Search This Blog

Thursday, November 4, 2021

( ਗੁਏਰਨਿਕਾ) A German officer: "Did you do that?", Picasso : "No, you did.

 ਗੁਏਰਨਿਕਾ

A German officer: "Did you do that?"
Picasso : "No, you did.
‘ਗੁਏਰਨਿਕਾ’ ਨਾਮੀ ਸੰਸਾਰ ਪ੍ਰਸਿੱਧ ਇਤਿਹਾਸਕ ਪੇਟਿੰਗ ਨਾਮਵਰ ਸਪੈਨਿਸ਼ ਚਿੱਤਰਕਾਰ ਪਾਬਲੋ ਪਿਕਾਸੋ ਦੁਆਰਾ ਬਣਾਈ ਆਧੁਨਿਕ ਚਿੱਤਰ ਕਲਾ ਦਾ ਉੱਤਮ ਨਮੂਨਾ ਅਤੇ ਫਾਸੀਵਾਦ ਵਿਰੁੱਧ ਜਬਰਦਸਤ ਸਿਆਸੀ ਬਿਆਨ ਹੈ। ਇਹ ਕਲਾ ਦਾ ਇੱਕ ਐਸਾ ਨਮੂਨਾ ਹੈ ਜੋ ਇਨਸਾਫਪਸੰਦਾਂ ਨੂੰ ਹਲੂਣਦਾ ਹੈ, ਪ੍ਰੇਸ਼ਾਨ ਕਰਦਾ ਹੈ ਅਤੇ ਉਸਨੂੰ ਹਰ ਬਰਬਰਤਾ ਖਿਲਾਫ ਉੱਠ ਖੜੇ ਹੋਣ ਲਈ ਪ੍ਰੇਰਦਾ ਹੈ। ਇਕ ਐਸੀ ਕਲਾ ਜੋ ਮਨੁੱਖਤਾ ਨੂੰ ਸਿਆਸੀ ਅਪਰਾਧ, ਨਿਹੱਕੀ ਜੰਗ ਅਤੇ ਮੌਤ ਦੇ ਮਲਬੇ ਵਿੱਚ ਤਬਦੀਲ ਕਰਨ ਵਾਲੀਆਂ ਤਾਕਤਾਂ ਖਿਲਾਫ ਸ਼ਾਨ ਨਾਲ ਉੱਠ ਖੜੇ ਹੋਣ ਦਾ ਸੰਸਾਰ ਪੱਧਰਾ ਸੁਨੇਹਾ ਦਿੰਦੀ ਹੈ।

