(ਜੁਲਾਈ 1959 ਵਿਚ ਚੇ ਨੇ ਹਵਾਨਾ ਵਾਪਸ ਪਰਤ ਕੇ ਆਪਣੀ ਭਾਰਤ ਯਾਤਰਾ ਦੀ ਰਿਪੋਰਟ ਲਿਖੀ ਸੀ। ਇਹ ਰਿਪੋਰਟ ਉਸਨੇ ਰਾਸ਼ਟਰਪਤੀ ਫੀਦਲ ਕਾਸਤਰੋ ਨੂੰ ਸਪੁਰਦ ਕੀਤੀ ਸੀ। ਬਾਅਦ ਵਿਚ 12 ਅਕਤੂਬਰ 1959 ਨੂੰ ਇਹ ਰਿਪੋਰਟ ਕਿਊਬਾ ਦੇ ਹਫਤਾਵਾਰੀ ਰਸਾਲੇ 'ਵੇਰਦੇ ਓਲੀਵੋ' ਵਿੱਚ ਛਪੀ ਸੀ।)
ਕਾਹਿਰਾ ਤੋਂ ਅਸੀਂ ਭਾਰਤ ਲਈ ਸਿੱਧੀ ਉਡਾਣ ਭਰੀ। 30 ਲੱਖ ਵਰਗ ਕਿਲੋਮੀਟਰ ਵਾਲੇ ਇਸ ਖੇਤਰ ਦੀ ਅਬਾਦੀ 39 ਕਰੋੜ ਹੈ।
![]() |
| ਚੇ ਵੱਲੋਂ ਭਾਰਤ ਯਾਤਰਾ ਦੌਰਾਨ ਕਲਕੱਤਾ ਸ਼ਹਿਰ ਦੀਆਂ ਲਈਆਂ ਕੁਝ ਤਸਵੀਰਾਂ |
ਮਿਸਰ ਦੀ ਧਰਤੀ ਜਿੰਨ੍ਹੀ ਨਾਟਕੀ ਮਹਿਸੂਸ ਹੁੰਦੀ ਹੈ ਇਹ ਓਨੀ ਹੈ ਨਹੀਂ। ਉਸ ਰੇਗਿਸਤਾਨ ਨਾਲੋਂ ਇਸ ਦੇਸ਼ ਦੇ ਜ਼ਮੀਨੀ ਹਾਲਾਤ ਬਿਹਤਰ ਹਨ। ਪਰੰਤੂ ਸਮਾਜਿਕ ਨਿਆਂ ਨੇ ਧਰਤੀ ਦਾ ਇਸ ਕਦਰ ਬਟਵਾਰਾ ਕੀਤਾ ਹੈ ਕਿ ਮੁੱਠੀ ਭਰ ਲੋਕਾਂ ਕੋਲ ਧੰਨ-ਦੌਲਤ ਦੇ ਅੰਬਾਰ ਹਨ ਅਤੇ ਬਹੁਗਿਣਤੀ ਕੋਲ ਕੱਖ ਵੀ ਨਹੀਂ।
18ਵੀਂ ਸਦੀ ਦੇ ਅੰਤ ਵਿਚ ਅਤੇ 19ਵੀਂ ਸਦੀ ਦੇ ਸ਼ੁਰੂ ਵਿਚ ਇੰਗਲੈਂਡ ਨੇ ਭਾਰਤ ਨੂੰ ਆਪਣੀ ਬਸਤੀ ਬਣਾਇਆ ਸੀ। ਅਜਾਦੀ ਲਈ ਵੱਡੇ ਅੰਦੋਲਨ ਹੋਏ। ਪਰੰਤੂ ਅੰਗਰੇਜਾਂ ਦਾ ਦਮਨ ਇੰਤਹਾ ਸੀ। ਉਸ ਬਸਤੀਵਦੀ ਢਾਂਚੇ ਨਾਲ ਇੱਥੋਂ ਦਾ ਉੱਨਤ ਹੱਥਖੱਡੀ ਉਦਯੋਗ ਤਾਂ ਤਬਾਹ ਹੋਇਆ ਹੀ, ਇੱਥੋਂ ਦੀ ਆਰਥਿਕ ਅਜਾਦੀ ਨੂੰ ਖਤਮ ਕਰਨ ਅਤੇ ਭਾਰਤੀਆਂ ਨੂੰ ਆਨੰਤ ਕਾਲ ਤੱਕ ਆਪਣੇ ਸਾਮਰਾਜੀ ਜੂਲੇ ਹੇਠ ਰਹਿਣ ਲਈ ਮਜਬੂਰ ਕੀਤਾ ਗਿਆ। ਵਰਤਮਾਨ ਸਦੀ ਦਾ ਕੁਝ ਹਿੱਸਾ ਅਤੇ 19ਵੀਂ ਸਦੀ ਵਿਚ ਦੇਸ਼ ਵਿੱਚ ਅਨੇਕਾਂ ਵਿਦਰੋਹ ਉੱਠੇ ਅਤੇ ਮਾਸੂਮ ਲੋਕਾਂ ਦਾ ਲਹੂ ਵਹਿੰਦਾ ਜਾ ਰਿਹਾ ਸੀ।
