Search This Blog

Saturday, December 24, 2022

ਯੂਕਰੇਨ ਜੰਗ : ਸਾਮਰਾਜੀ ਹਿੱਤਾਂ ਦੇ ਆਪਸੀ ਵਿਰੋਧ ਦੀ ਜੰਗ


ਯੂਕਰੇਨ ਜੰਗ ਦਾ ਸੇਕ ਯੂਰਪੀ ਦੇਸ਼ਾਂ ਦੀਆਂ ਬਰੂਹਾਂ ਟੱਪਕੇ ਦੁਨੀਆਂ ਭਰ ਵਿੱਚ ਫੈਲ ਰਿਹਾ ਹੈ। ਇਸ ਜੰਗ ਨੇ ਆਲਮੀ ਪੱਧਰ ਤੇ ਗੈਸ, ਤੇਲ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਪੈਦਾ ਕੀਤਾ ਹੈ। ਕਰੋਨਾ ਵਾਇਰਸ ਦੇ ਸਦਮੇ ਤੋਂ ਉਭਰ ਰਹੇ ਸੰਸਾਰ ਅੱਗੇ ਨਵੀਆਂ ਚੁਣੌਤੀਆਂ ਖੜੀਆਂ ਕੀਤੀਆਂ। ਕੋਵਿਡ ਸਮੇਂ ਤੋਂ ਚੱਲੀਆਂ ਆ ਰਹੀਆਂ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਢੋਆ-ਢੁਆਈ ਦੀਆਂ ਲਾਗਤਾਂ ਵੱਧ ਗਈਆਂ। ਆਵਾਜਾਈ ਦਾ ਮਹਿੰਗਾ ਹੋਣਾ, ਮਿਡਲ ਈਸਟ ਵਿੱਚ ਸੋਕੇ ਵਰਗੀ ਹਾਲਤ ਕਰਕੇ ਖੇਤੀਬਾੜੀ ਪੈਦਾਵਾਰ ਦਾ ਘਟਣਾ, ਆਲਮੀ ਤਪਸ, ਜਲਵਾਯੂ ਤਬਦੀਲੀਆਂ, ਯੂਰਪ ਵਿੱਚ ਸਰਦ ਰੁੱੱਤ ਦਾ ਸ਼ੁਰੂ ਹੋਣਾ, ਰੂਸ ਉੱਪਰ ਆਰਥਿਕ ਪਾਬੰਧੀਆਂ ਆਦਿ ਕਰਕੇ ਇਸਦਾ ਪ੍ਰਭਾਵ ਯੂਰਪ ਤੇ ਮੱਧ ਪੂਰਬ ਤੋਂ ਸ਼ੁਰੂ ਹੋਕੇ ਵਿਸ਼ਵ ਆਰਥਿਕਤਾ ਉੱਤੇ ਪੈਣਾ ਸ਼ੁਰੂ ਹੋ ਗਿਆ। ਯੂਕਰੇਨ ਜੰਗ ਨੇ ਵਿਸ਼ਵ ਦੇ ਭੂ-ਸਿਆਸੀ ਤੇ ਆਰਥਿਕ ਸਮੀਕਰਨਾਂ ਨੂੰ ਤੀਬਰਤਾ ਨਾਲ ਬਦਲ ਦਿੱਤਾ ਹੈ। ਜੰਗ ਨੇ ਜਿੱਥੇ ਸੰਸਾਰਵਿਆਪੀ ਮਹਿੰਗਾਈ, ਗਲੋਬਲ ਭੋਜਨ ਅਤੇ ਊਰਜਾ ਸੰਕਟ ਨੂੰ ਵਧਾ ਦਿੱਤਾ ਉੱਥੇ ਇਸਨੇ ਮੱਧ ਪੂਰਬ, ਕੇਂਦਰੀ ਅਤੇ ਦੱਖਣੀ ਏਸ਼ੀਆ ਖਿੱਤੇ ਅੰਦਰ ਵੱਡੀਆਂ ਚੁਣੌਤੀਆਂ ਤੇ ਤਣਾਅ ਪੈਦਾ ਕੀਤਾ ਹੈ ਜਿਸਦੇ ਨੇੜ ਭਵਿੱਖ ਵਿੱਚ ਘਾਤਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।

ਲੰਮੀ ਜੰਗ ਤੇ ਉਪਰੋਂ ਸਰਦ ਮੌਸਮ ਕਾਰਨ ਯੂਰਪ ਅੰਦਰ ਊਰਜਾ ਸੰਕਟ ਤੇ ਮਹਿੰਗਾਈ ਵਧਣ ਕਾਰਨ ਲੋਕਾਂ ਅੰਦਰ ਸਰਕਾਰਾਂ ਖਿਲਾਫ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਮੱਧ ਪੂਰਬ ਲਈ ਭੋਜਨ ਪਦਾਰਥਾਂ ਦੀ ਘਾਟ ਅਤੇ ਮਹਿੰਗਾਈ ਵੱਡੀ ਸਮੱਸਿਆ ਬਣਕੇ ਉੱਭਰ ਰਹੀ ਹੈ। ਮੌਸਮੀ ਤਬਦੀਲੀਆਂ ਕਾਰਨ ਚਾਲੂ ਵਰ੍ਹੇ ਦੌਰਾਨ ਮੱਧ ਪੂਰਬ ਦੇ ਕੁਝ ਮੁਲਕਾਂ ਵਿੱਚ ਅਨਾਜ ਦੀਆਂ ਲੋੜਾਂ ਪਿਛਲੇ ਸਾਲ ਨਾਲੋਂ ਵੱਧ ਗਈਆਂ। ਰੂਸ ਤੇ ਯੂਕਰੇਨ ਕਣਕ ਬਰਾਮਦ ਕਰਨ ਵਾਲੇ ਦੁਨੀਆਂ ਦੇ ਪੰਜਵੇਂ ਵੱਡੇ ਬਰਾਮਦਕਾਰ ਹਨ। ਜੰਗ ਕਰ ਕੇ ਇਸ ਸਾਲ ਯੂਕਰੇਨ ਵਿਚ ਫਸਲੀ ਪੈਦਾਵਾਰ ਹੇਠਲਾ ਰਕਬਾ ਘਟਣ ਅਤੇ ਮੰਗ ਵੱਧਣ ਕਰਕੇ ਕਣਕ ਦੀਆਂ ਕੀਮਤਾਂ ਵਿੱਚ ਅਪ੍ਰੈਲ ਮਹੀਨੇ ਤੱਕ 35% ਦਾ ਵਾਧਾ ਹੋਇਆ। ਮਿਸਰ, ਤੁਰਕੀ, ਟਿਊਨੇਸ਼ੀਆ, ਇਰਾਨ ਸਮੇਤ ਅਨੇਕਾਂ ਮੁਲਕ ਰੂਸ ਤੇ ਯੂਕਰੇਨ ਤੋਂ ਕਣਕ ਤੇ ਕਣਕ ਤੋਂ ਬਣੇ ਉਤਪਾਦ ਦਰਾਮਦ ਕਰਦੇ ਹਨ। ਭੋਜਨ ਪਦਾਰਥਾਂ ਦੀ ਕਮੀ ਤੇ ਮਾਰਕਿਟ ਦੀ ਅਰਾਜਕਤਾ ਨੇ ਹਾਲਾਤ ਹੋਰ ਵੱਧ ਮੁਸ਼ਕਲ ਕਰ ਦਿੱਤੇ ਹਨ। 

Punjabi Tribune December 24, 2022 

ਅਮਰੀਕਾ ਦੀ ਅਗਵਾਈ ਵਾਲਾ ਸਾਮਰਾਜੀ ਤਾਕਤਾਂ ਦਾ ਸਾਂਝਾ ਗੱਠਜੋੜ (ਨਾਟੋ) ਯੂਕਰੇਨ ਦੀ ਧਰਤੀ ਤੇ ਅਸਿੱਧੀ ਜੰਗ (Proxy warਲੜ ਰਿਹਾ ਹੈ। ਇਸ ਜੰਗ ਵਿੱਚ ਸਿੱਧੇ ਤੌਰ ਤੇ ਅਮਰੀਕਾ ਦਾ ਇਕ ਵੀ ਫੌਜੀ ਸ਼ਾਮਲ ਨਹੀਂ ਹੈ। ਅਮਰੀਕਾ ਸਿੱਧੇ ਰੂਪ ਵਿਚ ਯੂਕਰੇਨ ਦੀ ਮੱਦਦ ਕਰਕੇ ਇਸ ਜੰਗ ਨੂੰ ਰੂਸ ਬਨਾਮ ਨਾਟੋ ਬਣਾਉਣ ਤੋਂ ਕਤਰਾਉਂਦਾ ਹੈ। ਇਸ ਲਈ ਯੂਕਰੇਨ ਦੇ ਵਾਰ-ਵਾਰ ਕਹਿਣ ਤੇ ਵੀ ਅਮਰੀਕਾ ਅਤੇ ਨਾਟੋ ਮੁਲਕ ਸਿੱਧੇ ਰੂਪ ਵਿੱਚ ਯੂਕਰੇਨ ਦੀ ਮੱਦਦ ਨਹੀਂ ਕਰ ਰਹੇ ਜਿਸਤੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੰਿਸਕੀ ਖਫਾ ਹੈ। ਯੂਕਰੇਨ ਦੇ ਵਪਾਰਕ ਤੇ ਭੂ-ਸਿਆਸੀ ਤੌਰ ਤੇ ਮਹੱਤਵਪੂਰਨ ਹਿੱਸੇ ਉੱਤੇ ਕਬਜ਼ੇ ਬਾਅਦ ਪੂਤਿਨ ਦਾ ਯੂਕਰੇਨ ਨੂੰ ਕੂਟਨੀਤਕ ਗੱਲਬਾਤ ਰਾਹੀਂ ਜੰਗ ਖਤਮ ਕਰਨ ਦਾ ਬਿਆਨ ਦਰਸਾਉਂਦਾ ਹੈ ਕਿ ਰੂਸ ਵੀ ਹੁਣ ਪਿੱਛੇ ਹਟਣਾ ਚਾਹੁੰਦਾ ਹੈ। ਵੱਧ ਰਹੇ ਲੋਕ ਰੋਹ ਕਾਰਨ ਯੂਰਪੀਅਨ ਯੂਨੀਅਨ ਦੇ ਪੱਛਮੀ ਖੇਮੇ ਦੇ ਕਈ ਮੁਲਕਾਂ ਅੰਦਰ ਜੰਗ ਨੂੰ ਲੈ ਕੇ ਆਪਸੀ ਵਿਰੋਧ ਖੜੇ ਹੋ ਰਹੇ ਹਨ ਤੇ ਉਹ ਹੌਲੀ-ਹੌਲੀ ਪੈਰ ਪਿੱਛੇ ਖਿੱਚਣ ਲਈ ਮਜਬੂਰ ਹੋ ਰਹੇ ਹਨ। ਯੂਕਰੇਨ ਨੇ ਅਮਰੀਕਾ ਨੂੰ ਉਸਦੇ ਸਭ ਤੋਂ ਐਡਵਾਂਸ ਡਰੋਨ ਮੁਹੱਇਆ ਕਰਵਾਉਣ ਦੀ ਗੁਹਾਰ ਲਗਾਈ ਜਿਸਤੋਂ ਅਮਰੀਕਾ ਨੇ ਇਨਕਾਰ ਕਰ ਦਿੱਤਾ। ਦੂਸਰਾ ਪਿਛਲੇ ਸਮੇਂ ’ਚ ਵਾਪਰੇ ਕੁਝ ਘਟਨਾਕ੍ਰਮ ਦਿਖਾਉਂਦੇ ਹਨ ਕਿ ਅਮਰੀਕਾ ਜੇਲੰਿਸਕੀ ਉੱਤੇ ਪੂਤਿਨ ਨਾਲ ਗੱਲਬਾਤ ਲਈ ਜੋਰ ਪਾ ਰਿਹਾ ਹੈ। ਸਤੰਬਰ ਮਹੀਨੇ ਵਿੱਚ ਅਮਰੀਕੀ ਅਧਿਕਾਰੀ ਬਲੰਿਨਕਨ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦਾ ਅਚਾਨਕ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਇਹਨਾਂ ਯਤਨਾਂ ਦਾ ਹਿੱਸਾ ਹੈ। ਭਾਵੇਂ ਕਿ ਰੂਸ ਨੂੰ ਫੌਜੀ ਤੇ ਆਰਥਿਕ ਤੌਰ ਤੇ ਕੰਮਜੋਰ ਕਰਨ ਅਤੇ ਆਪਣੀਆਂ ਸਾਮਰਾਜਵਾਦੀ ਇਛਾਵਾਂ ਤਹਿਤ ਪਿਛਲੇ ਕਈ ਦਹਾਕਿਆ ਤੋਂ ਅਮਰੀਕਾ ਰੂਸ ਦੁਆਲੇ 14 ਨਾਟੋ ਮੁਲਕਾਂ ਰਾਹੀਂ ਘੇਰਾਬੰਦੀ ਕਰਦਾ ਆ ਰਿਹਾ ਹੈ ਪਰੰਤੂ ਹਾਲ ਦੀ ਘੜੀ ਉਸਦਾ ਮੁੱਖ ਦੁਸ਼ਮਣ ਚੀਨ ਹੈ। ਇਸੇ ਤਰ੍ਹਾਂ ਅਮਰੀਕਾ ਏਸ਼ੀਆ ’ਚ ਭਾਰਤ-ਚੀਨ ਸਰਹੱਦੀ ਵਿਵਾਦ ਵਧਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵੇਗਾ। ਇਸ ਲਈ ਰੂਸ ਖਿਲਾਫ ਯੂਕਰੇਨ ਨਾਲ ਸਿੱਧੀ ਜੰਗ ਦਾ ਹਿੱਸਾ ਬਣਨ ਦੀ ਬਜਾਇ ਅਮਰੀਕਾ ਯੂਕਰੇਨ ਨਾਲ ਸਿਰਫ ਹਥਿਆਰਾਂ ਦਾ “ਕਾਰੋਬਾਰ”  ਅਤੇ ਜੰਗੀ ਤਬਾਹੀ ਵਿੱਚ ਮਾਰੇ ਤੇ ਉਜਾੜੇ ਜਾ ਯੂਕਰੇਨੀ ਲੋਕਾਂ ਨੂੰ “ਰਾਹਤ” ਦੇਣ  ਸਿਰਫ “ਲੋਨ” ਮੁਹੱਇਆ ਕਰਵਾ ਰਿਹਾ ਹੈ। ਇਉਂ ਯੂਕਰੇਨੀ ਲੋਕਾਂ ਉੱਤੇ ਇਹ ਵਿਦੇਸ਼ੀ ਕਰਜ ਦਹਾਕਿਆਂ ਤੱਕ ਜੀਅ ਦਾ ਜੰਜਾਲ ਬਣਿਆ ਰਹੇਗਾ।

ਨੈਪੋਲੀਅਨ ਦੇ ਕਹੇ ਮੁਤਾਬਕ, ਯੁੱਧ ਸਾਰੀਆਂ ਸਮੀਕਰਨਾਂ ਵਿਚੋਂ ਸਭ ਤੋਂ ਗੁੰਝਲਦਾਰ ਹੈ ਪਰ ਨਵੰਬਰ ਮਹੀਨੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਜੰਗ ਪ੍ਰਤੀ ਸੰਸਾਰ ਸਾਮਰਾਜੀ ਤਾਕਤਾਂ ਦੇ ਸਮੀਕਰਨ, ਰੁਖ ਤੇ ਨੀਤੀ ਲਈ ਕਾਫੀ ਮਹੱਤਵਪੂਰਨ ਕਿਹਾ ਜਾ ਸਕਦਾ ਹੈ। ਆਮ ਤੌਰ ਤੇ ਜੰਗ ਦੌਰਾਨ ਦੁਨੀਆਂ ਦੇ ਸਭ ਤੋਂ ਉੱਨਤ ਤੇ ਨਵੀਨ ਤਕਨੀਕੀ ਹਥਿਆਰਾਂ ਦੀ ਅਜ਼ਮਾਇਸ਼ ਕੀਤੀ ਜਾਂਦੀ ਹੈ ਪਰ ਇਸ ਜੰਗ ਦੌਰਾਨ ਅਮਰੀਕਾ ਅਤੇ ਰੂਸ ਦੋਵੇਂ ਤਾਕਤਾਂ ਹਾਲੇ ਤੱਕ ਇਹਨਾਂ ਬੇਹੱਦ ਘਾਤਕ ਉੱਚ ਤਕਨੀਕੀ ਹਥਿਆਰਾਂ, ਰਾਡਾਰ, ਡਰੋਨ, ਪ੍ਰਮਾਣੂ ਤੇ ਹੋਰ ਖਤਰਨਾਕ ਜੈਵਿਕ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ ਕਰ ਰਹੀਆਂ ਹਨ। ਦੂਜਾ ਖੇਰਸਨ ਵਿੱਚੋਂ ਰੂਸ ਦੇ ਪਿੱਛੇ ਹਟਣ ਦੀ ਯੁੱਧਨੀਤੀ ਅਤੇ ਅਮਰੀਕੀ ਅਧਿਕਾਰੀਆਂ ਦੀ ਯੂਕਰੇਨ ਫੇਰੀ ਦੌਰਾਨ ਦੋਹਾਂ ਪਾਸਿਆਂ ਤੋਂ ਗੱਲਬਾਤ ਦੇ ਅਸਾਰ ਦੇਖਣ ਨੂੰ ਮਿਲੇ ਹਨ। ਤੀਜਾ, ਨਵੰਬਰ ਮਹੀਨੇ ਵਿੱਚ ਦੱਖਣ ਪੂਰਬੀ ਏਸ਼ੀਆਂ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਚੀਨ ਨੂੰ ਘੇਰਨ ਲਈ ਤਿੰਨ ਅਹਿਮ ਮੀਟਿੰਗਾਂ (ਕੰਬੋਡੀਆ ਦੇ ਨਾਮਪੇਨ੍ਹੇ ’ਚ ਐਸੋਸੀਏਸ਼ਨ ਆਫ ਸਾਊਥ-ਈਸਟ ਨੇਸ਼ਨਜ਼ (ASEAN), ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ’ਚ ਜੀ-20 ਅਤੇ ਥਾਈਲੈਂਡ ਦੇ ਬੈਕਾਂਕ ’ਚ ਏਸ਼ੀਆ-ਪੈਸਿਫਿਕ ਇਕੋਨੋਮਿਕ ਕੋਆਪਰੇਸ਼ਨ (APEC) ) ਹੋਈਆਂ ਹਨ। ਇਹਨਾਂ ਮੀਟੰਗਾਂ ਵਿੱਚ ਦੱਖਣੀ-ਪੂਰਬੀ ਮੁਲਕਾਂ ਦੀ ਕਤਾਰਬੰਦੀ ਕਰਕੇ ਚੀਨ ਦੁਆਲੇ ਘੇਰਾਬੰਦੀ ਦੀ ਨੀਤੀ ਸਾਹਮਣੇ ਆਈ ਹੈ। ਇਹਨਾਂ ਮਟਿੰਗਾਂ ਵਿੱਚ ਅਮਰੀਕੀ ਸਾਮਰਾਜ ਨੇ ਤਾਈਵਾਨ, ਜਿੱਥੇ ਪਹਿਲਾਂ ਹੀ ਚੀਨ-ਤਾਈਵਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ, ਦੇ ਨਾਲ-ਨਾਲ ਸਿੰਗਾਪੁਰ, ਆਸਟ੍ਰੇਲੀਆ ਤੇ ਫਿਲਪੀਨਜ਼ ਨੂੰ ਚੀਨ ਖਿਲਾਫ ਵਰਤਣ ਲਈ ਮੋਹਰੇ ਬਣਾਇਆ ਹੈ। ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ’ਚ ਚੀਨ ਦੇ ਦੱਖਣੀ ਸਮੁੰਦਰੀ ਹਿੱਸੇ ਵਾਲੇ ਦੇਸ਼ ਫਿਲਪੀਨਜ਼, ਜਿੱਥੇ ਉਸਦਾ ਫੌਜੀ ਅੱਡਾ ਵੀ ਹੈ, ਨਾਲ ਕਈ ਸਮਜੌਤੇ ਕੀਤੇ ਹਨ। ਹਿੰਦ ਪ੍ਰਸ਼ਾਂਤ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਲਈ ਵੀ ਅਮਰੀਕਾ ਲਗਤਾਰ ਯਤਨਸ਼ੀਲ ਰਿਹਾ ਹੈ। ਪਿਛਲੇ ਦਹਾਕੇ ਤੋਂ ਚੀਨ ਦਾ ਏਸ਼ੀਆ ਵਿੱਚ ਵਪਾਰ ਅਤੇ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸਨੂੰ ਠੱਲ੍ਹਣ ਲਈ ਰੂਸ ਤੋਂ ਬਾਅਦ ਅਮਰੀਕਾ ਦਾ ਅਗਲਾ ਨਿਸ਼ਾਨਾ ਦੱਖਣੀ ਪੂਰਬੀ ਏਸ਼ੀਆਂ ਵਿੱਚ ਵੱਡੀ ਅਸ਼ਾਂਤੀ ਖੜੀ ਕਰਨਾ ਹੈ।

ਮੌਜੂਦਾ ਸਮੇਂ ’ਚ ਗਹਿਰੇ ਸੰਕਟ ਵੱਲ ਵੱਧ ਰਹੀ ਗਲੋਬਲ ਆਰਥਿਕਤਾ ਦਾ ਸੰਕਟ ਕੋਈ ਪਹਿਲਾ ਜਾਂ ਆਖਰੀ ਸੰਕਟ ਨਹੀਂ ਹੈ ਬਲਕਿ ਇਹ ਸੰਕਟਾਂ ਦੀ ਇੱਕ ਹੋਰ ਕੜੀ ਹੈ। ਸੰਸਾਰ ਵਿਚ ਇਹ ਰੁਝਾਨ ਚੱਲ ਰਿਹਾ ਹੈ ਕਿ ਸਾਮਰਾਜੀ ਮੁਲਕ ਭੁੱਖ, ਗਰੀਬੀ, ਜੰਗ ਤੇ ਮਹਿੰਗਾਈ ਦੀਆਂ ਅਲਾਮਤਾਂ ਨਾਲ ਅੱਗੇ ਵੱਧ ਰਹੇ ਗਲੋਬਲ ਆਰਥਿਕ ਸੰਕਟ ਦਾ ਬੋਝ ਦੁਨੀਆਂ ਦੇ ਕੰਮਜੋਰ ਮੁਲਕਾਂ ਅਤੇ ਦੁਨੀਆਂ ਭਰ ਦੀ ਮਿਹਨਤਕਸ਼ ਜਮਾਤ ਉੱਪਰ ਲੱਦ ਰਹੇ ਹਨ ਭਾਵ ਸੰਕਟ ਵੰਡ ਕਰ ਰਹੇ ਹਨ। ਵਿਕਸਿਤ ਪੂੰਜੀਵਾਦੀ ਦੇਸ਼ਾਂ ਦੇ ਕੇਂਦਰੀ ਬੈਂਕ ਲਗਾਤਾਰ ਵਿਆਜ ਦਰਾਂ ਵਧਾ ਰਹੇ ਹਨ। ਅਮਰੀਕੀ ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ 3.75% ਤੱਕ ਅੱਪੜ ਗਈਆਂ ਹਨ। ਵਿਆਜ ਦਰਾਂ ਵੱਧਣ ਨਾਲ ਅਮਰੀਕਾ ਦੇ ਕਰਜਦਾਰ ਦੇਸ਼ ਜੋ ਪਹਿਲਾਂ ਹੀ ਗਹਿਰੇ ਆਰਥਿਕ ਸੰਕਟ ਨਾਲ ਜੂਝ ਰਹੇ ਹਨ, ਵਿੱਚ ਕਰਜ ਅਦਾਇਗੀ ਰਕਮ ਵਿੱਚ ਬੇਤਹਾਸ਼ਾ ਵਾਧਾ, ਵਪਾਰਕ ਦਰਾਂ ਤੇ ਦਰਾਮਦ ਲਾਗਤਾਂ ਵਿੱਚ ਵਾਧਾ ਅਤੇ ਸਥਾਨਕ ਮੁਦਰਾ ਸੰਕਟ ਖੜਾ ਹੋ ਰਿਹਾ ਹੈ। ਅਮਰੀਕਾ ਅੰਦਰ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਕਾਰਨ ਲੋਕ ਰੋਹ ਵੱਧ ਰਿਹਾ ਹੈ। ਅਮਰੀਕੀ ਵੋਟਰਾਂ ਲਈ ਜੰਗ ਨਾਲੋਂ ਵੱਧਕੇ ਮਹਿੰਗਾਈ ਵੱਡੀ ਸਮੱਸਿਆ ਹੈ। ਮਹਿੰਗਾਈ ਨੂੰ ਲੈ ਕੇ ਲੋਕ ਰੋਹ ਦੀ ਇਹ ਕਾਂਗ ਰੂਸ ਅਤੇ ਯੂਰਪ ਵਿਚ ਵੀ ਫੈਲ ਰਹੀ ਹੈ। ਆਈਐਮਐਫ ਦੇ ਸਾਬਕਾ ਅਰਥ ਸ਼ਾਸ਼ਤਰੀ ਮੌਰਿਸ ਓਬਸਟਫੀਲਡ ਦੀ ਚਿਤਾਵਨੀ ਕਿ ਭੋਜਨ ਦੀਆਂ ਵੱਧਦੀਆਂ ਕੀਮਤਾਂ ‘ਵਿਆਪਕ ਪੱਧਰ ਤੇ ਸਮਾਜਿਕ ਅਸ਼ਾਂਤੀ’ ਪੈਦਾ ਕਰ ਸਕਦੀਆਂ ਹਨ, ਦੇ ਚਿੰਨ੍ਹ ਲਗਾਤਾਰ ੳੱੁਘੜ ਰਹੇ ਹਨ।

ਯੂਕਰੇਨ ਜੰਗ ਸਾਮਰਾਜਵਾਦੀ ਇਛਾਵਾਂ ਤਹਿਤ ਲੜੀ ਜਾ ਰਹੀ ਪੂੰਜੀਵਾਦੀ ਹਿੱਤਾਂ ਦੇ ਆਪਸੀ ਵਿਰੋਧ ਦੀ ਜੰਗ ਹੈ। ਇਸਦਾ ਮਕਸਦ ਯੂਕਰੇਨੀ ਕੌਮ ਦੀ ਬੰਦਖਲਾਸੀ ਜਾਂ ਪ੍ਰਭੂਸੱਤਾ ਦੀ ਰਾਖੀ ਨਹੀਂ ਬਲਕਿ ਸਾਮਰਾਜੀ ਪਸਾਰਵਾਦੀ ਆਰਥਿਕ-ਸਿਆਸੀ ਮੰਤਵ ਦੀ ਪੂਰਤੀ ਕਰਨਾ ਹੈ। ਦੁਨੀਆ ਪਹਿਲਾਂ ਵਰਗੀ ਨਹੀਂ ਰਹੀ ਜਦੋਂ ਅਮਰੀਕਾ ਇਕਲੌਤੀ ਪਰਮਾਣੂ ਸ਼ਕਤੀ ਸੀ। ਅੱਜ ਵੱਡੀ ਤਦਾਦ ਵਿੱਚ ਪਰਮਾਣੂ ਹਥਿਆਰ ਵਿਕਸਿਤ ਹੋ ਚੁੱਕੇ ਹਨ ਤੇ ਜਿਸ ਤੇਜੀ ਨਾਲ ਮੁਨਾਫੇ ਅਤੇ ਚੌਧਰ ਦੀ ਹਲਕ ਵੱਧਦੀ ਜਾ ਰਹੀ ਹੈ ਇਹ ਜੰਗ ਕੁਲ ਆਲਮ ਨੂੰ, ਧਰਤੀ ਤੇ ਵੱਸਦੀ ਮਨੁੱਖਤਾ ਨੂੰ ਦਿੱਤੀ ਧਮਕੀ ਸਮਾਨ ਹੈ। ਜਿੱਥੇ ਇਹ ਅੱਜ ਯੂਕਰੇਨੀ ਲੋਕਾਂ ਲਈ ਘਾਤਕ ਤੇ ਤਬਾਹਕੁੰਨ ਸਾਬਤ ਹੋ ਰਹੀ ਹੈ ਉੱਥੇ ਇਸਦੇ ਅਸਰ ਕੁੱਲ ਆਲਮ ਲਈ ਵੀ ਘਾਤਕ ਹਨ। ਇਹ “ਲੋਕਤੰਤਰੀ” ਅਮਰੀਕਾ ਤੇ ਉਸਦੇ ਨਾਟੋ ਸੰਗੀਆਂ ਅਤੇ ‘ਤਾਨਾਸ਼ਾਹ’ ਰੂਸ-ਚੀਨ ਵਿਚਕਾਰ ਜੰਗ ਹੈ ਅਤੇ ਇਹਨਾਂ ਵਿੱਚੋਂ ਕੋਈ ਵੀ ਸਾਮਰਾਜੀ ਮੁਲਕ ਮਨੁੱਖਤਾ ਲਈ ਜੰਗ ਨਹੀਂ ਲੜ ਰਿਹਾ।

ਇਸ ਅਣਮਨੁੱਖੀ ਜੰਗ ਦੌਰਾਨ ਅਮਰੀਕਾ ਨੇ ਰੂਸ ਦੇ ਯੂਰਪ ਵਿੱਚ ਵਪਾਰ ਨੂੰ ਸੱਟ ਮਾਰਨ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਵਧਾਉਣ ਲਈ ਯੂਕਰੇਨ ਨੂੰ ਮੂਹਰੇ ਲਾਕੇ ਰੂਸ ਉੱਤੇ ਆਰਥਿਕ ਰੋਕਾਂ ਲਾਈਆਂ। ਰੂਸ ਉੱਤੇ ਪਾਬੰਧੀਆਂ ਮੜ੍ਹਕੇ ਅਮਰੀਕਾ ਨੇ ਹਥਿਆਰਾਂ, ਕਰਜਿਆਂ ਅਤੇ ਯੂਰਪੀ ਤੇ ਦੱਖਣੀ ਪੂਰਬੀ ਮੁਲਕਾਂ ਨਾਲ ਵਪਾਰ ਰਾਹੀਂ ਮੋਟੇ ਮੁਨਾਫੇ ਕਮਾਏ। ਦੂਜੇ ਪਾਸੇ ਰੂਸ ਨੇ ਤੁਰਕੀ, ਚੀਨ, ਭਾਰਤ, ਜਪਾਨ, ਸਪੇਨ, ਬਰਾਜੀਲ ਆਦਿ ਅਨੇਕਾਂ ਮੁਲਕਾਂ ਨਾਲ ਵਪਾਰ ਵਿੱਚ ਚੋਖਾ ਵਾਧਾ ਕੀਤਾ। ਉਧਰ ਚੀਨ ਨੇ ਮੱਧ ਪੂਰਬ, ਦੱਖਣੀ-ਕੇਂਦਰੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਅਮਰੀਕੀ ਸਾਮਰਾਜ ਵਿਰੋਧੀ ਮੁਲਕਾਂ ਨਾਲ ਆਪਣੀ ਮੰਡੀ ਦਾ ਵਿਸਥਾਰ ਕੀਤਾ। ਇਸ ਤਰ੍ਹਾਂ ਜੰਗ ਇਹਨਾਂ ਸਾਮਰਾਜੀ ਦੇਸ਼ਾਂ ਦੇ ਪੂੰਜੀਪਤੀਆਂ ਲਈ ਨਿਆਮਤ ਅਤੇ ਦੁਨੀਆਂ ਭਰ ਦੇ ਕਿਰਤੀਆਂ ਖਾਸਕਰ ਯੂਕਰੇਨ ਦੇ ਲੋਕਾਂ ਲਈ ਕਿਆਮਤ ਬਣਕੇ ਬਹੁੜੀ ਹੈ।  

ਜਿੱਥੇ ਕੁੱਲ ਸੰਸਾਰ ਜੰਗ ਦੀ ਤਾਬ ਝੱਲ ਰਿਹਾ ਹੈ ਉੱਥੇ ਯੂਕਰੇਨ ਦੇ ਨਿਰਦੋਸ਼ ਲੋਕ ਸਿੱਧੇ ਤੇ ਤਿੱਖੇ ਹਮਲੇ ਹੇਠ ਜਿਊਂ ਰਹੇ ਹਨ। ਸਤੰਬਰ 2022 ਦੇ ਯੂਕਰੇਨੀ ਸਰਕਾਰੀ ਅੰਕੜਿਆਂ ਮੁਤਾਬਕ ਜੰਗ ਦੌਰਾਨ ਯੂਕਰੇਨ ਅੰਦਰ ਮਹਿੰਗਾਈ ਦੀ ਦਰ 24.6% ਅਤੇ ਕੱਚੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ 40.9% ਦਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਮੁਤਾਬਕ ਸਾਲ 2022 ਵਿੱਚ ਜੰਗ ਕਾਰਨ ਯੂਕਰੇਨ ਦੀ 30% ਖੇਤੀਯੋਗ ਜਮੀਨ ਬਿਨ੍ਹਾਂ ਬੀਜੇ ਅਤੇ ਬਿਨ੍ਹਾਂ ਕਟਾਈ ਦੇ ਖਾਲੀ ਰਹਿ ਜਾਵੇਗੀ। ਜਿੱਥੇ ਇਸਦਾ ਅਸਰ ਯੂਕਰੇਨ ਦੀ ਆਰਥਿਕਤਾ ਤੇ ਪਵੇਗਾ ਉੱਥੇ ਆਉਣ ਵਾਲੇ ਦਿਨਾਂ ’ਚ ਗਲੋਬਲ ਭੋਜਨ ਉਤਪਾਦਾਂ ਦੀਆਂ ਕਮੀ ਅਤੇ ਕੀਮਤਾਂ ਵੀ ਹੋਰ ਵੱਧ ਪ੍ਰਭਾਵਿਤ ਹੋਣਗੀਆਂ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨ ਮੁਤਾਬਕ 11 ਦਸੰਬਰ 2022 ਤੱਕ ਯੂਕਰੇਨ ਵਿੱਚ 6755 ਨਾਗਰਿਕਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੰਗ ਦੌਰਾਨ ਨਸ਼ਾ ਮਾਫਿਆ ਅਤੇ ਸਾਇਬਰ ਅਪਰਾਧ ਸਿਖਰਾਂ ਤੇ ਹੈ। ਯੂਕਰੇਨੀ ਆਰਥਿਕ ਮੰਤਰਾਲੇ ਮੁਤਾਬਕ ਜੰਗ ਦੇ ਚੱਲਦਿਆਂ ਕਰੀਬ 50 ਲੱਖ ਲੋਕ ਨੌਕਰੀਆਂ ਗੁਆ ਕੇ ਬੇਰੁਜਗਾਰਾਂ ਦੀ ਕਤਾਰ ਵਿੱਚ ਲੱਗ ਗਏ ਹਨ। ਯੂਕਰੇਨੀ ਰਾਸ਼ਟਰੀ ਬੈਂਕ ਦੇ ਇੱਕ ਅੰਦਾਜੇ ਮੁਤਬਕ 11% ਧੰਦੇ ਬੰਦ ਹੋ ਚੁੱਕੇ ਹਨ ਅਤੇ ਅੱਧੇ ਤੋਂ ਵੱਧ ਧੰਦੇ ਸਮਰੱਥਾ ਤੋਂ ਘੱਟ ਕੰਮ ਕਰ ਰਹੇ ਹਨ। ਯੂਨਾਨੀ ਦਾਰਸ਼ਨਿਕ ਐਸਕੇਲਸ ਦਾ ਕਥਨ ਹੈ ਕਿ ‘ਜੰਗ ਵਿੱਚ ਪਹਿਲੀ ਮੌਤ ਸੱਚ ਦੀ ਹੁੰਦੀ ਹੈ।’  ਇਹ ਕਥਨ ਯੂਕਰੇਨ ਜੰਗ ਤੇ ਪੂਰਾ ਢੁੱਕਦਾ ਹੈ। ਯੂਕਰੇਨ ਵਿੱਚ ਰੂਸੀ ਅਤੇ ਪੱਛਮੀ ਮੀਡੀਆ ਅਤੇ ਹੈਕਟੀਵਿਸਟਾਂ (hacktivists) ਦੇ ਕਈ ਗਰੁੱਪ ਸਰਗਰਮ ਹਨ ਜੋ ਸਿਆਸੀ ਮੁਫਾਦਾਂ ਤਹਿਤ ਝੂਠ ਦਾ ਲਗਾਤਾਰ ਵਪਾਰ ਕਰ ਰਹੇ ਹਨ। ਈਰਾਨ, ਇਰਾਕ, ਅਫਗਾਨਿਸਤਾਨ, ਸੀਰੀਆ ’ਚ ਜੰਗੀ ਤਬਾਹੀ ਦੇ ਤੱਥਾਂ ਤੋਂ ਜਾਹਰ ਹੈ ਕਿ ਜੰਗ ਕਾਰਨ ਯੂਕਰੇਨ ਅੰਦਰ ਹੋਈ ਤਬਾਹੀ ਤੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਕਈ ਪੀੜ੍ਹੀਆਂ ਤੱਕ ਨਹੀਂ ਹੋਣੀ।

https://epaper.punjabitribuneonline.com/3635832/Punjabi-Tribune/PT-24-December-2022#page/17

- ਮਨਦੀਪ, ਵਟ੍ਹਸਐਪ :+5493813389246

https://youtu.be/W2tkDvZntqs

https://youtu.be/Fgp2gE94504

https://youtu.be/W2tkDvZntqs




Tuesday, December 20, 2022

ਟਿੱਪਣੀ : ਯੂਕੇ ’ਚ ਨੋਟਾਂ ਤੇ ਮਹਾਂਰਾਣੀ ਦੇ ਮੁੰਡੇ ਦੀ ਫੋਟੋ


20 ਦਸੰਬਰ ਨੂੰ ਬੈਂਕ ਆਫ ਇੰਗਲੈਂਡ ਨੇ ਘੋਸ਼ਣਾ ਕੀਤੀ ਹੈ ਕਿ ਸਾਲ 2024 ਦੇ ਅੱਧ ’ਚ ਇੰਗਲੈਂਡ ਵਿੱਚ 5, 10, 20 ਤੇ 50 ਦੇ ਨੋਟ ਬਦਲ ਦਿੱਤੇ ਜਾਣਗੇ। ਅਸਲ ’ਚ ਵਾਪਰਿਆ ਇਹ ਕਿ ਇਸੇ ਸਾਲ ਸਤੰਬਰ ਮਹੀਨੇ ’ਚ ਇੰਗਲੈਂਡ ਦੀ ਮਹਾਂਰਾਣੀ ਐਲਿਜਾਬੈਥ ਸਾਨੂੰ ਸਭ ਨੂੰ ਇਕੱਲਿਆਂ ਛੱਡ ਜਹਾਨੋਂ ਤੁਰ ਗਈ ਸੀ। ਉਸਦੇ ਜਾਣ ਤੋਂ ਬਾਅਦ ਉਸਦਾ ਮੁੰਡਾ ਕਿੰਗ ਚਾਰਲਸ ਤੀਜਾ ਇੰਗਲੈਂਡ ਦਾ ਰਾਜਾ ਬਣਿਆ। ਰੋਆਇਲ ਘਰਾਣੇ ਦੇ ਮਹਿਲਾਂ ਵਿੱਚ ਬੈਠਕੇ ਫੈਸਲਾ ਹੋਇਆ ਕਿ ਰਾਣੀ ਤਾਂ ਚਲੀ ਗਈ ਹੁਣ ਨੋਟਾਂ ਉੱਤੇ ਰਾਜੇ ਦੀ ਤਸਵੀਰ ਲਾਈ ਜਾਵੇ ਤਾਂ ਜੋ ਲੋਕਾਂ ਨੂੰ ਵੀ ਤਾਂ ਆਖਰ ਰਾਜੇ ਦੇ ਹੋਣ ਦੀ ਫੀਲੰਿਗ ਆਵੇ। 

ਯੂਕੇ ’ਚ ਮਹਾਂਰਾਣੀ ਦੀ ਤਸਵੀਰ ਵਾਲੇ 27 ਬਿਲੀਅਨ ਸਿੱਕਿਆਂ ਦੀ ਸਰਕੂਲੇਸ਼ਨ ਹੈ। ਤੇ ਡਿਜੀਟਲ ਕਰੰਸੀ ਦੇ ਵੱਧ ਰਹੇ ਰੁਝਾਨ ਦੇ ਬਾਵਜੂਦ ਫਿਜੀਕਲ ਕਰੰਸੀ ਦੀ ਕਾਫੀ ਵੱਡੀ ਮਾਤਰਾ ਵਿੱਚ ਸਰਕੂਲੇਸ਼ਨ ਹੈ। ਮਹਾਂਰਾਣੀ ਦੀ ਫੋਟੋ ਵਾਲੇ ਕੁੱਲ ਨੋਟਾਂ ਦੀ ਗਿਣਤੀ 4.7 ਬਿਲੀਅਨ ਬਣਦੀ ਹੈ ਜਿਸਦੀ ਕੀਮਤ 82 ਬਿਲੀਅਨ ਪੌਂਡ ਹੈ।  ਬੈਂਕ ਆਫ ਇੰਗਲੈਂਡ ਵੱਲੋਂ 1600ਈਸਵੀ ਤੋਂ ਹੀ ਪੇਪਰ ਕਰੰਸੀ ਪ੍ਰੋਡਿਊਸ ਕੀਤੀ ਜਾਂਦੀ ਹੈ ਪਰ ਮਹਾਂਰਾਣੀ ਦੀ ਫੋਟੋ 1960 ਤੋਂ ਹੀ ਲੱਗਣੀ ਸ਼ੁਰੂ ਹੋਈ ਹੈ।  ਇੰਗਲੈਂਡ ਤੋਂ ਬਿਨਾ ਕਈ ਕੌਮਨਵੈਲਥ ਮੁਲਕਾਂ ਅੰਦਰ ਵੀ ਮਹਾਂਰਾਣੀ ਦੀ ਫੋਟੋ ਵਾਲੀ ਕਰੰਸੀ ਵਰਤੀ ਜਾਂਦੀ ਹੈ। ਜਿਵੇਂ ਕਿ ਕੈਨੇਡਾ ’ਚ 20 ਦੇ ਕੁਝ ਨੋਟਾਂ ਤੇ। ਇਸੇ ਤਰ੍ਹਾਂ ਨਿਊਜੀਲੈਂਡ ਵਿਚ ਵੀ ਮਹਾਂਰਾਣੀ ਦੀ ਫੋਟੋ ਵਾਲੇ ਕੁਝ ਨੋਟ ਵਰਤੇ ਜਾਂਦੇ ਹਨ।  ਇਹਨਾਂ ਨੋਟਾਂ ਤੇ ਭਾਵੇਂ ਤੁਸੀਂ ਮਹਾਂਰਾਣੀ ਦੀ ਜਵਾਨੀ ਵਾਲੀ ਫੋਟੋ ਦੇਖੀ ਹੋਵੇਗੀ ਪਰ ਅਸੀਂ, 14 ਕੌਮਨਵੈਲਥ ਦੇਸ਼ਾਂ ਦੇ 2.5 ਬਿਲੀਅਨ ਲੋਕਾਂ ਨੇ ਮਹਾਂਰਾਣੀ ਨੂੰ ਚਾਵਾਂ ਨਾਲ ਪਾਲ-ਪੋਸ ਕੇ 96 ਸਾਲ ਦੀ ਕੀਤਾ ਸੀ। ਤੇ ਉਸਦੇ ਜਾਣ ਤੋਂ ਬਾਅਦ ਅਸੀਂ ਹਾਲੋ-ਬੇਹਾਲ ਹਾਂ।
the queen on canadian currency


ਖੈਰ, ਇਹ ਕਰੰਸੀ ਨੋਟ ਪੋਲੀਮਰ ਤੇ ਪ੍ਰਿਟ ਕੀਤੇ ਜਾਂਦੇ ਹਨ। ਇਹਦੇ ਲਈ ਪਤਲੇ ਤੇ ਲਚਕੀਲੇ ਪਲਾਸਟਿਕ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਮ ਪੇਪਰ ਨਾਲੋਂ ਮਹਿੰਗਾ ਹੁੰਦਾ ਹੈ। ਕਰੰਸੀ ਉੱਤੇ ਸਿਰਫ ਫੋਟੋ ਵਾਲਾ ਹਿੱਸਾ ਹੀ ਬਦਲਿਆ ਜਾ ਰਿਹਾ ਹੈ ਬਾਕੀ ਦਾ ਫੌਰਮਟ ਉਵੇਂ ਹੀ ਰਹੇਗਾ। ਸ਼ਾਇਦ ਆਉਣ ਵਾਲੇ ਸਮੇਂ ’ਚ ਕੁਝ ਹੋਰ ਰੋਆਇਲ ਸਿੰਬਲ ਵੀ ਬਦਲੇ ਜਾਣ। 

ਹੁਣ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਯੂਕੇ ਦੇ ਲੋਕ ਕਰੋਨਾ, ਮਹਿੰਗਾਈ, Cost of living  ਦੇ ਚcrisis, climate emergency ਦੌਰ ’ਚੋ ਗੁਜਰ ਰਹੇ ਹਨ। ਲੋਕ Britain is broken, ਤੇ ਪੂੰਜੀਪਤੀ ਧਰਤੀ ਮਾਂ ਦੇ ਦੁਸ਼ਮਣ ਹਨ,  ਅਦਿ ਦੇ ਸਲੋਗਨ ਲੈ ਕੇ ਲੱਖਾਂ ਦੀ ਗਿਣਤੀ ’ਚ ਸੜਕਾਂ ਤੇ ਨਿੱਤਰ ਰਹੇ ਹਨ ਤੇ ਰੋਆਇਲ ਘਰਾਣੇ ਨੂੰ ਨੋਟਾਂ ਤੇ ਫੋਟੋ ਦੀ ਲੱਗੀ ਪਈ ਹੈ। ਨੋਟਾਂ ਤੇ ਫੋਟੋ ਬਦਲਣ ਦਾ ਬੋਝ ਆਖਰ ਲੋਕਾਂ ਉੱਤੇ ਹੀ ਪੈਣਾ ਹੈ। 

the queen on New Zealand's currency

ਮਤਲਬ ਨੋਟ ਚੇਂਜ ਕਰਨ ਦਾ ਯੱਭ, printing and ATMs adjusting ਲਈ administrative costs  ਦੇਵੋ। ਕਰੰਸੀ ਡਿਮਾਂਡ  ਵੱਧ ਜਾਵੇਗੀ। ਸਾਇਬਰਕ੍ਰਾਇਮ ਵਾਲੇ ਵੀ ਦਾਅ ਲਾ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਕੁੱਲ ਮਿਲਾਕੇ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਭਾਵੇਂ ਕਿ ਇਹ ਮੋਦੀ ਦੀ ਨੋਟਬੰਦੀ ਵਾਂਗ ਨਹੀਂ ਹੈ। ਪਰ ਮੋਦੀ ਦੀ ਨੋਟਬੰਦੀ ਦਾ ਅਸਰ ਹੰਡਾਉਣ ਵਾਲੇ, ਇੰਡੀਆ ‘ਚ ਰਹਿਣ ਵਾਲੇ ਇਸਦੇ ਅਰਥ ਜਿਆਦਾ ਸਮਝ ਸਕਦੇ ਹਨ। 

ਤੇ ਉਪਰੋਂ ਕਿੰਗ ਚਾਰਲਸ 74 ਸਾਲ ਦੇ ਹੋ ਗਏ ਹਨ….ਮਤਲਬ….74 ਸਾਲ ਦੇ… 

- ਮਨਦੀਪ

(ਨੋਟ : ਇਹ ਯੁਟਿਊਬ ਚੈਨਲ ਦੀ ਪ੍ਰਤੀਲਿਪੀ ਹੈ। ਇਸਦੇ ਅਧਾਰਿਤ ਬਣੀ ਵੀਡਿਓ ਵੇਖਣ ਲਈ ਹੇਠ ਦਿੱਤੇ ਲੰਿਕ (click on my Youtube Link) ਤੇ ਕਲਿੱਕ ਕਰ ਸਕਦੇ ਹੋ।)


https://youtu.be/cjKsl3pTHoQ

Thursday, November 17, 2022

ਸੁਪਨਦੇਸ਼ ਵਿੱਚ ਵੱਧਦੀ ਮਹਿੰਗਾਈ - ਮਨਦੀਪ

Posted on:- 14-11-2022


ਦੁਨੀਆ
 ਭਰ ਦੇ ਵਿਕਾਸਸ਼ੀਲ ਮੁਲਕਾਂ ਦੇ ਨਾਲ-ਨਾਲ ਹੁਣ ਵਿਕਸਿਤ ਪੂੰਜੀਵਾਦੀ ਮੁਲਕ ਵੀ ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਹਨ। ਸੰਸਾਰ ਬੈਂਕ ਤੇ ਆਈ. ਐਮ. ਐਫ. ਵਰਗੀਆਂ ਵੱਡੀਆਂ ਵਿਸ਼ਵ ਵਿੱਤੀ ਸੰਸਥਾਵਾਂ ਵੱਧਦੀ ਮਹਿੰਗਾਈ ਅਤੇ ਸੰਸਾਰ ਅਰਥਚਾਰੇ ਦੇ ਤੇਜੀ ਨਾਲ ਮੰਦੀ ਵੱਲ ਵਧਣ ਦੇ ਬਿਆਨ ਦੇ ਰਹੀਆਂ ਹਨ। ਦੁਨੀਆ ਦੇ ਵੱਡੇ ਹਿੱਸੇ ਉੱਤੇ ਰਾਜ ਕਰਨ ਵਾਲੇ ਬਰਤਾਨੀਆ, ਅਮਰੀਕਾ, ਜਰਮਨ ਆਦਿ ਸਾਮਰਾਜੀ ਮੁਲਕ ਵੀ ਮਹਿੰਗਾਈ ਦੀ ਚਪੇਟ ਵਿੱਚ ਆਏ ਹੋਏ ਹਨ। ਕੋਵਿਡ-19 ਤੇ ਯੂਕਰੇਨ ਜੰਗ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ (ਪਰੰਤੂ ਇਹ ਮੌਜੂਦਾ ਵਿਸ਼ਵ ਮੰਦੀ ਦੇ ਬੁਨਿਆਦੀ ਕਾਰਨ ਨਹੀਂ ਹਨ)।  


ਜੰਗ ਦੌਰਾਨ ਲੱਗੀਆਂ ਆਰਥਿਕ-ਵਪਾਰਕ ਰੋਕਾਂ ਨਾਲ ਤੇਲ ਦੀਆਂ ਕੀਮਤਾਂ ਵਿੱਚ ਬੇਥਾਹ ਵਾਧਾ ਹੋਇਆ। ਤੇਲ ਕੀਮਤਾਂ ਵਿੱਚ ਵਾਧੇ ਕਾਰਨ ਢੋਆ-ਢੁਆਈ ਤੇ ਆਵਾਜਾਈ ਦੇ ਖ਼ਰਚਿਆਂ ਵਿੱਚ ਵਾਧੇ ਨਾਲ ਹਰ ਖੇਤਰ ਵਿੱਚ ਵਸਤੂਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ। ਵਿਸ਼ਵਵਿਆਪੀ ਮਹਿੰਗਾਈ ਵਿੱਚ ਊਰਜਾ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਲੋਕਾਂ ਦੀ ਆਮਦਨ ਉੱਤੇ ਸਿੱਧਾ ਤੇ ਵੱਡਾ ਹਮਲਾ ਬੋਲਿਆ ਹੈ। ਮਹਿੰਗਾਈ ਦੀ ਇਸ ਮਾਰ ਤੋਂ ਕੈਨੇਡਾ-ਅਮਰੀਕਾ ਵਰਗੇ ਮੁਲਕ ਵੀ ਬੇਲਾਗ ਨਹੀਂ ਰਹੇ ਜਿੱਥੇ ਹਾਲ ਦੀ ਘੜੀ ਬੇਰੁਜਗਾਰੀ ਭਾਰਤ ਵਰਗੇ ਮੁਲਕਾਂ ਵਾਂਗ ਵੱਡੀ ਸਮੱਸਿਆ ਨਹੀਂ ਹੈ।


ਕੈਨੇਡਾ, ਜਿੱਥੇ ਇਸ ਸਮੇਂ ਰੁਜ਼ਗਾਰ ਦੇ ਬਹੁਤ ਜ਼ਿਆਦਾ ਮੌਕੇ ਹਨ, ਵਿੱਚ ਮਹਿੰਗਾਈ ਛੜੱਪੇ ਮਾਰਕੇ ਵੱਧ ਰਹੀ ਹੈ ਜੋ ਨੇੜ ਭਵਿੱਖ ਵਿੱਚ ਰੁਜ਼ਗਾਰ ਦੇ ਇਨ੍ਹਾਂ ਮੌਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੂਨ, 2022 ਵਿੱਚ ਮਹਿੰਗਾਈ ਦਰ 8.1% ਸੀ ਜੋ ਵਕਤੀ ਤੌਰ ਤੇ ਤੇਲ ਕੀਮਤਾਂ ਵਿੱਚ ਕਮੀ ਕਾਰਨ ਜੁਲਾਈ ਵਿੱਚ 7.6% ਦੇ ਅੰਕੜੇ ਤੇ ਆ ਗਈ। ਕੈਨੇਡਾ ਅੰਦਰ ਮਹਿੰਗਾਈ ਦੀ ਇਹ ਦਰ ਪਿਛਲੇ 39 ਸਾਲਾਂ ਬਾਅਦ ਰਿਕਾਰਡ ਤੋੜ ਪੱਧਰ ਤੇ ਪਹੁੰਚ ਗਈ। ਕੋਵਿਡ ਕਾਰਨ ਸਾਲ 2020-21 ਕੈਨੇਡਾ ਵਾਸੀਆਂ ਖਾਸਕਰ ਨਵੇਂ ਪਰਵਾਸੀਆਂ ਲਈ ਲਈ ਬੇਹੱਦ ਮੁਸ਼ਕਲਾਂ ਭਰੇ ਵਰ੍ਹੇ ਸਨ। ਉਪਰੋਂ ਨਵਾਂ ਸਾਲ (2022) ਯੂਕਰੇਨ ਜੰਗ ਅਤੇ ਆਰਥਿਕ ਤੰਗੀਆਂ ਦੇ ਨਵੇਂ ਹਮਲਿਆਂ ਸੰਗ ਚੜ੍ਹਿਆ। ਤੇਲ, ਗੈਸ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਦੇ ਨਾਲ-ਨਾਲ ਫ਼ਰਨੀਚਰ, ਆਟਮੋਬਿਲ, ਢੋਆ-ਢੁਆਈ, ਘਰਾਂ ਦੇ ਕਿਰਾਏ, ਬੈਂਕ ਵਿਆਜ ਦਰਾਂ ਤੇ ਹਵਾਈ ਕਿਰਾਇਆਂ ਵਿੱਚ ਵਾਧੇ ਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।

ਘਰਾਂ ਦੇ ਕਿਰਾਏ ਵਧਣ ਤੇ ਉੱਪਰੋਂ ਸਰਦੀ ਦਾ ਮੌਸਮ ਆਉਣ ਕਰਕੇ ਗਰੀਬ ਤੇ ਬੇਘਰ ਕੈਨੇਡੀਅਨ ਪਨਾਹ ਤੇ ਭੋਜਨ ਲਈ ਮਾਨਸਿਕ ਰੋਗਾਂ ਦੇ ਸੱਚੇ ਤੇ ਝੂਠੇ ਬਹਾਨਿਆਂ ਨਾਲ ਹਸਪਤਾਲਾਂ ਦੀ ਢੋਈ ਲੈ ਰਹੇ ਹਨ। ਅਨੇਕਾਂ ਲੋਕ ਭੋਜਨ ਵਾਸਤੇ ਫੂਡ ਬੈਂਕਾਂ ਦਾ ਆਸਰਾ ਲੈ ਰਹੇ ਹਨ। ਘਰਾਂ ਦੇ ਕਿਰਾਏ ਮਹਿੰਗੇ ਹੋਣ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਵਾਸੀ ਕਾਮੇ ਕੁੱਕੜਾਂ ਵਾਂਗ ਛੋਟੇ ਕਮਰਿਆਂ ਤੇ ਬੇਸਮੈਂਟਾਂ ਵਿੱਚ ਦਿਨ ਕੱਟਣ ਲਈ ਮਜਬੂਰ ਹਨ। ਕੁਝ ਲੋਕ ਬੱਚੇ ਪੈਦਾ ਕਰਨ ਅਤੇ ਤਲਾਕ ਨੂੰ ਵਕਤੀ ਤੌਰ ਤੇ ਟਾਲਣ ਲਈ ਮਜਬੂਰ ਹਨ। ਲੋਕ ਵਿਆਹ ਦੇ ਖ਼ਰਚਿਆਂ ਤੋਂ ਬਚਣ ਲਈ ਵੱਖਰੇ ਤੇ ਸਸਤੇ ਓਹੜ-ਪੋਹੜ ਕਰ ਰਹੇ ਹਨ। ਕੁਝ ਲੋਕਾਂ ਨੂੰ ਬਜ਼ੁਰਗਾਂ ਤੇ ਬਿਮਾਰਾਂ ਦੇ ਮਰਨ ਉਪਰੰਤ ਸਸਕਾਰ ਦੇ ਹੋਣ ਵਾਲੇ ਖਰਚ ਤੋਂ ਬਚਣ ਲਈ ਸਰੀਰਦਾਨ ਕਰਨ ਦਾ ਢੰਗ ਅਪਣਾਉਣਾ ਪੈ ਰਿਹਾ ਹੈ। ਭੋਜਨ ਪਦਾਰਥਾਂ ਵਿੱਚ ਵਾਧੇ ਕਾਰਨ ਲੋਕਾਂ ਨੇ ਬਾਹਰੋਂ ਖਾਣਾ ਘਟਾ ਦਿੱਤਾ ਹੈ।

ਕੋਵਿਡ ਦੌਰਾਨ ਲੰਮਾ ਸਮਾਂ ਘਰਾਂ ਵਿੱਚ ਕੈਦ ਰਹਿਣ ਬਾਅਦ ਹਵਾਦੀ ਸਫਰ ਵਿੱਚ ਵਕਤੀ ਉਛਾਲ ਆਇਆ ਪਰ ਜਲਦ ਹੀ ਮਹਿੰਗਾਈ ਕਾਰਨ ਹਵਾਈ ਕਿਰਾਏ ਵਧਣ ਉਪਰੰਤ ਲੋਕਾਂ ਨੇ ਵਤਨ ਦਾ ਗੇੜਾ ਕੱਢਣ, ਸਕੇ-ਸਬੰਧੀਆਂ ਨੂੰ ਮਿਲਣ ਤੇ ਸੈਰ-ਸਪਾਟਾ ਕਰਨਾ ਘਟਾ ਦਿੱਤਾ ਹੈ। ਵੱਧਦੇ ਖਰਚ ਕਾਰਨ ਲੋਕਾਂ ਨੇ ਕੰਮ ਦੇ ਘੰਟੇ ਵਧਾ ਦਿੱਤੇ ਹਨ ਅਤੇ ਵਾਧੂ ਖਰਚਿਆਂ ਤੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ। ਮਹਿੰਗਾਈ ਲੋਕਾਂ ਦੇ ਬਜਟ ਨੂੰ ਘੁਣ ਵਾਂਗ ਖਾ ਰਹੀ ਹੈ। ਮਾਈਕਰੋਚਿੱਪਾਂ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਨਵੀਂਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧੇ (6.8%) ਕਾਰਨ ਲੋਕਾਂ ਵਿੱਚ ਪੁਰਾਣੀਆਂ ਕਾਰਾਂ ਖ਼ਰੀਦਣ ਦਾ ਰੁਝਾਣ ਵੱਧਣ ਤੇ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੀ ਥਾਂ ਵਾਧਾ ਹੋ ਰਿਹਾ ਹੈ।

