Search This Blog

Thursday, March 13, 2025

ਰੂਸ-ਯੂਕਰੇਨ ਜੰਗ ਦੇ ਤਿੰਨ ਵਰ੍ਹੇ


ਬੀਤੇ ਕੁਝ ਸਾਲਾਂ ’ਚ ਕੁੱਲ ਸੰਸਾਰ ਨੂੰ ਕਰੋਨਾ ਮਹਾਂਮਾਰੀ, ਰੂਸ-ਯੂਕਰੇਨ ਤੇ ਇਜ਼ਰਾਇਲ-ਫਲਸਤੀਨ ਜੰਗ ਅਤੇ ਅਮਰੀਕਾ-ਚੀਨ ਵਪਾਰਕ ਜੰਗ ਨੇ ਆਰਥਿਕ-ਸਮਾਜਿਕ ਤੌਰ ਤੇ ਬੁਰੇ ਰੁੱਖ ਪ੍ਰਭਾਵਿਤ ਕੀਤਾ ਹੈ। ਵਿਸ਼ਵਵਿਆਪੀ ਪੱਧਰ ਤੇ ਵੱਧਦੀ ਮਹਿੰਗਾਈ, ਰਾਜਨੀਤਿਕ ਅਸਥਿਰਤਾ, ਜੰਗੀ ਤਣਾਅ, ਪ੍ਰਵਾਸ ਸੰਕਟ, ਲਗਾਤਾਰ ਨਿਘਾਰ ਵੱਲ ਧਸਦਾ ਜਾ ਰਿਹਾ ਗਲੋਬਲ ਅਰਥਚਾਰਾ, ਗਲੋਬਲ ਆਰਥਿਕ ਸ਼ਕਤੀਆਂ ਦੀ ਘੱਟ ਰਹੀ ਕਾਬਲੀਅਤ ਆਦਿ ਅਲਾਮਤਾਂ ਨੇ ਕੁੱਲ ਆਲਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਵਰਤਮਾਨ ਦੋ ਜੰਗਾਂ (ਯੂਕਰੇਨ, ਇਜ਼ਰਾਇਲ) ਤੇ ਵਪਾਰਕ ਜੰਗ ਦੁਆਲੇ ਹੋ ਰਹੀ ਕਤਾਰਬੰਦੀ ਨਵੀਂ ਵਿਸ਼ਵ ਵਿਵਸਥਾ ਲਈ ਹਲਚਲ ਵਧਾ ਰਹੀ ਹੈ। ਅਮਰੀਕੀ ਸਾਮਰਾਜ ਵੱਲੋਂ ਟਰੰਪ ਪ੍ਰਸ਼ਾਸ਼ਨ ਹੇਠ ਅਪਣਾਈਆਂ ਜਾ ਰਹੀਆਂ ਨਵੀਆਂ ਦਹਿਸ਼ਤੀ ਪੈਂਤੜੇਬਾਜ਼ੀਆਂ ਸੰਸਾਰ ਭਰ ਦੇ ਆਰਥਿਕ-ਸਿਆਸੀ ਮਾਹਿਰਾਂ-ਵਿਸ਼ਲੇਸ਼ਕਾਂ ਨੂੰ ਅਚੰਬੇ ਵਿੱਚ ਪਾ ਰਹੀਆਂ ਹਨ। ਅਮਰੀਕਾ ਅੰਦਰ ਟਰੰਪ-ਜ਼ੇਲੈਂਸਕੀ ਮਿਲਣੀ ਦੀ ਅਸਫਲਤਾ ਤੋਂ ਬਾਅਦ ਵਿਸ਼ਵ ਭੂ-ਰਾਜਨੀਤੀ ’ਚ ਆਏ ਭੂਚਾਲ ਕਾਰਨ ਕਿਆਸਰਾਈਆਂ ਹੋਰ ਤੀਬਰ ਹੋ ਗਈਆਂ।

ਟਰੰਪ ਵੱਲੋਂ ਆਪਣੇ ‘ਨਾਸ਼ੁਕਰੇ’ ਮੇਜ਼ਬਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਓਵਲ ਦਫ਼ਤਰ ਸੱਦਕੇ ਮੀਡੀਆ ਜ਼ਰੀਏ ਸੰਸਾਰ ਸਾਹਮਣੇ ਬੇਇਜ਼ਤ ਕਰਨਾ ਇੱਕ ਇਤਿਹਾਸਕ ਘਟਨਾ ਬਣ ਗਈ। ਜ਼ੇਲੈਂਸਕੀ ਨੂੰ ਵਾਇਟ ਹਾਊਸ ਦੀ ਗਰਿਮਾ ਮੁਤਾਬਕ ਵਧੀਆ ਡਰੈੱਸ ਪਾਉਣ ਦੀ ਗੈਰ-ਮਿਆਰੀ ਤਨਜ਼ ਕਸਣਾ ਉਸ ਨਾਲ ਬਦਸਲੂਕੀ ਕਰਨ ਬਰਾਬਰ ਸੀ। ਯੁੱਧ ਨਿਪਟਾਰੇ ਲਈ ਯੂਕਰੇਨ ਦੀ ਰੂਸ ਤੋਂ ‘ਸੁਰੱਖਿਆ ਗਰੰਟੀ’ ਦਾ ਅਮਰੀਕੀ ਵਾਅਦਾ ਅਤੇ ਇਵਜ਼ਾਨੇ ਵਿੱਚ ਅਮਰੀਕਾ ਦੀ ਯੂਕਰੇਨ ਦੇ ਬੇਸ਼ਕੀਮਤੀ ਖਣਿਜ਼ ਸ੍ਰੋਤਾਂ (ਮਾਈਕ੍ਰੋਚਿੱਪਾਂ ਤੇ ਨਵੀਨ ਤਕਨਾਲੋਜੀ ਲਈ ਧਰਤੀ ਦੇ ਦੁਰਲੱਭ ਖਣਿਜ਼) ਵਿੱਚ ਹਿਸੇਦਾਰੀ, ਸੌਦੇ ਦੇ ਦੋ ਮੁੱਖ ਨੁਕਤੇ ਸਨ। ਇਹ ਸੌਦਾ ਯੂਕਰੇਨ ਨੂੰ ਜੰਗ ਵਿੱਚ ਹੁਣ ਤੱਕ ਦਿੱਤੀ ਗਈ ਅਮਰੀਕੀ ਸਹਾਇਤਾ ਦੀ ਅਦਾਇਗੀ ਦੇ ਸਿੱਟੇ ਵਜ਼ੋਂ ਹੋਣਾ ਸੀ। ਪਰੰਤੂ, ਜ਼ੇਲੈਂਸਕੀ ਦੀ ਪੁਤਿਨ ਉੱਤੇ ਬੇਭਰੋਸਗੀ ਅਤੇ ਅਮਰੀਕਾ ਵੱਲੋਂ ਜ਼ੇਲੈਂਸਕੀ ਦੇ ਨਿਰਾਦਰ ਨਾਲ ਇਹ ਸੌਦਾ ਵਿਚਾਲੇ ਟੁੱਟ ਗਿਆ। ਮਿਲਣੀ ਤੋਂ ਪਹਿਲਾਂ ਜ਼ੇਲੈਂਸਕੀ ਨੂੰ ਟਰੰਪ ਵੱਲੋਂ ਤਾਨਾਸ਼ਾਹ ਕਹਿਣਾ ਅਤੇ ਫਿਰ ਮੀਡੀਆ ਸਾਹਮਣੇ ਉਸਨੂੰ ਤੀਜੀ ਸੰਸਾਰ ਜੰਗ ਲਈ ਜ਼ਿੰਮੇਵਾਰ ਕਰਾਰ ਦੇਣਾ ਸਿੱਧੇ-ਅਸਿੱਧੇ ਤੌਰ ਤੇ ਯੂਕਰੇਨ ਸਮੇਤ ਟ੍ਰਾਂਸਅਟਲਾਂਟਿਕ ਗੱਠਜੋੜ (ਅਮਰੀਕਾ, ਨਾਟੋ, ਯੂਰਪੀਅਨ ਯੂਨੀਅਨ) ਦੇ ਵਿਰੁੱਧ ਅਤੇ ਰੂਸ ਦੇ ਪੱਖ ਵਿੱਚ ਭੁਗਤਨ ਵਾਲਾ ਬਿਆਨ ਸੀ। ਮੀਟਿੰਗ ਦੀ ਅਸਫਲਤਾ ਬਾਅਦ ਟਰੰਪ ਵੱਲੋਂ ਕੀਵ ਤੇ ਜੰਗਬੰਦੀ ਲਈ ਦਬਾਅ ਵਧਾਉਣ ਲਈ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜ਼ੀ, ਖੁਫੀਆ ਤੇ ਵਿੱਤੀ ਸਹਾਇਤਾ ਤੇ ਰੋਕ ਲਗਾਉਣ ਅਤੇ ਰੂਸ ਉੱਤੇ ਪੱਛਮੀ ਪਾਬੰਧੀਆਂ ਨੂੰ ਘਟਾਉਣ ਦੇ ਬਿਆਨ ਨਾਲ ਟਰੰਪ ਉੱਤੇ ਰੂਸ ਦਾ ਜਾਸੂਸ ਹੋਣ ਦੇ ਕਈ ‘ਸਾਜ਼ਿਸ਼ੀ ਸਿਧਾਂਤਾਂ’ ਦਾ ਬਾਜ਼ਾਰ ਗਰਮ ਹੋ ਗਿਆ। ਨਾ ਤਾਂ ਅਮਰੀਕਾ ਸ਼ਾਂਤੀ ਦਾ ਪੁਜਾਰੀ ਹੈ ਤੇ ਨਾ ਹੀ ਟਰੰਪ ਜੰਗਬੰਦੀ ਦੀ ਲੜਾਈ ਲੜ੍ਹਨ ਵਾਲਾ ਸ਼ਾਂਤੀਦੂਤ। ਸ਼ਾਂਤੀ ਬਹਾਨੇ ਇਹ ਸਮਝੌਤਾ ਯੂਕਰੇਨ ਦੇ ਬੇਸ਼ਕੀਮਤੀ ਸ੍ਰੋਤਾਂ ਤੇ ਕਬਜ਼ੇ, ਯੂਕਰੇਨ ਅੰਦਰ ਨਵਉਦਾਰਵਾਦੀ ਨੀਤੀਆਂ ਦੇ ਮਾਡਲ ਦਾ ਰਾਹ ਹੋਰ ਵੱਧ ਪੱਧਰਾ ਕਰਨ ਅਤੇ ਜੰਗ ਦਾ ਮੁਹਾਣ ਰੂਸ ਵੱਲੋਂ ਮੋੜਕੇ ਮੁੱਖ ਦੁਸ਼ਮਣ ਚੀਨ ਵੱਲ ਕਰਨ ਲਈ ਸੀ। ਅਮਰੀਕੀ ਸਾਮਰਾਜੀ ਦਬਦਬੇ ਲਈ ਅੱਜ ਸਭ ਤੋਂ ਵੱਡੀ ਚੁਣੌਤੀ ਚੀਨ ਹੈ ਤੇ ਅਮਰੀਕੀ ਸਾਮਰਾਜੀਆਂ ਅੰਦਰ ਚੀਨੀ ਸਮਾਰਾਜ ਦਾ ਖੌਫ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।

