ਗਰੀਬ ਮੁਲਕਾਂ ਤੋਂ ਲੈ ਕੇ ਉੱਨਤ ਪੂੰਜੀਵਾਦੀ ਮੁਲਕਾਂ ਤੱਕ ਮਨੁੱਖੀ ਪ੍ਰਵਾਸ ਦੀ ਸਮੱਸਿਆ ਦਿਨ-ਬਦਿਨ ਹੋਰ ਵੱਧ ਮੁਸ਼ਕਲ ਅਤੇ ਪੇਚੀਦਾ ਹੋ ਰਹੀ ਹੈ। ਪੂੰਜੀਵਾਦੀ ਵਿਸ਼ਵੀਕਰਨ ਤਹਿਤ ਸੰਸਾਰ ਭਰ ਵਿੱਚ ਵਸੋਂ ਸੰਤੁਲਨ ਬੜੀ ਤੀਬਰਤਾ ਨਾਲ ਬਦਲ ਰਿਹਾ ਹੈ। ਪੰਜਾਬ ਅੰਦਰ ‘ਪ੍ਰਵਾਸੀ ਭਜਾਓ, ਪੰਜਾਬ ਬਚਾਓ’ ਭਾਵਨਾਵਾਂ ਤੋਂ ਲੈ ਕੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਕੇ ਆਦਿ ਵਿਕਸਿਤ ਮੁਲਕਾਂ ਵਿੱਚ ਪ੍ਰਵਾਸੀ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦਾ ਤਰਕ ਲੱਗਭਗ ਮਿਲਦਾ-ਜੁਲਦਾ ਹੈ। ਬੀਤੇ ਦਿਨਾਂ ਅੰਦਰ ਪੰਜਾਬ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੇ ਸਾਲਾ ਬੱਚੇ ਨਾਲ ਕੁਕਰਮ ਤੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਨਾਲ ਪ੍ਰਵਾਸੀਆਂ ਖਿਲਾਫ ਨਫਰਤ ਦੀ ਇੱਕ ਲਹਿਰ ਪੈਦਾ ਕੀਤੀ ਗਈ। ਇਸ ਪ੍ਰਵਾਸੀ ਵਿਰੋਧੀ ਨਫਰਤ ਨਾਲ ਪ੍ਰਵਾਸੀ ਵਸੋਂ ਨੂੰ ਜ਼ਰਾਇਮਪੇਸ਼ਾਂ ਨਸਲ ਬਣਾਕੇ ਪੇਸ਼ ਕੀਤਾ ਗਿਆ ਜਿਸਦੇ ਨਾਲ-ਨਾਲ ਭਾਸ਼ਾ, ਧਰਮ, ਸਥਾਨਕ ਲੋਕਾਂ ਦੇ ਰੁਜ਼ਗਾਰ ਹੜੱਪਣ, ਸੱਭਿਆਚਾਰਕ ਵੱਖਰੇਪਣ, ਨਸਲ ਭੇਦ ਤੇ ਕੌਮੀ ਪਹਿਚਾਣ ਲਈ ਖਤਰੇ ਵਜ਼ੋਂ ਪੇਸ਼ ਕੀਤਾ ਗਿਆ। ਇਸੇ ਤਰਜ਼ ਤੇ ਯੂਕੇ, ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਵਿੱਚ ਸਮੂਹਿਕ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਪ੍ਰਦਰਸ਼ਨ ਲਾਮਬੰਦ ਕੀਤੇ ਗਏ, ਜਿਸਦਾ ਅਧਾਰ ਬੇਰੁਜ਼ਗਾਰੀ, ਮਹਿੰਗਾਈ, ਰਿਹਾਇਸ਼ੀ ਘਰਾਂ ਦੀ ਕਿੱਲਤ, ਸੱਭਿਆਚਾਰਕ ਵੱਖਰਾਪਣ, ਅਪਰਾਧ ਅਤੇ ਨਸਲਪ੍ਰਸਤੀ ਬਣਾਇਆ ਗਿਆ। ਇਹਨਾਂ ਵਿਕਸਤ ਮੁਲਕਾਂ ਵੱਲੋਂ ਅਵਾਸ ਨੀਤੀਆਂ ਵਿੱਚ ਤਿੱਖੀਆਂ ਤੇ ਸਖਤ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਸੰਸਾਰ ਭਰ ਵਿੱਚ ਪ੍ਰਵਾਸੀ ਵਿਰੋਧੀ ਵਿਤਕਰੇਬਾਜੀ ਤੇ ਨਫ਼ਰਤ ਦਾ ਮਹੌਲ ਇੱਕ ਖ਼ਾਸ ਗਲੋਬਲ ਆਰਥਿਕ-ਸਮਾਜਿਕ ਹਾਲਤਾਂ ਤਹਿਤ ਵਾਪਰ ਰਿਹਾ ਹੈ ਜਿਸਨੂੰ ਸੱਤਾਧਾਰੀ ਤਾਕਤਾਂ ਆਪਣੇ ਮਨੋਰਥ ਲਈ ਵਰਤ ਰਹੀਆਂ ਹਨ।
ਬੀਤੇ ਦਿਨੀਂ ਆਸਟ੍ਰੇਲੀਆ ’ਚ ਸੱਜੇ-ਪੱਖੀ ਸੰਗਠਨਾਂ, ਗੋਰੇ ਰਾਸ਼ਟਰਵਾਦੀ ਸਮੂਹਾਂ ਅਤੇ ਸਮਾਜਿਕ-ਸਿਆਸੀ ਸਖਸ਼ੀਅਤਾਂ ਨੇ ਕਈ ਸ਼ਹਿਰਾਂ ਵਿੱਚ ਸਮੂਹਿਕ ਪ੍ਰਵਾਸ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਇਸੇ ਤਰਜ਼ ਤੇ ਲੰਡਨ ਵਿੱਚ ਸਥਾਨਕ ਘੋਰ-ਸੱਜੇ ਕਾਰਕੁਨਾਂ ਦੇ ਸਮਰਥਨ ਨਾਲ ਇੱਕ ਲੱਖ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੀਤਾ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ "ਕੈਨੇਡਾ ਫਸਟ ਮੂਵਮੈਂਟ" ਤਹਿਤ ਪ੍ਰਵਾਸੀ ਵਿਰੋਧੀ ਰੈਲੀ ਕੀਤੀ ਗਈ। ਸੰਸਾਰ ਭਰ ਵਿੱਚ ਆਮ ਮਨੁੱਖੀ ਵੱਸੋਂ ਰਿਹਾਇਸ਼ੀ ਸੰਕਟ, ਸਿਹਤ ਸੰਭਾਲ ਅਤੇ ਸਿੱਖਿਆ ਖੇਤਰ ਵਿੱਚ ਕਟੌਤੀ, ਘਟਦੀ ਆਮਦਨ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਇਹ ਲੋਕਾਂ ਦੀਆਂ ਅਸਲ ਬੁਨਿਆਦੀ ਤੇ ਸਾਂਝੀਆਂ ਸਮੱਸਿਆਵਾਂ ਹਨ। ਇਹਨਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਲੋਕ ਪ੍ਰਵਾਸ ਦਾ ਆਸਰਾ ਲੈਣ ਲਈ ਮਜਬੂਰ ਹਨ। ਪ੍ਰਵਾਸ ਦਾ ਇਹ ਵਹਿਣ ਗਰੀਬ ਮੁਲਕਾਂ ਤੋਂ ਵਿਕਸਤ ਪੂੰਜੀਵਾਦੀ ਮੁਲਕਾਂ ਵੱਲ ਵਹਿ ਰਿਹਾ ਹੈ। ਇਹਨਾਂ ਮੁਲਕਾਂ ’ਚ ਨਵੇਂ ਪ੍ਰਵਾਸੀ ਅਕਸਰ ਅਸੁਰੱਖਿਅਤ ਨੌਕਰੀਆਂ, ਮਾੜੀਆਂ ਕੰਮ ਹਾਲਤਾਂ ਅਤੇ ਘੱਟ ਤਨਖਾਹ ਤੇ ਕੰਮ ਕਰਨ ਲਈ ਸਸਤੀ ਲੇਬਰ ਦਾ ਸਾਧਨ ਬਣਦੇ ਹਨ। ਇਸ ਪ੍ਰਵਾਸੀ ਵਸੋਂ ਦੀ ਮਾਲਕਾਂ ਤੇ ਸਰਕਾਰਾਂ ਵਿਰੁੱਧ ਇੱਕਜੁੱਟ ਹੋਣ ਦੀ ਸੰਭਾਵਨਾ ਮੁਕਾਬਲਤਨ ਘੱਟ ਤੇ ਮੁਸ਼ਕਲ ਹੁੰਦੀ ਹੈ।
