Search This Blog

Saturday, December 1, 2018

ਦੁਨੀਆਂ ਭਰ 'ਚ ਡਰ


Eduardo_Galeano
Eduardo-Galeano
ਜੋ ਲੋਕ ਕੰਮ ਤੇ ਲੱਗੇ ਹੋਏ ਨੇ, ਉਹ ਡਰੇ ਹੋਏ ਹਨ
ਕਿ ਉਹਨਾਂ ਦੀ ਨੌਕਰੀ ਨਾ ਚਲੀ ਜਾਵੇ
ਜਿੰਨ੍ਹਾਂ ਹੱਥਾਂ ਕੋਲ ਕੰਮ ਨਹੀਂ, ਉਹ ਡਰੇ ਹੋਏ ਹਨ
ਕਿ ਉਹਨਾਂ ਦੇ ਨਸੀਬਾਂ ' ਕੰਮ ਹੀ ਨਹੀਂ
ਜਿੰਨ੍ਹਾਂ ਨੂੰ ਭੁੱਖ ਦੀ ਚਿੰਤਾ ਨਹੀਂ
ਉਹ ਡਰਦੇ ਹਨ, ਰੋਟੀ ਲਈ
ਲੋਕਤੰਤਰ ਡਰਦਾ ਹੈ, ਯਾਦ ਦਿਵਾਏ ਜਾਣ ਤੋਂ ਅਤੇ
ਭਾਸ਼ਾ ਡਰਦੀ ਹੈ ਬੋਲੇ ਜਾਣ ਤੋਂ
ਆਮ ਲੋਕ ਡਰਦੇ ਹਨ ਫੌਜ ਤੋਂ
ਫੌਜ ਡਰਦੀ ਹੈ, ਹਥਿਆਰਾਂ ਦੀ ਕਮੀ ਤੋਂ
ਹਥਿਆਰ ਡਰਦੇ ਹਨ ਯੁੱਧਾਂ ਦੀ ਘਾਟ ਤੋਂ
ਇਹ ਡਰ ਦਾ ਸਮਾਂ ਹੈ
ਔਰਤਾਂ ਡਰਦੀਆਂ ਹਨ ਹਿੰਸਕ ਮਰਦਾਂ ਤੋਂ ਅਤੇ ਮਰਦ
ਡਰਦੇ ਹਨ ਦਲੇਰ ਔਰਤਾਂ ਤੋਂ
ਚੋਰਾਂ ਦਾ ਡਰ, ਪੁਲਿਸ ਦਾ ਡਰ
ਡਰ ਬਿਨਾਂ ਕੁੰਡੇ-ਜਿੰਦੇ ਦੇ ਬੂਹਿਆਂ ਦਾ,
ਘੜੀਆਂ ਬਿਨ ਸਮਿਆਂ ਦਾ
ਟੈਲੀਵਿਜਨ ਵਿਹੂਣੇ ਬੱੱਚਿਆਂ ਦਾ ਡਰ
ਨੀਂਦ ਦੀ ਗੋਲੀ ਬਿਨਾਂ ਰਾਤ ਦਾ ਅਤੇ 
ਜਾਗਦੇ ਰਹਿਣ ਵਾਲੀ ਗੋਲੀ ਬਿਨ ਦਿਨ ਦਾ
ਭੀੜ ਦਾ ਡਰ, ਏਕਾਂਤ ਦਾ ਡਰ
ਡਰ ਕਿ ਕੀ ਸੀ ਪਹਿਲਾਂ ਤੇ ਕੀ ਹੋ ਸਕਦਾ ਹੈ ਅੱਗੇ
ਮਰਨ ਦਾ ਡਰ, ਜਿਊਣ ਦਾ ਡਰ

- ਏਦੋਆਰਦੋ ਗਾਲਿਆਨੋ

- ਪੰਜਾਬੀ ਤਰਜਮਾ- ਮਨਦੀਪ

Friday, November 23, 2018

ਵੋਟਾਂ ਦੇ ਮੌਸਮ ‘ਚ ਨੋਟਾਂ ਦਾ ਮੀਂਹ


ਉਂਝ ਤਾਂ ਲਗਭਗ ਸਾਰੀਆਂ ਵੋਟ ਪਾਰਟੀਆਂ ਹੀ ਵੋਟਾਂ ਲੈਣ ਲਈ ਬਲ, ਛਲ, ਪੈਸਾ, ਨਸ਼ਾ ਆਦਿ ਦੀ ਵਰਤੋਂ ਕਰਦੀਆਂ ਹਨ ਪਰ ਫ਼ਿਲਹਾਲ ਇੱਥੇ ਮੋਦੀ ਸਰਕਾਰ ਦੁਆਰਾ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਵੋਟਾਂ ਲਈ ਉਡਾਉਣ ਦੇ ਕੁਝ ਤੱਥ ਪੇਸ਼ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ ਪਹਿਲਾ ਨੋਟਬੰਦੀ, ਰਾਫੇਲ ਘੁਟਾਲੇ, ਨਾਮ ਬਦਲੀ, ਮੇਕ ਇਨ ਇੰਡੀਆ, ਸਟਾਰਟ ਅੱਪ ਇੰਡੀਆ, ਸਮਾਰਟ ਸਿਟੀ, ਡਿਜੀਟਲ ਇੰਡੀਆ ਆਦਿ ਅਨੇਕਾਂ ਮੁਹਿੰਮਾਂ ਰਾਹੀਂ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਹੈ ਹੁਣ ਭਾਰਤ ਦੇ ਪੰਜ ਸੂਬਿਆਂ (ਰਾਜਸਥਾਨ, ਮੱਧ ਪ੍ਰਦੇਸ਼, ਛਤੀਸ਼ਗੜ, ਤੇਲੰਗਾਨਾ ਤੇ ਮਿਜੋਰਮ) ਦੀਆਂ ਅਸੈਂਬਲੀ ਚੋਣਾਂ ਦੀ ਤਿਆਰੀ ਲਈ ਕਰੋੜਾਂ ਰੁਪਇਆ ਇਸ਼ਤਿਹਾਰਬਾਜੀ ਤੇ ਵਹਾਇਆ ਜਾ ਰਿਹਾ ਹੈ। Broadcast Audience Research Council (BARC) India. ਦੇ ਇਕ ਸਰਵੇ ਮੁਤਾਬਕ ਮੌਜੂਦਾ ਬੀਜੇਪੀ ਸਰਕਾਰ ਚਾਲੂ ਸਾਲ ਦੇ 46ਵੇਂ (10-16 November) ਹਫ਼ਤੇ ‘ਚ ਭਾਰਤ ਦੇ ਸਿਖਰਲੇ ਦੱਸ (ਟੌਪ ਟਿੱਨ) ਟੀਵੀ ਚੈਨਲਾਂ ‘ਚ ਇਸ਼ਤਿਹਾਰਬਾਜੀ ਕਰਨ ‘ਚ ਨੰਬਰ ਇੱਕ ਤੇ ਰਹੀ ਹੈ। ਉਸਨੇ ਇਹਨਾਂ ਸਿਖਰਲੇ ਦੱਸ ਟੀਵੀ ਚੈਨਲਾਂ ਤੇ 22099 ਵਾਰੀ ਇਸ਼ਤਿਹਾਰਬਾਜੀ ਕੀਤੀ ਹੈ। 
ਇਸ ਤਰਾਂ ਇਕ ਪਾਸੇ ਸਰਕਾਰ ਲੋਕਾਂ ਦੀਆਂ ਬੁਨਿਆਦੀ  ਲੋੜਾਂ ਤੇ ਮੰਗਾਂ ਨੂੰ ਮੰਨਣ ਵੇਲੇ ਖ਼ਜ਼ਾਨਾ ਖਾਲ਼ੀ ਹੋਣ ਦਾ ਰੋਣਾ ਰੋਂਦੀ ਹੈ ਤੇ ਦੂਜੇ ਪਾਸੇ ਆਪਣੇ ਹਿੱਤਾਂ ਲਈ ਖ਼ਜ਼ਾਨੇ ਨੂੰ ਸੰਨ੍ਹ ਲਾ ਰਹੀ ਹੈ।

Thursday, November 22, 2018

'ਪਿੰਜਰੇ ਦਾ ਤੋਤਾ' ਬਣਿਆ ਮਾਲਕਾਂ ਦੇ ਗਲੇ ਦੀ ਹੱਡੀ -ਮਨਦੀਪ

Posted on:- 28-10-2018
suhisaver
ਇਨ੍ਹੀਂ ਦਿਨੀਂ ਦੇਸ਼ ਦੀ ਵੱਡੀ ਤੇ ਸੁਰੱਖਿਅਤ ਕਹੀ ਜਾਂਦੀ ਜਾਂਚ ਏਜੰਸੀ ਸੀਬੀਆਈ ਸਵਾਲਾਂ ਅਤੇ ਅਸੁੱਰਖਿਆ ਦੇ ਘੇਰੇ 'ਚ ਹੈ। ਇਹ ਅਸੁੱਰਖਿਅਤਾ ਸਰਕਾਰ ਅਤੇ ਸੀਬੀਆਈ ਦੋਹਾਂ ਵਿਚਕਾਰ ਬਣੀ ਹੋਈ ਹੈ। ਮੋਦੀ ਸਰਕਾਰ ਦੇ ਸੱਤਾ ਤੇ ਕਾਬਜ ਹੋਣ ਦੇ ਸਮੇਂ ਤੋਂ ਹੀ ਸੀਬੀਆਈ ਸਵਾਲਾਂ ਦੇ ਘੇਰੇ ਵਿਚ ਸੀ। ਇਸਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਨਿਯੁਕਤੀ ਦੇ ਸਮੇਂ ਤੋਂ ਹੀ ਲਗਾਤਾਰ ਇਕ ਵਿਵਾਦ ਚੱਲਦਾ ਆ ਰਿਹਾ ਸੀ। ਰਾਕੇਸ਼ ਅਸਥਾਨਾ ਉਪਰ ਗੁਜਰਾਤ ਦੰਗਿਆਂ ਸਮੇਤ ਭ੍ਰਿਸ਼ਟਾਚਾਰ ਦੇ ਅਨੇਕਾਂ ਦੋਸ਼ ਸਨ। ਪਰ ਇਸਦੇ ਬਾਵਜੂਦ ਦੇਸ਼ ਦੇ 'ਨਾ ਖਾਊਂਗਾ ਨਾ ਖਾਣੇ ਦੂੰਗਾ' ਦੇ ਦਮਗਜੇ ਮਾਰਨ ਵਾਲੇ ਪ੍ਰਧਾਨ ਮੰਤਰੀ ਨੇ ਰਾਕੇਸ਼ ਅਸਥਾਨਾ ਵਰਗੇ ਭ੍ਰਿਸ਼ਟ ਵਿਅਕਤੀ ਦੇ ਹੱਥ ਦੇਸ਼ ਦੀ ਸਭ ਤੋਂ ਵੱਡੀ ਤੇ ਨਿਰਪੱਖ ਕਹੀ ਜਾਂਦੀ ਜਾਂਚ ਏਜੰਸੀ ਦੀ ਵਾਗਡੋਰ ਸੌਂਪ ਦਿੱਤੀ ਸੀ। 

ਉਸ ਸਮੇਂ ਸੀਬੀਆਈ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੋਵੇਂ ਹੀ ਮੋਦੀ ਦੇ ਚਹੇਤੇ ਸਨ ਜਿਨ੍ਹਾਂ ਵਿੱਚੋਂ ਅਸਥਾਨਾਂ ਦਾ ਗੁਜਰਾਤ ਮਾਡਲ ਉਸਾਰੀ ਵਿੱਚ ਅਹਿਮ ਯੋਗਦਾਨ ਰਿਹਾ ਸੀ। ਮੋਦੀ ਵਜਾਰਤ ਦੇ ਇਨ੍ਹਾਂ ਦੋਵਾਂ ਤੋਤਿਆਂ ਵਿਚਕਾਰ ਦਰਬਾਰੀ ਵਫਾਦਾਰੀ ਨੂੰ ਲੈ ਕੇ ਲਗਾਤਾਰ ਮੱਤਭੇਦ ਚੱਲਦੇ ਆ ਰਹੇ ਸਨ। ਸੀਬੀਆਈ ਦੇ ਦੋਵੇਂ ਆਹਲਾ ਦਰਜੇ ਦੇ ਅਧਿਕਾਰੀ ਇੱਕ ਦੂਜੇ ਤੇ ਦੋਸ਼ ਲਾ ਕੇ ਦਰਬਾਰੀ ਵਫਾਦਾਰੀ ਦਾ ਸਿਹਰਾ ਹਾਸਲ ਕਰਨ ਦੀ ਦੌੜ ਵਿੱਚ ਸਨ। 

ਭ੍ਰਿਸ਼ਟਾਚਾਰੀ ਅਤੇ ਦਰਬਾਰੀ ਵਫਾਦਾਰੀ ਦੀ ਇਸ ਦੌੜ ਨੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ, ਨੌਕਰਸ਼ਾਹੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਹਨ। ਰਾਫੇਲ ਮਾਮਲੇ ਸਮੇਤ ਅਨੇਕਾਂ ਮੁੱਦਿਆਂ ਨੂੰ ਲੈ ਕੇ ਸੀਬੀਆਈ ਦੀ ਭੂਮਿਕਾ ਪਿਛਲੇ ਸਮੇਂ ਤੋਂ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਚੱਲੀ ਆ ਰਹੀ ਸੀ। ਹਾਕਮ ਧਿਰਾਂ ਅਤੇ ਕਾਰਪੋਰੇਟਰਾਂ ਦੇ 'ਪਿੰਜਰੇ ਦਾ ਤੋਤਾ' ਹਾਕਮਾਂ ਅਤੇ ਕਾਰਪੋਰੇਟਰਾਂ ਦੀ ਰਜਾ ਦੇ ਉਲਟ ਬੋਲਣ ਲੱਗ ਗਿਆ ਸੀ। ਆਲੋਕ ਵਰਮਾ ਦੀ ਵਫਾਦਾਰੀ ਆਪਣੇ ਉਲਟ 'ਚ ਬਦਲਣੀ ਸ਼ੁਰੂ ਹੋ ਗਈ ਸੀ। ਭਾਵੇਂ ਤਾਜਾ ਘਟਨਾਕ੍ਰਮ ਬੀਫ ਨਿਰਯਾਤਕ ਮੋਇਨ ਕੁਰੈਸ਼ੀ ਦੁਆਰਾ ਸੀਬੀਆਈ ਦੇ ਆਹਲਾ ਅਧਿਕਾਰੀਆਂ ਤੇ ਲਾਏ ਰਿਸ਼ਵਤਖੋਰੀ ਦੇ ਮਾਮਲੇ ਨੂੰ ਲੈ ਕੇ ਸੀਨ ਤੇ ਆਇਆ ਹੈ ਪਰੰਤੂ ਇਸਦੀਆਂ ਤੰਦਾਂ ਕਾਰਪੋਰੇਟ ਜਗਤ, ਸਰਕਾਰ ਅਤੇ ਜਾਂਚ ਏਜੰਸੀਆਂ ਦੀ ਤਿਕੜੀ ਨਾਲ ਜੁੜੀਆਂ ਹੋਈਆਂ ਹਨ। 

ਦੇਸ਼ ਦੀ ਰਾਜਨੀਤੀ ਅੰਦਰ ਸੀਵੀਸੀ, ਪੀਐਮਓ, ਰਾਅ, ਆਈਬੀ ਆਦਿ ਜਾਂਚ ਏਜੰਸੀਆਂ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਲਗਾਤਾਰ ਵਿਜੈ ਮਾਲੀਆ, ਮੁਹੇਲ ਚੌਕਸੀ, ਲਲਿਤ ਮੋਦੀ, ਰਾਫੇਲ ਡੀਲ ਆਦਿ ਘਪਲਿਆਂ ਨੂੰ ਲੈ ਕੇ ਖਿੱਚੜੀ ਪੱਕ ਰਹੀ ਸੀ। 

ਸਰਕਾਰ ਸਮੇਤ ਜਾਂਚ ਏਜੰਸੀਆਂ ਖੁਦ ਕਾਰਪੋਰੇਟਰਾਂ ਨਾਲ ਮਿਲ ਕੇ ਘਪਲੇਬਾਜ਼ੀ ਤੇ ਸੌਦੇਬਾਜੀ ਵਿਚ ਸ਼ਰੀਕ ਚੱਲੀਆਂ ਆ ਰਹੀਆਂ ਸਨ। ਤਾਜਾ ਘਟਨਾਕ੍ਰਮ ਤੋਂ ਬਾਅਦ ਤੋਤਿਆਂ ਅਤੇ ਮਾਲਕਾਂ ਵਿਚ ਲੁੱਟ ਅਤੇ ਭ੍ਰਿਸ਼ਟਾਚਾਰ ਦੇ ਮਾਲ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ ਤਾਂ ਦੋਸ਼ਾਂ ਦਾ ਬੋਝ ਇਕ-ਦੂਜੇ ਉੱਤੇ ਸੁੱਟਣ ਦੀ ਕਵਾਇਦ ਸ਼ੁਰੂ ਹੋ ਗਈ। ਇਸ ਕੁੱਕੜਖੇਹ 'ਚ ਸਰਕਾਰ ਤੋਂ ਲੈ ਕੇ ਭਰੋਸੇਯੋਗ ਤੇ ਨਿਰਪੱਖ ਕਹੀਆਂ ਜਾਂਦੀਆਂ ਜਾਂਚ ਏਜੰਸੀਆਂ ਸਭ ਦੇ ਸਿਰ ਸਵਾਹ ਪੈਣੀ ਸ਼ੁਰੂ ਹੋ ਗਈ। ਲੋਕਤੰਤਰਿਕ ਕਹੇ ਜਾਂਦੇ ਢਾਚੇ ਦੀ ਸੁਰੱਖਿਆ ਤੇ ਨਿਰਪੱਖਤਾ ਸ਼ਰੇ-ਬਾਜਾਰ ਨੰਗੀ ਹੋ ਗਈ। ਜਾਂਚ ਏਜੰਸੀਆਂ ਦੀ ਭਰੋਸੇਯੋਗਤਾ ਅਤੇ ਸਿਆਸੀ ਦਖਲਅੰਦਾਜੀ ਦੇ ਜੱਗ ਜਾਹਰ ਹੋਣ ਨਾਲ ਮੋਦੀ ਸਰਕਾਰ ਨੇ ਬੁਖਲਾਹਟ 'ਚ ਆ ਕੇ ਰਾਤੋ-ਰਾਤ ਸੀਬੀਆਈ ਦੇ ਦਫਤਰ ਵੱਲ ਮਸ਼ਕਾਂ ਭਰਨ ਦੇ ਹੁਕਮ ਜਾਰੀ ਕੀਤੇ ਅਤੇ ਗੈਰਕਾਨੂੰਨੀ ਢੰਗ ਨਾਲ ਸੀਬੀਆਈ ਡਾਇਰੈਕਟ ਤੇ ਵਿਸ਼ੇਸ਼ ਡਾਇਰੈਕਟ ਸਮੇਤ ਦਰਜਨਾਂ ਅਫਸਰਾਂ ਦੀਆਂ ਬਦਲੀਆਂ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਦੀ ਪ੍ਰੀਖਿਆ ਦਿੱਤੀ। ਉਹੀ ਸਰਕਾਰ ਜਿਹੜੀ ਦਿਨ-ਦਿਹਾੜੇ ਵਾਪਰੇ ਕਾਠੂਆ ਤੋਂ ਲੈ ਕੇ ਹੋਰ ਅਨੇਕਾਂ ਮਾਮਲਿਆਂ 'ਚ ਮੂੰਹ ਤੱਕ ਨਹੀਂ ਖੋਲ੍ਹਦੀ ਉਹ ਅਚਾਨਕ ਰਾਤ ਦੇ ਹਨੇਰੇ 'ਚ ਸਤਰਕ ਹੋ ਗਈ।

ਅਸਲ ਵਿਚ ਸੱਤਾ ਦੇ ਗਲਿਆਰੇ ਲਗਾਤਾਰ ਥਿੜਕ ਰਹੇ ਹਨ। ਭਾਜਪਾ ਸਰਕਾਰ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਲਗਾਤਾਰ ਆਰਐਸਐਸ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਭਾਰਤੀ ਰਾਜ ਪ੍ਰਬੰਧ ਦੀਆਂ ਰਵਾਇਤੀ ਸੰਸਥਾਵਾਂ ਅਤੇ ਉਹਨਾਂ ਉੱਤੇ ਬਿਰਾਜਮਾਨ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੂੰ ਜਿਸ ਮਨਮਰਜ਼ੀ ਤੇ ਧੱਕੇਸ਼ਾਹੀ ਨਾਲ ਨਿਰਧਾਰਤ ਕਰਦੀ ਆ ਰਹੀ ਹੈ ਉਸੇ ਤਰ੍ਹਾਂ ਉਸਨੇ ਸੀਬੀਆਈ ਦੇ ਮਾਮਲੇ ਵਿਚ ਵੀ ਫੈਸਲੇ ਲਏ ਹਨ। ਲੋਕਤੰਤਰ ਦੇ ਥੰਮ ਕਹੇ ਜਾਂਦੇ ਨਿਆਂਪਾਲਿਕਾਂ ਦੇ ਮੁੱਖ ਜੱਜਾਂ ਦੇ ਮਾਮਲੇ 'ਚ, ਫਿਰ ਮਨੁੱਖੀ ਸਰੋਤ ਮੰਤਰਾਲਾ ਤੇ ਹੁਣ ਸੀਬੀਆਈ ਦੇ ਵਿਵਾਦ ਨੇ ਦਿਖਾ ਦਿੱਤਾ ਹੈ ਕਿ ਭਾਰਤੀ ਰਾਜ ਪ੍ਰਬੰਧ ਦੀਆਂ ਇਹ ਸੰਸਥਾਵਾਂ ਹਕੂਮਤੀ ਤਾਨਾਸ਼ਾਹੀ ਨੂੰ ਕਾਇਮ ਰੱਖਣ ਅਤੇ ਲੋਕਾਂ ਨੂੰ ਲੋਕਤੰਤਰਿਕ ਪ੍ਰਬੰਧ ਦੇ ਭੁਲੇਖੇ 'ਚ ਰੱਖਣ ਦੇ ਹਕੂਮਤੀ ਸੰਦ ਹਨ। ਇਹਨਾਂ ਦੀ ਜਾਂਚ ਅਤੇ ਨਿਆਂ ਹਮੇਸ਼ਾਂ ਹਾਕਮ ਜਮਾਤਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਹੀ ਭੁਗਤਦੀ ਆ ਰਹੀ ਹੈ। ਹੁਣ ਇਹ ਮਖੌਟਾ ਇਸਦੇ ਅੰਦਰੋਂ ਹੀ ਲਹਿਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਇਨਸਾਫਪਸੰਦ ਤੇ ਅਗਾਂਹਵਧੂ ਲੋਕਾਂ ਨੂੰ ਇਸ ਮਖੌਟੇ ਪਿਛਲੀ ਭਾਰਤੀ ਰਾਜ ਸੱਤਾ ਦੀ ਤਾਨਾਸ਼ਾਹੀ ਦੇ ਲਬਾਦੇ ਨੂੰ ਤਹਿਸ਼-ਨਹਿਸ਼ ਕਰਕੇ ਲੋਕਾਸ਼ਾਹੀ ਢਾਂਚਾ ਸਥਾਪਤੀ ਵੱਲ ਵੱਧਣਾ ਚਾਹੀਦਾ ਹੈ।

