Search This Blog

Thursday, September 19, 2024

ਗਾਜ਼ਾ ਦੇ ਗਧੇ


ਇਸ ਫਾਨੀ ਸੰਸਾਰ ਵਿੱਚ ਐਨਾ ਅਭਾਗਾ ਕੌਣ ਹੋ ਸਕਦਾ ਹੈ, ਜਿਸਨੇ ਫ਼ਲਸਤੀਨ ਦੀ ਗਾਜ਼ਾ ਪੱਟੀ ਦਾ ਨਾਂ ਨਾ ਸੁਣਿਆ ਹੋਵੇ? ਇਹ ਵਿਸ਼ਾਲ ਧਰਤੀ ਮਾਂ ਦਾ ਉਹ ਅੰਗ ਹੈ ਜੋ ਕੁਲ ਲੋਕਾਈ ਸਾਹਮਣੇ ਬੇਰਹਿਮੀ ਨਾਲ ਕੋਹਿਆ-ਸਾੜਿਆ ਜਾ ਰਿਹਾ ਹੈ। ਤੁਸੀਂ ਗਾਜ਼ਾ ਵਿੱਚ ਭੁੱਖੇ ਬਘਿਆੜਾਂ ਦੇ ਝੁੰਡਾਂ ਵਾਂਗ ਹਰਲ-ਹਰਲ ਕਰਦੇ ਫਿਰਦੇ ਖਾਕੀ ਵਰਦੀਧਾਰੀ ਇਜ਼ਰਾਇਲੀ ਫੌਜ਼ੀ ਜ਼ਰੂਰ ਦੇਖੇ ਹੋਣਗੇ। ਜਿਊਂਦੀਆਂ ਮਨੁੱਖੀ ਦੇਹਾਂ ਨੂੰ ਬੰਦੂਕੜੀਆਂ ਨਾਲ ਵੱਡਦੇ-ਟੁੱਕਦੇ ਤੇ ਭੇਡਾਂ ਵਾਂਗ ਪਰ੍ਹੇ ਹੱਕਦੇ ਹੋਏ। ਮਲਬੇ ਦਾ ਢੇਰ ਬਣੀਆਂ ਇਮਾਰਤਾਂ ਦੇ ਨਾਲ-ਨਾਲ ਤੁਸੀਂ ਮਰਦੇ-ਉਜੜਦੇ ਲੋਕਾਂ ਦੀਆਂ ਚੀਕਾਂ-ਵਿਰਲਾਪ ਵੀ ਸੁਣੇ ਹੋਣਗੇ। ਪਰ ਤੁਸੀਂ ਗਾਜ਼ਾ ਦੀਆਂ ਨੇਰ੍ਹੀਆਂ-ਉਜੜੀਆਂ ਗਲੀਆਂ-ਸੜਕਾਂ ਤੇ ਰੋਦੀਂਆਂ ਬਿੱਲੀਆਂ, ਅੱਧ-ਬਚੀਆਂ ਖੰਡਰੀ ਇਮਾਰਤਾਂ ਦੇ ਕਿਸੇ ਕੋਨੇ ਵਿੱਚ ਚਿੰਬੜੇ ਪੰਛੀਆਂ ਦੇ ਲਹੂ ਭਿੱਜੇ ਚੀਥੜੇ ਅਤੇ ਜਿੰਦਾ-ਮੁਰਦਾ ਮਾਨਵੀ ਦੇਹਾਂ ਢੋਂਹਦੇ ਗਧਿਆਂ ਨੂੰ ਸ਼ਾਇਦ ਗਹੁ ਨਾਲ ਨਹੀਂ ਵੇਖਿਆ ਹੋਣਾ। ਮਨ ਵਿੱਚ ਸਹਿਜ ਸਵਾਲ ਉੱਠਦਾ ਹੋਵੇਗਾ ਕਿ ਜੰਗ ਵਿੱਚ ਮਨੁੱਖੀ ਪਸ਼ੂ ਦੀ ਜਾਨ ਕੀਮਤੀ ਹੈ ਜਾਂ ਕੇਵਲ ਪਸ਼ੂ ਦੀ? ਇਹ ਕੋਈ ਤੁਲਨਾਤਮਿਕ ਅਧਿਐਨ ਦਾ ਮਸਲਾ ਨਹੀਂ ਹੈ ਜਨਾਬ! ਬਲਕਿ ਪਿਛਲੇ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਪਸ਼ੂ ਵੱਲੋਂ ਇਸ ਗ੍ਰਹਿ ਤੇ ਫੈਲਾਈ ਬਰਬਰਤਾ ਦਾ ਇੱਕ ਨਿੱਕਾ ਜਿਹਾ ਹਵਾਲਾ ਹੈ।

ਇਸ ਵੇਲੇ ਇਜ਼ਰਾਇਲ ਦੁਆਰਾ ਪੈਦਾ ਕੀਤੀ ਭੁੱਖਮਰੀ ਤੇ ਉਜਾੜੇ ਦੇ ਸ਼ਾਸ਼ਨ ਹੱਥੋਂ ਲੋਥਾਂ ਬਣੇ ਲੋਕਾਂ, ਜ਼ਖਮੀਆਂ, ਭੋਜਨ-ਪਾਣੀ ਤੇ ਜ਼ਿੰਦਾ ਰਹਿਣ ਦੀ ਆਸ ’ਚ ਬਚੇ ਲੋਕਾਂ ਨੂੰ ਸੁਰੱਖਿਅਤ ਜ਼ੋਨਾਂ ਤੱਕ ਪਹੁੰਚਾਉਣ ਲਈ ਗਾਜ਼ਾ ਦੇ ਗਧੇ, ਮੋਟਰਗੱਡੀਆ ਤੇ ਵਿਸ਼ਵ ਦੀਆਂ ਤਥਾਕਥਿਤ ਸਮਾਜਸੇਵੀ ਸੰਸਥਾਵਾਂ ਨਾਲੋਂ ਵਧੇਰੇ ਕਾਰਗਰ ਸਿੱਧ ਹੋ ਰਹੇ ਹਨ। ਸ਼ੈਤਾਨ ਮਨੁੱਖਾਂ ਵੱਲੋਂ ਰਚਾਏ ਜਾ ਰਹੇ ਇਸ ਮਹਾਂਵਿਨਾਸ਼ ਵਿੱਚ ਭੁੱਖੇ-ਪਿਆਸੇ ਤੇ ਜਖ਼ਮੀ ਗਧੇ ਅੰਤਰਰਾਸ਼ਟਰੀ ਅਦਾਲਤਾਂ ਦੇ ਕਿਸੇ ਵੀ ਫੈਸਲੇ ਦੀ ਉਡੀਕ ਕੀਤੇ ਬਿਨ੍ਹਾਂ ਗਾਜ਼ਾ ਦੇ ਭੁੱਖੇ-ਪਿਆਸੇ ਤੇ ਜਖ਼ਮੀ ਮਨੁੱਖਾਂ ਦੀ ਦੇਖਭਾਲ ਕਰ ਰਹੇ ਹਨ। ਇਹ ਚੌਪਾਏ ਪਸ਼ੂ, ਨਸਲ ਤੇ ਰੰਗਭੇਦ ਕੀਤੇ-ਜਾਣੇ ਬਿਨ੍ਹਾਂ ਜੰਗੀ ਤਬਾਹੀ ਦੀ ਚਪੇਟ ਵਿੱਚ ਆਏ ਦੋਪਾਏ ਜੀਵਾਂ ਦੀ ਮੱਦਦ ਕਰਕੇ ਦੁਨੀਆਂ ਦੀਆਂ ਉੱਨਤ ਸੱਭਿਆਤਾਵਾਂ ਨੂੰ ਮਾਤ ਦੇ ਰਹੇ ਹਨ, ਖਾਸ ਕਰ ਤਥਾਕਥਿਤ ਪੱਛਮੀ ਸੱਭਿਅਤਾ ਨੂੰ। ਮੂਰਖ ਸਮਝੇ ਜਾਂਦੇ ਇਹਨਾਂ ਜਾਨਵਰਾਂ ਦੀ ਦਰਿਆਦਿਲੀ, ਮਨੁੱਖੀ ਸਮਾਜ ਦੀ ਵਾਂਗਡੋਰ ਸਾਂਭਣ ਵਾਲੇ ਵਿਸ਼ਵੀ ਰਹਿਬਰਾਂ ਤੋਂ ਕਿਤੇ ਵੱਡੀ ਤੇ ਹਕੀਕੀ ਹੈ। ਗਾਜ਼ਾ, ਰਾਫਾਹ ਤੇ ਖਾਨ ਯੂਸਫ ਦੀਆਂ ਸੜਕਾਂ ਉੱਤੇ ਜ਼ਖਮੀ ਤੇ ਜ਼ਿੰਦਾ ਲੋਥਾਂ, ਭੋਜਨ-ਪਾਣੀ ਤੇ ਹੋਰ ਜ਼ਰੂਰੀ ਸਮਾਨ ਦਾ ਬੋਝ ਚੁੱਕੀ ਰੀਂਗਦੇ ਜਾਂਦੇ ਗਧਿਆਂ ਕੋਲੋਂ ਜਦੋਂ ਜੰਗੀ ਬਾਰੂਦ ਨਾਲ ਲੱਦੇ ਭਾਰੀ-ਭਰਕਮ ਇਜ਼ਰਾਇਲੀ ਟੈਂਕ ਦਨਦਨਾਉਂਦੇ ਹੋਏ ਗੁਜਰਦੇ ਹੋਣਗੇ ਤਾਂ ਉਹਨਾਂ ਨੂੰ ਆਪਣੀ ਆਲਸ ਤੇ ਘ੍ਰਿਣਾ ਤਾਂ ਆਉਂਦੀ ਹੀ ਹੋਵੇਗੀ?  ਉਂਝ ਗਾਜ਼ਾ ਦੀ ਇਹ ‘ਗਧਾ ਐਂਬੂਲੈਂਸ’ ਸੰਸਾਰ ਦੀ ਮੁਫ਼ਤ, ਦਲੇਰ, ਪਰ ਬਦਕਿਸਮਤੀ ਨਾਲ ਹੌਲੀ ਚੱਲਣ ਵਾਲੀ ਐਂਬੂਲੈਂਸ ਹੈ। ਆਪਸੀ ਮਨੁੱਖੀ ਜੰਗ ’ਚ ਇੱਕ ਇਜ਼ਰਾਇਲੀ ਫੌਜ਼ੀ, ਇੱਕ ਗਧੇ ਨੂੰ ਇਸ ਲਈ ਗੋਲੀਆਂ ਮਾਰਕੇ ਮਾਰ ਦਿੰਦਾ ਹੈ ਕਿਉਂਕਿ ਉਹ ਉਸਦੇ ਸ਼ਿਕਾਰ ਮਨੁੱਖ ਲਈ ਭੋਜਨ ਲਿਜਾ ਰਿਹਾ ਸੀ। ਸਰਬਨਾਸ਼ ਦੀ ਇਸ ਘਿਨਾਉਣੀ ਜੰਗ ਵਿੱਚ ਜਦੋਂ ਨਿਰਦੋਸ਼ ਲੋਕ, ਪੱਤਰਕਾਰ, ਪੇਸ਼ੇਵਰ ਸਿਹਤ ਸੰਭਾਲ ਤੇ ਸਹਾਇਤਾ ਕਾਮੇ ਵੀ ਨਹੀਂ ਬਖਸ਼ੇ ਜਾ ਰਹੇ ਤਾਂ ਉਦੋਂ ‘ਮਨੁੱਖਤਾਵਾਦੀ ਸਹਾਇਤਾ ਕਰਮਚਾਰੀ’ ਗਧਿਆਂ ਦੀ ਭਲਾਂ ਕੀ ਵੁੱਕਤ ? ਇਹਨਾਂ ਗਧਿਆਂ ਦੀ ਗਾਥਾ ਵੀ ਕਿੰਨੀ ਵਚਿੱਤਰ ਹੈ?