 ਇਸਤੋਂ ਇਲਾਵਾ ਲੈਜਰ ਨੇ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜਨਸ਼ਿੱਪ ਦੇ ਸਹਿਯੋਗ ਨਾਲ ਮਿਲਕੇ ਕੀਤੇ ਇੱਕ ਸਰਵੇ ਵਿੱਚ ਵਿਖਾਇਆ ਕਿ ਮਹਿੰਗਾਈ ਕਾਰਨ ਤਕਰੀਬਨ ਇੱਕ ਚੌਥਾਈ ਕੈਨੇਡੀਅਨ ਅਗਲੇ ਦੋ ਸਾਲਾਂ ਵਿੱਚ ਕੈਨੇਡਾ ਛੱਡਕੇ ਜਾਣ ਦੀ ਯੋਜਨਾ ਬਣਾ ਰਹੇ ਹਨ। ਕੈਨੇਡਾ ਰਾਜ ਦੀ ਪ੍ਰਮੁੱਖ ਮਹਾਂਰਾਣੀ ਐਲਿਜ਼ਬੈੱਥ ਦੇ ਸਸਕਾਰ (ਲੰਡਨ) ਵਿੱਚ ਸ਼ਾਮਲ ਕੈਨੇਡਾ ਦੇ ਸਰਕਾਰੀ ਵਫਦ ਦਾ ਚਾਰ ਲੱਖ ਡਾਲਰ ਦਾ ਬਿੱਲ ਪਹਿਲਾਂ ਹੀ ਮਹਿੰਗਾਈ ਦੀ ਮਾਲ ਝੱਲ ਰਹੇ ਲੋਕਾਂ ਸਿਰ ਮੜ੍ਹ ਦਿੱਤਾ ਗਿਆ। ਵੱਧਦੀ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਵਾਧੇ ਕਾਰਨ ਰੀਅਲ ਇਸਟੇਟ ਖਾਸਕਰ ਤੇਜੀ ਨਾਲ ਵੱਧ ਰਹੀ ਘਰਾਂ ਦੀ ਮਾਰਕਿਟ ਇਕੋ ਝਟਕੇ ਜਾਮ ਹੋ ਗਈ ਹੈ। ਆਰਥਿਕ ਗਤੀਵਿਧੀਆਂ ਦੀ ਗਤੀ ਧੀਮੀ ਹੋ ਰਹੀ ਹੈ ਅਤੇ ਅਬਾਦੀ ਦਾ ਵੱਡਾ ਹਿੱਸਾ ਮਹਿੰਗਾਈ ਨੂੰ ਲੈਕੇ ਚਿੰਤਾ ਵਿਚ ਹੈ।

ਨਵੇਂ ਪ੍ਰਵਾਸੀ ਨੌਕਰੀ, ਸੁਰੱਖਿਆ, ਚੰਗਾ ਭਵਿੱਖ, ਚੰਗੀ ਤਨਖਾਹ, ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ, ਬਿਹਤਰ ਕਿਰਤ ਕਾਨੂੰਨ ਤੇ ਚੰਗੀਆਂ ਕੰਮ ਹਾਲਤਾਂ ਦੇ ਸੁਪਨੇ ਲੈ ਕੈਨੇਡਾ ਆਉਂਦੇ ਹਨ। ਪਰੰਤੂ ਵੱਧ ਰਹੇ ਗਲੋਬਲ ਆਰਥਿਕ ਸੰਕਟ ਕਾਰਨ ਕੈਨੇਡਾ ਵਰਗੇ 'ਲਿਬਰਲ ਡੈਮੋਕਰੇਟਿਕ' ਦੇਸ਼ ਅੰਦਰ ਪੈਦਾ ਹੋਈਆਂ ਨਵੀਆਂ ਹਾਲਤਾਂ ਇਸ ਗੱਲ ਵੱਲ ਸੰਕੇਤ ਕਰ ਰਹੀਆਂ ਹਨ ਕਿ ਸੁਪਨਿਆਂ ਦੇ ਦੇਸ਼ ਵਿੱਚ ਆਉਣ ਲਈ 'ਸਭ ਕੁਝ' ਦਾਅ ਤੇ ਲਾਉਣਾ ਨਵੀਆਂ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।

ਕੈਨੇਡਾ ਵਰਗੇ ਪੂੰਜੀਵਾਦੀ ਮੁਲਕਾਂ ਵਿੱਚ ਮੰਗ ਨੂੰ ਖਿੱਚਣ ਲਈ (Demand pull) ਬੈਂਕਾਂ, ਕਾਰਪੋਰੇਸ਼ਨਾਂ ਤੇ ਹੋਰ ਵਪਾਰਕ ਆਦਾਰਿਆਂ ਵੱਲੋਂ ਖਪਤਵਾਦੀ ਸੱਭਿਆਚਾਰ ਦਾ ਧੂੰਆਂਧਾਰ ਪ੍ਰਚਾਰ ਕੀਤਾ ਜਾਂਦਾ ਹੈ। ਲੋਕਾਂ ਅੰਦਰ ਨਵੀਆਂ ਤਕਨੀਕੀ ਇਲੈਕਟ੍ਰਾਨਿਕਸ ਵਸਤਾਂ, ਘਰਾਂ, ਕਾਰਾਂ ਅਤੇ ਹੋਰ ਲਗਜ਼ਰੀ ਚੀਜਾਂ ਪ੍ਰਤੀ ਮੰਗ ਪੈਦਾ ਕੀਤੀ ਜਾਂਦੀ ਹੈ। ਲੋਕ ਭਵਿੱਖ ਪ੍ਰਤੀ ਨਿਸ਼ਚਿੰਤ ਤੇ ਬੇਪ੍ਰਵਾਹ ਹੋਕੇ ਸਸਤੀਆਂ ਵਿਆਜ ਉੱਤੇ ਘਰ, ਕਾਰਾਂ ਤੇ ਲਗਜ਼ਰੀ ਵਸਤਾਂ ਦੀ ਧੜਾਧੜ ਖਰੀਦੋ-ਫਰੋਖਤ ਕਰਦੇ ਹਨ। ਇਸ ਤਰ੍ਹਾਂ ਦੀ ਵੱਧਦੀ ਮੰਗ ਨੇ ਕੈਨੇਡੀਅਨ ਮਾਰਕਿਟ ਵਿੱਚ ਘਰਾਂ, ਕਾਰਾਂ ਤੇ ਹੋਰ ਲਗਜ਼ਰੀ ਵਸਤਾਂ ਦੀਆਂ ਕੀਮਤਾਂ ਵਿੱਚ ਇੱਕਦਮ ਉਛਾਲ ਲਿਆਂਦਾ। ਦੂਜੇ ਪਾਸੇ ਇਜਾਰੇਦਾਰੀ ਰਾਹੀਂ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਨੂੰ ਕੰਟਰੋਲ ਕਰਕੇ ਲਾਗਤਾਂ ਨੂੰ ਧੱਕਿਆ (cost push) ਜਾਂਦਾ ਹੈ। ਇਸਤੋਂ ਇਲਾਵਾ ਲਾਗਤਾਂ ਨੂੰ ਧੱਕਣ ਵਿੱਚ ਕੁਦਰਤੀ ਵਾਤਾਵਰਣਿਕ ਤਬਦੀਲੀਆਂ ਦਾ ਵੀ ਅਸਰ ਹੈ। ਵੱਧਦੇ ਤਾਪਮਾਨ ਕਰਕੇ ਇਸ ਵਾਰ ਕੈਨੇਡਾ ਦੀਆਂ ਖੇਤੀਬਾੜੀ ਜਿਣਸਾਂ ਦੀ ਪੈਦਾਵਾਰ ਵਿੱਚ ਗਿਰਾਵਟ ਆਈ। ਭਾਵੇਂ ਯੂਕਰੇਨ ਸਮੇਤ ਦੂਸਰੇ ਦੇਸ਼ਾਂ ਤੋਂ ਦਰਾਮਦ ਕੀਤੇ ਜਾਂਦੇ ਭੋਜਨ ਪਦਾਰਥਾਂ ਦੀ ਸਪਲਾਈ ਘੱਟਣ ਤੇ ਕੀਮਤਾਂ ਵੱਧਣ ਕਾਰਨ ਵੀ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਆਲਮੀ ਪੱਧਰ ਤੇ ਵਾਤਾਵਰਣ ਵਿੱਚ ਆਈਆਂ ਤਬਦੀਲੀਆਂ ਨੇ ਭੋਜਨ ਪਦਾਰਥਾਂ ਦੀ ਸਪਲਾਈ ਅਤੇ ਕੀਮਤਾਂ ਨੂੰ ਜਰੂਰ ਪ੍ਰਭਾਵਿਤ ਕੀਤਾ ਹੈ ਪਰੰਤੂ ਵਸਤਾਂ ਅਤੇ ਸੇਵਾਵਾਂ ਅੰਦਰ ਵੱਧਦੀ ਮਹਿੰਗਾਈ ਪੂੰਜੀਪਤੀਆਂ ਦੀ ਇਜਾਰੇਦਾਰੀ ਦਾ ਨਤੀਜਾ ਹੈ।  

ਕੈਨੇਡਾ ਵਿੱਚ ਮਹਿੰਗਾਈ ਦਿਨ-ਬ-ਦਿਨ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਤੇ ਲੋਕਾਂ ਵਿੱਚ ਕੇਂਦਰੀ ਤੇ ਹੋਰ ਵਪਾਰਕ ਬੈਂਕਾਂ ਪ੍ਰਤੀ ਭਰੋਸੇਯੋਗਤਾ ਲਗਾਤਾਰ ਘੱਟਦੀ ਜਾ ਰਹੀ ਹੈ। ਉੱਚੀਆਂ ਵਿਆਜ ਦਰਾਂ ਤੇ ਸੰਪੱਤੀ ਦੀਆਂ ਘੱਟਦੀਆਂ ਕੀਮਤਾਂ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ। ਬੈਂਕ ਭਰੋਸੇਯੋਗਤਾ ਦੀ ਮੁੜਬਹਾਲੀ ਵਿੱਚ ਬੁਰੀ ਤਰ੍ਹਾਂ ਅਸਮਰੱਥ ਨਜ਼ਰ ਆ ਰਹੇ ਹਨ। ਕੇਂਦਰੀ ਬੈਂਕ ਮਹਿੰਗਾਈ ਦਰ ਨੂੰ 2% ਤੱਕ ਲਿਆਉਣ ਲਈ ਸਾਲ 2024 ਦੇ ਅੰਤ ਤੱਕ ਦਾ ਸੁਪਨਮਈ ਟੀਚਾ ਰੱਖ ਰਹੇ ਹਨ।  ਕੇਂਦਰੀ ਬੈਂਕ ਆਪਣੀ ਬੈਲੈਂਸ ਸ਼ੀਟ ਸਥਿਰ ਰੱਖਣ ਲਈ ਸਰਕਾਰੀ ਸੁਰੱਖਿਆ ਖਾਤੇ ਵਿੱਚੋਂ ਅੱਧੇ ਟ੍ਰਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਪੂੰਜੀ ਲੈ ਰਹੇ ਹਨ। ਬੈਂਕ ਆਫ ਕੈਨੇਡਾ ਸਪਲਾਈ ਚੇਨ ਵਿੱਚ ਰੁਕਾਵਟਾਂ, ਉੱਚੀਆਂ ਊਰਜਾ ਕੀਮਤਾਂ ਤੇ ਯੂਕਰੇਨ ਜੰਗ ਦੌਰਾਨ ਰੂਸ ਤੇ ਲੱਗੀਆਂ ਆਰਥਿਕ ਰੋਕਾਂ ਨੂੰ ਮਹਿੰਗਾਈ ਦਾ ਮੁੱਖ ਕਾਰਨ ਦੱਸ ਰਿਹਾ ਹੈ। ਅਤੇ ਇਸ ਹਾਲਤ ਵਿੱਚੋਂ ਨਿਕਲਣ ਲਈ ਉਹ ਅਮਰੀਕੀ ਦਿਸ਼ਾ-ਨਿਰਦੇਸ਼ਿਤ ਨਵਉਦਾਰਵਾਦੀ ਮੁਦਰਾ ਨੀਤੀ ਦਾ ਸਹਾਰਾ ਲੈ ਰਹੇ ਹਨ।

ਅਮਰੀਕੀ ਸਾਮਰਾਜੀ ਕਦਮ ਚਿੰਨ੍ਹਾਂ ਤੇ ਚੱਲਦਿਆ 7 ਸਤੰਬਰ ਨੂੰ ਕੈਨੇਡਾ ਦੀਆਂ ਕੇਂਦਰੀ ਬੈਂਕਾਂ ਨੇ 'ਮੁਦਰਾ ਨੀਤੀ' ਸੰਬੰਧੀ ਮੀਟਿੰਗ ਤੋਂ ਬਾਅਦ ਵਿਆਜ ਦਰਾਂ ਵਿੱਚ 3.25% ਦਾ ਵਾਧਾ ਕੀਤਾ। ਬਿਲਕੁਲ ਇਸੇ ਤਰ੍ਹਾਂ ਦਾ ਵਾਧਾ ਅਮਰੀਕਾ ਅੰਦਰ ਜੁਲਾਈ ਮਹੀਨੇ ਵਿੱਚ ਕੀਤਾ ਗਿਆ ਸੀ। ਇਸ ਸਮੇਂ ਬੈਂਕ ਵਿਆਜ ਦਰਾਂ 3.75% ਹਨ। ਕੋਵਿਡ ਪ੍ਰੇਰਿਤ ਮੰਦੀ ਨੂੰ ਘਟਾਉਣ ਲਈ ਬੈਂਕ ਆਪਣੀ ਪੁਰਾਣੀ ਧਾਰਨਾ ਮੁਤਾਬਕ ਹੱਥ-ਪੈਰ ਮਾਰ ਰਹੇ ਹਨ।  ਬੈਂਕ ਸੋਚਦੇ ਹਨ ਕਿ ਵਿਆਜ ਦਰਾਂ ਵਧਾਕੇ, ਪੈਸੇ ਦੀ ਸਪਲਾਈ ਸੀਮਤ ਕਰਕੇ ਉਹ ਮਹਿੰਗਾਈ ਕੰਟਰੋਲ ਕਰ ਲੈਣਗੇ। ਉਹ ਸੋਚਦੇ ਹਨ ਕਿ ਮਹਿੰਗਾਈ ਆਰਥਿਕਤਾ ਵਿੱਚ ਬਹੁਤ ਜ਼ਿਆਦਾ ਪੈਸਾ ਘੁੰਮਣ ਨਾਲ ਹੁੰਦੀ ਹੈ ਤੇ ਇਸਦਾ ਹੱਲ ਕੇਂਦਰੀ ਬੈਂਕਾਂ ਦੁਆਰਾ ਮੁਦਰਾ ਦੀ ਛਪਾਈ ਘਟਾਉਣ ਵਿੱਚ ਵੇਖਦੇ ਹਨ। ਵਿਆਜ ਦਰਾਂ ਵਿੱਚ ਵਾਧੇ ਨਾਲ ਉਹ ਨਿਵੇਸ਼ ਕੰਟਰੋਲ ਕਰਕੇ ਮਹਿੰਗਾਈ ਨੂੰ ਕਾਬੂ ਕਰਨਾ ਲੋਚਦੇ ਹਨ ਜਦਕਿ ਕੋਵਿਡ ਦੌਰਾਨ ਕੈਨੇਡਾ ਦੀਆਂ ਬੈਂਕਾਂ ਵਿੱਚ ਵਪਾਰਕ ਖਾਤਿਆਂ ਵਿੱਚ ਪੂੰਜੀ ਭੰਡਾਰ ਵਿੱਚ ਬੇਹੱਦ ਵਾਧਾ (1500 ਗੁਣਾਂ) ਹੋਇਆ। ਬੈਂਕ ਰਿਜ਼ਰਵ ਵਿੱਚ ਇਸ ਵਾਧੇ ਨੇ ਮਹਿੰਗਾਈ ਨੂੰ ਹੋਰ ਵਧਾ ਦਿੱਤਾ। ਪੂੰਜੀਵਾਦੀ ਪ੍ਰਬੰਧ ਅੰਦਰ ਕੇਂਦਰੀ ਬੈਂਕ ਅਸਲ ਵਿੱਚ ਬੈਂਕਾਂ ਦੇ ਬੈਂਕ ਹੁੰਦੇ ਹਨ ਜੋ ਨਵਉਦਾਰਵਾਦੀ ਆਰਥਿਕ ਮੁਦਰਾ ਨੀਤੀਆਂ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ। ਬੈਂਕਾਂ ਦੀ ਇਹ ਮੁਦਰਾ ਨੀਤੀ ਅਸਲ ਵਿੱਚ ਮਿਲਟਨ ਫਰਾਇਡਮੈਨ ਦੀ ਨੀਤੀ ਹੈ। ਉਸਦਾ ਮੰਨਣਾ ਸੀ ਕਿ 'ਮਹਿੰਗਾਈ ਹਮੇਸ਼ਾਂ ਅਤੇ ਹਰ ਥਾਂ ਇਕ ਮੁਦਰਾ ਵਰਤਾਰਾ ਹੈ।  

ਪੈਸੇ ਦੀ ਸਪਲਾਈ ਅਤੇ ਵਿਸਥਾਰ ਨੂੰ ਸੀਮਿਤ ਕਰਕੇ ਮਹਿੰਗਾਈ ਨੂੰ ਨੱਥ ਪਾਈ ਜਾ ਸਕਦੀ ਹੈ।' ਜਦਕਿ 'ਪੈਸੇ ਦੀ ਜ਼ਿਆਦਾ ਮਾਤਰਾ' ਮਹਿੰਗਾਈ ਦਾ ਕਾਰਨ ਨਹੀਂ। ਪੂੰਜੀ ਦਾ ਕੁਝ ਹੱਥਾਂ ਵਿੱਚ ਇਕੱਤਰ ਹੋਣਾ, ਅਤੇ ਏਕਾਧਿਕਾਰ ਪੂੰਜੀਵਾਦੀ ਨੀਤੀਆਂ ਇਸਦੀ ਅਸਲ ਜੜ੍ਹ ਹਨ। ਉਦਾਹਰਨ ਵਜੋਂ ਇੱਕ ਪਾਸੇ ਤੇਲ ਮਹਿੰਗਾ ਹੈ ਪਰ ਦੂਜੇ ਪਾਸੇ ਦੁਨੀਆ ਭਰ ਵਿੱਚ ਤੇਲ ਦੇ ਬੇਥਾਹ ਭੰਡਾਰ ਹਨ।  ਪੂੰਜੀਪਤੀ ਤੇਲ ਦੇ ਉਤਪਾਦਨ ਨੂੰ ਕੰਟਰੋਲ ਕਰਕੇ ਇਸਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮੋਟੇ ਮੁਨਾਫ਼ੇ ਕਮਾਉਂਦੇ ਹਨ। ਪੂੰਜੀਪਤੀਆਂ ਦੀ ਇਜਾਰੇਦਾਰੀ ਹੋਣ ਕਰਕੇ ਮੰਗ ਅਤੇ ਪੂਰਤੀ ਉੱਤੇ ਕੰਟਰੋਲ ਕਰਕੇ ਕੀਮਤਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।

ਕੈਨੇਡਾ ਸਰਕਾਰ ਤੇ ਬੈਂਕ ਮਹਿੰਗਾਈ ਦੇ ਰੱਥ ਨੂੰ ਠੱਲ੍ਹਣ ਲਈ ਲੋਕਾਂ ਨੂੰ ਦਿਖਾ ਰਹੇ ਹਨ ਕਿ ਉਹ ਇਸ ਹਾਲਤ ਨਾਲ ਨਜਿੱਠਣ ਲਈ ਸਿਰਤੋੜ ਯਤਨ ਕਰ ਰਹੇ ਹਨ ਤੇ ਲੋਕਾਂ ਨੂੰ ਇਸ ਨੂਰਾਂ ਕੁਸ਼ਤੀ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਪੇਸ਼ਕਾਰੀ ਇਵੇਂ ਕੀਤੀ ਜਾਂਦੀ ਹੈ ਜਿਵੇਂ ਵੱਧਦੀ ਮਹਿੰਗਾਈ ਹੀ ਸਭ ਸਮੱਸਿਆਵਾਂ ਦੀ ਜੜ੍ਹ ਹੈ ਤੇ ਇਸਦੇ ਘੱਟ ਹੋਣ ਨਾਲ ਸਭ ਅੱਛਾ ਹੋ ਜਾਵੇਗਾ। ਉਧਰ ਅਮਰੀਕਾ ਵਿੱਚ ਜੋਅ ਬਾਇਡਨ ਮਹਿੰਗਾਈ ਨਾਲ ਸਿੱਝਣ ਲਈ ਇਕ ਨਵਾਂ 'ਹੋਣਹਾਰ ਵਿਕਲਪ' ਲੈਕੇ ਆਏ ਹਨ ਕਿ 'ਤਨਖਾਹਾਂ ਦੀ ਬਜਾਏ ਲਾਗਤਾਂ ਨੂੰ ਘਟਾਉਣ ਲਈ ਕੰਪਨੀਆਂ ਤੇ ਦਬਾਅ ਪਾਕੇ ਅਤੇ ਦਵਾਈਆਂ, ਊਰਜਾ ਤੇ ਬੱਚਿਆਂ ਦੀ ਦੇਖ-ਭਾਲ ਨੂੰ ਵਧੇਰੇ ਕਿਫ਼ਾਇਤੀ ਬਣਾਕੇ ਮਹਿੰਗਾਈ ਨਾਲ ਨਜਿੱਠਿਆ ਜਾ ਸਕਦਾ ਹੈ।'  ਅਸਲ ਵਿੱਚ ਇਹ ਸਭ ਵਕਤੀ ਲੋਕਭਰਮਾਊ ਬਿਆਨਬਾਜ਼ੀ ਹੈ।  ਮਹਿੰਗਾਈ ਨਵਉਦਾਰਵਾਦੀ ਨੀਤੀਆਂ ਜਰੀਏ ਇਜਾਰੇਦਾਰ ਪੂੰਜੀਵਾਦ ਦੀ ਪੈਦਾ ਕੀਤੀ ਹੋਈ ਭੈੜੀ ਵਬਾ ਹੈ ਅਤੇ ਇਸਨੂੰ ਕੰਟਰੋਲ ਕਰਨ ਬਹਾਨੇ ਦੁਨੀਆਂ ਭਰ ਦੇ  ਕਰੋੜਾਂ-ਕਰੋੜ ਮਿਹਨਤਕਸ਼ ਲੋਕਾਂ ਦੀ ਕਿਰਤ ਲੁੱਟ ਤੇ ਕੁਦਰਤੀ ਸ੍ਰੋਤਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ।
Watch Full Video On my Youtube Channel :

https://youtu.be/FlJy3ffhnx0


ਵਟ੍ਹਸਐਪ +5493813389246

Friday, October 28, 2022

ਸ਼੍ਰੀ ਗਣੇਸ਼, ਮਾਂ ਲਕਸ਼ਮੀ ਬਨਾਮ ਸ਼ਹੀਦ ਭਗਤ ਸਿੰਘ


ਸੰਸਾਰ ਅਰਥਚਾਰਾ ਦਿਨੋ-ਦਿਨ ਮੰਦੀ ਵੱਲ ਵੱਧ ਰਿਹਾ ਹੈ ਅਤੇ ਸੰਸਾਰ ਅਰਥਚਾਰੇ ਦੇ ਅੰਗ ਵਜੋਂ ਭਾਰਤੀ ਅਰਥਵਿਵਸਥਾ ਵੀ ਸਰਬਪੱਖੀ ਸੰਕਟ ਵਿੱਚ ਘਿਰੀ ਹੋਈ ਹੈ।  ਇਸਦੀ ਸਨਅਤ, ਸੇਵਾ ਅਤੇ ਜਰੱਈ ਖੇਤਰ ਸੰਕਟ ਵਿੱਚ ਘਿਰੇ ਹੋਏ ਹਨ।  ਭਾਰਤ ਦੀ ਕੁੱਲ ਘਰੇਲੂ ਪੈਦਾਵਰ ਡਿੱਗ ਰਹੀ ਹੈ ਅਤੇ ਮਹਿੰਗਾਈ ਅਸਮਾਨ ਛੋਹ ਰਹੀ ਹੈ।  ਦੇਸ਼ ਦਾ ਵਪਾਰ ਘਾਟਾ ਵੱਧ ਰਿਹਾ ਹੈ ਅਤੇ ਵਿਦੇਸ਼ੀ ਮੁਦਰਾ ਦੇ ਭੰਡਾਰ ਘੱਟ ਰਹੇ ਹਨ। ਸਾਮਰਾਜੀ ਬਹੁਕੌਮੀ ਤੇਲ ਕੰਪਨੀਆਂ ਵੱਲੋਂ ਤੇਲ ਪੈਦਾਵਾਰ ਵਿੱਚ ਕੀਤੀ ਕਟੌਤੀ ਅਤੇ ਯੂਕਰੇਨ ਜੰਗ ਦੌਰਾਨ ਰੂਸ ਤੇ ਲੱਗੀਆਂ ਵਪਾਰਕ-ਆਰਥਿਕ ਰੋਕਾਂ ਕਾਰਨ ਤੇਲ ਤੇ ਗੈਸ ਦੀਆਂ ਕੀਮਤਾਂ ਵਿੱਚ ਆਈ ਤੇਜੀ ਨੇ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਹਾਲਤ ਹੋਰ ਵੱਧ ਪਤਲੀ ਕਰ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਕਾਰਨ ਸੰਸਾਰ ਸਮੇਤ ਭਾਰਤੀ ਆਰਥਿਕਤਾ ਉੱਤੇ ਮਾੜਾ ਅਸਰ ਪਿਆ ਹੈ। ਮੌਜੂਦਾ ਸਮੇਂ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ($1=82.44 ਰੁ.) ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਧਰ ਅਜਿਹੀ ਨਾਜ਼ੁਕ ਹਾਲਤ ਵਿੱਚ ਭਾਰਤੀ ਹਾਕਮ ਰੁਪਏ ਦੀ ਮਾੜੀ ਹਾਲਤ ਸਬੰਧੀ ਤੱਥਹੀਣ ਬਿਆਨ ਦੇ ਰਹੇ ਹਨ। 

ਸਾਲ 2018 ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਦਾ ਰੁਪਏ ਦੀ ਗਿਰਾਵਟ ਨੂੰ ਲੈ ਕੇ ਬਿਆਨ ਸੀ ਕਿ ਰੁਪਏ ਦੀ ਕੀਮਤ ਘਟਣ ਨਾਲ  ਭਾਰਤੀ ਆਰਥਿਕਤਾ ਤੇ ਕੋਈ ਬੁਰਾ ਅਸਰ ਨਹੀਂ ਪੈਣ ਵਾਲਾ। ਉਹਨਾਂ ਦਾ ਤਰਕ ਸੀ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀ ਰੁਪਏ ਦੀ ਹਾਲਤ ਬੁਰੀ ਨਹੀਂ ਹੈ। ਦੂਸਰਾ ਉਹਨਾਂ ਦਾ ਤਰਕ ਇਹ ਸੀ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਸਸਤਾ ਹੋਣ ਨਾਲ ਭਾਰਤ ਦੀਆਂ ਬਰਾਮਦਾਂ ਸਸਤੀਆਂ ਹੋ ਜਾਣਗੀਆਂ ਜਿਸ ਕਾਰਨ ਭਾਰਤੀ ਜਿਣਸਾਂ ਵਾਸਤੇ ਵਿਦੇਸ਼ੀ ਮੰਡੀ ਉਪਲਬਦ ਹੋਵੇਗੀ ਤੇ ਇਸ ਨਾਲ ਵਿਦੇਸ਼ੀ ਮੁਦਰਾ ਕਮਾਉਣ ਦੇ ਮੌਕੇ ਮਿਲਣਗੇ। ਇਸੇ ਤਰ੍ਹਾਂ ਪਿੱਛੇ ਜਿਹੇ ਭਾਰਤ ਦੀ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤੀ ਰੁਪਏ ਦੀ ਗਿਰਾਵਟ ਨੂੰ ਲੈਕੇ ਬਿਆਨ ਦੇ ਕੇ ਆਏ ਹਨ ਕਿ ‘ਰੁਪਇਆ ਕੰਮਜੋਰ ਨਹੀਂ ਹੋ ਰਿਹਾ ਬਲਕਿ ਅਮਰੀਕੀ ਡਾਲਰ ਮਜਬੂਤ ਹੋ ਰਿਹਾ ਹੈ’। ਇਸੇ ਤਰ੍ਹਾਂ ਹਿੰਦੂ ਵੋਟ ਬੈਂਕ ਨੂੰ ਭਰਮਾਉਣ ਲਈ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਰਕਵਿਹੂਣਾ ਬਿਆਨ ਆਇਆ ਹੈ ਕਿ ਭਾਰਤੀ ਕਰੰਸੀ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ-ਨਾਲ  ਸ਼੍ਰੀ ਗਣੇਸ਼ ਤੇ ਮਾਤਾ ਲਕਸ਼ਮੀ ਦੀ ਤਸਵੀਰ ਵੀ ਲੱਗਣੀ ਚਾਹੀਦੀ ਹੈ।  ਉਹਨਾਂ ਦਾ ਮੰਨ੍ਹਣਾ ਹੈ ਕਿ ਭਾਰਤੀ ਅਰਥਵਿਵਸਥਾ ’ਚ ਸੁਧਾਰ ਤੇ ਤਰੱਕੀ ਲਈ ਬਾਕੀ ਯਤਨਾਂ ਦੇ ਨਾਲ-ਨਾਲ ਸਾਡੇ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਬਹੁਤ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਤਾ ਲਕਸ਼ਮੀ ਸਮ੍ਰਿਧੀ ਦੀ ਦੇਵੀ ਅਤੇ ਸ਼੍ਰੀ ਗਣੇਸ਼ ਮੁਸੀਬਤਾਂ ਤੇ ਕਾਬੂ ਪਾਉਣ ਵਾਲੇ ਦੇਵਤਾ ਹਨ। ਉਹਨਾਂ ਨੇ ਇੰਡੋਨੇਸ਼ੀਆ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉੱਥੇ 85% ਤੋਂ ਉਪਰ ਮੁਸਲਮਾਨ ਅਬਾਦੀ ਹੈ ਅਤੇ ਕੇਵਲ 2% ਹਿੰਦੂ ਹੋਣ ਦੇ ਬਾਵਜੂਦ ਉੱਥੋਂ ਦੀ ਕਰੰਸੀ ਉੱਤੇ ਸ਼੍ਰੀ ਗਣੇਸ਼ ਦੀ ਤਸਵੀਰ ਲੱਗੀ ਹੋਈ ਹੈ। 

ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਉਹਨਾਂ ਦਾ ਇਹ ਬਿਆਨ ਧਾਰਮਿਕ ਫਿਰਕੂ ਭਾਵਨਾ ਨਾਲ ਲਬਰੇਜ਼ ਹੈ। ਇਸ ਤਰ੍ਹਾਂ ਉਹ ਆਰਐਸਐਸ ਅਤੇ ਭਾਜਪਾ ਦੇ ਫਿਰਕੂ ਸਿਆਸੀ ਏਜੰਡੇ ਵਾਂਗ ਭਾਰਤ ਵਿੱਚ ਹਿੰਦੂਆਂ ਨੂੰ ਪ੍ਰਾਥਮਿਕਤਾ ਦੇ ਕੇ ਦੇਸ਼ ਅੰਦਰਲੀਆਂ ਕੌਮੀ ਘੱਟਗਿਣਤੀਆਂ ਵਿਚਕਾਰ ਵਖਰੇਵੇਂ ਦੀ ਲਕੀਰ ਖੜੀ ਕਰ ਰਹੇ ਹਨ। ਦੂਸਰਾ ਕੇਜਰੀਵਾਲ ਦਾ ਇਹ ਬਿਆਨ ਆਗਿਆਨਤਾ, ਗੈਰ-ਜਿੰਮੇਵਾਰਨਾ ਤੇ ਗੈਰ-ਵਿਗਿਆਨਕ ਹੈ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਦੀ ਸਭ ਤੋਂ ਕੰਮਜੋਰ ਮੁਦਰਾ ਵਾਲੇ ਦੇਸ਼ਾਂ ਦੀ ਕਰੰਸੀ ਉੱਤੇ ਉਹਨਾਂ ਦੇ ਸ਼ਹੀਦਾ, ਯੋਧਿਆਂ ਅਤੇ ਧਾਰਮਿਕ ਨੇਤਾਵਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ ਪਰੰਤੂ ਇਸਦੇ ਬਾਵਜੂਦ ਵੀ ਅਮਰੀਕੀ ਸਾਮਰਾਜੀ ਨੀਤੀਆਂ ਕਾਰਨ ਇਹਨਾਂ ਮੁਲਕਾਂ ਦੀ ਮੁਦਰਾ ਦੀ ਡਾਲਰ ਮੁਕਾਬਲੇ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਰਾਨੀ ਰੀਆਲ ਦੀ ਅਮਰੀਕੀ ਡਾਲਰ ਮੁਕਾਬਲੇ ਕਦਰ ($1=41,925 ਰੀਆਲ) ਬੇਹੱਦ ਘੱਟ ਹੈ ਜਦਕਿ ਇਰਾਨੀ ਕਰੰਸੀ ਉੱਤੇ ਮੁਸਲਿਮ ਧਾਰਮਿਕ ਆਗੂ ਆਇਤਉੱਲਾ ਖੁਮੈਨੀ ਦੀ ਤਸਵੀਰ ਲੱਗੀ ਹੋਈ ਹੈ। ਇਸਤੋਂ ਬਿਨ੍ਹਾਂ ਕੇਜਰੀਵਾਲ ਨੇ ਇੰਡੋਨੇਸ਼ੀਆਂ ਦਾ ਜਿਕਰ ਕੀਤਾ ਹੈ ਕਿ ਉੱਥੋਂ ਦੀ ਕਰੰਸੀ ਉੱਤੇ ਗਨੇਸ਼ ਦੀ ਤਸਵੀਰ ਛਪੀ ਹੋਈ ਹੈ। ਜਦਕਿ ਹਕੀਕਤ ਇਹ ਹੈ ਕਿ ਗਨੇਸ਼ ਦੀ ਫੋਟੋ ਲੱਗੀ ਹੋਣ ਦੇ ਬਾਵਜੂਦ ਇੰਡੋਨੇਸ਼ੀਅਨ ਰੁਪਿਆਹ ਦੀ ਅਮਰੀਕੀ ਡਾਲਰ ਮੁਕਾਬਲੇ ਕਦਰ ($1=15556.45 ਇੰਡੋਨੇਸ਼ੀਅਨ ਰੁਪਿਆਹ) ਬਹੁਤ ਘੱਟ ਹੈ। ਸੱਚਾਈ ਇਹ ਵੀ ਹੈ ਕਿ 1998 ਵਿੱਚ ਸਿਰਫ 20,000 ਦੇ ਨੋਟ ਉੱਤੇ ਗਨੇਸ਼ ਦੀ ਫੋਟੋ ਛਾਪੀ ਗਈ ਸੀ ਜਦਕਿ ਮੌਜੂਦਾ ਸਮੇਂ ਇੰਡੋਨੇਸ਼ੀਆ ਦੀ ਕਰੰਸੀ ਉੱਤੇ ਗਨੇਸ਼ ਦੀ ਫੋਟੋ ਨਹੀਂ ਹੈ।  ਆਪ ਪਾਰਟੀ ਦੇ ਸੁਪਰੀਮੋ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰੰਸੀ ਉੱਤੇ ਕਿਸੇ ਧਰਮ ਦੇ ਦੇਵੀ-ਦੇਵਤਿਆਂ ਦੀ ਤਸਵੀਰ ਹੋਣ ਨਾਲ ਕਿਸੇ ਦੇਸ਼ ਦੀ ਕਰੰਸੀ ਦੀ ਗਿਰਾਵਟ ਨਹੀਂ ਰੱੁੱਕਦੀ ਤੇ ਨਾ ਹੀ ਦੇਸ਼ ਦੀ ਆਰਥਿਕਤਾ ਵਿੱਚ ਤਰੱਕੀ ਜਾਂ ਸੁਧਾਰ ਆ ਸਕਦਾ ਹੈ। ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕਦਰ-ਘਟਾਈ ਭਾਰਤੀ ਹਾਕਮਾਂ ਵੱਲੋਂ ਦੇਸ਼ ਨੂੰ ਸਾਮਰਾਜੀ ਨੀਤੀਆਂ ਨਾਲ ਅਟੁੱਟ ਤੌਰ ਤੇ ਜੋੜਨ ਕਾਰਨ ਹੋ ਰਹੀ ਹੈ। ਗਲੋਬਲ ਆਰਥਿਕਤਾ ਦਾ ਅੰਗ ਹੋਣ ਕਰਕੇ ਵਿਸ਼ਵ ਦੀਆਂ ਸਾਮਰਾਜੀ ਤਾਕਤਾਂ ਵਿਚਕਾਰ ਚੱਲਦੀ ਵਪਾਰਕ ਜੰਗ, ਵਿਸ਼ਵੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ, ਸੰਸਾਰ ਜੰਗਾਂ, ਵਸਤਾਂ, ਸੇਵਾਵਾਂ ਤੇ ਖੇਤੀਬਾੜੀ ਖੇਤਰ ਵਿੱਚ ਬਹੁਕੌਮੀ ਕਾਰਪੋਰੇਸ਼ਨਾਂ ਦੀ ਇਜਾਰੇਦਾਰੀ ਆਦਿ ਕਾਰਨ ਮੰਦੀ ਦਾ ਬੋਝ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਮਿਹਨਤਕਸ਼ ਜਮਾਤ ਤੇ ਭਾਰਤੀ ਆਰਥਿਕਤਾ ਉੱਤੇ ਪਾਇਆ ਜਾ ਰਿਹਾ ਹੈ। 

ਸੱਚਾਈ ਇਹ ਹੈ ਕਿ ਕੇਜਰੀਵਾਲ ਅਤੇ ਉਸਦੀ ਆਪ ਪਾਰਟੀ ਸੰਸਾਰ ਸਾਮਰਾਜੀ ਆਰਥਿਕ ਨੀਤੀਆਂ ਦੀ ਪੈਰੋਕਾਰ ਹੈ ਅਤੇ ਉਸ ਕੋਲ ਭਾਰਤੀ ਆਰਥਿਕਤਾ ਨੂੰ ਉੱਚਾ ਚੁੱਕਣ ਦਾ ਨਾ ਕੋਈ ਪ੍ਰੋਗਰਾਮ ਹੈ ਤੇ ਨਾ ਹੀ ਇਰਾਦਾ। ਆਪ ਪਾਰਟੀ ਭਾਰਤ ਦੀਆਂ ਦੂਜੀਆਂ ਰਵਾਇਤੀ ਪਾਰਟੀਆਂ ਵਾਲੀ ਸਿਆਸਤ ਦੇ ਰਾਹ ਪਈ ਹੋਈ ਹੈ ਅਤੇ ਵੋਟਾਂ ਹਾਸਲ ਕਰਨ ਲਈ ਅਜਿਹੇ ਤਰਕਹੀਣ ਅਤੇ ਧਾਰਮਿਕ ਫਿਰਕੂ ਰੰਗਤ ਵਾਲੀ ਬਿਆਨਬਾਜ਼ੀ ਦਾ ਆਸਰਾ ਲੈ ਰਹੀ ਹੈ। ਧਾਰਾ 370, ਕੌਮੀਅਤਾਂ ਦੇ ਖੁਦਮੁਖਤਿਆਰੀ ਦੇ ਹੱਕ, ਸ਼ਹੀਨ ਬਾਗ ਮੋਰਚੇ, ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਮੁਸਲਮਾਨਾਂ ਖਿਲਾਫ ਹੋਏ ਦੰਗਿਆਂ ਸਮੇਂ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਦਾ ਜੋ ਰੋਲ ਸਾਹਮਣੇ ਆਇਆ ਉਸਨੇ ਦਿਖਾ ਦਿੱਤਾ ਕਿ ਆਪ ਪਾਰਟੀ ਦਾ ਏਜੰਡਾ ਭਾਜਪਾ ਦੀ ਕੇਂਦਰੀਵਾਦੀ ਨੀਤੀ ਨਾਲੋਂ ਵੱਖਰਾ ਨਹੀਂ ਹੈ। ਧਰਮ ਦੇ ਅਧਾਰ ਤੇ ਵੋਟ ਹਾਸਲ ਕਰਨ ਦੀ ਮੌਕਾਪ੍ਰਸਤ ਤੇ ਫਿਰਕੂ ਸਿਆਸਤ ਵਿੱਚ ਆਪ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਂਗ ਪਿੱਛੇ ਨਹੀਂ ਰਹੀ। ਪੰਜਾਬ ਚੋਣਾਂ ਸਮੇਂ ਪੱਗੜੀ ਤੇ ਹੱਥ ਵਿੱਚ ਤਲਵਾਰ ਫੜਕੇ ਪ੍ਰਚਾਰ ਕਰਨਾ ਤੇ ਸ਼ਹੀਦ ਭਗਤ ਸਿੰਘ ਦੀ ਤਰਜ ਤੇ ਬਸੰਤੀ ਪੱਗ ਬੰਨ੍ਹਣਾ (ਜਦਕਿ ਇਤਿਹਾਸਕ ਹਵਾਲਿਆਂ ਤੋਂ ਸਾਬਤ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਕਦੇ ਬਸੰਤੀ ਪੱਗ ਨਹੀਂ ਬੰਨ੍ਹੀ) ਰਾਜਸੀ ਅਧਾਰ ਕਾਇਮ ਕਰਨ ਦੀ ਕਵਾਇਦ ਤੋਂ ਵੱਧਕੇ ਕੁਝ ਨਹੀਂ ਸੀ।       

ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਅੰਨਾ ਹਜਾਰੇ ਵੱੱਲੋਂ ਦਿੱਲੀ ਵਿਖੇ ‘ਜਨ ਲੋਕਪਾਲ ਬਿੱਲ’ ਪਾਸ ਕਰਾਉਣ ਲਈ ਵਿੱਢੇ ਸੰਘਰਸ਼ ਵਿੱਚੋਂ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਕੁਝ ਕੁ ਸਾਲਾਂ ਵਿੱਚ ਚਰਚਾ ਵਿੱਚ ਆ ਗਈ ਸੀ। ਆਮ ਆਦਮੀ ਪਾਰਟੀ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਸਿਆਸਤ ਦਾ ਆਦਰਸ਼ ਲੈ ਕੇ ਸਿਆਸਤ ਵਿੱਚ ਕੁੱਦੀ ਸੀ। ਬਿਜਲੀ, ਪਾਣੀ ਤੇ ਮਹਿੰਗਾਈ ਦੇ ਰੋਜਮਰ੍ਹਾ ਦੇ ਮੁੱਦਿਆਂ ਤੋਂ ਇਲਾਵਾ ਇਸਦਾ ਮੁੱਖ ਏਜੰਡਾ ਸਮਾਜਿਕ ਨਿਆਂ, ਸਮਾਜਿਕ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਖਤਮ ਕਰਨਾ ਸੀ, ਜਿਸਨੂੰ ਉਹ ਹੁਣ ਛੱਡ ਚੁੱਕੀ ਹੈ। ਇਸਤੋਂ ਇਲਾਵਾ ਦਿੱਲੀ ਵਿੱਚ ਵਾਲਮਾਰਟ ਸਟੋਰ ਖੋਲ੍ਹਣ ਤੇ ਰੋਕ ਲਗਾਉਣ, ਮੁਕੇਸ਼ ਅੰਬਾਨੀ ਅਤੇ ਤੇਲ ਮੰਤਰੀ ਵੀਰੱਪਾ ਮਿਲੀ ਖਿਲਾਫ ਕੇਸ ਦਰਜ ਕਰਨ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ 49 ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਦੇ ਦਾਅਪੇਚ ਨੇ ਉਸਦੀ ਲੋਕਪ੍ਰਿਅਤਾ ਵਿੱਚ ਵਾਧਾ ਕੀਤਾ ਸੀ। ਆਪ ਪਾਰਟੀ ਦੇ ਹੋਂਦ ’ਚ ਆਉਣ ਸਮੇਂ ਦੇਸ਼-ਦੁਨੀਆਂ ਵਿੱਚ ਇਸਦੇ ਖੂਬ ਚਰਚੇ ਹੋਏ ਸਨ ਅਤੇ ਇਸਨੇ ਪਹਿਲੀ ਵਾਰ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ’ਚ 28 ਸੀਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸਤੋਂ ਬਾਅਦ ਪੰਜਾਬ ਵਿੱਚ ਇਸਦੀ ਲੋਕਪ੍ਰਿਅਤਾ ਵਿੱਚ ਵੱਡਾ ਵਾਧਾ ਹੋਇਆ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ। ਪੰਜਾਬ ਵਿੱਚ ਪੈਰ ਪਸਾਰਨ ਲਈ ਕੇਜਰੀਵਾਲ ਨੇ ਨਸ਼ਾ ਤਸ਼ਕਰੀ ਦੇ ਮਾਮਲੇ ਵਿੱਚ ਬਿਕਰਮਜੀਤ ਮਜੀਠੀਆ ਉੱਤੇ ਨਿਸ਼ਾਨਾ ਸਾਧਣ (ਜਿਸ ਮੁੱਦੇ ਤੇ ਬਾਅਦ ਵਿੱਚ ਮੁਆਫੀ ਮੰਗ ਲਈ ਗਈ ਸੀ) ਤੋਂ ਇਲਾਵਾ ਪੰਜਾਬੀਆਂ ਵਿੱਚ ਸ਼ਹੀਦ ਭਗਤ ਸਿੰਘ ਪ੍ਰਤੀ ਹਰਮਨਪਿਆਰਤਾ ਨੂੰ ਦੇਖਦਿਆਂ ਪੰਜਾਬ ਚੋਣ ਮੁਹਿੰਮ ਦੌਰਾਨ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਲਾਉਣਾ ਤੇ ਬਸੰਤੀ ਪੱਗ ਬੰਨ੍ਹਕੇ ਭਗਤ ਸਿੰਘ ਦੇ ਵਿਾਚਾਰਾਂ ਦੇ ਹਾਮੀ ਹੋਣ ਦੇ ਦਾਅਵੇ ਤੇ ਵਿਖਾਵੇ ਕੀਤੇ ਗਏ ਸਨ। 

ਸ਼ਹੀਦ ਭਗਤ ਸਿੰਘ ਕਿਸੇ ਵੀ ਗੈਬੀ ਤੇ ਅਦਿੱਖ ਤਾਕਤ ਤੋਂ ਮੁਨਕਰ ਸਨ ਅਤੇ ਉਹ ਸਭ ਧਰਮਾਂ, ਜਾਤਾਂ-ਪਾਤਾਂ ਤੋਂ ਉਪਰ ਉੱਠਕੇ ਮਿਹਨਤਕਸ਼ ਜਮਾਤ ਦੀ ਮੁਕਤੀ ਦੇ ਹਾਮੀ ਸਨ। ਉਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤੀ ਦਾ ਰਾਹ ਸਾਮਰਾਜੀ ਗੁਲਾਮੀ ਤੋਂ ਨਿਜ਼ਾਤ ਪਾਕੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵਿੱਚ ਦੇਖਦੇ ਸਨ। ਅਰਵਿੰਦ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਇੱਕ ਪਾਸੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ ਅਤੇ ਦੂਜੇ ਪਾਸੇ ਪੂਰੇ ਦੇਸ਼ ਵਿੱਚ ਸਿਆਸੀ ਅਧਾਰ ਕਾਇਮ ਕਰਨ ਲਈ ਹਿੰਦੂਤਵ ਦਾ ਆਸਰਾ ਲੈ ਰਹੀ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਆਸਰਾ ਲੈਣਾ ਆਪ ਪਾਰਟੀ ਦੀ ਮਜਬੂਰੀ ਹੈ, ਜਦਕਿ ਅਸਲ ਅਰਥਾਂ ਵਿੱਚ ਉਹ ਸਾਮਰਾਜੀ ਮੁਲਕਾਂ ਦੀਆਂ ਖੈਰ-ਖੁਆਹ ਭਾਜਪਾ ਤੇ ਕਾਂਗਰਸ ਪਾਰਟੀਆਂ ਵਾਂਗ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਦੀ ਨੁੰਮਾਇਦਾ ਪਾਰਟੀ ਹੀ ਹੈ। ਇਸ ਲਈ ਉਹ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕਦਰ-ਘਟਾਈ ਦੇ ਅਸਲ ਕਾਰਨਾਂ ਤੋਂ ਲੋਕਾਂ ਦਾ ਧਿਆਨ ਵਟਾਉਣ ਲਈ ਅਜਿਹੇ ਭੁਲੇਖਾਪਾਊ, ਊਟ-ਪਟਾਂਗ, ਤੱਥਹੀਣ ਤੇ ਫਿਰਕੂ ਬਿਆਨ ਦੇਣ ਦੇ ਰਾਹ ਪਏ ਹੋਏ ਹਨ।

- ਮਨਦੀਪ, ਵਟ੍ਹਸਐਪ (+5493813389246)


