![]() |
ਬੀਤੀ 17 ਅਪ੍ਰੈਲ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਫਲਸਤੀਨ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਤੇ ਬਾਇਡਨ ਪ੍ਰਸ਼ਾਸ਼ਨ ਵੱਲੋਂ ਅਮਰੀਕੀ ਲੋਕਾਂ ਦੇ ਟੈਕਸ ਦਾ ਪੈਸਾ ਵਿਦੇਸ਼ੀ ਸਹਾਇਤਾ ਪੈਕੇਜ ($95 ਬਿਲੀਅਨ ਡਾਲਰ) ਦੇ ਨਾਂ ਹੇਠ ਯੂਕਰੇਨ, ਇਜ਼ਰਾਈਲ ਅਤੇ ਤਾਈਵਾਨ ਨੂੰ ਦੇਣ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਬਾਇਡਨ ਪ੍ਰਸ਼ਾਸ਼ਨ ਵੱਲੋਂ ਯੂਕਰੇਨ ਨੂੰ $60.8 ਬਿਲੀਅਨ, ਇਜ਼ਰਾਈਲ ਲਈ $26.3 ਬਿਲੀਅਨ ਅਤੇ ਇੰਡੋ-ਪੈਸੀਫਿਕ ਖੇਤਰ ਲਈ $8.1 ਬਿਲੀਅਨ ਦੀ “ਸ਼ਾਂਤੀ ਸਹਾਇਤਾ” ਦੇਣ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ 'ਤੇ ਦੇਸ਼-ਵਿਆਪੀ ਪਾਬੰਦੀ ਲਾਉਣ ਦਾ ਐਲਾਨ ਕਰਨ ਤੋਂ ਫੌਰੀ ਬਾਅਦ ਅਮਰੀਕਾ ਦੀਆਂ ਦਰਜਨਾਂ ਸਭ ਤੋਂ ਵੱਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁੱਧ ਦੇ ਵਿਰੁੱਧ ਪ੍ਰਦਰਸ਼ਨ ਵਿੱਚ ਨਿੱਤਰ ਆਏ ਹਨ। 30 ਅਪ੍ਰੈਲ ਰਾਤ 1 ਵਜੇ ਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਇਤਿਹਾਸਕ ‘ਹੈਮਿੰਲਟਨ ਹਾਲ’ ਉੱਤੇ ਕਬਜ਼ਾ ਕਰਕੇ ਰੋਸ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਨੇ ਗਾਜ਼ਾ ’ਚ ਮਾਰੀ ਗਈ ਛੇ ਸਾਲਾਂ ਫਲਸਤੀਨੀ ਬੱਚੀ ਹਿੰਦ ਰਜ਼ਬ ਦੀ ਯਾਦ ’ਚ ‘ਹੈਮਿੰਲਟਨ ਹਾਲ’ ਦਾ ਨਾਮ ਬਦਲਕੇ ਅਕਾਦਮਿਕ ਇਮਾਰਤ ਉੱਤੇ ‘ਹਿੰਦ ਹਾਲ’ ਦਾ ਬੈਨਰ ਝੁਲਾ ਦਿੱਤਾ। 30 ਅਪ੍ਰੈਲ 1968 ਨੂੰ ਇਸੇ ਕੋਲੰਬੀਆਂ ਯੂਨੀਵਰਸਿਟੀ ਦੇ ‘ਹੈਮਿੰਲਟਨ ਹਾਲ’ ਉੱਤੇ ਵਿਦਿਆਰਥੀਆਂ ਨੇ ਕਬਜ਼ਾ ਕਰਕੇ ਕਾਲੇ ਲੋਕਾਂ ਉੱਤੇ ਨਸਲੀ ਹਮਲਿਆਂ ਅਤੇ ਵੀਅਤਨਾਮ ਜੰਗ ਵਿੱਚ ਅਮਰੀਕਾ ਦੀ ਭੂਮਿਕਾ ਖਿਲਾਫ ਜਬਰਦਸਤ ਇਤਿਹਾਸਕ ਰੋਸ ਪ੍ਰਦਰਸ਼ਨ ਕੀਤਾ ਸੀ। ਮੌਜੂਦਾ ਸਮੇਂ ਫਲਸਤੀਨ ਜੰਗ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ 1968 ਦੇ ਜੰਗ ਵਿਰੋਧੀ ਸੰਘਰਸ਼ ਦੀ 56ਵੀਂ ਵਰ੍ਹੇਗੰਡ ਮੌਕੇ ਉਸੇ ਇਤਿਹਾਸਕ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਹੈ।
ਅਮਰੀਕਾ ਦੇ ਕਾਲਜ-ਯੂਨੀਵਰਸਿਟੀ ਕੈਂਪਸਾਂ ਵਿੱਚ ਫਲਸਤੀਨ ਪੱਖੀ ਤੇ ਜੰਗ ਵਿਰੋਧੀ ਪ੍ਰਦਰਸ਼ਨ ਤੇਜ਼ ਹੋਣ ਨਾਲ ਇਹ ਵਿਦਿਆਰਥੀ ਸੰਘਰਸ਼ ਕੋਲੰਬੀਆ, ਹਾਰਵਰਡ, ਯੂਐਸਸੀ, ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਸਮੇਤ 60 ਨਾਮਵਰ ਯੂਨੀਵਰਸਿਟੀਆਂ ਵਿੱਚ ਫੈਲ ਗਿਆ ਹੈ। ਹਥਿਆਰਬੰਦ ਪੁਲਿਸ ਤੇ ਫੌਜੀ ਬਲਾਂ ਵੱਲੋਂ ਕੋਲੰਬੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰਨ, ਦਰਜਨਾਂ ਵਿਦਿਆਰਥੀਆਂ ਦੀਆਂ ਗ੍ਰਿਫ਼ਤਾਰੀਆਂ ਤੇ ਯੂਨੀਵਰਸਿਟੀ ਕੈਂਪਸ ’ਚੋਂ ਜਬਰੀ ਖਦੇੜਣ ਤੋਂ ਬਾਅਦ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਗੁੱਸੇ ਦੀ ਲਹਿਰ ਫੁੱਟ ਪਈ ਤੇ ਇਹ ਵਿਦਿਆਰਥੀ ਸੰਘਰਸ਼ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ। ਟੈਕਸਾਸ ਸੂਬੇ ’ਚ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਕਥਿਤ ਤੌਰ 'ਤੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਵਿਚ ਦਰਜਨਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਹਾਰਵਰਡ ਯਾਰਡ ਨੂੰ ਵੀ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ, ਫੌਜ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਨ ਦੀ ਧਮਕੀ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ ਟੈਂਟ ਲਗਾਕੇ ਪੱਕਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਸਰਕਾਰ ਤੇ ਕੋਲੰਬੀਆ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਨਿਹੱਕੀ ਜੰਗ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇ ਦੋਸ਼ ਮੜ੍ਹਨੇ ਸ਼ੁਰੂ ਕਰ ਦਿੱਤੇ ਕਿ ਇਹ ‘ਫਲਸਤੀਨ ਏਕਤਾ ਅੰਦੋਲਨ ਯਹੂਦੀ ਵਿਰੋਧੀ ਹੈ’। ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਸੈਂਕੜੇ ਯਹੂਦੀ ਵਿਦਿਆਰਥੀ ਫਲਸਤੀਨ ਏਕਤਾ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਤੇ ਉਹਨਾਂ ਦਾ ਤਰਕ ਹੈ ਕਿ ਫਲਸਤੀਨੀਆਂ ਦੀ ਨਸਲਕੁਸ਼ੀ ਦਾ ਵਿਰੋਧ ਕਰਨ ਦਾ ਮਤਲਬ ਯਹੂਦੀਆਂ ਦਾ ਵਿਰੋਧ ਕਰਨਾ ਨਹੀਂ ਹੈ। ਵਿਦਿਆਰਥੀ ਗਾਜ਼ਾ ਵਿੱਚ ਮਾਰੇ ਗਏ 36000 ਤੋਂ ਵੱਧ ਨਿਰਦੋਸ਼ ਲੋਕਾਂ ਲਈ ਨਸਲਵਾਦੀ ਰਾਜ ਇਜਰਾਇਲ ਤੇ ਉਸਦੀ ਪਿੱਠ ਤੇ ਖੜੇ ਬਾਇਡਨ ਪ੍ਰਸ਼ਾਸਨ ਨੂੰ ਜੰਗ ਦਾ ਜ਼ਿੰਮੇਵਾਰ ਸਮਝਦੇ ਹਨ। ਅਮਰੀਕੀ ਹਾਕਮ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਭਾਰੀ ਪੁਲਿਸ ਦਮਨ ਨਾਲ ਦਬਾਉਣਾ ਚਾਹੁੰਦੇ ਸਨ ਪਰੰਤੂ ਇਸਦੇ ਉਲਟ ਇਹ ਵਿਦਿਆਰਥੀ ਰੋਹ ਪੂਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਤੇ ਇਸਨੇ ਪੂਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਸੰਘਰਸ਼ ਵਿੱਚ ਅਮਰੀਕਾ ਸਥਿਤ ਭਾਰਤੀ ਵਿਦਿਆਰਥੀਆਂ ਨੇ ਜੇਐਨਯੂ ਦੇ ਵਿਦਿਆਰਥੀ ਸੰਘਰਸ਼ਾਂ ਦੀ ਤਰਜ਼ ਤੇ ਜੰਗ ਅਤੇ ਜੰਗਬਾਜ਼ ਤਾਕਤਾਂ ਤੋਂ ‘ਅਜ਼ਾਦੀ’ ਦੀ ਨਾਅਰੇਬਾਜ਼ੀ ਕਰਦਿਆਂ ਅਮਰੀਕੀ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ। ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਦੀ ਮੈੱਕਗਿੱਲ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਸੰਘਰਸ਼ ਨੂੰ ਦੇਸ਼ ਭਰ ਵਿੱਚ ਲਿਜਾਣ ਲਈ ਸੰਘਰਸ਼ ਕਰ ਰਹੇ ਹਨ।
ਅਮਰੀਕਾ ਸੰਸਾਰ ਅਮਨ-ਸ਼ਾਂਤੀ, ਮਾਨਵਤਾਵਾਦ, ਜਮਹੂਰੀਅਤ ਤੇ ਸੁਰੱਖਿਆ ਦਾ ਦਾਅਵਾ ਕਰਦਾ ਹੈ ਪਰ ਉਸਦੇ ਆਪਣੇ ਦੇਸ਼ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ, ਗ੍ਰਿਫਤਾਰੀਆਂ, ਅੱਥਰੂ ਗੈਸ, ਘੋੜ ਸਵਾਰ ਪੁਲਿਸ ਦੀ ਵਰਤੋਂ ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਦੇ ਖ਼ਿਲਾਫ਼ ਹੈ ਜਿਸਦੇ ਸਿੱਟੇ ਵਜੋਂ ਵਿਦਿਆਰਥੀ ਸੰਘਰਸ਼ ਤੇਜੀ ਨਾਲ ਫੈਲਿਆ। ਇਸ ਸੰਘਰਸ਼ ਦੀ ਇਹ ਇੱਕ ਸਿਆਸੀ ਤੇ ਮਾਨਵਤਾਵਾਦੀ ਮਹੱਤਤਾ ਹੈ ਕਿ ਵਿਦਿਆਰਥੀ ਨੈਤਿਕ ਆਧਾਰ 'ਤੇ ਜੰਗ ਤੇ ਬੇਇਨਸਾਫ਼ੀ ਦਾ ਵਿਰੋਧ ਕਰ ਰਹੇ ਹਨ ਅਤੇ ਨੌਜਵਾਨ ਤਾਕਤ ਦੀ ਇਹ ਸਰਗਰਮੀ ਨਿਆਂ ਤੇ ਸ਼ਾਂਤੀ ਲਈ ਆਲਮੀ ਸਰੋਕਾਰ ਦਿਖਾ ਰਹੀ ਹੈ। ਉਹ ਜੰਗ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਅਮਨ ਹਾਸਲ ਕਰਨ ਦੇ ਹਾਮੀ ਹਨ। ਅਮਰੀਕਾ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਜਾਂ ਦੋਸਤ ਫੌਜ਼ ਵਿੱਚ ਨੌਕਰੀ ਕਰਦੇ ਹੋਣ ਕਰਕੇ ਉਹ ਜੰਗ ਦੇ ਸੰਤਾਪ ਤੇ ਆਪਣੇ ਅਜ਼ੀਜ਼ਾਂ ਦੀ ਰੱਖਿਆ ਲਈ ਯੁੱਧ ਦਾ ਵਿਰੋਧ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਸ ਤੋਂ ਬਿਨ੍ਹਾਂ ਯੂਨੀਵਰਸਿਟੀਆਂ ਆਮ ਤੌਰ ਤੇ ਰਾਜਨੀਤਿਕ ਸਰਗਰਮੀ ਦੇ ਕੇਂਦਰ ਹੁੰਦੀਆਂ ਹਨ ਤੇ ਵਿਦਿਆਰਥੀ ਅਕਸਰ ਆਪਣੀ ਸਮਾਜਿਕ-ਸਿਆਸੀ ਚੇਤਨਾ ਕਰਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ। ਯੁੱਧ ਦੇ ਘਾਤਕ ਵਾਤਾਵਰਣਕ ਨਤੀਜਿਆਂ ਕਰਕੇ ਵਿਦਿਆਰਥੀ ਵਾਤਾਵਰਣ ਦੀ ਰੱਖਿਆ ਲਈ ਜੰਗਬੰਦੀ ਦੀ ਵਕਾਲਤ ਕਰਦੇ ਹਨ।