ਫ਼ਲਸਤੀਨ ਵਿੱਚ ਨਸਲਵਾਦੀ-ਜ਼ਿਊਨਵਾਦੀ ਇਜ਼ਰਾਇਲੀ ਰਾਜ ਵੱਲੋਂ ਅਮਰੀਕੀ ਸਾਮਰਾਜ ਤੇ ਆਪਣੇ ਹੋਰ ਸੰਸਾਰ ਭਾਈਵਾਲਾਂ ਨਾਲ ਮਿਲਕੇ ਸਾਡੇ ਦੌਰ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਕੀਤੀ ਜਾ ਰਹੀ ਹੈ। ਧਾਰਮਿਕ ਤੇ ਨਸਲੀ ਮਿੱਥਾਂ ਬਹਾਨੇ ਇੱਕ ਦੇਸ਼ ਨੂੰ, ਇੱਕ ਨਸਲ ਨੂੰ ਅਤੇ ਮਨੁੱਖਤਾ ਨੂੰ ਲਹੂ-ਲੁਹਾਣ ਤੇ ਮਲਿਆਮੇਟ ਕਰਨ ਦੀ ਯੋਜਨਾਬੱਧ ਮੁਹਿੰਮ ਵਿੱਢੀ ਹੋਈ ਹੈ। ਦੁਨੀਆ ਪ੍ਰਤੱਖ ਦੇਖ ਰਹੀ ਹੈ ਕਿ ਅਮਨ-ਸ਼ਾਂਤੀ ਦੇ ਹੋ-ਹੱਲੇ ਉਹਲੇ ਸੰਸਾਰ ਦੀਆਂ ਮੰਦ ਸ਼ਕਤੀਆਂ ਅਮਨ-ਚੈਨ ਦੀ ਘੁੱਗੀ ਦੇ ਖੰਭ ਨੋਚ ਰਹੀਆਂ ਹਨ। ਕੁੱਲ ਜਹਾਨ ਦੋ ਟੋਟਿਆਂ ਵਿੱਚ ਵੰਡਿਆਂ ਦਿਖਾਈ ਦਿੰਦਾ ਹੈ : ਇਨਸਾਨ ਤੇ ਹੈਵਾਨ। ਇਸ ਭਿਅੰਕਰ ਤੇ ਨਿਹੱਕੇ ਨਰਸੰਹਾਰ ਪ੍ਰਤੀ ਇੱਕੋ ਸਮੇਂ ਦੋ ਸੰਸਾਰ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ। ਇੱਕ ਪਾਸੇ, ‘ਇੱਕ ਸੰਸਾਰ, ਇੱਕ ਸਰਕਾਰ’ ਉਸਾਰਨ ਵਾਲੀਆਂ ਸ਼ੈਤਾਨੀ ਤਾਕਤਾਂ ਅਤੇ ਦੂਜੇ ਪਾਸੇ, ਲੁੱਟ-ਜਬਰ ਤੇ ਭੈਅ ਮੁਕਤ ਸੋਹਣਾ ਸੰਸਾਰ ਸਿਰਜਣ ਦੀ ਲਗਾਤਾਰ ਪਨਪਦੀ-ਵਿਗਸਦੀ ਭਾਵਨਾ ਵਾਲੇ ਪ੍ਰਬੁੱਧ ਲੋਕ। ਸ਼ੈਤਾਨੀ ਜੰਗੀ ਤਾਕਤਾਂ ਅਤੀ ਨਵੀਨ ਤਬਾਹਕੁੰਨ ਬਰੂਦੀ ਹਥਿਆਰਾਂ, ਜ਼ਹਿਰੀਲੇ ਰਸਾਇਣਿਕ ਪਦਾਰਥਾਂ, ਸਾਇਬਰ ਹਮਲਿਆਂ ਆਦਿ ਦੇ ਨਾਲ-ਨਾਲ ਫ਼ਲਸਤੀਨੀ ਲੋਕਾਂ ਦੇ ਸਾਹਿਤ, ਸੱਭਿਆਚਾਰ, ਵਿਰਾਸਤ, ਧਰਤ-ਅਸਮਾਨ, ਸੁਪਨੇ-ਸ਼ਾਂਤੀ ਸਭ ਕੁਝ ਤਬਾਹ ਕਰ ਰਹੇ ਹਨ। ਉਂਝ ਮਨੁੱਖਤਾ ਹਾਲੇ ਮਰੀ-ਖਪੀ ਨਹੀਂ। ਫ਼ਲਸਤੀਨ ਦੇ ਬਹਾਦਰ ਧੀਆਂ-ਪੁੱਤ ਮਹਾਂਠੱਗ ਮਹਾਂਸ਼ਕਤੀਆਂ ਅੱਗੇ ਹਿੱਕਾਂ ਤਣਕੇ ਖੜੇ ਹਨ। ਬੰਬਾਂ ਦਾ ਮੁਕਾਬਲਾ ਪਤੰਗਾਂ, ਪੱਥਰਾਂ, ਗੁੱਸੇ ਤੇ ਨਫਰਤ ਭਰੀਆਂ ਅੱਖਾਂ-ਚੀਕਾਂ ਨਾਲ ਕਰ ਰਹੇ ਹਨ। ਜੁਝਾਰੂ ਫ਼ਲਸਤੀਨੀ ਲੋਕ, ਸੁਨਹਿਰੀ ਪੱਛਮੀ ਗੁਫਾਵਾਂ ਵਿੱਚ ਦੁੱਬਕੇ ਬੈਠੇ ਸੰਸਾਰ ਠੱਗਾਂ ਦਾ ਮੁਕਾਬਲਾ ਫ਼ਲਸਤੀਨੀ ਧਰਤੀ ਦੇ ਨਿੱਕੇ ਫੱਟੜ ਟੋਟੇ ਉੱਤੇ ਆਪਣੇ ਹੱਕਾਂ ਦੀ ਵਜਾਹਤ ਲਹੂ ਡੋਲ ਕੇ ਕਰ ਰਹੇ ਹਨ। ਉਹ ਲਹੂ ਜੋ ਉਪਜਾਊ ਧਰਤ ਦੀ ਕੁੱਖੋਂ ਯੋਧੇ ਪੈਦਾ ਕਰਦਾ ਰਹੇਗਾ। 

ਇੱਕ ਪਾਸੇ, ਪੂਰੇ ਸੰਸਾਰ ’ਚੋਂ ਜੰਗ ਤੇ ਜੰਗਬਾਜ਼ਾਂ ਵਿਰੋਧ ਨਵੀਂ ਚੇਤਨਾ ਦੀ ਕਿਰਨ, ਕਾਲੀਆਂ-ਨੇਰ੍ਹੀਆਂ ਤਾਕਤਾਂ ਦੇ ਗਰਦੋ-ਗ਼ੁਬਾਰ ਨੂੰ ਵੰਗਾਰ ਰਹੀ ਹੈ। ਦੂਜੇ ਪਾਸੇ, ਸੰਸਾਰ ਭਰ ਵਿੱਚ ਲੋਕ ਸੇਵਾ, ਸ਼ਾਂਤੀ ਤੇ ਵਿਕਾਸ ਦਾ ਦਮ-ਖਮ ਭਰਨ ਵਾਲੇ “ਲੋਕਾਂ ਦੇ ਚੁਣੇ ਹੋਏ ਪਤਵੰਤੇ” ਚੁੱਪ ਹਨ।


ਵਹਿਸ਼ੀ ਜੰਗ ਦਾ ਵਿਰੋਧ, ਮਨੁੱਖ ਹੋਣ ਦਾ ਸਬੂਤ ਹੈ। ਮਹਾਂ ਪੁੰਨ ਤੇ ਮਹਾਨ ਕਾਜ਼ ਹੈ। ਇਸ ਮਹਾਂਪੁੰਨ ਤੇ ਮਹਾਨ ਮਨੁੱਖੀ ਕਾਜ਼ ਤੋਂ ਵਿਰਵੇ ਰਹਿਣ ਦਾ ਅਰਥ ਮਨੁੱਖ ਤੇ ਉਸਦੀ ਮਨੁੱਖਤਾ ਤੇ ਸ਼ੰਕੇ ਦੇ ਤੁੱਲ ਹੈ। ਭਵਿੱਖ ਦੀਆਂ ਮਨੁੱਖੀ ਰੂਹਾਂ ਕਬਰਾਂ ’ਚੋਂ ਕੱਢ-ਕੱਢ ਕੇ ਇਸਦਾ ਜਵਾਬ ਮੰਗਣਗੀਆਂ। “ਆਪਣੇ ਪੁਰਖਿਆਂ ਦੀਆਂ ਗਲਤੀਆਂ ਦੇ ਨਤੀਜਿਓ, ਮਾਣ-ਹੰਕਾਰ ਨਾਲ ਭਰੇ ਰਹੇ ਹੱਡ-ਮਾਸ ਦੇ ਪੁਤਲਿਓ, ਮਦਾਰੀਓ ਤੇ ਉਹਨਾਂ ਦੇ ਇਸ਼ਾਰਿਆਂ ਦੇ ਨੱਚਣ ਵਾਲੇ ਜਮੂਰਿਓ! ਉਹ ਕਿਹੜੀ ਵਿਰਾਸਤ ਸੀ ਬੇਗੈਰਤੋ, ਜਿਸਦੀ ਵਸੀਹਤ ਆਪਣੇ ਵਾਰਸਾਂ ਨੂੰ ਸੌਂਪ ਕੇ ਅਰਾਮ ਨਾਲ ਕਬਰਾਂ ਵਿੱਚ ਆ ਪਏ ਓ?”

