Search This Blog

Thursday, April 10, 2025

ਟਰੰਪ ਦਾ ਦੁਨੀਆਂ ਤੇ ਟੈਰਿਫੀ ਹਮਲਾ ਅਤੇ ਮੰਦੀ ਦੇ ਖਦਸ਼ੇ


ਬੀਤੀ 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਾਸੀਆਂ ਲਈ ‘ਮੁਕਤੀ ਦਿਵਸ’ ਦੀ ਘੋਸ਼ਣਾ ਕਰਦਿਆਂ ਅਮਰੀਕੀ ਵਪਾਰਕ ਭਾਈਵਾਲਾਂ ਉੱਤੇ ‘ਪਰਸਪਰ ਟੈਰਿਫ’ ਲਾਉਣ ਦਾ ਐਲਾਨ ਕਰਕੇ ਆਲਮੀ ਪੱਧਰ ਤੇ ਨਵੀਂ ਵਪਾਰਕ ਜੰਗ ਤੇਜ਼ ਕਰ ਦਿੱਤੀ। ਇਹਨਾਂ ਟੈਰਿਫਾਂ ਨੂੰ ਲਾਗੂ ਕਰਨ ਲਈ ਟਰੰਪ ਨੇ 1977 ਦੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ (ਆਈ.ਈ.ਈ.ਪੀ.ਏ.) ਦੀ ਵਰਤੋਂ ਕਰਦਿਆਂ ਨਿਰੰਤਰ ਵਪਾਰ ਘਾਟੇ ਨੂੰ ਇਕ ਰਾਸ਼ਟਰੀ ਐਮਰਜੈਂਸੀ ਵਜ਼ੋਂ ਪੇਸ਼ ਕੀਤਾ। ਟਰੰਪ ਨੇ ਦੂਸਰੇ ਦੇਸ਼ਾਂ ਤੋਂ ਅਮਰੀਕਾ ਵਿੱਚ ਦਰਾਮਦ ਹੋਣ ਵਾਲੀਆਂ ਵਸਤੂਆਂ ਉੱਤੇ 10%, ਚੀਨ ਉੱਤੇ 34%, ਵੀਅਤਨਾਮ ਉੱਤੇ 46%, ਭਾਰਤ ਉੱਤੇ 26%, ਯੂਰਪੀ ਯੂਨੀਅਨ ਅਤੇ ਜਪਾਨ ਉੱਤੇ 20% ਅਤੇ ਕੈਨੇਡਾ, ਮੈਕਸੀਕੋ ਦੇ ਆਟੋਮੋਬਿਲ ਅਯਾਤ ਉੱਤੇ 25% ਜਵਾਬੀ ਟੈਰਿਫ ਲਗਾਇਆ। ਈਯੂ ਦੇ ਸਪੇਨ ਤੇ ਬੈਲਜ਼ੀਅਮ ਨਾਲ ਵਪਾਰਕ ਵਾਧਾ ਹੋਣ ਦੇ ਬਾਵਜੂਦ ਵੀ ਇਹ ਮੁਲਕ 20% ਟੈਰਿਫ ਦੀ ਮਾਰ ਹੇਠ ਆਏ। ਕੰਬੋਡੀਆ, ਮੀਆਂਮਾਰ, ਲਾਊਸ, ਵਰਗੇ ਘੱਟ ਵਿਕਸਤ ਦੇਸ਼ ਵੀ ਅਮਰੀਕੀ ਟੈਰਿਫ ਹਮਲੇ ਦਾ ਸ਼ਿਕਾਰ ਬਣ ਗਏ। ਜਵਾਬੀ ਕਾਰਵਾਈ ਵਜ਼ੋਂ ਚੀਨ ਵੱਲੋਂ ਅਮਰੀਕੀ ਸਮਾਨ ਤੇ 34% ਟੈਰਿਫ ਦੇ ਐਲਾਨ ਨਾਲ ਵਿਸ਼ਵ ਵਪਾਰਕ ਜੰਗ ਤੇਜ ਹੋ ਗਈ ਹੈ ਅਤੇ ਅਮਰੀਕਾ ਦੀ ਸਟਾਕ ਮਾਰਕਿਟ 2 ਖਰਬ ਡਾਲਰ ਤੇ ਵਿਸ਼ਵ ਸਟਾਕ ਮਾਰਕਿਟ 9 ਖਰਬ ਡਾਲਰ ਤੱਕ ਲੁੜਕ ਗਈ। ਇਸਤੋਂ ਬਿਨ੍ਹਾਂ ਕੈਨੇਡਾ, ਮੈਕਸੀਕੋ, ਈਯੂ ਆਦਿ ਮੁਲਕਾਂ ਵੱਲੋਂ ਜਵਾਬੀ ਕਾਰਵਾਈ ਦੀਆਂ ਸੰਭਾਵਨਾਵਾਂ ਤੇਜ ਹੋ ਗਈਆਂ ਅਤੇ ਅਮਰੀਕਾ ਤੇ ਯੂਰਪ ਵਿੱਚ ਟਰੰਪ ਦੀਆਂ ਨੀਤੀਆਂ ਖਿਲਾਫ ਸੈਂਕੜੇ ਵਿਸ਼ਾਲ ਰੋਸ ਪ੍ਰਦਰਸ਼ਨ ਹੋਏ। ਟਰੰਪ ਵੱਲੋਂ ਵਿਸ਼ਵਵਿਆਪੀ ਵਿਰੋਧ ਤੇ ਮੰਦੀ ਦੇ ਖਤਰਿਆਂ ਨੂੰ ਭਾਂਪਦਿਆਂ ਚੀਨ ਉੱਤੇ 