Monday, May 16, 2022

ਯੂਕਰੇਨੀ ਜੰਗ ਦੇ ਆਲਮੀ ਅਸਰ- ਮਨਦੀਪ



ਯੂਕਰੇਨ ਜੰਗ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਾਮਰਾਜ ਦਾ ਅਰਥ ਜੰਗ ਹੁੰਦਾ ਹੈ। ਜਦੋਂ 1991 ਵਿੱਚ ਸੋਵੀਅਤ ਯੂਨੀਅਨ ਖਿੰਡ ਗਿਆ ਸੀ ਅਤੇ ਠੰਢੀ ਜੰਗ ਖ਼ਤਮ ਹੋ ਗਈ ਸੀ ਤਾਂ ਕਈ ਸਿਆਸੀ ਬੁੱਧੀਜੀਵੀਆਂ ਨੇ ਭਵਿੱਖਬਾਣੀਆਂ ਕੀਤੀਆਂ ਸਨ ਕਿ ਹੁਣ ਜੰਗਾਂ ਦਾ ਅੰਤ ਹੋ ਜਾਵੇਗਾ ਤੇ ਹੁਣ ਸੰਸਾਰ ਅੰਦਰ ਅਮਨ ਸ਼ਾਂਤੀ ਸਥਾਪਿਤ ਹੋ ਜਾਵੇਗੀ। ਪਰ ਉਹ ਨਹੀਂ ਜਾਣਦੇ ਸਨ ਕਿ ਜਿੰਨਾ ਚਿਰ ਸੰਸਾਰ ਅੰਦਰ ਪੂੰਜੀਵਾਦ ਹੈ/ਸਾਮਰਾਜਵਾਦ ਹੈ, ਜੰਗਾਂ ਕਦੇ ਖ਼ਤਮ ਨਹੀਂ ਹੋ ਸਕਦੀਆਂ। ਮੌਜੂਦਾ ਯੂਕਰੇਨ ਜੰਗ ਪੂੰਜੀਵਾਦੀ ਸਾਮਰਾਜਵਾਦ ਦੀ ਸਿਆਸੀ-ਆਰਥਿਕਤਾ ਦੀ ਹੀ ਪੈਦਾਵਾਰ ਹੈ।
ਮੌਜੂਦਾ ਯੂਕਰੇਨ ਜੰਗ ਸੰਸਾਰ ਪੱਧਰ ’ਤੇ ਸਾਮਰਾਜੀ ਖਹਿਭੇੜ ਦਾ ਨਤੀਜਾ ਹੈ। ਇਹ ਜੰਗ ਇੱਕ ਪਾਸੇ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਰਾਹੀਂ ਰੂਸੀ ਸਾਮਰਾਜ ਨੂੰ ਘੇਰਨ ਅਤੇ ਦੂਜੇ ਪਾਸੇ ਰੂਸ ਵੱਲੋਂ ਸੋਵੀਅਤ ਯੂਨੀਅਨ ਵੇਲੇ ਦੇ ਖਿੰਡੇ ਹੋਏ ਸਾਮਰਾਜ ਨੂੰ ਮੁੜ ਬਹਾਲ ਕਰਨ ਦੀ ਜੰਗ ਹੈ। ਰੂਸ ਯੂਕਰੇਨ ’ਤੇ ਮਿਜਾਈਲ਼ਾਂ ਨਾਲ ਹਮਲੇ ਕਰ ਰਿਹਾ ਹੈ ਅਤੇ ਪ੍ਰਮਾਣੂ ਬੰਬਾਂ ਦੀਆਂ ਧਮਕੀਆਂ ਦੇ ਕੇ ਨਾਟੋ ਦੇਸ਼ਾਂ ਨੂੰ ਯੂਕਰੇਨ ਦੇ ਪੱਖ ਵਿੱਚ ਆਉਣ ਤੋਂ ਵਰਜ਼ ਰਿਹਾ ਹੈ। ਅਮਰੀਕਾ ਅਫ਼ਗਾਨਿਸਤਾਨ, ਇਰਾਕ ਆਦਿ ’ਚੋਂ ਮਿਲੀ ਹਾਰ ਤੋਂ ਤਰਿੰ੍ਹਦਾ ਹੋਇਆ ਰੂਸ ਨਾਲ ਸਿੱਧੇ ਟਕਰਾਅ ਤੋਂ ਬਚ ਰਿਹਾ ਹੈ। ਅਮਰੀਕਾ ਰੂਸ ਦੀ ਫੌਜੀ ਸ਼ਕਤੀ ਦਾ ਸਿੱਧਾ ਟਾਕਰਾ ਕਰਨ ਦੀ ਬਜਾਏ ਆਪਣੇ ਡਾਲਰ ਦੀ ਅੰਤਰਰਾਸ਼ਟਰੀ ਤਾਕਤ ਨੂੰ ਰੂਸ ਵਿਰੁੱਧ ਇੱਕ ਯੁੱਧਨੀਤਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਆਪਣੇ ਵਿਸ਼ਵ ਵਪਾਰ ਨੂੰ ਵਧਾਉੁਣ ਲਈ ਉਸਨੇ ਵਿਸ਼ਵ ਬੈਂਕ ਅਤੇ ਕੌਂਮਾਤਰੀ ਮੁਦਰਾ ਕੋਸ਼ ਦੇ ਨਾਲ-ਨਾਲ ਪੱਛੜੇ ਦੇਸ਼ਾਂ ਦੀ ਬੇਕਿਰਕ ਲੁੱਟ ਲਈ ਖੁੱਲ੍ਹੇ ਵਪਾਰ ਦੇ ਨਾਂ ਹੇਠ ਵਿਸ਼ਵ ਵਪਾਰ ਸੰਸਥਾ ਬਣਾਉਣ ’ਚ ਅਗਵਾਈ ਕੀਤੀ ਅਤੇ ਕਰਜ਼ਿਆਂ ਦੇ ਰੂਪ ਵਿੱਚ ਦੁਨੀਆਂ ਭਰ ਦੇ ਪੱਛੜੇ ਮੁਲਕਾਂ ਵਿੱਚ ਡਾਲਰਾਂ ਦਾ ਮੀਂਹ ਵਰ੍ਹਾਇਆ। “ਅਜ਼ਾਦੀ” ਅਤੇ “ਅਮਨ ਬਹਾਲੀ” ਦੇ ਨਾਮ ਹੇਠ ਰਾਜ ਪਲਟੇ ਕੀਤੇ ਅਤੇ ਸਿੱਧੇ ਹਮਲੇ ਕਰਕੇ ਇਨ੍ਹਾਂ ਪੱਛੜੇ ਮੁਲਕਾਂ ਦੀ ਬਰਬਾਦੀ ਕੀਤੀ ਅਤੇ ਸਾਮਰਾਜੀ ਦੇਸ਼ਾਂ ਦੇ ਮਜ਼ਦੂਰ ਵਰਗ ਦੀ ਕਮਾਈ ਦੇੇ ਟ੍ਰਿਲੀਅਨਾਂ ਡਾਲਰ ਬਰਬਾਦ ਕੀਤੇ। ਵਿਸ਼ਵ ਮੰਡੀ ਵਿੱਚ ਡਾਲਰ ਦੀ ਸਰਦਾਰੀ ਦਾ ਫ਼ਾਇਦਾ ਉਠਾ ਕੇ ਅਮਰੀਕੀ ਸਾਮਰਾਜ ਨੇ ਨਵੀਂ ਮਾਇਕਰੋ ਤਕਨੀਕ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਸੰਸਾਰ ਚੌਧਰ ਸਥਾਪਿਤ ਕਰਨ ਵੱਲ ਕਦਮ ਵਧਾਏ। ਮਿਸਾਲ ਦੇ ਤੌਰ ’ਤੇ ‘ਫੋਰਬਿਸ’ ਦੀ ਸਾਲ 2022 ਦੀ ਵਿਸ਼ਵ ਦੇ ਦਸ ਉੱਚਕੋਟੀ ਦੇ ਅਰਬਪਤੀਆਂ ਦੀ ਰਿਪੋਰਟ ਵਿੱਚ ਅਮਰੀਕਾ ਦੇ ਏਲੌਨ ਮਸਕ (ਟੈਸਲਾ ਤੇ ਸਪੇਸਐਕਸ), ਬਿੱਲ ਗੇਟਸ (ਮਾਈਕ੍ਰੋਸੌਫਟ), ਲੈਰੀ ਪੇਜ ਸਰਗੇਈ ਬਰਿਨ (ਗੂਗਲ), ਜੈਫ ਬੇਜ਼ੋਸ (ਐਮਾਜ਼ੌਨ) ਦਾ ਨਾਮ ਸਭ ਤੋਂ ਉੱਪਰ ਹੈ। ਦੁਨੀਆਂ ਦੇ ਸਭ ਤੋਂ ਵੱਡੇ ਇਹ ਸੁਪਰ ਅਮੀਰ ਸੰਸਾਰ ਆਰਥਿਕਤਾ ਦੇ ਨਵੇਂ ਰੁਝਾਨ ਨਾਲ ਸਬੰਧਿਤ ਹਨ। ਕਰੋਨਾ ਸੰਕਟ ਦੇ ਬਾਵਜੂਦ ਇਹਨਾਂ ਸੁਪਰ ਅਮੀਰਾਂ ਦੀ ਕੁੱਲ ਜਾਇਦਾਦ ਵਿੱਚ ਬੇਥਾਹ ਵਾਧਾ ਹੋਇਆ। ਯੂਕਰੇਨ ਜੰਗ ਦੌਰਾਨ ਸਾਹਮਣੇ ਆਈ ਇਸ ਰਿਪੋਰਟ ਨੇ ਸੰਸਾਰ ਭਰ ਵਿੱਚ ਵਧ ਰਹੀ ਆਰਥਿਕ ਗੈਰਬਰਾਬਰੀ ਨੂੰ ਨਸ਼ਰ ਕਰ ਦਿੱਤਾ ਹੈ। ਜੰਗ ਦੌਰਾਨ ਰੂਸੀ ਅਮੀਰਸ਼ਾਹਾਂ (ਔਲੀਗਾਰਕ) ਦੀਆਂ ਬੇਥਾਹ ਜਾਇਦਾਦਾਂ ਦੇ ਖੁਲਾਸੇ ਵੀ ਹੋਏ ਹਨ। ਰਿਪੋਰਟ ਵਿੱਚ ਫਰਾਂਸ, ਜਰਮਨੀ, ਰੂਸ, ਚੀਨ ਆਦਿ ਸਾਮਰਾਜੀ ਮੁਲਕਾਂ ਦੇ ਸੁਪਰ ਅਮੀਰਾਂ ਤੋਂ ਇਲਾਵਾ ਭਾਰਤ ਦੇ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ (ਸੰਸਾਰ ਵਿੱਚੋਂ ਕ੍ਰਮਵਾਰ ਦਸਵੇਂ ਤੇ ਗਿਆਰਵੇਂ ਸਥਾਨ ’ਤੇ ਹਨ) ਦੇ ਨਾਮ ਵੀ ਸਾਹਮਣੇ ਆਏ ਹਨ। ਰਿਪੋਰਟ ਨੇ ਦਿਖਾ ਦਿੱਤਾ ਕਿ ਜੰਗਾਂ, ਆਫਤਾਂ ਅਤੇ ਸੰਕਟ ਆਮ ਲੋਕਾਂ ਲਈ ਕਿਆਮਤ ਅਤੇ ਵਿਸ਼ਵ ਦੇ ਅਰਬਾਂਪਤੀ ਪੂੰਜੀਪਤੀਆਂ ਲਈ ਨਿਆਮਤ ਬਣਕੇ ਬਹੁੜਦੇ ਹਨ। ਇਹਨਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਵਿਚਕਾਰ ਦੁਨੀਆਂ ਭਰ ਦੇ ਲੋਕਾਂ ਦੀ ਲੁੱਟ ਲਈ ਏਕਤਾ ਹੈ ਪਰ ਇਲਾਕਿਆਂ ’ਤੇ ਕਬਜ਼ਿਆਂ ਅਤੇ ਲੁੱਟ ਦੇ ਮਾਲ ਦੀ ਵੰਡ ਲਈ ਲੜਾਈ ਹੈ। ਯੂਕਰੇਨ ਜੰਗ ਰੂਸ ਅਤੇ ਅਮਰੀਕਾ ਦੀ ਨਵੀਂ ਗਲੋਬਲ ਚੌਧਰ ਦੀ ਲੜਾਈ ਦਾ ਇੱਕ ਹੋਰ ਅਧਿਆਇ ਹੈ।
ਅਮਰੀਕਨ ਸਾਮਰਾਜ ਲਈ ਪੈਟਰੋ ਡਾਲਰ ਇੱਕ ਯੁੱਧਨੀਤਕ ਅਤੇ ਸਿਆਸੀ ਹਥਿਆਰ ਹੈ। ਵੈਨਜ਼ੂਏਲਾ (2002) ਵਿੱਚ ਹਿਊਗੋ ਸ਼ਾਵੇਜ਼ ਅਤੇ ਇਰਾਕ (2003) ਵਿੱਚ ਸੱਦਾਮ ਹੂਸੈਨ ਨੇ ਦੂਸਰੇ ਦੇਸ਼ਾਂ ਨਾਲ ਤੇਲ ਵਪਾਰ ਅਮਰੀਕੀ ਡਾਲਰ ਦੀ ਥਾਂ ਯੂਰੋ ਕਰੰਸੀ ਵਿੱਚ ਕਰਨ ਅਤੇ ਲੀਬੀਆ ’ਚ (2009) ਗੱਦਾਫੀ ਦੁਆਰਾ ਤੇਲ ਵਪਾਰ ਸੋਨੇ ਰਾਹੀਂ ਕਰਨ ਤੇ ਅਮਰੀਕਾ ਨੇ ਜਿੱਥੇ ਇਹਨਾਂ ਮੁਲਕਾਂ ਦੀ ਆਰਥਿਕ ਨਾਕਾਬੰਦੀ ਕੀਤੀ, ਉੱਥੇ ਇਹਨਾਂ ਦੇਸ਼ਾਂ ਨੂੰ ਜੰਗ ਦੀ ਅੱਗ ਵਿੱਚ ਝੋਕ ਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਤੇਲ ਵਪਾਰ ਲਈ ਅਮਰੀਕੀ ਡਾਲਰ ਦੀ ਥਾਂ ਹੋਰ ਮੁਦਰਾਵਾਂ ਦੀ ਵਰਤੋਂ ਕਰਨੀ ਅਮਰੀਕੀ ਡਾਲਰ ਦੀ ਸੰਸਾਰ ਚੌਧਰ ਨੂੰ ਚੁਣੌਤੀ ਬਰਾਬਰ ਹੈ। ਭਵਿੱਖ ਵਿੱਚ ਅਮਰੀਕੀ ਡਾਲਰ ਨੂੰ ਸਭ ਤੋਂ ਵੱਡੀ ਢਾਹ ਲਾਉਣ ਵਾਲੀ ਕ੍ਰਿਪਟੋਕਰੰਸੀ ਜੋ ਕਿ ਡਿਜੀਟਲ ਕਰੰਸੀ ਦਾ ਅਤੀ-ਆਧੁਨਿਕ ਰੂਪ ਹੈ, ਤੇਜੀ ਨਾਲ ਫੈਲ ਰਹੀ ਹੈ। ਹੁਣ ਰੂਸ ਨੇ ਯੂਰਪੀ ਤੇ ਏਸ਼ੀਆਈ ਮੁਲਕਾਂ ਨੂੰ ਤੇਲ ਵਪਾਰ ਡਾਲਰ ਦੀ ਬਜਾਇ ਰੂਬਲ ਵਿੱਚ ਕਰਨ ਦੀ ਸ਼ਰਤ ਰੱਖੀ ਹੈ। ਤੇਲ ਸ੍ਰੋਤਾਂ ਉੱਪਰ ਕਬਜ਼ੇ ਅਤੇ ਸੰਸਾਰ ਵਿੱਚ ਤੇਲ ਕੀਮਤਾਂ ਉੱਤੇ ਸਰਦਾਰੀ ਲਈ ਬਾਕੀ ਦੇਸ਼ਾਂ ਪ੍ਰਤੀ ਵੀ ਅਮਰੀਕਾ ਦੀ ਫੌਜ਼ੀ ਰਣਨੀਤੀ ਅਤੇ ਵਿਦੇਸ਼ ਨੀਤੀ ਹਮਲਾਵਰ ਹੀ ਚੱਲਦੀ ਆ ਰਹੀ ਹੈ। ਅਮਰੀਕਾ ਤੇ ਸਾਊਦੀ ਅਰਬ ਤੋਂ ਬਾਅਦ ਰੂਸ ਦੁਨੀਆਂ ਦਾ ਤੀਜਾ ਵੱਡਾ ਤੇਲ ਉਤਪਾਦਕ ਦੇਸ਼ ਹੈ ਅਤੇ ਇਸਨੂੰ ਘੇਰਨ ਲਈ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਉਸ ਉੱਪਰ ਪੱਛਮੀ ਦੇਸ਼ਾਂ ਰਾਹੀਂ ਬੰਦਸ਼ਾਂ ਲਗਾਉਂਦਾ ਆ ਰਿਹਾ ਹੈ। ਰੂਸ ਨਾਲ ਉਸਦੀ ‘ਤੇਲ ਜੰਗ’ ਦੀਆਂ ਤੰਦਾਂ ਮੌਜੂਦਾ ਯੂਕਰੇਨ ਜੰਗ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਸਿੱਟੇ ਵਜੋਂ ਮੌਜੂਦਾ ਜੰਗ ਵਿੱਚੋਂ ਅਮਰੀਕਾ ਆਪਣੇ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਕੇ ਤੇਲ ਪਦਾਰਥਾਂ ਰਾਹੀਂ ਸੰਸਾਰ ਦੇ ਦੂਜੇ ਦੇਸ਼ਾਂ ਤੋਂ ਮੋਟੇ ਮੁਨਾਫ਼ੇ ਬਟੋਰ ਰਿਹਾ ਹੈ।
ਸਾਮਰਾਜੀ ਦੇਸ਼ਾਂ ਵਿਚਕਾਰ ਲੁੱਟ ਤੇ ਕਬਜ਼ੇ ਲਈ ਜੰਗਾਂ ਜਿੱਥੇ ਮਨੁੱਖੀ ਜਾਨ-ਮਾਲ ਤੇ ਵਾਤਾਵਰਣ ਦੀ ਤਬਾਹੀ ਲਈ ਘਾਤਕ ਹਨ, ਉੱਥੇ ਇਹ ਗਹਿਰੇ ਸਮਾਜਿਕ ਸੰਕਟ ਦਾ ਕਾਰਨ ਬਣਦੀਆਂ ਹਨ। ਸ਼ਰਨਾਰਥੀ ਸੰਕਟ ਇਸਦੀ ਇੱਕ ਮਿਸਾਲ ਹੈ। ਯੂਕਰੇਨ ਜਿਸਨੂੰ ‘ਬਰੈੱਡ ਬਾਸਕਿਟ’ ਕਿਹਾ ਜਾਂਦਾ ਹੈ, ਦੇ ਲੋਕਾਂ ਨੂੰ ਭੁੱਖ ਤੇ ਤੋਟ ’ਚ ਦਿਨ ਕੱਟਣੇ ਪੈ ਰਹੇ ਹਨ। ਇਸੇ ਤਰ੍ਹਾਂ ਚਿੱਲੀ, ਜਿਸਨੂੰ ਦੁਨੀਆਂ ਦਾ ਤਾਂਬਾ ਸਮਰਾਟ ਕਿਹਾ ਜਾਂਦਾ ਸੀ, ਵਿੱਚ ਅਮਰੀਕਾ ਦੁਆਰਾ ਰਾਜਪਲਟੇ (1973) ਦੌਰਾਨ ਲੋਕਾਂ ਲਈ ਤਾਂਬਾ ਸਸਤਾ ਤੇ ਰੋਟੀ ਮਹਿੰਗੀ ਹੋ ਗਈ ਸੀ। ਇਸ ਸਮੇਂ ਆਰਥਿਕ ਸੰਕਟ ਹੇਠ ਆਏ ਸ਼੍ਰੀਲੰਕਾ ਵਿੱਚ ਇੱਕ ਪਾਸੇ ਲੋਕ ਤੇਲ ਦੀ ਥੁੜ ਕਾਰਨ ਜਿੰਦਗੀ ਮੁਸ਼ਕਲਾਂ ’ਚ ਕੱਟ ਰਹੇ ਹਨ, ਦੂਜੇ ਪਾਸੇ ਤੇਲ ਦੀ ਅਦਾਇਗੀ ਨਾ ਹੋਣ ਤੇਲ ਦੇ ਭਰੇ ਟੈਂਕ ਸਮੁੰਦਰਾਂ ਵਿੱਚ ਖੜ੍ਹੇ ਹਨ। ਇਹ ਹੈ, ਜੰਗਾਂ ਦੀ ਭਿਅੰਕਰਤਾ ਜਿੱਥੇ ਮੁਨਾਫ਼ੇ ਪ੍ਰਮੁੱਖ ਅਤੇ ਮਨੁੱਖਤਾ ਦੂਜੇ ਦਰਜੇ ਤੇ ਹੋ ਜਾਂਦੀ ਹੈ। ਇਸ ਜੰਗ ਨੇ ਪਹਿਲਾਂ ਹੀ ਕਰੋਨਾ ਸੰਕਟ ਵਿੱਚ ਫਸੇ ਸੰਸਾਰ ਭਰ ਦੇ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿੱਚ ਵੱਡਾ ਬੋਝ ਪਾ ਕੇ ਆਰਥਿਕ ਅਤੇ ਸਮਾਜਿਕ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਹੈ। ਜੰਗ ਦੌਰਾਨ ਯੂਕਰੇਨ ਵਿੱਚ ਬਾਈਲੌਜੀਕਲ ਲੈਬ ਉੱਪਰ ਰੂਸੀ ਫੌਜੀ ਕਬਜ਼ੇ ਨੇ ਜੈਵਿਕ ਹਥਿਆਰਾਂ ਅਤੇ ਫੈਲਾਏ ਜਾ ਰਹੇ ਵਾਇਰਸ ਦੇ ਖੁਲਾਸਿਆਂ ਨੇ ਵੀ ਸਮਾਜ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਜ਼ੌਰਜ਼ੀਆ ਨਿਊਕਲੀਅਰ ਪਲਾਂਟ ਉੱਤੇ ਹਮਲੇ ਅਤੇ ਘਾਤਕ ਹਥਿਆਰਾਂ ਦੀ ਵਰਤੋਂ ਨੇ ਪਹਿਲਾਂ ਤੋਂ ਹੀ ਖਤਰੇ ਵੱਲ ਵੱਧ ਰਹੇ ਵਾਤਾਵਰਨ ਸੰਕਟ ਨੂੰ ਹੋਰ ਵੱਧ ਗਹਿਰਾ ਕਰਨ ਦੇ ਖ਼ਤਰੇ ਨੂੰ ਵਧਾ ਦਿੱਤਾ ਹੈ।
ਰੂਸ ਦੁਆਰਾ ਯੂਕਰੇਨ ੳੱੁਤੇ ਹਮਲਾ ਮਹਿਜ਼ ਯੂਕਰੇਨ ਦੁਆਰਾ ਨਾਟੋ ਦਾ ਹਿੱਸਾ ਨਾ ਬਣਨ ਦੀ ਗਰੰਟੀ ਕਰਕੇ ਉਸਦਾ ‘ਅਸੈਨਿਕੀਕਰਨ’ ਕਰਨਾ, ਅਮਰੀਕਾ ਤੇ ਯੂਕਰੇਨ ਦੁਆਰਾ ਸਹਾਇਤਾ ਪ੍ਰਾਪਤ ਹਥਿਆਰਬੰਦ ਨਾਜ਼ੀ ਗਰੁੱਪਾਂ ਦਾ ‘ਅਨਾਜ਼ੀਕਰਨ’ ਕਰਨਾ ਅਤੇ ਯੂਕਰੇਨ ਦੁਆਰਾ ਰੂਸੀ ਪ੍ਰਭਾਵ ਵਾਲੇ ਦੋਨੇਤਸਕ ਤੇ ਲੁਹਾਂਸਕ ਖੇਤਰ ਨੂੰ ਅਜ਼ਾਦ ਮੁਲਕ ਵਜ਼ੋਂ ਮਾਨਤਾ ਦੇਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਜੰਗ ਅਮਰੀਕੀ ਸਾਮਰਾਜ ਤੇ ਉਸਦੀਆਂ ਸਮਰੱਥਕ ਪੱਛਮੀ ਨਾਟੋ ਤਾਕਤਾਂ ਖ਼ਿਲ਼ਾਫ਼ ਹੈ। ਦੂਜੇ ਪਾਸੇ ਅਮਰੀਕਾ ਯੂਕਰੇਨ ਨੂੰ ਮੋਹਰਾ ਬਣਾਕੇ ਰੂਸ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹੈ। ਉਹ ਯੂਰੋਪ ਤੇ ਹੋਰ ਏਸ਼ੀਅਨ ਮੁਲਕਾਂ ਵਿੱਚ ਰੂਸ ਦੇ ਤੇਲ ਤੇ ਗੈਸ ਦੇ ਵਪਾਰ ’ਤੇ ਸੱਟ ਮਾਰਨ ਅਤੇ ਰੂਸ ਦੇ ਗੁਆਂਢੀ ਨਾਟੋ ਦੇਸ਼ਾਂ ਨੂੰ ਕਲੇਸ਼ ਵਿੱਚ ਧੱਕਕੇ ਉਹਨਾਂ ਨੂੰ ਆਪਣੇ ਹਥਿਆਰ ਵੇਚਣ ਲਈ ਇਸ ਜੰਗ ਵਿੱਚ ਕੁੱਦਿਆ ਹੈ। ਅਮਰੀਕਾ ਦਾ ਅਸਲ ਚਿਹਰਾ 24 ਮਾਰਚ ਨੂੰ ਬਰਸੱਲਜ਼ ਵਿੱਚ ਹੋਈ ਨਾਟੋ ਦੇ 30 ਮੁਲਕਾਂ ਦੀ ਮੀਟਿੰਗ ਵਿੱਚ ਸਾਹਮਣੇ ਆ ਗਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਸਾਈ ਤੇ ਜੰਗੀ ਅਪਰਾਧੀ ਆਖਦਿਆਂ ਰੂਸ ਵਿੱਚ ਸੱਤਾ ਬਦਲੀ ਦੇ ਆਪਣੇ ਮਨਸੂਬੇ ਨੂੰ ਜ਼ਾਹਰ ਕੀਤਾ। ਯੂਕਰੇਨ ਦਾ ਰਾਸ਼ਟਰਪਤੀ ਨਾਜ਼ੀਆਂ ਤੇ ਦੱਖਣਪੰਥੀਆਂ ਨੂੰ ਯੂਕਰੇਨ ਦੀ ਪੁਲਿਸ ਤੇ ਫੌਜ਼ ਵਿੱਚ ਭਰਤੀ ਕਰਕੇ ਅਮਰੀਕਾ ਦੇ ਹਿੱਤਾਂ ਲਈ ਯੂਕਰੇਨੀ ਲੋਕਾਂ ਨੂੰ ਨਹੱਕੀ ਜੰਗ ਵਿੱਚ ਝੋਕ ਰਿਹਾ ਹੈ। ਅਮਰੀਕੀ ਤੇ ਰੂਸੀ ਸਾਮਰਾਜ ਦੁਆਰਾ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਜੰਗ ਦਾ ਸਭ ਤੋਂ ਵੱਧ ਸੇਕ ਜਿੱਥੇ ਯੂਕਰੇਨ ਦੇ ਲੋਕਾਂ ਨੂੰ ਲੱਗ ਰਿਹਾ ਹੈ, ਉੱਥੇ ਯੂਰੋਪ ਦੇ ਲੋਕ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਇਸ ਸਮੇਂ ਨਾਟੋ ਯੂਰੋਪੀ ਦੇਸ਼ਾਂ ਲਈ ਨਸੂਰ ਬਣਿਆ ਹੋਇਆ ਹੈ। ਇਸੇ ਕਰਕੇ ਜਰਮਨੀ ਵੀ ਦੂਜੀ ਸੰਸਾਰ ਜੰਗ ਵਾਂਗ ਜਰਮਨ ਨੂੰ ਜੰਗ ਦਾ ਅਖਾੜਾ ਨਹੀਂ ਬਨਾਉਣਾ ਚਾਹੁੰਦਾ।
ਹੁਣ ਤੱਕ ਇਤਿਹਾਸ ਵਿੱਚ ਪੱਛਮ ਪੂਰਬ ’ਤੇ ਭਾਰੂ ਰਿਹਾ ਹੈ। ਪਰ ਇਸ ਜੰਗ ਨੇ ‘ਪੱਛਮ ਉੱਤੇ ਪੂਰਬ ਭਾਰੂ’ ਦੇ ਸੰਕੇਤ ਵੀ ਜੱਗ ਜ਼ਾਹਰ ਕਰ ਦਿੱਤੇ ਹਨ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਅਮਰੀਕਾ ਦੇ ਤੇਲ ਉਤਪਾਦਨ ਵਧਾਉਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਚੀਨ ਅਮਰੀਕਾ ਦਾ ਪਹਿਲਾਂ ਹੀ ਸ਼ਰੀਕ ਬਣਿਆ ਹੋਇਆ ਹੈ। ਪਰ ਹੁਣ ਯੁਕਰੇਨ ਜੰਗ ਸਮੇਂ ਭਾਰਤ ਨੇ ਅਮਰੀਕਾ ਤੇ ਪੱਛਮੀ ਤਾਕਤਾਂ ਦੇ ਕਹਿਣ ਦੇ ਬਾਵਜੂਦ ਯੂਐਨਓ ਵਿੱਚ ਰੂਸ ਖ਼ਿਲਾਫ਼ ਮਤਾ ਪਾਉਣ, ਵਪਾਰਕ ਰੋਕਾਂ ਲਾਉਣ ਤੇ ਉਸ ਦੇ ਵਿਰੁੱਧ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਫ਼ਗਾਨਿਸਤਾਨ, ਇਰਾਕ, ਈਰਾਨ, ਪਾਕਿਸਤਾਨ ਆਦਿ ਪਹਿਲਾਂ ਵਾਂਗ ਅਮਰੀਕਾ ਦੇ ਤਾਬਿਆਦਾਰ ਨਹੀਂ ਰਹੇ। ਅਮਰੀਕੀ ਭਾਈਵਾਲ ਯੂਰੋਪੀ ਮੁਲਕਾਂ ਦੀ ਤੇਲ, ਗੈਸ, ਕਣਕ, ਮੱਕੀ, ਅਤੇ ਸੂਰਜਮੁਖੀ ਤੇਲ ਆਦਿ ਨੂੰ ਲੈ ਕੇ ਜਿੱਥੇ ਰੂਸ ਉੱਤੇ ਨਿਰਭਰਤਾ ਹੈ। ਉੱਥੇ ਬਹੁਤੇ ਯੂਰਪੀ ਦੇਸ਼ਾਂ ਦੀ ਚੀਨ ਦੀ ਦਵਾਈ ਸਨਅਤ, ਹੋਰ ਸੂਖਮ ਸਪੇਅਰ ਪਾਰਟਸ ਅਤੇ ਚੀਨ ਦੀ ਵੱਡੀ ਮੰਡੀ ਉਪਰ ਨਿਰਭਰਤਾ ਕਾਰਨ ਯੂਰਪੀ ਮੁਲਕ ਚੀਨ ਨਾਲੋਂ ਤੋੜ ਵਿਛੋੜਾ ਕਰਨ ਨੂੰ ਤਿਆਰ ਨਹੀਂ ਹਨ। ਇਸ ਜੰਗ ਦੌਰਾਨ ਜਿੱਥੇ ਯੂਕਰੇਨ ਨੂੰ ਅੰਦਰੋ-ਅੰਦਰੀ ਨਾਟੋ ਦੇਸ਼ਾਂ ਵੱਲੋਂ ਯੂਕਰੇਨ ਦੀ ਪੂਰੀ ਮਦਦ ਨਾ ਕਰਨ ਕਰਕੇ ਪਿੱਛੇ ਲੱਗਣ ਦਾ ਪਛਤਾਵਾ ਲਗਾਤਾਰ ਝਲਕਦਾ ਰਿਹਾ ਹੈ, ਉੱਥੇ ਰੂਸ ਨਾਲ ਦੁਸ਼ਮਣੀ ਕਮਾਕੇ ਯੂਰੋਪੀਅਨ ਮੁਲਕ ਦੇ ਹਾਕਮ ਵੀ ਫਸੇ-ਫਸੇ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਜੰਗ ਕਾਰਨ ਵਪਾਰਕ ਮੁਸ਼ਕਲਾਂ ਝੱਲਣੀਆ ਪੈ ਰਹੀਆਂ ਹਨ ਅਤੇ ਵੱਧ ਰਹੀ ਮਹਿੰਗਾਈ ਕਾਰਨ ਆਪਣੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀ ਦਾ ਮੌਸਮ ਸਿਰ ਤੇ ਹੋਣ ਕਾਰਨ ਗੈਸ ਦੀ ਕਿੱਲਤ ਦਾ ਸਹਿਮ ਯੂਰੋਪੀਅਨ ਮੁਲਕਾਂ ਦਾ ਤ੍ਰਾਹ ਕੱਢ ਰਿਹਾ ਹੈ ਜਿਸ ਤੋਂ ਯੂਰੋਪੀਅਨ ਮੁਲਕ ਖ਼ਬਰਦਾਰ ਹਨ ਤੇ ਉਹ ਰੂਸ ਨਾਲ ਤੇਲ ਤੇ ਗੈਸ ਦੇ ਵਪਾਰ ਲਈ ਅਮਰੀਕੀ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੱਛਮੀ ਤਾਕਤਾਂ ਵਿੱਚਕਾਰ ਅੰਤਰ ਵਿਰੋਧ ਪੂਰਬੀ ਤਾਕਤਾਂ ਲਈ ਲਾਭਦਾਇਕ ਹੈ। ਇਸ ਜੰਗ ਵਿੱਚ ਅਮਰੀਕਾ ਦੀ ਯੂਕਰੇਨ ਅੰਦਰ ਦਖ਼ਲਅੰਦਾਜੀ ਦਾ ਬੋਝ ਅਮਰੀਕਨ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿੱਚ ਪਿਆ ਹੈ ਅਤੇ ਹੁਣ ਅਮਰੀਕਾ ਅੰਦਰ ਬਾਇਡਨ ਸਰਕਾਰ ਖ਼ਿਲਾਫ਼ ਰੋਸ ਵੱਧ ਰਿਹਾ ਹੈ। ਪੂਰਬ ਵਿੱਚ ਰੂਸ ਵੱਡੀ ਫੌਜ਼ੀ ਤਾਕਤ ਅਤੇ ਚੀਨ ਸੰਸਾਰ ਦੀ ਦੂਜੀ ਵੱਡੀ ਆਰਥਿਕ ਤੇ ਫੌਜੀ ਤਾਕਤ ਅਮਰੀਕਾ ਸਮੇਤ ਪੱਛਮੀ ਤਾਕਤਾਂ ਲਈ ਇਕ ਵੱਡੀ ਚੁਣੌਤੀ ਬਣ ਗਏ ਹਨ।
ਯੂਕਰੇਨ ਜੰਗ ਵਿੱਚ ਅਮਰੀਕਾ ਦਾ ਨਿਸ਼ਾਨਾ ਰੂਸ ਦੇ ਨਾਲ ਚੀਨ ਵੀ ਹੈ। ਇਸ ਜੰਗ ਵਿੱਚ ਚੀਨ ਵੱਲੋਂ ਰੂਸ ਦੇ ਹੱਕ ’ਚ ਖੜ੍ਹਨ ਕਰਕੇ ਅਮਰੀਕਾ ਚੀਨ ਉੱਪਰ ਖਫਾ ਹੈ। ਰੂਸ ਅਮਰੀਕਾ ਲਈ ਹਮੇਸ਼ਾ ਇੱਕ ਫੌਜੀ ਤਾਕਤ ਵਜੋਂ ਚੁਣੌਤੀਪੂਰਨ ਰਿਹਾ ਹੈ ਪਰ ਚੀਨ ਅਮਰੀਕਾ ਲਈ ਫੌਜੀ, ਆਰਥਿਕ ਅਤੇ ਤਕਨੀਕੀ ਸ਼ਕਤੀ ਦੇ ਤੌਰ ’ਤੇ ਚੁਣੌਤੀਪੂਰਨ ਹੈ ਅਤੇ ਚੀਨ ਇਕ ਵੱਡੀ ਸੰਸਾਰ ਮੰਡੀ ਕਾਰਨ ਅਮਰੀਕਾ ਲਈ ਵੱਡਾ ਦੁਸ਼ਮਣ ਬਣਿਆ ਹੋਇਆ ਹੈ। ਇਸੇ ਲਈ ਅਮਰੀਕਾ ਆਪਣੇ ਰਣਨੀਤਿਕ ਭਾਈਵਾਲ ਭਾਰਤ ਨਾਲ ਮਿਲਕੇ ਹਿੰਦ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਦੀ ਮਨਸ਼ਾ ਰੱਖ ਰਿਹਾ ਹੈ। ਯੂਰੋਪੀਅਨ ਮੁਲਕਾਂ ਦਾ ਯੂਕਰੇਨ ਜੰਗ ਨੂੰ ਲੈ ਕੇ ਰੂਸ ਅਤੇ ਚੀਨ ਪ੍ਰਤੀ ਰਵੱਈਆ ਅਲੱਗ-ਅਲੱਗ ਹੈ। ਬਰਤਾਨੀਆ ਇਸ ਜੰਗ ਵਿੱਚ ਪੂਰੀ ਤਰ੍ਹਾਂ ਰੂਸ ਖ਼ਿਲਾਫ਼ ਖੜ੍ਹਾ ਨਜ਼ਰ ਆ ਰਿਹਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਰੂਸ ਪ੍ਰਤੀ ਭਾਰਤ ਦੀ ਕੂਟਨੀਤਕ ‘ਨਿਰਪੱਖ’ ਪਹੁੰਚ ਕਾਰਨ ਅਮਰੀਕਾ ਉਸਨੂੰ ਘੁਰਕੀਆਂ ਦੇ ਰਿਹਾ ਹੈ। ਦੂਜੀ ਸੰਸਾਰ ਜੰਗ ਦੇ ਸੰਤਾਪ ਬਾਅਦ ਜਰਮਨੀ ਜੰਗ ਨਹੀਂ ਚਾਹੁੰਦਾ। ਜੰਗ ਦੇ ਐਨੇ ਦਿਨਾਂ ਬਾਅਦ ਰੂਸ ਤੇ ਯੂਕਰੇਨ ਇੱਕ ਪਾਸੇ ਜੰਗ ਲੜ ਰਹੇ ਹਨ ਅਤੇ ਦੂਜੇ ਪਾਸੇ ਲੜਾਈ ਦੇ ਹੱਲ ਨੂੰ ਲੈ ਕੇ ਨਰਮ ਦਿਖਾਈ ਦਿੰਦੇ ਹਨ। ਪਰ ਸਾਮਰਾਜੀ ਤਾਕਤਾਂ ਦੇ ਖਹਿਭੇੜ ਕਾਰਨ ਯੂਕਰੇਨ ਦੀ ਵੱਡੇ ਪੱਧਰ ’ਤੇ ਤਬਾਹੀ ਹੋ ਰਹੀ ਹੈ। ਇਸ ਕਰਕੇ ਇਨਸਾਫ਼ ਅਤੇ ਸ਼ਾਂਤੀਪਸੰਦ ਲੋਕਾਂ ਨੂੰ ਇਸ ਨਿਹੱਕੀ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਆਲਮੀ ਬਣ ਰਹੀ ਜੰਗ ਦੇ ਖ਼ਾਤਮੇ ਅਤੇ ਮੁੜ ਅਮਨ-ਬਹਾਲੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।
- ਮਨਦੀਪ
15-05-2022

 https://epaper.punjabitribuneonline.com/c/68073127

Monday, May 9, 2022

ਵਿਕਟਰ ਜਾਰਾ : ਫਾਸ਼ੀਵਾਦ ਨੂੰ ਲਲਕਾਰਦਾ ਅਮਰ ਕਲਾਕਾਰ - ਦਰਸ਼ਨ ਖਟਕੜ

  

ਦਰਸ਼ਨ ਖਟਕੜ /Darshan Khatkar

ਵਿਕਟਰ ਜਾਰਾ ਬਿਨਾਂ ਸ਼ੱਕ ਲੋਕਾਂ ਦਾ ਗਾਇਕ, ਨਾਇਕ ਅਤੇ ਸ਼ਹੀਦ ਹੈਉਹ ਤਬਦੀਲੀ ਦੇ ਸਿਧਾਂਤ ਨਾਲ ਪ੍ਰਤੀਬੱਧ, ਅਡੋਲ ਅਤੇ ਪੁਰਜ਼ਾ-ਪੁਰਜ਼ਾ ਕਟਾਕੇ ਵੀ ਮੈਦਾਨ ਛੱਡਣ ਵਾਲਾ ਨਹੀਂ ਸੀ। ਗੋਲੀਆਂ ਦੀ ਗੜਗੜਾਹਟ, ਹਥੌੜਿਆਂ ਅਤੇ ਬੰਦੂਕ-ਬੱਟਾਂ ਨਾਲ ਹੱਥ ਫੇਹ ਦਿੱਤੇ ਜਾਣ ਦੇ ਬਾਵਜੂਦ ਵੀ, ਉਸਨੇ ਫਾਸ਼ੀ ਦਰਿੰਦਿਆਂ ਦੀ ਵੰਗਾਰ ਨੂੰ ਕਬੂਲਿਆ, ਟੁੱਟੀਆਂ ਹੱਥ-ਹੱਡੀਆਂ ਅਤੇ ਖ਼ੂਨ ਨਾਲ ਲੱਥਪੱਥ ਹੱਥਾਂ ਨਾਲ ਫਿਰ ਗਿਟਾਰ ਨੂੰ ਜਾ ਸੰਭਾਲਿਆ ਅਤੇ ਹਜ਼ਾਰਾਂ ਗ੍ਰਿਫਤਾਰ ਜਮਹੂਰੀ-ਪਸੰਦ ਅਤੇ ਤਰੱਕੀ ਪਸੰਦ ਲੋਕਾਂ ਦੇ ਪੈਰ ਥਰਕਣ, ਦਿਲ ਧੜਕਣ, ਬੁੱਲ ਫਰਕਣ ਅਤੇ ਬੋਲ ਗੜਕਣ ਲਾ ਦਿੱਤੇ। ਕਈ ਫਰਕਾਂ ਸਹਿਤ ਇਹ ਦ੍ਰਿਸ਼ ਉਸ ਦ੍ਰਿਸ਼ ਨਾਲ ਮੇਲ ਖਾਂਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਇੱਕ-ਇੱਕ ਕਰਕੇ ਸ਼ਹੀਦ ਕੀਤੇ ਜਾ ਰਹੇ ਸਨ, ਦਿੱਲੀ ਵਿੱਚ। ਇੱਕ ਫੌਜੀ ਹਾਕਮ ਨੇ ਭੁੱਖੇ-ਭਾਣੇ ਭਾਈ ਬਾਜ ਸਿੰਘ ਨੂੰ ਵੰਗਾਰਿਆ, ‘‘ਤੂੰ ਬੜਾ ਬਾਜ ਕਹਾਉਂਦਾ ਸੈਂ, ਹੁਣ ਦਿਖਾ ਤਾਂ ਆਪਣਾ ਬਾਜਪੁਣਾ।’’ ਬਾਜ ਸਿੰਘ ਇੱਕ ਸਿਪਾਹਟੇ ਦੀ ਤਲਵਾਰ ਖੋਹਣ ਲਈ ਬਾਜ ਬਣਕੇ ਝਪਟਿਆ ਪਰ ਸਾਵਧਾਨ ਦੂਜੇ ਫੌਜੀ ਨੇ ਉਸਨੂੰ ਕਤਲ ਕਰ ਮਾਰਿਆ। ਇਸ ਪ੍ਰਕਾਰ ਜਦ ਵਿਕਟਰ ਜਾਰਾ ਦੀ ਆਵਾਜ਼ ਅਤੇ ਸਾਜ਼ ਗ੍ਰਿਫਤਾਰਾਂ ਵਿੱਚ ਨਵਾਂ ਜੋਸ਼ ਭਰ ਰਹੀ ਸੀ ਤਾਂ ਫਾਸ਼ੀ ਤਾਕਤ ਦੇ ਫੌਜੀਆਂ ਨੇ ਉਸ ਨੂੰ ਸ਼ਰੇ-ਮੈਦਾਨ ਗੋਲੀਆਂ ਨਾਲ ਛਾਨਣੀ ਕਰ ਦਿੱਤਾ। ਇਹ ਇੱਕ ਜੁਝਾਰੂ ਅਦਾਕਾਰ, ਗਾਇਕ, ਕਵੀ ਅਤੇ ਸੰਸਥਾ ਵਰਗੇ ਪ੍ਰਤਿਭਾਸ਼ੀਲ ਦੀ ਉਸ ਤਰ੍ਹਾਂ ਦੀ ਸ਼ਹੀਦੀ ਸੀ ਜਿਸ ਨੇ ਉਸਦੀ ਸ਼ਾਨ, ਵਡੱਤਣ ਅਤੇ ਦੇਣ ਨੂੰ ਅਮਰ ਕਰ ਦਿੱਤਾ। ਉਹ ਜਿਸ ਜਲੌਅ ਨਾਲ ਸ਼ਹੀਦ ਹੋਇਆ ਉਹ ਸ਼ਾਨ ਸਦੀਆਂ ਤੱਕ ਅਮਰ ਰਹੇਗੀ। ਫੈਜ ਅਹਿਮਦ ਫੈਜ ਦਾ ਇੱਕ ਸ਼ਿਅਰ ਹੈ :

 

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ,

ਵੋਹ ਸ਼ਾਨ ਸਲਾਮਤ ਰਹਿਤੀ ਹੈ

 

ਚੇਤਨ, ਇਨਕਲਾਬ ਨੂੰ ਪ੍ਰਨਾਏ ਹੋਏ, ਲੋਕਾਂ ਦੀ ਮੁਕੰਮਲ ਮੁਕਤੀ ਲਈ ਜਾਨ ਤਲੀ ’ਤੇ ਰੱਖਕੇ, ਸੰਗੀਤ ਅਤੇ ਸੱਭਿਆਚਾਰ ਦੀ ਰਚਨਾ ਅਤੇ ਪਰਵਰਿਸ਼ ਕਰਨ ਵਾਲੇ ਸਾਹਿਤਕਾਰ, ਲੋਕ-ਕਲਾਕਾਰ ਹਰੇਕ ਦੇਸ਼ ਵਿੱਚ ਹੀ ਆਪਣੀ ਪ੍ਰਤੀਬੱਧਤਾ ਦੇ ਜੌਹਰ ਦਿਖਾਉਂਦੇ ਆਏ ਹਨ। ਇਹ ਸੱਚ ਸਾਡੇ ਸਮਿਆਂ ਦਾ ਅਤੇ ਸਾਡੇ ਦੇਸ਼ ਦਾ ਵੀ ਸੱਚ ਹੈਮਈ 1967 ਵਿੱਚ ਨਕਸਲਬਾੜੀ ਦੀ ਗੂੰਜ ਨੇ ਅਨੇਕਾਂ ਹੀ ਕਵੀਆਂ, ਨਾਟਕਕਾਰਾਂ, ਨਾਟਕ-ਕਲਾਕਾਰਾਂ ਅਤੇ ਲੋਕ ਗਾਇਕਾਂ ਨੂੰ ਇਸ ਬਗਾਵਤ ਨਾਲ ਖੜਨ ਦਾ ਹੋਕਾ ਦਿੱਤਾ ਸੀ ਜਿਸ ਨੂੰ ਅਨੇਕਾਂ ਹੀ ਕਵੀਆਂ ਅਤੇ ਕਲਾਕਾਰਾਂ ਨੇ ਠੋਕਵਾਂ ਹੁੰਗਾਰਾ ਭਰਿਆ ਸੀ ਜਿਸਦੇ ਸਿੱਟੇ ਵਜੋਂ ਜੁਝਾਰਵਾਦੀ ਕਾਵਿ ਦਾ ਸੂਰਜ ਉੱਗਮਿਆ ਸੀ। ਇਸ ਮਹਾਨ ਹੋਕੇ ਨੇ ਆਂਧਰਾ ਦੇ ਕਮਿਊਨਿਸਟ ਇਨਕਲਾਬੀਆਂ ਅਤੇ ਕਲਾਕਾਰਾਂ ਨੂੰ ਵੀ ਝੰਜੋੜਿਆ ਸੀ। 1968-69 ਦੇ ਅਰਸੇ ਵਿੱਚ ਸਿਰੀਕਾਕੂਲਮ ਦਾ ਇਤਿਹਾਸਕ ਆਦਿਵਾਸੀ ਸੰਘਰਸ਼ ਆਰੰਭ ਹੋ ਗਿਆ ਸੀ ਜਿਸ ਦੀ ਗੂੰਜ-ਗੜ੍ਹਕ ਸਾਰੇ ਦੇਸ਼ ਲਈ ਪ੍ਰੇਰਨਾ-ਸਰੋਤ ਬਣ ਰਹੀ ਸੀ। ਇਸ ਹਥਿਆਰਬੰਦ ਸੰਘਰਸ਼ ਦੌਰਾਨ ਆਦਿਵਾਸੀਆਂ ਅਤੇ ਕਿਸਾਨਾਂ ਨੂੰ ਚੇਤਨ ਕਰਨ, ਉਤਸ਼ਾਹਤ ਕਰਨ, ਸੰਘਰਸ਼ ਦਾ ਸਰਗਰਮ ਹਿੱਸਾ ਬਣਾਉਣ ਵਿੱਚ, ਲੋਕ-ਕਲਾਕਾਰਾਂ ਦੀ ਇੱਕ ਟੋਲੀ ਸਭ ਖਤਰੇ ਸਹੇੜਕੇ ਇਨਕਲਾਬੀ ਗੀਤਾਂ ਦਾ ਸੰਚਾਰ-ਪਸਾਰ ਕਰਨ ਲਈ ਮੈਦਾਨ ਵਿੱਚ ਕੁੱਦ ਪਈ ਸੀ। ਇਸ ਟੋਲੀ ਵਿੱਚ ਸਾਥੀ ਸੂਬਾਰਾਉ ਪਾਣੀਗ੍ਰਿਹੀ, ਸਾਥੀ ਪਾਲਾ ਵਾਸੂਦੇਵਾ ਰਾਉ ਅਤੇ ਕਈ ਹੋਰ ਸਾਥੀ ਸ਼ਾਮਿਲ ਸਨ। ਬੱਸ ਹਾਕਮਾਂ ਨੂੰ ਇਹ ਅਮਲ ਹੀ ਬੱਜਰ ਚੁਣੌਤੀ ਜਾਪਦੀ ਸੀ ਜਿਸ ਕਰਕੇ ਮੌਕਾ ਮਿਲਣ ’ਤੇ ਪੁਲੀਸ ਨੇ ਉਸਦਾ ਸ਼ਰੇਆਮ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਸੀ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਜਦੋਂ ਜਰਮਨੀ, ਇਟਲੀ, ਜਪਾਨ ਅਤੇ ਸਪੇਨ ਵਿੱਚ ਫਾਸ਼ੀਵਾਦ ਦਨਦਨਾਉਂਦਾ ਫਿਰਦਾ ਸੀ ਉਦੋਂ ਵੀ ਇੰਗਲੈਂਡ ਦੇ ਜੰਮਪਲ ਸਾਹਿਤ-ਅਲੋਚਕ ਅਤੇ ਵਿਦਵਾਨ ਸਾਥੀ ਕ੍ਰਿਸਟੋਫਰ ਕਾਡਵੈੱਲ ਅਤੇ ਡੇਵਿਡ ਗੈਸਟ ਵਰਗੇ ਕਮਿਊਨਿਸਟ, ਫਾਸ਼ੀਵਾਦ ਵਿਰੋਧੀ ਅੰਤਰ-ਰਾਸ਼ਟਰੀ ਬ੍ਰਿਗੇਡ ਦਾ ਅੰਗ ਬਣਕੇ, ਸਪੇਨ ਵਿੱਚ ਫਰੈਂਕੋ ਦੇ ਫਾਸ਼ੀਵਾਦ ਵਿਰੁੱਧ ਜੂਝਣ ਲਈ ਸਪੇਨ ਪਹੁੰਚੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਹ ਸਾਰੇ ਇਸ ਤੱਥ ਨਾਲ ਕਾਇਲ ਸਨ ਕਿ ਜੇ ਕਲਾ, ਸਾਹਿਤ-ਸੱਭਿਆਚਾਰ ਦੀ ਰਾਖੀ ਕਰਨੀ ਅਤੇ ਇਸਨੂੰ ਵਿਕਸਤ ਕਰਕੇ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਫਾਸ਼ੀਵਾਦ ਦੇ ਵਿਰੁੱਧ ਜਾਨ-ਵਾਰੂ ਸੰਘਰਸ਼ ਇੱਕ ਅਟੱਲ ਸਮਕਾਲੀ ਲੋੜ ਹੈ

Victor Jara

ਸਾਹਿਤ, ਕਲਾ ਅਤੇ ਸੱਭਿਆਚਾਰ ਸਾਰੇ ਸਮਾਜਿਕ ਉਪਜਾਂ ਹਨ। ਕਿਸੇ ਵਿਸ਼ੇਸ਼ ਕਿਸਮ ਦੀ ਸਮਾਜਕ-ਆਰਥਿਕ ਸਥਿਤੀ ਵਿੱਚ ਉਸ ਨੂੰ ਸਥਾਪਿਤ ਕਰਨ ਵਾਲਾ ਅਤੇ ਤੋੜਨ ਵਾਲਾ ਦੋਹਾਂ ਕਿਸਮਾਂ ਦਾ ਸਾਹਿਤ-ਸੱਭਿਆਚਾਰ ਸਿਰਜਿਆ ਜਾਂਦਾ ਹੈਭਾਵੇਂ ਆਰਥਿਕ-ਸਮਾਜਕ ਸਥਿਤੀ ਕੋਈ ਵੀ ਹੋਵੇ, ਸਾਹਿਤ-ਸੱਭਿਆਚਾਰ ਦਾ ਵਿਕਾਸ ਸਬੰਧਤ ਸਮਾਜ ਦੀਆਂ ਅੰਤਰੀਵੀ ਵਿਰੋਧਤਾਈਆਂ ਦੇ ਤੀਬਰ-ਤੀਖਣ ਨਾਲ ਅਤੇ ਉਨ੍ਹਾਂ ਕਾਰਨ ਪੈਦਾ ਹੁੰਦੇ ਪ੍ਰਗਤੀਸ਼ੀਲ, ਜਮਹੂਰੀ ਅਤੇ ਇਨਕਲਾਬੀ ਸੰਘਰਸ਼ਾਂ ਦੇ ਨਿਕਾਸ-ਵਿਕਾਸ ਨਾਲ ਜੁੜਿਆ ਹੁੰਦਾ ਹੈਕਿਸੇ ਨਵੀਂ ਫੁੱਟਦੀ ਲਹਿਰ ਨਾਲ ਇੱਕ ਨਵੇਂ ਸਾਹਿਤ-ਸੱਭਿਆਚਾਰ ਦਾ ਨਿਕਾਸ-ਵਿਕਾਸ ਜੁੜਿਆ ਹੁੰਦਾ ਹੈਜੇ ਕਰ ਅਜਿਹੀ ਨਵੀਂ ਲਹਿਰ ਵਿਕਾਸ ਕਰਦੀ ਹੈ ਤਾਂ ਅਜਿਹਾ ਸਾਹਿਤ-ਸੱਭਿਆਚਾਰ ਵੀ ਵਿਕਸਤ ਹੁੰਦਾ ਜਾਂਦਾ ਹੈਪਰ ਜੇਕਰ ਇੱਕ ਪੱਧਰ ’ਤੇ ਜਾ ਕੇ ਅਜਿਹੀ ਲਹਿਰ ਖੜੋਤ ਵਿੱਚ ਆ ਜਾਂਦੀ ਹੈ ਤਾਂ ਅਜਿਹੇ ਸਾਹਿਤ-ਸੱਭਿਆਚਾਰ ਵਿੱਚ ਵੀ ਖੜੋਤ ਆ ਜਾਂਦੀ ਹੈਜਿੱਥੇ ਨਵੀਂ ਇਨਕਲਾਬੀ ਲਹਿਰ ਸਾਹਿਤਕ-ਸੱਭਿਆਚਾਰਕ ਲਹਿਰ ਨੂੰ ਨਵਾਂ ਵੇਗ, ਨਵੀਂ ਊਰਜਾ ਅਤੇ ਤੀਖਤਣਾ ਪਰਦਾਨ ਕਰਦੀ ਹੈ, ਉਸੇ ਤਰ੍ਹਾਂ ਨਵਾਂ ਉਰਜਿਤ, ਜੁਝਾਰੂ ਅਤੇ ਨਾਬਰ ਸਾਹਿਤ-ਸਭਿਆਚਾਰ ਵੀ ਨਵੀਂ ਇਨਕਲਾਬੀ ਲਹਿਰ ਲਈ ਸਹਾਈ ਹੁੰਦਾ ਹੈਸਾਰੇ ਆਪਣੇ ਦੇਸ਼ ਅਤੇ ਸੂਬੇ ਪੰਜਾਬ ਦੀ ਜੁਝਾਰਵਾਦੀ ਲਹਿਰ ਉੱਪਰ ਵੀ ਇਹ ਹੀ ਨਿਯਮ ਲਾਗੂ ਹੁੰਦਾ ਹੈਪਰ ਸਬੰਧਿਤ ਲਹਿਰ ਦੇ ਉਤਰਾਵੀ-ਪੜਾਅ ਵਿੱਚ ਵੀ ਪਹਿਲੀ ਸਾਹਿਤਕ-ਸੱਭਿਆਚਾਰਕ ਲਹਿਰ ਇੱਕ ਸਥਾਪਿਤ ਰਵਾਇਤ ਬਣ ਚੁੱਕੀ ਹੁੰਦੀ ਹੈ ਅਤੇ ਆਪਣੇ ਅੰਤਰੀਵੀ ਵੇਗ ਅਤੇ ਗਤੀ ਕਾਰਨ ਮੌਜੂਦ ਵੀ ਰਹਿੰਦੀ ਹੈ ਅਤੇ ਨਵੇਂ ਰੂਪਾਂ ਵਿੱਚ ਮੁੜ-ਪ੍ਰਗਟ ਹੋਣ ਦੀ ਸਮਰੱਥਾ ਵੀ ਆਪਣੇ ਆਪ ਵਿੱਚ ਸਮੋਈ ਰੱਖਦੀ ਹੈਉਸਨੂੰ ਇਨਕਲਾਬੀ ਲਹਿਰ ਦੀ ਇੱਕ ਨਵੀਂ ਪਰਵਾਜ਼ ਦੀ ਉਡੀਕ ਵੀ ਰਹਿੰਦੀ ਹੈ

ਪੁਸਤਕ ਪ੍ਰਾਪਤੀ ਲਈ  +91 94176 42785 (ਮਾਸਟਰ ਹਰੀਸ਼ ਪੱਖੋਵਾਲ)

ਵਿਕਟਰ ਜਾਰਾ ਵੀ ਚਿੱਲੀ ਦੀ ਆਰਥਕ, ਸਮਾਜਕ, ਸਿਆਸੀ ਅਤੇ ਸੱਭਿਆਚਾਰਕ ਸਥਿਤੀ ਦੀ ਉਪਜ ਸੀ। ਵੀਹਵੀਂ ਸਦੀ ਦੇ 6ਵੇਂ ਅਤੇ 7ਵੇਂ ਦਹਾਕੇ ਵਿੱਚ ਸੰਸਾਰ ਪੱਧਰ ’ਤੇ ਹਾਲਾਤ ਇੱਕ ਕਰਵਟ ਲੈ ਰਹੇ ਸਨ। ਚੀਨ ਵਿੱਚ ਸੱਭਿਆਚਾਰਕ ਇਨਕਲਾਬ ਪੂਰੇ ਵਿਸਥਾਰ ਅਤੇ ਵੇਗ ਨਾਲ ਕੁੱਲ ਜਹਾਨ ਦੀ ਮਜ਼ਦੂਰ ਜਮਾਤ ਵਿੱਚ ਨਵਾਂ ਵਿਸ਼ਵਾਸ਼ ਅਤੇ ਆਸਾਂ-ਉਮੀਦਾਂ ਜਗਾ ਰਿਹਾ ਸੀ ਅਤੇ ਵਿਚਾਰਧਾਰਕ-ਸਿਆਸੀ-ਸੱਭਿਆਚਾਰਕ ਦ੍ਰਿਸ਼ ਅਤੇ ਨਵੇਂ ਦਿਸਹੱਦੇ ਸਿਰਜ ਰਿਹਾ ਸੀ। ਫਰਾਂਸ ਵਿੱਚ ਵਿਦਿਆਰਥੀ ਲਹਿਰ ਨੇ ਇਨਕਲਾਬੀ ਤਬਦੀਲੀ ਦੀ ਇੱਕ ਨਵੀਂ ਧੁਨ ਸਿਰਜ ਦਿੱਤੀ ਸੀ। ਵੀਅਤਨਾਮ ਦਾ ਕੌਮੀ ਇਨਕਲਾਬੀ ਮੁਕਤੀ ਘੋਲ ਨਵੀਆਂ ਉਚਾਈਆਂ ਛੋਹ ਰਿਹਾ ਸੀ ਅਤੇ ਸੰਸਾਰ ਭਰ ਵਿੱਚ ਹਮਲਾਵਰ ਅਮਰੀਕਨ-ਸਾਮਰਾਜ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਲਾਮਬੰਦੀ ਵਿਰਾਟ-ਰੂਪ ਧਾਰਨ ਕਰਕੇ ਤੀਬਰਤਾ ਅਤੇ ਤੀਖਣਤਾ ਦੇ ਨਵੇਂ ਮਿਆਰ ਸਿਰਜ ਰਹੀ ਸੀ। ਵਿਦਿਆਰਥੀ ਘੋਲ ਦੀ ਗੂੰਜ ਭਾਰਤ ਸਮੇਤ ਕੁੱਲ ਸੰਸਾਰ ਵਿੱਚ ਸੁਣਾਈ ਦੇ ਰਹੀ ਸੀ। ਇਹ ਵਰਤਾਰੇ ਸੰਸਾਰ ਭਰ ਵਿੱਚ ਨੌਜਵਾਨ ਪੀੜੀ ਲਈ ਅਤੇ ਇਨਕਲਾਬੀ ਲੋਕਾਂ ਲਈ ਨਵੇਂ ਦਿਸਹੱਦੇ ਅਤੇ ਪਰੇਰਨਾ ਪਰਦਾਨ ਕਰ ਰਹੀ ਸੀ। ਨੌਜਵਾਨਾਂ ਸਮੇਤ ਕਿਰਤੀ ਲੋਕਾਈ ਦਾ ਇਨਕਲਾਬੀਕਰਨ ਹੋ ਰਿਹਾ ਸੀ। ਕੌਮਾਂ, ਦੇਸ਼ ਅਤੇ ਲੋਕ ਮੁਕਤੀ ਦੀ ਤਾਂਘ ਨਾਲ ਧੜਕ ਰਹੇ ਸਨ। ਚਿੱਲੀ ਵੀ ਇਸ ਘਟਨਾਕ੍ਰਮ ਤੋਂ ਅਣਭਿੱਜ ਨਹੀਂ ਸੀ ਰਹਿ ਸਕਦਾ। ਇਸ ਕਰਕੇ ਚਿੱਲੀ ਦੇ ਸਮਾਜਵਾਦ, ਮਨੁੱਖੀ ਬਰਾਬਰੀ ਅਤੇ ਕਿਰਤ ਦੀ ਮੁਕਤੀ ਲਈ ਪਰੇਰਤ ਲੋਕ, ਕਲਾਕਾਰ, ਬੁੱਧੀਜੀਵੀ ਇਨਕਲਾਬੀ ਧੜਕਣ ਨੂੰ ਮਹਿਸੂਸ ਕਰ ਰਹੇ ਸਨ। 1972-73 ਤੱਕ, ਆਖਰਕਾਰ ਅਮਰੀਕਨ-ਸਾਮਰਾਜ ਨੂੰ ਵੀਅਤਨਾਮ ਵਿੱਚ ਹਾਰ ਦਾ ਸਾਹਮਣਾ ਕਰਕੇ ਉਥੋਂ ਨਿਕਲਣਾ ਪੈ ਰਿਹਾ ਸੀ ਅਤੇ ਵੀਅਤਨਾਮੀ ਕੌਮੀ ਮੁਕਤੀ ਘੋਲ ਦੀ ਜਿੱਤ ਦੇ ਡੰਕੇ ਸੰਸਾਰ ਭਰ ਵਿੱਚ ਸੁਣਾਈ ਦੇ ਰਹੇ ਸਨ। ਨਾਲ ਹੀ ਕੰਬੋਡੀਆ ਵਿੱਚ, ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਇਨਕਲਾਬੀ ਸੰਘਰਸ਼ ਆਖਰ ਜੇਤੂ ਹੋ ਗਿਆ ਸੀ। ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਦੀ ਗੂੰਜ ਪਰਤੱਖ ਹੋ ਕੇ ਇਨਕਲਾਬੀ ਜਮਾਤਾਂ ਨੂੰ ਇੱਕ ਹੁਲਾਰਾ ਦੇ ਰਹੀ ਸੀ, ਪੰਜਾਬ, ਬੰਗਾਲ, ਆਂਧਰਾ, ਕੇਰਲਾ ਅਤੇ ਬਿਹਾਰ ਆਦਿ ਸੂਬਿਆਂ ਵਿੱਚ ਇਨਕਲਾਬੀ ਜੁਝਾਰੂ ਸਾਹਿਤ ਦੀ ਪੁਰਜੋਰ ਸਿਰਜਣਾ ਹੋ ਰਹੀ ਸੀ। ਚਿੱਲੀ ਵਿੱਚ ਵੀ ਸਮਾਜਵਾਦ ਪੱਖੀ ਮਜ਼ਦੂਰ ਲਹਿਰ, ਕਿਸਾਨ-ਲਹਿਰ ਅਤੇ ਇਨਕਲਾਬੀ ਬੁੱਧੀਜੀਵੀ ਪਰਤ ਇੱਕ ਨਵੀਂ ਗਤੀ ਦਾ ਅਹਿਸਾਸ ਕਰ ਰਹੇ ਸਨ ਅਤੇ ਇਸਦੇ ਹੱਕ-ਪੱਖ ਵਿੱਚ ਲਾਮਬੰਦੀ ਕਰ ਰਹੇ ਸਨ।

ਇਸ ਘਟਨਾਕ੍ਰਮ ਦੇ ਸਮਾਨੰਤਰ ਸੰਸਾਰ ਵਿੱਚ ਇੱਕ ਨਵਾਂ ਵਰਤਾਰਾ ਉੱਭਰ ਰਿਹਾ ਸੀ : ਇਹ ਸੀ ਦੋ ਮਹਾਂਸ਼ਕਤੀਆਂ, ਅਮਰੀਕਾ ਅਤੇ ਸੋਵੀਅਤ ਯੂਨੀਅਨ ਦਾ ਉੱਭਰਨਾ। ਸੋਵੀਅਤ ਯੂਨੀਅਨ ਉਦੋਂ ਤੱਕ ਆਪਣਾ ਸਮਾਜਵਾਦੀ ਕਿਰਦਾਰ ਗੁਆ ਚੁੱਕਾ ਸੀ ਅਤੇ ਸਮਾਜਕ-ਸਾਮਰਾਜ ਦਾ ਕਿਰਦਾਰ ਧਾਰਨ ਕਰ ਚੁੱਕਾ ਸੀ। ਉਹ ਅੰਤਰ-ਰਾਸ਼ਟਰੀਵਾਦ ਦੇ ਨਾਂ ਥੱਲੇ ਅਮਰੀਕਾ ਨਾਲ ਚੌਧਰ ਦੀ ਦੌੜ ਅਤੇ ਲੜਾਈ ਵਿੱਚ ਸ਼ਾਮਲ ਹੋ ਚੁੱਕਾ ਸੀ। ਉਹ ਆਪਣੀ ਸੰਸਾਰ-ਚੌਧਰ ਸਥਾਪਤ ਕਰਨ ਲਈ ਲੋਕਾਂ ਅਤੇ ਤੀਸਰੇ ਸੰਸਾਰ ਦੇ ਲੋਕਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਮੁਕਤੀ ਦੀ ਤਾਂਘ ਦਾ ਲਾਭ ਉਠਾਕੇ ਨਵੇਂ ਗਠਜੋੜ ਕਰ ਰਿਹਾ ਸੀ। ਚਿੱਲੀ ਵਿੱਚ ਵੀ ਉਸ ਨੇ ਇਹੀ ਨੀਤੀ ਅਪਣਾਈ। ਸਮਾਜਵਾਦ ਦੇ ਤਾਂਘੀ ਲੋਕਾਂ ਦੀ ਮੱਦਦ ਕਰਕੇ, ਉਹ ਚਿੱਲੀ ਵਿੱਚ ਇੱਕ ਸੋਵੀਅਤ-ਪੱਖੀ ਰਾਜ-ਪ੍ਰਬੰਧ ਸਥਾਪਤ ਕਰਨਾ ਚਾਹੁੰਦਾ ਸੀ। ਇਸ ਸਥਿਤੀ ਵਿੱਚ ਅਮਰੀਕਾ ਦੀ ਲੁੱਟ, ਦਖਲ ਅਤੇ ਦਮਨ ਦੇ ਦੁਖਾਏ-ਸਤਾਏ ਲੋਕ-ਸਮੂਹਾਂ ਨੇ ਨਵੀਂ ਗਤੀ ਫੜ ਲਈ ਸੀ। ਜਿੱਥੇ ਸਿਆਸੀ ਸਰਗਰਮੀ ਨੇ ਜ਼ੋਰ ਫੜਿਆ, ਉਥੇ ਸਾਹਿਤਕ-ਸੱਭਿਆਚਾਰਕ ਸਰਗਰਮੀ ਨੇ ਵੀ ਨਵੇਂ ਪਸਾਰ ਧਾਰਨ ਕਰਨੇ ਆਰੰਭ ਕੀਤੇ। ਵਿਕਟਰ ਜਾਰਾ ਵਰਗੇ ਅਨੇਕਾਂ ਕਲਾਕਾਰਾਂ, ਕਵੀਆਂ, ਰੰਗ-ਕਰਮੀਆਂ, ਨਾਟਕਕਾਰਾਂ, ਚਿੱਤਰਕਾਰਾਂ, ਸੰਗੀਤਕਾਰਾਂ ਨੇ ਆਪੋ ਆਪਣੇ ਖੇਤਰ ਵਿੱਚ ਆਪੋ ਆਪਣੇ ਮੋਰਚੇ ਸੰਭਾਲ ਲਏ। ਇਸ ਸੱਭਿਆਚਾਰਕ ਲਹਿਰ ਦੇ ਪਿਛੋਕੜ ਵਿੱਚ ਕੰਮ ਕਰਦੀ ਸਿਆਸੀ ਸਰਗਰਮੀ, ਅਮਰੀਕੀ ਸਾਮਰਾਜੀ ਕੰਪਨੀਆਂ ਵੱਲੋਂ ਚਿੱਲੀ ਦੇ ਤਾਂਬੇ, ਸੋਨੇ ਅਤੇ ਹੋਰ ਖਣਿਜ ਪਦਾਰਥਾਂ ਦੀ ਅੰਨ੍ਹੀ ਲੁੱਟ ਦੇ ਵਿਰੋਧ ਵਿੱਚ ਅਤੇ ਇਨਾਂ ਖਾਣਾਂ, ਤੇਲ-ਸਰੋਤਾਂ ਦੇ ਕੌਮੀਕਰਨ ਦੀ ਮੰਗ ਕਰ ਰਹੀ ਸੀ। ਇਸ ਹੀ ਮੰਗ ਦੀ ਪ੍ਰਤੀਧੁਨੀ ਸਾਹਿਤ-ਸੱਭਿਆਚਾਰਕ ਖੇਤਰ ਵਿੱਚ ਵੀ ਪਰਤੱਖ ਤੇ ਪਰਮਾਣਿਤ ਹੋ ਰਹੀ ਸੀ। ਇਸ ਵਿਆਪਕ-ਵਿਸ਼ਾਲ ਦਾ ਪ੍ਰਭਾਵ-ਖੇਤਰ ਅਤੇ ਕਰਮ-ਖੇਤਰ ਵਧਕੇ ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਵਿੱਚ ਵੀ ਪਰਵੇਸ਼ ਕਰ ਚੁੱਕਾ ਸੀ ਅਤੇ ਇਹ ਜ਼ੋਰਦਾਰ ਵਹਿਣ ਇੱਕ ਅਮੋੜ ਵਹਿਣ ਬਣ ਗਿਆ ਸੀ।


