਗਾਰਦ ਤੋਂ ਅੱਕੇ ਹੋਏ ਸਨ ਅਤੇ ਕੌਮੀ ਭਾਵਨਾ ਨਾਲ ਲਬਰੇਜ਼ ਅਫਗਾਨੀ ਲੋਕਾਂ ਲਈ ਵਕਾਰ ਦਾ ਇਹ ਇੱਕ ਵੱਡਾ ਸਵਾਲ ਸੀ ਕਿ ਕੋਈ ਬਾਹਰਲਾ ਹਮਲਾਵਰ ਉਹਨਾਂ ਉੱਪਰ ਧੌਂਸ ਜਮਾ ਰਿਹਾ ਹੈ। ਭਾਵੇਂ ਅਫਗਾਨਿਸਤਾਨ ਬਹੁਕੌਮੀ ਦੇਸ਼ ਹੋਣ ਕਰਕੇ ਘਰੇਲੂ ਯੁੱਧ ਵਿੱਚ ਵੀ ਬੁਰੀ ਤਰ੍ਹਾਂ ਉਲਝਿਆ ਚੱਲਿਆ ਆ ਰਿਹਾ ਸੀ ਪਰੰਤੂ ਅਮਰੀਕੀ ਸਾਮਰਾਜ ਖਿਲਾਫ ਕੌਮੀ ਭਾਵਨਾਵਾਂ ਨੂੰ ਤਾਲਿਬਾਨ ਵਰਤਣ’ਚ ਕਾਮਯਾਬ ਰਿਹਾ।ਅਫਗਾਨ ਸਰਕਾਰ ਦੇ ਵਜ਼ੀਰ ਜਿਆਦਾਤਰ ਪੁਰਾਣੇ ਯੁੱਧ ਸਰਦਾਰ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਨੂੰ ਅਮਰੀਕਾ ਕੋਲੋਂ ਵੱਖ-ਵੱਖ ਢੰਗਾਂ ਨਾਲ ਸਹਾਇਤਾ ਮਿਲਦੀ ਆ ਰਹੀ ਸੀ। ਪਰੰਤੂ ਆਮ ਗਰੀਬ ਕਿਸਾਨ ਜੋ ਇਹਨਾਂ ਦੋਵਾਂ ਤਾਕਤਾਂ ਦੇ ਜ਼ੁਲਮ ਤੋਂ ਅੱਕੇ ਹੋਏ ਸਨ।ਇਹਨਾਂ ਦੇ ਵੱਡੇ ਹਿੱਸੇ ਨੂੰ ਤਾਲਿਬਾਨ ਨੇ ਆਪਣੇ ਨਾਲ ਜੋੜ ਲਿਆ। ਅਫਗਾਨਿਸਤਾਨ ਅੰਦਰ ਕਮਿਊਨਿਸਟ ਤਾਕਤਾਂ ਦਾ ਵੀ ਚੰਗਾ ਰਸੂਖ ਰਿਹਾ ਹੈ , ਪਰੰਤੂ ਕੌਮਾਂਤਰੀ ਪੱਧਰ ਤੇ ਕਮਿਊਨਿਸਟ ਤਾਕਤਾਂ ਦੀ ਕਮਜੋਰ ਹਾਲਤ ਦੇ ਅੰਗ ਵਜੋਂ ਅਫਗਾਨਿਸਤਾਨ ਅੰਦਰ ਖਰੀਆਂ ਕਮਿਊਨਿਸਟ ਤਾਕਤਾਂ ਦੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੈ। ਭਾਵ ਉਹ ਸਾਮਰਾਜ ਵਿਰੁੱਧ ਇਸ ਲੜਾਈ ਨੂੰ ਜਮਾਤੀ ਨਜ਼ਰੀਏ ਤੋਂ ਲੜਣ ਲਈ ਅਫਗਾਨੀ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੇ। ਜਿਸਦੇ ਸਿੱਟੇ ਵਜੋਂ ਤਾਲਿਬਾਨ ਜਿਹੀ ਇਸਲਾਮਿਕ ਕੱਟੜਪੰਥੀ ਜਥੇਬੰਦੀ ਨੇ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਸਫਲਤਾ ਅਸਾਨੀ ਨਾਲ ਹਾਸਲ ਕਰ ਲਈ। ਜਦੋਂ ਅਮਰੀਕੀ ਸਾਮਰਾਜ ਅਤੇ ਉਸਦੀ ਪਿੱਠੂ ਗਨੀ ਸਰਕਾਰ ਉਹਨਾਂ ਉਪਰ ਅੱਤਿਆਚਾਰ ਕਰ ਰਹੀ ਸੀ ਤਦ ਤਾਲਿਬਾਨ ਨੇ ਅਫਗਾਨਿਸਤਾਨ ਦੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਦੇ ਪਿੰਡਾਂ ਵਿੱਚ ਬਦਲਵੀਂ  ਨਿਆਂ ਵਿਵਸਥਾ ਖੜੀ ਕੀਤੀ ਜੋ ਗਰੀਬ ਲੋਕਾਂ ਦੀ ਪਹੁੰਚ ਵਿੱਚ ਸੀ। ਉਹਨਾਂ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਉਸ ਨਾਲ ਜੁੜੇ ਜੰਗੀ ਸਰਦਾਰਾਂ ਖਿਲਾਫ ਲੋਕ ਰੋਹ ਨੂੰ ਪ੍ਰਚੰਡ ਕਰਕੇ ਆਪਣਾ ਚੰਗਾ ਅਧਾਰ ਕਾਇਮ ਕੀਤਾ। ਜਦੋਂ ਅਮਰੀਕੀ ਤੇ ਨਾਟੋ ਗੁੱਟ ਦੀਆਂ ਫੌਜਾਂ, ਉਹਨਾਂ ਦੇ ਪਿੰਡਾਂ-ਸ਼ਹਿਰਾਂ ਉੱਤੇ ਬੰਬ ਸੁੱਟ ਰਹੀਆਂ ਸਨ ਤਦ ਅਫਗਾਨਿਸਤਾਨ ਵਿੱਚ ਲੋਕਾਂ ਦੇ ਵੱਡੇ ਹਿੱਸੇ ਲਈ ਤਾਲਿਬਾਨ ਹੀ ਇੱਕੋ ਤਾਕਤ ਸੀ ਜੋ ਇਸ ਸਾਮਰਾਜੀ ਹਮਲੇ ਦਾ ਹਥਿਆਰਬੰਦ ਵਿਰੋਧ ਕਰ ਰਹੀ ਸੀ। ਤਾਲਿਬਾਨ ਚਾਹੇ ਆਪਣੀ । ਤਾਲਿਬਾਨ ਬਿਨ੍ਹਾਂ ਸ਼ੱਕ ਵਿਚਾਰਧਾਰਕ ਤੌਰ ਤੇ ਪਿਛਾਖੜੀ ਧਾਰਮਿਕ ਕੱਟੜਪੰਥੀ ਤਾਕਤ ਹੈ ਪਰ ਅਫਗਾਨਿਸਤਾਨ ਦੀ  ਸਮਾਜਿਕ ਸਥਿਤੀ ਵਿੱਚ ਉਹਨਾਂ ਨੂੰ ਵੱਡੇ ਪੱਧਰ’ਤੇ ਲੋਕਾਈ ਦੀ ਮਾਨਤਾ ਹਾਸਲ ਹੈ। 