ਜੰਗ ਦੀ ਮਾਰ ਹੇਠ ਆਏ ਫ਼ਲਸਤੀਨੀ ਲੋਕ, ਆਪਣੇ ਲੋਕਾਂ ਨੂੰ ਬਚਾ ਰਹੇ ਹਨ। ਜੰਗੀ ਉਜਾੜੇ ਦਾ ਸ਼ਿਕਾਰ ਜ਼ਖਮੀਆਂ ਤੇ ਸੁਜਾਖਿਆਂ ਨੂੰ ਗਧੇ ਆਪਣੀਆਂ ਪਿੱਠਾਂ ਅਤੇ ਗਧਾ-ਗੱਡੀਆਂ ਉੱਤੇ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਢੋਹ ਰਹੇ ਹਨ। ਚੱਲਦੀ ਜੰਗ ਵਿੱਚ ਗਧਾ ਕਿੰਨਾ ਬੇਸ਼ਕੀਮਤੀ ਹੁੰਦਾ ਹੈ ਜੋ ਮਨੁੱਖਤਾ ਦੇ ਘਾਣ ਲਈ ਕੋਈ ਬਿਆਨਬਾਜ਼ੀ ਨਹੀਂ ਕਰਦਾ ਤੇ ਨਾ ਹੀ ਜੰਗ ਦਾ ਵਿਰੋਧ ਕਰਦਾ ਹੈ। ਕੀ ਗਧੇ ਤੋਂ ਵੱਧ ਕੋਈ ਮੂਰਖ ਹੋ ਸਕਦਾ ਹੈ? ਕੀ ਇਸ ਗ੍ਰਹਿ ਤੇ ਕੋਈ ਹੋਰ ਅਜਿਹਾ ਜੀਵ ਹੈ ਜੋ ਗਧਿਆਂ ਤੋਂ ਵਧੇਰੇ ਸ਼ਹਿਣਸ਼ੀਲ ਹੋਵੇ? ਸੰਸਾਰ ਨੂੰ ਮਨਮਰਜ਼ੀ ਨਾਲ ਹੱਕਣ ਲਈ ਜਿੰਨ੍ਹਾਂ ਹੱਥ ਚਾਬੁਕ ਹੈ, ਉਹ ਸਮਝਦੇ ਹਨ ਕਿ ਕੋਈ ਉਹਨਾਂ ਦੀ ਰਜ਼ਾ ਦੀ ਮੁਖ਼ਾਲਫਤ ਨਾ ਕਰੇ। ਬੱਸ ਗਧਿਆਂ ਵਾਂਗ ਸਿਰ ਸੁੱਟਕੇ ਉਹਨਾਂ ਦੀਆਂ ਇੱਛਾਵਾਂ ਦਾ ਭਾਰ ਢੋਏ। ਲੱਤਾਂ-ਛੜਾਂ ਮਾਰਨ ਵਾਲੇ ਪਸ਼ੂਆਂ ਦੇ ਜਾਂ ਤਾਂ ਨਕੇਲ ਪਾਈ ਜਾਂਦੀ ਹੈ ਜਾਂ ਫਿਰ ਨੂੜ। ਫੰਡਰ ਪਸ਼ੂਆਂ ਦਾ ਮੁਕਾਮ ਬੁੱਚੜਖਾਨਾ ਹੁੰਦਾ ਹੈ। ਕੀ ਕਦੇ ਗਧਿਆ ਦੀ ਬਗਾਵਤ ਬਾਬਤ ਸੁਣਿਆ?  ਰਜ਼ਾਕਾਰ ਬਣੋ, ਮੂਰਖ ਨਾ ਬਣੋ।

ਕਰਮਾਂ ਮਾਰੇ ਫ਼ਲਸਤੀਨੀ ਲੋਕਾਂ ਲਈ ਧਰਤੀ ਬਲ਼ਦ ਦੇ ਸਿੰਗਾਂ ਤੇ ਨਹੀਂ ਬਲਕਿ ਗਧੇ ਦੀ ਪਿੱਠ ਤੇ ਟਿਕੀ ਹੋਈ ਹੈ। ਅੱਜ ਜਦੋਂ ਪੱਛਮੀ ਲਾਗ ਵਾਲੀ ਮਨੁੱਖੀ ਬਿਰਾਦਰੀ ਫ਼ਲਸਤੀਨੀ ਲੋਕਾਂ ਦਾ ਸਾਥ ਛੱਡ ਗਈ ਹੈ ਤਾਂ ਇਹ ਗਧੇ ਹੀ ਹਨ ਜਿਹਨਾਂ ਨੇ ਉਨ੍ਹਾਂ ਨੂੰ ਪਿੱਠ ਨਹੀਂ ਵਿਖਾਈ।  ਜਿਹਨਾਂ ਦੇ ਪੁਰਖਿਆਂ ਨੇ ਅਫਰੀਕੀ ਲੋਕਾਂ ਦੀ ਸੱਤ ਹਜ਼ਾਰ ਸਾਲ ਸੇਵਾ ਕੀਤੀ ਉਹਨਾਂ ਦਾ ਐਨਾ ਫਰਜ ਤਾਂ ਬਣਦਾ ਹੀ ਹੈ ਕਿ ਉਹ ਮੁਸੀਬਤ ਦੀ ਇਸ ਘੜੀ ਵਿੱਚ ਫ਼ਲਸਤੀਨੀ ਲੋਕਾਂ ਦਾ ਸਾਥ ਦੇਣ। ਜੇ ਇਹ ਫਰਜ ਉਹ ਨਹੀਂ ਨਿਭਾਉਣਗੇ ਤਾਂ ਹੋਰ ਕੌਣ ਨਿਭਾਏਗਾ? 

ਸੁਣਿਆ ਇਸ ਸਮੇਂ ਸੰਸਾਰ ਵਿੱਚ ਕੁੱਲ ਚਾਰ ਕਰੋੜ ਗਧੇ ਹਨ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਵਿਕਾਸਸ਼ੀਲ ਮੁਲਕਾਂ ਵਿੱਚ ਅਬਾਦ ਹਨ ਤੇ ਇਹਨਾਂ ਦੇਸ਼ਾਂ ਦੇ ਲੋਕਾਂ ਦੇ ਜੀਵਨ ਨਿਰਬਾਹ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਗਧਾ, ਘੋੜੇ ਵਾਂਗ ਇੱਕ ਕੰਮਕਾਜੀ ਜਾਨਵਰ ਹੈ। ਇਹ ਜੰਗਲਾਂ, ਮਾਰੂਥਲਾਂ, ਅੱਤ ਗਰਮ ਤੇ ਅੱਤ ਠੰਡੀਆਂ ਥਾਵਾਂ ਦੇ ਹਰ ਤਰ੍ਹਾਂ ਦੇ ਵਾਤਾਵਰਣ ਦੇ ਅਨੁਕੂਲ ਬੇਧਿਆਨਾ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ ਹੈ। ਇਹ ਚਾਰੇ ਬਦਲੇ ਆਪਣੀ ਕਿਰਤ ਸ਼ਕਤੀ ਮਨੁੱਖ ਨੂੰ ਸੌਂਪ ਦਿੰਦਾ ਹੈ। ਇਹ ਨਾ ਸੋਚਦਾ, ਨਾ ਵਿਰੋਧ ਕਰਦਾ, ਨਾ ਸੁਪਨੇ ਲੈਂਦਾ ਤੇ ਨੀ ਹੀ ਇਸਦੀਆਂ ਇੱਛਾਵਾਂ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਇਸਨੂੰ ਮੂਰਖ ਹੋਣ ਦਾ ਖਿਤਾਬ ਦਿੱਤਾ ਜਾਂਦਾ ਹੈ। ਇਸਦੇ ਉਲਟ ਮਿਹਨਤੀ ਤੇ ਘਰੇਲੂ ਪ੍ਰਾਣੀ ਹੋਣ ਦੇ ਸਾਂਝੇ ਗੁਣ ਦੇ ਨਾਲ-ਨਾਲ ਮਨੁੱਖ ਵਿੱਚ ਉਹ ਗੁਣ ਵੀ ਹੁੰਦੇ ਹਨ ਜਿਹਨਾਂ ਤੋਂ ਗਧਾ ਵਾਂਝਾ ਰਹਿੰਦਾ ਹੈ। ਬਹੁਤੀ ਵਾਰ ਮਨੁੱਖ ਨਾਲ ਗਧਿਆਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ ਪਰ ਕਦੇ ਕਿਸੇ ਗਧੇ ਨਾਲ ਮਨੁੱਖ ਵਾਂਗ ਪੇਸ਼ ਨਹੀਂ ਆਇਆ ਜਾਂਦਾ। 