1936 ਵਿੱਚ ਸਪੇਨ ਦੇ ਡੈਮੋਕਰੇਟਿਕ ਰਿਪਬਲੀਕਨਾਂ (ਕਮਿਊਨਿਸਟ, ਅਰਾਜਕਤਾਵਾਦੀ, ਸਮਾਜਵਾਦੀ ਆਦਿ ਦਾ ਸਾਂਝਾ ਫਰੰਟ) ਅਤੇ ਸਪੇਨ ਦੇ ਫਾਸੀਵਾਦੀ ਜਨਰਲ ਫਰਾਂਸਿਸਕੋ ਫਰੈਂਕੋ ਦੀ ਅਗਵਾਈ ਵਾਲੀ ਫੌਜ ਵਿਚਕਾਰ ਘਰੇਲੂ ਜੰਗ ਛਿੜ ਗਈ ਸੀ। 26 ਅਪ੍ਰੈਲ 1937 ਨੂੰ ਫਰੈਂਕੋ ਦੇ ਹੱਕ ’ਚ ਹਿਟਲਰ ਦੇ ਸ਼ਕਤੀਸ਼ਾਲੀ ਜਰਮਨ ਹਵਾਈ ਜਹਾਜ਼ਾਂ ਅਤੇ ਇਟਲੀ ਦੀਆਂ ਫਾਸੀ ਤਾਕਤਾਂ ਨੇ ਉੱਤਰੀ ਸਪੇਨ ’ਚ ਸਥਿਤ ਬਾਸਕ ਦੇ ਗੁਏਰਨਿਕਾ ਕਸਬੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ। ਇਸ ਕਸਬੇ ਦੀ ਇੱਕ-ਤਿਹਾਈ ਅਬਾਦੀ ਇਸ ਭਿਆਨਕ ਬੰਬਾਰੀ ਵਿੱਚ ਮਾਰੀ ਗਈ ਜਿਸ ਵਿੱਚ ਜਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਸੀ।
ਇਸ ਭਿਆਨਕ ਕਤਲੇਆਮ ਨੇ ਪਾਬਲੋ ਪਿਕਾਸੋ ਨੂੰ ਰੋਹ ਨਾਲ ਬੇਚੈਨ ਕਰ ਦਿੱਤਾ। ਇਸ ਫਾਸੀਵਾਦੀ ਹਮਲੇ ਖਿਲਾਫ ਪਿਕਾਸੋ ਨੇ ‘ਗੁਏਰਨਿਕਾ’ ਨਾਮੀ ਪੇਂਟਿੰਗ ਬਣਾਈ ਜੋ ਸੰਸਾਰ ਭਰ ਵਿਚ ਫਾਸੀਵਾਦੀ ਬਰਬਰਤਾ ਦੇ ਵਿਰੋਧ ਦਾ ਪ੍ਰਤੀਕ ਬਣਕੇ ਉੱਭਰੀ।
ਇਸ ਚਿੱਤਰ ਵਿੱਚ, ਖੱਬੇ ਪਾਸੇ, ਇੱਕ ਵੱਡੀਆਂ ਅੱਖਾਂ ਵਾਲਾ ਬਲਦ ਇੱਕ ਉਦਾਸ ਔਰਤ ਉੱਤੇ ਖੜ੍ਹਾ ਹੈ ਜਿਸਨੇ ਇੱਕ ਮਰੇ ਹੋਏ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਹੈ। ਇੱਕ ਘੋੜਾ ਤੜਫਦਾ ਹੋਇਆ ਡਿੱਗਿਆ ਹੋਇਆ ਹੈ। ਘੋੜੇ ਦੇ ਹੇਠਾਂ ਇੱਕ ਮੁਰਦਾ ਅਤੇ ਵੱਡਿਆ-ਟੁੱਕਿਆ ਸਿਪਾਹੀ ਪਿਆ ਹੈ। ਉਸਦੀ ਕੱਟੀ ਹੋਈ ਸੱਜੀ ਬਾਂਹ ਦਾ ਹੱਥ ਇੱਕ ਟੁੱਟਦੀ ਤਲਵਾਰ ਨੂੰ ਫੜ ਲੈਂਦਾ ਹੈ, ਜਿਸ ਤੋਂ ਇੱਕ ਫੁੱਲ ਉੱਗਦਾ ਹੈ, ਅਤੇ ਇਕ ਔਰਤ ਦੇ ਹੱਥ ਵਿੱਚ ਇੱਕ ਬਲਦੀ ਮਸ਼ਾਲ ਹੈ, ਜੋ ਮਸੀਹ ਦੀ ਸ਼ਹਾਦਤ ਦਾ ਪ੍ਰਤੀਕ ਹੈ। ਖੰਜਰ, ਘੋੜਾ ਅਤੇ ਬਲਦ ਹਨ। ਸਪੈਨਿਸ਼ ਸੱਭਿਆਚਾਰ ਵਿੱਚ ਘੋੜਾ ਅਤੇ ਬੈਲ ਪ੍ਰਮੁੱਖ ਪਾਤਰ ਹਨ ਜੋ ਬੁਰਾਈ ਅਤੇ ਚੰਗਿਆਈ ਦੇ ਪ੍ਰਤੀਕ ਹਨ। ਇੱਥੇ ਬੈਲ ਦੇ ਰੂਪ ਵਿੱਚ ਜਨਰਲ ਫਰੈਂਕੋ ਅਤੇ ਘੋੜੇ ਨੂੰ ਗੁਏਰਨੀਕਾ ਦੇ ਨਿਰਦੋਸ਼ ਲੋਕਾਂ ਦੇ ਪ੍ਰਤੀਕ ਵਜੋਂ ਵਿਖਾਇਆ ਗਿਆ ਹੈ। ਉਂਝ ਚਿੱਤਰ ਵੇਖਣ ਵਾਲੀ ਹਰ ਅੱਖ ਦੇ ਆਪਣੇ-ਆਪਣੇ ਕਿਆਸ ਹਨ। ਸੱਜੇ ਪਾਸੇ ਇੱਕ ਹੋਰ ਔਰਤ, ਉਸਦੇ ਹੱਥ ਦਹਿਸ਼ਤ ਨਾਲ ਉੱਠੇ ਹੋਏ ਹਨ, ਦੁਖੀ ਔਰਤ ਦਾ ਮੂੰਹ ਖੁੱਲ੍ਹਾ ਹੈ ਅਤੇ ਸਿਰ ਪਿੱਛੇ ਨੂੰ ਡਿੱਗਿਆ ਹੋਇਆ। ਉਸ ਦਾ ਸੱਜਾ ਹੱਥ ਹਵਾਈ ਜਹਾਜ਼ ਦੀ ਸ਼ਕਲ ਸੁਝਾਉਂਦਾ ਹੈ। ਇੱਕ ਮਨੁੱਖੀ ਖੋਪੜੀ ਘੋੜੇ ਦੇ ਸਰੀਰ ਨੂੰ ਢੱਕ ਲੈਂਦੀ ਹੈ। ਘੋੜੇ ਦੀ ਛਾਤੀ ਦੇ ਅੰਦਰ ਇੱਕ ਸਿੰਗ ਦਿਖਾਈ ਦਿੰਦਾ ਹੈ। ਬਲਦ ਦੀ ਪੂਛ ਅੱਗ ਦੀ ਲਾਟ ਦੀ ਤਸਵੀਰ ਬਣਾਉਂਦੀ ਹੈ ਜਿਸ ਤੋਂ ਧੂੰਆਂ ਉੱਠਦਾ ਹੈ।
ਕੁੱਲ ਮਿਲਾਕੇ ਇਹ ਚਿੱਤਰ ਫਾਸੀਵਾਦੀ ਹਮਲੇ ਦੀ ਮਾਰ ਹੇਠ ਆਏ ਗੁਏਰਨਿਕਾ ਕਸਬੇ ਦੇ ਨਿਰਦੋਸ਼ ਲੋਕਾਂ ਦੇ ਜਾਨ-ਮਾਲ-ਸੱਭਿਆਚਾਰ ਦੀ ਤਬਾਹੀ ਅਤੇ ਦਰਦ ਦੀ ਪੇਸ਼ਕਾਰੀ ਕਰਦਾ ਹੈ ਜੋ ਅੱਜ ਕੁੱਲ ਦੁਨੀਆਂ ’ਚ ਨਿਹੱਕੀ ਜੰਗ ਵਿਰੁੱਧ ਬਿਗੁਲ ਦਾ ਚਿੰਨ੍ਹ ਬਣ ਚੁੱਕਾ ਹੈ। ਇਸ ਚਿੱਤਰ ਨੇ 1937 ਤੋਂ ਹੁਣ ਤੱਕ (2021) ਫਾਸੀਵਾਦੀ ਬਰਬਰਤਾ ਵਿਰੁੱਧ ਅਤੇ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਇਕ ਸੰਸਾਰ ਪੱਧਰੇ ਪ੍ਰਚਾਰ ਦਾ ਕੰਮ ਕੀਤਾ ਹੈ। ਇਹੀ ਲੋਕਪੱਖੀ ਕਲਾ ਦੀ ਤਾਕਤ ਹੈ ਜੋ ਮਨੁੱਖਤਾ ਦੇ ਦਰਦ ਨੂੰ ਬਿਆਨਦੀ ਹੈ।
ਇਸਤੋਂ ਮਗਰੋਂ ਦੂਜੇ ਵਿਸ਼ਵ ਯੁੱਧ ਸਮੇਂ ਜਦੋਂ ਪਿਕਾਸੋ ਨਾਜ਼ੀ-ਕਬਜੇ ਵਾਲੇ ਪੈਰਿਸ ਵਿੱਚ ਰਹਿ ਰਿਹਾ ਸੀ, ਤਾਂ ਇੱਕ ਨਾਜ਼ੀ ਅਫ਼ਸਰ ਪਿਕਾਸੋ ਦੇ ਅਪਾਰਟਮੈਂਟ ਵਿੱਚ ਆਇਆ ਤੇ ਉਸਨੇ ‘ਗੁਏਰਨਿਕਾ’ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ “ਕੀ ਇਹ ਤੁਸੀਂ ਬਣਾਈ ਹੈ?”
ਪਿਕਾਸੋ ਨੇ ਜਵਾਬ ਦਿੱਤਾ “ਨਹੀਂ, ਇਹ ਤੁਸੀਂ ਬਣਾਈ ਹੈ”
-ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...