ਬ੍ਰਿਕਸ ਦਾ ਪੰਦਰਵਾਂ ਸੰਮੇਲਨ ਬ੍ਰਿਕਸ ਵਿਸਥਾਰ ਅਤੇ ਮੁਦਰਾ ਦੇ ਵਿਕਾਸ ਦੇ ਮੁੱਦੇ ’ਤੇ ਵਿਚਾਰ-ਚਰਚਾ ਕਰਕੇ ਮੁਕੰਮਲ ਹੋ ਚੁੱਕਿਆ ਹੈ। ਛੇ ਨਵੇਂ ਦੇਸ਼ਾਂ (ਈਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ, ਇਥੋਪੀਆ ਅਤੇ ਅਰਜਨਟੀਨਾ) ਦੀ ਸ਼ਮੂਲੀਅਤ ਨੇ ਬ੍ਰਿਕਸ ਗੁੱਟ ਦੇ ਭੂਸਿਆਸੀ ਤੇ ਆਰਥਿਕ ਪ੍ਰਭਾਵ ਨੂੰ ਹੋਰ ਵੱਧ ਮਜ਼ਬੂਤ ਕੀਤਾ ਹੈ। ਇਸ ਸਮੂਹ ਦਾ ਵਿਸ਼ਵ ਜੀਡੀਪੀ ਵਿੱਚ ਖ੍ਰੀਦ ਸ਼ਕਤੀ ਸਮਾਨਤਾ ਦੇ ਆਧਾਰ ’ਤੇ 37% ਹਿੱਸਾ ਬਣਦਾ ਹੈ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਈਰਾਨ ਦੁਨੀਆਂ ’ਚ ਕੱਚੇ ਤੇਲ ਦੇ ਵੱਡ ਨਿਰਯਾਤਕ ਹਨ। ਮੱਧ ਪੂਰਬ ਨੂੰ ਸ਼ਾਮਿਲ ਕਰਨਾ ਬ੍ਰਿਕਸ ਦੀ ਊਰਜਾ ਕੁਸ਼ਲਤਾ ਲੋੜ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਲਾਤੀਨੀ ਅਮਰੀਕਾ ਦੇ ਦੋ ਵੱਡੇ ਦੇਸ਼ਾਂ ਵਿੱਚ ਬ੍ਰਿਕਸ ਦੀ ਮੌਜੂਦਗੀ ਵਿਸ਼ਵ ਵਿੱਚ ਵੱਧ ਨਿਵੇਸ਼ ਦੇ ਮੌਕੇ ਸਹਾਈ ਕਰਵਾਏਗੀ। ਇਸ ਦੌਰਾਨ ਭਾਰਤ ਤੇ ਚੀਨ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀ ਚਰਚਾ ਵੀ ਅਹਿਮ ਰਹੀ।
ਠੰਡੀ ਜੰਗ ਦੇ ਖਾਤਮੇ ਬਾਅਦ ਦੁਨੀਆਂ ਅੰਦਰ ਅਮਰੀਕਾ ਦੀ ਉੱਭਰੀ ਸਰਦਾਰੀ ਨੇ ਇੱਕ ਧਰੁਵੀ ਸੰਸਾਰ ਅਤੇ ਅਮਰੀਕੀ ਡਾਲਰ ਦੀ ਇਜ਼ਾਰੇਦਾਰੀ ਕਾਇਮ ਕਰ ਦਿੱਤੀ ਸੀ। 1971 ਤੱਕ ਅਮਰੀਕੀ ਨਾਅਰਾ ਸੀ ‘ਡਾਲਰ ਬਦਲੇ ਸੋਨਾ’ ਪਰ ਹੁਣ 1971 ਤੋਂ ਬਾਅਦ ਬ੍ਰੈਟਨਵੁੱਡਸ ਸਮਝੌਤੇ ਦੇ ਉਲਟ ਸੋਨੇ ਅਤੇ ਡਾਲਰ ਨੂੰ ਅਲੱਗ ਕਰ ਦਿੱਤਾ ਗਿਆ। ਕੁਝ ਦਹਾਕਿਆਂ ’ਚ ਸੰਸਾਰ ਪੱਧਰ ਤੇ ਡਾਲਰ ਦਾ ਦਬਦਬਾ ਇਸ ਕਦਰ ਵੱਧ ਗਿਆ ਕਿ ਅਮਰੀਕੀ ਆਰਥਿਕ ਨਾਕਾਬੰਦੀਆਂ ਰਾਤੋ-ਰਾਤ ਕਿਸੇ ਦੇਸ਼ ਦੀ ਅਰਥ-ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ। ਵੈਨਜ਼ੂਏਲਾ, ਇਰਾਕ, ਈਰਾਨ, ਸੀਰੀਆ, ਲੀਬੀਆ ਆਦਿ ਮੁਲਕ, ਜਿੰਨ੍ਹਾਂ ਨੇ ਡਾਲਰ ਦੀ ਚੌਧਰ ਨੂੰ ਚੁਣੌਤੀ ਦਿੱਤੀ, ਦਾ ਬੁਰਾ ਹਾਲ ਹੋ ਗਿਆ ਸੀ। ਇਸ ਸਮੇਂ ਰੂਸ ਸਣੇ 39 ਦੇਸ਼ ਅਮਰੀਕੀ ਆਰਥਿਕ ਰੋਕਾਂ ਅਧੀਨ ਹਨ, ਉਹਨਾਂ ਵਿੱਚੋਂ ਵੀ ਸਭ ਤੋਂ ਵੱਧ ਪ੍ਰਭਾਵਿਤ ਅਫਰੀਕੀ ਮਹਾਂਦੀਪ ਹੈ। ਅਮਰੀਕੀ ਸਾਮਰਾਜ ਦੀਆਂ ਮਾਈਕਰੋ-ਆਰਥਿਕ ਨੀਤੀਆਂ ਤੋਂ ਇਹ ਦੇਸ਼ ਪ੍ਰੇਸ਼ਾਨ ਹਨ। ਇਸੇ ਲਈ ਹਾਲ ਦੀ ਘੜੀ ਸਥਾਨਕ ਮੁਦਰਾ ਵਰਤਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੇਲ ਅਤੇ ਗੈਸ ਦੇ ਵੱਡੇ ਖਿਡਾਰੀ ਸਾਊਦੀ ਅਰਬ, ਯੂਏਈ ਅਤੇ ਈਰਾਨ ਦਾ ਬ੍ਰਿਕਸ ਵਿੱਚ ਸ਼ਾਮਿਲ ਹੋਣਾ ਪੈਟਰੋਡਾਲਰ ਨੂੰ ਕਮਜ਼ੋਰ ਕਰੇਗਾ। ਅਮਰੀਕਾ-ਚੀਨ ਵਪਾਰਕ ਜੰਗ ਦੇ ਚੱਲਦਿਆਂ ਚੀਨ ਦਾ ਸੰਸਾਰ ਭਰ ਵਿੱਚ ਵੱਧਦਾ ਪ੍ਰਭਾਵ, ਪੈਟਰੋ ਯੁਆਨ, ਕ੍ਰਿਪਟੋਕਰੰਸੀ ਅਤੇ ਯੂਕਰੇਨ ਜੰਗ ਦੌਰਾਨ ਰੂਸ ਦੇ ਰੂਬਲ ਵਿੱਚ ਸੰਸਾਰ ਵਪਾਰ ਆਦਿ ਘਟਨਾਵਾਂ ਨੇ ਡਾਲਰ ਮੁਕਾਬਲੇ ਬਦਲਵੀਂ ਮੁਦਰਾ ਦਾ ਅਧਾਰ ਪੈਦਾ ਕਰ ਦਿੱਤਾ ਹੈ।