ਫ਼ਲਸਤੀਨ ਦੇ ਲੋਕਾਂ ਦਾ ਵਿਰਲਾਪ ਕੁੱਲ ਦੁਨੀਆ ਸੁਣ ਰਹੀ ਹੈ। ਵਿਗਿਆਨਕ ਤੌਰ ਤੇ ਗਧੇ ਦੀ ਅਵਾਜ਼ ਮਨੁੱਖ ਨਾਲੋਂ ਵੱਧ, ਭਾਵ ਤਿੰਨ ਕਿਲੋਮੀਟਰ ਤੱਕ ਜਾ ਸਕਦੀ ਹੈ। ਇਸ ਜੰਗੀ ਵਿਰਲਾਪ ਵਿੱਚ ਗਧੇ ਦਾ ਹਿਣਕਣਾ ਵੀ ਸ਼ਾਮਲ ਹੈ। ਗਧੇ ਦੇ ਕੰਨ ਵੱਡੇ ਹੋਣ ਕਾਰਨ ਉਹ ਦੂਰ ਦੀਆਂ ਅਵਾਜ਼ਾਂ ਮਨੁੱਖ ਨਾਲੋਂ ਵੱਧ ਸੁਣ ਸਕਦੇ ਹਨ। ਫਿਰ ਤਾਂ ਫ਼ਲਸਤੀਨ ਦੇ ਗਧਿਆਂ ਨੇ ਕੁਝ ਵਰ੍ਹੇ ਪਹਿਲਾਂ ਇਰਾਕ, ਇਰਾਨ, ਅਫ਼ਗਾਨਿਸਤਾਨ, ਸੀਰੀਆ, ਲੀਬੀਆ ਵਿੱਚ ਸੁੱਟੇ ਬੰਬਾਂ ਦੀਆਂ ਅਵਾਜ਼ਾਂ ਵੀ ਜ਼ਰੂਰ ਸੁਣਿਆ ਹੋਣਗੀਆਂ। ਉਹ ਉਦੋਂ ਹਿਣਕੇਂ ਕਿਉਂ ਨਹੀਂ ? ਜਾਂ ਤਾਂ ਸ਼ਾਇਦ ਅਸੀਂ ਨਹੀਂ ਸੁਣ ਸਕੇ ਕਿਉਂਕਿ ਮਨੁੱਖ ਗਧੇ ਨਾਲੋਂ ਵੱਧ ਦੂਰ ਦੀ ਅਵਾਜ਼ ਨਹੀ ਸੁਣ ਸਕਦਾ।

ਵਕਤ ਪਏ ਤੇ ਗਧਾ ਟੀਟਣਾ ਮਾਰਕੇ ਪਲ ਦੀ ਪਲ ਬੰਦੇ ਦੀ ਮੱਤ ਮਾਰ ਦਿੰਦਾ ਹੈ ਪਰ ਇਹ ਚਮਤਕਾਰ ਸਿਰਫ ਮਨੁੱਖ ਨੂੰ ਹੀ ਨਸੀਬ ਹੋਇਆ ਹੈ ਕਿ ਉਹ ਕੌਮਾਂ, ਦੇਸ਼ਾਂ, ਸੱਭਿਅਤਾਵਾਂ ਦੀ ਮੱਤ ਮਾਰ ਕੇ ਅਜਿਹੀ ਦੁਲੱਤੀ ਮਾਰਦਾ ਹੈ ਕਿ ਜਿਸਦੇ ਜਖ਼ਮ ਸਦੀਆਂ ਤੱਕ ਰਿਸਦੇ ਰਹਿੰਦੇ ਹਨ। 