ਨਾਮ ਬਦਲੀ ਦੀ ਫਿਰਕੂ ਸਿਆਸਤ ਦੀ ਫਾਸ਼ੀਵਾਦੀ ਵਿਰਾਸਤ

ਨਾਮ ਬਦਲੀ ਦੀ ਫਿਰਕੂ ਸਿਆਸਤ ਦੀ ਫਾਸ਼ੀਵਾਦੀ ਵਿਰਾਸਤ

Posted on:- 17-11-2018
suhisaver
-ਮਨਦੀਪ

ਭਾਰਤ ਦੇ ਕਈ ਸੂਬਿਆਂ ਵਿਚ ਕਈ ਜਨਤਕ ਥਾਵਾਂ, ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇਂ ਸਟੇਸ਼ਨਾਂ ਆਦਿ ਦੀ ਨਾਮ ਬਦਲੀ ਦੀ ਮੁਹਿੰਮ ਲਗਾਤਾਰ ਤੇਜੀ ਫੜ ਰਹੀ ਹੈ। ਨਾਮ ਬਦਲੀ ਦੀ ਇਹ ਮੁਹਿੰਮ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਈ ਸੂਬਾਈ ਤੇ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੁਆਰਾ ਚਲਾਈ ਜਾ ਰਹੀ ਹੈ। ਇਸਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ ਮੁਹਿੰਮ ਜਿਉਂ-ਜਿਉਂ 2019 ਦੀਆਂ ਲੋਕ ਸਭਾਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਹੋਰ ਤੇਜ ਕੀਤੀ ਜਾ ਰਹੀ ਹੈ। ਮੌਜੂਦਾ ਕੇਂਦਰ ਸਰਕਾਰ ਖਿਲਾਫ ਨੋਟਬੰਦੀ, ਭ੍ਰਿਸ਼ਟਾਚਾਰ, ਵੱਧਦੀ ਮਹਿੰਗਾਈ, ਬੇਰੁਜਗਾਰੀ, ਘੁਟਾਲੇ, ਰੁਪਏ ਦੀ ਡਾਲਰ ਮੁਕਾਬਲੇ ਕਦਰ ਘਟਾਈ, ਸੀਬੀਆਈ ਤੇ ਆਰਬੀਆਈ ਵਿਵਾਦ ਆਦਿ ਅਨੇਕਾਂ ਮੁੱੱਦਿਆਂ ਨੂੰ ਲੈ ਕੇ ਵਿਰੋਧ ਦੀ ਸੁਰ ਲਗਾਤਾਰ ਤਿੱਖੀ ਹੋ ਰਹੀ ਹੈ। ਪਰੰਤੂ ਭਾਜਪਾ ਸਰਕਾਰ ਇਨ੍ਹਾਂ ਬੁਨਿਆਦੀ ਮੁੱਦਿਆਂ ਤੋਂ ਸੰਬੋਧਿਤ ਨਾ ਹੋ ਕੇ ਆਰਐਸਐਸ ਦੇ ਵਿਚਾਰਧਾਰਕ ਏਜੰਡੇ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ। ਇਸ ਮਨਸ਼ੇ ਤਹਿਤ ਰਾਮ ਮੰਦਿਰ ਦੇ ਮੁੱਦੇ ਨੂੰ ਚੋਣਾਂ ਦੇ ਨੇੜੇ ਆ ਕੇ ਮੁੜ-ਸੁਰਜੀਤ ਕਰਨਾ, ਸਬਰੀਮਾਲਾ ਮੰਦਿਰ ਦੇ ਮੁੱਦੇ ਨੂੰ ਫਿਰ ਤੋਂ ਉਭਾਰ ਕੇ ਸੁਪਰੀਮ ਕੋਰਟ ਨੂੰ ਨਸੀਹਤ ਤੱਕ ਦੇਣੀ, ਤੇਲੰਗਾਨਾ 'ਚ ਬੀਜੇਪੀ ਮੈਨੀਫੈਸਟੋ 'ਚ ਚੋਣਾਂ ਜਿੱਤਣ ਦੌਰਾਨ ਇੱਕ ਲੱਖ ਗਾਂ ਮੁਫਤ ਵੰਡਣ ਦਾ ਵਾਅਦਾ ਕਰਨਾ ਅਤੇ ਮੁਸਲਿਮ ਅਤੀਤ ਵਾਲੀਆਂ ਇਤਿਹਾਸਕ ਥਾਵਾਂ ਦੇ ਨਾਮ ਬਦਲਕੇ ਹਿੰਦੂ ਧਰਮ ਅਤੇ ਸੰਸਕ੍ਰਿਤਿਕ ਸ਼ਬਦਾਂ ਦੇ ਨਾਂ ਤੇ ਰੱਖਣ ਆਦਿ ਦੀ ਫਿਰਕੂ ਕਵਾਇਦ ਜਿੱਥੇ ਸਰਕਾਰ ਦੀ ਚਾਰ ਸਾਲ ਦੀ ਨਮੋਸ਼ੀਜਨਕ ਕਾਰਗੁਜਾਰੀ ਨੂੰ ਕੱਜਣ ਲਈ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਨਜਦੀਕ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹਿੰਦੂ-ਮੁਸਲਮਾਨ ਵਿਚਕਾਰ ਫਿਰਕੂ ਧਰੁਵੀਕਰਨ ਕਰਕੇ ਬਹੁਗਿਣਤੀ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਨਾਮ ਬਦਲੀ ਦੀ ਮੁਹਿੰਮ ਭਾਜਪਾ ਦੀ ਫਿਰਕੂ ਸਿਆਸਤ ਦਾ ਇੱਕ ਹੋਰ ਨਵਾਂ ਪੱਤਾ ਹੈ ਜਿਸਨੂੰ ਪਿਛਾਖੜੀ ਹਿੰਦੂ ਭਾਈਚਾਰੇ ਦਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਮੁਹਿੰਮ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ।

ਭਾਰਤ ਸਮੇਤ ਦੁਨੀਆਂ ਭਰ 'ਚ ਜਨਤਕ ਥਾਵਾਂ ਅਤੇ ਸ਼ਹਿਰਾਂ ਦੇ ਨਾਮ ਬਦਲੇ ਜਾਣ ਦਾ ਲੰਮਾ-ਚੌੜਾ ਅਤੇ ਪੁਰਾਣਾ ਇਤਿਹਾਸ ਰਿਹਾ ਹੈ। ਦੁਨੀਆਂ ਦੇ ਲਗਭਗ ਹਰ ਦੇਸ਼ ਦੇ ਇਤਿਹਾਸ ਵਿਚ ਉੱਥੋਂ ਦੇ ਪਿੰਡਾਂ-ਸ਼ਹਿਰਾਂ, ਜਨਤਕ ਥਾਵਾਂ ਅਤੇ ਗਲੀਆਂ-ਸੜਕਾਂ ਦੇ ਨਾਮ ਬਦਲੇ ਜਾਣ ਦੇ ਭੂਗੋਲਿਕ, ਭਸ਼ਾਈ, ਰਾਜਨੀਤਿਕ, ਸਰਹੱਦੀ ਅਤੇ ਧਾਰਮਿਕ ਕਾਰਨ ਰਹੇ ਹਨ। ਦੇਸ਼ ਅਤੇ ਦੁਨੀਆਂ ਦੇ ਇਤਿਹਾਸ 'ਚ ਨਾਮ ਬਦਲੀ ਦੇ ਜਿਆਦਾਤਰ ਸੰਘਰਸ਼ ਅਤੇ ਮੁਹਿੰਮਾਂ ਭਾਸ਼ਾ ਅਤੇ ਸਰਹੱਦੀ ਵੰਡ ਨੂੰ ਲੈ ਕੇ ਚੱਲੀਆਂ ਹਨ ਭਾਵੇਂ ਕਿ ਇਹਨਾਂ ਸੰਘਰਸ਼ਾਂ ਅਤੇ ਮੁਹਿੰਮਾਂ ਦਾ ਇਹ ਇਕਲੋਤਰਾ ਪਹਿਲੂ ਕਦੇ ਵੀ ਨਹੀਂ ਰਿਹਾ।ਧਰਮ ਅਤੇ ਸਿਆਸਤ ਦੇ ਬਹੁਪਸਾਰੀ ਪਹਿਲੂ ਵੀ ਸਦਾ ਇਹਨਾਂ ਸੰਘਰਸ਼ਾਂ ਦੇ ਸਮਾਨਰਥੀ ਚੱਲਦੇ ਆਉਂਦੇ ਰਹੇ ਹਨ। ਪੰਜਾਬੀ ਅਤੇ ਤਾਮਿਲ ਭਾਸ਼ਾ ਅਧਾਰਿਤ ਸੂਬਿਆਂ ਦਾ ਨਾਮਕਰਨ ਕਰਨ ਦਾ ਸੰਘਰਸ਼ ਇਸਦੀਆਂ ਮਿਸਾਲਾਂ ਹਨ।

ਨਾਮ ਬਦਲੀ ਦੀ ਸਿਆਸਤ ਪਿੱਛੇ ਵਿਚਾਰਧਾਰਕ ਸਿਆਸੀ ਸਵਾਲ ਸਦਾ ਅਹਿਮ ਰਿਹਾ ਹੈ। ਰਜਵਾੜਾਸ਼ਾਹੀ ਵੇਲੇ ਤੋਂ ਹੀ ਨਾਮਕਰਨ ਨੂੰ ਸੱਤਾ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਜਾਂਦਾ ਆ ਰਿਹਾ ਹੈ। ਸੱਤਾ ਬਦਲੀ ਦੇ ਨਾਲ ਹੀ ਇਹਨਾਂ ਪ੍ਰਤੀਕਾਂ ਨੂੰ ਮਿਟਾਉਣ ਅਤੇ ਬਦਲਣ ਦੇ ਯਤਨ ਇਤਿਹਾਸ 'ਚ ਸਦਾ ਹੁੰਦੇ ਚੱਲੇ ਆ ਰਹੇ ਹਨ। ਨਾਮ ਬਦਲੀ ਦੀ ਇਹ ਸਿਆਸਤ ਸੱਤਾਧਾਰੀਆਂ ਦੀ ਸਿਆਸਤ ਨੂੰ ਸਥਾਪਿਤ ਕਰਨ ਅਤੇ ਉਚਿਆਉਣ ਦਾ ਵਾਹਕ ਬਣਦੀ ਆ ਰਹੀ ਹੈ। ਸੋਵੀਅਤ ਯੂਨੀਅਨ ਦੇ ਹੋਂਦ 'ਚ ਆਉਣ ਤੋਂ ਬਾਅਦ ਵੱਡੀ ਪੱਧਰ ਤੇ ਸਾਮਰਾਜੀ ਅਤੇ ਸਰਮਾਏਦਾਰੀ ਦੇ ਪ੍ਰਤੀਕਾਂ ਨੂੰ ਮਿਟਾਕੇ ਅਤੇ ਬਦਲਕੇ ਮਜਦੂਰ ਜਮਾਤ ਦੇ ਪ੍ਰਤੀਕਾਂ ਨੂੰ ਸਥਾਪਿਤ ਕੀਤਾ ਗਿਆ ਸੀ। ਗਲੀਆਂ, ਸੜਕਾਂ, ਸ਼ਹਿਰਾਂ, ਚੌਕਾਂ ਅਤੇ ਜਨਤਕ ਥਾਵਾਂ ਦੇ ਨਾਵਾਂ ਉੱਤੇ ਕੂਚੀਆਂ ਫੇਰ ਕੇ ਸੰਸਾਰ ਨਕਸ਼ੇ ਉੱਤੇ ਪੁਰਾਣੇ ਪੂੰਜੀਵਾਦੀ ਪ੍ਰਤੀਕਾਂ ਨੂੰ ਮਿਟਾਕੇ ਨਵੇਂ ਪ੍ਰਤੀਕ ਲੀਕ ਦਿੱਤੇ ਗਏ ਸਨ। ਸੋਵੀਅਤ ਯੂਨੀਅਨ 'ਚ ਗਲੀਆਂ, ਸੜਕਾਂ, ਸ਼ਹਿਰਾਂ, ਚੌਕਾਂ ਅਤੇ ਜਨਤਕ ਥਾਵਾਂ ਦੇ ਨਾਮ ਬਦਲਕੇ ਕਮਿਊਨਿਸਟ ਆਗੂਆਂ ਅਤੇ ਕਮਿਊਨਿਸਟ ਵਿਚਾਰਧਾਰਾ ਪੱਖੀ ਲੇਖਕਾਂ ਦੇ ਨਾਮ ਉੱਕਰ ਦਿੱਤੇ ਗਏ ਸਨ। ਉਹਨਾਂ ਦੇ ਨਾਮ ਉੱਤੇ ਅਨੇਕਾਂ ਬੁੱਤ ਸਥਾਪਿਤ ਕੀਤੇ ਗਏ। ਬਾਅਦ 'ਚ ਦੂਜੀ ਸੰਸਾਰ ਜੰਗ ਸਮੇਂ ਜਰਮਨ 'ਚ ਹਿਟਲਰ ਦੇ ਸੱਤਾ 'ਤੇ ਕਾਬਜ ਹੋਣ ਬਾਅਦ ਵੱਡੀ ਪੱਧਰ ਤੇ 'ਰਾਸ਼ਟਰੀ ਸਮਾਜਵਾਦ' ਨਾਂ ਦੀ ਮੁਹਿੰਮ ਦੇ ਬੈਨਰ ਹੇਠ ਕਮਿਊਨਿਸਟਾਂ ਅਤੇ ਯਹੂਦੀਆਂ ਦੇ ਨਾਵਾਂ ਅਤੇ ਪ੍ਰਤੀਕਾਂ ਨੂੰ ਨਸ਼ਟ ਕੀਤਾ ਗਿਆ। ਹਿਟਲਰ ਨੇ ਉਹਨਾਂ ਦੀਆਂ ਸਿਮਰਤੀਆਂ ਨੂੰ ਖਤਮ ਕਰਨ ਲਈ ਫਿਰਕੂ ਤੇ ਫਾਸ਼ੀ ਨੀਤੀ ਦਾ ਇਸਤੇਮਾਲ ਕੀਤਾ। ਇਹ ਇਤਿਹਾਸ ਵਿਚ ਇੱਕ ਅਹਿਮ ਮੋੜ ਸੀ ਜਦੋਂ ਨਸਲੀ ਅਧਾਰ ਤੇ ਵੱਡਾ ਨਰਸੰਹਾਰ ਕਰਕੇ ਯਹੂਦੀਆਂ ਦੇ ਘਰਾਂ ਤੱਕ ਦੇ ਨਾਮ ਬਦਲ ਦਿੱਤੇ ਗਏ। ਨਸਲ ਸ਼ੁੱਧੀ ਦੇ ਸਲੋਗਨ ਹੇਠ ਯਹੂਦੀਆਂ ਦੀ ਅਜਾਦੀ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਦਿਆਂ ਤਾਨਾਸ਼ਾਹ ਤਰੀਕੇ ਨਾਲ ਉਹਨਾਂ ਦੀਆਂ ਸਿਮਰਤੀਆਂ ਨੂੰ ਮਿਟਾ ਦਿੱਤਾ ਗਿਆ ਅਤੇ ਹਰ ਗਲੀ ਮੁਹੱਲੇ, ਚੌਂਕ, ਪਾਰਕ, ਸ਼ਹਿਰ, ਜਨਤਕ ਥਾਵਾਂ ਆਦਿ ਦਾ ਨਾਮ ਖਾਸਕਰ ਅਡੋਲਫ ਹਿਟਲਰ ਅਤੇ ਉਸਦੇ ਹਮਾਇਤੀਆਂ ਦੇ ਨਾਮ ਤੇ ਰੱੱਖਿਆ ਗਿਆ। ਨਾਮਬਦਲੀ ਦੀ ਇਸ ਮੁਹਿੰਮ ਲਈ ਕਿਸੇ ਤਰ੍ਹਾਂ ਦੇ ਪੁਨਰਗਠਨ ਕਾਨੂੰਨ ਅਤੇ ਲੋਕਤੰਤਰਿਕ ਮਰਦਮਸ਼ੁਮਾਰੀ ਦਾ ਸਹਾਰਾ ਨਹੀਂ ਲਿਆ ਗਿਆ। ਇਸ ਮੁਹਿੰਮ ਨੂੰ ਸਿੱਧੇ ਮਿਊਂਸੀਪਲ ਕਮੇਟੀਆਂ ਨੂੰ ਰਾਤੋ-ਰਾਤ ਹੁਕਮ ਜਾਰੀ ਕਰਕੇ ਨੇਪਰੇ ਚਾੜ੍ਹਿਆ ਗਿਆ ਸੀ।

ਸੱਤਾ ਧਿਰ ਆਪਣੀ ਵਿਚਾਰਧਾਰਾ ਤੇ ਸਿਆਸਤ ਨੂੰ ਸਥਾਪਿਤ ਕਰਨ ਲਈ ਸਦਾ ਨਾਮਬਦਲੀ ਦੀ ਸਿਆਸਤ ਦਾ ਸਹਾਰਾ ਲੈਂਦੀ ਆਈ ਹੈ ਪਰੰਤੂ ਫਿਰਕੂ ਤਾਨਾਸ਼ਾਹੀ ਦਾ ਜੋ ਮਾਡਲ ਅਡੋਲਫ ਹਿਟਲਰ ਨੇ ਅਪਣਾਇਆ ਇਹ ਆਪਣੇ ਆਪ ਵਿਚ ਹੀ ਇਤਿਹਾਸ 'ਚ ਨਾਮ ਬਦਲੀ ਦੀ ਸਿਆਸਤ ਦਾ ਸਭ ਤੋਂ ਵੱਧ ਅਣਮਨੁੱਖੀ ਤੇ ਨਸਲੀ ਨਫਰਤ ਵਾਲਾ ਮਾਡਲ ਹੈ। ਇਹੀ ਨਾਜੀ ਜਰਮਨੀ ਮਾਡਲ ਮੌਜੂਦਾ ਭਾਜਪਾ ਸਰਕਾਰ ਭਾਰਤ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੌਜੂਦਾ ਭਾਜਪਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਭਾਰਤ ਦੇ ਅਨੇਕਾਂ ਸ਼ਹਿਰਾਂ ਦੇ ਨਾਮ ਬਦਲੇ ਗਏ ਸਨ। ਬਲਕਿ ਭਾਰਤ ਦੇ ਬਰਤਾਨਵੀ ਬਸਤੀਵਾਦ ਤੋਂ ਅਜ਼ਾਦ ਹੋਣ ਤੋਂ ਬਾਅਦ ਥਾਵਾਂ-ਸ਼ਹਿਰਾਂ ਦੀ ਨਾਮ ਬਦਲੀ ਹੁੰਦੀ ਆ ਰਹੀ ਹੈ। ਅੰਗਰੇਜੀ ਹਕੂਮਤ ਦੇ ਚਿੰਨ੍ਹਾਂ-ਪ੍ਰਤੀਕਾਂ ਨੂੰ ਖਤਮ ਕਰਕੇ ਉਹਨਾਂ ਦੀ ਜਗ੍ਹਾ ਰਾਸ਼ਟਰਵਾਦੀ ਚਿੰਨ੍ਹਾਂ-ਪ੍ਰਤੀਕਾਂ ਨੂੰ ਸਥਾਪਿਤ ਕੀਤਾ ਗਿਆ। ਪਰੰਤੂ ਬੀਤੇ ਇੱਕ ਸਾਲ ਵਿੱਚ ਜਿਸ ਤੇਜੀ ਨਾਲ ਨਾਮ ਬਦਲੀ ਦੀ ਮੁਹਿੰਮ ਚੱਲ ਰਹੀ ਹੈ ਇਹ ਫਿਰਕੂ ਜਹਿਰ ਫੈਲਾਉਣ ਵਾਲੀ ਹੈ। ਫਿਰਕੂ ਲੀਹਾਂ ਤੇ ਨਾਮ ਬਦਲੀ ਦਾ ਮੁੱਦਾ 2015 ਵਿਚ ਦਿੱਲੀ ਦੇ ਔਰੰਗਜੇਬ ਰੋਡ ਦਾ ਨਾਮ ਏਜੇਪੀ ਅਬਦੁੱਲ ਕਲਾਮ ਦੇ ਨਾਮ ਤੇ ਰੱਖਣ ਲਈ ਸ਼ਿਵ ਸੈਨਾ ਵੱਲੋਂ ਕੀਤੀ ਗੁੰਡਾਗਰਦੀ ਨਾਲ ਸਾਹਮਣੇ ਆਇਆ ਸੀ। ਇਸਤੋਂ ਬਾਅਦ ਹਰਿਆਣਾ ਦੇ ਗੁੜਗਾਓਂ ਦਾ ਨਾਮ ਬਦਲ ਕੇ ਗੁਰੂਗਰਾਮ ਰੱਖਣ ਨਾਲ ਵੱਡਾ ਵਿਵਾਦ ਪੈਦਾ ਹੋਇਆ ਸੀ। ਪੂਰੇ ਭਾਰਤ ਵਿਚ ਪਿਛਲੇ ਇੱਕ ਸਾਲ 'ਚ 25 ਪਿੰਡਾਂ ਤੇ ਸ਼ਹਿਰਾਂ ਦੇ ਨਾਮ ਬਦਲੇ ਗਏ ਹਨ। ਇਹਨਾਂ ਦੀ ਖਾਸੀਅਤ ਇਹ ਰਹੀ ਹੈ ਕਿ ਬਦਲੇ ਗਏ ਸਾਰੇ ਨਾਮ ਮੁਸਲਿਮ ਪਿਛੋਕੜ ਵਾਲੇ ਸਨ ਅਤੇ ਉਹਨਾਂ ਦੀ ਨਾਮ ਬਦਲੀ ਹਿੰਦੂ ਧਰਮ ਅਤੇ ਸੰਸਕ੍ਰਿਤੀ ਦੇ ਸ਼ਬਦਾਂ ਨਾਲ ਕੀਤੀ ਗਈ ਹੈ। ਭਾਜਪਾ ਦਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਇਸ ਮੁਹਿੰਮ ਦਾ ਪ੍ਰਮੁੱਖ ਬਣਕੇ ਸਾਹਮਣੇ ਆਇਆ ਹੈ। ਦੇਸ਼ ਨੂੰ ਫਿਰਕੂ ਲੀਹਾਂ 'ਚ ਵੰਡਣਾ ਆਰਐਸਐਸ ਦਾ ਮੁੱਖ ਏਜੰਡਾ ਹੈ ਅਤੇ ਯੋਗੀ ਅਦਿੱਤਿਆ ਨਾਥ ਸਿੱਧੇ ਤੌਰ ਤੇ ਨਾਮ ਬਦਲੀ ਮੁਹਿੰਮ ਤਹਿਤ ਇਸ ਫਿਰਕੂ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਸ ਦੁਆਰਾ ਅਲਾਹਾਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜਾਬਾਦ ਦਾ ਨਾਮ ਅਯੁੱੱਧਿਆ ਰੱਖਣਾ ਉਸਦੇ ਹਿੰਦੂਤਵੀ ਫਿਰਕੂ ਏਜੰਡੇ ਨੂੰ ਪ੍ਰਗਟ ਕਰਦਾ ਹੈ। ਇਸ ਤੋਂ ਇਲਾਵਾ ਭਾਜਪਾ ਸਰਕਾਰ ਉੜੀਸਾ ਦੇ ਰਾਜਾਮੁੰਦਰੀ ਨੂੰ ਰਾਜਾ ਮਹਿੰਦਰਾਵਰਨਮ, ਹਰਿਆਣਾ ਦੇ ਪਿੰਡ ਪਿੰਡਾਰੀ ਨੂੰ ਪਾਂਡੂ ਪਿੰਡਾਰਾ, ਮਹਾਂਰਾਸ਼ਟਰ ਦੇ ਲੈਂਡਗਵਾੜੀ ਨੂੰ ਨਰਸਿੰਗਾਓ, ਹਰਿਆਣਾ ਦੇ ਸਰ ਛੋਟੂ ਰਾਮ ਨਗਰ ਨੂੰ ਗੜੀ ਸੰਪਲਾ, ਰਾਜਸਥਾਨ ਦੇ ਖੱਟੂ ਕਲਾਂ ਨੂੰ ਬਾਰੀ ਖੱਟੂ, ਅਹਿਮਦਾਬਾਦ ਨੂੰ ਕਰਨਾਵਤੀ ਅਤੇ ਪੱਛਮੀ ਬੰਗਾਲ ਦੇ ਨਾਮ ਨੂੰ ਬਦਲ ਕੇ ਬੰਗਲਾ ਕਰਨ ਦਾ ਪ੍ਰਸਤਾਵ ਰੱੱਖਿਆ ਹੈ। ਇਸੇ ਲੜੀ ਵਜੋਂ ਮੁਗਲਸਰਾਏ ਰੇਲਵੇ ਸ਼ਟੇਸ਼ਨ ਦਾ ਨਾਮ ਬਦਲ ਕੇ ਹਿੰਦੂ ਸੱਜੇਪੱਖੀ ਵਿਚਾਰਕ ਦੀਨ ਦਿਆਲ ਉਪਾਧਿਆ ਦੇ ਨਾਮ ਤੇ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਨਾਮ ਬਦਲੀ ਦੀ ਇਹ ਫਿਰਕੂ ਮੁਹਿੰਮ 'ਸਟੇਟ ਰੀਆਰਗੇਨਾਈਜੇਸ਼ਨ ਐਕਟ 1956' ਨੂੰ ਕੁਚਲ ਕੇ ਅਤੇ ਉਸਦੀ ਦੁਰਵਰਤੋਂ ਕਰਕੇ ਅੱਗੇ ਵਧਾਈ ਜਾ ਰਹੀ ਹੈ।

ਪਿਛਲੇ ਚਾਰ ਸਾਲ 'ਚ ਭਾਜਪਾ ਦਾ ਧਿਆਨ ਵਿਕਾਸ ਅਤੇ ਹੋਰ ਬੁਨਿਆਦੀ ਮੁੱੱਦਿਆਂ ਦੀ ਬਜਾਏ ਇਤਿਹਾਸ ਅਤੇ ਵਿਗਿਆਨ ਨਾਲ ਛੇੜਛਾੜ, ਪਾਠ ਪੁਸਤਕਾਂ ਦੇ ਪਾਠਕ੍ਰਮ ਵਿਚ ਤਬਦੀਲੀਆਂ ਅਤੇ ਨਾਮ, ਪ੍ਰਤੀਕ, ਭਾਸ਼ਾ ਤੇ ਲਿੱਪੀ ਪ੍ਰਤੀ ਗੈਰਸੰਜੀਦਾ ਵਿਵਹਾਰ ਵੱਲ ਵਧੇਰੇ ਰਿਹਾ ਹੈ। ਇਸਦੇ ਸੰਕੇਤ ਨਰੇਂਦਰ ਮੋਦੀ ਨੇ 2014 ਦੇ ਆਪਣੇ ਇਕ ਭਾਸ਼ਣ ਵਿੱਚ ਪਹਿਲਾਂ ਹੀ ਦੇ ਦਿੱਤੇ ਸਨ ਜਦੋਂ ਉਸਨੇ ਕਿਹਾ ਕਿ 'ਭਾਰਤ 1200 ਸਾਲ ਤੋਂ ਮਾਨਸਿਕ ਗੁਲਾਮੀ ਦਾ ਸ਼ਿਕਾਰ ਰਿਹਾ ਹੈ।' ਮੱਧਕਾਲੀਨ ਮੁਸਲਿਮ ਸ਼ਾਸ਼ਕਾਂ ਨੂੰ ਨਿਸ਼ਾਨਾ ਬਣਾਕੇ ਮੋਦੀ ਸਰਕਾਰ ਅਤੀਤ ਤੇ ਚਿੱਕੜ ਉਛਾਲੀ ਕਰਕੇ ਵਰਤਮਾਨ ਸਮੇਂ 'ਚ ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ ਨੂੰ ਟਾਰਗੇਟ ਕਰ ਰਹੀ ਹੈ। ਇਤਿਹਾਸਕ ਸੱਭਿਆਚਾਰਕ ਅਤੇ ਭਰਾਤਰੀ ਸਾਂਝ ਨੂੰ ਖਤਮ ਕਰਨ ਕਰਨ ਲਈ ਲਵ ਜਿਹਾਦ, ਅਸ਼ਹਿਣਸ਼ੀਲਤਾ ਤੇ ਭੜਕਾਊ ਭੀੜ ਵਰਗੇ ਵਰਤਾਰਿਆ ਨੂੰ ਭਾਜਪਾ ਸਰਕਾਰ ਸਮੇਤ ਮੁੱਖ-ਧਰਾਈ ਮੀਡੀਆ ਨੇ ਵੀ ਸ਼ਹਿ ਦੇਣ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।

ਨਾਮ ਬਦਲੀ ਦੀ ਇਹ ਸਿਆਸਤ ਲੋਕਾਂ ਦਾ ਧਿਆਨ ਉਹਨਾਂ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਕੇ ਫਿਰਕੂ ਵੰਡੀਆਂ ਵੱਲ ਖਿਸਕਾਉਣ ਅਤੇ ਹਿੰਦੂ-ਮੁਸਲਿਮ ਨਫਰਤ ਨੂੰ ਹੋਰ ਵੱਧ ਤਿੱਖਾ ਕਰਨ ਦਾ ਸਾਧਨ ਹੈ। ਦੇਸ਼ ਦੇ ਲੋਕਾਂ ਨੂੰ ਇਹਨਾਂ ਫਿਰਕੂ ਮਨਸੂਬਿਆਂ ਦੇ ਇਤਿਹਾਸਕ ਸਬਕਾਂ ਤੋਂ ਸੇਧ ਲੈਦਿਆਂ ਅਜਿਹੇ ਫਿਰਕੂ ਸਰਕਾਰੀ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਈ-ਮੇਲ: mandeepsaddowal@gmail.com

ਫੋਟੋ ਕੈਪਸ਼ਨ - ਉਪਰੋਕਤ ਤਸਵੀਰ ਜਰਮਨ ਦੇ ਅਖਬਾਰ 'ਹੈਮਬਰਗਰ ਐਨਜੇਗਰ' 'ਚ 1 ਨਵੰਬਰ 1938 ਨੂੰ ਪ੍ਰਕਾਸ਼ਿਤ ਹੋਈ ਸੀ। ਤਸਵੀਰ ਵਿਚਲਾ ਨਾਜੀ ਜਰਮਨੀ ਦਾ ਸਿਪਾਹੀ ਹੈਮਬਰਗਰ ਗਲੀ 'ਚ ਲੱਗੇ 'ਹਾਲੇਰ ਸਟਰਾਸੇ' ਨਾਂ ਦੇੇੇ ਬੋਰਡ ਨੂੰ ਹਟਾਕੇ 'ਔਸਟਮਾਰਕ ਸਟਰਾਸੇੇੇ' ਨਾਮ ਦਾ ਨਵਾਂ ਬੋਰਡ ਲਗਾ ਰਿਹਾ ਹੈ।

Tuesday, November 20, 2018

ਦਿੱਲੀ ਦੰਗਿਆਂ ਦੇ ਦੋ ਦੋਸ਼ੀਆਂ ਨੂੰ ਸਜਾ ਦਾ ਮਾਮਲਾ

ਟਿੱਪਣੀ



ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ।
ਆਖੋ ਇਹਨਾਂ ਨੂੰ ਉੱਝੜੇ ਘਰੀਂ ਜਾਣ ਹੁਣ
ਇਹ ਕਿੱਥੋਂ ਤੀਕ ਇੱਥੇ ਖੜੇ ਰਹਿਣਗੇ।

ਕੀ ਇਹ ਇਨਸਾਫ ਹਾਊਮੈਂ ਦੇ ਪੁੱਤ ਕਰਨਗੇ
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ।
ਜੋ ਸਲੀਬਾਂ ਤੇ ਟੰਗੇ ਗਏ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜਨ ਲਹਿਣਗੇ।

1984 ਦੇ ਕਤਲੇਆਮ ਵਾਪਰੇ ਨੂੰ ਤਿੰਨ ਦਹਾਕੇ ਤੋਂ ਉਪਰ (34 ਵਰ੍ਹੇ) ਬੀਤ ਚੱਲੇ ਹਨ। 34 ਵਰ੍ਹੇ ਪਹਿਲਾਂ ਪਿਛਾਖੜੀ ਫਿਰਕਾਪ੍ਰਸਤ ਤਾਕਤਾਂ ਅਤੇ ਫਿਰਕੂ ਫਾਸ਼ੀ ਸਿਆਸਤ ਦੇ ਕੁੱਤ-ਕਲੇਸ਼ ’ਚ ਹਜਾਰਾਂ ਨਿਰਦੋਸ਼ ਲੋਕਾਂ ਨੂੰ ਅਣਆਈ ਮੌਤ ਦੇ ਮੂੰਹ ਧੱੱਕਿਆ ਗਿਆ। ਹਜਾਰਾਂ ਪਰਿਵਾਰਾਂ ਨੂੰ ਉਝਾੜੇ ਦਾ ਸੰਤਾਪ ਭੋਗਣਾ ਪਿਆ। ਫਿਰਕੂ ਨਫਰਤ ਨੇ ਬਾਅਦ ਦੇ ਸਾਢੇ ਤਿੰਨ ਦਹਾਕੇ ਵੀ ਬਲਦੀ ਤੇ ਤੇਲ ਪਾਉਣ ਦਾ ਕੰਮ ਲਗਾਤਾਰ ਜਾਰੀ ਰੱੱਖਿਆ। ਇਹਨਾਂ ਸਾਢੇ ਤਿੰਨ ਦਹਾਕਿਆਂ ’ਚ ਵੱਖ-ਵੱਖ ਰੰਗ ਦੀਆਂ ਵੋਟ ਵਟੋਰੂ ਪਾਰਟੀਆਂ ਨੇ ਵੀ ਬਲਦੇ-ਧੁੱਖਦੇ ਸਿਵਿਆਂ ਉੱੱਤੇ ਆਪਣੀਆਂ ਰੋਟੀਆਂ ਸੇਕਣੀਆਂ ਜਾਰੀ ਰੱਖੀਆਂ। ਇਹਨਾਂ ਦੰਗਿਆਂ ਦੇ ਦੋਸ਼ੀ ਜੋ ਸੱਤਾ ਦੇ ਗਲਿਆਰਿਆਂ ਦੇ ਦਰਬਾਰੀ ਸਨ, ਨੂੰ ਬੜੀ ਬੇਸ਼ਰਮੀ ਨਾਲ ਲੋਕਾਂ ਦੇ ਨੁਮਾਇੰਦੇ ਬਣਾਕੇ ਪੇਸ਼ ਕੀਤਾ ਜਾਂਦਾ ਰਿਹਾ। ਇਹੀ ਨਹੀਂ ਸੱਤਾ ਦੀ ਸੁਰੱੱਖਿਆ-ਛੱਤਰੀ ਹੇਠ ਮੁੱਖ ਦੋਸ਼ੀ ਅੱਜ ਤੱਕ ਐਸ਼ੋ-ਅਰਾਮ ਦੀ ਜਿੰਦਗੀ ਬਤੀਤ ਕਰਦੇ ਆ ਰਹੇ ਹਨ। ਪੀੜਤ ਪਰਿਵਾਰਾਂ ਦੇ ਸਕੇ-ਸਬੰਧੀ ਅਦਾਲਤਾਂ ਦੇ ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਹੀ ਨਹੀਂ ਸਗੋਂ ਅਨੇਕਾਂ ਤਾਂ ਮਰ-ਮੁੱਕ ਹੀ ਗਏ ਹਨ ਪਰ ‘ਹਾਊਮੈਂ ਦੇ ਪੁੱਤਾਂ’ ਅਤੇ ‘ਪੱਥਰ ਦੇ ਬੁੱੱਤਾਂ’ ਨੇ ਇਨਸਾਫ ਤਾਂ ਦੂਰ ਸਗੋਂ ਦੋਸ਼ੀਆਂ ਨੂੰ ਹੀ ਕਾਨੂੰਨੀ ਤੇ ਅੰਦਰੂਨੀ ਚਾਰਾਜੋਈਆਂ ਕਰਕੇ ਸੁਰੱੱਖਿਆ-ਛੱਤਰੀ ਮੁਹੱੱਇਆ ਕਰਵਾਈ ਹੋਈ ਹੈ। 
ਅੱਜ ‘ਪੱਥਰ ਦੇ ਬੁੱੱਤਾਂ’ ਨੇ ਦਿੱਲੀ ਦੰਗਿਆਂ ਦੇ ਦੋ ਦੋਸ਼ੀਆਂ ਨੂੰ ਸਖਤ ਸਜਾ ਦਾ ਹੁਕਮ ਸੁਣਾਇਆ ਹੈ। 20 ਨਵੰਬਰ 2018 ਨੂੰ (34 ਸਾਲ ਬਾਅਦ) ਦਿੱਲੀ ਦੀ ਇੱਕ ਅਦਾਲਤ ਨੇ ਤਿਹਾੜ ਜੇਲ ’ਚ ਬੰਦ ਦੋ ਮੁਲਜਮਾਂ ਯਸ਼ਪਾਲ ਸਿੰਘ (55 ਸਾਲ) ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ (68 ਸਾਲ) ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਦੋਵੇਂ ਦੋਸ਼ੀ ਦਿੱਲੀ ਦੰਗਿਆਂ (1 ਨਵੰਬਰ 1984) ਦੌਰਾਨ ਦੱਖਣੀ ਦਿੱਲੀ ਦੇ ਦੋ ਨੌਜਵਾਨਾਂ ਹਰਦੇਵ ਸਿੰਘ (24 ਸਾਲ) ਅਤੇ ਅਵਤਾਰ ਸਿੰਘ (26 ਸਾਲ) ਦੇ ਕਤਲ ਦੇ ਦੋਸ਼ੀ ਸਨ।ਫਾਸਟ ਟਰੈਕ ਅਦਾਲਤਾਂ ਅਤੇ ਗੁੱਡ ਗਵਰਨਸ ਦੇ ਦਾਅਵੇ ਕਰਨ ਵਾਲੇ ‘ਹਾਊਮੈਂ ਦੇ ਪੁੱਤਾਂ’  ਦੀ ਸ਼ਹਿ ਹੇਠ ‘ਪੱਥਰ ਦੇ ਬੁੱੱਤਾਂ’ ਨੂੰ ਦੋਸ਼ ਸਿੱਧ ਕਰਨ ਲਈ 34 ਸਾਲ ਲੱਗ ਗਏ। ਦੋਸ਼ੀ ਜਿਨ੍ਹਾਂ ਨੇ ਦਿਨ ਦਿਹਾੜੇ ਕਤਲ ਕੀਤੇ ਗਏ ਦੋ ਨਿਰਦੋਸ਼ ਨੌਜਵਾਨਾਂ ਦੇ ਗਲਾਂ ’ਚ ਟਾਇਰ ਪਾਕੇ ਅਤੇ ਪੈਟਰੋਲ ਛਿੜਕ ਕੇ ਦੋ ਕੀਮਤੀ ਮਨੁੱਖੀ ਜਾਨਾਂ ਸਾੜ ਕੇ ਸਵਾਹ ਕਰ ਦਿੱਤੀਆਂ, ਜਿਨ੍ਹਾਂ ਨੇ ਮੌਤ ਦੇ ਇਸ ਮੰਜਰ ਤੋਂ ਬੇਖੌਫ ਹੋ ਕੇ ਸੜਦੀਆਂ-ਬਲਦੀਆਂ ਲਾਸ਼ਾਂ ਦੇ ਦੁਆਲੇ ਭੰਗੜੇ ਪਾਏ ਉਹ ਦੋਸ਼ੀ 34 ਵਰ੍ਹੇ ਐਸ਼ੋ-ਅਰਾਮ ਦੀ ਜਿੰਦਗੀ ਬਤੀਤ ਕਰਦੇ ਰਹੇ ਅਤੇ ਮਾਰੇ ਗਏ ਨਿਰਦੋਸ਼ ਨੌਜਵਾਨਾਂ ਦੇ ਸਕੇ-ਸਬੰਧੀ 34 ਵਰ੍ਹੇ ਤਿਲ-ਤਿਲ ਮਰਦੇ ਰਹੇ। ਅਤੇ ਇਨਸਾਫ ਦੀ ਦੇਵੀ 34 ਵਰ੍ਹੇ ਅੱਖਾਂ ਤੇ ਪੱਟੀ ਬੰਨ੍ਹੀ ਬੁੱਤ ਬਣ ਇਹ ਤਮਾਸ਼ਾ ਦੇਖਦੀ ਰਹੀ। ਇਨਸਾਫ ਦੀ ਦੇਵੀ (ਨਿਆਂਪਾਲਿਕਾ) ਅੱਜ ਵੀ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਰਗੇ ਮੁੱਖ ਦੋਸ਼ੀਆਂ ਨੂੰ ਖੁੱਲ੍ਹੇ ਘੁੰਮਦੇ ਵੇਖਕੇ ‘ਬੁੱਤ’ ਬਣੀ ਖੜੀ ਹੈ। 
ਇਹੀ ਨਹੀਂ 1984 ਦੇ ਕਤਲੇਆਮ ਤੋਂ ਬਾਅਦ ਵੀ ਨਿਰੰਤਰ ਫਿਰਕੂ ਦੰਗੇ ਭੜਕਾ ਕੇ ਫਿਰਕੂ ਧਰੁੱਵੀਕਰਨ ਕੀਤਾ ਜਾ ਰਿਹਾ ਹੈ। ਗੁਜਰਾਤ ਦੰਗੇ (1985 ਅਤੇ 2002), ਮੇਰਠ (1987), ਹੈਦਰਾਬਾਦ (1990), ਤਾਮਿਲ ਵਿਰੋਧੀ ਦੰਗੇ ਕਰਨਾਟਕਾ (1991), ਬਾਬਰੀ ਮਸਜਿਦ (1992) ਵਡੋਦਰਾ ਦੰਗੇ (2006), ਮੁਜੱਫਰਨਗਰ (2013),  ਭੀਮਾ-ਕੋਰੇਗਾਓਂ ਆਦਿ ਫਿਰਕੂ ਦੰਗੇ 1984 ਦੇ ਦਿੱਲੀ ਕਤਲੇਆਮ ਤੋਂ ਬਾਅਦ ਭਾਰਤ ਦੇ ਪ੍ਰਮੁੱਖ ਫਿਰਕੂ ਦੰਗੇ ਹਨ ਜਿੰਨ੍ਹਾਂ ’ਚ ਵੱਖ-ਵੱਖ ਪਾਰਲੀਮਾਨੀ ਪਾਰਟੀਆਂ ਅਤੇ ਉਨ੍ਹਾਂ ਦੇ ਚਹੇਤੇ (ਆਰਐਸਐਸ ਤੇ ਹੋਰ ਫਿਰਕੂ ਤਾਕਤਾਂ) ਸ਼ਾਮਲ ਸਨ। ਅਨੇਕਾਂ ਨਿਰਪੱਖ ਜਾਂਚ ਏਜੰਸੀਆਂ ਅਤੇ ਜਮਹੂਰੀ ਜੱਥੇਬੰਦੀਆਂ ਦੀਆਂ ਰਿਪੋਰਟਾਂ ਦੇ ਬਾਵਜੂਦ ਇਨ੍ਹਾਂ ਦੰਗਿਆਂ ਦੇ ਮੁੱਖ ਦੋਸ਼ੀਆਂ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ ਗਈ। ਬਲਕਿ ਅਮਿੱਤ ਸ਼ਾਹ ਵਰਗੇ ਗੁਜਰਾਤ ਦੰਗਿਆਂ ਦੇ ਮੁੱਖ ਦੋਸ਼ੀ ਸੱਤਾ ਦੇ ਸਭ ਤੋਂ ਉੱਚੇ ਗਲਿਆਰਿਆਂ ਉੱਤੇ ਸ਼ੁਸ਼ੋਭਿਤ ਹਨ। ਸੱਤਾ ਅਤੇ ਉਸਦਾ ਅਟੁੱਟ ਅੰਗ ਭਾਰਤੀ ਨਿਆਂਪਾਲਿਕਾਂ ਸ਼ੱਕ ਅਤੇ ਝੂਠੇ ਕੇਸਾਂ ਦੇ ਅਧਾਰ ਉਤੇ ਬੱੁੱਧੀਜੀਵੀਆਂ ਤੇ ਹੋਰ ਜਮਹੂਰੀ ਸ਼ਕਤੀਆਂ ਤੇ ਕਮਿਊਨਿਸਟਾਂ ਨੂੰ ਰਾਤੋ-ਰਾਤ ਜੇਲ੍ਹਾਂ ਵਿਚ ਸੁਟਣ ਵੇਲੇ ਫਾਸਟ ਟਰੈਕ ਅਦਾਲਤਾਂ ਨੂੰ ਵੀ ਮਾਤ ਪਾ ਦਿੰਦੇ ਹਨ ਪਰ ਨਿਰਦੋਸ਼ ਲੋਕਾਂ ਨੂੰ ਇਨਸਾਫ ਦੇਣ ਲਈ ਦਹਾਕੇ ਗੁਜਾਰ ਦਿੰਦੇ ਹਨ। ਧਰਮ ਅਧਾਰਿਤ ਫਿਰਕੂ ਵੰਡੀਆਂ, ਵੋਟਾਂ ਹਾਸਲ ਕਰਨ ਲਈ ਅਤੇ ਲੋਕਾਂ ਦੇ ਬੁਨਿਆਦੀ ਮੁੱੱਦਿਆਂ ਨੂੰ ਮਿੱਟੀ ਘੱਟੇ ਰੋਲਣ ਲਈ ਸੱਤਾ ਦਾ ਸਭ ਤੋਂ ਵੱਡਾ ਤੇਜਧਾਰ ਹਥਿਆਰ ਹਨ। 
ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸੁਣਾਈ ਗਈ ਸਜਾ ਉੱਤੇ ਅੱਜ ਸਭ ਰੰਗ ਦੀਆਂ ਵੋਟ ਪਾਰਟੀਆਂ ਕੱਛਾਂ ਵਜਾ ਰਹੀਆਂ ਹਨ ਅਤੇ ਇਸਨੂੰ ਆਪਣੀ ਜਿੱਤ ਵਜੋਂ ਪੇਸ਼ ਕਰ ਰਹੀਆਂ ਹਨ। ਪਰੰਤੂ ਸਾਮਰਾਜੀ-ਸਰਮਾਏਦਾਰਾਂ ਦੀ ਚਾਕਰੀ ਕਰਨ ਵਾਲੀਆਂ ਇਹ ਵੋਟ ਪਾਰਟੀਆਂ ਹੀ ਹਨ ਜੋ ਫਿਰਕੂ ਦੰਗਿਆਂ ਦੀਆਂ ਜਨਮਦਾਤੀਆਂ ਹਨ। ਲੋਕਾਂ ’ਚ ਚੰਗੀ ਸੱਤਾ ਅਤੇ ਚੰਗਾ ਨਿਆਂ ਦੇਣ ਦਾ ਭਰਮ ਪੈਦਾ ਕਰਨ ਵਾਲੀਆਂ ਇਹ ਤਾਕਤਾਂ ਅਸਲ ’ਚ ਗਿਰਗਿਟ ਵਾਂਗ ਰੰਗ ਬਦਲਦੀਆਂ ਹਨ। ਆਪ ਹੀ ਜੁਰਮ ਪੈਦਾ ਕਰਕੇ ਆਪੂੰ ਹੀ ਉਸਦਾ ਹੱਲ ਪੇਸ਼ ਕਰਦੀਆਂ ਹਨ। ਫਿਰ ਉਹੀ ਕਾਲੇ ਕਾਨੂੰਨਾਂ ਦਾ ਕੁਹਾੜਾ ਲੋਕ ਲਹਿਰਾਂ ਨੂੰ ਕੁਚਲਨ ਲਈ ਵਰਤਦੀਆਂ ਹਨ। ਇਨ੍ਹਾਂ ਫਿਰਕੂ ਫਸਾਦਾਂ ਚੋਂ ਨਿਕਲਣ ਲਈ ਸਾਨੂੰ ਸ਼ਹੀਦ ਭਗਤ ਸਿੰਘ ਦਾ ਕਿਹਾ ਇਕ ਵਾਰ ਫਿਰ ਚੇਤੇ ਕਰ ਲੈਣਾ ਚਾਹੀਦਾ ਹੈ, ‘ਲੋਕਾਂ ਨੂੰ ਆਪਸ ’ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ, ਗਰੀਬਾਂ, ਕਿਰਤੀਆਂ ਤੇ ਕਿਸਾਨਾ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ। ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੀ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ ਜਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਿਕ ਅਜਾਦੀ ਮਿਲ ਜਾਵੇਗੀ।’
- ਮਨਦੀਪ