ਬਸਤੀਵਾਦੀ ਅੰਗਰੇਜੀ ਸੱਤਾ ਪਿਛਲੀ ਵੱਡੀ ਲੜਾਈ ਤੋਂ ਤਾਂ ਬੱਚ ਨਿਕਲੀ, ਪਰ ਵੰਡ ਦੇ ਸਪੱਸ਼ਟ ਸੰਕੇਤਾਂ ਨਾਲ। ਮਹਾਤਮਾ ਗਾਂਧੀ ਦੇ ਵਿਅਕਤੀਤਵ ਨਾਲ ਭਾਰਤ ਨੇ ਆਪਣੇ ਸਤਿਆਗ੍ਰਹਿ ਨੂੰ ਜਾਰੀ ਰੱਖਿਆ ਅਤੇ ਅੰਤ ਅਜਾਦੀ ਪ੍ਰਾਪਤ ਕੀਤੀ।
ਗਾਂਧੀ ਦੀ ਮੌਤ ਤੋਂ ਬਾਅਦ ਨਹਿਰੂ ਨੇ ਸਮਾਜਿਕ ਬੋਝ ਦੀ ਜਿੰਮੇਵਾਰੀ ਆਪਣੇ ਮੋਢਿਆਂ ਉੱਤੇ ਉਠਾ ਲਈ ਸੀ। ਇੱਕ ਅਜਿਹੇ ਦੇਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਲੈ ਲਈ, ਜਿਸਦੀ ਰੂਹ ਉਸ ਲੰਮੇ ਰਾਜ ਤੋਂ ਦੁਖੀ ਸੀ ਅਤੇ ਜਿਸਦੀ ਆਰਥਿਕਤਾ ਮਹਾਂਨਗਰ ਲੰਡਨ ਦੇ ਬਜ਼ਾਰ ਦੀ ਪੂਰਤੀ ਲਈ ਸਰਾਪੀ ਹੋਈ ਸੀ। ਆਪਣੇ ਆਰਥਿਕ ਭਵਿੱਖ ਦੇ ਵਿਕਾਸ ਲਈ ਕਿਸਾਨਾਂ ਵਿਚਕਾਰ ਜ਼ਮੀਨ ਦੀ ਵੰਡ ਅਤੇ ਦੇਸ਼ ਦੇ ਉਦਯੋਗੀਕਰਨ ਨੂੰ ਮਜ਼ਬੂਤ ਕਰਨਾ ਜਰੂਰੀ ਸੀ। ਕਾਂਗਰਸ ਪਾਰਟੀ ਦੇ ਆਗੂਆਂ ਨੇ ਉਸ ਕੰਮ ਲਈ ਇਕ ਮਿਸਾਲੀ ਉਤਸ਼ਾਹ ਨਾਲ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।
![]() |
| ਚੇ ਵੱਲੋਂ ਭਾਰਤ ਯਾਤਰਾ ਦੌਰਾਨ ਕਲਕੱਤਾ ਸ਼ਹਿਰ ਦੀਆਂ ਲਈਆਂ ਕੁਝ ਤਸਵੀਰਾਂ |
ਵੱਡੀ ਭਿੰਨਤਾ ਵਾਲਾ ਇਹ ਵੱਡਾ ਦੇਸ਼ ਅਨੇਕਾਂ ਪੂਜਾ-ਪਾਠਾਂ ਅਤੇ ਰੂੜੀਆਂ ਵਾਲਾ ਦੇਸ਼ ਹੈ। ਜਿਨ੍ਹਾਂ ਸਮਾਜਿਕ ਸਮੱਸਿਆਵਾਂ ਵਿਚ ਅਸੀਂ ਜੀਅ ਰਹੇ ਹਾਂ, ਉਹਨਾਂ ਵਿਚੋਂ ਪੈਦਾ ਹੋਏ ਸਾਡੇ ਵਿਚਾਰ, ਉਹਨਾਂ ਪੂਜਾ-ਪਾਠਾਂ ਅਤੇ ਰੂੜੀਆਂ ਤੋਂ ਬਿਲਕੁਲ ਭਿੰਨ ਹਨ। ਸਮਾਜਿਕ-ਆਰਥਿਕ ਢਾਂਚਾ ਸਾਡਾ ਇਕੋ ਜਿਹਾ ਹੈ। ਗੁਲਾਮੀ ਅਤੇ ਬਸਤੀਵਾਦ ਦਾ ਉਹੀ ਅਤੀਤ, ਵਿਕਾਸ ਦੀ ਦਿਸ਼ਾ ਵੀ ਉਹੀ। ਐਨਾ ਸਭ ਕੁਝ ਮਿਲਦਾ-ਜੁਲਦਾ ਹੋਣ ਦੇ ਬਾਵਜੂਦ, ਸਮੇਤ ਉਦੇਸ਼ ਦੇ, ਫਿਰ ਵੀ ਦਿਨ-ਰਾਤ ਦਾ ਫਰਕ ਹੈ। ਇੱਕ ਪਾਸੇ ਇੱਥੇ ਜ਼ਮੀਨੀ ਸੁਧਾਰਾਂ ਦੀ ਹਨੇਰੀ ਨੇ ਕਾਪਾਂਗਵੈੜ (ਕਿਊਬਾ) ਦੇ ਜਿਮੀਂਦਾਰਾਂ ਨੂੰ ਇਕੋ ਝਟਕੇ 'ਚ ਹਿਲਾ ਕੇ ਰੱਖ ਦਿੱਤਾ ਹੈ ਅਤੇ ਪੂਰੇ ਦੇਸ਼ ਵਿਚ ਕਿਸਾਨਾਂ ਨੂੰ ਮੁਫਤ ਜ਼ਮੀਨ ਵੰਡਦੇ ਹੋਏ ਉਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ : ਉੱਥੇ ਮਹਾਨ ਭਾਰਤ ਆਪਣੇ ਨੇਕ ਵਿਚਾਰਾਂ ਨਾਲ ਅਤੇ ਸ਼ਾਂਤੀਪੂਰਵਕ ਅਦਾਵਾਂ ਨਾਲ ਵੱਡੇ-ਵੱਡੇ ਜਿਮੀਂਦਾਰਾਂ ਨੂੰ ਕਿਸਾਨਾਂ ਨੂੰ ਜ਼ਮੀਨ ਦਾਨ ਕਰਕੇ ਉਹਨਾਂ ਨਾਲ ਨਿਆਂ ਕਰਨ ਦਾ ਪਾਠ ਪੜਾ ਰਿਹਾ ਹੈ। ਦਰਅਸਲ ਜੋ ਉਹਨਾਂ ਦੀ ਜ਼ਮੀਨ ਨੂੰ ਵਾਹੁੰਦੇ ਹਨ, ਉਹਨਾਂ ਨੂੰ ਹੀ ਇਕ ਕੀਮਤ ਅਦਾ ਕਰਨ ਲਈ ਰਾਜੀ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇੱਕ ਅਜਿਹੀ ਕੋਸ਼ਿਸ਼ ਹੋ ਰਹੀ ਹੈ ਕਿ ਸਮੁੱਚੀ ਮਾਨਵਤਾ ਵਿਚ ਜੋ ਸਮਾਜ ਐਨਾ ਜਿਆਦਾ ਆਦਰਸ਼ਕ ਅਤੇ ਸੰਵੇਦਨਸ਼ੀਲ ਹੈ, ਪਰ ਸਭ ਤੋਂ ਜਿਆਦਾ ਗਰੀਬ ਵੀ, ਉਸਦੀ ਗਰੀਬੀ ਵੱਲ ਅਤੇ ਅਸੰਵੇਦਨਸ਼ੀਲ ਦਰਿਦਰਤਾ ਦਾ ਪ੍ਰਵਾਹ ਇਸੇ ਤਰ੍ਹਾਂ ਰੁੱਕ ਸਕੇ।
ਰਾਜਧਾਨੀ ਨਵੀਂ ਦਿੱਲੀ ਵਿਚ ਅਸੀਂ ਸਹਿਕਾਰੀ ਖੇਤੀ ਦੇਖਣ ਗਏ। ਹਰਿਆਲੀ ਰਹਿਤ ਲੱਗਭਗ ਚਾਲੀ ਕਿਲੋਮੀਟਰ ਰਸਤੇ ਤੋਂ ਗੁਜਰਦੇ ਹੋਏ ਅਚਾਨਕ ਕੁਝ ਜਾਨਵਰ ਅਤੇ ਮੱਝਾਂ ਦਿਖਾਈ ਦਿੱਤੀਆਂ। ਅਸੀਂ ਅਸਚਰਜ ਕਰ ਦੇਣ ਵਾਲੀ ਗਰੀਬੀ ਅਤੇ ਮਿੱਟੀ ਦੀਆਂ ਕੰਧਾਂ ਨਾਲ ਬਣੇ ਘਰਾਂ ਵਾਲੇ ਇੱਕ ਛੋਟੇ ਜਿਹੇ ਪਿੰਡ ਵਿਚ ਪਹੁੰਚੇ। ਸਹਿਕਾਰਤਾ ਵਾਲਾ ਇਹ ਸਕੂਲ ਦੋ ਅਧਿਆਪਕਾਂ ਦੇ ਅਸਧਾਰਨ ਯਤਨਾਂ ਤੇ ਨਿਰਭਰ ਕਰਦਾ ਸੀ। ਉਹਨਾਂ ਵਿਚ ਪੰਜ ਜਮਾਤਾਂ ਚੱਲਦੀਆਂ ਸਨ। ਚਿਹਰਿਆਂ ਉੱਤੇ ਬਿਮਾਰੀਆਂ ਦੇ ਲੱਛਣ ਵਾਲੇ ਕੰਮਜੋਰ ਬੱਚੇ ਚੌਂਕੜੀ ਮਾਰੀ ਬੈਠੇ ਅਧਿਆਪਕ ਦਾ ਪਾਠ ਸੁਣ ਰਹੇ ਸਨ।
![]() |
