ਬੀਤੀ 3 ਜਨਵਰੀ ਨੂੰ ਟਰੰਪ ਪ੍ਰਸ਼ਾਸਨ ਨੇ ਇੱਕ ਅਚਨਚੇਤੀ ਫੌਜੀ ਕਾਰਵਾਈ ਰਾਹੀਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਅਗਵਾ ਕਰਕੇ ਅਮਰੀਕਾ ਲਿਆਕੇ ਪੂਰੀ ਦੁਨੀਆ ਨੂੰ ਆਚੰਭਿਤ ਕਰ ਦਿੱਤਾ। ਸੰਸਾਰ ਭਰ ਵਿੱਚ ਅਮਰੀਕਾ ਦੀ ਇਸ ਧੌਂਸਭਰੀ ਕਾਰਵਾਈ ਦੀ ਨਿਖੇਧੀ ਤੇ ਵਿਰੋਧ ਦੀ ਸੁਰ ਤਿੱਖੀ ਹੋ ਰਹੀ ਹੈ। ਅਮਰੀਕਾ ਦੀ ਇਸ ਕਾਰਵਾਈ ਨੂੰ ਇੱਕ ਅਜ਼ਾਦ ਦੇਸ਼ ਦੀ ਪ੍ਰਭੂਸੱਤਾ ਤੇ ਹਮਲਾ ਮੰਨਿਆ ਜਾ ਰਿਹਾ ਹੈ। ਇੱਕ ਦੇਸ਼ ਉੱਤੇ ਫੌਜੀ ਹਮਲਾ ਅਤੇ ਉਸਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਗੈਰਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਨ ਦੀ ਇਹ ਇੱਕ ਇਤਿਹਾਸਕ ਧੌਂਸ ਭਰੀ ਕਾਰਵਾਈ ਹੈ ਜਿਸ ਨਾਲ ਲਾਤੀਨੀ ਅਮਰੀਕੀ ਮੁਲਕਾਂ ਵਿੱਚ ਦਹਿਸ਼ਤ ਤੇ ਵਿਰੋਧ ਦੀ ਸੁਰ ਕਰਵਟ ਲੈ ਰਹੀ ਹੈ। ਕਈ ਲਾਤੀਨੀ ਅਮਰੀਕੀ ਸਰਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਦਖਲਅੰਦਾਜ਼ੀ ਇੱਕ "ਖਤਰਨਾਕ ਮਿਸਾਲ" ਸਥਾਪਤ ਕਰਦੀ ਹੈ ਜੋ ਖੇਤਰੀ ਸ਼ਾਂਤੀ ਨੂੰ ਖਤਰੇ ਵਿੱਚ ਪਾ ਦੇਵੇਗੀ। ਚੀਨ, ਰੂਸ ਅਤੇ ਈਰਾਨ ਵਰਗੇ ਮੁਲਕਾਂ ਤੇ ਵੈਨੇਜ਼ੁਏਲਾ ਦੇ ਸਹਿਯੋਗੀਆਂ ਨੇ ਹਮਲੇ ਦੀ ਘੋਰ ਨਿੰਦਾ ਕੀਤੀ। ਟਰੰਪ ਪ੍ਰਸ਼ਾਸਨ ਆਪਣੀ ਇਸ ਧਾਕੜ ਕਾਰਵਾਈ ਦੀ ਨੁਮਾਇਸ਼ ਲਗਾਕੇ ਸੰਸਾਰ ਭਰ ਦੇ ਕੰਮਜੋਰ ਮੁਲਕਾਂ ਨੂੰ ਦਬਕਾਅ ਰਿਹਾ ਹੈ। ਇਸ ਹਮਲੇ ਤੋਂ ਪਹਿਲਾਂ ਮਾਦੁਰੋ ਸਰਕਾਰ ਨੂੰ ਡੇਗਣ ਲਈ ਟਰੰਪ ਪ੍ਰਸ਼ਾਸਨ ਵੱਲੋਂ ਕੈਰੀਬੀਅਨ ਖੇਤਰ 'ਚ ਹਜਾਰਾਂ ਸੈਨਿਕ, ਖ਼ਤਰਨਾਕ ਮਿਜ਼ਾਇਲਾਂ, ਪ੍ਰਮਾਣੂ ਪਣਡੁੱਬੀਆਂ, ਅਤੀ ਆਧੁਨਿਕ ਐੱਫ-35 ਜਹਾਜ਼, ਘਾਤਕ ਡੋਰਨ, ਸਮੁੰਦਰੀ ਜੰਗੀ ਬੇੜੇ ਤੇ ਜੰਗੀ ਜਹਾਜ ਤਾਇਨਾਤ ਕਰਕੇ ਵੈਨਜ਼ੁਏਲਾ ਦੀ ਮੁਕੰਮਲ ਘੇਰਾਬੰਦੀ ਕਰ ਦਿੱਤੀ ਸੀ। ਵੈਨਜ਼ੁਏਲਾ ਦਾ ਤੇਲ ਨਿਰਯਾਤ ਰੋਕ ਦਿੱਤਾ ਗਿਆ ਅਤੇ ਚੀਨ ਤੇ ਕਿਊਬਾ ਨੂੰ ਤੇਲ ਲਿਜਾ ਰਹੇ ਦੋ ਟੈਂਕਰਾਂ ਵਿਚਲਾ ਲੱਖਾਂ ਬੈਰਲ ਕੱਚਾ ਤੇਲ ਜ਼ਬਤ ਕਰ ਲਿਆ ਗਿਆ ਸੀ। ਵੈਨਜ਼ੁਏਲਾ ਦੀ ਸੀਮਾ ਅੰਦਰਲੇ ਪਾਣੀਆਂ ਵਿੱਚ ਸਮੁੰਦਰੀ ਕਿਸ਼ਤੀਆਂ ਉੱਪਰ ਹਵਾਈ ਹਮਲੇ ਕਰਕੇ ਵੈਨਜ਼ੁਏਲਾ ਦੇ ਦਰਜਨਾਂ ਨਿਰਦੋਸ਼ ਨਾਗਰਿਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਟਰੰਪ ਪ੍ਰਸ਼ਾਸਨ ਵੈਨੇਜ਼ੁਏਲਾ ਨੂੰ ਅਸਥਾਈ ਤੌਰ 'ਤੇ "ਚਲਾਉਣ" ਦੀ ਬਿਆਨਬਾਜ਼ੀ ਕਰਕੇ ਵੈਨੇਜ਼ੁਏਲਾ ਦੇ ਸ਼ਾਸਨ ਅਤੇ ਸਰੋਤਾਂ 'ਤੇ ਸਿੱਧੇ ਨਿਯੰਤਰਣ ਲਈ ਪੱਬਾਂ ਭਾਰ ਹੈ। ਅਮਰੀਕਾ ਦੀ ਤਾਜ਼ਾ ਗੈਰਕਾਨੂੰਨੀ ਤੇ ਧੱਕੇਸ਼ਾਹ ਫੌਜੀ ਕਾਰਵਾਈ "ਨਸ਼ਿਆਂ ਵਿਰੁੱਧ ਜੰਗ" ਬਹਾਨੇ ਅਮਰੀਕੀ ਵਿਦੇਸ਼ ਨੀਤੀ ਤਹਿਤ ਸਾਮਰਾਜਵਾਦੀ ਜਮਾਤੀ ਹਿੱਤਾਂ, ਤੇਲ ਤੇ ਊਰਜਾ ਸਰੋਤਾਂ ਅਤੇ ਭੂ-ਸਿਆਸੀ ਦਬਦਬੇ 'ਤੇ ਨਿਯੰਤਰਣ ਲਈ ਲੜ ਰਹੀਆਂ ਸਾਮਰਾਜੀ ਤਾਕਤਾਂ ਦੇ ਆਪਸੀ ਖਹਿਭੇੜ ਦਾ ਨਤੀਜਾ ਹੈ। ਇਹ ਹਮਲਾ ਅਮਰੀਕਾ ਦੀ ਕੌਮੀ ਸੁਰੱਖਿਆ ਰਣਨੀਤੀ ਦੀ ਇੱਕ ਕੜੀ ਹੈ ਜੋ ਚੀਨ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਯਤਨ ਹੈ। ਪਨਾਮਾ, ਕੋਲੰਬੀਆ, ਮੈਕਸੀਕੋ, ਕਿਊਬਾ, ਈਰਾਨ ਤੇ ਗ੍ਰੀਨਲੈਂਡ ਨੂੰ ਘੁਰਕੀਆਂ ਵੀ ਇਸੇ ਅਧਿਆਇ ਦਾ ਹਿੱਸਾ ਹਨ। ਵੈਨੇਜ਼ੂਏਲਾ ‘ਚ ਅਮਰੀਕਾ ਦਾ ਦਖਲ ਅਸਲ ਵਿਚ ਪੂਰੇ ਲਾਤੀਨੀ ਮਹਾਂਦੀਪ ਵਿਚ ਅਮਰੀਕੀ ਸਾਮਰਾਜ ਦੇ ਦਖਲ ਦੀ ਅਹਿਮ ਨੀਤੀ ਦਾ ਅੰਗ ਹੈ। ਅਮਰੀਕਾ ਨੇ ਹੁਣ ਤੱਕ ਲਾਤੀਨੀ ਮਹਾਂਦੀਪ ਦੇ ਵੱਖ ਵੱਖ ਮੁਲਕਾਂ ‘ਚ 56 ਵਾਰ ਸਿੱਧੇ ਫੌਜੀ ਦਖਲ ਨਾਲ ਰਾਜ ਪਲਟੇ, ਕਠਪੁਤਲੀ ਸਰਕਾਰਾਂ ਅਤੇ ਆਮ ਬਗਾਵਤਾਂ ਕਰਵਾਈਆਂ ਹਨ।
ਅਮਰੀਕਾ ਅਤੇ ਵੈਨੇਜ਼ੂਏਲਾ ਦੇ ਆਪਸੀ ਸਬੰਧ ਉਸ ਸਮੇਂ ਤੋਂ ਵਿਗੜਨੇ ਸ਼ੁਰੂ ਹੋਏ, ਜਦੋਂ ਵੈਨੇਜ਼ੂਏਲਾ ਅੰਦਰ ਹਿਊਗੋ ਸ਼ਾਵੇਜ਼ ਲਾਤੀਨੀ ਅਮਰੀਕੀ ਸਿਆਸੀ ਮੰਚ ‘ਤੇ ਜਾਦੂਈ ਸ਼ਖਸੀਅਤ ਬਣ ਕੇ ਉਭਰਨ ਲੱਗਾ। ਉਹ ਉੱਘਾ ਟਰੇਡ ਯੂਨੀਅਨ ਆਗੂ ਸੀ, ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਘਟਾਉਣ, ਗੈਰਕਾਨੂੰਨੀ ਮਾਇਨਿੰਗ ਬੰਦ ਕਰਨ, ਅਮਰੀਕੀ ਤੇਲ ਕੰਪਨੀ ਸਟੈਂਡਰਡ ਆਇਲ ਕੰਪਨੀ ਨੂੰ ਮੁਲਕ ਚੋਂ ਬਾਹਰ ਕੱਢ ਕੇ ਕੌਮੀ ਤੇਲ ਕੰਪਨੀ ਬਣਾ ਕੇ ਉਸ ਦਾ ਕੌਮੀਕਰਨ ਕਰਨ, ਖੇਤੀ ਸੁਧਾਰ ਲਾਗੂ ਕਰਨ, ਸਰਕਾਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਆਦਿ ਬੁਨਿਆਦੀ ਮੁੱਦਿਆਂ ਨੂੰ ਉਭਾਰਦਾ ਰਿਹਾ। 1999 ‘ਚ ਜਿੱਤ ਤੋਂ ਬਾਅਦ ਉਸ ਨੇ ਆਪਣੇ ਕਿਊਬਾ ਦੌਰੇ ਤੋਂ ਬਾਅਦ ਕਿਊਬਾ ਸਰਕਾਰ ਦੇ ਸਹਿਜੋਗ ਨਾਲ ਵੈਨੇਜ਼ੂਏਲਾ ‘ਚ ‘ਸਮਾਜਵਾਦੀ ਕਿਸਮ’ ਦਾ ਮਾਡਲ ਅਮਲੀ ਤੌਰ ‘ਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਮੌਤ ਤੋਂ ਬਾਅਦ 2013 ਵਿੱਚ ਨਿਕੋਲਸ ਮਾਦੁਰੋ ਦੀ ਅਗਵਾਈ ਹੇਠ ਵੈਨੇਜ਼ੁਏਲਾ ਨੇ ਸ਼ਾਵੇਜ਼ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਦੇ ਯਤਨ ਵਜੋਂ ਤੇਲ ਸਨਅਤ ਅਤੇ ਮੁੱਖ ਉਦਯੋਗਾਂ ਦੇ ਕੌਮੀਕਰਨ, ਖੱਬੇ-ਪੱਖੀ ਸਰਕਾਰਾਂ ਨਾਲ ਖੇਤਰੀ ਗੱਠਜੋੜ ਤੇ ਅਮਰੀਕਾ ਦੇ ਸ਼ਰੀਕ ਰੂਸ-ਚੀਨ ਨਾਲ ਨੇੜਤਾ ਵੱਲ ਕਦਮ ਚੁੱਕੇ। ਮਾਦੂਰੋ ਵਜਾਰਤ ਨੇ ਬ੍ਰਿਕਸ ਵਿੱਚ ਸ਼ਾਮਲ ਹੋਣ ਦੇ ਯਤਨ, ਅਮਰੀਕੀ ਡਾਲਰ ਨੂੰ ਚੁਣੌਤੀ ਅਤੇ ਰੂਸ-ਚੀਨ ਨਾਲ ਤੇਲ ਸਮਝੌਤੇ ਦੇ ਪ੍ਰੋਜੈਕਟ ਨੂੰ ਅੱਗੇ ਵਧਾਕੇ ਲਾਤੀਨੀ ਅਮਰੀਕਾ ਵਿੱਚ ਅਮਰੀਕੀ ਸਰਦਾਰੀ ਨੂੰ ਚੁਣੌਤੀ ਦਿੱਤੀ ਅਤੇ ਚੀਨ, ਰੂਸ ਅਤੇ ਹੋਰ ਗਲੋਬਲ ਦੱਖਣੀ ਦੇਸ਼ਾਂ ਨਾਲ ਬਹੁ-ਧਰੁਵੀ ਆਰਥਿਕ ਸਬੰਧਾਂ ਨੂੰ ਸਥਾਪਿਤ ਕੀਤਾ।