ਉਧਰ, ਵਾਇਟ ਹਾਊਸ ਤੋਂ ਬੇਆਬਰੂ ਹੋ ਕੇ ਵਾਪਸ ਪਰਤੇ ਜ਼ੇਲੈਂਸਕੀ ਨੂੰ ਫਰਾਂਸ, ਬ੍ਰਿਟੇਨ ਸਮੇਤ ਯੂਰਪੀਅਨ ਮੁਲਕਾਂ ਦਾ ਥਾਪੜਾ ਪ੍ਰਾਪਤ ਹੋਇਆ। ਟਰੰਪ ਵੱਲੋਂ ਪੱਛਮੀ ਯੂਰਪੀ ਭਾਈਵਾਲਾਂ ਨੂੰ ਦਰਕਿਨਾਰ ਕਰਕੇ ਰੂਸ-ਯੂਕਰੇਨ ਜੰਗਬੰਦੀ ਦੀ ਸਾਲਸੀ ਵਿੱਚੋਂ ਯੂਕਰੇਨ ਨਾਲ ਇਕੱਲਿਆਂ 500 ਅਰਬ ਡਾਲਰ ਦੇ ਖਣਿਜ਼ ਸਮਝੌਤੇ ਕਰਨ ਦੀ ਮਸਕ ਫਿਲਹਾਲ ਅਧੂਰੀ ਰਹਿ ਗਈ। ਜੰਗ ਪ੍ਰਤੀ ਅਮਰੀਕੀ ਨੀਤੀ ਵਿੱਚ ਆਏ ਵੱਡੇ ਬਦਲਾਅ ਕਾਰਨ ਪੁੱਠੀ ਪਈ ਬਾਜ਼ੀ ’ਚੋਂ ਯੂਰਪੀਅਨ ਮੁਲਕ ਸ਼ਾਂਤੀ ਯੋਜਨਾ ਦਾ ਸਿਹਰਾ ਆਪਣੇ ਸਿਰ ਬੰਨ੍ਹਕੇ ਯੂਕਰੇਨੀਅਨ ਮੰਡੀ ਵਿੱਚੋਂ ਹਿੱਸੇਪੱਤੀ ਲਈ ਉਤਾਵਲੇ ਹੋ ਗਏ। ਕਿੰਗ ਚਾਰਲਸ ਨਾਲ ਜ਼ੇਲੈਂਸਕੀ ਦੀ ਮਿਲਣੀ ਤੇ ਯੂਕਰੇਨ ਦੀ ਸਰਬਸੱਤਾ ਲਈ ਲੰਡਨ ਵਿੱਚ ਹੋਏ ਸ਼ਿਖਰ ਸੰਮੇਲਨ ਵਿੱਚ 18 ਯੂਰਪੀ ਮੁਲਕਾਂ ਨੇ ਯੂਕਰੇਨ ਨੂੰ ਫੌਜ਼ੀ ਤੇ ਵਿੱਤੀ ਸਹਾਇਤਾ ਦੇਣ ਦੀ ਵਚਨਵੱਧਤਾ ਦਿਖਾਈ ਹੈ ਅਤੇ ਇੰਗਲੈਂਡ ਨੇ 1.6 ਅਰਬ ਪੌਂਡ ਦੀਆਂ 5,000 ਹਵਾਈ ਰੱਖਿਆ ਮਿਜ਼ਾਇਲਾਂ ਦੀ ਸਪਲਾਈ ਦੇ ਸਮਝੌਤੇ ਦਾ ਐਲਾਨ ਕਰ ਦਿੱਤਾ। 


ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚੋਤਾਣ ਦਾ ਕੇਂਦਰ ਬਣੀ ਯੂਕਰੇਨ ਜੰਗ ਦਾ ਦਾਰੋਮਦਾਰ ਬਹੁਪਸਾਰੀ ਹੈ। ਇਸ ਯੁੱਧ ਵਿੱਚ ਸਿੱਧੇ-ਅਸਿੱਧੇ ਤੌਰ ਤੇ ਸ਼ਾਮਲ ਤਾਕਤਾਂ ’ਚੋਂ ਕਿਸੇ ਇਕ ਧਿਰ ਦੇ ਕੋਣ ਤੋਂ ਖੜਕੇ ਦੇਖਣ ਨਾਲ ਜੰਗ ਦੀ ਰਾਜਨੀਤਿਕ-ਆਰਥਿਕਤਾ ਨੂੰ ਨਹੀਂ ਸਮਝਿਆ ਜਾ ਸਕਦਾ। ਮਸਲਨ, ਜ਼ੇਲੈਂਸਕੀ ਦੇ ਸੰਦਰਭ ਵਿੱਚ ਇਹ ਧਾਰਨਾ ਕਿ ‘ਇੱਕ ਜੋਕਰ ਨੇ ਦੇਸ਼ ਡੋਬ ਦਿੱਤਾ’, ਜੰਗ ਦੇ ਕੁੱਲ ਪਹਿਲੂਆਂ ਦਾ ਸਧਾਰਨੀਕਰਨ ਕਰਨ ਤੇ ਜੰਗ ਵਿੱਚ ਸ਼ਾਮਲ ਵੱਡੀਆਂ ਬਾਹਰੀ ਤਾਕਤਾਂ ਦੀ ਭੂਮਿਕਾ ਨੂੰ ਮੇਸਣ ਜਾਂ ਘੱਟ ਕਰਕੇ ਆਂਕਣ ਬਰਾਬਰ ਹੈ। ਇਤਿਹਾਸਕ ਤੌਰ ਤੇ ਇਸ ਜੰਗ ਵਿੱਚ ਰੂਸ ਦੀ ਭੂਮਿਕਾ ਅਟੁੱਟ ਤੌਰ ਤੇ ਜੁੜੀ ਹੋਈ ਹੈ। ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਬਾਅਦ ਯੂਕਰੇਨ ਸਮੇਤ ਅਨੇਕਾਂ ਕੌਮੀਅਤਾਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਵਜ਼ੋਂ ਹੋਂਦ ’ਚ ਆਈਆਂ ਸਨ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਪਤਨ ਬਾਅਦ ਰੂਸ ਨੇ ਸਾਮਰਾਜੀ ਪਦਚਿੰਨ੍ਹਾਂ ਤੇ ਚੱਲਦਿਆਂ ਆਪਣੇ ਪਸਾਰਵਾਦੀ ਹਿੱਤਾਂ ਤਹਿਤ ਆਪਣੇ ਖੁੱਸੇ ਹੋਏ ਖੇਤਰ ਨੂੰ ਮੁੜ ਹਾਸਲ ਕਰਨ ਦੀ ਹਿਰਸ ਪਾਲੀ ਹੋਈ ਹੈ। ਜਿਸ ਤਹਿਤ ਰੂਸ ਨੇ ਸਾਲ 2003 ’ਚ ਯੂਕਰੇਨ ਦੇ ਤੁਜ਼ਲਾ ਟਾਪੂ ਉੱਤੇ ਡੈਮ ਬਣਾਕੇ ਜਬਰੀ ਘੁਸਪੈਠ ਕੀਤੀ। ਅਮਰੀਕਾ ਨੇ ਯੂਕਰੇਨ ਦੇ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨਾਲ ਕਈ ਊਰਜਾ ਸਮਝੌਤੇ ਕਰਕੇ ਯੂਕਰੇਨ ਦੇ ਬੇਸ਼ਕੀਮਤੀ ਖੇਤਰਾਂ ਵਿੱਚ ਆਪਣੀ ਦਖਲਅੰਦਾਜ਼ੀ ਵਿੱਚ ਵਾਧਾ ਕੀਤਾ। ਯਾਨਕੋਵਿਚ ਨੇ ਰੂਸ ਦੇ ਪ੍ਰਭਾਵ ਹੇਠ ਆ ਕੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਅਤੇ ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਤੇ ਸੇਵਾਸਤੋਪੋਲ ਦੀ ਬੰਦਰਗਾਹ ਉੱਤੇ ਕਬਜਾ ਕੀਤਾ। ਰੂਸ ਨੇ 2014 ਤੋਂ ਬਾਅਦ ਜੰਗਬੰਦੀ ਲਈ ਹੋਏ ‘ਮਿੰਸਕ ਸਮਝੌਤੇ’ ਦੀ ਉਲੰਘਣਾ ਕਰਕੇ ਲਗਾਤਾਰ ਪੂਰਬੀ ਡੋਨਬਾਸ ਵਿੱਚ ਰੂਸੀ ਵੱਖਵਾਦੀਆਂ ਰਾਹੀਂ ਘੁਸਪੈਠ ਜਾਰੀ ਰੱਖੀ। ਇਸੇ ਦੌਰਾਨ ਯੂਕਰੇਨ ਨੇ ਆਪਣੇ ਪੱਛਮੀ ਖੇਤਰ ਵਿੱਚ ਰੂਸੀ ਘੁਸਪੈਠ ਦੇ ਖਤਰੇ ਤੋਂ ਬਚਾਅ ਲਈ ਨਾਟੋ ਦਾ ਆਸਰਾ ਤੱਕਣਾ ਸ਼ੁਰੂ ਕਰ ਦਿੱਤਾ। ਉਧਰ ਅਮਰੀਕਾ ਤੇ ਉਸਦੇ ਪੱਛਮੀ ਭਾਈਵਾਲ ਜੋ ਲਗਾਤਾਰ ਰੂਸ ਦੇ ਗੁਆਂਢੀ ਮੁਲਕਾਂ ’ਚ ਨਾਟੋ ਦਾ ਵਿਸਤਾਰ ਕਰਦੇ ਆ ਰਹੇ ਸਨ, ਲਈ ਇਹ ਸੁਨਹਿਰੀ ਮੌਕਾ ਵਰਦਾਨ ਬਣਕੇ ਬਹੁੜਿਆ।

ਇਸ ਜੰਗ ਵਿੱਚ ਜ਼ੇਲੈਂਸਕੀ ਦੀ ਇਤਿਹਾਸਕ ਤੇ ਬੱਜ਼ਰ ਗਲਤੀ ਇਹ ਸੀ ਕਿ ਉਸਨੂੰ ਸਾਮਰਾਜੀ ਤਾਕਤਾਂ ਦੇ ਵਿਸਥਾਰਵਾਦੀ ਚਰਿੱਤਰ ਦਾ ਇਲਮ ਨਹੀ ਸੀ। ਉਸਨੇ ਰੂਸੀ ਸਾਮਰਾਜ ਦੀ ਥਾਂ ਵੱਧ ਖੁੰਖਾਰ ਅਮਰੀਕੀ ਸਾਮਰਾਜ ਦੀ ਸ਼ਰਨ ਲੈ ਕੇ ਵੱਡੀ ਭੁੱਲ ਕੀਤੀ, ਜਿਸਦਾ ਖਾਮੀਆਜ਼ਾ ਅੱਜ ਯੂਕਰੇਨੀ ਲੋਕ ਭੁਗਤ ਰਹੇ ਹਨ। ਇਸ ਯੁੱਧ ਵਿੱਚ ਸਭ ਤੋਂ ਵੱਧ ਵਿੱਤੀ ਤੇ ਫੌਜ਼ੀ ਸਹਾਇਤਾ ਅਮਰੀਕਾ ਨੇ ਪ੍ਰਦਾਨ ਕੀਤੀ ਹੈ। ਅਮਰੀਕਾ ਨੇ ਰੂਸ ਖਿਲਾਫ ਯੂਕਰੇਨ ਦੀ ਧਰਤੀ ਤੇ ਲੁਕਵੀਂ ਜੰਗ (ਪ੍ਰੌਕਸੀ) ਲੜਨ ਲਈ ਜੰਗ ਦੇ ਕੁੱਲ ਫੌਜ਼ੀ ਹਾਰਡਵੇਅਰ ਦਾ 20% ਅਤੇ 180 ਅਰਬ ਅਮਰੀਕੀ ਡਾਲਰ (ਪੈਟਾਗਨ ਮੁਤਾਬਕ) ਤੋਂ ਵੱਧ ਦੀ ਵਿੱਤੀ ਸਹਇਤਾ ਪ੍ਰਦਾਨ ਕੀਤੀ ਹੈ। ਇਹਨਾਂ ਵਿਚੋਂ 33.8 ਅਰਬ ਡਾਲਰ ਦੇ ਹਥਿਆਰ ਤੇ ਗੋਲਾ-ਬਰੂਦ ਦਿੱਤਾ ਗਿਆ। ਅਮਰੀਕਾ ਦੀ ਜੰਗੀ ਨੀਤੀ ਅਤੇ ਉਸਦੇ ਪੱਛਮੀ ਭਾਈਵਾਲਾਂ ਦੀ ਹੱਲਾਸ਼ੇਰੀ ਕਾਰਨ ਯੂਕਰੇਨ ਜੰਗ ਦਾ ਪੱਧਰ ਤੇ ਪ੍ਰਭਾਵ ਵਿਸ਼ਵਵਿਆਪੀ ਬਣ ਗਿਆ। ਯੂਕਰੇਨ ਜੰਗ ਵਿੱਚ ਐਨਾ ਅੱਗੇ ਨਿਕਲ ਆਇਆ ਕਿ ਹੁਣ ਉਸਨੂੰ ਜੰਗ ਵਿੱਚੋਂ ਨਿਕਲਣ ਲਈ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਸਰੇ ਧੜੇ ਦੀ ਢੋਈ ਲੈਣੀ ਪੈ ਰਹੀ ਹੈ। ਰੂਸ ਨਾਲ ਸਨਮਾਨਜਨਕ ਸਮਝੌਤੇ ਉੱਤੇ ਪਹੁੰਚਣ ਲਈ ਉਸ ਨੂੰ ਰੂਸ ਉੱਤੇ ਜੰਗੀ ਦਬਾਅ ਲਈ ਅਮਰੀਕੀ ਹਵਾਈ ਰੱਖਿਆ, ਬੇਲਿਸਟਿਕ ਮਿਜ਼ਾਇਲਾਂ, ਸੈਟੇਲਾਈਟ ਸੰਚਾਰ (ਸਟਾਰਲਿੰਕ), ਫੌਜ਼ੀ ਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਵੀ ਹੈ ਅਤੇ ਜੰਗ ਦੁਆਲੇ ਸਾਮਰਾਜੀ ਤਾਕਤਾਂ ਤੇ ਕੂਟਨੀਤਿਕ ਦਬਾਅ ਬਣਾਉਣ ਅਤੇ ਵਿੱਤੀ ਸਹਾਇਤਾ ਲਈ ਯੂਰਪੀ ਸ਼ਕਤੀਆਂ ਦੀ ਵੀ ਲੋੜ ਹੈ। ਜ਼ੇਲੈਂਸਕੀ ਇੱਕ ਵਾਰ ਫਿਰ ਯੂਕਰੇਨ ਦੀ ਖੁਦਮੁਖਤਿਆਰੀ ਦੀ ਲੜਾਈ ਯੂਕਰੇਨੀ ਲੋਕਾਂ ਦੀ ਭਲਾਈ ਨਾਲੋਂ ਵਧਕੇ ਸਾਮਰਾਜੀ ਤਾਕਤਾਂ ਦੀ ਮੁਨਾਫ਼ਾਖੋਰ ਵਿਸਤਾਰਵਾਦੀ ਬਦਨੀਤੀ ਭਰੋਸੇ ਲੜ੍ਹਨ ਦੀ ਕੁਤਾਹੀ ਕਰ ਰਿਹਾ ਹੈ।

