ਅਮਰੀਕਾ-ਚੀਨ ਵਰਗੀਆਂ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਲਈ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਭੂ-ਸਿਆਸੀ ਤੌਰ 'ਤੇ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ। ਇਹ ਖੇਤਰ ਪ੍ਰਮੁੱਖ ਬੰਦਰਗਾਹਾਂ ਅਤੇ ਰਾਜਨੀਤਿਕ ਚੌਂਕੀਆਂ ਦਾ ਅੱਡਾ ਹੈ। ਆਰਥਿਕ-ਵਪਾਰਕ ਪੱਖ ਤੋਂ ਇਸ ਖਿੱਤੇ ਦੀ ਖ਼ਾਸ ਅਹਿਮਤੀਅਤ ਹੈ। ਇਸ ਖੇਤਰ ਨਾਲ ਲੱਗਦੇ ਬਹੁਤੇ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਬਜ਼ਟ ਦਾ ਵੱਡਾ ਹਿੱਸਾ ਫੌਜ਼ ਉੱਤੇ ਲਾ ਰਹੇ ਹਨ। ਅਮਰੀਕਾ ਇਸ ਖਿੱਤੇ ਨੂੰ ਆਪਣੀ ਗਲੋਬਲੀ ਚੌਧਰ ਲਈ ਮਹੱਤਵਪੂਰਨ ਸਮਝਦਾ ਹੈ ਜਿਸਦੇ ਨਤੀਜੇ ਵਜੋਂ ਅਮਰੀਕਾ ਇਸ ਖਿੱਤੇ ਨੇੜਲੇ ਦੇਸ਼ਾਂ ਨਾਲ ਕੂਟਨੀਤਕ, ਸਿਆਸੀ, ਆਰਥਿਕ ਅਤੇ ਸੁਰੱਖਿਆ ਪਹਿਲਕਦਮੀਆਂ ਰਾਹੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ। ਇੱਕ ਵਿਸ਼ੇਸ਼ ਇਤਿਹਾਸਕ ਦੌਰ ਅੰਦਰ ਸੋਵੀਅਤ ਯੂਨੀਅਨ ਨੂੰ ਘੇਰਨ ਅਮਰੀਕਾ ਨੇ ਅਟਲਾਂਟਿਕ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਗੁੱਟ ਬਣਾਇਆ ਸੀ ਤੇ ਹੁਣ ਬਦਲਦੇ ਸੰਸਾਰ ਸਮੀਕਰਣਾਂ ਤਹਿਤ ਅਮਰੀਕਾ ਚੀਨ ਨੂੰ ਘੇਰਨ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਪਲੱਸ ਦਾ ਗੁੱਟ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।