Sunday, November 11, 2018

ਪਾਬਲੋ ਨੈਰੂਦਾ ਦੀਆਂ ਦੋ ਕਵਿਤਾਵਾਂ

1. ਸਟੈਂਡਰਡ ਤੇਲ ਕੰਪਨੀ

ਜਦੋਂ ਵਰਮਾ ਪਥਰੀਲੀ ਚਟਾਨ ਦੀ ਹਿੱਕ ਚੀਰਦਾ ਹੈ
ਅਤੇ ਖੁੱਭ ਜਾਂਦਾ ਹੈ ਬੇਰਹਿਮੀ ਨਾਲ਼
ਇਸਦੀਆਂ ਅੰਤੜੀਆਂ ’ਚ
ਧਰਤੀ ਹੇਠ ਦੌਲਤ ਦੇ ਅੰਬਾਰਾਂ ਤੱਕ
ਮੁਰਦਾ ਵਰ੍ਹੇ, ਤੇ ਯੁੱਗਾਂ ਦੀਆਂ ਅੱਖਾਂ ’ਚ
ਕੈਦ ਰੁੱਖਾਂ ਦੀਆਂ ਜੜ੍ਹਾਂ
ਪੇਪੜੀਦਾਰ ਜੰਗਾਲੀ ਧਰਤ ’ਤੇ
ਉੱਕਰੀਆਂ ਪਾਣੀ ਦੀਆਂ ਪਰਤਾਂ ਨੂੰ
ਚੋਂਗਾਂ ਚੋਂ ਵਰਦੇ ਅੱਗ ਦੇ ਭਾਂਬੜ ਨੇ
ਸਰਦ ਤਰਲ ’ਚ ਬਦਲ ਦਿੱਤਾ ਹੈ
ਜਿਸ ਦੇ ਫੁਰਮਾਨ ਸ਼ਾਹੀ ਘਰਾਂ ਤੋਂ ਜਾਰੀ ਹੁੰਦੇ ਹਨ
ਅਤੇ ਦਰਬਾਰੀ ਇੰਜੀਨੀਅਰ ਦੇ ਹੱਥ ’ਚ ਫੜੀ
ਕਾਗਜਾਂ ਦੀ ਗੁੱਥੀ ’ਚੋਂ
ਹਾਲਾਂਕਿ ਤੇਲ ਦੀਆਂ ਧਮਨੀਆਂ
ਬਦਲ ਸਕਦੀਆਂ ਹਨ ਆਪਣਾ ਰੁੱਖ
ਹਾਲਾਂਕਿ ਇਸਦੀਆਂ ਤੈਹਾਂ ਮਲਕੜੇ ਜਿਹੇ
ਬਦਲ ਸਕਦੀਆਂ ਹਨ ਆਪਣੀ ਠਾਰ
ਆਪਣੀ ਸਰਬਸੱਤ੍ਹਾ ਕਾਇਮ ਰੱਖ ਸਕਦੀਆਂ ਹਨ
ਧਰਤੀ ਦੇ ਗਰਭ ਅੰਦਰ
ਜਦੋਂ ਬੁਛਾਰਾਂ ਪੈਰਾਫਿਨ ਦੇ ਪੱਤਿਆਂ ਨੂੰ ਜਕੜ ਲੈਂਦੀਆਂ ਹਨ
ਤਦ ਪਹਿਲਾਂ ਹੀ ਪਹੁੰਚ ਜਾਂਦੀ ਹੈ
ਸਟੈਂਡਰਡ ਆਇਲ
ਆਪਣੇ ਗੁਰਗਿਆਂ ਅਤੇ ਬੰਦੂਕਾਂ ਸੰਗ
ਸਰਕਾਰਾਂ ਅਤੇ ਬੰਦੀਆਂ ਸੰਗ
ਨਿਊਯਾਰਕ ਦੇ ਮੋਟੇ ਢਿੱਡਾਂ ਵਾਲੇ ਸਮਰਾਟ
ਮਿੰਨਾ-ਮਿੰਨਾ ਮੁਸਕਰਾ ਰਹੇ ਹੱਤਿਆਰੇ
ਛੋਟੇ ਜੁਲਮੀ ਅਤੇ ਤਾਨਾਸ਼ਾਹ
ਜਿਹੜੇ ਰੇਸ਼ਮ, ਨਾਇਲੋਨ ਅਤੇ ਸਿਗਾਰ ਖਰੀਦਦੇ ਹਨ
ਉਹ ਦੇਸ਼, ਲੋਕ, ਸਮੁੰਦਰ, ਪੁਲਿਸ, ਕਾਉਂਟੀ ਕਾਉਂਸਿਲਾਂ
ਖਰੀਦਦੇ ਹਨ
ਦੂਰ ਦੁਰਾਡਿਓਂ
ਗਰੀਬ ਲੋਕਾਂ ਦਾ ਢਿੱਡ ਭਰਨ ਜੋਗਰੀ ਮੱਕੀ ਹੜੱਪਦੇ ਹਨ
ਆਪਣੇ ਕਪਟੀ ਸੋਨੇ ਦੇ ਲਾਲਚ ਨਾਲ਼
ਸਟੈਂਰਡ ਆਇਲ ਉਹਨਾਂ ਨੂੰ ਜਗਾਉਂਦੀ ਹੈ
ਉਹਨਾਂ ਨੂੰ ਕਢਾਈਦਾਰ ਕੱਪੜਿਆਂ ਤੇ ਵਰਦੀਆਂ ’ਚ ਲਪੇਟਦੀ
ਉਹ ਦੱਸਦੀ ਹੈ ਕਿ
ਤੁਹਾਡਾ ਭਰਾ ਹੀ ਤੁਹਾਡਾ ਅਸਲੀ ਦੁਸ਼ਮਣ ਹੈ
ਪੈਰਾਗੁਆਈ ਜੰਗ ਲੜਦੇ ਹਨ
ਅਤੇ ਬੋਲੀਵੀਆਨੋ ਤਬਾਹ ਕਰ ਦਿੱਤੇ ਜਾਂਦੇ ਹਨ
ਆਪਣੀ ਹੀ ਮਸ਼ੀਨਗੰਨ ਨਾਲ਼
ਆਪਣੇ ਹੀ ਜੰਗਲਾਂ ’ਚ
ਇਕ ਰਾਸ਼ਟਰਪਤੀ ਤੇਲ ਦੀ ਇਕ ਬੂੰਦ ਖਾਤਰ
ਕਤਲ ਕਰ ਦਿੱਤਾ ਗਿਆ
ਮਿਲੀਅਨਾਂ ਏਕੜ ਗਿਰਵੀ ਰੱਖ ਦਿੱਤੇ ਗਏ
ਇਕ ਭਿਆਨਕ ਸਵੇਰ ਵੇਲੇ
ਚਕਾਚੌਂਧ ਤੇ ਦਿਮਾਗ ਥੋਥੇ ਕਰਕੇ
ਸਭ ਕੁਝ ਸੂਲੀ ਲਟਕਾ ਦਿੱਤਾ ਗਿਆ
ਨਵੇਂ ਵਿਨਾਸ਼ਕ ਕੈਦੀ ਕੈਂਪ ਉਸਾਰੇ ਗਏ
ਪਾਤਾਗੋਨੀਆ ’ਚ, ਧੋਖੇ ਭਰੇ ਖੁੱਲ੍ਹੇ ਫੱਟ
ਨੀਲੇ ਆਸਮਾਨ ਥੱਲੇ ਤੇਲ ਹਤਿਆਰੇ
ਰਾਜਧਾਨੀ ’ਚ ਬੈਠੇ
ਮੰਤਰੀ ਬਦਲਦੇ ਹਨ
ਤੇਲ ਦੀਆਂ ਲਹਿਰਾਂ ਵਾਂਗ
ਤੁਸੀਂ ਵੇਖੋਂਗੇ
ਇਸਦਾ ਵਾਰ
ਸਟੈਂਡਰਡ ਆਇਲ ਦਾ ਨਾਂ ਅੰਬਰਾਂ ਤੇ ਲਿਸ਼ਕੇਗਾ
ਸਮੁੰਦਰਾਂ ਤੋਂ ਪਾਰ, ਤੁਹਾਡੇ ਘਰਾਂ ਅੰਦਰ
ਆਪਣੀ ਪੂਰੀ ਪੜਤ ਨਾਲ਼


2. ਯੂਨਾਇਟਡ ਫਰੂਟ ਕੰਪਨੀ
ਜਦੋਂ ਬਿਗੁਲ ਵੱਜਿਆ
ਧਰਤੀ ਉੱਤੇ ਹਰ ਸ਼ੈਅ ਤਿਆਰ ਕੀਤੀ ਗਈ
ਯਾਹੋਵਾਹ ਨੇ ਜਗਤ ਨੂੰ ਦਿੱਤਾ
ਕੋਕਾ ਕੋਲਾ ਆਈਐਨਸੀ*, ਐਨਾਕੌਂਡਾ
ਫੋਰਡ ਮੋਟਰਜ, ਅਤੇ ਹੋਰ ਕਾਰਪੋਰੇਸ਼ਨਾਂ
ਦਾ ਯੂਨਾਇਟਡ ਫਰੂਟ ਕੰਪਨੀ
ਅਤੇ ਆਪਣੇ ਆਪ ਲਈ ਰਾਖਵਾਂ ਰੱਖਿਆ ਸਭ ਤੋਂ ਮਜ਼ੇਦਾਰ ਟੁਕੜਾ
ਮੇਰੀ ਦੁਨੀਆਂ ਦਾ ਕੇਂਦਰੀ ਤੱਟ
ਅਮਰੀਕਾ ਦੀ ਨਾਜੁਕ ਕਮਰ
ਜਿਸਨੇ ਇਸ ਧਰਤੀ ਦਾ ਮੁੜ ਨਾਮਕਰਨ** ਕੀਤਾ
ਬਨਾਨਾ ਰਿਪਬਲਿਕ
ਮੌਤ ਦੀ ਨੀਂਦਰ ਸੁੱਤੇ ਪਏ
ਬੇਅੰਤ ਨਾਇਕਾਂ ਦੀ ਕਬਰ ਉੱਤੇ
ਜਿਨ੍ਹਾਂ ਨੇ ਮਹਾਨਤਾ ਨੂੰ ਸਰ ਕੀਤਾ
ਅਜ਼ਾਦੀ ਅਤੇ ਜਿੱਤ ਦੇ ਝੰਡੇ ਗੱਡੇ
ਇਸਨੇ ਓਪੇਰਾ ਬਫਾ*** ਦੀ ਸਥਾਪਨਾ ਕੀਤੀ
ਇਸਨੇ ਅਜ਼ਾਦੀ ਨੂੰ ਕੁਚਲ ਦਿੱਤਾ
ਸ਼ਾਹੀ ਤਾਜ ਪਹਿਨਾਇਆ
ਈਰਖਾ ਨੂੰ ਉਤਸ਼ਾਹਿਤ ਕੀਤਾ, ਲੁਭਾਇਆ
ਮੱਖੀਆਂ ਦੀ ਤਾਨਾਸ਼ਾਹੀ ਸਥਾਪਿਤ ਕੀਤੀ
ਤਰੂਖੀਜੋ**** ਮੱਖੀਆਂ, ਤਾਚੋ ਮੱਖੀਆਂ
ਕਾਰੀਆਸ ਮੱਖੀਆਂ, ਮਾਰਤੀਨ ਮੱਖੀਆਂ
ਓਬੀਕੋ ਮੱਖੀਆਂ, ਲਲਸਾਈਆਂ, ਚਿਪਚਿਪੀਆਂ ਮੱਖੀਆਂ
ਆਗਿਆਕਾਰੀ
ਲਹੂ ਅਤੇ ਮੁਰੱਬੇ
ਅਤੇ ਲੋਕਾਂ ਦੀਆਂ ਕਬਰਾਂ ’ਤੇ ਭਿਣਕਦੀਆਂ
ਸ਼ਰਾਬੀ ਮੱਖੀਆਂ
ਸਰਕਸ ਮੱਖੀਆਂ, ਸਿਆਣੀਆਂ ਮੱਖੀਆਂ
ਤਾਨਾਸ਼ਾਹੀ ਦੀਆਂ ਮਾਹਰ
ਲਹੂ ਦੀਆਂ ਪਿਆਸੀਆਂ ਮੱਖੀਆਂ ਨਾਲ਼
ਆਉਂਦੀਆਂ ਹਨ ਫਰੂਟ ਕੰਪਨੀਆਂ
ਕੌਫੀ ਅਤੇ ਫਲ ਇਕੱਠੇ ਕਰਦੀਆਂ
ਜਹਾਜਾਂ ’ਚ ਭਰਦੀਆਂ
ਸਮੰੁਦਰ ਵਿੱਚ ਠੇਲ ਦਿੱਤੇ ਜਾਂਦੇ ਹਨ
ਖਜਾਨਿਆਂ ਨਾਲ਼ ਓਵਰਲੋਡ ਕੀਤੇ ਟ੍ਰੇਅ
ਸਾਡੀਆਂ ਧਸੀਆਂ ਜ਼ਮੀਨਾਂ ਤੋਂ
ਇਸੇ ਦੌਰਾਨ ਇੰਡੀਅਨ ਲੁੜ੍ਹਕ ਪੈਂਦੇ ਹਨ
ਖੰਡ ਦੀਆਂ ਡੂੰਘੀਆਂ ਬੰਦਰਗਾਹਾਂ ’ਤੇ
ਅਤੇ ਦਫਨ ਹੋ ਜਾਂਦੇ ਹਨ
ਸਵੇਰ ਦੇ ਗੁਬਾਰ ’ਚ
ਇਕ ਗੁੰਮਨਾਮ ਲਾਸ਼ ਵਾਂਗ
ਰੱਦ ਹੋ ਚੁੱਕਿਆ ਇਕ ਹੋਰ ਨੰਬਰ
ਗਲੇ-ਸੜੇ ਫਲਾਂ ਦਾ ਇਕ ਗੁੱਛਾ
ਸੁੱਟ ਦਿੱਤਾ ਜਾਂਦਾ ਹੈ
ਕੂੜੇ ਦੇ ਢੇਰ ’ਤੇ

* * Inc. – Incorporation
** rebaptized – baptism – ਭਾਵ ਬਪਤਿਸਮਾ ਇਸਾਈ ਲਈ ਨਾਮਕਰਨ ਕਰਨ ਵੇਲੇ ਕੀਤੀ ਜਾਂਦੀ ਰਸਮ।
*** opera buffa ਇਟਾਲੀਅਨ ਹਾਸਰਸ ਡਰਾਮਿਆਂ ਦੀ ਇਕ ਧੁਨ।
**** Trujillo, Tachos , Carias, Martinez, Ubico – ਗੋਤ, : ਕ੍ਰਮਵਾਰ ਪੇਰੂ, ਨਿਕਾਰਾਗੁਆ, ਹੌਂਡਰੁਸ, ਅਰਜਨਟੀਨਾ, ਗੁਆਟੇਮਾਲਾ ਦੇਸ਼ ਦੇ ਅਮਰੀਕੀ ਸ਼ਹਿ ਪ੍ਰਾਪਤ ਡਿਕਟੇਟਰ ਅਤੇ ਕੱਠਪੁਤਲੀ ਘਰਾਣਿਆਂ ਦੇ।
•ਮੂਲ- ਪਾਬਲੋ ਨੈਰੂਦਾ
ਅਨੁਵਾਦ- ਮਨਦੀਪ
mandeepsaddowal0gmail.com

Thursday, September 27, 2018

ਲੂਣ ਦੇ ਰੇਗਿਸਤਾਨ 'ਚ ਕਿਵੇਂ ਮੁਮਕਿਨ ਹੈ ਫੁੱਲਾਂ ਦਾ ਖਿੜਣਾ ?


(57)
ਗ੍ਰਹਾਂ ਵਿਚਕਾਰ ਚੁੰਮਣਾ ਉੱਤੇ
ਕੀ ਸਹੀ ਨਹੀਂ ਰਹੇਗੀ ਪਾਬੰਧੀ ?

