Search This Blog

Friday, April 25, 2025

ਮਨੁੱਖੀ ਸਮਾਜ ਦੇ ਭਵਿੱਖ ਦੀ ਤਸਵੀਰ


ਜਰਾ ਇਸ ਤਸਵੀਰ ਨੂੰ ਪੂਰੀ ਗੌਹ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ! ਇਹ ਉਹ ਇਤਿਹਾਸਕ ਤਸਵੀਰ ਹੈ, ਜਿਸਦਾ ਸਬੰਧ ਇਸ ਧਰਤੀ ਤੇ ਵਸਦੇ ਹਰ ਉਸ ਬਾਸ਼ਿੰਦੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ, ਜੋ ਹਾਲੇ ਜ਼ਿੰਦਾ ਹੈ। ਇਸ ਤਸਵੀਰ ਨੂੰ ਨਾ ਦੇਖਣ ਅਤੇ ਇਸਦੇ ਬਾਰੇ ਨਾ ਜਾਨਣ ਨਾਲ ਵੀ ਹਕੀਕਤ ਰੱਤੀ ਭਰ ਵੀ ਬਦਲਣ ਵਾਲੀ ਨਹੀਂ ਹੈ। ਪਰ ਫਿਰ ਵੀ ਇਸ ਤਸਵੀਰ ਨੂੰ ਦੇਖਣਾ, ਜਾਨਣਾ ਤੇ ਮਹਿਸੂਸ ਕਰਨਾ ਆਪਣੇ ਤੇ ਪੂਰੇ ਮਨੁੱਖੀ ਸਮਾਜ ਦੇ ਭਵਿੱਖ ਨੂੰ ਦੇਖਣ-ਸਮਝਣ ਸਮਾਨ ਹੈ।
 
ਤਸਵੀਰ ਵਿਚਲੇ ਇਹਨਾਂ ਬੱਚਿਆਂ ਦੇ ਹੱਥ ’ਚ ਫੜੀ ਤਸਵੀਰ ’ਚ ਇਹ ਬੱਚੇ ਗਾਜ਼ਾ ’ਚ ਇਸਰਾਇਲੀ ਬੰਬਾਂ ਦੀ ਚਪੇਟ ’ਚ ਆਕੇ ਜਖ਼ਮੀ ਹੋਏ ਆਪਣੇ ਬਾਪ ਨਾਲ ਮਲਬੇ ਦੇ ਢੇਰ ਕੋਲ ਖੜੇ ਦਿਖਾਈ ਦਿੰਦੇ ਹਨ। ਇਹ ਬੱਚੇ ਕੁਝ ਦਿਨ ਪਹਿਲਾਂ ਕੈਨੇਡਾ ਦੀ ਰਾਜਧਾਨੀ ਔਟਵਾ ’ਚ ਹੋ ਰਹੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਹਨਾਂ ਬੱਚਿਆਂ ਸਾਹਮਣੇ ਮਹਿਜ ਦੋ ਫੁੱਟ ਦੀ ਦੂਰੀ ਤੇ ਖੜਕੇ ਗਾਜ਼ਾ ਦੇ ਨਸਲਘਾਤ ਅਤੇ ਮਨੁੱਖੀ ਸਮਾਜ ਦੇ ਭਵਿੱਖ ਦਾ ਨਕਸ਼ਾ ਦੇਖਣ ਨੂੰ ਮਿਲਿਆ। ਇਹ ਬੱਚੇ ਆਪਣੇ ਪਿਤਾ ਨਾਲ ਵਿਰੋਧ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਗਾਜ਼ਾ ਦੇ ਜੰਗੀ ਖੇਤਰ ਚੋਂ ਜਾਨ ਬਚਾਕੇ ਕੈਨੇਡਾ ਪਹੁੰਚੇ ਸਨ। ਇਹਨਾਂ ਦੀਆਂ ਦੋ ਮਾਵਾਂ ਹਾਲੇ ਵੀ ਜੰਗ ਵਿੱਚ ਫਸੀਆਂ ਹੋਈਆਂ ਹਨ। ਇੱਕ ਇਹਨਾਂ ਨੂੰ ਜਨਮ ਦੇਣ ਵਾਲੀ ਜਨਣੀ ਤੇ ਦੂਜੀ ਫ਼ਲਸਤੀਨ ਦੀ ਧਰਤ ਮਾਂ! ਇਹਨਾਂ ਦੀਆਂ ਅੱਖਾਂ ’ਚ ਸੰਸਾਰ ਭਰ ਦੇ ਲੋਕਾਂ ਨੂੰ ਇੱਕ ਅਪੀਲ, ਇੱਕ ਤਰਲਾ, ਇੱਕ ਬੇਵੱਸੀ ਭਰਿਆ ਸੁਨੇਹਾ ਵੀ ਹੈ ਤੇ ਮਾਵਾਂ ਤੋਂ ਵਿਛੋੜੇ ਦਾ ਡੂੰਘਾ ਦਰਦ ਵੀ। ਕੋਈ ਪਹਾੜ ਜਿੱਡੇ ਜਿਗਰੇ ਵਾਲਾ ਇਨਸਾਨ ਵੀ ਦੋ ਮਿੰਟ ਲਈ ਇਹਨਾਂ ਮਾਸੂਮ ਬੱਚਿਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਅੱਖਾਂ ਸੁੱਕੀਆਂ ਨਹੀਂ ਰੱਖ ਸਕਦਾ। ਲੋਕ ਤਾਜ਼ਾਂ-ਤਖ਼ਤਾਂ ਨੂੰ ਖ਼ਾਕ ਕਿਵੇਂ ਕਰ ਦਿੰਦੇ ਹਨ? ਇਸ ਸਵਾਲ ਦਾ ਜਵਾਬ ਮੋਨ ਖੜੇ ਇਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਸਾਫ ਪੜ੍ਹਿਆ ਜਾ ਸਕਦਾ ਹੈ। ਜਿਹਨਾਂ ਨੰਨ੍ਹੀਆਂ ਪਲਕਾਂ ਨੇ ਸੁਪਨੇ ਦੇਖਣ ਦੀ ਵਰੇਸੇ ਜੰਗੀ ਕਹਿਰ ਵੇਖਿਆ ਹੋਵੇ, ਉਹਨਾਂ ਸਾਹਵੇਂ ਤਖਤਾਂ ਦਾ ਖੌਫ ਕਿੰਨਾ ਨਿਗੂਣਾ ਹੁੰਦਾ ਹੋਵੇਗਾ? 

