ਗੁਰੀਲਾ ਮੁਕਤੀ ਦਾ ਯੋਧਾ ਹੁੰਦਾ, ਲੋਕਾਂ ਲਈ ਚੁਣਿਆ ਹੋਇਆ ਅਤੇ ਉਹ ਆਜ਼ਾਦੀ ਦੇ ਸੰਘਰਸ਼ ਦਾ ਹਿਰਾਵਲ ਘੁਲਾਟੀਆ। ਗੁਰੀਲਾ ਲੜਾਈ ਜਿਵੇਂ ਕਿ ਆਮ ਖਿਆਲ ਕੀਤਾ ਜਾਂਦਾ ਹੈ, ਛੋਟੇ-ਪੱਧਰ ਦੀ ਜੰਗ ਨਹੀਂ ਹੁੰਦੀ, ਇਹ ਘੱਟ ਗਿਣਤੀ ਫੌਜੀ ਟੁਕੜੀ ਵੱਲੋਂ ਸ਼ਕਤੀਸ਼ਾਲੀ ਫੌਜ਼ ਵਿਰੁੱਧ ਵਿੱਢੀ ਗਈ ਜੰਗ ਨਹੀਂ ਹੁੰਦੀ। ਸਗੋਂ ਗੁਰੀਲਾ ਜੰਗ ਰਾਜਕੀ ਦਮਨ ਵਿਰੁੱਧ ਸਮੁੱਚੇ ਲੋਕਾਂ ਦੀ ਲੜਾਈ ਹੁੰਦੀ ਹੈ। ਗੁਰੀਲਾ ਸੰਘਰਸ਼, ਉਹਨਾਂ ਦਾ ਹਥਿਆਰਬੰਦ ਹਿਰਾਵਲ-ਦਸਤਾ ਹੁੰਦਾ ਹੈ। ਇਹ ਗੁਰੀਲਾ ਫੌਜ਼ ਕਿਸੇ ਇਲਾਕੇ ਜਾਂ ਦੇਸ਼ ਦੇ ਲੋਕਾਂ ਦੀ ਬਣੀ ਫੌਜ਼ ਹੁੰਦੀ ਹੈ। ਜੋ ਵੀ ਤਾਕਤ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ, ਉਸ ਉਤੇ ਇਸ ਦੀ ਸ਼ਕਤੀ ਅਤੇ ਸੰਭਾਵੀ ਜਿੱਤ ਦਾ ਇਹੀ ਕਾਰਨ ਹੁੰਦਾ ਹੈ। ਅਰਥਾਤ ਗੁਰੀਲੇ ਦਾ ਆਧਾਰ ਅਤੇ ਸਿੱਖਿਆ ਲੋਕਾਂ ਅਧਾਰਿਤ ਹੁੰਦਾ ਹੈ।
ਇਸ ਸ਼ਕਤੀਸ਼ਾਲੀ ਸਹਾਇਤਾ ਤੋਂ ਬਿਨਾਂ ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਛੋਟੇ ਹਥਿਆਰਬੰਦ ਗਰੁੱਪ, ਭਾਵੇਂ ਉਹ ਕਿੰਨੇ ਵੀ ਚੌਕਸ ਜਾਂ ਇਲਾਕੇ ਤੋਂ ਜਾਣੂ ਹੋਣ, ਵਧੀਆ-ਹਥਿਆਰਾਂ ਨਾਲ ਲੈਸ ਫੌਜ਼ ਦੇ ਜਥੇਬੰਦ ਦਮਨ ਦੇ ਟਾਕਰੇ ਉਤੇ ਕਿਵੇਂ ਜਿਉਂਦੇ ਰਹਿ ਸਕਦੇ ਹਨ। ਇਸ ਦਾ ਪ੍ਰਮਾਣ ਹੈ ਕਿ ਡਾਕੂ ਜਾਂ ਸਾਰੇ ਹੀ ਧਾੜਵੀ ਟੋਲੇ, ਅੰਤ ਨੂੰ ਮੁੱਖ ਤਾਕਤ ਸਾਹਮਣੇ ਮਾਤ ਖਾ ਜਾਂਦੇ ਹਨ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਇਲਾਕੇ ਦੇ ਵਸਨੀਕਾਂ ਲਈ ਇਹ ਡਾਕੂ ਆਮ ਕਰਕੇ ਧਾੜਵੀਆਂ ਤੋਂ ਕੁੱਝ ਵੱਧ ਹੋਣ ਦਾ ਭਰਮ ਪਾਉਂਦੇ ਹਨ। ਉਹ ਮੁਕਤੀ-ਸੰਘਰਸ਼ ਵਾਂਗ ਵਿਖਾਈ ਦਿੰਦੇ ਹਨ। ਭਾਵੇਂ ਕਿ ਇਹ ਸਰਾਸਰ ਵਿਅੰਗਮਈ ਗੱਲ ਹੈ।
ਗੁਰੀਲਾ ਫੌਜ਼ ਦਾ ਹਰ ਮੈਂਬਰ, ਜੋ ਲੋਕਾਂ ਦੀ ਫੌਜ਼ ਦਾ ਪ੍ਰਮੁੱਖ ਅੰਗ ਹੁੰਦਾ ਹੈ, ਨੂੰ ਦੁਨੀਆਂ ਦੇ ਸਭ ਤੋਂ ਵਧੀਆ ਸਿਪਾਹੀਆਂ ਦੇ ਗੁਣਾਂ ਦਾ ਪ੍ਰਮਾਣ ਦੇਣਾ ਚਾਹੀਦਾ ਹੈ। ਇਸ ਫੌਜ਼ ਨੂੰ ਸਭ ਤੋਂ ਸਖਤ ਅਨੁਸ਼ਾਸ਼ਨ ਰੱਖਣਾ ਚਾਹੀਦਾ ਹੈ। ਇਹ ਤੱਥ ਹੈ ਕਿ ਪਰੰਪਰਾਈ ਫੌਜ਼ ਦੀਆਂ ਮਰਿਆਦਾਵਾਂ ਗੁਰੀਲਾ ਲਹਿਰ ਉਤੇ ਲਾਗੂ ਨਹੀਂ ਹੁੰਦੀਆਂ। ਇਹ ਤੱਥ ਹੈ ਕਿ ਇੱਥੇ ਬੂਟਾਂ ਦੀਆਂ ਅੱਡੀਆਂ ਰਗੜਨ ਵਾਲੇ ਸਪੱਸ਼ਟੀਕਰਨ ਨਹੀਂ ਦੇਣੇ ਪੈਂਦੇ। ਪਰ ਇਸ ਦਾ ਇਹ ਅਰਥ ਨਹੀਂ ਕੱਢ ਲੈਣਾ ਚਾਹੀਦਾ ਇੱਥੇ ਕੋਈ ਅਨੁਸਾਸ਼ਨ ਹੁੰਦਾ ਹੀ ਨਹੀਂ। ਗੁਰੀਲਾ ਜਾਬਤਾ ਵਿਅਕਤੀਆਂ ਦੇ ਅੰਦਰ ਹੁੰਦਾ ਹੈ, ਉਸ ਦੇ ਡੂੰਘੇ ਵਿਸ਼ਵਾਸ਼ ਵਿਚੋਂ ਜੰਮਦਾ ਹੈ, ਅਤੇ ਆਪਣੇ ਤੋਂ ਉਪਰਲੇ ਸਾਥੀਆਂ ਦੇ ਹੁਕਮ ਨੂੰ ਮੰਨਣ ਦੀ ਲੋੜ ਵਿਚੋਂ ਪੈਦਾ ਹੁੰਦਾ ਹੈ। ਇਹ ਉਸ ਗਰੁੱਪ ਦੀ ਕਾਰਜਸ਼ੀਲਤਾ ਨੂੰ, ਜਿਸ ਦਾ ਕਿ ਉਹ ਅੰਗ ਹੁੰਦਾ ਹੈ, ਕਾਇਮ ਰੱਖਣ ਦੀ ਜ਼ਰੂਰਤ ਚੋਂ ਹੀ ਨਹੀਂ ਸਗੋਂ ਆਪਣੀ ਜ਼ਿੰਦਗੀ ਦੀ ਰਾਖੀ ਕਰਨ ਵਿਚੋਂ ਪੈਦਾ ਹੁੰਦਾ ਹੈ। ਬਕਾਇਦਾ ਫੌਜ਼ ਦੇ ਕਿਸੇ ਸਿਪਾਹੀ ਦੀ ਨਿੱਕੀ ਜਿਹੀ ਲਾਪਰਵਾਹੀ ਨੂੰ ਉਸ ਦਾ ਅਤਿ ਨੇੜਲਾ ਸਾਥੀ ਕੰਟਰੋਲ ਕਰਦਾ ਹੈ। ਗੁਰੀਲਾ ਜੰਗ ਵਿੱਚ, ਜਿੱਥੇ ਹਰੇਕ ਸਿਪਾਹੀ ਆਪਣੇ ਆਪ ਵਿੱਚ ਇੱਕ ਪੂਰੀ ਇਕਾਈ ਹੁੰਦਾ ਹੈ ਉਸ ਲਈ ਕੋਈ ਵੀ ਗਲਤੀ ਮਾਰੂ ਹੁੰਦੀ ਹੈ। ਕੋਈ ਲਾਪਰਵਾਹ ਹੋ ਹੀ ਨਹੀਂ ਸਕਦਾ। ਕੋਈ ਵੀ ਨਿੱਕੀ ਤੋਂ ਨਿੱਕੀ ਥਿੜਕਣ ਨਹੀਂ ਦਿਖਾ ਸਕਦਾ, ਕਿਉਂਕਿ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਜ਼ਿੰਦਗੀ ਦਾਅ ਉਤੇ ਲੱਗੀ ਹੁੰਦੀ ਹੈ।
ਇਹ ਰਸਮੀ ਅਨੁਸਾਸ਼ਨ ਆਮ ਕਰਕੇ ਬਾਹਰੀ ਤੌਰ ਤੇ ਦਿਸਦਾ ਨਹੀਂ। ਵਰਦੀਧਾਰੀ ਸਿਪਾਹੀ, ਜਿਸ ਲਈ ਉੱਤਲੇ ਅਫਸਰਾਂ ਨੂੰ ਵਿਖਾਉਣ ਲਈ ਪੂਰਾ ਗੁੰਝਲਦਾਰ ਸਿਸਟਮ ਹੁੰਦਾ ਹੈ, ਕਿਸੇ ਵੀ ਗੁਰੀਲੇ ਨਾਲੋਂ ਵੱਧ ਅਨੁਸਾਸ਼ਨ-ਬੱਧ ਦਿਖਾਈ ਦਿੰਦਾ ਹੈ ਅਤੇ ਉਸ ਲਈ ਉਸ ਦੇ ਅਫਸਰ ਵੱਲੋਂ ਦਿੱਤੀਆਂ ਹਦਾਇਤਾਂ ਸਾਦਾ ਅਤੇ ਸਰਗਰਮ ਸਤਿਕਾਰ ਉੱਤੇ ਨਿਰਭਰ ਹੁੰਦੀਆਂ ਹਨ। ਪਰ ਮੁਕਤੀ-ਸੈਨਾ, ਸ਼ੁੱਧ ਫੌਜ਼ ਹੁੰਦੀ ਹੈ, ਜਿਸ ਅਧੀਨ ਬੰਦੇ ਵਿੱਚ ਨਿੱਕੀ ਤੋਂ ਨਿੱਕੀ ਕਮਜ਼ੋਰੀ ਦੀ ਗੁੰਜਾਇਸ਼ ਨਹੀਂ ਹੁੰਦੀ। ਇੱਥੇ ਕੋਈ ਦਮਨਕਾਰੀ ਪ੍ਰਬੰਧ ਨਹੀਂ ਹੁੰਦਾ ਅਤੇ ਵਿਅਕਤੀਆਂ ਦੇ ਲੋਭ ਦਾ ਸ਼ਿਕਾਰ ਹੋ ਜਾਣ ਤੋਂ ਰੋਕਣ ਲਈ ਕੋਈ ਸੂਹੀਆ-ਸੇਵਾ ਨਹੀਂ ਹੁੰਦੀ। ਕੰਮ ਚਲਾਉਣ ਲਈ ਸਵੈ-ਕਾਬੂ ਸ਼ਕਤੀ ਹੁੰਦੀ ਹੈ। ਡਿਊਟੀ ਅਤੇ ਜਾਬਤੇ ਲਈ ਸ਼ਖਤ ਚੌਕਸੀ ਹੁੰਦੀ ਹੈ।
ਅਨੁਸਾਸ਼ਨਬੱਧ ਸਿਪਾਹੀ ਹੋਣ ਦੇ ਨਾਲ-ਨਾਲ ਗੁਰੀਲਾ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਚੁਸਤ ਹੁੰਦਾ ਹੈ। ਕੋਈ ਜਣਾ ਗਤੀਹੀਣ ਗੁਰੀਲਾ ਲੜਾਈ ਦੀ ਕਲਪਨਾ ਨਹੀਂ ਕਰ ਸਕਦਾ। ਰਾਤ ਦਾ ਸਮਾਂ ਕੰਮ ਵੇਲਾ ਹੁੰਦਾ ਹੈ। ਇਲਾਕੇ ਦੀ ਜਾਣਕਾਰੀ ਦੇ ਗਿਆਨ ਉਤੇ ਅਧਾਰਿਤ ਗੁਰੀਲਾ ਰਾਤ ਨੂੰ ਹਰਕਤ ਵਿਚ ਆਉਂਦਾ ਹੈ। ਪੈਂਤੜਾ ਲੈਂਦਾ ਹੈ, ਦੁਸ਼ਮਣ ਉਤੇ ਹਮਲਾ ਕਰਦਾ ਹੈ ਤੇ ਪਿੱਛੇ ਹੱਟਦਾ ਹੈ। ਇਸ ਦਾ ਇਹ ਅਰਥ ਨਹੀਂ ਕਿ ਉਹ ਕਾਰਵਾਈ ਦੇ ਖੇਤਰ ਤੋਂ ਬਹੁਤ ਦੂਰ ਨਿਕਲ ਜਾਂਦਾ ਹੈ, ਗੱਲ ਸਿਰਫ ਏਨੀ ਹੈ ਕਿ ਉਸ ਦਾ ਪਿੱਛੇ ਹੱਟਣਾ ਬੜੀ ਤੇਜ਼ੀ ਨਾਲ ਹੁੰਦਾ ਹੈ।
ਦੁਸ਼ਮਣ ਤੁਰੰਤ ਹੀ ਹਮਲਾ ਹੋਏ ਨੁਕਤੇ ਉਤੇ ਆਪਣੀਆਂ ਦਮਨਕਾਰੀ ਫੌਜ਼ਾਂ ਨਾਲ ਇਕੱਤਰ ਹੋਵੇਗਾ। ਉਹ ਹਵਾਈ ਬੰਬਾਰੀ ਆਰੰਭ ਕਰੇਗਾ, ਇਲਾਕੇ ਨੂੰ ਘੇਰਨ ਲਈ ਆਪਣੇ ਦਾਅ-ਪੇਚਕ ਦਸਤੇ ਭੇਜੇਗਾ ਅਤੇ ਭਰਮ-ਪਾਊ ਪੈਂਤੜੇ ਲੈਣ ਲਈ ਆਪਣੇ ਸੈਨਿਕ ਭੇਜੇਗਾ।
ਗੁਰੀਲਿਆਂ ਨੂੰ ਦੁਸ਼ਮਣ ਸਾਹਮਣੇ ਸਿਰਫ ਮੋਰਚਾ ਬਣਾਉਣ ਦੀ ਲੋੜ ਹੁੰਦੀ ਹੈ। ਕੁੱਝ ਦੂਰੀ ਤੇ ਪਿੱਛੇ ਹੱਟ ਕੇ, ਦੁਸ਼ਮਣ ਨੂੰ ਉਡੀਕਦੇ ਹੋਏ, ਹਮਲਾ ਕਰਦੇ ਅਤੇ ਦੁਬਾਰਾ ਪਿੱਛੇ ਹੱਟਦੇ, ਉਹਨਾਂ ਨੇ ਆਪਣਾ ਨਿਸ਼ਚਿਤ ਉਦੇਸ਼ ਪੂਰਾ ਕਰ ਲਿਆ ਹੈ। ਇੰਝ ਕਰਦੇ ਹੋਏ ਫੌਜ਼ ਕਈ ਘੰਟਿਆਂ ਲਈ ਜਾਂ ਕਈ ਦਿਨਾਂ ਲਈ ਥਕਾਈ ਜਾ ਸਕਦੀ ਹੈ।
ਲੋਕਾਂ ਦਾ ਸਿਪਾਹੀ ਢੁੱਕਵੇਂ ਮੌਕੇ ਤੇ ਘਾਤ ਲਾ ਕੇ ਹਮਲਾ ਕਰਦਾ ਹੈ। ਗੁਰੀਲਾ ਦਾਅ-ਪੇਚਾਂ ਦੀਆਂ ਹੋਰ ਵੀ ਕਈ ਸਿੱਖਿਆਵਾਂ ਹਨ। ਇਲਾਕੇ ਦੀ ਜਾਣਕਾਰੀ ਲਾਜ਼ਮੀ ਹੋਣੀ ਚਾਹੀਦੀ ਹੈ। ਗੁਰੀਲੇ ਨੂੰ ਹਮਲਾ ਕਰਨ ਵਾਲੀ ਥਾਂ ਬਾਰੇ ਵਾਕਿਫ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪਿੱਛੇ ਹਟਣ ਲਈ ਸਭ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਵਾਪਿਸ ਪਹੁੰਚਣ ਦੇ ਸਾਰੇ ਸਾਧਨਾਂ ਤੇ ਬੰਦ ਕੀਤੇ ਹੋਏ ਰਸਤਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਦੁਸ਼ਮਣਾ ਤੇ ਦੋਸਤਾਂ ਦੇ ਘਰਾਂ, ਸਭ ਤੋਂ ਸੁਰੱਖਿਅਤ ਥਾਵਾਂ, ਜਿੱਥੇ ਕਿ ਜ਼ਖਮੀ ਹੋਏ ਸਾਥੀ ਨੂੰ ਲੁਕਾਇਆ ਜਾ ਸਕਦਾ ਹੈ, ਜਿੱਥੇ ਅਸਥਾਈ ਤੌਰ ਤੇ ਕੈਂਪ ਲਗਾਇਆ ਜਾ ਸਕਦਾ ਹੈ, ਦੂਸਰੇ ਸ਼ਬਦਾਂ ਵਿੱਚ ਉਸ ਨੂੰ ਆਪਣੇ ਹੱਥ ਦੀ ਹਥੇਲੀ ਵਾਂਗ ਕਾਰਜ ਖੇਤਰ ਦੀ ਪੂਰੀ ਜਾਣਕਾਰੀ ਚਾਹੀਦੀ ਹੈ ਅਤੇ ਇਹ ਗੱਲ ਸੰਭਵ ਹੈ ਕਿਉਂਕਿ ਗੁਰੀਲਾ ਫੌਜ਼ ਦਾ ਕੇਂਦਰ ਬਿੰਦੂ, ਲੋਕ ਹਰ ਐਕਸ਼ਨ ਦੇ ਪਿੱਛੇ ਹੁੰਦੇ ਹਨ। ਕੁਲੀ, ਸੂਹੀਏ, ਨਰਸਾਂ ਅਤੇ ਨਵੇਂ ਰੰਗਰੂਟਾਂ ਦਾ ਸੋਮਾ, ਇਲਾਕਾ-ਵਾਸੀ ਹੁੰਦੇ ਹਨ। ਸੰਖੇਪ 'ਚ ਉਹ ਹਥਿਆਰਬੰਦ ਮੋਹਰਲੇ ਦਸਤੇ ਦੇ ਮਹੱਤਵਪੂਰਨ ਸਹਾਇਕ ਹੁੰਦੇ ਹਨ। ਇਹਨਾਂ ਸਾਰੀਆਂ ਗੱਲਾਂ ਦੇ ਸਨਮੁੱਖ, ਗੁਰੀਲੇ ਦੀਆਂ ਅਣਗਿਣਤ ਦਾਅ-ਪੇਚਕ ਲੋੜਾਂ ਦੇ ਸਨਮੁੱਖ, ਕੋਈ ਪੁੱਛ ਸਕਦਾ ਹੈ ਕਿ ਲੜਨਾ ਕਾਹਦੇ ਲਈ ਹੈ? ਗੂੰਜਵਾਂ ਉੱਤਰ ਹੈ,
"ਗੁਰੀਲਾ ਇਕ ਸਮਾਜ ਸੁਧਾਰਕ ਹੈ। ਗੁਰੀਲਾ ਦਮਨਕਾਰੀਆਂ ਦੇ ਵਿਰੁੱਧ ਲੋਕਾਂ ਦੇ ਕ੍ਰੋਧ ਭਰੇ ਰੋਸ ਵਜ਼ੋਂ ਹਥਿਆਰ ਚੁੱਕਦਾ ਹੈ। ਗੁਰੀਲਾ ਉਸ ਸਮਾਜਿਕ ਸਿਸਟਮ ਨੂੰ ਬਦਲਣ ਲਈ ਲੜਦਾ ਹੈ, ਜੋ ਉਸ ਦੇ ਬੇ-ਹਥਿਆਰੇ ਭਰਾਵਾਂ ਉੇਤੇ ਅਧੀਨਗੀ ਅਤੇ ਗਰੀਬੀ ਥੋਪਦਾ ਹੈ। ਉਹ ਇਕ ਦਿੱਤੇ ਛਿਣ ਵਿੱਚ ਸਥਾਪਤੀ ਦੀਆਂ ਵਿਸ਼ੇਸ਼ ਹਾਲਤਾਂ ਦੇ ਵਿਰੁੱਧ ਕਾਰਵਾਈ ਕਰਦਾ ਹੈ। ਜੋ ਹਾਲਾਤ ਆਗਿਆ ਦਿੰਦੇ ਹਨ, ਉਹ ਸਥਾਪਤੀ ਦੇ ਤੌਰ-ਤਰੀਕਿਆ ਨੂੰ ਸਾਰੀ ਤਾਕਤ ਨਾਲ, ਤਬਾਹ ਕਰਨ ਲਈ ਦ੍ਰਿੜ ਹੁੰਦਾ ਹੈ।"
'ਜਾਦੂਮਈ ਜ਼ਿੰਦਗੀ ਜਾਦੂਮਈ ਮੌਤ' (ਅਨੁਵਾਦ – ਮਨਦੀਪ) ਪੁਸਤਕ 'ਚੋਂ