245% ਟੈਰਿਫ ਲਾਉਂਦਿਆਂ ਬਾਕੀ 75 ਮੁਲਕਾਂ ਲਈ 90 ਦਿਨ ਦੀ ਅਸਥਾਈ ਰਾਹਤ ਦਾ ਕਦਮ ਲੈਣ ਲਈ ਮਜਬੂਰ ਹੋਣੀ ਪਿਆ। ਅਮਰੀਕੀ ਸਾਮਰਾਜ ਨੇ ਆਪਣੇ ਵਪਾਰਕ, ਸਿਆਸੀ, ਫੌਜ਼ੀ ਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੀ ਸ਼ਕਤੀ ਦੇ ਲਗਾਤਾਰ ਖੁਰਦੇ ਜਾ ਰਹੇ ਪ੍ਰਭਾਵ ਦੇ ਪੁਨਰਗਠਨ ਲਈ ਇਹ ਵਪਾਰਿਕ ਤੇ ਕੂਟਨੀਤਿਕ ਜੰਗ ਸ਼ੁਰੂ ਕਰ ਦਿੱਤੀ ਹੈ।
ਟਰੰਪ ਕੋਈ ਅਦਿੱਖ ਅਲੌਕਿਕ ਸ਼ਕਤੀਆਂ ਦਾ ਮਾਲਕ ਵਿਅਕਤੀ ਨਹੀਂ ਹੈ ਜਿਸਦੀ ਵਿਅਕਤੀਗਤ ਇੱਛਾ ਅਮਰੀਕਾ ਨੂੰ ਮੁੜ ਮਹਾਨ ਤੇ ਅਮੀਰ ਬਣਾ ਦੇਵੇਗੀ। ਬਲਕਿ ਟਰੰਪ ਨੇ ਆਪਣੇ ਵਪਾਰਕ ਸਲਾਹਕਾਰ ਅਤੇ ਸੁਰੱਖਿਆਵਾਦੀ ਨੀਤੀਆਂ ਦੇ ਪੈਰੋਕਾਰ ਪੀਟਰ ਨਵਾਰੋ, ਸਟੀਵ ਬੋਨਨ, ਰਾਬਰਟ ਲਾਈਟਹਾਈਜਰ ਅਤੇ ਪਟੇ ਬੁਕਾਨਨ, ਜੋ ਮੁਕਤ ਵਪਾਰ ਸਮਝੌਤਿਆਂ ਦੇ ਆਲੋਚਕ, ਚੀਨ ਦੇ ਉਭਾਰ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਣ ਵਾਲੇ ਅਤੇ ਟੈਰਿਫ ਨੀਤੀਆਂ ਦੀ ਵਕਾਲਤ ਕਰਨ ਵਾਲੇ ਅਮਰੀਕੀ ਅਰਥਸ਼ਾਸ਼ਤਰੀ ਹਨ, ਅਤੇ ਅਮਰੀਕੀ ਪੂੰਜੀਪਤੀਆਂ ਦੀ ਸਲਾਹ ਨਾਲ ਇਸ ਟੈਰਿਫ ਨੀਤੀ ਨੂੰ ਲਾਗੂ ਕੀਤਾ ਹੈ। ਉਹਨਾਂ ਮੁਤਾਬਕ ਦਰਾਮਦੀ ਮਾਲ ਉੱਤੇ ਟੈਕਸ ਦੀ ਇਹ ਨੀਤੀ ਅਮਰੀਕਾ ਨੂੰ ਮੁੜ ਅਮੀਰ ਬਣਾਉਣ, ਘਰੇਲੂ ਨਿਰਮਾਣ ਉਦਯੋਗ ਨੂੰ ਪੁਨਰਗਠਿਤ ਕਰਨ ਤੇ ਵਪਾਰ ਘਾਟੇ ਨੂੰ ਘਟਾਉਣ ਲਈ ਲਿਆਂਦੀ ਜਾ ਰਹੀ ਹੈ। ਇਸਤੋਂ ਇਲਾਵਾ ਕਰਜ਼ਪੂਰਤੀ ਲਈ ਸਰਕਾਰੀ ਖਰਚਿਆਂ ਤੇ ਕੱਟ ਲਾਉਣ, ਅਮਰੀਕੀ ਦਬਕੇ ਨੂੰ ਕਾਇਮ ਰੱਖਣ ਲਈ ਪਨਾਮਾ ਨਹਿਰ, ਗਾਜ਼ਾ ਤੇ ਗ੍ਰੀਨਲੈਂਡ ਨੂੰ ਕਬਜਾਉਣ, ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਆਦਿ ਵਰਗੇ ਕੌਮੀ ਤ੍ਰਿਸਕਾਰ ਦੇ ਬਿਆਨ ਦੇਣੇ ਅਤੇ ਜੰਗੀ ਵਪਾਰਕ ਉਦੇਸ਼ਾਂ ਲਈ ਮੱਧ ਪੂਰਬ ਏਸ਼ੀਆ ਵਿੱਚ ਦਖਲਅੰਦਾਜ਼ੀ ਅਮਰੀਕੀ ਸਾਮਰਾਜ ਦੀ ਹਮਲਾਵਰ ਨੀਤੀ ਦਾ ਸਿੱਟਾ ਹੈ। ਆਰਥਿਕ ਤੇ ਫੌਜ਼ੀ ਮੁਹਾਣ ਤੇ ਅਮਰੀਕਾ ਦਾ ਇਹ ਹਮਲਾਵਰ ਰੁੱਖ ਪ੍ਰਮੁੱਖ ਤੌਰ ਤੇ ਚੀਨ ਅਤੇ ਬਾਕੀ ਦੇ ਸਾਮਰਾਜੀ ਮੁਲਕਾਂ ਨਾਲ ਮੁਕਾਬਲੇਬਾਜ਼ੀ ਵਿੱਚੋਂ ਪਛੜਣ ਦੇ ਖੌਫ਼ ਵਿੱਚੋਂ ਪੈਦਾ ਹੋਇਆ ਹੈ। ਸੰਸਾਰ ਵਪਾਰ ਵਿੱਚ ਅਮਰੀਕਾ ਦੀ ਪਹਿਲਾਂ ਵਾਲੀ ਸਮਰੱਥਾ, ਕਾਬਲੀਅਤ ਅਤੇ ਪ੍ਰਮੁੱਖਤਾ ਨਹੀਂ ਰਹੀ। ਸੱਤਰਵਿਆਂ ਦੇ ਦਹਾਕੇ ਵਿੱਚ ਸੰਸਾਰ ਵਪਾਰ ਵਿੱਚ ਅਮਰੀਕਾ ਦੀ ਹਿੱਸੇਦਾਰੀ 14% ਸੀ ਅਤੇ ਚੀਨ ਦੀ ਹਿੱਸੇਦਾਰੀ 1% ਤੋਂ ਵੀ ਘੱਟ ਦੀ ਸੀ। ਅਜੋਕੇ ਸਮੇਂ ਵਿਸ਼ਵ ਵਪਾਰ ਵਿੱਚ ਚੀਨ ਦੀ 14% ਅਤੇ ਅਮਰੀਕਾ ਦੀ 10% ਹਿੱਸੇਦਾਰੀ ਹੈ। ਇਸਤੋਂ ਇਲਾਵਾ ਰੂਸ, ਯੂਰਪੀ ਯੂਨੀਅਨ, ਬ੍ਰਿਕਸ ਗੱਠਜੋੜ ਅਤੇ ਗਲੋਬਲ ਸਾਊਥ ਦੇ ਅਨੇਕਾਂ ਮੁਲਕਾਂ ਦੇ ਦੁਵੱਲੇ ਵਪਾਰਕ ਸਬੰਧਾਂ ਅਤੇ ਆਰਥਿਕ ਉੱਨਤੀ ਕਾਰਨ ਸੰਸਾਰ ਇੱਕਧਰੁਵੀ ਨਿਰਭਰਤਾ ਦੇ ਪੂਰਨ ਦਾਬੇ ਹੇਠ ਨਹੀਂ ਰਿਹਾ। ਅਜਿਹੇ ’ਚ ਟਰੰਪ ਦੁਆਰਾ ਮੁਕਤ ਵਪਾਰ ਦੀਆਂ ਨਵਉਦਾਰਵਾਦੀ ਨੀਤੀਆਂ ਨੂੰ ਤਿਲਾਂਜ਼ਲੀ ਦੇ ਕੇ ਸੁਰੱਖਿਆਵਾਦੀ ਆਰਥਿਕ ਰਾਸ਼ਟਰਵਾਦ ਨੂੰ ਤਰਜ਼ੀਹ ਦੇਣੀ, ਇਕ ਘਾਤਕ ਸੁਪਨਾ ਹੈ ਜੋ ਅਮਰੀਕੀ ਸਰਦਾਰੀ ਦੀ ਗਿਰਾਵਟ ਦੀ ਪੁਸ਼ਟੀ ਕਰਦਾ ਹੈ।
ਸਭ ਤੋਂ ਪਹਿਲਾਂ ਟਰੰਪ ਦੀ ਟੈਰਿਫ ਗਣਨਾ ਵਿਧੀ ਜੋ ਵਿਸ਼ਵ ਵਪਾਰ ਸੰਸਥਾ ਦੀ ਵੈਬਸਾਇਟ ਤੇ ਦਿੱਤੀ ਹੋਈ ਹੈ, ਹੀ ਦੋਸ਼ਪੂਰਨ ਹੈ। ਇਹ ਵਿਧੀ ਗੁੰਝਲਦਾਰ ਵਪਾਰਕ ਸਬੰਧਾਂ ਨੂੰ ਸਰਲ ਬਣਾਕੇ ਪੇਸ਼ ਕਰਦੀ ਹੈ। ਟੈਰਿਫ ਦੀ ਗਣਨਾ ਵਪਾਰ ਘਾਟੇ ਦੇ ਅਨੁਪਾਤ ਅਨੁਸਾਰ ਕੀਤੀ ਗਈ ਹੈ। ਕਿਸੇ ਇੱਕ ਮੁਲਕ ਨਾਲ ਵਪਾਰ ਘਾਟੇ ਨੂੰ ਉਸ ਦੇਸ਼ ਤੋਂ ਅਯਾਤ ਵਸਤੂਆਂ ਦੇ ਕੁੱਲ ਮੁੱਲ ਨਾਲ ਵੰਡਕੇ ਅਗਾਂਹ ਉਸਨੂੰ 2 ਨਾਲ ਵੰਡਕੇ ਟੈਰਿਫ ਦਰ ਤੈਅ ਕੀਤੀ ਗਈ ਹੈ। ਉਦਾਹਰਣ ਵਜ਼ੋਂ ਜੇਕਰ ਅਮਰੀਕਾ ਦਾ ਕੈਨੇਡਾ ਨਾਲ ਵਪਾਰ ਘਾਟਾ 100 ਅਰਬ ਡਾਲਰ ਦਾ ਹੈ ਤੇ ਉਸਦਾ ਕੈਨੇਡਾ ਤੋਂ ਅਯਾਤ 200 ਅਰਬ ਡਾਲਰ ਦਾ ਹੈ ਤਾਂ 100/200 = 0.5/2 = 0.25% (25%)। ਸਾਮਰਾਜੀ ਦੌਰ ਅੰਦਰ ਅਣਸਾਵੇਂ ਵਿਕਾਸ ਕਾਰਨ ਦੁਨੀਆਂ ਪੱਛੜੇ ਅਤੇ ਵਿਕਸਿਤ ਮੁਲਕਾਂ ਵਿਚਕਾਰ ਵੰਡੀ ਹੋਈ ਹੈ ਜਿਸ ਕਰਕੇ ਪੂੰਜੀ, ਤਕਨੀਕ, ਬੁਨਿਆਦੀ ਢਾਂਚੇ, ਮੁਦਰਾ ਦੀ ਕੀਮਤ ਅਤੇ ਉਜ਼ਰਤਾਂ ਵਿਚਕਾਰ ਅੰਤਰ ਕਾਰਨ ਸੰਤੁਲਿਤ ਸੰਸਾਰ ਵਪਾਰ ਦਾ ਸੰਕਲਪ ਮੂਲੋਂ ਹੀ ਗਲਤ ਹੈ। ਦਿੱਲੀ ਅਤੇ ਸ਼ਿਕਾਗੋ ਦੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚਕਾਰ ਜ਼ਮੀਨ-ਅਸਮਾਨ ਦਾ ਫਰਕ ਹੋਣ ਕਰਕੇ ਅਤੇ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਘੱਟ ਹੋਣ ਕਰਕੇ ਅਮਰੀਕੀ ਉਤਪਾਦਕ ਵਸਤਾਂ ਭਾਰਤੀ ਉਤਪਾਦਕ ਵਸਤਾਂ ਮੁਕਾਬਲੇ ਜਿਆਦਾ ਮਹਿੰਗੀਆਂ ਹੋਣਗੀਆਂ। ਇਸ ਲਈ ਪਰਸਪਰ ਟੈਰਿਫ ਬਰਾਬਰ ਆਰਥਿਕਤਾਵਾਂ ਵਾਲੇ ਦੇਸ਼ਾਂ ਵਿੱਚ ਹੋਰ ਮਾਇਨੇ ਰੱਖਦੇ ਹਨ ਤੇ ਅਸਾਵੇਂ ਵਿਕਾਸ ਕਾਰਨ ਇਸਦੀ ਮਾਰ ਗਰੀਬ ਮੁਲਕਾਂ ਦੇ ਲੋਕਾਂ ਉੱਤੇ ਵੱਧ ਪੈਂਦੀ ਹੈ।
ਦੂਸਰਾ ਅਮਰੀਕੀ ਸਾਮਰਾਜ ਟੈਰਿਫ ਨੂੰ ਇੱਕ ਕੂਟਨੀਤਿਕ ਹਥਿਆਰ ਵਜ਼ੋਂ ਵਰਤਦਾ ਹੈ, ਜਿਸ ਤਹਿਤ ਪੂੰਜੀਪਤੀਆਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਮਰਾਜੀ ਪੂੰਜੀਵਾਦੀ ਤਾਕਤਾਂ ਮੰਡੀ ਦੇ ਵਿਸਤਾਰ ਅਤੇ ਪੂੰਜੀ ਦੇ ਇਕੱਤਰੀਕਰਨ ਲਈ ਟੈਰਿਫ ਨੂੰ ਰਾਸ਼ਟਰੀ ਨੀਤੀ ਵਜ਼ੋਂ ਵਰਤਦੇ ਹਨ। ਇਸ ਕੂਟਨੀਤਿਕ ਹਥਿਆਰ ਤਹਿਤ ਦੰਡਕਾਰੀ ਟੈਰਿਫ ਦੀਆਂ ਧਮਕੀਆਂ ਨਾਲ ਕਿਸੇ ਮੁਲਕ ਵਿੱਚ ਅਮਰੀਕੀ ਵਸਤਾਂ ਦੇ ਅਯਾਤ ਉੱਤੇ ਟੈਰਿਫ ਘੱਟ ਕਰਨ ਦਾ ਦਬਾਅ ਪਾਇਆ ਜਾਂਦਾ ਹੈ ਤਾਂ ਜੋ ਅਮਰੀਕੀ ਉਤਪਾਦਾਂ ਲਈ ਮੰਡੀ ਤੇ ਮੁਨਾਫੇ ਦੀਆਂ ਅੜਚਨਾਂ ਨੂੰ ਦੂਰ ਕੀਤਾ ਜਾ ਸਕੇ। ਉਦਾਹਰਨ ਵਜੋਂ 1994 ਵਿੱਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ ਨਾਫਟਾ (ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ) ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ ਮੈਕਸੀਕੋ ਵਿੱਚ ਖਪਤ ਕੀਤੇ ਜਾਣ ਵਾਲੇ ਭੋਜਨ ਦਾ ਵੱਡਾ ਹਿੱਸਾ (42%) ਅਮਰੀਕਾ ਤੋਂ ਨਿਰਯਾਤ ਕੀਤਾ ਗਿਆ, ਜਿਸ ਨਾਲ 13 ਲੱਖ ਕਿਸਾਨ ਖੇਤੀਬਾੜੀ ਵਿਚੋਂ ਬਾਹਰ ਹੋ ਗਏ। ਲੱਖਾਂ ਮੈਕਸੀਕਨ ਭੁੱਖਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਅਤੇ ਦੇਸ਼ ਦੇ ਕਿਸਾਨ ਪਰਿਵਾਰ ਕੁਪੋਸ਼ਣ ਤੇ ਗਰੀਬੀ ਦਾ ਸ਼ਿਕਾਰ ਹੋ ਗਏ। ਮੈਕਸੀਕੋ ’ਚ ਚੌਲ, ਸੋਇਆਬੀਨ, ਦਾਲਾਂ , ਕਣਕ ਅਤੇ ਮੱਕੀ ਅਮਰੀਕਾ ਤੋਂ ਅਯਾਤ ਕੀਤੇ ਜਾਣ ਲੱਗੇ ਜਿਸ ਨਾਲ ਖੇਤੀਬਾੜੀ ਸੈਕਟਰ ਦਾ ਦੀਵਾਲਾ ਨਿਕਲਣ ਨਾਲ ਲੱਖਾਂ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਏ। ਖੇਤੀਬਾੜੀ ਸੈਕਟਰ ਦੇ ਉਜਾੜੇ ਕਾਰਨ ਲੱਖਾਂ ਦੀ ਗਿਣਤੀ ਵਿੱਚ ਵਿਹਲੀ ਹੋਈ ਰਿਜ਼ਰਵ ਆਰਮੀ (ਕਿਸਾਨਾਂ ਦੇ ਨੌਜਵਾਨ ਧੀਆਂ-ਪੁੱਤ) ਕਾਨੂੰਨੀ-ਗੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਪ੍ਰਵਾਸ ਕਰਨ ਲਈ ਮਜ਼ਬੂਰ ਹੋਈ ਜੋ ਅੱਜ-ਕੱਲ ਅਮਰੀਕਾ ਵਿੱਚੋਂ ਦੇਸ਼-ਨਿਕਾਲੇ ਦਾ ਸਭ ਤੋਂ ਵੱਧ ਸ਼ਿਕਾਰ ਹੈ। ਨਾਫਟਾ ਅਧੀਨ ਮੈਕਸੀਕੋ ਦਾ ਡੇਅਰੀ ਤੇ ਪੋਲਟਰੀ ਸੈਕਟਰ ਤਬਾਹ ਹੋ ਗਿਆ। ਸ਼ਹਿਰਾਂ ਵਿੱਚ ਮਜ਼ਦੂਰਾਂ ਦੇ ਹੜ੍ਹ ਕਾਰਨ ਉਦਯੋਗਿਕ ਮਜ਼ਦੂਰੀ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ ਆਈ। ਹੁਣ ਨਾਫਟਾ ਵਰਗੇ ਮੁਕਤ ਵਪਾਰ ਸਮਝੌਤਿਆਂ ਦੀ ਉਲੰਘਣਾ ਕਰਦਿਆਂ ਇਕਪਾਸੜ ਤੌਰ ਤੇ ਟੈਰਿਫ ਲਗਾਕੇ ਬਚੇ-ਖੁਚੇ ਮੈਕਸੀਕਨ ਉਦਯੋਗਾਂ ਅਤੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਹੀ ਹਾਲਤ ਅਮਰੀਕੀ ਖੇਤੀਬਾੜੀ ਉਤਪਾਦਾਂ ਉੱਤੇ ਟੈਰਿਫ ਘਟਾਉਣ ਨਾਲ ਭਾਰਤ ਦੀ ਕਿਸਨੀ ਅਤੇ ਆਮ ਲੋਕਾਂ ਦੀ ਹੋਵੇਗੀ। ਭਾਰਤ ਵਿੱਚ ਅਮਰੀਕਾ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਵਿੱਚ ਪਾੜਾ ਹੋਣ ਕਾਰਨ, ਭਾਰਤ ’ਚ ਅਮਰੀਕੀ ਅਯਾਤ ਤੇ ਟੈਰਿਫ ਘਟਾਉਣ ਤੇ ਨਿਰਯਾਤ ਉੱਤੇ ਟੈਰਿਫ ਵਸੂਲਣ, ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ’ਚ ਅੰਤਰ ਹੋਣ ਕਾਰਨ ਖੇਤੀਬਾੜੀ, ਪੋਲਟਰੀ ਅਤੇ ਡੇਅਰੀ ਖੇਤਰਾਂ ਵਿੱਚ ਉਜਾੜਾ ਪੈਦਾ ਹੋਵੇਗਾ। ਭਾਰਤ-ਅਮਰੀਕਾ ਦੁਵੱਲਾ ਵਪਾਰ ਸਮਝੌਤਾ (ਬੀਟੀਏ) ਭਾਰਤੀ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਲਈ ਵੱਡਾ ਖਤਰਾ ਖੜਾ ਕਰੇਗਾ ਤੇ ਇਸ ਲਈ ਅਮਰੀਕਾ ਦੇ ਪਰਸਪਰ ਟੈਰਿਫ ਗੈਰ ਵਾਜ਼ਿਬ ਤੇ ਹਮਲਾਵਰ ਹਨ।