ਯੂਕਰੇਨ ਜੰਗ ਦੁਆਲੇ ਪੈਦਾ ਹੋਏ ਨਵੇਂ ਹਾਲਾਤਾਂ ਵਿੱਚੋਂ ਜਿੱਥੇ ਰੂਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ, ਉੱਥੇ ਦੂਜੇ ਪਾਸੇ ਚੀਨ ਜੰਗਾਂ ਤੋਂ ਲਾਂਬੇ ਰਹਿਕੇ ਆਪਣੇ ਵਪਾਰਿਕ ਹਿੱਤਾਂ ਲਈ ਸੰਸਾਰ ਮੰਡੀ ਵਿੱਚ ਲਗਾਤਾਰ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ। ਟਰੰਪ ਪ੍ਰਸ਼ਾਸ਼ਨ ਦੀ ਯੂਕਰੇਨ ਜੰਗ ਨੂੰ ਲੈ ਕੇ ਬਦਲੀ ਨੀਤੀ ਨਾਲ ਯੂਰਪ ਅੰਦਰ ਅਮਰੀਕੀ ਸ਼ਾਖ਼ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵੱਲੋਂ ਨਾਟੋ ’ਚੋਂ ਬਾਹਰ ਆਉਣ, ਯੂਐਸ ਏਡ ਬੰਦ ਕਰਨ ਅਤੇ ਨਾਟੋ ਭਾਈਵਾਲਾਂ ਉੱਤੇ ਫੌਜ਼ੀ ਖਰਚ ਲਈ ਬਜ਼ਟ ਹੋਰ ਵਧਾਉਣ ਦਾ ਦਬਾਅ ਅਤੇ ਟੈਰਿਫ ਨੂੰ ਲੈ ਕੇ ਯੂਰਪ, ਕੈਨੇਡਾ, ਮੈਕਸੀਕੋ, ਭਾਰਤ ਆਦਿ ਭਾਈਵਾਲਾਂ ਨਾਲ ਸ਼ੁਰੂ ਹੋਈ ਵਪਾਰਕ ਜੰਗ ਕਾਰਨ ਇਹਨਾਂ ਮੁਲਕਾਂ ਨੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਤੇ ਆਪਸੀ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਨਾਲ ਯੂਰੋ ਜ਼ੋਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ। ਚੀਨ, ਰੂਸ, ਯੂਰਪੀਅਨ ਯੂਨੀਅਨ, ਬ੍ਰਿਕਸ ਅਤੇ ਅਮਰੀਕੀ ਸਾਮਰਾਜ ਵਿਰੋਧੀ ਲਾਤੀਨੀ ਮੁਲਕਾਂ ਦੀ ਅਮਰੀਕਾ ਖਿਲਾਫ ਵਧਦੀ ਬੇਭਰੋਸਗੀ ਅਮਰੀਕੀ ਸਾਮਰਾਜ ਲਈ ਖਤਰੇ ਦੀ ਘੰਟੀ ਹੈ।