ਅਮਰੀਕਨ ਸਾਮਰਾਜ ਦੇ ‘ਸ਼ਿਕਾਗੋ ਬੁਆਇਜ਼’ ਨਿੱਤ-ਨਵੀਆਂ ਸਾਜਿਸ਼ਾਂ ਘੜ ਰਹੇ ਸਨ, ਇਸ ਸਿਆਸੀ ਲਹਿਰ, ਲੋਕ-ਲਹਿਰ ਅਤੇ ਸੱਭਿਆਚਾਰਕ ਲਹਿਰ ਨੂੰ ਭਟਕਾਉਣ ਅਤੇ ਦਰੜਨ-ਦਬਾਉਣ ਲਈ, ਉਨਾਂ ਨੇ ਫਾਸ਼ੀਵਾਦ ਦੇ ਪੁਨਰ-ਜਨਮ ਅਤੇ ਅਮਲ ਦੀ ਨੀਤੀ ਅਪਨਾਈ। ਕਿਸਾਨਾਂ, ਮਜ਼ਦੂਰਾਂ, ਹੋਰ ਇਨਕਲਾਬੀ ਜਮਾਤਾਂ ਅਤੇ ਸੱਭਿਆਚਾਰਕ ਲਹਿਰ ਨੂੰ ਵੀ ਆਪਣੇ ਜਬਰ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਇਸ ਦਮਨ ਦੇ ਬਾਵਜੂਦ ਵੀ ਮੁਕਤੀ ਦੀ ਤਾਂਘੀ ਅਤੇ ਸਮਾਜਵਾਦ ਪੱਖੀ ਤਾਕਤਾਂ ਵਧਦੀਆਂ ਗਈਆਂ ਅਤੇ ਆਖਰ ਅਲੈਂਦੇ ਦੀ ਅਗਵਾਈ ਵਾਲੀ ਪਾਰਟੀ ਚੋਣਾਂ ਜਿੱਤ ਗਈ ਅਤੇ ਅਲੈਂਦੇ ਰਾਸ਼ਟਰਪਤੀ ਚੁਣਿਆ ਗਿਆ। ਉਨਾਂ ਖਾਣਾਂ ਦਾ ਕੌਮੀਕਰਨ ਲਈ ਕਾਨੂੰਨ ਬਣਾਉਣੇ ਅਤੇ ਯੈਂਕੀ-ਸਾਮਰਾਜੀ ਸੱਭਿਆਚਾਰ ਦੇ ਵਿਰੋਧ ਵਿੱਚ ਕੌਮੀ ਤੇ ਲੋਕ-ਪੱਖੀ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਬਿਨਾਂ ਸ਼ੱਕ ਅਲੈਂਦੇ ਸਰਕਾਰ ਸੋਵੀਅਤ-ਪੱਖੀ ਸਰਕਾਰ ਸੀ। ਅਮਰੀਕਾ ਦੇ ਪ੍ਰਭਾਵ ਹੇਠੋਂ ਇੱਕ ਅਜਿਹਾ ਦੇਸ਼ ਨਿਕਲ ਰਿਹਾ ਸੀ ਜਿਹੜਾ ਇੱਕ ਖਾਸ ਯੁੱਧਨੀਤਕ ਅਤੇ ਫੌਜੀ ਮਹੱਤਤਾ ਰੱਖਦਾ ਸੀ। ਚਿੱਲੀ ਲੰਗੋਟੇ ਦੀ ਲਾਂਗ ਵਰਗਾ ਇੱਕ ਲੰਬਾ ਖੇਤਰ ਹੈ ਜੋ ਪੱਛਮੀ ਪਾਸਿਉਂ ਸਾਰੇ ਦਾ ਸਾਰਾ ਸਮੁੰਦਰ ਨਾਲ ਲੱਗਦਾ ਹੈਇਸ ਕਰਕੇ ਇਹ ਤੱਟ ਵਪਾਰਕ ਸਮੁੰਦਰੀ ਜਹਾਜ਼ਰਾਨੀ ਅਤੇ ਫੌਜੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਪੱਖੋਂ ਵੀ ਬਹੁਤ ਮਹੱਤਵ ਰੱਖਦਾ ਹੈ

ਅਮਰੀਕਨ-ਸਾਮਰਾਜ ਨੇ ਆਪਣੇ ਪਿੱਠੂ ਫੌਜੀ ਅਫਸਰ ਪਿਨੋਚੇ ਨੂੰ ਬਣਾਕੇ ਚਿੱਲੀ ਵਿੱਚ ਫੌਜੀ ਰਾਜ-ਪਲਟਾ ਕਰਕੇ ਦੇਸ਼ ਉੱਪਰ ਫਾਸ਼ੀਵਾਦੀ ਫੌਜੀ ਡਿਕਟੇਟਰਸ਼ਿਪ ਸਥਾਪਤ ਕਰ ਦਿੱਤੀ। ਚੁਣੇ ਹੋਏ ਰਾਸ਼ਟਰਪਤੀ ਅਲੈਂਦੇ ਨੂੰ ਕਤਲ ਕਰ ਦਿੱਤਾ ਗਿਆ, ਸੰਸਾਰ-ਪ੍ਰਸਿੱਧ ਚਿਲੀਅਨ ਕਵੀ ਪਾਬਲੋ-ਨਰੂਦਾ ਦੀ ਰਹੱਸਮਈ ਮੌਤ ਹੋ ਗਈ। ਹਜ਼ਾਰਾਂ ਬੇਕਸੂਰੇ ਕੌਮਪ੍ਰਸਤ, ਦੇਸ਼ ਭਗਤ ਅਤੇ ਸਾਮਰਾਜ ਦੇ ਵਿਰੋਧੀ ਕਾਰਕੁੰਨਾਂ, ਕਲਾਕਾਰਾਂ ਨੂੰ ਸਟੇਡੀਅਮ ਅੰਦਰ ਹੁਬੜ ਕੇ ਅੰਨ੍ਹੇਵਾਹ ਗੋਲੀਆਂ ਚਲਾਕੇ ਵਿਕਟਰ ਜਾਰਾ ਨੂੰ ਅਤੇ ਅਨੇਕਾਂ ਹੋਰਨਾਂ ਦਾ ਕਤਲ ਕਰ ਦਿੱਤਾ ਗਿਆ। ਵਿਕਟਰ ਆਖਰੀ ਦਮ ਤੱਕ ਜਖ਼ਮੀ ਕੀਤੇ ਜਾਣ ਮਗਰੋਂ ਵੀ ਗਿਟਾਰ ਉੱਪਰ ਇਨਕਲਾਬੀ ਧੁਨਾਂ ਸਿਰਜਦਾ ਸਿਰਜਦਾ ਹੀ ਸ਼ਹੀਦ ਹੋਇਆ ਸੀ।

ਸਾਹਿਤਕਾਰ ਦੀ ਸੰਵੇਦਨਾ ਅਤੇ ਪ੍ਰਤੀਬੱਧਤਾ ਉਸਨੂੰ ਨਿਰੰਤਰ ਕਲਾ-ਸਿਰਜਕ ਅਤੇ ਕਲਾ-ਸੰਗਰਾਮੀਆਂ ਬਣਾਈ ਰੱਖਦੀ ਹੈਇਸ ਜੋੜੇ ਕਾਰਨ ਉਪਜੇ ਸਿਦਕ-ਸਿਰੜ ਨਾਲ ਉਹ ਕਠਨ-ਕਰੜੇ ਰਾਹਾਂ ਦਾ ਅਡੋਲ ਅਤੇ ਅਮੋੜ ਰਾਹੀ ਬਣਿਆ ਰਹਿੰਦਾ ਹੈਇਨਕਲਾਬੀ ਸੱਭਿਆਚਾਰਕ ਪਿੜ ਉਸਦੀ ਕਰਮਸ਼ਾਲਾ ਅਤੇ ਪ੍ਰਯੋਗਸ਼ਾਲਾ ਬਣਿਆ ਰਹਿੰਦਾ ਹੈ ਚੁਣੌਤੀਆਂ, ਦਮਨ, ਕਰੜੀਆਂ ਜੀਵਨ-ਹਾਲਤਾਂ ਅਤੇ ਮੌਤ ਦੇ ਸਾਹਮਣੇ ਵੀ ਉਸਦੀ ਰਚਨਾਤਮਕਤਾ ਨਾ ਮਰਦੀ ਹੈ, ਨਾ ਡਰਦੀ ਹੈ ਅਤੇ ਨਾ ਹੀ ਝੁਕਦੀ ਹੈਸ਼ਹੀਦ ਵਿਕਟਰ ਜਾਰੀ ਇਨਾਂ ਪੈਮਾਨਿਆਂ ਦਾ ਸਿਰਜਕ ਵੀ ਸੀ ਅਤੇ ਇਨਾਂ ਦਾ ਕਰਮਯੋਗੀ ਵੀ। ਸਾਡੀ ਆਪਣੀ ਪੰਜਾਬ ਦੀ ਸਭਿਆਚਾਰਕ ਲਹਿਰ, ਖਾਸ ਕਰਕੇ ਕਾਵਿ-ਲਹਿਰ, ਇਨਾਂ ਦੀ ਮਾਪ-ਦੰਡਾਂ ਦੀ ਅਨੁਸਾਰੀ ਸੀ। ਸਰਕਾਰੀ ਦਮਨ ਪਾਸ਼ ਨੂੰ ਕਵਿਤਾ ਕਹਿਣੋਂ ਰੋਕ ਨਹੀਂ ਸਕਿਆ ਅਤੇ ਨਾ ਹੀ ਫਾਸ਼ੀ ਖਾਲਿਸਤਾਨੀਆਂ ਦੀਆਂ ਧਮਕੀਆਂ ਉਸਨੂੰ ਧਮਕਾ ਸਕੀਆਂ। ਇਨਕਲਾਬੀ ਸਾਹਿਤਕ ਸਿਰਜਨਾ ਨੂੰ ਪਰਨਾਇਆ ਸਾਡਾ ਇਹ ਕਵੀ ਅਮਰ ਸ਼ਹੀਦ ਕਰਕੇ ਹੀ ਖਾਮੋਸ਼ ਕੀਤਾ ਜਾ ਸਕਿਆ ਸੀ। ਪਰ ਇਸ ਸ਼ਹੀਦੀ ਨੇ ਵੀ ਕੁਕਨੂਸ ਵਾਂਗ ਉਸ ਨੂੰ ਅਤੇ ਉਸਦੀ ਕਵਿਤਾ ਦਾ ਪੁਨਰ-ਜਨਮ ਕਰ ਦਿਖਾਇਆ ਹੈਉਹ ਪਹਿਲਾਂ ਨਾਲੋਂ ਵੀ ਦੂਰ ਤੀਕ ਪਸਰਿਆ ਹੈ, ਪਰਵਾਨਿਆ ਅਤੇ ਅਪਨਾਇਆ ਗਿਆ ਹੈਸ਼ਹੀਦੀ ਤਾਂ ਇਨਕਲਾਬੀ ਨੂੰ ਅਮਰਤਾ ਪ੍ਰਦਾਨ ਕਰਨ ਦਾ ਇੱਕ ਸਾਧਨ ਬਣ ਜਾਂਦੀ ਹੈਸੰਤ ਰਾਮ ਉਦਾਸੀ ਨੇ ਅਨੇਕਾਂ ਵਾਰ ਪੁਲੀਸ ਠਾਣਿਆਂ ਦਾ ਤਸ਼ੱਦਦ ਹੰਢਾਇਆ ਅਤੇ ਐਮਰਜੈਂਸੀ ਦੌਰਾਨ ਨਜ਼ਰਬੰਦੀ ਵੀ ਹੰਢਾਈ। ਪਰਵਾਰਕ ਮਜਬੂਰੀਆਂ ਤੇ ਸਰਕਾਰੀ ਦਮਨ ਦੇ ਬਾਵਜੂਦ ਉਸਦੀ ਕਵਿਤਾ ਲਗਾਤਾਰ ਪਰਵਾਨੀ ਜਾਂਦੀ ਹੈਅੱਜ ਦੇ ਕਿਸਾਨ ਸੰਘਰਸ਼ ਲਈ ਵੀ ਉਦਾਸੀ ਬਾਖੂਬੀ ਪਰਸੰਗਿਕ ਸਾਬਤ ਹੋ ਚੁੱਕਾ ਹੈਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਕਵਿਤਾ ਪਸੰਦੀਦਾ ਅਤੇ ਪ੍ਰਸੰਗਿਕ ਹੈਜਿਹੜੇ ਅਲੋਚਕ ਇਸ ਕਾਵਿ ਨੂੰ ਸਿਰਫ਼ ਨਾਹਰਾ ਸਾਬਤ ਕਰਦੇ ਨਹੀਂ ਥੱਕੇ, ਇਸ ਨੂੰ ਥੋੜ ਚਿਰੀ ਤੇ ਸਸਤੀ ਸ਼ੋਹਰਤ ’ਚੋਂ ਜਨਮੀ ਦੱਸਕੇ ਇਸਦੀ ਮੌਤ ’ਤੇ ਅਲੋਪਤਾ ਦੀ ਮੁਹਾਰਨੀ ਪੜ੍ਹਦੇ ਰਹੇ ਹਨ, ਉਹ ਅੱਜ ਅੱਧੀ ਸਦੀ ਮਗਰੋਂ ਵੀ ਉਦਾਸੀ-ਕਾਵਿ ਨੂੰ ਜੀਂਦੀ-ਜਾਗਦੀ ਦੇਖ ਸਕਦੇ ਹਨ। ਅਨੇਕਾਂ ਪਰਿਵਾਰਕ ਤੰਗੀਆਂ, ਸਮਾਜਕ ਤੇ ਜਾਤ-ਪਾਤੀ ਖੱਜਲ-ਖੁਆਰੀਆਂ ਅਤੇ ਸਰਕਾਰੀ ਦਮਨ ਦੇ ਸੰਤਾਪ ਨੂੰ ਭੋਗਦੇ ਹੋਏ, ਨਿਰੰਤਰ ਕਾਵਿ-ਸਿਰਜਕ ਸਾਥੀ ਲਾਲ ਸਿੰਘ ਦਿਲ ਅੱਜ ਵੀ ਸਾਰਥਕ ਅਤੇ ਪ੍ਰਸੰਗਿਕ ਸਾਬਤ ਹੋ ਰਿਹਾ ਹੈਮੇਰੀ ਆਪਣੀ ਕਵਿਤਾ ਦਾ ਜਨਮ ਹੋਇਆ ਹੀ ਵਿਦਿਆਰਥੀ ਸੰਘਰਸ਼ ਦੌਰਾਨ ਸੀ। ਭਾਵੇਂ ਇਕੱਲਾ ਇਹ ਸੰਘਰਸ਼ ਹੀ ਇਸਦਾ ਪ੍ਰੇਰਨਾ ਸਰੋਤ ਨਹੀਂ ਸੀ, ਸਗੋਂ ਨਕਸਲਬਾੜੀ ਕਿਸਾਨ-ਬਗਾਵਤ ਦੀ ਗਰਜ-ਧਮਕ ਇਸਦਾ ਪ੍ਰੇਰਨਾ ਸਰੋਤ ਸੀ। ਪਰ ਮੇਰੀ ਕਾਵਿ-ਸਿਰਜਨਾ ਨੂੰ ਇੱਕ ਫੈਸਲਾਕੁੰਨ ਮੋੜ ਇਸ ਵਿਦਿਆਰਥੀ ਲਹਿਰ ਦੌਰਾਨ ਹੋਇਆ ਸੀ। ਵਿਦਿਆਰਥੀ ਲਹਿਰ ਦੌਰਾਨ ਹੀ ਮੈਨੂੰ ਢਾਈ ਮਹੀਨੇ ਗੁਪਤਵਾਸੀ ਰਹਿਣਾ ਪਿਆ। ਉਸ ਸਮੇਂ ਦੇ ਕਠੋਰ ਹਾਲਤਾਂ ’ਚੋਂ ਕਵਿਤਾ ਜੰਮ ਰਹੀ ਸੀ। ਮੈਂ ਸੰਗੀ-ਸਾਥੀ ਜ਼ਿਹਨ ਵਿੱਚ ਤਾਂ ਲਿਖ ਲਈ ਸੀ ਪਰ ਕਾਗਜ ’ਤੇ ਨਹੀਂ। ਅਚਾਨਕ ਗ੍ਰਿਫਤਾਰੀ ਹੋ ਗਈ। ਬੰਗਿਆਂ ਦੇ ਠਾਣੇ ’ਚ ਜਾਂਦਿਆਂ ਹੀ ਢਾਅ ਲਿਆ ਪੁਲਸੀਆਂ ਨੇ। ਆਪਣੀ ਖਿਝ ਤੇ ਗੁੱਸਾ ਕੱਢ ਕੇ, ਉਹ ਕਾਗਜ਼ੀ ਕਾਰਵਾਈ ਕਰਨ ਲੱਗੇ ਤੇ ਮੈਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ। ਇਹ ਕਵਿਤਾ ਕਿਸੇ ਭੁੱਲ ਹੀ ਨਾ ਜਾਵੇ, ਅਗਲੇ ਦਿਨਾਂ ਵਿੱਚ ਕੀ ਕੀ ਸਹਿਣਾ ਪੈ ਸਕਦਾ ਹੈ, ਇਨਾਂ ਖਤਰਿਆਂ ਕਾਰਨ ਇਹ ਕਵਿਤਾ ਮੈਂ ਹਵਾਲਾਤ ਦੇ ਫਰਸ਼ ਉੱਪਰ ਹੀ ਲਿਖ ਦਿੱਤੀ ਅਤੇ ਤਿੰਨ-ਚਾਰ ਵਾਰ ਪੜ੍ਹ ਵੀ ਲਈ, ਜਿਸ ਕਰਕੇ ਇਹ ਪੂਰੀ ਤਰ੍ਹਾਂ ਕੰਠ ਹੋ ਗਈ। ਮਗਰੋਂ ਪਾਰਟੀ ਜੀਵਨ ਵਿੱਚ ਮੈਂ ਕਰੀਬ 15 ਮਹੀਨੇ ਗੁਪਤਵਾਸ ਰਿਹਾ। ਕੁੱਝ ਕਵਿਤਾਵਾਂ ਉਦੋਂ ਵੀ ਲਿਖੀਆਂ, ਜਿਸ ਅਟੈਚੀ ਵਿੱਚ ਉਹ ਹੋਰ ਕਿਤਾਬਾਂ ਨਾਲ ਸਾਂਭੀਆਂ ਸਨ, ਲਿਖੇ ਹੋਏ ਅਧਿਐਨ-ਨੋਟਿਸ ਵੀ ਸਨ। ਹਿਮਚਾਲ ਵਿੱਚ ਊਨੇ ਖੇਤਰ ਵਿੱਚ ਪੁਲੀਸ ਦੀ ਸਰਗਰਮੀ ਕਾਰਨ, ਘਰ ਵਾਲਿਆਂ ਨੇ ਸਾਰਾ ਅਟੈਚੀ ਹੀ ਸਾੜ ਦਿੱਤਾ। ਸੰਗੀ-ਸਾਥੀ ਪਹਿਲਾ ਕਾਵਿ-ਸੰਗ੍ਰਹਿ ਸੀ ਜਿਸ ਦੀਆਂ ਕਰੀਬ ਸਾਰੀਆਂ ਕਵਿਤਾਵਾਂ 3 ਸਾਲ ਦੇ ਕੋਠੀ-ਬੰਦ ਇਕਲਾਪ-ਵਾਸ ਦੌਰਾਨ ਲਿਖੀਆਂ। ਇਨਾਂ ਵਿੱਚੋਂ ਕੁੱਝ ਜੇਲ੍ਹ ਦੀਆਂ ਰਜਾਈਆਂ ਦੀ ਭੇਟ ਚੜ੍ਹ ਗਈਆਂ ਪਰ ਉਨਾਂ ’ਚੋਂ ਕੁੱਝ ਉਹ ਬਚੀਆਂ ਜਿਹੜੀਆਂ ਮੈਂ ਬਾਹਰ ਭੇਜ ਸਕਿਆ ਸਾਂ ਅਤੇ ਜਿਨ੍ਹਾਂ ਵਿੱਚੋਂ ਕੁੱਝ ਸੂਝਵਾਨ ਦੋਸਤ ਦਵਿੰਦਰ ਨੌਰਾ ਨੇ ਸੰਭਾਲ ਰੱਖੀਆਂ ਸਨ। ਉਹ ਪਹਿਲੀ ਵਾਰ ਸ਼੍ਰੀ ਨੌਰਾ ਵੱਲੋਂ ਸੰਪਾਦਤ ਕਿਤਾਬ, ‘ਵਲੈਤ ਨੂੰ 94 ਖ਼ਤ ਅਤੇ ਯਾਦਾਂ’ ਦੇ ਸਿਰਲੇਖ ਵਾਲੀ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਮਗਰੋਂ ਖਾਲਿਸਤਾਨੀ ਤੇ ਸਰਕਾਰੀ ਦਹਿਸ਼ਤ ਦੇ ਖੌਫਨਾਕ ਦੌਰ ਵਿੱਚ ਵੀ ਲਿਖਦਾ ਰਿਹਾ ਜੋ ਦੂਸਰੇ ਕਾਵਿ-ਸੰਗ੍ਰਹਿ ‘ਉਲਟੇ ਰੁਖ਼ ਪਰਵਾਜ਼’ ਦੇ ਰੂਪ ਵਿੱਚ ਪ੍ਰਕਾਸ਼ਿਤ ਹੋ ਚੁਕੀਆਂ ਹਨ।

Victor with his wife John Jara


ਸਾਥੀ ਮਨਦੀਪ ਨੇ ਆਪਣੀ ਇਸ ਕਿਤਾਬ ਦੇ ਆਰੰਭ ਵਿੱਚ ‘ਪੰਜਾਬੀ ਕਲਾਕਾਰ ਅਤੇ ਕਿਸਾਨੀ ਸੰਘਰਸ਼’ ਵਿਸ਼ੇ ਉੱਪਰ ਵੀ ਲੋੜੀਂਦੀ ਟਿੱਪਣੀ ਕੀਤੀ ਹੈਉਸਨੇ ਪੰਜਾਬੀ ਗਾਇਕੀ ਅਤੇ ਸੰਗੀਤ-ਸਨਅਤ ਵਿੱਚ ਵਿਆਪਕ ਲੱਚਰ-ਸੱਭਿਆਚਾਰਕ ਪ੍ਰਦੂਸ਼ਣ ਦੀ ਸਮੱਸਿਆ ਨੂੰ ਦਰੁੱਸਤ ਛੋਹਿਆ ਹੈਨਾਲ ਹੀ ਸਾਮਰਾਜੀ-ਸੱਭਿਆਚਾਰਕ ਹਮਲੇ ਦਾ ਜ਼ਿਕਰ ਵੀ ਕੀਤਾ ਹੈਇਹ ਦੋਵੇਂ ਪੱਖ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਸਾਡੇ ਅਜੋਕੇ ਸਮੇਂ ਵਿੱਚ ਇਹ ਇਸ ਕਰਕੇ ਮਹੱਤਵਪੂਰਨ ਹਨ ਕਿਉਂਕਿ ਇਹ ਉਦੋਂ ਵਾਪਰ ਰਹੇ ਹਨ ਜਦ ਭਾਰਤ ਵਿੱਚ ਆਰ.ਐਸ.ਐਸ.-ਭਾਜਪਾ ਸਾਰੇ ਲੋਕਾਂ ਉੱਪਰ ਇੱਕ ਫਾਸ਼ੀ, ਦਮਨਕਾਰੀ, ਲੋਕ-ਦੋਖੀ ਅਤੇ ਵੰਡ-ਪਾਊ ਏਜੰਡਾ ਠੋਸ ਰਹੀ ਹੈ ਜਿਸਦਾ ਪਸਾਰਾ ਅਸੀਂ ਪਿਛਲੇ 7-8 ਸਾਲਾਂ ਤੋਂ ਦੇਖ ਰਹੇ ਹਾਂ, ਖਾਸ ਕਰਕੇ ਜਦੋਂ ਤੋਂ ਇਹ ਕੇਂਦਰੀ ਸੱਤਾ ’ਤੇ ਕਾਬਜ ਹੋਏ ਹਨ। 2014-19 ਦਾ ਸਮਾਂ ਇਨਾਂ ਨੇ ਵਡੇਰੇ ਹਮਲੇ ਦੀਆਂ ਤਿਆਰੀਆਂ ਲਈ ਲਾਇਆ ਅਤੇ 2019 ਦੀ ਚੋਣ ਜਿੱਤ ਮਗਰੋਂ ਇਸਨੂੰ ਤਰਤੀਬਬੱਧ ਢੰਗ ਨਾਲ ਲਾਗੂ ਕਰਨਾ ਆਰੰਭ ਕਰ ਦਿੱਤਾ। ਇਸ ਫਾਸ਼ੀ ਹਮਲੇ ਵਿਰੁੱਧ ਸੰਘਰਸ਼ ਜੋ ਸ਼ਹੀਨ-ਬਾਗ਼ ਵਿੱਚ ਸ਼ੁਰੂ ਹੋਇਆ ਸੀ, ਕਰੋਨਾ-ਰੋਗ ਦੀ ਓਟ ਲੈ ਕੇ ਅਤੇ ਅਦਾਲਤੀ ਫੁਰਮਾਨਾਂ ਦੀ ਮੱਦਦ ਨਾਲ ਇਸਨੂੰ ਖੰਡਾਅ ਦਿੱਤਾ ਗਿਆ ਸੀ। ਪਰ ਪੰਜਾਬ ਵਿੱਚ ਫਾਸ਼ੀ-ਹਮਲਿਆਂ ਵਿਰੁੱਧ ਮੋਰਚੇ ਨੇ ਆਪਣੀ ਸਰਗਰਮੀ ਜਾਰੀ ਰੱਖੀ ਜਿਹੜੀ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਭੰਗ ਕਰਨ ਵਿਰੁੱਧ ਵਿਉਂਤੀ ਗਈ ਸੀ। ਕਰੋਨਾ ਦੇ ਫੈਲਾਏ ਭੈਅ ਕਾਰਨ ਭਾਵੇਂ ਇਸਦੀ ਸਰਗਰਮੀ ਥੋੜੇ ਸਮੇਂ ਲਈ ਰੁਕੀ ਵੀ ਪਰ ਕਈ ਥਾਈਂ ਕਿਰਤੀਆਂ ਵੱਲੋਂ ਇਨਾਂ ਕਰੋਨਾ-ਪਾਬੰਦੀਆਂ ਨੂੰ ਤੋੜਨ ਦੇ ਬਾਦ ਇਸ ਫਰੰਟ ਦੀਆਂ ਸਰਗਰਮੀਆਂ ਮੁੜ-ਆਰੰਭ ਹੋ ਗਈਆਂ ਜਿਨਾਂ ਨੇ ਆਮ ਕਿਰਤੀ ਲੋਕਾਂ ਵਿੱਚ ਇਹ ਬੇਲੋੜੀਆਂ, ਦਮਨਕਾਰੀ ਅਤੇ ਮੰਦਹਾਲੀ ਵਧਾਊ ਪਾਬੰਦੀਆਂ ਦਾ ਵਿਰੋਧ ਕਰਨ ਦੀ ਭਾਵਨਾ ਉਤੇਜਤ ਕਰ ਦਿੱਤੀ। ਸਿੱਟੇ ਵਜੋਂ 5 ਜੂਨ 2021 ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸ ਜਾਰੀ ਕਰ ਦਿੱਤੇ ਗਏ। ਕਿਸਾਨ ਲਾਮਬੰਦੀ ਇਸ ਫਾਸ਼ੀ ਹਮਲੇ ਦਾ ਫੌਰੀ ਜਵਾਬ ਸੀ ਜਿਹੜਾ ਜੰਗਲ ਦੀ ਅੱਗ ਵਾਂਗ ਵਧਿਆ ਅਤੇ ਕੋਈ 3 ਕੁ ਮਹੀਨਿਆਂ ਦੇ ਰੋਸ-ਵਿਖਾਵਿਆਂ ਵਿੱਚੋਂ ਗੁਜਰਦਾ ਹੋਇਆ, ਦਿੱਲੀ ਦੇ ਬਾਡਰ ਮੱਲਕੇ ਬੈਠ ਗਿਆ। ਅੱਜ ਇਸ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਹ ਜਿੱਤ ਦੇ ਅਹਿਮ ਪੜਾਅ ਉੱਪਰ ਪਹੁੰਚ ਗਿਆ ਹੈਇਸ ਸੰਘਰਸ਼ ਨੇ ਨਵੇਂ ਮਿਆਰ ਅਤੇ ਆਯਾਮ ਸਿਰਜੇ ਹਨ ਅਤੇ ਫਾਸ਼ੀ ਸਰਕਾਰ ਦੇ ਬੇਲਗਾਮੇ ਘੋੜੇ ਦੀ ਲਗਾਮ ਨੱਪ ਲਈ ਹੈਇਸ ਕਿਸਾਨ ਘੋਲ ਦੀਆਂ ਪ੍ਰਾਪਤੀਆਂ ਵਿੱਚ ਇੱਕ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਫਾਸ਼ੀਵਾਦੀ ਹਮਲੇ ਨੂੰ ਨੱਥ ਪਾ ਲਈ ਹੈਇਸ ਕਿਸਾਨ ਸੰਘਰਸ਼ ਦੇ ਜੇਤੂ ਸਿੱਟੇ ਇਸ ਫਾਸ਼ੀਵਾਦ ਨੂੰ ਗੱਦੀਉਂ ਲਾਹੁਣ ਵਿੱਚ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਅੰਤਰਰਾਸ਼ਟਰੀ ਲੋਕ-ਸੰਘਰਸ਼ਾਂ ਦਾ ਇੱਕ ਅਹਿਮ ਤੇ ਇਤਿਹਾਸਕ ਸਬਕ ਇਹ ਹੈ ਕਿ ਇਹ, ਕਈ ਹੋਰ ਕਾਰਨਾਂ ਨਾਲ ਮਿਲਕੇ, ਲੋਟੂ ਹਾਕਮਾਂ ਦੀਆਂ ਵਿਉਂਤਬੰਦੀਆਂ ਨੂੰ ਸ਼ਰੇਆਮ ਭੰਨ-ਤੋੜ ਦਿੰਦੇ ਹਨ। ਜੇ ਲੋਟੂ ਹਾਕਮਾਂ ਦੀਆਂ ਨੀਤੀਆਂ ਨੇ ਹਰ ਹਾਲਤ ਵਿੱਚ ਸਫ਼ਲ ਹੋ ਜਾਣਾ ਹੁੰਦਾ ਤਾਂ ਲੋਟੂ ਹਾਕਮਾਂ ਨੂੰ ਕਦੇ ਹਾਰਾਂ ਦਾ ਅਤੇ ਕਿਰਤੀ ਲੋਕਾਂ ਨੂੰ ਕਦੇ ਜਿੱਤਾਂ ਦਾ ਮੂੰਹ ਨਾ ਦੇਖਣਾ ਪੈਂਦਾ।


ਜਿਸ ਤਰ੍ਹਾਂ ਚਿੱਲੀ ਵਿੱਚ ਫਾਸ਼ੀਵਾਦ ਦੇ ਵਿਰੁੱਧ ਲੋਕ-ਸੰਘਰਸ਼ ਦੌਰਾਨ ਕਲਾ ਦੇ ਅਨੇਕਾਂ ਰੂਪ ਉੱਭਰੇ ਅਤੇ ਉਹ ਆਮ ਜਨਤਾ ਵਿੱਚ ਬਹੁਤ ਹਰਮਨਪਿਆਰੇ ਹੋਏ, ਇਸੇ ਤਰ੍ਹਾਂ ਭਾਜਪਾ-ਆਰ.ਐਸ.ਐਸ. ਦੇ ਫਾਸ਼ੀਵਾਦ ਵਿਰੁੱਧ ਚੱਲ ਰਹੇ ਕਿਸਾਨ-ਸੰਘਰਸ਼ ਦੇ ਕਈ ਰੂਪ ਪਰਵਾਨ ਹੋਏ। ਕਵਿਤਾਵਾਂ, ਗੀਤ, ਲਘੂ ਨਾਟਕ, ਸੋਲੋ ਨਾਟਕ, ਦਸਤਾਵੇਜੀ ਫ਼ਿਲਮਾਂ ਆਦਿ ਕਾਫੀ ਪ੍ਰਭਾਵਸ਼ਾਲੀ ਰਹੇ। ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਪੇਚਾ ਪੈ ਗਿਆ ਸੈਂਟਰ ਨਾਲ ਬਹੁਤ ਹੀ ਪ੍ਰਭਾਵਸ਼ਾਲੀ, ਪਰੇਰਕ ਅਤੇ ਲੋਕ-ਗੀਤ ਵਾਂਗ ਪਰਵਾਨ ਹੋਇਆ। ਸੁਰਜੀਤ ਪਾਤਰ ਦੀ ਮੇਲਾ ਅਤੇ ਗਾਇਨ-ਪੇਸ਼ਕਾਰੀ ‘ਅਸੀਂ ਹੁਣ ਮੁੜ ਨਹੀਂ ਸਕਦੇ’, ਹਰਿਆਣਵੀ ਗੀਤ ‘ਮੋਦੀ ਜੀ ਹਮ ਦਿੱਲੀ ਆ ਗਏ’। ਕਿਸਾਨ ਸੰਘਰਸ਼ ਨਾਲ ਜੁੜੀਆਂ ਨਕਲਾਂ ਵੀ ਕਾਫੀ ਪਸੰਦ ਕੀਤੀਆਂ ਗਈਆਂ। ਕੁੱਝ ਲੇਖਕਾਂ ਅਤੇ ਗਾਇਕਾਂ ਨੇ ਧਾਰਮਕ ਪਿਛੋਕੜ ਵਾਲੇ ਸਿਰੜ-ਵਧਾੳੂ ਗੀਤ ਲਿਖੇ ਅਤੇ ਗਾਏ। ਨਾਲ ਹੀ ਕੁੱਝ ਗੀਤ ਚੱਕਵੀਂ ਸੁਰ ਵਾਲੇ, ਮਾਅਰਕੇਬਾਜੀ ਦਰਸਾਉਂਦੇ, ਫਿਰਕੂ ਰੰਗਤ ਅਤੇ ਧਾਰਮਿਕ ਮੂਲਵਾਦੀ ਸੇਧ ਵਾਲੇ ਵੀ ਲਿਖੇ ਗਏ ਜਿਹੜੇ ਰੂੜੀਵਾਦ ਫੈਲਾਉਂਦੇ ਹਨ, ਫਿਰਕਾਪ੍ਰਸਤੀ ਅਤੇ ਧਾਰਮਿਕ ਹੰਕਾਰ ਨੂੰ ਉਕਸਾਉਂਦੇ ਹਨ। ਅਜਿਹੀਆਂ ਕਲਾ-ਕ੍ਰਿਤਾਂ ਸਾਡੀ ਅਲੋਚਨਾ ਦੀਆਂ ਹੱਕਦਾਰ ਹਨ।

ਚਿੱਲੀ ਦੇ ਕਿਰਤੀ, ਜਮਹੂਰੀਅਤ-ਪਸੰਦ, ਇਨਸਾਫਪਸੰਦ ਅਤੇ ਮਨੁੱਖੀ ਹੱਕਾਂ ਦੇ ਪੈਰੋਕਾਰਾਂ ਦੀ ਲਗਾਤਾਰ ਸਿਰੜੀ ਅਤੇ ਦਲੇਰ ਲਾਮਬੰਦੀ ਸਿਖਾਉਂਦੀ ਹੈ ਕਿ ਫਾਸ਼ੀਵਾਦ ਦਾ ਹਰੇਕ ਖੇਤਰ ਵਿੱਚ ਵਿਰੋਧ ਕੀਤਾ ਜਾਣਾ ਚਾਹੀਦਾ ਹੈਭਾਵੇਂ ਮੌਜੂਦਾ ਕਿਸਾਨ-ਸੰਘਰਸ਼ ਜਿੱਤ ਦੀਆਂ ਬਰੂਹਾਂ ’ਤੇ ਖੜਾ ਹੈ ਅਤੇ ਭਾਜਪਾ-ਆਰ.ਐਸ.ਐਸ. ਦੇ ਫਾਸ਼ੀ ਹਮਲਿਆਂ ਨੂੰ ਨੱਥ ਪਈ ਹੈ, ਪਰ ਇਸਦੇ ਬਾਵਜੂਦ ਇਸ ਧੋਖੇਬਾਜ, ਝੂਠੇ, ਕਪਟੀ, ਦੋਗਲੇ ਹਾਕਮਾਂ ਦੀਆਂ ਚਾਲਾਂ ਪ੍ਰਤੀ ਸੁਚੇਤ ਵੀ ਰਹਿਣਾ ਪਵੇਗਾ ਅਤੇ ਇਨਾਂ ਨੂੰ ਪੈਰ-ਪੈਰ ’ਤੇ ਟੱਕਰ ਵੀ ਦੇਣੀ ਪਵੇਗੀ। ਸਾਥੀ ਮਨਦੀਪ ਨੇ ਇਸ ਕਾਰਜ ਵੱਲ ਸਾਡਾ ਧਿਆਨ ਦੁਆਉਣ ਦਾ ਸਾਰਥਕ ਜਤਨ ਵੀ ਕੀਤਾ ਹੈ ਅਤੇ ਇਹ ਇੱਕ ਹਾਂ-ਪੱਖੀ ਅਤੇ ਉਸਾਰੂ ਕਾਰਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ

ਭਾਜਪਾ-ਆਰ.ਐਸ.ਐਸ. ਦਾ ਫਾਸ਼ੀਵਾਦ ਚੋਣਾਂ ਦੀ ਜਿੱਤ ਰਾਹੀਂ ਅਤੇ ਵਿਧਾਇਕਾਂ ਵਜ਼ੀਰਾਂ ਨੂੰ ਲਾਲਚ ਦੇ ਕੇ ਸੂਬਾ ਸਰਕਾਰਾਂ ਤੋੜਨ ਦੇ ਅਮਲ ਵਿੱਚ ਪੈ ਚੁੱਕਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਅਪਨਾਉਣ ਦੇ ਨਾਂ ਹੇਠ ਕਾਨੂੰਨੀ ਤੇ ਸੰਵਿਧਾਨਕ ਵਾਜਬੀਅਤ ਦਾ ਢੰਡੋਰਾ ਪਿੱਟਦਾ ਹੈਹਰੇਕ ਸਥਾਨਕ ਜਾਂ ਉੱਚ-ਪੱਧਰੀ ਚੋਣ ਵਿੱਚ ਜਿੱਤ ਨਾਲ ਆਪਣੀ ਵਾਜਬੀਅਤ ਹੋਰ ਪੱਕੀ ਕਰਕੇ, ਆਪਣਾ ਫਾਸ਼ੀ ਹਮਲਾ ਤੇਜ਼ ਕਰਦਾ ਹੈਸਮੂਹ ਲੋਕਾਂ ਦਾ ਇਹ ਫਰਜ਼ ਹੈ ਕਿ ਉਹ ਇਸ ਨੂੰ ਹੋਰ ਵਾਜਬੀਅਤ ਨਾ ਲੈਣ ਦੇਣ ਅਤੇ ਇਸਦੀ ਪ੍ਰਾਪਤ ਵਾਜਬੀਅਤ ਦਾ ਅੰਤ ਕਰ ਦੇਣ।

 

2. ਵਿਕਟਰ ਜਾਰਾ ਦੇ ਕੁੱਝ ਗੀਤ

 

ਸਾਥੀ ਮਨਦੀਪ ਨੇ ਸਿਰਲੱਥ, ਪ੍ਰਤੀਬੱਧ ਕ੍ਰਾਂਤੀਕਾਰੀ ਅਤੇ ਬਹੁਪੱਖੀ ਲੋਕ-ਕਲਾਕਾਰ ਵਿਕਟਰ ਜਾਰਾ ਦੇ ਕੁੱਝ ਗੀਤ ਵੀ ਆਪਣੇ ਪਾਠਕਾਂ ਦੀ ਨਜ਼ਰ ਕੀਤੇ ਹਨ। ਇਹ ਗੀਤ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚੇ ਹਨ। ਮੌਲਕ ਪਾਠ ਅਤੇ ਉਸਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚਣਾ ਸੁਆਗਤਯੋਗ ਤਾਂ ਹੁੰਦਾ ਹੀ ਹੈ ਪਰ ਅਨੁਵਾਦ ਦੀਆਂ ਆਪਣੀਆਂ ਸੀਮਾਵਾਂ ਹੋਣ ਕਰਕੇ, ਇਹ ਮੌਲਕ-ਰਸ ਪਰਦਾਨ ਕਰਨ ਤੋਂ ਕੁੱਝ ਅਧੂਰੇ ਰਹਿ ਜਾਂਦੇ ਹਨ ਪਰ ਆਪਣਾ ਤੱਤ ਜ਼ਰੂਰ ਪਾਠਕਾਂ ਦੇ ਪੱਲੇ ਪਾ ਜਾਂਦੇ ਹਨ। ਜੇਕਰ ਇਨ੍ਹਾਂ ਦੀਆਂ ਕੁੱਝ ਸਤਰਾਂ ਦੇ ਨਾਲ ਪੰਜਾਬੀ ਕਾਵਿ ਦੇ ਕੁੱਝ ਟੁਕੜੇ ਜੋੜਕੇ ਪੜ੍ਹੇ ਜਾਣ ਤਾਂ ਇਨਾਂ ਦੇ ਅਰਥ ਤੇ ਇਨਾਂ ਦਾ ਰਸ ਹੋਰ ਸਪੱਸ਼ਟ ਅਤੇ ਪਰਤੱਖ ਹੋ ਜਾਂਦਾ ਹੈਇਸ ਕਰਕੇ ਮੈਂ ਇਨਾਂ ਰਚਨਾਵਾਂ ਦੇ ਨਾਲ, ਜਿੱਥੇ ਕਿਤੇ ਵੀ ਸੰਭਵ ਹੋਇਆ ਹੈ, ਕੁੱਝ ਪੰਜਾਬੀ ਅਤੇ ਲਿੱਪੀਅੰਤਰ ਉਰਦੂ ਸ਼ਾਇਰੀ ਦੇ ਕੁੱਝ ਟੋਟੇ ਜੋੜ ਦਿੱਤੇ ਹਨ।

ਪਹਿਲਾ ਗੀਤ ਐਲਾਨਨਾਮਾ ਹੈਇਸ ਵਿੱਚ ਉਹ ਕਿਰਤੀ ਲੋਕਾਂ ਦੀ ਬਹੁਲਤਾ ਅਤੇ ਬਹੁਗਿਣਤੀ ਨੂੰ ਦਰਜ ਕਰਦਾ ਹੈ ਅਤੇ ਹੈਰਾਨ ਹੁੰਦਾ ਹੈ ਕਿ ਕੀ ਅਸੀਂ ਵਾਕਈ ਇੰਨੇ ਹਾਂ? ਜੇ ਹਾਂ ਤਾਂ ਇਹ ਫਾਸ਼ੀਵਾਦੀ ਜ਼ੁਲਮ ਕਿਉਂ ਹੈ :

             ਇੱਥੇ ਸ਼ਹਿਰ ਦੇ ਛੋਟੇ ਹਿੱਸੇ ਵਿੱਚ, ਅਸੀਂ ਪੂਰੇ ਪੰਜ ਹਜ਼ਾਰ ਹਾਂ

             ਮੈਂ ਹੈਰਾਨ ਹਾਂ ਕਿ ਅਸੀਂ ਇੰਨੇ ਕਿਵੇਂ ਹਾਂ?

ਫਾਸ਼ੀਵਾਦ ਦੇ ਦਮਨਕਾਰੀ ਕਿਰਦਾਰ ਬਾਰੇ ਵਿਕਟਰ ਲਿਖਦਾ ਹੈ :

             ਫਾਸ਼ੀਵਾਦ ਦਾ ਚਿਹਰਾ ਕਿੰਨਾ ਘਾਤਕ ਹੈ...

             ਉਨਾਂ ਲਈ ਵਹਿੰਦਾ ਲਹੂ ਤਗਮਾ ਹੈ

             ਤੇ ਕਤਲ ਬਹਾਦਰੀ ਦਾ ਚਿੰਨ੍ਹ...।

ਫਾਸ਼ੀਵਾਦ ਦਾ ਇਹ ਚਿਹਰਾ ਭਾਰਤ ਵਿੱਚ ਵੀ ਸਪੱਸ਼ਟ ਨਜ਼ਰ ਆਉਂਦਾ ਹੈਬੇਗੁਨਾਹ ਪੱਲੂਖਾਨ ਵਰਗੇ ਸ਼ਰੇਆਮ ਕੁੱਟ ਕੁੱਟ ਕੇ ਮਾਰ ਦਿੱਤੇ ਜਾਂਦੇ ਹਨ ਅਤੇ ਸੰਘ-ਟੱਬਰ ਮਗਰੋਂ ਕਾਤਲਾਂ ਦਾ ਸਨਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਬਹਾਦਰ ਅਤੇ ਸੱਚੇ ‘ਹਿੰਦੂ’ ਸਾਬਤ ਕਰਦਾ ਨਹੀਂ ਥੱਕਦਾ।

ਅੱਗੇ ਸਤਰਾਂ ਹਨ :

             ਜਦੋਂ ਲਾਜ਼ਮੀ ਹੀ ਮੈਨੂੰ ਦਹਿਸ਼ਤ ਖਿਲਾਫ਼ ਗਾਉਣਾ ਚਾਹੀਦਾ ਹੈ

             ਦਹਿਸ਼ਤ, ਜਿਸ ਵਿੱਚ ਮੈਂ ਜੀਅ ਰਿਹਾ ਹਾਂ

             ਦਹਿਸ਼ਤ, ਜਿਸ ਵਿੱਚ ਮੈਂ ਮਰ ਰਿਹਾ ਹਾਂ।

ਇਸ ਸਥਿਤੀ ਵਿੱਚ ਕਵੀ-ਕਲਾਕਾਰ ਅੱਗੇ ਹੀ ਅੱਗੇ ਵਧਦੇ ਰਹਿਣ ਦਾ ਸੱਦਾ ਦਿੰਦਾ ਹੈ :

             ਚਲਦੇ ਚਲੋ

             ਚਲਦੇ ਚਲੋ

             ਮੈਨੂੰ ਹੈ ਭਰੋਸਾ ਕਿ ਲੱਭ ਹੀ ਲਵਾਂਗਾ

             ਕੋਈ ਰਾਹ ਮੁਕਤੀ ਦਾ

             ਬੱਸ ਤੁਸੀਂ ਚੱਲਦੇ ਚਲੋ...

ਹਿੰਦੀ ਦੇ ਇੱਕ ਗੀਤ ਵਿੱਚ ਵੀ ਇਸੇ ਤਰ੍ਹਾਂ ਦੇ ਅਰਥ ਸਮੋਏ ਹੋਏ ਹਨ :

             ਦਿਲੋਂ ਮੇਂ ਘਾਵ ਲੇ ਕੇ ਭੀ ਚਲੇ ਚਲੋ

             ਚਲੋ ਕਿ ਸਾਥ ਸਾਥ ਚਲਨੇ ਕੀ ਜ਼ਰੂਰਤੇਂ

             ਚਲੋ ਕਿ ਕਹੀਂ ਖਤਮ ਨਾ ਹੋ ਜ਼ਿੰਦਗੀ ਕੀ ਹਸਰਤੇਂ...।

ਇੱਕ ਗੀਤ ਹੈ, ਜਦੋਂ ਮੈਂ ਕੰਮ ’ਤੇ ਜਾਂਦਾ ਹਾਂ :

             ਜਦੋਂ ਮੈਂ ਕੰਮ ’ਤੇ ਜਾਂਦਾ ਹਾਂ

             ਮੈਂ ਤੇਰੇ ਬਾਰੇ ਸੋਚਦਾ ਹਾਂ

             ਮੈਂ ਤੇਰੇ ਬਾਰੇ ਸੋਚਦਾ ਹਾਂ ਮੇਰੀ ਜਾਨ।

ਨਵੇਂ ਭਵਿੱਖ ਬਾਰੇ, ਸਾਥਣ ਦੇ ਸਾਥ ਬਾਰੇ, ਕਰੜੇ ਵਕਤ ਬਾਰੇ ਕਿ ਚੁਣੌਤੀਆਂ ਭਰੇ ਬੇਕਿਰਕ ਸੰਘਰਸ਼ ਵਿੱਚ ਤੇਰਾ ਕੀ ਬਣੇਗਾ? ਪਰ ਇਨ੍ਹਾਂ ਸੰਸਿਆਂ ਵਿੱਚ ਹੀ ਉਹ ਫਿਰ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ

ਅਮਨ-ਚੈਨ ਨਾਲ ਜਿਉਣ ਦਾ ਹੱਕ’ ਇਸ ਤੱਥ ਨੂੰ ਨਿਰੂਪਦਾ ਹੈ ਕਿ ਵਿਦੇਸ਼ੀ ਸਾਮਰਾਜੀਆਂ ਨੂੰ ਕਿਸੇ ਹੋਰ ਦੇਸ਼ ਉੱਪਰ ਹਮਲੇ ਕਰਨ ਅਤੇ ਉਥੋਂ ਦੀ ਬੇਕਸੂਰ ਵਸੋਂ ਨੂੰ ਜ਼ੁਲਮ ਦਾ ਨਿਸ਼ਾਨਾ ਬਣਾਉਣ ਦਾ ਕੋਈ ਹੱਕ ਨਹੀਂ ਹੈਹਰੇਕ ਦੇਸ਼ ਦੇ ਲੋਕਾਂ ਨੂੰ ਅਮਨ-ਚੈਨ ਨਾਲ ਜਿਉਣ ਦਾ ਹੱਕ ਅਟੱਲ ਹੱਕ ਹੈ

ਮਹਾਨ ਕਮਿਊਨਿਸਟ ਅਤੇ ਇਨਕਲਾਬੀ ਯੋਧੇ ਚੀ-ਗੁਵੇਰਾ ਦੀ ਯਾਦ ਵਿੱਚ ਵੀ ਗੀਤ ਲਿਖਕੇ ਤਾਨਾਸ਼ਾਹਾਂ, ਸੈਨਾਪਤੀਆਂ, ਵਿਦੇਸ਼ੀ ਸਾਮਰਾਜੀ ਤੇ ਉਨਾਂ ਦੇ ਜੋਟੀਦਾਰਾਂ ਦੇ ਜਬਰ ਉੱਪਰ ਕਰਾਰੀ ਚੋਟ ਕੀਤੀ ਹੈਜਿਸ ਚੀ-ਗੁਵੇਰਾ ਨੂੰ ਉਨਾਂ ਹਾਕਮਾਂ ਨੇ ਬੇਰਹਿਮੀ ਨਾਲ ਕਤਲ ਕੀਤਾ, ਉਸਨੂੰ ਬੋਲੀਵੀਆ ਦੇ ਲੋਕ ਇੱਕ ਸੰਤ ਦਾ ਦਰਜਾ ਦਿੰਦੇ ਹਨ।

ਸ਼੍ਰੀ ਸੁਰਿੰਦਰ ਗਿੱਲ ਦਾ ਇੱਕ ਗੀਤ ਹੈ ਛੱਟਾ ਚਾਨਣਾ ਦਾ ਦੇਈ ਜਾਣਾ’ ਦਾ ਇੱਕ ਪੈਰਾ ਹੈ ਜਿਸ ਵਿੱਚ ਵਿਕਟਰ ਦੇ ਗੀਤ ਦੀ ਪ੍ਰਤੀਧੁਨੀ ਸੁਣੀ ਜਾ ਸਕਦੀ ਹੈ :

             ਕਿਸ ਨਹੀਂ ਸੁਣਿਆ ਕੱਲ ਅਫਰੀਕਾ ਵਿੱਚ ਇੱਕ ਝੱਖੜ ਆਇਆ

             ਕਾਲਖ ਦੇ ਵਣਜਾਰਿਆਂ ਨੇ ਇੱਕ ਗੱਭਰੂ ਮਾਰ ਮੁਕਾਇਆ

             ਸੀ ਚਾਨਣ ਦੇ ਬੀਜ ਬੀਜਦਾ, ਉਹ ਕਾਂਗੋ ਦਾ ਜਾਇਆ।

ਚਾਨਣ ਦੇ ਬੀਜ ਬੀਜਣ ਵਾਲਾ ਕੋਈ ਹੋਰ ਨਹੀਂ ਕਾਂਗੋ ਦਾ ਆਗੂ ਪੈਟਰਿਸ ਲਮੂੰਬਾ ਸੀ ਜਿਸ ਨੂੰ ਸਾਮਰਾਜੀਆਂ ਨੇ ਸਾਜਿਸ਼ ਕਰਕੇ ਸ਼ਹੀਦ ਕਰਵਾ ਦਿੱਤਾ ਸੀ।

ਇੱਕ ਇਨਸਾਨ ਦੀ ਪੁਕਾਰ’ ਨਾਂ ਦੇ ਗੀਤ ਵਿੱਚ ਸੰਤ ਰਾਮ ਉਦਾਸੀ ਦੇ ਉਸ ਗੀਤ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ ਜਿਸ ਵਿੱਚ ਉਹ ਹੋਕਾ ਦਿੰਦੀ ਹੈ ਕਿ —

             ਉਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ

             ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।

ਵਿਕਟਰ ਦਾ ਹੋਰ ਗੀਤ ਐਲਾਨਨਾਮਾ ਹੈ :

             ਮੇਰਾ ਗਿਟਾਰ ਅਮੀਰਾਂ ਲਈ ਨਹੀਂ ਹੈ

             ਨਹੀਂ ਅਜਿਹਾ ਕੁੱਝ ਵੀ ਨਹੀਂ।

ਇਸਦੀ ਪ੍ਰਤੀ-ਧੁਨੀ ਸ਼੍ਰੀ ਸੁਰਜੀਤ ਪਾਤਰ ਦੀਆਂ ਇਨਾਂ ਦੋ ਸਤਰਾਂ ਵਿੱਚੋਂ ਸੁਣੀ ਜਾ ਸਕਦੀ ਹੈ :

             ਕੁੱਝ ਲੋਕ ਸਮਝਦੇ ਨੇ ਬੱਸ ਇੰਨਾ ਕੁ ਰਾਗ ਨੂੰ

             ਸੋਨੇ ਦੀ ਜੇ ਹੈ ਬੰਸਰੀ ਤਾਂ ਬੁਰੀ ਨਹੀਂ।

ਇੱਕ ਹੋਰ ਗੀਤ ਹੈ : ਆਓ ਮਾਣੀਏਂ ਬਹਾਰਾਂ

             ਜਦ ਮੈਂ ਬਾਤ ਤੋਰਦਾ ਜ਼ਮੀਨਾਂ ਦੀ

             ਉਹ ਛਾਂ ਕਰਦੇ ਸੰਗੀਨਾਂ ਦੀ

             ਧਰਤ ਉੱਤੇ ਸੋਨਾ ਉਗਾਂਦੇ ਹੱਥ ਅਸਾਡੇ ਨੇ

             ਡਾਢੇ ਜੋ ਦੇਣ ਭੀਖ ਵਾਗਰਾਂ...

             ਮੈਂ ਜਦ ਗੀਤ ਗਾਉਂਦਾ ਹਾਂ ਬਹਾਰਾਂ ਦੇ

             ਹੌਲ ਪੈਂਦੇ ਨੇ ਸ਼ਾਹੂਕਾਰਾਂ ਦੇ....।

ਇੱਕ ਗੀਤ ਹੈ : ਖੁੱਲੀ ਬਾਰੀ

             ਆਪਣੀ ਖੁੱਲੀ ਬਾਰੀ ਖੋਲ ਮਾਹੀਆ

             ਸੂਰਜ ਨੂੰ ਖਿੜਨ ਦੇ ਘਰ ਦੇ ਹਰ ਕੋਨੇ ’ਚ

             ਵੇਖ ਮਾਹੀਆ

             ਜੰਮਣਾ, ਮਰਨਾ, ਜਵਾਨ ਹੋਣਾ ਤੇ ਪਿਆਰ ਕਰਨਾ

             ਮੁੱਕ ਨਹੀਂ ਗਿਆ...

             ਬੇਰਹਿਮ ਘਟਨਾਵਾਂ ਦਾ ਰੁਕਣਾ...।

ਗੀਤ ‘ਕਤਲੇਆਮ’ ਵਿੱਚ ਬਸਤੀਵਾਦੀ ਅਤੇ ਸਾਮਰਾਜੀ ਦਰਿੰਦਿਆਂ ਵੱਲੋਂ ਬਸਤੀਆਂ ’ਤੇ ਕਬਜ਼ੇ ਕਰਨ ਲਈ ਬੇਰਹਿਮ ਕਤਲੇਆਮ ਕੀਤੇ ਗਏ ਸਨ ਜਿਨ੍ਹਾਂ ਨੂੰ ਇਹ ਕਹਿ ਕੇ ਉੱਚਿਤ ਠਹਿਰਾਇਆ ਜਾਂਦਾ ਹੈ ਕਿ ਪੱਛਮੀ ਦੇਸ਼ ਪਛੜੇ ਦੇਸ਼ਾਂ ਨੂੰ ਸੱਭਿਅਕ ਬਣਾ ਰਹੇ ਹਨ, ਇਹ ਤਰਕ ਬਸਤੀਆਂ ਦੀ ਅੰਨ੍ਹੀ ਲੁੱਟ ਅਤੇ ਦਮਨ ਉੱਪਰ ਪਾਇਆ ਜਾਂਦਾ ਬਰੀਕ ਸੋਨ-ਪਰਦਾ ਹੈ :

             ਜਿਵੇਂ ਉਹ ਅੱਜ ਕੱਲ ਮਾਰਦੇ ਨੇ ਨਾਲੇ ਲੋਕਾਂ ਨੂੰ

             ਇਸਤੋਂ ਪਹਿਲਾਂ ਉਹ ਮਾਰਦੇ ਸੀ

             ਮੈਕਸੀਕਨਾਂ ਨੂੰ

             ਇਉਂ ਹੀ ਮਾਰੇ ਸਨ ਉਨਾਂ

             ਚਿੱਲੀ ਵਾਸੀ, ਨੀਜਾਰੀਗੁਈਨ, ਪੇਰੂਵੀਅਨ

             ਯੈਂਕੀਆਂ ਦੇ ਪਟੇ ਖੋਹਲ ਦਿੱਤੇ ਗਏ ਹਨ

             ਅਣਮਨੁੱਖੀ ਨਰਸੰਹਾਰ ਲਈ।

ਇਸ ਤਰ੍ਹਾਂ ਵਿਕਟਰ ਦੇ ਬਾਕੀ ਸਾਰੇ ਦੇ ਸਾਰੇ ਗੀਤ ਫਾਸ਼ੀ ਹਾਕਮਾਂ ਅਤੇ ਅਮਰੀਕਨ ਸਾਮਰਾਜੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ, ਇਨਾਂ ਵਿਰੁੱਧ ਜੂਝਦੇ ਦੇਸ਼ਭਗਤਾਂ ਦੇ ਸਿਦਕ ਤੇ ਸਿਰੜ ਨਾਲ ਭਰੇ ਪਏ ਹਨ।

ਅੱਜ ਭਾਰਤ ਦੇ ਕਿਰਤੀ, ਕਿਸਾਨ, ਮੱਧਵਰਗ, ਇਨਸਾਫ-ਪਸੰਦ ਅਤੇ ਜਮਹੂਰੀਅਤ ਪਸੰਦ ਲੋਕ ਸੰਘੀ ਫਾਸ਼ੀ ਹਮਲੇ ਦੇ ਕਸ਼ਟ ਭੋਗ ਰਹੇ ਹਨ ਅਤੇ ਇਸਦੇ ਵਿਰੁੱਧ ਇੱਕ ਸੰਘਰਸ਼ ਵੀ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਜੇਤੂ ਹੋ ਰਿਹਾ ਕਿਸਾਨ ਸੰਘਰਸ਼ ਵਿਸ਼ੇਸ਼ ਮਹੱਤਤਾ ਰੱਖਦਾ ਹੈਅਜਿਹੇ ਸਮੇਂ ਫਾਸ਼ੀਵਾਦ ਦੇ ਵਿਰੁੱਧ ਇੱਕ ਬਹਾਦਰ ਯੋਧੇ ਦੀ ਘਾਲਣਾ, ਦੇਣ ਅਤੇ ਕੁਰਬਾਨੀ ਨੂੰ ਪੰਜਾਬੀ ਪਾਠਕਾਂ ਨਾਲ ਸਾਝਿਆਂ ਕਰਨਾ ਇੱਕ ਸ਼ਲਾਘਾਯੋਗ ਜਤਨ ਹੈ ਜੋ ਸਾਥੀ ਮਨਦੀਪ ਨੇ ਕੀਤਾ ਹੈ

ਸਾਥੀ ਮਨਦੀਪ ਨੇ ਮੈਨੂੰ ਇਸ ਕਿਤਾਬ ਦਾ ਮੁੱਖਬੰਦ ਲਿਖਣ ਦਾ ਸੱਦਾ ਦਿੱਤਾ ਹੈ ਇਸ ਮਾਣ-ਸਤਿਕਾਰ ਲਈ ਮੈਂ ਉਨਾਂ ਦਾ ਅਤੇ ਉਨਾਂ ਦੇ ਸਾਥੀਆਂ ਦਾ ਅਤਿਅੰਤ ਧੰਨਵਾਦੀ ਹਾਂ।

- ਦਰਸ਼ਨ ਖਟਕੜ

28.11.2021


ਵਿਕਟਰ ਜਾਰਾ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਯੂਟਿਊਬ  Link ਅਤੇ ਫੇਸਬੁੱਕ ਪੇਜ਼ ਵੀ ਵੇਖ ਸਕਦੇ ਹੋ :

Youtube videos link :


1. ਵਿਕਟਰ ਜਾਰਾ: ਗੀਤ ਹੀ ਜਿਸਦਾ ਹਥਿਆਰ ਸੀ/ Victor Jara: Song as a weapon

https://youtu.be/-oAc87xLVno 


2. ਵਿਕਟਰ ਜਾਰਾ ਦੀ ਸ਼ਹਾਦਤ ਤੇ ਅਜੋਕੇ ਪੰਜਾਬੀ ਗਾਇਕ/ਕਲਾਕਾਰ

https://youtu.be/41PSOGjaKeM


Facebook Page : 


@VictorJarachile1973

 

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...