ਇਹਨਾਂ ਸੰਕਟਕਾਲੀਨ ਹਾਲਤਾਂ ’ਚ ਹਾਕਮ ਜਮਾਤਾਂ ਸਥਾਨਕ ਮੂਲ ਦੇ ਲੋਕਾਂ ਨੂੰ ਪ੍ਰਵਾਸੀਆਂ ਦੇ ਵਿਰੁੱਧ ਲਾਮਬੰਦ ਕਰਕੇ ਉਹਨਾਂ ਦੀ ਜਮਾਤੀ-ਤਬਕਾਤੀ ਏਕਤਾ ਨੂੰ ਨਸਲਵਾਦ ਅਤੇ ਜ਼ੈਨੋਫੋਬੀਆ ਅਧਾਰ ਤੇ ਵੰਡਦੀਆਂ ਹਨ। ਯੂਕੇ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪ੍ਰਵਾਸੀਆਂ ਦੇ ਵਿਰੋਧ ਦੀ ਲਹਿਰ ਦੀਆਂ ਆਪਣੀਆਂ ਬਸਤੀਵਾਦੀ ਅਤੇ ਸਾਮਰਾਜਵਾਦੀ ਸ਼ੋਸ਼ਣ ਦੀਆਂ ਇਤਿਹਾਸਕ ਜੜ੍ਹਾਂ ਹਨ। ਬਸਤੀਵਾਦੀ ਅਤੇ ਸਾਮਰਾਜਵਾਦੀ ਸ਼ੋਸ਼ਣ ਨੇ ਦਹਾਕਿਆਂ ਤੋਂ ਯੁੱਧ, ਵੱਸੋਂ ਉਜਾੜਾ ਅਤੇ ਅਣਸਾਵੇਂ ਵਿਕਾਸ ਦੀ ਬੁਨਿਆਦ ਰੱਖੀ ਹੈ। ਏਸ਼ੀਆ, ਮੱਧ ਪੂਰਬ, ਅਫਰੀਕਾ ਤੇ ਦੱਖਣੀ ਏਸ਼ੀਆ, ਬਸਤੀਵਾਦੀ ਅਤੇ ਸਾਮਰਾਜਵਾਦੀ ਯੁੱਧਾਂ, ਦਖਲਅੰਦਾਜ਼ੀ ਤੇ ਉਜਾੜੇ ਦਾ ਸ਼ਿਕਾਰ ਹਨ। ਇਸ ਤਰ੍ਹਾਂ ਪ੍ਰਵਾਸ ਸੰਕਟ ਸਾਮਰਾਜਵਾਦੀ ਨੀਤੀਆਂ ਤੋਂ ਅਲਹਿਦਾ ਨਹੀਂ ਹੈ ਤੇ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਵੀ ਆਪ-ਮੁਹਾਰੇ ਨਹੀਂ ਉੱਠ ਰਹੇ ਹਨ। ਬਲਕਿ ਇਹਨਾਂ ਨੂੰ ਅਕਸਰ ਸਰਕਾਰਾਂ ਤੇ ਸਰਕਾਰੀ ਤੌਰ ਤੇ ਸੰਗਠਿਤ ਸੱਜੇ-ਪੱਖੀ ਸਮੂਹਾਂ ਦੁਆਰਾ ਭੜਕਾਇਆ ਜਾਂਦਾ ਹੈ। ਵੱਖ-ਵੱਖ ਮੁਲਕਾਂ ਅੰਦਰ ਪ੍ਰਵਾਸੀ ਤੇ ਸਥਾਨਕ ਵਸੋਂ ਵਿੱਚ ਰਾਸ਼ਟਰਵਾਦ ਬਨਾਮ ਉਦਾਰਵਾਦ ਦੀ ਬਹਿਸ ਛੇੜ ਕੇ ਕੌਮੀ ਜਨੂੰਨ ਭੜਕਾਇਆ ਜਾ ਰਿਹਾ ਹੈ।
ਪਰੰਤੂ ਇਹਨਾਂ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਬਾਵਜੂਦ ਪੂੰਜੀਵਾਦ ਨੂੰ ਪ੍ਰਵਾਸ ਦੀ ਲੋੜ ਹਮੇਸ਼ਾਂ ਬਣੀ ਰਹੇਗੀ। ਪੂੰਜੀਵਾਦੀ ਅਰਥਵਿਵਸਥਾਵਾਂ ਸਦਾ ਘੱਟ ਤਨਖਾਹ ਵਾਲੀਆਂ ਅਤੇ ਖ਼ਤਰਨਾਕ ਨੌਕਰੀਆਂ (ਉਸਾਰੀ, ਖੇਤੀਬਾੜੀ, ਸਿਹਤ ਸੰਭਾਲ, ਆਵਾਜਾਈ, ਸੇਵਾ ਆਦਿ) ਦੀ ਪੂਰਤੀ ਲਈ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਕਰਦੀਆਂ ਹਨ। ਹਾਕਮ ਜਮਾਤ ਘੱਟ ਉਜਰਤਾਂ ਅਤੇ ਜਮਾਤੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਾਮਿਆਂ (ਮੂਲ ਅਤੇ ਪ੍ਰਵਾਸੀ) ਨੂੰ ਵੰਡ ਕੇ ਰੱਖਦੀ ਹੈ। ਹਾਕਮ ਜਮਾਤ ਅਕਸਰ ਮਜ਼ਦੂਰ ਵਰਗ ਨੂੰ ਵੰਡਣ ਲਈ ਰਾਸ਼ਟਰਵਾਦ ਅਤੇ ਨਸਲਵਾਦ ਦੀ ਵਰਤੋਂ ਕਰਦੀ ਹੈ। ਨਾਲ ਹੀ ਆਰਥਿਕ ਤੰਗ-ਦਸਤੀ ਦੀ ਹਾਲਤ ’ਚ ਜਦੋਂ ਉਜਰਤਾਂ ਘੱਟਦੀਆਂ ਤੇ ਰਹਿਣ-ਸਹਿਣ ਦੀਆਂ ਲਾਗਤਾਂ ਵਧਦੀਆਂ ਹਨ ਤਾਂ ਹਾਕਮ ਵਰਗ ਅਤੇ ਸੱਜੇ-ਪੱਖੀ ਤਾਕਤਾਂ ਪੂੰਜੀਵਾਦੀ ਸ਼ੋਸ਼ਣ ਵੱਲ ਧਿਆਨ ਦੇਣ ਦੀ ਬਜਾਏ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਂਦੀਆਂ ਹਨ। ਇਹ ਪਾੜੋ ਅਤੇ ਰਾਜ ਕਰੋ ਦੀ ਪੁਰਾਣੀ ਰਣਨੀਤੀ ਹੈ।
ਇਸਦੇ ਨਾਲ ਹੀ ਸਰਕਾਰਪੱਖੀ ਮੀਡੀਆ ਅਤੇ ਸਿਆਸੀ ਮੌਕਾਪ੍ਰਸਤ ਤਾਕਤਾਂ ਅਕਸਰ ਵੋਟਾਂ ਅਤੇ ਆਪਣੇ ਨਿੱਜੀ ਸੰਕੀਰਨ ਮੁਫਾਦਾਂ ਲਈ ਸਮੂਹਿਕ ਇਮੀਗ੍ਰੇਸ਼ਨ ਦੇ ਡਰ ਨੂੰ ਹਥਿਆਰ ਬਣਾਉਂਦੀਆਂ ਹਨ। ਇਹ ਤਾਕਤਾਂ ਪੂੰਜੀਵਾਦੀ ਪ੍ਰਬੰਧ ਦੇ ਵਜੂਦ ਸਮੋਈਆਂ ਵਿਰੋਧਤਾਈਆਂ ਦੀ ਬਜਾਏ ਪ੍ਰਵਾਸੀਆਂ 'ਨੂੰ ਜਿੰਮੇਵਾਰ ਮੰਨਕੇ ਝੂਠੀ ਚੇਤਨਾ ਦੇ ਪ੍ਰਚਾਰ ਤਹਿਤ ਗੁੱਸੇ ਨੂੰ ਗਲਤ ਦਿਸ਼ਾ ਵੱਲ ਮੋੜਦੀਆਂ ਹਨ। ਇਸ ਨਸਲਵਾਦੀ ਨਫ਼ਰਤ ਨਾਲ ਪ੍ਰਦੇਸ਼ੀ ਪ੍ਰਵਾਸੀਆਂ 'ਤੇ ਬੁਰੇ ਪ੍ਰਭਾਵ ਪੈਂਦੇ ਹਨ। ਪ੍ਰਵਾਸੀਆਂ ਨੂੰ ਦੁਰਵਿਵਹਾਰ, ਸਰੀਰਕ ਹਮਲਿਆਂ, ਕੰਮ ਵਾਲੀ ਥਾਂ 'ਤੇ ਬਾਹਰ ਕੱਢਣਾ ਤੇ ਵਿਤਕਰੇਬਾਜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਸ ਨਫ਼ਰਤੀ ਜ਼ਹਿਰ ਨਾਲ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨਾ ਆਸਾਨ ਹੋ ਜਾਂਦਾ ਹੈ, ਕਿਉਂਕਿ ਦੇਸ਼-ਨਿਕਾਲੇ ਜਾਂ ਸਮਾਜਿਕ ਦੁਸ਼ਮਣੀ ਦਾ ਡਰ ਉਨ੍ਹਾਂ ਨੂੰ ਜੱਥੇਬੰਦ ਹੋਣ ਜਾਂ ਆਪਣੇ ਨਾਲ ਹੁੰਦੇ ਦੁਰਵਿਵਹਾਰ ਦੀ ਰਿਪੋਰਟ ਕਰਨ ਤੋਂ ਰੋਕਦਾ ਹੈ।