2020 ਤੋਂ ਸ਼ੁਰੂ ਤੋਂ ਹੁਣ ਤੱਕ ਅਮਰੀਕਾ ਨੇ ਮਾਦੁਰੋ 'ਤੇ ਨਾਰਕੋ-ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਉਂਦਿਆਂ ਉਸਦੀ ਗ੍ਰਿਫਤਾਰੀ ਲਈ $50 ਮਿਲੀਅਨ ਤੱਕ ਦਾ ਇਨਾਮ ਘੋਸ਼ਿਤ ਕੀਤਾ।ਇਸਦੇ ਨਾਲ ਹੀ ਵਿੱਤੀ-ਵਪਾਰਕ ਨਾਕਾਬੰਦੀ, ਜੰਗੀ ਧੌਂਸ ਅਤੇ ਕਾਨੂੰਨੀ ਜ਼ਬਰਦਸਤੀ ਦੇ ਰੂਪ ਵਿੱਚ ਸਾਮਰਾਜੀ ਦਬਾਅ ਬਣਾਇਆ ਗਿਆ। ਮਾਦੁਰੋ ਦੀ ਗ੍ਰਿਫਤਾਰੀ ਤੇ ਵੈਨੇਜ਼ੁਏਲਾ ਦੀ ਘੇਰਾਬੰਦੀ ਕਰਕੇ ਤੇਜ਼ੀ ਨਾਲ ਤਖਤਾ ਪਲਟਣ ਦੇ ਯਤਨ ਅੰਤਰਰਾਸ਼ਟਰੀ ਕਾਨੂੰਨਾਂ ਉੱਤੇ ਕਈ ਸਵਾਲ ਖੜ੍ਹੇ ਕਰਦਾ ਹੈ।
ਬੇਸ਼ੁਮਾਰ ਖਣਿਜ ਸਰੋਤਾਂ ਨਾਲ ਭਰਪੂਰ ਵੈਨੇਜ਼ੁਏਲਾ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ ਦਾ ਮਾਲਕ ਹੈ ਜਿਸਦੀ ਗਲੋਬਲ ਊਰਜਾ ਬਾਜ਼ਾਰਾਂ ਨੂੰ ਬੇਹੱਦ ਜਰੂਰਤ ਹੈ। ਊਰਜਾ ਸ੍ਰੋਤਾਂ ਦੇ ਭੰਡਾਰ ਕਰਕੇ ਵੈਨੇਜ਼ੁਏਲਾ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਆਰਥਿਕਤਾਵਾਂ ਲਈ ਲਾਹੇਵੰਦ ਹੈ।
ਅਮਰੀਕਾ ਦੀ ਫੌਜੀ ਦਖਲਅੰਦਾਜ਼ੀ ਨੂੰ ਨਸ਼ਾ ਤਸਕਰ ਨੂੰ ਰੋਕ ਕੇ ਵੈਨੇਜ਼ੁਏਲਾ ਦੇ ਲੋਕਾਂ ਨੂੰ ਨਿਆਂ ਦੇਣ ਲਈ ਨਹੀਂ, ਸਗੋਂ ਆਪਣੇ ਸਾਮਰਾਜਵਾਦੀ ਵਿਸਥਾਰ ਲਈ ਹੈ। ਵੈਨੇਜ਼ੁਏਲਾ ਸੰਸਾਰ ਦਾ ਸਭ ਤੋਂ ਵੱਧ ਤੇਲ ਵਾਲਾ ਮੁਲਕ ਹੈ। ਇਤਿਹਾਸਕ ਇਨਕਲਾਬੀ ਬੋਲੀਵਰੀਅਨ ਸੁਧਾਰਾਂ ਦੇ ਬਾਵਜੂਦ ਆਜ਼ਾਦੀ ਦੇ 200 ਸਾਲ ਬਾਅਦ ਵੀ ਵੈਨੇਜ਼ੁਏਲਾ ਦੇ ਸੱਜੇਪੱਖੀ ਅਤੇ ‘ਖੱਬੇਪੱਖੀ’ ਆਰਥਿਕ ਨਿਰਭਰਤਾ ਹਾਸਲ ਨਹੀਂ ਕਰ ਸਕੇ। ਹੋਰ ਖੇਤਰਾਂ ਵਿਚ ਬਦਲਵਾਂ ਵਿਕਸਿਤ ਢਾਂਚਾ ਨਾ ਹੋਣ ਕਰਕੇ ਇਸ ਦੀ ਘਰੇਲੂ ਮੰਡੀ, ਵਿਦੇਸ਼ੀ ਦਰਾਮਦਾਂ ਉੱਤੇ ਨਿਰਭਰ ਹੈ। ਦੋ ਦਹਾਕਿਆਂ ਤੋਂ ਇਸ ਨੂੰ ਅਮਰੀਕੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ ਵਾਸਤੇ ਤੇਲ ਸਰੋਤਾਂ ਲਈ ਇਸ ਸਮੇਂ ਵੈਨੇਜ਼ੁਏਲਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਕਿਉਂਕਿ ਅਰਬ ਖਿੱਤਾ ਹੁਣ ਜ਼ਿਆਦਾ ‘ਸੁਰੱਖਿਅਤ’ ਨਹੀਂ ਰਿਹਾ। ਕਿਸੇ ਸਮੇਂ ਅਮਰੀਕਾ ਨੇ ਅਤਿਵਾਦ ਦਾ ਬਹਾਨਾ ਬਣਾ ਕੇ ਇਰਾਕ ਤੇ ਲਿਬੀਆ ਦੇ ਤੇਲ ਸਰੋਤਾਂ ਉੱਤੇ ਕਬਜ਼ੇ ਦੀ ਨੀਤੀ ਨਾਲ ਹਮਲਾ ਕੀਤਾ ਅਤੇ ਉੱਥੇ ਉਸ ਨੂੰ ਖਾੜੀ ਮੁਲਕਾਂ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ਨੇ ਸ਼ੁਰੂ ਵਿਚ ਤੇਲ ਦੀ ਖਰੀਦ ਵਿਚ ਗੋਲਡ ਸਟੈਂਡਰਡ ਖਤਮ ਹੋਣ ਬਾਅਦ ਸੰਸਾਰ ਮੰਡੀ ਵਿਚ ਡਾਲਰ ਰਾਹੀਂ ਸੰਚਾਰ ਹੋਣ ਦੇ ਮੌਕੇ ਦਾ ਲਾਹਾ ਲਿਆ। ਤੇਲ ਦੀ ਖਰੀਦ ਦਾ ਸੰਚਾਲਨ ਡਾਲਰ ਵਿਚ ਹੋਣ ਕਰਕੇ ਇਸ ਦੀ ਮੰਗ ਵਧੀ ਅਤੇ ਇਹ ਅਮਰੀਕੀ ਆਰਥਿਕਤਾ ਦੀ ਗਲੋਬਲ ਸ਼ਕਤੀ ਦਾ ਨਵਾਂ ਥੰਮ੍ਹ ਬਣ ਕੇ ਉਭਰਿਆ। ਪਰੰਤੂ ਵੈਨੇਜ਼ੁਏਲਾ ਵੱਲੋਂ ਰੂਸ-ਚੀਨ ਨਾਲ ਤੇਲ ਦੇ ਲੈਣ-ਦੇਣ ਵਿੱਚ ਅਮਰੀਕੀ ਡਾਲਰ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਚੀਨ ਦੇ ਯੁਆਨ, ਯੂਰੋ ਜ਼ੋਨ ਅਤੇ ਵੈਨੇਜ਼ੁਏਲਾ ਵਿਚ (ਵਿੱਤੀ ਰੋਕਾਂ ਦਾ ਮੁਕਾਬਲਾ ਕਰਨ ਲਈ) ਪੈਟਰੋ ਕਰੰਸੀ ਨੇ ਇਸ ਲਈ ਨਵੀ ਸਿਰਦਰਦੀ ਖੜ੍ਹੀ ਕਰ ਦਿੱਤੀ। ਕਰਜ਼ ਸੰਕਟ ‘ਚ ਘਿਰਿਆ ਅਮਰੀਕਾ ਆਪਣੀ ਵਿੱਤੀ ਸਰਦਾਰੀ ਕਾਇਮ ਰੱਖਣ ਲਈ ਵੈਨੇਜ਼ੁਏਲਾ ਵਿਚ ਲਗਾਤਾਰ ਆਰਥਿਕ ਜੰਗ ਲੜਦਾ ਆ ਰਿਹਾ ਸੀ। ਅਮਰੀਕਾ ਆਪਣੀਆਂ ਕੂਟਨੀਤਿਕ ਚਾਲਾਂ ਨਾਲ ਵੈਨੇਜ਼ੁਏਲਾ ਦੀ ਸਰਮਾਏਦਾਰੀ ਦੇ ਇਕ ਹਿੱਸੇ ਨੂੰ ਗੰਢ ਕੇ ਵੈਨੇਜ਼ੁਏਲਾ ਦਾ ਸਿਆਸੀ ਧਰਾਤਲ ਬਦਲਣ ਲਈ ਯਤਨਸ਼ੀਲ ਸੀ।
ਚੀਨ ਸੰਸਾਰ ਦਾ ਦੂਜਾ ਵੱਡਾ ਤੇਲ ਖਪਤਕਾਰ ਹੈ ਅਤੇ ਉਹ ਤੇਲ ਵਪਾਰ ਲਈ ਯੁਆਨ ਸਟੈਂਡਰਡ ਨੂੰ ਹੁਲਾਰਾ ਦੇ ਰਿਹਾ ਹੈ। ਚੀਨ ਇਸ ਸਮੇਂ ਅਮਰੀਕੀ ਸੰਸਾਰ ਚੌਧਰ ਦਾ ਸਭ ਤੋਂ ਵੱਡਾ ਵਿਰੋਧੀ ਹੈ ਅਤੇ ਉਸ ਨਾਲ ਵਪਾਰਕ ਜੰਗ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਸੂਰਤ ਵਿਚ ਵੈਨੇਜ਼ੁਏਲਾ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਨਾਲ ਨਾਲ ਸਵੈਮਾਣ ਦਾ ਸਵਾਲ ਵੀ ਹੈ। ਲਾਤੀਨੀ ਮਹਾਂਦੀਪ ਵਿਚ ਚੀਨ ਦਾ ਵਪਾਰਕ ਵਿਸਥਾਰ ਵਧਣ ਨਾਲ ਅਮਰੀਕਾ ਨੂੰ ਵੱਡੀ ਚੁਣੌਤੀ ਪੇਸ਼ ਆ ਰਹੀ ਹੈ। ਜਿੱਥੇ ਅਮਰੀਕਾ ਚੀਨ ਨੂੰ ਏਸ਼ਿਆਈ ਮੁਲਕਾਂ ਰਾਹੀਂ ਘੇਰ ਰਿਹਾ ਹੈ, ਉੱਥੇ ਚੀਨ ਵੀ ਉਸ ਦੀ ਬਗਲ ਵਿਚ ਆ ਕੇ ਬੈਠ ਜਾਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ। ਚੀਨ ਵਾਂਗ ਅਮਰੀਕਾ ਦਾ ਵਿਰੋਧੀ ਰੂਸ ਵੀ ਵੈਨੇਜ਼ੁਏਲਾ ਨੂੰ ਕਰਜ਼ ਅਤੇ ਸਹਾਇਤਾ ਦੇ ਰਿਹਾ ਹੈ। ਰੂਸ ਅਤੇ ਚੀਨ ਦੀ ਵੈਨੇਜ਼ੁਏਲਾ ਵਿਚ ਰੁਚੀ ਕਰਕੇ ਹੀ ਵੈਨੇਜ਼ੁਏਲਾ ਅਜੇ ਤੱਕ ਖੜ੍ਹਾ ਰਿਹਾ; ਨਹੀਂ ਤਾਂ ਹੁਣ ਤੱਕ ਇਕ ਹੋਰ ਇਰਾਕ ਬਣਾ ਦਿੱਤਾ ਗਿਆ ਹੁੰਦਾ।
ਵੈਨੇਜ਼ੁਏਲਾ ਦੇ ਤੇਲ ਭੰਡਾਰ ਅਤੇ ਕੱਚੇ ਤੇਲ ਸਾਧਨਾਂ ਉੱਤੇ ਖੁਦਮੁਖਤਾਰੀ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲ ਕੇ ਚੱਲਣ ਨਾਲ ਬੱਝੀ ਹੋਈ ਹੈ। ਸਾਮਰਾਜੀ ਦੌਰ ਅੰਦਰ ਆਰਥਿਕ ਨਿਰਭਰਤਾ ਅਤੇ ਪੱਛੜੇ ਮੁਲਕਾਂ ਦਾ ਅਸਾਵਾਂ ਆਰਥਿਕ ਢਾਂਚਾ ਇਨ੍ਹਾਂ ਮੁਲਕਾਂ ਦੀਆਂ ਸਿਆਸੀ ਆਜ਼ਾਦੀਆਂ ਲਈ ਮਾਈ-ਬਾਪ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਾਮਰਾਜੀ ਵਿੱਤੀ ਸਰਮਾਏ ਨੂੰ ਚੁਣੌਤੀ ਦੇਣ ਦੇ ਇਵਜ਼ ਵਿਚ ਇਹ ਮੁਲਕ ਆਰਥਿਕ ਸਦਮੇ ਝੱਲਣ ਲਈ ਸਰਾਪੇ ਹੋਏ ਹਨ।
23 ਸਾਲ ਤੋਂ ਅਮਰੀਕਾ ਦੀ ਆਰਥਿਕ ਘੇਰਾਬੰਦੀ ਨੇ ਇਸ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ। ਅਮਰੀਕਾ ਵੈਨੇਜ਼ੁਏਲਾ ਦੀ ਮੰਡੀ ਉੱਤੇ ਪੂਰਨ ਕਬਜ਼ਾ ਚਾਹੁੰਦਾ ਹੈ ਅਤੇ ਇਸ ਨੂੰ ਨਵ-ਬਸਤੀ ਬਣਾਕੇ ਬਾਕੀ ਸੰਸਾਰ ਸ਼ਕਤੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ।