ਗਧੇ ਜਾਂ ਘੋੜੇ ਤੇ ਸਵਾਰ ਹੋਣ ਨਾਲ ਭਾਵੇਂ ਮਨੁੱਖ ਦੀ ਪ੍ਰਤਿਭਾ, ਗਿਆਨ ਜਾਂ ਰੁਤਬੇ ਦਾ ਕੋਈ ਸਿੱਧਾ ਸਬੰਧ ਨਹੀਂ ਹੁੰਦਾ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਬਹਾਦਰ ਤੇ ਅਮੀਰ ਲੋਕ ਘੋੜੇ ਦੀ ਸਵਾਰੀ ਕਰਦੇ ਹਨ ਅਤੇ ਫਟੇਹਾਲ ਗਰੀਬ ਤੇ ਪੱਛੜੇ ਲੋਕ ਗਧੇ ਦੀ। ਇਸੇ ਕਰਕੇ ਗਧੇ ਦੀ ਪਿੱਠ ਤੇ ਬੈਠਾ ਬੰਦਾ ਮੂਰਖ, ਤੇ ਘੋੜ ਚੜ੍ਹਿਆ ਅਮੀਰ ਤੇ ਬਹਾਦੁਰ ਸਮਝਿਆ ਜਾਂਦਾ ਹੈ। ਸੰਸਾਰ ਦੇ ਗਰੀਬ ਮੁਲਕਾਂ ਅਤੇ ਇਹਨਾਂ ਦੇ ਬਾਗੀ ਲੀਡਰਾਂ ਨੂੰ ਵੀ ਇਵੇਂ ਈ ਸਮਝਿਆ ਜਾਂਦਾ ਹੈ। ਇਸੇ ਕਰਕੇ ਅਮਰੀਕਾ ਦਾ ਇੱਕ ਅਮੀਰ ਆਦਮੀ ਐਲਨ ਮਸਕ ਵੈਨਜ਼ੂਏਲਾ ਦੇ ਲੋਕਾਂ ਦੁਆਰਾ ਚੁਣੇ ਹੋਏ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਬੜੇ ਸਹਿਜ ਨਾਲ ਗਧਾ ਕਹਿਣ ਦੀ ਹਿਮਾਕਤ ਕਰ ਦਿੰਦਾ ਹੈ। ਪਰ ਇਹਨਾਂ ਮੁਲਕਾਂ ਦਾ ਕੋਈ ਅਮੀਰ ਆਦਮੀ ਅਮਰੀਕੀ ਪ੍ਰਧਾਨ ਨੂੰ ਗਧਾ ਕਹਿਣ ਦੀ ਜ਼ੁਅਰਤ ਨਹੀਂ ਰੱਖਦਾ। ਉਂਝ ਵੀ ਘੋੜੇ ਦੀ ਟੌਹਰ ਈ ਵੱਖਰੀ ਹੈ। ਕੀ ਕਦੇ ਕਿਸੇ ਬੇਗੈਰਤ ਦਾ ਮੂੰਹ ਕਾਲਾ ਕਰਕੇ ਉਸਨੂੰ ਘੋੜੇ ਤੇ ਚੜ੍ਹਾਕੇ ਘੁੰਮਾਉਂਦੇ ਦੇਖਿਆ ਹੈ? ਜਾਂ ਕਦੇ ਕੋਈ ਰਾਜਾ ਗਧੇ ਦੀ ਸਵਾਰੀ ਕਰਦਾ ਸੁਣਿਆ ਹੋਵੇ?  ਕਦੇ ਇਹ ਸੁਰਖ਼ੀ ਵੀ ਨਹੀਂ ਪੜ੍ਹੀ ਕਿ ਅਮਰੀਕਾ ਦੀ ਪ੍ਰਥਮ ਆਲਮੀ ਮਹਿਲਾ ਜਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਚਾਰ ਬੱਕਰੀਆਂ ਤੇ ਦੋ ਖੱਚਰਾਂ ਖ਼ਰੀਦੀਆਂ ਹੋਣ। ਜਾਂ ਵਿਹੜੇ ਵਾਲਾ ਦੁਨੀਚੰਦ ਜੋ ‘ਬੱਕਰੀਆਂ ਵਾਲਾ ਦੁਨੀਚੰਦ’ ਨਾਂ ਨਾਲ ਕੁੱਲ ਇਲਾਕੇ ’ਚ ਮਸ਼ਹੂਰ ਹੈ, ਘੋੜੇ ਤੇ ਚੜ੍ਹਕੇ ਗੌਲਫ ਖੇਡਣ ਜਾ ਰਿਹਾ ਹੋਵੇ। ਇਹ ਤਾਂ ਕਲਪਨਾ ਤੋਂ ਵੀ ਪਰੇ੍ਹ ਹੈ। ਪਰ ਯਹੂਦੀਆਂ ਦੀ ਬਾਈਬਲ ਵਿੱਚ ਲਿਖਿਆ ਹੈ ਕਿ ਯੇਰੂਸਲਮ ਦੀ ਪਵਿੱਤਰ ਭੂਮੀ ਤੇ ਪ੍ਰਭੂ ਦਾ ਭੇਜਿਆ ਦੂਤ ਰਾਜਾ ਗਧੇ ਉੱਤੇ ਸਵਾਰ ਹੋਕੇ ਯੇਰੂਸਲਮ ਆ ਰਿਹਾ ਹੈ। ਬਾਈਬਲ ਦਰਸਾਉਂਦੀ ਹੈ ਕਿ ‘ਹੇ ਜ਼ਿਊਨ ਦੀ ਧੀ, ਖ਼ੁਸ਼ੀ ਨਾਲ ਖੀਵੀ ਹੋ! ਹੇ ਯੇਰੂਸ਼ਲਮ ਦੀ ਧੀ! ਉੱਚੀ ਆਵਾਜ਼ ਵਿੱਚ ਬੋਲੋ! ਵੇਖੋ, ਤੁਹਾਡਾ ਰਾਜਾ ਤੁਹਾਡੇ ਕੋਲ ਆ ਰਿਹਾ ਹੈ; ਉਹ ਧਰਮੀ, ਨਿਮਰ ਅਤੇ ਮੁਕਤੀਦਾਤਾ ਹੈ। ਉਹ ਗਧੇ ਉੱਤੇ, ਗਧੀ ਦੇ ਬੱਚੇ ਉੱਤੇ ਸਵਾਰ ਹੈ।’ ਜੇ ਪ੍ਰਭੂ ਦੇ ਇਸ ਸੰਕੇਤ ਨੂੰ ਡੀਕੋਡ ਕਰਨਾ ਹੋਵੇ ਤਾਂ, ਕੀ ਇਜ਼ਰਾਇਲ, ਅਮਰੀਕਾ ਉੱਤੇ ਸਵਾਰ ਹੋ ਕੇ ਫਲਸਤੀਨ ਆ ਰਿਹਾ ਹੈ ਜਾਂ ਅਮਰੀਕਾ, ਇਜ਼ਰਾਇਲ ਉੱਤੇ?


ਪਿੱਛੇ ਜਿਹੇ ਚੀਨ ਤੇ ਕੋਈ ਭੀੜ ਪਈ ਤੇ ਉਸਨੇ ਪਾਕਿਸਤਾਨ ਤੋਂ ਵੱਡੀ ਤਦਾਦ ਵਿੱਚ ਗਧੇ ਖਰੀਦੇ। ਪਾਕਿ ਵਿੱਚ ਸੱਠ ਲੱਖ ਗਧੇ ਹਨ ਤੇ ਉਹ ਖੇਤੀਬਾੜੀ ਤੇ ਘਰੇਲੂ ਕੰਮਾਕਾਰਾਂ ਲਈ ਪਾਕਿਸਤਾਨ ਦੀ ਰੀਂਗਦੀ ਅਰਥ-ਵਿਵਸਥਾ ਦੀ ਚਾਲ ਨਾਲ ਤਾਲ ਮਿਲਾਕੇ ਚੱਲਦੇ ਰਹਿੰਦੇ ਹਨ। ਚੀਨ ਦੁਆਰਾ ਕਾਨੂੰਨੀ ਤੌਰ ਤੇ ਪਾਕਿਸਤਾਨ ਦੇ ਗਧੇ ਤੇ ਸ਼੍ਰੀਲੰਕਾ ਦੇ ਬਾਂਦਰ ਖ਼ਰੀਦਣ ਦੇ ਨਾਲ-ਨਾਲ ਕੁਝ ਗੈਰ ਕਾਨੂੰਨੀ ‘ਐਨੀਮਲ ਟ੍ਰੈਫਕਿੰਗ’ ਵੀ ਹੋਈ ਦੱਸੀ ਜਾਂਦੀ ਹੈ। ਮਨੁੱਖਾਂ ਵਾਂਗ ਜਾਨਵਰ ਵੀ ਸਰਹੱਦੋਂ ਪਾਰ ਪ੍ਰਵਾਸ ਕਰਦੇ ਹਨ ਤੇ ਕੀ ਉਹਨਾਂ ਦੇ ਵੀ “ਮਨੁੱਖੀ ਅਧਿਕਾਰਾਂ” ਦਾ ਹਨਨ ਹੁੰਦਾ ਹੋਵੇਗਾ? ਹੁੰਦਾ ਹੀ ਹੋਵੇਗਾ! ਪ੍ਰਵਾਸੀਆਂ ਤੋਂ ਅਨੰਤ ਵਾਰ ਸੁਣਿਆ ਕਿ ਜ਼ਿੰਦਗੀ ਭਰ ਗਧਿਆਂ ਵਾਂਗ ਕੰਮ ਕੀਤਾ ਪਰ ਬਰਾਬਰ ਦੇ ਹੱਕ ਨਹੀਂ ਮਿਲੇ। ਇਸੇ ਤਰ੍ਹਾਂ ਲੂਸੀ ਫੈਂਸੋਮ ਨੇ ਸਾਲ 2000 ਵਿੱਚ ਪਵਿੱਤਰ ਭੂਮੀ ਵਿੱਚ ਗਧਿਆਂ ਦੀ ਦੇਖਭਾਲ ਲਈ ‘ਸੁਰੱਖਿਅਤ ਹੈਵਨ’ ਨਾਮ ਦੀ ਇੱਕ ਸੰਸਥਾ ਸਥਾਪਿਤ ਕੀਤੀ ਜੋ ਇਜ਼ਰਾਈਲ ਅਤੇ ਫ਼ਲਸਤੀਨੀ ਪ੍ਰਦੇਸ਼ਾਂ ਵਿੱਚ ਕੰਮਕਾਜੀ ਤੇ ਅਵਾਰਾ ਗਧਿਆਂ ਦੀ ਭਲਾਈ ਲਈ ਸਰਗਰਮ ਹੈ। ਪਰ ਕੀ ਗਧਿਆਂ ਨੂੰ ਜੰਨਤ ਦਿਖਾਉਣ ਵਾਲੀ ਲੂਸੀ ਲਈ ਇਹ ਕਠਿਨ ਨਹੀਂ ਹੋ ਜਾਂਦਾ ਕਿ ਇਜ਼ਰਾਇਲ ਅਤੇ ਫਲਸਤੀਨੀ ਵਿੱਚੋਂ ਪਵਿੱਤਰ ਭੂਮੀ ਕਿਹੜੀ ਹੈ? ਸ਼ਾਇਦ ਇਸੇ ਦੁਬਿਧਾ ਕਰਕੇ ਉਹ ‘ਅਵਾਰਾ ਗਧਿਆਂ’ ਪ੍ਰਤੀ ਜਿਆਦਾ ਫਿਕਰਮੰਦ ਦਿਖਾਈ ਦਿੰਦੀ ਹੈ।   

ਬਦੀ ਕਰਨ ਵਾਲਿਆਂ ਨੂੰ ਅਕਸਰ ਸਿਆਣੇ ਲੋਕ ਨਸੀਹਤ ਦਿੰਦੇ ਹਨ ਕਿ ‘ਗਧੇ ਨਾ ਬਣੋ’। ਪਰ ਜੰਗਬਾਜਾਂ ਦੁਆਰਾ ਮਚਾਈ ਜਾਂਦੀ ਭਿਆਨਕ ਤਬਾਹੀ ਦੇਖਕੇ ਐਨਾ ਕਹਿਣਾ ਤਾਂ ਬਣਦਾ ਹੀ ਹੈ ਕਿ ਇਨਸਾਨ ਬਣੋ। 

- ਮਨਦੀਪ 


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...