ਇਸ ਨਸਲਵਾਦੀ ਵੰਡ ਨਾਲ ਮੇਜ਼ਬਾਨ ਸਮਾਜਾਂ (ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ ਆਦਿ) ਵਿੱਚ ਸਮਾਜਿਕ ਵੰਡ ਅਤੇ ਮਜ਼ਦੂਰ-ਵਰਗ ਦੀ ਏਕਤਾ ਤੇ ਅਸਰ ਪੈਂਦਾ ਹੈ। ਲੋਕ ਚੰਗੀਆਂ ਤਨਖਾਹਾਂ ਅਤੇ ਕਿਫਾਇਤੀ ਰਿਹਾਇਸ਼ ਲਈ ਲੜਨ ਦੀ ਬਜਾਏ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਉਂਦੇ ਹਨ ਜਿਸ ਨਾਲ ਸੱਜੇ-ਪੱਖੀਆਂ ਤਾਕਤਾਂ ਹੋਰ ਮਜ਼ਬੂਤ ਹੁੰਦੀਆਂ ਹਨ। ਵੱਖ-ਵੱਖ ਮੁਲਕਾਂ ’ਚ ਕੂਟਨੀਤਕ ਤਣਾਅ ਵੱਧਦਾ ਹੈ ਜਿਸ ਨਾਲ ਆਰਥਿਕ-ਵਪਾਰਕ ਸਬੰਧ ਹੋਰ ਵਿਗੜਦੇ ਹਨ ਅਤੇ ਪ੍ਰਵਾਸੀ ਲੋਕ ਕੂਟਨੀਤਿਕ ਬਦਲਾਖੋਰੀ ਦੀ ਭੇਂਟ ਚੜ੍ਹ ਜਾਂਦੇ ਹਨ। ਇਸ ਤਰ੍ਹਾਂ ਗ਼ਰੀਬ ਮੁਲਕਾਂ ਦੇ ਲੋਕ ਦੋਹਰੀ ਮਾਰ ਦਾ ਸ਼ਿਕਾਰ ਹੋ ਜਾਂਦੇ ਹਨ। ਪਹਿਲਾਂ ਸਾਮਰਾਜੀ ਬਸਤੀਵਾਦੀ ਲੁੱਟ-ਖਸੁੱਟ, ਯੁੱਧਾਂ, ਉਜਾੜੇ, ਆਰਥਿਕ ਨਿਕਾਸੀ ਵਿੱਚੋਂ ਪੈਦਾ ਹੋਏ ਪਰਵਾਸ ਕਾਰਨ ਅਤੇ ਫਿਰ ਵਿਦੇਸ਼ਾਂ ਵਿੱਚੋਂ ਜਬਰੀ ਉਜਾੜੇ ਕਾਰਨ।
ਕੈਨੇਡਾ, ਯੂਕੇ, ਆਸਟ੍ਰੇਲੀਆ ਆਦਿ ਮੁਲਕਾਂ ’ਚ ਇਮੀਗ੍ਰੇਸ਼ਨ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ, ਫਾਸ਼ੀਵਾਦੀ ਤਾਕਤਾਂ ਦੀ ਵੀ ਕੇਂਦਰੀ ਭੂਮਿਕਾ ਰਹੀ ਹੈ। ਉਂਝ ਵੀ ਫਾਸ਼ੀਵਾਦੀ ਲਹਿਰਾਂ ਇਤਿਹਾਸਕ ਤੌਰ 'ਤੇ ਪੂੰਜੀਵਾਦੀ ਸੰਕਟ (ਆਰਥਿਕ ਮੰਦੀ, ਮਹਿੰਗਾਈ, ਬੇਰੁਜ਼ਗਾਰੀ, ਰਿਹਾਇਸ਼ ਦੀ ਘਾਟ) ਦੇ ਸਮੇਂ ਵਿੱਚ ਜਿਆਦਾ ਉਭਰਦੀਆਂ ਹਨ। ਉਨ੍ਹਾਂ ਦਾ ਕੰਮ ਮਜ਼ਦੂਰ ਵਰਗ ਦੇ ਗੁੱਸੇ ਨੂੰ ਪੂੰਜੀਵਾਦ ਤੋਂ ਦੂਰ ਪ੍ਰਵਾਸੀਆਂ, ਘੱਟ ਗਿਣਤੀਆਂ, ਖੱਬੇਪੱਖੀ ਤੇ ਅਗਾਂਹਵਧੂ ਤਾਕਤਾਂ ਵੱਲ ਮੋੜਣਾ ਹੁੰਦਾ ਹੈ।ਹਾਕਮ ਵਰਗ ਅਕਸਰ ਫਾਸ਼ੀਵਾਦੀਆਂ ਨੂੰ ਉਤਸ਼ਾਹਿਤ ਕਰਕੇ ਪੂੰਜੀਵਾਦੀ ਹਿੱਤਾਂ ਦੀ ਸੇਵਾ ਕਰਵਾਉਂਦੇ ਹਨ। ਯੂਕੇ ’ਚ ਟੌਮੀ ਰੌਬਿਨਸਨ ਵਰਗੇ ਸਮੂਹ ਵੱਡੇ ਪੱਧਰ 'ਤੇ ਪ੍ਰਵਾਸੀ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਨੂੰ ਲਾਮਬੰਦ ਕਰਦੇ ਹਨ। ਉਹ ਪ੍ਰਵਾਸੀਆਂ ਨੂੰ "ਹਮਲਾਵਰ" ਵਜੋਂ ਪੇਸ਼ ਕਰਕੇ ਨਸਲੀ ਸ਼ੁੱਧਤਾ ਅਤੇ ਰਾਸ਼ਟਰੀ ਪੁਨਰ-ਜਨਮ ਦੀ ਫਾਸ਼ੀਵਾਦੀ ਵਿਚਾਰਧਾਰਾ ਨੂੰ ਉਭਾਰਦੇ ਹਨ। ਆਸਟ੍ਰੇਲੀਆ ’ਚ "ਮਾਰਚ ਫਾਰ ਆਸਟ੍ਰੇਲੀਆ" ਤਹਿਤ ਨੈਸ਼ਨਲ ਸੋਸ਼ਲਿਸਟ ਨੈੱਟਵਰਕ ਅਤੇ ਵਨ ਨੇਸ਼ਨ ਦੇ ਨਸਲਪ੍ਰਸਤ ਸਮੂਹ ਗੋਰੀ ਚਮੜੀ ਦੀ ਸਰਬਸੱਤਾ ਦੇ ਰਾਸ਼ਟਰਵਾਦੀ ਪ੍ਰਚਾਰ ਨੂੰ ਫੈਲਾਉਣ ਲਈ ਇਮੀਗ੍ਰੇਸ਼ਨ ਡਰ ਦਾ ਆਸਰਾ ਲੈਦੇ ਹਨ। ਕੈਨੇਡਾ ’ਚ ਕੈਨੇਡਾ ਫਸਟ ਮੂਵਮੈਂਟ ਜਾਂ ਯੈਲੋ ਵੈਸਟਸ ਕੈਨੇਡਾ ਮੂਵਮੈਂਟ ਜ਼ੈਨੋਫੋਬੀਆ ਨੂੰ ਉਤਸ਼ਾਹਿਤ ਕਰਕੇ ਔਨਲਾਈਨ ਅਤੇ ਮਾਸ ਰੈਲੀਆਂ ਵਿੱਚ ਸਪੱਸ਼ਟ ਨਵ-ਫਾਸ਼ੀਵਾਦੀ ਬਿਆਨਬਾਜ਼ੀ ਕਰਦੇ ਦਿਖਾਈ ਦਿੰਦੇ ਹਨ। ਉਹ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਉਪਰਾਮ ਤੇ ਅਸੰਤੁਸ਼ਟ ਨੌਜਵਾਨਾਂ ਨੂੰ ਕੱਟੜਪੰਥੀ ਸਾਜ਼ਿਸ਼ ਸਿਧਾਂਤਾਂ ("ਮਹਾਨ ਬਦਲਾਵ," "ਪ੍ਰਵਾਸੀ ਨੌਕਰੀਆਂ ਚੋਰੀ ਕਰਦੇ ਹਨ") ਨਾਲ ਲੈੱਸ ਕਰਦੇ ਹਨ।
ਗਲੋਬਲ ਆਰਥਿਕ ਗਤੀ ਧੀਮੀ ਹੋਣ ਕਾਰਨ ਸੰਸਾਰ ਭਰ ਵਿੱਚ ਕਾਮਿਆਂ ਦੀਆਂ ਉਜਰਤਾਂ ਵਿੱਚ ਖੜੋਤ ਅਤੇ ਲਾਗਤਾਂ ਵਿੱਚ ਵਾਧਾ ਹੋ ਰਿਹਾ ਹੈ। ਪੂੰਜੀਵਾਦੀ ਦੇਸ਼ਾਂ ਵਿੱਚ ਨਵਉਦਾਰਵਾਦੀ ਨੀਤੀਆਂ ਨੇ ਕਾਮਿਆਂ ਨੂੰ ਸਥਿਰ ਉਜਰਤਾਂ, ਅਸੁਰੱਖਿਅਤ ਨੌਕਰੀਆਂ ਅਤੇ ਅਸਮਾਨ ਛੂਹਦੀਆਂ ਰਿਹਾਇਸ਼/ਭੋਜਨ/ਊਰਜਾ ਲਾਗਤਾਂ ਨਾਲ ਵਿੰਨ੍ਹ ਦਿੱਤਾ ਹੈ। ਵਾਧੂ ਪੈਦਾਵਾਰ ਦੇ ਸੰਕਟ ਕਾਰਨ ਵਿਕਾਸ ਦਰ ਵਿੱਚ ਕਮੀ, ਆਟੋਮੇਸ਼ਨ, ਅਤੇ ਘਟਦੇ ਮੁਨਾਫ਼ੇ ਪੂੰਜੀ ਨੂੰ ਮਜ਼ਦੂਰਾਂ ਨੂੰ ਹੋਰ ਵੀ ਜ਼ਿਆਦਾ ਦਬਾਉਣ ਲਈ ਮਜਬੂਰ ਕਰਦੇ ਹਨ। ਵੱਡੀਆਂ ਚੁਣੌਤੀਆਂ ਵਿੱਚ ਘਿਰੀ ਸੰਸਾਰ ਸਾਮਰਾਜੀ ਆਰਥਿਕਤਾ ਦੇ ਨਾਲ ਹੀ ਮੱਧ ਪੂਰਬ, ਅਫਰੀਕਾ, ਅਫਗਾਨਿਸਤਾਨ, ਫਲਸਤੀਨ, ਲਾਤੀਨੀ ਅਮਰੀਕਾ ਆਦਿ ਥਾਵਾਂ ਤੇ ਜੰਗਾਂ, ਰਾਜਨੀਤਿਕ ਅਸਥਿਰਤਾ ਕਾਰਨ ਸ਼ਰਨਾਰਥੀ ਸੰਕਟ ਗਹਿਰਾ ਹੋ ਰਿਹਾ ਹੈ। ਦੁਨੀਆਂ ਭਰ ਵਿੱਚ ਅਮਰੀਕੀ ਸਰਦਾਰੀ ਦੇ ਪਤਨ ਦੇ ਰੁਝਾਨ ਦੇ ਮੁਕਾਬਲੇ ਚੀਨ, ਬ੍ਰਿਕਸ, ਰੂਸ, ਗਲੋਬਲ ਸਾਊਥ ਦੇ ਵਧਦੇ ਪ੍ਰਭਾਵ ਕਾਰਨ ਗਲੋਬਲ ਆਰਡਰ ਬਦਲ ਰਿਹਾ ਹੈ ਜਿਸ ਨਾਲ ਆਰਥਿਕ-ਵਪਾਰਕ ਖੇਤਰ ਵਿੱਚ ਅਸਥਿਰਤਾ ਕਾਰਨ ਵਸੋਂ ਬਣਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਤਰ੍ਹਾਂ ਆਰਥਿਕ ਮੰਦੀ, ਸਾਮਰਾਜਵਾਦੀ ਯੁੱਧ, ਕੁਦਰਤੀ ਆਫਤਾਂ, ਵਾਤਾਵਰਣਿਕ ਤਬਦੀਲੀਆਂ ਅਤੇ ਵਿਸ਼ਵਵਿਆਪੀ ਤਾਕਤਾਂ ਦੇ ਬਦਲ ਰਹੇ ਸਮਤੋਲ ਕਾਰਨ ਵੀ ਪ੍ਰਵਾਸੀ ਕਾਮਿਆਂ ਨੂੰ ਨਿਸ਼ਾਨਾ ਬਣਾਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਸੋਂ ਬਣਤਰ ਨੂੰ ਹਿਜ਼ਰਤ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਮੌਜੂਦਾ ਸਮੇਂ ਇੱਕ ਨਵਾਂ ਵਿਸ਼ਵ ਆਰਥਿਕ-ਸਿਆਸੀ ਸੰਤੁਲਨ ਖੜਾ ਕਰਨ ਲਈ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਆਹਮੋ-ਸਾਹਮਣੇ ਹਨ। ਸੰਸਾਰ ਪ੍ਰਬੰਧ ਦੇ ਸਿਖਰ ਤੇ ਬੈਠੇ ਇਜਾਰੇਦਾਰ ਪੂੰਜੀਪਤੀ ਆਪਣੀ ਵਿੱਤੀ ਪੂੰਜੀ ਦਾ ਦਬਦਬਾ ਬਣਾ ਰਹੇ ਹਨ ਤੇ ਦੂਸਰੇ ਪਾਸੇ ਵਿਸ਼ਵ ਪੱਧਰ ਤੇ ਮਜ਼ਦੂਰਾਂ ਦੀ ਵਾਫਰ ਰਾਖਵੀਂ ਫੌਜ਼ ਇਹਨਾਂ ਪੂੰਜੀਪਤੀਆਂ ਲਈ ਮੁਨਾਫੇ ਪੈਦਾ ਕਰਨ ਅਤੇ ਸਸਤੀ ਕਿਰਤ ਲੁਟਾਉਣ ਲਈ ਸਰਾਪੀ ਹੋਈ ਹੈ। ਵਿਸ਼ਵ ਮੰਡੀ ਦੇ ਜਾਲ ਵਿੱਚ ਉਲਝੀ ਹੋਈ ਵਸੋਂ ਇਸ ਵਿਸ਼ਾਲ ਧਰੁਵੀਕਰਨ ਦਾ ਹਿੱਸਾ ਹੈ। ਜੰਗਾਂ-ਯੁੱਧਾਂ ਤੇ ਨਵਉਦਾਰਵਾਦੀ ਨੀਤੀਆਂ ਕਾਰਨ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਸਸਤੀ ਕਿਰਤ ਸ਼ਕਤੀ ਆਪਣੀ ਵਿਕਰੀ ਲਈ ਥਾਂ ਲੱਭਣ ਲਈ ਹੱਦਾਂ-ਸਰਹੱਦਾਂ ਤੇ ਭਟਕ ਰਹੀ ਹੈ। ਅਰਾਜਕ ਟੈਰਿਫੀ ਹਮਲਿਆਂ, ਨਵੀਂ ਤਕਨੀਕ ਅਤੇ ਪੂੰਜੀਵਾਦੀ ਉਤਪਾਦਨ ਸਮਰੱਥਾ ਵਿੱਚ ਵਾਧੇ ਕਾਰਨ, ਲੋਕਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਅਤੇ ਦੁਨੀਆਂ ਇਕ ਧਰੁੱਵੀ ਤੋਂ ਬਹੁਧਰੁਵੀ ਬਣਨ ਵੱਲ ਵਧਣ ਕਾਰਨ ਇਹ ਵਾਧੂ ਕਿਰਤ ਸ਼ਕਤੀ ਵੱਖ-ਵੱਖ ਉਤਪਾਦਨ ਖੇਤਰਾਂ ਵਿੱਚ ਸਮਾ ਨਹੀਂ ਪਾ ਰਹੀ, ਜਿਸ ਕਾਰਨ ਸਾਮਰਾਜੀ ਮੁਲਕ ਆਪਣੀਆਂ ਅਵਾਸ ਨੀਤੀਆਂ ਬਦਲਕੇ ਤੇ ਪ੍ਰਵਾਸੀ ਵਸੋਂ ਦਾ ਵਿਰੋਧ ਕਰਕੇ ਇਸ ਵਸੋਂ ਦੇ ਉਜਾੜੇ ਦਾ ਧਰਾਤਲ ਪੈਦਾ ਕਰ ਰਹੇ ਹਨ। ਅਸਲ ਅਰਥਾਂ ਵਿੱਚ ਸੰਸਾਰ ਦੀ ਕਾਰਪੋਰੇਟ ਜਮਾਤ ਦੇ ਏਜੰਡੇ ਨੂੰ ਸਰਕਾਰੀ ਨੀਤੀਆਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਜਾਰੇਦਾਰ ਪੂੰਜੀਵਾਦ ਤਹਿਤ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਦਾ ਗਲੋਬਲ ਨੈਟਵਰਕ ਸੰਸਾਰ ਭਰ ਦੇ ਸਸਤੇ ਮਨੁੱਖੀ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਕਰਕੇ ਪੂੰਜੀ ਦੇ ਇਕੱਤਰੀਕਰਨ ਦੀ ਰਫਤਾਰ ਹੋਰ ਤੇਜ ਕਰ ਰਿਹਾ ਹੈ। ਪੈਦਾਵਾਰ ਦੇ ਵਿਸ਼ਵੀਕਰਨ ਦੀ ਦਿਸ਼ਾ ’ਚ ਪੂੰਜੀਵਾਦੀ ਆਰਥਿਕਤਾ ਬੜੀ ਤੇਜ਼ੀ ਨਾਲ ਆਪਣਾ ਵਿਸ਼ਵਵਿਆਪੀ ਪਸਾਰ ਤੇ ਪ੍ਰਭਾਵ ਸਿਰਜ ਰਹੀ ਹੈ। ਬਹੁਰਾਸ਼ਟਰੀ ਕੰਪਨੀਆਂ ਦੇ ਵਿਸ਼ਵਵਿਆਪੀ ਫੈਲਾਅ ਕਾਰਨ ਅਤੇ ਸੰਸਾਰ ਪੱਧਰ ਤੇ ਪੈਦਾਵਾਰ ਦੇ ਕੇਂਦਰੀਕਰਨ ਅਤੇ ਇਸ ਕੇਦਰੀਕਰਨ ਤੋਂ ਪੈਦਾ ਹੋਏ ਇਜਾਰੇਦਾਰ ਪੂੰਜੀਵਾਦ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਇਜਾਰੇਦਾਰ ਪੂੰਜੀਵਾਦ ਦਾ ਇਹ ਦਬਦਬਾ ਹੀ ਮਨੁੱਖ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਅਸਲ ਜੜ੍ਹ ਹੈ। ਕਾਮਿਆਂ ਦੀ ਆਪਸੀ ਭਾਈਚਾਰਕ ਏਕਤਾ ਨੂੰ ਤੋੜਣ ਦੇ ਸਰਕਾਰੀ ਏਜੰਡੇ ’ਚ ਗੁੰਮਰਾਹ ਹੋਣ ਦੀ ਬਜਾਇ ਪੂੰਜੀਵਾਦ ਦੇ ਲੋਟੂ ਤੇ ਅਰਾਜਕ ਜਮੂਦ ਨੂੰ ਖਤਮ ਕਰਨ ਦੀ ਜਰੂਰਤ ਹੈ।
-ਮਨਦੀਪ (+1 438-924-2052)

No comments:
Post a Comment