ਅਫਗਾਨਿਸਤਾਨ ਪ੍ਰਮੁੱਖ ਤੌਰ ਤੇ ਪਿਛਲੀ ਲੱਗਭਗ ਅੱਧੀ ਸਦੀ ਤੋਂ ਵੱਖ-ਵੱਖ ਯੁੱਧ ਸਰਦਾਰਾਂ, ਇਸਲਾਮਿਕ ਕੱਟੜਪੰਥੀ ਗਰੁੱਪਾਂ ਅਤੇ ਸਾਮਰਾਜੀ ਦੇਸ਼ਾਂ ਦੀ ਪਸਾਰਵਾਦੀ ਅਤੇ ਕਬਜਾਕਰੂ ਨੀਤੀ ਦਾ ਅਖਾੜਾ ਬਣਿਆ ਰਿਹਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਤੋਂ ਪਹਿਲਾਂ ਨਜੀਬਉੱਲਾ ਦੀ ਅਗਵਾਈ ’ਚ ਜੋ ਸਰਕਾਰ ਚੱਲ ਰਹੀ ਸੀ, ਉਸ ਦੀ ਸਰਪ੍ਰਸਤੀ ਉਸ ਸਮੇਂ ਦੀ ਇੱਕ ਹੋਰ ਵੱਡੀ ਸਾਮਰਾਜੀ ਤਾਕਤ ਸੋਵੀਅਤ ਰੂਸ ਵੱਲੋਂ ਕੀਤੀ ਜਾ ਰਹੀ ਸੀ।  ਉਦੋਂ ਸੰਸਾਰ ਦੀਆਂ ਦਿਓ ਤਾਕਤਾਂ ਰੂਸ ਅਤੇ ਅਮਰੀਕਾ ਸੰਸਾਰ ਚੌਧਰ ਅਤੇ ਦੁਨੀਆਂ ਦੇ ਮਾਲ ਖਜ਼ਨਿਆਂ ਉਪਰ ਆਪਣਾ ਗਲਬਾ ਜਮਾਉਣ ਲਈ ਆਪਸ ਵਿੱਚ ਖਹਿ ਰਹੀਆਂ ਸਨ। ਇਸ ਕਰਕੇ ਅਮਰੀਕਾ ਨੇ ਪਾਕਿਸਤਾਨ ਦੀ ਮੱਦਦ ਨਾਲ ਓਸਾਮਾਬਿਨ ਲਾਦੇਨ ਦੀ ਅਗਵਾਈ ਵਾਲੀ ਅਲਕਾਇਦਾ, ਤਾਲਿਬਾਨ ਅਤੇ ਹੋਰ ਇਸਲਾਮਿਕ ਕੱਟੜ ਪੰਥੀਆਂ ਨੂੰ ਹਰ ਤਰ੍ਹਾਂ ਦੀ ਆਰਥਿਕ ਅਤੇ ਫੌਜੀ ਸਹਾਇਤਾ ਦੇ ਕੇ ਰੂਸ ਪੱਖੀ ਨਜੀਬਉੱਲਾ ਦੀ ਸਰਕਾਰ ਦੇ ਖਿਲਾਫ਼ ਜਹਾਦ ਕਰਨ ਲਈ ਪ੍ਰੇਰਿਤ ਕੀਤਾ ਸੀ। ਸੰਕਟ ’ਚ ਫਸੀ ਨਜੀਬਉੱਲਾ ਸਰਕਾਰ ਨੂੰ ਠੁੰਮਣਾ ਦੇਣ ਅਤੇ ਆਪਣੇ ਸਾਮਰਾਜੀ ਹਿੱਤਾਂ ਦੀ ਹਿਫ਼ਾਜਤ ਲਈ ਉਸ ਸਮੇਂ ਰੂਸੀ ਸਮਾਜਿਕ ਸਾਮਰਾਜਵਾਦ ਨੇ ਆਪਣੀਆਂ ਫੌਜਾਂ ਨਾਲ ਅਫਗਾਨਿਸਤਾਨ ਉਪਰ ਚੜ੍ਹਾਈ ਕਰ ਦਿੱਤੀ ਸੀ। ਲੰਮੀ ਜੰਗ ਤੋਂ ਬਾਅਦ ਆਖਰ ਵਿੱਚ ਰੂਸੀ ਸਾਮਰਾਜ ਨੂੰ ਅਫਗਾਨਿਸਤਾਨ ਛੱਡਣਾ ਪਿਆ ਜਿਸ ਕਰਕੇ ਤਾਲਿਬਾਨ ਰਾਜ ਭਾਗ ’ਤੇ ਕਾਬਜ਼ ਹੋ ਗਿਆ। ਉਸ ਵੱਲੋਂ ਨਾਜੀਬਉੱਲਾ ਅਤੇ ਉਸਦੀ ਸਰਕਾਰ ਦੇ ਵਜ਼ੀਰਾਂ ਅਤੇ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਅਫਗਾਨੀ ਲੋਕਾਂ ਨੂੰ ਧਾਰਮਕ ਕੱਟੜਵਾਦੀ ਰਾਜ ਦੇ ਜੂਲੇ ਨਾਲ ਨਰੜ ਦਿੱਤਾ ਗਿਆ। ਤਾਲਿਬਾਨ ਦੀ ਇਸਲਾਮਕ ਮੂਲਵਾਦੀ ਹਕੂਮਤ ਨੇ ਰੂੜ੍ਹੀਵਾਦੀ ਕਦਰਾਂ ਕੀਮਤਾਂ ਨੂੰ ਦੇਸ਼ ਅੰਦਰ ਪੱਕਿਆਂ ਕਰਨ ਲਈ ਪੁਰਾਤਨ ਸਮੇਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਧਰੋਹਰਾਂ ਨੂੰ ਮਲੀਆਮੇਟ ਕੀਤਾ, ਅਸਹਿਮਤੀ ਦੀ ਹਰ ਆਵਾਜ਼ ਨੂੰ ਬੁਰੀ ਤਰ੍ਹਾਂ ਕੁਚਲਿਆ ਅਤੇ ਖਾਸ ਤੌਰ ’ਤੇ ਔਰਤਾਂ ਉੱਤੇਵਹਿਸ਼ੀਆਨਾ ਅੱਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਮੱਧਯੁੱਗੀ ਗੁਲਾਮੀ ਹੇਠ ਜ਼ਿੰਦਗੀ ਜੀਣ ਲਈ ਮਜ਼ਬੂਰ ਕੀਤਾ। ਉਸ ਸਮੇਂ ਯੁੱਧ ਸਰਦਾਰਾਂ ਦੇ ਇੱਕ ਹੋਰ ਧੜੇ ਜਿਸਨੂੰ ਉਤਰੀ ਗੱਠਜੋੜ ਕਿਹਾ ਜਾਂਦਾ ਸੀ, ਨਾਲ ਵੀ ਤਾਲਿਬਾਨ ਦੀਆਂ ਹਥਿਆਰਬੰਦ ਟੱਕਰਾਂ ਜਾਰੀ ਰਹੀਆਂ। ਹਾਲਤ ਅਜਿਹੀ ਬਣ ਗਈ ਸੀ ਕਿ ਤਾਲਿਬਾਨ ਦੀਆਂ ਲੋਕ ਦੁਸ਼ਮਣ ਕਾਰਵਾਈਆਂ ਅਤੇ ਉੱਤਰੀ ਗੱਠਜੋੜ ਨਾਲ ਉਸਦੀ ਖੂਨੀ ਲੜਾਈ ਸਦਕਾ ਅਫਗਾਨਿਸਤਾਨ ਅਤੇ ਪੂਰੀ ਦੁਨੀਆਂ ਅੰਦਰ ਉਸਦਾ ਸਿਆਸੀ ਵਕਾਰ ਹੇਠਾਂ ਜਾ ਰਿਹਾ ਸੀ ਅਤੇ ਜੇਕਰ ਅਮਰੀਕੀ ਸਾਮਰਾਜ ਉੱਥੇ ਕਬਜ਼ਾ ਨਾ ਕਰਦਾ ਤਾਂ ਹੁਣ ਤੱਕ ਅਫਗਾਨਿਸਤਾਨ ਦੇ ਲੋਕਾਂ ਨੇ ਆਪਣੀ ਕਿਸਮਤ ਦਾ ਆਪ ਫੈਸਲਾ ਕਰਦੇ ਹੋਏ ਬਿਹਤਰ ਹਾਲਤ ਵਿੱਚ ਹੋਣਾ ਸੀ। ਅਮਰੀਕਾ ਅਤੇ ਉਸਦੇ ਪਿਠੂਆਂ ਦੀ ਅਗਵਾਈ ਵਿੱਚ ਬਣੀਆਂ ਸਰਕਾਰਾਂ ਤੋਂ ਤੰਗ ਆਏ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਕੇ ਹੁਣ ਫਿਰ ਤਾਲਬਾਨੀ ਅਫਗਾਨਿਸਤਾਨ ਉਪਰ ਮੁੜ ਕਾਬਜ ਹੋਣ ਵਿੱਚ ਸਫ਼ਲ ਹੋਏ ਹਨ। ਅਮਰੀਕੀ ਸਾਮਰਾਜ ਨੇ ਦੁਨੀਆਂ ਦੇ ਕੱਚੇ ਮਾਲ ਦੇ ਸੋਮਿਆਂ ਦੀ ਲੁੱਟ ਕਰਨ ਲਈ ਇਰਾਕ, ਲਿਬੀਆ, ਸੀਰੀਆ ਅਤੇ ਅਫਗਾਨਿਸਤਾਨ ਵਰਗੇ ਮੁਲਕਾਂ ਉਪਰ ਨਿਹੱਕੀ ਜੰਗ ਮੜ੍ਹਕੇ ਲੱਖਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਅਤੇ ਲੋਕਾਂ ਦਾ ਉਜਾੜਾ ਕਰਕੇ ਵੱਡਾ ਸ਼ਰਨਾਰਥੀ ਸੰਕਟ ਖੜ੍ਹਾਕੀਤਾ।

ਦਰਅਸਲ ਅਫਗਾਨੀ ਲੋਕਾਂ ਦਾ ਇਹ ਦੁਖਾਂਤ ਹੈ ਕਿ ਉਹ ਪਹਿਲਾਂ ਰੂਸ ਤੇ ਉਸਦੇ ਪਿੱਠੂਆਂ ਅਤੇ ਬਾਅਦ ਵਿੱਚ ਅਮਰੀਕੀ ਸਾਮਰਾਜਵਾਦ ਤੇ ਉਸਦੇ ਪਿੱਠੂਆਂ ਤੋਂ ਬਿਨ੍ਹਾਂ ਭਾਂਤ ਸੁਭਾਂਤੇ ਯੁੱਧ ਸਰਦਾਰਾਂ ਅਤੇ ਤਾਲਿਬਾਨੀ ਮੂਲਵਾਦੀ ਤਾਕਤਾਂ ਦੇ ਮਨਸੂਬਿਆਂ ਹੇਠ ਬੁਰੀ ਤਰ੍ਹਾਂ ਕੁਚਲੇ ਗਏ ਹਨ। ਇਹ ਸਾਰੀਆਂ ਤਾਕਤਾਂ ਅਫਗਾਨੀ ਲੋਕਾਂ ਦੀਆਂ ਦੁਸ਼ਮਣ ਹਨ ਜਿਹਨਾਂ ਤੋਂ ਛੁਟਕਾਰਾ ਪਾਏ ਬਿਨਾਂ ਉਨ੍ਹਾਂ ਦੀ ਮੁਕਤੀ ਨਹੀਂ ਹੋ ਸਕਦੀ। ਅਮਰੀਕਾ ਅਤੇ ਉਸਦੇ ਪਿੱਠੂਆਂ ਦੀ ਹਾਰ ਲੋਕਾਂ ਲਈ ਸ਼ੁਭ ਸ਼ਗਨ ਹੈ ਜੋ ਲੋਕਾਂ ਦੀਆਂ ਅਮਰੀਕੀ ਸਾਮਰਾਜਵਾਦ ਵਿਰੋਧੀ ਕੌਮੀ ਭਾਵਨਾਵਾਂ ਅਤੇ ਉਨ੍ਹਾਂ ਦੀ ਜੱਦੋਜਹਿਦ ਦਾ ਸਿੱਟਾ ਹਨ ਪਰ ਰਾਜ ਭਾਗ ਉਪਰ ਮੁੜ ਤਾਲਿਬਾਨ ਦਾ ਕਬਜ਼ਾ ਇਹ ਦਰਸਾਉਂਦਾ ਹੈ ਕਿ ਲੋਕਾਂ ਦੀ ਅਸਲ ਮੁਕਤੀ ਦਾ ਦਰਵਾਜ਼ਾ ਅਜੇ ਕਾਫੀ ਦੂਰ ਹੈ, ਅਜੇ ਉਨ੍ਹਾਂ ਦੀ ਲੜਾਈ ਕਾਫੀ ਲੰਬੀ ਹੈ। ਅਮਰੀਕਾ ਵੱਲੋਂ ਆਪਣੀ ਕਰਾਰੀ ਹਾਰ ਦਾ ਠੀਕਰਾ ਅਸਰਫ ਗਨੀ ਦੀ ਹਕੂਮਤ ਉਪਰ ਸੁੱਟਣ ਦੀ ਮਕਾਰੀ ਦਰਸਾਉਂਦੀ ਹੈ ਕਿ ਸਾਮਰਾਜੀ ਕਿਸੇ ਦੇ ਸਕੇ ਨਹੀਂ। ਇਹ ਆਪਣੇ ਹਿੱਤਾਂ ਲਈ ਭੈੜੇ ਤੋਂ ਭੈੜੇ ਤਾਨਾਸ਼ਾਹ ਦੀ ਹਕੂਮਤ ਸਥਾਪਤ ਕਰਵਾ ਸਕਦੇ ਹਨ ਅਤੇ ਜਦੋਂ ਉਹ ਰਾਸ ਨਾ ਬੈਠੇ ਤਾਂ ਉਸ ਨੂੰ ਜਦੋਂ ਮਰਜ਼ੀ ਬਲੀ ਦਾ ਬੱਕਰਾ ਬਣਾ ਸਕਦੇ ਹਨ। ਅਫਗਾਨਿਸਤਾਨ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਉਸਦਾ ਇੱਕ ਪੱਖ ਇਹ ਵੀ ਹੈ ਕਿ ਇਹ ਵੱਖ ਵੱਖ ਤਾਕਤਾਂ ਵਿਚਕਾਰ ਹੋਏ ਗੁਪਤ ਸਮਝੌਤੇ ਦਾ ਹਿੱਸਾ ਹੈ।ਇਸ ਸਮਝੌਤੇ ਦੀਆਂ ਕੀ ਸ਼ਰਤਾਂ ਹਨ ਉਨ੍ਹਾਂ ਦਾ ਬਾਹਰ ਆਉਣਾ ਅਜੇ ਬਾਕੀ ਹੈ ਪਰ ਆਪਸੀ ਸਹਿਮਤੀ ਦੀਆਂ ਝਲਕਾਂ ਜਰੂਰ ਪ੍ਰਤੱਖ ਹਨ। 

ਅਮਰੀਕਾ ਨੇ ਅਫਗਾਨਿਸਤਾਨ ’ਚੋਂ ਬੇਆਬਰੂ ਹੋ ਕੇ ਨਿੱਕਲਣ ਦੀ ਬਜਾਇ ਆਪਣੀ ਇੱਜ਼ਤ ਰੱਖਣ ਲਈ ਤਾਲਿਬਾਨ ਨਾਲ ਸਮਝੌਤੇ ਦੀ ਗੱਲਬਾਤ ਚਲਾਈ। ਕਤਰ ਵਿੱਚ ਚੱਲੀ ਇਸ ਗੱਲਬਾਤ ਵਿੱਚ ਅਮਰੀਕਾ ਨੇ ਰੂਸ, ਚੀਨ ਅਤੇ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਪਰ ਭਾਰਤ ਸਰਕਾਰ ਨੂੰ ਇਸ ਤੋਂ ਪਾਸੇ ਰੱਖਿਆ ਗਿਆ। ਅਮਰੀਕਾ ਦੀ ਚੱਕ ਵਿੱਚ ਆ ਕੇ ਭਾਰਤ ਸਰਕਾਰ ਤਾਲਿਬਾਨ ਵਿਰੋਧੀ ਪੈਂਤਰੇ ਲੈਂਦੀ ਰਹੀ ਸੀ ਪਰ ਸਮਝੌਤੇ ਮੌਕੇ ਇਸ ਦੀ ਕੋਈ ਸੱਦ ਪੁੱਛ ਨਾ ਹੋਣ ਕਰਕੇ ਇਸ ਨੂੰ ਅੱਜ ਪੂਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਸਮੇਂ ਇਸ ਦੇ ਸਿੱਟੇ ਭਾਰਤੀ ਹਾਕਮਾਂ ਲਈ ਹੋਰ ਵੀ ਮਾਰੂ ਹੋਣਗੇ। ਅਫਗਾਸਿਤਾਨ ’ਚੋਂ ਅੱਜ ਭਾਵੇਂ ਅਮਰੀਕੀ ਸਾਮਰਾਜ ਨਿਕਲ ਗਿਆ ਹੈ ਪਰ ਇਸ ਦੀ ਜਗ੍ਹਾ ਲੈਣ ਲਈ ਰੂਸ, ਚੀਨ ਵਰਗੀਆਂ ਗਿਰਝਾਂ ਮੰਡਰਾ ਰਹੀਆਂ ਹਨ। ਇਹ ਤਾਕਤਾਂ ਸਮੇਤ ਪਾਕਿਸਤਾਨੀ ਹਾਕਮ ਤਾਲਿਬਾਨ ਨਾਲ ਆਪਣੀਆਂ ਪਿਆਰ ਪੀਘਾਂ ਪਾਕੇ ਅਫਗਾਨਿਸਤਾਨ ਅੰਦਰ ਆਵਦਾ ਅਸਰ ਰਸੂਖ ਵਧਾਉਣ ਲਈ ਕਮਰਕੱਸੇ ਕਰੀ ਬੈਠੀਆਂ ਹਨ। ਅਜਿਹੀ ਹਾਲਤ ’ਚ ਅਫਗਾਨਿਤਸਾਨ ਦੇ ਲੋਕਾਂ ਅੱਗੇ ਵੰਨਸੁਵੰਨੀਆਂ ਸਾਮਰਾਜੀ ਅਤੇ ਪਿਛਾਂਹਖਿੱਚੂ ਤਾਕਤਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਦੇ ਹੋਏ ਸੱਚੀ ਅਜ਼ਾਦੀ ਅਤੇ ਖਰੀ ਜਮਹੂਰੀਅਤ ਵਾਲਾ ਅਫਗਾਨਿਸਤਾਨ ਸਿਰਜਣ ਲਈ ਆਪਣੀ ਲੜਾਈ ਜਾਰੀਰੱਖਣੀ ਚਾਹੀਦੀ ਹੈ। ਇਸ ਸਮੇਂ ਸਾਰੀਆਂ ਅਗਾਂਹਵਧੂ ਸ਼ਕਤੀਆਂ ਅਤੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਰੇ ਸਾਮਰਾਜੀ ਦੇਸ਼ਾਂ ਵੱਲੋਂ ਅਫਗਾਨਿਸਤਾਨ ਅੰਦਰ ਦਖਲ ਬੰਦ ਕੀਤਾ ਜਾਵੇ। ਲੋਕ ਆਪਣੇ ਦੇਸ਼ ਦੀ ਧਰਮ ਨਿਰਪੱਖ, ਲੋਕ ਜਮਹੂਰੀ ਅਤੇ ਖੁਦਮੁਖਤਿਆਰ ਪ੍ਰਬੰਧ ਨਾਲ ਸਿਰਜਣਾ ਕਰਨ।੦


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...