ਅਮਰੀਕਾ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਤੋਂ ਲਗਾਤਾਰ ਚਿੰਤਤ ਹੈ। ਉਸਦੀ “ਮੁਕਤ ਅਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਖੇਤਰ” ਦੀ ਨੀਤੀ ਦਾ ਉਦੇਸ਼ ਚੀਨ ਪ੍ਰਭਾਵ-ਮੁਕਤ ਖੇਤਰ ਤੋਂ ਹੈ। ਉਧਰ ਚੀਨ ਵੀ ਲਗਾਤਾਰ ਇਸ ਖੇਤਰ ਵਿੱਚ ਆਪਣੇ ਆਰਥਿਕ ਪ੍ਰਭਾਵ ਦੇ ਨਾਲ-ਨਾਲ ਆਪਣੀ ਫੌਜੀ ਸਮਰੱਥਾਂ ਨੂੰ ਵਧਾ ਰਿਹਾ ਹੈ। ਇਸ ਖਿੱਤੇ ਵਿੱਚ ਵੱਧਦੇ ਚੀਨੀ ਪ੍ਰਭਾਵ ਨੂੰ ਅਮਰੀਕਾ ਆਪਣੇ ਕੌਮਾਂਤਰੀ ਸੁਰੱਖਿਆ ਹਿੱਤਾਂ ਲਈ ਇੱਕ ਸੰਭਾਵੀ ਖਤਰੇ ਵਜੋਂ ਦੇਖਦਾ ਹੈ। ਅਮਰੀਕਾ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇਸ ਖੇਤਰ ਵਿੱਚ ਕੁਆਡ ਗੱਠਜੋੜ ਰਾਹੀਂ ਭਾਈਵਾਲੀ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਅਮਰੀਕਾ ਆਪਣੇ ਭਾਈਵਾਲਾਂ ਨਾਲ ਮਿਲਕੇ ਹਿੰਦ-ਪ੍ਰਸ਼ਾਂਤ ਖੇਤਰ, ਜੋ ਦੁਨੀਆ ਦੀਆਂ ਵੱਡੀਆਂ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਦਾ ਘਰ ਹੈ, ਉੱਪਰ ਕਾਬੂ ਰੱਖਣ ਅਤੇ ਇਹਨਾਂ ਦੇਸ਼ਾਂ ਨਾਲ ਖੁੱਲ੍ਹੇ ਅਤੇ ਨਿਰਪੱਖ ਵਪਾਰਕ ਸਬੰਧਾਂ ਨੂੰ ਕਾਇਮ ਰੱਖਣ ਦੀ ਦੂਰਰਸ ਨੀਤੀ ਤਹਿਤ ਸਰਗਰਮ ਹੈ। ਜਿੱਥੇ ਇੱਕ ਪਾਸੇ ਅਮਰੀਕਾ ਇਸ ਖ਼ਿੱਤੇ ਵਿੱਚ ਆਪਣੀ ਪੁੱਗਤ ਕਾਇਮ ਕਰਨੀ ਚਾਹੁੰਦਾ ਹੈ, ਉੱਥੇ ਸਾਮਰਾਜੀ ਚੀਨ ਆਪਣੀ ਪਸਾਰਵਾਦੀ ਨੀਤੀ ਤਹਿਤ ਵਿਸ਼ਵ ਮੰਡੀ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸਦੇ ਚੱਲਦਿਆਂ ਉਸਦੇ ਅਮਰੀਕੀ ਸਾਮਰਾਜ ਨਾਲ ਟਕਰਾਅ ਦਿਨੋਂ-ਦਿਨ ਤਿੱਖੇ ਹੋ ਰਹੇ ਹਨ ਅਤੇ ਵਪਾਰਕ ਨੀਤੀ ਤੇ ਚੱਲਣ ਵਾਲਾ ਚੀਨ ਆਪਣੀ ਫੌਜ਼ੀ ਤਾਕਤ ਉੱਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਚੀਨ ਵੱਲੋਂ ਗੁਆਂਢੀ ਦੇਸ਼ਾਂ ਦੀ ਸਰਹੱਦਾਂ ਵਿੱਚ ਦਖ਼ਲਅੰਦਾਜ਼ੀ, ਏਸ਼ੀਆ ਸਮੇਤ ਅਮਰੀਕੀ ਪ੍ਰਭਾਵ ਵਾਲੇ ਮੁਲਕਾਂ ਵਿੱਚ ਵਪਾਰਕ ਪਸਾਰਾ ਅਤੇ ਸੰਸਾਰ ਵਪਾਰ ਦੇ ਖੇਤਰ ਵਿੱਚ ਅਮਰੀਕੀ ਡਾਲਰ ਨੂੰ ਚੁਣੌਤੀ ਭਵਿੱਖ ਵਿੱਚ ਨਵੀਂ ਸਫਬੰਦੀ ਦੇ ਸਪੱਸ਼ਟ ਸੰਕੇਤ ਹਨ।
ਇਸਤੋਂ ਇਲਾਵਾ ਹੀਰੋਸ਼ੀਮਾ ਵਿੱਚ ਹੋਈ ਜੀ-7 ਦੀ ਮਿਲਣੀ ਦਾ ਚਾਹੇ ਮੂਲ ਏਜੰਡਾ ਰੂਸ-ਯੂਕਰੇਨ ਜੰਗ ਸੀ ਜਿਸਦੇ ਤਹਿਤ ਰੂਸ ਉੱਤੇ ਹੋਰ ਪਾਬੰਦੀਆਂ ਮੜ੍ਹੀਆਂ ਗਈਆਂ।ਪਰ ਇਸ ਮੀਟਿੰਗ ਦਾ ਅਸਲ ਕੇਂਦਰਬਿੰਦੂ ਹਿੰਦ-ਪ੍ਰਸ਼ਾਂਤ ਖ਼ਿੱਤਾ ਅਤੇ ਇਸ ਖਿੱਤੇ ਵਿੱਚ ਚੀਨ ਦਾ ਉਭਾਰ ਰਿਹਾ। ਜੀ-7 ਤੋਂ ਇਲਾਵਾ ਇੱਥੇ ਕੁਆਡ ਸਮੂਹ ਦੀ ਮਿਲਣੀ ਵੀ ਹੋਈ। ਇਸ ਮੀਟਿੰਗ ਵਿੱਚ ਪੂਰਬੀ ਅਤੇ ਦੱਖਣੀ ਚੀਨੀ ਸਮੁੰਦਰ ਦਾ ਜ਼ਿਕਰ, ਚੀਨ ਦਾ ਹਮਲਾਵਰ ਰੁੱਖ, ਇਸਦੇ ਵਧਦੇ ਫੌਜੀ ਅੱਡੇ ਤੇ ਚੀਨੀ ਵਪਾਰ ਤੋਂ ਨਿਰਭਰਤਾ ਘਟਾਉਣਾ ਆਦਿ ਦਿਖਾਉਂਦਾ ਹੈ ਕਿ ਚੀਨ ਦੇ ਵੱਧਦੇ ਪ੍ਰਭਾਵ ਨੂੰ ਅਮਰੀਕੀ ਸਾਮਰਾਜ ਅਤੇ ਉਸਦੇ ਭਾਈਵਾਲ ਪੱਛਮੀ ਮੁਲਕ ਗੰਭੀਰ ਚੁਣੌਤੀ ਵਜੋਂ ਲੈ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਨੇ ਚੀਨ ਫੇਰੀ ਦੌਰਾਨ ਪੱਛਮ ਦੀ ਆਲੋਚਨਾ ਨੂੰ ਨਾਕਾਰ ਕੇ ਨਵੇਂ ਸਮਝੌਤੇ ਸਹੀਬੱਧ ਕੀਤੇ ਤੇ ਇਹ ਸਮਝੌਤੇ ਕਰਦਿਆਂ ਪੇਈਚਿੰਗ ਨੇ ਸੰਕੇਤ ਦਿੱਤਾ ਕਿ ਉਹ ਕੋਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਨਹੀ ਕਰ ਰਹੇ।
ਅਮਰੀਕਾ-ਚੀਨ ਦੁਆਰਾ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੌਧਰ ਲਈ ਆਹਮੋ-ਸਾਹਮਣੇ ਹੋਣਾ ਆਲਮੀ ਸਿਆਸਤ ਦਾ ਕੇਂਦਰ ਬਣ ਰਿਹਾ ਹੈ। ਇਸ ਲਈ ਭਾਰਤ ਦੀ ਭੂਮਿਕਾ ਭੂ-ਸਿਆਸੀ ਤੌਰ ’ਤੇ ਵਧ ਗਈ ਹੈ। ਇਸਦੇ ਟਾਕਰੇ ਲਈ ਕੁਆਡ ਦੇਸ਼ਾਂ ਨੂੰ ਸਰਗਰਮ ਭੂਮਿਕਾ ਰਾਹੀਂ ਯੁੱਧ ਦੀ ਤਿਆਰੀ ਤੋਂ ਪਹਿਲਾਂ ਵਾਲੇ ਮਾਹੌਲ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖਿੱਤੇ ਦੇ ਨਿੱਕੇ ਟਾਪੂ ਵੀ ਮੱਹਤਤਾ ਗ੍ਰਹਿਣ ਕਰ ਗਏ ਹਨ। ਵਿਵਾਦਤ ਚੀਨੀ ਟਾਪੂ ਤਾਈਵਾਨ ਦੇ ਆਗੂ ਅਮਰੀਕਾ ਨਾਲ ਸਿੱਧੀਆਂ ਬੈਠਕਾਂ ਕਰਦੇ ਆ ਰਹੇ ਹਨ। ਫਿਲੀਪੀਨਜ਼ ਨੇ ਅਪ੍ਰੈਲ ਵਿੱਚ ਅਮਰੀਕੀ ਅਤੇ ਆਸਟ੍ਰੇਲੀਆਈ ਫੌਜਾਂ ਨਾਲ ਸਾਂਝੇ ਫੌਜੀ ਅਭਿਆਸ ਕੀਤੇ। ਇਸ ਸਾਂਝੀ ਲਾਈਵ-ਫਾਇਰ ਸਿਖਲਾਈ ਵਿੱਚ 12,200 ਅਮਰੀਕੀ ਫੌਜੀ, 5400 ਫਿਲੀਪੀਨੀ ਫੌਜੀ ਅਤੇ 111 ਆਸਟ੍ਰੇਲੀਆਈ ਫੌਜੀਆਂ ਨੇ ਤਾਈਵਾਨ ਤੋਂ ਸਿਰਫ 400 ਕਿਲੋਮੀਟਰ ਦੀ ਦੂਰੀ ’ਤੇ ਉੱਤਰੀ ਲੁਜ਼ੋਨ ਵਿੱਚ ਬਾਲਿਕਾਟਨ ( ਮੋਢੇ ਨਾਲ ਮੋਢਾ ਜੋੜ ਕੇ) ਅਭਿਆਸ ਕੀਤਾ। ਇਸੇ ਤਰ੍ਹਾਂ ਮਾਈਕਰੋਨੇਸ਼ੀਆਂ ਨਾਲ ਅਮਰੀਕਾ ਨੇ ਦਹਾਕਿਆਂ ਬੱਧੀ ਪੁਰਾਣੇ ਰਾਜਨੀਤਿਕ ਅਤੇ ਸੁਰੱਖਿਆ ਰਿਸ਼ਤਿਆਂ ਦੇ ਮੱਦੇਨਜ਼ਰ ਸਮਝੌਤਿਆਂ ਵਿੱਚ ਵਾਧਾ ਕੀਤਾ ਤਾਂ ਜੋ ਵੱਧਦੇ ਚੀਨੀ ਪ੍ਰਭਾਵ ਨੂੰ ਨੱਥ ਪਾਈ ਜਾ ਸਕੇ।
ਇਸਦੇ ਉਲਟ ਚੀਨ ਦਾ ਨਿਵੇਸ਼, ਉੱਤਰੀ ਅਮਰੀਕਾ ਅਤੇ ਯੂਰਪ ਦੇ ਉੱਨਤ ਪੂੰਜੀਵਾਦੀ ਦੇਸ਼ਾਂ ਤੋਂ ਇਲਾਵਾ, ਲਾਤੀਨੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤੱਕ ਫੈਲਿਆ ਹੋਇਆ ਹੈ। ਪ੍ਰਸ਼ਾਂਤ ਖੇਤਰ ਵਿੱਚ ਕੁਦਰਤੀ ਸਰੋਤ ਕੱਢਣ ਵਾਲੇ ਉਦਯੋਗਾਂ ਵਿੱਚ ਚੀਨ ਦੀ ਪ੍ਰਮੁੱਖ ਭੂਮਿਕਾ ਹੈ। 2019 ਵਿੱਚ, ਚੀਨ ਨੇ ਇਸ ਖੇਤਰ ਵਿੱਚੋਂ $3. 