Search This Blog

Sunday, June 22, 2025

ਅਮਰੀਕੀ ਸਾਮਰਾਜ ਵੱਲੋਂ ਈਰਾਨ ਉੱਤੇ ਘਾਤਕ ਹਮਲੇ


ਇਜ਼ਰਾਈਲ ਵੱਲੋਂ ਲਗਾਤਾਰ ਇੱਕ ਸਾਲ ਅੱਠ ਮਹੀਨੇ ਤੋਂ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਜਾਰੀ ਹੈ ਤੇ ਇਸ ਦੌਰਾਨ ਇਜ਼ਰਾਇਲ ਨੇ ਈਰਾਨ ਉੱਤੇ ਹਮਲਾ ਕਰਕੇ ਮੱਧ ਪੂਰਬ ਵਿੱਚ ਵੱਡੀ ਮਾਰੂ ਜੰਗ ਛੇੜ ਦਿੱਤੀ ਹੈ। ਪ੍ਰਮਾਣੂ ਸ਼ਕਤੀ ਸਾਪੰਨ ਇਜ਼ਰਾਇਲੀ ਰਾਜ ਨੇ ਈਰਾਨ ਉੱਤੇ ਹਮਲੇ ਦਾ ਬਹਾਨਾ ਬਣਾਇਆ ਕਿ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਇਜ਼ਰਾਈਲ ਦੀ ਹੋਂਦ ਲਈ ਖ਼ਤਰਾ ਹੈ ਤੇ ਉਹ ਇਸ ਭਵਿੱਖੀ ਖ਼ਤਰੇ ਨੂੰ ਅਗਾਊਂ ਮਿਟਾਉਣਾ ਚਾਹੁੰਦਾ ਹੈ। ਇਜ਼ਰਾਇਲ ਦੇ ਭੜਕਾਊ ਹਮਲਿਆਂ ਤੋਂ ਬਾਅਦ ਈਰਾਨ ਨੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ। ਈਰਾਨੀ ਹਮਲਿਆਂ ਤੋਂ ਘਬਰਾਏ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪੂਰੀ ਕੈਬਨਿਟ ਸਮੇਤ ਵਾਈਟ ਹਾਊਸ ਪਹੁੰਚ ਕੇ ਟਰੰਪ ਕੋਲ ਮੱਦਦ ਦੀ ਗੁਹਾਰ ਲਗਾਈ। ਇਸਤੋਂ ਪਹਿਲਾਂ ਟਰੰਪ ਨੇ ਇਜ਼ਰਾਇਲ-ਈਰਾਨ ਜੰਗ ਵਿੱਚ ਸ਼ਾਮਲ ਹੋਣ ਲਈ ਦੋ ਹਫਤਿਆਂ ਦਾ ਸਮਾਂ ਮੰਗਿਆਂ ਸੀ ਪਰੰਤੂ ਈਰਾਨ ਦੇ ਇਜ਼ਰਾਇਲ ਉੱਤੇ ਤਾਬੜਤੋੜ ਹਮਲਿਆਂ ਨੂੰ ਦੇਖਦੇ ਹੋਏ ਅਤੇ ਅਮਰੀਕਾ ਸਥਿਤ ਮਜ਼ਬੂਤ ਯਹੂਦੀ ਲਾਬੀ ਦੇ ਦਬਾਅ ਕਾਰਨ ਟਰੰਪ ਹਕੂਮਤ ਨੇ 21 ਜੂਨ ਨੂੰ ਈਰਾਨ ਦੇ ਤਿੰਨ ਸਿਵਲ ਪ੍ਰਮਾਣੂ (ਫੌਰਦੋ, ਨਤਾਨਜ਼, ਇਸਫਾਹਨ) ਟਿਕਾਣਿਆਂ ਤੇ ਨਿਹੱਕੇ ਤੇ ਨਜਾਇਜ ਹਮਲੇ ਕਰ ਦਿੱਤੇ। ਟਰੰਪ ਨੇ ਯੂਐਨ, ਅਟੌਮਿਕ ਐਨਰਜੀ ਏਜੰਸੀ, ਐਨਪੀਟੀ ਆਦਿ ਵਰਗੀਆਂ ਕੌਮਾਂਤਰੀ ਸੰਸਥਾਵਾਂ ਤੇ ਕੌਮਾਂਤਰੀ ਸੰਧੀਆਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਈਰਾਨ ਉੱਤੇ ਘਾਤਕ ਹਮਲਾ ਕਰਕੇ ਸਾਮਰਾਜੀ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਕਰ ਦਿੱਤਾ ਹੈ। 