ਸੰਸਾਰ ਵਿੱਚ ਲਗਾਤਾਰ ਜੰਗਾਂ, ਤਣਾਅ ਤੇ ਟਕਰਾਅ ਖੜੇ ਕਰਨ ਵਿੱਚ ਅਮਰੀਕੀ ਸਾਮਰਾਜ ਦੀ ਲੰਮੇ ਸਮੇਂ ਤੋਂ ਵੱਡੀ ਭੂਮਿਕਾ ਚੱਲਦੀ ਆ ਰਹੀ ਹੈ। ਅਮਰੀਕੀ ਸਾਮਰਾਜ ਆਪਣੇ ਸੰਸਾਰ ਵਿਆਪੀ ਪ੍ਰਭਾਵ ਤੇ ਵਕਾਰ ਲਈ ਜਿੱਥੇ ਤੀਜੀ ਦੁਨੀਆਂ ਦੇ ਮੁਲਕਾਂ ਦੀ ਲੁੱਟ-ਖਸੁੱਟ ਕਰਦਾ ਹੈ ਉੱਥੇ ਇਹਨਾਂ ਪ੍ਰੌਕਸੀ ਜੰਗਾਂ ਵਿੱਚ ਅਮਰੀਕਾ ਦੇ ਆਮ ਲੋਕਾਂ ਉੱਤੇ ਵੀ ਇਸਦਾ ਬੋਝ ਪੈਂਦਾ ਹੈ। ਅਮਰੀਕਾ ਅੰਦਰ ਲਗਾਤਾਰ ਵੱਧਦੀ ਮਹਿੰਗਾਈ, ਟੈਕਸ ਬੋਝ, ਬੇਘਰੇ ਲੋਕ, ਸਿਹਤ ਤੇ ਸਿੱਖਿਆ ਬਜਟ ਤੇ ਕੱਟ ਤੇ ਦੂਸਰੇ ਪਾਸੇ ਜੰਗ ਵਿੱਚ ਅਰਬਾਂ-ਖਰਬਾਂ ਡਾਲਰ ਵਹਾਉਣ ਕਰਕੇ ਅਮਰੀਕੀ ਲੋਕਾਂ ਤੇ ਵਿਦਿਆਰਥੀਆਂ ਵਿੱਚ ਲਗਾਤਾਰ ਚੇਤਨਾ ਤੇ ਰੋਸ ਪੈਦਾ ਹੁੰਦਾ ਆ ਰਿਹਾ। ਵਿਦਿਆਰਥੀਆਂ ਤੇ ਹੋਏ ਮੌਜੂਦਾ ਸਰਕਾਰੀ ਜਬਰ ਨੇ ਰੋਹ ਦੀ ਇਸ ਚੰਗਿਆੜੀ ਨੂੰ ਹੋਰ ਵੱਧ ਭੜਕਾਅ ਦਿੱਤਾ ਹੈ।
ਅਮਰੀਕੀ ਸਾਮਰਾਜ ਨੇ ਦਹਾਕਿਆਂ ਤੋਂ ਲਾਤੀਨੀ ਅਮਰੀਕਾ, ਮੱਧ ਪੂਰਬ ਤੇ ਅਫਰੀਕੀ ਮਹਾਂਦੀਪ ਦੇ ਵੱਖ-ਵੱਖ ਮੁਲਕਾਂ ਵਿੱਚ ਆਰਥਿਕ-ਸਿਆਸੀ ਗਲਬੇ, ਰਾਜਪਲਟੇ ਤੇ ਦਖਲਅੰਦਾਜੀ ਕਰਕੇ ਵੱਡੇ ਵਿਰੋਧੀ ਪੈਦਾ ਕਰ ਲਏ ਹਨ। ਤੇ ਅਮਰੀਕੀ ਸਾਮਰਾਜ ਵਿਰੋਧੀ ਇਹ ਤਾਕਤਾਂ ਰੂਸ-ਚੀਨ ਵਰਗੀਆਂ ਵੱਡੀਆਂ ਸੰਸਾਰ ਤਾਕਤਾਂ ਨਾਲ ਮਿਲਕੇ ਅਮਰੀਕਾ ਲਈ ਲਗਾਤਾਰ ਇੱਕ ਤੋਂ ਬਾਅਦ ਇੱਕ ਵੱਖ-ਵੱਖ ਤਰ੍ਹਾਂ ਦੀਆਂ ਵੱਡੀਆਂ ਚੁਣੌਤੀਆਂ ਖੜੀਆਂ ਕਰ ਰਹੀਆਂ ਹਨ। ਇਸੇ ਸਮੇਂ ਅਮਰੀਕੀ ਧਰਤੀ ਤੋਂ ਸਾਮਰਾਜੀ ਵਿਰੋਧੀ, ਸਾਮਰਾਜੀ ਜੰਗਾਂ ਵਿਰੋਧੀ ਅਵਾਜ ਦਾ ਉੱਠਣਾ ਵਿਸ਼ਵਵਿਆਪੀ ਮਹੱਤਤਾ ਵਾਲੀ ਘਟਨਾ ਹੈ। ਯੂਕਰੇਨ ਤੇ ਫ਼ਲਸਤੀਨ ਜੰਗ ਦਾ ਸਿੱਧਾ ਸਬੰਧ ਅਮਰੀਕੀ ਸਾਮਰਾਜ ਨਾਲ ਜੁੜਿਆ ਹੋਇਆ ਹੈ ਤੇ ਵਿਦਿਆਰਥੀ ਇਸ ਕੜੀ ਨੂੰ ਖਤਮ ਕਰਨ ਦੀ ਮੰਗ ਕਰਕੇ ਸੰਸਾਰ ਸਾਹਮਣੇ ਵੱਡਾ ਸਿਆਸੀ ਤੇ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਨ।
ਜੇਕਰ ਇਹ ਸੰਘਰਸ਼ ਸਮਾਜ ਦੇ ਸਭ ਤਬਕਿਆਂ ਤੱਕ ਵੱਧਦਾ ਹੈ ਤਾਂ ਇਸ ਨਾਲ ਅਮਰੀਕੀ ਜੰਗੀ ਮਸ਼ੀਨ ਦੇ ਕਈ ਪੁਰਜ਼ੇ (ਹਥਿਆਰ ਤੇ ਹੋਰ ਵਿਸ਼ਵ ਵਪਾਰ ਕਾਰਪੋਰੇ਼ਸ਼ਨਾਂ) ਤੇ ਇਸਦੇ ਮੋਹਰੇ (ਇਜਰਾਇਲ, ਯੂਕਰੇਨ) ਨਿਸੱਤੇ ਹੋ ਜਾਣਗੇ। ਤੇ ਇਹ ਮਾਮਲਾ ਹੋਰ ਵੱਧ ਉੱਭਰ ਸਕਦਾ ਹੈ ਕਿ ਜੰਗ ਲਈ ਵਿੱਤੀ ਸਹਾਇਤਾ (ਫੰਡ) ਤੇ ਹਥਿਆਰ ਕੰਪਨੀਆਂ ਦੇ ਵਿਕਰੀ ਸੌਦੇ ਤੇ ਸਪਲਾਈ ਨੂੰ ਜਨਤਕ ਕੀਤਾ ਜਾਵੇ।
![]() |
| Punjabi tribune May 5, 2024 |
ਅਮਰੀਕਾ ਵਿੱਚ ਵਿਦਿਆਰਥੀਆਂ ਦੀ ਚੰਗੀ ਪਹਿਲਕਦਮੀ ਤੇ ਅਗਵਾਈ ਹੇਠ ਸਾਮਰਾਜ ਦੇ ਗੜ੍ਹ ਵਿੱਚੋਂ ਜੋ ਚੁਣੌਤੀ ਪੈਦਾ ਹੋਈ ਹੈ ਉਸਨੂੰ ਅਮਰੀਕਾ ਦੇ ਸਭਨਾ ਵਰਗਾਂ ਤੱਕ ਲਿਜਾਕੇ ਜੰਗ ਖ਼ਿਲਾਫ਼ ਹੋਰ ਵੱਡੀ ਜਨਤਕ ਲਾਮਬੰਦੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੁਨੀਆ ਭਰ ਦੇ ਚੇਤੰਨ-ਜੁਝਾਰੂ ਨੌਜਵਾਨਾਂ-ਵਿਦਿਆਰਥੀਆਂ ਤੇ ਇਨਸਾਫਪਸੰਦ ਲੋਕਾਂ ਨੂੰ ਜੰਗ ਖਿਲਾਫ ਅੰਤਰਰਾਸ਼ਟਰੀ ਮੁੰਹਿਮ ਚਲਾਉਣ ਦੀ ਲੋੜ ਹੈ। ਜੰਗਾਂ ਸਾਮਰਾਜੀ ਪ੍ਰਬੰਧ ਦੀ ਦੇਣ ਹਨ ਤੇ ਸਾਮਰਾਜ ਦੀ ਹੋਂਦ ਤੱਕ ਇਹ ਜੰਗਾਂ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਵੱਖ-ਵੱਖ ਸ਼ਕਲਾਂ ਵਿੱਚ ਉੱਠਦੀਆਂ ਰਹਿਣੀਆਂ ਹਨ। ਜੰਗਾਂ ਦੇ ਖਾਤਮੇ ਲਈ ਮੁਨਾਫਾਖੋਰ ਸਾਮਰਾਜ-ਸਰਮਾਏਦਾਰੀ ਵਿਵਸਥਾ ਦਾ ਖਾਤਮਾ ਤੇ ਇਸਦੀ ਥਾਂ ਮਨੁੱਖਤਾਪੱਖੀ ਵਿਵਸਥਾ ਦੀ ਸਥਾਪਨਾ ਦੀ ਜਰੂਰਤ ਹੈ। ਤੇ ਇਸ ਜਰੂਰਤ ਲਈ ਨੌਜਵਾਨ ਸ਼ਕਤੀ ਦੀ ਹਮੇਸ਼ਾਂ ਵੱਡੀ ਭੂਮਿਕਾ ਰਹੀ ਹੈ। ਅਜੋਕੇ ਸਮੇਂ ਵਿੱਚ ਸੰਸਾਰ ਸਾਮਰਾਜੀ ਤਕਤਾਂ ਦਾ ਵੱਡਾ ਸਰਗਨਾਂ ਅਮਰੀਕਾ ਹੈ ਤੇ ਇਸਨੂੰ ਸਿੱਧੀ ਤੇ ਵੱਡੀ ਚੁਣੌਤੀ ਦੇਣ ਵਿੱਚ ਆਮ ਅਮਰੀਕੀ ਲੋਕਾਂ ਦੀ ਵੱਡੀ ਭੂਮਿਕਾ ਹੋਵੇਗੀ। ਜੰਗ ਵਿਰੋਧੀ ਅਮਰੀਕੀ ਵਿਦਿਆਰਥੀਆਂ ਦਾ ਮੌਜੂਦਾ ਸੰਘਰਸ਼ ਇੱਕ ਇਤਿਹਾਸਕ ਮਹੱਤਤਾ ਰੱਖਦਾ ਹੈ ਜਿਸਦਾ ਜਿਕਰ ਦਹਾਕਿਆਂ ਤੱਕ ਜਾਰੀ ਰਹੇਗਾ।
- ਮਨਦੀਪ (+1 438-924-2052)