ਡਾਲਰ ਦੀ ਇਜਾਰੇਦਾਰੀ ਨੂੰ ਤੋੜਨ ਲਈ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਆਦਿ ਦੇਸ਼ਾਂ ਦੇ ਸਮੂਹ ਨੇ ਮੌਜੂਦਾ ਆਲਮੀ ਵਿੱਤੀ ਤੇ ਵਪਾਰਕ ਢਾਂਚੇ ਦੇ ਬਦਲ ਦੀ ਲੋੜ ’ਚੋਂ ਬ੍ਰਿਕਸ ਸਮੂਹ ਵੱਧ ਹਰਕਤਸ਼ੀਲ ਹੋਇਆ। ਵਸੋਂ, ਅਰਥਚਾਰੇ ਅਤੇ ਖੇਤਰਫਲ ਪੱਖੋਂ ਇਹ ਦੇਸ਼ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਦੇ ਸਮਰੱਥ ਹਨ। ਬ੍ਰਿਕਸ ਦੇਸ਼ਾਂ ਦੀ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) 33.65% ਹੈ, ਜਦਕਿ ਪੱਛਮੀ ਗਠਜੋੜ ਜੀ-7 ਦੀ ਪੀਪੀਪੀ 27.77% ਹੈ। ਬ੍ਰਿਕਸ ਸਮੂਹ ਵਿੱਚ ਵਿਸ਼ਵ ਦੀ 46 ਫੀਸਦੀ ਆਬਾਦੀ ਰਹਿੰਦੀ ਹੈ ਜੋ ਸਸਤੀ ਕਿਰਤ ਸ਼ਕਤੀ ਦਾ ਵੱਡਾ ਸੋਮਾ ਹੈ। ਊਰਜਾ, ਜਲਵਾਯੂ ਕੰਟਰੋਲ, ਖੇਤਰੀ ਵਿਕਾਸ, ਕੁਦਰਤੀ ਸ੍ਰੋਤਾਂ ਦੀ ਅਨੁਕੂਲ ਵਰਤੋਂ ਅਤੇ ਵਪਾਰਕ ਰੋਕਾਂ ਨੂੰ ਖਤਮ ਕਰਨਾ ਆਦਿ ਬ੍ਰਿਕਸ ਦੇ ਮੁੱਢਲੇ ਉਦੇਸ਼ ਗਿਣੇ ਗਏ ਹਨ। ਪਰ ਯੂਕਰੇਨ ਜੰਗ ਦੌਰਾਨ ਅਮਰੀਕਾ ਨੇ ਰੂਸ ’ਤੇ ਆਰਥਿਕ ਰੋਕਾਂ ਮੜ੍ਹੀਆਂ, ਵਿੱਤੀ ਸੰਚਾਰ ਬੰਦ ਕੀਤਾ, ਰੂਸ ਨੂੰ ਸਵਿਫਟ ਕੋਡ ’ਚੋਂ ਬਾਹਰ ਕੱਢਿਆ ਅਤੇ ਇਸਦੇ ਨਾਲ ਹੀ ਚੀਨ ਨੂੰ ਵੀ ਧਮਕੀ ਦਿੱਤੀ ਕਿ ਰੂਸ ਦੀ ਮੱਦਦ ਕਰਨ ਦੀ ਸੂਰਤ ’ਚ ਉਸ ਉੱਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ 85% ਵਿਸ਼ਵ ਵਪਾਰ ਦਾ ਚੱਲਣ ਅਮਰੀਕੀ ਡਾਲਰ ਵਿੱਚ ਹੋ ਰਿਹਾ ਹੈ। ਇਸ ਬਾਹਰਮੁੱਖੀ ਹਾਲਤ ਨੇ ਬ੍ਰਿਕਸ ਮੁਦਰਾ ਬਣਨ ਨੂੰ ਹੋਰ ਬਲ ਬਖਸ਼ਿਆ ਤੇ ਇਸਨੇ ਡਾਲਰ ਦੀ ਦਾਦਾਗਿਰੀ ਵਿਰੁੱਧ ਬ੍ਰਿਕਸ ਦੇਸ਼ਾਂ ਦੀ ਲਾਮਬੰਦੀ ਨੂੰ ਹੋਰ ਵੱਧ ਮਜ਼ਬੂਤ ਕੀਤਾ। ਅਮਰੀਕੀ ਸਾਮਰਾਜ ਨੇ ਦੁਨੀਆਂ ਦੇ ਅਨੇਕਾਂ ਮੁਲਕਾਂ ਵਿੱਚ ਨਿਹੱਕੀਆਂ ਜੰਗਾਂ, ਰਾਜਪਲਟੇ, ਸਿਅਸੀ ਦਖਲਅੰਦਾਜ਼ੀ ਅਤੇ ਕਰਜ਼ ਬੋਝ ਲੱਦਿਆ, ਜਿਸ ਕਾਰਨ ਇਹਨਾਂ ਖੇਤਰਾਂ ਵਿੱਚ ਅਮਰੀਕਾ ਵਿਰੋਧੀ ਨੇੜਤਾ ਉੱਭਰੀ ਹੈ। ਅਮਰੀਕੀ ਸਾਮਰਾਜ ਤੋਂ ਪੀੜ੍ਹਤ ਇਹਨਾਂ ਮੁਲਕਾਂ ਨੂੰ ਬ੍ਰਿਕਸ ਸਮੂਹ ਠੰਢੀ ਹਵਾ ਦੇ ਬੁੱਲ੍ਹੇ ਵਰਗਾ ਜਾਪਦਾ ਹੈ। ਬਰਾਜ਼ੀਲ ਵਿੱਚ ਅਮਰੀਕਾ ਪੱਖੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਲੂਲਾ ਦਾ ਸਿਲਵਾ ਦੀ ਅਗਵਾਈ ’ਚ ‘ਸਮਾਜਵਾਦੀ’ ਸਰਕਾਰ ਬਣਨਾ ਵੀ ਬ੍ਰਿਕਸ ਦੀ ਮਜ਼ਬੂਤੀ ਲਈ ਅਹਿਮ ਹੈ।
ਬ੍ਰਿਕਸ ਦੇਸ਼ 100 ਬਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਜੁਟਾਉਣ ਲਈ ਸਹਿਮਤ ਹੋਏ ਸਨ, ਜਿਸਨੂੰ ਉਹ ਐਮਰਜੈਂਸੀ ਦੌਰਾਨ ਇੱਕ ਦੂਜੇ ਨੂੰ ਉਧਾਰ ਦੇ ਸਕਦੇ ਹਨ। ਸ਼ੰਘਈ ਵਿੱਚ ਨਵੀਂ ਵਿਕਾਸ ਬੈਂਕ ਦੀ ਸਥਾਪਨਾ ਕੀਤੀ ਗਈ ਜਿਸ ਨੇ 2015 ਵਿੱਚ ਪਾਣੀ ਅਤੇ ਟਰਾਂਸਪੋਰਟ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ $30 ਬਿਲੀਅਨ ਤੋਂ ਵੱਧ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਅਤੇ 2020 ਵਿੱਚ ਕੋਵਿਡ ਮਹਾਂਮਾਰੀ ਨਾਲ ਲੜਨ ਲਈ ਦੱਖਣੀ ਅਫ਼ਰੀਕਾ ਨੂੰ $1 ਬਿਲੀਅਨ ਦੀ ਰਾਸ਼ੀ ਉਧਾਰ ਦਿੱਤੀ। ਰੂਸ ਅੰਦਰ ਸੋਨੇ ਦੀਆਂ ਖਾਣਾ ਹੋਣ ਕਰਕੇ ਉਹ ਸੋਨੇ ਦਾ ਵੱਡਾ ਭੰਡਾਰ ਜਮਾ ਕਰ ਸਕਦਾ ਹੈ ਅਤੇ ਚੀਨ ਕੋਲ ਵਿਦੇਸ਼ੀ ਵਪਾਰ ’ਚ ਵਾਧਾ ਹੋਣ ਕਰਕੇ ਉਸ ਕੋਲ ਡਾਲਰ ਅਤੇ ਸੋਨੇ ਦਾ ਵੱਡਾ ਭੰਡਾਰ ਮੌਜਦੂ ਹੈ। ਇਸੇ ਕਰਕੇ ਰੂਸ ਨੇ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਨਵੀਂ ਬ੍ਰਿਕਸ ਮੁਦਰਾ ਸੋਨੇ ਨਾਲ ਜੋੜੀ ਜਾਵੇਗੀ। ਇਸ ਸੰਮੇਲਨ ਦੌਰਾਨ ਵੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀਡੀਉ ਰਾਹੀਂ ਸੁਨੇਹਾ ਦਿੱਤਾ ਕਿ ਡੀ-ਡਾਲਰੀਕਰਨ ਦੀ ਰੇਲਗੱਡੀ ਪੂਰੀ ਤੇਜ਼ੀ ਨਾਲ ਸਟੇਸ਼ਨ ਤੋਂ ਰਵਾਨਾ ਹੋ ਗਈ ਹੈ।
ਨਵੀਂ ਮੁਦਰਾ ਨੂੰ ਸੋਨੇ ਨਾਲ ਜੋੜਣ ਦੇ ਆਪਣੇ ਵਿਸ਼ੇਸ਼ ਕਾਰਕ ਹਨ। ਇਤਿਹਾਸਕ ਤੌਰ 'ਤੇ ਮੁਦਰਾ ਦੇ ਮੁੱਲ ਵਿੱਚ ਸਥਿਰਤਾ ਅਤੇ ਵਿਸ਼ਵਾਸ ਲਈ ਸੋਨੇ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਦੇਖਿਆ ਗਿਆ ਹੈ। ਇਸਦੀ ਸੀਮਤ ਸਪਲਾਈ ਅਤੇ ਇਸ ਧਾਤ ਦੀਆਂ ਵਿਸ਼ੇਸ਼ਤਾਵਾਂ ਕਾਰਨ ਸਦੀਆਂ ਤੋਂ ਇਹ ਦੌਲਤ ਦਾ ਇੱਕ ਕੀਮਤੀ, ਟਕਸਾਲੀ ਅਤੇ ਭਰੋਸੇਮੰਦ ਭੰਡਾਰ ਮੰਨਿਆ ਜਾਂਦਾ ਆ ਰਿਹਾ ਹੈ। ਕਿਸੇ ਵੀ ਮੁਦਰਾ ਦੇ ਪੂਰਨ ਰੂਪ ਵਿੱਚ ਗਲੋਬਲ ਮੁਦਰਾ ਦਾ ਰੁਤਬਾ ਹਾਸਿਲ ਕਰਨ ਲਈ ਮੁੱਖ ਕਾਰਕ ਹਨ : ਕਿਸੇ ਆਰਥਿਕਤਾ ਦਾ ਵਿਸ਼ਵ ਵਿੱਚ ਦਬਦਬਾ, ਸਥਿਰਤਾ ਅਤੇ ਭਰੋਸੇਯੋਗਤਾ, ਰਿਜ਼ਰਵ ਮੁਦਰਾ ਸਥਿਤੀ, ਵਿਆਪਕ ਮੰਡੀ ਅਤੇ ਭੂ-ਰਾਜਨੀਤਿਕ ਮਹੱਤਤਾ। ਚੀਨ ਜੋ ਕਿ ਦੂਜੀ ਵੱਡੀ ਵਿਸ਼ਵ-ਆਰਥਿਕਤਾ ਹੈ ਅਤੇ ਖ੍ਰੀਦ ਸ਼ਕਤੀ ਸਮਾਨਤਾ (ਪੀਪੀਪੀ) ਵਜੋਂ ਪਹਿਲੇ ਦਰਜੇ ’ਤੇ ਹੈ ਅਤੇ ਮੈਨੂਫੈਕਚਿਰੰਗ ਜੋ ਕਿਸੇ ਆਰਥਿਕ ਸੰਰਚਨਾ ਦੀ ਬੁਨਿਆਦ ਹੁੰਦੀ ਹੈ, ਵਿੱਚ ਸੰਸਾਰ ਆਰਿਥਕਤਾ ਵਿੱਚ ਪਹਿਲੇ ਸਥਾਨ ’ਤੇ ਹੈ। ਉਸਦੇ ਮਹੱਤਵਪੂਰਨ ਆਰਥਿਕ ਅਤੇ ਭੂ-ਰਾਜਨੀਤਿਕ ਪ੍ਰਭਾਵ ਕਾਰਨ ਬ੍ਰਿਕਸ ਸਮੂਹ ਵਿੱਚ ਉਸਦੀ ਕੇਂਦਰੀ ਭੂਮਿਕਾ ਹੋਣ ਦੇ ਆਸਾਰ ਹਨ। ਚੀਨ ਦਾ ਧੁਰਾ ਬਣਨ ’ਤੇ ਹੀ ਬ੍ਰਿਕਸ ਕਰੰਸੀ ਦਾ ਭਵਿੱਖ ਅਤੇ ਭਰੋਸੇਯੋਗਤਾ ਤੈਅ ਹੋਵੇਗੀ। ਚੀਨ ਪਿਛਲੇ ਸਮੇਂ ਤੋਂ ਆਪਣੇ-ਆਪ ਨੂੰ ਵਿਸ਼ਵ ਸਾਂਤੀ-ਸਥਾਪਿਤ ਕਰਤਾ ਵਜੋਂ ਅੱਗੇ ਵਧਾ ਰਿਹਾ ਹੈ। ਇਸੇ ਤਹਿਤ ਉਸਨੇ ਸਾਊਦੀ ਅਰਬ ਅਤੇ ਈਰਾਨ ਦਾ ਇਤਿਹਾਸਿਕ ਸਮਝੌਤਾ ਕਰਵਾਇਆ। ਇਸ ਕਦਮ ਕਰਕੇ ਮੱਧ-ਪੂਰਬ ਵਿੱਚ ਚੀਨ ਦਾ ਪ੍ਰਭਾਵ ਵਧਿਆ ਹੈ। ਚੀਨ ਵਿਸ਼ਵ ਵਪਾਰ ਅਤੇ ਵਿੱਤੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਬਣਿਆ ਹੋਇਆ ਹੈ ਜਿਸ ਨਾਲ ਇਸਦਾ ਆਰਥਿਕ ਦਬਦਬਾ ਵੀ ਵਧਿਆ ਹੈ। ਚੀਨ ਆਪਣੇ ਅੰਤਰਰਾਸ਼ਟਰੀ ਆਰਿਥਕ ਸਿਆਸੀ ਪ੍ਰਭਾਵ ਨੂੰ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਤੇ ਅਨੇਕਾਂ ਯੂਰਪੀ ਮੁਲਕਾਂ ਫੈਲਾਅ ਰਿਹਾ, ਜਿੱਥੇ ਚੀਨੀ ਮਾਲ ਦੀ ਵੱਡੀ ਮੰਗ ਹੈ ਅਤੇ ਚੀਨ ਇਸ ਮੰਗ ਦੀ ਪੂਰਤੀ ਦੇ ਸਮਰੱਥ ਹੈ।
ਬ੍ਰਿਕਸ ਮੁਦਰਾ ਨੂੰ ਸੋਨੇ ਨਾਲ ਜੋੜਨ ਕਰਕੇ ਇਸਦੀ ਸਥਿਰਤਾ ਅਤੇ ਰਿਜ਼ਰਵ ਮੁਦਰਾ ਦੀ ਯੋਗਤਾ ਦੀ ਸਥਿਤੀ ਹੋਰ ਵੀ ਮਜਬੂਤ ਹੋ ਸਕਦੀ ਹੈ। ਇਸਦੇ ਵਪਾਰਕ ਬੰਦੋਬਸਤ ਅਤੇ ਲੈਣ-ਦੇਣ ਦੀਆਂ ਪ੍ਰਕਿਰਿਆਵਾਂ ਇਸਦੀ ਵਿਆਪਕ ਅੰਤਰਰਾਸ਼ਟਰੀ ਮਾਨਤਾ ਅਤੇ ਵਰਤੋਂ ਕਰਕੇ ਵੱਡੀ ਗਿਣਤੀ ਦੇਸ਼ਾਂ ਵਿੱਚ ਇਸਨੂੰ ਅਪਣਾਉਣ ਦੀ ਇੱਛਾ ਹੈ। ਚੀਨ ਦੀ ਉੱਚ ਤਕਨੀਕ ਅਤੇ ਸਸਤਾ ਸਮਾਨ ਮੁਹੱਈਆ ਕਰਾਉਣ, ਰੂਸ ਅਤੇ ਭਾਰਤ ਦਾ ਅਨਾਜ, ਬ੍ਰਾਜ਼ੀਲ ਦੀ ਖੇਤੀ ਅਤੇ ਕੁਦਰਤੀ ਸ੍ਰੋਤ ਜਿਵੇਂ ਕੱਚਾ ਲੋਹਾ, ਪੈਟਰੋਲੀਅਮ ਆਦਿ ਸੰਸਾਰ ਵਿੱਚ ਇਹਨਾਂ ਦੀ ਭੂ-ਰਾਜਨੀਤਿਕ ਮਹੱਤਤਾ ਵਧਾ ਦਿੰਦੇ ਹਨ। ਪੱਛਮੀ ਖੇਮਾ ਸਸਤੇ ਭਾਅ ਤੇ ਭਾਰਤ ਤੇ ਚੀਨ ਤੋਂ ਵੱਧ ਆਯਾਤ ਕਰਦਾ ਹੈ ਪਰ ਜੇ ਬ੍ਰਿਕਸ ਮੁਦਰਾ ਬਣਦੀ ਤੇ ਮਜਬੂਤ ਹੁੰਦੀ ਹੈ ਤਾਂ ਬ੍ਰਿਕਸ ਆਵਦਾ ਆਯਾਤ ਵਧਾ ਕੇ ਇਹ ਕਮੀ ਪੂਰੀ ਕਰ ਸਕਦਾ ਹੈ। ਬਿਨਾਂ ਸ਼ੱਕ, ਇੱਕ ਨਵੀਂ ਬ੍ਰਿਕਸ ਮੁਦਰਾ ਦੀ ਗੱਲ ਆਪਣੇ ਆਪ ਵਿੱਚ ਕਈ ਦੇਸ਼ਾਂ ਦੀ ਡਾਲਰ ਮੁਕਤ ਵਿਭਿੰਨਤਾ ਦੀ ਇੱਛਾ ਦਾ ਇੱਕ ਮਹੱਤਵਪੂਰਨ ਸੰਕੇਤ ਹੈ ਜੋ ਪੂਰਬ ਦਾ ਗਲੋਬਲ ਵਿੱਤੀ ਸ਼ਾਸਨ ਵਿੱਚ ਪ੍ਰਭਾਵ ਵਧਾਏਗਾ ਪਰ ਭਵਿੱਖ ਡਿਜ਼ੀਟਲ ਮੁਦਰਾ ਵੱਲ ਵਧ ਰਿਹਾ ਹੈ। ਬ੍ਰਿਕਸ ਮੁਦਰਾ ਵਿਸ਼ਵ ਪੱਧਰ ’ਤੇ ਕਰਜ਼ੇ ਹੇਠ ਨਪੀੜੀ ਜਾ ਰਹੀ ਮਨੁੱਖਤਾ ਲਈ ਕੋਈ ਬਦਲ ਨਹੀ ਬਲਕਿ ਵਪਾਰਕ ਵਟਾਂਦਰੇ ਦਾ ਹੀ ਮਾਧਿਅਮ ਹੈ। ਨਵੀਂ ਬ੍ਰਿਕਸ ਮੁਦਰਾ ਰਾਤੋਂ-ਰਾਤ ਇੱਕ ਨਵਾਂ ਗਲੋਬਲ ਆਰਥਿਕ ਬਦਲ ਨਹੀਂ ਸਕਦੀ ਅਤੇ ਅਮਰੀਕੀ ਡਾਲਰ ਦੀ ਚੌਧਰ ਵੀ ਰਾਤੋ-ਰਾਤ ਨਹੀਂ ਖੁਰੇਗੀ। ਪਰ ਇਹ ਅਮਰੀਕੀ ਸਾਮਰਾਜ ਤੇ ਡਾਲਰ ਦੀ ਸਰਦਾਰੀ ਲਈ ਚੁਣੌਤੀ ਜ਼ਰੂਰ ਬਣ ਰਹੀ ਹੈ।
- ਹਰਸ਼ਵਿੰਦਰ

No comments:
Post a Comment