ਵਿਰੋਧ ਪ੍ਰਦਰਸ਼ਨ ਦੌਰਾਨ ਦੋ ਘੰਟੇ ਸਟੇਜ ਦੇ ਸਾਹਮਣੇ ਮੋਨ ਤੇ ਉਦਾਸ ਖੜ੍ਹੇ ਇਹਨਾਂ ਬੱਚਿਆਂ ਦੇ ਮਨ ਵਿੱਚ ਸੈਂਕੜੇ ਸਵਾਲ ਦੌੜ ਹੋਣਗੇ। ਇਹਨਾਂ ਭੋਲੀਆਂ-ਨਿਰਦੋਸ਼ ਜਿੰਦਾਂ ਨੂੰ ਸਮਝ ਨਹੀਂ ਆ ਰਿਹਾ ਹੋਣਾ ਕਿ ਆਖ਼ਰ ਇਹਨਾਂ ਦਾ ਕਸੂਰ ਕੀ ਹੈ? ਮਾਂ ਦਾ ਵਿਛੋੜਾ ਜੰਗ ਦੇ ਜ਼ਖ਼ਮ ਨਾਲੋਂ ਵੀ ਅਸਹਿ ਹੈ। ਜੰਗ ਤੋਂ ਬਚਕੇ ਆਏ ਇਹਨਾਂ ਬੋਟਾਂ ਦੀ ਜਾਨ ਹਾਲੇ ਵੀ ਜੰਗ ਵਿੱਚ ਫਸੀ ਹੋਈ ਹੈ। ਮਾਂ ਕਿੱਥੇ ਹੋਵੇਗੀ? ਕੀ ਉਹ ਜ਼ਿੰਦਾ ਹੈ? ਹੋਰਨਾਂ ਹਜ਼ਾਰਾਂ ਮਾਵਾਂ ਤੇ ਬੱਚਿਆਂ ਵਾਂਗ ਕਿਤੇ ਮਲਬੇ ਹੇਠ ਤਾਂ ਨਹੀਂ ਦੱਬ ਗਈ ? ਉਧਰ ਮਾਂ, ਜੇਕਰ ਆਦਮਖੋਰੇ ਜੰਗਬਾਜਾਂ ਦੇ ਹਮਲੇ ਦਾ ਸ਼ਿਕਾਰ ਹੋਣੋ ਬਚ ਗਈ ਹੋਵੇਗੀ, ਤਾਂ ਉਸਦੇ ਬੱਚਿਆਂ ਬਾਰੇ ਸੰਸੇ ਜੰਗ ਦੀ ਭਿਅੰਕਰਤਾ ਤੋਂ ਵੀ ਵੱਡੇ ਹੋਣਗੇ।
ਯੂ.ਐੱਨ. ਮੁਤਾਬਕ ਸਾਲ 2024 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ 19000 ਅਨਾਥ ਬੱਚਿਆਂ ਦੀਆਂ 6000 ਮਾਵਾਂ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਕਰ ਦਿੱਤੀਆਂ ਗਈਆਂ। ਜਿੱਥੇ ਹਜ਼ਾਰਾਂ ਬੱਚੇ ਅਨਾਥ ਹੋਏ ਹਨ, ਉੱਥੇ 16,456 ਬੱਚਿਆਂ ਦੀਆਂ ਲੋਥਾਂ ਨਾਲ ਗਾਜ਼ਾ ਦੀਆਂ ਮਾਵਾਂ ਦੀਆਂ ਬੁੱਕਲਾਂ ਲੱਦ ਦਿੱਤੀਆਂ ਗਈਆਂ ਹਨ। ਬੱਚੇ ਲਈ ਦੁਨੀਆਂ ’ਚ ਸੱਭ ਤੋਂ ਸੁਰੱਖਿਅਤ ਥਾਂ ਉਸਦੀ ਮਾਂ ਦੀ ਗੋਦ ਹੁੰਦੀ ਹੈ। ਹਜ਼ਾਰਾਂ ਫ਼ਲਸਤੀਨੀ ਬੱਚਿਆਂ ਤੋਂ ਇਹ ਜੰਨਤ ਜ਼ਬਰੀ ਖੋਹ ਲਈ ਗਈ ਹੈ। ਧਰਤੀ ਤੇ ਦੂਸਰੀ ਜੰਨਤ ਮਾਤਭੂਮੀ ਹੁੰਦੀ ਹੈ, ਜੋ ਅੱਜ ਲਹੂ-ਲੂਹਾਣ ਹੈ। ਅਮਰੀਕਾ-ਇਸਰਾਇਲ ਤੇ ਉਸਦੇ ਪੱਛਮੀ ਭਾਈਵਾਲ਼ਾਂ ਨੇ ਗਾਜ਼ਾ ਦੇ ਬੱਚਿਆਂ ਤੋਂ ਉਹਨਾਂ ਦੀ ਜੰਨਤ ਖੋਹਕੇ ਧਰਤੀ ਦੇ ਇਸ ਟੋਟੇ ਨੂੰ ਨਰਕ ਬਣਾ ਦਿੱਤਾ ਹੈ। 