3 ਬਿਲੀਅਨ ਦੇ ਸਮੁੰਦਰੀ ਭੋਜਨ, ਲੱਕੜ ਅਤੇ ਹੋਰ ਖਣਿਜ਼ ਹਾਸਲ ਕੀਤੇ। ਇਸ ਖਿੱਤੇ ਵਿੱਚ ਚੀਨ ਕੋਲ 290 ਜਹਾਜ਼ ਹਨ, ਜੋ ਕਿ ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਕੁਲ ਗਿਣਤੀ ਤੋਂ ਵੱਧ ਹਨ। ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਦੀ ਲੱਕੜ ਦੀ 90% ਤੋਂ ਵੱਧ ਬਰਾਮਦ ਚੀਨ ਨੂੰ ਜਾਂਦੀ ਹੈ। ਵੈਨੂਆਟੂ, ਟੋਂਗਾ ਅਤੇ ਪਲਾਊ ਨਾਲ ਵੀ ਉਸਦਾ ਚੋਖਾ ਕਾਰੋਬਾਰ ਜੁੜਿਆ ਹੋਇਆ ਹੈ। ਪਿਛਲੇ 20 ਸਾਲਾਂ ਵਿੱਚ ਚੀਨੀ ਕੰਪਨੀਆਂ ਨੇ ਪ੍ਰਸ਼ਾਂਤ ਖੇਤਰ ਵਿੱਚ ਖਾਣਾਂ ਦੀ ਖੁਦਾਈ ਵਿੱਚ $2 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਪੱਸ਼ਟ ਹੈ ਕਿ ਇਹ ਖੇਤਰ ਚੀਨ ਲਈ ਅਹਿਮ ਹੈ। ਚੀਨ ਹੁਣ ਪ੍ਰਸ਼ਾਂਤ ਵਿੱਚ ਲਗਭਗ ਇੱਕ ਦਰਜਨ ਟਾਪੂ ਦੇਸ਼ਾਂ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ ਪੁਲਿਸ, ਸੁਰੱਖਿਆ ਅਤੇ ਡਾਟਾ ਸੰਚਾਰ ਸ਼ਾਮਲ ਹੋਵੇਗਾ। ਜੇ ਇਹ ਸੌਦਾ ਸਿਰੇ ਚੜ੍ਹਦਾ ਹੈ ਤਾਂ ਇਸ ਪੂਰੇ ਖੇਤਰ ਵਿੱਚ ਚੀਨ ਆਪਣੇ ਪ੍ਰਭਾਵ ਨੂੰ ਵੱਡੇ ਪੱਧਰ 'ਤੇ ਵਧਾ ਲਵੇਗਾ।
ਅਮਰੀਕਾ ਕੁਆਡ ਨੂੰ ਬੱਝਵੇਂ ਪ੍ਰਭਾਵ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਨਾਟੋ ਗੁੱਟ ਦਾ ਮੁਹਾਨ ਰੂਸ ਤੋਂ ਬਾਅਦ ਪ੍ਰਮੁੱਖ ਤੌਰ ਤੇ ਚੀਨ ਵੱਲ ਮੋੜਨ ਲਈ ਯਤਨਸ਼ੀਲ ਹੈ। ਇਸ ਭੂ-ਸਿਆਸਤ ਦੇ ਚੱਲਦਿਆਂ ਪੱਛਮ ਚੀਨ ਨਾਲ ਵਪਾਰ ਘਟਾ ਕੇ ਵੱਧ ਆਬਾਦੀ ਵਾਲੇ ਭਾਰਤ ਨੂੰ ਵੱਡੀ ਮੰਡੀ ਵਜੋਂ ਦੇਖ ਰਿਹਾ ਹੈ। ਕੁਆਡ ਗੈਰ-ਤਜਰਬੇਕਾਰ ਗੁੱਟ ਹੈ ਇਸਨੂੰ ਫਿਲਹਾਲ ਏਸ਼ੀਆ ਦੇ ਨਾਟੋ ਵਜੋਂ ਤਾਂ ਨਹੀ ਲਿਆ ਜਾ ਸਕਦਾ ਪਰ ਨਾਟੋ ਪਲੱਸ ਅਮਰੀਕਾ ਦੀ ਏਸ਼ੀਆ ਵਿੱਚ ਇੱਕ ਨਵੀਂ ਫੌਜੀ ਕੂਟਨੀਤੀ ਹੈ। ਜਾਪਾਨ ਕੋਲ ਵਿਦੇਸ਼ੀ ਫੌਜੀ ਤਜਰਬਾ ਬਹੁਤ ਘੱਟ ਹੈ। ਭਾਰਤ ਦਾ ਮੁੱਖ ਫੌਜੀ ਚੁਣੌਤੀ ਚੀਨ ਹੀ ਨਹੀਂ ਸਗੋਂ ਪਾਕਿਸਤਾਨ ਵੀ ਰਿਹਾ ਹੈ। ਭਾਰਤ ਰਵਾਇਤੀ ਤੌਰ 'ਤੇ ਫੌਜੀ ਸਮੱਗਰੀ ਦੀ ਪੂਰਤੀ ਲਈ ਅਮਰੀਕਾ ਨਾਲੋਂ ਰੂਸ ਤੇ ਵੱਧ ਨਿਰਭਰ ਰਿਹਾ ਹੈ। ਸਾਮਰਾਜਵਾਦੀ ਅਤੀਤ ਦੀਆਂ ਜੜ੍ਹਾਂ ਵਾਲੇ ਜਪਾਨ ਦਾ ਦੱਖਣੀ ਕੋਰੀਆ ਦੇ ਨਾਲ ਟੁੱਟਵੇਂ ਸਬੰਧਾਂ ਦਾ ਇਤਿਹਾਸ ਵੀ ਹੈ। ਪਰ ਅਜਿਹੀਆਂ ਕਮਜ਼ੋਰੀਆਂ ਦੇ ਬਾਵਜੂਦ ਵੱਡੀਆਂ ਉਦਯੋਗਿਕ ਸ਼ਕਤੀਆਂ ਵਿਚਕਾਰ ਇਹ ਗਠਜੋੜ ਚੀਨ ਲਈ ਸਿਰਦਰਦੀ ਖੜੀ ਕਰ ਸਕਦਾ ਹੈ।
20 ਮਾਰਚ 2023 ਨੂੰ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਅਤੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਮਰਪਿਤ "ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖ਼ਿੱਤੇ ਲਈ" ਲਈ $75 ਬਿਲੀਅਨ ਦੀ ਯੋਜਨਾ ਦਾ ਐਲਾਨ ਕੀਤਾ।ਜਪਾਨ (ਕੁਆਡ ਮੈਂਬਰ) ਵਿੱਚ ਹੋਈ ਜੀ-7 ਦੀ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਹਿੰਦ-ਪ੍ਰਸ਼ਾਂਤ ਖ਼ਿੱਤੇ ਨੂੰ ਮੁਕਤ, ਖੁੱਲ੍ਹਾ ਅਤੇ ਵਿਆਪਕ ਬਣਾਉਣ ਦੇ ਨਜ਼ਰੀਏ ਨਾਲ ਵਿਹਾਰਕ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਹਿੰਦ-ਪ੍ਰਸ਼ਾਂਤ ਖ਼ਿੱਤਾ ਆਲਮੀ ਵਪਾਰ, ਕਾਢਾਂ ਅਤੇ ਵਿਕਾਸ ਦਾ ਇੰਜਣ ਹੈ। ਇਸ ਖੇਤਰ ਵਿੱਚ ਖਤਰੇ ਨੂੰ ਧਿਆਨ ’ਚ ਰੱਖਦਿਆਂ ਅਤੇ ਚੀਨ ਦੇ ਫੌਜੀ ਵਿਸਤਾਰ ਕਰਕੇ ਆਸਟ੍ਰੇਲੀਆ ਆਪਣੇ ਰੱਖਿਆ ਖਰਚ ਵਿੱਚ ਵਾਧਾ (7%) ਕਰ ਰਿਹਾ ਹੈ।