ਡੋਨਲਡ ਟਰੰਪ ਨੇ ਪਿਛਲੇ ਕਾਰਜਕਾਲ ਦੌਰਾਨ ਇੱਕ ਅਧਿਕਾਰਤ ਬਿਆਨ ਤਹਿਤ ਵੈਨੇਜ਼ੂਏਲਾ ਦੇ ਮਾਦੁਰੋ ਦੇ ਮੁਕਾਬਲੇ ਵਿਰੋਧੀ ਧਿਰ ਦੇ ਆਗੂ ਖੂਆਨ ਗੁਆਇਦੋ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ। ਅਮਰੀਕਾ ਨੇ ਵੈਨੇਜ਼ੂਏਲਾ ਨੂੰ ਮਾਫੀਆ ਸਟੇਟ ਐਲਾਨ ਦਿੱਤਾ।
ਫੌਜੀ ਕਾਰਵਾਈ ਦੀ ਨਾਕਾਮੀ ਤੋਂ ਬਾਅਦ ਅਮਰੀਕਾ ਨੇ ਵੈਨੇਜ਼ੂਏਲਾ ਦੀ ਆਰਥਿਕ ਨਾਕਾਬੰਦੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਸ਼ਾਵੇਜ ਭਾਵੇਂ ਸਮਾਜਵਾਦੀ ਵਿਚਾਰਧਾਰਾ ਦਾ ਧਾਰਨੀ ਸੀ ਪਰ ਉਹ ਵੈਨੇਜ਼ੂਏਲਾ ਦੀ ਆਰਥਿਕਤਾ ‘ਚ ਕੁਝ ਕੁ ਕ੍ਰਾਂਤੀਕਾਰੀ ਸੁਧਾਰ ਕਰਨ ਤੋਂ ਇਲਾਵਾ ਬੁਨਿਆਦੀ ਤੌਰ ‘ਤੇ ਸਮਾਜਵਾਦੀ ਆਰਥਿਕਤਾ ਦਾ ਮਾਡਲ ਕਾਇਮ ਨਹੀਂ ਕਰ ਸਕਿਆ। ਇਸ ਲਈ ਮੌਜੂਦਾ ਸੰਕਟ ਪਿੱਛੇ ਬੁਨਿਆਦੀ ਕਾਰਨ ਵੈਨੇਜ਼ੂਏਲਾ ਅੰਦਰ ਸਮਾਜਵਾਦ ਅਤੇ ਸੋਸ਼ਲ ਡੈਮੋਕਰੇਸੀ ਦੇ ਨਾਂ ਹੇਠ ਪੂੰਜੀਵਾਦੀ ਵਿਵਸਥਾ ਦਾ ਸਦਾ ਕਾਇਮ ਤੇ ਵਧਦੇ-ਫੁਲਦੇ ਰਹਿਣਾ ਹੈ। ਨਿਕੋਲਸ ਮਾਦੁਰੋ ਜੋ ਸ਼ਾਵੇਜ਼ ਦਾ ਪੈਰੋਕਾਰ ਹੈ, ਨੇ ਵੀ ਵੈਨੇਜ਼ੂਏਲਾ ਨੂੰ ਰਵਾਇਤੀ ਲੀਹਾਂ ਉੱਤੇ ਹੀ ਅੱਗੇ ਵਧਾਇਆ।
ਤੇਲ ਦੇ ਅਥਾਹ ਭੰਡਾਰ ਜਿੱਥੇ ਵੈਨੇਜ਼ੂਏਲਾ ਦੀ ਆਰਥਿਕਤਾ ਦੀ ਰੀੜ੍ਹ ਹਨ, ਉੱਥੇ ਇਹ ਤੇਲ ਮੁਲਕ ਦੀ ਬਰਬਾਦੀ ਦਾ ਵੀ ਵੱਡਾ ਕਾਰਨ ਬਣਿਆ ਹੋਇਆ ਹੈ। ਤੇਲ ਕਾਰਨ ਸਪੇਨੀ ਸਾਮਰਾਜ ਤੋਂ ਲੈ ਕੇ ਅਮਰੀਕਾ, ਚੀਨ ਤੇ ਰੂਸ ਦੀ ਇਸ ਖਿੱਤੇ ਉੁੱਤੇ ਅੱਖ ਹੈ। ਅਮਰੀਕਾ ਇਸ ਮਾਮਲੇ ਵਿਚ ਸਭ ਤੋਂ ਉਤਾਵਲਾ ਹੈ। ਇਕ ਤਾਂ ਇਹ ਖਿੱਤਾ ਉਸ ਦੀ ਬਗਲ ‘ਚ ਹੈ ਤੇ ਉਸ ਨੂੰ ਕੱਚਾ ਤੇਲ ਦਰਾਮਦ ਕਰਨ, ਸਸਤੀ ਢੋਆ-ਢੁਆਈ, ਕੌਮੀ ਤੇ ਕੌਮਾਂਤਰੀ ਟੈਕਸ ਅਤੇ ਬਿਨਾ ਜੰਗ ਲੜੇ ਹਾਸਲ ਕਰਨਾ ਸੌਖਾ ਹੈ। ਅਰਬ ਦੇ ਤੇਲ ਵਾਲੇ ਖਾੜੀ ਮੁਲਕਾਂ ਦੇ ਮੁਕਾਬਲੇ ਉਸ ਨੂੰ ਇਸ ਖਿੱਤੇ ਅੰਦਰ ਤਿੱਖੇ ਵਿਰੋਧ ਅਤੇ ਵੱਡੀਆਂ ਬਗਾਵਤਾਂ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਹ ਚਾਹੁੰਦਾ ਹੈ ਕਿ ਤੇਲ ਟੈਕਸਾਂ ਵਿਚ ਕਟੌਤੀ ਕਰਕੇ ਵੈਨੇਜ਼ੂਏਲਾ ਨੂੰ ਖੁੱਲ੍ਹੀ ਮੰਡੀ ‘ਚ ਤਬਦੀਲ ਕੀਤਾ ਜਾਵੇ।
ਦੁਨੀਆ ਭਰ ਦੇ ਇਨਸਾਫਪਸੰਦ ਲੋਕ ਇਸ ਕਾਰਵਾਈ ਨੂੰ "ਤੇਲ ਦੀ ਜੰਗ" ਅਤੇ ਵੇਨੇਜ਼ੁਏਲਾ ਉਤੇ "ਗੈਰ-ਕਾਨੂੰਨੀ ਕਬਜ਼ਾ" ਦੱਸ ਰਹੇ ਹਨ। ਉਹ ਰਾਸ਼ਟਰਪਤੀ ਟਰੰਪ ਅਤੇ ਰੱਖਿਆ ਸਕੱਤਰ ਪੀਟ ਹੇਗਸੇਥ 'ਤੇ ਮਹਾਂਦੋਸ਼ ਦੀ ਮੰਗ ਕਰ ਰਹੇ ਹਨ। ਅਮਰੀਕਾ ਦੇ ਹਵਾਈ ਹਮਲੇ ਮਗਰੋਂ ਉੱਤਰੀ ਕੋਰੀਆ ਨੇ ਵੀ ਮਿਜ਼ਾਈਲਾਂ ਤਾਣ ਲਈਆਂ ਹਨ ਅਤੇ ਅਲਰਟ ਜਾਰੀ ਕਰ ਦਿੱਤਾ ਹੈ। ਇਹ ਸਥਿਤੀ ਇੱਕ ਅਜਿਹੇ ਪੰਡੋਰਾ ਬੌਕਸ ਵਰਤਾਰੇ ਵਾਂਗ ਹੈ, ਜਿਸ ਦੀਆਂ ਪਰਤਾਂ ਅਣਕਿਆਸੇ ਵਰਤਾਰਿਆਂ ਵਾਂਗ ਨਵੀਆਂ ਅਨੰਤ ਗੁੰਝਲਾਂ ਨੂੰ ਜਨਮ ਦੇ ਸਕਦੀਆਂ ਹਨ। ਮੌਜੂਦਾ ਸੰਸਾਰ ਹਾਲਤਾਂ ਅੰਦਰ ਰੂਸ-ਯੂਕਰੇਨ ਜੰਗ, ਫ਼ਲਸਤੀਨ-ਇਸਰਾਇਲ ਜੰਗ ਅਤੇ ਚੀਨ-ਤਾਈਵਾਨ-ਜਾਪਾਨ ਅਮਰੀਕਾ ਆਦਿ ਸਮੱਸਿਆਵਾਂ ਪਹਿਲਾਂ ਹੀ ਉਲਝੀਆਂ ਪਈਆਂ ਹਨ ਪਰ ਹੁਣ ਅਮਰੀਕਾ ਵੱਲੋਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੂਰੋ ਨੂੰ ਧੱਕੇ ਨਾਲ ਗ੍ਰਿਫ਼ਤਾਰ ਕਰਕੇ ਅਮਰੀਕਾ ਅੰਦਰ ਨਸ਼ਾ ਤਸਕਰੀ ਦੇ ਬੇਬੁਨਿਆਦ ਦੋਸ਼ਾਂ ਹੇਠ ਮੁਕੱਦਮੇ ਚਲਾਉਣ ਦੀ ਪ੍ਰਕਿਰਿਆ ਨੇ ਸੰਸਾਰ ਹਾਲਤਾਂ ਨੂੰ ਤੀਜੀ ਜੰਗ ਦੇ ਦਹਾਨੇ ਤੇ ਲਿਜਾਕੇ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਕੀ ਇਸ ਦੀ ਥਾਂ ਬਣਨ ਵਾਲੀ ਨਵੀਂ ਨੀਂਹ ਵੈਨੇਜ਼ੁਏਲਾ ਦੇ ਲੋਕਾਂ ਲਈ ਅਸਲ ਸਥਿਰਤਾ ਲਿਆਵੇਗੀ ਜਾਂ ਸਿਰਫ ਨਵੇਂ ਵਿਵਾਦਾਂ ਨੂੰ ਜਨਮ ਦੇਵੇਗੀ।
-ਮਨਦੀਪ

No comments:
Post a Comment