    ਬਿਨਾਂ ਕਿਸੇ ਚੇਤਾਵਨੀ ਦੇ ਇਜ਼ਰਾਈਲ ਨੇ ਈਰਾਨ ਦੇ ਇੱਕ ਦਰਜਨ ਤੋਂ ਵੱਧ ਫੌਜੀ ਅੱਡਿਆਂ, ਪ੍ਰਮਾਣੂ ਪਲਾਂਟਾਂ, ਤੇਲ-ਗੈਸ ਰਿਫਾਇਨਰੀਆਂ, ਮਿਜ਼ਾਈਲ ਡਿਪੂਆਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਕਈ ਸ਼ਹਿਰਾਂ ਵਿੱਚ ਫੌਜੀ ਖੋਜ ਕੇਂਦਰਾਂ ਉੱਤੇ ਹਮਲੇ ਕੀਤੇ ਹਨ। ਇਸਤੋਂ ਪਹਿਲਾਂ ਵੀ ਇਜ਼ਰਾਈਲ ਨੇ ਈਰਾਨ ਦੇ ਉੱਚ ਫੌਜੀ ਅਧਿਕਾਰੀਆਂ, ਪ੍ਰਮਾਣੂ ਵਿਗਿਆਨੀਆਂ ਨੂੰ ਚੁਣ-ਚੁਣ ਕੇ ਕਤਲ ਕੀਤਾ ਹੈ। ਇਜ਼ਰਾਈਲ ਨੇ ਈਰਾਨੀ ਇਸਲਾਮੀ ਗਣਰਾਜ ਨੂੰ ਕਮਜ਼ੋਰ ਕਰਨ ਲਈ ਉਸਦੇ ਊਰਜਾ ਸ੍ਰੋਤਾਂ, ਪ੍ਰਮਾਣੂ ਤੇ ਫੌਜੀ ਟਿਕਾਣਿਆਂ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਨੂੰ ਲਾਂਭੇ ਰੱਖਕੇ ਈਰਾਨ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਤੇ ਰਿਹਾਇਸ਼ੀ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਹੋਰ ਵੀ ਵੱਡੇ, ਵਿਨਾਸ਼ਕਾਰੀ ਅਤੇ ਵਿਆਪਕ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ। ਈਰਾਨ ਵੱਲੋਂ ਇਜ਼ਰਾਈਲੀ ਹਮਲੇ ਦੀ ਜਵਾਬੀ ਕਾਰਵਾਈ ਵਿੱਚ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ। ਘਟਨਾਵਾਂ ਐਨੀ ਤੇਜ਼ੀ ਨਾਲ ਵਾਪਰ ਰਹੀਆਂ ਹਨ ਕਿ ਮੱਧ ਪੂਰਬ ਅਤੇ ਦੁਨੀਆ ਭਰ ਦੇ ਲੋਕਾਂ ਸਾਹਮਣੇ ਇਸਦੇ ਗੰਭੀਰ ਖ਼ਤਰੇ ਖੜੇ ਹੋ ਰਹੇ ਹਨ। ਈਰਾਨ ਨੇ ਅਮਰੀਕਾ ਸਮੇਤ ਇਜ਼ਰਾਈਲ ਦੇ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਈਰਾਨ ਖਿਲਾਫ ਜੰਗ ਵਿੱਚ ਸਿੱਧਾ ਦਖਲ ਦਿੱਤਾ ਤਾਂ ਮੱਧ ਪੂਰਬੀ ਖਿੱਤੇ ਵਿੱਚ ਸਥਿਤ ਉਨ੍ਹਾਂ ਦੇ ਫੌਜੀ ਅੱਡੇ ਸੁਰੱਖਿਅਤ ਨਹੀਂ ਰਹਿਣਗੇ। ਈਰਾਨ ਇਹਨਾਂ ਬੇਰਹਿਮ ਹਮਲਿਆਂ ਦੇ ਜਵਾਬ ਵਿੱਚ ਫਾਰਸ ਦੀ ਖਾੜੀ ’ਚ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਜਾਂ ਉਸਨੂੰ ਨਿਸ਼ਾਨਾ ਬਣਾਉਣ ਲਈ ਮਜ਼ਬੂਰ ਹੋ ਸਕਦਾ ਹੈ। ਇਸ ਮਾਰਗ ਰਾਹੀਂ ਦੁਨੀਆ ਦੀ ਤੇਲ ਸਪਲਾਈ ਦਾ ਇੱਕ ਚੌਥਾਈ ਹਿੱਸਾ ਲਿਜਾਇਆ ਜਾਂਦਾ ਹੈ। ਇਸ ਮਹੱਤਵਪੂਰਨ ਵਪਾਰਕ ਲਾਂਘੇ ’ਚ ਗੜਬੜ ਹੋਣ ਨਾਲ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਤੇਲ-ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਤੇ ਸਿੱਟੇ ਵਜੋਂ ਵਿਸ਼ਵ-ਵਿਆਪੀ ਮਹਿੰਗਾਈ ਵੱਧਣ ਨਾਲ ਮੱਧ ਪੂਰਬ ਖਿੱਤੇ ਵਿੱਚ ਮੁੱਖ ਤੌਰ ਤੇ ਅਤੇ ਗਲੋਬਲ ਆਰਥਿਕਤਾ ਉੱਤੇ ਬੁਰੇ ਪ੍ਰਭਾਵ ਪੈ ਸਕਦੇ ਹਨ।  
    ਅਮਰੀਕਾ-ਇਜ਼ਰਾਇਲ ਵੱਲੋਂ ਵਿੱਢੀ ਜੰਗ ਕਾਰਨ ਈਰਾਨ, ਲੇਬਨਾਨ, ਸੀਰੀਆ ਆਦਿ ਮੁਲਕਾਂ ਵਿੱਚ ਲੱਖਾਂ ਲੋਕ ਬੇਘਰ ਹੋ ਸਕਦੇ ਹਨ ਅਤੇ ਇਹਨਾਂ ਖੇਤਰਾਂ ਵਿੱਚ ਗਜ਼ਾ ਵਾਂਗ ਵੱਡਾ ਸ਼ਰਨਾਰਥੀ ਸੰਕਟ ਖੜਾ ਹੋਣ ਤੇ ਪ੍ਰਵਾਸ ਦਾ ਰੁਝਾਨ ਯੂਰਪ ਵੱਲ ਵਧਣ ਨਾਲ ਸਮਾਜਿਕ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਅਮਰੀਕਾ ਦੀ ਸ਼ਮੂਲੀਅਤ ਗਲੋਬਲ ਧਰੁਵੀਕਰਨ ਪੈਦਾ ਕਰੇਗੀ ਜਿਸ ਨਾਲ ਹਿਜ਼ਬੁੱਲਾ, ਹਮਾਸ, ਸੀਰੀਆਈ ਹੂਤੀ ਬਾਗੀ ਤੇ ਕਈ ਖਾੜੀ ਦੇਸ਼ ਇਸ ਜੰਗ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਰੂਸ-ਚੀਨ ਇਸ ਜੰਗ ਸਬੰਧੀ ਵਧੇਰੇ ਚੁਕੰਨੇ ਹੋਣਗੇ। ਈਰਾਨ ਅਤੇ ਇਜ਼ਰਾਈਲ ਦੇ ਸਾਈਬਰ ਯੁੱਧ ਵਿੱਚ ਬੈਂਕਾਂ, ਤੇਲ ਕੰਪਨੀਆਂ, ਇੰਟਰਨੈੱਟ ਆਦਿ ਵਰਗੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਜੰਗ ਦਾ ਘੇਰਾ ਵਧਣ ਨਾਲ ਜਾਂ ਜੰਗ ਦੇ ਹੋਰ ਵੱਧ ਤੀਬਰ ਹੋਣ ਨਾਲ ਤੇਲ ਆਯਾਤ 'ਤੇ ਨਿਰਭਰ ਦੇਸ਼ਾਂ (ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਰੀਕੀ ਦੇਸ਼ ਆਦਿ) ਨੂੰ ਵੱਡੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਖਿੱਤੇ ਵਿੱਚ ਮੁਦਰਾ ਸੰਕਟ, ਭੋਜਨ ਅਸੁਰੱਖਿਆ, ਮਹਿੰਗਾਈ ਅਤੇ ਕਰਜ਼ ਸੰਕਟ ਵਧ ਸਕਦੇ ਹਨ। ਰਿਹਾਇਸ਼ੀ ਇਲਾਕਿਆਂ ਦੇ ਨੇੜੇ ਬਣੀਆਂ ਈਰਾਨੀ ਪ੍ਰਮਾਣੂ ਸੇਵਾਵਾਂ ਤੇ ਹਮਲਿਆਂ ਨਾਲ ਪ੍ਰਮਾਣੂ ਰਿਸਾਅ ਦੇ ਗੰਭੀਰ ਖਤਰੇ ਖੜੇ ਹੋ ਸਕਦੇ ਹਨ।