ਆਸਟ੍ਰੇਲੀਆ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਲੰਬੀ ਦੂਰੀ ਦੇ ਸਟ੍ਰਾਈਕ ਹਥਿਆਰਾਂ, ਇਲੈਕਟ੍ਰਾਨਿਕ ਯੁੱਧ ਅਤੇ ਸਾਈਬਰ ਰੱਖਿਆ ਵਰਗੇ ਖੇਤਰਾਂ ਵਿੱਚ ਦੇਸ਼ ਦੀ ਫੌਜੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਫੰਡ ਮੁਹੱਇਆ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪਣਡੁੱਬੀਆਂ, ਲੜਾਕੂ ਜਹਾਜ਼ਾਂ ਅਤੇ ਬਖਤਰਬੰਦ ਵਾਹਨਾਂ ਸਮੇਤ ਨਵੇਂ ਫੌਜੀ ਸਾਜ਼ੋ-ਸਾਮਾਨ ਹਾਸਲ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੂੰ ਅਮਰੀਕੀ ਤਰਜ਼ ’ਤੇ ਆਸਟ੍ਰੇਲੀਆ ਫੌਜੀ-ਉਦਯੋਗ ਕੰਪਲੈਕਸ ਬਣਾਉਣ ਦੀਆਂ ਸਲਾਹਾਂ ਵੀ ਮਿਲ ਰਹੀਆਂ ਹਨ। ਆਸਟ੍ਰੇਲੀਆਂ ਯੂਨੀਵਰਸਿਟੀਆਂ ਨੂੰ ਜਿੱਥੇ ਪਹਿਲਾਂ ਪ੍ਰਵਾਸ ਨੀਤੀਆਂ ਤਹਿਤ ਹੁਨਰਮੰਦ ਕਾਮੇ ਪੈਦਾ ਕਰਨ ਲਈ ਵਰਤਦਾ ਰਿਹਾ, ਹੁਣ ਫੌਜੀਕਰਨ ਲਈ ਸਮੁੰਦਰੀ ਇੰਜੀਨੀਅਰਿੰਗ ਦੇ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਪ੍ਰਬੰਧਕ ਵਿਨਾਸ਼ ਲਈ ਨਵੀਨਤਮ ਹਥਿਆਰ ਬਣਾਉਣ ਨੂੰ ਇਤਿਹਾਸਿਕ ਕੰਮ ਵਜੋਂ ਪ੍ਰਚਾਰ ਰਹੇ ਹਨ। ਪੱਛਮੀ ਆਸਟ੍ਰੇਲੀਆ (ਜਿੱਥੇ ਖਾਣ-ਖੁਦਾਈ ਦਾ ਕੰਮ ਵੱਡੇ ਪੱਧਰ ’ਤੇ ਹੁੰਦਾ ਹੈ) ਦੀ ਸਰਕਾਰ ਨੇ ਰੱਖਿਆ ਉਦਯੋਗ ਦੇ ਕਾਮਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਬਲਿਕ ਯੂਨੀਵਰਸਿਟੀਆਂ ਨੂੰ 2.5 ਮਿਲੀਅਨ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ। ਕੈਟਰੀਓਨਾ ਜੈਕਸਨ (ਆਸਟ੍ਰੇਲੀਆ ਯੂਨੀਵਰਸਿਟੀ ਦੀ ਮੁੱਖੀ) ਅਮਰੀਕੀ ਦੌਰੇ ਦੌਰਾਨ ਵਿਦੇਸ਼ ਵਿਭਾਗ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨਾਲ ਇਹ ਜਾਣਨ ਲਈ ਮੀਟਿੰਗ ਕਰ ਰਹੀ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਨੂੰ ਅਮਰੀਕੀ ਫੌਜੀ-ਉਦਯੋਗਿਕ ਕੰਪਲੈਕਸ ਦੀਆਂ ਲੋੜਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਤਾਂ ਜੋ ਇਹ ਤਜਰਬਾ ਆਸਟ੍ਰੇਲੀਆ ਵਿੱਚ ਲਾਗੂ ਕੀਤਾ ਜਾ ਸਕੇ।
ਅਮਰੀਕੀ ਸਾਮਰਾਜ ਨੇ ਪਹਿਲਾਂ ਆਪਣੇ ਪੁਰਾਣੇ ਵਿਰੋਧੀ ਰੂਸ ਨੂੰ ਯੂਕਰੇਨ ਜੰਗ ਵਿੱਚ ਧੱਕ ਦਿੱਤਾ ਅਤੇ ਹੁਣ ਉਹ ਆਪਣੇ ਮੁੱਖ ਦੁਸ਼ਮਣ ਚੀਨ ਦੇ ਵੱਧਦੇ ਸਾਮਰਾਜੀ ਪ੍ਰਭਾਵ ਨੂੰ ਬੰਨ੍ਹ ਮਾਰਨ ਲਈ ਤਰ੍ਹਾਂ-ਤਰ੍ਹਾਂ ਦੀ ਤਿਕੜਮਬਾਜੀ ਕਰ ਰਿਹਾ ਹੈ। ਉਸਦੀ ਚੀਨ-ਤਾਈਵਾਨ ਦੇ ਘਰੇਲੂ ਕਲੇਸ਼ ਵਿੱਚ ਦਖਲਅੰਦਾਜੀ ਤਾਈਵਾਨ ਨੂੰ ਦੂਸਰਾ ਯੂਕਰੇਨ ਬਣਾਉਣ ਦੀ ਬਦਨੀਤੀ ਦਾ ਹਿੱਸਾ ਹੈ। ਯੂਕਰੇਨ ਜੰਗ ਨੇ ਜਿੱਥੇ ਪੂਰੀ ਦੁਨੀਆ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਦਿੱਤਾ ਉੱਥੇ ਇਸਨੇ ਯੂਕਰੇਨ ਦੀ ਤਬਾਹੀ ਅਤੇ ਯੂਰਪੀ ਦੇਸ਼ਾਂ ਨੂੰ ਵੱਡੇ ਆਰਥਿਕ-ਸਮਾਜਿਕ ਸੰਕਟ ਵਿੱਚ ਫਸਾ ਦਿੱਤਾ ਹੈ। ਅਮਰੀਕੀ ਸਾਮਰਾਜ ਦੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦਖਲਅੰਦਾਜੀ ਏਸ਼ੀਆ ਦੇ ਵੱਖ-ਵੱਖ ਮੁਲਕਾਂ ਦੇ ਕੂਟਨੀਤਿਕ-ਸਿਆਸੀ ਸੰਬੰਧਾਂ ਵਿੱਚ ਵਿਗਾੜ ਅਤੇ ਸਰਹੱਦੀ ਰੌਲਿਆਂ ਨੂੰ ਬੜਾਵਾ ਦੇਵੇਗੀ। ਹਿੰਦ ਪ੍ਰਸ਼ਾਂਤ ਖਿੱਤੇ ਵਿੱਚ ਰੂਸ-ਚੀਨ ਵਰਗੇ ਵੱਡੇ ਵਿਰੋਧੀਆਂ ਦੀ ਮੌਜੂਦਗੀ ‘ਚ ਅਮਰੀਕੀ ਸਾਮਰਾਜ ਦੀ ਇਹ ਦਖਲਅੰਦਾਜੀ ਏਸ਼ੀਆਈ ਖਿੱਤੇ ਲਈ ਭਵਿੱਖ ਵਿੱਚ ਬੇਹੱਦ ਘਾਤਕ ਸਾਬਤ ਹੋ ਸਕਦੀ ਹੈ।
- ਹਰਸ਼ਵਿੰਦਰ
ਸੰਪਰਕ - +61414101993

No comments:
Post a Comment