ਹਵਾਨਾ 'ਚ ਚੇ ਗੁਵਾਰਾ ਨਾਲ ਮੇਰੀ ਪਹਿਲੀ ਮਿਲਣੀ ਬਿਲਕੁਲ ਵੱਖਰੇ ਮਹੌਲ ਵਿੱਚ ਹੋਈ। ਰਾਤ ਦੇ ਲੱਗਭੱਗ ਇੱਕ ਵਜੇ ਮੈਂ ਉਸਦੇ ਵਿੱਤ ਵਿਭਾਗ ਦੇ ਦਫਤਰ ਵਿੱਚ ਉਸਨੂੰ ਮਿਲਣ ਗਿਆ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਉਸਨੇ ਮੈਨੂੰ ਮਿਲਣੀ ਲਈ ਕਦੋਂ ਅਤੇ ਕਿੱਥੇ ਸੱਦਾ ਦਿੱਤਾ ਸੀ। ਸਾਡੀ ਮੁਲਾਕਾਤ ਦਾ ਵਕਤ ਅੱਧੀ ਰਾਤ ਸੀ। ਮੁਲਾਕਾਤ ਵਾਲੇ ਦਿਨ ਮੈਂ ਥੋੜਾ ਵਕਤੋਂ ਖੂੰਝ ਗਿਆ ਤੇ ਕੁੱਝ ਦੇਰ ਨਾਲ ਪਹੁੰਚਿਆ। ਉਸ ਦਿਨ ਮੈਂ ਇੱਕ ਸਰਕਾਰੀ ਸਮਾਗਮ ਵਿੱਚ ਸ਼ਾਮਲ ਸੀ ਅਤੇ ਉਹਨਾਂ ਮੇਰੀ ਜਿੰਮੇਵਾਰੀ ਪ੍ਰਧਾਨਗੀ ਮੰਡਲ ਵਿੱਚ ਲਾ ਦਿੱਤੀ ਸੀ।
ਚੇ ਦੇ ਲੱਕ
ਦੁਆਲੇ ਪਿਸਤੌਲ ਲਟਕਦੀ ਸੀ ਅਤੇ ਉਸਨੇ ਫੌਜੀ ਵਰਦੀ ਪਾਈ ਹੋਈ ਸੀ। ਉਸਦੇ ਕੱਪੜੇ ਦਫਤਰੀ ਸ਼ਾਨ ਦੇ
ਉਲਟ ਭੱਦੇ ਲੱਗ ਰਹੇ ਸਨ। ਕਾਲੇ ਰੰਗ ਦਾ ਚੇ,
ਹੌਲੀ-ਹੌਲੀ
ਅਤੇ ਬਿਨਾਂ ਗਲਤੀ ਤੋਂ ਅਰਜਨਟੀਨੀ ਉਚਾਰਨ ਨਾਲ ਬੋਲਣ ਵਾਲਾ। ਉਹ ਅਜੀਹੀ ਸ਼ਖਸ਼ੀਅਤ ਸੀ ਜਿਸ ਨਾਲ
ਤੁਸੀਂ ਇੱਕ ਵਿਸ਼ੇ ਤੋਂ ਯਕਦਮ ਦੂਸਰੇ ਵਿਸ਼ੇ ਬਾਰੇ ਗੱਲ ਕਰ ਸਕਦੇ ਹੋ। ਉਹ ਛੋਟੇ-ਛੋਟੇ ਵਾਕ ਬੋਲਦਾ
ਅਤੇ ਵਾਕ ਦੇ ਅੰਤ ਤੇ ਮੁਸਕਰਾਉਂਦਾ, ਬਹਿਸ ਨੂੰ ਹਵਾ 'ਚ ਉਡਾ ਦੇਣ ਵਾਂਗ।
ਮੈਂ ਆਪਣੀ
ਪੁਸਤਕ 'ਕਾਂਤੋਂ ਜਨਰਲ' ਬਾਰੇ ਉਸਦੇ ਮੂੰਹੋਂ ਵਡਿਆਈ ਸੁਣਕੇ ਗਦਗਦ ਹੋ
ਰਿਹਾਂ ਸਾਂ। ਉਹ 'ਸੀਅਰਾ ਮੈਅਸਤਰਾ' 'ਚ ਰਾਤ ਨੂੰ ਗੁਰੀਲਿਆਂ ਨੂੰ ਇਹ ਕਿਤਾਬ ਪੜ੍ਹਕੇ
ਸੁਣਾਉਂਦਾ ਹੁੰਦਾ ਸੀ। ਬਾਅਦ 'ਚ 'ਰੇਜਿਸ ਦੈਬਰੇ' ਰਾਹੀਂ ਮੈਨੂੰ ਪਤਾ ਲੱਗਾ ਕਿ ਬੋਲੀਵੀਆ ਦੇ