    ਅਮਰੀਕੀ ਸਾਮਰਾਜੀ ਜੰਗੀ ਮਸ਼ੀਨ ਨੇ ਆਪਣੀ ਗਲੋਬਲ ਮਹਾਂਸ਼ਕਤੀ ਬਣੇ ਰਹਿਣ ਦੀ ਹਸਰਤ ਲਈ ਇਰਾਕ, ਲੀਬੀਆ, ਸੀਰੀਆ ਵਾਂਗ ਇੱਕ ਝੂਠਾ ਬਹਾਨਾ ਘੜਕੇ ਈਰਾਨ ਨੂੰ ਘੇਰਨ ਦੀ ਨੀਤੀ ਅਪਣਾਈ ਹੈ। ਇਸ ਲਈ ਉਸਨੇ ਬਦਨਾਮ ਨਸਲਵਾਦੀ ਰਾਜ ਇਜ਼ਰਾਈਲ ਨੂੰ ਮੂਹਰੇ ਲਾ ਕੇ ਮੱਧ ਪੂਰਬ ਵਿੱਚ ਇੱਕ ਹੋਰ ਖੂੰਖਾਰ ਜੰਗ ਛੇੜ ਦਿੱਤੀ ਹੈ। ਫਿਲਹਾਲ ਇਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੈ ਤੇ ਉਸਨੇ  2015 ਵਿੱਚ ਅਮਰੀਕਾ ਅਤੇ ਹੋਰ ਵਿਸ਼ਵ ਸ਼ਕਤੀਆਂ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕਰਕੇ ਪ੍ਰਮਾਣੂ ਸੰਸ਼ੋਧਨ ਪ੍ਰੋਗਰਾਮ ਨੂੰ ਸਿਰਫ ਗੈਰ-ਫੌਜੀ ਵਰਤੋਂ ਤੱਕ ਸੀਮਤ ਰੱਖਣ ਦਾ ਵਾਅਦਾ ਕੀਤਾ ਸੀ ਤੇ ਉਹ ਸਮਝੌਤੇ 'ਤੇ ਕਾਇਮ ਵੀ ਰਿਹਾ। ਪਰੰਤੂ ਅਮਰੀਕਾ-ਇਜ਼ਰਾਈਲ ਸਾਜ਼ਿਸ਼ੀ ਸਿਧਾਂਤਾਂ ਤਹਿਤ ਤੱਥਹੀਣ ਖ਼ਦਸ਼ਿਆਂ ਦੇ ਅਧਾਰ ਤੇ ਈਰਾਨ ਖਿਲਾਫ ਜੰਗ ਵਿੱਚ ਨਿੱਤਰ ਆਏ ਹਨ। 
    ਇਜ਼ਰਾਈਲ ਵੱਲੋਂ ਇਸ ਨਵੀਂ ਵਿੱਢੀ ਜੰਗ ਦੁਆਲੇ ਸੰਸਾਰ ਸ਼ਕਤੀਆਂ ਦੋ ਧਰੁਵਾਂ ਵਿੱਚ ਵੰਡੀਆਂ ਜਾ ਰਹੀਆਂ ਹਨ।  ਅਮਰੀਕਾ ਸਮੇਤ ਯੂਕੇ, ਫਰਾਂਸ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਸੰਯੁਕਤ ਅਰਬ ਅਮੀਰਾਤ (ਯੂਏਈ), ਸਾਊਦੀ ਅਰਬ ਆਦਿ ਦੇਸ਼ਾਂ ਵੱਲੋਂ ਇਜ਼ਰਾਈਲ ਦਾ “ਸਵੈ ਰੱਖਿਆ” ਦੇ ਅਧਿਕਾਰ ਦੀ ਰਾਖੀ ਬਹਾਨੇ ਸਾਥ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਈਰਾਨ ਦੇ ਤੇਲ-ਗੈਸ ਤੇ ਹੋਰ ਊਰਜਾ ਖੇਤਰਾਂ ਵਿੱਚ ਰੂਸ-ਚੀਨ ਦਾ ਵੱਡਾ ਨਿਵੇਸ਼ ਹੋਣ ਕਰਕੇ ਇਹ ਮੁਲਕ ਸਿੱਧੇ ਅਮਰੀਕੀ ਦਖਲ ਸਬੰਧੀ ਚੁੱਪ ਨਹੀਂ ਧਾਰਨਗੇ। ਰੂਸ ਦੇ ਈਰਾਨ ਨਾਲ ਕਈ ਆਰਥਿਕ ਤੇ ਫੌਜੀ ਸੰਧੀਆਂ-ਸਮਝੌਤੇ ਹੋਣ ਅਤੇ ਰੂਸੀ ਵਿਗਿਆਨੀ ਹਮਲੇ ਹੇਠ ਆਈਆਂ ਈਰਾਨੀ ਪ੍ਰਮਾਣੂ ਸੇਵਾਵਾਂ ਤੇ ਸਥਿਤ ਹੋਣ ਹੋਣ ਕਰਕੇ ਚੀਨ ਨਾਲੋਂ ਰੂਸ ਦੀ ਸੁਰ ਅਮਰੀਕੀ-ਇਜ਼ਰਾਇਲੀ ਹਮਲੇ ਸਬੰਧੀ ਜ਼ਿਆਦਾ ਤਿੱਖੀ ਹੈ। 