ਗਲੋਬਲ ਆਰਥਿਕਤਾ ਉੱਤੇ ਨਿਯੰਤਰਣ ਲਈ ਨਵਉਦਾਰਵਾਦੀ ਜਨੂੰਨ ਦੇ ਨਾਲ-ਨਾਲ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਕਈ ਤਰ੍ਹਾਂ ਦੇ ਅੰਤਰਵਿਰੋਧਾਂ ਦਾ ਵੀ ਸ਼ਿਕਾਰ ਹਨ। ਅਮਰੀਕਾ ਦੀ ਆਰਥਿਕ ਮਜ਼ਬੂਤੀ ਸਸਤੇ ਅਯਾਤ ਅਤੇ ਮਹਿੰਗੇ ਨਿਰਯਾਤ ਉੱਤੇ ਟਿਕੀ ਹੋਈ ਹੈ। ਅਮਰੀਕਾ ਦੇ ਮੁਕਾਬਲੇ ਸਸਤੀ ਲੇਬਰ ਅਤੇ ਸਸਤੇ ਕੱਚੇ ਸ੍ਰੋਤਾਂ ਕਾਰਨ ਚੀਨ ਸਮੇਤ ਸੰਸਾਰ ਦੇ ਦੂਰ ਤੱਟਵਰਤੀ ਖੇਤਰਾਂ ਵਿੱਚ ਉਤਪਾਦਨ ਅਮਰੀਕਾ ਨੂੰ ਸਸਤਾ ਪੈਂਦਾ ਹੈ। ਜੇਕਰ ਉਹ ਘਰੇਲੂ ਨਿਵੇਸ਼ ਉੱਤੇ ਜੋਰ ਦਿੰਦਾ ਹੈ  ਤਾਂ ਅਮਰੀਕਾ ਵਿੱਚ ਉੱਚ  ਉਜ਼ਰਤੀ ਦਰਾਂ ਤੇ ਮਹਿੰਗੀ ਢੋਆ-ਢੁਆਈ ਕਾਰਨ ਉਸਨੂੰ ਉਤਪਾਦਨ ਮਹਿੰਗਾ ਪਵੇਗਾ ਜਿਸ ਨਾਲ ਸੰਸਾਰ ਮੰਡੀ ਵਿੱਚ ਉਸਦੇ ਉਤਪਾਦ ਮੁਕਾਬਲਾ ਨਹੀਂ ਕਰ ਸਕਣਗੇ। ਵਿਦੇਸ਼ੀ ਦਰਾਮਦਾਂ ਨੂੰ ਸਜਾ ਦੇਕੇ ਅਤੇ ਅਮਰੀਕੀ ਕਾਰਪੋਰੇਸ਼ਨਾਂ ਨੂੰ ਸਥਾਨਕ ਉਤਪਾਦਨ ਲਈ ਮਜ਼ਬੂਰ ਕਰਕੇ ਅਮਰੀਕੀ ਉਤਪਾਦ ਗਲੋਬਲ ਮੰਡੀ ਦੇ ਕਾਬਲ ਨਹੀਂ ਹੋ ਸਕਦੇ। ਅਮਰੀਕਾ ਅੰਦਰ ਨਿਰਮਾਣ ; ਮਹਿੰਗਾਈ, ਰੈਗੂਲੇਟਰੀ ਕਾਨੂੰਨਾਂ ਅਤੇ ਡਾਲਰ ਦੀ ਕੀਮਤ ਵੱਧ ਹੋਣ ਕਰਕੇ ਵੀ ਅਮਰੀਕੀ ਵਸਤਾਂ ਨੂੰ ਨਿਰਯਾਤ ਮੁਕਾਬਲੇ ਵਿੱਚੋਂ ਬਾਹਰ ਕਰਦਾ ਹੈ। ਐਪਲ, ਵਾਲਮਾਰਟ, ਮੈਕਡੋਨਲਡ, ਟੈਸਲਾ ਨੇ ਦੂਰ ਤੱਟਵਰਤੀ (ਆਫਸ਼ੋਰ) ਨਿਰਮਾਣ, ਸਸਤੇ ਕੱਚੇ ਮਾਲ ਅਤੇ ਮਜ਼ਦੂਰਾਂ ਦੀ ਸਸਤੀ ਉਜ਼ਰਤ ਲੁੱਟ ਕੇ ਹੀ ਆਪਣੇ ਸਾਮਰਾਜ ਖੜੇ ਕੀਤੇ ਹਨ। ਇਸਤੋਂ ਇਲਾਵਾ ਅਮਰੀਕਾ ਅੰਦਰ ਨਿਰਮਾਣ ਲਈ ਬੁਨਿਆਦੀ ਢਾਂਚਾ ਰਾਤੋ-ਰਾਤ ਖੜਾ ਨਹੀਂ ਹੋ ਸਕਦਾ। ਇਸ ਲਈ ਅਮਰੀਕੀ ਹਾਕਮ ਜਾਣਦੇ ਹਨ ਕਿ ਇਹਨਾਂ ਨੀਤੀਆਂ ਦਾ ਬੋਝ ਆਮ ਲੋਕਾਂ ਉੱਤੇ ਪੈਣ ਵਾਲਾ ਹੈ ਅਤੇ ਲੋਕ ਵਿਰੋਧ ਨੂੰ ਅਗਾਊਂ ਦਬਾਉਣ ਲਈ ਮਜ਼ਦੂਰ ਵਿਰੋਧੀ ਕਾਨੂੰਨਾਂ, ਪੁਲਸੀਆ ਦਹਿਸ਼ਤ ਤੇ ਪ੍ਰਵਾਸੀ ਵਿਰੋਧੀ ਕੌਮੀ ਸ਼ਾਵਨਵਾਦੀ ਭਾਵਨਾ ਨੂੰ ਬੜਾਵਾ ਦਿੰਦਿਆਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਜੇਕਰ ਟਰੰਪ ਭਵਿੱਖ ਵਿੱਚ ਘਰੇਲੂ ਉਦਯੋਗਾਂ ਦੇ ਪੁਨਰਗਠਨ ਲਈ ਟੈਰਿਫ ਨੀਤੀ ਤੇ ਅਮਲੀ ਤੌਰ ਤੇ ਸਖਤ ਨਾਲ ਪਹਿਰਾ ਦੇਣਾ ਜਾਰੀ ਰੱਖਦਾ ਹੈ ਤਾਂ ਇਸਦੇ ਨਤੀਜੇ ਵਿਸ਼ਵ ਬਜ਼ਾਰਾਂ ਵਿੱਚ ਉੱਥਲ-ਪੁਥਲ, ਅਸਥਿਰਤਾ, ਨੌਕਰੀਆਂ ਦੇ ਖਾਤਮੇ, ਮਹਿੰਗਾਈ, ਗੈਰਬਰਾਬਰਤਾ, ਸਮਾਜਿਕ ਤਣਾਅ ਤੇ ਅਰਾਜਕਤਾ, ਗਲੋਬਲ ਸਪਲਾਈ ਚੇਨ ‘ਚ ਗੜਬੜ, ਛੋਟੇ ਵਪਾਰਾਂ ਤੇ ਖੇਤੀਬਾੜੀ ਦਾ ਉਜਾੜਾ ਅਤੇ ਖਪਤਕਾਰਾਂ ਤੇ ਬੋਝ ਦੇ ਰੂਪ ਵਿੱਚ ਸਾਹਮਣੇ ਆਉਣਗੇ। ਮਹਿੰਗਾਈ ਦੇ ਪ੍ਰਮਾਣੂ ਬੰਬ ਨੂੰ ਠੱਲ੍ਹ ਪਾਉਣ ਲਈ ਕੇਂਦਰੀ ਵਿਆਜ਼ ਦਰਾਂ ਵਧਾਈਆਂ ਜਾਣਗੀਆਂ ਜਿਸ ਨਾਲ ਰੀਅਲ ਸਟੇਟ ਤੇ ਸਟਾਕ ਮਾਰਕਿਟ ਡਿੱਗੇਗੀ, ਮੁਦਰਾ ਬਜ਼ਾਰਾਂ ਵਿੱਚ ਅਸਥਿਰਤਾ ਪੈਦਾ ਹੋਵੇਗੀ, ਮੰਗ ਤੇ ਉਤਪਾਦਕਤਾ ਘਟੇਗੀ, ਨਿਵੇਸ਼ ਘਟੇਗਾ, ਮੁਨਾਫੇ ਦੀਆਂ ਦਰਾਂ ਡਿੱਗਣਗੀਆਂ ਤੇ ਖੜੋਤ ਨਾਲ ਵਾਧੂ ਪੈਦਾਵਾਰ ਦਾ ਸੰਕਟ ਪੈਦਾ ਹੋ ਜਾਵੇਗਾ। ਜਿਸ ਨਾਲ ਵਿਸ਼ਵ ਆਰਥਿਕਤਾ ਗੰਭੀਰ ਆਰਥਿਕ ਮੰਦੀ ਦੀ ਚਪੇਟ ਵਿੱਚ ਆ ਸਕਦੀ ਹੈ। ਜੇਕਰ ਇਹ ਪੂੰਜੀਵਾਦ ਸਨਕ ਜਾਰੀ ਰਹਿੰਦਾ ਹੈ ਤਾਂ ਇਹ ਸੰਕਟ 2008 ਦੇ ਅਮਰੀਕੀ ਸਬਪ੍ਰਾਇਮ ਸੰਕਟ ਨਾਲੋਂ ਕਿਤੇ ਵੱਧ ਗਹਿਰਾ ਸਾਬਤ ਹੋਵੇਗਾ।
ਟੈਰਿਫ ਨੀਤੀ ਨਾਲ ਵਿਸ਼ਵ ਆਰਥਿਕਤਾ ਦੀ ਘੇਰਾਬੰਦੀ ਕਰਕੇ ਪੂਰੇ ਸੰਸਾਰ ਆਰਥਿਕ-ਵਪਾਰਕ ਤਾਣੇ-ਬਾਣੇ ਨੂੰ ਵਿਗਾੜਕੇ ਇਸਦਾ ਲਾਹਾ ਲੈਣ ਦੀ ਤਾਕ ’ਚ ਬੈਠਾ ਅਮਰੀਕੀ ਸਾਮਰਾਜ ਖੁਦ ਨਿਖੜ ਰਿਹਾ ਹੈ। ਵੱਖ-ਵੱਖ ਮਹਾਂਦੀਪਾਂ ਦੇ ਦੇਸ਼ ਅਮਰੀਕਾ ਤੋਂ ਆਰਥਿਕ ਤੇ ਫੌਜ਼ੀ ਨਿਰਭਰਤਾ ਘਟਾਉਣ ਲਈ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾ ਰਹੇ ਹਨ ਅਤੇ ਕਈ ਦੇਸ਼ ਆਪਣੀ ਫੌਜ਼ੀ ਸਮਰੱਥਾਂ ਦੇ ਨਾਲ-ਨਾਲ ਪ੍ਰਮਾਣੂ ਨਿਰਭਰਤਾ ਲਈ ਵੀ ਅਹੁਲ ਰਹੇ ਹਨ। ਆਪਣੇ ਰਵਾਇਤੀ ਵਫਾਦਾਰ ਭਾਈਵਾਲਾਂ ਉੱਤੇ ਵਪਾਰਕ ਹਮਲੇ, ਪੱਛਮੀ ਖੇਮੇ ਵਿਰੋਧੀ ਰੂਸ-ਚੀਨ ਨੂੰ ਆਪਣੀ ਮੰਡੀ ਦੇ ਵਿਸਤਾਰ ਦਾ ਮੌਕਾ ਮੁਹੱਇਆ ਕਰਵਾਉਣਗੇ ਅਤੇ ਅਮਰੀਕਾ ਨੂੰ ਮੰਦੀ ਦੇ ਜੋਖ਼ਮ ਵਿੱਚ ਪਾਉਣਗੇ ਜਿਸਦੇ ਸਿਰ ਕੁੱਲ ਕਰਜ਼ (36.2 ਖਰਬ ਡਾਲਰ) ਪਹਿਲਾਂ ਹੀ ਉਸਦੀ ਕੁੱਲ ਜੀਡੀਪੀ (29 ਖਰਬ ਡਾਲਰ) ਤੋਂ ਵੱਧ ਹੈ। ਉੱਧਰ ਚੀਨ ਨੇ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ 9000 ਜਹਾਜ਼ਾਂ ਦੀ ਡਲਿਵਰੀ ਉੱਤੇ ਰੋਕ ਲਾਕੇ ਅਮਰੀਕਾ ਨੂੰ ਵੱਡਾ ਚੈਲਿੰਜ ਪੇਸ਼ ਕੀਤਾ ਹੈ। ਉਂਝ ਵੀ ਅਮਰੀਕੀ ਮੰਡੀ ‘ਚ ਚੀਨੀ ਮਾਲ ਦੇ ਅਯਾਤ ਤੇ ਪੂਰਨ ਰੋਕ ਲਾਉਣਾ ਅਸਾਨ ਨਹੀਂ ਹੈ। ਚੀਨ ਤੋਂ ਇਲਾਵਾ ਜਿੰਨਾਂ ਮੁਲਕਾਂ ਨਾਲ ਅਮਰੀਕਾ ਦਾ ਦੁਵੱਲਾ ਵਪਾਰ ਹੈ ਉਹਨਾਂ ਦੇਸ਼ਾਂ ਦੇ ਨਿਰਮਾਣ ਖੇਤਰ ਵਿੱਚ ਚੀਨੀ ਕੰਪਨੀਆਂ ਤੇ ਚੀਨੀ ਮਾਲ ਦੀ ਚੋਖੀ ਹਿੱਸੇਦਾਰੀ ਹੈ। ਮਸਲਨ ਚੀਨੀ ਮਾਲ ਸਿੱਧੇ ਟੈਰਿਫ ਹਮਲੇ ਤੋਂ ਬਚਕੇ ਵਾਇਆ ਤਾਈਵਾਨ, ਮੈਕਸੀਕੋ, ਵੀਅਤਨਾਮ ਆਦਿ ਦੇਸ਼ਾਂ ਰਾਹੀਂ ਅਮਰੀਕੀ ਮੰਡੀ ‘ਚ ਜਾ ਰਿਹਾ ਹੈ।
ਇਸਤੋਂ ਬਿਨਾਂ ਕੁਝ ਉਦਾਰਵਾਦੀ ਅਰਥਸ਼ਾਸ਼ਤਰੀ ਤਰਕ ਦਿੰਦੇ ਹਨ ਕਿ ਟੈਰਿਫ ਨਾਲ ਸਰਕਾਰ ਨੂੰ ਮਾਲੀਆ ਮਿਲਦਾ ਹੈ, ਘਰੇਲੂ ਉਦਯੋਗਾਂ ਨੂੰ ਪ੍ਰੋਤਸਾਹਨ ਮਿਲਦਾ ਹੈ, ਨੌਕਰੀਆਂ ਦੇ ਮੌਕੇ ਪੈਦਾ ਹੁੰਦੇ ਹਨ, ਸਥਾਨਕ ਅਰਥਚਾਰਿਆਂ ਦੀ ਮਜ਼ਬੂਤੀ ਨਾਲ ਅੰਤਰਰਾਸ਼ਟਰੀ ਆਵਾਜਾਈ ਘਟੇਗੀ ਜੋ ਘੱਟ ਪ੍ਰਦੂਸ਼ਣ ਤੇ ਵਾਤਾਵਰਣ ਪੱਖੀ ਹੈ। ਪਰੰਤੂ ਇਹਨਾਂ ਪੂੰਜੀਵਾਦੀ-ਉਦਾਰਵਾਦੀ ਦਾਅਵਿਆਂ ਦੌਰਾਨ ਇਹ ਭੁਲਾ ਦਿੱਤਾ ਜਾਂਦਾ ਹੈ ਕਿ ਇਹ ਸਭ ਕਿਸਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਤੇ ਕਿਸ ਕੀਮਤ ਉੱਤੇ ਹੋਵੇਗਾ ? ਹਕੀਕੀ ਆਰਥਿਕ-ਸਿਆਸੀ ਸਵੈ-ਨਿਰਭਰਤਾ ਤੇ ਅਜ਼ਾਦੀ ਸਾਮਰਾਜੀ ਤੇ ਸਰਮਾਏਦਾਰੀ ਤੋਂ ਮੁਕਤ ਲੋਕਪੱਖੀ ਸਮਾਜ ਸਥਾਪਿਤ ਕਰਕੇ ਹੀ ਸੰਭਵ ਹੈ।

-ਮਨਦੀਪ (+1 438-924-2052)

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...