ਮਾਵਾਂ ਦਾ ਜਹਾਨ ਉਸਦੀ ਔਲਾਦ ਹੁੰਦਾ ਹੈ।  ਜਿਹਨਾਂ ਮਾਵਾਂ ਦਾ ਕੁੱਲ ਜਹਾਨ ਲੁੱਟਿਆ ਗਿਆ ਹੋਵੇ, ਉਹਨਾਂ ਕੋਲ ਗਾਜ਼ਾ ਦੀ ਧਰਤੀ ’ਚ ਸਮਾਅ ਜਾਣ ਤੋਂ ਸਿਵਾਏ ਬਚਿਆ ਹੀ ਕੀ ਹੈ? ਜਿਹਨਾਂ ਦੇ ਲਾਲ ਮਲਬੇ ਹੇਠ ਦਫ਼ਨ ਹਨ, ਉਹ ਇਸ ਲਹੂ ਰੱਤੀ ਧਰਤੀ ਤੇ ‘ਮੱਧ ਪੂਰਬ ਦਾ ਰੀਵੀਰਾ’ ਉਸਾਰਨ ਦੀ ਇਜਾਜ਼ਤ ਕਿਵੇਂ ਦੇ ਦੇਣਗੀਆਂ? ਗਾਜ਼ਾ ਦੇ ਅਨਾਥ ਕਿਵੇਂ ਆਪਣੀਆਂ ਮਾਵਾਂ ਦੀਆਂ ਕਬਰਾਂ ਤੇ ਨਸਲਵਾਦੀ ਇਸਰਾਇਲੀ ਰਾਜ ਦਾ ਝੰਡਾ ਲਹਿਰਾਉਣ ਦੇ ਸਕਦੇ ਹਨ? ਉਹ ਜੋ ਫ਼ਲਸਤੀਨ ਦੀ ਧਰਤੀ ਤੇ ਸ਼ਾਂਤਮਈ ਸੁਤੰਤਰ ਇਜਰਾਇਲੀ ਰਾਜ ਸਥਾਪਤ ਕਰਨ ਦੇ ਸੁਪਨੇ ਦੇਖ ਰਹੇ ਹਨ ਉਹਨਾਂ ਨੂੰ ਫ਼ਲਸਤੀਨ ਦੀ ਮਿੱਟੀ ਵਿੱਚ ਮਿਲਾਈਆਂ ਬੇਚੈਨ ਰੂਹਾਂ ਦੇ ਵਾਰਸ ਚੈਨ ਨਾਲ ਕਿਵੇਂ ਰਾਜ ਕਰਨ ਦੇਣਗੇ? 
ਗਾਜ਼ਾ ਦੀ ਧਰਤੀ ਬੰਬ-ਬਰੂਦ ਨਾਲ ਮਲਬੇ ਦਾ ਢੇਰ ਹੀ ਨਹੀਂ ਬਣਾ ਦਿੱਤੀ ਗਈ ਬਲਕਿ ਜੰਗ ਦੇ ਕਹਿਰ ਤੋਂ ਬਚੀਆਂ ਜ਼ਖਮੀ ਜਿੰਦਗੀਆਂ ਲਈ ਭੋਜਨ, ਪਾਣੀ, ਡਾਕਟਰੀ ਸਹਾਇਤਾ, ਬਿਜਲੀ, ਸਿੱਖਿਆ, ਇੰਟਰਨੈੱਟ ਆਦਿ ਦਾ ਕੁਨੈਕਸ਼ਨ ਲੱਗਭੱਗ ਕੱਟ ਦਿੱਤਾ ਗਿਆ ਹੈ। ਕੀ ਇਹ ਕੁਨੈਕਸ਼ਨ ਕੱਟਣ ਨਾਲ ਮਾਤਭੂਮੀ ਨਾਲੋਂ ਨਾਤਾ ਕੱਟਿਆ ਜਾ ਸਕਦਾ ਹੈ?
ਗਾਜ਼ਾ ਨੂੰ ਛੱਡਕੇ ਵਿਸ਼ਵ ਸ਼ਾਂਤੀ ਕਿਵੇਂ ਸੰਭਵ ਹੋ ਸਕਦੀ ਹੈ? ਖੂਨੀ ਜੰਗ ਨਾਲ ਜ਼ਖ਼ਮੀ ਗਾਜ਼ਾ ਦੀ ਦਰਦਭਰੀ ਕੁਰਲਾਹਟ ਕੁੱਲ ਆਲਮ ਦੀ ਸ਼ਾਂਤੀ ਭੰਗ ਕਰਕੇ ਰੋਹ ਦੀ ਗਰਜ਼ ਪੈਦਾ ਕਰ ਰਹੀ ਹੈ। ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਵਾਲੀ ਇਹ ਜੰਗ ਸੰਸਾਰ ਭਰ ਵਿੱਚ ਮਨੁੱਖਤਾ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਇਸ ਜੰਗ ਨੇ ਆਲਮੀ ਅਵਾਮ ਦੇ ਮਨਾਂ ’ਚ ਇੱਕ ਵੱਡੀ ਨੈਤਿਕ ਤੇ ਸਪੱਸ਼ਟ ਲੀਕ ਖਿੱਚ ਦਿੱਤੀ ਹੈ। ਕੀ ਤੁਸੀਂ ਇਸ ਮਨੁੱਖਘਾਤੀ ਜੰਗ ਦੇ ਖਿਲਾਫ ਹੋ ਜਾਂ ਪੱਖ ’ਚ? ਸਵਾਲ ਦੀ ਇਹ ਮੂਲ ਨਿਸ਼ਾਨਦੇਹੀ ਅੱਗੇ ਦੀ ਰਣਨੀਤੀ ਤੇ ਇਤਿਹਾਸ ਦਾ ਵੇਗ ਤੈਅ ਕਰੇਗੀ। ਇਹ ਅਹਿਮ ਸਵਾਲ ਤੈਅ ਕਰੇਗਾ ਕਿ ਅਸੀਂ ਭਵਿੱਖ ’ਚ ਸਾਡੇ ਬੱਚਿਆਂ ਦੇ ਹੱਥ ਇਹੋ-ਜਿਹੀ ਦਰਦਨਾਕ ਤਸਵੀਰ ਸੌਂਪਣੀ ਹੈ ਜਾਂ ਨਹੀਂ? ਇਸ ਲਈ ਜਰਾ ਇਸ ਤਸਵੀਰ ਨੂੰ ਪੂਰੀ ਗੌਹ ਨਾਲ ਵੇਖੋ! ਫਿਰ ਤਸਵੀਰ ਵਿਚਲੇ ਬੱਚਿਆਂ ਦੇ ਹੱਥ ਵਿੱਚ ਫੜੀ ਤਸਵੀਰ ਵੱਲ ਵੇਖੋ!

- ਮਨਦੀਪ 

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...