Search This Blog

Monday, May 16, 2022

ਯੂਕਰੇਨੀ ਜੰਗ ਦੇ ਆਲਮੀ ਅਸਰ- ਮਨਦੀਪ



ਯੂਕਰੇਨ ਜੰਗ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਾਮਰਾਜ ਦਾ ਅਰਥ ਜੰਗ ਹੁੰਦਾ ਹੈ। ਜਦੋਂ 1991 ਵਿੱਚ ਸੋਵੀਅਤ ਯੂਨੀਅਨ ਖਿੰਡ ਗਿਆ ਸੀ ਅਤੇ ਠੰਢੀ ਜੰਗ ਖ਼ਤਮ ਹੋ ਗਈ ਸੀ ਤਾਂ ਕਈ ਸਿਆਸੀ ਬੁੱਧੀਜੀਵੀਆਂ ਨੇ ਭਵਿੱਖਬਾਣੀਆਂ ਕੀਤੀਆਂ ਸਨ ਕਿ ਹੁਣ ਜੰਗਾਂ ਦਾ ਅੰਤ ਹੋ ਜਾਵੇਗਾ ਤੇ ਹੁਣ ਸੰਸਾਰ ਅੰਦਰ ਅਮਨ ਸ਼ਾਂਤੀ ਸਥਾਪਿਤ ਹੋ ਜਾਵੇਗੀ। ਪਰ ਉਹ ਨਹੀਂ ਜਾਣਦੇ ਸਨ ਕਿ ਜਿੰਨਾ ਚਿਰ ਸੰਸਾਰ ਅੰਦਰ ਪੂੰਜੀਵਾਦ ਹੈ/ਸਾਮਰਾਜਵਾਦ ਹੈ, ਜੰਗਾਂ ਕਦੇ ਖ਼ਤਮ ਨਹੀਂ ਹੋ ਸਕਦੀਆਂ। ਮੌਜੂਦਾ ਯੂਕਰੇਨ ਜੰਗ ਪੂੰਜੀਵਾਦੀ ਸਾਮਰਾਜਵਾਦ ਦੀ ਸਿਆਸੀ-ਆਰਥਿਕਤਾ ਦੀ ਹੀ ਪੈਦਾਵਾਰ ਹੈ।
ਮੌਜੂਦਾ ਯੂਕਰੇਨ ਜੰਗ ਸੰਸਾਰ ਪੱਧਰ ’ਤੇ ਸਾਮਰਾਜੀ ਖਹਿਭੇੜ ਦਾ ਨਤੀਜਾ ਹੈ। ਇਹ ਜੰਗ ਇੱਕ ਪਾਸੇ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਰਾਹੀਂ ਰੂਸੀ ਸਾਮਰਾਜ ਨੂੰ ਘੇਰਨ ਅਤੇ ਦੂਜੇ ਪਾਸੇ ਰੂਸ ਵੱਲੋਂ ਸੋਵੀਅਤ ਯੂਨੀਅਨ ਵੇਲੇ ਦੇ ਖਿੰਡੇ ਹੋਏ ਸਾਮਰਾਜ ਨੂੰ ਮੁੜ ਬਹਾਲ ਕਰਨ ਦੀ ਜੰਗ ਹੈ। ਰੂਸ ਯੂਕਰੇਨ ’ਤੇ ਮਿਜਾਈਲ਼ਾਂ ਨਾਲ ਹਮਲੇ ਕਰ ਰਿਹਾ ਹੈ ਅਤੇ ਪ੍ਰਮਾਣੂ ਬੰਬਾਂ ਦੀਆਂ ਧਮਕੀਆਂ ਦੇ ਕੇ ਨਾਟੋ ਦੇਸ਼ਾਂ ਨੂੰ ਯੂਕਰੇਨ ਦੇ ਪੱਖ ਵਿੱਚ ਆਉਣ ਤੋਂ ਵਰਜ਼ ਰਿਹਾ ਹੈ। ਅਮਰੀਕਾ ਅਫ਼ਗਾਨਿਸਤਾਨ, ਇਰਾਕ ਆਦਿ ’ਚੋਂ ਮਿਲੀ ਹਾਰ ਤੋਂ ਤਰਿੰ੍ਹਦਾ ਹੋਇਆ ਰੂਸ ਨਾਲ ਸਿੱਧੇ ਟਕਰਾਅ ਤੋਂ ਬਚ ਰਿਹਾ ਹੈ। ਅਮਰੀਕਾ ਰੂਸ ਦੀ ਫੌਜੀ ਸ਼ਕਤੀ ਦਾ ਸਿੱਧਾ ਟਾਕਰਾ ਕਰਨ ਦੀ ਬਜਾਏ ਆਪਣੇ ਡਾਲਰ ਦੀ ਅੰਤਰਰਾਸ਼ਟਰੀ ਤਾਕਤ ਨੂੰ ਰੂਸ ਵਿਰੁੱਧ ਇੱਕ ਯੁੱਧਨੀਤਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਆਪਣੇ ਵਿਸ਼ਵ ਵਪਾਰ ਨੂੰ ਵਧਾਉੁਣ ਲਈ ਉਸਨੇ ਵਿਸ਼ਵ ਬੈਂਕ ਅਤੇ ਕੌਂਮਾਤਰੀ ਮੁਦਰਾ ਕੋਸ਼ ਦੇ ਨਾਲ-ਨਾਲ ਪੱਛੜੇ ਦੇਸ਼ਾਂ ਦੀ ਬੇਕਿਰਕ ਲੁੱਟ ਲਈ ਖੁੱਲ੍ਹੇ ਵਪਾਰ ਦੇ ਨਾਂ ਹੇਠ ਵਿਸ਼ਵ ਵਪਾਰ ਸੰਸਥਾ ਬਣਾਉਣ ’ਚ ਅਗਵਾਈ ਕੀਤੀ ਅਤੇ ਕਰਜ਼ਿਆਂ ਦੇ ਰੂਪ ਵਿੱਚ ਦੁਨੀਆਂ ਭਰ ਦੇ ਪੱਛੜੇ ਮੁਲਕਾਂ ਵਿੱਚ ਡਾਲਰਾਂ ਦਾ ਮੀਂਹ ਵਰ੍ਹਾਇਆ। “ਅਜ਼ਾਦੀ” ਅਤੇ “ਅਮਨ ਬਹਾਲੀ” ਦੇ ਨਾਮ ਹੇਠ ਰਾਜ ਪਲਟੇ ਕੀਤੇ ਅਤੇ ਸਿੱਧੇ ਹਮਲੇ ਕਰਕੇ ਇਨ੍ਹਾਂ ਪੱਛੜੇ ਮੁਲਕਾਂ ਦੀ ਬਰਬਾਦੀ ਕੀਤੀ ਅਤੇ ਸਾਮਰਾਜੀ ਦੇਸ਼ਾਂ ਦੇ ਮਜ਼ਦੂਰ ਵਰਗ ਦੀ ਕਮਾਈ ਦੇੇ ਟ੍ਰਿਲੀਅਨਾਂ ਡਾਲਰ ਬਰਬਾਦ ਕੀਤੇ। ਵਿਸ਼ਵ ਮੰਡੀ ਵਿੱਚ ਡਾਲਰ ਦੀ ਸਰਦਾਰੀ ਦਾ ਫ਼ਾਇਦਾ ਉਠਾ ਕੇ ਅਮਰੀਕੀ ਸਾਮਰਾਜ ਨੇ ਨਵੀਂ ਮਾਇਕਰੋ ਤਕਨੀਕ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਸੰਸਾਰ ਚੌਧਰ ਸਥਾਪਿਤ ਕਰਨ ਵੱਲ ਕਦਮ ਵਧਾਏ। ਮਿਸਾਲ ਦੇ ਤੌਰ ’ਤੇ ‘ਫੋਰਬਿਸ’ ਦੀ ਸਾਲ 2022 ਦੀ ਵਿਸ਼ਵ ਦੇ ਦਸ ਉੱਚਕੋਟੀ ਦੇ ਅਰਬਪਤੀਆਂ ਦੀ ਰਿਪੋਰਟ ਵਿੱਚ ਅਮਰੀਕਾ ਦੇ ਏਲੌਨ ਮਸਕ (ਟੈਸਲਾ ਤੇ ਸਪੇਸਐਕਸ), ਬਿੱਲ ਗੇਟਸ (ਮਾਈਕ੍ਰੋਸੌਫਟ), ਲੈਰੀ ਪੇਜ ਸਰਗੇਈ ਬਰਿਨ (ਗੂਗਲ), ਜੈਫ ਬੇਜ਼ੋਸ (ਐਮਾਜ਼ੌਨ) ਦਾ ਨਾਮ ਸਭ ਤੋਂ ਉੱਪਰ ਹੈ। ਦੁਨੀਆਂ ਦੇ ਸਭ ਤੋਂ ਵੱਡੇ ਇਹ ਸੁਪਰ ਅਮੀਰ ਸੰਸਾਰ ਆਰਥਿਕਤਾ ਦੇ ਨਵੇਂ ਰੁਝਾਨ ਨਾਲ ਸਬੰਧਿਤ ਹਨ। ਕਰੋਨਾ ਸੰਕਟ ਦੇ ਬਾਵਜੂਦ ਇਹਨਾਂ ਸੁਪਰ ਅਮੀਰਾਂ ਦੀ ਕੁੱਲ ਜਾਇਦਾਦ ਵਿੱਚ ਬੇਥਾਹ ਵਾਧਾ ਹੋਇਆ। ਯੂਕਰੇਨ ਜੰਗ ਦੌਰਾਨ ਸਾਹਮਣੇ ਆਈ ਇਸ ਰਿਪੋਰਟ ਨੇ ਸੰਸਾਰ ਭਰ ਵਿੱਚ ਵਧ ਰਹੀ ਆਰਥਿਕ ਗੈਰਬਰਾਬਰੀ ਨੂੰ ਨਸ਼ਰ ਕਰ ਦਿੱਤਾ ਹੈ। ਜੰਗ ਦੌਰਾਨ ਰੂਸੀ ਅਮੀਰਸ਼ਾਹਾਂ (ਔਲੀਗਾਰਕ) ਦੀਆਂ ਬੇਥਾਹ ਜਾਇਦਾਦਾਂ ਦੇ ਖੁਲਾਸੇ ਵੀ ਹੋਏ ਹਨ। ਰਿਪੋਰਟ ਵਿੱਚ ਫਰਾਂਸ, ਜਰਮਨੀ, ਰੂਸ, ਚੀਨ ਆਦਿ ਸਾਮਰਾਜੀ ਮੁਲਕਾਂ ਦੇ ਸੁਪਰ ਅਮੀਰਾਂ ਤੋਂ ਇਲਾਵਾ ਭਾਰਤ ਦੇ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ (ਸੰਸਾਰ ਵਿੱਚੋਂ ਕ੍ਰਮਵਾਰ ਦਸਵੇਂ ਤੇ ਗਿਆਰਵੇਂ ਸਥਾਨ ’ਤੇ ਹਨ) ਦੇ ਨਾਮ ਵੀ ਸਾਹਮਣੇ ਆਏ ਹਨ। ਰਿਪੋਰਟ ਨੇ ਦਿਖਾ ਦਿੱਤਾ ਕਿ ਜੰਗਾਂ, ਆਫਤਾਂ ਅਤੇ ਸੰਕਟ ਆਮ ਲੋਕਾਂ ਲਈ ਕਿਆਮਤ ਅਤੇ ਵਿਸ਼ਵ ਦੇ ਅਰਬਾਂਪਤੀ ਪੂੰਜੀਪਤੀਆਂ ਲਈ ਨਿਆਮਤ ਬਣਕੇ ਬਹੁੜਦੇ ਹਨ। ਇਹਨਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਵਿਚਕਾਰ ਦੁਨੀਆਂ ਭਰ ਦੇ ਲੋਕਾਂ ਦੀ ਲੁੱਟ ਲਈ ਏਕਤਾ ਹੈ ਪਰ ਇਲਾਕਿਆਂ ’ਤੇ ਕਬਜ਼ਿਆਂ ਅਤੇ ਲੁੱਟ ਦੇ ਮਾਲ ਦੀ ਵੰਡ ਲਈ ਲੜਾਈ ਹੈ। ਯੂਕਰੇਨ ਜੰਗ ਰੂਸ ਅਤੇ ਅਮਰੀਕਾ ਦੀ ਨਵੀਂ ਗਲੋਬਲ ਚੌਧਰ ਦੀ ਲੜਾਈ ਦਾ ਇੱਕ ਹੋਰ ਅਧਿਆਇ ਹੈ।
ਅਮਰੀਕਨ ਸਾਮਰਾਜ ਲਈ ਪੈਟਰੋ ਡਾਲਰ ਇੱਕ ਯੁੱਧਨੀਤਕ ਅਤੇ ਸਿਆਸੀ ਹਥਿਆਰ ਹੈ। ਵੈਨਜ਼ੂਏਲਾ (2002) ਵਿੱਚ ਹਿਊਗੋ ਸ਼ਾਵੇਜ਼ ਅਤੇ ਇਰਾਕ (2003) ਵਿੱਚ ਸੱਦਾਮ ਹੂਸੈਨ ਨੇ ਦੂਸਰੇ ਦੇਸ਼ਾਂ ਨਾਲ ਤੇਲ ਵਪਾਰ ਅਮਰੀਕੀ ਡਾਲਰ ਦੀ ਥਾਂ ਯੂਰੋ ਕਰੰਸੀ ਵਿੱਚ ਕਰਨ ਅਤੇ ਲੀਬੀਆ ’ਚ (2009) ਗੱਦਾਫੀ ਦੁਆਰਾ ਤੇਲ ਵਪਾਰ ਸੋਨੇ ਰਾਹੀਂ ਕਰਨ ਤੇ ਅਮਰੀਕਾ ਨੇ ਜਿੱਥੇ ਇਹਨਾਂ ਮੁਲਕਾਂ ਦੀ ਆਰਥਿਕ ਨਾਕਾਬੰਦੀ ਕੀਤੀ, ਉੱਥੇ ਇਹਨਾਂ ਦੇਸ਼ਾਂ ਨੂੰ ਜੰਗ ਦੀ ਅੱਗ ਵਿੱਚ ਝੋਕ ਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਤੇਲ ਵਪਾਰ ਲਈ ਅਮਰੀਕੀ ਡਾਲਰ ਦੀ ਥਾਂ ਹੋਰ ਮੁਦਰਾਵਾਂ ਦੀ ਵਰਤੋਂ ਕਰਨੀ ਅਮਰੀਕੀ ਡਾਲਰ ਦੀ ਸੰਸਾਰ ਚੌਧਰ ਨੂੰ ਚੁਣੌਤੀ ਬਰਾਬਰ ਹੈ। ਭਵਿੱਖ ਵਿੱਚ ਅਮਰੀਕੀ ਡਾਲਰ ਨੂੰ ਸਭ ਤੋਂ ਵੱਡੀ ਢਾਹ ਲਾਉਣ ਵਾਲੀ ਕ੍ਰਿਪਟੋਕਰੰਸੀ ਜੋ ਕਿ ਡਿਜੀਟਲ ਕਰੰਸੀ ਦਾ ਅਤੀ-ਆਧੁਨਿਕ ਰੂਪ ਹੈ, ਤੇਜੀ ਨਾਲ ਫੈਲ ਰਹੀ ਹੈ। ਹੁਣ ਰੂਸ ਨੇ ਯੂਰਪੀ ਤੇ ਏਸ਼ੀਆਈ ਮੁਲਕਾਂ ਨੂੰ ਤੇਲ ਵਪਾਰ ਡਾਲਰ ਦੀ ਬਜਾਇ ਰੂਬਲ ਵਿੱਚ ਕਰਨ ਦੀ ਸ਼ਰਤ ਰੱਖੀ ਹੈ। ਤੇਲ ਸ੍ਰੋਤਾਂ ਉੱਪਰ ਕਬਜ਼ੇ ਅਤੇ ਸੰਸਾਰ ਵਿੱਚ ਤੇਲ ਕੀਮਤਾਂ ਉੱਤੇ ਸਰਦਾਰੀ ਲਈ ਬਾਕੀ ਦੇਸ਼ਾਂ ਪ੍ਰਤੀ ਵੀ ਅਮਰੀਕਾ ਦੀ ਫੌਜ਼ੀ ਰਣਨੀਤੀ ਅਤੇ ਵਿਦੇਸ਼ ਨੀਤੀ ਹਮਲਾਵਰ ਹੀ ਚੱਲਦੀ ਆ ਰਹੀ ਹੈ। ਅਮਰੀਕਾ ਤੇ ਸਾਊਦੀ ਅਰਬ ਤੋਂ ਬਾਅਦ ਰੂਸ ਦੁਨੀਆਂ ਦਾ ਤੀਜਾ ਵੱਡਾ ਤੇਲ ਉਤਪਾਦਕ ਦੇਸ਼ ਹੈ ਅਤੇ ਇਸਨੂੰ ਘੇਰਨ ਲਈ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਉਸ ਉੱਪਰ ਪੱਛਮੀ ਦੇਸ਼ਾਂ ਰਾਹੀਂ ਬੰਦਸ਼ਾਂ ਲਗਾਉਂਦਾ ਆ ਰਿਹਾ ਹੈ। ਰੂਸ ਨਾਲ ਉਸਦੀ ‘ਤੇਲ ਜੰਗ’ ਦੀਆਂ ਤੰਦਾਂ ਮੌਜੂਦਾ ਯੂਕਰੇਨ ਜੰਗ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਸਿੱਟੇ ਵਜੋਂ ਮੌਜੂਦਾ ਜੰਗ ਵਿੱਚੋਂ ਅਮਰੀਕਾ ਆਪਣੇ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਕੇ ਤੇਲ ਪਦਾਰਥਾਂ ਰਾਹੀਂ ਸੰਸਾਰ ਦੇ ਦੂਜੇ ਦੇਸ਼ਾਂ ਤੋਂ ਮੋਟੇ ਮੁਨਾਫ਼ੇ ਬਟੋਰ ਰਿਹਾ ਹੈ।
ਸਾਮਰਾਜੀ ਦੇਸ਼ਾਂ ਵਿਚਕਾਰ ਲੁੱਟ ਤੇ ਕਬਜ਼ੇ ਲਈ ਜੰਗਾਂ ਜਿੱਥੇ ਮਨੁੱਖੀ ਜਾਨ-ਮਾਲ ਤੇ ਵਾਤਾਵਰਣ ਦੀ ਤਬਾਹੀ ਲਈ ਘਾਤਕ ਹਨ, ਉੱਥੇ ਇਹ ਗਹਿਰੇ ਸਮਾਜਿਕ ਸੰਕਟ ਦਾ ਕਾਰਨ ਬਣਦੀਆਂ ਹਨ। ਸ਼ਰਨਾਰਥੀ ਸੰਕਟ ਇਸਦੀ ਇੱਕ ਮਿਸਾਲ ਹੈ। ਯੂਕਰੇਨ ਜਿਸਨੂੰ ‘ਬਰੈੱਡ ਬਾਸਕਿਟ’ ਕਿਹਾ ਜਾਂਦਾ ਹੈ, ਦੇ ਲੋਕਾਂ ਨੂੰ ਭੁੱਖ ਤੇ ਤੋਟ ’ਚ ਦਿਨ ਕੱਟਣੇ ਪੈ ਰਹੇ ਹਨ। ਇਸੇ ਤਰ੍ਹਾਂ ਚਿੱਲੀ, ਜਿਸਨੂੰ ਦੁਨੀਆਂ ਦਾ ਤਾਂਬਾ ਸਮਰਾਟ ਕਿਹਾ ਜਾਂਦਾ ਸੀ, ਵਿੱਚ ਅਮਰੀਕਾ ਦੁਆਰਾ ਰਾਜਪਲਟੇ (1973) ਦੌਰਾਨ ਲੋਕਾਂ ਲਈ ਤਾਂਬਾ ਸਸਤਾ ਤੇ ਰੋਟੀ ਮਹਿੰਗੀ ਹੋ ਗਈ ਸੀ। ਇਸ ਸਮੇਂ ਆਰਥਿਕ ਸੰਕਟ ਹੇਠ ਆਏ ਸ਼੍ਰੀਲੰਕਾ ਵਿੱਚ ਇੱਕ ਪਾਸੇ ਲੋਕ ਤੇਲ ਦੀ ਥੁੜ ਕਾਰਨ ਜਿੰਦਗੀ ਮੁਸ਼ਕਲਾਂ ’ਚ ਕੱਟ ਰਹੇ ਹਨ, ਦੂਜੇ ਪਾਸੇ ਤੇਲ ਦੀ ਅਦਾਇਗੀ ਨਾ ਹੋਣ ਤੇਲ ਦੇ ਭਰੇ ਟੈਂਕ ਸਮੁੰਦਰਾਂ ਵਿੱਚ ਖੜ੍ਹੇ ਹਨ। ਇਹ ਹੈ, ਜੰਗਾਂ ਦੀ ਭਿਅੰਕਰਤਾ ਜਿੱਥੇ ਮੁਨਾਫ਼ੇ ਪ੍ਰਮੁੱਖ ਅਤੇ ਮਨੁੱਖਤਾ ਦੂਜੇ ਦਰਜੇ ਤੇ ਹੋ ਜਾਂਦੀ ਹੈ। ਇਸ ਜੰਗ ਨੇ ਪਹਿਲਾਂ ਹੀ ਕਰੋਨਾ ਸੰਕਟ ਵਿੱਚ ਫਸੇ ਸੰਸਾਰ ਭਰ ਦੇ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿੱਚ ਵੱਡਾ ਬੋਝ ਪਾ ਕੇ ਆਰਥਿਕ ਅਤੇ ਸਮਾਜਿਕ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਹੈ। ਜੰਗ ਦੌਰਾਨ ਯੂਕਰੇਨ ਵਿੱਚ ਬਾਈਲੌਜੀਕਲ ਲੈਬ ਉੱਪਰ ਰੂਸੀ ਫੌਜੀ ਕਬਜ਼ੇ ਨੇ ਜੈਵਿਕ ਹਥਿਆਰਾਂ ਅਤੇ ਫੈਲਾਏ ਜਾ ਰਹੇ ਵਾਇਰਸ ਦੇ ਖੁਲਾਸਿਆਂ ਨੇ ਵੀ ਸਮਾਜ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਜ਼ੌਰਜ਼ੀਆ ਨਿਊਕਲੀਅਰ ਪਲਾਂਟ ਉੱਤੇ ਹਮਲੇ ਅਤੇ ਘਾਤਕ ਹਥਿਆਰਾਂ ਦੀ ਵਰਤੋਂ ਨੇ ਪਹਿਲਾਂ ਤੋਂ ਹੀ ਖਤਰੇ ਵੱਲ ਵੱਧ ਰਹੇ ਵਾਤਾਵਰਨ ਸੰਕਟ ਨੂੰ ਹੋਰ ਵੱਧ ਗਹਿਰਾ ਕਰਨ ਦੇ ਖ਼ਤਰੇ ਨੂੰ ਵਧਾ ਦਿੱਤਾ ਹੈ।
ਰੂਸ ਦੁਆਰਾ ਯੂਕਰੇਨ ੳੱੁਤੇ ਹਮਲਾ ਮਹਿਜ਼ ਯੂਕਰੇਨ ਦੁਆਰਾ ਨਾਟੋ ਦਾ ਹਿੱਸਾ ਨਾ ਬਣਨ ਦੀ ਗਰੰਟੀ ਕਰਕੇ ਉਸਦਾ ‘ਅਸੈਨਿਕੀਕਰਨ’ ਕਰਨਾ, ਅਮਰੀਕਾ ਤੇ ਯੂਕਰੇਨ ਦੁਆਰਾ ਸਹਾਇਤਾ ਪ੍ਰਾਪਤ ਹਥਿਆਰਬੰਦ ਨਾਜ਼ੀ ਗਰੁੱਪਾਂ ਦਾ ‘ਅਨਾਜ਼ੀਕਰਨ’ ਕਰਨਾ ਅਤੇ ਯੂਕਰੇਨ ਦੁਆਰਾ ਰੂਸੀ ਪ੍ਰਭਾਵ ਵਾਲੇ ਦੋਨੇਤਸਕ ਤੇ ਲੁਹਾਂਸਕ ਖੇਤਰ ਨੂੰ ਅਜ਼ਾਦ ਮੁਲਕ ਵਜ਼ੋਂ ਮਾਨਤਾ ਦੇਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਜੰਗ ਅਮਰੀਕੀ ਸਾਮਰਾਜ ਤੇ ਉਸਦੀਆਂ ਸਮਰੱਥਕ ਪੱਛਮੀ ਨਾਟੋ ਤਾਕਤਾਂ ਖ਼ਿਲ਼ਾਫ਼ ਹੈ। ਦੂਜੇ ਪਾਸੇ ਅਮਰੀਕਾ ਯੂਕਰੇਨ ਨੂੰ ਮੋਹਰਾ ਬਣਾਕੇ ਰੂਸ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹੈ। ਉਹ ਯੂਰੋਪ ਤੇ ਹੋਰ ਏਸ਼ੀਅਨ ਮੁਲਕਾਂ ਵਿੱਚ ਰੂਸ ਦੇ ਤੇਲ ਤੇ ਗੈਸ ਦੇ ਵਪਾਰ ’ਤੇ ਸੱਟ ਮਾਰਨ ਅਤੇ ਰੂਸ ਦੇ ਗੁਆਂਢੀ ਨਾਟੋ ਦੇਸ਼ਾਂ ਨੂੰ ਕਲੇਸ਼ ਵਿੱਚ ਧੱਕਕੇ ਉਹਨਾਂ ਨੂੰ ਆਪਣੇ ਹਥਿਆਰ ਵੇਚਣ ਲਈ ਇਸ ਜੰਗ ਵਿੱਚ ਕੁੱਦਿਆ ਹੈ। ਅਮਰੀਕਾ ਦਾ ਅਸਲ ਚਿਹਰਾ 24 ਮਾਰਚ ਨੂੰ ਬਰਸੱਲਜ਼ ਵਿੱਚ ਹੋਈ ਨਾਟੋ ਦੇ 30 ਮੁਲਕਾਂ ਦੀ ਮੀਟਿੰਗ ਵਿੱਚ ਸਾਹਮਣੇ ਆ ਗਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਸਾਈ ਤੇ ਜੰਗੀ ਅਪਰਾਧੀ ਆਖਦਿਆਂ ਰੂਸ ਵਿੱਚ ਸੱਤਾ ਬਦਲੀ ਦੇ ਆਪਣੇ ਮਨਸੂਬੇ ਨੂੰ ਜ਼ਾਹਰ ਕੀਤਾ। ਯੂਕਰੇਨ ਦਾ ਰਾਸ਼ਟਰਪਤੀ ਨਾਜ਼ੀਆਂ ਤੇ ਦੱਖਣਪੰਥੀਆਂ ਨੂੰ ਯੂਕਰੇਨ ਦੀ ਪੁਲਿਸ ਤੇ ਫੌਜ਼ ਵਿੱਚ ਭਰਤੀ ਕਰਕੇ ਅਮਰੀਕਾ ਦੇ ਹਿੱਤਾਂ ਲਈ ਯੂਕਰੇਨੀ ਲੋਕਾਂ ਨੂੰ ਨਹੱਕੀ ਜੰਗ ਵਿੱਚ ਝੋਕ ਰਿਹਾ ਹੈ। ਅਮਰੀਕੀ ਤੇ ਰੂਸੀ ਸਾਮਰਾਜ ਦੁਆਰਾ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਜੰਗ ਦਾ ਸਭ ਤੋਂ ਵੱਧ ਸੇਕ ਜਿੱਥੇ ਯੂਕਰੇਨ ਦੇ ਲੋਕਾਂ ਨੂੰ ਲੱਗ ਰਿਹਾ ਹੈ, ਉੱਥੇ ਯੂਰੋਪ ਦੇ ਲੋਕ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਇਸ ਸਮੇਂ ਨਾਟੋ ਯੂਰੋਪੀ ਦੇਸ਼ਾਂ ਲਈ ਨਸੂਰ ਬਣਿਆ ਹੋਇਆ ਹੈ। ਇਸੇ ਕਰਕੇ ਜਰਮਨੀ ਵੀ ਦੂਜੀ ਸੰਸਾਰ ਜੰਗ ਵਾਂਗ ਜਰਮਨ ਨੂੰ ਜੰਗ ਦਾ ਅਖਾੜਾ ਨਹੀਂ ਬਨਾਉਣਾ ਚਾਹੁੰਦਾ।
ਹੁਣ ਤੱਕ ਇਤਿਹਾਸ ਵਿੱਚ ਪੱਛਮ ਪੂਰਬ ’ਤੇ ਭਾਰੂ ਰਿਹਾ ਹੈ। ਪਰ ਇਸ ਜੰਗ ਨੇ ‘ਪੱਛਮ ਉੱਤੇ ਪੂਰਬ ਭਾਰੂ’ ਦੇ ਸੰਕੇਤ ਵੀ ਜੱਗ ਜ਼ਾਹਰ ਕਰ ਦਿੱਤੇ ਹਨ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਅਮਰੀਕਾ ਦੇ ਤੇਲ ਉਤਪਾਦਨ ਵਧਾਉਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਚੀਨ ਅਮਰੀਕਾ ਦਾ ਪਹਿਲਾਂ ਹੀ ਸ਼ਰੀਕ ਬਣਿਆ ਹੋਇਆ ਹੈ। ਪਰ ਹੁਣ ਯੁਕਰੇਨ ਜੰਗ ਸਮੇਂ ਭਾਰਤ ਨੇ ਅਮਰੀਕਾ ਤੇ ਪੱਛਮੀ ਤਾਕਤਾਂ ਦੇ ਕਹਿਣ ਦੇ ਬਾਵਜੂਦ ਯੂਐਨਓ ਵਿੱਚ ਰੂਸ ਖ਼ਿਲਾਫ਼ ਮਤਾ ਪਾਉਣ, ਵਪਾਰਕ ਰੋਕਾਂ ਲਾਉਣ ਤੇ ਉਸ ਦੇ ਵਿਰੁੱਧ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਫ਼ਗਾਨਿਸਤਾਨ, ਇਰਾਕ, ਈਰਾਨ, ਪਾਕਿਸਤਾਨ ਆਦਿ ਪਹਿਲਾਂ ਵਾਂਗ ਅਮਰੀਕਾ ਦੇ ਤਾਬਿਆਦਾਰ ਨਹੀਂ ਰਹੇ। ਅਮਰੀਕੀ ਭਾਈਵਾਲ ਯੂਰੋਪੀ ਮੁਲਕਾਂ ਦੀ ਤੇਲ, ਗੈਸ, ਕਣਕ, ਮੱਕੀ, ਅਤੇ ਸੂਰਜਮੁਖੀ ਤੇਲ ਆਦਿ ਨੂੰ ਲੈ ਕੇ ਜਿੱਥੇ ਰੂਸ ਉੱਤੇ ਨਿਰਭਰਤਾ ਹੈ। ਉੱਥੇ ਬਹੁਤੇ ਯੂਰਪੀ ਦੇਸ਼ਾਂ ਦੀ ਚੀਨ ਦੀ ਦਵਾਈ ਸਨਅਤ, ਹੋਰ ਸੂਖਮ ਸਪੇਅਰ ਪਾਰਟਸ ਅਤੇ ਚੀਨ ਦੀ ਵੱਡੀ ਮੰਡੀ ਉਪਰ ਨਿਰਭਰਤਾ ਕਾਰਨ ਯੂਰਪੀ ਮੁਲਕ ਚੀਨ ਨਾਲੋਂ ਤੋੜ ਵਿਛੋੜਾ ਕਰਨ ਨੂੰ ਤਿਆਰ ਨਹੀਂ ਹਨ। ਇਸ ਜੰਗ ਦੌਰਾਨ ਜਿੱਥੇ ਯੂਕਰੇਨ ਨੂੰ ਅੰਦਰੋ-ਅੰਦਰੀ ਨਾਟੋ ਦੇਸ਼ਾਂ ਵੱਲੋਂ ਯੂਕਰੇਨ ਦੀ ਪੂਰੀ ਮਦਦ ਨਾ ਕਰਨ ਕਰਕੇ ਪਿੱਛੇ ਲੱਗਣ ਦਾ ਪਛਤਾਵਾ ਲਗਾਤਾਰ ਝਲਕਦਾ ਰਿਹਾ ਹੈ, ਉੱਥੇ ਰੂਸ ਨਾਲ ਦੁਸ਼ਮਣੀ ਕਮਾਕੇ ਯੂਰੋਪੀਅਨ ਮੁਲਕ ਦੇ ਹਾਕਮ ਵੀ ਫਸੇ-ਫਸੇ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਜੰਗ ਕਾਰਨ ਵਪਾਰਕ ਮੁਸ਼ਕਲਾਂ ਝੱਲਣੀਆ ਪੈ ਰਹੀਆਂ ਹਨ ਅਤੇ ਵੱਧ ਰਹੀ ਮਹਿੰਗਾਈ ਕਾਰਨ ਆਪਣੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀ ਦਾ ਮੌਸਮ ਸਿਰ ਤੇ ਹੋਣ ਕਾਰਨ ਗੈਸ ਦੀ ਕਿੱਲਤ ਦਾ ਸਹਿਮ ਯੂਰੋਪੀਅਨ ਮੁਲਕਾਂ ਦਾ ਤ੍ਰਾਹ ਕੱਢ ਰਿਹਾ ਹੈ ਜਿਸ ਤੋਂ ਯੂਰੋਪੀਅਨ ਮੁਲਕ ਖ਼ਬਰਦਾਰ ਹਨ ਤੇ ਉਹ ਰੂਸ ਨਾਲ ਤੇਲ ਤੇ ਗੈਸ ਦੇ ਵਪਾਰ ਲਈ ਅਮਰੀਕੀ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੱਛਮੀ ਤਾਕਤਾਂ ਵਿੱਚਕਾਰ ਅੰਤਰ ਵਿਰੋਧ ਪੂਰਬੀ ਤਾਕਤਾਂ ਲਈ ਲਾਭਦਾਇਕ ਹੈ। ਇਸ ਜੰਗ ਵਿੱਚ ਅਮਰੀਕਾ ਦੀ ਯੂਕਰੇਨ ਅੰਦਰ ਦਖ਼ਲਅੰਦਾਜੀ ਦਾ ਬੋਝ ਅਮਰੀਕਨ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿੱਚ ਪਿਆ ਹੈ ਅਤੇ ਹੁਣ ਅਮਰੀਕਾ ਅੰਦਰ ਬਾਇਡਨ ਸਰਕਾਰ ਖ਼ਿਲਾਫ਼ ਰੋਸ ਵੱਧ ਰਿਹਾ ਹੈ। ਪੂਰਬ ਵਿੱਚ ਰੂਸ ਵੱਡੀ ਫੌਜ਼ੀ ਤਾਕਤ ਅਤੇ ਚੀਨ ਸੰਸਾਰ ਦੀ ਦੂਜੀ ਵੱਡੀ ਆਰਥਿਕ ਤੇ ਫੌਜੀ ਤਾਕਤ ਅਮਰੀਕਾ ਸਮੇਤ ਪੱਛਮੀ ਤਾਕਤਾਂ ਲਈ ਇਕ ਵੱਡੀ ਚੁਣੌਤੀ ਬਣ ਗਏ ਹਨ।