ਬੇਸ਼ੱਕ ਈਰਾਨ ਫੌਜ, ਜੰਗੀ ਹਥਿਆਰਾਂ, ਫੌਜੀ ਤਕਨੀਕ, ਖੁਫੀਆ ਤੰਤਰ ਆਦਿ ਦੇ ਪੱਖ ਤੋਂ ਅਮਰੀਕੀ-ਇਜ਼ਰਾਈਲੀ ਗੱਠਜੋੜ ਤੋਂ ਕੰਮਜੋਰ ਹੈ ਪ੍ਰੰਤੂ ਇਸ ਵਾਰ ਹਾਲਾਤ ਸੱਦਾਮ ਹੂਸੈਨ ਦੇ ਸਮੇਂ ਦੇ ਇਰਾਕ ਵਰਗੇ ਨਹੀਂ ਹਨ। ਈਰਾਨ ਮੱਧ ਪੂਰਬ ਦੀ ਵੱਡੀ ਖੇਤਰੀ ਤਾਕਤ ਹੈ ਅਤੇ ਇਸਨੂੰ ਕੂਟਨੀਤਕ, ਖੁਫੀਆ ਜਾਣਕਾਰੀ ਅਤੇ ਫੌਜੀ ਸਾਜੋ-ਸਮਾਜ ਤੇ ਤਕਨੀਕ ਦੀ ਸਹਾਇਤਾ ਰੂਸ-ਚੀਨ ਤੋਂ ਹਾਸਲ ਹੋ ਰਹੀ ਹੈ ਤੇ ਇਸਨੂੰ ਹੂਤੀ ਬਾਗ਼ੀਆਂ, ਹਿਜਬੁੱਲਾ, ਹਮਾਸ ਆਦਿ ਛੋਟੇ ਪਰ ਮਹੱਤਵਪੂਰਨ ਗਰੁਪਾਂ ਤੋਂ ਸਹਿਯੋਗ ਹਾਸਲ ਹੋ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੀ ਮੌਜੂਦਾ ਹਾਲਤ ਦੋ ਦਹਾਕੇ ਪਹਿਲਾਂ ਵਾਲੀ ਨਹੀਂ ਰਹੀ। ਇਸਨੂੰ ਉਭਰਦੀਆਂ ਹੋਈਆਂ ਗਲੋਬਲ ਤਾਕਤਾਂ ਦੇ ਨਾਲ-ਨਾਲ ਅਮਰੀਕਾ ਅੰਦਰ ਵੱਡੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਕਾਂਗਰਸ, ਵਿਰੋਧੀ ਸਿਆਸੀ ਪਾਰਟੀਆਂ ਸਮੇਤ ਅਮਰੀਕੀ ਲੋਕ ਟਰੰਪ ਦੀਆਂ ਅਰਾਜਕ ਤੇ ਜੰਗੀ ਨੀਤੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਵਾਰ ਅਮਰੀਕੀ ਲੋਕ ਮੱਧ ਪੂਰਬ ਵਿੱਚੋਂ ਅਮਰੀਕੀ ਫ਼ੌਜੀਆਂ ਦੀਆਂ ਲਾਸ਼ਾਂ ਨਾਲ ਭਰੇ ਤਾਬੂਤ ਹਾਸਲ ਕਰਨ ਦੇ ਰੌਂਅ ਵਿੱਚ ਨਹੀਂ ਜਾਪਦੇ। ਇਸ ਲਈ ਕਾਇਰ ਮੁਸਲਿਮ ਅਰਬ ਸਿਆਸਤਦਾਨਾਂ ਨਾਲੋਂ ਵੱਧ ਅਮਰੀਕੀ ਲੋਕ ਇਸ ਜੰਗ ਦਾ ਜਿਆਦਾ ਵਿਰੋਧ ਕਰ ਰਹੇ ਹਨ।
    ਈਰਾਨ ਉੱਤੇ ਇਜ਼ਰਾਈਲੀ ਹਮਲੇ ਪਿੱਛੇ ਅਸਲ ਸ਼ਕਤੀ ਅਮਰੀਕਾ ਹੈ ਅਤੇ ਅਮਰੀਕਾ ਵਿੱਚ ਯਹੂਦੀ ਲਾਬੀ ਦੇ ਫੈਸਲਾਕੁੰਨ ਪ੍ਰਭਾਵ ਕਾਰਨ ਅਮਰੀਕੀ ਹਾਕਮ ਇਜ਼ਰਾਇਲੀ ਜੰਗੀ ਫੈਸਲਿਆਂ ਨਾਲ ਅਟੁੱਟ ਤੌਰ ਤੇ ਬੱਝੇ ਹੋਏ ਹਨ। ਇਜ਼ਰਾਈਲ ਮੱਧ ਪੂਰਬ ਵਿੱਚ ਅਮਰੀਕੀ ਸਾਮਰਾਜ ਦਾ ਇੱਕ ਮੁੱਖ ਸਹਿਯੋਗੀ ਤੇ ਫੌਜੀ ਅੱਡਾ ਹੈ। ਈਰਾਨ 'ਤੇ ਹਮਲਾ ਇਸ ਖਿੱਤੇ ਦੀ ਰਾਜਨੀਤੀ, ਊਰਜਾ ਸਰੋਤਾਂ ਅਤੇ ਵਿਰੋਧ ਲਹਿਰਾਂ (ਹੂਤੀ, ਹਿਜ਼ਬੁੱਲਾ, ਹਮਾਸ ਆਦਿ) ਨੂੰ ਕੰਟਰੋਲ ਕਰਨ ਦੇ ਅਮਰੀਕੀ ਮਨਸ਼ੇ ਤਹਿਤ ਕੀਤਾ ਜਾ ਰਿਹਾ ਹੈ। ਇਜ਼ਰਾਈਲੀ ਹਮਲਾ ਮੱਧ ਪੂਰਬੀ ਖਿੱਤੇ ਦੀ ਸਭ ਤੋਂ ਉਭਰਵੀਂ ਤੇ ਚੁਣੌਤੀਪੂਰਵਕ ਖੇਤਰੀ ਸ਼ਕਤੀ ਈਰਾਨ ਨੂੰ ਕਮਜ਼ੋਰ ਕਰਨ ਲਈ ਇੱਕ ਵੱਡੀ ਪੱਛਮੀ ਸਾਮਰਾਜਵਾਦੀ ਰਣਨੀਤੀ ਦਾ ਹਿੱਸਾ ਹੈ। ਅਮਰੀਕਾ-ਇਜ਼ਰਾਈਲ ਗੱਠਜੋੜ ਈਰਾਨ ਨੂੰ ਮੱਧ ਪੂਰਬ ਵਿੱਚ ਆਪਣੇ ਫੌਜੀ ਦਬਦਬੇ ਦੇ ਰਾਹ ਵਿੱਚ ਰੋੜਾ ਸਮਝਦਾ ਹੈ। ਅਮਰੀਕਾ ਤੇ ਪੱਛਮੀ ਤਾਕਤਾਂ ਈਰਾਨ ਤੇ ਤੇਲ, ਗੈਸ, ਊਰਜਾ ਸ੍ਰੋਤਾਂ ਅਤੇ ਸਮੁੰਦਰੀ ਵਪਾਰਕ ਲਾਂਘਿਆਂ ਉੱਤੇ ਕਬਜ਼ਾ ਕਰਨ ਤੇ ਭੂਸਿਆਸੀ ਤੌਰ ਤੇ ਮਹੱਤਵਪੂਰਨ ਇਸ ਖਿੱਤੇ ਉੱਤੇ ਨਿਯੰਤਰਣ ਲਈ ਤਤਪਰ ਹਨ।
    ਇਸ ਖਿੱਤੇ ਵਿੱਚ ਰੂਸ-ਚੀਨ ਬਨਾਮ ਅਮਰੀਕੀ-ਇਜ਼ਰਾਈਲੀ ਸਾਮਰਾਜੀ ਤਾਕਤਾਂ ਦੇ ਹਿੱਤ ਟਕਰਾਉਂਦੇ ਹਨ। ਇਸ ਲਈ ਆਲਮੀ ਤਾਕਤਾਂ ਨੇ ਮੱਧ ਪੂਰਬ ਵਿੱਚ ਆਪਣੀ-ਆਪਣੀ ਫੌਜੀ ਤੇ ਖੁਫੀਆ ਸਰਗਰਮੀ ਵਧਾ ਦਿੱਤੀ ਹੈ। ਮੱਧ ਪੂਰਬ ’ਚ ਸਥਿਤ ਅਮਰੀਕੀ ਫੌਜੀ ਠਿਕਾਣਿਆਂ (ਸਾਊਦੀ ਅਰਬ, ਇਰਾਕ, ਕਤਰ, ਕੁਵੈਤ, ਯੂਏਈ ਆਦਿ) ਤੇ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਰੂਸ ਤੇ ਚੀਨ ਦੇ ਸਮੁੰਦਰੀ ਤੇ ਹਵਾਈ ਜਹਾਜ਼ ਫਾਰਸ ਦੀ ਖਾੜੀ ਨੇੜੇ ਸਰਗਰਮੀ ਦਿਖਾ ਰਹੇ ਹਨ। ਆਲਮੀ ਤਾਕਤਾਂ ਦੀ ਸਿੱਧੀ ਦਖਲਅੰਦਾਜ਼ੀ ਨਾਲ ਇਹ ਖੇਤਰੀ ਯੁੱਧ ਮੱਧ ਪੂਰਬ ਵਿੱਚ ਇੱਕ ਵੱਡੇ ਜੰਗੀ ਟਕਰਾਅ ਵਿੱਚ ਬਦਲ ਸਕਦਾ ਹੈ ਅਤੇ ਇਸਦੇ ਵਿਸ਼ਵ ਯੁੱਧ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਟਾਲੀਆਂ ਨਹੀਂ ਜਾ ਸਕਦੀਆਂ। 
    ਇਸਦੇ ਨਾਲ ਹੀ ਮੱਧ ਪੂਰਬ ਵਿੱਚ ਜ਼ਿਓਨਵਾਦੀ ਨਸਲਵਾਦੀ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ ਤੇ ਟਰੰਪ ਪ੍ਰਸ਼ਾਸਨ ਦੇ ਜਿਆਦਾਤਰ ਮੰਤਰੀ ਨਸਲਵਾਦੀ ਮਾਨਸਿਕਤਾ ਨਾਲ ਗ੍ਰੱਸੇ ਹੋਏ ਹਨ। ਉਦਾਹਰਣ ਵਜੋਂ ਟਰੰਪ ਪ੍ਰਸ਼ਾਸਨ ਦਾ ਰੱਖਿਆ ਮੰਤਰੀ ਪੀਟ ਹੇਗਸਥ ਮੁਸਲਿਮ ਤੇ ਖੱਬੇਪੱਖੀ ਲੋਕਾਂ ਨੂੰ ਅਮਰੀਕੀ ਸਾਮਰਾਜੀ ਹਿੱਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ। ਮੱਧ ਪੂਰਬ ਵਿੱਚ ਇਸੇ ਨਸਲਵਾਦੀ ਸੋਚ ਤਹਿਤ ਈਰਾਨ, ਲੇਬਨਾਨ, ਸੀਰੀਆ, ਫਲਸਤੀਨ ਆਦਿ ਮੁਲਕਾਂ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਸਰਾ ਈਰਾਨ ਸਮੇਤ ਕਈ ਮੱਧ ਪੂਰਬੀ ਮੁਲਕ ਪੱਛਮੀ ਤਾਕਤਾਂ ਦੇ ਪਸਾਰਵਾਦੀ ਏਜੰਡਿਆਂ ਅਤੇ ਮੱਧ ਪੂਰਬ ਵਿੱਚ ਅਮਰੀਕੀ ਦਖਲ ਤੇ ਪ੍ਰਭਾਵ ਦਾ ਵਿਰੋਧ ਕਰਦੇ ਹਨ ਅਤੇ ਸਾਮਰਾਜੀ ਵਿਰੋਧੀ ਅੰਦੋਲਨਾਂ ਦਾ ਸਮਰਥਨ ਕਰਦੇ ਹਨ। ਈਰਾਨ ਅਮਰੀਕੀ ਦਬਦਬੇ ਦਾ ਵਿਰੋਧ ਕਰਨ ਵਾਲੇ ਗਲੋਬਲ ਸਾਊਥ ਦਾ ਹਿੱਸਾ ਹੋਣ ਕਰਕੇ ਵੀ ਪੱਛਮੀ ਤਾਕਤਾਂ ਦੀ ਅੱਖ ਦਾ ਰੋੜ ਬਣਿਆ ਹੋਇਆ ਹੈ। 
    ਇਸੇ ਲਈ ਜਿਆਦਾਤਰ ਪੱਛਮੀ ਮੁਲਕਾਂ ਵਿੱਚ ਸ਼ਾਂਤੀ ਅਤੇ ਜੰਗ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਪੱਛਮੀ ਸਰਕਾਰਾਂ ਤੇ ਸਰਕਾਰੀ ਮੀਡੀਆ ਇਜ਼ਰਾਈਲੀ ਹਮਲੇ ਦੀ ਕਿਸੇ ਵੀ ਆਲੋਚਨਾ ਦੀ ਤੁਲਨਾ ਯਹੂਦੀ-ਵਿਰੋਧੀ ਤੇ ਰਾਸ਼ਟਰ ਵਿਰੋਧੀ ਵਜੋਂ ਕਰਦਾ ਹੈ। ਆਮ ਤੌਰ ਤੇ ਇਜ਼ਰਾਈਲ ਦੇ ਹਮਲਿਆਂ ਨੂੰ ਪੱਛਮੀ ਸ਼ਕਤੀਆਂ ਦੁਆਰਾ ਨਜ਼ਰਅੰਦਾਜ਼ ਕਰਕੇ ਜਾਇਜ਼ ਠਹਿਰਾਇਆ ਜਾਂਦਾ ਹੈ ਤੇ ਇਜ਼ਰਾਈਲ ਉੱਤੇ ਈਰਾਨੀ ਜਵਾਬੀ ਕਾਰਵਾਈ ਨੂੰ “ਅੱਤਵਾਦੀ ਕਾਰਵਾਈ” ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਵਰਤਾਰਾ ਸਾਮਰਾਜੀ ਦਬਦਬੇ, ਆਰਥਿਕ-ਸਿਆਸੀ ਹਿੱਤਾਂ ਤੇ ਨਸਲੀ ਪੱਖਪਾਤ ਨੂੰ ਜ਼ਾਹਰ ਕਰਦਾ ਹੈ। ਇਸਲਾਮੀ ਦੇਸ਼ ਈਰਾਨ ਉੱਤੇ ਹਮਲੇ ਤੇ ਗਜ਼ਾ ਦੇ ਹਾਲਾਤ ਬਾਰੇ ਚੁੱਪ ਹਨ ਤੇ ਫਲਸਤੀਨ ਪੱਖੀ ਪ੍ਰਦਰਸ਼ਨਾਂ ਨੂੰ ਸਖ਼ਤੀ ਨਾਲ ਰੋਕ ਰਹੇ। ਇਹਨਾਂ ਮੁਲਕਾਂ ਦੇ ਆਮ ਨਾਗਰਿਕ ਗਜ਼ਾ ਵਿੱਚ ਹੋ ਰਹੋ ਜ਼ੁਲਮਾਂ ਤੇ ਈਰਾਨ ਉੱਤੇ ਹਮਲੇ ਖ਼ਿਲਾਫ਼ ਵਿਆਪਕ ਰੋਸ ਪ੍ਰਦਰਸ਼ਨ ਕਰ ਹਨ। ਉਹ ਰਾਸ਼ਟਰੀ ਪ੍ਰਭੂਸੱਤਾ ਅਤੇ ਪੱਛਮੀ ਦਬਦਬੇ ਦੇ ਵਿਰੋਧ ਵਿੱਚ ਈਰਾਨ ਉੱਤੇ ਵਿਦੇਸ਼ੀ ਫੌਜੀ ਹਮਲਿਆਂ ਦਾ ਵਿਰੋਧ ਕਰ ਰਹੇ ਹਨ। 