ਦੂਜੇ ਗ੍ਰਹਾਂ ਲਈ ਤਿਆਰ ਹੁੰਦੇ ਵਕਤ
ਕੀ ਸਾਨੂੰ ਨਹੀਂ ਸੋਚਣਾ ਚਾਹੀਦਾ ਇਹਨਾਂ ਚੀਜਾਂ ਬਾਰੇ ?

ਅਤੇ ਪਲੇਅਟਿਪਸ* ਨੇ ਕਿਉਂ ਨਹੀਂ ਪਹਿਨੀ
ਪੁਸ਼ਾਕ ਪੁਲਾੜ ਲਈ ?

ਕੀ ਘੋੜੇ ਦੀ ਨਾਲ
ਚੰਦ ਦੇ ਘੋੜੇ ਲਈ ਨਹੀਂ ਬਣੀ ਸੀ ?

* ਇਕ ਜਾਨਵਰ

(58)

ਰਾਤ ਨੂੰ ਉਹ ਕੀ ਵੱਜ ਰਿਹਾ ਸੀ 
ਗ੍ਰਹਿ ਸਨ ਜਾਂ ਘੋੜਿਆਂ ਦੀਆਂ ਟਾਪਾਂ ?

ਇਸ ਸਵੇਰ ਮੈਨੂੰ ਚੁਣਨਾ ਹੀ ਹੋਵੇਗਾ
ਸਮੁੰਦਰ ਅਤੇ ਅਸਮਾਨ ਵਿਚੋਂ ਇੱਕ ਨੂੰ ?

ਅਤੇ ਕਿਉਂ ਅਸਮਾਨ ਐਨੀ ਸੁਵੱਖਤੇ
ਨਿਕਲਿਆ ਹੈ ਧੁੰਦ ਦੀ ਪੁਸ਼ਾਕ ਪਹਿਣਕੇ ?

ਈਲਾ ਨੇਗਰਾ* ' ਕਿਸਨੂੰ ਮੇਰੀ ਉਡੀਕ ਸੀ ?
ਹਰਿਆਲੀ ਸੱਚਾਈ ਨੂੰ ਜਾਂ ਅਦਬੀ ਸਲੀਕੇ ਨੂੰ ?

* ਈਲਾ ਨੇਗਰਾ (Isla Negra – Black Island) ਪਾਬਲੋ ਨੈਰੂਦਾ ਦੇ ਤਿੰਨਾ ਘਰਾਂ ਵਿਚੋਂ ਇਕ ਘਰ ਜਿੱਥੇ ਉਹਨਾਂ ਨੇ ਜਿੰਦਗੀ ਦੇ ਆਖਰੀ ਪਲ ਬਿਤਾਏ

(59)

ਮੇਰੀ ਪੈਦਾਇਸ਼ ਕਿਉਂ ਨਹੀਂ ਸੀ ਰਹੱਸਮਈ
ਕਿਉਂ ਵੱਡਾਂ ਹੋਇਆਂ ਮੈਂ ਬਿਨ ਸਾਥੀਆਂ ਦੇ ?

ਕਿਸਨੇ ਦਿੱਤਾ ਮੈਨੂੰ ਹੁਕਮ
ਕਿ ਭੇੜ ਦੇਵਾਂ ਮੈਂ ਆਪਣੇ ਗੌਰਵ ਦੇ ਬੂਹੇ ?

ਅਤੇ ਜਦੋਂ ਮੈਂ ਸੌ ਰਿਹਾ ਸੀ ਜਾਂ ਬਿਮਾਰ ਸਾਂ
ਕੌਣ ਸੀ ਜੋ ਜਿਉਂ ਰਿਹਾ ਸੀ ਮੇਰੀ ਜਗ੍ਹਾ ?

ਕਿਹੜਾ ਪਰਚਮ ਲਹਿਰਾਇਆ ਉਸ ਜਗ੍ਹਾ
ਜਿੱਥੇ ਮੇਰੀ ਯਾਦ ਹਾਲੇ ਦਫਨਾਈ ਨਹੀਂ ਗਈ ?

(60)

ਅਤੇ ਗੁੰਮਨਾਮੀ ਦੀ ਅਦਾਲਤ ਵਿੱਚ
ਮੇਰੀ ਅਹਿਮੀਅਤ ਕੀ ਹੈ ?

ਭਵਿੱਖ ਜੋ ਵੀ ਰੂਪ ਧਾਰੇਗਾ
ਉਸਦੀ ਸੱਚੀ ਤਸਵੀਰ ਕਿਹੜੀ ਹੈ ?

ਇਸਦੀ ਪੀਲੀ ਅਫਰਾਤ '
ਕੀ ਇਹ ਅਨਾਜ ਦਾ ਦਾਣਾ ਹੈ ?

ਜਾਂ ਇਸਦਾ ਸੁਕੜੂ ਜਿਹਾ ਦਿਲ ਹੈ
ਜੋ ਆੜੂ ਦਾ ਨੁਮਾਇੰਦਾ ਹੈ ?

(61)

ਪਾਰੇ ਦੀ ਜਿਊਂਦੀ ਬੂੰਦ
ਹੇਠਾਂ ਡਿੱਗਦੀ ਹੈ ਜਾਂ ਸਦੀਵੀ ?

ਕੀ ਮੇਰੀਆਂ ਦਰਦ ' ਡੁੱਬੀਆਂ ਨਜਮਾਂ
ਦੇਖਣਗੀਆਂ ਮੇਰੀਆਂ ਆਪਣੀਆਂ ਅੱਖਾਂ ਨਾਲ ?

ਆਪਣੀ ਤਬਾਹੀ ਬਾਅਦ, ਜਦ ਮੈਂ ਸੌਣ ਜਾਊਂਗਾ
ਤਾਂ ਕੀ ਮੇਰੇ ਨਾਲ ਰਹੇਗੀ ਮੇਰੀ ਮਹਿਕ, ਮੇਰਾ ਦਰਦ ?

(62)

ਕੀ ਅਰਥ ਹੁੰਦੇ ਹਨ
ਮੌਤ ਦੇ ਪੈਂਡੇ ਤੇ ਚੱਲਦੇ ਰਹਿਣ ਦੇ ?

ਲੂਣ ਦੇ ਰੇਗਿਸਤਾਨ '
ਕਿਵੇਂ ਮੁਮਕਿਨ ਹੈ ਫੁੱਲਾਂ ਦਾ ਖਿੜਣਾ ?

ਜਿਸ ਸਮੁੰਦਰ ਵਿਚ ਨਹੀਂ ਹੁੰਦੀ ਕੋਈ ਹਰਕਤ
ਕੀ ਉਸ ਵਿਚ ਕੱਪੜੇ ਹਨ ਮਰਨ ਖਾਤਰ ?

ਹੁਣ ਜਦੋਂ ਹੱਡੀਆਂ ਵੀ ਨਹੀਂ ਰਹੀਆਂ
ਕੌਣ ਹੈ ਜੋ ਆਖੀਰੀ ਗੁਬਾਰ ' ਜਿੰਦਾ ਹੈ ?

(63)

ਕਿਵੇਂ ਕਰਦੇ ਹਨ ਤਾਲਮੇਲ ਪੰਛੀਆਂ ਨਾਲ
ਉਹਨਾਂ ਦੀ ਜੁਬਾਨ ਦੇ ਤਰਜਮੇ ਦਾ ?

ਕਿਵੇਂ ਦੱਸਾਂ ਮੈਂ ਕੱਛੂਏ ਨੂੰ
ਕਿ ਮੇਰੀ ਰਫਤਾਰ ਉਸ ਨਾਲੋਂ ਵੀ ਧੀਮੀ ਹੈ ?

ਮੈਂ ਕਿਵੇਂ ਮੰਗਾ ਪਿੱਸੂ ਤੋਂ
ਉਸਦੀ ਚੈਪੀਅਨਸ਼ਿੱਪ ਦਾ ਹਿਸਾਬ ?

ਜਾਂ ਕਿੰਝ ਕਹਾਂ ਗੁਲਨਾਰ ਨੂੰ
ਕਿ ਮੈਂ ਸ਼ੁਕਰਗੁਜਾਰ ਹਾਂ ਤੇਰੀ ਖੁਸ਼ਬੂ ਲਈ ?

(64)

ਕਿਉਂ ਲਹਿਰਾਉਂਦੇ ਹਨ ਪਰਚਮ ਦੀ ਤਰ੍ਹਾਂ
ਮੇਰੇ ਫਿੱਕੇ ਪੈ ਚੁੱਕੇ ਕੱਪੜੇ ?

ਕੀ ਮੈਂ ਕਦੇ-ਕਦੇ ਬੁਰਾ ਹਾਂ
ਜਾਂ ਚੰਗਾ ਹਾਂ ਹਮੇਸ਼ਾ ਹੀ ?

ਕੀ ਅਸੀਂ ਸਿੱਖਦੇ ਹਾਂ ਰਹਿਮਦਿਲੀ
ਜਾਂ ਬਸ ਰਹਿਮਦਿਲੀ ਦਾ ਮਖੌਟਾ ?

ਕੀ ਬਾਰਈ ਦਾ ਫੁੱਲ ਚਿੱਟਾ ਨਹੀਂ ਹੈ ?
ਅਤੇ ਚੰਗਿਆਈ ਦੇ ਫੁੱਲ ਕਾਲੇ ਨਹੀਂ ਹਨ ?

ਬੇਸ਼ੁਮਾਰ ਮਾਸੂਮਾਂ ਨੂੰ ਨਾਮ
ਅਤੇ ਗਿਣਤੀ ਕੌਣ ਦਿੰਦਾ ਹੈ ?

(65)

ਕੀ ਲੋਹੇ ਦੀ ਬੂੰਦ ਚਮਕਦੀ ਹੈ
ਮੇਰੇ ਗੀਤਾਂ ਦੇ ਅੱਖਰਾਂ ਵਾਂਗ ?

ਕੀ ਇਕ ਸ਼ਬਦ ਕਦੇ
ਸਰਕਦਾ ਹੈ ਇਕ ਸੱਪ ਵਾਂਗ ?

ਕੀ ਅਜਿਹਾ ਨਹੀਂ ਹੁੰਦਾ ਕਿ ਇਕ ਨਾਮ ਬੈਠੇ ਮਲਕੜੇ ਜਿਹੇ
ਤੁਹਾਡੇ ਦਿਲ ', ਨਾਰੰਗੀ ਦੀ ਤਰ੍ਹਾਂ ?

ਮੱਛੀਆਂ ਕਿਸ ਨਦੀ ਤੋਂ ਆਉਂਦੀਆਂ ਹਨ ?
ਕੀ ਚਾਂਦੀਗਿਰੀ ਵਰਗੇ ਸ਼ਬਦਾਂ ਚੋਂ ?

ਜਦ ਉਹ ਲੱਦ ਦਿੰਦੇ ਹਨ ਢੇਰ ਸਾਰੇ ਸ਼ਬਦ
ਤਾਂ ਕੀ ਤੈਰਦੇ ਹੋਏ ਜਹਾਜ ਡੁੱਬ ਨਹੀਂ ਜਾਂਦੇ ?


(66)

ਕੀ ਲੋਕੋਮੋਟਿਵ* ਸ਼ਬਦ ਦੇ ਤਿੰਨੇ
ਛੱਡਦੇ ਹਨ ਧੂੰਆਂ, ਅੱਗ ਅਤੇ ਭਾਫ ?

ਮਜਲੂਮ ਸ਼ਹਿਰਾਂ ਉੱਤੇ ਬਾਰਿਸ਼
ਕਿਹੜੀ ਜੁਬਾਨ ਨਾਲ ਵਰ੍ਹਦੀ ਹੈ ?

ਸਵੇਰੇ-ਸਵੇਰੇ ਸਮੁੰਦਰ ਦੀ ਹਵਾ
ਕਿਸ ਚਿਕਨੇ-ਚੋਪੜੇ ਲਫਜ ਨੂੰ ਦੁਹਰਾਉਂਦੀ ਹੈ ?

ਕੀ ਅਫੀਮ ਲਫਜ ਨਾਲੋਂ ਵੀ ਜਿਆਦਾ
ਫੈਲਿਆ ਹੋਇਆ ਹੈ ਕੋਈ ਸਿਤਾਰਾ ?

ਕੀ ਗਿੱਦੜ ਸ਼ਬਦ ਤੋਂ ਵੀ ਜਿਆਦਾ ਤਿੱਖੇ
ਹੁੰਦੇ ਹਨ ਕਿਸੇ ਦੇ ਪੰਜੇ ?

*ਰੇਲਗੱਡੀ ਨੂੰ ਖਿੱਚਣ ਲਈ ਵਰਤਿਆ ਜਾਣ ਵਾਲਾ ਇੰਝਣ



ਪਾਬਲੋ ਨੈਰੂਦਾ

ਅਨੁਵਾਦ - ਮਨਦੀਪ


ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...