| ਚੇ ਵੱਲੋਂ ਭਾਰਤ ਯਾਤਰਾ ਦੌਰਾਨ ਕਲਕੱਤਾ ਸ਼ਹਿਰ ਦੀਆਂ ਲਈਆਂ ਕੁਝ ਤਸਵੀਰਾਂ |
ਇੱਥੇ ਜੋ ਵੱਡਾ ਵਿਕਾਸ ਸੀ, ਉਹ ਸੀ ਸੀਮਿੰਟ ਦੇ ਬਣੇ ਹੋਏ ਦੋ ਪਾਣੀ ਵਾਲੇ ਖੂਹ, ਜਿਸਤੋਂ ਜਿਆਦਾ ਤੋਂ ਜਿਆਦਾ ਲੋਕ ਪਾਣੀ ਭਰ ਸਕਦੇ ਸਨ। ਪਰ ਕੁਝ ਦੂਜੀਆਂ ਜਰੂਰੀ ਤਬਦੀਲੀਆਂ ਵੀ ਸਨ, ਜੋ ਅਸਧਾਰਨ ਸਮਾਜਿਕ ਮਹੱਤਵ ਵਾਲੀਆਂ ਸਨ ਅਤੇ ਜੋ ਵਿਆਪਕ ਗਰੀਬੀ ਦਾ ਅਹਿਸਾਸ ਵੀ ਕਰਵਾਉਂਦੀਆਂ ਸਨ। ਭੂਮੀ ਸੁਧਾਰ ਦੀਆਂ ਤਕਨੀਕਾਂ ਭਾਰਤੀ ਕਿਸਾਨ ਨੂੰ ਸਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਉਹ ਆਪਣੇ ਪ੍ਰੰਪਰਾਗਤ ਈਧਣ (ਗੋਹਾ) ਨੂੰ ਬਿਜਲੀ ਬਣਾਉਣ ਲਈ ਵਰਤ ਸਕਦਾ ਹੈ।
ਛੋਟੀ ਹੀ ਸਹੀ, ਪਰ ਇਹ ਰੌਚਿਕ ਤਬਦੀਲੀ ਹੈ। ਈਧਣ ਦੇ ਰੂਪ ਵਿਚ ਵਰਤੇ ਜਾਣ ਵਾਲੇ ਗੋਬਰ ਨੂੰ ਕਿਸਾਨ ਵੱਡੀ ਪੱਧਰ ਤੇ ਖਾਦ ਦੇ ਰੂਪ ਵਿਚ ਵਰਤਣ ਲਈ ਬਚਾਕੇ ਰੱਖ ਲੈਂਦੇ ਹਨ। ਇਕ ਪਿਆਰੀ ਜਿਹੀ ਅਵਾਜ਼ ਨਾਲ ਬੱਚੇ ਅਤੇ ਔਰਤਾਂ ਸਾਰੇ ਗੋਬਰ ਇਕੱਠਾ ਕਰਨ ਵਿਚ ਜੁੱਟ ਜਾਂਦੇ ਹਨ। ਉਸਨੂੰ ਧੁੱਪ ਵਿਚ ਸੁਕਾਉਣ ਲਈ ਰੱਖਦੇ ਹਨ ਅਤੇ ਬਾਅਦ ਵਿਚ ਅੱਡ-ਅੱਡ ਉਚਾਈਆਂ ਉੱਤੇ ਅਨੇਕਾਂ ਪਿਰਾਮਿਡਾਂ 'ਚ ਵੱਡੀਆਂ ਕੀੜੀਆਂ ਦੇ ਝੂੰਡ ਵਾਂਗ ਥੱਪ ਦਿੰਦੇ ਹਨ। ਭਾਰਤ ਦੀ ਸਰਕਾਰ ਦੇ ਯਤਨਾਂ ਦਾ ਧੰਨਵਾਦ ਕਿ ਲੋਕ ਹੁਣ ਰੌਸ਼ਨੀ ਲਈ ਉਹਨਾਂ ਛੋਟੀਆਂ ਭੱਠੀਆਂ ਅਤੇ ਆਪਣੀ ਜ਼ਮੀਨ ਨੂੰ ਖਾਦ ਦੇਣ ਲਈ ਉਸ ਮਹੱਤਵਪੂਰਨ ਉਤਪਾਦ ਉੱਤੇ ਨਿਰਭਰ ਹਨ।
ਇਹ ਗੱਲ ਸਪੱਸ਼ਟ ਹੀ ਹੈ ਕਿ ਪਸ਼ੂ ਇੱਥੇ ਪ੍ਰਾਚੀਨ ਕਾਲ ਤੋਂ ਹੀ ਪਵਿੱਤਰ ਮੰਨਿਆ ਜਾਂਦਾ ਹੈ। ਉਹ ਖੇਤ ਦੀ ਵਾਹੀ ਕਰਦਾ ਹੈ, ਦੁੱਧ ਦਿੰਦਾ ਹੈ। ਉਸਦੇ ਫੋਕਟ ਦੀ ਕੁਦਰਤੀ ਈਧਣ ਦੇ ਤੌਰ ਤੇ ਬਹੁਤ ਮਹੱਤਵਪੂਰਨ ਭੂਮਿਕਾ ਸੀ। ਸਾਨੂੰ ਦੱਸਿਆ ਗਿਆ ਕਿ ਕਿਸਾਨ ਨੂੰ ਉਸਦਾ ਧਰਮ ਇਸ ਬੇਸਕੀਮਤੀ ਪਸ਼ੂ ਦੀ ਹੱਤਿਆ ਦੀ ਆਗਿਆ ਨਹੀਂ ਦਿੰਦਾ ਅਤੇ ਇਸ ਲਈ ਇਸਨੂੰ ਇਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ। ਇਕ ਉਦੇਸ਼ ਪ੍ਰਾਪਤੀ ਲਈ ਧਰਮ ਦੀ ਅਜਿਹੀ ਆੜ ਲਈ ਗਈ ਕਿ ਉਤਪਾਦ ਨੂੰ ਅਧਿਕ ਪ੍ਰਭਾਵਸ਼ਾਲੀ ਬਣਾ ਦਿੱਤਾ ਗਿਆ। ਜਦਕਿ ਹੁਣ ਮਸ਼ੀਨੀ ਹਲ ਅਤੇ ਤਰਲ ਈਧਣ ਦਾ ਜ਼ਮਾਨਾ ਵੀ ਆ ਗਿਆ, ਪਰ ਉਸ ਪਵਿੱਤਰ ਪਸ਼ੂ ਦੀ ਪੂਜਾ ਅੱਜ ਵੀ ਉਸੇ ਸ਼ਰਧਾ ਨਾਲ ਜਾਰੀ ਹੈ। ਉਸਦੀ ਅਬਾਦੀ ਚੰਗੀ-ਖਾਸੀ ਵੱਧ-ਫੁੱਲ ਰਹੀ ਹੈ ਅਤੇ ਕੋਈ ਅਧਰਮੀ ਵੀ ਉਸਦਾ ਮਾਸ ਖਾਣ ਦੀ ਹਿਮਾਕਤ ਨਹੀਂ ਕਰ ਸਕਦਾ। ਅਠਾਰਾਂ ਕਰੋੜ ਪਸ਼ੂ ਹੈ ਭਾਰਤ ਵਿਚ- ਅਮਰੀਕਾ ਵਿਚ ਜਿੰਨ੍ਹੇ ਹਨ ਉਸਦਾ ਲੱਗਭਗ ਦਸ ਕਰੋੜ ਗੁਣਾ ਵੱਧ, ਅਤੇ ਦੁਨੀਆਂ ਵਿਚ ਪਸ਼ੂ-ਸੰਖਿਆ ਵਿਚ ਭਾਰਤ ਦਾ ਦੂਜਾ ਨੰਬਰ ਹੈ। ਧਰਮ ਅਤੇ ਸੰਸਕ੍ਰਿਤ ਨੀਤੀ-ਨਿਯਮਾਂ ਦਾ ਪਾਲਣ ਕਰਨ ਵਾਲੇ ਭਾਰਤੀ ਜਨ-ਮਾਨਸ ਨੂੰ ਇਸ ਪਵਿੱਤਰ ਪਸ਼ੂ ਦੀ ਪੂਜਾ ਤੋਂ ਭਾਰਤੀ ਸ਼ਾਸ਼ਨ ਵੀ ਨਹੀਂ ਰੋਕ ਸਕਦਾ।
ਸੱਠ ਲੱਖ ਅਬਾਦੀ ਵਾਲਾ ਪਹਿਲਾ ਵੱਡਾ ਸ਼ਹਿਰ ਕਲਕੱਤਾ ਇਕ ਬਹੁਤ ਹੀ ਹੈਰਾਨੀਜਨਕ ਸੰਖਿਆ ਵਾਲੀਆਂ ਗਾਵਾਂ ਨਾਲ ਜਿਊਣ ਲਈ ਸਰਾਪਿਆ ਹੋਇਆ ਹੈ। ਇਹਨਾਂ ਗਾਵਾਂ ਦੇ ਝੁੰਡਾਂ ਦੇ ਝੁੰਡ ਸੜਕਾਂ ਤੋਂ ਗੁਜਰਦੇ ਹੋਏ ਜਾਂ ਕਿਤੇ ਵੀ ਸੜਕ ਉੱਤੇ ਪੱਸਰ ਕੇ ਬੈਠੇ ਹੋਏ ਆਵਾਜਾਈ ਨੂੰ ਜਾਮ ਕਰ ਦਿੰਦੇ ਹਨ।
ਇਸ ਸ਼ਹਿਰ ਵਿੱਚ ਸਾਨੂੰ ਭਾਰਤ ਦਾ ਇਕ ਅਨੋਖਾ ਰੂਪ ਦੇਖਣ ਨੂੰ ਮਿਲਿਆ। ਉਹ ਉਦਯੋਗਿਕ ਵਿਕਾਸ, ਜੋ ਭਾਰੀ ਉਦਯੋਗ ਦੇ ਉਤਪਾਦ-ਜਿਵੇਂ ਕਿ ਰੇਲ ਇੰਜਣ ਬਣਾਉਂਦਾ ਹੈ ਅਤੇ ਜਿਸ ਜਗ੍ਹਾ ਪਹੁੰਚਣ ਵਿਚ ਸਾਨੂੰ ਹਾਲੇ ਹੋਰ ਵਕਤ ਲੱਗੇਗਾ, ਇੱਕ ਭਿਆਨਕ ਦਰਿਦਰਤਾ ਦੇ ਬਿਲਕੁਲ ਨਾਲ ਲੱਗਦਾ ਹੈ। ਨਵੀਆਂ-ਨਵੀਆਂ ਖੋਜਾਂ ਦੇ ਸਭ ਖੇਤਰਾਂ ਵਿਚ ਜੋ ਤਕਨੀਕੀ ਵਿਕਾਸ ਦੇਖਣ ਨੂੰ ਮਿਲਦਾ ਹੈ, ਉਸ ਨਾਲ ਭਾਰਤੀ ਵਿਗਿਆਨੀਆਂ ਦੀ ਦੁਨੀਆਂ ਦੇ ਹਰ ਖੇਤਰ ਵਿੱਚ ਪਹਿਚਾਣ ਬਣੀ ਹੈ।
ਇੱਥੇ ਕ੍ਰਿਸ਼ਨ ਨਾਮ ਦੇ ਇਕ ਵਿਦਵਾਨ ਨਾਲ ਮੁਲਾਕਾਤ ਦਾ ਮੌਕਾ ਮਿਲਿਆ। ਉਹ ਇਕ ਅਜਿਹਾ ਚਿਹਰਾ ਸੀ ਜੋ ਸਾਡੀ ਅੱਜ ਦੀ ਦੁਨੀਆਂ ਤੋਂ ਦੂਰ ਲੱਗਦਾ ਸੀ। ਇਮਾਨਦਾਰੀ ਅਤੇ ਨਿਮਰਤਾ ਨਾਲ ਉਸਨੇ ਸਾਡੇ ਨਾਲ ਲੰਮੀ ਗੱਲਬਾਤ ਕੀਤੀ, ਜਿਸ ਲਈ ਇਹ ਮੁਲਕ ਜਾਣਿਆ ਜਾਂਦਾ ਹੈ। ਦੁਨੀਆਂ ਦੀ ਸਮੁੱਚੀ ਤਕਨੀਕ ਸ਼ਕਤੀ ਅਤੇ ਤਾਕਤ ਨੂੰ ਪ੍ਰਮਾਣੂ ਊਰਜਾ ਦੇ ਸਾਂਤਮਈ ਪਯੋਗ ਵਿਚ ਲਗਾਉਣ ਦੀ ਜਰੂਰਤ ਉੱਤੇ ਜੋਰ ਦਿੰਦੇ ਹੋਏ ਉਹਨਾਂ ਅੰਤਰਰਾਸ਼ਟਰੀ ਬਹਿਸਾਂ ਦੀ ਰਾਜਨੀਤੀ ਦੀ ਭਰਪੂਰ ਨਿੰਦਾ ਕੀਤੀ ਜੋ ਪ੍ਰਮਾਣੂ ਹਥਿਆਰਾਂ ਦੀ ਜਖੀਰੇਬਾਜੀ ਨੂੰ ਸਮਰਪਿਤ ਸੀ। ਭਾਰਤ ਵਿਚ ਯੁੱਧ ਨਾਮ ਦਾ ਸ਼ਬਦ ਉਥੋਂ ਦੀ ਜਨ-ਮਾਨਸ ਦੀ ਆਤਮਾ ਤੋਂ ਐਨਾ ਦੂਰ ਹੈ ਕਿ ਅਜਾਦੀ ਅੰਦੋਲਨ ਦੇ ਤਣਾਅਪੂਰਨ ਦੌਰ ਵਿਚ ਵੀ ਉਹ ਉਹਨਾਂ ਦੇ ਮਨ ਉੱਤੇ ਨਹੀਂ ਛਾਇਆ। ਲੋਕਾਂ ਦੇ ਅਸ਼ੰਤੋਸ਼ ਦੇ ਵੱਡੇ-ਵੱਡੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਨੇ ਅੰਗਰੇਜੀ ਬਸਤੀਵਾਦ ਨੂੰ ਆਖਿਰਕਾਰ ਉਸ ਦੇਸ਼ ਨੂੰ ਹਮੇਸ਼ਾਂ ਲਈ ਛੱਡਣ ਲਈ ਮਜਬੂਰ ਕਰ ਦਿੱਤਾ, ਜਿਸਦਾ ਸ਼ੋਸ਼ਣ ਉਹ ਪਿਛਲੇ ਡੇਢ ਸਾਲ ਤੋਂ ਕਰ ਰਿਹਾ ਸੀ।
ਇਹ ਗੱਲ ਬੜੀ ਰੌਚਿਕ ਹੈ ਕਿ ਵਿਰੋਧਤਾਈਆਂ ਦੇ ਇਸ ਦੇਸ਼ 'ਚ, ਜਿੱਥੇ ਗਰੀਬੀ ਉੱਤਮ ਕਿਸਮ ਦੇ ਸੱਭਿਅਕ ਜੀਵਨ ਅਤੇ ਉੱਚ ਕੋਟੀ ਦੇ ਤਕਨੀਕੀ ਗਿਆਨ ਨਾਲ ਘੁਲੀ-ਮਿਲੀ ਹੈ, ਔਰਤ ਨੂੰ ਸਿਰਫ ਮਾਨਸਿਕ ਰਿਸ਼ਤਿਆਂ ਨਾਲ ਹੀ ਨਹੀਂ, ਰਾਜਨੀਤੀ ਵਿਚ ਵੀ ਪ੍ਰਮੁੱਖ ਥਾਂ ਦਿੱਤੀ ਹੋਈ ਹੈ। ਜਿਆਦਾ ਨਹੀਂ ਤਾਂ, ਜੇਕਰ ਇੱਕ-ਅੱਧੀ ਉਦਾਹਰਨ ਦੇਣੀ ਹੋਵੇ ਤਾਂ ਦੁਬਲੀ-ਪਤਲੀ ਅਤੇ ਮਿੱਠੇ ਸੁਭਾਅ ਵਾਲੀ ਉਸ ਭਾਰਤੀ ਔਰਤ ਨੂੰ ਕਾਂਗਰਸ ਦੀ ਮੰਤਰੀ ਜਾਂ ਵਿਦੇਸ਼ ਉਪ ਮੰਤਰੀ ਵਰਗਾ ਅਹੁਦਾ ਮਿਲਿਆ ਹੋਇਆ ਸੀ।
ਸਾਡੀ ਇਸ ਯਾਤਰਾ ਵਿਚ ਸਾਰੇ ਵੱਡੇ ਭਾਰਤੀ ਰਾਜਨੀਤਿਕਾਂ ਨਾਲ ਮੁਲਾਕਾਤ ਸ਼ਾਮਲ ਸੀ। ਨਹਿਰੂ ਨੇ ਨਾ ਸਿਰਫ ਵਡੱਪਣ ਨਾਲ ਸਾਡਾ ਸਵਾਗਤ ਕੀਤਾ ਬਲਕਿ ਕਿਊਬਾ ਦੇ ਲੋਕਾਂ ਦੇ ਸਮਰਪਣ ਅਤੇ ਉਹਨਾਂ ਦੇ ਸੰਘਰਸ਼ ਵਿੱਚ ਵੀ ਆਪਣੀ ਪੂਰੀ ਰੁਚੀ ਦਿਖਾਈ। ਸਾਨੂੰ ਆਪਣੇ ਵੱਲੋਂ ਬੇਸ਼ਕੀਮਤੀ ਸਲਾਹਾਂ ਦਿੱਤੀਆਂ ਅਤੇ ਸਾਡੇ ਉਦੇਸ਼ ਦੀ ਪੂਰਤੀ ਵਿਚ ਬਿਨਾਂ ਸ਼ਰਤ ਆਪਣੀ ਚਿੰਤਾ ਦਾ ਪ੍ਰਦਰਸ਼ਨ ਵੀ ਕੀਤਾ। ਰੱਖਿਆ ਮੰਤਰੀ ਅਤੇ ਸੰਯੁਕਤ ਰਾਸ਼ਟਰ ਵਿਚ ਭਾਰਤੀ ਦਲ ਦੇ ਨੇਤਾ ਕ੍ਰਿਸ਼ਨ ਮੈਨਨ ਦੇ ਬਾਰੇ 'ਚ ਵੀ ਇਹੀ ਕਿਹਾ ਜਾ ਸਕਦਾ ਹੈ। ਉਹਨਾਂ ਨੇ ਉੱਚ ਫੌਜੀ ਅਫਸਰਾਂ ਨਾਲ ਵੀ ਸਾਡੀ ਮੁਲਾਕਾਤ ਕਰਵਾਈ। ਅਸੀਂ ਆਪਣੇ-ਆਪਣੇ ਦੇਸ਼ਾਂ ਦੀਆਂ ਸਮੱਸਿਆਵਾਂ ਦੇ ਸੰਦਰਭ 'ਚ ਵਿਚਾਰ-ਚਰਚਾ ਕੀਤੀ।
ਵਿੱਤ ਮੰਤਰੀ (ਨਿਤੀਆਨੰਦ ਕਾਨੂੰਨਗੋ) ਨਾਲ ਵੀ ਸਾਡੀ ਗੱਲਬਾਤ ਹੋਈ ਜਿਸ ਵਿਚ ਭਵਿੱਖ ਦੇ ਵਿੱਤੀ ਸਬੰਧਾਂ ਦੀ ਭੂਮੀ ਤਿਆਰ ਕੀਤੀ ਗਈ ਜੋ ਕਿ ਕਾਫੀ ਮਹੱਤਵਪੂਰਨ ਸਿੱਧ ਹੋ ਸਕਦੇ ਹਨ। ਜਿਨ੍ਹਾਂ ਉਤਪਾਦਾਂ ਦੀ ਅਸੀਂ ਪੂਰਤੀ ਕਰ ਸਕਦੇ ਹਾਂ, ਉਹ ਹਨ ਤਾਬਾਂ, ਕਾਕਾਓ, ਟਾਇਰ ਲਈ ਰੇਅਨ ਅਤੇ ਨੇੜ ਭਵਿੱਖ ਵਿਚ ਖੰਡ ਵੀ। ਕੋਲਾ, ਕਪਾਹ, ਕੱਪੜਾ, ਜੂਟ ਦੀਆਂ ਬਣੀਆਂ ਵਸਤੂਆਂ, ਖਾਦ ਤੇਲ, ਮੇਵੇ, ਫਿਲਮਾਂ, ਰੇਲ ਸਮੱਗਰੀ ਅਤੇ ਸਿਖਲਾਈ ਜਹਾਜ ਉਹ ਸਾਨੂੰ ਵੇਚ ਸਕਦੇ ਹਨ। ਪਰੰਤੂ ਇਹ ਸੂਚੀ ਇੱਥੇ ਹੀ ਖਤਮ ਨਹੀਂ ਹੁੰਦੀ। ਤਜਰਬਾ ਦੱਸਦਾ ਹੈ ਕਿ ਦੋ ਉਦਯੋਗਸ਼ੀਲ ਦੇਸ਼ ਨਾਲ-ਨਾਲ ਉੱਨਤੀ ਕਰਕੇ ਚੱਲ ਸਕਦੇ ਹਨ ਅਤੇ ਆਪਣੇ ਨਿਰਮਿਤ ਉਤਪਾਦਾਂ ਦਾ ਅਦਾਨ-ਪ੍ਰਦਾਨ ਵੀ ਕਰ ਸਕਦੇ ਹਨ। ਉਨਤਾਲੀ ਕਰੋੜ ਭਾਰਤੀਆਂ ਦਾ ਪੱਧਰ ਜਿਵੇਂ-ਜਿਵੇਂ ਉਪਰ ਉਠੇਗਾ, ਸਾਡੀ ਖੰਡ ਦੀ ਮੰਗ ਵਧੇਗੀ ਅਤੇ ਸਾਨੂੰ ਇਕ ਨਵਾਂ ਅਤੇ ਮਹੱਤਵਪੂਰਨ ਬਜਾਰ ਮਿਲ ਜਾਵੇਗਾ।
ਸਾਡੀ ਇਸ ਯਾਤਰਾ ਵਿਚ ਸਾਨੂੰ ਕਈ ਮਹੱਤਵਪੂਰਨ ਗੱਲਾਂ ਸਿੱਖਣ ਨੂੰ ਮਿਲੀਆਂ। ਸਭ ਤੋਂ ਮਹੱਤਵਪੂਰਨ ਗੱਲ ਅਸੀਂ ਇਹ ਜਾਣਿਆ ਕਿ ਇਕ ਦੇਸ਼ ਦਾ ਆਰਥਿਕ ਵਿਕਾਸ ਉਸਦੇ ਤਕਨੀਕੀ ਵਿਕਾਸ ਉੱਤੇ ਨਿਰਭਰ ਕਰਦਾ ਹੈ। ਅਤੇ ਇਸ ਲਈ ਵਿਗਿਆਨਕ ਖੋਜ ਸੰਸਥਾਵਾਂ ਦਾ ਨਿਰਮਾਣ ਬਹੁਤ ਜਰੂਰੀ ਹੈ - ਮੁੱਖ ਤੌਰ ਤੇ ਦਵਾਈਆਂ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ ਅਤੇ ਖੇਤੀ ਦੇ ਖੇਤਰ ਵਿੱਚ। ਇਹਨਾਂ ਸਾਰੇ ਤਕਨੀਕੀ ਸੰਸਥਾਨਾਂ ਅਤੇ ਰਾਜ ਬਾਰੇ ਸਾਰੀਆਂ ਜਾਣਕਾਰੀਆਂ ਦਾ ਤਾਲਮੇਲ ਅਤੇ ਅਗਵਾਈ ਇੱਕ ਰਾਸ਼ਟਰੀ ਅੰਕੜਾ ਕੇਂਦਰ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਦਰਅਸਲ ਇਸ ਕੰਮ ਵਿਚ ਮੁਹਾਰਤ ਰੱਖਦੇ ਹਨ।
ਜਿਹੜੇ ਸਹਿਕਾਰੀ ਸਕੂਲ ਦਾ ਜਿਕਰ ਮੈਂ ਥੋੜਾ ਸਮਾਂ ਪਹਿਲਾਂ ਕੀਤਾ, ਉੱਥੋਂ ਜਦੋਂ ਅਸੀਂ ਵਾਪਸ ਪਰਤ ਰਹੇ ਸਾਂ, ਤਾਂ ਸਕੂਲੀ ਬੱਚਿਆਂ ਨੇ ਸਾਨੂੰ ਜਿਸ ਨਾਅਰੇ ਨਾਲ ਵਿਦਾਇਗੀ ਦਿੱਤੀ, ਉਸਦਾ ਤਰਜ਼ਮਾ ਕੁਝ ਇਸ ਤਰ੍ਹਾਂ ਦਾ ਸੀ – 'ਕਿਊਬਾ ਅਤੇ ਭਾਰਤ ਭਰਾ-ਭਰਾ' ਸੱਚਮੁੱਚ ਕਿਊਬਾ ਅਤੇ ਭਾਰਤ ਭਰਾ-ਭਰਾ ਹਨ, ਜਿਵੇਂ ਕਿ ਪ੍ਰਮਾਣੂ ਏਕੀਕਰਨ ਅਤੇ ਅੰਤਰਗ੍ਰਹਿ ਰਾਕਟ ਦੇ ਇਸ ਯੁੱਗ 'ਚ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਹੋਣਾ ਚਾਹੀਦਾ ਹੈ।