ਜੰਗਬੰਦੀ ਨੂੰ ਲੈ ਕੇ ਪੈਦਾ ਹੋਈ ਗੁੰਝਲਦਾਰ ਹਾਲਤ ਨਾਲ ਰੂਸ ਦੇ ਹੌਂਸਲੇ ਹੋਰ ਮਜ਼ਬੂਤ ਹੋਏ ਹਨ। ਰੂਸ ਨੇ ਜੰਗ ਦੀ ਤੀਜੀ ਵਰ੍ਹੇਗੰਡ ਮੌਕੇ ਯੂਕਰੇਨ ਉੱਤੇ ਹਮਲੇ ਤੇਜ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਯੂਕਰੇਨੀ ਸ਼ਰਤਾਂ ਤਹਿਤ ਸਮਝੌਤੇ ਲਈ ਰਾਜੀ ਨਹੀਂ ਹੈ। ਇਸ ਜੰਗ ਦਾ ਹਾਂਪੱਖੀ ਨਿਬੇੜਾ ਨਾ ਹੋਣ ਕਾਰਨ ਇਸਦਾ ਘੇਰਾ ਰੂਸ-ਯੂਕਰੇਨ ਤੋਂ ਵਧਕੇ ਸੰਸਾਰ ਸਾਮਰਾਜੀ ਧਿਰਾਂ ਵਿਚਕਾਰ ਆਪਸੀ ਖਹਿਭੇੜ ਤੱਕ ਫੈਲ ਗਿਆ ਹੈ। ਇਹ ਜੰਗ ਵਿਸ਼ਵ ਦੀਆਂ ਬਹੁਕੌਮੀ ਹਥਿਆਰ ਕਾਰਪੋਰੇਸ਼ਨਾਂ ਦੇ ਜੰਗੀ ਵਪਾਰ ਦੀ ਸ਼ਾਹਰਗ ਬਣ ਗਈ ਹੈ। ਯੂਕਰੇਨ ਜੰਗ ਦੇ ਲਟਕਣ ਨਾਲ ਗਲੋਬਲ ਸਪਲਾਈ ਚੇਨ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ਤੇ ਤੇਲ, ਗੈਸ, ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਰੂਸ-ਯੂਕਰੇਨ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਸਾਮਰਾਜੀ ਜੰਗਾਂ ਦੀ ਕੀਮਤ ਤਾਰਨੀ ਪੈ ਰਹੀ ਹੈ। ਇਹਨਾਂ ਘਾਤਕ ਜੰਗੀ ਹਾਲਾਤਾਂ ’ਚ ਰੂਸੀ ਅਤੇ ਯੂਕਰੇਨੀ ਲੋਕਾਂ ਨੂੰ ਭਾਵੁਕਤਾ ਵਸ ਆਪਣੇ ਦੇਸ਼ ਦੇ ਹਾਕਮਾਂ ਦੇ ਸਰਹੱਦੀ ਸੁਰੱਖਿਆ ਅਤੇ ਰਾਸ਼ਟਰੀ ਵਿਕਾਸ ਦੇ ਰਾਸ਼ਟਰਵਾਦੀ ਗੁਣਗਾਣ ਦੇ ਢਹੇ ਚੜ੍ਹਕੇ ਜੰਗ ਦਾ ਸਾਥ ਨਹੀਂ ਦੇਣਾ ਚਾਹੀਦਾ। ਮੌਜੂਦਾ ਸਾਮਰਾਜੀ ਜੰਗਾਂ ਮਨੁੱਖਤਾ ਦੀ ਬੰਦਖਲਾਸੀ ਲਈ ਨਹੀਂ ਬਲਕਿ ਪਿਛਾਂਹਖਿਚੂ ਜਮਾਤਾਂ ਦੀ ਅਦਲਾ-ਬਦਲੀ ਤੇ ਸਾਮਰਾਜੀ ਮੰਡੀ ਦੇ ਵਿਸਤਾਰ ਲਈ ਲੜੀਆਂ ਜਾ ਰਹੀਆਂ ਹਨ। ਲੋਕਾਂ ਨੂੰ ਸਾਮਰਾਜੀ-ਸਰਮਾਏਦਾਰ ਜੰਗਬਾਜ਼ਾਂ ਤੋਂ ਨਿਜ਼ਾਤ ਪਾਉਣ ਲਈ ਜੰਗ ਵਿੱਚ ਸ਼ਾਮਲ ਸਾਰੀਆਂ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

- ਮਨਦੀਪ (+1 438-924-2052)

3 comments:

  1. Bahut shandar peshkash

    ReplyDelete
  2. ਕੀ ਕਰੀਏ ਤੇ ਨਾ ਕਰੀਏ?

    ReplyDelete
    Replies
    1. ਕੀ ਕਰੀਏ ਕੀ ਨਾ ਕਰੀਏ?

      Delete

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...