    ਇਸਤੋਂ ਬਿਨ੍ਹਾਂ ਇਜ਼ਰਾਈਲੀ ਅਤੇ ਪੱਛਮੀ ਹਥਿਆਰ ਨਿਰਮਾਤਾ ਇਸ ਖਿੱਤੇ ਵਿੱਚ ਲੰਮੀ ਜੰਗ ਤੇ ਸਥਾਈ ਟਕਰਾਅ ਤੋਂ ਸਦਾ ਲਾਹਾ ਲੈਂਦੇ ਆ ਰਹੇ ਹਨ। ਮੱਧ ਪੂਰਬ ਨਵੀਂ ਤਕਨੀਕ ਦੇ ਹਥਿਆਰਾਂ ਦੀ ਅਜ਼ਮਾਇਸ਼ ਦਾ ਮੈਦਾਨ ਬਣਿਆ ਹੋਇਆ ਹੈ। ਇਸ ਖੇਤਰ ਵਿੱਚ ਲੰਮੀ ਜੰਗ ਕਾਰਨ ਮਿਜ਼ਾਈਲਾਂ, ਡਰੋਨ, ਲੜਾਕੂ ਜਹਾਜ਼, ਰੱਖਿਆ ਪ੍ਰਣਾਲੀਆਂ ਦੀ ਮੰਗ ਵਧ ਰਹੀ ਹੈ ਤੇ ਫੌਜੀ ਬਜਟ ਵਿੱਚ ਵਾਧੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਸਾਮਰਾਜੀ ਹਮਲੇ ਖੇਤਰੀ ਪ੍ਰਭੂਸੱਤਾ ਅਤੇ ਸ਼ਾਂਤੀ ਲਈ ਖ਼ਤਰਾ ਹਨ ਤੇ ਸਾਮਰਾਜੀ ਫੌਜੀ-ਉਦਯੋਗਿਕ ਕੰਪਲੈਕਸ ਅਤੇ ਪੂੰਜੀਵਾਦੀ ਹਿੱਤਾਂ ਦੀ ਤਰਜ਼ਮਾਨੀ ਕਰਦੇ ਹਨ। ਇਜ਼ਰਾਇਲ ਨੇ ਅਮਰੀਕੀ ਸ਼ਹਿ ਤੇ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ-ਸੰਸਥਾਵਾਂ ਨੂੰ ਛਿੱਕੇ ਟੰਗਕੇ ਮੱਧ ਪੂਰਬੀ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਦਬਾਉਣ ਅਤੇ ਇਸ ਖਿੱਤੇ ਵਿੱਚ ਪ੍ਰਮੁੱਖ ਖੇਤਰੀ ਸ਼ਕਤੀ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਯਤਨ, ਮੱਧ ਪੂਰਬ ਵਿੱਚ ਅਮਰੀਕੀ ਨਿਯੰਤਰਣ ਨੂੰ ਮਜ਼ਬੂਤ ਕਰਨ ਦੇ ਤੁੱਲ ਹਨ। 
    ਅਮਰੀਕਾ ਤੇ ਇਜ਼ਰਾਈਲੀ ਗੱਠਜੋੜ ਇਸ ਸਮੇਂ ਫਾਸ਼ੀਵਾਦੀ ਤਾਨਾਸ਼ਾਹੀ ਦੇ ਰੂਪ ਵਿੱਚ ਸਭ ਲੋਕਤੰਤਰੀ ਤੇ ਅੰਤਰਰਾਸ਼ਟਰੀ ਕਾਨੂੰਨਾਂ-ਇਖਲਾਕਾਂ ਨੂੰ ਪਾਸੇ ਧੱਕ ਕੇ ਆਪਣੇ ਜਮਾਤੀ ਹਿੱਤਾਂ ਲਈ ਮਨੁੱਖਤਾ ਅਤੇ ਇਸ ਗ੍ਰਹਿ ਨੂੰ ਤਬਾਹੀ ਵੱਲ ਲਿਜਾਣ ਦਾ ਕੰਮ ਕਰ ਰਹੇ ਹਨ। ਇਸ ਬਰਬਰ ਜੰਗੀ ਤਬਾਹੀ ਤੇ ਉਜਾੜੇ ਦੀ ਭਾਰੀ ਕੀਮਤ ਸੰਸਾਰ ਭਰ ਦੇ ਆਮ ਲੋਕ ਤਾਰ ਰਹੇ ਹਨ। ਸੰਸਾਰ ਅਮਨ-ਸ਼ਾਂਤੀ ਤੇ ਬਰਾਬਰਤਾ ਲਈ ਇਹਨਾਂ ਸਾਮਰਾਜੀ ਜੰਗਬਾਜ਼ ਤਾਕਤਾਂ ਦਾ ਵਿਸ਼ਵ-ਵਿਆਪੀ ਵਿਰੋਧ ਅਤੀ ਜ਼ਰੂਰੀ ਹੈ।

- ਮਨਦੀਪ (+1 438-924-2052)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...