Search This Blog

Sunday, November 26, 2023

ਇਜ਼ਰਾਇਲ-ਫਲਸਤੀਨ ਜੰਗ : ਸੰਸਾਰ ਦਾ ਸਭ ਤੋਂ ਵੱਡਾ ਕੈਦਖਾਨਾ ਬਣੀ ਗਾਜ਼ਾ ਪੱਟੀ


ਬੀਤੇ 7 ਅਕਤੂਬਰ ਨੂੰ ਹਮਾਸ ਦੁਆਰਾ ਇਜ਼ਰਾਇਲ ਉੱਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਲਗਾਤਾਰ ਚੱਲਦੀ ਆ ਰਹੀ ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ ਅਤੇ ਲੱਖਾਂ ਲੋਕ ਉਜਾੜੇ ਦਾ ਸ਼ਿਕਾਰ ਹੋ ਚੁੱਕੇ ਹਨ। ਲੱਖਾਂ ਲੋਕ ਸ਼ਰਨਾਰਥੀ ਕੈਂਪਾਂ ਤੇ ਹਸਪਤਾਲਾਂ ’ਚ ਪਨਾਹ ਲੈਣ ਅਤੇ ਸਰਹੱਦੀ ਦੇਸ਼ਾਂ ਵੱਲ ਕੂਚ ਕਰਨ ਲਈ ਮਜ਼ਬੂਰ ਹਨ। 23 ਲੱਖ ਦੀ ਵਸੋਂ ਵਾਲੀ ਗਾਜ਼ਾ ਪੱਟੀ ਦੇ ਲੋਕਾਂ ਲਈ ਬਿਜਲੀ, ਪਾਣੀ, ਦਵਾਈਆਂ, ਖਾਦ ਸਮੱਗਰੀ, ਊਰਜਾ ਸ੍ਰੋਤ ਅਤੇ ਰੋਜ਼ਮਰ੍ਹਾ ਦੀਆਂ ਹੋਰ ਜਰੂਰੀ ਵਸਤਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਕੇ ਇਸਨੂੰ ਸਮੂਹਿਕ ਸਜਾ ਵਾਲੀ ਖੱੁਲ੍ਹੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਜੰਗ ਵਿੱਚ ਚਿੱਟੇ ਫਾਸਫੋਰਸ ਦੇ ਘਾਤਕ ਕੈਮੀਕਲ ਹਮਲੇ ਕੀਤੇ ਜਾ ਰਹੇ ਹਨ। ਗਾਜ਼ਾ ਦੇ ਸਕੂਲ, ਮਸਜਿਦ, ਬਹੁਮੰਜ਼ਿਲਾਂ ਇਮਾਰਤਾਂ ਅਤੇ ਹਸਪਤਾਲ ਮਲਬੇ ਦੇ ਢੇਰ ਵਿੱਚ ਬਦਲ ਦਿੱਤੇ ਗਏ ਹਨ। ਇਸ ਭਿਆਨਕ ਬੰਬਾਰੀ ’ਚ ਮਾਸੂਮ ਬੱਚੇ, ਔਰਤਾਂ, ਬਜ਼ੁਰਗ, ਨਰਸਾਂ, ਪੱਤਰਕਾਰਾਂ ਤੇ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲੇਆਮ ਰਚਾਇਆ ਜਾ ਰਿਹਾ ਹੈ। ਭਿਆਨਕ ਬੰਬਾਰੀ ਕਾਰਨ ਅਨੇਕਾਂ ਜਾਨਾਂ ਮਲਬਿਆਂ ਹੇਠ ਦੱਬੀਆਂ ਗਈਆਂ ਅਤੇ ਜਿਊਂਦਿਆਂ ਲਈ ਪਾਣੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਰਿਹਾ ਹੈ। ਭਾਵੇਂ ਕਿ ਹਮਲੇ ਤੋਂ ਪਹਿਲਾਂ ਵੀ ਗਾਜ਼ਾ ਪੱਟੀ ਦੇ ਆਰਥਿਕ-ਸਮਾਜਿਕ ਕੈਦੀਆਂ ਵਰਗੇ ਹੀ ਸਨ ਪਰੰਤੂ ਮੌਜੂਦਾ ਜੰਗ ਨੇ ਇਸਨੂੰ ਹੋਰ ਵੱਧ ਨਰਕ ਵੱਲ ਧੱਕ ਦਿੱਤਾ ਹੈ। ਇਕ ਗੈਰ ਕਾਨੂੰਨੀ ਅਤੇ ਨਸਲਵਾਦੀ ਇਜ਼ਰਾਇਲੀ ਰਾਜ ਵੱਲੋਂ ਗਾਜ਼ਾ ਉੱਤੇ ਕੀਤੇ ਜਾ ਰਹੇ ਅਣਮਨੁੱਖੀ ਜਾਬਰ ਹਮਲੇ ਵਿੱਚ ਅਮਰੀਕੀ ਸਾਮਰਾਜ ਤੇ ਉਸਦੀਆਂ ਭਾਈਵਾਲ ਪੱਛਮੀ ਤਾਕਤਾਂ (ਕੈਨੇਡਾ, ਫਰਾਂਸ, ਇੰਗਲੈਂਡ, ਜਰਮਨੀ ਆਦਿ) ਹਮਲਾਵਰ ਇਜ਼ਰਾਇਲ ਨੂੰ ਲਗਾਤਾਰ ਨੈਤਿਕ ਅਤੇ ਫੌਜੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਪੱਛਮੀ ਮੀਡੀਆ ਅਤੇ ਪੱਛਮੀ ਸਰਕਾਰਾਂ ਫਲਸਤੀਨ ਉੱਤੇ ਇਜ਼ਰਾਇਲੀ ਹਮਲੇ ਨੂੰ ‘ਸਵੈ ਰੱਖਿਆ ਦਾ ਅਧਿਕਾਰ’ ਕਹਿਕੇ ਪ੍ਰਚਾਰਨ ਲਈ ਇਕਸੁਰ ਹਨ। ਅਮਰੀਕੀ ਸਾਮਰਾਜ ਯੂਕਰੇਨ ਜੰਗ ਬਾਅਦ ਇਜ਼ਰਾਇਲ ’ਚ ਫਲਸਤੀਨ ਖਿਲਾਫ ਦੂਜੀ ਪ੍ਰੌਕਸੀ ਜੰਗ ਲੜ ਰਿਹਾ ਹੈ।

ਦੁਨੀਆਂ ਭਰ ਵਿੱਚ ਇਸ ਅਣਮਨੁੱਖੀ ਜੰਗ ਦਾ ਵਿਰੋਧ ਹੋ ਰਿਹਾ ਹੈ ਤੇ ਕਈ ਪੱਛਮੀ ਮੁਲਕਾਂ ਦੀਆਂ ਹਾਕਮ ਜਮਾਤਾਂ (ਅਮਰੀਕਾ, ਫਰਾਂਸ, ਜਰਮਨੀ, ਕੈਨੇਡਾ ਆਦਿ) ਫਲਸਤੀਨ ਪੱਖੀ ਸ਼ਾਤਮਈ ਵਿਰੋਧ ਪ੍ਰਦਰਸ਼ਨਾਂ ਉੱਤੇ ਪਾਬੰਦੀ ਮੜ੍ਹਕੇ ਖੁਲ੍ਹਕੇ ਇਜ਼ਰਾਇਲੀ ਹਮਲਾਵਰਾਂ ਦਾ ਸਾਥ ਦੇ ਰਹੇ ਹਨ। ਯੂਐਨਓ, ਮਨੁੱਖੀ ਅਧਿਕਾਰ ਸੰਗਠਨ, ਅੰਤਰਰਾਸ਼ਟਰੀ ਅਦਾਲਤਾਂ ਅਤੇ ਕਾਨੂੰਨ ਮੂਕ ਦਰਸ਼ਕ ਬਣੇ ਹੋਏ ਹਨ। ਦੂਜੇ ਪਾਸੇ ਇਜ਼ਰਾਇਲ-ਫਲਸਤੀਨ ਜੰਗ ਵਿੱਚ ਅਮਰੀਕੀ ਸਾਮਰਾਜ ਦੀ ਰੂਸ-ਯੂਕਰੇਨ ਜੰਗ ਨਾਲੋਂ ਵੀ ਵੱਧ ਦਿਲਚਸਪੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਇਜ਼ਰਾਇਲੀ ਦੌਰਾ ਅਤੇ ਇਜ਼ਰਾਇਲ ਨੂੰ ਹਰ ਸੰਭਵ ਦਿੱਤੀ ਜਾ ਰਹੀ ਫੌਜ਼ੀ ਸਹਾਇਤਾ ਦੇ ਪਿੱਛੇ ਵੱਡੇ ਅਤੇ ਦੂਰਰਸ ਹਿੱਤ ਜੁੜੇ ਹੋਏ ਹਨ। ਅਮਰੀਕੀ ਸਾਮਰਾਜ ਲਗਾਤਾਰ ਫ਼ਲਸਤੀਨ ਸਮੇਤ ਪੂਰੇ ਮੱਧ ਪੂਰਬ ਦੇ ਤੇਲ ਦੇ ਸ੍ਰੋਤਾਂ ਉੱਪਰ ਕਬਜਾ ਕਰਨ ਦੀ ਨੀਤੀ ਤੇ ਚੱਲਦਾ ਆ ਰਿਹਾ ਹੈ। ਦੂਸਰਾ ਅਮਰੀਕਾ ਆਪਣੇ ਪੁਰਾਣੇ ਵਿਰੋਧੀ ਰੂਸ-ਚੀਨ ਨੂੰ ਘੇਰਨ ਲਈ ਮੱਧ ਪੂਰਬ ਵਿੱਚ ਲਗਾਤਾਰ ਇੱਕ ਸਫਬੰਦੀ ਕਰਦਾ ਆ ਰਿਹਾ ਹੈ। ਮੱਧ ਪੂਰਬ ਉੱਤੇ ਅੱਖ ਰੱਖਣ ਅਤੇ ਰੂਸ-ਚੀਨ ਖਿਲਾਫ ਵਪਾਰਕ ਜੰਗ ਲਈ ਅਮਰੀਕੀ ਸਾਮਰਾਜ ਲਈ ਇਜ਼ਰਾਇਲ ਬਹੁਤ ਮਹੱਤਵਪੂਰਨ ਫੌਜ਼ੀ ਚੌਂਕੀ ਹੈ ਜਿਸ ਕੋਲ ਪੂੰਜੀ, ਉੱਚ ਤਕਨੀਕ, ਵੱਡੇ ਰੱਖਿਆ ਉਦਯੋਗ ਅਤੇ ਸੀਆਈਏ ਵਾਂਗ ਮੋਸਾਦ ਵਰਗੀ ਖੁਫ਼ੀਆ ਏਜੰਸੀ ਹੈ। ਤੀਸਰਾ ਨਸਲਵਾਦੀ ਅਮਰੀਕੀ ਸਾਮਰਾਜ ਲਈ ਨਸਲਵਾਦੀ ਯਾਹੂਦੀ ਰਾਜ ਇਜ਼ਰਾਇਲ ਇਸ ਲਈ ਵੀ ਮਹੱਤਵਪੂਰਨ ਹੈ ਕਿ ਅਮਰੀਕਾ ਅੰਦਰਲੀ ਸਿਆਸਤ ਅਤੇ ਵਪਾਰਕ ਅਦਾਰਿਆਂ ਵਿੱਚ ਯਾਹੂਦੀ ਲਾਬੀ ਦਾ ਖਾਸ ਪ੍ਰਭਾਵ ਹੈ। ਗੂਗਲ, ਮਾਈਕ੍ਰੋਸਾਫਟ, ਓਰੈਕਲ, ਡੈੱਲ, ਫੇਸਬੁੱਕ, ਬਲੂਮਬਰਗ ਆਦਿ ਵਰਗੀਆਂ ਵੱਡੀਆਂ ਦਿਓਕੱਦ ਅਮਰੀਕੀ ਕਾਰਪੋਰੇਸ਼ਨਾਂ ਦੇ ਯਾਹੂਦੀ ਮਾਲਕਾਂ ਦਾ ਅਮਰੀਕੀ ਪ੍ਰਸ਼ਾਸ਼ਨ, ਨਿਵੇਸ਼ ਅਤੇ ਸੰਸਾਰ ਮੰਡੀ ਵਿੱਚ ਖਾਸ ਸਥਾਨ ਹੈ। ਅਮਰੀਕਾ ਨਾਲ ਇਜ਼ਰਾਇਲ ਦਾ 50 ਬਿਲੀਅਨ ਦਾ ਮਾਲ ਤੇ ਸੇਵਾਵਾਂ ਦਾ ਸਲਾਨਾ ਵਪਾਰ ਹੈ। ਮੌਜੂਦਾ ਜੰਗ ਅਮਰੀਕੀ ਹਥਿਆਰ ਸਨਅਤ ਦੇ ਵਧਾਰੇ-ਪਸਾਰੇ ਲਈ ਵੀ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਬੀਤੇ ਕੁਝ ਦਹਾਕਿਆਂ ਵਿੱਚ ਵਿਕਸਿਤ ਮੁਲਕਾਂ ਦੀ ਸੂਚੀ ’ਚ ਸ਼ੁਮਾਰ ਘੱਟ ਵਸੋਂ ਵਾਲਾ ਛੋਟਾ ਜਿਹਾ ਦੇਸ਼ ਇਜ਼ਰਾਇਲ ਇਕ ਆਰਥਿਕ ਤੇ ਫੌਜੀ ਪਾਵਰਹਾਊਸ ਬਣਕੇ ਉਭਰਿਆ ਹੈ। ਅਮਰੀਕਾ ਦੂਜੀ ਸੰਸਾਰ ਜੰਗ ’ਚੋਂ ਸਭ ਤੋਂ ਉਭਰਵੀਂ ਸਾਮਰਾਜੀ ਤਾਕਤ ਵਜੋਂ ਸਾਹਮਣੇ ਆਇਆ ਹੈ ਉਹ ਦੁਨੀਆ ਦੇ ਦੱਬੇ-ਕੁਚਲੇ ਦੇਸ਼ਾਂ ਉੱਪਰ ਆਪਣਾ ਗਲਬਾ ਪਾਉਣ ਦੀ ਨੀਤੀ ਤੇ ਚੱਲ ਰਿਹਾ ਹੈ। ਆਪਣੇ ਪਸਾਰਵਾਦੀ ਹਿੱਤਾਂ ਲਈ ਉਹ ਹਰ ਵਹਿਸ਼ੀ ਤੇ ਅਣਮਨੁੱਖੀ ਹਮਲੇ ਜਾਂ ਜੰਗ ਨੂੰ ਅੰਜਾਮ ਦਿੰਦਾ ਆ ਰਿਹਾ ਹੈ। ਉਹ ਪਿਛਲੇ ਸਮੇਂ ਤੋਂ ਅਰਬ ਦੇਸ਼ਾਂ ਦੇ ਅੰਦਰੂਨੀ ਵਿਰੋਧਾਂ ਨੂੰ ਹਵਾ ਦਿੰਦਿਆਂ ਉੱਥੇ ਜੰਗ ਵਾਲੀਆਂ ਹਾਲਤਾਂ ਪੈਦਾ ਕਰਦਿਆਂ ਆਪਣੀਆਂ ਕੱਠਪੁਤਲੀ ਸਰਕਾਰਾਂ ਬਣਾਉਣ ’ਚ ਰੁੱਝਿਆ ਹੋਇਆ ਹੈ। ਹਮਲਿਆਂ ਤੇ ਕਬਜਿਆਂ ਦੀ ਇਸੇ ਲੰਮੀ ਲੜੀ ’ਚੋਂ ਇਰਾਕ, ਅਫਗਾਨਿਸਤਾਨ ਤੇ ਮਿਸਰ ਦਾ ਅਮਲ ਇਸਦੀਆਂ ਤਾਜ਼ਾ ਤੇ ਪ੍ਰਤੱਖ ਉਦਾਹਰਣਾਂ ਹਨ। 

ਨਸਲਵਾਦੀ ਇਜ਼ਰਾਇਲ ਅਤੇ ਪੱਛਮੀ ਤਾਕਤਾਂ ਫਲਸਤੀਨ ਉਪਰ ਹਮਲੇ ਦਾ ਬਹਾਨਾ ਹਮਾਸ ਤੇ ਹਿਜ਼ਬੁਲ੍ਹਾ ਵਰਗੇ ਧਾਰਮਿਕ ਕੱਟੜਪੰਥੀ ਗਰੁੱਪਾਂ ਨੂੰ ਸਬਕ ਸਿਖਾਉਣਾ ਬਣਾਉਦੀਆਂ ਹਨ ਤੇ ਅਮਰੀਕੀ ਸਾਮਰਾਜ ਆਪਣੇ ਆਪ ਨੂੰ ਸੰਸਾਰ ਅਮਨ-ਸ਼ਾਂਤੀ ਦੇ ਰਾਖਵਾਲੇ ਵਜੋਂ ਪੇਸ਼ ਕਰ ਰਿਹਾ ਹੈ। ਇੱਕ ਪਾਸੇ ਤਾਂ ਯੂਕਰੇਨ ਜੰਗ ਵਿੱਚ ਪੱਛਮੀ ਤਾਕਤਾਂ ਰੂਸ ਦੁਆਰਾ ਯੂਕਰੇਨ ਉੱਤੇ ਹਮਲੇ ਦਾ ‘ਗੈਰਕਾਨੂੰਨੀ ਘੁਸਪੈਠ’ ਕਹਿਕੇ ਵਿਰੋਧ ਕਰ ਰਹੀਆਂ ਹਨ ਅਤੇ ਯੂਕਰੇਨ ਜੰਗ ਦੀ ਅੱਗ ਵਿੱਚ ਕੁੱਲ ਸੰਸਾਰ ਨੂੰ ਧੱਕ ਰਹੀਆਂ ਹਨ ਦੂਜੇ ਪਾਸੇ ਦਹਾਕਿਆਂ ਤੋਂ ਇਜ਼ਰਾਇਲ ਵੱਲੋਂ ਫਲਸਤੀਨ ਦੀ ਧਰਤੀ ਉੱਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਤੇ ਹਮਲਿਆਂ ਨੂੰ ਲੈ ਕੇ ਸਾਜਿਸ਼ੀ ਚੁੱਪ ਧਾਰੀ ਬੈਠੀਆਂ ਹਨ। ਭਾਵ ਰੂਸ ਦਾ ਯੂਕਰੇਨ ’ਚ ਦਖਲ ‘ਗੈਰਕਾਨੂੰਨੀ ਘੁਸਪੈਠ’ ਤੇ ਇਜ਼ਰਾਇਲ ਦਾ ਫ਼ਲਸਤੀਨ ਤੇ ਹਮਲਾ ‘ਸਵੈ ਰੱਖਿਆ’। ਇਹ ਪੱਛਮੀ ਤਾਕਤਾਂ ਦੇ ਦੋਗਲੇਪਣ ਦੀ ਇੰਤਹਾ ਹੈ। ਹਮਾਸ ਦਾ ਇਜ਼ਰਾਇਲ ਤੇ ਦਹਿਸ਼ਤੀ ਹਮਲਾ “ਅਚਾਨਕ” ਹੋਇਆ ਹਮਲਾ ਨਹੀਂ ਬਲਕਿ ਇਹ ਉਹਨਾਂ ਹਾਲਤਾਂ ਦੀ ਪੈਦਾਵਾਰ ਹੈ ਜੋ ਇਜ਼ਰਾਇਲੀ ਹਮਲਾਵਰਾਂ ਵੱਲੋਂ ਦਹਾਕਿਆਂ ਤੋਂ ਪੈਦਾ ਕੀਤੇ ਗਏ ਸਨ। ‘ਫ਼ਲਸਤੀਨੀ ਮੁਕਤੀ ਜੱਥੇਬੰਦੀ’ ਦੇ ਕੌਮਪ੍ਰਸਤ ਪ੍ਰਭਾਵ ਨੂੰ ਖਤਮ ਕਰਨ ਅਤੇ ਦਹਿਸ਼ਤਗਰਦੀ ਬਹਾਨੇ ਫ਼ਲਸਤੀਨ ਉੱਤੇ ਝਪਟਣ ਲਈ 80ਵਿਆਂ ਦੇ ਦਹਾਕੇ ਵਿੱਚ ਅਮਰੀਕੀ ਸਾਮਰਾਜ ਤੇ ਇਜ਼ਰਾਇਲੀ ਹਾਕਮਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਮੌਜੂਦਾ ਸਮੇਂ ਹਮਾਸ ਦਾ ਵਿਰੋਧ ਕਰਦਿਆਂ ਕਿਸੇ ਵੀ ਤਰ੍ਹਾਂ ਅਮਰੀਕੀ ਸਾਮਰਾਜ ਦੀ ਫ਼ਲਸਤੀਨ ਵਿੱਚ ਦਖਲਅੰਦਾਜ਼ੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।  

ਫਲਸਤੀਨ ਦੇ ਲੋਕ ਪਹਿਲਾਂ ਉਟੋਮਾਨ ਰਾਜਾਸ਼ਾਹੀ (1500 ਈਸਵੀ ਤੋਂ ਪਹਿਲੀ ਸੰਸਾਰ ਜੰਗ ਤੱਕ), ਫਿਰ ਯੂਰਪ ਵਿਚਲੇ ਜਿਊਨਵਾਦੀ ਯਹੂਦੀਆਂ (ਪਹਿਲੀ ਸੰਸਾਰ ਜੰਗ ਤੋਂ ਦੂਜੀ ਸੰਸਾਰ ਜੰਗ ਦੇ ਅੰਤ ਤੱਕ), ਬ੍ਰਿਟਿਸ਼ ਸਾਮਰਾਜ ਤੇ ਹੁਣ ਅਮਰੀਕੀ ਸ਼ਹਿ ਪ੍ਰਾਪਤ ਇਜ਼ਰਾਇਲ ਦੇ ਜਬਰ ਹੇਠ ਲਗਾਤਾਰ ਪਿਸਦੇ ਆ ਰਹੇ ਹਨ। 19ਵੀਂ ਸਦੀ ’ਚ ਥੀਓਡੋਰ ਹਰਜ਼ਲ ਦੀ ਅਗਵਾਈ ’ਚ ਯਾਹੂਦੀ ਵਿਰੋਧੀ ਲਹਿਰ ਦੇ ਪ੍ਰਤੀਕਰਮ ਵਿੱਚੋਂ ਪੈਦਾ ਹੋਈ ਜ਼ਿਊਨਵਾਦੀ ਵਿਚਾਰਧਾਰਾ (ਸਤੰਤਰ ਯਾਹੂਦੀ ਰਾਜ ਦੀ ਸਥਾਪਨਾ) ਨੇ ਸਾਮਰਾਜੀ ਸ਼ਕਤੀਆਂ ਦੀ ਹਮਾਇਤ ਨਾਲ ਫਲਸਤੀਨ ਦੀ ਧਰਤੀ ਤੇ ਕਬਜ਼ੇ ਦਾ ਰਸਤਾ ਖੋਲ੍ਹ ਦਿੱਤਾ। 

ਹਿਟਲਰ ਦੁਆਰਾ ਯਹੂਦੀ ਲੋਕਾਂ ਦੀ ਕੀਤੀ ਗਈ ਨਸਲਕੁਸ਼ੀ, ਯਹੂਦੀ ਵਿਰੋਧੀ ਨਸਲਵਾਦੀ ਵਿਚਾਰਧਾਰਾ ਅਤੇ "ਜਾਤੀ ਤੌਰ 'ਤੇ ਸ਼ੁੱਧ" ਆਰੀਅਨ ਸਮਾਜ ਬਣਾਉਣ ਦੀ ਇੱਛਾ ਵਿੱਚੋਂ ਪੈਦਾ ਹੋਈ ਸੀ। ਨਾਜ਼ੀ ਵਿਚਾਰਧਾਰਾ ਨੇ ਆਰੀਅਨ ਨਸਲੀ ਉੱਤਮਤਾ ਅਤੇ ਯਹੂਦੀਆਂ ਸਮੇਤ "ਘਟੀਆ" ਨਸਲਾਂ ਨੂੰ ਖਤਮ ਕਰਨ ਦੇ ਵਿਸ਼ਵਾਸ ਨੂੰ ਅੱਗੇ ਵਧਾਇਆ। ਉਸਦਾ ਉਦੇਸ਼ ਇੱਕ ਨਸਲੀ ਸਮਰੂਪ ਸਮਾਜ ਬਣਾਉਣਾ ਸੀ। ਯਾਹੂਦੀਆਂ ਦੀ ਨਸਲਕੁਸ਼ੀ ’ਚੋਂ ਇੱਕ ਤਾਂ ਉਹਨਾਂ ਨੂੰ ਅੰਤਰਰਾਸ਼ਟਰੀ ਹਮਦਰਦੀ ਅਤੇ ਸਮਰਥਨ ਮਿਲਿਆ ਜਿਸਨੇ ਉਹਨਾਂ ਲਈ ਇੱਕ ਯਹੂਦੀ ਹੋਮਲੈਂਡ ਦੇ ਵਿਚਾਰ ਨੂੰ ਜਨਮ ਦਿੱਤਾ। ਯਾਹੂਦੀਆਂ ਅੰਦਰ (ਉਦਯੋਗਿਕ ਕ੍ਰਾਂਤੀ ਤੋਂ ਬਾਅਦ ਪੈਦਾ ਹੋਏ ਪੂੰਜੀਵਾਦ ਸੰਕਟ ਦੇ ਵਿਰੋਧ ਵਿਚੋਂ ਪੈਦਾ ਹੋਈਆਂ) ਰਾਸ਼ਟਰਵਾਦੀ ਤੇ ਕੌਮੀ ਮੁਕਤੀ ਲਹਿਰਾਂ ਦੇ ਪ੍ਰਭਾਵ ’ਚੋਂ ਸੁਰੱਖਿਅਤ ਪਨਾਹ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਹੋਈ। ਜਿੱਥੋਂ ਯਹੂਦੀ ਰਾਜ ਦੀ ਸਥਾਪਨਾ ਦੀ ਅਵਾਜ ਉੱਠਣ ਲੱਗੀ। ਇਸ ਅਵਾਜ ਨੂੰ ਸਾਮਰਾਜੀ ਤਾਕਤਾਂ ਨੇ ਹੋਰ ਤੂਲ ਦਿੱਤੀ। ਸਾਮਰਾਜੀਆਂ ਦੇ ਆਪਣੇ ਹਿੱਤ ਸਨ ਤੇ ਯਾਹੂਦੀਆਂ ਨੂੰ ਪਤਾ ਸੀ ਕਿ ਉਹ ਸਾਮਰਾਜ ਦੀ ਮੱਦਦ ਬਿਨਾਂ ਯਾਹੂਦੀ ਰਾਜ ਨਹੀਂ ਬਣਾ ਸਕਦੇ। ਸੰਯੁਕਤ ਰਾਸ਼ਟਰ ਨੂੰ ਮੂਹਰੇ ਲਾ ਕੇ ਅੰਤਰਰਾਸ਼ਟਰੀ ਹਮਦਰਦੀ ਅਤੇ ਕੂਟਨੀਤਕ ਯਤਨਾਂ ਨਾਲ ਇਜ਼ਰਾਈਲ ਰਾਜ ਹੋਂਦ ’ਚ ਆਇਆ। 

1948 ਵਿੱਚ ਫਲਸਤੀਨੀਆਂ ਨੇ ਜ਼ਿਓਨਿਸਟ ਮਿਲਸ਼ੀਆ ਨੇ ਫਸਲਤੀਨ ਦੀ ਧਰਤੀ ਤੇ ‘ਅਲ ਨਕਬਾ’ ਨਾਂ ਦਾ ਭਿਆਨਕ ਕਤਲੇਆਮ ਰਚਾਇਆ ਜਿਸ ਵਿੱਚ 500 ਤੋਂ ਵੱਧ ਪਿੰਡ ਤਬਾਹ ਕਰ ਦਿੱਤੇ ਗਏ ਅਤੇ ਦਸ ਲੱਖ ਫਲਸਤੀਨੀਆਂ ਨੂੰ ਜਬਰਦਸਤੀ ਉਹਨਾਂ ਦੇ ਘਰਾਂ ਤੋਂ ਉਜਾੜ ਦਿੱਤਾ ਗਿਆ ਸੀ। ਯਾਹੂਦੀਆਂ ਲਈ ਸੁਤੰਤਰ ਰਾਜ ਦੀ ਸਥਾਪਨਾ ਦੀ ਜ਼ਿਊਨਵਾਦੀ ਵਿਚਾਰਧਾਰਾ ਤਹਿਤ ਫਲਸਤੀਨ ਨੇ ਇਤਿਹਾਸ ਵਿੱਚ ਅਨੇਕਾਂ ਵੱਡੇ-ਛੋਟੇ ‘ਅਲ ਨਕਬਾ’ ਆਪਣੇ ਪਿੰਡੇ ਉੱਤੇ ਝੱਲੇ ਹਨ ਤੇ ਮੌਜੂਦਾ ਜੰਗ ਯਾਹੂਦੀ ਰਾਜ ਦੇ ਵਿਸਥਾਰ ਦੀ ਨਸਲਵਾਦੀ ਨੀਤੀ ਦਾ ਸਿੱਟਾ ਹੈ। ਨਸਲਵਾਦੀ ਯਾਹੂਦੀ ਰਾਜ ਇਜ਼ਰਾਇਲ 1948 ਤੋਂ ਹੁਣ ਤੱਕ ਫਲਸਤੀਨੀ, ਅਰਬ ਅਤੇ ਮੁਸਲਿਮ ਲੋਕਾਂ ਦੇ ਨਸਲੀ ਸਫਾਏ ਤੇ ਉਜਾੜੇ ਦੀ ਨੀਤੀ ਤੇ ਚੱਲ ਰਿਹਾ ਹੈ। ਇਜ਼ਰਾਇਲੀ ਰਾਜ ਰੰਗਭੇਦ, ਨਸਲੀ ਸਫਾਏ ਅਤੇ ਬਸਤੀਵਾਦੀ ਲੁੱਟ-ਖਸੁੱਟ ਦਾ ਉਤਮ ਨਮੂਨਾ ਬਣਕੇ ਉੱਭਰਿਆ ਹੈ।

ਇਜ਼ਰਾਇਲ ਦੀ ਭੇਦਭਾਵ ਵਾਲੀ ਇਮੀਗ੍ਰੇਸ਼ਨ ਨੀਤੀ (ਨੇਸੈਟ ਦੁਆਰਾ ਪਾਸ ‘ਵਾਪਸੀ ਦਾ ਕਾਨੂੰਨ 1950’) ਯਾਹੂਦੀ ਲੋਕਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਪੈਦਾ ਹੋਏ ਹੋਣ ਉਹ ਪੂਰੇ ਨਾਗਰਿਕ ਅਧਿਕਾਰਾਂ ਨਾਲ ਇਜ਼ਰਾਇਲ ’ਚ ਪ੍ਰਵਾਸ ਕਰ ਸਕਦੇ ਹਨ ਪਰ ਦੂਜੇ ਪਾਸੇ ਗੈਰ ਯਾਹੂਦੀ ਫਲਸਤੀਨੀਆਂ ਨੂੰ ਉਜਾੜ ਕੇ ਇਜ਼ਰਾੲਲਿ ਵਸਾਇਆ ਗਿਆ। ਫਲਸਤੀਨੀਆਂ ਨੂੰ ਇਜ਼ਰਾਇਲ ਵਿੱਚ ਰਿਹਾਇਸ਼ ਤੇ ਨਾਗਰਿਕਤਾ ਦੀ ਸਖਤ ਮਨਾਹੀ ਹੈ। ਯਾਹੂਦੀ ਸਰਵਉੱਚਤਾ ਤਹਿਤ ਫਲਸਤੀਨੀਆਂ ਨੂੰ ਯਾਹੂਦੀ ਰਾਜ ਲਈ ਖਤਰਾ ਸਮਝ ਕੇ ਨਾਗਰਿਕਤਾ, ਪ੍ਰਵਾਸ, ਸਿਹਤ, ਰਿਹਾਇਸ਼, ਚੋਣਾਂ, ਕਾਨੂੰਨ ਤੇ ਰੁਜਗਾਰ ਦੇਣ ਵਿੱਚ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪੱਛਮੀ ਬੈਂਕ ਅਤੇ ਗਾਜ਼ਾ ਪੱਟੀ ਪੂਰੀ ਤਰ੍ਹਾਂ ਖੁਦਮੁਖਤਿਆਰ ਰਾਜ ਨਹੀਂ ਹਨ ਬਲਕਿ ਇਸਦੇ ਅਯਾਤ-ਨਿਰਯਾਤ, ਸਰਹੱਦੀ ਅਤੇ ਹਵਾਈ ਖੇਤਰ ਵਿੱਚ ਇਜ਼ਰਾਇਲੀ ਪੁਲਿਸ ਅਤੇ ਫੌਜ਼ ਦਾ ਕੰਟਰੋਲ ਹੈ।

1993 ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਫਲਸਤੀਨੀ ਮੁਕਤੀ ਜੱਥੇਬੰਦੀ ਤੇ ਇਸਦੇ ਚੋਟੀ ਦੇ ਆਗੂ ਯਾਸਰ ਅਰਾਫ਼ਤ ਨੇ ਇਕ ਗੋਡੇਟੇਕੂ ਸਮਝੌਤੇ (ਓਸਲੋ ਸਮਝੌਤਾ) ਰਾਹੀਂ ਇਜ਼ਰਾਇਲ ਤੇ ਫਲਸਤੀਨ (ਗਾਜ਼ਾ ਪੱਟੀ ਤੇ ਪੱਛਮੀ ਕੰਢਾ) ਦੋ ਰਾਜ ਸਥਾਪਿਤ ਕਰਨ ਦੀ ਸਹਿਮਤੀ ਦੇ ਦਿੱਤੀ। ਪਰ ਇਹ ਹਮਲਾਵਰ ਤਾਕਤਾਂ ਦੀ ਸਾਜਿਸ਼ ਸੀ ਜਿਸ ਤਹਿਤ ਉਨ੍ਹਾਂ ਨੇ ਇਸ ਵੱਖਰੇ ਸਥਾਪਿਤ ਫਲਸਤੀਨ ਜੋ ਸਮੁੱਚੇ ਫਲਸਤੀਨ ਦੇ ਕੁੱਲ ਹਿੱਸੇ ਦਾ ਮਹਿਜ 10 ਫੀਸਦੀ ਹੀ ਬਣਦਾ ਸੀ, ਦੀ ਤਾਕਤ ਨੂੰ ਖਿੰਡਾ ਦਿੱਤਾ। ਇਸਦੇ ਉਲਟ ਇਜ਼ਰਾਇਲ ਨੇ 90 ਫੀਸਦੀ ਹਿੱਸੇ ਤੇ ਕਬਜਾ ਕਰ ਲਿਆ। ਇਸ 90 ਫੀਸਦੀ ਹਿੱਸੇ ਵਿਚ ਸਾਰੀਆਂ ਯੁੱਧਨੀਤਕ ਥਾਵਾਂ, ਗੋਲਾਨ ਦਾ ਉੱਚਾ ਖੇਤਰ, ਮੁੱਖ ਸ਼ਾਹਰਾਹ, ਪ੍ਰਮੁੱਖ ਸਮੁੰਦਰੀ ਰਸਤੇ ਆਦਿ ਮਹੱਤਵਪੂਰਨ ਹਿੱਸਾ ਇਜ਼ਰਾਇਲ ਦੇ ਕਬਜੇ ਹੇਠ ਆ ਗਿਆ। ਦੂਜੇ ਪਾਸੇ ਫਲਸਤੀਨ ਦੇ ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦੇ ਲੋਕਾਂ ਨੂੰ ਰਿਫਿਊਜ਼ੀਆਂ ਵਾਂਗ ਬਿਨਾਂ ਕਿਸੇ ਪੁਖ਼ਤਾ ਇੰਤਜ਼ਾਮ ਦੇ ਮਹੱਤਵਪੂਰਨ ਇਜ਼ਰਾਇਲੀ ਖੇਤਰਾਂ ’ਚੋਂ ਬਾਹਰ ਧੱਕ ਦਿੱਤਾ ਗਿਆ। 

ਹਮਾਸ ਕੱਟੜ ਇਸਲਾਮਿਕ ਜੱਥੇਬੰਦੀ ਹੈ। ਇਸ ਵੱਲੋਂ ਇਜ਼ਰਾਇਲ ਤੇ ਕੀਤੇ ਗਏ ਹਮਲੇ ’ਚ ਆਮ ਨਾਗਰਿਕ ਮਾਰੇ ਗਏ ਹਨ ਪਰ ਇਸ ਲਈ ਸਿਰਫ ਹਮਾਸ ਨੂੰ ਜਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਇਜ਼ਰਾਇਲ ਹੀ ਹੈ ਜਿਸਨੇ ਨਿਹੱਕੇ ਤੌਰ ਤੇ ਫਲਸਤੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਕਬਜ਼ੇ ਲਈ ਲੱਖਾਂ ਮਾਸੂਮ ਬੱਚਿਆਂ, ਔਰਤਾਂ ਅਤੇ ਨਿਰਦੋਸ਼ ਨਾਗਰਿਕਾਂ ਦੇ ਖੂਨੀ ਕਾਂਡ ਰਚੇ ਹਨ। ਇਸ ਕਰਕੇ ਜੇ ਫਲਸਤੀਨੀ ਅਤੇ ਇਜ਼ਰਾਇਲੀ ਦੇ ਆਮ ਲੋਕ ਜੰਗਾਂ ਵਿੱਚ ਮਾਰੇ ਜਾ ਰਹੇ ਹਨ ਤਾਂ ਇਸ ਲਈ ਇਜ਼ਰਾਇਲ ਜ਼ਿਊਨਵਾਦੀ ਅਤੇ ਅਮਰੀਕੀ ਸਾਮਰਾਜ ਜਿੰਮੇਵਾਰ ਹੈ। ਪਿਛਲੇ ਸਮੇਂ ਤੋਂ ਇਜ਼ਰਾਇਲ ਦੀ ਘਰੇਲੂ ਸਿਆਸਤ ਵਿੱਚ ਰਾਸ਼ਟਰਪਤੀ ਨੇਤਨਯਾਹੂ ਖਿਲਾਫ ਵੱਡੇ ਵਿਰੋਧ ਪ੍ਰਦਰਸ਼ਨ ਜੱਥੇਬੰਦ ਹੋ ਰਹੇ ਸਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਸਦੀ ਲੋਕਪ੍ਰਿਅਤਾ ਲਗਾਤਾਰ ਘੱਟ ਰਹੀ ਸੀ ਤੇ ਇਜ਼ਰਾਇਲੀ ਲੋਕ ਉਸਨੂੰ ਗੱਦੀ ਤੋਂ ਲਾਹੁਣ ਦੀ ਮੰਗ ਕਰਦੇ ਆ ਰਹੇ ਸਨ। ਉਸਦੀ ਸਿਆਸੀ ਜ਼ਰੂਰਤ ਇਜ਼ਰਾੲਲਿ ਦੇ ਲੋਕਾਂ ਦਾ ਧਿਆਨ ਉਸਦੀ ਸਰਕਾਰ ਤੋਂ ਪਾਸੇ ਲੈ ਜਾਣ ਦੀ ਸੀ। ਇਸਨੂੰ ਸਮਝਦੇ ਹੋਏ ਇਜ਼ਰਾਇਲ ਅੰਦਰ ਲੋਕਾਂ ਦੇ ਕੁਝ ਹਿੱਸਿਆਂ ਵੱਲੋਂ ਫਲਸਤੀਨੀ ਲੋਕਾਂ ਦੇ ਜਾਨ-ਮਾਲ ਦੇ ਘਾਣ ਦੇ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਹੈ। ਆਪਣੀ ਕੌਮੀ ਮੁਕਤੀ ਲਈ ਲੜ ਰਹੇ ਫਲਸਤੀਨ ਦੇ ਲੋਕ ਨਸਲਵਾਦੀ ਇਜ਼ਰਾਇਲੀ ਹਮਲਾਵਰਾਂ ਅਤੇ ਸਾਮਰਾਜੀ ਤਾਕਤਾਂ ਦੇ ਗੱਠਜੋੜ ਹੇਠ ਪਿਸ ਰਹੇ ਹਨ। ਮੌਜੂਦਾ ਜੰਗ ਇਕ ਪਾਸੇ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਅਤੇ ਦੂਜੇ ਪਾਸੇ ਰੂਸ-ਚੀਨ ਗੁੱਟਾਂ ਦੀ ਪ੍ਰੌਕਸੀ ਜੰਗ ਵਿੱਚ ਤਬਦੀਲ ਹੋ ਰਹੀ ਹੈ। ਇਹਨਾਂ ਦੋਵੇਂ ਗੁੱਟਾਂ ਵਿੱਚ ਵੀ ਭਾਵੇੇਂ ਆਪਸੀ ਵਿਰੋਧਤਾਈਆਂ ਮੌਜੂਦ ਹਨ ਪਰ ਪਿਛਲੇ ਸਮੇਂ ਅਮਰੀਕਾ ਅਤੇ ਰੂਸ ਵਿਚਕਾਰ ਠੰਡੀ ਜੰਗ ਤੋਂ ਬਾਅਦ ਦੁਨੀਆ ਵਿਚ ਸ਼ਾਂਤੀ ਦੀਆਂ ਕਿਆਸ-ਅਰਾਈਆਂ ਲਾਉਣ ਵਾਲੇ ਭੱਦਰ ਪੁਰਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਲੈਨਿਨ ਦਾ ਕਥਨ ਹੈ ਕਿ ‘ਸਾਮਰਾਜ ਦਾ ਅਰਥ ਹੀ ਜੰਗ ਹੈ’, ਇਹ ਅੱਜ ਵੀ ਠੀਕ ਅਤੇ ਇਹ ਉਨਾ ਚਿਰ ਠੀਕ ਰਹੇਗਾ ਜਿਨਾ ਚਿਰ ਸੰਸਾਰ ਵਿੱਚ ਪੂੰਜੀਵਾਦ ਹੈ, ਜਿਨਾ ਚਿਰ ਸਾਮਰਾਜਵਾਦ ਹੈ। ਨਿਹੱਕੀਆਂ ਜੰਗਾਂ ਹਮੇਸ਼ਾਂ ਲੋਕਾਂ ਲਈ ਦੁੱਖ ਅਤੇ ਤਕਲੀਫਾਂ ਲਿਆਉਂਦੀਆਂ ਹਨ ਅਤੇ ਮੌਜੂਦਾ ਨਿਹੱਕੀ ਜੰਗ ਵੀ ਲੋਕਾਂ ਲਈ ਮੁਸੀਬਤਾਂ ਅਤੇ ਨਰਕ ਤੋਂ ਵੱਧ ਕੁਝ ਨਹੀਂ ਦੇ ਸਕਦੀ।  ਮੌਜੂਦਾ ਜੰਗ ਦਾ ਸਿੱਟਾ ਸੰਸਾਰ ਪੱਧਰੀ ਮਹਿੰਗਾਈ, ਤੇਲ ਕੀਮਤਾਂ ਵਿੱਚ ਵਾਧੇ, ਵਾਤਾਵਰਣਿਕ ਤਬਾਹੀ, ਤੀਜੀ ਸੰਸਾਰ ਜੰਗ ਦੀਆਂ ਹੋਰ ਤਿਆਰੀਆਂ, ਮੱਧ ਪੂਰਬ ’ਚ ਧਾਰਮਿਕ ਤੇ ਸਰਹੱਦੀ ਵਿਵਾਦ, ਸੰਸਾਰ ਅਮਨ-ਸ਼ਾਤੀ, ਮਨੁੱਖੀ ਅਧਿਕਾਰਾਂ ਦਾ ਹਨਨ ਅਤੇ ਤਬਾਹੀ ਦਾ ਕਾਰਨ ਬਣੇਗੀ ਅਤੇ ਲੋਕਾਂ ਨੂੰ ਇਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ।

- ਮਨਦੀਪ

(+1 438-924-2052)


ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...