Search This Blog

Saturday, July 8, 2023

ਸੰਸਾਰ ਭਰ ਵਿੱਚ ਵੱਧ ਰਿਹਾ ਪ੍ਰਵਾਸ ਸੰਕਟ

Punjabi Tribune(06-07-2023)

ਦੁਨੀਆਂ ਭਰ ਦੇ ਵਿਕਸਿਤ ਅਤੇ ਵਿਕਾਸਸ਼ੀਲ ਮੁਲਕਾਂ ਵਿੱਚ ਬੜੀ ਤੇਜੀ ਨਾਲ ਵੱਡੇ ਆਰਥਿਕ, ਸਿਆਸੀ ਅਤੇ ਸਮਾਜਿਕ ਸੰਕਟ ਖੜੇ ਹੋ ਰਹੇ ਹਨ। ਸਰਕਾਰਾਂ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਿੱਧ ਹੋ ਰਹੀਆਂ ਹਨ ਤੇ ਸੰਕਟ ’ਚ ਘਿਰੇ ਲੋਕ ਸੁਰੱਖਿਆ, ਰੁਜਗਾਰ ਤੇ ਚੰਗੇ ਭਵਿੱਖ ਦੀ ਭਾਲ ਲਈ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਇੱਧਰ-ਉਧਰ ਹਿਜਰਤ ਕਰ ਰਹੇ ਹਨ। ਸੰਸਾਰ ਸਰਹੱਦਾਂ ਤੇ ਵੱਧ ਰਹੀ ਮਨੁੱਖੀ ਅਵਾਜਾਈ ਆਲਮੀ ਪ੍ਰਵਾਸੀ ਸੰਕਟ ਨੂੰ ਦਿਨੋ-ਦਿਨ ਤੇਜ ਕਰ ਰਹੀ ਹੈ। ਅਮਰੀਕਾ ਅਤੇ ਯੂਰਪ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਗ੍ਰੀਸ ’ਚ ਸਰਨਾਰਥੀ ਕਿਸ਼ਤੀ ਡੁੱਬਣ ਦੇ ਹਾਦਸੇ ਨੇ ਸਰਨਾਰਥੀ ਤੇ ਪ੍ਰਵਾਸੀ ਸੰਕਟ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ। ਕਾਨੂੰਨੀ-ਗੈਰ-ਕਾਨੂੰਨੀ ਪ੍ਰਵਾਸ, ਮਨੁੱਖੀ ਤਸਕਰੀ, ਸਸਤੀ ਮਜਦੂਰੀ, ਮਾੜੀਆਂ ਕੰਮ ਹਾਲਤਾਂ, ਜੰਗੀ ਉਜਾੜਾ, ਨਸਲੀ ਵਿਤਕਰਾ, ਔਰਤਾਂ ਨਾਲ ਲੰਿਗ ਅਧਾਰਿਤ ਹਿੰਸਾ, ਫਿਰਕੂ ਹਮਲੇ, ਜੇਲ੍ਹਾਂ-ਜੁਰਮਾਨੇ, ਦੇਸ਼-ਨਿਕਾਲਾ, ਸਰਨਾਰਥੀ ਕੈਂਪ (ਖੁੱਲੀ ਜੇਲ੍ਹ) ਅਤੇ ਸੰਸਾਰ ਸਰਹੱਦਾਂ ’ਤੇ ਮਾਰੂਥਲਾਂ, ਜੰਗਲਾਂ ਤੇ ਕੌਮਾਂਤਰੀ ਪਾਣੀਆਂ ਵਿੱਚ ਪ੍ਰਵਾਸੀਆਂ ਦੀਆਂ ਮੌਤਾਂ ਪ੍ਰਵਾਸ ਅਤੇ ਪ੍ਰਵਾਸੀ ਸੰਕਟ ਦੇ ਜਾਹਰਾ ਰੂਪ ਹਨ।

ਪ੍ਰਵਾਸ ਭਾਵੇਂ ਮੁੱਢ-ਕਦੀਮੀਂ ਵਰਤਾਰਾ ਰਿਹਾ ਹੈ ਪਰ ਪ੍ਰਵਾਸ ਦੇ ਮੌਜੂਦਾ ਸੰਕਟ ਦੇ ਬੀਜ ਪੂੰਜੀਵਾਦ ਪ੍ਰਬੰਧ ਦੇ ਆਰਥਿਕ ਤੇ ਵਿਚਾਰਧਾਰਕ ਮਾਡਲ ਦੇ ਸੁਨਹਿਰੀ ਕਾਲ ਵਿੱਚ ਹੀ ਬੀਜੇ ਜਾ ਚੁੱਕੇ ਸਨ। ਸੱਤਰਵਿਆਂ-ਅੱਸਵਿਆਂ ਦਾ ਦੌਰ ਸਮਾਜਵਾਦੀ ਦੇਸ਼ਾਂ ਦੇ ਢਹਿਢੇਰੀ ਹੋਣ ਦਾ ਦੌਰ ਸੀ ਤੇ ਇਸੇ ਸਮੇਂ ਸੰਸਾਰ ਪੂੰਜੀਵਾਦ ਅਤੇ ਇਸਦੇ ਸਰਦਾਰ ਅਮਰੀਕੀ ਸਾਮਰਾਜ ਨੇ ਤੇਜੀ ਨਾਲ ਹਮਲਾਵਰ ਰੁਖ ਅਖਤਿਆਰ ਕੀਤਾ। ਪੂੰਜੀਵਾਦੀ ਦੀਆਂ ਵਿਸ਼ਵੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਦੇ ਧੂੰਆਂਧਾਰ ਪ੍ਰਚਾਰ ਤੇ ਪਸਾਰ ਨੇ ਗਲੋਬਲ ਆਰਥਿਕਤਾ ਦਾ ਮੁਹਾਂਦਰਾ ਬਦਲ ਦਿੱਤਾ। ਸਾਮਰਾਜੀ ਵਿੱਤੀ ਪੂੰਜੀ ਦਾ ਬੇਥਾਹ-ਬੇਰੋਕ ਸੰਸਾਰਵਿਆਪੀ ਪ੍ਰਵਾਹ ਅਤੇ ਉੱਨਤ ਤਕਨੀਕ ਦੇ ਤੇਜ ਫੈਲਾਅ ਨੇ ਕੁੱਲ ਦੁਨੀਆਂ ਦੀ ਦੌਲਤ ਦਾ ਵੱਡਾ ਹਿੱਸਾ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਇਕੱਤਰ ਕਰ ਦਿੱਤਾ ਅਤੇ ਬਹੁਗਿਣਤੀ ਲੋਕਾਂ ਨੂੰ ਆਧੁਨਿਕ ਗੁਲਾਮੀ ਵੱਲ ਧੱਕ ਦਿੱਤਾ।  
ਦੁਨੀਆਂ ਭਰ ਦੇ ਮੁਲਕਾਂ ਵਿੱਚ ਸਥਾਨਕ ਅਤੇ ਕੌਮਾਂਤਰੀ ਪੱਧਰ ਤੇ ਵੱਧ ਰਹੇ ਵਪਾਰਕ, ਭੂ-ਸਿਆਸੀ ਤੇ ਸਰਹੱਦੀ ਝਗੜੇ, ਵੱਧਦੀ ਗਰੀਬੀ, ਭੁੱਖਮਰੀ ਅਤੇ ਜੰਗੀ ਹਾਲਾਤ ਲੋਕਾਂ ਨੂੰ ਆਪਣੇ ਘਰ, ਪਰਿਵਾਰ ਤੇ ਆਪਣੀ ਮਿੱਟੀ ਤੋਂ ਦੂਰ ਹੋਣ ਲਈ ਮਜ਼ਬੂਰ ਕਰ ਰਹੇ ਹਨ। ਸੁਰੱਖਿਆ ਅਤੇ ਸਵੈਮਾਣ ਭਰੀ ਜਿੰਦਗੀ ਦੀ ਭਾਲ ਵਿੱਚ ਅਬਾਦੀ ਦਾ ਵੱਡਾ ਹਿੱਸਾ ਭਟਕ ਰਿਹਾ ਹੈ। ਯੂਐਨ ਦੀ ਇਕ ਰਿਪੋਰਟ ਮੁਤਾਬਕ ਸਾਲ 2022 ਦੇ ਅੰਤ ਤੱਕ ਸੰਸਾਰ ਪੱਧਰ ਤੇ 10.4 ਕਰੋੜ ਲੋਕ ਜਬਰੀ ਉਜਾੜੇ ਦਾ ਸ਼ਿਕਾਰ ਹੋਏ, 2.6 ਕਰੋੜ ਸ਼ਰਨਾਰਥੀ ਬਣੇ ਅਤੇ 4.8 ਕਰੋੜ ਲੋਕ ਦੇਸ਼ ਅੰਦਰਲੇ ਉਜਾੜੇ ਦਾ ਸ਼ਿਕਾਰ ਹੋਏ। 80% ਲੋਕਾਂ ਨੇ ਭੋਜਨ ਅਸੁਰੱਖਿਆ ਅਤੇ ਕੁਪੋਸ਼ਣ ਤੋਂ ਪੀੜਤ ਹੋਕੇ ਪ੍ਰਵਾਸ ਕਰਨ ਦਾ ਰਾਹ ਚੁਣਿਆ ਅਤੇ 5% ਔਰਤਾਂ ਲੰਿਗ ਅਧਾਰਿਤ ਵਖਰੇਵੇਂ ਕਾਰਨ ਆਪਣਾ ਵਤਨ ਛੱਡ ਗਈਆਂ। ਇਹ ਮਨੁੱਖੀ ਉਜਾੜਾ ਸੀਰੀਆ, ਵੈਨਜ਼ੂਏਲਾ, ਅਫਗਾਨਿਸਤਾਨ, ਦੱਖਣੀ ਸੁਡਾਨ, ਮੀਆਂਮਾਰ, ਯੂਕਰੇਨ ਆਦਿ ਮੁਲਕਾਂ ਵਿੱਚੋਂ ਵੱਧ ਹੋਇਆ।
ਪਿਛਲੇ ਕੁਝ ਦਹਾਕਿਆਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਸਰਮਾਏ ਅਤੇ ਉੱਨਤ ਤਕਨੀਕ ਦੇ ਜੋਰ ਸਿਰ ਆਪਣੇ ਸਨਅਤੀ ਵਿਕਾਸ ਲਈ ਪੱਛੜੇ ਮੁਲਕਾਂ ਦੀ ਸਸਤੀ ਲੇਬਰ ਨੂੰ ਕੱਚੇ-ਪੱਕੇ ਕਾਮਿਆਂ ਵਜ਼ੋਂ ਵੱਡੀ ਪੱਧਰ ਉੱਤੇ ਆਪਣੇ ਦੇਸ਼ਾਂ ਵਿੱਚ ਖਿੱਚਣ ਲਈ ਆਪਣੀਆਂ ਇਮੀਗ੍ਰੇਸ਼ਨ, ਸਿੱਖਿਆ ਅਤੇ ਵਿਦੇਸ਼ੀ ਨੀਤੀਆਂ ਵਿੱਚ ਖਾਸ ਸੋਧਾਂ ਕੀਤੀਆਂ। ਉਦਯੋਗ ਤੇ ਖੇਤੀਬਾੜੀ ਖੇਤਰ ਦਾ ਡਿਜੀਟਲਾਈਜੇਸ਼ਨ, ਕੰਪਿਊਟਰੀਕਰਨ, ਆਨਲਾਇਨ ਸਿੱਖਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਵੱਧ ਰਹੀ ਮਸਨੂਈ ਬੌਧਿਕਤਾ ਦੀ ਵਰਤੋਂ ਪੱਛੜੇ ਮੁਲਕਾਂ ਤੋਂ ਬੌਧਿਕ ਹੂੰਝਾ (ਬ੍ਰੇਨ ਡ੍ਰੇਨ) ਫੇਰ ਰਹੀ ਹੈ। ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਖੇਤੀਬਾੜੀ, ਢੋਆ-ਢੁਆਈ, ਕਸਾਈ, ਭੋਜਨ ਸਪਲਾਈ, ਉਦਯੋਗ ਆਦਿ ਘੱਟ ਹੁਨਰਮੰਦ ਖੇਤਰਾਂ ਲਈ ਘੱਟ ਸਿਖਲਾਈ ਅਤੇ ਘੱਟ ਉਜ਼ਰਤਾਂ ਵਾਲੇ ਕਾਮਿਆਂ ਲਈ ‘ਅਸਥਾਈ ਪ੍ਰੋਗਰਾਮ’ ਅਤੇ ਇੰਜੀਨੀਅਰ, ਬਿਜ਼ਨਿਸ ਮੈਨੇਜਮੈਂਟ, ਅਕਾਊਂਟੈਂਟ, ਮੈਡੀਕਲ ਆਦਿ ਖੇਤਰਾਂ ਦੇ ਹੁਨਰਮੰਦ ਕਾਮਿਆਂ ਲਈ ‘ਸਥਾਈ’ ਪ੍ਰੋਗਰਾਮ ਲਿਆਂਦੇ। ਸਿੱਖਿਆ ਦੇ ਖੇਤਰ ਨੂੰ ਵਪਾਰ ਅਤੇ ਸਸਤੇ ਹੁਨਰਮੰਦ ਕਾਮੇ ਹਾਸਲ ਕਰਨ ਦਾ ਸਭ ਤੋਂ ਵੱਡਾ ਸਾਧਨ ਬਣਾਇਆ ਗਿਆ। ਸਿੱਖਿਆ ਦੇ ਵਪਾਰੀਕਰਨ ਦੀ ਇਸ ਨੀਤੀ ਨੇ ਸਿੱਖਿਆ ਜੋ ਕਿ ਗਿਆਨ ਹਾਸਲ ਕਰਨ ਦਾ ਉੱਤਮ ਮਾਧਿਅਮ ਹੈ, ਦੇ ਮਹੱਤਵ ਨੂੰ ਘਟਾਕੇ ਪ੍ਰਵਾਸ ਕਰਨ ਅਤੇ ਰੁਜਗਾਰ ਹਾਸਲ ਕਰਨ ਤੱਕ ਸੀਮਿਤ ਕਰ ਦਿੱਤਾ। ਜਿਨ੍ਹਾਂ ਦੇਸ਼ਾਂ ਤੋਂ ਪ੍ਰਵਾਸ ਹੋ ਰਿਹਾ ਹੈ ਉਹਨਾਂ ਦੇਸ਼ਾਂ ਵਿੱਚ ਸਿੱਖਿਆ ਖੇਤਰ ਦੇ ਵਪਾਰੀਕਰਨ-ਨਿੱਜੀਕਰਨ ਦੇ ਨਾਲ-ਨਾਲ ਉੱਥੋਂ ਦੇ ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਸਬੰਧਾਂ ਵਿੱਚ ਵੀ ਅਨੇਕਾਂ ਵਿਗਾੜ ਪੈਦਾ ਹੋਏ ਹਨ। ਅਤੇ ਜਿਨ੍ਹਾਂ ਦੇਸ਼ਾਂ ਵਿੱਚ ਪ੍ਰਵਾਸ ਹੋ ਰਿਹਾ ਹੈ ਉੱਥੇ ਭਾਸ਼ਾ ਦੀਆਂ ਰੁਕਾਵਟਾਂ, ਸੱਭਿਆਚਾਰਕ ਸ਼ਹਿਣਸ਼ੀਲਤਾ, ਵਿਤਕਰੇਬਾਜੀ, ਰੁਜਗਾਰ ਅਤੇ ਵਸੇਬੇ ਦੀਆਂ ਅਨੇਕਾਂ ਮੁਸ਼ਕਲਾਂ ਖੜੀਆਂ ਹੁੰਦੀਆਂ ਹਨ।
ਹੁਣ ਬਦਲ ਰਹੀਆਂ ਸੰਸਾਰ ਹਾਲਤਾਂ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਆ ਰਹੇ ਹਨ। ਪ੍ਰਵਾਸੀਆਂ ਨੂੰ ਇੱਕ ਨਿਸ਼ਚਿਤ ਸਮੇਂ ਤੱਕ ਸਥਾਨਕ ਨਿਵਾਸੀਆਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਪੱਛਮੀ ਉਦਾਰ ਲੋਕਤੰਤਰਾਂ ਦੀਆਂ ਕਲਿਆਣਕਾਰੀ ਨੀਤੀਆਂ ਲਗਾਤਾਰ ਖੁਰ ਰਹੀਆਂ ਹਨ। ਜਨਤਕ ਸਹੂਲਤਾਂ ਦਾ ਭੋਗ ਪਾਕੇ ਨਿੱਜੀਕਰਨ ਨੂੰ ਤੇਜ ਕੀਤਾ ਜਾ ਰਿਹਾ ਹੈ। ਲੋਕਾਂ ਉਪਰ ਟੈਕਸ ਤੇ ਮਹਿੰਗਾਈ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਹਨ। ਪੱਕੇ ਰੁਜਗਾਰ ਦੀ ਥਾਂ ਰੁਜਗਾਰ ਦਾ ਠੇਕੇਦਾਰੀਕਰਨ ਕੀਤਾ ਜਾ ਰਿਹਾ ਹੈ। ਕੰਮ ਘੰਟੇ ਵੱਧ ਤੇ ਉਜਰਤਾਂ ਘੱਟ ਰਹੀਆਂ ਹਨ। ਸਥਾਈ ਨਾਗਰਿਕਤਾ ਤੇ ਪੱਕੀਆਂ ਸਹੂਲਤਾਂ ਤੇ ਕੱਟ ਲਾਏ ਜਾ ਰਹੇ ਹਨ।
ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕੀ ਮਹਾਂਦੀਪਾਂ ਦੇ ਅਨੇਕਾਂ ਪੱਛੜੇ ਮੁਲਕਾਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਦਾਖਲ ਹੋਏ ਸਰਨਾਰਥੀ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਪੱਕੇ ਹੋਣ ਲਈ ਮਹਿੰਗੇ, ਲੰਮੇ ਤੇ ਗੁੰਝਲਦਾਰ ਪ੍ਰੋਗਰਾਮ ਬਣਾਏ ਜਾ ਰਹੇ ਹਨ। ਅਮਰੀਕਾ ਨੇ ਦੱਖਣੀ ਅਤੇ ਮੱਧ ਅਮਰੀਕੀ ਮੁਲਕਾਂ ਵਿੱਚੋਂ ਮੈਕਸੀਕੋ ਸਰਹੱਦ ਰਾਹੀਂ ਹੋ ਰਹੇ ਪ੍ਰਵਾਸ ਨੂੰ ਕਾਬੂ ਕਰਨ ਲਈ ਜਿੱਥੇ ਆਪਣੇ ਬਜ਼ਟ ਦਾ ਵੱਡਾ ਹਿੱਸਾ ਸਰਹੱਦੀ ਕੰਧ ਉਸਾਰਨ ਅਤੇ ਸਰਹੱਦੀ ਸੁਰੱਖਿਆ ਦਸਤਿਆਂ ਉੱਤੇ ਖਰਚ ਕੀਤਾ ਉੱਥੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਸਖਤੀ (ਬਿਲ 45) ਵਰਤੀ ਜਾ ਰਹੀ ਹੈ। ਨੇੜ ਭਵਿੱਖ ਵਿੱਚ ਇਹ ਸੰਕਟ ਹੋਰ ਵੱਧ ਤੇਜ ਹੋਣ ਦੇ ਸੰਕੇਤ ਦੇ ਰਿਹਾ ਹੈ। ਦੱਖਣੀ ਤੇ ਮੱਧ ਅਮਰੀਕਾ ਵਿੱਚ ਸਾਮਰਾਜੀ ਵਿੱਤੀ ਪੂੰਜੀ ਦੇ ਉਜਾੜੇ ਤੋਂ ਪੈਦਾ ਹੋਏ ਆਰਥਿਕ-ਸਿਆਸੀ ਸੰਕਟ ਕਰਕੇ ਲੋਕਾਂ ਉੱਤੇ ਜਬਰ ਤੇ ਲੁੱਟ ਵੱਧ ਰਹੇ ਹਨ। ਇਹਨਾਂ ਖੇਤਰਾਂ ਵਿੱਚ ਹਿੰਸਾ, ਰਾਜਪਲਟੇ, ਲੋਕਤੰਤਰੀ ਤਾਨਾਸ਼ਾਹੀ, ਸੰਸਾਰ ਬੈਂਕ ਤੇ ਆਈਐਮਐਫ ਦੇ ਕਰਜ਼ ਤੇ ਵਪਾਰਕ ਸਮਝੌਤੇ ਲੋਕਾਂ ਨੂੰ ਉਜਾੜੇ ਲਈ ਮਜ਼ਬੂਰ ਕਰ ਰਹੇ ਹਨ। ਇਸ ਮਹਾਂਦੀਪ ਦੇ ਜਲ, ਜੰਗਲ ਤੇ ਜ਼ਮੀਨ ਦੇ ਉਜਾੜੇ ਤੋਂ ਬਿਨਾਂ ਜਲਵਾਯੂ ਤਬਦੀਲੀਆਂ ਵੱਡਾ ਖਤਰਾ ਬਣੀਆਂ ਹੋਈਆਂ ਹਨ। ਇਸ ਖਿੱਤੇ ਵਿੱਚ ਜੰਗਲਾਂ ਦੀ ਕਟਾਈ, ਜੰਗਲੀ ਅੱਗ ਅਤੇ ਸੋਕੇ ਕਾਰਨ ਕੌਫੀ, ਗੰਨਾ, ਸੋਇਆਬੀਨ, ਮੱਕੀ ਆਦਿ ਫਸਲੀ ਤਬਾਹੀ ਬਹੁਗਿਣਤੀ ਲੋਕਾਂ ਦੇ ਉਜਾੜੇ ਦਾ ਕਾਰਨ ਬਣ ਰਹੀ ਹੈ। ਅਮਰੀਕਾ ਭੁੱਖ ਨਾਲ ਜੂਝ ਰਹੇ ਦੱਖਣੀ ਤੇ ਮੱਧ ਅਮਰੀਕਾ ਦੇ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਮੈਕਸੀਕੋ ਨੂੰ ਵਿਸ਼ੇਸ਼ ਫੰਡਿਗ ਕਰ ਰਿਹਾ ਹੈ ਤੇ ਮੱਧ ਅਮਰੀਕਾ ਵਿੱਚ ਪ੍ਰਵਾਸੀਆਂ ਦੇ ਦਾਖਲੇ ਤੇ ਰੋਕ ਲਈ ਵਿਸ਼ੇਸ਼ ਚੌਂਕੀਆਂ ਸਥਾਪਿਤ ਕਰ ਰਿਹਾ ਹੈ। ਉੱਤਰੀ ਅਮਰੀਕਾ ਵੱਡੀ ਪੱਧਰ ਤੇ ਦੱਖਣੀ ਤੇ ਮੱਧ ਅਮਰੀਕਾ ਦੇ ਕੁਦਰਤੀ ਸ੍ਰੋਤਾਂ ਨੂੰ ਹੜੱਪ ਰਿਹਾ ਹੈ ਤੇ ਆਪਣਾ ਕੂੜਾ ਤੇ ਉਦਯੋਗਾਂ ਦੇ ਗੰਦਲੇ ਪਾਣੀ ਦਾ ਨਿਕਾਸ ਇਹਨਾਂ ਮੁਲਕਾਂ ਵਿੱਚ ਕਰ ਰਿਹਾ ਹੈ। ਅਮਰੀਕਾ ਨੇ ਮੱਧ ਏਸ਼ੀਆ ਵਿੱਚ ‘ਦਹਿਸ਼ਤਗਰਦੀ ਖਿਲਾਫ ਜੰਗ’ ਅਤੇ ਮੱਧ ਅਮਰੀਕਾ ਵਿੱਚ ‘ਨਸ਼ਿਆਂ ਖਿਲਾਫ ਜੰਗ’ ਦੇ ਨਾਮ ਹੇਠ ਜੰਗਾਂ ਤੇ ਰਾਜਪਲਟੇ ਕੀਤੇ/ਕਰਵਾਏ ਹਨ। ਮਿਲਟਨ ਫਰਾਇਡਮੈਨ ਮੁਤਾਬਕ ‘ਗੈਰ ਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਲਈ ਉਦੋਂ ਤੱਕ ਹੀ ਚੰਗੀ ਹੈ ਜਦੋਂ ਤੱਕ ਉਹ ਗੈਰ ਕਾਨੂੰਨੀ ਹੈ।’ ਭਾਵ ਗੈਰ ਕਾਨੂੰਨੀ ਕਾਮੇ ਜਿੱਥੇ ਸਸਤੀ ਮਜ਼ਦੂਰੀ ਦਾ ਸਾਧਨ ਹੁੰਦੇ ਹਨ ਉੱਥੇ ਉਹਨਾਂ ਨੂੰ ਸਥਾਈ ਨਾਗਰਿਕਾ ਵਾਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ  ਵਿਦਿਆਰਥੀਆਂ ਦੀ ਮੰਦੀ ਹਾਲਤ ਅਤੇ ਦੇਸ਼-ਨਿਕਾਲੇ ਦੀ ਨੀਤੀ ਪ੍ਰਵਾਸ ਸੰਕਟ ਦਾ ਅਟੁੱਟ ਹਿੱਸਾ ਹੈ।
ਯੂਰਪ ਵਿੱਚ ਏਸ਼ੀਆ ਖਾਸਕਰ ਜੰਗੀ ਉਜਾੜੇ ਦਾ ਸ਼ਿਕਾਰ ਮੱਧ ਏਸ਼ੀਆ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਪ੍ਰਵਾਸ ਹੋਇਆ। ਇੰਗਲੈਂਡ ਦਾ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣਾ ਅਤੇ ਹੁਣ ਪ੍ਰਵਾਸ ਨੂੰ ਰੋਕਣ ਲਈ ਸਖਤ ਇਮੀਗ੍ਰੇਸ਼ਨ ਕਾਨੂੰਨ ਲਿਆਉਣੇ ਉੱਭਰ ਰਹੇ ਆਰਥਿਕ ਸੰਕਟ ਦਾ ਨਤੀਜਾ ਹਨ। ਯੂਰਪ ਦੇ ਨੌਰਡਿਕ ਦੇਸ਼ ਪਹਿਲਾਂ ਹੀ ਗੈਰ ਕਾਨੂੰਨੀ ਪ੍ਰਵਾਸ ਪ੍ਰਤੀ ਸਖਤੀ ਨਾਲ ਪੇਸ਼ ਆ ਰਹੇ ਹਨ। ਸਾਮਰਾਜੀ ਦੇਸ਼ਾਂ ਵੱਲੋਂ ਇੱਕ ਹੱਥ ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਵਿੱਚ ਨਿਹੱਕੀਆਂ ਜੰਗਾਂ ਲਾ ਕੇ ਉਜਾੜਾ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਹੱਥ ਜੰਗੀ ਸਹਿਯੋਗੀ ਗੁੱਟ ਵਾਲੇ ਮੁਲਕਾਂ ਨੂੰ ਸਰਨਾਰਥੀ ਕੋਟਾ ਲਾ ਕੇ ਜੰਗੀ ਉਜਾੜੇ ਦਾ ਸ਼ਿਕਾਰ ਨਿਗੂਣੀ ਗਿਣਤੀ ਨੂੰ ਪਨਾਹ ਦੇ ਕੇ ਆਪਣੇ ਸਿਆਸੀ ਤੇ ਕੂਟਨੀਤਿਕ ਮਨਸੂਬੇ ਹਾਸਲ ਕੀਤੇ ਜਾ ਰਹੇ ਹਨ।
ਪੱਛਮੀ ਉਦਾਰਵਾਦੀ ਤੇ ਰੂੜੀਵਾਦੀ ਮੀਡੀਆ ਪ੍ਰਵਾਸ ਸੰਕਟ ਨੂੰੰ ਪੱਛੜੇ ਮੁਲਕਾਂ ਵਿੱਚੋਂ ਪੈਦਾ ਹੋਇਆ ਸੰਕਟ ਆਖਕੇ ਭੰਡ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਅਸਾਵੇਂ ਵਿਕਾਸ ਤਹਿਤ ਪੱਛੜੇ ਮੁਲਕਾਂ ਵਿੱਚ ਇਹ ਸੰਕਟ ਸਾਮਰਾਜੀ ਦੇਸ਼ਾਂ ਵੱਲੋਂ ਖੜਾ ਕੀਤਾ ਗਿਆ ਸੰਕਟ ਹੈ। ਵਧੇਰੇ ਸਪੱਸ਼ਟ ਕਹਿਣਾ ਹੋਵੇ ਤਾਂ ਪ੍ਰਵਾਸ ਸੰਕਟ ਅਸਲ ਅਰਥਾਂ ਵਿੱਚ ਪੂੰਜੀਵਾਦੀ ਸੰਕਟ ਹੈ। ਇਹ ਸੰਕਟ ਲੁੱਟ ਤੇ ਮੰਡੀ ਉੱਤੇ ਕਬਜੇ ਦੀਆਂ ਬਸਤੀਵਾਦੀਆਂ ਨੀਤੀਆਂ ਦੀ ਇੱਕ ਕੜੀ ਹੈ। ਸੱਤਾ ਦੇ ਕੇਂਦਰ ਵੱਡੀ ਪੱਧਰ ਤੇ ਸੰਸਾਰ ਦੇ ਅਨੇਕਾਂ ਹਿੱਸਿਆਂ ਦੇ ਸ੍ਰੋਤਾਂ ਨੂੰ ਲੁੱਟ ਰਹੇ ਹਨ ਅਤੇ ਸਰਹੱਦੀ ਰਾਜਨੀਤੀ ਤਹਿਤ ਲੋਕਾਂ ਦੇ ਉਜਾੜੇ ਦੇ ਹਾਲਤ ਅਤੇ ਬੇਲੋੜਾ ਤਣਾਅ ਪੈਦਾ ਕਰ ਰਹੇ ਹਨ। ਪੰਜਾਬ ਵਿੱਚ ਪ੍ਰਵਾਸੀ ਕਾਮਿਆ ਦੇ ਵਿਰੋਧ ਦੀ ਸੁਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਪ੍ਰਵਾਸੀਆਂ ਪ੍ਰਤੀ ਨਫਰਤ ਨਸਲੀ ਤੇ ਇਜਾਰੇਦਾਰ ਪੂੰਜੀਵਾਦ ਦਾ ਸਿੱਟਾ ਹੈ। ਇਹ ਸਥਾਨਕ ਤੇ ਪ੍ਰਵਾਸੀ ਕਾਮਿਆਂ ਵਿਚਕਾਰ ਵਿਰੋਧ ਖੜਾ ਕਰਦਾ ਹੈ ਅਤੇ ਦੋਨਾਂ ਦੀ ਲੁੱਟ ਕਰਦਾ ਹੈ।  
ਪੂੰਜੀਵਾਦ ਦਾ ਸੰਕਟ ਤੇਜੀ ਨਾਲ ਵੱਧ ਰਿਹਾ ਹੈ ਅਤੇ ਹੋਰ ਵੱਧ ਫਾਸ਼ੀ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਪੂੰਜੀਵਾਦ ਦੇ ਲੁਟੇਰੇ ਖਾਸੇ ਕਰਕੇ ਵਿਸ਼ਵ ਅੰਦਰ ਇੱਕ ਵੱਡਾ ਵਾਤਾਵਰਨਕ ਸੰਕਟ ਪੈਦਾ ਹੋਣ ਨਾਲ ਵੱਡੇ ਪੱਧਰ ’ਤੇ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ। ਤੂਫ਼ਾਨ, ਮੀਂਹ, ਸੋਕੇ, ਜੰਗਲੀ ਅੱਗਾਂ, ਵਧਦੀ ਗਰਮੀ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਅਨਿਸ਼ਚਤਾ ਆ ਰਹੀ ਹੈ, ਦੁਨੀਆਂ ਵਿੱਚ ਖਾਧ ਸੰਕਟ ਪੈਦਾ ਹੋ ਰਿਹਾ ਹੈ, ਉਪਜਾਊ ਜ਼ਮੀਨ ਦਾ ਰਕਬਾ ਘਟ ਰਿਹਾ ਹੈ, ਪਸ਼ੂਆਂ ਦੇ ਚਾਰੇ ਦੀ ਸਮੱਸਿਆਂ ਪੈਦਾ ਹੋ ਰਹੀ ਹੈ, ਰੂਸ ਯੂਕਰੇਨ ਲਮਕਦੀ ਜੰਗ ਸੰਸਾਰ ਅੰਦਰ ਅੰਨ ਸੰਕਟ ਪੈਦਾ ਕਰ ਰਹੀ ਹੈ, ਵਾਤਰਵਰਨ ਸੰਕਟ ਕਾਰਨ ਖੇਤੀ ਅਧੀਨ ਰਕਬਾ ਘਟਣ ਨਾਲ ਜ਼ਮੀਨਾਂ ’ਤੇ ਕਬਜ਼ੇ ਨੂੰ ਲੈ ਕੇ ਸੰਸਾਰ ਅੰਦਰ ਦੌੜ ਤੇਜ਼ ਹੋ ਰਹੀ ਹੈ। ਇਸ ਨਾਲ ਪਰਵਾਸ ਦਾ ਸੰਕਟ ਹੋਰ ਵਧ ਰਿਹਾ ਹੈ। ਹਾਲਾਂਕਿ 21ਵੀਂ ਸਦੀ ਵਿੱਚ ਪੈਦਾਵਾਰੀ ਸ਼ਕਤੀਆਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਅਤੇ ਮਸਨੂਈ ਬੌਧਿਕਤਾ ਨੇ ਪੈਦਾਵਾਰ ਵਧਾਉਣ ਦੇ ਵੱਡੇ ਮੌਕੇ ਪੈਦਾ ਕਰ ਦਿੱਤੇ ਪਰ ਪੂੰਜੀਵਾਦ ਦੇ ਲੁਟੇਰੇ ਖਾਸੇ ਕਰਕੇ ਇਨ੍ਹਾਂ ਬੌਧਿਕ ਸ਼ਕਤੀਆਂ ਨੂੰ ਪੂੰਜੀਵਾਦੀ ਪ੍ਰਬੰਧ ਅੰਦਰ ਵਰਤ ਸਕਣ ਦੀਆਂ ਸੰਭਾਵਨਾਵਾਂ ਨਹੀਂ ਹਨ। ਇਸ ਕਰਕੇ ਹੋਰ ਸੰਕਟਾਂ ਵਾਂਗ ਪਰਵਾਸ ਦਾ ਸੰਕਟ ਵੀ ਪੂੰਜੀਵਾਦੀ ਪ੍ਰਬੰਧ ਦਾ ਪੈਦਾ ਕੀਤਾ ਹੋਇਆ ਸੰਕਟ ਹੈ। ਇਹਨਾਂ ਹਲਾਤਾਂ ਨਾਲ ਨਜਿੱਠਣ ਲਈ ਦੁਨੀਆਂ ਭਰ ਵਿੱਚ ਪ੍ਰਵਾਸੀ ਕਾਮਿਆਂ ਨੂੰ ਸੰਗਠਿਤ ਹੋਕੇ ਸਥਾਨਕ ਕਾਮਿਆਂ ਨਾਲ ਜਮਾਤੀ-ਤਬਕਾਤੀ ਸਾਂਝ ਨੂੰ ਵਧਾਉਣਾ ਚਾਹੀਦਾ ਹੈ। ਪ੍ਰਵਾਸ ਸੰਕਟ ਲਈ ਦੇਸ਼-ਨਿਕਾਲੇ ਦੇ ਖਾਤਮੇ, ਬਰਾਬਰ, ਮੁਫਤ ਤੇ ਖੁੱਲ੍ਹੀ ਇਮੀਗ੍ਰੇਸ਼ਨ, ਨਸਲੀ ਵਿਤਕਰੇ ਦਾ ਖਾਤਮਾ, ਪ੍ਰਵਾਸੀ ਕਾਮਿਆਂ ਦੀ ਲੁੱਟ ਤੇ ਜਬਰ ਬੰਦ ਕਰਨ, ਸਥਾਈ ਨਾਗਰਿਕਤਾ, ਸਥਾਨਕ ਨਿਵਾਸੀਆਂ ਦੇ ਬਰਾਬਰ ਹੱਕ, ਲੋਕਾਂ ਨੂੰ ਸੁਰੱਖਿਆ ਤੇ ਸਨਮਾਣ ਨਾਲ ਆਪਣੇ ਘਰਾਂ ਤੇ ਜਮੀਨਾਂ ਉੱਤੇ ਰਹਿਣ ਦੀ ਅਜਾਦੀ ਆਦਿ ਮੰਗਾਂ ਲਈ ਸੰਘਰਸ਼ ਕਰਦਿਆਂ ਲੁੱਟ-ਖਸੁੱਟ ਰਹਿਤ, ਸਰਬਪੱਖੀ ਵਿਕਾਸ ਅਤੇ ਸਰਹੱਦ ਮੁਕਤ ਸੰਸਾਰ ਦੀ ਸਿਰਜਣਾ ਵੱਲ ਅੱਗੇ ਵੱਧਣਾ ਚਾਹੀਦਾ ਹੈ।  
                                                                                                                                                - ਮਨਦੀਪ +438-924-2052
1. Punjabi Tribune link :

 https://epaper.punjabitribuneonline.com/c/72887601

2. Facebook page interview link :

https://fb.watch/lFqUSs68pn/

3. Youtube interview link :


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...