ਯੂਕਰੇਨ ਜੰਗ ਵਿੱਚ ਅਮਰੀਕਾ ਦਾ ਨਿਸ਼ਾਨਾ ਰੂਸ ਦੇ ਨਾਲ ਚੀਨ ਵੀ ਹੈ। ਇਸ ਜੰਗ ਵਿੱਚ ਚੀਨ ਵੱਲੋਂ ਰੂਸ ਦੇ ਹੱਕ ’ਚ ਖੜ੍ਹਨ ਕਰਕੇ ਅਮਰੀਕਾ ਚੀਨ ਉੱਪਰ ਖਫਾ ਹੈ। ਰੂਸ ਅਮਰੀਕਾ ਲਈ ਹਮੇਸ਼ਾ ਇੱਕ ਫੌਜੀ ਤਾਕਤ ਵਜੋਂ ਚੁਣੌਤੀਪੂਰਨ ਰਿਹਾ ਹੈ ਪਰ ਚੀਨ ਅਮਰੀਕਾ ਲਈ ਫੌਜੀ, ਆਰਥਿਕ ਅਤੇ ਤਕਨੀਕੀ ਸ਼ਕਤੀ ਦੇ ਤੌਰ ’ਤੇ ਚੁਣੌਤੀਪੂਰਨ ਹੈ ਅਤੇ ਚੀਨ ਇਕ ਵੱਡੀ ਸੰਸਾਰ ਮੰਡੀ ਕਾਰਨ ਅਮਰੀਕਾ ਲਈ ਵੱਡਾ ਦੁਸ਼ਮਣ ਬਣਿਆ ਹੋਇਆ ਹੈ। ਇਸੇ ਲਈ ਅਮਰੀਕਾ ਆਪਣੇ ਰਣਨੀਤਿਕ ਭਾਈਵਾਲ ਭਾਰਤ ਨਾਲ ਮਿਲਕੇ ਹਿੰਦ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਦੀ ਮਨਸ਼ਾ ਰੱਖ ਰਿਹਾ ਹੈ। ਯੂਰੋਪੀਅਨ ਮੁਲਕਾਂ ਦਾ ਯੂਕਰੇਨ ਜੰਗ ਨੂੰ ਲੈ ਕੇ ਰੂਸ ਅਤੇ ਚੀਨ ਪ੍ਰਤੀ ਰਵੱਈਆ ਅਲੱਗ-ਅਲੱਗ ਹੈ। ਬਰਤਾਨੀਆ ਇਸ ਜੰਗ ਵਿੱਚ ਪੂਰੀ ਤਰ੍ਹਾਂ ਰੂਸ ਖ਼ਿਲਾਫ਼ ਖੜ੍ਹਾ ਨਜ਼ਰ ਆ ਰਿਹਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਰੂਸ ਪ੍ਰਤੀ ਭਾਰਤ ਦੀ ਕੂਟਨੀਤਕ ‘ਨਿਰਪੱਖ’ ਪਹੁੰਚ ਕਾਰਨ ਅਮਰੀਕਾ ਉਸਨੂੰ ਘੁਰਕੀਆਂ ਦੇ ਰਿਹਾ ਹੈ। ਦੂਜੀ ਸੰਸਾਰ ਜੰਗ ਦੇ ਸੰਤਾਪ ਬਾਅਦ ਜਰਮਨੀ ਜੰਗ ਨਹੀਂ ਚਾਹੁੰਦਾ। ਜੰਗ ਦੇ ਐਨੇ ਦਿਨਾਂ ਬਾਅਦ ਰੂਸ ਤੇ ਯੂਕਰੇਨ ਇੱਕ ਪਾਸੇ ਜੰਗ ਲੜ ਰਹੇ ਹਨ ਅਤੇ ਦੂਜੇ ਪਾਸੇ ਲੜਾਈ ਦੇ ਹੱਲ ਨੂੰ ਲੈ ਕੇ ਨਰਮ ਦਿਖਾਈ ਦਿੰਦੇ ਹਨ। ਪਰ ਸਾਮਰਾਜੀ ਤਾਕਤਾਂ ਦੇ ਖਹਿਭੇੜ ਕਾਰਨ ਯੂਕਰੇਨ ਦੀ ਵੱਡੇ ਪੱਧਰ ’ਤੇ ਤਬਾਹੀ ਹੋ ਰਹੀ ਹੈ। ਇਸ ਕਰਕੇ ਇਨਸਾਫ਼ ਅਤੇ ਸ਼ਾਂਤੀਪਸੰਦ ਲੋਕਾਂ ਨੂੰ ਇਸ ਨਿਹੱਕੀ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਆਲਮੀ ਬਣ ਰਹੀ ਜੰਗ ਦੇ ਖ਼ਾਤਮੇ ਅਤੇ ਮੁੜ ਅਮਨ-ਬਹਾਲੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।
- ਮਨਦੀਪ
15-05-2022

 https://epaper.punjabitribuneonline.com/c/68073127

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...