ਪਹਾੜਾਂ 'ਚ ਉਸਦੇ ਅੰਤਲੇ ਸਮੇਂ ਉਸ ਕੋਲ ਸਿਰਫ ਦੋ ਹੀ ਕਿਤਾਬਾਂ ਸਨ ਇੱਕ ਹਿਸਾਬ ਦੀ ਕਿਤਾਬ ਅਤੇ
ਦੂਜੀ 'ਕਾਂਤੋ ਜਨਰਲ'।
ਉਸ ਰਾਤ ਚੇ
ਨੇ ਮੈਨੂੰ ਇੱਕ ਗੱਲ ਦੱਸੀ ਜਿਸਨੂੰ ਸੁਣ ਕੇ ਮੈਂ ਚਕਰਾ ਗਿਆ,
ਜਿਸਤੋਂ
ਉਸਦੀ ਹੋਣੀ ਦਾ ਪਤਾ ਲੱਗਦਾ ਸੀ। ਉਸਦੀ ਤਿਰਛੀ ਨਜ਼ਰ ਮੇਰੀਆਂ ਅੱਖਾਂ ਤੋਂ ਦਫਤਰ ਦੀ ਹਨੇਰੀ ਖਿੜਕੀ
ਤੱਕ ਚੌਂਪਾਸੀਂ ਦੌੜ ਰਹੀ ਸੀ। ਉਹ ਕਿਊਬਾ ਉੱਤੇ ਸੰਭਾਵੀ ਉੱਤਰੀ ਅਮਰੀਕੀ ਹਮਲੇ ਬਾਰੇ ਗੱਲ ਕਰ
ਰਿਹਾ ਸੀ। ਮੈਂ ਹਵਾਨਾ ਦੀਆਂ ਗਲੀਆਂ ਵਿੱਚ ਕਈ ਥਾਵਾਂ ਤੇ ਰੇਤ ਦੀਆਂ ਬੋਰੀਆਂ ਖਿਲਰੀਆਂ ਪਈਆਂ
ਦੇਖੀਆਂ ਸਨ। ਅਚਾਨਕ ਹੀ ਉਸਨੇ ਕਿਹਾ "ਜੰਗ… ਜੰਗ ! ਅਸੀਂ ਜੰਗ ਦੇ ਵਿੱਰੁਧ ਹਾਂ, ਪਰ ਜਦੋਂ ਅਸੀਂ ਇੱਕ ਵਾਰ ਜੰਗ ਸ਼ੁਰੂ ਕਰ ਲੈਂਦੇ ਹਾਂ,
ਤਾਂ ਅਸੀਂ
ਇਸਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਸਾਰਾ ਵਕਤ ਇਸ ਵੱਲ ਪਰਤਣਾ ਲੋਚਦੇ ਹਾਂ।"
ਉਹ ਮੇਰੇ
ਫਾਇਦੇ ਲਈ ਉੱਚੀ ਸੁਰ ਵਿੱਚ ਸੋਚ ਰਿਹਾ ਸੀ,
ਅਸਲ ਵਿੱਚ
ਮੈਂ ਉਸਨੂੰ ਸੁਣ ਕੇ ਚਕਰਾ ਗਿਆ ਸੀ। ਮੇਰੇ ਲਈ ਜੰਗ ਆਦਰਸ਼ ਨਹੀਂ ਸਗੋਂ ਲਾਹਨਤ ਬਰਾਬਰ ਸੀ।
ਅਸੀਂ
ਇੱਕ-ਦੂਜੇ ਨੂੰ ਅਲਵਿਦਾ ਕਹੀ ਅਤੇ ਦੁਬਾਰਾ ਕਦੇ ਨਹੀਂ ਮਿਲੇ। ਬਾਅਦ 'ਚ ਬੋਲੀਵੀਆ ਦੇ ਜੰਗਲਾਂ ਵਿੱਚ ਹੋਈ ਲੜਾਈ ਵਿੱਚ ਉਸਦੀ ਮੌਤ ਹੋ ਗਈ। ਪਰ ਮੈਂ ਚੇ ਗੁਵਾਰਾ
ਵਿੱਚੋਂ ਇੱਕ ਸੂਝਵਾਨ ਮਨੁੱਖ ਨੂੰ ਵੇਖ ਰਿਹਾ ਸੀ,
ਜਿਸ ਦੀਆਂ
ਬਹਾਦਰੀ ਭਰੀਆਂ ਲੜਾਈਆਂ ਵਿੱਚ ਉਸਦੀ ਕਵਿਤਾ ਹਥਿਆਰਾਂ ਤੋਂ ਵੀ ਵੱਧ ਕੇ ਮਹੱਤਵ ਸੀ।

No comments:
Post a Comment